editor@sikharchives.org
Bhai Nigahiya Singh Alamgir

ਦਸਮ ਪਾਤਸ਼ਾਹ ਜੀ ਦਾ ਅਨਿਨ ਸ਼ਰਧਾਲੂ ਸਿੱਖ ਭਾਈ ਨਿਗਾਹੀਆ ਸਿੰਘ ਆਲਮਗੀਰ

ਅੱਜ ਦੁਨੀਆਂ ਵਿਚ ਬਹੁਤ ਘੱਟ 0.5% ਤੋਂ ਵੀ ਘੱਟ-ਗਿਣਤੀ ਵਾਲੀ 'ਸਿੱਖ ਕੌਮ' ਦੁਨੀਆਂ ਵਿਚ ਸਭ ਤੋਂ ਵੱਧ ਸ਼ਹੀਦੀਆਂ ਪ੍ਰਾਪਤ ਕਰਨ ਵਾਲੀ ਕੌਮ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ


ਪੰਜਾਂ ਪਾਣੀਆਂ ਦੀ ਧਰਤੀ ਦੇ ਸੂਰਬੀਰ ਬਾਸ਼ਿੰਦੇ ਹਮੇਸ਼ਾ ਹੀ ਹੱਕ-ਸੱਚ ਦੀ ਲੜਾਈ ਲੜਨ ਵਿਚ ਮੂਹਰਲੀ ਕਤਾਰ ਵਿਚ ਰਹੇ ਹਨ। ਇਸ ਧਰਤੀ ਦੇ ਜਾਂਬਾਜ਼ ਯੋਧੇ ਹਮੇਸ਼ਾ ਜ਼ੁਲਮ ਨਾਲ ਟੱਕਰ ਲੈਂਦੇ ਅਤੇ ਸ਼ਹੀਦੀਆਂ ਪ੍ਰਾਪਤ ਕਰਦੇ ਰਹੇ। ਅੱਜ ਦੁਨੀਆਂ ਵਿਚ ਬਹੁਤ ਘੱਟ 0.5% ਤੋਂ ਵੀ ਘੱਟ-ਗਿਣਤੀ ਵਾਲੀ ‘ਸਿੱਖ ਕੌਮ’ ਦੁਨੀਆਂ ਵਿਚ ਸਭ ਤੋਂ ਵੱਧ ਸ਼ਹੀਦੀਆਂ ਪ੍ਰਾਪਤ ਕਰਨ ਵਾਲੀ ਕੌਮ ਹੈ। ਇਸ ਕੌਮ ਨੇ ਹਮੇਸ਼ਾਂ ਹੀ ਆਪਣਾ ਨਾਤਾ ਹੱਕ-ਸੱਚ ਦੀ ਲੜਾਈ ਲੜਨ ਵਾਲੇ ਸੂਰਬੀਰ ਯੋਧਿਆਂ ਨਾਲ ਬਣਾਈ ਰਖਿਆ ਹੈ। ਜਿੱਥੇ ਇਹ ਕੌਮ ਆਪਣੇ ਅਤੇ ਮਨੁੱਖਤਾ ਦੇ ਹੱਕਾਂ ਲਈ ਇੰਨੀ ਜਾਗ੍ਰਿਤ ਹੈ, ਉਥੇ ਇਸ ਵਿਚ ਇਕ ਅਵੇਸਲਾਪਣ ਵੀ ਹੈ ਕਿ ਇਹ ਆਪਣੇ ਇਤਿਹਾਸ ਨੂੰ ਚੰਗੇ ਢੰਗ ਨਾਲ ਸੰਭਾਲ ਨਹੀਂ ਸਕੀ। ਅੱਜ ਅਸੀਂ ਸਿੱਖ ਕੌਮ ਦੇ ਹਜ਼ਾਰਾਂ ਹੀ ਸ਼ਹੀਦਾਂ ਦੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਗਏ ਹਾਂ। ਸਿੱਖ ਇਤਿਹਾਸ ਦੇ ਜੋ ਮੁਢਲੇ ਸ੍ਰੋਤ ਹਨ, ਉਹ ਲੱਗਭਗ ਸਾਰੇ ਦੇ ਸਾਰੇ ਹੀ ਗ਼ੈਰ-ਸਿੱਖਾਂ ਵੱਲੋਂ ਲਿਖੇ ਹੋਣ ਕਾਰਨ ਸਿੱਖੀ ਬਾਰੇ ਸਹੀ ਜਾਣਕਾਰੀ ਨਹੀਂ ਦੇ ਸਕੇ ਜਾਂ ਉਨ੍ਹਾਂ ਨੇ ਉਨ੍ਹਾਂ ਯੋਧਿਆਂ ਦੀਆਂ ਕਈ ਗੱਲਾਂ ਨੂੰ ਆਪਣੇ ਤਰੀਕੇ ਨਾਲ ਵਿਖਿਆਨ ਕਰ ਦਿੱਤਾ; ਜੋ ਕਥਾਵਾਂ ਜਾਂ ਇਤਿਹਾਸ ਸਿੱਖਾਂ ‘ਚ ਸੀਨਾ-ਬਸੀਨਾ ਚੱਲੀਆਂ ਆ ਰਹੀਆਂ ਗੱਲਾਂ ਨੂੰ ਸੁਣ ਕੇ ਲਿਖਿਆ ਵੀ ਉਸ ਵਿਚ ਉਨ੍ਹਾਂ ਨੇ ਸ਼ਰਧਾਮਈ ਭਾਵੁਕਤਾ ਵਿਚ ਕਰਾਮਾਤੀ ਪੱਖ ਬਹੁਤ ਵੱਡੇ ਪੱਧਰ ‘ਤੇ ਜੋੜ ਦਿੱਤਾ, ਜਿਸ ਕਾਰਨ ਉਸ ਸ਼ਹੀਦ ਸੂਰਬੀਰ ਦੀ ਮਿਹਨਤ ਨੂੰ ਸਿਰਫ਼ ਇਕ ਕਰਾਮਾਤ ਵਜੋਂ ਹੀ ਜਾਣਿਆ ਜਾਣ ਲੱਗ ਪਿਆ। ਅੱਜ ਸਾਡੇ ਪਾਸ ਜੋ ਇਤਿਹਾਸ ਮੌਜੂਦ ਹੈ, ਉਸ ਵਿੱਚੋਂ ਹਜ਼ਾਰਾਂ ਹੀ ਜਾਂਬਾਜ਼ ਯੋਧਿਆਂ ਦਾ ਇਤਿਹਾਸ ਗ਼ਾਇਬ ਹੈ, ਜਿਹੜਾ ਇਤਿਹਾਸ ਸਾਡੇ ਪਾਸ ਮੌਜੂਦ ਵੀ ਹੈ, ਉਹ ਵੀ ਸਮੇਂ ਦੀ ਮਾਰ ਹੇਠ ਆ ਕੇ ਦਿਨ-ਪ੍ਰਤੀ-ਦਿਨ ਗ਼ਾਇਬ ਹੁੰਦਾ ਜਾ ਰਿਹਾ ਹੈ। ਸਾਡੇ ਸ੍ਰੋਤ ਖ਼ਤਮ ਹੁੰਦੇ ਜਾ ਰਹੇ ਹਨ।

ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਹੱਕ-ਸੱਚ ਦੀ ਲੜਾਈ ਲੜਦੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਉਨ੍ਹਾਂ ਨਾਲ ਇਸ ਲੜਾਈ ਵਿਚ ਆਪਣੇ ਆਪਣੇ ਢੰਗ ਨਾਲ ਸੈਂਕੜੇ ਸੂਰਬੀਰਾਂ ਨੇ ਸਾਥ ਦਿੱਤਾ, ਉਸ ਦਾ ਮੁੱਲ ਉਨ੍ਹਾਂ ਨੂੰ ਆਪਣਾ ਬਲੀਦਾਨ ਦੇ ਕੇ ਉਤਾਰਨਾ ਪਿਆ। ਇਹੋ ਜਿਹਾ ਹੀ ਇਕ ਸੂਰਬੀਰ ਗੁਰੂ-ਘਰ ਦਾ ਸ਼ਰਧਾਲੂ ਸੀ, ਭਾਈ ਨਿਗਾਹੀਆ ਸਿੰਘ ਆਲਮਗੀਰ; ਜਿਸ ਬਾਰੇ ਗਿਆਨੀ ਗਿਆਨ ਸਿੰਘ ਨੇ ‘ਤਵਾਰੀਖ ਗੁਰੂ ਖਾਲਸਾ’ ਵਿਚ ਜ਼ਿਕਰ ਕੀਤਾ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ‘ਚੋਂ ਨਿਕਲ ਕੇ ਮਾਛੀਵਾੜੇ ਪਹੁੰਚੇ ਤਾਂ, ਉਥੋਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਗ਼ਨੀ ਖ਼ਾਂ ਤੇ ਭਾਈ ਨਬੀ ਖ਼ਾਂ ਅਤੇ ਭਾਈ ਮਾਨ ਸਿੰਘ, ਗੁਰੂ ਜੀ ਨੂੰ ਇਕ ਪਲੰਘ ‘ਤੇ ਬਿਠਾ ਕੇ ਉੱਚ ਦੇ ਪੀਰ ਦੇ ਰੂਪ ਵਿਚ ਲਈ ਜਾ ਰਹੇ ਸਨ। ਜਦੋਂ ਉਹ ਨਗਰ ਆਲਮਗੀਰ ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਰਸਤੇ ਵਿਚ ਭਾਈ ਨਿਗਾਹੀਆ ਸਿੰਘ ਮਿਲਿਆ, ਜੋ ਆਪਣੇ ਪੁੱਤਰ ਨਾਲ ਘੋੜੇ ਵੇਚਣ ਜਾ ਰਿਹਾ ਸੀ। ਰਸਤੇ ਵਿਚ ਗੁਰੂ ਜੀ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਇਕ ਘੋੜਾ ਸਵਾਰੀ ਲਈ ਪੇਸ਼ ਕਰ ਦਿੱਤਾ, ਜਿਸ ਕਰਕੇ ਗੁਰੂ ਸਾਹਿਬ ਬਹੁਤ ਖੁਸ਼ ਹੋਏ ਅਤੇ ਮੰਜਾ ਛੱਡ ਕੇ ਘੋੜੇ ‘ਤੇ ਸਵਾਰ ਹੋ ਗਏ। ਇਸ ਜਗ੍ਹਾ ‘ਤੇ ਅੱਜਕਲ੍ਹ ਮਹਾਂਨਗਰ ਲੁਧਿਆਣਾ ਸ਼ਹਿਰ ਤੋਂ 10 ਕਿਲੋਮੀਟਰ ਦੇ ਲਗਭਗ ਦੂਰੀ ’ਤੇ ਲੁਧਿਆਣਾ-ਮਲੇਰਕੋਟਲਾ ਸੜਕ ’ਤੇ ਆਲੀਸ਼ਾਨ ਗੁਰਦੁਆਰਾ ਮੰਜੀ ਸਾਹਿਬ, ਆਲਮਗੀਰ ਬਣਿਆ ਹੋਇਆ ਹੈ। ਗੁਰਦੁਆਰਾ ਸਾਹਿਬ ਨੂੰ ਸਿੱਖ ਰਾਜ ਸਮੇਂ 70 ਵਿਘੇ ਜ਼ਮੀਨ ਵੀ ਦਿੱਤੀ ਗਈ ਸੀ। ਇਸ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ 14,15,16 ਪੋਹ ਵਾਲੇ ਦਿਨ ਗੁਰੂ ਜੀ ਦੀ ਆਮਦ ਦੀ ਯਾਦ ਵਿਚ ਜੋੜ-ਮੇਲਾ ਹੁੰਦਾ ਹੈ।

ਇਸ ਪਿੰਡ ਬਾਰੇ ਕਿਹਾ ਜਾਂਦਾ ਹੈ ਕਿ 17ਵੀਂ ਸਦੀ ਦੇ ਅਰੰਭ ਵਿਚ ਇਹ ਪਿੰਡ ਵੱਸ ਚੁਕਾ ਸੀ। ਮੌਖਿਕ ਤੌਰ ’ਤੇ ਪੀੜ੍ਹੀ-ਦਰ-ਪੀੜ੍ਹੀ ਚਲੀ ਆ ਰਹੀ ਰਵਾਇਤ ਅਨੁਸਾਰ ਪਿੰਡ ਬੀਜਾ ਨੇੜੇ ਸਰਾਏ ਲਸ਼ਕਰੀ ਖਾਨ ਕੋਟਾਂ ਦਾ ਉਦਘਾਟਨ ਕਰਨ ਲਈ ਮੁਗ਼ਲ ਸਮਰਾਟ ਔਰੰਗਜ਼ੇਬ ਆਇਆ ਸੀ। ਜਦੋਂ ਔਰੰਗਜ਼ੇਬ ਉਦਘਾਟਨ ਕਰਨ ਲਈ ਆਇਆ ਤਾਂ ਧਾਂਦਰੇ ਪਿੰਡ ਦੇ ਚੌਧਰੀ ਨੇ ਉਸ ਅੱਗੇ ਫਰਿਆਦ ਕੀਤੀ ਕਿ ਨਵਾਬ ਲੋਧੀ ਉਸ ਦੀ ਲੜਕੀ ਨਾਲ ਜਬਰਦਸਤੀ ਸ਼ਾਦੀ ਕਰਨਾ ਚਾਹੁੰਦਾ ਹੈ। ਇਹ ਸੁਣਨ ਉਪਰੰਤ ਔਰੰਗਜ਼ੇਬ ਨੇ ਸ਼ਾਦੀ ਦੇ ਦਿਨ ਨਵਾਬ ਲੋਧੀ ਦਾ ਸਿਰ ਕੱਟ ਦਿੱਤਾ। ਇਸ ਕਾਰਨ ਇਸ ਬਸਤੀ ਦਾ ਨਾਂ ਔਰੰਗਜ਼ੇਬ ਆਲਮਗੀਰੀ ਦੇ ਨਾਂ ’ਤੇ ਆਲਮਗੀਰ ਪੈ ਗਿਆ।

ਭਾਈ ਨਿਗਾਹੀਆ ਸਿੰਘ ਦੇ ਪਰਿਵਾਰਕ ਪਿਛੋਕੜ ਬਾਰੇ ਖੋਜ ਕਰਨ ‘ਤੇ ਪਤਾ ਲੱਗਾ ਕਿ ਜ਼ਿਲ੍ਹਾ ਲੁਧਿਆਣਾ ਵਿਚ ਇਕ ਪਿੰਡ ਗੁੱਜਰਵਾਲ ਹੈ। ਉਸ ਪਿੰਡ ਦਾ ਵਸਨੀਕ ‘ਤੋਤਾ ਜੱਟ’ (ਗਰੇਵਾਲ) ਸੀ। ਉਸ ਦੇ ਤਿੰਨ ਪੁੱਤਰ ਸਨ ਸੇਮਾ, ਜੋਧਾ ਤੇ ਉਗਰ। ਸੇਮਾ ਆਪਣੇ ਜਵਾਨੀ ਦੇ ਦਿਨਾਂ ਵਿਚ 1600 ਈ. ਦੇ ਨੇੜੇ ਪਿੰਡ ਗੁੱਜਰਵਾਲ ਛੱਡ ਕੇ ਆਲਮਗੀਰ ਆ ਗਿਆ ਤੇ ਇਥੇ ਜ਼ਮੀਨ ਖਰੀਦ ਕੇ ਆਲਮਗੀਰ ਦਾ ਵਸਨੀਕ ਬਣ ਗਿਆ। ਅੱਜ ਦਾ ਆਲਮਗੀਰ ਪਿੰਡ, ਸੇਮੇ ਦੀ ਔਲਾਦ ਹੀ ਮੰਨਿਆ ਜਾਂਦਾ ਹੈ। ਸੇਮੇ ਦਾ ਪੁੱਤਰ ਸੀ, ਬਲਾਕੀ ਤੇ ਬਲਾਕੀ ਦਾ ਪੁੱਤਰ ਸੀ ਲਖਮੀਰ। ਲਖਮੀਰ ਸਿੰਘ ਦਾ ਪੁੱਤਰ ਸੀ, ਨਿਗਾਹੀਆ ਸਿੰਘ ਜੋ ਆਪਣੇ ਪੰਜ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ। ਭਾਈ ਨਿਗਾਹੀਆ ਸਿੰਘ ਦੇ ਬਾਕੀ ਦੇ ਚਾਰ ਭਰਾ ਸੂਰਜ ਮੱਲ, ਰਾਮ ਸਿੰਘ, ਨੂਨੀ ਤੇ ਮੀਠਾ ਸਨ। ਭਾਈ ਨਿਗਾਹੀਆ ਸਿੰਘ ਦੇ ਅੱਗੋਂ ਤਿੰਨ ਪੁੱਤਰ ਸਨ ਸਰਦੂਲ ਸਿੰਘ, ਬਾਘਾ ਸਿੰਘ ਅਤੇ ਭਾਗਾ ਸਿੰਘ। ਭਾਈ ਨਿਗਾਹੀਆ ਸਿੰਘ ਦੇ ਜਨਮ ਬਾਰੇ ਖਿਆਲ ਕੀਤਾ ਜਾਂਦਾ ਹੈ ਕਿ ਲਖਮੀਰ ਸਿੰਘ ਦਾ ਵਿਆਹ ਮੂਲੋਵਾਲ ਦੇ ਭਾਈ ਪਿਆਰੇ ਦੀ ਪੁੱਤਰੀ ਨਾਲ ਹੋਇਆ ਸੀ। ਇਸ ਤਰ੍ਹਾਂ ਭਾਈ ਨਿਗਾਹੀਆ ਸਿੰਘ ਦਾ ਨਾਨਕਾ ਪਿੰਡ ਮੂਲੋਵਾਲ ਹੈ ਅਤੇ ਭਾਈ ਪਿਆਰਾ ਉਨ੍ਹਾਂ ਦੇ ਨਾਨੇ ਦਾ ਨਾਂ ਸੀ ਜੋ ਗੁਰੂ-ਘਰ ਦਾ ਪ੍ਰੇਮੀ ਸੀ। ਇਕ ਵਾਰ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਲਵੇ ਦੇਸ਼ ਦਾ ਦੌਰਾ ਕਰਨ ਆਏ ਤਾਂ ਉਹ ਘਨੌਲੀ, ਰੋਪੜ, ਨੰਦਪੁਰ ਕਲੌੜ, ਦਾਦੂ ਮਾਜਰਾ, ਉਗਾਣਾ, ਨੌ ਲੱਖਾ, ਟਹਿਲਪੁਰ ਅਤੇ ਲੰਗ ਆਦਿ ਪਿੰਡਾਂ ਵਿਚ ਲੋਕਾਂ ਨੂੰ ਉਪਦੇਸ਼ ਦਿੰਦੇ ਹੋਏ, ਮੂਲੋਵਾਲ ਪਿੰਡ ਆ ਗਏ। ਮਾਈਆ ਗੋਂਦਾ ਉਥੋਂ ਦਾ ਪੈਂਚ, ਗੁਰੂ ਜੀ ਪਾਸ ਰਸਦ ਲੈ ਕੇ ਆਇਆ। ਗੁਰੂ ਜੀ ਨੇ ਪੀਣ ਲਈ ਪਾਣੀ ਮੰਗਿਆ ਤਾਂ ਮਾਈਏ ਨੇ ਬੇਨਤੀ ਕੀਤੀ ਕਿ ਨੇੜੇ ਦਾ ਖੂਹ ਖਾਰਾ ਅਤੇ ਕੌੜਾ ਹੈ, ਮਿੱਠੇ ਪਾਣੀ ਵਾਲਾ ਖੂਹ ਥੋੜ੍ਹੀ ਦੂਰ ਹੈ, ਉਥੋਂ ਪਾਣੀ ਲੈ ਆਉਂਦੇ ਹਾਂ। ਪਰ ਗੁਰੂ ਜੀ ਨੇ ਉਸੇ ਖੂਹ ਦਾ ਪਾਣੀ ਮੰਗਵਾ ਕੇ ਪੀਤਾ। ਫੇਰ ਸਾਰਾ ਪਿੰਡ ਉਸੇ ਥਾਂ ਤੋਂ ਹੀ ਪਾਣੀ ਭਰਨ ਲੱਗ ਪਿਆ। ਗੁਰੂ ਜੀ ਨੇ ਮਾਈਏ ਨੂੰ ਸਿਰੋਪਾਉ ਦਿੱਤਾ। ਹੁਣ ਉਸ ਦੀ ਸੰਤਾਨ ਉਥੇ ਰਹਿੰਦੀ ਹੈ। ਇਥੇ ਅੱਜਕਲ੍ਹ ਗੁਰਦੁਆਰਾ ਮੰਜੀ ਸਾਹਿਬ ਬਣਿਆ ਹੋਇਆ ਹੈ, ਜੋ ਮਹਾਰਾਜਾ ਕਰਮ ਸਿੰਘ ਪਟਿਆਲਾ ਵਾਲੇ ਨੇ ਸੰਮਤ 1882 ਬਿ: ਵਿਚ ਬਣਵਾਇਆ ਸੀ ਤੇ ਜਾਗੀਰ ਵੀ ਇਸ ਦੇ ਨਾਂ ‘ਤੇ ਲਾਈ ਸੀ। ਨੌਵੇਂ ਪਾਤਸ਼ਾਹ 21 ਪੋਹ 1720 ਬਿ: ਸੰਮਤ ਨੂੰ ਪਿੰਡ ਮੂਲੋਵਾਲ ਆਏ ਸਨ। ਉਸ ਪਿੰਡ ਦਾ (ਹਰੀਕੇ ਗੋਤ ਦਾ ਜੱਟ) ਭਾਈ ਪਿਆਰਾ ਆਪਣੀ ਬੇਟੀ ਜੋ ਲਖਮੀਰ ਸਿੰਘ ਆਲਮਗੀਰ ਦੀ ਪਤਨੀ ਸੀ ਅਤੇ ਆਪਣੀ ਪਤਨੀ ਨਾਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਨ ਲਈ ਆਇਆ ਤਾਂ ਉਨ੍ਹਾਂ ਦੀ ਬੇਟੀ ਨੇ ਗੁਰਾਂ ਤੋਂ ਮੰਗ ਕੀਤੀ ਕਿ ਮੇਰਾ ਪਲੇਠਾ ਬੇਟਾ ਗੁਰੂ ਦੀ ਸੇਵਾ ਵਿਚ ਆਪਣਾ ਜੀਵਨ ਅਰਪਣ ਕਰੇ। ਗੁਰੂ ਜੀ ਨੇ ਕਿਹਾ ਕਿ ਇਸ ਤਰ੍ਹਾਂ ਹੀ ਹੋਵੇਗਾ। ਇਹ ਗੱਲ 3,4 ਜਨਵਰੀ 1664 ਈ. ਦੀ ਹੈ। ਇਸੇ ਸਾਲ ਦੇ ਅਖੀਰ ਦੇ ਮਹੀਨਿਆਂ ਵਿਚ ਭਾਈ ਨਿਗਾਹੀਆ ਸਿੰਘ ਦਾ ਜਨਮ ਹੋਇਆ ਮੰਨਿਆ ਜਾਂਦਾ ਹੈ, ਇਸ ਤਰ੍ਹਾਂ ਉਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਮਉਮਰ ਹੀ ਸਨ।

ਚਮਕੌਰ ਦੀ ਜੰਗ ਵਿਚ ਦਸਮ ਪਾਤਸ਼ਾਹ ਦੇ ਦੋਵੇਂ ਸਾਹਿਬਜ਼ਾਦੇ ਤੇ ਹੋਰ ਸਿੰਘ ਸ਼ਹੀਦ ਹੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਤ ਵੇਰਵੇ ਅਨੁਸਾਰ ਸ੍ਰੀ ਚਮਕੌਰ ਸਾਹਿਬ ਦੀ ਰਣ-ਭੂਮੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੇ ਨਾਲ ਪੰਜਾਂ ਪਿਆਰਿਆਂ ਵਿੱਚੋਂ ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ ਦੇ ਨਾਲ-


1. ਭਾਈ ਜਵਾਹਰ ਸਿੰਘ ਅੰਮ੍ਰਿਤਸਰ                  22. ਭਾਈ ਨਿਸ਼ਾਨ ਸਿੰਘ ਪੇਸ਼ਾਵਰ
2. ਭਾਈ ਰਤਨ ਸਿੰਘ ਮਾਣਕਪੁਰ                23. ਭਾਈ ਬਿਸ਼ਨ ਸਿੰਘ ਪੇਸ਼ਾਵਰ
3. ਭਾਈ ਮਾਣਕ ਸਿੰਘ ਮਾਣੋਕੇ ਦੁਆਬਾ          24. ਭਾਈ ਗੁਰਦਿੱਤ ਸਿੰਘ ਪੇਸ਼ਾਵਰ
4. ਭਾਈ ਕ੍ਰਿਪਾਲ ਸਿੰਘ ਕਰਤਾਰਪੁਰ ‘ਰਾਵੀ’   25. ਭਾਈ ਕਰਮ ਸਿੰਘ ਭਰਤਪੁਰ
5. ਭਾਈ ਦਿਆਲ ਸਿੰਘ ਰਾਮਦਾਸ              26. ਭਾਈ ਸੁਰਜੀਤ ਸਿੰਘ ਭਰਤਪੁਰ
6. ਭਾਈ ਗੁਰਦਾਸ ਸਿੰਘ ਅੰਮ੍ਰਿਤਸਰ           27. ਭਾਈ ਨਰੈਣ ਸਿੰਘ ਭਰਤਪੁਰ
7. ਭਾਈ ਠਾਕੁਰ ਸਿੰਘ ਛਾਰਾ                  28. ਭਾਈ ਜੈਮਲ ਸਿੰਘ ਭਰਤਪੁਰ
8. ਭਾਈ ਪਰੇਮ ਸਿੰਘ ਮਨੀਮਾਜਰਾ            29. ਭਾਈ ਗੰਗਾ ਸਿੰਘ ਜਵਾਲਾਮੁਖੀ
9. ਭਾਈ ਹਰਦਾਸ ਸਿੰਘ ਗਵਾਲੀਅਰ         30. ਭਾਈ ਸ਼ੇਰ ਸਿੰਘ ਆਲਮਗੀਰ
10. ਭਾਈ ਸੰਗੋ ਸਿੰਘ ਮਾਛੀਵਾੜਾ              31. ਭਾਈ ਸਰਦੂਲ ਸਿੰਘ ਆਲਮਗੀਰ
11. ਭਾਈ ਨਿਹਾਲ ਸਿੰਘ ਮਾਛੀਵਾੜਾ           32. ਭਾਈ ਸੁੱਖਾ ਸਿੰਘ ਆਲਮਗੀਰ
12. ਭਾਈ ਮਹਿਤਾਬ ਸਿੰਘ ਰੂਪ ਨਗਰ        33. ਭਾਈ ਪੰਜਾਬ ਸਿੰਘ ਖੰਡੂ
13. ਭਾਈ ਗੁਲਾਬ ਸਿੰਘ ਮਾਛੀਵਾੜਾ          34. ਭਾਈ ਦਮੋਦਰ ਸਿੰਘ ਖੰਡੂ
14. ਭਾਈ ਖੜਕ ਸਿੰਘ ਰੂਪ ਨਗਰ           35. ਭਾਈ ਭਗਵਾਨ ਸਿੰਘ ਖੰਡੂ
15. ਭਾਈ ਟੇਕ ਸਿੰਘ ਰੂਪ ਨਗਰ             36. ਭਾਈ ਸਰੂਪ ਸਿੰਘ ਕਾਬਲ
16. ਭਾਈ ਤੁਲਸਾ ਸਿੰਘ ਰੂਪ ਨਗਰ          37. ਭਾਈ ਜਵਾਲਾ ਸਿੰਘ ਕਾਬਲ
17. ਭਾਈ ਸਹਿਜ ਸਿੰਘ ਰੂਪ ਨਗਰ           38. ਭਾਈ ਸੰਤ ਸਿੰਘ ਪੋਠੋਹਾਰ
18. ਭਾਈ ਚੜ੍ਹਤ ਸਿੰਘ ਰੂਪ ਨਗਰ          39. ਭਾਈ ਆਲਮ ਸਿੰਘ ਪੋਠੋਹਾਰ
19. ਭਾਈ ਝੰਡਾ ਸਿੰਘ ਰੂਪ ਨਗਰ           40. ਭਾਈ ਸੰਗਤ ਸਿੰਘ
20. ਭਾਈ ਸੁਜਾਨ ਸਿੰਘ ਰੂਪ ਨਗਰ         41. ਭਾਈ ਮਦਨ ਸਿੰਘ
21. ਭਾਈ ਗੰਡਾ ਸਿੰਘ ਪੇਸ਼ਾਵਰ              42. ਭਾਈ ਕੋਠਾ ਸਿੰਘ

ਇਨ੍ਹਾਂ ਸਿੰਘਾਂ ਨੇ ਜ਼ਾਲਮਾਂ ਦੀਆਂ ਫੌਜਾਂ ਦਾ ਡੱਟ ਕੇ ਮੁਕਾਬਲਾ ਕਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ। ਇਨ੍ਹਾਂ ਵਿੱਚੋਂ ਭਾਈ ਸ਼ੇਰ ਸਿੰਘ, ਭਾਈ ਸਰਦੂਲ ਸਿੰਘ ਤੇ ਭਾਈ ਸੁੱਖਾ ਸਿੰਘ ਸ਼ਹੀਦੀ ਪ੍ਰਾਪਤ ਕਰਨ ਵਾਲੇ ਆਲਮਗੀਰ ਪਿੰਡ ਦੇ ਸਨ ਅਤੇ ਇਨ੍ਹਾਂ ਵਿੱਚੋਂ ਸਰਦੂਲ ਸਿੰਘ, ਭਾਈ ਨਿਗਾਹੀਆ ਸਿੰਘ ਦਾ ਵੱਡਾ ਪੁੱਤਰ ਸੀ। ਇਨ੍ਹਾਂ ਸ਼ਹੀਦਾਂ ਦਾ ਸਸਕਾਰ ਇਕੱਠਾ ਉਥੇ ਹੀ ਜੰਗ ਦੇ ਮੈਦਾਨ ਵਿਚ ਕਰ ਦਿੱਤਾ ਗਿਆ ਸੀ, ਜਿੱਥੇ ਅੱਜਕਲ੍ਹ ਗੁਰਦੁਆਰਾ ਕਤਲਗੜ੍ਹ ਸਾਹਿਬ ਬਣਿਆ ਹੋਇਆ ਹੈ। ਪਰ ਫਿਰ ਵੀ ਆਲਮਗੀਰ ਦੇ ਵਸਨੀਕਾਂ ਨੇ ਆਪਣੇ ਪਿੰਡ ਦੇ ਸ਼ਹੀਦਾਂ ਦੀਆਂ ‘ਯਾਦਗਾਰਾਂ’ ਆਪਣੇ ਪਿੰਡ ਵੀ ਬਣਾਈਆਂ ਹੋਈਆਂ ਹਨ।

ਜਦੋਂ ਦਸਮ ਪਾਤਸ਼ਾਹ 14 ਪੋਹ 1761 ਸੰਮਤ ਮੁਤਾਬਕ 29 ਦਸੰਬਰ 1704 ਈ. ਨੂੰ ਆਲਮਗੀਰ ਪਹੁੰਚੇ ਤਾਂ ਉਸ ਵੇਲੇ ਭਾਈ ਨਿਗਾਹੀਆ ਸਿੰਘ ਨੂੰ ਪਤਾ ਸੀ ਕਿ ਸਾਹਿਬਜ਼ਾਦਿਆਂ ਨਾਲ ਉਸ ਦਾ ਵੱਡਾ ਪੁੱਤਰ ਸ਼ਹੀਦ ਹੋ ਚੁਕਾ ਹੈ ਤੇ ਦਸਮ ਪਾਤਸ਼ਾਹ ਦਾ ਪਿੱਛਾ ਮੁਗ਼ਲ ਫੌਜ ਕਰ ਰਹੀ ਹੈ। ਇਸੇ ਲਈ ਹੀ ਉਸ ਨੇ ਗੁਰੂ ਸਾਹਿਬ ਨੂੰ ਘੋੜਾ ਪੇਸ਼ ਕੀਤਾ ਤਾਂ ਕਿ ਉਹ ਜਲਦੀ ਤੋਂ ਜਲਦੀ ਦੂਰ ਨਿਕਲ ਜਾਣ। ਆਲਮਗੀਰ ਪਿੰਡ ਦੇ ਵਿਚਕਾਰ ਇਕ ਧਰਮਸ਼ਾਲਾ ਹੈ। ਪਿੰਡ ਵਾਲਿਆਂ ਅਨੁਸਾਰ ਇਹ ਭਾਈ ਨਿਗਾਹੀਆ ਸਿੰਘ ਦਾ ਹੀ ਘਰ ਸੀ, ਜਿਸ ਨੂੰ ਧਰਮਸ਼ਾਲਾ ਦੇ ਰੂਪ ਵਿਚ ਵਰਤਿਆ ਜਾ ਰਿਹਾ ਹੈ। ਪਿੰਡ ਵਾਲਿਆਂ ਨੇ ਭਾਵੇਂ ਗੁਰਮਤਿ-ਵਿਰੋਧੀ ਵਿਚਾਰਧਾਰਾ ਅਨੁਸਾਰ ਪਿੰਡ ਦੇ ਸ਼ਹੀਦਾਂ ਦੀਆਂ ਸਮਾਧਾਂ ਬਣਾ ਲਈਆਂ ਹਨ, ਪਰ ਉਨ੍ਹਾਂ ਨੇ ਭਾਈ ਨਿਗਾਹੀਆ ਸਿੰਘ ਦੇ ਘਰ ਨੂੰ ਸੰਭਾਲਣ ਦੀ ਕੋਈ ਖੇਚਲ ਨਹੀਂ ਕੀਤੀ, ਜਿਸ ਦੇ ਸਿੱਟੇ ਵਜੋਂ ਉਹ ਇਕ ਧਰਮਸ਼ਾਲਾ ਬਣ ਗਿਆ ਹੈ ਅਤੇ ਲੋਕ ਇਸ ਨੂੰ ਤਾਸ਼ ਆਦਿ ਖੇਡਣ ਦੇ ਮਨ ਪਰਚਾਵੇ ਵਜੋਂ ਇਸ ਸਥਾਨ ਨੂੰ ਵਰਤ ਰਹੇ ਹਨ।

ਜਦੋਂ ਭਾਈ ਨਿਗਾਹੀਆ ਸਿੰਘ ਨੇ ਗੁਰੂ ਸਾਹਿਬ ਨੂੰ ਘੋੜਾ ਭੇਟ ਕਰ ਦਿੱਤਾ ਤਾਂ ਗੁਰੂ ਸਾਹਿਬ ਘੋੜੇ ‘ਤੇ ਸਵਾਰ ਹੋ ਕੇ ਨਿਕਲ ਗਏ। ਉਸ ਤੋਂ ਪਿੱਛੋਂ ਮੁਗ਼ਲ ਫੌਜ ਗੁਰੁ ਜੀ ਦਾ ਪਿੱਛਾ ਕਰਦੀ ਪਿੰਡ ਵਿਚ ਆ ਗਈ ਅਤੇ ਉਨ੍ਹਾਂ ਨੇ ਭਾਈ ਨਿਗਾਹੀਆ ਸਿੰਘ ਦੇ ਘਰ ਨੂੰ ਘੇਰਾ ਪਾ ਲਿਆ ਤੇ ਉਹ ਉਸ ਘੇਰੇ ਵਿੱਚੋਂ ਨਿਕਲ ਕੇ ਆਪਣੇ ਨਾਨਕੇ ਪਿੰਡ ਮੂਲੋਵਾਲ ਪਹੁੰਚ ਗਿਆ ਤੇ ਮੁਗ਼ਲ ਸੈਨਾ ਨੇ ਉਸ ਦਾ ਸਾਰਾ ਪਰਵਾਰ ਕਤਲ ਕਰ ਦਿੱਤਾ। ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਾ ਕਿ ਭਾਈ ਨਿਗਾਹੀਆ ਸਿੰਘ ਦਾ ਸਾਰਾ ਪਰਵਾਰ ਕਤਲ ਕਰ ਦਿੱਤਾ ਗਿਆ ਹੈ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਤ ਨੂੰ ਹੀ ਸਾਦੇ ਲਿਬਾਸ ਵਿਚ ਪਿੰਡ ਮੂਲੋਵਾਲ ਪਹੁੰਚ ਕੇ ਭਾਈ ਨਿਗਾਹੀਆ ਸਿੰਘ ਨੂੰ ਹੌਂਸਲਾ ਦਿੱਤਾ। ਇਸ ਤਰ੍ਹਾਂ 15 ਪੋਹ 1761 ਬਿ. ਸੰਮਤ ਨੂੰ ਭਾਈ ਨਿਗਾਹੀਆ ਸਿੰਘ ਅਤੇ ਉਸ ਦੇ ਨਾਨੇ ਪਿਆਰਾ ਸਿੰਘ ਦੀ ਪਿੰਡ ਮੂਲੋਵਾਲ ’ਚ ਗੁਰੂ ਸਾਹਿਬ ਨਾਲ ਆਖਰੀ ਮੁਲਾਕਾਤ ਹੋਈ। ਇਸ ਸੰਬੰਧ ਵਿਚ ਇਕ ਹੁਕਮਨਾਮਾ ਵੀ ਮਿਲਦਾ ਹੈ, ਜੋ 27 ਅਗਸਤ 1952 ਈ. ਦੇ ਦਿਨ ਬੁੱਧਵਾਰ ਨੂੰ ਮੰਜੀ ਸਾਹਿਬ ਦੇ ਨੇੜੇ ਛਿਪਦੀ ਦਿਸ਼ਾ ਵੱਲ ਸੇਵਾ ਕਰਦੀ ਸੰਗਤ ਨੂੰ ਮਿਲਿਆ ਸੀ। ਇਹ ਹੁਕਮਨਾਮਾ ਸਾਹਿਬ ਖੱਦਰ ਦੇ ਚਿੱਟੇ ਰੁਮਾਲੇ ਵਿਚ ਲਪੇਟਿਆ ਹੋਇਆ ਸੀ ਤੇ ਮਿੱਟੀ ਦੇ ਕੁੱਜੇ ਵਿਚ ਪਿਆ ਸੀ। ਕੁੱਜੇ ਦੇ ਮੂੰਹ ‘ਤੇ ਕਾਲੇ ਪੱਥਰ ਦੀ ਘਸਵੱਟੀ, ਕੁਝ ਰਾਖ਼ ਮਿਲੀ। ਇਹ ਹੁਕਮਨਾਮਾ, ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ, ਦਸਵੀਂ ਪਿੰਡ ਮੂਲੋਵਾਲ ਜ਼ਿਲ੍ਹਾ ਸੰਗਰੂਰ ਵੱਲੋਂ ਛਪਾਇਆ ਹੋਇਆ ਮਿਲਦਾ। ਹੋ ਸਕਦਾ ਹੈ ਪ੍ਰਿੰਟਰਜ਼ ਵੱਲੋਂ ਲਗਾਂ-ਮਾਤਰਾਂ ਜਾਂ ਕਿਸੇ ਅੱਖਰ ਦੀ ਕੋਈ ਗ਼ਲਤੀ ਹੋ ਗਈ ਹੋਵੇ ਪਰ ਉਨ੍ਹਾਂ ਨੇ ਆਪਣੇ ਵੱਲੋਂ ਅਸਲ ਦੀ ਕਾਪੀ ਹੀ ਦੱਸੀ ਹੈ। ਇਸ ਦੀ ਪ੍ਰਮਾਣਿਕਤਾ ਸੰਬੰਧੀ ਵੀ ਖੋਜ ਕਰਨ ਦੀ ਲੋੜ ਹੈ।

ਸੋ, ਇਸ ਤਰ੍ਹਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਨਿਗਾਹੀਆ ਸਿੰਘ ਨੂੰ ਆਖਰੀ ਵਾਰ ਪਿੰਡ ਮੂਲੋਵਾਲ ਵਿਚ ਜਾ ਕੇ ਮਿਲੇ, ਉਸ ਸਮੇਂ ਭਾਈ ਸਾਹਿਬ ਦੀ ਉਮਰ ਕੋਈ 40 ਸਾਲਾਂ ਦੀ ਹੋਵੇਗੀ। ਇਸ ਤੋਂ ਬਾਅਦ ਭਾਈ ਨਿਗਾਹੀਆ ਸਿੰਘ ਦਾ ਕੀ ਬਣਿਆ, ਕੁਝ ਪਤਾ ਨਹੀਂ ਲੱਗਦਾ। ਇਹ ਇਕ ਖੋਜ ਦਾ ਵਿਸ਼ਾ ਹੈ। ਇਸ ਵੱਲ ਇਤਿਹਾਸਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ। ਖਾਲਸਾ ਪੰਥ ਆਪਣੇ ਵਿਰਸੇ ਨੂੰ ਸੰਭਾਲਣ ਵਿਚ ਕਾਫ਼ੀ ਅਵੇਸਲਾ ਹੈ, ਇਹੀ ਕਾਰਨ ਹੈ ਕਿ ਪੰਥ ਲਈ ਆਪਣੇ ਸਾਰੇ ਪਰਵਾਰ ਦੀ ਕੁਰਬਾਨੀ ਦੇਣ ਵਾਲੇ ਭਾਈ ਨਿਗਾਹੀਆ ਸਿੰਘ ਦੇ ਬਾਕੀ ਦੇ ਜੀਵਨ ਦੀ ਖਾਸ ਜਾਣਕਾਰੀ ਨਹੀਂ ਮਿਲਦੀ। ਜਿਹੜੀ ਕੌਮ ਆਪਣੇ ਵਿਰਸੇ ਅਤੇ ਇਤਿਹਾਸ ਨੂੰ ਨਹੀਂ ਸੰਭਾਲਦੀ, ਉਸ ਦਾ ਕੀ ਹਸ਼ਰ ਹੁੰਦਾ ਹੈ, ਇਹ ਦੱਸਣ ਦੀ ਲੋੜ ਨਹੀਂ? ਆਓ! ਅਸੀਂ ਆਪਣੇ ਵਿਰਸੇ ਨੂੰ ਸੰਭਾਲਦੇ ਹੋਏ ਆਪਣੇ ਸ਼ਹੀਦਾਂ ਦੇ ਜੀਵਨ ਬਾਰੇ ਖੋਜ ਕਰਕੇ ਉਨ੍ਹਾਂ ਦੀ ਜਾਣਕਾਰੀ ਸਾਰੀ ਦੁਨੀਆਂ ਵਿਚ ਪਹੁੰਚਾਈਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਇਤਿਹਾਸ ‘ਤੇ ਮਾਣ ਕਰਕੇ ਆਪਣਾ ਸਿਰ ਉੱਚਾ ਕਰਕੇ ਚੱਲ ਸਕਣ ਅਤੇ ਆਪਣੇ ਵੱਡੇ-ਵਡੇਰਿਆਂ ਦੇ ਜੀਵਨ ਤੋਂ ਸੇਧ ਲੈ ਕੇ ਹਮੇਸ਼ਾ ਹੱਕ-ਸੱਚ ਦੀ ਆਵਾਜ਼ ਉਠਾਉਂਦੇ ਹੋਏ ਇਸ ‘ਤੇ ਡਟੇ ਰਹਿਣ!

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਮੁੱਖ ਸੰਪਾਦਕ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸਿਮਰਜੀਤ ਸਿੰਘ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਵੱਲੋਂ ਛਾਪੇ ਜਾਂਦੇ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਦੇ ਮੁੱਖ ਸੰਪਾਦਕ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)