editor@sikharchives.org

ਡੇਰੇਦਾਰ ਵੱਲੋਂ ਗੁਰਬਾਣੀ ਦੀ ਤੋੜ-ਮਰੋੜ ਕਿਵੇਂ?

ਇਨ੍ਹਾਂ ਸਾਰਿਆਂ ਡੇਰਿਆਂ ਦੀ ਗੁੱਝੀ ਰਮਜ਼ ਇਹ ਹੈ ਕਿ ਇਨ੍ਹਾਂ ਨੇ ਸਰੂਪ ਸਿੱਖਾਂ ਵਾਲਾ ਧਾਰਨ ਕੀਤਾ ਹੋਇਆ ਹੈ ਅਤੇ ਵਰਤੋਂ ਗੁਰਬਾਣੀ ਤੇ ਸਿੱਖ ਇਤਿਹਾਸ ਦੀ ਕਰ ਲੈਂਦੇ ਹਨ। ਭੋਲੇ-ਭਾਲੇ ਸਿੱਖ/ਸਿੱਖਣੀਆਂ ਨੂੰ ਕਹਿੰਦੇ ਸੁਣੋਗੇ ਕਿ ਸਾਡੇ ਬਾਬਾ ਜੀ ਪ੍ਰਚਾਰ ਤਾਂ ਗੁਰਬਾਣੀ ਦਾ ਹੀ ਕਰਦੇ ਹਨ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਪੰਜਾਬ ਵਿਚ ਵੱਡੀ ਪੱਧਰ ’ਤੇ ਸਰਗਰਮ ਗੁਰੂ ਗ੍ਰੰਥ ਤੇ ਗੁਰੂ-ਪੰਥ ਵਿਰੋਧੀ ਸ਼ਕਤੀਆਂ ਵੱਖ-ਵੱਖ ਦਿੱਸਦੀਆਂ ਹੋਈਆਂ ਵੀ ਇਕ ਨੁਕਤੇ ਉੱਤੇ ਸਾਂਝੀਆਂ ਹਨ ਕਿ ਇਹ ਸਾਰੇ ਪੂਜਾ ਆਪਣੇ ਸਰੀਰਾਂ ਦੀ ਕਰਵਾਉਂਦੇ ਹਨ ਅਤੇ ਵਰਤੋਂ ਮਕਸਦ ਲਈ ਗੁਰਬਾਣੀ ਦੀ ਕਰਦੇ ਹਨ। ਇਹ ਵੱਖ-ਵੱਖ ਗੱਦੀਆਂ ’ਤੇ ਹੁੰਦੇ ਹੋਏ ਵੀ ਕਰਨੀ ਤੇ ਕਰਤੂਤ ਪੱਖੋਂ ਇਕ ਹੀ ਹਨ। ਪੰਜਾਬੀ ਦਾ ਅਖਾਣ ਹੈ, ‘ਕੁੱਕੜ ਰੰਗ-ਬਰੰਗੇ, ਬਾਂਗਾਂ ਇੱਕੋ ਜਿਹੀਆਂ’।

ਸਿੱਖ-ਪੰਥ ਲਈ ਸਭ ਤੋਂ ਖ਼ਤਰਨਾਕ ਇਹ ਲੋਕ ਇਸ ਕਰਕੇ ਹਨ ਕਿ ਇਹ ਨਾਟਕੀ ਢੰਗ ਨਾਲ ਸਾਧਾਰਨ ਸਿੱਖਾਂ ਨੂੰ ਵਧੀਆ ਤਰੀਕੇ ਨਾਲ ਗੁੰਮਰਾਹ ਕਰ ਲੈਂਦੇ ਹਨ ਅਤੇ ਇਹ ਹਕੀਕਤ ਹੈ ਕਿ ਗੁੰਮਰਾਹ ਹੋਇਆ ਸਿੱਖ ਸਭ ਤੋਂ ਵੱਧ ਖ਼ਤਰਨਾਕ ਹੁੰਦਾ ਹੈ। ਪੰਜਾਬ ਵਿਚ ਮੁੱਦਾ ਕਿਸੇ ਵੀ ਗੁਰੂ-ਡੰਮ੍ਹ ਦਾ ਉੱਠਿਆ, ਅੰਤ ਨੂੰ ਲੜਾਈ ਦੋਹਾਂ ਧੜਿਆਂ ’ਚ ਸਿੱਖਾਂ ਵਿਚਕਾਰ ਹੋਈ ਹੈ।

ਅਧੂਰਾ ਗਿਆਨ, ਕੱਚਘਰੜ ਸੋਚ ਤੇ ਅੰਨ੍ਹੀ ਸ਼ਰਧਾ ਨੇ ਸਾਡੀ ਕੌਮ ਦਾ ਬਹੁਤ ਨੁਕਸਾਨ ਕੀਤਾ ਹੈ ਅਤੇ ਸ਼ੈਤਾਨ ਲੋਕ ਆਪਣੀਆਂ ਗੱਦੀਆਂ ਲਾ ਕੇ ਹੱਸ ਰਹੇ ਨੇ। ਨਕਲੀ ਨਿਰੰਕਾਰੀਆਂ ਤੋਂ ਲੈ ਕੇ ਸਰਸਾ ਤੇ ਕਬਰਾਂ-ਮੜ੍ਹੀਆਂ ਦੀ ਪੂਜਾ-ਪਾਖੰਡ ਵਾਲੀਆਂ ਸਭ ਹੱਟੀਆਂ (ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ-ਪੰਥ ਤੋਂ ਟੁੱਟੇ ਹੋਏ ਸਿੱਖਾਂ ਦੇ ਆਸਰੇ) ਚੱਲ ਰਹੀਆਂ ਹਨ।

ਇਨ੍ਹਾਂ ਸਾਰਿਆਂ ਡੇਰਿਆਂ ਦੀ ਗੁੱਝੀ ਰਮਜ਼ ਇਹ ਹੈ ਕਿ ਇਨ੍ਹਾਂ ਨੇ ਸਰੂਪ ਸਿੱਖਾਂ ਵਾਲਾ ਧਾਰਨ ਕੀਤਾ ਹੋਇਆ ਹੈ ਅਤੇ ਵਰਤੋਂ ਗੁਰਬਾਣੀ ਤੇ ਸਿੱਖ ਇਤਿਹਾਸ ਦੀ ਕਰ ਲੈਂਦੇ ਹਨ। ਭੋਲੇ-ਭਾਲੇ ਸਿੱਖ/ਸਿੱਖਣੀਆਂ ਨੂੰ ਕਹਿੰਦੇ ਸੁਣੋਗੇ ਕਿ ਸਾਡੇ ਬਾਬਾ ਜੀ ਪ੍ਰਚਾਰ ਤਾਂ ਗੁਰਬਾਣੀ ਦਾ ਹੀ ਕਰਦੇ ਹਨ। ਹੁਣ ਉਨ੍ਹਾਂ ਨੂੰ ਕੌਣ ਸਮਝਾਏ ਕਿ ਗੁਰਬਾਣੀ ਦਾ ਆਸਰਾ ਲੈਣਾ ਇਨ੍ਹਾਂ ਡੇਰੇਦਾਰਾਂ ਦੀ ਕਮਜ਼ੋਰੀ ਤੇ ਮਜਬੂਰੀ ਐ। ਇਹ ਵੀ ਹਕੀਕਤ ਹੈ ਕਿ ਆਸਰੇ ਦੀ ਲੋੜ ਹਮੇਸ਼ਾਂ ਕਮਜ਼ੋਰ ਨੂੰ ਹੁੰਦੀ ਹੈ। ਇਕ ਗੱਲ ਤਾਂ ਸਪੱਸ਼ਟ ਹੋਈ ਕਿ ਇਨ੍ਹਾਂ ਦੀ ਕੋਈ ਆਪਣੀ ਵਿਚਾਰਧਾਰਾ, ਪਹਿਚਾਣ ਜਾਂ ਹੋਂਦ ਨਹੀਂ ਹੈ ਸਗੋਂ ਸਭਨਾਂ ਧਰਮਾਂ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਮੰਗਵੀਂ ਖਾਣ ਵਾਲਾ ਤਾਂ ਮੰਗਤਾ ਹੁੰਦਾ ਹੈ, ਦਾਤਾ ਨਹੀਂ ਹੁੰਦਾ। ਇਨ੍ਹਾਂ ਲੋਕਾਂ ਨੂੰ ਦਾਤੇ ਮੰਨਣ ਵਾਲਿਆਂ ਨੂੰ ਇਹ ਭਰਮ ਤਿਆਗ ਦੇਣ ਚਾਹੀਦਾ ਹੈ। ਇਨ੍ਹਾਂ ਦਾ ਤਾਂ ਉਹ ਹਾਲ ਹੈ ਕਿ-

ਕਹੀਂ ਕੀ ਈਂਟ ਕਹੀਂ ਕਾ ਰੋੜਾ, ਭਾਨਮਤੀ ਨੇ ਕੁਨਬਾ ਜੋੜਾ।

ਇੱਕ ਗੱਲ ਸਪੱਸ਼ਟ ਹੈ ਕਿ ਗੈਰ-ਸਿੱਖਾਂ ਉੱਤੇ ਸਾਡਾ ਕੋਈ ਜ਼ੋਰ ਨਹੀਂ ਪਰ ਗੁੰਮਰਾਹ ਹੋਏ ਸਿੱਖ ਪਰਵਾਰਾਂ ਨੂੰ ਪਿਆਰ ਤੇ ਵਿਚਾਰ ਨਾਲ ਪ੍ਰੇਰਣਾ ਸਾਡਾ ਹੱਕ ਬਣਦਾ ਹੈ। ਇਸ ਦਾ ਆਸ਼ਾਵਾਦੀ ਪੱਖ ਵੀ ਹੈ ਕਿ ਵੱਡੀ ਗਿਣਤੀ ਵਿਚ ਸਿੱਖ ਪਰਵਾਰਾਂ ਨੇ ਜਦ ਇਨ੍ਹਾਂ ਲੋਕਾਂ ਦੀ ਅਸਲੀਅਤ ਬਾਰੇ ਸਮਝ ਲਿਆ ਤਾਂ ਉਨ੍ਹਾਂ ਨੇ ਇਨ੍ਹਾਂ ਪਾਖੰਡੀਆਂ ਨੂੰ ਸਦਾ ਲਈ ਤਿਆਗ ਵੀ ਦਿੱਤਾ। ਸਿਆਣੇ ਕਹਿੰਦੇ ਹਨ, ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਪਰਤ ਪਵੇ ਤਾਂ ਭੁੱਲਿਆ ਨਹੀਂ ਹੁੰਦਾ। ਇਸ ਲਈ ਪੰਥ- ਦਰਦੀ ਲੇਖਕ, ਪ੍ਰਚਾਰਕ, ਪਰੰਪਰਕ ਜਥੇਬੰਦੀਆਂ, ਸਭਾ-ਸੁਸਾਇਟੀਆਂ ਕਾਰਜਸ਼ੀਲ ਰਹਿ ਕੇ ਅਸਲੀਅਤ ਪ੍ਰਗਟ ਕਰਦੀਆਂ ਰਹਿਣ ਤਾਂ ਠੱਗਾਂ ਤੋਂ ਗੁੰਮਰਾਹ ਹੋਏ ਲੋਕ ਹੌਲੀ-ਹੌਲੀ ਸਿੱਧੇ ਰਾਹ ਆ ਹੀ ਜਾਂਦੇ ਹਨ।

ਸਿੱਖ ਇਤਿਹਾਸ ਵਿਚ ‘ਖੋਤੇ ਉੱਤੇ ਸ਼ੇਰ ਦੀ ਖੱਲ’ ਵਾਲੀ ਸਾਖੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ‘ਨੀਲਾਰੀ ਦੇ ਮਟ ਵਿਚਿ ਪੈ ਗਿਦੜੁ ਰਤਾ’ ਇਸ ਗੱਲ ਦੀ ਗਵਾਹੀ ਹੈ ਕਿ ਅੰਤ ਨੂੰ ਇਨ੍ਹਾਂ ਦੋਹਾਂ ਜਾਨਵਰਾਂ ਦੇ ਬੋਲਿਆਂ ਹੀ ਪਾਜ ਉੱਘੜਿਆ ਸੀ ਕਿ ਅਸਲੀਅਤ ਕੀ ਹੈ। ਕੀ ਉਸ ਤੋਂ ਬਾਅਦ ਕਿਸੇ ਨੇ ਖੋਤੇ ਨੂੰ ਸ਼ੇਰ ਜਾਂ ਗਿੱਦੜ ਨੂੰ ਬਾਦਸ਼ਾਹ ਮੰਨ ਲਿਆ ਸੀ? ਨਹੀਂ, ਕਿਸੇ ਨੇ ਨਹੀਂ ਮੰਨਿਆ। ਇਸੇ ਤਰ੍ਹਾਂ ਜਾਅਲੀ ਨੋਟ ਤੇ ਮੁਲੰਮੇ ਦੇ ਗਹਿਣੇ ਬਹੁਤਾ ਚਿਰ ਨਹੀਂ ਚੱਲਦੇ ਹੁੰਦੇ। ‘ਸੌ ਹੱਥ ਰੱਸਾ ਸਿਰੇ ’ਤੇ ਗੰਢ’ ਦੀ ਹਕੀਕਤ ਨੂੰ ਜਾਣੀਏ ਤਾਂ ਗੁਰਬਾਣੀ ਤੋਂ ਵੱਡਾ ਸਾਡੇ ਲਈ ਹੋਰ ਕੋਈ ਅੰਤਮ ਸੱਚ ਨਹੀਂ ਹੈ। ਗੁਰੂ ਪਿਤਾ ਤਾਂ ਫ਼ਰਮਾ ਰਹੇ ਹਨ:

ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥ (ਪੰਨਾ 953)

ਸੰਸਾਰ ਵਿਚ ਅਨੇਕਾਂ ਧਰਮ ਹਨ। ਹਰ ਕੋਈ ਆਪਣੀ ਵਿਚਾਰਧਾਰਾ ਅਨੁਸਾਰ ਪ੍ਰਚਾਰ ਕਰ ਰਿਹਾ ਹੈ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਜਦ ਵੀ ਕਿਸੇ ਨੇ ਸਿੱਖ ਧਰਮ ਪ੍ਰਤੀ ਇਤਰਾਜ਼ਯੋਗ ਗੱਲ ਕੀਤੀ ਤਾਂ ਇਸ ਦਾ ਪ੍ਰਤੀਕਰਮ ਵੀ ਹਮੇਸ਼ਾ ਵੱਡੀ ਪੱਧਰ ’ਤੇ ਹੋਇਆ ਹੈ। ਅੰਗਰੇਜ਼-ਕਾਲ ਵਿਚ ਈਸਾਈ ਮਿਸ਼ਨਰੀਆਂ ਤੋਂ ਲੈ ਕੇ ਆਰੀਆ ਸਮਾਜ, ਸ਼ਰਧਾ ਰਾਮ ਫਿਲੌਰੀ, ਦਯਾ ਨੰਦ, ਮਹਾਤਮਾ ਗਾਂਧੀ, ਆਰ. ਐੱਸ. ਐੱਸ., ਅਸ਼ਰਧਕ ਲਿਖਾਰੀ ਅਤੇ ਨਕਲੀ ਨਿਰੰਕਾਰੀਆਂ ਤੋਂ ਲੈ ਕੇ ਸਰਸੇ ਵਾਲਿਆਂ ਦੀ ਸਿਧਾਂਤਕ ਛੇੜ-ਛਾੜ ਦਾ ਗੰਭੀਰ ਨੋਟਿਸ ਖ਼ਾਲਸਾ-ਪੰਥ ਨੇ ਲਿਆ ਹੈ।

ਵਰਤਮਾਨ ਮੀਡੀਏ ਦੇ ਪ੍ਰਚਾਰ ਵਿਚ ਡੇਰਾ ਸਿਰਸਾ ਦੇ ਬਾਹਰੀ ਸਵਾਂਗ ਅਤੇ ਜਾਮੇ-ਇੰਸਾਂ ਦੀ ਚਰਚਾ ਵੀ ਵੱਡੀ ਪੱਧਰ ’ਤੇ ਹੋਈ ਹੈ। ਇਸ ਤੋਂ ਅੱਗੇ ਵੀ ਇਕ ਗਹਿਰ-ਗੰਭੀਰ ਇਨ੍ਹਾਂ ਦੀ ਸਾਜ਼ਸ਼ ਖ਼ਾਲਸਾ-ਪੰਥ ਦਾ ਧਿਆਨ ਮੰਗਦੀ ਹੈ, ਜੋ ਇਨ੍ਹਾਂ ‘ਧੁਰ ਕੀ ਬਾਣੀ’ ਦੀ ਭੰਨ-ਤੋੜ ਕਰਕੇ ਆਪਣੇ ਹੀ ਭਜਨ ਬਣਾਏ ਹਨ। ਇਨ੍ਹਾਂ ਦਿਨਾਂ ’ਚ ਡੇਰਾ ਸਿਰਸਾ ਦੇ ਹਿੰਦੀ ਵਿਚ ਰੋਜ਼ਾਨਾ ਅਖ਼ਬਾਰ ‘ਸੱਚ ਕਹੂੰ’ ਅਤੇ ਮਾਸਿਕ ਮੈਗਜ਼ੀਨ ‘ਸੱਚੀ ਸ਼ਿਕਸ਼ਾ’ ਪੜ੍ਹਨ ਨੂੰ ਮਿਲੇ ਹਨ। ਗੁਰਬਾਣੀ ਪ੍ਰਤੀ ਇਨ੍ਹਾਂ ਨੇ ਜੋ ਲਿਖਤੀ ਰੂਪ ਵਿਚ ਬੱਜਰ ਗ਼ਲਤੀਆਂ ਕੀਤੀਆਂ ਹਨ, ਉਹ ਵੀ ਮੁਆਫ ਕਰਨ ਯੋਗ ਨਹੀਂ ਹਨ। ਸਾਡਾ ਇਤਿਹਾਸ ਗਵਾਹ ਹੈ ਕਿ ਰਾਮਰਾਈਏ ਗੁਰੂ-ਕਾਲ ਤੋਂ ਹੀ ਇਸ ਗੱਲੋਂ ਛੇਕੇ ਹੋਏ ਹਨ ਕਿ ਰਾਮਰਾਇ ਨੇ ‘ਮੁਸਲਮਾਨ’ ਦੀ ਥਾਂ ‘ਬੇਈਮਾਨ’ ਸ਼ਬਦ ਬਦਲ ਦਿੱਤਾ ਸੀ। ਹੁਣ ਡੇਰਾ ਸਿਰਸਾ ਦੀ ਇਸ ਹਰਕਤ ਨੂੰ ਸੰਗਤ ਆਪ ਹੀ ਵਿਚਾਰ ਲਵੇ।

ਡੇਰਾ ਸਿਰਸਾ ਦੇ ਹਿੰਦੀ ਭਾਸ਼ਾ ਦੇ ਮਾਸਕ ਮੈਗਜ਼ੀਨ ‘ਸੱਚੀ ਸ਼ਿਕਸ਼ਾ’ ਦਸੰਬਰ 2006 ਦੇ ਪੰਨਾ 49 ਉੱਪਰ ਪਹਿਲਾਂ ਗੁਰਬਾਣੀ ਦੀ ਪੰਕਤੀ ਦਿੱਤੀ ਹੈ:

ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ॥
ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ॥ (ਪੰਨਾ 809)

ਇਸ ਦੇ ਨਾਲ ਹੀ ਆਪਣੇ ਭਜਨ ਦੀ ਟੇਕ ਸਿਰਲੇਖ ਹੇਠ ਲਿਖਿਆ ਹੈ:

ਮਹਿਮਾ ਸਤਿਸੰਗ ਕੀ, ਸੁਨ ਲੇ ਮੇਰੇ ਮੀਤਾ
ਮੈਲ ਖੋਈ ਕੋਟ ਅਘ ਹਰੇ, ਨਿਰਮਲ ਭਏ ਚੀਤਾ
ਵੇਲਾ ਬੀਤ ਰਹਾ, ਕਯੋਂ ਬੈਠਾ ਚੁੱਪ ਕੀਤਾ?

ਇਸੇ ਤਰ੍ਹਾਂ ਭਗਤ ਕਬੀਰ ਜੀ ਦਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1376 ਉੱਪਰ ਸਲੋਕ ਹੈ :

ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥

ਡੇਰੇਦਾਰਾਂ ‘ਸੱਚੀ ਸ਼ਿਕਸ਼ਾ’ ਅੰਕ ਦੇ ਪੰਨਾ ਨੰ: 19 ਉੱਪਰ ਭਜਨ ਬਣਾਇਆ ਹੈ:

ਜਾਨ ਬੂਝ ਕਰ ਔਗੁਣ ਕਰਤਾ ਹਾਥ ਮੇਂ ਦੀਪਕ ਕੂਏਂ ਪੜਤਾ।

ਇਹ ਤਾਂ ਹਾਲੇ ਸਮੁੱਚੀ ਦਾਲ ਨਹੀਂ, ਕੁਝ ਦਾਣੇ ਹੀ ਟੋਹੇ ਹਨ। ਇਸ ਤੋਂ ਅੱਗੇ ਇਨ੍ਹਾਂ ਆਪਣੇ ਮੈਗਜ਼ੀਨ ਵਿਚ ‘ਨਾਮ’ ਅਤੇ ‘ਗੁਰੂ’ ਦੀ ਮਹਿਮਾ ਵਾਲੀਆਂ ਅਨੇਕਾਂ ਗੁਰਬਾਣੀ ਦੀਆਂ ਪੰਕਤੀਆਂ ਦੀ ਹੂ-ਬ-ਹੂ ਵਰਤੋਂ ਕੀਤੀ ਹੈ ਪਰ ਜੋ ਸਿੱਟਾ ਦਿੰਦੇ ਹਨ ਕਿ ਆਪਣੇ ਹੀ ‘ਨਾਮ ਦਾਨ’ ਦੀ ਮਹਿਮਾ ਅਤੇ ‘ਗੁਰੂ ਵਜੋਂ’ ਆਪਣੇ ਪਹਿਲੇ ਡੇਰੇਦਾਰ ਦੀ ਉਪਮਾ ਕੀਤੀ ਹੈ। ਇਹ ਗੁਰਬਾਣੀ ਦੀ ਘੋਰ ਬੇਅਦਬੀ ਹੈ ਜੋ ਪੰਜਾਬ ਵਿਚ ਗੱਦੀਆਂ ਲਾਈ ਬੈਠੇ ਸਮੁੱਚੇ ਡੇਰੇਦਾਰ ਸ਼ਰ੍ਹੇਆਮ ਕਰ ਰਹੇ ਹਨ। ਇਨ੍ਹਾਂ ਉੱਤੇ ਪਾਬੰਦੀ ਕਿਵੇਂ ਲਾਈ ਜਾਵੇ? ਇਹ ਫ਼ੈਸਲਾ ਖ਼ਾਲਸਾ-ਪੰਥ ਲਈ ਵਿਚਾਰਨ ਦੀ ਘੜੀ ਹੈ। ਅਗਰ ਅਸੀਂ ਇਨ੍ਹਾਂ ਉੱਤੇ ਗੁਰਬਾਣੀ ਦੀ ਗ਼ਲਤ ਵਰਤੋਂ ਕਰਨ ਪ੍ਰਤੀ ਰੋਕ ਲਾ ਲੈਂਦੇ ਹਾਂ ਤਾਂ ਘੱਟੋ ਘੱਟ ਭੋਲੇ-ਭਾਲੇ ਸਿੱਖਾਂ ਨੂੰ ਇਹ ਬਿਲਕੁਲ ਗੁੰਮਰਾਹ ਨਹੀਂ ਕਰ ਸਕਣਗੇ ਜਿਵੇਂ ਇਨ੍ਹਾਂ ਕਰ ਲਿਆ ਤੇ ਕਰ ਰਹੇ ਹਨ।

ਹੁਣ ਅਗਿਆਨਤਾ ਵੱਸ ਗੁੰਮਰਾਹ ਹੋਏ ਸਿੱਖ ਪਰਵਾਰ ਇਹ ਜਾਣਨ ਦੀ ਕੋਸ਼ਿਸ਼ ਕਰਨ ਕਿ ਸਾਨੂੰ ਗੁਰੂ ਸਾਹਿਬਾਂ ਦਾ ਉਪਦੇਸ਼ ਹੈ:

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ॥ (ਪੰਨਾ 920)

ਇਸ ਡੇਰੇ ਦੀਆਂ ਆਪੂੰ ਜੋੜੀਆਂ ਕਵਿਤਾਵਾਂ ਇੰਨੀਆਂ ਕੱਚੀਆਂ ਹਨ ਕਿ ਪੜ੍ਹ-ਸੁਣ ਕੇ ਹਾਸਾ ਹੀ ਆ ਜਾਂਦਾ ਹੈ। ਇਨ੍ਹਾਂ ਦੇ ਅਖ਼ਬਾਰ ਤੇ ਮੈਗਜ਼ੀਨ ਵਿਚ ਦਰਜ ਕਵਿਤਾਵਾਂ ਵਿੱਚੋਂ ਇੱਕਾ-ਦੁੱਕਾ ਨਮੂਨੇ ਇਹ ਹਨ; ਜੋ ਇਨ੍ਹਾਂ ਦੇ ਸਤਿਸੰਗ ਵਿਚ ਬੋਲੀਆਂ ਜਾਂਦੀਆਂ ਹਨ:

ਮਨਾ ਗੁਰੂ ਵਾਲੀ ਡੋਰ ਦਾ ਪਤੰਗ ਬਣ ਜਾ
ਤੈਨੂੰ ਜਿਵੇਂ ਉਹ ਨਚਾਵੇ ਉਹੀ ਰੰਗ ਬਣ ਜਾ। (ਸੱਚ ਕਹੂੰ)

ਸੋਚਣ ਵਾਲੀ ਗੱਲ ਇਹ ਹੈ ਕਿ ਕੀ ਪਹਿਲੇ ਹਿੱਸੇ ’ਚ ਪਤੰਗ ਦਾ ਦੂਜੇ ਹਿੱਸੇ ਵਿਚ ਰੰਗ ਨਾਲ ਕੋਈ ਜੋੜ-ਮੇਲ ਹੈ?

ਇਸੇ ਤਰ੍ਹਾਂ ‘ਸੱਚੀ ਸ਼ਿਕਸ਼ਾ’ ਵਿਚ ਸਤਿਸੰਗ ਦਾ ਭਜਨ ਹੈ:

ਤੈਨੂੰ ਯਾਰ ਨਾਲ ਕੀ ਤੈਨੂੰ ਚੋਰ ਨਾਲ ਕੀ
ਓ ਤੂੰ ਤਾਂ ਆਪਣੀ ਨਿਬੇੜ, ਤੈਨੂੰ ਹੋਰ ਨਾਲ ਕੀ।

ਇਹ ਤੁਕ ਪ੍ਰਚੱਲਤ ਲੋਕ ਉਕਤੀ ਨੂੰ ਤੋੜ-ਮਰੋੜ ਕੇ ਘੜੀ ਗਈ ਹੈ ਜੋ ਇਹ ਹੈ:

ਤੈਨੂੰ ਸਾਧ ਨਾਲ ਕੀ, ਤੈਨੂੰ ਚੋਰ ਕੀ? ਤੂੰ ਆਪਣੀ ਸੰਭਾਲ, ਤੈਨੂੰ ਹੋਰ ਨਾਲ ਕੀ?

ਹੁਣ ਇਹ ਫ਼ੈਸਲਾ ਗੁੰਮਰਾਹ ਹੋਏ ਕੁਝ ਕੁ ਸਿੱਖ ਪਰਵਾਰਾਂ ਉੱਤੇ ਹੀ ਛੱਡਦੇ ਹਾਂ ਕਿ ਉਹ ਆਪ ਹੀ ਫੈਸਲਾ ਕਰਨ ਕਿ ਅਸੀਂ ਜੁੱਗੋ-ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਧੁਰ ਕੀ ਬਾਣੀ ਨੂੰ ਗੁਰੂ ਰੂਪ ਜਾਣਨਾ ਹੈ ਕਿ ਉੱਪਰ ਦਿੱਤੀਆਂ ਕੱਚਘਰੜ ਕਵਿਤਾਵਾਂ ਨੂੰ?

ਕੀ ਅਸੀਂ ਕਿਸੇ ਨਾਸ਼ਵਾਨ, ਚਰਿੱਤਰਹੀਣ ਤੇ ਕਰਮਹੀਣ ਸਰੀਰ ਦੀਆਂ ਫੋਟੋਆਂ ਪੂਜਣੀਆਂ ਨੇ ਜਾਂ ਕਿ ਦਸ ਗੁਰੂ ਸਾਹਿਬਾਨ ਦੇ ਸੱਚੇ-ਸੁੱਚੇ ਫ਼ਲਸਫ਼ੇ ਨੂੰ ਅਪਣਾ ਕੇ ਜੀਵਨ-ਜਾਚ ਸੰਵਾਰਨੀ ਐ?

ਕੀ ਅਸੀਂ ਇਨ੍ਹਾਂ ਦੇ ਇਕ, ਤਿੰਨ ਜਾਂ ਪੰਜ ਅੱਖਰਾਂ ਦੇ ਨਾਮ-ਦਾਨ ਦੇ ਪਾਖੰਡ ਵਿਚ ਫਸ ਕੇ ਆਪਣਾ ਬੌਧਿਕ ਵਿਕਾਸ ਖ਼ਤਮ ਨਹੀਂ ਕਰ ਲਿਆ?

ਕੀ ਅਸੀਂ ਅਧੂਰਾ ਗਿਆਨ ਤੇ ਗੁੰਮਰਾਹਕੁੰਨ ਪ੍ਰਚਾਰ ਸੁਣ ਕੇ ਡੇਰਿਆਂ ਉੱਤੇ ਭਟਕਦੇ ਨਹੀਂ ਫਿਰਦੇ? ਅਤੇ ਇਹ ਭਟਕਣਾ ਹੀ ਸਾਡੀ ਅਸ਼ਾਂਤੀ ਤੇ ਬੇਚੈਨੀ ਦਾ ਕਾਰਨ ਹੈ।

ਕੀ ਅਸੀਂ ਸਰਬੰਸਦਾਨੀ, ਸ਼ਮਸ਼ੀਰ-ਏ-ਬਹਾਦਰ, ਪੰਥ ਦੇ ਵਾਲੀ, ਅੰਮ੍ਰਿਤ ਦੇ ਦਾਤੇ’ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਸ ਬਣ ਕੇ ਫ਼ਖ਼ਰ ਨਾਲ ਜੀਵਨ ਜੀਅ ਸਕਦੇ ਹਾਂ ਜਾਂ ਉਨ੍ਹਾਂ ਦਾ ਸਵਾਂਗ ਧਾਰਨ ਵਾਲੇ ਸ਼ਖ਼ਸ ਦੀ ਛਬੀਲ ਪੀ ਕੇ?

ਐ ਵਕਤੀ ਤੌਰ ’ਤੇ ਥੋੜ੍ਹੀ ਜਿਹੀ ਗਿਣਤੀ ਵਿਚ ਆਪਣੇ ਅਸਲ ਮਾਰਗ ਤੋਂ ਭਟਕ ਗਏ ਕੌਮੀ ਵਾਰਸੋ! ਗੁਰੂ ਗ੍ਰੰਥ ਤੇ ਗੁਰੂ-ਪੰਥ ਦੇ ਇਨ੍ਹਾਂ ਦੋਖੀ ਲੋਕਾਂ ਦੀ ਪਹਿਚਾਣ ਕਰੋ। ਸਾਨੂੰ ਦਸਮ ਪਿਤਾ ਜੀ ਦਾ ਉਪਦੇਸ਼ ਹੈ: “ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਦਾ।”

ਇਹ ਡੇਰੇਦਾਰ ਲੋਕ ਸਾਨੂੰ ਇਨ੍ਹਾਂ ਤਿੰਨਾਂ ਹੀ ਉਪਦੇਸ਼ਾਂ ਤੋਂ ਤੋੜ ਰਹੇ ਹਨ। ਮਾਨਸਿਕ ਗ਼ੁਲਾਮੀ ਲਾਹ ਸੁੱਟੋ, ਜਾਗੋ, ਕੱਚ ਤੇ ਸੱਚ ਨੂੰ ਪਹਿਚਾਣੋ। ਅੰਮ੍ਰਿਤ ਛਕੋ, ਸਿੰਘ ਸਜੋ ਅਤੇ ਸੰਸਾਰ ਵਿਚ ਫਖ਼ਰ ਨਾਲ ਰਹੋ…।

ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ॥
ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ॥ (ਪੰਨਾ 1102)

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Super user of Sikh Archives

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)