editor@sikharchives.org

ਦੇਸ਼ ਦੀ ਅਜ਼ਾਦੀ ਵਿਚ ਸਿੱਖਾਂ ਦਾ ਯੋਗਦਾਨ

ਲੱਗਭਗ ਡੇਢ ਹਜ਼ਾਰ ਸਾਲ ਦੀ ਗ਼ੁਲਾਮੀ ਤੋਂ ਬਾਅਦ ਇਸ ਦੇਸ਼ ਦੇ ਲੋਕਾਂ ਨੂੰ ਅਜ਼ਾਦੀ ਦਾ ਸੁਖ ਪ੍ਰਾਪਤ ਹੋਇਆ। ਅਸਲ ਵਿਚ ਅਜ਼ਾਦੀ ਦੀ ਲੜਾਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਰੰਭੀ ਸੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਗੁਰਮਤਿ ਪ੍ਰਕਾਸ਼ ਸੰਪਾਦਕੀ

ਭਾਰਤ ਵਾਸੀਆਂ ਨੇ ਹਜ਼ਾਰਾਂ ਵਰ੍ਹੇ ਸਮਾਜਿਕ, ਆਰਥਿਕ, ਸਭਿਆਚਾਰਕ ਤੇ ਧਾਰਮਿਕ ਗ਼ੁਲਾਮੀ ਆਪਣੇ ਪਿੰਡੇ ’ਤੇ ਹੰਡਾਈ। ਗ਼ੁਲਾਮੀ ਦਾ ਮੁੱਢ ਉਸ ਸਮੇਂ ਹੀ ਬੱਝ ਗਿਆ ਸੀ ਜਦੋਂ ਸਮਾਜ ਨੂੰ ਚਾਰ ਵਰਣਾਂ ਵਿਚ ਵੰਡਿਆ ਗਿਆ ਸੀ। ਵੰਡਿਆ ਹੋਇਆ ਸਮਾਜ ਕਦੇ ਵੀ ਖੁਸ਼ੀਆਂ ਖੇੜਿਆਂ ਦਾ ਅਨੰਦ ਨਹੀ ਮਾਣ ਸਕਦਾ। ਵਰਣ ਵੰਡ ਦੇ ਸਮਰਥਕ ਭਾਵੇਂ ਅੱਜ ਵੀ ਇਸ ਨੂੰ ਆਦਰਸ਼ ‘ਕੰਮ-ਕਿੱਤਾ ਵੰਡ’ ਕਹਿ ਕੇ ਇਸ ਦੀ ਪ੍ਰੋੜਤਾ ਕਰਦੇ ਹਨ ਪਰ ਗਹੁ ਨਾਲ ਵਾਚਣ ਸਮਝਣ ’ਤੇ ਇਹ ਭਲੀ ਭਾਂਤੀ ਨਜ਼ਰ ਆ ਜਾਂਦਾ ਹੈ ਕਿ ਇਸ ਅਧੀਨ ਚੌਥੇ ਵਰਗ ਸ਼ੂਦਰ ਦੀ ਹਾਲਤ ਇੰਨੀ ਬੁਰੀ ਸੀ ਕਿ ਉਹ ਬਾਕੀ ਦੇ ਤਿੰਨ ਵਰਗਾਂ ਦਾ ਗ਼ੁਲਾਮ ਮਾਤਰ ਹੀ ਸੀ। ਭਾਰਤ ਵਾਸੀਆਂ ਦੀ ਇਸੇ ਅੰਦਰਲੀ ਗੁਲਾਮੀ ਨੇ ਵਿਦੇਸ਼ੀ ਹਮਲਾਵਰਾਂ ਨੂੰ ਭਾਰਤ ’ਤੇ ਕਬਜ਼ਾ ਕਰਨ ਵਿਚ ਕੋਈ ਔਖ ਨਾ ਆਉਣ ਦਿੱਤੀ। ਇਕ-ਦੂਜੇ ਵਰਗ ਨੂੰ ਗ਼ੁਲਾਮ ਬਣਾਉਂਦੇ ਸਾਰੇ ਭਾਰਤ ਵਾਸੀ ਹੀ ਵਿਦੇਸ਼ੀ ਗ਼ੁਲਾਮੀ ਦੇ ਹਨ੍ਹੇਰੇ ਖੂਹ ਵਿਚ ਜਾ ਡਿੱਗੇ। ਵਿਦੇਸ਼ੀ ਹਾਕਮਾਂ ਨੇ ਪਹਿਲਾਂ ਹਮਲਾਵਰ ਬਣ ਕੇ ਭਾਰਤ ਵਾਸੀਆਂ ਨੂੰ ਬੜੀ ਬੇਕਿਰਕੀ ਨਾਲ ਮਾਰਿਆ, ਉਜਾੜਿਆ, ਲੁੱਟਿਆ ਤੇ ਕੁੱਟਿਆ। ਉਹ ਇੱਥੋਂ ਅਥਾਹ ਦੌਲਤ ਲੁੱਟ ਕੇ ਆਪਣੇ ਦੇਸ਼ ਲੈ ਜਾਂਦੇ। ਬਹੂ-ਬੇਟੀਆਂ ਨੂੰ ਆਪਣੇ ਦੇਸ਼ ਵਿਚ ਮੰਡੀ ਲਾ ਕੇ ਵੇਚਦੇ। ਭਾਰਤ ਵਾਸੀਆਂ ਨੇ ਇਨ੍ਹਾਂ ਵਿਦੇਸ਼ੀ ਹਾਕਮਾਂ ਦੀ ਗ਼ੁਲਾਮੀ ਨੂੰ ਆਪਣੀ ਤਕਦੀਰ ਹੀ ਮੰਨ ਲਿਆ। ਹੌਲੀ-ਹੌਲੀ ਗ਼ੁਲਾਮੀ ਦੇ ਜੂਲ੍ਹੇ ਵਿਚ ਜਕੜੇ ਇਨ੍ਹਾਂ ਭਾਰਤ ਵਾਸੀਆਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਗਈ। ਸਖਤੀਆਂ ਦਾ ਦੌਰ ਹੋਰ ਤੇਜ਼ ਹੁੰਦਾ ਗਿਆ। ਇਨ੍ਹਾਂ ਨੂੰ ਮੂਲ ਮਨੁੱਖੀ ਹੱਕਾਂ ਤੋਂ ਲੱਗਭਗ ਵਾਂਝਾ ਹੀ ਕਰ ਦਿੱਤਾ ਗਿਆ। ਇਨ੍ਹਾਂ ਦੇ ਇੱਜ਼ਤ ਨਾਲ ਜਿਊਣ ਦੇ ਸਾਰੇ ਹੱਕ ਖੋਹ ਲਏ ਗਏ। ਭਾਰਤ ਵਾਸੀਆਂ ਦੇ ਸਿਰਾਂ ’ਤੇ ਪਗੜੀ ਬੰਨਣ, ਪਾਲਕੀ ਵਿਚ ਅਤੇ ਘੋੜੇ ’ਤੇ ਬੈਠਣ ਆਦਿ ਤਕ ’ਤੇ ਪਾਬੰਦੀ ਲਗਾ ਦਿੱਤੀ ਗਈ। ਇੱਥੋਂ ਤਕ ਕੇ ਇਨ੍ਹਾਂ ਨੂੰ ਆਪਣਾ ਧਰਮ ਨਿਭਾਉਣ ਲਈ ਵੀ ਕਈ ਤਰ੍ਹਾਂ ਦੇ ਟੈਕਸ (ਜਜ਼ੀਆ) ਅਦਾ ਕਰਨੇ ਪੈਂਦੇ। ਇਹ ਪਾਬੰਦੀਆਂ ਦਿਨ-ਬਦਿਨ ਇਤਨੀਆਂ ਸਖਤ ਹੁੰਦੀਆਂ ਜਾ ਰਹੀਆਂ ਸਨ ਕਿ ਲੋਕ ਆਪਣਾ ਮਤ ਛੱਡ ਕੇ ਇਸਲਾਮ ਧਾਰਨ ਕਰਨ ਲਈ ਮਜ਼ਬੂਰ ਹੋ ਰਹੇ ਸਨ।

ਲੱਗਭਗ ਡੇਢ ਹਜ਼ਾਰ ਸਾਲ ਦੀ ਗ਼ੁਲਾਮੀ ਤੋਂ ਬਾਅਦ ਇਸ ਦੇਸ਼ ਦੇ ਲੋਕਾਂ ਨੂੰ ਅਜ਼ਾਦੀ ਦਾ ਸੁਖ ਪ੍ਰਾਪਤ ਹੋਇਆ। ਅਸਲ ਵਿਚ ਅਜ਼ਾਦੀ ਦੀ ਲੜਾਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਰੰਭੀ ਸੀ। ਪ੍ਰਸਿੱਧ ਸ਼ਾਇਰ ਇਕਬਾਲ ਨੇ ਇਸ ਹਕੀਕੀ ਸੱਚ ਨੂੰ ਆਪਣੀ ਰਚਨਾ ਵਿਚ ਬਿਆਨ ਕਰਦਿਆਂ ਬੜੇ ਭਾਵਪੂਰਤ ਸ਼ਬਦਾਂ ਵਿਚ ਕਿਹਾ ਹੈ ਕਿ:

ਫਿਰ ਉਠੀ ਆਖਿਰ ਸਦਾਅ, ਤੌਹੀਦ ਕੀ ਪੰਜਾਬ ਸੇ।
ਹਿੰਦ ਕੋ ਇਕ ਮਰਦ-ਏ-ਕਾਮਿਲ ਨੇ ਜਗਾਯਾ ਖ਼ਾਬ ਸੇ।

ਗੁਰਮਤਿ ਪ੍ਰਕਾਸ਼ ਅਗਸਤ 2022 ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਦੇ ਰਜਵਾੜਿਆਂ ਦੀ ਧੱਕੇਸ਼ਾਹੀ ਵਿਰੁੱਧ ਜ਼ੋਰਦਾਰ ਅਵਾਜ਼ ਬੁਲੰਦ ਕਰਦਿਆਂ ਕਿਹਾ ਸੀ ਕਿ–

 “ਰਾਜੇ ਸੀਹ ਮੁਕਦਮ ਕੁਤੇ॥
 ਜਾਇ ਜਗਾਇਨ੍ ਬੈਠੇ ਸੁਤੇ ॥ ”

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਸ਼ੇਖ ਫਰੀਦ ਜੀ ਦੀ ਅਵਾਜ਼ ਨੂੰ ਵੀ ਬੁਲੰਦ ਕੀਤਾ ਅਤੇ ਉਨ੍ਹਾਂ ਦੁਆਰਾ ਸਮਾਜ ਦਾ ਮਾਰਗ-ਦਰਸ਼ਨ ਕਰਨ ਵਾਲੀ ਬਾਣੀ ਨੂੰ ਇਕੱਤਰ ਕਰ ਕੇ ਸਿੱਖਾਂ ਨੂੰ ਸਮਝਾਇਆ ਅਤੇ ਅਗਲੇ ਗੁਰੂ ਸਾਹਿਬਾਨ ਨੂੰ ਵਿਰਾਸਤ ਦੇ ਤੌਰ ‘ਤੇ ਦਿੱਤਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਾਂਤਮਈ ਢੰਗ ਨਾਲ ਅਜ਼ਾਦੀ ਦੀ ਲੜਾਈ ਲੜਦਿਆਂ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਨੇ ਪਹਿਲੇ ਗੁਰੂ ਸਾਹਿਬਾਨ ਵੱਲੋਂ ਰਚੀ ਤੇ ਇਕੱਤਰ ਕੀਤੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਸੰਪਾਦਿਤ ਕਰ ਕੇ ਹਰ ਮਨੁੱਖ ਮਾਤਰ ਨੂੰ ਇਸ ਤੋਂ ਗਿਆਨ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਜ਼ਾਲਮ ਹਕੂਮਤ ਨੇ ਉਨ੍ਹਾਂ ਨੂੰ ਅੱਤ ਦੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਜ਼ਾਦੀ ਦੀ ਲੜਾਈ ਨੂੰ ਅੱਗੇ ਤੋਰਦਿਆਂ ਅਧਿਆਤਮਿਕਤਾ ਦੇ ਨਾਲ-ਨਾਲ ਜਨਤਾ ਵਿਚ ਰਾਜਨੀਤਿਕ ਸ਼ਕਤੀ ਪੈਦਾ ਕਰਨ ਲਈ ‘ਮੀਰੀ-ਪੀਰੀ ’ ਦਾ ਸਿਧਾਂਤ ਕਾਇਮ ਕੀਤਾ। ਉਨ੍ਹਾਂ ਨੇ ਸਮੇਂ ਦੀ ਜ਼ਾਲਮ ਸਰਕਾਰ ਨਾਲ ਟੱਕਰ ਲੈਂਦਿਆਂ ਅਨੇਕਾਂ ਲੜਾਈਆਂ ਲੜੀਆਂ। ਇਨ੍ਹਾਂ ਸਾਰੀਆਂ ਲੜਾਈਆਂ ਵਿਚ ਲੋਕਾਈ ਨੂੰ ਆਪਣੀ ਅਜ਼ਾਦ ਹਸਤੀ ਦੀ ਹੋਂਦ ਦਾ ਅਹਿਸਾਸ ਕਰਵਾਉਣਾ ਵੀ ਸੀ। ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਤਕ ਹਾਲਾਤ ਅਜਿਹੇ ਹੋ ਗਏ ਸਨ ਕਿ ਹਰ ਕਿਸੇ ਨੂੰ ਧਰਮ ਬਦਲਣ ਲਈ ਮਜ਼ਬੂਰ ਕੀਤਾ ਜਾਣ ਲੱਗ ਪਿਆ। ਇਸ ਧੱਕੇਸ਼ਾਹੀ ਵਿਰੁੱਧ ਅਜ਼ਾਦੀ ਦੀ ਲੜਾਈ ਲੜਦਿਆਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਚ ਆਪਣੇ ਸਿੱਖਾਂ ਸਮੇਤ ਸ਼ਹਾਦਤ ਦੇਣੀ ਪਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰ ਕੇ ਅਜ਼ਾਦੀ ਦੀ ਲੜਾਈ ਨੂੰ ਹੋਰ ਮਜ਼ਬੂਤ ਕੀਤਾ। ਖਾਲਸੇ ਨੇ ਹਰ ਜ਼ੁਲਮ ਦਾ ਡਟ ਕੇ ਮੁਕਾਬਲਾ ਕੀਤਾ।

ਬਾਬਾ ਬੰਦਾ ਸਿੰਘ ਬਹਾਦਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਸ਼ੀਰਵਾਦ ਦੇ ਕੇ ਸਿੱਖਾਂ ਨਾਲ ਪੰਜਾਬ ਦੀ ਧਰਤੀ ਨੂੰ ਜ਼ਾਲਮ ਰਾਜ ਤੋਂ ਅਜ਼ਾਦ ਕਰਵਾਉਣ ਲਈ ਭੇਜਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਾਲਮਾਂ ਨੂੰ ਸੋਧ ਕੇ ਪੰਜਾਬ ਦੀ ਧਰਤੀ ‘ਤੇ ਪਹਿਲੀ ਵਾਰ ਅਜ਼ਾਦ ਰਾਜ ਕਾਇਮ ਕੀਤਾ। ਧਾੜਵੀ ਭਾਵੇਂ ਫੇਰ ਵੀ ਭਾਰਤ ਵਾਸੀਆਂ ਨੂੰ ਲੁੱਟਣ ਦੀ ਮਨਸ਼ਾ ਨਾਲ ਆਉਂਦੇ ਰਹੇ ਪਰ ਇਹ ਪੰਜਾਬ ਦੇ ਸੂਰਬੀਰਾਂ ਤੋਂ ਮੂੰਹ ਦੀ ਖਾ ਕੇ ਵਾਪਸ ਮੁੜਦੇ ਰਹੇ। 12 ਮਿਸਲਾਂ ਦੇ ਖਾਲਸਈ ਰਾਜ ਅਤੇ ਰਾਖੀ ਸਿਸਟਮ ਨੇ ਅਜ਼ਾਦੀ ਦੀ ਚਿਣਗ ਛੇੜ ਦਿੱਤੀ ਸੀ ਜਿਸ ਦੀ ਬਦੌਲਤ ਦੇਸ਼ ਵਾਸੀਆਂ ਦਾ ਆਪਣਾ ਰਾਜ “ਸਿੱਖ ਰਾਜ’ ਕਾਇਮ ਹੋਇਆ ਸੀ। ਇਸ ਸਭ ਕਾਸੇ ਦਾ ਆਧਾਰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਹੋਰ ਗੁਰੂ ਸਾਹਿਬਾਨ ਵੱਲੋਂ ਬਖ਼ਸ਼ਿਸ਼ ਗੁਰਮਤਿ ਫ਼ਲਸਫ਼ਾ ਹੀ ਸੀ। 99

ਅੰਗਰੇਜ਼ਾਂ ਦੀ ਆਮਦ ਨਾਲ ਉਨ੍ਹਾਂ ਨੇ ਭਾਰਤ ‘ਤੇ ਆਪਣਾ ਰਾਜ ਜਮਾਉਣਾ ਸ਼ੁਰੂ ਕਰ ਦਿੱਤਾ ਸੀ। ਪਰ ਇੱਥੇ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਪੰਜਾਬ ਵਾਸੀਆਂ ਨੇ ਦੂਜਿਆਂ ਦੇ ਮੁਕਾਬਲੇ ਬਹੁਤ ਘੱਟ ਸਮਾਂ ਗ਼ੁਲਾਮੀ ਨੂੰ ਸਹਿਣ ਕੀਤਾ। ਮੁਗ਼ਲਾਂ ਤੋਂ ਬਾਅਦ ਦੇਸ਼ ਕੌਮ ਦੀ ਅਜ਼ਾਦੀ ਖੋਹਣ ਵਾਲੇ ਦੁਨੀਆ ਦੀ ਸਭ ਤੋਂ ਚਲਾਕ ਮੰਨੀ ਜਾਂਦੀ ਕੌਮ ਅੰਗਰੇਜ਼ ਹੀ ਸਨ। ਅੰਗਰੇਜ਼ਾਂ ਤੋਂ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਜਿਨ੍ਹਾਂ ਦੇਸ਼ ਵਾਸੀਆਂ ਨੇ ਸੰਘਰਸ਼ ਦਾ ਮੁੱਢ ਬੰਨਿਆਂ ਉਨ੍ਹਾਂ ਦੀ ਦਾਸਤਾਨ ਪੰਜਾਬੀਆਂ, ਖਾਸ ਕਰਕੇ ਨਾਨਕ ਨਾਮ ਲੇਵਾ ਸਿੱਖਾਂ ਦੇ ਜ਼ਿਕਰ ਤੋਂ ਬਗੈਰ ਅਧੂਰੀ ਹੈ। ਸਰਦਾਰ ਸ਼ਾਮ ਸਿੰਘ ਅਟਾਰੀ, ਮਹਾਰਾਣੀ ਜਿੰਦਾਂ, ਬਾਬਾ ਬੀਰ ਸਿੰਘ ਨੌਰੰਗਾਬਾਦੀ, ਭਾਈ ਮਹਾਰਾਜ ਸਿੰਘ ਦਾ ਯੋਗਦਾਨ ਅਤੇ ਕੁਰਬਾਨੀ ਵਰਣਨਯੋਗ ਹਨ। ਅੰਗਰੇਜ਼ਾਂ ਵਿਰੁੱਧ ਨਾ-ਮਿਲਵਰਤਨ ਲਹਿਰ ਸਭ ਤੋਂ ਪਹਿਲਾਂ ਬਾਬਾ ਰਾਮ ਸਿੰਘ ਜੀ ਦੀ ਅਗਵਾਈ ਵਿਚ ਸਿੱਖਾਂ ਨੇ ਚਲਾਈ।

ਜਨਰਲ ਮੋਹਨ ਸਿੰਘ ਅਜ਼ਾਦ ਹਿੰਦ ਫੌਜ ਦੇ ਮੁੱਢਲੇ ਸੰਸਥਾਪਕਾਂ ’ਚੋਂ ਇਕ ਵਰਣਨਯੋਗ ਸਿੱਖ ਸ਼ਖ਼ਸੀਅਤ ਹਨ। ਬਹੁਤ ਹੀ ਘੱਟ ਗਿਣਤੀ ਵਿਚ ਹੋਣ ਦੇ ਬਾਵਜੂਦ ਵੀ ਸਿੱਖਾਂ ਦੀਆਂ ਕੁਰਬਾਨੀਆਂ ਦੀ ਪ੍ਰਤੀਸ਼ਤ ਨੂੰ ਦੇਖ ਕੇ ਇਤਿਹਾਸਕਾਰ ਅਸ਼-ਅਸ਼ ਕਰ ਉੱਠਦੇ ਹਨ। ਅੰਗਰੇਜ਼ ਸਾਮਰਾਜਵਾਦੀਆਂ ਵੱਲੋਂ ਖੋਹੇ ਗਏ ਸਰਬ-ਕਲਿਆਣਕਾਰੀ ਖਾਲਸਾ ਰਾਜ ਨੂੰ ਮੁੜ ਕਾਇਮ ਕਰਨ ਲਈ ਯਥਾ ਸੰਭਵ ਭਰਵੇਂ ਹੀਲੇ -ਵਸੀਲੇ ਕੀਤੇ ਗਏ। ਭਾਵੇਂ ਉਨ੍ਹਾਂ ਯਤਨਾਂ ਦਾ ਤਤਕਾਲ ਕੋਈ ਫ਼ਲ ਪ੍ਰਾਪਤ ਨਹੀਂ ਸੀ ਹੋਇਆ ਪਰ ਇਨ੍ਹਾਂ ਯਤਨਾਂ ਲਈ ਜੋ ਇਤਿਹਾਸ ਸਿਰਜਿਆ ਗਿਆ ਉਹ ਆਉਣ ਵਾਲੇ ਅਜ਼ਾਦੀ ਘੁਲਾਟੀਆਂ ਲਈ ਪ੍ਰੇਰਨਾ ਸ੍ਰੋਤ ਸਿੱਧ ਹੋਇਆ। ਇਹ ਪੰਜਾਬ ਵਾਸੀ ਨਾਨਕ ਨਾਮ ਲੇਵਾ ਸਿੱਖਾਂ ਨੇ ਦੇਸ਼ ਨੂੰ ਅਜ਼ਾਦ ਕਰਵਾ ਕੇ ਹੀ ਦਮ ਲਿਆ ਜਿਸ ਦਾ ਇਨ੍ਹਾਂ ਨੂੰ ਅਜ਼ਾਦੀ ਵਾਲੇ ਦਿਨ ਵੀ ਭਾਰੀ ਹਰਜ਼ਾਨਾ ਭਰਨਾ ਪਿਆ। ਜਦੋਂ 15 ਅਗਸਤ, 1947 ਈ. ਨੂੰ ਸਾਰਾ ਦੇਸ਼ ਅਜ਼ਾਦੀ ਦਾ ਜਸ਼ਨ ਮਨਾ ਰਿਹਾ ਸੀ ਉਸ ਸਮੇਂ ਪੰਜਾਬ ਵਾਸੀ ਆਪਣੇ ਜਾਨੋ ਪਿਆਰੇ ਪੰਜਾਬ ਦੇ ਹੋਏ ਟੋਟਿਆਂ ਦਾ ਦੁੱਖ ਨੰਗੇ ਪਿੰਡੇ ਝੱਲ ਰਹੇ ਸਨ। ਉਨ੍ਹਾਂ ਨੂੰ ਜਾਨੋ ਪਿਆਰੇ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਨਾਲੋਂ ਵਿਛੋੜਿਆ ਜਾ ਰਿਹਾ ਸੀ। ਉਹ ਕਤਲ-ਓ-ਗਾਰਦ ਦਾ ਸ਼ਿਕਾਰ ਹੋ ਕੇ ਆਪਣੇ ਪਰਵਾਰਾਂ ਨਾਲੋਂ ਵਿਛੜ ਰਹੇ ਸਨ। ਘਰੋਂ-ਬੇਘਰ ਹੋ ਕੇ ਆਪਣੇ ਪਰਵਾਰਾਂ ਲਈ ਸੁਰੱਖਿਅਤ ਥਾਵਾਂ ਲੱਭਦੇ ਫਿਰ ਰਹੇ ਸਨ।

ਅਜ਼ਾਦੀ ਦੇ ਮਗਰੋਂ ਵੀ ਕੁਝ ਸਮਾਂ ਬੀਤਣ ’ਤੇ ਸਿੱਖਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਵਿਸਾਰ ਕੇ ਇਨ੍ਹਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਾਉਣ ਦੀ ਅਕ੍ਰਿਤਘਣਤਾ ਵਾਲੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ। ਹੱਕ ਸੱਚ ਦੀ ਲੜਾਈ ਅੱਜ ਵੀ ਸਿੱਖਾਂ ਵੱਲੋਂ ਜਾਰੀ ਹੈ। ਇਹ ਸ਼ਾਂਤਮਈ ਢੰਗ ਨਾਲ ਦੇਸ਼ ਦੀ ਮੁੱਖ ਧਾਰਾ ਨਾਲ ਜੁੜੇ ਰਹਿ ਕੇ ਰੋਸ ਪ੍ਰਗਟਾਉਂਦੇ ਆ ਰਹੇ ਹਨ। ਰਾਜ ਗੱਦੀ ਦਾ ਸੁਖ ਭੋਗ ਰਹੇ ਸਿਆਸਤਦਾਨਾਂ ਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਉਹ ਸਿੱਖਾਂ ਵੱਲੋਂ ਆਪਣੀਆਂ ਜਾਨਾਂ ਵਾਰ ਕੇ ਮਹਿੰਗੇ ਭਾਅ ਲਈ ਅਜ਼ਾਦੀ ਕਾਰਨ ਹੀ ਅੱਜ ਰਾਜ ਸੱਤਾ ਦਾ ਸੁਖ ਮਾਣ ਰਹੇ ਹਨ। ਆਓ ! ਆਪਣੇ ਸ਼ਹੀਦਾਂ ਪ੍ਰਤੀ ਆਪਣੀ ਸ਼ਰਧਾ ਦਾ ਇਜ਼ਹਾਰ ਕਰਦੇ ਹੋਏ ਉਨ੍ਹਾਂ ਦਾ ਪੂਰਨ ਸਤਿਕਾਰ ਕਰੀਏ। ਉਨ੍ਹਾਂ ਦੇ ਪਾਏ ਪੂਰਨਿਆਂ ‘ਤੇ ਚੱਲਦਿਆਂ ਹਮੇਸ਼ਾਂ ਹੱਕ ਸੱਚ ਦੀ ਅਵਾਜ਼ ਬੁਲੰਦ ਕਰੀਏ, ਤਾਂ ਕਿ ਉਹ ਸਾਡੇ ਵਾਸਤੇ ਹਮੇਸ਼ਾਂ ਲਈ ਪ੍ਰੇਰਨਾ ਸ੍ਰੋਤ ਬਣੇ ਰਹਿਣ। ਤਾਂ ਹੀ ਅਸੀਂ ਹਮੇਸ਼ਾਂ ਲਈ ਅਜ਼ਾਦੀ ਦਾ ਨਿੱਘ ਅਤੇ ਰਾਜ ਸੱਤਾ ਦਾ ਸੁਖ ਪ੍ਰਾਪਤ ਕਰਦੇ ਰਹਿ ਸਕਦੇ ਹਾਂ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)