ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। (ਵਾਰ 1)
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਰਮ-ਸ਼ਰਧਾਲੂ ਤੇ ਪਰਮ-ਸਨੇਹੀ ਮਿੱਤਰ ਉਨ੍ਹਾਂ ਦੇ ਰੱਬੀ ਰਬਾਬੀ, ਪਿਆਰੇ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਵੱਡਿਆਂ ਦੇ ਪੀੜ੍ਹੀ-ਦਰ-ਪੀੜ੍ਹੀ ਗੁਰੂ ਸਾਹਿਬ ਦੀ ਵੰਸ (ਖਾਨਦਾਨ) ਨਾਲ ਘਰੇਲੂ ਸੰਬੰਧ ਸਨ। ਭਾਈ ਸਾਹਿਬ ਦੇ ਪਿਤਾ ਬਦਰਾ ਜੀ ਗੁਰੂ ਸਾਹਿਬ ਦੀ ਵੰਸ਼ ਦੇ ਡੂਮ ਸਨ। ਜਦ ਰਾਏ ਭੁਇ ਨੇ ਸੰਮਤ 1482 ਬਿਕਰਮੀ ਨੂੰ ਇਸਲਾਮ ਗ੍ਰਹਿਣ ਕੀਤਾ, ਉਸ ਵੇਲੇ ਦੇ ਹਾਕਮ ਦੌਲਤ ਰਾਏ ਨੇ ਆਪਣੀ ਬੇਟੀ ਦਾ ਰਿਸ਼ਤਾ ਕਰ ਦਿੱਤਾ। ਦੌਲਤ ਰਾਏ ਨੇ ਸਰਕਪੁਰ ਪਰਗਨਾ ਆਪਣੀ ਪਤਨੀ ਨੂੰ ਮੇਹਰ ਵਜੋਂ ਦਿੱਤਾ। ਜਿਥੇ ਰਾਏ ਨੇ 1482 ਬਿ. ਨੂੰ ਇਕ ਨਗਰ ਆਪਣੇ ਨਾਂ ’ਤੇ ਰਾਏ ਭੁਇ ਦੀ ਤਲਵੰਡੀ ਵਸਾਇਆ।(ਯਾਦ ਰੱਖਣਾ ਆਪ ਨੂੰ ਜਿਥੇ ਵੀ ਤਲਵੰਡੀ ਨਾਂ ਦਾ ਨਗਰ ਮਿਲੇਗਾ, ਉਸ ਨੂੰ ਵਸਾਉਣ ਵਾਲੇ ਭੱਟੀ ਰਾਜਪੂਤ ਹੀ ਹੋਣਗੇ।)
ਜਦ ਤਲਵੰਡੀ ਵੱਸ ਗਈ ਤਾਂ ਰਾਏ ਆਪਣੇ ਪਰਵਾਰ ਸਹਿਤ ਆਪਣੇ ਪਰਮ-ਮਿੱਤਰ ਰਾਮ ਨਰੈਣ ਮਹਿਤਾ ਦੇ ਪਰਵਾਰ ਨੂੰ ਭੀ ਸੱਦ ਲਿਆ ਤੇ ਰਾਮ ਨਰੈਣ ਦੇ ਨਾਲ ਹੀ ਭਾਈ ਬਧਰਾ ਜੀ ਵੀ ਆਣ ਵੱਸੇ। ਇਥੇ ਹੀ ਭਾਈ ਬਦਰਾ ਦੇ ਘਰ ਮਾਤਾ ਲੱਖੋ ਦੀ ਕੁੱਖੋਂ ਸੰਮਤ 1516 ਬਿ. ਨੂੰ ਜਿਸ ਬੱਚੇ ਦਾ ਜਨਮ ਹੋਇਆ ਅੱਗੇ ਚੱਲ ਕੇ ਉਹ ਮਹਾਨ ਰੱਬੀ ਰਬਾਬੀ ਭਾਈ ਮਰਦਾਨਾ ਜੀ ਦੇ ਨਾਂ ਨਾਲ ਸੰਸਾਰ ਪ੍ਰਸਿੱਧ ਸੰਗੀਤ ਸ਼ਾਸਤਰੀ ਤਾਨਸੈਨ ਦੇ ਗੁਰੂ ਹਰਬਲਭ ਦੇ ਪੂਜਨੀਕ ਉਸਤਾਦ ਬਣੇ।
‘ਮਰਦਾਨਾ’ ਨਾਮ ਕਿਵੇਂ ਪਿਆ ? ਜਦ ਜਗਤ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਮੋਦੀਖਾਨੇ, ਮੋਦੀ ਦੀਆਂ ਜ਼ੁੰਮੇਵਾਰੀਆਂ ਨਿਭਾ ਰਹੇ ਸਨ ਤਾਂ ਪਿਤਾ ਬਾਬਾ ਕਲਿਆਣ ਚੰਦ ਜੀ ਨੇ ਭਾਈ ਬਦਰੇ ਨੂੰ ਸੁਲਤਾਨਪੁਰ ਤੋਂ ਬਾਬੇ ਨਾਨਕ ਜੀ ਦੀ ਭਾਈ ਬਦਰਾ ਜੀ ਨੇ ਅੱਗੋਂ ਆਪਣੇ ਪੁੱਤਰ ਦਾਨੇ ਦੀ ਇਹ ਜ਼ੁੰਮੇਵਾਰੀ ਲਾ ਦਿੱਤੀ, ਜਦ ਭਾਈ ਜੀ ਪੁੱਜੇ, ਘਰੋਂ ਬੇਬੇ ਨਾਨਕੀ ਜੀ ਤੋਂ ਪਤਾ ਲੱਗਾ ਕਿ ਸਤਿਗੁਰ ਵੇਈਂ ਇਸ਼ਨਾਨ ’ਤੇ ਗਏ ਹਨ ਤਾਂ ਦਾਨਾ ਜੀ ਵੀ ਵੇਈਂ (ਹੁਣ ਗੁਰਦੁਆਰਾ ਸੰਤ ਘਾਟ ਸਾਹਿਬ) ਵਾਲੀ ਥਾਂ ਪੁੱਜੇ। ਤਾਂ ਸਤਿਗੁਰੂ ਸਮਾਧੀ ਸਥਿਤ ਸਨ, ਪੈਰਾਂ ਦਾ ਖੜਾਕ ਸੁਣ ਕੇ ਬੋਲੇ, ‘ਕੌਣ?’ ਤਾਂ ਅੱਗੋਂ ਆਉਣ ਵਾਲੇ ਨੇ ਕਿਹਾ, ‘ਜੀ ਮੈਂ ਦਾਨਾ ਡੂਮ।’ ਜਗਤ ਗੁਰੂ ਨੇ ਹੱਸ ਕੇ ਕਿਹਾ, ‘ਦਾਨਾ ਡੂਮ ਨਾ ਬਣੋ, ਮਰਦ ਬਣੋ।’ ਬਸ ਉਸੇ ਦਿਨ ਤੋਂ ਭਾਈ ਸਾਹਿਬ ਮਰਦਾਨਾ ਨਾਂ ਨਾਲ ਜਗਤ ਪ੍ਰਸਿੱਧੀ ਦੇ ਗਗਨ ਮੰਡਲ ਦੇ ਧਰੂ ਵਜੋਂ ਜਾਣੇ ਗਏ ਤੇ ਸਾਰੀ ਜ਼ਿੰਦਗੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮਰਦਾਂ ਵਾਂਗ ਬਿਤਾ ਦਿੱਤੀ। ਹਰ ਦੁੱਖ, ਕਸ਼ਟ ਨੂੰ ਸੁਖ, ਰਹਿਮਤ ਤੇ ਰੱਬੀ ਦਾਤ ਜਾਣਿਆ।
ਕੀ ਭਾਈ ਮਰਦਾਨਾ ਜੀ ਵਾਸਤਵ ਵਿਚ ਭੁੱਖੇ ਹੀ ਰਹੇ ਜਿਵੇਂ ਕਿ ਸਾਡੇ ਢਾਡੀ, ਰਾਗੀ, ਕਵੀਸ਼ਰ ਸਟੇਜਾਂ ’ਤੇ ਦੱਸਦੇ ਹਨ? ਦੁਨੀਆਂ ’ਤੇ ਕਦੇ ਕਿਸੇ ਨੇ ਆਪਣੇ ਵੱਡੇ ਪਿਤਾ-ਪਿਤਾਮਾ ਨੂੰ ਭੁੱਖਾ-ਨੰਗਾ ਡੂਮ ਨਹੀਂ ਕਿਹਾ (ਕੇਵਲ ਸਿੱਖ ਪ੍ਰਚਾਰਕਾਂ ਤੋਂ ਬਿਨਾਂ) ਉਹ ਆਪ ਮੰਗਤੇ ਨੇ, ਇਸ ਲਈ ਭਾਈ ਜੀ ਨੂੰ ਵੀ ਆਪਣੇ ਵਰਗਾ ਹੀ ਸਮਝਦੇ ਨੇ, ਕਈ ਤਾਂ ਇਹੋ-ਜਿਹੇ ਵੀ ਨੇ ਜਿਨ੍ਹਾਂ ਨੇ ਕਦੇ ਸਕੂਲ ਦੇ ਦਰਸ਼ਨ ਹੀ ਨਹੀਂ ਕੀਤੇ। ਉਹ ਜਿਨ੍ਹਾਂ ਨੂੰ ਤਿੰਨ-ਚਾਰ ਹਜ਼ਾਰ ਰੁਪਏ ਤਨਖਾਹ ਮਿਲਦੀ ਹੈ। ਉਹ ਤਾਂ ਭਾਈ ਸਾਹਿਬ ਨੂੰ ਡੂਮ ਭੁੱਖਾ ਕਹਿਣਗੇ ਹੀ!
ਕੀ 55 ਸਾਲ ਦੇ ਲਾਗੇ-ਚਾਗੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਰਹਿ ਕੇ ਵੀ ਭਾਈ ਮਰਦਾਨਾ ਜੀ ਦੀ ਭੁੱਖ ਨਹੀਂ ਗਈ, ਤਾਂ ਗੁਰੂ ’ਤੇ ਸ਼ੱਕ ਹੈ ਮਰਦਾਨੇ ’ਤੇ ਨਹੀਂ। ਇਹ ਉਨ੍ਹਾਂ ਲੋਕਾਂ ਦੀ ਕਾਢ ਹੈ, ਜੋ ਖੁਦ ਭੁੱਖ-ਨੰਗੇ ਨੇ।
ਭਾਈ ਮਰਦਾਨਾ ਜੀ ਉਨ੍ਹਾਂ ਲੋਕਾਂ ਦੇ ਉਧਾਰ ਦਾ ਵਸੀਲਾ ਸੀ ਜੋ ਜੀਵਨ ਰਾਹ ਤੋਂ ਥਿੜਕੇ ਕੁਰਾਹੇ ਪਏ ਫਿਰਦੇ ਸਨ, ਜੇ ਭਾਈ ਮਰਦਾਨਾ ਜੀ ਰੁੱਸਦੇ ਨਾ ਤਾਂ ਸ਼ਾਇਦ ਕੌਡੇ ਦਾ ਉਧਾਰ ਨਾ ਹੁੰਦਾ, ਨੂਰਾਂ ਆਪਣੀ ਭੈੜੀ ਕਾਰ ਨਾ ਛੱਡਦੀ, ਵਲੀ ਦੇ ਵਲ-ਛਲ ਦੀ ਜ਼ਿੰਦਗੀ ਸਿੱਧੀ ਸੜਕ ’ਤੇ ਨਾ ਪੈਂਦੀ, ਹਮਜ਼ਾ ਹਕੀਕਤ ਵਿਚ ਗੌਂਸ ਨਾ ਬਣਦਾ, ਸੱਜਣ ਸੱਜਣ ਹੋ ਕੇ ਵੀ ਠੱਗ ਹੀ ਰਹਿ ਜਾਂਦਾ! ਇਨ੍ਹਾਂ ਸਭਨਾਂ ਵਾਸਤੇ ਭਾਈ ਮਰਦਾਨਾ ਜੀ ਇਕ ਰੱਬੀ ਬਖਸ਼ਿਸ਼ ਸਨ, ਉਧਾਰ ਦਾ ਵਸੀਲਾ ਸਨ। ਐਸੇ ਮਹਾਂ-ਪਰਉਪਕਾਰੀ ਲਈ ਜੋ ਅਸੀਂ ਪ੍ਰਚਾਰਕ ਲੋਕ ਮੂਰਖਤਾ ਦੇ ਪ੍ਰਸੰਗ ਕੱਢ ਕੇ ਸੁਣਾਉਂਦੇ ਹਾਂ, ਸਾਨੂੰ ਉਨ੍ਹਾਂ ਤੋਂ ਸੰਕੋਚ ਕਰਨਾ ਚਾਹੀਦਾ ਹੈ ਤੇ ਭਾਈ ਸਾਹਿਬ ਜੀ ਦੀ ਨਿਸ਼ਕਾਮ ਮਨੁੱਖੀ ਸੇਵਾ ਤੇ ਗੁਰੂ ਪ੍ਰਤੀ ਪਿਆਰ ਨੂੰ ਸੰਸਾਰ ਸਾਹਮਣੇ ਇਕ ਆਦਰਸ਼ ਵਜੋਂ ਪੇਸ਼ ਕਰਨਾ ਚਾਹੀਦਾ ਹੈ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ