ਮਾਨਯੋਗ ਗਿਆਨੀ ਸੋਹਣ ਸਿੰਘ ਜੀ ਸੀਤਲ 20ਵੀਂ ਸਦੀ ਦੇ ਮਹਾਨ ਢਾਡੀ ਹੋਏ ਹਨ। ਸੀਤਲ ਜੀ ਪ੍ਰਤਿਭਾ ਬੁੱਧੀ ਦੇ ਸੁਆਮੀ, ਉੱਚ ਉਡਾਰੀਆਂ ਲਾਉਣ ਵਾਲੇ, ਯਥਾਰਥ ਨੂੰ ਬਿਆਨ ਕਰਨ ਵਾਲੇ ਵਿਦਵਾਨ ਢਾਡੀ ਸੀ। ਉਹ ਸਰਬ ਗੁਣਾਂ ਵਿਚ ਭਰਪੂਰ ਸਨ। ਸਿੱਖੀ ਵਿਚ ਜੋ ਢਾਡੀ ਦਾ ਸਥਾਨ ਹੈ, ਉਸ ਦੀ ਮਾਣ ਮਰਯਾਦਾ ਨੂੰ ਸੀਤਲ ਜੀ ਨੇ ਪੂਰੀ ਤਰ੍ਹਾਂ ਕਾਇਮ ਰੱਖਿਆ। ਸਿੰਘ ਸਭਾ ਲਹਿਰ ਸਮੇਂ ਭਾਈ ਕਿਸ਼ਨ ਸਿੰਘ ਜੀ ‘ਕੜਤੋੜ’ ਪ੍ਰਸਿੱਧ ਢਾਡੀ ਹੋਏ ਹਨ, ਜਿਨ੍ਹਾਂ ਨੇ ਭਰਮ ਦੇ ਗੜ੍ਹ ਤੋੜ ਕੇ ਮਨਾਂ ਵਿੱਚੋਂ ਅਗਿਆਨ ਦਾ ਹਨੇਰਾ ਕੱਢਿਆ ਸੀ, ਪਰ ਸੀਤਲ ਜੀ ਦੀ ਕਰਣੀ-ਕਮਾਈ ਸੇਵਾ ਮਹਾਨ ਅਤੇ ਉੱਚੀ ਹੈ। ਇਸ ਕਰਕੇ ਪੰਥ ਵਿਚ ‘ਸੀਤਲ ਜੀ’ ਦਾ ਅੱਜ ਵੀ ਸਰਬੋਤਮ ਸਥਾਨ ਹੈ।
ਸਿੱਖ ਪੰਥ ਵਿਚ ਰਾਗ ਕਾਵ੍ਯ ਅਤੇ ਢਾਡੀਆਂ ਨੂੰ ਉੱਚ ਸਥਾਨ ਪ੍ਰਾਪਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਬਾਬ ਦੁਆਰਾ ਕੀਰਤਨ ਕਰ ਕੇ, ਸਾਰੇ ਸੰਸਾਰ ਵਿਚ ‘ਸਤਿਨਾਮੁ’ ਦਾ ਚੱਕਰ ਫੇਰਿਆ। ਨਾਲ ਹੀ ਕੀਰਤਨ ਨੂੰ ਸਿੱਖੀ ਜੀਵਨ ਦਾ ਅਧਾਰ ਬਣਾਇਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਾਵ੍ਯ ਦੁਆਰਾ ਸਿੱਖ ਸੂਰਮਿਆਂ ਵਿਚ ਉਤਸ਼ਾਹ ਪੈਦਾ ਕੀਤਾ। ‘ਸ਼ਸਤ੍ਰ’ ਦੀ ‘ਸ਼ਾਸਤ੍ਰ’ (ਬਾਣੀ) ਦੁਆਰਾ ਉਪਮਾ ਕਰ ਕੇ ਸ਼ਕਤੀ ਅਤੇ ਭਗਤੀ ਨੂੰ ਇੱਕ ਬਣਾ ਦਿੱਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਢਾਡੀ ਦੀਆਂ ਬੀਰ ਰਸੀ ਵਾਰਾਂ ਨਾਲ ਸਿੱਖ-ਸ਼ਕਤੀ ਦਾ ਸੰਗਠਨ ਕੀਤਾ। ਰੋਜ਼ਾਨਾ ਦੀਵਾਨ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੈਦਾਨ ਵਿਚ ਢਾਡੀ ਵਾਰਾਂ ਗਾ ਕੇ ਉਤਸ਼ਾਹ ਭਰਦੇ ਸਨ।
ਢਾਡੀ ਪੰਜਾਬ ਦੀ ਪ੍ਰਾਚੀਨ ਕਲਾ ਹੈ। ਛੇ ਸੌ ਬਰਸ ਤੋਂ ਪੰਜਾਬ ਦੇ ਢਾਡੀਆਂ ਦੇ ਵੇਰਵੇ ਲਿਖਤੀ ਰੂਪ ਵਿਚ ਮਿਲਦੇ ਹਨ। ਭਾਵੇਂ ਢਾਡੀਆਂ ਦੇ ਨਾਉਂ-ਥਾਉਂ ਪੂਰੀ ਤਰ੍ਹਾਂ ਸਾਨੂੰ ਪ੍ਰਾਪਤ ਨਹੀਂ ਹਨ ਪਰ ਢਾਡੀਆਂ ਦੀ 16ਵੀਂ ਸਦੀ ਵਿਚ ਹੋਂਦ ਇਤਿਹਾਸ ਪ੍ਰਸਿੱਧ ਹੈ। ਇਸ ਤੋਂ ਢਾਡੀਆਂ ਦੀ ਲੋਕਪ੍ਰਿਯਤਾ ਦਾ ਸੰਕੇਤ ਲਿਆ ਜਾ ਸਕਦਾ ਹੈ ਕਿ ਗੁਰੂ ਸਾਹਿਬਾਨ ਵੀ ਢਾਡੀ ਕਹਾਉਣ ਵਿਚ ਮਾਣ ਸਮਝਦੇ ਹਨ।
ਢਾਡੀ ਭੱਟ ਅਤੇ ਚਾਰਨ ਹੁੰਦੇ ਸਨ ਜੋ ਬੀਰ ਰਸੀ ਵਾਰਾਂ ਦੀ ਰਚਨਾ ਕਰ ਕੇ ਗਾਉਂਦੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਇਹ ਲੋਕ-ਕਾਵ੍ਯ ਪ੍ਰਸਿੱਧੀ ਦੇ ਸਿਖਰ ਉੱਤੇ ਪਹੁੰਚਿਆ ਹੋਇਆ ਸੀ। ਵਾਰ ਕੇਵਲ ਯੁੱਧ ਦਾ ਕਾਵ੍ਯ ਹੈ ਜੋ ਪਉੜੀਆਂ ਵਿਚ ਲਿਖਿਆ/ਬੋਲਿਆ ਜਾਂਦਾ ਹੈ। ਪਉੜੀ (ਛੰਦ) ਤੋਂ ਬਿਨਾਂ ਕਿਤਨਾ ਬੀਰ ਰਸੀ ਕਾਵ੍ਯ ਹੋਵੇ, ਉਸ ਨੂੰ ਵਾਰ ਨਹੀਂ ਆਖਿਆ ਜਾ ਸਕਦਾ। ਪ੍ਰਾਚੀਨ ਕਾਲ ਵਿਚ ਵਾਰ ਨੂੰ ਪਉੜੀਆਂ ਵੀ ਕਿਹਾ ਜਾਂਦਾ ਸੀ। ਪਉੜੀ ਅਤੇ ਵਾਰ ਇਕ ਦੂਸਰੇ ਦੇ ਪ੍ਰਯਾਯ ਹਨ, ਅਨਿੱਖੜਵੇਂ ਅੰਗ ਹਨ। ਵਾਸਤਵ ਵਿਚ ਪਉੜੀ ਵਾਰ ਦਾ ਛੰਦ ਹੈ। ਪਉੜੀ ਤੋਂ ਬਿਨਾਂ ਵਾਰ ਲਿਖੀ ਨਹੀਂ ਜਾ ਸਕਦੀ। ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ‘ਮਹਾਨ ਕੋਸ਼’ ਵਿਚ ਵਾਰ ਦਾ ਅਰਥ ਪਉੜੀ ਕੀਤਾ ਹੈ। ਵਾਰ ਰਚਣ ਵਾਸਤੇ ਪਉੜੀ ਪ੍ਰਮਾਣੀਕ ਛੰਦ ਹੈ। ਇਹ ਲੋਕ ਕਾਵ੍ਯ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿਚ ਇਤਨਾ ਹਰਮਨ ਪਿਆਰਾ ਸੀ ਕਿ ਜਨ ਸਾਧਾਰਨ ਨੂੰ ਨਾਮ-ਬਾਣੀ ਦੇ ਨਾਲ ਜੋੜਨ ਵਾਸਤੇ ਇਸ ਕਾਵ੍ਯ ਰੂਪ ਦੀ ਤਿੰਨ ਤਰ੍ਹਾਂ ਵਰਤੋਂ ਕਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਧਿਆਤਮਿਕਤਾ ਦੇ ਸ਼ਾਂਤ ਵਾਤਾਵਰਨ ਨਾਲ ਜੋੜ ਦਿੱਤਾ।
(1) ਜਿਸ ਨਾਲ ਸਰੀਰਕ ਸੰਘਰਸ਼ ਦੀ ਬਜਾਏ ਆਤਮਿਕ ਸੰਘਰਸ਼ ਨਾਲ ਜਗਿਆਸੂ ਆਤਮਿਕ ਪਦ ਦੀ ਪ੍ਰਾਪਤੀ ਲਈ ਅੱਗੇ ਵਧਣ ਲੱਗੇ। ਦੈਵੀ ਅਤੇ ਅਸੁਰੀ ਮਨਮੁਖਾਂ ਅਤੇ ਗੁਰਮੁਖਾਂ ਦੇ ਸੰਘਰਸ਼ ਵਿੱਚੋਂ ਮਨਮੁਖਾਂ ਨੂੰ ਹਰਾ ਕੇ ਗੁਰਮੁਖ ਵਿਜਈ ਹੋ ਕੇ ਨਿਕਲਣ ਲੱਗੇ। ਅਸੁਰੀ ਸੰਪਦਾ, ਕਾਮ, ਕ੍ਰੋਧ, ਈਰਖਾ, ਦ੍ਵੈਸ਼, ਹਉਮੈ, ਅਹੰਕਾਰ ਆਦਿ ਮੰਦ ਪੈ ਗਏ ਅਤੇ ਦੈਵੀ ਸੰਪਦਾ ਧਰਮ, ਦਇਆ, ਖਿਮਾ, ਸਹਿਨਸ਼ੀਲਤਾ, ਪਰਉਪਕਾਰ, ਵਿਵੇਕ, ਗਿਆਨ ਆਦਿਕ ਜੇਤੂ ਬਣ ਕੇ ਨਿਕਲਣ ਲੱਗੇ।
(2) ਇਹ ਲੋਕ-ਵਾਰਾਂ ਇਤਨੀਆਂ ਪ੍ਰਸਿੱਧ ਹੋ ਚੁੱਕੀਆਂ ਸਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਦੂਸਰੇ ਗੁਰੂ ਸਾਹਿਬਾਨ ਨੇ ਇਸ ਲੋਕ-ਕਾਵ੍ਯ ਦੀ ਸ਼ੈਲੀ ਵਿਚ ਕੇਵਲ ਵਾਰਾਂ ਹੀ ਅੰਕਿਤ ਨਹੀਂ ਕੀਤੀਆਂ ਸਗੋਂ ਕਈ ਪੁਰਾਤਨ ਵਾਰਾਂ ਦੀਆਂ ਧੁਨੀਆਂ ਨਿਸ਼ਚਿਤ ਕਰ ਕੇ ਉਨ੍ਹਾਂ ਦੇ ਆਧਾਰ (ਧਾਰਨਾ) ’ਤੇ ਗਾਉਣ ਦੀ ਵੀ ਆਗਿਆ ਕੀਤੀ ਹੈ। ਬਾਈ ਵਾਰਾਂ ਵਿੱਚੋਂ 9 ਵਾਰਾਂ ਤੇ ਧੁਨੀਆਂ ਚਾੜ੍ਹੀਆਂ ਹਨ। 9 ਧੁਨੀਆਂ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੂਰਵਕਾਲ ਦੀਆਂ ਚਾਰ ਵਾਰਾਂ ਟੁੰਡੇ ਅਸ ਰਾਜੇ ਕੀ ਵਾਰ, ਸਿਕੰਦਰ ਬਿਰਾਹਿਮ ਕੀ ਵਾਰ, ਮੂਸੇ ਕੀ ਵਾਰ ਅਤੇ ਲਲਾਂ ਬਹਲੀਮਾਂ ਕੀ ਵਾਰ ’ਤੇ ਧੁਨੀਆਂ ਨਿਸ਼ਚਿਤ ਕਰ ਕੇ ਗਾਉਣ ਦੀ ਆਗਿਆ ਕੀਤੀ ਹੈ।
(3) ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਗੁਰਬਾਣੀ ਵਿਚ ਵਾਰ-ਵਾਰ ‘ਵਾਹਿਗੁਰੂ ਦੇ ਦਰ ਦਾ ਢਾਡੀ’ ਆਖਿਆ ਹੈ:
ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ॥ (ਪੰਨਾ 468)
ਹਉ ਢਾਢੀ ਹਰਿ ਪ੍ਰਭ ਖਸਮ ਕਾ ਹਰਿ ਕੈ ਦਰਿ ਆਇਆ॥
ਹਰਿ ਅੰਦਰਿ ਸੁਣੀ ਪੂਕਾਰ ਢਾਢੀ ਮੁਖਿ ਲਾਇਆ॥
ਹਰਿ ਪੁਛਿਆ ਢਾਢੀ ਸਦਿ ਕੈ ਕਿਤੁ ਅਰਥਿ ਤੂੰ ਆਇਆ॥
ਨਿਤ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਨਾਮੁ ਧਿਆਇਆ॥
ਹਰਿ ਦਾਤੈ ਹਰਿ ਨਾਮੁ ਜਪਾਇਆ ਨਾਨਕੁ ਪੈਨਾਇਆ॥ (ਪੰਨਾ 91)
ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰੁ॥
ਦਰਿ ਖੜਾ ਸੇਵਾ ਕਰੇ ਗੁਰ ਸਬਦੀ ਵੀਚਾਰੁ॥
ਢਾਢੀ ਦਰੁ ਘਰੁ ਪਾਇਸੀ ਸਚੁ ਰਖੈ ਉਰ ਧਾਰਿ॥
ਢਾਢੀ ਕਾ ਮਹਲੁ ਅਗਲਾ ਹਰਿ ਕੈ ਨਾਇ ਪਿਆਰਿ॥
ਢਾਢੀ ਕੀ ਸੇਵਾ ਚਾਕਰੀ ਹਰਿ ਜਪਿ ਹਰਿ ਨਿਸਤਾਰਿ॥ (ਪੰਨਾ 516)
ਢਾਢੀ ਗੁਣ ਗਾਵੈ ਨਿਤ ਜਨਮੁ ਸਵਾਰਿਆ॥ (ਪੰਨਾ 790)
ਢਾਡੀਆਂ ਨੂੰ ਗੁਰੂ ਸਾਹਿਬਾਨ ਨੇ ਗੁਰਬਾਣੀ ਵਿਚ ਬਹੁਤ ਉੱਚਾ ਸਥਾਨ ਦਿੱਤਾ ਹੈ। ਜੇ ਨਾਵਾਂ ਦੀ ਸੂਚੀ ਵੱਲ ਜਾਈਏ ਤਾਂ ਢਾਡੀਆਂ ਦੀ ਸੂਚੀ ਬਹੁਤ ਲੰਮੀ ਹੈ ਜਿਨ੍ਹਾਂ ਵਿੱਚੋਂ ਵੀਹਵੀਂ ਸਦੀ ਵਿਚ ਸਰਬਪੱਖੀ ਵਿਦਵਾਨ ਗਿਆਨੀ ਸੋਹਣ ਸਿੰਘ ਜੀ ਸੀਤਲ ਦਾ ਪ੍ਰਮੁੱਖ ਸਥਾਨ ਹੈ। ਸੀਤਲ ਢਾਡੀਆਂ ਦਾ ਸਰਦਾਰ ਸੀ। ਅਕਾਸ਼ ਦਾ ਅਚਲ ਧਰੁਵ ਸੀ। ਇਸ ਦੀ ਉੱਚਤਾ ਨੂੰ ਹੋਰ ਕੋਈ ਨਹੀਂ ਪਹੁੰਚ ਸਕਿਆ।
ਗਿਆਨੀ ਸੋਹਣ ਸਿੰਘ ਜੀ ਸੀਤਲ ਦਾ ਜਨਮ 7 ਅਗਸਤ ਸੰਨ 1909 ਈ. ਨੂੰ ਪਿਤਾ ਸ. ਖੁਸ਼ਹਾਲ ਸਿੰਘ, ਮਾਤਾ ਦਿਆਲ ਕੌਰ ਪਿੰਡ ਕਾਦੀਵਿੰਡ ਜ਼ਿਲ੍ਹਾ ਲਾਹੌਰ (ਹੁਣ ਪਾਕਿਸਤਾਨ) ਵਿਚ ਹੋਇਆ। ਪੰਜਾਬ ਯੂਨੀਵਰਸਿਟੀ (ਲਾਹੌਰ) ਤੋਂ ਮੈਟ੍ਰਿਕ ਅਤੇ ਗਿਆਨੀ ਪਾਸ ਕੀਤੀ। ਇਹ ਸਿੰਘ ਸਭਾ ਲਹਿਰ ਅਤੇ ਅਕਾਲੀ ਲਹਿਰ ਦਾ ਸਮਾਂ ਸੀ। ਇਸ ਸਮੇਂ ਸਿੱਖੀ ਦਾ ਪ੍ਰਚਾਰ ਜ਼ੋਰ ਨਾਲ ਹੋ ਰਿਹਾ ਸੀ। ਪਿੰਡ-ਪਿੰਡ ਦੀਵਾਨ ਸਜਦੇ ਸਨ। ਕਥਾਕਾਰ, ਲੈਕਚਰਾਰ, ਰਾਗੀ ਅਤੇ ਢਾਡੀ ਆਪਣੀ-ਆਪਣੀ ਕਲਾ (ਸ਼ੈਲੀ) ਵਿਦਵਤਾ ਨਾਲ ਗੁਰਬਾਣੀ, ਗੁਰ-ਇਤਿਹਾਸ ਬਾਰੇ ਵਿਖਿਆਨ ਦਿੰਦੇ ਸਨ। ਗਿਆਨੀ ਸੋਹਣ ਸਿੰਘ ਸੀਤਲ ਬਚਪਨ ਤੋਂ ਹੀ ਚੇਤੰਨ, ਵਿਵੇਕ ਬੁੱਧੀ ਵਾਲਾ ਯੁਵਕ ਸੀ। ਢਾਡੀਆਂ ਦੀ ਜੋਸ਼ੀਲੀ, ਔਜ ਪੂਰਨ ਸ਼ੈਲੀ ਵਿਚ ਗਾਈਆਂ ਸ਼ਹੀਦਾਂ ਦੀਆਂ ਵਾਰਾਂ ਆਪ ਜੀ ਦੇ ਮਨ ’ਤੇ ਅਕਹਿ ਪ੍ਰਭਾਵ ਪਾਉਂਦੀਆਂ ਸਨ। ਆਪ ਜੀ ਜਿੱਥੇ ਵੀ ਜਾਂਦੇ ਢਾਡੀਆਂ ਦੀਆਂ ਵਾਰਾਂ ਨੂੰ ਵਿਸ਼ੇਸ਼ ਰੁਚੀ ਨਾਲ ਸ੍ਰਵਣ ਕਰਦੇ ਸਨ। ਵਾਰਾਂ ਸੁਣਦੇ-ਸੁਣਦੇ ਵਾਰਾਂ ਲਿਖਣ ਲੱਗ ਪਏ। ਪਰ ਵਾਰਾਂ ਨੂੰ ਗਾਉਣ ਦਾ ਗੁਰ/ਗਿਆਨ ਪਿੰਡ ਲਲਆਣੀ ਦੇ ਭਰਾਈ ਚਰਾਗ ਦੀਨ ਨੂੰ ਉਸਤਾਦ ਧਾਰ ਕੇ ਪ੍ਰਾਪਤ ਕੀਤਾ। ਸੀਤਲ ਜੀ ਨੇ ਵਾਰਾਂ ਗਾਉਣ ਅਤੇ ਲਿਖਣ ਦਾ ਸੰਕਲਪ/ਅਰੰਭ ਅਜਿਹੇ ਸ਼ੁਭ ਸਮੇਂ ਕੀਤਾ, ਬਸ! ਸਤਿਗੁਰਾਂ ਨੇ ‘ਗਿਆਨ ਅੰਜਨ’ ਬਖ਼ਸ਼ ਦਿੱਤਾ ਅਤੇ ਸੀਤਲ ਜੀ ਅਕਾਸ਼ ਦੀਆਂ ਬੁਲੰਦੀਆਂ ਪੋਂਹਦੇ ਹੋਏ ਵਿਸ਼ਵ-ਪ੍ਰਸਿੱਧੀ ਦੇ ਸੁਆਮੀ ਬਣ ਗਏ। ਆਪ ਜੀਵਨ ਭਰ ਕੇਵਲ ਗੁਰੂ ਕੇ ਢਾਡੀ ਬਣ ਕੇ ਗੁਰੂ-ਘਰ ਨੂੰ ਸਮਰਪਿਤ ਰਹੇ। ਪੰਥ ਵਿਚ ਆਪ ਜੀ ਦਾ ਬਹੁਤ ਉੱਚਾ ਸਥਾਨ ਸੀ।
ਆਪ ਜੀ ਦੇ ਉੱਚੇ ਆਚਰਨ, ਸਿੱਖੀ ਜੀਵਨ, ਵਿਦਵਤਾ, ਘਾਲਣਾ-ਕਮਾਈ ਨਾਲ ਸੰਗਤਾਂ ਖਿੱਚੀਆਂ ਚਲੀਆਂ ਆਉਂਦੀਆਂ ਸਨ। ਲੇਖਕ ਨੂੰ ਕਈ ਵਾਰ ਸੀਤਲ ਜੀ ਨੂੰ ਸੁਣਨ ਦਾ ਸਮਾਂ ਮਿਲਿਆ ਹੈ। ਜੋ ਵਿਅਕਤੀ ਆਪ ਜੀ ਦਾ ਲੈਕਚਰ ਇਕ ਵਾਰ ਸੁਣ ਲੈਂਦਾ ਸੀ, ਉਹ ਆਪ ਜੀ ਦਾ ਸ਼ਰਧਾਲੂ ਬਣ ਜਾਂਦਾ ਸੀ। ਆਪ ਜੀ ਦਾ ਲੈਕਚਰ ਬਾ-ਦਲੀਲ ਹੁੰਦਾ ਸੀ, ਲੈਕਚਰ ਵਿਚ ਹਰ ਘਟਨਾ ਨੂੰ ਵੇਰਵੇ ਸਹਿਤ ਵਰਣਨ ਕਰਦੇ ਸਨ। ਬੋਲੇ ਸ਼ਬਦਾਂ ਦੁਆਰਾ ਦ੍ਰਿਸ਼-ਚਿੱਤਰ ਸ੍ਰੋਤਿਆਂ ਦੀਆਂ ਅੱਖਾਂ ਅੱਗੇ ਖੜ੍ਹਾ ਕਰ ਦਿੰਦੇ ਸਨ। ਲੋਕੋਕਤੀਆਂ, ਮੁਹਾਵਰੇ, ਕਹਾਵਤਾਂ ਦੀ ਜੜ੍ਹਤ ਸਮੇਂ ਅਨੁਸਾਰ ਕਰਦੇ ਸਨ। ਆਪਣੇ ਕਥਨ ਦੀ ਪ੍ਰੋੜਤਾ ਵਾਸਤੇ ਮਿਥਿਹਾਸ ਦੀ ਪੁੱਠ ਚਾੜ੍ਹਦੇ ਸਨ ਪਰ ਇਤਿਹਾਸ ਅਤੇ ਮਿਥਿਹਾਸ ਨੂੰ ਰਲਣ ਨਹੀਂ ਦਿੰਦੇ ਸਨ। ਇਸ ਤਰ੍ਹਾਂ ਲੈਕਚਰ ਵਿਚ ਜਾਨ ਪਾ ਕੇ ਹੋਰ ਵੀ ਰੌਚਕ ਬਣਾ ਦਿੰਦੇ ਸਨ। ਸ੍ਰੋਤਿਆਂ ਦੀ ਭਾਵਨਾ ਨੂੰ ਸਮਝਣ ਵਾਲੇ, ਸ੍ਰੋਤਿਆਂ ਦੇ ਮਨਾਂ ਨੂੰ ਪੜ੍ਹਨ ਵਾਲੇ, ਸਮੇਂ ਅਨੁਸਾਰ ਪ੍ਰਸੰਗ ਨੂੰ ਵਰਣਨ ਕਰਨ ਦੀ ਸਮਰੱਥਾ ਰੱਖਦੇ ਸਨ। ਸ੍ਰੋਤਿਆਂ ਦੀ ਬਿਰਤੀ ਅਨੁਸਾਰ ਪ੍ਰਸੰਗ ਨੂੰ ਸੰਖੇਪਤਾ ਦੇਣੀ ਅਤੇ ਵਿਸਤਾਰ ਵਿਚ ਲੈ ਜਾਣ ਦੀ ਯੋਗਤਾ ਰੱਖਦੇ ਸਨ। ਸਟੇਜ ਦੇ ਉੱਤੇ ਸਾਹਮਣੇ ਬੈਠੇ ਸ੍ਰੋਤਿਆਂ ਦੇ ਮਨ ਨੂੰ ਪੜ੍ਹ ਲੈਂਦੇ ਸਨ ਕਿ ਸ੍ਰੋਤੇ ਕਿਸ ਤਰ੍ਹਾਂ ਦਾ ਇਤਿਹਾਸ ਸੁਣਨਾ ਚਾਹੁੰਦੇ ਹਨ। ਵਿਸ਼ਾਲ ਗਿਆਨ ਦੇ ਸੁਆਮੀ ਹੋਣ ਕਰਕੇ ਪ੍ਰਕਰਣ ਨੂੰ ਰੌਚਿਕਤਾ ਅਧੀਨ ਪ੍ਰਮਾਣਾਂ/ਦ੍ਰਿਸ਼ਟਾਂਤਾਂ ਦੁਆਰਾ ਸ਼ਬਦ-ਸੰਸਾਰ (ਸ਼ਬਦ-ਜਾਲ) ਵਿਚ ਬੰਨ੍ਹ ਕੇ ਸ੍ਰੋਤੇ ਨੂੰ ਸੰਮੋਹਿਤ ਕਰ ਕੇ, ਆਪਣੇ ਨਾਲ ਬਹੁਤ ਦੂਰ ਲੈ ਜਾਂਦੇ ਸਨ ਅਤੇ ਆਪਣੇ ਸਿਧਾਂਤ ਨੂੰ ਸਿੱਧ ਕਰ ਕੇ, ਉੱਚ ਉਡਾਰੀਆਂ ਲਾ ਕੇ, ਜਦ ਆਪਣੇ ਲਕਸ਼ ਉੱਪਰ ਮੁੜ ਵਾਪਸ ਆਉਂਦੇ ਸਨ ਤਾਂ ਸ੍ਰੋਤੇ ਦੀਆਂ ਸੁਪਨੇ ਦੀ ਤਰ੍ਹਾਂ ਅੱਖਾਂ ਖੁੱਲ੍ਹ ਜਾਂਦੀਆਂ ਸਨ ਕਿ ਸੀਤਲ ਜੀ ਜਿੱਥੇ ਆ ਕੇ ਹੁਣ ਬੋਲਣ ਲੱਗੇ ਹਨ, ਵਾਸਤਵ ਵਿਚ ਛੋਹਿਆ ਮੁੱਖ ਪ੍ਰਕਰਣ ਤਾਂ ਇਹ ਹੈ।
ਗਿਆਨੀ ਸੋਹਣ ਸਿੰਘ ਸੀਤਲ ਨੂੰ ਪੰਜਾਬ ਦੇ ਸਰਬਪੱਖੀ ਵਿਦਵਾਨ ਢਾਡੀ ਮੰਨਿਆ ਜਾਂਦਾ ਹੈ। ਜਿਨ੍ਹਾਂ ਨੇ ਸਿੱਖ ਇਤਿਹਾਸ ਦਾ ਬਰੀਕੀ ਨਾਲ ਅਧਿਐਨ ਕੀਤਾ ਸੀ। ਸੀਤਲ ਜੀ ਦਾ ਇਤਿਹਾਸਕ ਗਿਆਨ ਪੰਜਾਬੀ ਤਕ ਹੀ ਸੀਮਿਤ ਨਹੀਂ ਸੀ, ਉਹ ਅੰਗਰੇਜ਼ੀ ਅਤੇ ਫ਼ਾਰਸੀ ਦੇ ਵੀ ਪੂਰਨ ਗਿਆਤਾ ਸਨ। ਆਪ ਜੀ ਜਿਵੇਂ ਸਰਵਉੱਚ ਢਾਡੀ ਸਨ, ਲੇਖਕ ਵੀ ਬਹੁਤ ਉੱਚ-ਕੋਟੀ ਸਨ। ਜਿਤਨਾ ਕੁਝ ਵੀ ਆਪ ਜੀ ਨੇ ਲਿਖਿਆ ਹੈ, ਯਥਾਰਥ ਲਿਖਿਆ ਹੈ। ਸੱਚ ਦਾ ਪੱਲਾ ਨਹੀਂ ਛੱਡਿਆ। ਆਪ ਜੀ ਦੀਆਂ ਰਚਨਾਵਾਂ ਦੱਸਦੀਆਂ ਹਨ ਕਿ ਆਪ ਜੀ ਨੇ ਸਿੱਖ ਰਾਜ ਨਾਲ ਸਬੰਧਿਤ ਅੰਗਰੇਜ਼ ਲੇਖਕਾਂ ਦੀਆਂ ਲਿਖਤਾਂ ਦਾ ਅਧਿਐਨ ਕਿਤਨੀ ਗੰਭੀਰਤਾ ਨਾਲ ਕੀਤਾ ਸੀ! ‘ਸਿੱਖ ਰਾਜ ਕਿਵੇਂ ਗਿਆ?’ ਅਤੇ ‘ਦੁਖੀਏ ਮਾਂ ਪੁੱਤ’ ਤੱਥਾਂ ਦੇ ਅਧਾਰ ’ਤੇ ਲਿਖੇ ਅਜਿਹੇ ਕਰੁਣਾ ਰਸ ਭਰੇ ਗ੍ਰੰਥ ਹਨ, ਜਿਨ੍ਹਾਂ ਨੂੰ ਪੜ੍ਹ ਕੇ ਹਰ ਇਕ ਵਿਅਕਤੀ ਦੀ ਅੱਖ ਨਮ ਹੋ ਜਾਂਦੀ ਹੈ। ਸੀਤਲ ਜੀ ਅਨੇਕ ਗੁਣਾਂ ਨਾਲ ਵਿਭੂਸ਼ਤ ਸਨ। ਪ੍ਰਸਿੱਧ ਢਾਡੀ, ਕਵੀ, ਖੋਜੀ ਇਤਿਹਾਸਕਾਰ, ਨਾਵਲਕਾਰ, ਕਹਾਣੀਕਾਰ, ਨਾਟਕਕਾਰ, ਗੀਤਕਾਰ; ਗੱਲ ਕੀ ਆਪ ਜੀ ਸਰਬਪੱਖੀ ਕਲਾਕਾਰ ਸਨ। ਆਪ ਜੀ ਦੀਆਂ ਰਚਨਾਵਾਂ ਇਸ ਤਰ੍ਹਾਂ ਹਨ:
ਇਤਿਹਾਸਕ :
ਮਨੁੱਖਤਾ ਦੇ ਗੁਰੂ (ਦਸ ਪਾਤਸ਼ਾਹੀਆਂ), ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਬੰਦਾ ਸਿੰਘ, ਸਿੱਖ ਰਾਜ ਕਿਵੇਂ ਬਣਿਆ, ਸਿੱਖ ਮਿਸਲਾਂ ਤੇ ਸਰਦਾਰ ਘਰਾਣੇ, ਸਿੱਖ ਰਾਜ ਤੇ ਸ਼ੇਰੇ ਪੰਜਾਬ, ਸਿੱਖ ਰਾਜ ਕਿਵੇਂ ਗਿਆ, ਦੁਖੀਏ ਮਾਂ-ਪੁੱਤ, ਪੰਜਾਬ ਦਾ ਉਜਾੜਾ।
ਨਾਵਲ :
ਈਚੋਗਿਲ ਨਹਿਰ ਤਕ, ਸੁੰਞਾ ਆਹਲਣਾ, ਮੁੱਲ ਦਾ ਮਾਸ, ਪਤਵੰਤੇ ਕਾਤਲ, ਵਿਜੋਗਣ, ਦੀਵੇ ਦੀ ਲੋਅ, ਬਦਲਾ, ਅੰਨ੍ਹੀ ਸੁੰਦਰਤਾ, ਜੰਗ ਜਾਂ ਅਮਨ, ਤੂਤਾਂ ਵਾਲਾ ਖੂਹ, ਜੁੱਗ ਬਦਲ ਗਿਆ, ਕਾਲੇ ਪਰਛਾਵੇਂ, ਪ੍ਰੀਤ ਤੇ ਪੈਸਾ, ਧਰਤੀ ਦੇ ਦੇਵਤੇ, ਪ੍ਰੀਤ ਕਿ ਰੂਪ, ਧਰਤੀ ਦੀ ਬੇਟੀ, ਮਹਾਰਾਣੀ ਜਿੰਦਾਂ, ਮਹਾਰਾਜਾ ਦਲੀਪ ਸਿੰਘ, ਹਿਮਾਲਿਆ ਦੇ ਰਾਖੇ, ਸੁਰਗ ਸਵੇਰਾ, ਸਭੇ ਸਾਝੀਵਾਲ ਸਦਾਇਨਿ, ਜਵਾਲਾਮੁਖੀ।
ਕਹਾਣੀ ਸੰਗ੍ਰਹਿ :
ਕਦਰਾਂ ਬਦਲ ਗਈਆਂ, ਅੰਤਰਜਾਮੀ। ਨਾਟਕ : ਸੰਤ ਲਾਧੋ ਰੇ।
ਗੀਤ :
ਕੇਸਰੀ ਦੁਪੱਟਾ, ਜਦ ਮੈਂ ਗੀਤ ਲਿਖਦਾ ਹਾਂ
ਢਾਡੀ ਵਾਰਾਂ :
ਸੀਤਲ ਕਿਰਣਾਂ, ਸੀਤਲ ਸੁਨੇਹੇ, ਸੀਤਲ ਹੰਝੂ, ਸੀਤਲ ਹੁਲਾਰੇ, ਸੀਤਲ ਤਰੰਗਾਂ, ਸੀਤਲ ਪ੍ਰਸੰਗ, ਸੀਤਲ ਪ੍ਰਕਾਸ਼, ਸੀਤਲ ਤਰਾਨੇ, ਸੀਤਲ ਵਾਰਾਂ, ਸੀਤਲ ਤਾਘਾਂ, ਸੀਤਲ ਵਲਵਲੇ, ਸੀਤਲ ਚੰਗਿਆੜੇ, ਸੀਤਲ ਚਮਕਾਂ, ਸੀਤਲ ਰਮਜ਼ਾਂ, ਸੀਤਲ ਉਮੰਗਾਂ, ਸੀਤਲ ਅੰਗਿਆਰੇ, ਸੀਤਲ ਮੁਨਾਰੇ, ਸੀਤਲ ਸੁਗਾਤਾਂ।
ਕਵਿਤਾ :
ਵਹਿੰਦੇ ਹੰਝੂ, ਸੱਜਰੇ ਹੰਝੂ, ਦਿਲ ਦਰਿਆ
ਮਾਨ-ਸਨਮਾਨ :
‘ਜੁੱਗ ਬਦਲ ਗਿਆ’ ਆਪ ਜੀ ਦੇ ਨਾਵਲ ਨੂੰ 1974 ਵਿਚ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ। ਭਾਸ਼ਾ ਵਿਭਾਗ ਪੰਜਾਬ ਵੱਲੋਂ ਪਹਿਲਾ ‘ਸ਼੍ਰੋਮਣੀ ਢਾਡੀ ਪੁਰਸਕਾਰ’, ਫਿਰ 1993 ਵਿਚ ‘ਸ਼੍ਰੋਮਣੀ ਪੰਜਾਬੀ ਸਾਹਿਤਕਾਰ’ ਦੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਆਪ ਜੀ ਨੂੰ ‘ਭਾਈ ਗੁਰਦਾਸ ਪੁਰਸਕਾਰ’ ਨਾਲ ਵੀ ਸਨਮਾਨਿਆ ਗਿਆ। ਇਸ ਤਰ੍ਹਾਂ ਸਫਲ ਸੇਵਾ ਕਰਕੇ 23 ਸਤੰਬਰ 1998 ਨੂੰ ਸਚਖੰਡ ਸਿਧਾਰ ਗਏ। ਸੀਤਲ ਜੀ ਅੰਗ੍ਰੇਜ਼ੀ, ਫਾਰਸੀ, ਉਰਦੂ, ਹਿੰਦੀ, ਬ੍ਰਿਜ ਭਾਸ਼ਾ ਅਤੇ ਪੰਜਾਬੀ ਦੇ ਮਹਾਨ ਵਿਦਵਾਨ ਸਨ। ਆਪ ਜੀ ਇਤਿਹਾਸ ਦੇ ਖੋਜੀ, ਨੀਤੀ ਨਿਪੁੰਨ ਸਨ ਤੇ ਆਪ ਦਾ ਵਿਵਹਾਰ ਕੁਸ਼ਲ ਸੀ। ਗਿਆਨੀ ਜੀ ਮਧੁਰ ਭਾਸ਼ੀ ਪਰ ਨਾਲ ਹੀ ਲੋੜ ਤੇ ਸਮੇਂ ਅਨੁਰੂਪ ਭਰਵੀਂ ਗਰਜਵੀਂ ਆਵਾਜ਼ ਵਾਲੇ ਸਨ। ਆਪ ਜੀ ਦਾ ਵਿਅਕਤਿਤਵ ਮਹਾਨ ਸੀ। ਆਪ ਪੂਰਨ ਗੁਰਸਿੱਖ ਸਨ ਤੇ ਸਿੱਖੀ ਪ੍ਰਚਾਰ ਦੀ ਅਕਹਿ ਲਗਨ ਰੱਖਦੇ ਸਨ। ਦਰਸ਼ਨੀਯ ਸਰੀਰ, ਲੰਮਾ ਕੱਦ, ਚੌੜਾ ਮਸਤਕ, ਭਰਵਾਂ ਲੰਮਾ ਦਾਹੜਾ ਸੀ। ਨੀਲਾ ਦਸਤਾਰਾ, ਨੀਲਾ ਗਾਤਰਾ, ਸ਼ਵੇਤ ਵਸਤਰ ਪਹਿਨਦੇ ਸਨ। ਉੱਚੇ ਆਚਰਨ ਵਾਲੇ, ਗੁਰਬਾਣੀ ਦੇ ਨਿਤਨੇਮੀ ਸਨ। ਤਕਰੀਰ ਅਤੇ ਤਹਿਰੀਰ ਦੇ ਧਨੀ ਸਨ। ਹਾਜ਼ਰ ਜਵਾਬ ਸਨ ਅਤੇ ਸ਼ੰਕਾ ਨੂੰ ਤੁਰੰਤ ਮਿਟਾਉਣ ਵਾਲੇ ਸਨ। ਰੌਸ਼ਨ ਦਿਮਾਗ, ਰੌਸ਼ਨ ਜ਼ਮੀਰ, ਪ੍ਰਤਿਭਾ, ਬੁੱਧੀ ਦੇ ਸੁਆਮੀ ਸਨ।
ਆਪ ਜੀ ਦਾ ਆਦਰਸ਼ ਸਿੱਖੀ ਪ੍ਰਚਾਰ ਲਈ ਨਵੇਂ ਢਾਡੀਆਂ ਵਾਸਤੇ ਪ੍ਰੇਰਨਾ ਦਾ ਸ੍ਰੋਤ ਬਣ ਸਕਦਾ ਹੈ। ਨਵੇਂ ਢਾਡੀ ਆਪ ਜੀ ਦੀ ਘਾਲਣਾ ਮਰਯਾਦਾ ਤੋਂ ਸੇਧ ਲੈ ਕੇ ਪੰਥ ਦੀ ਸੇਵਾ ਅਤੇ ਆਪਣੇ ਸਤਿਕਾਰ ਵਿਚ ਵਾਧਾ ਕਰ ਸਕਦੇ ਹਨ।
ਲੇਖਕ ਬਾਰੇ
ਸਿੱਖ ਜਗਤ ਵਿਚ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਦਾ ਨਾਂ ਇਕ ਉੱਘੇ ਇਤਿਹਾਸਕਾਰ, ਸਾਹਿਤਕਾਰ ਅਤੇ ਦਾਰਸ਼ਨਿਕ ਵਜੋਂ ਸਨਮਾਨਿਆ ਜਾਂਦਾ ਹੈ। ਉਹ ਜਿਥੇ ਮਹਾਨ ਵਿਦਵਾਨ ਸਨ ਉਥੇ ਨਿਮਰ ਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਸਨ। ਗਿਆਨੀ ਜੀ ਦਾ ਜਨਮ ੨੫ ਜੂਨ ੧੯੩੩ ਈ: ਨੂੰ ਪਿੰਡ ਕੋਠਾ ਗੁਰੂ ਜ਼ਿਲ੍ਹਾ ਬਠਿੰਡਾ ਵਿਚ ਸ. ਬੁੱਘਾ ਸਿੰਘ ਮਾਨ ਦੇ ਘਰ ਸ੍ਰੀਮਤੀ ਵੀਰ ਕੌਰ ਦੀ ਕੁਖੋਂ ਹੋਇਆ। ਪੁਰਾਣੇ ਸਮਿਆਂ ਵਿਚ ਸਕੂਲ ਬਹੁਤ ਘੱਟ ਹੁੰਦੇ ਸਨ, ਜਿਸ ਕਾਰਨ ਉਨ੍ਹਾਂ ਨੇ ਸਾਧੂ-ਸੰਤਾਂ ਦੇ ਡੇਰਿਆਂ ਵਿਚੋਂ ਵਿਦਿਆ ਗ੍ਰਹਿਣ ਕੀਤੀ। ਇਥੋਂ ਹੀ ਗਿਆਨੀ ਜੀ ਨੂੰ ਪੜ੍ਹਨ ਲਿਖਣ ਦਾ ਅਭਿਆਸ ਪਿਆ। ਉਨ੍ਹਾਂ ਨੇ ਬ੍ਰਜ ਭਾਸ਼ਾ, ਹਿੰਦੀ, ਸੰਸਕ੍ਰਿਤ ਅਤੇ ਗੁਰਮੁਖੀ ਵਿਚ ਮੁਹਾਰਤ ਹਾਸਲ ਕੀਤੀ ਅਤੇ ਨਾਲ ਹੀ ਉਰਦੂ ਦਾ ਵੀ ਅਧਿਐਨ ਕੀਤਾ। ਗਿਆਨੀ ਬਲਵੰਤ ਸਿੰਘ ਦਾ ਜੀਵਨ ਸਾਹਿਤਕ ਸੇਵਾ ਨੂੰ ਸਮਰਪਿਤ ਸੀ। ਉਨ੍ਹਾਂ ਨੇ ਧਰਮ, ਇਤਿਹਾਸ, ਦਰਸ਼ਨ, ਵੇਦਾਂਤ ਅਤੇ ਸੰਤਾਂ ਮਹਾਂਪੁਰਖਾਂ ਦੇ ਜੀਵਨ ਨਾਲ ਸੰਬੰਧਿਤ ਸਾਹਿਤ ਦੀ ਸਿਰਜਣਾ ਕੀਤੀ। ਗਿਆਨੀ ਜੀ ਨੇ ਦੋ ਦਰਜਨ ਤੋਂ ਵਧ ਪੁਸਤਕਾਂ ਦੀ ਰਚਨਾ ਕੀਤੀ। ਗਿਆਨੀ ਬਲਵੰਤ ਸਿੰਘ ਕੋਠਾ ਗੁਰੂ 27 ਫਰਵਰੀ 2019 ਨੂੰ ਗੁਰੂ ਚਰਨਾਂ ਵਿੱਚ ਬਿਰਾਜ ਗਏ।