ਭਾਈ ਬਲਵੰਡ ਜੀ ਅਤੇ ਭਾਈ ਸੱਤਾ ਜੀ ਨੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਮਹਾਨਤਾ ਦਾ ਵਰਣਨ ਕਰਦਿਆਂ ਹੋਇਆਂ ਆਪਣੇ ਦਿਲ ਦੀਆਂ ਡੂੰਘਿਆਈਆਂ ਵਿੱਚੋਂ ਗਾਵਿਆ ਹੈ:
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ॥
ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ॥
ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ॥
ਜਿਨੀ੍ ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ॥
ਲਬੁ ਲੋਭੁ ਕਾਮੁ ਕ੍ਰੋਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ॥
ਧੰਨੁ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ॥
ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ॥
ਗੁਰੁ ਡਿਠਾ ਤਾਂ ਮਨੁ ਸਾਧਾਰਿਆ॥ (ਪੰਨਾ 968)
ਅਜਿਹੇ ਸਤਿਗੁਰਾਂ ਦਾ ਪ੍ਰਕਾਸ਼ 24 ਸਤੰਬਰ 1534 ਈ. ਨੂੰ ਭਾਈ ਹਰਿਦਾਸ ਜੀ ਦੇ ਘਰ ਬੀਬੀ ਦਯਾ ਕੌਰ ਜੀ ਦੀ ਕੁੱਖੋਂ ਲਾਹੌਰ ਵਿਖੇ ਹੋਇਆ। ਆਪ ਦਾ ਜਨਮ ਦਾ ਨਾਂ ਭਾਈ ਜੇਠਾ ਜੀ ਸੀ। ਘਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਆਪ ਕਿਸੇ ਪਾਠਸ਼ਾਲਾ ਵਿਚ ਵਿੱਦਿਆ ਪ੍ਰਾਪਤ ਨਹੀਂ ਕਰ ਸਕੇ ਪਰੰਤੂ ਘਰ ਦੇ ਧਾਰਮਿਕ ਵਾਤਾਵਰਣ ਅਤੇ ਮਾਤਾ-ਪਿਤਾ ਦੇ ਧਾਰਮਿਕ ਜੀਵਨ ਅਤੇ ਨੇਕ ਸੁਭਾਅ ਦਾ ਆਪ ’ਤੇ ਡੂੰਘਾ ਪ੍ਰਭਾਵ ਪਿਆ। ਜਿਸ ਕਾਰਨ ਆਪ ਨੇ ਵੱਖ-ਵੱਖ ਧਰਮਾਂ ਅਤੇ ਧਾਰਮਿਕ ਵਿਸ਼ਵਾਸਾਂ ਤੇ ਉਨ੍ਹਾਂ ਦੇ ਦਰਸ਼ਨ ਬਾਰੇ ਬਹੁਤ ਗਿਆਨ ਪ੍ਰਾਪਤ ਕੀਤਾ।
ਭਾਈ ਜੇਠਾ ਜੀ ਦੀ ਆਯੂ ਅਜੇ ਛੋਟੀ ਹੀ ਸੀ ਕਿ ਆਪ ਦੇ ਮਾਤਾ-ਪਿਤਾ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਨਾਨੀ ਪਾਲਣ-ਪੋਸ਼ਣ ਕਰਨ ਲਈ ਉਨ੍ਹਾਂ ਨੂੰ ਆਪਣੇ ਪਿੰਡ ਬਾਸਰਕੇ ਲੈ ਆਈ। ਜਦੋਂ ਆਪ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਸੰਗਤ ਵਿਚ ਆਏ ਤਾਂ ਆਪ ਦੇ ਜੀਵਨ ਤੇ ਗੁਰਸਿੱਖੀ, ਗੁਰਬਾਣੀ, ਭਗਤੀ ਅਤੇ ਸੇਵਾ ਦੀ ਅਜਿਹੀ ਪਾਣ ਚੜ੍ਹੀ ਕਿ ਆਪ ਨੇ ਸਮੁੱਚਾ ਜੀਵਨ ਇਨ੍ਹਾਂ ਨੂੰ ਹੀ ਸਮਰਪਿਤ ਕਰ ਦਿੱਤਾ। ਨਿਮਰਤਾ, ਲਗਨ ਅਤੇ ਅਪਾਰ ਸ਼ਰਧਾ ਦੇ ਨਾਲ ਆਪ ਨੇ ਸਤਿਗੁਰਾਂ ਦੇ ਉਪਦੇਸ਼ਾਂ ਨੂੰ ਸਮਝਿਆ ਤੇ ਉਨ੍ਹਾਂ ਅਨੁਸਾਰ ਹੀ ਆਪਣੇ ਜੀਵਨ ਨੂੰ ਢਾਲ ਲਿਆ।
ਆਪ ਦੀ ਸੁਪਤਨੀ ਬੀਬੀ ਭਾਨੀ ਜੀ, ਜੋ ਸ੍ਰੀ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਸਨ, ਨੇ ਵੀ ਆਪਣੀ ਸੇਵਾ ਤੇ ਪਤੀ-ਭਗਤੀ ਨਾਲ ਆਪ ਨੂੰ ਬਹੁਤ ਪ੍ਰਭਾਵਿਤ ਕੀਤਾ।
ਆਪ ਦੀ ਸੇਵਾ ਤੇ ਸਮਰਪਿਤ ਜੀਵਨ ਤੋਂ ਪ੍ਰਭਾਵਿਤ ਹੋ ਕੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਜੋਤੀ-ਜੋਤਿ ਸਮਾਉਣ ਲੱਗਿਆਂ ਸਿੱਖ ਲਹਿਰ ਦੇ ਵਾਧੇ ਤੇ ਫੈਲਾਅ ਦੀ ਜ਼ਿੰਮੇਦਾਰੀ ਆਪ ਦੇ ਭਰ-ਜੁਆਨ ਮੋਢਿਆਂ ’ਤੇ ਰੱਖਦਿਆਂ ਹੋਇਆਂ ਗੁਰਗੱਦੀ ਦੀ ਸੌਂਪਣਾ ਆਪ ਨੂੰ ਕਰ ਦਿੱਤੀ। ਇਸ ਕੰਮ ਨੂੰ ਆਪ ਨੇ ਪੂਰੀ ਜ਼ਿੰਮੇਦਾਰੀ ਨਾਲ ਸੰਭਾਲਿਆ ਅਤੇ ਸਿੱਖੀ ਦਾ ਫੈਲਾਅ ਲਗਨ, ਮਿਹਨਤ ਅਤੇ ਨਿਮਰਤਾ ਨਾਲ ਕੀਤਾ। ਆਪ ਨੇ ਅੰਮ੍ਰਿਤ ਸਰੋਵਰ ਦੀ ਸਥਾਪਨਾ ਦੇ ਨਾਲ ਹੀ ਸਿੱਖੀ ਦੇ ਤੀਰਥ ਸ੍ਰੀ ਅੰਮ੍ਰਿਤਸਰ ਦੀ ਉਸਾਰੀ ਵੀ ਕੀਤੀ।
ਸ੍ਰੀ ਅੰਮ੍ਰਿਤਸਰ, ਜੋ ਅਰੰਭ ਵਿਚ ‘ਚੱਕ ਗੁਰੂ’ ਜਾਂ ‘ਰਾਮਦਾਸ ਪੁਰਾ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਨੂੰ ਹਰ ਪੱਖੋਂ ਵਿਕਸਤ ਕਰਨ ਦੇ ਉਨ੍ਹਾਂ ਨੇ ਉਪਰਾਲੇ ਕੀਤੇ। ਵੱਖ-ਵੱਖ 52 ਕਿੱਤਿਆਂ ਨਾਲ ਸੰਬੰਧਤ ਕਾਰੀਗਰਾਂ ਨੂੰ ਬੁਲਾ ਕੇ ਇਥੇ ਵਸਾਇਆ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ। ਜਿਉਂ-ਜਿਉਂ ਸਿੱਖਾਂ ਦੀ ਆਵਾਜਾਈ ਇਸ ਸ਼ਹਿਰ ਵੱਲ ਵਧੀ ਤਿਉਂ-ਤਿਉਂ ਦੂਰ-ਦੁਰਾਡਿਓਂ ਵਪਾਰੀਆਂ ਨੇ ਵੀ ਇਥੇ ਆ ਕੇ ਡੇਰੇ ਲਾਉਣੇ ਸ਼ੁਰੂ ਕਰ ਦਿੱਤੇ। ਸਿੱਖੀ ਦੇ ਕੇਂਦਰੀ ਤੀਰਥ ਵਜੋਂ ਸਥਾਪਤ ਇਹ ਸ਼ਹਿਰ ਹਰ ਵਰਗ, ਧਰਮ ਤੇ ਫਿਰਕੇ ਨਾਲ ਸੰਬੰਧਤ ਲੋਕਾਂ ਦਾ ਕੇਂਦਰ ਵੀ ਬਣ ਗਿਆ।
ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਵੀ ਪਹਿਲੇ ਸਤਿਗੁਰਾਂ- ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਵਾਂਗ ਬਾਣੀ ਉਚਾਰੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਆਪ ਦੀ ਬਾਣੀ 30 ਰਾਗਾਂ ਵਿਚ ਹੈ, ਜਦ ਕਿ ਆਪ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ 19 ਰਾਗਾਂ ਵਿਚ ਬਾਣੀ ਉਚਾਰੀ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਵਰਤੇ ਗਏ ਰਾਗਾਂ ਨੂੰ ਹੀ ਆਪਣੀ ਰਚੀ ਬਾਣੀ ਲਈ ਅਪਨਾਇਆ। ਪਰ ਸ੍ਰੀ ਗੁਰੂ ਰਾਮਦਾਸ ਜੀ ਨੇ ਇਨ੍ਹਾਂ ਦੀ ਗਿਣਤੀ 30 ਤਕ ਪਹੁੰਚਾ ਦਿੱਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ ਕੁੱਲ 31 ਰਾਗਾਂ ਵਿਚ ਹੈ। 31ਵਾਂ ਰਾਗ ਜੈਜਾਵੰਤੀ ਹੈ, ਜਿਸ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 4 ਪਦੇ ਹਨ। ਇਸ ਗੱਲ ਤੋਂ ਸਹਿਜੇ ਹੀ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਰਾਗ ਵਿੱਦਿਆ ਦੇ ਕਿਤਨੇ ਮਹਾਨ ਜਾਣੂ ਤੇ ਮਾਹਿਰ ਸਨ। ਆਪ ਦੀ ਬਾਣੀ ਵਿਚ 246 ਪਦੇ, 31 ਅਸਟਪਦੀਆਂ, 32 ਛੰਤ, 138 ਸਲੋਕ, 8 ਵਾਰਾਂ ਵਿਚ 183 ਪੌੜੀਆਂ, 1 ਪਹਿਰੇ, 1 ਵਣਜਾਰਾ, 2 ਕਰਹਲੇ ਅਤੇ 2 ਘੋੜੀਆਂ ਸ਼ਾਮਲ ਹਨ।
ਆਪ ਜੀ ਦੀ ਬਾਣੀ ਦਾ ਮੁਖ ਵਿਸ਼ਾ ਪਹਿਲੇ ਸਤਿਗੁਰੂ ਸਾਹਿਬਾਨ ਵਾਂਗ ਹੀ ਪ੍ਰਭੂ-ਭਗਤੀ, ਧਾਰਮਿਕ ਸਿਧਾਂਤਾਂ ਦੀ ਚਰਚਾ ਕਰਦਿਆਂ ਹੋਇਆਂ ਲੋਕਾਂ ਲਈ ਉਪਦੇਸ਼, ਪ੍ਰਭੂ-ਮਿਲਾਪ ਲਈ ਤੜਪ, ਪ੍ਰਭੂ ਤੇ ਗੁਰੂ ਦੀ ਉਸਤਤੀ ਹੈ, ਜਿਸ ਨੂੰ ਆਪ ਨੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ। ਆਪ ਦੀ ਬਾਣੀ ਇਤਨੀ ਰਸ-ਮਈ ਹੈ ਕਿ ਉਸ ਦਾ ਇਕ-ਇਕ ਸ਼ਬਦ ਦਿਲ ਦੀਆਂ ਡੂੰਘਾਈਆਂ ਨੂੰ ਜਾ ਛੂੰਹਦਾ ਹੈ। ‘ਹਰਿ ਕੀ ਵਡਿਆਈ’ ਦਾ ਜਦ ਆਪ ਵਰਣਨ ਕਰਦੇ ਹਨ ਤਾਂ ਹਿਰਦਾ ਹਰਿ ਦੇ ਦਰਸ਼ਨਾਂ ਲਈ ਬੇਤਾਬ ਹੋ ਉੱਠਦਾ ਹੈ:
ਹਰਿ ਕੀ ਵਡਿਆਈ ਵਡੀ ਹੈ ਹਰਿ ਕੀਰਤਨੁ ਹਰਿ ਕਾ॥
ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ॥
ਹਰਿ ਕੀ ਵਡਿਆਈ ਵਡੀ ਹੈ ਜਾ ਫਲੁ ਹੈ ਜੀਅ ਕਾ॥
ਹਰਿ ਕੀ ਵਡਿਆਈ ਵਡੀ ਹੈ ਜਾ ਨ ਸੁਣਈ ਕਹਿਆ ਚੁਗਲ ਕਾ॥
ਹਰਿ ਕੀ ਵਡਿਆਈ ਵਡੀ ਹੈ ਅਪੁਛਿਆ ਦਾਨੁ ਦੇਵਕਾ॥ (ਪੰਨਾ 84)
ਹੋਰ ਵੇਖੋ :
ਹਰਿ ਅੰਮ੍ਰਿਤੁ ਵੁਠੜਾ ਮਿਲਿਆ ਹਰਿ ਰਾਇਆ ਜੀਉ॥ (ਪੰਨਾ 173)
ਜਦੋਂ ਕੁਝ ਮਨਮਤੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੀ ਵਿਰੋਧਤਾ ਕੀਤੀ ਤੇ ਉਨ੍ਹਾਂ ਨੂੰ ਭਲਾ-ਬੁਰਾ ਕਿਹਾ ਤਾਂ ਸ੍ਰੀ ਗੁਰੂ ਰਾਮਦਾਸ ਜੀ ਨੇ ਉਨ੍ਹਾਂ ਨੂੰ ਸਮਝਾਇਆ ਕਿ:
ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ॥
ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸ ਨੋ ਫਿਟੁ ਫਿਟੁ ਕਹੈ ਸਭੁ ਸੰਸਾਰੁ॥ (ਪੰਨਾ 302)
ਆਪ ਨੇ ਉਨ੍ਹਾਂ ਨੂੰ ਇਹ ਵੀ ਸਮਝਾਇਆ ਕਿ ਜੇਕਰ ਕੋਈ ਬੁਰਾ, ਨਿੰਦਕ ਤੇ ਪਾਪੀ ਵੀ ਸਤਿਗੁਰਾਂ ਦੀ ਸ਼ਰਨ ਵਿਚ ਆ ਜਾਂਦਾ ਹੈ ਤਾਂ ਸਤਿਗੁਰੂ ਖੁੱਲ੍ਹੇ ਹਿਰਦੇ ਨਾਲ ਉਸ ਨੂੰ ਖਿਮਾਂ ਕਰ ਦਿੰਦੇ ਹਨ:
ਗੁਰ ਗੋਵਿੰਦੁ ਗੋੁਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ॥ (ਪੰਨਾ 442)
ਉਹ ਦੱਸਦੇ ਹਨ:
ਜੇ ਗੁਰ ਕੀ ਸਰਣੀ ਫਿਰਿ ਓਹੁ ਆਵੈ ਤਾ ਪਿਛਲੇ ਅਉਗਣ ਬਖਸਿ ਲਇਆ॥ (ਪੰਨਾ 307)
ਸ੍ਰੀ ਗੁਰੂ ਰਾਮਦਾਸ ਜੀ ਸਤਿਗੁਰੂ ਅਤੇ ਅਕਾਲ ਪੁਰਖ ਨੂੰ ਇੱਕੋ ਰੂਪ ਵਿਚ ਪੇਸ਼ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ:
ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ॥ (ਪੰਨਾ 444)
ਆਪ ਦੀ ਬਾਣੀ ਵਿਚ, ਅਕਾਲ ਪੁਰਖ ਦੀ ਸਰਬ-ਵਿਆਪਕਤਾ ਦਾ ਖੁੱਲ੍ਹਾ-ਡੁੱਲ੍ਹਾ ਵਰਣਨ ਹੈ। ਆਪ ਦੱਸਦੇ ਹਨ ਕਿ ਪਰਮ-ਪਿਤਾ ਪਰਮਾਤਮਾ ਸਾਰੇ ਸੰਸਾਰ ਵਿਚ ਸਮਾਇਆ ਹੋਇਆ ਹੈ। ਆਪ ਹੀ ਉਹ ਸਭ ਕੁਝ ਹੈ ਤੇ ਆਪ ਹੀ ਸਾਰੀ ਖੇਡ ਖੇਡ ਰਿਹਾ ਹੈ:
ਆਪੇ ਅੰਡਜ ਜੇਰਜ ਸੇਤਜ ਉਤਭੁਜ ਆਪੇ ਖੰਡ ਆਪੇ ਸਭ ਲੋਇ॥
ਆਪੇ ਸੂਤੁ ਆਪੇ ਬਹੁ ਮਣੀਆ ਕਰਿ ਸਕਤੀ ਜਗਤੁ ਪਰੋਇ॥
ਆਪੇ ਹੀ ਸੂਤਧਾਰੁ ਹੈ ਪਿਆਰਾ ਸੂਤੁ ਖਿੰਚੇ ਢਹਿ ਢੇਰੀ ਹੋਇ॥ (ਪੰਨਾ 605)
ਆਪ ਸਤਿਗੁਰੂ ਅੱਗੇ ਅਰਦਾਸ ਕਰਦੇ ਹੋਏ ਆਖਦੇ ਹਨ:
ਹਰਿ ਕੇ ਜਨ ਸਤਿਗੁਰ ਸਤ ਪੁਰਖਾ ਹਉ ਬਿਨਉ ਕਰਉ ਗੁਰ ਪਾਸਿ॥
ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ॥ (ਪੰਨਾ 492)
ਇਨ੍ਹਾਂ ਸ਼ਬਦਾਂ ਵਿਚ ਕਿਤਨੀ ਨਿਮਰਤਾ ਤੇ ਸਾਦਗੀ ਹੈ। ਸਮਰੱਥ ਹੁੰਦਿਆਂ ਹੋਇਆਂ ਵੀ ਆਪ ਆਪਣੇ ਆਪ ਨੂੰ ਇਤਨਾ ਛੋਟਾ ਕਹਿੰਦੇ ਹਨ। ਆਪ ਹੋਰ ਅੱਗੇ ਆਖਦੇ ਹਨ:
ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ॥
ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ॥1॥ ਰਹਾਉ॥
ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ॥
ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ॥ (ਪੰਨਾ 10)
ਪ੍ਰਭੂ ਨੂੰ ਮਿਲਣ ਦੀ ਤਾਂਘ, ਬੇਚੈਨੀ ਤੇ ਬਿਹਬਲਤਾ ਆਪ ਜੀ ਦੀ ਬਾਣੀ ਵਿੱਚੋਂ ਡੁੱਲ੍ਹ-ਡੁੱਲ੍ਹ ਪੈਂਦੀ ਹੈ:
ਹਰਿ ਹਰਿ ਸਜਣੁ ਮੇਰਾ ਪ੍ਰੀਤਮੁ ਰਾਇਆ॥
ਕੋਈ ਆਣਿ ਮਿਲਾਵੈ ਮੇਰੇ ਪ੍ਰਾਣ ਜੀਵਾਇਆ॥
ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉ॥ (ਪੰਨਾ 94)
ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਸਾਰਾ ਜੀਵਨ ਪ੍ਰਭੂ ਭਗਤੀ, ਸੇਵਾ ਅਤੇ ਨਿਮਰਤਾ ਨਾਲ ਭਰਪੂਰ ਹੈ। ਆਪ ਜੀ ਦੀ ਬਾਣੀ ਵਿੱਚੋਂ ਵੀ ਇਹੀ ਕੁਝ ਪ੍ਰਗਟ ਹੁੰਦਾ ਹੈ। ਨਿਮਰਤਾ ਭਰਪੂਰ ਤੇ ਨਿੰਦਕਾਂ, ਦੁਸ਼ਟਾਂ ਸਭ ਨੂੰ ਤਾਰਨਹਾਰੇ ਸਤਿਗੁਰਾਂ ਦੇ ਸੰਬੰਧ ਵਿਚ ਇਉਂ ਵਰਣਨ ਆਉਂਦਾ ਹੈ:
ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ॥
ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ॥
ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ॥ (ਪੰਨਾ 307)
ਭਾਵੇਂ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਗੁਰਬਾਣੀ ਨੂੰ ਗੁਰਗੱਦੀ ਸੌਂਪੀ ਸੀ, ਪਰ ਉਸ ਦੇ ਗੁਰੂ ਰੂਪ ਹੋਣ ਬਾਰੇ ਪਹਿਲੇ ਗੁਰੂ ਸਾਹਿਬਾਨ ਨੇ ਹੀ ਸਮਝਾਉਣਾ ਅਰੰਭ ਕਰ ਦਿੱਤਾ ਸੀ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਇਸ ਸੰਬੰਧ ਵਿਚ ਸੰਕੇਤ ਕੀਤਾ ਹੈ:
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ॥ (ਪੰਨਾ 308)
ਆਪ ਨੇ ਹੋਰ ਆਖਿਆ:
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਪੰਨਾ 982)
ਆਪ ਜੀ ਵਿਚ ਕਿਤਨੀ ਨਿਮਰਤਾ ਸੀ ਇਸ ਦਾ ਵਰਨਣ ਬੰਸਾਵਲੀਨਾਮਾ ਵਿਚ ਇਸ ਤਰ੍ਹਾਂ ਆਉਂਦਾ ਹੈ:
ਸਾਕ ਨਾ ਜਾਤ
ਹਿਰਦੇ ਰਖਿਆ ਸੇਵਕੀ ਭਾਉ
ਚੰਚਲਾਈ ਚਤੁਰਾਈ ਖੇਡਣ
ਹਸਣ ਕਾ ਚਾਉ
ਪ੍ਰੀਤਿ ਚਰਣਾਂ ਦੀ ਸੇਵਕ ਰਖੀ
ਬਿਨਾਂ ਸਤਿਗੁਰ ਹੋਰ ਨਾ ਦੇ ਦੇਖਣਾ ਅਖੀਂ।
ਆਪ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦੇ ਬਾਬੇ ਸ੍ਰੀ ਚੰਦ ਨਾਲ ਹੋਈ ਮੁਲਾਕਾਤ ਦਾ ਵਰਨਣ ਗਿਆਨੀ ਗਿਆਨ ਸਿੰਘ ਨੇ ਆਪਣੀ ਰਚਨਾ ਵਿਚ ਇਸ ਤਰ੍ਹਾਂ ਕੀਤਾ ਹੈ:
ਸ੍ਰੀ ਚੰਦ ਤਬ ਗਿਰਹ ਉਚਾਰੀ
ਕਾਹੇ ਬਢਾਈ ਦਾਹੜੀ ਭਾਰੀ
ਗੁਰੂ ਰਾਮਦਾਸ ਨਿਮਰ ਹੋਹੈਂ
ਕਿਹੋ ਆਪਸੇ ਸਾਧੂ ਜੋ ਹੈਂ
ਉਨਕੇ ਚਰਨ ਪੋਂਛਨੇ ਕਾਰਨ
ਸ੍ਰੀ ਚੰਦ ਖੁਸ਼ ਹੋਇ ਉਚਾਰਾ
ਇਸੀ ਤੌਰ ਘਰ ਲੁਟਿਉ ਹਮਾਰਾ
ਜੋ ਬਾਕੀ ਭੀ ਅਬ ਕੁਝ ਮੋ ਪੈ
ਛੀਨ ਲਈ ਯੋਂ ਹੀ ਤੁਮ ਮੋ ਪੈ।
ਲੇਖਕ ਬਾਰੇ
64-C/ U & V/B, Shalimar Bagh, Delhi-110088
- ਜਸਵੰਤ ਸਿੰਘ ‘ਅਜੀਤ’https://sikharchives.org/kosh/author/%e0%a8%9c%e0%a8%b8%e0%a8%b5%e0%a9%b0%e0%a8%a4-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%a4/November 1, 2007
- ਜਸਵੰਤ ਸਿੰਘ ‘ਅਜੀਤ’https://sikharchives.org/kosh/author/%e0%a8%9c%e0%a8%b8%e0%a8%b5%e0%a9%b0%e0%a8%a4-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%a4/July 1, 2009