editor@sikharchives.org

ਦੀਵਾਲੀ ਤੋਂ ਬੰਦੀਛੋੜ ਦਿਵਸ

ਸਿੱਖਾਂ ਵਿਚ ਦੀਵਾਲੀ ਦਾ ਤਿਉਹਾਰ ‘ਬੰਦੀਛੋੜ ਦਿਵਸ’ ਦੇ ਨਾਂ ਨਾਲ ਮਸ਼ਹੂਰ ਹੈ ਅਤੇ ਇਸ ਦਿਨ ਸਿੱਖ-ਜਗਤ ਆਪਣੇ ਗੌਰਵਮਈ ਇਤਿਹਾਸ ਨੂੰ ਯਾਦ ਕਰਦਿਆਂ ਮਾਣ ਮਹਿਸੂਸ ਕਰਦਾ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਭਾਰਤ ਤੋਂ ਇਲਾਵਾ ਹੋਰ ਵੀ ਕਈ ਦੇਸ਼ਾਂ ਵਿਚ ਦੀਵਾਲੀ ਵੱਖ-ਵੱਖ ਨਾਂਵਾਂ ਨਾਲ ਮਨਾਈ ਜਾਂਦੀ ਹੈ। ਸਿੱਖ ਜਗਤ ਦਾ ਦੀਵਾਲੀ ਸਮੇਂ ਲੱਛਮੀ ਪੂਜਾ ਜਾਂ ਕਿਸੇ ਹੋਰ ਪੂਜਾ ਵਾਲੇ ਪ੍ਰਸੰਗ ਨਾਲ ਦੂਰ ਤਕ ਦਾ ਵੀ ਵਾਸਤਾ ਨਹੀਂ। ਸਿੱਖਾਂ ਵਿਚ ਦੀਵਾਲੀ ਦਾ ਤਿਉਹਾਰ ‘ਬੰਦੀਛੋੜ ਦਿਵਸ’ ਦੇ ਨਾਂ ਨਾਲ ਮਸ਼ਹੂਰ ਹੈ ਅਤੇ ਇਸ ਦਿਨ ਸਿੱਖ-ਜਗਤ ਆਪਣੇ ਗੌਰਵਮਈ ਇਤਿਹਾਸ ਨੂੰ ਯਾਦ ਕਰਦਿਆਂ ਮਾਣ ਮਹਿਸੂਸ ਕਰਦਾ ਹੈ। ਉਹ ਇਸ ਦਿਨ ਨੂੰ ਖੂਬ ਚਾਵਾਂ ਤੇ ਖੇੜਿਆਂ ਨਾਲ ਮਨਾਉਂਦਾ ਹੈ। ਇਸ ਦਿਨ ਸੂਰਬੀਰ ਸਿੰਘਾਂ ਅਤੇ ਸ਼ਹੀਦਾਂ ਨੂੰ ਵੀ ਯਾਦ ਕਰਦਾ ਹੈ।

ਅੰਮ੍ਰਿਤਸਰ ਦੀ ਦੀਵਾਲੀ ਪੂਰੇ ਸਿੱਖ-ਜਗਤ ਵਿਚ ਵਿਸ਼ੇਸ਼ ਸਥਾਨ ਰੱਖਦੀ ਹੈ। ਆਖਰ ਕੀ ਹਨ ਉਹ ਕਾਰਨ ਜਿਸ ਨਾਲ ਦੀਵਾਲੀ ਦਾ ਅੰਮ੍ਰਿਤਸਰ ਨਾਲ ਇੰਨਾ ਗੂੜ੍ਹਾ ਸੰਬੰਧ ਜੁੜ ਗਿਆ ਹੈ?

ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਉਪਰੰਤ ਵੀ ਮੁਗ਼ਲ ਸਰਕਾਰ ਦੇ ਜ਼ੁਲਮ ਬਰਕਰਾਰ ਸਨ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸਮੂਹ ਸਿੱਖਾਂ ਨੂੰ ਹੁਕਮ ਜਾਰੀ ਕੀਤੇ ਕਿ ਸੰਗਤਾਂ ਗੁਰੂ-ਘਰ ਦੇ ਦਰਸ਼ਨਾਂ ਲਈ ਆਉਣ ਸਮੇਂ ਘੋੜੇ, ਸ਼ਸਤਰ, ਆਦਿ ਭੇਟਾ ਕਰਨ ਅਤੇ ਖ਼ੁਦ ਵੀ ਜ਼ਾਲਮ ਹਕੂਮਤ ਨਾਲ ਲੋਹਾ ਲੈਣ ਲਈ ਤਿਆਰ-ਬਰ-ਤਿਆਰ ਰਹਿਣ। ਗੁਰੂ ਸਾਹਿਬ ਨੇ ਦੋ ਤਲਵਾਰਾਂ ਮੀਰੀ-ਪੀਰੀ ਦੀਆਂ ਧਾਰਨ ਕੀਤੀਆਂ, ਜਿਸ ਨਾਲ ਸੰਗਤਾਂ ਵਿਚ ਜ਼ੁਲਮ ਵਿਰੁੱਧ ਡਟਣ ਲਈ ਜੋਸ਼ ਠਾਠਾਂ ਮਾਰਨ ਲੱਗ ਪਿਆ। ਬਾਦਸ਼ਾਹ ਜਹਾਂਗੀਰ ਗੁਰੂ ਸਾਹਿਬ ਦੀ ਵਧਦੀ ਪ੍ਰਤਿਸ਼ਠਾ ਅਤੇ ਸੈਨਿਕ ਸ਼ਕਤੀ ਤੋਂ ਘਬਰਾ ਗਿਆ।ਉਸ ਨੇ ਗੁਰੂ ਸਾਹਿਬ ਨੂੰ ਬੁਲਾਵਾ ਭੇਜ ਕੇ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ, ਜਿੱਥੇ ਪਹਿਲਾਂ ਹੀ ਬਾਦਸ਼ਾਹ ਦੀਆਂ ਨੀਤੀਆਂ ਦਾ ਵਿਰੋਧ ਕਰ ਚੁੱਕੇ ਹਿੰਦੂ ਰਾਜਪੂਤ ਪਹਾੜੀ ਰਾਜੇ ਕੈਦ ਸਨ। ਸੰਗਤਾਂ ਨੇ ਭਾਰੀ ਜਥੇ ਲੈ ਕੇ ਗਵਾਲੀਅਰ ਦੇ ਕਿਲ੍ਹੇ ਵੱਲ ਵਹੀਰਾਂ ਘੱਤ ਦਿੱਤੀਆਂ ਅਤੇ ਹਰ ਸਿੱਖ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਕਰਨ ਲੱਗ ਪਿਆ। ਸਿੱਖਾਂ ਦੇ ਇਕੱਠ ਤੋਂ ਘਬਰਾ ਕੇ ਅਤੇ ਸਾਈਂ ਮੀਆਂ ਮੀਰ ਦੀਆਂ ਨਸੀਹਤਾਂ ਨੂੰ ਮੰਨ ਕੇ ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਰਿਹਾਅ ਕਰ ਦੇਣ ਦਾ ਮਨ ਬਣਾਇਆ। ਗੁਰੂ ਜੀ ਨੇ ਤਦ ਤਕ ਰਿਹਾਅ ਹੋਣ ਤੋਂ ਨਾਂਹ ਕਰ ਦਿੱਤੀ ਜਦ ਤਕ ਉਨ੍ਹਾਂ ਦੇ ਨਾਲ ਕੈਦੀ 52 ਰਾਜੇ ਵੀ ਛੱਡ ਨਹੀਂ ਦਿੱਤੇ ਜਾਂਦੇ। ਜਹਾਂਗੀਰ ਨੇ ਕਾਫੀ ਨਾਂਹ-ਨੁੱਕਰ ਕਰਨ ਤੋਂ ਬਾਅਦ ਮੰਨ ਲਿਆ ਕਿ ਜਿਹੜਾ ਗੁਰੂ ਜੀ ਦਾ ਪੱਲਾ ਫੜ ਕੇ ਬਾਹਰ ਨਿਕਲੇਗਾ ਉਹ ਰਿਹਾਅ ਕਰ ਦਿੱਤਾ ਜਾਵੇਗਾ।

ਗੁਰੂ ਸਾਹਿਬ ਨੇ 52 ਕਲੀਆਂ ਵਾਲਾ ਚੋਲਾ ਸਿਲਵਾਇਆ ਜਿਸ ਨੂੰ ਫੜ ਕੇ ਸਾਰੇ ਰਾਜੇ ਵੀ ਬਾਹਰ ਨਿਕਲ ਆਏ। ਜਦ ਗੁਰੂ ਸਾਹਿਬ ਅੰਮ੍ਰਿਤਸਰ ਦੀ ਪਾਵਨ ਧਰਤੀ ’ਤੇ ਪਹੁੰਚੇ ਤਾਂ ਉਸ ਦਿਨ ਕੁਦਰਤੀਂ ਦੀਵਾਲੀ ਦਾ ਹੀ ਦਿਨ ਸੀ ਤਾਂ ਸੰਗਤਾਂ ਨੇ ਦੀਪਮਾਲਾ ਕੀਤੀ, ਆਤਿਸ਼ਬਾਜ਼ੀ ਚਲਾਈ ਅਤੇ ਮਿਠਾਈਆਂ ਵੰਡ ਕੇ ਰੱਜ ਕੇ ਖੁਸ਼ੀਆਂ ਮਨਾਈਆਂ। ਇਸ ਤਰ੍ਹਾਂ ਇਸ ਦਿਹਾੜੇ ਨੂੰ ‘ਬੰਦੀਛੋੜ ਦਿਵਸ’ ਵਜੋਂ ਮਨਾਇਆ ਜਾਣ ਲੱਗ ਪਿਆ।

ਬਾਅਦ ਵਿਚ ਸਮੇਂ ਦੀ ਮੁਗ਼ਲ ਸਰਕਾਰ ਨੇ ‘ਬੰਦੀਛੋੜ ਦਿਵਸ’ ਮਨਾਉਣ ’ਤੇ ਪਾਬੰਦੀ ਲਾ ਦਿੱਤੀ ਅਤੇ ਸਿੱਖਾਂ ਦੇ ਇਕੱਠੇ ਹੋਣ ’ਤੇ ਨਜ਼ਰ ਰੱਖੀ ਜਾਣ ਲੱਗ ਪਈ। ਅਠਾਰ੍ਹਵੀਂ ਸਦੀ ਵਿਚ ‘ਗੁਰਮਤੇ’ ਦੀ ਸੰਸਥਾ ਸਰਬੱਤ ਖਾਲਸੇ ਦੇ ਜੋੜ-ਮੇਲੇ, ਵੈਸਾਖੀ ਜਾਂ ‘ਬੰਦੀਛੋੜ ਦਿਵਸ’ ’ਤੇ ਹੀ ਬੁਲਾਉਂਦੀ ਸੀ। ਸੰਨ 1738 ਈ. ਵਿਚ ਭਾਈ ਮਨੀ ਸਿੰਘ ਜੀ ਨੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੂੰ ਟੈਕਸ ਵਜੋਂ ਪੰਜ ਹਜ਼ਾਰ ਰੁਪਏ ਦੇਣੇ ਮੰਨ ਕੇ ਅੰਮ੍ਰਿਤਸਰ ਵਿਚ ‘ਬੰਦੀਛੋੜ ਦਿਵਸ’ ਮਨਾਉਣਾ ਤੈਅ ਕਰ ਲਿਆ। ਸਿੱਖਾਂ ਦੇ ਮਨਾਂ ਵਿਚ ਇਸ ਦਿਨ ਨੂੰ ਲੈ ਕੇ ਭਾਰੀ ਖੁਸ਼ੀ ਦੀ ਲਹਿਰ ਸੀ। ਉਧਰ ਜ਼ਕਰੀਆ ਖਾਨ ਦੀ ਚਾਲ ਸੀ ਕਿ ਇਸ ਤਰ੍ਹਾਂ ਨਾਲ ਸਿੱਖਾਂ ਦਾ ਭਾਰੀ-ਇਕੱਠ ਹੋ ਸਕੇਗਾ ਅਤੇ ਸਾਡੀਆਂ ਫ਼ੌਜਾਂ ਉਨ੍ਹਾਂ ਉੱਪਰ ਹਮਲਾ ਕਰ ਕੇ ਸਿੱਖਾਂ ਦਾ ਮਲੀਆਮੇਟ ਕਰਨ ਵਿਚ ਕਾਮਯਾਬ ਹੋ ਸਕਣਗੀਆਂ। ਪਰ ਸਿੱਖ ਸੰਗਤਾਂ ਨੂੰ ਸੂਬੇਦਾਰ ਦੀ ਚਾਲ ਦੀ ਖ਼ਬਰ ਲੱਗ ਚੁੱਕੀ ਸੀ ਜਿਸ ਕਰਕੇ ਅੰਮ੍ਰਿਤਸਰ ਵਿਚ ਇਸ ਦਿਹਾੜੇ ’ਤੇ ਬਹੁਤ ਘੱਟ ਹੀ ਸੰਗਤ-ਇਕੱਠੀ ਹੋ ਸਕੀ ਜਿਸ ਦਾ ਨਤੀਜਾ ਇਹ ਹੋਇਆ ਕਿ ਘੱਟ ਸੰਗਤ ਦੇ ਕਾਰਨ ਗੁਰੂ ਦੇ ਖਜ਼ਾਨੇ ਵਿਚ ਮਾਇਆ ਵੀ ਘੱਟ ਹੀ ਜਮ੍ਹਾਂ ਹੋ ਸਕੀ। ਭਾਈ ਮਨੀ ਸਿੰਘ ਜੀ ਨੇ ਸੂਬੇਦਾਰ ਦੀ ਚਾਲ ਤੋਂ ਪ੍ਰਭਾਵਿਤ ਹੋਏ ਤੇ ਇਸ ਦਿਹਾੜੇ ਦੀ ਘੱਟ ਰੌਣਕ ਅਤੇ ਘੱਟ ਆਮਦਨ ਦੇ ਕਾਰਨ ਨੀਅਤ ਕੀਤੀ ਟੈਕਸ ਦੀ ਰਕਮ ਦੇਣ ਤੋਂ ਨਾਂਹ ਕਰ ਦਿੱਤੀ ਜਿਸ ਕਰਕੇ ਭਾਈ ਸਾਹਿਬ ਜੀ ਨੂੰ ਗ੍ਰਿਫ਼ਤਾਰ ਕਰ ਕੇ ਇਸਲਾਮ ਮੱਤ ਨੂੰ ਕਬੂਲਣ ਲਈ ਕਿਹਾ ਗਿਆ ਪਰ ਭਾਈ ਸਾਹਿਬ ਜੀ ਨਿਰਭੈ ਹੋ ਕੇ ਵਿਚਰੇ। ਉਨ੍ਹਾਂ ਨੇ ਇਸਲਾਮ ਦੀ ਬਜਾਏ ਮੌਤ ਕਬੂਲਣ ਨੂੰ ਪਹਿਲ ਦਿੱਤੀ। ਭਾਈ ਸਾਹਿਬ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਤਰ੍ਹਾਂ ਭਾਈ ਸਾਹਿਬ ਜੀ ਦੀ ਸ਼ਹੀਦੀ ਨੇ ‘ਬੰਦੀਛੋੜ ਦਿਵਸ’ ਦੇ ਇਤਿਹਾਸ ਵਿਚ ਸ਼ਹੀਦੀ ਰੰਗ ਭਰ ਕੇ ਇਸ ਦਿਹਾੜੇ ਨੂੰ ਜਜ਼ਬਾਤੀ ਅਤੇ ਖ਼ਾਲਸਾਈ ਰੰਗ ਦਿੱਤਾ।

ਦੀਵਾਲੀ ਤੋਂ ਬਣੇ ‘ਬੰਦੀਛੋੜ ਦਿਵਸ’ ਦਾ ਮਤਲਬ ਹੈ ਕਿ ਹਰ ਤਰ੍ਹਾਂ ਦੀ ਗ਼ੁਲਾਮੀ ਦੇ ਬੰਧਨਾਂ ਤੋਂ ਮੁਕਤੀ ਅਤੇ ਅਗਿਆਨਤਾ ਦਾ ਹਨ੍ਹੇਰਾ ਦੂਰ ਕਰ ਕੇ ਗਿਆਨ-ਪ੍ਰਕਾਸ਼ ਫੈਲਾਉਣਾ। ਅੰਮ੍ਰਿਤਸਰ ਦੀ ਦੀਵਾਲੀ ‘ਬੰਦੀਛੋੜ ਦਿਵਸ’ ਦੇ ਨਾਂ ਨਾਲ ਹੀ ਮਸ਼ਹੂਰ ਹੈ ਅਤੇ ਇਸ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਭਾਰੀ ਜੋੜ-ਮੇਲਾ ਲੱਗਦਾ ਹੈ। ਇਸ ਦਿਨ ਸਾਨੂੰ ਆਪਣੇ ਘਰਾਂ ਅਤੇ ਗੁਰੂ-ਘਰਾਂ ਵਿਚ ਦੀਪਮਾਲਾ ਕਰਨ ਦੇ ਨਾਲ- ਨਾਲ ਆਪਣੇ ਦਿਲਾਂ ਵਿਚ ਗਿਆਨ ਦੇ ਦੀਪਕ ਜਗਾਉਣ ਦੀ ਲੋੜ ਹੈ ਤਾਂ ਜੋ ਅਸੀਂ ਅੱਜ ਵਹਿਮਾਂ-ਭਰਮਾਂ, ਅੰਧਵਿਸ਼ਵਾਸਾਂ, ਕਰਮਕਾਂਡਾਂ ਅਤੇ ਪਾਖੰਡਾਂ ਦੀ ਗ਼ੁਲਾਮੀ ਤੋਂ ਖਲਾਸੀ ਪਾਉਣ ਲਈ ਯਤਨਸ਼ੀਲ ਹੋ ਸਕੀਏ। ਇਸ ਤਰ੍ਹਾਂ ਕਰਕੇ ਹੀ ਸਾਡੇ ਗੁਰੂ ਸਾਹਿਬ ਦੇ ਸ਼ੁਭ-ਦਿਹਾੜੇ ਅਤੇ ਸਿੱਖ ਸੂਰਬੀਰਾਂ ਦੇ ਖੂਨੀ ਸਾਕੇ ਮਨਾਏ ਸਫ਼ਲ ਹੋ ਸਕਣਗੇ, ਵਰਨਾ ਅਸੀਂ ਭਾਵੇਂ ਹਰ ਸਾਲ ਦੀਵਾਲੀ ਮਨਾਈਏ, ਜਿੰਨੇ ਮਰਜ਼ੀ ਦੀਵੇ ਬਾਲੀਏ ਪਰ ਜਦ ਤਕ ਸਾਡੀ ਅੰਤਰ-ਆਤਮਾ ਇਨ੍ਹਾਂ ਭਰਮਾਂ ਤੋਂ ਮੁਕਤ ਹੋ ਕੇ ਸਾਡੇ ਹਿਰਦੇ-ਘਰ ਵਿਚ ਪ੍ਰਭੂ ਦਾ ਗਿਆਨ ਰੂਪੀ ਪ੍ਰਕਾਸ਼ ਨਹੀਂ ਹੁੰਦਾ ਓਦੋਂ ਤਕ ਸਾਡੀ ਮਨਾਈ ਦੀਵਾਲੀ ਬੇਅਰਥ ਹੀ ਹੈ। ਬਾਹਰੀ ਰੂਪਾਂ ’ਚ ਕੀਤੀ ਰੋਸ਼ਨੀ ਸਾਡੇ ਮਨਾਂ ਦੇ ਹਨ੍ਹੇਰਿਆਂ ਨੂੰ ਦੂਰ ਨਹੀਂ ਕਰ ਸਕਦੀ। ਗੁਰੂ-ਘਰ ਦੀ ਹਾਜ਼ਰੀ ਵਿਚ ਮਨਾਈ ਦੀਵਾਲੀ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਧਾਰਨ ਕਰ ਕੇ ਹੀ ਸਫ਼ਲ ਹੋ ਸਕਦੀ ਹੈ। ਮਨ ਵਿਚ ਜਗੇ ਗਿਆਨ-ਪ੍ਰਕਾਸ਼ ਦੇ ਦੀਪਕਾਂ ਨਾਲ ਹੀ ਅਸੀਂ ਰੂਹਾਨੀ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ, ਇਸ ਦੇ ਉਲਟ ਪਰਮਾਤਮਾ ਨੂੰ ਭੁਲਾ ਕੇ ਪ੍ਰਾਪਤ ਕੀਤੀ ਜਾਂਦੀ ਦੂਸਰੀ ਸੰਸਾਰਕ ਖੁਸ਼ੀ ਇਕ ਵਿਖਾਵਾ ਹੈ, ਭਰਮ ਹੈ, ਮਨ ਨੂੰ ਝੂਠੀ ਤਸੱਲੀ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਮੈਂਬਰ, -ਵਿਖੇ: ਸ਼੍ਰੋਮਣੀ ਗੁ: ਪ੍ਰ: ਕਮੇਟੀ, (ਹਲਕਾ ਬਟਾਲਾ) ਸ੍ਰੀ ਅੰਮ੍ਰਿਤਸਰ)
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)