editor@sikharchives.org

ਫਤਹਿ ਸਰਹਿੰਦ

ਸਰਹਿੰਦ ਦੀ ਜਿੱਤ ਨੇ ਨਿਵੇਕਲੇ ਸਿੱਖ ਰਾਜ ਦੇ ਸੁਪਨੇ ਨੂੰ ਸਾਕਾਰ ਕੀਤਾ, ਸਰਹਿੰਦ ਦੀ ਜਿੱਤ ਨੇ ਸਿੱਖਾਂ ਦੀ ਕਦੇ ਨਾ ਹਾਰਨ ਵਾਲੀ ਸਪਿਰਿਟ ਨੂੰ ਇਕ ਵਾਰੀ ਫਿਰ ਦੁਨੀਆਂ ਦੇ ਸਾਹਮਣੇ ਰੱਖਿਆ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸੰਸਾਰ ਵਿਚ ਜੰਗਾਂ-ਯੁੱਧਾਂ ਦਾ ਇਤਿਹਾਸ ਬੜਾ ਪੁਰਾਣਾ ਹੈ। ਜਦੋਂ ਤੋਂ ਸ੍ਰਿਸ਼ਟੀ ਹੋਂਦ ਵਿਚ ਆਈ ਹੈ ਤਦੋਂ ਤੋਂ ਹੀ ਇਤਿਹਾਸ ਦੇ ਕਿਸੇ ਨਾ ਕਿਸੇ ਮੋੜ ਪਰ, ਪੜਾਵ ਪਰ ਜਾਂ ਠਹਿਰਾਵ ਪਰ ਯੁੱਧ ਹੁੰਦੇ ਰਹੇ ਹਨ। ਇਨ੍ਹਾਂ ਯੁੱਧਾਂ ਦੇ ਕਾਰਨ, ਖੇਤਰ ਤੇ ਪਰਿਪੇਖ ਬੇਸ਼ੱਕ ਵੱਖ-ਵੱਖ ਰਹੇ ਹਨ, ਪਰ ਇਕ ਗੱਲ ਸੰਸਾਰ ਦੇ ਹਰ ਯੁੱਧ ਵਿਚ ਸਾਂਝੀ ਸੀ ਤੇ ਉਹ ਸੀ ‘ਸੈਨਾਪਤੀ’ (ਆਗੂ) ਦੀ ਭੂਮਿਕਾ, ਜਿਸ ਨੇ ਆਪਣੀ ਕਾਬਲੀਅਤ ਨਾਲ ਨਾ ਸਿਰਫ ਯੁੱਧਾਂ ਦਾ ਸੰਚਾਲਨ ਹੀ ਕੀਤਾ ਸਗੋਂ ਇਤਿਹਾਸ ਦੇ ਕਈ ਮਹੱਤਵਪੂਰਨ ਯੁੱਧਾਂ ਦੀ ਜਿੱਤ ਦਾ ਕਾਰਨ ਵੀ ਰਹੇ ਹਨ, ਐਸੇ ਯੋਧੇ ਇਤਿਹਾਸ ਵਿਚ ਅਮਰ ਹੋ ਗਏ। ਪਰ ਤਾਰੀਖ਼ ਗਵਾਹ ਹੈ ਕਿ ਕਈ ਵਾਰੀ ਸੈਨਾਪਤੀ ਦੀਆਂ ਗਲਤੀਆਂ, ਕਾਇਰਤਾ ਤੇ ਜਜ਼ਬਾਤੀ ਵਰਤਾਰੇ ਨੇ ਨਾ ਸਿਰਫ ਯੁੱਧਾਂ ਦੇ ਨਤੀਜੇ ਹੀ ਬਦਲ ਦਿੱਤੇ ਸਗੋਂ ਸਮੁੱਚਾ ਇਤਿਹਾਸ ਹੀ ਬਦਲ ਕੇ ਰੱਖ ਦਿੱਤਾ।

ਇਤਿਹਾਸਕਾਰ, ਵਿਦਵਾਨ ਤੇ ਰਾਜਨੀਤੀ ਦੇ ਚੋਖੇ ਜਾਣਕਾਰਾਂ ਨੇ ਸਾਰੇ ਇਤਿਹਾਸ ਨੂੰ ਘੋਖ ਕੇ ਯੁੱਧਾਂ ਲਈ ਜ਼ਿੰਮੇਦਾਰ ਤਿੰਨ ਮੁੱਖ ਕਾਰਨ ਦੱਸੇ ਹਨ: ਜ਼ਰ, ਜ਼ੋਰੂ ਅਤੇ ਜ਼ਮੀਨ ਤੇ ਤਕਰੀਬਨ ਬਹੁਤੇ ਹੱਦ ਤਕ ਇਹ ਸਹੀ ਵੀ ਹਨ। ਪਰ ਇਕ ਵੱਡਾ ਕਾਰਨ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਜੋ ‘ਧਰਮ’ (ਇਨਸਾਫ, ਹੱਕ, ਇਖ਼ਲਾਕ ਜਾਂ ਸਵੈਮਾਨ)। ਸੱਚ ਤੇ ਨਿਆਏ ਲਈ ਜਨਤਾ ਦੇ ਹੱਕ ਵਿਚ ਲੜੇ ਗਏ ਯੁੱਧ ਹੀ ‘ਧਰਮਯੁੱਧ’ ਕਹਿਲਾਏ ਹਨ। ਬੇਸ਼ੱਕ ਰਾਮਾਇਣ, ਮਹਾਂਭਾਰਤ, ਸਿਕੰਦਰ ਮਹਾਨ ਦੀਆਂ ਚੜ੍ਹਾਈਆਂ, ਯੂਰਪੀ ਲੜਾਈਆਂ, ਪ੍ਰਿਥਵੀ ਰਾਜ ਚੌਹਾਨ ਦੇ ਯੁੱਧ, ਮੁਗ਼ਲਾਂ ਦੀਆਂ ਲੜਾਈਆਂ, ਰਾਜਪੂਤਾਂ ਦੀਆਂ ਲੜਾਈਆਂ, ਦੋਵੇਂ ਵਿਸ਼ਵ ਯੁੱਧ ਜਾਂ ਭਾਰਤੀ ਅਜ਼ਾਦੀ ਦੇ ਸੰਘਰਸ਼ ਪਿੱਛੇ ਕਾਰਨ ਜ਼ਰ, ਜ਼ੋਰੂ ਜਾਂ ਜ਼ਮੀਨ ਹੀ ਸਨ। ਪਰ ਹੈਨਿਬਲ ਦਾ ਸੰਘਰਸ਼ ਇਨ੍ਹਾਂ ਤਿੰਨਾਂ ਕਾਰਨਾਂ ਤੋਂ ਵੱਖ ਆਪਣੀ ਹੋਂਦ ਦਾ, ਆਪਣੇ ਸਵੈਮਾਨ ਦਾ ਸੰਘਰਸ਼ ਸੀ। ਲਿਓਨਾਇਡਸ ਦਾ ਆਪਣੇ 300 ਸਪਾਰਟਨ ਸਾਥੀਆਂ ਸਮੇਤ ਯੁੱਧ ਤੇ ਬਲਿਦਾਨ, ਅਣਖ ਦੀ ਰੱਖਿਆ ਦਾ ਯੁੱਧ ਸੀ ਤੇ ਇਨ੍ਹਾਂ ਸਾਰਿਆਂ ਤੋਂ ਅਗਾਂਹ ਵਧ ਕੇ ਸਿੱਖ ਗੁਰੂ ਸਾਹਿਬਾਨ ਦੇ ਸੰਘਰਸ਼ ਤੇ ਯੁੱਧ ਧਰਮ ਦੀ ਰਾਖੀ ਲਈ ਸਨ, ਮਨੁੱਖੀ ਕਦਰਾਂ-ਕੀਮਤਾਂ ਦੇ ਹੱਕ ਵਿਚ ਸਨ, ਧਰਮ ਪ੍ਰਤੀ ਸਵੈ-ਸੁਤੰਤਰ ਸੋਚਣੀ ਲਈ ਸਨ। ਮਜ਼ਲੂਮਾਂ ਦੀ ਰਾਖੀ ਲਈ ਤੇ ਜ਼ੁਲਮ ਦੇ ਨਾਸ਼ ਲਈ ਸਨ। ਇਹ ਯੁੱਧ ਸਹੀ ਅਰਥਾਂ ਵਿਚ ਧਰਮ-ਯੁੱਧ ਸਨ।

ਸਿੱਖ ਧਰਮ ਦੇ ਹੋਂਦ ਵਿਚ ਆਉਣ ਤੋਂ ਲੈ ਕੇ ਅੱਜ ਤਕ ਦਾ ਇਤਿਹਾਸ ਸਿੱਖਾਂ ਦੇ ਸਾਰੇ ਯੁੱਧਾਂ ਪਿੱਛੇ ਇੱਕੋ ਹੀ ਕਾਰਨ ਦੱਸਦਾ ਹੈ, ‘ਧਰਮ’, ਸਵੈਮਾਨ, ਅਣਖ ਤੇ ਅਜ਼ਾਦ ਖਿਆਲੀ। ਕੋਈ ਇਤਿਹਾਸਕਾਰ, ਅੱਜ ਤਕ ਸਿੱਖ ਸੰਘਰਸ਼ ਨੂੰ ਧਰਮ ਨਾਲੋਂ ਨਿਖੇੜ ਨਹੀਂ ਸਕਿਆ ਹੈ। ਸ਼ਹਾਦਤਾਂ, ਤਸੀਹੇ ਸਹਿਣਾ ਤੇ ਯੁੱਧ ਸਿੱਖ ਕੌਮ ਦੀ ਪਛਾਣ ਬਣ ਗਏ। ਪੰਚਮ ਪਿਤਾ ਦੀ ਸ਼ਹਾਦਤ ਨੇ ਆਪਣੇ ਪਿਛਲੇ 136 ਸਾਲਾਂ ਦੇ ਇਤਿਹਾਸ ਵਿਚ ਇਨਕਲਾਬੀ ਮੋੜ ਲਿਆਂਦਾ ਤੇ ਹਮੇਸ਼ਾਂ-ਹਮੇਸ਼ਾਂ ਲਈ ਇਕ ਨਵਾਂ ਸੰਘਰਸ਼ ਅਰੰਭ ਹੋਇਆ। ਇਸ ਤੋਂ ਬਾਅਦ ਦੀਆਂ ਘਟਨਾਵਾਂ ਇਸੇ ਇਨਕਲਾਬੀ ਮੋੜ ਦੀ ਉਪਜ ਅਖਵਾ ਸਕਦੀਆਂ ਹਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮੀਰੀ-ਪੀਰੀ ਧਾਰਨ ਕਰਨਾ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਆਦਿ ਕਾਰਨ ਮੁਗ਼ਲ ਸਰਕਾਰ ਤੇ ਸਿੱਖਾਂ ਵਿਚ ਹੋਂਦ ਦਾ ਸੰਘਰਸ਼ ਵਧਿਆ ਤੇ ਪਹਿਲੀ ਵਾਰੀ ਛੇਵੇਂ ਪਾਤਸ਼ਾਹ ਦੇ ਸਮੇਂ ਸਿੱਖ ਇਤਿਹਾਸ ਵਿਚ ਯੁੱਧ ਹੋਏ। ਇਸ ਤੋਂ ਬਾਅਦ ਦਾ ਸਾਰਾ ਸਿੱਖ ਇਤਿਹਾਸ ਹੀ ਖੂਨ ਦੀ ਸਿਆਹੀ ਨਾਲ ਲਿਖਿਆ ਗਿਆ ਹੈ।

ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਲਾਸਾਨੀ ਸ਼ਹਾਦਤ ਦੇ ਕੇ ਦੁਨੀਆਂ ਦੇ ਇਤਿਹਾਸ ਵਿਚ ਇਕ ਨਿਵੇਕਲੀ ਮਿਸਾਲ ਪੇਸ਼ ਕੀਤੀ। ਇਸ ਤੋਂ ਬਾਅਦ ਕਲਗੀਧਰ ਪਿਤਾ ਨੇ ਇਤਿਹਾਸ ਨੂੰ ਸੰਤ-ਸਿਪਾਹੀ ਦਾ ਨਵਾਂ ਫਲਸਫ਼ਾ ਦਿੰਦਿਆਂ ਹੋਇਆਂ ਖਾਲਸੇ ਦੀ ਸਿਰਜਨਾ ਕੀਤੀ। ਪਰ ਇਹ ਗੱਲ ਨਾ ਵਕਤੀ ਹਕੂਮਤ ਨੂੰ ਰਾਸ ਆਈ ਤੇ ਨਾ ਹੀ ਜਾਤ-ਅਭਿਮਾਨੀਆਂ ਨੂੰ। ਹਾਲੇ ਕੁਝ ਸਾਲ ਪਹਿਲਾਂ ਜਿਨ੍ਹਾਂ ਦੇ ਧਰਮ ਦੀ ਰਾਖੀ ਲਈ ਆਪਣੇ ਨੌਂ ਸਾਲਾਂ ਦੇ ਪੁੱਤਰ ਤੇ ਪਤਨੀ ਨੂੰ ਇਕੱਲਿਆਂ ਛੱਡ ਕੇ ਜਿਸ ਮਹਾਨ ਪੁਰਖ ਨੇ ਆਪਣੇ ਸਿੱਖਾਂ ਸਮੇਤ ਆਪਣੀ ਕੁਰਬਾਨੀ ਦਿੱਤੀ ਸੀ, ਉਹ ਵੀ ਉਨ੍ਹਾਂ ਨੂੰ ਭੁੱਲ ਗਏ ਤੇ ਆਪਣੀ ਗ਼ੁਲਾਮ ਮਾਨਸਿਕਤਾ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਹਕੂਮਤ ਨਾਲ ਮਿਲ ਕੇ ਗੁਰੂ-ਘਰ ਦੇ ਵਿਰੋਧੀ ਬਣ ਗਏ। ਆਪ ਕਲਗੀਧਰ ਪਿਤਾ ਨੇ ਕਈ ਮਹੱਤਵਪੂਰਨ ਯੁੱਧ ਕੀਤੇ ਤੇ ਜਿੱਤੇ ਹਨ। ਇਤਿਹਾਸ ਗਵਾਹ ਹੈ ਕਿ ਗੁਰਦੇਵ ਪਿਤਾ ਨੇ ਆਪ ਕਦੇ ਵੀ ਹਮਲਾਵਰ ਨੀਤੀ ਨਹੀਂ ਅਪਣਾਈ, ਪਰ ਜ਼ਾਲਮ ਵੱਲੋਂ ਕੀਤੇ ਹਮਲਿਆਂ ਨੂੰ ਚੁੱਪਚਾਪ ਸਹਿਣ ਵੀ ਨਹੀਂ ਕੀਤਾ। ਭੰਗਾਣੀ ਦੇ ਯੁੱਧ ਵਿਚ ਸਿਰਫ਼ ਸਿੱਖਾਂ ਦੀ ਬੀਰਤਾ ਦੇ ਨਾਲ-ਨਾਲ ਆਪ ਗੁਰਦੇਵ ਪਿਤਾ ਦੀ ਅਗਵਾਈ ਤੇ ਸੁਯੋਗ ਸੈਨਾਪਤੀ ਵਾਲੀ ਸੂਝ-ਬੂਝ ਭਰਪੂਰ ਰੂਪ ’ਚ ਕ੍ਰਿਆਸ਼ੀਲ ਰਹੀ ਸੀ। ਇਹ ਗੱਲ ਧਿਆਨ ਰੱਖਣ ਵਾਲੀ ਹੈ ਕਿ ਸਿਰਫ਼ ਸਰੀਰਿਕ ਸੂਰਬੀਰਤਾ ਬੇਸ਼ੱਕ ਕੁਝ ਜੰਗਾਂ ਜਿੱਤ ਸਕਦੀ ਹੈ ਪਰ ਅਗਵਾਈ ਬਿਨਾਂ ਇਹ ਬਹੁਤਾ ਕਰਕੇ ਇਕ ਮੁਕਾਮ ’ਤੇ ਬੇਕਾਬੂ ਹੋ ਕੇ ਭਟਕ ਜਾਇਆ ਕਰਦੀ ਹੈ। ਇਹ ਸਿਰਫ਼ ਸੈਨਾਪਤੀ ਦੀ ਕਾਬਲੀਅਤ, ਸੂਝ-ਬੂਝ ਤੇ ਦੂਰਦ੍ਰਿਸ਼ਟੀ ਹੈ ਜੋ ਇਖ਼ਲਾਕ ਦੇ ਸਦਾ ਜੇਤੂ ਰਹਿਣ ਦਾ ਅਮਿੱਟ ਇਤਿਹਾਸ ਸਿਰਜ ਸਕਦੀ ਹੈ।

ਚਮਕੌਰ ਦੀ ਗੜ੍ਹੀ ਵਿਚ ਸਿਰਫ਼ ਚਾਲੀ ਸਿੰਘਾਂ ਨਾਲ ਦਸ ਲੱਖ ਦੀ ਸ਼ਾਹੀ ਫੌਜ ਦਾ ਮੁਕਾਬਲਾ ਇਸ ਸਪਿਰਿਟ ਦਾ ਜਿਊਂਦਾ-ਜਾਗਦਾ ਸਬੂਤ ਹੈ। ਬੇਸ਼ੱਕ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਘੇਰੇ ਤੋਂ ਸਰਸਾ ਨਦੀ ਤਕ ਪਹੁੰਚਣ, ਇਸ ਨੂੰ ਪਾਰ ਕਰਨ, ਚਮਕੌਰ ਦੇ ਯੁੱਧ ਦੇ ਲੜੇ ਜਾਣ ਤਕ ਅਤੇ ਪੈਦਾ ਹੋਏ ਮਗਰੋਂ ਦੇ ਹਾਲਾਤ ਵਿਚ ਬੇਸ਼ੁਮਾਰ ਸਿੱਖ ਸ਼ਹੀਦ ਹੋਏ, ਆਪ ਗੁਰੂ-ਪਰਵਾਰ ਸ਼ਹੀਦ ਹੋ ਗਿਆ, ਪਰ ਸੰਸਾਰ ਦੇ ਸਭ ਤੋਂ ਅਸਾਵੇਂ ਚਮਕੌਰ ਦੇ ਯੁੱਧ ਵਿਚ ਧਰਮ ਜੇਤੂ ਰਿਹਾ ਤੇ ਜ਼ਾਲਮਾਂ ਨੂੰ ਸ਼ਿਕਸਤ ਮਿਲੀ। ਗੁਰੂ ਸਾਹਿਬ ਜੀ ਤੋਂ ਬਾਅਦ ਦੇ ਇਤਿਹਾਸ ਵਿਚ ਤਾਂ ਸਿੱਖਾਂ ਨੇ ਸਬਰ ਤੇ ਸਿਦਕ ਦੇ ਜੋ ਇਮਤਿਹਾਨ ਦਿੱਤੇ, ਜੋ ਤਸੀਹੇ ਝੱਲੇ ਤੇ ਜੋ ਕੁਰਬਾਨੀਆਂ ਕੀਤੀਆਂ ਉਸ ਦੀ ਕਿਤੇ ਹੋਰ ਮਿਸਾਲ ਮਿਲਣਾ ਨਾਮੁਮਕਿਨ ਹੈ। ਗੁਰੂ ਸਾਹਿਬ ਜੀ ਨੇ ਆਪਣਾ ਸਭ ਕੁਝ ਵਾਰ ਕੇ ਬੜੇ ਫਖ਼ਰ ਨਾਲ ਕਿਹਾ ਸੀ:

ਇਨ ਪੁਤ੍ਰਨ ਕੇ ਸੀਸ ਪਰ, ਵਾਰ ਦੀਏ ਸੁਤ ਚਾਰ।
ਚਾਰ ਮੂਏ ਤਉ ਕਿਆ ਹੁਆ, ਜੀਵਤ ਕਈ ਹਜ਼ਾਰ॥

ਹੁਣ ਪੰਥ ਦੀ ਵਾਰੀ ਸੀ ਤੇ ਪੰਥ ਨੇ ਵੀ ਹੱਸਦਿਆਂ ਹੋਇਆਂ ਆਪਣਾ ਆਪਾ ਗੁਰੂ-ਚਰਨਾਂ ਪਰ ਅਰਪਿਤ ਕਰ ਦਿੱਤਾ। ਪਰ ਇਸ ਦੌਰ ਵਿਚ ਜੋ ਸ਼ੈਅ ਸਭ ਤੋਂ ਜ਼ਰੂਰੀ ਸੀ ਉਹ ਸੀ ਅਗਵਾਈ, ਇਕ ਸਫ਼ਲ ਸੈਨਾਪਤੀ ਦੀ ਅਗਵਾਈ। ਸਾਨੂੰ ਇਤਿਹਾਸ ਵਿੱਚੋਂ ਐਸੇ ਗਿਣੇ-ਚੁਣੇ ਨਾਂ ਹੀ ਮਿਲਣਗੇ ਜੋ ਇਸ ਕਸੌਟੀ ’ਤੇ ਖਰੇ ਉਤਰਦੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਉੱਚੀ ਤੇ ਨਿਵੇਕਲੀ ਥਾਂ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ।

ਬਾਬਾ ਜੀ ਕਲਗੀਧਰ ਪਿਤਾ ਦੀ ਬਹੁਮੁੱਲੀ ਚੋਣ ਸਨ ਜਿਨ੍ਹਾਂ ਨੇ ਇਤਿਹਾਸ ਵਿਚ ਪਹਿਲੀ ਵਾਰੀ ਸਿੱਖ ਰਾਜ ਦੀ ਨੀਂਹ ਰੱਖੀ। ਉਨ੍ਹਾਂ ਨੇ ਪੰਥ ਨੂੰ ਐਸੇ ਸਮੇਂ ਸਾਂਭਿਆ ਜਿਸ ਵੇਲੇ ਗੁਰੂ ਸਾਹਿਬ ਜੀ ਚਲਾਣਾ ਕਰ ਚੁੱਕੇ ਸਨ, ਸਿੱਖ ਧਰਮ ਦੇ ਹੋਂਦ ਵਿਚ ਆਉਣ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਪੰਥ ਕੋਲ ਕਿਸੇ ਸ਼ਖ਼ਸੀ ਗੁਰੂ ਦੀ ਅਗਵਾਈ ਨਹੀਂ ਸੀ। ਐਸੇ ਸਮੇਂ ਬੇ-ਆਗੂ ਹੋਣ ਕਾਰਨ ਕੌਮ ਭਟਕ ਸਕਦੀ ਸੀ। ਉਨ੍ਹਾਂ ਨੇ ਪੰਥ ਨੂੰ ਗੁਰਬਾਣੀ ਦੀ ਛਤਰ-ਛਾਇਆ ਹੇਠ ਗੁਰੂ ਸਾਹਿਬਾਨ ਦੇ ਨਾਂ ’ਤੇ ਸੰਗਠਿਤ ਕੀਤਾ, ਫੌਜਾਂ ਨੂੰ ਗੁਰੂ ਸਾਹਿਬ ਜੀ ਦੀ ਸ਼ਖ਼ਸੀ ਗੈਰ-ਮੌਜੂਦਗੀ ਵਿਚ ਇਕੱਠਾ ਤੇ ਲਾਮਬੰਦ ਕੀਤਾ ਤੇ ਸਿੱਖ ਇਤਿਹਾਸ ਵਿਚ ਪਹਿਲੀ ਵਾਰੀ ਮਾਸੂਮ ਸ਼ਹਾਦਤਾਂ ਦੇ ਦੋਖੀਆਂ ਨੂੰ ਸਿੱਧੀ ਸਜ਼ਾ ਦਿੱਤੀ ਗਈ, ਸਦੀਆਂ ਤੋਂ ਚੱਲੇ ਆ ਰਹੇ ਜ਼ੁਲਮੀ ਰਾਜ ਨੂੰ ਠੱਲ੍ਹ ਪਾਉਣ ਦਾ ਯਤਨ ਕੀਤਾ।

ਮਾਧੋਦਾਸ ਤਪੱਸਵੀ ਦਾ ਸਿੰਘ ਸਜਣਾ ਤੇ ਉਨ੍ਹਾਂ ਦੀ ਪੰਥ ਦੇ ਜਥੇਦਾਰ ਵਜੋਂ ਚੋਣ ਆਪਣੇ ਆਪ ਵਿਚ ਬੜੀ ਹੀ ਆਤਮਿਕ ਗੁਹਜਤਾ ਵਾਲੀਆਂ ਘਟਨਾਵਾਂ ਹਨ, ਜਿਨ੍ਹਾਂ ਦਾ ਬ੍ਰਿਤਾਂਤ ਇਕ ਵੱਖਰੇ ਸੰਦਰਭ ਵਿਚ ਕੀਤਾ ਜਾ ਸਕਦਾ ਹੈ। ਇਸ ਲੇਖ ਵਿਚ ਸਰਹਿੰਦ ਫਤਹਿ ’ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ।

ਮਾਧੋਦਾਸ ਨੂੰ ਸਿੰਘ ਸਜਾ ਕੇ ਜਥੇਦਾਰ ਥਾਪਣਾ ਇਕ ਰੂਹਾਨੀ ਖੇਡ ਤੇ ਪੰਥ ਦੇ ਵਾਲੀ ਦਾ ਬੜਾ ਹੀ ਸੋਚਿਆ-ਸਮਝਿਆ ਤੇ ਠਰੰਮੇ ਨਾਲ ਲਿਆ ਫੈਸਲਾ ਸੀ, ਕਿਉਂਕਿ ਸਿਰਫ਼ ਅੱਠ ਸਾਲਾਂ ਵਿਚ ਬਾਬਾ ਬੰਦਾ ਸਿੰਘ ਜੀ ਨੇ ਜੋ ਇਤਿਹਾਸ ਸਿਰਜਿਆ ਉਹ ਆਪਣੇ ਆਪ ਵਿਚ ਇਕ ਮਿਸਾਲ ਹੈ।

ਉਨ੍ਹਾਂ ਦੇ ਅੱਠ ਸਾਲਾਂ ਦੇ ਇਤਿਹਾਸ ਤੋਂ ਇਹ ਸਾਫ ਹੋ ਜਾਂਦਾ ਹੈ ਕਿ ਬਾਬਾ ਬੰਦਾ ਸਿੰਘ ਜੀ ਦੀ ਪੰਥਕ ਆਗੂ ਵਜੋਂ ਚੋਣ ਵਿਚ ਗੁਰੂ ਸਾਹਿਬ ਜੀ ਦੀ ਸੂਝ-ਬੂਝ ਤੇ ਦੂਰ-ਅੰਦੇਸ਼ੀ ਹੀ ਕੰਮ ਕਰ ਰਹੀ ਸੀ। ਪੰਥ ਦੇ ਮੰਨੇ-ਪ੍ਰਮੰਨੇ ਇਤਿਹਾਸਕਾਰ ਡਾ. ਗੰਡਾ ਸਿੰਘ ਜੀ ਦੇ ਲਫਜ਼ਾਂ ਵਿਚ “ਇਕ ਨਕਾਰੇ ਅਹਿੰਸਾਤਮਕ ਬੈਰਾਗੀ ਨੂੰ ਕੁਝ ਹੀ ਦਿਨਾਂ ਵਿਚ ‘ਅੰਮ੍ਰਿਤ’ ਦੀ ਸ਼ਕਤੀ ਨਾਲ ਇਕ ਸੱਚਾ ਗੁਰਸਿੱਖ ਤੇ ਮਹਾਨ ਸ਼ਹੀਦਾਂ, ਜੋਧਿਆਂ ਦੀ ਕੌਮ ਦੇ ਆਗੂ ਵਿਚ ਬਦਲ ਦੇਣਾ ਇਕ ਕ੍ਰਿਸ਼ਮਾ ਹੀ ਸੀ।” ਵਾਕਈ ਇਹ ਕ੍ਰਿਸ਼ਮਾ ਹੀ ਸੀ ਜੋ ਨਾਂਦੇੜ ਦੀ ਧਰਤੀ ’ਪਰ ਹੋਇਆ, ਜਿਸ ਨੇ ਇਕ ਬੈਰਾਗੀ ਨੂੰ ਇਤਿਹਾਸ ਦਾ ਸਭ ਤੋਂ ਵੱਡਾ ਸ਼ਹੀਦ ਬਣਾ ਦਿੱਤਾ ਤੇ ਆਪ ਬਾਬਾ ਬੰਦਾ ਸਿੰਘ ਜੀ ਵੱਲੋਂ ਵੀ ਆਤਮਿਕ ਅਨੰਦ ਦੀ ਪ੍ਰਾਪਤੀ ਲਈ ਦਿੱਤੀ ਗਈ ਸਭ ਤੋਂ ਵੱਧ ਤੇ ਅਮੁੱਲੀ ਭੇਟ ਸੀ। ਉਨ੍ਹਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਨ੍ਹਾਂ ਬਚਨਾਂ ਦਾ ਇੱਕ-ਇੱਕ ਅੱਖਰ ਸਾਕਾਰ ਕਰ ਦਿੱਤਾ ਸੀ:

ਹਉ ਮਨੁ ਅਰਪੀ ਸਭੁ ਤਨੁ ਅਰਪੀ ਅਰਪੀ ਸਭਿ ਦੇਸਾ॥
ਹਉ ਸਿਰੁ ਅਰਪੀ ਤਿਸੁ ਮੀਤ ਪਿਆਰੇ ਜੋ ਪ੍ਰਭ ਦੇਇ ਸਦੇਸਾ॥ (ਪੰਨਾ 247)

ਇਕ ਵਾਰੀ ਆਪਾਂ ਗੁਰੂ ਦੇ ਚਰਨ-ਕਮਲਾਂ ’ਪਰ ਵਾਰਨ ਤੋਂ ਬਾਅਦ ਤਾਂ ਦੁੱਖ, ਤਕਲੀਫਾਂ, ਤਸੀਹੇ ਤੇ ਮੌਤ ਵੀ ਉਸ ਮਰਜੀਵੜੇ ਨੂੰ ਆਪਣੇ ਸਿਦਕ ਤੋਂ ਨਹੀਂ ਡੁਲ੍ਹਾ ਸਕੀ। ਗੁਰਦੇਵ ਪਿਤਾ ਜੀ ਦੀ ਕਿਰਪਾਦ੍ਰਿਸ਼ਟੀ ਦੇ ਨਾਲ ਉਨ੍ਹਾਂ ਵੱਲੋਂ ਬਖਸ਼ੇ ਪੰਜ ਤੀਰ, ਇਕ ਨਿਸ਼ਾਨ ਸਾਹਿਬ, ਇਕ ਨਗਾਰਾ ਦੇ (ਮਜ਼ਬੂਤ) ਸ਼ਸਤਰ ਭੰਡਾਰ ਤੇ ਵੀਹ ਸਿੰਘਾਂ ਦੀ ਮੁੱਢਲੀ ਫੌਜ ਲੈ ਕੇ ਉਹ ਸੈਨਾਪਤੀ ਵਕਤ ਦੀ ਸਭ ਤੋਂ ਮਜ਼ਬੂਤ ਤੇ ਜ਼ਾਲਮ ਹਕੂਮਤ ਨਾਲ ਟੱਕਰ ਲੈਣ ਲਈ, ਅੱਖਾਂ ਵਿਚ ਆਪਣੇ ਗੁਰੂ ਦੇ ਸੁਪਨੇ ਸੰਜੋ ਕੇ ਮਹਾਂਰਾਸ਼ਟਰ ਤੋਂ ਪੰਜਾਬ ਵੱਲ ਤੁਰ ਪਿਆ। ਇਨ੍ਹਾਂ ਵੀਹ ਸਿੰਘਾਂ ਤੋਂ ਅੱਠ ਸਾਲਾਂ ਵਿਚ ਗੁਰਦਾਸ ਨੰਗਲ ਦੀ ਗੜੀ ਤਕ ਦਸ ਹਜ਼ਾਰ ਸਿੰਘਾਂ ਦੀ ਵਿਸ਼ਾਲ ਫੌਜ ਤਕ ਦਾ ਸਫਰ ਕੋਈ ਜਮਾਂਦਰੂ ਪ੍ਰਤਿਭਾ ਵਾਲਾ ਸ਼ਖ਼ਸ ਹੀ ਕਰ ਸਕਦਾ ਸੀ। ਇਸੇ ਜਮਾਂਦਰੂ ਪ੍ਰਤਿਭਾ ਨੂੰ ਜਿਸ ਨੇ ਸਮਾਜਿਕ ਸੁਖਾਂ ਵੱਲੋਂ ਭਰ-ਜੁਆਨੀ ਵਿਚ ਮੂੰਹ ਮੋੜ ਕੇ ਮਨ ਨੂੰ ਵੱਸ ਕਰ ਲਿਆ ਸੀ, ਔਖੇ ਤੇ ਕਰੜੇ ਤਪਾਂ ਦੀ ਭੱਠੀ ਵਿਚ ਸਾੜ ਕੇ ਜਿਸਮ ਨੂੰ ਆਪਣੇ ਵੱਸ ਵਿਚ ਕੀਤਾ ਸੀ, ਜਿਸ ਨੇ ਆਤਮਿਕ ਉਚਾਈ ਤਕ ਅਪੜਨ ਲਈ ਆਪਣਾ ਆਪਾ ਵਾਰਨ ਤਕ ਦੇਰ ਨਾ ਲਾਈ, ਨੂੰ ਇਕ ਦੂਸਰੀ ਜਮਾਂਦਰੂ ਪ੍ਰਤਿਭਾ ਨੇ ਖਿਨ ਵਿਚ ਪਛਾਣ ਲਿਆ।

ਦਿੱਲੀ ਤਕ ਦੀ ਆਪਣੀ ਮੁਹਿੰਮ ਵਿਚ ਕਈ ਔਕੜਾਂ, ਤਕਲੀਫਾਂ ਸਹਾਰਦੇ ਹੋਏ ਉਹ ਦਿੱਲੀ ਦੇ ਨੇੜੇ ਪੁੱਜ ਗਏ ਤੇ ਇੱਥੋਂ ਹੀ ਉਨ੍ਹਾਂ ਨੇ ਪੰਜਾਬ ਤੇ ਖਾਸ ਤੌਰ ’ਤੇ ਮਾਝੇ, ਮਾਲਵੇ ਦੇ ਸਿੱਖਾਂ ਨੂੰ ਗੁਰੂ ਸਾਹਿਬ ਜੀ ਦੇ ਹੁਕਮਨਾਮੇ ਭੇਜੇ ਤੇ ਇਕੱਠੇ ਹੋਣ ਲਈ ਕਿਹਾ। ਇਸੇ ਦੌਰਾਨ ਬਾਬਾ ਜੀ ਦੀ ਮੁਗ਼ਲਾਂ ਨਾਲ ਪਹਿਲੀ ਝੜਪ ਸੋਨੀਪਤ ਵਿਚ ਹੋਈ ਤੇ ਇਸ ਤੋਂ ਬਾਅਦ ਬਾਬਾ ਜੀ ਨੇ ਸਮਾਣਾ ਤੇ ਸਢੌਰਾ ਫਤਹਿ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਜਲਾਦਾਂ ਨੂੰ ਸਜ਼ਾ ਦਿੱਤੀ। ਇਨ੍ਹਾਂ ਜਿੱਤਾਂ ਤੋਂ ਬਾਅਦ ਬਾਬਾ ਜੀ ਨੇ ਸਰਹਿੰਦ ’ਤੇ ਚੜ੍ਹਾਈ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਮੁਗ਼ਲੀਆ ਕਾਲ ਵਿਚ ਦਿੱਲੀ ਤੋਂ ਲਾਹੌਰ ਦੇ ਰਸਤੇ ਵਿਚ ਸਰਹਿੰਦ ਸਭ ਤੋਂ ਵੱਡਾ ਸ਼ਹਿਰ ਸੀ। ਇਸ ਲਈ ਇਸ ਨੂੰ ਖਾਸ ਵਿਉਂਤਬੰਦ (planned) ਤਰੀਕੇ ਨਾਲ ਉਸਾਰਿਆ ਗਿਆ ਸੀ। ਪਰ ਜਿਸ ਦਿਨ ਤੋਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕੀਤਾ ਗਿਆ, ਉਸ ਦਿਨ ਤੋਂ ਸਿੱਖਾਂ ਨੇ ਇਸ ਨੂੰ ‘ਗੁਰੂ ਮਾਰੀ ਸਰਹਿੰਦ’ ਕਹਿਣਾ ਸ਼ੁਰੂ ਕਰ ਦਿੱਤਾ। ਆਮ ਲੋਕੀਂ ਵੀ ਡਰੇ ਸਹਿਮੇ ਰਹਿੰਦੇ ਤੇ ਜਦੋਂ ਤੋਂ ਸਾਰਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਦੱਖਣ ਤੋਂ ਤੁਰਨ ਦੀ ਖ਼ਬਰ ਸੁਣੀ ਸੀ, ਇਕ ਅਣਜਾਣਾ ਡਰ ਹਰ ਪਾਸੇ ਪਸਰ ਰਿਹਾ ਸੀ। ਸਭ ਤੋਂ ਵੱਧ ਡਰਿਆ ਹੋਇਆ ਸੀ ਆਪ ਵਜ਼ੀਰ ਖਾਨ, ਭਾਵੇਂ ਉਪਰੋਂ ਕਿੰਨੀਆਂ ਹੀ ਡੀਂਗਾਂ ਕਿਉਂ ਨਾ ਮਾਰ ਲਵੇ, ਪਰ ਕਹਿੰਦੇ ਹਨ ਕਿ ‘ਪਾਪੀ ਕੇ ਮਾਰਨ ਕੋ ਪਾਪ ਮਹਾਂਬਲੀ ਹੈ’ ਠੀਕ ਉਸੇ ਤਰ੍ਹਾਂ ਉਹ ਬਾਬਾ ਜੀ ਦੇ ਸਮਾਣੇ, ਸਢੌਰੇ, ਸੋਨੀਪਤ ਆਦਿ ਦੀਆਂ ਜਿੱਤਾਂ ਬਾਰੇ ਸੁਣ ਕੇ ਅੰਦਰ ਹੀ ਅੰਦਰ ਸੜਦਾ-ਭੁੱਜਦਾ ਰਿਹਾ। ਹਰ ਸਮੇਂ ਇਕ ਆਤੰਕ ਜਿਹਾ ਸਰਹਿੰਦ ’ਪਰ ਛਾਇਆ ਰਹਿੰਦਾ। ਇਤਿਹਾਸਕਾਰ ਮੁਹੰਮਦ ਲਤੀਫ ਨੇ ਲਿਖਿਆ ਹੈ ਕਿ ਅੱਧੀ-ਅੱਧੀ ਰਾਤੀਂ ਵਜ਼ੀਰ ਖਾਨ ਨੀਂਦਰ ਵਿੱਚੋਂ ਉੱਠ ਕੇ ਬੁੜਬੁੜਾ ਪੈਂਦਾ ਸੀ, “ਬੰਦਾ ਆਇਆ, ਬੰਦਾ ਆਇਆ।” ਇਹੋ ਹਾਲ ਸੁੱਚਾ ਨੰਦ ਸਮੇਤ ਹੋਰ ਦਰਬਾਰੀਆਂ ਦਾ ਵੀ ਸੀ।

ਮਾਲਵੇ ਤੇ ਮਾਝੇ ਦੇ ਸਿੰਘਾਂ ਤੇ ਹੋਰ ਹਰ ਪਾਸਿਓਂ ਆਏ ਖਾਲਸੇ ਦੇ ਮਿਲਣ ’ਪਰ  ਬਾਬਾ ਜੀ ਨੇ ਬੜੇ ਹੀ ਠਰੰਮੇ ਨਾਲ ਤਿਆਰੀਆਂ ਅਰੰਭ ਕੀਤੀਆਂ ਕਿਉਂਕਿ ਗੁਰਦੇਵ ਪਿਤਾ ਦੇ ਚਲਾਣੇ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਖਾਲਸੇ ਦਾ ਇੰਨਾ ਵੱਡਾ ਇਕੱਠ ਹੋਇਆ ਸੀ। ਇਹ ਐਸਾ ਮੌਕਾ ਸੀ ਕਿ ਪੰਥ ਨੇ ਗੁਰੂ ਸਾਹਿਬਾਨ ਤੋਂ ਬਾਅਦ ਪਹਿਲੀ ਵਾਰੀ ਸ਼ਬਦ ਗੁਰੂ ਦੀ ਰੂਹਾਨੀ ਅਗਵਾਈ ਤੇ ਕਿਸੇ ਜਥੇਦਾਰ ਦੀ ਸਰਪ੍ਰਸਤੀ ਵਿਚ ਨਵੇਂ ਸਿਰੇ ਆਪਣੀਆਂ ਰਹੁ-ਰੀਤਾਂ ਤੈਅ ਕਰਨੀਆਂ ਸਨ, ਬਿਨਾਂ ਕਿਸੇ ਇਕ ਹੁਕਮ, ਸੋਚ ਸਮਝ ਕੇ ਸਰਬ-ਸੰਮਤੀ ਨਾਲ ਫੈਸਲੇ ਲੈਣੇ ਸਨ। ਬਾਬਾ ਜੀ ਆਪ ਦੂਰ-ਅੰਦੇਸ਼ ਹੁੰਦਿਆਂ ਹੋਇਆਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਸਨ ਕਿ ਇਹੀ ਮੌਕਾ ਸੀ ਜਦਕਿ ਪੰਥ ਨੂੰ ਇਕਜੁੱਟ ਕਰਨ ਲਈ ਕਿਸੇ ਠੋਸ ਮਕਸਦ ਦੀ ਲੋੜ ਸੀ। ਸਰਹਿੰਦ ’ਪਰ ਚੜ੍ਹਾਈ ਇਕ ਐਸਾ ਮਕਸਦ ਸੀ ਜੋ ਸਾਰਿਆਂ ਲਈ ਸਾਂਝਾ ਸੀ, ਇਸ ਤੋਂ ਬਾਅਦ ਪੰਥ ਨੂੰ ਇਕਜੁੱਟ ਕਰਨ ਦਾ, ਆਉਣ ਵਾਲੇ ਸਮਿਆਂ ਲਈ ਨਵੀਂ ਮਿਸਾਲ ਕਾਇਮ ਕਰਨ ਦਾ, ਕਿਉਂਕਿ ਇਸ ਤੋਂ ਬਾਅਦ ਹੁਣ ਸਦਾ ਲਈ ਪੰਥ ਨੇ ਸ਼ਬਦ-ਗੁਰੂ ਤੇ ਯੋਗ ਜਥੇਦਾਰ ਦੀ ਅਗਵਾਈ ਵਿਚ ਵਿਚਰਨਾ ਸੀ। ਇਸ ਲਈ ਬਾਬਾ ਜੀ ਸਰਹਿੰਦ ਦੀ ਚੜ੍ਹਾਈ ਨੂੰ ਫੈਸਲਾਕੁੰਨ ਤੇ ਯਾਦਗਾਰੀ ਬਣਾਉਣਾ ਚਾਹੁੰਦੇ ਸਨ ਤੇ ਨਾਲ ਹੀ ਦੁਸ਼ਮਣ ਨੂੰ ਵੀ ਤਿਆਰੀ ਦਾ ਪੂਰਾ ਮੌਕਾ ਦੇ ਰਹੇ ਸਨ ਤਾਂ ਜੋ ਉਸ ਦੇ ਦਿਲ ਵਿਚ ਹਾਰ ਦਾ ਕੋਈ ਮਲਾਲ ਨਾ ਰਹਿ ਜਾਏ।

ਇਸ ਲਈ ਸਰਹਿੰਦ ਦੀ ਚੜ੍ਹਾਈ ਤੋਂ ਪਹਿਲਾਂ, ਪਹਿਲੀ ਵਾਰ ਬਾਬਾ ਬੰਦਾ ਸਿੰਘ ਜੀ ਨੇ ਫੌਜ ਨੂੰ ਲਾਮਬੰਦ ਕੀਤਾ ਤੇ ਵੱਖ-ਵੱਖ ਦਸਤਿਆਂ ਵਿਚ ਵੰਡਿਆ। ਖਾਸ ਤੌਰ ’ਤੇ ਪੂਰੀ ਚੜ੍ਹਾਈ ਦੀ ਵਿਉਂਤ ਬਣਾਈ ਗਈ ਤੇ ਨਾਲ ਹੀ ਵਜ਼ੀਰ ਖਾਨ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ ਗਿਆ। ਉਸ ਕੋਲ ਉਸ ਵੇਲੇ 15 ਹਜ਼ਾਰ ਤਨਖਾਹਦਾਰ ਫੌਜ ਸੀ, ਇਸ ਦੇ ਨਾਲ ਹੀ ਇਸ ਤੋਂ ਕਈ ਗੁਣਾ ਵੱਧ ਗਾਜ਼ੀਆਂ ਨੂੰ ਇਸਲਾਮ ਦਾ ਵਾਸਤਾ ਦੇ-ਦੇ ਕੇ ਉਸ ਨੇ ਇਕੱਠਾ ਕਰ ਲਿਆ ਸੀ। ਤਕਰੀਬਨ 35-40 ਹਜ਼ਾਰ ਦੀ ਫੌਜ ਦੇ ਨਾਲ-ਨਾਲ ਬਹੁਤ ਜ਼ਿਆਦਾ ਤਾਦਾਦ ਵਿਚ ਘੋੜੇ, ਹਾਥੀ ਤੇ ਨਾਲ ਹੀ 57 ਤੋਪਾਂ ਵੀ ਸਨ। ਦੂਜੇ ਪਾਸੇ ਬਾਬਾ ਜੀ ਕੋਲ ਤਕਰੀਬਨ 10 ਹਜ਼ਾਰ ਸਿੱਖ ਇਕੱਠੇ ਹੋ ਚੁੱਕੇ ਸਨ ਜਿਨ੍ਹਾਂ ਵਿੱਚੋਂ ਐਨ ਜੰਗ ਤੋਂ ਪਹਿਲਾਂ ਚਾਰ ਹਜ਼ਾਰ ਧਾੜਵੀ ਤੇ ਲੁਟੇਰੇ ਮੈਦਾਨ ਛੱਡ ਕੇ ਭੱਜ ਗਏ।

ਯੁੱਧ-ਕਲਾ ਦੇ ਦ੍ਰਿਸ਼ਟੀਕੋਣ ਤੋਂ ਜੇ ਇਸ ਜੰਗ ਦਾ ਸਰਵੇਖਣ ਕੀਤਾ ਜਾਵੇ ਤਾਂ ਉਹ ਵੀ ਬਾਬਾ ਬੰਦਾ ਸਿੰਘ ਜੀ ਦੀ ਜਮਾਂਦਰੂ ਪ੍ਰਤਿਭਾ ਨੂੰ ਸਾਫ ਪੇਸ਼ ਕਰਦਾ ਹੈ। ਬਾਬਾ ਬੰਦਾ ਸਿੰਘ ਜੀ ਆਪਣੇ ਜੀਵਨ ਦਾ ਪਹਿਲਾ ਵੱਡਾ ਯੁੱਧ ਲੜ ਰਹੇ ਸਨ। ਨਾਂਦੇੜ ਤੋਂ ਪੰਜਾਬ ਤਕ ਦੇ ਸਫ਼ਰ ਵਿਚ ਹੋਏ ਟਾਕਰੇ ਕਿਸੇ ਵੱਡੇ ਯੁੱਧ ਦੇ ਮਿਆਰ ਦੇ ਨਹੀਂ ਸਨ। ਸਮਾਣਾ ਤੇ ਸਢੌਰਾ ਦੀ ਫਤਹਿ ਬੇਸ਼ੱਕ ਸਿੱਖਾਂ ਦਾ ਸਵੈ-ਵਿਸ਼ਵਾਸ ਕਾਇਮ ਕਰਨ ਵਿਚ ਕਾਮਯਾਬ ਰਹੀ ਸੀ ਪਰ ਹਾਲੇ ਤਕ ਬਾਬਾ ਬੰਦਾ ਸਿੰਘ ਜੀ ਨੂੰ ਆਪਣੀ ਮਿਆਰ ਦਾ ਸੈਨਾਪਤੀ ਨਹੀਂ ਟੱਕਰਿਆ ਸੀ। ਪਰ ਸਰਹਿੰਦ ਦੀ ਮੁਹਿੰਮ ਦੀ ਗੱਲ ਵੱਖਰੀ ਸੀ, ਇਥੇ ਮੁਕਾਬਲਾ ਸੀ ਸਦੀਆਂ ਤੋਂ ਜ਼ੁਲਮ ਬਰਦਾਸ਼ਤ ਕਰ ਰਹੀ ਸਿੱਖ ਕੌਮ ਅਤੇ ਜ਼ਾਲਮ ਮੁਗ਼ਲਾਂ ਵਿਚ। ਉਨ੍ਹਾਂ ਮੁੱਠੀ-ਭਰ ਸਿੱਖਾਂ ਵਿਚ ਜਿਨ੍ਹਾਂ ਦੀ ਸੈਨਿਕ ਸਿਖਲਾਈ (training) ਮੁਗ਼ਲਾਂ ਦੇ ਮੁਕਾਬਲੇ ਨਾਂਹ ਦੇ ਬਰਾਬਰ ਸੀ ਤੇ ਉਸ ਸ਼ਾਹੀ ਫੌਜ ਵਿਚ ਜੋ ਆਪਣੇ ਬਾਹੂਬਲ ਨਾਲ ਸਾਰੇ ਦੇਸ਼ ’ਤੇ ਰਾਜ ਕਰ ਰਹੀ ਸੀ। ਇਹ ਮੁਕਾਬਲਾ ਸੀ ਸਿੱਖਾਂ ਦੇ ਸਧਾਰਨ ਸ਼ਸਤਰਾਂ ਤੇ ਘੱਟ-ਗਿਣਤੀ ਵਿਚ ਮੌਜੂਦ ਘੋੜਿਆਂ ਤੇ ਮੁਗ਼ਲਾਂ ਦੇ ਉਸ ਵੇਲੇ ਦੇ ਵਧੀਆ ਤੋਂ ਵਧੀਆ ਸ਼ਸਤਰਾਂ, ਤੋਪਾਂ, ਹਾਥੀਆਂ ਤੇ ਘੋੜਿਆਂ ਦੇ ਅਮੁੱਕ ਭੰਡਾਰ ਨਾਲ। ਇਹ ਮੁਕਾਬਲਾ ਸੀ ਧਰਮ ਤੇ ਅਧਰਮ ਵਿਚ ਤੇ ਸਭ ਤੋਂ ਵੱਧ ਇਹ ਮੁਕਾਬਲਾ ਸੀ ਹੁਣੇ-ਹੁਣੇ ਸਿੰਘ ਸਜੇ ਬਾਬਾ ਬੰਦਾ ਸਿੰਘ ਤੇ ਕਦੇ ਕੋਈ ਯੁੱਧ ਨਾ ਹਾਰਨ ਵਾਲੇ ਵਜ਼ੀਰ ਖਾਨ ਵਿਚ ਜਿਸ ਦੀ ਸੈਨਿਕ ਪ੍ਰਤਿਭਾ ਤੇ ਸਟੀਕ ਅਗਵਾਈ ਦਾ ਲੋਹਾ ਦਿੱਲੀ ਸਰਕਾਰ ਵੀ ਮੰਨਦੀ ਸੀ।

12 ਮਈ 1710 ਈ: ਨੂੰ ਖਾਲਸਈ ਫੌਜ ਨੇ ਸਰਹਿੰਦ ਤੋਂ ਕੁਝ ਵਿੱਥ ’ਤੇ ਚੱਪੜਚਿੜੀ ਦੇ ਖੁੱਲ੍ਹੇ ਮੈਦਾਨ ਵਿਚ ਡੇਰਾ ਲਾਇਆ। ਇਸ ਮੈਦਾਨ ਦੇ ਲਾਗੇ ਦਰਮਿਆਨੇ ਬਿਰਛਾਂ ਦੀ ਭਰਮਾਰ ਸੀ ਜਿਸ ਵਿਚ ਪਾਣੀ ਦੀ ਇਕ ਛੋਟੀ ਛੰਭ ਤੇ ਨਾਲ ਹੀ ਇਕ ਛੋਟਾ ਜਿਹਾ ਟਿੱਬਾ ਵੀ ਸੀ ਜਿਸ ਨੂੰ ਵਜ਼ੀਰ ਖਾਨ ਨੇ ਨਜ਼ਰਅੰਦਾਜ਼ ਕਰ ਦਿੱਤਾ ਸੀ। ਇਹ ਇਕ ਸੈਨਾਪਤੀ ਵਜੋਂ ਕੀਤੀ ਗਈ ਉਸ ਦੀ ਪਹਿਲੀ ਭਾਰੀ ਭੁੱਲ ਸੀ ਜਿਸ ਨੂੰ ਬਾਬਾ ਜੀ ਨੇ ਪਹਿਲੀ ਨਜ਼ਰ ਵਿਚ ਹੀ ਭਾਂਪ ਲਿਆ ਸੀ। ਬਾਬਾ ਜੀ ਨੇ ਉਸ ਛੰਭ ਅਤੇ ਟਿੱਬੇ ਨੂੰ ਯੁੱਧ ਸਮੇਂ ਸੈਨਾ ਦੇ ਸੰਚਾਲਨ ਲਈ ਆਪਣਾ ਸਦਰ ਬਣਾਇਆ। ਇਹ ਵਾਕਈ ਬਾਬਾ ਬੰਦਾ ਸਿੰਘ ਬਹਾਦਰ ਦੀ ਸੂਝ-ਬੂਝ ਨੂੰ ਪ੍ਰਗਟਾਉਂਦਾ ਫੈਸਲਾ ਸੀ ਕਿਉਂਕਿ ਇਤਿਹਾਸ ਗਵਾਹ ਹੈ ਕਿ ਕੁਝ ਸੈਨਾਵਾਂ ਸਿਰਫ ਪਾਣੀ ਦੀ ਘਾਟ ਕਾਰਨ ਯੁੱਧ ਵਿਚ ਮਾਤ ਖਾ ਗਈਆਂ। ਜੰਗਾਂ ਵਿਚ ਇੱਕ-ਇੱਕ ਬੂੰਦ ਪਾਣੀ ਦਾ ਮਹੱਤਵ ਹੈ ਤੇ ਇਸ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਘੇਰੇ ਤੋਂ ਬਾਅਦ ਸਿੱਖ ਚੰਗੀ ਤਰ੍ਹਾਂ ਸਮਝ ਚੁੱਕੇ ਸਨ ਤੇ ਟਿੱਬਾ ਆਪਣੀ ਉਚਾਈ ਕਾਰਨ ਜੰਗ ਸਮੇਂ ਸੈਨਾਪਤੀ ਵੱਲੋਂ ਸੈਨਾ ਦੇ ਨਿਰੀਖਣ ਲਈ ਸਪਾਟ ਮੈਦਾਨ ਨਾਲੋਂ ਜ਼ਿਆਦਾ ਫਾਇਦੇਮੰਦ ਸੀ।

ਜਿਵੇਂ ਕਿ ਪਹਿਲਾਂ ਦੋਵੇਂ ਫੌਜਾਂ ਦੀ ਤਾਦਾਦ ਦੱਸੀ ਜਾ ਚੁੱਕੀ ਹੈ। ਸਾਫ ਹੈ ਕਿ ਵਜ਼ੀਰ ਖਾਨ ਕੋਲ ਤਾਕਤ ਜ਼ਿਆਦਾ ਸੀ। ਉਹ ਹਮਲਾ ਕਰਕੇ ਬੜੇ ਅਸਾਨੀ ਨਾਲ ਸਿੱਖਾਂ ਦਾ ਸਫਾਇਆ ਕਰ ਸਕਦਾ ਸੀ। ਇਹ ਸੈਨਿਕ ਦ੍ਰਿਸ਼ਟੀਕੋਣ ਤੋਂ ਵਜ਼ੀਰ ਖਾਨ ਦੀ ਦੂਜੀ ਵੱਡੀ ਗ਼ਲਤੀ ਸੀ ਕਿ ਉਹ ਸਰਹਿੰਦ ਵਿਚ ਬੈਠ ਕੇ ਸਿੱਖ ਫੌਜਾਂ ਦਾ ਇੰਤਜ਼ਾਰ ਕਰਦਾ ਰਿਹਾ, ਜਦੋਂ ਕਿ ਖਾਲਸਈ ਫੌਜਾਂ ਦੇ ਹਰ ਕਦਮ ਦੀ ਖ਼ਬਰ ਉਸ ਦੇ ਸੂਹੀਏ ਉਸ ਨੂੰ ਦੇ ਰਹੇ ਸਨ। ਯੁੱਧ-ਕਲਾ ਦਾ ਇਤਿਹਾਸ ਗਵਾਹ ਹੈ ਕਿ ਹਮਲਾਵਰ ਹਮੇਸ਼ਾਂ ਰੱਖਿਆ ਨੀਤੀ ਅਪਣਾਉਣ ਵਾਲੇ ਨਾਲੋਂ ਜ਼ਿਆਦਾ ਜਿੱਤ ਦੇ ਨੇੜੇ ਹੁੰਦਾ ਹੈ। ਪਹਿਲਾਂ ਤਾਂ ਉਸ ਦੇ ਵਿਚ ਅਗਲੇ ਨਾਲੋਂ ਜ਼ਿਆਦਾ ਚੜ੍ਹਦੀ ਕਲਾ ਹੁੰਦੀ ਹੈ, ਦੂਜੀ ਗੱਲ ਹਮਲਾਵਰ ਕੋਲ ਹਮੇਸ਼ਾਂ ਹੀ ਦੋ ਰਸਤੇ ਹੁੰਦੇ ਹਨ-ਪਹਿਲਾਂ ਤਾਂ ਹਮਲਾ ਕਰਕੇ ਵਿਰੋਧੀ ਨੂੰ ਸਿੱਧਾ ਜਿੱਤ ਲਵੇ ਤੇ ਦੂਜਾ, ਉਸ ਦਾ ਪਾਸਾ ਹਮਲੇ ਵਿਚ ਕਮਜ਼ੋਰ ਵੀ ਪੈ ਜਾਵੇ ਤਾਂ ਮੁੜ ਉਸ ਕੋਲ ਬਚਾਅ ਦਾ ਰਸਤਾ ਖੁੱਲ੍ਹਾ ਹੈ, ਪਰ ਬਚਾਅ ਨੀਤੀ ਅਪਣਾਉਣ ਵਾਲੇ ਕੋਲ ਕੋਈ ਦੂਜਾ ਰਸਤਾ ਨਹੀਂ ਹੁੰਦਾ ਹੈ। ਇਸ ਦੇ ਬਾਵਜੂਦ ਵੀ ਵਜ਼ੀਰ ਖਾਨ ਨੇ ਬਚਾਅ ਨੀਤੀ ਅਪਣਾਈ ਤੇ ਬਾਬਾ ਬੰਦਾ ਸਿੰਘ ਜੀ ਨੇ ਹਮਲਾਵਰ ਨੀਤੀ। ਐਸਾ ਫੈਸਲਾ ਇਕ ਬੇਧੜਕ ਜਮਾਂਦਰੂ ਪ੍ਰਤਿਭਾ ਵਾਲਾ ਸੈਨਾਪਤੀ ਹੀ ਕਰ ਸਕਦਾ ਸੀ।

ਯੁੱਧ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਜੀ ਨੇ ਖਾਲਸਈ ਫੌਜ ਦਾ ਬੜਾ ਹੀ ਸੂਖਮ ਨਿਰੀਖਣ ਕਰ ਕੇ ਸੈਨਾ ਦੀ ਵਿਉਂਤ ਬਣਾਈ ਤੇ ਫੌਜ ਨੂੰ ਚਾਰ ਹਿੱਸਿਆਂ ਵਿਚ ਵੰਡਿਆ, ਜਿਸ ਵਿਚ ਸੱਜੇ ਪਾਸੇ ਗਾਜ਼ੀਆਂ ਦੇ ਸਾਹਮਣੇ ਭਾਈ ਬਾਜ ਸਿੰਘ ਜੀ ਦੀ ਕਮਾਨ ਹੇਠ ਮਝੈਲ ਤੇ ਦੁਆਬੀਏ ਸਿੰਘ, ਖੱਬੇ ਪਾਸੇ ਮਲੇਰਕੋਟਲਿਆਂ ਦੇ ਸਾਹਮਣੇ ਭਾਈ ਫਤਹਿ ਸਿੰਘ ਦੀ ਅਗਵਾਈ ਹੇਠ ਮਾਲਵੇ ਦੇ ਸਿੱਖਾਂ ਨੂੰ ਤੈਨਾਤ ਕੀਤਾ। ਤੀਸਰੇ ਹਿੱਸੇ ਵਿਚ ਸਭ ਤੋਂ ਵਿਚਕਾਰ ਭਾਈ ਕਾਹਨ ਸਿੰਘ ਜੀ ਦੀ ਕਮਾਨ ਵਿਚ ਪੰਜਾਬ ਤੇ ਹੋਰ ਇਲਾਕਿਆਂ ਤੋਂ ਆਏ ਛੋਟੇ-ਛੋਟੇ ਦਸਤਿਆਂ ਨੂੰ ਰੱਖਿਆ ਜਿਨ੍ਹਾਂ ਵਿੱਚੋਂ ਵੱਡੀ ਤਾਦਾਦ ਧਾੜਵੀਆਂ ਤੇ ਲੁਟੇਰਿਆਂ ਦੀ ਸੀ ਤੇ ਨਾਲ ਹੀ ਗੰਡਾ ਮੱਲ (ਸੁੱਚਾ ਨੰਦ ਦਾ ਭਤੀਜਾ) ਤੇ ਉਸ ਨਾਲ ਆਏ ਇਕ ਹਜ਼ਾਰ ਸਾਥੀਆਂ ਨੂੰ ਵੀ ਰੱਖਿਆ ਤਾਂ ਜੋ ਜੇਕਰ ਉਹ ਭੱਜਣਾ ਚਾਹੁਣ ਤਾਂ ਵੀ ਕਾਮਯਾਬ ਨਾ ਹੋ ਸਕਣ। ਯੁੱਧ ਤੋਂ ਪਹਿਲੀ ਰਾਤ ਬਾਬਾ ਬੰਦਾ ਸਿੰਘ ਜੀ ਦੀ ਵਿਉਂਤ ਮੁਤਾਬਿਕ ਸਿੰਘਾਂ ਦਾ ਇਕ ਛੋਟਾ ਦਸਤਾ ਕਈ ਵਾਰੀ ਜੈਕਾਰੇ ਗਜਾਉਂਦਾ ਹੋਇਆ ਵਜ਼ੀਰ ਖਾਨ ਦੀ ਫੌਜ ’ਤੇ ਹਮਲਾ ਕਰ ਚੁੱਕਾ ਸੀ। ਇਹ ਹਮਲਾ ਬੇਵਜ੍ਹਾ ਦੁਸ਼ਮਣ ਨੂੰ ਕੱਚੀ ਨੀਂਦਰੇ ਬਾਰ-ਬਾਰ ਜਗਾ ਕੇ ਜੰਗ ਤੋਂ ਪਹਿਲਾਂ ਥਕਾ ਦੇਣ ਦੀ ਅਚੁਕ ਨੀਤੀ ਸੀ। ਚੌਥੇ ਹਿੱਸੇ ਦੇ ਰੂਪ ਵਿਚ ਇਕ ਹਜ਼ਾਰ ਸਿੱਖਾਂ ਦੇ ਰਾਖਵੇਂ ਦਸਤੇ (reserved force), ਜਿਸ ਨੂੰ ਸੰਕਟ ਸੈਨਾ ਦਾ ਨਾਂ ਦਿੱਤਾ ਗਿਆ ਜਿਸ ਦੇ ਨਾਲ ਬਾਬਾ ਜੀ ਨੇ ਉਸ ਟਿੱਬੇ ਨੂੰ ਆਪਣਾ ਸਦਰ ਬਣਾਇਆ।

ਵਜ਼ੀਰ ਖਾਨ ਨੇ ਆਪਣੀਆਂ ਸਾਰੀਆਂ ਤੋਪਾਂ ਇਕ ਪਾਸੇ ਜੜਵਾ ਦਿੱਤੀਆਂ ਜਿਨ੍ਹਾਂ ਦਾ ਮੂੰਹ ਸਿੱਖ ਫੌਜਾਂ ਦੇ ਹਮਲੇ ਦੀ ਦਿਸ਼ਾ ਵੱਲ ਸੀ। ਇਹ ਵਜ਼ੀਰ ਖਾਨ ਦੀ ਤੀਜੀ ਵੱਡੀ ਗ਼ਲਤੀ ਸੀ। ਸਾਰੀਆਂ ਤੋਪਾਂ ਇੱਕੋ ਪਾਸੇ ਜੜ ਕੇ ਉਸ ਨੇ ਉਨ੍ਹਾਂ ਦੀ ਤਾਕਤ ਨੂੰ ਬਰਬਾਦ ਕਰ ਦਿੱਤਾ ਕਿਉਂਕਿ ਜੇ ਸਿੱਖ ਉਸ ਤੋਂ ਬਚ ਜਾਂਦੇ ਜਿਵੇਂ ਕਿ ਹੋਇਆ, ਤਾਂ ਦੂਜੇ ਪਾਸਿਓਂ ਉਨ੍ਹਾਂ ਨੂੰ ਰੋਕਣ ਲਈ ਕੁਝ ਨਹੀਂ ਸੀ ਜੇ ਤੋਪਾਂ ਮੈਦਾਨ ਦੇ ਦੋ ਪਾਸੇ ਹੁੰਦੀਆਂ ਤਾਂ ਸਿੱਖਾਂ ਨੂੰ ਯਕੀਨਨ ਦੋ ਤਰਫਾ ਮਾਰ ਤੋਂ ਬੜਾ ਭਾਰੀ ਨੁਕਸਾਨ ਹੁੰਦਾ। ਨਾਲ ਹੀ ਉਸ ਕੋਲ 200 ਹਾਥੀ ਸਨ, ਜਿਸ ਨੂੰ ਉਸ ਨੇ ਦੀਵਾਰ ਦੀ ਤਰ੍ਹਾਂ ਸਭ ਤੋਂ ਪਹਿਲੀ ਕਤਾਰ ਵਿਚ ਖੜ੍ਹਾ ਕਰ ਦਿੱਤਾ ਤੇ ਆਪਣੇ ਆਪ ਨੂੰ ਉਨ੍ਹਾਂ ਦੇ ਪਿੱਛੇ ਸੁਰੱਖਿਅਤ ਸਮਝਣ ਲੱਗਾ।

ਅਗਲੇ ਦਿਨ ਸਰਹਿੰਦ ਦਾ ਫੈਸਲਾਕੁੰਨ ਯੁੱਧ ਅਰੰਭ ਹੋਇਆ। ਵਜ਼ੀਰ ਖਾਨ ਦੇ ਬਹੁਤੇ ਸਿਪਾਹੀ ਰਾਤ ਦੀ ਕੱਚੀ ਨੀਂਦਰ ਟੁੱਟਣ ਕਾਰਨ ਬਦਹਵਾਸ ਸਨ, ਜਦੋਂ ਕਿ ਖਾਲਸਈ ਫੌਜ ਤਾਜ਼ਾਦਮ ਸੀ। ਹਮਲੇ ਲਈ ਹਾਲੇ ਜੈਕਾਰੇ ਹੀ ਗੂੰਜੇ ਸਨ ਕਿ ਵਜ਼ੀਰ ਖਾਨ ਦੇ ਤੋਪਚੀਆਂ ਨੇ ਅੰਨ੍ਹੇਵਾਹੀ ਅੱਧੇ ਤੋਂ ਵੱਧ ਗੋਲਾ ਬਾਰੂਦ ਦਾਗ ਦਿੱਤਾ। ਗੋਲੇ ਜ਼ੰਜੀਰੀ ਸਨ ਤੇ ਸਿੱਖ ਫੌਜ ਉਨ੍ਹਾਂ ਦੇ ਦਾਇਰੇ ਤੋਂ ਦੂਰ ਸੀ। ਬਹੁਤੇ ਗੋਲੇ ਤਾਂ ਦਰਖਤਾਂ ਵਿਚ ਹੀ ਅੜ ਕੇ ਬੇਕਾਰ ਹੋ ਗਏ। ਖਾਲਸਈ ਸੈਨਾ ਦਾ ਨੁਕਸਾਨ ਬਹੁਤ ਘੱਟ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਨੇ ਕੁਝ ਸਿੱਖਾਂ ਦਾ ਇਕ ਦਸਤਾ ਇਕ ਉਚੇਚੇ ਕੰਮ ਲਈ ਤਿਆਰ ਕੀਤਾ ਹੋਇਆ ਸੀ। ਇਸ ਦਸਤੇ ਨੇ ਤੋਪਚੀਆਂ ’ਤੇ ਹਮਲਾ ਕਰ ਕੇ ਪਹਿਲੇ ਹੱਲੇ ਵਿਚ ਸਾਰੀਆਂ ਤੋਪਾਂ ਆਪਣੇ ਕਬਜ਼ੇ ਵਿਚ ਕਰ ਲਈਆਂ। ਵਜ਼ੀਰ ਖਾਨ ਆਪਣੇ ਇਸ ਗ਼ਲਤ ਫੈਸਲੇ ਕਾਰਨ ਪਹਿਲੇ ਹੱਲੇ ਵਿਚ ਹੀ ਮਾਤ ਖਾ ਗਿਆ ਸੀ। ਸਿੱਖਾਂ ਦੇ ਇਸ ਦਸਤੇ ਨੇ ਹੁਣ ਹਾਥੀਆਂ ਦੀ ਦੀਵਾਰ ਨੂੰ ਤੋੜਨਾ ਅਰੰਭ ਕੀਤਾ ਤੇ ਬਹੁਤ ਹੱਦ ਤਕ ਸਫਲ ਵੀ ਰਹੇ। ਵਜ਼ੀਰ ਖਾਨ ਦੀਆਂ ਆਪਣੀਆਂ ਤੋਪਾਂ ਨੇ ਉਸ ਦੀ ਆਪਣੀ ਰੱਖਿਅਕ ਦੀਵਾਰ ਤੋੜ ਕੇ ਉਸ ਨੂੰ ਸਿੱਧੇ ਯੁੱਧ ਲਈ ਮਜਬੂਰ ਕਰ ਦਿੱਤਾ। ਇਹ ਬਾਬਾ ਬੰਦਾ ਸਿੰਘ ਜੀ ਦੀ ਦੂਰ-ਅੰਦੇਸ਼ੀ ਦਾ ਹੀ ਕਮਾਲ ਸੀ।

ਆਹਮਣੇ-ਸਾਹਮਣੇ ਦਾ ਯੁੱਧ ਬੜਾ ਹੀ ਘਮਾਸਾਨ ਸੀ। ਦੋਵੇਂ ਧਿਰਾਂ ਦੇ ਡੁਲ੍ਹਦੇ ਲਹੂ ਨਾਲ ਧਰਤੀ ਲਾਲ ਹੋ ਰਹੀ ਸੀ। ਦੁਪਹਿਰ ਚੜ੍ਹਨ ਤਕ ਗਰਮੀ ਆਪਣੀ ਅਤਿ ’ਤੇ ਪੁੱਜ ਚੁੱਕੀ ਸੀ। ਦੋਵੇਂ ਧਿਰਾਂ ਜਾਨਾਂ ਹੂਲ ਕੇ ਲੜ ਰਹੀਆਂ ਸਨ, ਪਰ ਮੁਗ਼ਲ ਆਪਣੀ ਤਾਦਾਦ ਕਾਰਨ ਕੁਝ ਹੱਦ ਤਕ ਭਾਰੂ ਹੋ ਚੁੱਕੇ ਸਨ। ਠੀਕ ਉਸੇ ਵੇਲੇ ਉਮੀਦ ਮੁਤਾਬਿਕ ਗੰਡਾ ਮੱਲ ਆਪਣੇ ਬੰਦਿਆਂ ਨਾਲ ਵਜ਼ੀਰ ਖਾਨ ਦੀ ਫੌਜ ਨਾਲ ਮਿਲ ਗਿਆ। ਹਾਲਾਤ ਹੁਣ ਸਿੱਖਾਂ ਲਈ ਬਦਤਰ ਹੋ ਰਹੇ ਸਨ। ਸ਼ਸਤਰਾਂ ਦੀ ਘਾਟ ਨੇ ਮੁਸ਼ਕਿਲ ਹੋਰ ਵਧਾ ਦਿੱਤੀ। ਉਹ ਧਾੜਵੀ ਜੋ ਲੁੱਟ ਦੇ ਇਰਾਦੇ ਨਾਲ ਸ਼ਾਮਲ ਹੋਏ ਸਨ, ਥਿੜਕ ਗਏ ਤੇ ਮੈਦਾਨ-ਏ-ਜੰਗ ਨੂੰ ਪਿੱਠ ਦਿਖਾ ਕੇ ਭੱਜ ਗਏ। ਸੂਰਜ ਢਲਣ ਲੱਗਾ ਸੀ, ਕਈ ਘੰਟਿਆਂ ਤੋਂ ਲਗਾਤਾਰ ਜੰਗ ਕਰਦੇ ਹੋਏ ਦੋਵੇਂ ਹੀ ਪੱਖਾਂ ਦੇ ਲੜਾਕੇ ਭੁੱਖੇ, ਤਿਹਾਏ ਸਨ ਤੇ ਪੂਰੀ ਤਰ੍ਹਾਂ ਥੱਕ-ਟੁੱਟ ਚੁੱਕੇ ਸਨ। ਬਾਬਾ ਬਿਨੋਦ ਸਿੰਘ ਜੀ ਟਿੱਬੇ ’ਤੇ ਬਾਬਾ ਬੰਦਾ ਸਿੰਘ ਜੀ ਕੋਲ ਆਏ ਤੇ ਹਾਲਾਤ ਦੀ ਜਾਣਕਾਰੀ ਦਿੰਦਿਆਂ ਹੋਇਆਂ ਯੁੱਧ ਬੰਦ ਕਰਨ ਲਈ ਹੁਕਮ ਦੀ ਉਡੀਕ ਕਰਨ ਲੱਗੇ। ਇਕ ਉੱਘੇ ਨਾਵਲਕਾਰ ਨਰਿੰਦਰਪਾਲ ਸਿੰਘ ਜੀ ਦੇ ਲਫਜ਼ਾਂ ਵਿਚ ਉਸ ਵੇਲੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਵਾਬ ਦਿੱਤਾ, “ਖਾਲਸਾ ਜੀ! ਇਹੋ ਸਮਾਂ ਹੁਣ ਜਿੱਤ ਦਾ ਹੈ, ਹੁਣ ਘੰਟਿਆਂ ਦੀ ਨਹੀਂ ਪਲਾਂ ਦੀ ਖੇਡ ਬਾਕੀ ਹੈ।” ਇਹ ਵੀ ਯੁੱਧ ਇਤਿਹਾਸ ਦੀ ਇਕ ਅਟੱਲ ਸੱਚਾਈ ਹੈ ਕਿ ਜੰਗ ਤਾਂ ਹਮੇਸ਼ਾਂ ਬਰਾਬਰੀ ਦੀਆਂ ਸੈਨਾਵਾਂ ਵਿਚ ਮੁਮਕਿਨ ਹੁੰਦੀ ਹੈ, ਕਮਜ਼ੋਰ ਤੇ ਤਾਕਤਵਰ ਵਿਚ ਤਾਂ ਯੁੱਧ ਠਹਿਰ ਹੀ ਨਹੀਂ ਸਕਦਾ। ਬਰਾਬਰੀ ਵੇਲੇ ਜੋ ਦੂਜੇ ਨਾਲੋਂ ਕੁਝ ਪਲ ਜ਼ਿਆਦਾ ਲੜ ਸਕਦਾ ਹੈ, ਉਹੀ ਜੇਤੂ ਹੈ।

ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਪਣੇ ਭੱਥੇ ਵਿੱਚੋਂ ਕਲਗੀਧਰ ਪਿਤਾ ਦਾ ਬਖਸ਼ਿਆ ਹੋਇਆ ਇਕ ਤੀਰ ਕੱਢ ਕੇ ਵਜ਼ੀਰ ਖਾਨ ਦੀ ਸੈਨਾ ਵੱਲ ਚਲਾਇਆ ਤੇ ਆਪਣੇ ਲਈ ਰਸਤਾ ਬਣਾਇਆ। ਨਾਲ ਹੀ ਬਚੀ ਸੰਕਟ ਸੈਨਾ ਲੈ ਕੇ ਮੈਦਾਨ-ਏ-ਜੰਗ ਵਿਚ ਆ ਗਏ। ਇਹ ਵਾਕਈ ਸੂਝ-ਬੂਝ ਦਾ ਫੈਸਲਾ ਹੁੰਦਾ ਹੈ ਕਿ ਉਸ ਨੂੰ ਮੈਦਾਨ-ਏ-ਜੰਗ ਵਿਚ ਕਿਸ ਵੇਲੇ ਕਿੱਥੇ ਹੋਣਾ ਚਾਹੀਦਾ ਹੈ। ਵਜ਼ੀਰ ਖਾਨ ਆਪਣੀ ਸੈਨਾ ਦੀ ਕਮਾਨ ਸੰਭਾਲਣ ਦੀ ਥਾਂ ਆਪ ਹਾਥੀ ’ਤੇ ਬੈਠ ਕੇ ਲੜ ਰਿਹਾ ਸੀ। ਉਸ ਦੀ ਵਿਸ਼ਾਲ ਸੈਨਾ ਜੰਗ ਦੇ ਹਾਲਾਤ ਵੇਖ ਕੇ ਆਪ ਫੈਸਲੇ ਲੈਣ ਲਈ ਮਜਬੂਰ ਸੀ ਜਦੋਂ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਫੈਸਲਾ ਆਪਣੇ ਹੱਥ ਵਿਚ ਰੱਖਿਆ ਹੋਇਆ ਸੀ ਅਤੇ ਖਾਲਸਈ ਫੌਜਾਂ ਨੂੰ ਉਨ੍ਹਾਂ ’ਤੇ ਪੂਰਾ ਭਰੋਸਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਮੈਦਾਨ ਵਿਚ ਆਉਂਦਿਆਂ ਹੀ ਸਾਰੇ ਪਾਸੇ ‘ਬੰਦਾ ਆਇਆ, ਬੰਦਾ ਆਇਆ’ ਦੀਆਂ ਧੁੰਮਾਂ ਪੈ ਗਈਆਂ। ਉਸ ਵੇਲੇ ਤਕ ਬਾਬਾ ਬੰਦਾ ਸਿੰਘ ਬਹਾਦਰ ਮੁਗ਼ਲ ਸੈਨਾ ਲਈ ਇਕ ਖੌਫ, ਇਕ ਆਤੰਕ ਦੀ ਨਿਸ਼ਾਨੀ ਬਣ ਚੁੱਕੇ ਸਨ। ‘ਬੰਦਾ ਆਇਆ’ ਦਾ ਹਊਆ ਹੀ ਕਿਸੇ ਹਾਰਦੀ ਫੌਜ ਨੂੰ ਜਿਤਾ ਦੇਣ ਲਈ ਤੇ ਕਿਸੇ ਜਿੱਤਦੀ ਫੌਜ ਨੂੰ ਹਰਾ ਦੇਣ ਲਈ ਕਾਫੀ ਸੀ ਤੇ ਹੋਇਆ ਵੀ ਠੀਕ ਇਸੇ ਤਰ੍ਹਾਂ। ਖਾਲਸਈ ਫੌਜ ਬਹੁਤ ਚੜ੍ਹਦੀ ਕਲਾ ਵਿਚ ਹੋ ਗਈ ਤੇ ਮੁਗ਼ਲ ਸਿਪਾਹੀ ਪਿਛਾਂਹ ਹਟਣ ਲੱਗੇ। ਵਜ਼ੀਰ ਖਾਨ ਦਾ ਪੁੱਤਰ ਸਮੁੰਦ ਖਾਨ ਤੇ ਸਿਪਾਹ ਸਲਾਰ ਅਬਦੁਲ ਸਮਦ ਮਾਰੇ ਗਏ ਤੇ ਅੰਤ ਭਾਈ ਫਤਹਿ ਸਿੰਘ ਜੀ ਨੇ ਆਪਣੇ ਘੋੜੇ ’ਤੇ ਖੜ੍ਹੇ ਹੋ ਕੇ, ਹਾਥੀ ’ਤੇ ਬੈਠੇ ਵਜ਼ੀਰ ਖਾਨ ਦਾ ਸਿਰ ਵੱਢ ਦਿੱਤਾ। ਸਾਹਿਬਜ਼ਾਦਿਆਂ ਦੀ ਮਾਸੂਮ ਸ਼ਹਾਦਤ ਦੀ ਸਜ਼ਾ ਵਜ਼ੀਰ ਖਾਨ ਨੂੰ ਮਿਲ ਚੁੱਕੀ ਸੀ ਤੇ ਉਸ ਦੇ ਮਰਦਿਆਂ ਹੀ ਬਚੀ ਮੁਗ਼ਲ ਫੌਜ ਭੱਜ ਖਲੋਤੀ। ਇਕ ਦਿਨ ਵਿਚ ਹੀ ਖ਼ਤਮ ਹੋਈ ਇਸ ਲੜਾਈ ਵਿਚ ਸਰਹਿੰਦ ਦੀ ਫੈਸਲਾਕੁੰਨ ਜਿੱਤ ਸਿੱਖਾਂ ਦੇ ਹੱਥ ਰਹੀ ਤੇ ਜ਼ਾਲਮ ਹਕੂਮਤ ਨੂੰ ਕਰਾਰੀ ਸੱਟ ਵੱਜੀ। ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਸਿੱਖ ਫੌਜ ਗੁਰੂ ਸਾਹਿਬ ਜੀ ਤੋਂ ਬਾਅਦ ਪਹਿਲੀ ਮਹੱਤਵਪੂਰਨ ਜੰਗ ਜਿੱਤ ਚੁੱਕੀ ਸੀ ਤੇ ਇਸ ਯੁੱਧ ਨੇ ਆਉਣ ਵਾਲੇ ਸਮਿਆਂ ਲਈ ਸੈਨਿਕ ਪ੍ਰਤਿਭਾ ਦੇ ਅਮਿਟ ਪੂਰਨੇ ਪਾਏ।

ਪਰ ਸਿਰਫ ਜਿੱਤ ਹਾਸਲ ਕਰਨ ਨਾਲ ਹੀ ਸੈਨਾਪਤੀ ਦੀ ਜ਼ਿੰਮੇਦਾਰੀ ਮੁੱਕ ਨਹੀਂ ਜਾਂਦੀ। ਅਕਸਰ ਜਿੱਤ ਦੇ ਨਸ਼ੇ ਵਿਚ ਸੈਨਾਵਾਂ ਸਭਿਅਤਾ ਦੀਆਂ ਹੱਦਾਂ ਲੰਘ ਜਾਂਦੀਆਂ ਹਨ, ਇਤਿਹਾਸ ਇਸ ਦਾ ਗਵਾਹ ਹੈ। ਪਰ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਫੌਜਾਂ ਨੂੰ ਆਉੁਣ ਵਾਲੇ ਸਮਿਆਂ ਵਿਚ ਗੁਰਦੇਵ ਪਿਤਾ ਦੇ ਮਿਸ਼ਨ ਲਈ ਤਿਆਰ ਕਰ ਰਹੇ ਸਨ, ਇਸ ਲਈ ਉਹ ਕਿਸੇ ਕੀਮਤ ’ਤੇ ਵੀ ਉਨ੍ਹਾਂ ਵਿਚ ਜ਼ਾਬਤੇ (discipline) ਨੂੰ ਕਾਇਮ ਰੱਖਣਾ ਚਾਹੁੰਦੇ ਸਨ। ਉਨ੍ਹਾਂ ਨੇ ਅਗਲੇ ਹੀ ਦਿਨ ਖਾਲਸਈ ਸੈਨਾ ਨੂੰ ਸਰਹਿੰਦ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਉਸ ਦਿਨ ਜ਼ਖ਼ਮੀਆਂ ਦੀ ਸੇਵਾ-ਸੰਭਾਲ ਤੇ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ। ਇਹ ਇਕ ਔਖੀ ਪ੍ਰੀਖਿਆ ਸੀ, ਜਿਸ ਨੂੰ ਆਪਣੇ ਗੁਰੂ ਦੇ ਭਰੋਸੇ ਬਾਬਾ ਬੰਦਾ ਸਿੰਘ ਬਹਾਦਰ ਨੇ ਅਜ਼ਮਾਇਆ ਸੀ। ਖਾਲਸਈ ਸੈਨਾ ਆਪਣੇ ਆਪਣੇ ਆਗੂ ਦੇ ਹੁਕਮ ਵਿਚ ਚੱਲ ਰਹੀ ਸੀ ਤੇ ਇਸ ਵੱਲੋਂ ਆਪਣੇ ਆਗੂ ਦੀ ਹੁਕਮ ਅਦੂਲੀ ਦਾ ਤਾਂ ਸਵਾਲ ਹੀ ਨਹੀਂ ਸੀ ਪੈਦਾ ਹੋ ਸਕਦਾ। ਸੋ ਆਮ ਫੌਜਾਂ ਵਾਂਗ ਆਪ ਮੁਹਾਰੀ ਹੋ ਕੇ ਲੁੱਟ-ਮਾਰ ਕਰਨ ਵੱਲ ਨਾ ਝੁਕ ਕੇ ਇਸ ਨੇ ਇਤਿਹਾਸ ਵਿਚ ਆਪਣੀ ਖਾਸ ਜਗ੍ਹਾ ਬਣਾਈ। ਪਰ ਉਸ ਦਿਨ ਖਾਲਸਈ ਫੌਜ ਨਾ ਸਿਰਫ਼ ਸਿਦਕ ਦੇ ਇਮਤਿਹਾਨ ਵਿਚ ਪਾਸ ਹੋਈ ਸਗੋਂ ਇਸ ਨੇ ਆਪਣੇ ਜਥੇਦਾਰ ’ਤੇ ਵਿਸ਼ਵਾਸ ਦੀ ਇਕ ਨਵੀਂ ਮਿਸਾਲ ਵੀ ਕਾਇਮ ਕੀਤੀ। ਹੁਣ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਵਿਸ਼ਵਾਸ ਸੀ ਕਿ ਵਾਕਈ ਖਾਲਸਾ ਬਿਖਰੇਗਾ ਨਹੀਂ। ਪੰਥ ਨੇ ਪਹਿਲੀ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਅਤੇ ਜਥੇਦਾਰ ਦੀ ਸਰਪ੍ਰਸਤੀ ਵਿਚ ਜਿਊਣ ਦਾ ਢੰਗ ਸਿਖ ਲਿਆ ਸੀ, ਜਿਸ ਉੱਪਰ ਉਸ ਨੇ ਹੁਣ ਆਪਣਾ ਸਾਰਾ ਭਵਿੱਖ ਬਤੀਤ ਕਰਨਾ ਸੀ। ਵਾਕਈ ਸ੍ਰੀ ਗੁਰੂ ਸਾਹਿਬ ਜੀ ਦੇ ਨਾਂ ’ਤੇ ਸਿੱਖ ਕੌਮ ਨੂੰ ਇੱਕਜੁਟ ਕਰਨ ਤੇ ਸਰਹਿੰਦ ਜੈਸੀ ਫਤਿਹ ਤੋਂ ਕੌਮ ਨੂੰ ਮੁੜ ਸੁਰਜੀਤ ਕਰਨ ਵਿਚ ਬਾਬਾ ਬੰਦਾ ਸਿੰਘ ਜੀ ਬਹਾਦਰ ਸਫਲ ਰਹੇ ਸਨ। ਇਹ ਗੁਰਦੇਵ ਪਿਤਾ ਦੀ ਬਹੁਮੁੱਲੀ ਚੋਣ ਦੀ ਪਹਿਲੀ ਸਫਲਤਾ ਸੀ।

ਖਾਲਸਈ ਸੈਨਾ ਸਰਹਿੰਦ ਵਿਚ ਦਾਖਲ ਹੋਈ। ਸੁੱਚਾ ਨੰਦ ਸਹਿਤ ਹੋਰ ਦੋਖੀਆਂ ਨੂੰ ਯੋਗ ਸਜ਼ਾਵਾਂ ਦਿੱਤੀਆਂ ਗਈਆਂ। ਲੇਕਿਨ ਬਾਬਾ ਬੰਦਾ ਸਿੰਘ ਬਹਾਦਰ ਦਾ ਸਖ਼ਤ ਹੁਕਮ ਸੀ ਕਿ ਕਿਸੇ ਵੀ ਧਾਰਮਿਕ ਅਸਥਾਨ ਨੂੰ ਨੁਕਸਾਨ ਨਾ ਪਹੁੰਚਾਇਆ ਜਾਏ ਸਿਰਫ ਮੁਗ਼ਲ ਅਫਸਰਾਂ ਤੇ ਉਨ੍ਹਾਂ ਅਹੁਦੇਦਾਰਾਂ ਤੇ ਲੋਕਾਂ ਦੇ ਮਹਿਲ ਤੇ ਘਰ ਢਾਏ ਗਏ ਜੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਸਿੱਖਾਂ ਖਿਲਾਫ ਕਿਸੇ ਨਾ ਕਿਸੇ ਮੁਹਿੰਮ ਵਿਚ ਸ਼ਾਮਲ ਸਨ। ਸਰਹਿੰਦ ਦੀ ਫਤਹਿ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਕਈ ਹੋਰ ਇਲਾਕਿਆਂ ਨੂੰ ਵੀ ਸਰ ਕੀਤਾ। ਮੁਖਲਿਸਗੜ੍ਹ ਦੇ ਕਿਲ੍ਹੇ ਨੂੰ ਸੁਧਾਰ ਕੇ ਉਸ ਦਾ ਨਾਂ ਬਦਲ ਕੇ ‘ਲੋਹਗੜ੍ਹ’ ਰੱਖਿਆ। ਸਰਹਿੰਦ ਦੀ ਫਤਹਿ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਨੇ ਸਿੱਖ ਰਾਜ ਦੀ ਨੀਂਹ ਰੱਖੀ ਤੇ ਲੋਹਗੜ੍ਹ ਨੂੰ ਸਦਰ ਰਾਜਧਾਨੀ ਬਣਾਇਆ ਗਿਆ। ਇਸ ਰਾਜ ਨੂੰ ਸੁਤੰਤਰ ਹਸਤੀ ਤੇ ਸੰਪੂਰਨ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਗਏ। ਸਭ ਤੋਂ ਪਹਿਲਾਂ ਉਨ੍ਹਾਂ ਨੇ ਗੁਰੂ ਸਾਹਿਬਾਨ ਦੇ ਨਾਂ ’ਤੇ ਪਹਿਲਾ ਖਾਲਸਈ ਸਿੱਕਾ ਢਾਲਿਆ। ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਖਾਲਸਾ ਰਾਜ ਸਰਹਿੰਦ ਦੀ ਫਤਹਿ ਤੋਂ ਬਾਅਦ ਹੋਂਦ ਵਿਚ ਆਇਆ ਸੀ ਤੇ ਇਸ ਫਤਹਿ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਬਹਾਦਰ ਇਕ ਸੱਚੇ ਸਿੱਖ ਦਾ ਸਬੂਤ ਦਿੰਦਿਆਂ ਹੋਇਆਂ ਖਾਲਸਾ ਰਾਜ ਨੂੰ ਗੁਰੂ-ਚਰਨਾਂ ’ਪਰ ਹੀ ਸਮਰਪਿਤ ਕਰਦੇ ਹਨ ਤੇ ਇਹੀ ਕਾਰਨ ਹੈ ਕਿ ਸਿੱਕਿਆਂ ’ਪਰ ਕਿਤੇ ਵੀ ਉਨ੍ਹਾਂ ਦਾ ਆਪਣਾ ਨਾਂ ਨਜ਼ਰ ਨਹੀਂ ਆਉਂਦਾ। ਇਹ ਸਿੱਕਾ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ’ਤੇ ਢਾਲਿਆ ਗਿਆ ਸੀ, ਇਨ੍ਹਾਂ ਸਿੱਕਿਆਂ ’ਪਰ ਉੱਕਰੀ ਹੋਈ ਇਬਾਰਤ ਸੀ:

ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ਼ਿ ਨਾਨਕ ਵਾਹਿਬ ਅਸਤ
ਫ਼ਤਿਹ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫ਼ਜ਼ਲਿ ਸੱਚਾ ਸਾਹਿਬ ਅਸਤ।

ਇਸ ਤੋਂ ਬਾਅਦ ਸਰਕਾਰੀ ਕਾਗਜ਼-ਪੱਤਰਾਂ ਲਈ ਗੁਰੂ ਸਾਹਿਬਾਨ ਦੇ ਨਾਂ ’ਤੇ ਹੀ ਖਾਲਸਈ ਮੋਹਰ ਵੀ ਢਾਲੀ ਗਈ ਤੇ ਸਰਹਿੰਦ ਦੀ ਫਤਹਿ ਤੋਂ ਨਵਾਂ ਸੰਮਤ ਵੀ ਅਰੰਭ ਕੀਤਾ ਗਿਆ।

ਸਰਹਿੰਦ ਦੀ ਫਤਹਿ ਤੋਂ ਪਹਿਲਾਂ ਹੋਏ ਇਤਿਹਾਸਕ ਯੁੱਧ ਸਿੱਖ ਕੌਮ ਦਾ ਨਜ਼ਰੀਆ ਸਾਫ ਕਰਦੇ ਹਨ, ਉਹ ਸਰਕਾਰ ਲਈ ਵੰਗਾਰ ਸਨ ਕਿ ਸਿੱਖ ਜ਼ੁਲਮਾਂ ਦਾ ਸਾਹਮਣਾ ਕਰਨਗੇ, ਗਊਆਂ ਵਾਂਗ ਉਸ ਨੂੰ ਬਰਦਾਸ਼ਤ ਨਹੀਂ ਕਰਨਗੇ। ਸਰਕਾਰ ਚੌਕੰਨੀ ਜ਼ਰੂਰ ਹੋ ਗਈ, ਪਲਟਵਾਰ ਵੀ ਕੀਤੇ ਪਰ ਸਿੱਖਾਂ ਤੋਂ ਉਹ ਕਦੇ ਵੀ ਜ਼ਿਆਦਾ ਚਿੰਤਤ ਨਹੀਂ ਰਹੀ ਸੀ। ਹਥਿਆਰ ਤੇ ਲੜਾਕਿਆਂ ਦੀ ਤਾਦਾਦ ਉਨ੍ਹਾਂ ਦੇ ਮੁਕਾਬਲੇ ਹਮੇਸ਼ਾਂ ਹੀ ਬਹੁਤ ਘੱਟ ਸੀ। ਇਹ ਸਿੱਖਾਂ ਲਈ ਹਾਲੇ ਜੰਗੀ ਸਿਖਲਾਈ ਤੇ ਸੰਗਠਨ ਦਾ ਸਮਾਂ ਸੀ। ਇਨ੍ਹਾਂ ਜੰਗਾਂ ਦੇ ਕਾਰਨ ਵੀ ਧਾਰਮਿਕ ਹੀ ਰਹੇ, ਹਾਂ ਖਾਲਸੇ ਦੀ ਸਾਜਣਾ ਤੋਂ ਬਾਅਦ ਪਹਿਲੀ ਵਾਰੀ ਸਰਕਾਰੀ (ਇਸਲਾਮੀ) ਖੌਫ ਤੇ ਹਿੰਦੂ ਪਹਾੜੀ ਰਾਜਿਆਂ ਦੀ ਚਿੰਤਾ ਸਾਫ ਨਜ਼ਰ ਆਈ। ਸੰਨ 1704 ਈ: ਦਾ ਮਿਲਿਆ-ਜੁਲਿਆ ਹਮਲਾ ਇਸੇ ਦਾ ਲਖਾਇਕ ਹੈ। ਬੇਸ਼ੱਕ ਇਖ਼ਲਾਕੀ (ਧਾਰਮਿਕ) ਤੌਰ ’ਤੇ ਖਾਲਸਾ ਪੰਥ ਦੋ ਟੁਕ ਜੇਤੂ ਰਿਹਾ ਸੀ ਪਰ ਸਰਕਾਰੀ ਦਸਤਾਵੇਜ਼ਾਂ ਲਈ ਇਹ ਉਨ੍ਹਾਂ ਦੀ ਜਿੱਤ ਸੀ। ਉਨ੍ਹਾਂ ਮੁਤਾਬਿਕ ਉਨ੍ਹਾਂ ਨੇ ਗੁਰੂ ਪਰਵਾਰ ਨੂੰ ਖ਼ਤਮ ਕਰ ਦਿੱਤਾ ਸੀ, ਸਿੱਖਾਂ ਦੀ ਤਾਕਤ ਗੁਰੂ ਸਾਹਿਬ ਜੀ ਦੀ ਗੈਰ-ਮੌਜੂਦਗੀ ਵਿਚ ਖਿੰਡ ਕੇ ਖ਼ਤਮ ਹੋ ਚੁੱਕੀ ਸੀ। ਉਨ੍ਹਾਂ ਮੁਤਾਬਿਕ ਉਹ ਅਜਿੱਤ ਸਨ। ਪਰ ਸਰਹਿੰਦ ਦੀ ਫਤਿਹ ਸਰਕਾਰੀ ਸੀਨੇ ’ਤੇ ਪਹਿਲੀ ਕਰਾਰੀ ਸੱਟ ਸੀ। ਦਿੱਲੀ ਤੋਂ ਬਾਅਦ ਲਾਹੌਰ ਤਕ ਸਰਹਿੰਦ ਹੀ ਸਭ ਤੋਂ ਸ਼ਕਤੀਸ਼ਾਲੀ ਸੂਬਾ ਸੀ ਜੋ ਇਕ ਦਿਨ ਦੀ ਜੰਗ ਵਿਚ ਨੇਸਤੋਨਾਬੂਦ ਕਰ ਦਿੱਤਾ ਗਿਆ ਸੀ, ਉਹ ਵੀ ਉਨ੍ਹਾਂ ਸਿੱਖਾਂ ਦੁਆਰਾ ਜੋ ਸਰਕਾਰੀ ਨਿਗਾਹ ਵਿਚ ਬਹੁਤ ਹੀ ਘੱਟ ਸਨ ਤੇ ਪੂਰੀ ਤਰ੍ਹਾਂ ਸਿਖਿਅਤ ਅਥਵਾ ਪ੍ਰਮਾਣਿਕ ਸਿਖਲਾਈ ਪ੍ਰਾਪਤ ਵੀ ਨਹੀਂ ਸਨ। ਸਰਹਿੰਦ ਦੀ ਫਤਹਿ ਉਦੋਂ ਤਕ ਅਜਿੱਤ ਸਮਝੇ ਜਾਣ ਵਾਲੇ ਜ਼ਾਲਮ ਵਜ਼ੀਰ ਖਾਨ ਉੱਪਰ ਇਕ ਨਵ- ਨਿਯੁਕਤ ਜਰਨੈਲ ਦੀ ਫਤਹਿ ਸੀ ਜੋ ਹਾਲੇ ਕੁਝ ਸਮਾਂ ਪਹਿਲਾਂ ਤਕ ਕਿਸੇ ਜੀਵ ਨੂੰ ਮਾਰਨ ਤੋਂ ਵੀ ਸੰਗਦਾ ਸੀ। ਸਰਹਿੰਦ ਦੀ ਜਿੱਤ ਅਤਿਅੰਤ ਜ਼ਾਲਮ ਹਕੂਮਤ ’ਤੇ ਖਾਲਸਾ ਪੰਥ ਦੀ ਜਿੱਤ ਸੀ ਤੇ ਇਹ ਇਕ ਰਾਜਨੀਤਿਕ ਮਹੱਤਵ ਵਾਲੀ ਜਿੱਤ ਵੀ ਸੀ। ਇਹੀ ਕਾਰਨ ਹੈ ਕਿ ਮੁਗ਼ਲ ਸਰਕਾਰ ਬੌਖਲਾ ਗਈ। ਪਰ ਹਾਲੇ ਉਹ ਕੁਝ ਕਦਮ ਚੁੱਕਦੀ ਉਸ ਤੋਂ ਪਹਿਲਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਮੁਹਿੰਮ ਬਿਜਲੀ ਦੀ ਤੇਜ਼ੀ ਨਾਲ ਸਾਰੇ ਉੱਤਰੀ ਹਿੰਦੁਸਤਾਨ ਵਿਚ ਫੈਲਣ ਲੱਗੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਕਾਰ ਦੀ ਛੱਤਰ-ਛਾਇਆ ਹੇਠ ਫੁਲੇ ਫਲੇ ਪੁਰਾਤਨ ਭਾਰਤੀ ਜ਼ਿਮੀਂਦਾਰੀ ਨਿਜ਼ਾਮ ’ਤੇ ਕਰਾਰੀ ਸੱਟ ਮਾਰਦਿਆਂ ਹੋਇਆਂ ਇਸ ਨੂੰ ਜੜ੍ਹੋਂ ਖ਼ਤਮ ਕਰ, ਕਿਰਤੀ ਕਾਮਿਆਂ ਨੂੰ ਜ਼ਮੀਨਾਂ ਦਾ ਮਾਲਕ ਬਣਾਇਆ। ਇਸ ਮੁਹਿੰਮ ਦਾ ਟੂਕ ਮਾਤਰ ਹੀ ਜ਼ਿਕਰ ਇਥੇ ਕੀਤਾ ਗਿਆ ਹੈ। ਸੰਪੂਰਨ ਬਿਉਰੇ ਲਈ ਇਕ ਵੱਖਰੇ ਲੇਖ ਦੀ ਲੋੜ ਪਵੇਗੀ। ਪਰ ਸਰਹਿੰਦ ਦੀ ਫਤਹਿ ਤੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਮੁਹਿੰਮਾਂ ਸਰਕਾਰ ਲਈ ਸਭ ਤੋਂ ਵੱਡੀ ਚੁਨੌਤੀ ਬਣ ਗਈਆਂ। ਸਰਕਾਰ ਹੱਥ ਧੋ ਕੇ ਬਾਬਾ ਬੰਦਾ ਸਿੰਘ ਜੀ ਦੇ ਪਿੱਛੇ ਪੈ ਗਈ ਤੇ ਅਖੀਰ ਗੁਰਦਾਸ ਨੰਗਲ ਦੀ ਗੜ੍ਹੀ ਵਿੱਚੋਂ ਉਨ੍ਹਾਂ ਨੂੰ ਸੰਨ 1715 ਈ: ਵਿਚ ਗ੍ਰਿਫਤਾਰ ਕਰਕੇ ਲੱਗਭਗ 750 ਸਿੰਘਾਂ ਸਮੇਤ ਜੂਨ 1716 ਈ: ਵਿਚ ਬੜੇ ਤਸੀਹਿਆਂ ਤੋਂ ਬਾਅਦ ਦਿੱਲੀ ਵਿਚ ਸ਼ਹੀਦ ਕਰ ਦਿੱਤਾ ਗਿਆ। ਇਸ ਦਾ ਸਾਰਾ ਬ੍ਰਿਤਾਂਤ ਵੀ ਇਕ ਵੱਖਰਾ ਪ੍ਰਕਰਣ ਹੈ ਤੇ ਇਤਿਹਾਸ ਦਾ ਲਾਸਾਨੀ ਕਾਂਡ ਹੈ। ਬੇਸ਼ੱਕ ਮੁਗ਼ਲਾਂ ਨੇ ਜਿਸਮਾਨੀ ਤੌਰ ’ਤੇ ਬਾਬਾ ਬੰਦਾ ਸਿੰਘ ਜੀ ਨੂੰ ਮਿਟਾ ਦਿੱਤਾ ਸੀ ਪਰ ਜੋ ਇਤਿਹਾਸ ਉਹ ਅੱਠ ਸਾਲਾਂ ਵਿਚ ਦੁਨੀਆਂ ਨੂੰ ਦੇ ਗਏ ਉਹ ਅਮਿਟ ਸੀ। ਜੇ ਇਨ੍ਹਾਂ ਅੱਠ ਸਾਲਾਂ ਵਿਚ ਐਸੀ ਮਜ਼ਬੂਤ ਅਗਵਾਈ ਕੌਮ ਨੂੰ ਨਾ ਮਿਲਦੀ ਤਾਂ ਨਿਸਚੈ ਹੀ ਕੌਮ ਨੂੰ ਇਸ ਦਾ ਨੁਕਸਾਨ ਹੁੰਦਾ। ਗੁਰੂ ਸਾਹਿਬਾਨ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਤੇ ਜਥੇਦਾਰ ਦੀ ਅਗਵਾਈ ਵਿਚ ਇਹ ਪਹਿਲਾ ਤੇ ਸਭ ਤੋਂ ਵੱਡਾ ਮਾਅਰਕਾ ਸੀ, ਜਿਸ ਨੂੰ ਖਾਲਸਾ ਜਿੱਤ ਚੁੱਕਾ ਸੀ, ਕਿਉਂਕਿ ਉਨ੍ਹਾਂ ਨੂੰ ਜਥੇਦਾਰ ਹੀ ਐਸਾ ਬੇਜੋੜ ਮਿਲਿਆ ਸੀ। ਅਗਾਂਹ ਸਿੱਖ ਇਤਿਹਾਸ ਵਿਚ 70-80 ਸਾਲਾਂ ਵਿਚ ਪੰਥ ਨੇ ਜਿਤਨੇ ਔਖੇ ਸਮੇਂ ਦਾ ਸਾਹਮਣਾ ਕੀਤਾ ਤੇ ਜੋ ਲਾਸਾਨੀ ਸ਼ਹਾਦਤਾਂ ਦਿੱਤੀਆਂ ਉਸ ਦੇ ਪੂਰਨੇ ਆਪ ਕਲਗੀਧਰ ਪਿਤਾ ਵੱਲੋਂ ਥਾਪੇ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਹੀ ਪਾਏ ਸਨ। ਰੂਹਾਨੀ ਤਾਕਤ ਗੁਰਬਾਣੀ ਤੋਂ ਮਿਲੀ ਸੀ, ਕੁਰਬਾਨੀ ਦਾ ਜਜ਼ਬਾ ਆਪ ਗੁਰੂ ਸਾਹਿਬਾਨ ਤੋਂ ਮਿਲਿਆ ਸੀ ਅਤੇ ਨਵੀਆਂ ਰਹੁ ਰੀਤਾਂ, ਸੰਗਠਨ ਤੇ ਜ਼ਾਲਮ ਨੂੰ ਸਬਕ ਸਿਖਾਉਣ ਦੀ ਤੀਬਰ ਇੱਛਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਾਕਾਰ ਕੀਤੀ ਸੀ। ਇਤਿਹਾਸ ਵਿਚ ਸਰਹਿੰਦ ਪਹਿਲਾ ਵੱਡਾ ਸ਼ਹਿਰ ਸੀ, ਜਿਸ ਨੂੰ ਸਿੱਖਾਂ ਨੇ ਹਮਲਾਵਰ ਨੀਤੀ ਅਪਣਾ ਕੇ ਜਿੱਤਿਆ ਸੀ। ਇਤਿਹਾਸ ਵਿਚ ਪਹਿਲੀ ਵਾਰੀ ਮਾਸੂਮ ਸ਼ਹਾਦਤਾਂ ਦੇ ਦੋਖੀਆਂ ਨੂੰ ਸਿੱਧੀ ਸਜ਼ਾ ਦਿੱਤੀ ਗਈ ਸੀ। ਸਰਹਿੰਦ ਦੀ ਜਿੱਤ ਨੇ ਮੁਗ਼ਲਾਂ ਦੇ ਅਜਿੱਤ ਹੋਣ ਦੀ ਗ਼ਲਤਫਹਿਮੀ ਨੂੰ ਖ਼ਤਮ ਕਰ ਦਿੱਤਾ। ਯੁੱਧ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ’ਚ ਹੋਰ ਵੀ ਬੜੀ ਬਹਾਦਰੀ ਤੇ ਦਲੇਰੀ ਨਾਲ ਲੜੇ ਤੇ ਜਿੱਤੇ ਗਏ ਪਰ ਸਰਹਿੰਦ ਦਾ ਇਹ ਯੁੱਧ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਮੇਸ਼ਾਂ-ਹਮੇਸ਼ਾਂ ਲਈ ਇਤਿਹਾਸ ਦੇ ਪੰਨਿਆਂ ਵਿਚ ਅਮਰ ਕਰ ਗਿਆ।

ਸਰਹਿੰਦ ਦੀ ਜਿੱਤ ਨੇ ਨਿਵੇਕਲੇ ਸਿੱਖ ਰਾਜ ਦੇ ਸੁਪਨੇ ਨੂੰ ਸਾਕਾਰ ਕੀਤਾ, ਸਰਹਿੰਦ ਦੀ ਜਿੱਤ ਨੇ ਸਿੱਖਾਂ ਦੀ ਕਦੇ ਨਾ ਹਾਰਨ ਵਾਲੀ ਸਪਿਰਿਟ ਨੂੰ ਇਕ ਵਾਰੀ ਫਿਰ ਦੁਨੀਆਂ ਦੇ ਸਾਹਮਣੇ ਰੱਖਿਆ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Room No. 2, Banta Singh Chowk, Opp. Manish Park, Jijamata Marg, Pump House, Andheri (East) Mumbai-400093

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)