editor@sikharchives.org

ਵੀਹਵੀਂ ਸਦੀ ਦਾ ਮਹਾਨ ਜਰਨੈਲ ਹਰਬਖਸ਼ ਸਿੰਘ – ਭਾਗ 1

ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਪੰਜਾਬ ਦੀ ਧਰਤੀ ਉੱਤੇ ਅਣਗਿਣਤ ਸੂਰਬੀਰ, ਯੋਧੇ, ਸੰਤ-ਸਿਪਾਹੀ ਅਤੇ ਜਰਨੈਲ ਪੈਦਾ ਹੋਏ ਜਿਨ੍ਹਾਂ ਨੇ ਇਤਿਹਾਸ ਦੇ ਵਹਿਣ ਹੀ ਨਹੀਂ ਮੋੜੇ, ਸਗੋਂ ਅਸਚਰਜਤਾ ਭਰਪੂਰ ਅੱਡਰਾ ਅਤੇ ਲਾਮਿਸਾਲ ਇਤਿਹਾਸ ਸਿਰਜ ਦਿੱਤਾ। ਇਨ੍ਹਾਂ ਯੋਧਿਆਂ ਨੇ ਭਾਰਤ ਅਤੇ ਪੰਜਾਬ ਦੀ ਇੱਜ਼ਤ, ਆਬਰੂ, ਗੌਰਵ, ਗੈਰਤ ਅਤੇ ਅਣਖ ਦੀ ਰਾਖੀ ਆਪਣੀਆਂ ਜਾਨਾਂ ਵਾਰ ਕੇ ਕੀਤੀ। ਇਸ ਲੇਖ ਵਿਚ ਪੰਜਾਬ ਦੇ ਮਹਾਨ ਸਪੂਤ, ਵੀਹਵੀਂ ਸਦੀ ਦੇ ਦੇਸ਼ ਦੇ ਚੋਟੀ ਦੇ ਜਰਨੈਲ ਅਤੇ 1947, 1948, 1962 ਅਤੇ ਖਾਸ ਕਰਕੇ 1965 ਈ. ਦੀ ਭਾਰਤ-ਪਾਕਿ ਜੰਗ ਦੇ ਮਹਾਂਨਾਇਕ ਜਰਨਲ ਹਰਬਖਸ਼ ਸਿੰਘ ਬਾਰੇ ਵਿਚਾਰ ਕਰ ਰਹੇ ਹਾਂ।

ਜਰਨਲ ਹਰਬਖਸ਼ ਸਿੰਘ ਦਾ ਜਨਮ 1 ਅਕਤੂਬਰ, 1913 ਈ. ਨੂੰ ਸਰਦਾਰ ਹਰਨਾਮ ਸਿੰਘ ਦੇ ਘਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਪਿੰਡ ਬਡਰੁੱਖਾਂ, ਜ਼ਿਲ੍ਹਾ ਸੰਗਰੂਰ (ਪੰਜਾਬ) ਵਿਖੇ ਹੋਇਆ। ਉਨ੍ਹਾਂ ਦੇ ਦਾਦਾ ਜੀ ਸ. ਦਲੇਰ ਸਿੰਘ ਰਿਆਸਤ ਜੀਂਦ ਦੇ ਮਛਾਹੜ ਗੋਤ ਦੇ ਜ਼ਿਮੀਂਦਾਰ ਸਰਦਾਰ ਸਨ। ਪਿਤਾ ਡਾ. ਹਰਨਾਮ ਸਿੰਘ ਰਿਆਸਤ ਜੀਂਦ ਦੀ ਫ਼ੌਜ ਵਿਚ ਡਾਕਟਰ ਦੇ ਅਹੁਦੇ ’ਤੇ ਸੇਵਾ ਕਰਦੇ ਸਨ। ਉਨ੍ਹਾਂ ਦੇ ਚਾਰ ਭਰਾ ਤੇ ਤਿੰਨ ਭੈਣਾਂ ਸਨ। ਪਰਵਾਰਿਕ ਸਿੱਖੀ ਪਿਛੋਕੜ ਅਤੇ ਮਹਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੇ ਪ੍ਰਭਾਵ ਕਾਰਨ ਸ. ਹਰਬਖਸ਼ ਸਿੰਘ ਸਿੱਖੀ ਜਜ਼ਬੇ ਨਾਲ ਸਰਸ਼ਾਰ ਸੀ। ਆਪ ਨੇ ਸਰਕਾਰੀ ਕਾਲਜ ਲਾਹੌਰ ਤੋਂ ਗ੍ਰੈਜੂਏਸ਼ਨ ਕੀਤੀ। ਸ. ਹਰਬਖਸ਼ ਸਿੰਘ 6 ਫੁੱਟ ਤੋਂ ਵੱਧ ਉੱਚਾ ਲੰਮਾ, ਭਰ ਜਵਾਨ, ਸੁਡੋਲ ਸਰੀਰ ਅਤੇ ਹਾਕੀ ਦਾ ਖਿਡਾਰੀ ਸੁਨੱਖਾ ਗੱਭਰੂ ਸੀ। ਉਨ੍ਹਾਂ ਨੂੰ 1933 ਈ. ਵਿਚ ਭਾਰਤੀ ਮਿਲਟਰੀ ਅਕੈਡਮੀ ਦੇਹਰਾਦੂਨ ਤੋਂ ਬਤੌਰ ਕਮਿਸ਼ੰਡ ਆਫੀਸਰ ਟਰੇਨਿੰਗ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਬੈਚ ਲਈ ਚੁਣ ਲਿਆ ਗਿਆ। ਟਰੇਨਿੰਗ ਮੁਕੰਮਲ ਹੋਣ ਉਪਰੰਤ 1935 ਈ. ਵਿਚ ਉਨ੍ਹਾਂ ਦੀ ਨਿਯੁਕਤੀ ਬਤੌਰ ਸੈਕੰਡ ਲੈਟਫੀਨੈਂਟ, ਇੰਨਫੈਂਟਰੀ ਦੀ ਸਿੱਖ ਰੈਜਮੈਂਟ ਵਿਚ ਹੋਈ। ਉਨ੍ਹਾਂ ਨੇ ਆਪਣੇ ਸੇਵਾ-ਕਾਲ ਦੀ ਸ਼ੁਰੂਆਤ ਉਸ ਸਮੇਂ ਬ੍ਰਿਟਿਸ਼ ਰਾਜ ਦੇ ਉੱਤਰੀ-ਪੱਛਮੀ ਸੀਮਾ ਪ੍ਰਾਂਤ ਤੋਂ ਕੀਤੀ, ਜਿੱਥੇ ‘ਮੁਹੰਮਦ ਓਪਰੇਸ਼ਨ’ ਦੇ ਨਾਂ ਹੇਠ ਲੜਾਈ ਵਾਲੀ ਸਥਿਤੀ ਬਣੀ ਹੋਈ ਸੀ। ਇਕ ਨੌਜਵਾਨ ਅਫਸਰ ਵਾਸਤੇ, ਜੋ ਜ਼ਿੰਦਗੀ ਵਿਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਰੱਖਦਾ ਸੀ, ਆਪਣੇ ਸਾਥੀ ਅਤੇ ਸੀਨੀਅਰ ਅਫਸਰਾਂ ਅਤੇ ਪਲਟਨ ਦੇ ਬਾਕੀ ਸੈਨਿਕਾਂ ਵਿਚ ਆਪਣੀ ਲਗਨ ਅਤੇ ਮਿਹਨਤ ਨਾਲ ਇਕ ਨਵੇਕਲੀ ਪਛਾਣ ਬਣਾਉਣ ਦਾ ਇਹ ਵਧੀਆ ਮੌਕਾ ਸੀ। ਬਹੁਤ ਜਲਦ ਲੈਟਫੀਨੈਂਟ ਹਰਬਖਸ਼ ਸਿੰਘ ਪਲਟਨ ਵਿਚ ਹਰ ਇਕ ਦੀ ਅੱਖ ਦਾ ਤਾਰਾ ਬਣ ਗਿਆ। ਹਰ ਮੈਦਾਨ ਫਤਿਹ ਵਾਲੇ ਸਿੱਖੀ ਜਜ਼ਬੇ ਦੇ ਧਾਰਨੀ ਨੌਜਵਾਨ ਲੈਫਟੀਨੈਂਟ ਹਰਬਖਸ਼ ਸਿੰਘ ਨੂੰ ਉਨ੍ਹਾਂ ਦੀਆਂ ਵਿਲੱਖਣ ਅਤੇ ਸ਼ਲਾਘਾ ਭਰਪੂਰ ਸੇਵਾਵਾਂ ਕਾਰਨ ਥੋੜੇ- ਥੋੜੇ ਸਮੇਂ ਦੇ ਅੰਤਰਾਲ ’ਤੇ ਹੀ ਇਕ ਤੋਂ ਬਾਅਦ ਇਕ ਤਰੱਕੀ ਮਿਲਦੀ ਗਈ। 1947 ਈ. ਵਿਚ ਹੋਈ ਦੇਸ਼ ਦੀ ਵੰਡ ਸਮੇਂ ਉਹ ਬਤੌਰ ਲੈਫਟੀਨੈਂਟ ਕਰਨਲ, ਸਿੱਖ ਰੈਜਮੈਂਟ ਦੀ ਪਹਿਲੀ ਬਟਾਲੀਅਨ ਦੀ ਕਮਾਨ ਕਰ ਰਹੇ ਸਨ। 1947-48 ਈ. ਵਿਚ ਕਸ਼ਮੀਰ ਵਿਚ ਘੁਸ ਆਏ ਪਾਕਿਸਤਾਨੀ ਕਬਾਇਲੀਆਂ ਨੂੰ ਜੰਮੂ-ਕਸ਼ਮੀਰ ਵਿੱਚੋਂ ਮਾਰ ਭਜਾਉਣ ਵਾਸਤੇ ਭਾਰਤੀ ਫੌਜ ਦਾ ਪਹਿਲਾ ਦਸਤਾ ਜੋ ਸ੍ਰੀਨਗਰ ਹਵਾਈ ਅੱਡੇ ਉੱਤੇ ਉਤਰਿਆ, ਉਹ ਲੈਫਟੀਨੈਂਟ ਕਰਨਲ ਹਰਬਖਸ਼ ਸਿੰਘ ਦੀ ਕਮਾਨ ਹੇਠ ਪਹਿਲੀ ਬਟਾਲੀਅਨ ਸਿੱਖ ਰੈਜਮੈਂਟ ਦਾ ਹੀ ਸੀ। ਇਹ ਪਾਕਿਸਤਾਨੀ ਫੌਜ ਦੀ ਮਦਦ ਨਾਲ ਤੇਜ਼ੀ ਨਾਲ ਸ੍ਰੀਨਗਰ ਸ਼ਹਿਰ ਉੱਤੇ ਕਬਜ਼ਾ ਕਰਨ ਵਾਸਤੇ ਵਧ ਰਹੇ ਕਬਾਇਲੀਆਂ ਖ਼ਿਲਾਫ਼ ਭਾਰਤੀ ਫੌਜ ਦੀ ਜੰਗ ਦੀ ਸ਼ੁਰੂਆਤ ਦਾ ਦਿਨ ਸੀ। ਅੱਜ ਵੀ ਇਹ ਦਿਨ ਪੂਰੀ ਭਾਰਤੀ ਫੌਜ ਵਿਚ ਬਤੌਰ ‘ਇਨਫੈਂਟਰੀ ਡੇ’ ਮਨਾਇਆ ਜਾਂਦਾ ਹੈ।

ਸਤਿਗੁਰਾਂ ਦੇ ਓਟ-ਆਸਰੇ, ਆਪਣੀ ਮਹਾਨ ਪੰਜਾਬੀ ਵਿਰਾਸਤ ਤੋਂ ਜਾਣੂ ਅਤੇ ਦੇਸ਼-ਭਗਤੀ ਦੇ ਜਜ਼ਬੇ ਨਾਲ ਸਰਸ਼ਾਰ ਲੈਫਟੀਨੈਂਟ ਕਰਨਲ ਹਰਬਖਸ਼ ਸਿੰਘ ਨੇ ਇਸ ਚੁਣੌਤੀ ਨੂੰ ਕਬੂਲਿਆ ਅਤੇ ਸ਼ਾਲਾਤੇਂਗ ਦੀ ਲੜਾਈ ਵਿਚ ਕਬਾਇਲੀਆਂ ਦਾ ਡਟ ਕੇ ਮੁਕਾਬਲਾ ਕਰਦਿਆਂ ਉਨ੍ਹਾਂ ਨੂੰ ਧੂਲ ਚਟਾਈ। ਨਵੰਬਰ, 1947 ਵਿਚ ਲੜੀ ਗਈ ਸ਼ਾਲਾਤੇਂਗ ਦੀ ਇਤਿਹਾਸਿਕ ਲੜਾਈ ਦੇ ਬਾਅਦ ਤਾਂ ਜਿਵੇਂ ਕਬਾਇਲੀਆਂ ਨੂੰ ਭਾਜੜਾਂ ਹੀ ਪੈ ਗਈਆਂ। ਤੁਰੰਤ ਹੀ ਲੜਾਈ ਦੇ ਮੈਦਾਨ ਦਾ ਰੁਖ਼ ਭਾਰਤੀ ਫ਼ੌਜ ਦੇ ਪੱਖ ਵਿਚ ਬਦਲ ਗਿਆ। ਇਸ ਦੇ ਬਾਅਦ ਤਾਂ ਕਰਨਲ ਹਰਬਖਸ਼ ਸਿੰਘ ਦੀ ਪਛਾਣ ਫ਼ੌਜ ਵਿਚ ਹੋਰ ਵੀ ਗੌਰਵ ਕਰਨ ਯੋਗ ਹੋ ਗਈ। ਛੇਤੀ ਹੀ ਉਨ੍ਹਾਂ ਨੂੰ ਤਰੱਕੀ ਦੇ ਕੇ ਬ੍ਰਿਗੇਡ ਕਮਾਂਡਰ ਬਣਾ ਦਿੱਤਾ ਗਿਆ। ਮਈ, 1948 ਵਿਚ 163 ਇਨਫੈਂਟਰੀ ਬ੍ਰਿਗੇਡ ਦੀ ਕਮਾਨ ਕਰਦੇ ਸਮੇਂ ਕਸ਼ਮੀਰ ਦੇ ਪਹਿਲਗਾਮ ਇਲਾਕੇ ਵਿਚ ਬੇਹੱਦ ਮਜ਼ਬੂਤ ਕਿਲ੍ਹਾਬੰਦੀ ਕਰੀ ਬੈਠੇ ਦੁਸ਼ਮਣ ਨੂੰ ਬਰਬਾਦ ਕਰਨ ਦਾ ਮਹੱਤਵਪੂਰਨ ‘ਅਜ਼ਾਦ ਮਿਸ਼ਨ’ ਵੀ ਬ੍ਰਿਗੇਡੀਅਰ ਹਰਬਖਸ਼ ਸਿੰਘ ਨੂੰ ਹੀ ਸੌਂਪਿਆ ਗਿਆ। ਇਸ ਜੰਗ ਵਿਚ ਵੀ ਉਨ੍ਹਾਂ ਦੀ ਯੋਗ ਅਗਵਾਈ ਹੇਠ ਸਾਡੀ ਸੈਨਾ ਨੇ ਦੁਸ਼ਮਣ ਦੇ ਛੱਕੇ ਛਡਾਉਂਦਿਆਂ ਸ਼ਾਨਦਾਰ ਫਤਿਹ ਹਾਸਲ ਕੀਤੀ। ਮੁਸ਼ਕਲ ਪਹਾੜੀ ਇਲਾਕੇ ਵਿਚ ਦੂਰ ਤਕ ਦੁਸ਼ਮਣ ਦਾ ਪਿੱਛਾ ਕਰਦਿਆਂ ਉਨ੍ਹਾਂ ਨੇ ਟਿਥਵਾਲ ਵਿਖੇ ਦੁਸ਼ਮਣ ਦੇ ਬੇਸ ਉੱਤੇ ਵੀ 23 ਮਈ, 1948 ਈ. ਵਾਲੇ ਦਿਨ ਕਬਜ਼ਾ ਕਰ ਲਿਆ। ਇਸ ਤਰ੍ਹਾਂ ਉਨ੍ਹਾਂ ਨੇ ਪੂਰੀ ਤਿਆਰੀ, ਯੋਜਨਾਬੰਦੀ ਅਤੇ ਸੁਯੋਗ ਅਗਵਾਈ ਕਰਦਿਆਂ ਜੰਮੂ-ਕਸ਼ਮੀਰ ਦਾ ਲੱਗਭਗ 6000 ਵਰਗ ਮੀਲ ਦਾ ਮਹੱਤਵਪੂਰਨ ਇਲਾਕਾ ਦੁਸ਼ਮਣ ਦੇ ਕਬਜ਼ੇ ਹੇਠੋਂ ਛੁਡਾ ਲਿਆ। ਇਸ ਕਮਾਲ ਦੀ ਜਿੱਤ ਉਪਰੰਤ ਬ੍ਰਿਗੇਡੀਅਰ ਹਰਬਖਸ਼ ਸਿੰਘ ਨੂੰ ਟਿਥਵਾਲ ਦਾ ਹੀਰੋ (ਨਾਇਕ) ਕਿਹਾ ਜਾਣ ਲੱਗ ਪਿਆ। ਇਸ ਇਤਿਹਾਸਿਕ ਲੜਾਈ ਦੌਰਾਨ ਉਨ੍ਹਾਂ ਦੀ ਸੂਝ-ਬੂਝ, ਉੱਚ-ਕੋਟੀ ਦੀ ਯੋਜਨਾਬੰਦੀ, ਦਲੇਰੀ, ਲੀਡਰਸ਼ਿਪ ਕੁਆਲਿਟੀ ਅਤੇ ਬਹਾਦਰੀ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਨੂੰ ‘ਵੀਰ ਚੱਕਰ’ ਨਾਲ ਸਨਮਾਨਿਤ ਕੀਤਾ ਗਿਆ। ਅੱਜ ਸਮਝਿਆ ਜਾਂਦਾ ਹੈ ਕਿ ਉਸ ਸਮੇਂ ਬ੍ਰਿਗੇਡੀਅਰ ਹਰਬਖਸ਼ ਸਿੰਘ ਤਾਂ ਹਮੇਸ਼ਾਂ-ਹਮੇਸ਼ਾਂ ਲਈ ਕਸ਼ਮੀਰ ਦਾ ਮਸਲਾ ਨਜਿੱਠਣਾ ਚਾਹੁੰਦੇ ਸਨ ਪਰੰਤੂ ਕੇਂਦਰੀ ਸਰਕਾਰ ਦੇ ਸਖਤ ਹੁਕਮਾਂ ਕਾਰਨ ਉਸ ਨੂੰ ਆਪਣਾ ਮਾਰਚ ਰੋਕਣਾ ਪਿਆ। ਨਤੀਜੇ ਵਜੋਂ ਕਸ਼ਮੀਰ ਦੀ ਸਮੱਸਿਆ ਭਾਰਤੀ ਸਟੇਟ ਦੇ ਸਰੀਰ ਵਿਚ ਨਾਸੂਰ ਬਣ ਗਈ। ਜਿਸ ਕਾਰਨ ਭਾਰਤ ਨੂੰ ਅੱਜ ਤੀਕ ਹਜ਼ਾਰਾਂ ਕੀਮਤੀ ਜਾਨਾਂ ਅਤੇ ਅਰਬਾਂ-ਖਰਬਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ ਅਤੇ ਜੰਮੂ- ਕਸ਼ਮੀਰ ਸਮੇਤ ਪੰਜਾਬ ਨੂੰ ਭਾਰੀ ਜਾਨੀ-ਮਾਲੀ ਨੁਕਸਾਨ ਉਠਾਉਣਾ ਪਿਆ ਅਤੇ ਅੱਜ ਵੀ ਇਹ ਬਾਦਸਤੂਰ ਜਾਰੀ ਹੈ। ਕਸ਼ਮੀਰ ਸਮੱਸਿਆ ਦਾ ਹੱਲ ਦਿਸ ਨਹੀਂ ਰਿਹਾ। ਹਾਂ, ਇਸ ਮਸਲੇ ਉੱਤੇ ਰਾਜਨੀਤੀ ਜ਼ਰੂਰ ਹੋ ਰਹੀ ਹੈ। ਹਰ ਦਿਨ ਨਵੀਂ ਪਰੇਸ਼ਾਨੀ ਤੇ ਬੇਚੈਨੀ ਦਾ ਕਾਰਨ ਬਣ ਗਈ ਹੈ– ਕਸ਼ਮੀਰ ਸਮੱਸਿਆ। ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ‘ਪੰਜਾਬ ਕੋਸ਼’ ਅਨੁਸਾਰ ਸਰਦਾਰ ਹਰਬਖਸ਼ ਸਿੰਘ 1948 ਤੋਂ 1949 ਤੀਕ ਇੰਡੀਅਨ ਮਿਲਟਰੀ ਅਕਾਡਮੀ ਦੇ ਡਿਪਟੀ ਕਮਾਂਡੈਂਟ ਦੇ ਤੌਰ ਉੱਤੇ ਸੇਵਾ ਨਿਭਾਉਂਦੇ ਰਹੇ। ਇਸ ਪਿੱਛੋਂ ਉਨ੍ਹਾਂ ਨੇ ਆਰਮੀ ਹੈਡ ਕੁਆਟਰ ਵਿਖੇ ਡਾਇਰੈਕਟਰ ਆਫ਼ ਇਨਫੈਂਟਰੀ ਦੇ ਅਹੁਦੇ ਉੱਤੇ ਕੰਮ ਕੀਤਾ ਅਤੇ ਫੌਜ ਦੇ ਕੰਮ ਕਾਜ ਵਿਚ ਹਰ ਪੱਖੋਂ ਮੁਹਾਰਤ ਪ੍ਰਾਪਤ ਕਰ ਲਈ। ਹੁਣ ਸ. ਹਰਬਖਸ਼ ਸਿੰਘ ਵੱਲ ਪੂਰੀ ਭਾਰਤੀ ਫ਼ੌਜ ਵਿਚ ਪੂਰੇ ਸਤਿਕਾਰ ਅਤੇ ਵੱਡੀਆਂ ਉਮੀਦਾਂ ਨਾਲ ਵੇਖਿਆ ਜਾਣ ਲੱਗ ਪਿਆ ਸੀ। 1958 ਵਿਚ ਉਨ੍ਹਾਂ ਨੂੰ ਇਮਪੀਰੀਅਲ ਡਿਫੈਂਸ ਕਾਲਜ ਲੰਡਨ ਵਿਖੇ ਕੋਰਸ ਕਰਨ ਵਾਸਤੇ ਭੇਜਿਆ ਗਿਆ, ਜੋ ਕੁਝ ਗਿਣੇ-ਚੁਣੇ ਉੱਚ ਕੋਟੀ ਦੇ ਸੀਨੀਅਰ ਅਫਸਰਾਂ ਨੂੰ ਹੀ ਨਸੀਬ ਹੁੰਦਾ ਹੈ। ਇਸ ਪਿੱਛੋਂ ਕੁਝ ਸਮੇਂ ਲਈ ਇਕ ਇਨਫੈਂਟਰੀ ਡਵੀਜ਼ਨ ਦੀ ਬਤੌਰ ਡਿੱਬ ਕਮਾਂਡਰ ਕਮਾਨ ਕਰਨ ਉਪਰੰਤ ਉਨ੍ਹਾਂ ਨੂੰ ਜੁਲਾਈ, 1961 ਵਿਚ ਮੇਜਰ ਜਰਨਲ ਦੇ ਰੈਂਕ ਵਿਚ ਪੱਛਮੀ ਕਮਾਨ ਦਾ ਚੀਫ ਆਫ਼ ਸਟਾਫ ਨਿਯੁਕਤ ਕੀਤਾ ਗਿਆ। ਅਕਤੂਬਰ, 1962 ਵਿਚ ਸ. ਹਰਬਖਸ਼ ਸਿੰਘ ਨੂੰ ਬਤੌਰ ਲੈਫਟੀਨੈਂਟ ਜਰਨਲ ਚੌਥੀ ਕੌਰ ਦਾ ਕਮਾਂਡਰ ਨਿਯੁਕਤ ਕਰ ਕੇ ਭਾਰਤ-ਚੀਨ ਜੰਗ ਵਿਚ ਪਹਿਲਾਂ ਨੇਫਾ ਅਤੇ ਫਿਰ ਸਿੱਕਮ ਸੈਕਟਰ ਭੇਜਿਆ ਗਿਆ। ਭਾਵੇਂ ਜਰਨਲ ਹਰਬਖਸ਼ ਸਿੰਘ ਨੇ ਆਪਣੇ ਟਰੁਪਸ (ਅਫਸਰਾਂ ਅਤੇ ਫੌਜੀਆਂ) ਦੀ ਉੱਤਮ ਅਗਵਾਈ ਕਰਦਿਆਂ ਦੁਸ਼ਮਣ ਦਾ ਬੜੀ ਦਲੇਰੀ ਨਾਲ ਟਾਕਰਾ ਕੀਤਾ, ਪਰੰਤੂ ਜਗ ਜਾਣਦਾ ਹੈ ਕਿ ਹਿੰਦੀ ਚੀਨੀ ਭਾਈ-ਭਾਈ ਨਾਅਰੇ ਲਾਉਣ ਵਾਲਿਆਂ ਦੇ, ਨਾ-ਤਜਰਬੇਕਾਰ ਅਤੇ ਨਾਲਾਇਕ ਰਿਸ਼ਤੇਦਾਰ ਫ਼ੌਜ ਦੀ ਕਮਾਨ ਸੰਭਾਲਣ ਵਾਲੇ ਅਤੇ ਆਪਣੇ ਆਪ ਨੂੰ ਦੁਨੀਆ ਦਾ ਅਮਨ ਦੇਵਤਾ ਕਹਾਉਣ ਦੀ ਲਾਲਸਾ ਰੱਖਣ ਵਾਲੇ ਅਤੇ ਫ਼ੌਜ ਨੂੰ ਬੇਲੋੜੀ ਸਮਝਣ ਵਾਲੇ ਰਾਸ਼ਟਰੀ ਮਹਾਂਰਥੀਆਂ ਦੀ ਕਿਰਪਾ ਕਾਰਨ ਦੇਸ਼ ਅਤੇ ਖਾਸ ਕਰਕੇ ਸ਼ਾਨਾਂਮੱਤੇ ਇਤਿਹਾਸ ਵਾਲੀ ਭਾਰਤੀ ਫ਼ੌਜ ਨੂੰ ਨਮੋਸ਼ੀ ਭਰੀ ਹਾਰ ਦਾ ਮੂੰਹ ਹੀ ਨਹੀਂ ਦੇਖਣਾ ਪਿਆ, ਸਗੋਂ ਹਜ਼ਾਰਾਂ ਮੀਲ ਲੰਮਾ-ਚੌੜਾ ਭਾਰਤੀ ਇਲਾਕਾ ਵੀ ਚੀਨ ਦੇ ਅਧੀਨ ਹੋ ਗਿਆ, ਜੋ ਅੱਜ ਵੀ ਚੀਨ ਦੇ ਅਧੀਨ ਹੀ ਹੈ। ਚੀਨ ਦੇ ਕਬਜ਼ੇ ਅਧੀਨ ਇਸ ਇਲਾਕੇ ਦੇ ਭਵਿੱਖ ਬਾਰੇ ਕੁਝ ਵੀ ਕਹਿਣਾ ਅਸੰਭਵ ਹੈ। ਇਹ ਸਮਝਿਆ ਜਾਂਦਾ ਹੈ ਕਿ ਤੱਤਕਾਲੀਨ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨੂੰ ਸਾਰੀਆਂ ਊਣਤਾਈਆਂ, ਉਕਾਈਆਂ, ਗਲਤੀਆਂ ਅਤੇ ਵਿਦੇਸ਼ੀ ਆਗੂਆਂ ਦੇ ਵਿਸ਼ਵਾਸਘਾਤ ਦੇ ਅਹਿਸਾਸ ਕਾਰਨ ਹੱਦੋਂ ਵੱਧ ਮਾਨਸਿਕ ਤਣਾਅ ਝਲੱਣਾ ਪਿਆ, ਜਿਸ ਦਾ ਅੰਤ ੳਨੁ੍ਹਾਂ ਦੀ ਮੌਤ ਨਾਲ ਹੋਇਆ।

16 ਦਸੰਬਰ, 1964 ਈ. ਨੂੰ ਲੈਫਟੀਨੈਂਟ ਜਰਨਲ ਹਰਬਖਸ਼ ਸਿੰਘ ਨੂੰ ਪੱਛਮੀ ਕਮਾਂਡ ਦੇ ਬਤੌਰ ਜਨਰਲ ਆਫਿਸਰ ਕਮਾਂਡਿੰਗ-ਇਨ-ਚੀਫ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਇਸ ਨਿਯੁਕਤੀ ਨਾਲ ਉਸ ਸਮੇਂ ਪੱਛਮੀ ਕਮਾਂਡ ਦੇ ਸਮੂਹ ਅਫਸਰਾਂ ਅਤੇ ਦੂਸਰੇ (ਅਦਰ ਰੈਂਕਸ) ਫੌਜੀਆਂ ਅੰਦਰ ਇਕ ਨਵਾਂ ਵਿਸ਼ਵਾਸ, ਜੋਸ਼ ਅਤੇ ਜਜ਼ਬਾ ਬਣ ਗਿਆ ਸੀ। ਪਾਕਿਸਤਾਨ ਨੇ 1962 ਈ. ਦੀ ਭਾਰਤੀ ਹਾਰ ਨੂੰ ਭਾਰਤ ਦੀ ਫ਼ੌਜੀ ਕਮਜ਼ੋਰੀ ਅਤੇ ਘੱਟ ਜੰਗੀ ਤਿਆਰੀ ਨੂੰ ਭਾਂਪਦਿਆਂ ਭਾਰਤ ਉੱਤੇ ਫ਼ੌਜੀ ਹਮਲਾ ਕਰ ਦਿੱਤਾ। ਇਸ ਤਰ੍ਹਾਂ 1965 ਈ. ਵਿਚ ਭਾਰਤ-ਪਾਕਿ ਦੀ ਜੰਗ ਲੱਗ ਗਈ। ਜਰਨਲ ਹਰਬਖਸ਼ ਸਿੰਘ ਨੂੰ 1947-1948 ਈ. ਦੀਆਂ ਜੰਗਾਂ ਦੌਰਾਨ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕੇ ਜਾਣ ਵਾਲੀ ਗੱਲ ਅੱਜ ਵਾਂਗ ਯਾਦ ਸੀ। ਉਹ ਦੁਸ਼ਮਣ ਨੂੰ ਸਦਾ ਲਈ ਕਮਜ਼ੋਰ ਕਰਨਾ ਅਤੇ ਸਬਕ ਸਿਖਾਉਣਾ ਚਾਹੁੰਦੇ ਸਨ। ਦੁਨੀਆ ਦੇ ਜੰਗਾਂ-ਯੁੱਧਾਂ ਦੇ ਮਾਹਰ ਇਕ ਰਾਏ ਸਨ ਕਿ ਜਿਸ ਸੂਝ-ਬੂਝ ਨਾਲ ਯੁੱਧ ਦੀ ਯੋਜਨਾਬੰਦੀ ਜਰਨਲ ਹਰਬਖਸ਼ ਸਿੰਘ ਨੇ ਕੀਤੀ ਅਤੇ ਸਾਰੀ ਜੰਗ ਦੌਰਾਨ ਆਪਣੇ ਮੂਹਰਲੇ ਮੋਰਚਿਆਂ ਵਿਚ ਸਿਪਾਹੀਆਂ ਨਾਲ ਸ਼ਾਮਲ ਹੋ ਕੇ ਫ਼ੌਜ ਦੀ ਹੌਂਸਲਾ-ਅਫ਼ਜ਼ਾਈ ਅਤੇ ਅਗਵਾਈ ਕੀਤੀ, ਉਸ ਨਾਲ ਵੈਰੀ ਦੇ ਦੰਦ ਖੱਟੇ ਕਰ ਦਿੱਤੇ। ਜਰਨਲ ਹਰਬਖਸ਼ ਸਿੰਘ ਪਾਕਿਸਤਾਨ ਦੇ ਇਸ ਟੈਂਟੇ, ਜੋ ਭਾਰਤ ਅਤੇ ਖਾਸ ਕਰਕੇ ਪੰਜਾਬ ਲਈ ਰੋਜ਼ ਦੀ ਸਿਰਦਰਦੀ ਬਣਿਆ ਹੋਇਆ ਸੀ, ਨੂੰ ਇੱਕੋ ਵਾਰ ਮੁਕਾਉਣਾ ਚਾਹੁੰਦੇ ਸਨ। ਉਨ੍ਹਾਂ ਦਾ ਹਰ ਕਦਮ ਜੇਤੂ ਰੂਪ ਵਿਚ ਅੱਗੇ ਹੀ ਅੱਗੇ ਵਧਦਾ ਜਾ ਰਿਹਾ ਸੀ। ਪਾਕਿਸਤਾਨ ਦੇ ਅਨੇਕਾਂ ਉਸ ਸਮੇਂ ਦੁਨੀਆ ਵਿਚ ਮਸ਼ਹੂਰ ਪੈਟਨ ਟੈਂਕ ਖਾਮੋਸ਼ ਹੀ ਨਹੀਂ ਸਨ ਕੀਤੇ, ਸਗੋਂ ਬਹੁਤ ਸਾਰੇ ਪੈਟਨ ਟੈਂਕ ਭਾਰਤੀ ਫੌਜ ਨੇ ਆਪਣੇ ਕਬਜ਼ੇ ਵਿਚ ਲੈ ਲਏ ਸਨ। ਭਾਰਤੀ ਫੌਜ ਦੇ ਮੁਕਾਬਲੇ ਦੁਸ਼ਮਣ ਦੀਆਂ ਫ਼ੌਜਾਂ ਦਾ ਜਾਨੀ-ਮਾਲੀ, ਆਰਮਜ਼ ਤੇ ਅਮੁਨਿਸ਼ਨ ਦਾ ਕਿਤੇ ਜ਼ਿਆਦਾ ਨੁਕਸਾਨ ਹੋਇਆ। ਭਾਰਤੀ ਫ਼ੌਜੀ ਅਫਸਰਾਂ, ਜੂਨੀਅਰ ਅਫਸਰਾਂ ਅਤੇ ਅਦਰ ਰੈਂਕਸ (ਫੌਜੀਆਂ) ਦੇ ਮੁਕਾਬਲੇ ਪਾਕਿ ਫੌਜ ਦੇ ਵਧੇਰੇ ਯੁੱਧਬੰਦੀ ਬਣਾ ਲਏ ਗਏ, ਪਰੰਤੂ ਅਫਸੋਸ ਅਤਿ ਦੁਖਦਾਇਕ ਉਤਲਿਆਂ ਦੇ ਹੁਕਮਾਂ ਅਨੁਸਾਰ, ਜਰਨੈਲ ਦੀਆਂ ਪੁਰਜ਼ੋਰ ਅਤੇ ਬਾਦਲੀਲ ਬੇਨਤੀਆਂ ਦੇ ਬਾਵਜੂਦ ਭਾਰਤੀ ਫ਼ੌਜ ਨੂੰ ਪਿੱਛੇ ਹਟਣਾ ਪਿਆ ਅਤੇ ਜਿੱਤਿਆ ਇਲਾਕਾ ਛੱਡਣਾ ਪਿਆ। ਪਿੱਛੋਂ ਰੂਸ ਦੇ ਭਾਰੀ ਦਬਾਅ ਹੇਠ ਪਾਕਿ ਦੇ ਯੁੱਧਬੰਦੀ ਤਾਂ 10 ਜਨਵਰੀ, 1966 ਦੇ ਨਖਿਧ ਤਾਸ਼ਕੰਦ ਸਮਝੌਤੇ ਅਧੀਨ ਤੱਤਕਾਲੀਨ ਪ੍ਰਧਾਨ ਮੰਤਰੀ ਦੇ ਹੁਕਮ ਨਾਲ ਛੱਡ ਦਿੱਤੇ ਗਏ, ਪਰੰਤੂ ਭਾਰਤੀ ਯੁੱਧਬੰਦੀ ਤਾਂ ਅਜੇ ਵੀ ਪਾਕਿਸਤਾਨ ਦੀਆਂ ਜੇਲਾਂ ਵਿਚ ਰੁਲ ਰਹੇ ਹਨ ਅਤੇ ਉਨ੍ਹਾਂ ਦੇ ਵਾਰਸ ਖੁਦ ਆਪਣੇ ਸੰਬੰਧੀਆਂ, ਰਿਸ਼ਤੇਦਾਰਾਂ ਅਤੇ ਪਿਆਰਿਆਂ ਨੂੰ ਲੱਭਦੇ ਫਿਰਦੇ ਹਨ। ਜੰਗ ਦੇ ਖਤਮ ਹੋ ਜਾਣ ਉਪਰੰਤ ਦੁਨੀਆ ਦੇ ਫ਼ੌਜੀ ਮਾਹਿਰਾਂ ਅਤੇ ਭਾਰਤ ਦੇ ਕਈ ਸਾਬਕਾ ਜਰਨੈਲਾਂ ਅਤੇ ਮੀਡੀਆ ਵੱਲੋਂ ਕੇਂਦਰੀ ਸਰਕਾਰ ਵੱਲੋਂ ਨਿਭਾਏ ਗਏ ਗਲਤ ਕਿਰਦਾਰ ਉੱਤੇ ਟਿੱਪਣੀਆਂ ਕੀਤੀਆਂ ਅਤੇ ਨੁਕਤਾਚੀਨੀ ਕੀਤੀ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਉਪਰੰਤ ਹੋਈਆਂ ਐਂਗਲੋ ਸਿੱਖ ਲੜਾਈਆਂ (ਸਿੰਘਾਂ ਅਤੇ ਫਿਰੰਗੀਆਂ ਦੀ ਲੜਾਈਆਂ) ਵਿਚ, ਫ਼ੌਜਾਂ ਵੱਲੋਂ ਦਿਖਾਏ ਜ਼ੌਹਰ ਅਤੇ ਨਿਭਾਏ ਗਏ ਹੈਰਾਨਕੁੰਨ ਬਹਾਦਰੀ ਭਰਪੂਰ ਰੋਲ ਲਈ ਖਾਲਸਾ ਫ਼ੌਜਾਂ ਦੀ ਬਹਾਦਰੀ ਬਾਰੇ ਮਹਾਨ ਕਵੀ ਸ਼ਾਹ ਮੁਹੰਮਦ ਲਿਖਦਾ ਹੈ:

ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਦਿੱਤੇ।


ਉਸ ਨੇ ਲਿਖਿਆ ਹੈ ਕਿ ਅੰਗਰੇਜ਼ੀ ਫ਼ੌਜ ਨੂੰ ਅਜਿਹੀ ਮਾਰ ਪਈ ਕਿ ਉਸ ਦਾ ਭਾਰੀ ਜਾਨੀ-ਮਾਲੀ ਨੁਕਸਾਨ ਕੀਤਾ। ਅੰਗਰੇਜ਼ੀ ਰਾਜ ਕੰਬ ਉੱਠਿਆ ਅਤੇ ਲੰਦਨ ਦੇ ਟਾਪੂਆਂ ਵਿਚ ਕੁਰਲਾਹਟ ਮੱਚ ਗਈ, ਪਰੰਤੂ ਇਸ ਸਭ ਕੁਝ ਦੇ ਬਾਵਜੂਦ ਦੇਸ਼-ਧ੍ਰੋਹੀ ਗੱਦਾਰਾਂ– ਤੇਜ ਸਿੰਘ, ਲਾਲ ਸਿੰਘ ਅਤੇ ਗੁਲਾਬ ਸਿੰਘ ਵਰਗੇ ਨਮਕਹਰਾਮਾਂ ਦੀਆਂ ਕਾਲੀਆਂ ਕਰਤੂਤਾਂ ਅਤੇ ਅਤਿ ਘਿਰਣਾਜਨਕ ਸਾਜ਼ਿਸ਼ਾਂ ਕਾਰਨ ਖਾਲਸਾ ਫੌਜਾਂ ਮੁਦਕੀ, ਫੇਰੂ ਸ਼ਹਿਰ, ਅਲੀਵਾਲ, ਸਭਰਾਵਾਂ ਅਤੇ ਚੇਲਿਆਂਵਾਲੀ ਦੀਆਂ ਲੜਾਈਆਂ ਹਾਰ ਗਈਆਂ ਅਤੇ ਅੰਤ ਨੂੰ ਦੇਸ ਪੰਜਾਬ ਅੰਗਰੇਜ਼ੀ ਪ੍ਰਬੰਧ ਅਧੀਨ (ਫਿਰੰਗੀ ਅਧੀਨ) 29 ਮਾਰਚ, 1849 ਈ. ਨੂੰ ਗ਼ੁਲਾਮ ਹੋ ਗਿਆ। ਗੱਦਾਰਾਂ ਨੂੰ ਗੱਦਾਰੀ ਇਨਾਮ ਜੰਮੂ ਦਾ ਰਾਜ ਅਤੇ ਅੰਗਰੇਜ਼ ਨੂੰ ਦੇਸ਼ ਪੰਜਾਬ ਮਿਲਿਆ ਅਤੇ ਖਾਲਸਾ ਪੰਥ ਦੇ ਦੇਸ਼ ਪੰਜਾਬ ਨੂੰ ਗ਼ੁਲਾਮੀ ਮਿਲੀ। ਇਨ੍ਹਾਂ ਹਾਲਾਤਾਂ ਉੱਤੇ ਸ਼ਾਹ ਮੁਹੰਮਦ ਇਉਂ ਹੰਝੂ ਕੇਰਦਾ ਹੈ:

ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।

ਪਰੰਤੂ ਅਜਿਹਾ ਤਾਂ ਇਸ ਲਈ ਹੋਇਆ ਸੀ ਕਿਉਂਕਿ ਸ਼ੇਰ-ਏ-ਪੰਜਾਬ ਨਹੀਂ ਰਹੇ ਸਨ ਅਤੇ ਲਾਹੌਰ ਦਰਬਾਰ ਨਿੱਤ ਦੀਆਂ ਸਾਜ਼ਿਸ਼ਾਂ ਦਾ ਅਖਾੜਾ ਬਣ ਗਿਆ ਸੀ। ਡੋਗਰੇ ਪੰਜਾਬ ਨੂੰ ਤਬਾਹ ਕਰ, ਅੰਗਰੇਜ਼ ਦੇ ਅਧੀਨ ਕਰ, ਆਪਣੇ ਆਪ ਲਈ ਜੰਮੂ-ਕਸ਼ਮੀਰ ਲੋੜਦੇ ਸਨ। ਇੰਜ ਹੀ ਹੋਇਆ ਡੋਗਰਿਆਂ ਨੂੰ ਜੰਮੂ ਦਾ ਰਾਜ ਮਿਲ ਗਿਆ, ਪਰੰਤੂ 1947, 1948, 1962 ਅਤੇ 1965 ਈ. ਦੀਆਂ ਲੜਾਈਆਂ ਸਮੇਂ ਅਤੇ ਉਸ ਪਿੱਛੋਂ ਤਾਂ ਭਾਰਤ ਵਿਚ ਇਕ ਮਜ਼ਬੂਤ ਸਰਕਾਰ ਸੀ। ਫਿਰ ਫ਼ੌਜਾਂ ਜਿੱਤ ਕੇ ਅੰਤ ਨੂੰ ਕਿਉਂ ਹਾਰੀਆਂ? ਚੀਨ ਅਤੇ ਕਸ਼ਮੀਰ ਸਮੱਸਿਆ ਦਾ ਨਾਸੂਰ ਭਾਰਤੀ ਸਟੇਟ ਦੇ ਸਰੀਰ ਵਿਚ ਇਉਂ ਕਾਇਮ ਦਾਇਮ ਹੈ? ਖੈਰ! ਇਤਿਹਾਸ ਹੀ ਇਨ੍ਹਾਂ ਸੁਆਲਾਂ ਦਾ ਨਿਬੇੜਾ ਕਰ ਰਿਹਾ ਹੈ ਅਤੇ ਕਰਦਾ ਰਹੇਗਾ ਅਤੇ ਦੇਸ਼-ਵਾਸੀ ਆਪਣੇ ਨੇਤਾਵਾਂ ਦੀਆਂ ਗਲਤੀਆਂ ਉੱਤੇ ਹੰਝੂ ਵਹਾਉਂਦੇ ਰਹਿਣਗੇ।

1965 ਈ. ਦੀ ਭਾਰਤ-ਪਾਕਿ ਜੰਗ ਨਾਲ ਜਰਨਲ ਹਰਬਖਸ਼ ਸਿੰਘ ਦੀ ਧਾਂਕ ਦੇਸ਼ ਅਤੇ ਵਿਦੇਸ਼ਾਂ ਵਿਚ ਪੈ ਗਈ। ਭਾਰਤੀ ਮੀਡੀਆ ਨੇ ਅਤੇ ਦੇਸ਼-ਵਾਸੀਆਂ ਨੇ ਜਰਨੈਲ ਨੂੰ ਇਕ ਮਹਾਨ ਹੀਰੋ ਅਤੇ ਦੇਸ਼ ਦਾ ਹੀਰਾ ਕਹਿ ਕੇ ਵਡਿਆਇਆ। ਸਭ ਨੂੰ ਉਮੀਦ ਸੀ ਕਿ ਇੰਨੀ ਵੱਡੀ ਪ੍ਰਾਪਤੀ ਉਪਰੰਤ ਉਸ ਨੂੰ ਭਾਰਤੀ ਫੌਜਾਂ ਦਾ ਕਮਾਂਡਰ- ਇਨ-ਚੀਫ ਪੂਰਾ-ਸੂਰਾ ਜਰਨੈਲ ਬਣਾਇਆ ਜਾਵੇਗਾ। ਪਰੰਤੂ ਜੋ ਮਗਰੋਂ 1971 ਈ. ਦੀ ਜੰਗ ਦੇ ਪ੍ਰਸਿੱਧ ਹੀਰੋ ਜਰਨਲ ਜਗਜੀਤ ਸਿੰਘ ਅਰੋੜਾ ਨਾਲ ਹੋਇਆ ਸੀ ਉਹ ਹੀ ਜਰਨਲ ਹਰਬਖਸ਼ ਸਿੰਘ ਨਾਲ 1965 ਈ. ਦੀ ਜੰਗ ਉਪਰੰਤ ਹੋਇਆ। ਪਦਮ ਭੂਸ਼ਣ ਅਤੇ ਬਾਅਦ ਵਿਚ ਪਦਮ-ਵਿਭੂਸ਼ਣ ਨਾਲ ਸਨਮਾਨ ਦੇ ਕੇ ਉਸ ਦੀਆਂ ਅਤੇ ਉਸ ਦੇ ਪ੍ਰਸੰਸਕਾਂ ਦੀਆਂ ਅੱਖਾਂ ਪੂੰਝ ਦਿੱਤੀਆਂ ਅਤੇ ਅਨੇਕਾਂ ਭਾਰਤੀਆਂ ਦੀਆਂ ਉਮੀਦਾਂ ਉੱਤੇ ਪਾਣੀ ਫੇਰ ਕੇ ਇਸ ਮਹਾਨ ਯੋਧੇ ਜਰਨੈਲ ਨੂੰ ਰਿਟਾਇਰ ਕਰ ਕੇ ਬਾਕੀ ਰਹਿੰਦੀ ਉਮਰ ਵਿਚ ਮਹਾਨ ਕਾਰਨਾਮਿਆਂ ਨੂੰ ਯਾਦ ਕਰ ਕੇ ਝੂਰਨ ਲਈ 34 ਸਾਲ ਦੀ ਸ਼ਾਨਦਾਰ ਅਤੇ ਨਮੂਨੇ ਦੀ ਸੇਵਾ ਉਪਰੰਤ ਸਤੰਬਰ, 1969 ਨੂੰ ਘਰ ਭੇਜ ਦਿੱਤਾ। ਉਪਰੰਤ ਲੰਮਾ ਸਮਾਂ ਉਹ ਦਿੱਲੀ ਦੀ ਬਸੰਤ ਵਿਹਾਰ ਵਿਚ ਆਪਣੀ ਪਤਨੀ ਅਤੇ ਰਿਟਾਇਰ ਹੋਏ ਪੁਰਾਣੇ ਫੌਜੀ ਤੇ ਸਿਵਲ ਅਫਸਰਾਂ ਨਾਲ ਆਪਣੀ ਜ਼ਿੰਦਗੀ ਜਿਊਂਦੇ ਰਹੇ। ਕੇਂਦਰੀ ਸਰਕਾਰ ਨੇ ਉਨ੍ਹਾਂ ਦੀ ਲਿਆਕਤ, ਕੁਰਬਾਨੀ, ਦੇਸ਼-ਭਗਤੀ ਅਤੇ ਪ੍ਰਾਪਤੀ ਨੂੰ ਮੁੱਖ ਰੱਖਦਿਆਂ ਉਨ੍ਹਾਂ ਤੋਂ ਕਿਧਰੇ ਹੋਰ ਸੇਵਾ ਲੈਣੀ ਜ਼ਰੂਰੀ ਹੀ ਨਹੀਂ ਸਮਝੀ। ਉਨ੍ਹਾਂ ਦੇ ਗੁਣਾਂ ਦਾ ਮੁੱਲ ਨਹੀਂ ਪਾਇਆ ਗਿਆ। ਜੌਹਰੀ ਬਿਨਾਂ ਲਾਲ ਦੀ ਕੀਮਤ ਨਹੀਂ ਪਾਈ ਜਾਂਦੀ। ਬਿਨਾਂ ਗਾਹਕ ਦੇ ਗੁਣ ਵੇਚਿਆਂ ਕੌਡੀਆਂ ਭਾਅ ਹੀ ਜਾਂਦਾ ਹੈ। ਸਤਿਗੁਰਾਂ ਦਾ ਫੁਰਮਾਨ ਹੈ:

ਵਿਣੁ ਗਾਹਕ ਗੁਣੁ ਵੇਚੀਐ ਤਉ ਗੁਣੁ ਸਹਘੋ ਜਾਇ॥
ਗੁਣ ਕਾ ਗਾਹਕੁ ਜੇ ਮਿਲੈ ਤਉ ਗੁਣੁ ਲਾਖ ਵਿਕਾਇ॥ (ਪੰਨਾ 1086)

ਭਾਈ ਗੁਰਦਾਸ ਜੀ ਲਿਖਦੇ ਹਨ:

ਰਤਨ ਮਣੀ ਗਲਿ ਬਾਂਦਰੈ ਕਿਹੁ ਕੀਮ ਨ ਜਾਣੈ॥ (ਵਾਰ 34:4)

ਉਸ ਵੇਲੇ ਦੇ ਰੱਖਿਆ ਮੰਤਰੀ ਸ੍ਰੀ ਵਾਈ.ਬੀ.ਚਵਾਨ ਦੀ ਡਾਇਰੀ ਦੇ ਹਵਾਲੇ ਅਨੁਸਾਰ ਜਰਨਲ ਹਰਬਖਸ਼ ਸਿੰਘ ਨੇ ਉਸ ਵੇਲੇ ਪੰਜਾਬ ਦੀ ਦੁਬਾਰਾ ਵੰਡ ਹੋਣ ਤੋਂ ਬਚਾ ਲਈ ਸੀ। ਇਹ ਤੱਥ ਰੱਖਿਆ ਮੰਤਰੀ ਸ੍ਰੀ ਚਵਾਨ ਦੇ ਉਸ ਸਮੇਂ ਦੇ ਪਰਸਨਲ ਸਕੱਤਰ ਆਰ.ਡੀ. ਪ੍ਰਧਾਨ ਨੇ ਆਪਣੀ ਪੁਸਤਕ ‘1965 ਵਾਰ-ਦੀ ਇਨਸਾਈਡ ਸਟੋਰੀ’ ਵਿਚ ਲਿਖੀ ਹੈ, ਜੋ ਤਤਕਾਲੀਨ ਰੱਖਿਆ ਮੰਤਰੀ ਦੀ ਹੱਥ-ਲਿਖਤ ਰੋਜ਼ਾਨਾ ਡਾਇਰੀ ’ਤੇ ਆਧਾਰਿਤ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਉਸ ਵੇਲੇ ਫੌਜਾਂ ਦੇ ਕਮਾਂਡਰ-ਇਨ-ਚੀਫ ਜਨਰਲ ਜੇ.ਐਨ. ਚੌਧਰੀ ਨੇ ਫੌਜਾਂ ਨੂੰ ਬਿਆਸ ਦਰਿਆ ਉੱਤੇ ਡਿਫੈਂਸ ਲਾਈਨ ਬਣਾਉਣ ਦਾ ਹੁਕਮ ਦੇ ਦਿੱਤਾ ਸੀ। ਇਸ ਹੁਕਮ ਨੂੰ ਜਰਨਲ ਹਰਬਖਸ਼ ਸਿੰਘ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦਾ ਇਰਾਦਾ ਵਾਹਗਾ ਅਤੇ ਖੇਮਕਰਨ ਬਾਰਡਰ ’ਤੇ ਹੀ ਲੜ ਕੇ ਵੈਰੀ ਨੂੰ ਸਦਾ-ਸਦਾ ਲਈ ਕਮਜ਼ੋਰ ਕਰ ਦੇਣ ਦਾ ਸੀ। ਰੱਖਿਆ ਮੰਤਰੀ ਸ੍ਰੀ ਵਾਈ.ਬੀ. ਚਵਾਨ ਨੇ ਵੀ ਜਨਰਲ ਹਰਬਖਸ਼ ਸਿੰਘ ਦੀ ਰਾਏ ਨੂੰ ਠੀਕ ਮੰਨਿਆ (ਦੀ ਟ੍ਰਿਬਿਊਨ 17-06-2007) ਇਸ ਤਰ੍ਹਾਂ ਜਰਨਲ ਹਰਬਖਸ਼ ਸਿੰਘ ਨੇ ਆਪਣੇ ਉਪਰਲੇ ਅਧਿਕਾਰੀ ਦੇ ਹੁਕਮ ਦੀ ਉਲੰਘਣਾ ਕਰ ਕੇ ਵੀ ਪੰਜਾਬ ਦਾ ਵੱਡਾ ਨੁਕਸਾਨ ਹੋਣ ਤੋਂ ਬਚਾਇਆ ਸੀ। ਉਨ੍ਹਾਂ ਨੇ ਇੰਨੀ ਸਿਆਣਪ ਅਤੇ ਬੀਰਤਾ ਨਾਲ ਇਹ ਲੜਾਈ ਲੜੀ ਕਿ ਅੱਗੇ ਵਧੇ ਦੁਸ਼ਮਣ ਦਾ ਮੂੰਹ ਮੋੜ ਦਿੱਤਾ ਤੇ ਉਸ ਨੂੰ ਪਿੱਛੇ ਧਕੇਲ ਦਿਤਾ। ਈਛੋਗਿਲ ਨਹਿਰ ਤਕ ਪਾਕਿਸਤਾਨ ਦਾ ਇਲਾਕਾ ਆਪਣੇ ਕਬਜ਼ੇ ਵਿਚ ਲੈ ਲਿਆ। ਵਾਹਗਾ ਸਰਹੱਦ ਤੋਂ ਗੁਜਰਾਤ ਤਕ ਦੇ ਧੁਨੰਗੇ ਸਰਹੱਦ ਉੱਤੇ ਜਰਨਲ ਹਰਬਖਸ਼ ਸਿੰਘ ਦੀ ਕਮਾਨ ਹੇਠ ਭਾਰਤੀ ਫੌਜ ਪਾਕਿਸਤਾਨ ਦੇ ਧੁਰ ਅੰਦਰ ਤੀਕ ਜੇਤੂ ਹਾਲਤ ਵਿਚ ਸੀ ਅਤੇ ਦੁਸ਼ਮਣ ਇਸ ਸਮੇਂ ਆਪਣੇ ਆਪ ਨੂੰ ਹਾਰਿਆ ਅਤੇ ਬੇਵੱਸ ਮਹਿਸੂਸ ਕਰ ਰਿਹਾ ਸੀ।

ਸ੍ਰੀ ਆਰ.ਡੀ. ਪਰਧਾਨ ਦੀ ਇਸ ਪੁਸਤਕ ਵਿਚ ਰੂਸ ਦੇ ਦਬਾਅ ਹੇਠ ਕੀਤੇ 10 ਜਨਵਰੀ, 1966 ਈ. ਨੂੰ ਤਾਸ਼ਕੰਦ ਸਮਝੌਤੇ ਦੀਆਂ ਘਟਨਾਵਾਂ ਦਾ ਵਰਣਨ ਵੀ ਕੀਤਾ ਗਿਆ ਹੈ। ਇਹ ਟਿੱਪਣੀ ਕੀਤੀ ਗਈ ਹੈ ਕਿ ਇਸ ਸਮਝੌਤੇ ਅਨੁਸਾਰ ਭਾਰਤ ਨੂੰ ਆਪਣੀਆਂ ਫੌਜਾਂ ਪਿੱਛੇ ਹਟਾਉਣੀਆਂ ਪਈਆਂ। ਉਸ ਨੂੰ ਈਛੋਗਿਲ ਦੇ ਇਲਾਕੇ ਸਮੇਤ ਹਾਜੀਪੀਰ ਪਾਸ ਆਦਿ ਦੇ ਇਲਾਕੇ ਪਾਕਿਸਤਾਨ ਨੂੰ ਵਾਪਸ ਕਰਨੇ ਪਏ। ਅਫਸੋਸ ਅਤੇ ਦੁਖਦਾਇਕ! ਜੋ ਲੜਾਈ ਦੇ ਮੈਦਾਨ ਵਿਚ ਇਲਾਕਾ ਜਿੱਤਿਆ ਸੀ, ਉਹ ਇਸ ਗੱਲਬਾਤ ਦੀ ਮੇਜ ਉੱਤੇ ਬਹਿ ਕੇ ਸਾਡੇ ਰਾਸ਼ਟਰੀ ਨੇਤਾ ਰੂਸ ਦੇ ਦਬਾਅ ਹੇਠ ਹਾਰ ਗਏ। ਜਰਨਲ ਹਰਬਖਸ਼ ਸਿੰਘ ਦੀ ਸੁਯੋਗ ਕਮਾਨ ਹੇਠ ਭਾਰਤੀ ਫੌਜ ਵੱਲੋਂ ਕੀਤੀਆਂ ਪ੍ਰਾਪਤੀਆਂ ਖੂਹ ਵਿਚ ਸੁੱਟ ਦਿੱਤੀਆਂ। ਸ਼ਾਇਦ ਇਹ ਸਮਝੌਤਾ ਹੀ ਲਾਲ ਬਹਾਦਰ ਸ਼ਾਸਤਰੀ ਦੀ ਪ੍ਰੇਸ਼ਾਨੀ ਦਾ ਕਾਰਨ ਸੀ, ਜਿਸ ਕਰਕੇ 11 ਜਨਵਰੀ, 1966 ਈ. ਨੂੰ ਉਨ੍ਹਾਂ ਦੀ ਮ੍ਰਿਤੂ ਹੋ ਗਈ। ਇਹ ਸਾਰੀ ਜਾਣਕਾਰੀ ਉਸ ਵਿਅਕਤੀ ਵਲੋਂ ਦਿੱਤੀ ਹੋਈ ਹੈ ਜਿਸ ਨੇ ਉਸ ਲੜਾਈ ਦੌਰਾਨ ਸਾਰੇ ਮੋਰਚਿਆਂ ਦਾ ਦੌਰਾ ਕੀਤਾ ਸੀ ਅਤੇ ਲੜਾਈ ਬੰਦ ਹੋਣ ਦੇ ਦਿਨ 23 ਸਤੰਬਰ, 1965 ਈ. ਨੂੰ ਉਹ ਆਪ ਈਛੋਗਿਲ ਨਹਿਰ ’ਤੇ ਹਾਜਰ ਸੀ।

ਆਪਣੀ ਮਾਤਰ-ਭੂਮੀ ਨਾਲ ਸਨੇਹ ਅਤੇ ਦੇਸ਼ ਕੌਮ ਪ੍ਰਤੀ ਉਹ ਕਿੰਨੇ ਸਮਰਪਿਤ ਸਨ, ਇਸ ਦੀ ਮਿਸਾਲ ਇਕ ਬਹੁ-ਚਰਚਿਤ ਘਟਨਾ ਤੋਂ ਮਿਲਦੀ ਹੈ, ਜਿਸ ਦੀ ਸੰਖੇਪ ਜਾਣਕਾਰੀ ਜਰਨਲ ਹਰਬਖਸ਼ ਸਿੰਘ ਦੀ ਕਿਤਾਬ “ਵਾਰ ਡਿਸਪੈਚਜ਼-ਇੰਡੋ-ਪਾਕਿ ਕਾਨਫਲਿਕਟ 1965” ਦੇ ਪੰਨਾ ਨੰ: 107-108 ਵਿਚ ਅੰਕਿਤ ਹੈ। ਇਹ ਵਾਕਿਆ 9-10 ਸਤੰਬਰ, 1965 ਈ. ਦਾ ਹੈ। ਜਿਸ ਸਮੇਂ ਪੂਰੇ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਬਾਰਡਰ ’ਤੇ ਲੜਾਈ ਆਪਣੀ ਚਰਮ-ਸੀਮਾ ’ਤੇ ਸੀ। ਲੜਾਈ ਦੀ ਸ਼ੁਰੂਆਤ ਤੋਂ ਹੀ ਖੇਮਕਰਨ ਸੈਕਟਰ ਵਿਚ ਸਾਡੀ ਸੈਨਾ ਦਾ ਭਾਰੀ ਨੁਕਸਾਨ ਹੋਇਆ ਸੀ, ਪਰ ਜਰਨਲ ਹਰਬਖਸ਼ ਸਿੰਘ ਵਿਚ ਵਾਹਿਗੁਰੂ ਦੀ ਬਖਸ਼ਿਸ ਸਦਕਾ ਇਕ ਫੌਜੀ ਕਮਾਂਡਰ ਦੇ ਉਹ ਅਨੂਠੇ ਗੁਣ ਸਨ, ਜੋ ਇਸ ਤਰ੍ਹਾਂ ਦੀ ਬੇਹੱਦ ਮੁਸ਼ਕਿਲ ਸਥਿਤੀ ਵਿਚ ਵੀ ਆਪਣੇ ਬੁਲੰਦ ਹੌਸਲੇ, ਯੁੱਧ ਦੇ ਮੈਦਾਨ ਦੀਆਂ ਸੱਚਾਈਆਂ ਦੀਆਂ ਬਾਰੀਕੀਆਂ ਵਿਚ ਜਾਣਕਾਰੀ ਅਤੇ ਆਪਣੀ ਸੂਰਬੀਰਤਾ ਦਾ ਸਦਕਾ ਅਗਾਂਹ ਵਧਦੇ ਹੋਏ ਦੁਸ਼ਮਣ ਦੇ ਛੱਕੇ ਛੁਡਾਉਣ ਦੀ ਕਾਬਲੀਅਤ ਰੱਖਦੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹਰ ਗੁਰਸਿੱਖ ਲਈ ਨਿਰਧਾਰਿਤ ਕੀਤਾ ਹੋਇਆ ਨਿਸ਼ਾਨਾ ਨਿਸਚੈ ਕਰ ਅਪਨੀ ਜੀਤ ਕਰੋਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਦ੍ਰਿੜ੍ਹ ਸੀ।

ਹਾਲਾਂਕਿ 10 ਸਤੰਬਰ, 1965 ਈ. ਦੀ ਸਵੇਰ ਉਨ੍ਹਾਂ ਨੇ ਸਾਂਭਾ-ਜੰਮੂ ਦੇ ਇਲਾਕੇ ਵਿਚ ਆਪਣੀਆਂ ਹਮਲਾਵਰ ਫ਼ੌਜਾਂ ਦੀ ਹੌਸਲਾ-ਅਫਜ਼ਾਈ ਅਤੇ ਅਗਵਾਈ ਕਰਨ ਵਾਸਤੇ ਜਾਣ ਦਾ ਮਨ ਬਣਾਇਆ ਸੀ। ਜਿਨ੍ਹਾਂ ਨੇ ਸਿਆਲਕੋਟ ਸੈਕਟਰ ਵਿਚ ਹਮਲੇ ਦੀ ਚੰਗੀ ਸ਼ੁਰੂਆਤ ਕੀਤੀ ਸੀ, ਪਰ ਅਚਾਨਕ 09 ਸਤੰਬਰ ਸ਼ਾਮ ਨੂੰ ਸੈਨਾ ਮੁਖੀ ਦਾ ਫ਼ੋਨ ਆਇਆ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਅਗਲੀ ਸਵੇਰ, ਯਾਨੀ 10 ਸਤੰਬਰ ਨੂੰ ਅੰਬਾਲੇ ਆਉਣਗੇ ਅਤੇ ਜਰਨਲ ਹਰਬਖਸ਼ ਸਿੰਘ ਉਨ੍ਹਾਂ ਨੂੰ ਉੱਥੇ ਹੀ ਮਿਲਣ। ਖੇਮਕਰਨ ਸੈਕਟਰ ਵਿਚ 10 ਸਤੰਬਰ ਸਵੇਰੇ 7:00 ਵਜੇ ਪਾਕਿਸਤਾਨ ਦੇ 1 ਆਰਮਡ ਡਵੀਜ਼ਨ (ਇਸ ਡਵੀਜ਼ਨ ਨੂੰ “ਫ਼ਖਰ-ਏ-ਪਾਕਿਸਤਾਨ” ਕਿਹਾ ਜਾਂਦਾ ਸੀ) ਨੇ ਇਕ ਵੱਡਾ ਹਮਲਾ ਕਰ ਦਿੱਤਾ। ਸਾਡੀ ਸੈਨਾ ਦਾ 4 ਮਾਉਂਟੇਨ ਡਵੀਜ਼ਨ ਪੂਰੀ ਬਹਾਦਰੀ ਨਾਲ ਆਪਣੇ ਦੇਸ਼ ਦੀ ਇੱਕ-ਇੱਕ ਇੰਚ ਜ਼ਮੀਨ ਵਾਸਤੇ ਲੜ ਰਿਹਾ ਸੀ। ਘਮਸਾਨ ਦੀ ਲੜਾਈ ਚੱਲ ਰਹੀ ਸੀ। ਜਰਨਲ ਹਰਬਖਸ਼ ਸਿੰਘ ਦੀ ਲੜਾਈ ਦੇ ਹਾਲਾਤ ਉੱਪਰ ਪੂਰੀ ਨਜ਼ਰ ਸੀ ਅਤੇ ਉਹ ਲਗਾਤਾਰ ਆਪਣੇ ਕਮਾਡਰਾਂ ਨਾਲ ਰਾਬਤਾ ਰੱਖ ਕੇ ਲੋੜੀਂਦੇ ਦਿਸ਼ਾ- ਨਿਰਦੇਸ਼ ਦੇ ਰਹੇ ਸਨ। ਸਥਿਤੀ ਬੇਹੱਦ ਨਾਜ਼ੁਕ ਸੀ। ਤਕਰੀਬਨ 11 ਵਜੇ ਸੈਨਾ ਮੁਖੀ ਅੰਬਾਲਾ ਪਹੁੰਚੇ। ਤੁਰੰਤ ਹੀ (ਾਂੳਰ ੍ਰੋਮ) ਬੰਦ ਕਮਰਾ ਮੀਟਿੰਗ ਸ਼ੁਰੂ ਹੋਈ। ਮੀਟਿੰਗ ਵਿਚ ਚੀਫ-ਆਫ-ਸਟਾਫ ਮੇਜਰ ਜਰਨਲ ਜੋਗਿੰਦਰ ਸਿੰਘ ਵੀ ਹਾਜ਼ਰ ਸਨ। ਸੈਨਾ ਮੁਖੀ ਖੇਮਕਰਨ ਸੈਕਟਰ ਵਿਚ 4 ਮਾਉਂਟੇਨ ਡਵੀਜ਼ਨ ਦੇ 7 ਸਤੰਬਰ ਨੂੰ ਹੋਏ ਭਾਰੀ ਨੁਕਸਾਨ ਤੋਂ ਅਤੇ ਦੁਸ਼ਮਣ ਦੇ ਟੈਂਕਾਂ ਨਾਲ ਰਾਤ ਦਿਨ ਹੋ ਰਹੇ ਦਲੇਰਾਨਾ ਹਮਲਿਆਂ ਤੋਂ ਕਾਫੀ ਚਿੰਤਤ ਸਨ। ਅਚਾਨਕ ਉਸੇ ਦਿਨ (10 ਸਤੰਬਰ) ਦੀ ਸਵੇਰ ਤੋਂ ਚੱਲ ਰਹੇ ਘਮਾਸਾਨ ਯੁੱਧ ਦੀ ਉਦੋਂ ਤਕ ਦੀ ਸਮੀਖਿਆ ਨੇ ਸੈਨਾ ਮੁਖੀ ਨੂੰ ਹੋਰ ਵੀ ਚਿੰਤੁਤ ਕਰ ਦਿੱਤਾ। ਸੈਨਾ ਮੁਖੀ ਪੂਰੀ ਤਰ੍ਹਾਂ ਡੋਲ ਗਏ ਸਨ। ਪਾਕਿਸਤਾਨ ਨੇ ਇਸ ਸੈਕਟਰ ਵਿਚ ਆਪਣੀ ਪੂਰੀ ਤਾਕਤ ਲਗਾਈ ਹੋਈ ਸੀ। ਉਸ ਦਾ ਸਭ ਤੋਂ ਤਾਕਤਵਰ 1 ਆਰਮਡ ਡਵੀਜ਼ਨ ਆਪਣੇ ਪੈਟਨ ਟੈਂਕਾਂ ਨਾਲ ਗੋਲੇ ਵਰਸੌਂਦਾ ਡਿੱਬੀਪੁਰ-ਮਹਿਮੂਦਪੁਰ ਦੇ ਨਜ਼ਦੀਕ ਪਹੁੰਚ ਗਿਆ ਸੀ। ਸੈਨਾ ਮੁਖੀ ਨੇ ਹੁਕਮ ਦੇ ਦਿੱਤਾ ਕਿ ਸਾਨੂੰ ਆਪਣੀ ਸੈਨਾ ਨੂੰ ਰੀ- ਐਡਜੇਸਟ ਕਰਨ ਬਾਰੇ ਸੋਚਣਾ ਚਾਹੀਦਾ ਹੈ (ਲੜਾਈ ਦੌਰਾਨ “ਰੀ-ਐਡਜੇਸਟਮੈਂਟ ਆਫ ਡਿਸਪੋਜ਼ੀਸ਼ਨਜ਼” ਦਾ ਮਤਲਬ ਹੁੰਦਾ ਹੈ ਕਿ ਜਿਨ੍ਹਾਂ ਸੈਨਾਂ ਦੀਆਂ ਟੁੱਕੜੀਆਂ ਤੋਂ ਦੁਸ਼ਮਣ ਲੜਾਈ ਕਰ ਕੇ ਜਾਂ ਬਾਈਪਾਸ ਕਰ ਕੇ ਅੱਗੇ ਨਿਕਲ ਆਇਆ ਹੋਵੇ ਉਨ੍ਹਾਂ ਨੂੰ (Withdraw) ਕਰ ਕੇ ਜਾਂ ਪਿੱਛੇ ਹਟਾ ਕੇ ਕਿਸੇ ਐਸੇ ਕੁਦਰਤੀ ਜਾਂ ਬਨਾਵਟੀ ਰੁਕਾਵਟ (ਆਬਸਟੇਕਲ) ਦਰਿਆ ਆਦਿ ’ਤੇ ਤੈਨਾਤ ਕੀਤਾ ਜਾਵੇ, ਜਿੱਥੇ ਵਧਦੇ ਹੋਏ ਦੁਸ਼ਮਣ ਨੂੰ ਰੋਕਿਆ ਜਾ ਸਕੇ) ਇੱਥੇ ਤਾਂ ਦੁਸ਼ਮਣ ਪੂਰੇ 4 ਮਾਉਂਟੇਨ ਡਵੀਜ਼ਨ ਤੋਂ ਹੀ ਅੱਗੇ ਨਿਕਲਦਾ ਜਾਪਦਾ ਸੀ। ਬੇਸ਼ੱਕ ਜਰਨਲ ਹਰਬਖਸ਼ ਸਿੰਘ ਨੇ ਆਪਣੇ ਜੀਵਨ-ਕਾਲ ਵਿਚ ਸੈਨਾ ਮੁਖੀ ਦੀ ਗਰਿਮਾ ਨੂੰ ਮੁੱਖ ਰੱਖਦੇ ਹੋਏ ਇਸ ਦਾ ਖੁਲਾਸਾ ਨਹੀਂ ਕੀਤਾ, ਪਰ ਆਮ ਫ਼ੌਜੀ ਸੂਝ-ਬੂਝ ਮੁਤਾਬਿਕ ਅਤੇ ਪ੍ਰਾਈਵੇਟ ਜਾਣਕਾਰੀ ਮੁਤਾਬਿਕ ਇਹ ਮੰਨਿਆ ਜਾਂਦਾ ਹੈ ਕਿ ਸੈਨਾ ਮੁਖੀ ਦਾ ਇਸ਼ਾਰਾ ਬਿਆਸ ਨਦੀ ਤਕ ਪਿੱਛੇ ਹਟਣ ਦਾ ਸੀ। ਜਰਨਲ ਹਰਬਖਸ਼ ਸਿੰਘ ਲਿਖਦੇ ਹਨ ਕਿ “ਮੈਂ ਉਨ੍ਹਾਂ ਨੂੰ ਯਕੀਨ ਦੁਆਇਆ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਮੈਂ ਦੁਸ਼ਮਣ ਦੇ ਆਰਮਡ ਡਵੀਜ਼ਨ ਨੂੰ ਅੱਗੇ ਵਧਣੋਂ ਰੋਕ ਲਵਾਂਗਾ। ਬੇਸ਼ੱਕ ਦੁਸ਼ਮਣ ਦੇ ਕੁਝ ਟੈਂਕ ਸਾਡੀਆਂ ਫ਼ੌਜਾਂ ਦੇ ਪਿੱਛੇ ਤਕ ਪਹੁੰਚ ਜਾਣ, ਪਰ ਇਸ ਤਰ੍ਹਾਂ ਦੀ ਕੋਈ ਵੀ ਕੋਸ਼ਿਸ਼ ਕੁਦਰਤੀ ਮੌਤ ਮਰ ਜਾਵੇਗੀ। ਚੀਫ ਨੇ ਸੋਚਿਆ ਕਿ ਮੈਂ (ਜਰਨਲ ਹਰਬਖਸ਼ ਸਿੰਘ) ਹਮੇਸ਼ਾਂ ਹੀ ਜ਼ਰੂਰਤ ਤੋਂ ਵੱਧ ਆਤਮ-ਵਿਸ਼ਵਾਸ਼ੀ (ਓਵਰ-ਕਾਨਫੀਡੈਂਟ) ਹੁੰਦਾ ਹਾਂ। ਇਸ ਵਾਸਤੇ ਉਨ੍ਹਾਂ ਨੇ ਇਸ ਬਾਰੇ ਚੀਫ਼-ਆਫ਼-ਸਟਾਫ਼ ਦੇ ਵਿਚਾਰ ਜਾਣਨੇ ਚਾਹੇ। ਆਪਣੇ ਸੈਨਾ ਮੁਖੀ ਦੇ ਹੁਕਮਾਂ ਦੀ ਖ਼ਿਲਾਫ਼ਤ ਤੋਂ ਡਰਦੇ ਹੋਏ ਉਹ ਗੋਲ-ਮੋਲ ਜਿਹਾ ਜੁਆਬ ਦੇ ਗਏ। (ਅਜਿਹੇ ਮੌਕਾਪ੍ਰਸਤ ਪਰੰਤੂ ਖਤਰਨਾਕ ਝੋਲੀਚੁੱਕ ਕਿਸਮ ਲੋਕ ਤੁਹਾਨੂੰ ਹਰ ਖੇਤਰ ਵਿਚ ਮਿਲ ਸਕਦੇ ਹਨ) ਜਰਨਲ ਹਰਬਖਸ਼ ਸਿੰਘ ਅੱਗੇ ਲਿਖਦੇ ਹਨ ਕਿ ਮੈਂ ਦੇਖ ਸਕਦਾ ਸੀ ਕਿ ਸੈਨਾ ਮੁਖੀ ਨੂੰ ਮੇਰੇ ਜੁਆਬ ’ਤੇ ਕੋਈ ਜ਼ਿਆਦਾ ਭਰੋਸਾ ਨਹੀਂ ਲੱਗਾ ਅਤੇ ਉਨ੍ਹਾਂ ਨੇ ਮੈਨੂੰ ਚੇਤਾਵਨੀ ਦੇ ਦਿੱਤੀ ਕਿ ਬਹੁਤ ਬੁਰਾ ਹੋ ਸਕਦਾ ਹੈ ਕਿਉਂਕਿ ਉਹ (ਜਰਨਲ ਚੌਧਰੀ) ਟੈਂਕਾਂ ਦੀ ਲੜਾਈ ਨੂੰ ਮੇਰੇ (ਜਰਨਲ ਹਰਬਖਸ਼ ਸਿੰਘ) ਤੋਂ ਬੇਹਤਰ ਜਾਣਦੇ ਹਨ। ਇਸ ਉੱਪਰ ਮੇਰਾ ਜਵਾਬ ਸੀ ਕਿ “ਮੈਂ ਵੀ ਪੂਰੀ ਤਰ੍ਹਾਂ ਜਾਣਦਾ ਹਾਂ ਕਿ ਟੈਂਕਾਂ ਦੀ ਕਾਬਲੀਅਤ (ਆਰਮਰ ਪੋਟੈਂਸ਼ੀਐਲੀਟੀਜ਼) ਕਿੰਨੀ ਕੁ ਹੈ। ਬਹਿਸ ਏਥੇ ਹੀ ਖਤਮ ਹੋ ਗਈ ਅਤੇ ਸੈਨਾ ਮੁਖੀ ਦੁਪਹਿਰ ਦਾ ਖਾਣਾ ਖਾ ਕੇ ਦਿੱਲੀ ਚਲੇ ਗਏ।” ਫ਼ੌਜ ਦੇ ਇਤਿਹਾਸ ਵਿਚ ਇਹ ਸ਼ਾਇਦ ਪਹਿਲੀ ਮਿਸਾਲ ਹੈ ਜਦੋਂ ਇਕ ਫ਼ੌਜੀ ਅਫਸਰ ਨੇ ਦੇਸ਼ ਅਤੇ ਆਪਣੀ ਮਾਤਰ-ਭੂਮੀ ਦੇ ਹਿੱਤ ਵਿਚ ਫ਼ੌਜ ਦੇ ਮੁਖੀ ਦਾ ਗਲਤ ਅਤੇ ਦੇਸ਼, ਖਾਸ ਕਰਕੇ ਪੰਜਾਬ ਦੇ ਵਿਰੁੱਧ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਸਾਬਤ ਹੁੰਦਾ ਹੈ ਕਿ ਉਨ੍ਹਾਂ ਦੇ ਮਨ ਵਿਚ ਪੰਜਾਬ ਦੀ ਧਰਤੀ ਦਾ ਪੰਜਾਬ ਦੇ ਲੋਕਾਂ ਦਾ ਕਿੰਨਾ ਪਿਆਰ ਸੀ ਕਿ ਉਹ ਬਹੁਤ ਵੱਡਾ ਖਤਰਾ ਸਹੇੜਨ ਨੂੰ ਵੀ ਤਿਆਰ ਹੋ ਗਏ ਸਨ।

ਖੇਮਕਰਨ ਸੈਕਟਰ ਵਿਚ ਪਾਕਿਸਤਾਨ ਦੀ ਫ਼ੌਜ 5 ਕਿਲੋਮੀਟਰ ਅੱਗੇ ਵਧ ਆਈ ਸੀ, ਕਿਉਂਕਿ ਉੱਥੇ ਤਾਇਨਾਤ ਡੋਗਰਾ ਰੈਜਮੈਂਟ ਦੇ ਅਫਸਰ ਅਤੇ ਸਿਪਾਹੀ ਲੜਨ ਦੀ ਥਾਂ ਆਪਣਾ ਅਸਲਾ ਸੁੱਟ ਕੇ ਭੱਜ ਪਏ ਸਨ। ਜਰਨਲ ਹਰਬਖਸ਼ ਸਿੰਘ ਫੌਜ ਦੇ ਗੌਰਵ ਅਤੇ ਗੈਰਤ ਨੂੰ ਰੁਲਣ ਨਹੀਂ ਸੀ ਦੇਣਾ ਚਾਹੁੰਦੇ। ਉਹ ਨਹੀਂ ਸਨ ਚਾਹੁੰਦੇ ਕਿ ਪੰਜਾਬ ਦੀ ਹੋਰ ਦਰਦਨਾਕ ਵੰਡ ਹੋਵੇ। ਜਰਨਲ ਹਰਬਖਸ਼ ਸਿੰਘ ਨੇ ਉੱਥੇ 1897 ਈ. ਦੀ ਸਾਰ੍ਹਾਗੜ੍ਹੀ ਦੀ ਲੜਾਈ ਨਾਲ ਸੰਬੰਧਤ ਸ਼ਾਨਾਂਮੱਤੇ ਇਤਿਹਾਸ ਵਾਲੀ 36 ਸਿੱਖ ਹੁਣ 4 ਸਿੱਖ ਬਟਾਲੀਅਨ ਭੇਜ ਦਿੱਤੀ, “ਜਬ ਆਵ ਕੀ ਅਉਧ ਨਿਦਾਨ ਬਨੈ ਅਤ ਹੀ ਰਨ ਮੈ ਤਬ ਜੂਝ ਮਰੋਂ॥” ਦੇ ਮਹਾਨ ਸਿਧਾਂਤ ਅਨੁਸਾਰ ਇਹ ਬਟਾਲੀਅਨ ਪੂਰੀ ਸੂਰਮਗਤੀ ਨਾਲ ਮੈਦਾਨ ਵਿਚ ਜੂਝੀ। ਸਿੱਖ ਬਟਾਲੀਅਨ ਦਾ ਨੁਕਸਾਨ ਤਾਂ ਬਹੁਤ ਹੋਇਆ, ਪਰ ਸਿੱਖ ਫੌਜ ਨੇ ਵੈਰੀ ਨੂੰ ਠੱਲ੍ਹ ਪਾ ਦਿੱਤੀ। ਇਹ ਪਿੰਡ ਅਸਲ ਉਤਾੜ ਅਤੇ ਚੀਮਾ ਪਿੰਡ ਦੇ ਨੇੜੇ ਲੜਾਈ ਹੋਈ। ਇਸ ਵਿਚ ਦੁਸ਼ਮਣ ਦੇ 240 ਪੈਟਨ ਟੈਂਕ ਤਬਾਹ ਕੀਤੇ ਗਏ। ਭਿੱਖੀਵਿੰਡ ਦੇ ਨੇੜ੍ਹੇ ਇਨ੍ਹਾਂ ਟੈਂਕਾਂ ਦੀ ਕਬਰ ਬਣਾ ਦਿੱਤੀ ਗਈ। ਚੀਮਾ ਪਿੰਡ ਵਿਖੇ ‘ਪਰਮਵੀਰ ਚੱਕਰ’ ਵਿਜੇਤਾ ਹੋਲਦਾਰ ਅਬਦੁਲ ਹਮੀਦ ਦੀ ਕਬਰ ਬਣੀ ਹੋਈ ਹੈ, ਕਿਉਂਕਿ ਉਹ ਇੱਥੇ ਹੀ ਲੜਾਈ ਵਿਚ ਪੈਟਨ ਟੈਂਕਾਂ ਨੂੰ ਤਬਾਹ ਕਰਦਾ ਹੋਇਆ ਸ਼ਹੀਦੀ ਜਾਮ ਪੀ ਗਿਆ ਸੀ। ਫ਼ੌਜ ਨੇ ਅਸਲ ਉਤਾੜ ਪਿੰਡ ਜਿੱਥੇ ਪਾਕਿ ਫੌਜ ਨੂੰ ਸਦਾ ਯਾਦ ਰਹਿਣ ਵਾਲਾ ਸਬਕ ਸਿਖਾਇਆ, ਬਦਲ ਕੇ ਅਸਲ ਉਤਾੜ ਦੀ ਥਾਂ ਅਸਲ ਉੱਤਰ ਰੱਖ ਦਿੱਤਾ ਹੈ। ਇਨ੍ਹਾਂ ਦੋਹਾਂ ਪਿੰਡਾਂ ਵਿਚ ਸ਼ਹੀਦਾਂ ਦੀ ਯਾਦ ਹਰ ਸਾਲ 25 ਸਤੰਬਰ ਨੂੰ ਮਨਾਈ ਜਾਂਦੀ ਹੈ।

1972 ਈ. ਵਿਚ ਮੈਨੂੰ ਇਕ ਵਾਰ ਫਿਰ ਜਰਨੈਲ ਸਾਹਿਬ ਨੂੰ ਦਿਲੀ ਬਸੰਤ ਵਿਹਾਰ ਸਥਿਤ ਉਨ੍ਹਾਂ ਦੀ ਮਾਡਰੇਟ ਜਿਹੀ ਕੋਠੀ ਵਿਚ ਮਿਲਣ ਦਾ ਮੌਕਾ ਮਿਲਿਆ। ਕੋਠੀ ਦੇ ਬਾਹਰ ਕੋਈ ਬੰਦਾ ਨਹੀਂ ਸੀ। ਮੈਂ (ਛੳਲਲ ਭੲਲਲ) ਘੰਟੀ ਦੱਬੀ ਤਾਂ ਮੈਂ ਦੇਖਿਆ ਕਿ ਜਰਨੈਲ ਸਾਹਿਬ ਨਿੱਕਰ ਬਨੈਣ ਵਿਚ ਹੀ ਸਿਰ ਉੱਤੇ ਖੱਟਾ ਪੱਟਕਾ ਬੰਨ੍ਹਿਆ ਹੋਇਆ ਆ ਰਹੇ ਹਨ। ਪੂਰੀ ਗਰਮ ਜੋਸ਼ੀ ਨਾਲ ਮਿਲੇ ਘਰ-ਪਰਵਾਰ ਦੀਆਂ ਗੱਲਾਂ ਕਰਦੇ ਰਹੇ। ਜਦੋਂ ਵੀ ਕੋਈ ਫ਼ੌਜ ਦੀ ਅਤੇ ਖਾਸ ਕਰਕੇ ਜੰਗ ਦੀ ਗੱਲ ਛੇੜਨੀ ਚਾਹੀ, ਉੱਥੇ ਬੜੀ ਸੁਹਿਰਦਾ ਅਤੇ ਸਿਆਣਪ ਨਾਲ ਮਜ਼ਮੂਨ ਬਦਲ ਦੇਂਦੇ। ਮੈਂ ਕੰਮ ਦੱਸਿਆ ਉਨ੍ਹਾਂ ਬਿਨ੍ਹਾਂ ਦੇਰੀ ਸੰਬੰਧਿਤ ਅਫ਼ਸਰ ਨੂੰ ਟੈਲੀਫ਼ੋਨ ਕਰ ਦਿੱਤਾ ਅਤੇ ਕੰਮ ਹੋ ਗਿਆ। ਅਸੀਂ ਖੁਸ਼ੀ-ਖੁਸ਼ੀ ਵਾਪਸ ਆ ਗਏ।

ਜਦੋਂ 2002 ਈ. ਵਿਚ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਕਰ ਰਿਹਾ ਸੀ, ਉਦੋਂ ਮੈਨੂੰ ਖੁਦ ਖੇਮਕਰਨ ਦੇ ਇਲਾਕੇ ਵਿਚ ਜਾਣ ਦਾ ਮੌਕਾ ਮਿਲਿਆ। ਉਨ੍ਹਾਂ ਲੋਕਾਂ ਦੇ ਦਿਲ ਵਿਚ ਮੈਂ ਜਰਨਲ ਸਾਹਿਬ ਦਾ ਬੇਹੱਦ ਸਤਿਕਾਰ ਮਹਿਸੂਸ ਕੀਤਾ। ਉਹ ਉਨ੍ਹਾਂ ਨੂੰ ਆਪਣਾ ਰੱਖਿਅਕ ਮੰਨਦੇ ਹਨ।

ਲੋਕਾਂ ਨੇ ਦੱਸਿਆ ਕਿ ਜਰਨੈਲ ਸਾਹਿਬ ਦੀ ਭੰਬੀਰੀ ਵਾਂਗ ਇਕ ਮੋਰਚੇ ਤੋਂ ਦੂਜੇ ਮੋਰਚਿਆਂ ਵਿਚ ਜਾ ਕੇ ਕੀਤੀ ਫ਼ੌਜੀਆਂ ਦੀ ਹੌਂਸਲਾ ਅਫਜਾਈ ਦਾ ਕ੍ਰਿਸ਼ਮਾ ਹੀ ਸੀ ਕਿ ਹੋਲਦਾਰ ਅਬਦੁਲ ਹਮੀਦ ਨੇ ਬੜੀ ਦਲੇਰੀ ਨਾਲ ਦੁਸ਼ਮਣ ਦੇ ਪੈਟਨ ਟੈਂਕਾਂ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ ਅਤੇ ਆਪ ਸ਼ਹੀਦ ਹੋ ਗਏ। ਲੋਕਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਜਰਨੈਲ ਸਾਹਿਬ ਨੇ ਅਬਦੁਲ ਹਮੀਦ ਦਾ ਸਰੀਰ ਸਾਂਭਿਆ। ਭੂਰਾ ਕੋਨਾ ਪਿੰਡ ਦੇ ਇਕ ਸਿੰਘ ਸ. ਮਹਿੰਦਰ ਸਿੰਘ ਨੇ ਦੱਸਿਆ ਕਿ ਵਰ੍ਹਦੀਆਂ ਗੋਲੀਆਂ ਵਿਚ ਉਹ ਖੇਤਾਂ ਵਿਚ ਕੰਮ ਕਰ ਰਹੇ ਸਨ। ਜਰਨੈਲ ਸਾਹਿਬ ਨੇ ਪੁੱਛਿਆ ਕਿ ਤੁਸੀਂ ਡਰਦੇ ਨਹੀਂ ਹੋ? ਸ. ਮਹਿੰਦਰ ਸਿੰਘ ਨੇ ਉੱਤਰ ਦਿੱਤਾ ਕਿ ਇਹ ਠੂ-ਠਾਹ ਤਾਂ ਹੁਣ ਰੋਜ਼ ਦਾ ਹੀ ਵਰਤਾਰਾ ਬਣ ਗਿਆ ਹੈ। ਡਰ ਕੇ ਕੀ ਕਰਾਂਗੇ? ਜਰਨੈਲ ਨੇ ਕਿਸਾਨਾਂ ਦਾ ਹੌਂਸਲਾ ਵੇਖ ਕੇ ਜਿੱਥੇ ਆਪ ਹੋਰ ਸ਼ੇਰ-ਦਿਲ ਹੋ ਗਏ, ਉੱਥੇ ਫੌਜੀਆਂ ਨੂੰ ਇਸ਼ਾਰਾ ਕੀਤਾ ਕਿ ਆਮ ਸਿਵਲੀਅਨ ਲੋਕਾਂ ਦਾ ਜ਼ੇਰਾ ਅਤੇ ਹੌਂਸਲਾ ਕਿੱਡਾ ਵੱਡਾ ਹੈ। 2007 ਈ. ਦੀ ਅਸੈਂਬਲੀ ਹਲਕਾ ਵਲਟੋਹਾ ਦੀ ਜ਼ਿਮਨੀ ਚੋਣ ਸਮੇਂ ਮੈਨੂੰ ਖੇਮਕਰਨ ਏਰੀਏ ਵਿਚ ਇਕ ਵਾਰ ਫਿਰ ਇਨ੍ਹਾਂ ਪਿੰਡਾਂ ਵਿਚ ਚੋਣ ਪ੍ਰਚਾਰ ਦਾ ਕੰਮ ਕਰਨ ਦਾ ਮੌਕਾ ਮਿਲਿਆ। ਮੈਂ ਵੇਖਿਆ ਕਿ ਹਰ ਜ਼ਬਾਨ ਉੱਤੇ ਉਦੋਂ ਵੀ ਜਰਨੈਲ ਦਾ ਨਾਮ ਸੀ। ਉਨ੍ਹਾਂ ਨੇ ਅਤੇ ਖਾਸ ਕਰਕੇ ਮਨਾਵਾਂ ਪਿੰਡ ਦੇ ਸਰਦਾਰ ਖਜ਼ਾਨ ਸਿੰਘ ਨੇ ਵਿਸਥਾਰ ਵਿਚ ਮੈਨੂੰ ਦੱਸਿਆ ਕਿ ਸਤਿਗੁਰਾਂ ਤੋਂ ਬਾਅਦ ਜੇ ਕੋਈ ਸਾਡਾ ਰੱਖਿਅਕ ਹੋ ਕੇ ਬਹੁੜਿਆ ਤਾਂ ਉਹ ਜਰਨਲ ਹਰਬਖਸ਼ ਸਿੰਘ ਸੀ, ਐਸੇ ਪੂਰਨੇ ਪਾ ਗਏ ਜਰਨਲ ਹਰਬਖਸ਼ ਸਿੰਘ ਜੀ। ਪੰਜਾਬ ਦੇ ਖਾਸ ਕਰਕੇ ਪੱਛਮੀ ਕਮਾਨ ਦੇ ਲੰਮੇ ਬਾਰਡਰ ਦੇ ਇਲਾਕੇ ਦੇ ਲੋਕ ਲੰਮਾ ਸਮਾਂ ਜਰਨਲ ਹਰਬਖਸ਼ ਸਿੰਘ ਨੂੰ ਯਾਦ ਹੀ ਨਹੀਂ ਕਰਦੇ ਰਹਿਣਗੇ, ਸਗੋਂ ਆਪਣੇ ਦਿਲਾਂ ਵਿਚ ਉਸ ਦੀ ਪੂਜਾ ਕਰਦੇ ਰਹਿਣਗੇ। ਭਾਰਤ-ਪਾਕਿ ਦੀ ਜੰਗ ਉਪਰੰਤ ਜਦੋਂ ਜਰਨਲ ਹਰਬਖਸ਼ ਸਿੰਘ ਜੀ ਆਪਣੇ ਪਿੱਤਰੀ ਸ਼ਹਿਰ ਸੰਗਰੂਰ ਵਿਖੇ ਪਹੁੰਚੇ ਤਾਂ ਇਲਾਕਾ ਨਿਵਾਸੀਆਂ ਨੇ ਪੂਰੇ ਉਤਸ਼ਾਹ, ਜੋਸ਼ ਅਤੇ ਸਤਿਕਾਰ ਨਾਲ ਉਨ੍ਹਾਂ ਨੂੰ ਜਲੂਸ ਦੀ ਸ਼ਕਲ ਵਿਚ ਸ਼ਹਿਰ ਵਿਚ ਘੁੰਮਾਇਆ ਗਿਆ ਅਤੇ ਉਨ੍ਹਾਂ ਦਾ ਸੁਆਗਤ ਇਕ ਮਹਾਂਨਾਇਕ-ਜੇਤੂ ਜਰਨੈਲ ਵਜੋਂ ਕੀਤਾ ਗਿਆ ਸੀ। ਜਰਨਲ ਸਾਹਿਬ ਦੇ ਦਿਲ ਵਿਚ ਸਮਾਜ ਸੇਵਾ ਦੀ ਵੀ ਬਹੁਤ ਡੂੰਘੀ ਭਾਵਨਾ ਸੀ। 1984 ਈ. ਦੇ ਸਿੱਖ ਕਤਲ-ਏ-ਆਮ ਤੋਂ ਪਿੱਛੋਂ ਉਨ੍ਹਾਂ ਨੇ ਦਿੱਲੀ ਵਿਚ ਸਿੱਖ ਪਰਵਾਰਾਂ ਦੇ ਪੁਨਰ-ਵਸੇਬੇ ਲਈ ਕੰਮ ਕੀਤਾ। ਇਸ ਵਿਚ ਐਸਕਾਰਟ ਦੇ ਮੈਨੇਜਰ ਸ੍ਰੀ ਨੰਦਾ ਨੇ ਉਨ੍ਹਾਂ ਦੀ ਮਦਦ ਕੀਤੀ ਤੇ 15 ਲੱਖ ਰੁਪਏ ਆਪਣੇ ਦੇਸ਼-ਵਾਸੀਆਂ ਵੱਲੋਂ ਹੀ ਬਣਾਏ ਗਏ ਸਿੱਖ ਸ਼ਰਨਾਰਥੀਆਂ ਦੇ ਮੁੜ-ਵਸੇਬੇ ਲਈ ਦਿੱਤੇ। ਜਰਨਲ ਹਰਬਖਸ਼ ਸਿੰਘ ਨੇ ਦਿੱਲੀ ਦੀਆਂ ਹੋਰ ਵੀ ਕਈ ਨਾਮਵਰ ਸ਼ਖ਼ਸੀਅਤਾਂ ਨੂੰ ਇਸ ਮਨੁੱਖੀ ਹਮਦਰਦੀ ਵਾਲੇ ਸ਼ੁੱਭ ਕਾਰਜ ਵਿਚ ਸ਼ਾਮਲ ਕਰ ਕੇ ਵਡਮੁੱਲੀ ਸੇਵਾ ਕੀਤੀ। ਇਸੇ ਤਰ੍ਹਾਂ ਪਟਿਆਲਾ ਵਿਚ ਵੀ ਉਨ੍ਹਾਂ ਨੇ ਵੱਧ-ਚੜ੍ਹ ਕੇ ਹਿੱਸਾ ਪਾਇਆ। ਪਟਿਆਲਾ ਵਿਚ ਸਿੱਖ ਸ਼ਰਨਾਰਥੀਆਂ ਦੇ ਪੁਨਰ-ਵਸੇਬੇ ਲਈ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਵਿਚ ਜਰਨਲ ਹਰਬਖਸ਼ ਸਿੰਘ, ਜਰਨਲ ਗੁਰਬਚਨ ਸਿੰਘ ਬੁਚ, ਬ੍ਰਿਗੇਡੀਅਰ ਸੁਖਦੇਵ ਸਿੰਘ, ਲੇਖਕ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਜਥੇਦਾਰ ਮਨਮੋਹਨ ਸਿੰਘ, ਕੈਪਟਨ ਅਮਰਿੰਦਰ ਸਿੰਘ, ਕਰਨਲ ਜੋਗਿੰਦਰ ਸਿੰਘ, ਸ. ਜਸਦੇਵ ਸਿੰਘ ਆਦਿ ਸ਼ਾਮਲ ਸਨ। ਜਰਨੈਲ ਸਾਹਿਬ ਬੜੇ ਉਤਸ਼ਾਹ ਨਾਲ ਸਮਾਜ ਸੇਵਾ ਵਿਚ ਹਿੱਸਾ ਲੈਂਦੇ ਸਨ ਤੇ ਇਕੱਤਰਤਾਵਾਂ ਵਿਚ ਬੜਾ ਜੋਸ਼ੀਲਾ ਭਾਸ਼ਣ ਵੀ ਕਰਦੇ ਸਨ। ਅਜਿਹੇ ਨੇਕ ਇਨਸਾਨ ਸਨ- ਜਰਨੈਲ ਸਾਹਿਬ। 1984 ਈ. ਵਿਚ ਭਾਰਤੀ ਫ਼ੌਜ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਢਾਹੇ ਜਾਣ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸੀਨੇ ਵਿਚ ਗੋਲੀਆਂ ਦਾਗ਼ੇ ਜਾਣ ਕਾਰਨ ਨੌਜਵਾਨ ਸਿੱਖ ਫੌਜੀਆਂ ਵੱਲੋਂ ਧਾਰਮਿਕ ਜੋਸ਼ ਅਤੇ ਹਾਲਾਤ ਦੀ ਪੂਰੀ ਜਾਣਕਾਰੀ ਨਾ ਮਿਲਣ ਕਾਰਨ ਛਾਉਣੀਆਂ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਚੱਲਣ ਵਾਲੇ ਫ਼ੌਜੀਆਂ ਦੇ ਖ਼ਿਲਾਫ ਕੋਰਟ ਮਾਰਸ਼ਲ ਬਿਠਾਇਆ ਗਿਆ ਸੀ। 1985 ਈ. ਵਿਚ ਇਨ੍ਹਾਂ ਸਿੱਖ ਫੌਜੀਆਂ ਦੇ ਸਬੰਧ ਵਿਚ ਜਰਨਲ ਸਾਹਿਬ ਕੋਰਟ ਮਾਰਸ਼ਲ ਦੇ ਸਾਹਮਣੇ ਗਵਾਹੀ ਦੇਣ ਜਬਲਪੁਰ ਗਏ ਸਨ। ਉਨ੍ਹਾਂ ਦਾ ਬਿਆਨ ਅਖ਼ਬਾਰਾਂ ਵਿਚ ਛਪਿਆ ਸੀ। ਇਸ ਬਿਆਨ ਦੇ ਛਪਣ ਤੋਂ ਪਿੱਛੋਂ ਮਾਸਟਰ ਤਾਰਾ ਸਿੰਘ ਜੀ ਦੀ ਸਪੁੱਤਰੀ ਤੇ ਮੈਂਬਰ ਪਾਰਲੀਮੈਂਟ ਸਰਦਾਰਨੀ ਰਾਜਿੰਦਰ ਕੌਰ ਨੇ ਉਨ੍ਹਾਂ ਦੀ ਇੰਟਰਵਿਊ ਕੀਤੀ, ਜਿਸ ਵਿਚ ਉਨ੍ਹਾਂ ਨੇ ਸਿੱਖ ਫ਼ੌਜੀਆਂ ਦੀ ਹੱਦੋਂ ਵੱਧ ਪ੍ਰਸੰਸਾ ਕੀਤੀ ਹੈ ਤੇ ਬੈਰਕਾਂ ਛੱਡਣ ਵਾਲੇ ਫੌਜੀਆਂ ਨੂੰ ਦਲੀਲਾਂ ਸਹਿਤ ਬੇਗੁਨਾਹ ਸਾਬਤ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਦੁਨੀਆ ਵਿਚ ਸਿੱਖ ਸਿਪਾਹੀ ਹੀ ਇਕ ਐਸਾ ਸਿਪਾਹੀ ਹੈ, ਜੋ ਅਫਸਰ ਦੇ ਸਾਹਮਣੇ ਹੋ ਕੇ ਉਸ ਨੂੰ ਬਚਾਉਣ ਹਿੱਤ ਖ਼ੁਦ ਗੋਲੀ ਖਾਂਦਾ ਹੈ। (ਇਸ ਤਰ੍ਹਾਂ ਦੇ ਭਾਵ ਕਈ ਅੰਗਰੇਜ਼ ਅਫ਼ਸਰਾਂ ਨੇ ਵੀ ਆਪਣੀਆਂ ਲਿਖਤਾਂ ਵਿਚ ਅੰਕਿਤ ਕੀਤੇ ਹਨ)। ਉਨ੍ਹਾਂ ਨੇ ਕਿਹਾ ਕਿ ਅਸੀਂ ਜਵਾਨਾਂ ਨੂੰ ਆਪਣੇ ਧਰਮ ਵਿਚ ਦ੍ਰਿੜ੍ਹ ਕਰ ਕੇ ਹੀ ਲੜਾਈ ਵਿਚ ਉਨ੍ਹਾਂ ਨੂੰ ਜਾਨ ਦੇਣ ਲਈ ਤਿਆਰ ਕਰਦੇ ਹਾਂ। ਜੇ ਉਨ੍ਹਾਂ ਦੇ ਧਰਮ ਅਸਥਾਨ ਉੱਤੇ ਹਮਲਾ ਹੋਵੇਗਾ ਤਾਂ ਉਨ੍ਹਾਂ ਨੂੰ ਬਰਦਾਸ਼ਤ ਨਹੀਂ ਹੋ ਸਕਦਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਿੱਖ ਰੈਜੀਮੈਂਟ ਦਾ ਸਿੰਬਲ (ਚਿੰਨ੍ਹ) ਹੀ ਚੱਕਰ ਤੇ ਖੰਡਾ ਹੈ ਜੋ ਸਿੱਖ ਧਰਮ ਦਾ ਸਿੰਬਲ (ਚਿੰਨ੍ਹ) ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਸਿੱਖ ਫੌਜੀ ਸਹੁੰ ਚੁੱਕਦੇ ਹਨ। ਸਾਡੇ ਸਿੱਖ ਰੈਜੀਮੈਂਟ ਦੇ ਚਾਰ ਜੰਗੀ ਮੈਮੋਰੀਅਲ ਉੱਤੇ ਵੀ ਏਹੋ ਖੰਡਾ ਚੱਕਰ ਲੱਗਾ ਹੁੰਦਾ ਹੈ। ਅਸੀਂ ਨੌਜਵਾਨਾਂ ਨੂੰ ਅਪੀਲ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਖਾਲਸਾ ਪੰਥ ਦੇ ਨਾਂ ਉੱਤੇ ਕਰਦੇ ਹਾਂ ਅਤੇ ਲੜਾਈ ਜਿੱਤਣ ਲਈ ਉਨ੍ਹਾਂ ਨੂੰ ਜਾਨਾਂ ਕੁਰਬਾਨ ਕਰਨ ਲਈ ਪ੍ਰੇਰਦੇ ਹਾਂ।

ਜਨਰਲ ਹਰਬਖਸ਼ ਸਿੰਘ ਨੇ ਬੀਬੀ ਰਾਜਿੰਦਰ ਕੌਰ ਨੂੰ ਦੱਸਿਆ ਕਿ ਉਨ੍ਹਾਂ ਦਾ ਹੋ ਰਹੇ ਕੋਰਟ ਮਾਰਸ਼ਲ ਵਾਲਿਆਂ ਨੂੰ ਕਹਿਣਾ ਹੀ ਇਹ ਸੀ ਕਿ ਦੇਸ਼ ਦੇ ਫੌਜੀਆਂ ਲਈ ਵੱਖਰੇ-ਵੱਖਰੇ ਮਿਆਰ ਨਾ ਰੱਖੋ। ਜੋ ਅਫਸਰ ਅਤੇ ਫ਼ੌਜੀ ਫਰੰਟ ਤੋਂ ਆਪਣੀ ਡਿਊਟੀ ਛੱਡ ਕੇ ਦੌੜੇ ਸਨ, ਉਨ੍ਹਾਂ ਨੂੰ ਤਾਂ ਕੋਈ ਸਜ਼ਾ ਨਹੀਂ ਦਿੱਤੀ ਗਈ ਸੀ। ਇਹ ਸਿੱਖ ਫ਼ੌਜ ਦੇ ਜਵਾਨ ਤਾਂ ਭੜਕੇ ਹੋਏ ਜਜ਼ਬਾਤਾਂ ਕਾਰਨ ਬੈਰਕਾਂ ਛੱਡ ਕੇ ਆਪਣੇ ਪਵਿੱਤਰ ਗੁਰਧਾਮ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਦੌੜੇ ਹਨ, ਜਦੋਂ ਕਿ ਉਹ ਅਫਸਰ ਜਿਨ੍ਹਾਂ ਨੂੰ ਉਹ ਆਪਣਾ ਮਾਈ-ਬਾਪ ਸਮਝਦੇ ਸਨ ਉਹ ਪਹਿਲਾਂ ਹੀ ਦੌੜ ਗਏ ਸਨ।

ਉਨ੍ਹਾਂ ਨੇ ਇਹ ਵੀ ਮਹਿਸੂਸ ਕੀਤਾ ਕਿ ਕੋਰਟ ਮਾਰਸ਼ਲ ਵੱਲੋਂ ਸਿੱਖ ਫ਼ੌਜੀਆਂ ਨਾਲ ਇਨਸਾਫ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਨੇ ਕੋਰਟ ਮਾਰਸ਼ਲ ਕਰ ਰਹੇ ਜੱਜਾਂ ਨੂੰ ਕਿਹਾ ਕਿ ਕੋਰਟ ਮਾਰਸ਼ਲ ਵਾਲੇ ਸਿਰਫ ਜੱਜ ਹੀ ਨਹੀਂ ਸਗੋਂ ਜੂਰੀ ਵੀ ਹੁੰਦੇ ਹਨ, ਜਿਨ੍ਹਾਂ ਨੇ ਮੁਲਜ਼ਮ ਦਾ ਭਲਾ ਵੀ ਸੋਚਣਾ ਹੁੰਦਾ ਹੈ ਤੇ ਇਨਸਾਨੀ ਨਾਤੇ ਫੈਸਲਾ ਦੇਣਾ ਹੁੰਦਾ ਹੈ, ਪਰ ਇਨ੍ਹਾਂ ਫੌਜੀਆਂ ਨਾਲ ਹੋਰ ਹੀ ਸਲੂਕ ਕੀਤਾ ਗਿਆ ਹੈ। ਬਗ਼ਾਵਤ ਦਾ ਕੇਸ ਇਨ੍ਹਾਂ ਵਿਰੁੱਧ ਬਣਦਾ ਹੀ ਨਹੀਂ ਤੇ ਦੂਜੇ ਕੇਸ ਯੂਨਿਟ ’ਚੋਂ ਛੁੱਟੀ ਬਿਨ੍ਹਾਂ ਚਲੇ ਜਾਣ ਦੀ ਸਜ਼ਾ ਕੋਈ ਖਾਸ ਨਹੀਂ, ਇਸੇ ਕਰਕੇ ਮੈਂ ਤਾਂ ਕਹਿੰਦਾ ਹਾਂ ਕਿ ਇਨ੍ਹਾਂ ਫੌਜੀਆਂ ਦੇ ਘੱਟ ਕਸੂਰ ਦੇ ਬਾਵਜੂਦ ਇਨ੍ਹਾਂ ਨੂੰ ਵੱਧ ਸਜ਼ਾ ਦਿੱਤੀ ਜਾ ਰਹੀ ਹੈ।

ਜੰਗ ਦੇ ਖੇਤਰ ਵਿਚ ਤਾਂ ਜਰਨੈਲ ਸਾਹਿਬ ਦਾ ਸਿਰ ਪਹਿਲਾਂ ਹੀ ਮਾਣ ਨਾਲ ਉੱਚਾ ਸੀ, ਪਰ ਇਸ ਸ਼ੁੱਭ ਕਰਮ (ਸੁਭ ਕਰਮਨ ਤੇ ਕਬਹੂੰ ਨ ਟਰੋਂ) ਨਾਲ ਧਰਮ ਦੇ ਖੇਤਰ ਵਿਚ ਵੀ ਉਨ੍ਹਾਂ ਦਾ ਕੱਦ ਹੋਰ ਉੱਚਾ ਹੋਇਆ ਹੈ। ਸਾਡੇ ਨੌਜਵਾਨਾਂ ਨੂੰ ਅਜਿਹੀਆਂ ਹੀ ਕੱਦਾਵਾਰ ਅਤੇ ਅਜ਼ੀਮ ਸ਼ਖ਼ਸੀਅਤਾਂ ਨੂੰ ਆਪਣੇ ਆਦਰਸ਼ ਬਣਾਉਣਾ ਚਾਹੀਦਾ ਹੈ।

ਜਰਨਲ ਹਰਬਖਸ਼ ਸਿੰਘ ਦੇ ਦੋ ਪੁੱਤਰੀਆਂ ਹੀ ਸਨ। ਬੇਟਾ ਨਹੀਂ ਸੀ। ਉਨ੍ਹਾਂ ਨੇ ਆਪਣੀਆਂ ਪੁੱਤਰੀਆਂ ਨੂੰ ਪੁੱਤਰਾਂ ਨਾਲੋਂ ਵੀ ਵੱਧ ਪਿਆਰ ਅਤੇ ਸਤਿਕਾਰ ਦਿੱਤਾ ਅਤੇ ਇਸ ਪੱਖੋਂ ਵੀ ਅੱਜ ਜਦੋਂ ਕਮਲੇ ਲੋਕ ਕੁੱਖਾਂ ਵਿਚ ਲੜਕੀਆਂ ਨੂੰ ਮਾਰ ਰਹੇ ਹਨ, ਜਰਨਲ ਹਰਬਖਸ਼ ਸਿੰਘ ਸਾਡੇ ਸਮਾਜ ਲਈ ਇਕ ਮਿਸਾਲ ਅਤੇ ਰੋਲ-ਮਾਡਲ ਬਣੇ ਰਹਿਣਗੇ।

ਅੰਤ ਕਈ ਮਹੀਨੇ ਬੀਮਾਰੀ ਨਾਲ ਫ਼ੌਜੀ ਹਸਪਤਾਲ ਵਿਚ ਜੂਝਦਾ ਇਹ ਮਹਾਨ ਜੰਗਾਂ-ਯੁੱਧਾਂ ਦੇ ਜੇਤੂ ਅਤੇ ਵਿਲੱਖਣ ਜਰਨੈਲ ਸਰਦਾਰ ਹਰਬਖਸ਼ ਸਿੰਘ ਆਪਣੇ ਦੇਸ਼ ਅਤੇ ਕੌਮ ਦੀ ਚੜ੍ਹਦੀ ਕਲਾ ਅਤੇ ਉੱਜਲ ਭਵਿੱਖ ਲਈ ਅਰਦਾਸਾਂ ਕਰਦਾ ਹੋਇਆ 22-11-1999 ਨੂੰ ਗੁਰੂ-ਚਰਨਾਂ ਵਿਚ ਜਾ ਬਿਰਾਜਿਆ। ਜਰਨਲ ਹਰਬਖਸ਼ ਸਿੰਘ ਉੱਤੇ ਦੇਸ਼ ਅਤੇ ਖਾਸ ਕਰਕੇ ਪੰਜਾਬ ਅਤੇ ਸਮੁੱਚੀ ਸਿੱਖ ਕੌਮ ਨੂੰ ਹਮੇਸ਼ਾਂ-ਹਮੇਸ਼ਾਂ ਮਾਣ ਰਹੇਗਾ। ਦੁਸ਼ਮਣ ਉਸ ਵੱਲੋਂ ਦਿਖਾਏ ਜੋਹਰ ਨੂੰ ਸਦਾ ਯਾਦ ਰੱਖੇਗਾ ਅਤੇ ਉਹ ਭਾਰਤੀ ਫ਼ੌਜ ਲਈ ਹਮੇਸ਼ਾ ਇਕ ਚਾਨਣ-ਮੁਨਾਰੇ ਦਾ ਕੰਮ ਕਰਦੇ ਰਹਿਣਗੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)