editor@sikharchives.org

ਗਿਆਨੀ ਸੋਹਣ ਸਿੰਘ ਸੀਤਲ ਨਾਲ ਇਕ ਯਾਦਗਾਰੀ ਮਿਲਣੀ

ਆਪ ਦੇ ਨਾਵਲ ‘ਜੁੱਗ ਬਦਲ ਗਿਆ’ ਨੂੰ ਸਾਹਿਤ ਅਕੈਡਮੀ ਐਵਾਰਡ ਵੀ ਮਿਲਿਆ ਪਰ ਆਪ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਢਾਡੀ, ਫਿਰ ਸਿੱਖ ਇਤਿਹਾਸ ਦਾ ਲੇਖਕ ਅਤੇ ਫਿਰ ਨਾਵਲਕਾਰ ਸਮਝਦੇ ਹਨ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸ਼ਾਮ ਦਾ ਘੁਸਮੁਸਾ ਜਿਹਾ ਸੀ। ਮੈਂ ਤੇ ਮੇਰੇ ਪਤੀ (ਡਾ: ਪਰਮਜੀਤ ਸਿੰਘ) ਮਾਡਲ ਗਰਾਮ ਵਿਚ ਸਥਿਤ ਸੀਤਲ ਨਿਵਾਸ ਸਾਹਮਣੇ ਖੜ੍ਹੇ ਸੀ। ਅਕਸਰ ਇਸ ਕੋਠੀ ਅੱਗੋਂ ਲੰਘੀਦਾ ਸੀ ਤੇ ਹਰ ਵਾਰ ਇਥੋਂ ਲੰਘਦਿਆਂ ਇਕ ਝਾਤੀ ਕੋਠੀ ਦੇ ਗੇਟ ਵੱਲ ਜ਼ਰੂਰ ਮਾਰੀਦੀ ਸੀ। ਅੱਖ ਹਮੇਸ਼ਾਂ ਇਸ ਕੋਠੀ ਅੰਦਰ ਵੱਸਦੀ ਗੁਰਮੁਖ ਰੂਹ ਨੂੰ ਭਾਲਦੀ ਸੀ। ਪਰ ਕਦੇ ਵੀ ਦਰਸ਼ਨ ਨਹੀਂ ਸਨ ਹੋਏ। ਅੱਜ ਅਸੀਂ ਕੋਠੀ ਦੇ ਗੇਟ ਅੱਗੇ ਖੜ੍ਹੇ ਸੀ।ਘੰਟੀ ਵਜਾਈ। ਇਕ ਹਿੰਦੂ ਲੜਕਾ ਅੰਦਰੋਂ ਨਿਕਲਿਆ। ਸੀਤਲ ਸਾਹਿਬ ਦਾ ਨਾਂ ਲੈਣ ’ਤੇ ਉਹ ਸਾਨੂੰ ਅੰਦਰ ਲੈ ਗਿਆ। ਕਮਰਾ ਨਾ ਵੱਡਾ ਸੀ,ਨਾ ਛੋਟਾ। ਤਿੰਨ-ਚਾਰ ਮੰਜੀਆਂ ਡੱਠੀਆਂ ਹੋਈਆਂ ਸਨ ਤੇ ਸਾਹਮਣੇ ਇਕ ਮੰਜੀ ’ਤੇ ਸੀਤਲ ਸਾਹਿਬ ਬੈਠੇ ਸਨ-ਖੁੱਲ੍ਹਾ ਦਾੜ੍ਹਾ, ਗਾਤਰੇ ਵਾਲੀ ਕ੍ਰਿਪਾਨ ਪਾਈ ਇਕ ਅਡੋਲ ਸ਼ਖ਼ਸੀਅਤ। ਸਾਡੀ ਫ਼ਤਹਿ ਦੇ ਜੁਆਬ ਵਿਚ ਉਨ੍ਹਾਂ ‘ਜੀ ਆਇਆਂ ਨੂੰ’ ਕਹਿੰਦਿਆਂ ਮੰਜੀ ’ਤੇ ਬੈਠਣ ਦਾ ਇਸ਼ਾਰਾ ਕੀਤਾ। ਤੇ ਹੁਣ ਅਸੀਂ ਸਾਹਿਤ ਅਕੈਡਮੀ ਐਵਾਰਡ ਜੇਤੂ ਨਾਵਲਕਾਰ ਅਤੇ ਸ਼੍ਰੋਮਣੀ ਢਾਡੀ ਦੇ ਸਾਹਮਣੇ ਬੈਠੇ ਸਾਂ। ਇਸ ਤੋਂ ਪਹਿਲਾਂ ਕਿ ਅਸੀਂ ਕੁਝ ਕਹਿੰਦੇ ਸੀਤਲ ਸਾਹਿਬ ਦਾ ਪ੍ਰਸ਼ਨ ਸੀ, ‘ਭਾਈ ਸਾਹਿਬ, ਆਪ ਦੀ ਤਾਰੀਫ਼?’ ਮੇਰੇ ਪਤੀ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਪੜ੍ਹਾਉਂਦੇ ਹਨ ਅਤੇ ਮੇਰੇ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਇਥੇ ਕੁੜੀਆਂ ਦੇ ਗੌਰਮਿੰਟ ਕਾਲਜ ਵਿਚ ਪੜ੍ਹਾਉਂਦੇ ਹਨ ਤੇ ਇਨ੍ਹਾਂ ਤੁਹਾਨੂੰ ਮਿਲਣਾ ਸੀ। ਸੀਤਲ ਸਾਹਿਬ ਮੇਰੇ ਵੱਲ ਹੋ ਕੇ ਪੁੱਛਣ ਲੱਗੇ, ‘ਦੱਸੋ ਬੀਬਾ, ਕਿਵੇਂ ਆਏ?’ ਮੈਂ ਬੜੇ ਸੰਖੇਪ ਵਿਚ ਆਉਣ ਦਾ ਕਾਰਨ ਦੱਸਦਿਆਂ ਕਿਹਾ, ‘ਤੁਹਾਡਾ ਨਾਵਲ ‘ਜੁੱਗ ਬਦਲ ਗਿਆ’ ਬੀ.ਏ. ਦੇ ਸਿਲੇਬਸ ਵਿਚ ਲੱਗਿਆ ਹੋਇਆ ਹੈ। ਅਸਾਂ ਉਹ ਪੜ੍ਹਿਆ ਹੈ। ਸਾਡੀਆਂ ਵਿਦਿਆਰਥਣਾਂ ਨੇ ਤੁਹਾਡੇ ਨਾਲ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਹੈ। ਬਸ, ਇਹੀ ਬੇਨਤੀ ਕਰਨ ਆਈ ਹਾਂ ਕਿ ਸਾਨੂੰ ਸਮਾਂ ਦਿਉ। ਮੇਰੀ ਗੱਲ ਅਜੇ ਮੁੱਕੀ ਹੀ ਸੀ ਕਿ ਸੀਤਲ ਸਾਹਿਬ ਬੋਲੇ,

‘ਤੁਸਾਂ ਨਾਵਲ ਪੜ੍ਹਿਐ?’
ਮੈਂ – ਹਾਂ ਜੀ।
ਸੀਤਲ ਸਾਹਿਬ – ਅੱਛਾ, ਫੇਰ ਕੀ ਸਮਝ ਆਇਐ?’

ਪ੍ਰਸ਼ਨ ਸੁਣ ਕੇ ਮੈਂ ਇਕਦਮ ਝੇਂਪ ਗਈ। ਇਹੀ ਪ੍ਰਸ਼ਨ ਤਾਂ ਮੈਂ ਨਾਵਲ ਪੜ੍ਹਾਉਣ ਤੋਂ ਬਾਅਦ ਕਲਾਸ ਨੂੰ ਕੀਤਾ ਸੀ। ਤੇ ਹੁਣ ਮੈਂ ਆਪ ਉਸੇ ਪ੍ਰਸ਼ਨ ਦੇ ਰੂਬਰੂ ਖੜ੍ਹੀ ਸੀ। ਇਸ ਤੋਂ ਪਹਿਲਾਂ ਕਿ ਮੈਂ ਕੋਈ ਜੁਆਬ ਦੇਂਦੀ ਸੀਤਲ ਸਾਹਿਬ ਨੇ ਦੂਜਾ ਪ੍ਰਸ਼ਨ ਕਰ ਦਿੱਤਾ: ਕਿਹੜਾ ਪਾਤਰ ਪਸੰਦ ਆਇਆ? ਹੁਣ ਮੈਨੂੰ ਸੋਚਣਾ ਨਾ ਪਿਆ। ਮੈਂ ਝੱਟ ਬੋਲ ਉੱਠੀ – ਜੀ, ਬਸੰਤ ਕੌਰ। ਦਰਅਸਲ ਇਸ ਪ੍ਰਸ਼ਨ ਦਾ ਉੱਤਰ ਦੇਣਾ ਮੇਰੇ ਲਈ ਔਖਾ ਨਹੀਂ ਸੀ। ਪਰ ਮੇਰੇ ਮੂੰਹੋਂ ਅਜੇ ‘ਬਸੰਤ ਕੌਰ ‘ ਨਿਕਲਿਆ ਹੀ ਸੀ ਕਿ ਸੀਤਲ ਸਾਹਿਬ ਬੋਲ ਉੱਠੇ, ‘ਇਕ ਪਿੰਡ ਅਸੀਂ ਪ੍ਰੋਗਰਾਮ ਕਰਨ ਗਏ ਸੀ ਓਥੇ ਮੈਨੂੰ ਬਸੰਤ ਕੌਰ ਮਿਲੀ ਸੀ।’ (ਇਸ ਦਾ ਜ਼ਿਕਰ ਉਨ੍ਹਾਂ ਆਪਣੀ ਸਵੈ-ਜੀਵਨੀ ਵਿਚ ਵੀ ਕੀਤਾ ਹੈ।) ਸੁਣਦਿਆਂ ਹੀ ਮੈਂ ਸਿਰ ਤੋਂ ਪੈਰਾਂ ਤਕ ਕੰਬ ਗਈ। ਅੱਜ ਤਕ ਮੈਂ ਬਸੰਤ ਕੌਰ ਨੂੰ ਮਨੋਕਲਪਿਤ ਹੀ ਸਮਝਦੀ ਸਾਂ। ਅਸਲੀਅਤ ਵਿਚ ਬਸੰਤ ਕੌਰ ਦਾ ਪਾਤਰ ਤਾਂ ਮੈਂ ਕਿਆਸਿਆ ਵੀ ਨਹੀਂ ਸੀ। ਸੱਚ ਤਾਂ ਇਹ ਹੈ ਕਿ ਅਜਿਹਾ ਬਣਨਾ ਹੈ ਵੀ ਅਤਿ ਕਠਿਨ। ਖ਼ੈਰ, ਕੁਝ ਦੇਰ ਗੱਲਾਂਬਾਤਾਂ ਤੋਂ ਬਾਅਦ ਸਮਾਂ ਲੈ ਕੇ ਅਸਾਂ ਉਨ੍ਹਾਂ ਤੋਂ ਛੁੱਟੀ ਮੰਗੀ।

ਨਿਰਧਾਰਿਤ ਦਿਨ ਮੈਂ ਤੇ ਮੇਰੀ ਇਕ ਅਧਿਆਪਕ ਸਾਥਣ (ਮਿਸਿਜ਼ ਪਰਮਜੀਤ ਕੌਰ ) ਸੀਤਲ ਜੀ ਨੂੰ ਲੈਣ ਉਨ੍ਹਾਂ ਦੀ ਕੋਠੀ ਗਏ। ਬਾਹਰ ਪੋਰਚ ਵਿਚ ਬੈਠੇ ਉਹ ਸਾਡਾ ਇੰਤਜ਼ਾਰ ਕਰ ਰਹੇ ਸਨ। ਗੱਡੀ ਦੀ ਅਗਲੀ ਸੀਟ ’ਤੇ ਉਨ੍ਹਾਂ ਨੂੰ ਬਿਠਾਇਆ ਤੇ ਅਸੀਂ ਕਾਲਜ ਪਹੁੰਚ ਗਏ। ਅੱਗੋਂ ਵਿਦਿਆਰਥਣਾਂ ਬੜੀ ਬੇਸਬਰੀ ਨਾਲ ਉਨ੍ਹਾਂ ਦਾ ਇੰਤਜ਼ਾਰ ਕਰ ਰਹੀਆਂ ਸਨ। ਹਾਲ ਭਰਿਆ ਹੋਇਆ ਸੀ। ਸਟੇਜ ਸਕੱਤਰ ਵੱਲੋਂ ਰਸਮੀ ‘ਜੀ ਆਇਆਂ ਨੂੰ’ ਕਹਿਣ ਉਪਰੰਤ ਸੀਤਲ ਜੀ ਨੂੰ ਸਟੇਜ ਤੇ ਬੁਲਾਇਆ ਗਿਆ। ਬਜ਼ੁਰਗ ਲੇਖ਼ਕ ਦੇ ਸਟੇਜ ਤੇ ਚੜ੍ਹਨ ਨਾਲ ਹਾਲ ਤਾੜੀਆਂ ਨਾਲ ਗੂੰਜ ਉਠਿਆ। ਉਸ ਦਿਨ ਮੈਨੂੰ ਮਹਿਸੂਸ ਹੋਇਆ ਕਿ ਚਾਹੇ ਕਿਤਨੀ ਵੀ ਗਿਰਾਵਟ ਕਿਉਂ ਨਾ ਆ ਜਾਏ ਜੀਵਨ ਦਾ ਅਸਰ ਹੁੰਦਾ ਹੀ ਹੈ। ਤਾੜੀਆਂ ਦੀ ਗੂੰਜ ਵਿਚ ਹੀ ਉਨ੍ਹਾਂ ਫ਼ਤਹਿ ਬੁਲਾਈ ਤੇ ਆਪਣੀ ਗੱਲ ਸ਼ੁਰੂ ਕੀਤੀ। ਨਾਵਲ ਬਾਰੇ ਕੁਝ ਕੁ ਗੱਲਾਂ ਕਰਨ ਤੋਂ ਬਾਅਦ ਉਹਨਾਂ ਬਸੰਤ ਕੌਰ ਵਾਲਾ ਸਾਰਾ ਕਿੱਸਾ ਦੁਹਰਾਇਆ। ਹਾਲ ਵਿਚ ਬਿਲਕੁਲ ਸ਼ਾਂਤੀ ਵਰਤੀ ਹੋਈ ਸੀ। ਸੀਤਲ ਸਾਹਿਬ ਬੋਲਦੇ ਗਏ ਤੇ ਸ੍ਰੋਤੇ ਬਿਨਾਂ ਅੱਖ ਝਪਕਾਏ ਸੁਣਦੇ ਰਹੇ। ਅੱਧੇ-ਪੌਣੇ ਘੰਟੇ ਬਾਅਦ ਸੀਤਲ ਸਾਹਿਬ ਕਹਿਣ ਲੱਗੇ, ‘ਮੈਂ ਤਾਂ ਬੋਲੀ ਜਾਵਾਂਗਾ ਪਰ ਇੰਞ ਗੱਲ ਨਹੀਂ ਬਣਨੀ। ਤੁਸੀਂ ਕੁਝ ਪੁੱਛੋ।’ ਅਸੀਂ ਕੁਝ ਲੜਕੀਆਂ ਨੂੰ ਕਹਿ ਰੱਖਿਆ ਸੀ ਕਿ ਤਸੀਂ ਸੀਤਲ ਸਾਹਿਬ ਦੀਆਂ ਰਚਨਾਵਾਂ ਪੜ੍ਹ ਕੇ ਉਨ੍ਹਾਂ ਵਿੱਚੋਂ ਉਭਰਦੇ ਪ੍ਰਸ਼ਨ ਢੂੰਡ ਕੇ ਲਿਆਉਣ। ਪਰ ਇਸ ਤੋਂ ਪਹਿਲਾਂ ਕਿ ਉਨ੍ਹਾਂ ਲੜਕੀਆਂ ਵਿੱਚੋਂ ਕੋਈ ਲੜਕੀ ਪ੍ਰਸ਼ਨ ਪੁੱਛਦੀ ਇਕ ਬੜੀ ਸ਼ਰਮਾਕਲ ਜਿਹੀ ਲੜਕੀ ਉੱਠੀ। ਅੱਖਾਂ ਨਮ, ਭਾਵੁਕ ਹੋਈ ਕਹਿਣ ਲੱਗੀ, ‘ਸਰ, ਤੁਸੀਂ ਮੈਨੂੰ ਆਪਣੇ ਦਾਦਾ ਜੀ ਵਰਗੇ ਲੱਗਦੇ ਹੋ। ਮੈਂ ਆਪਣੇ ਦਾਦਾ ਜੀ ਨੂੰ ਦਾਰ ਜੀ ਕਹਿ ਕੇ ਬੁਲਾਉਂਦੀ ਹਾਂ, ਤੁਹਾਨੂੰ ਵੀ ਦਾਰ ਜੀ ਕਹਿ ਲਵਾਂ ?’ ਸੀਤਲ ਜੀ ਦਾ ਜੁਆਬ ਸੀ, ‘ ਪੁੱਤਰ, ਮੈਂ ਤੇਰੇ ਦਾਦਾ ਜੀ ਵਰਗਾ ਨਹੀਂ, ਹਾਂ ਹੀ ਦਾਦਾ।ਜਿਵੇਂ ਮਰਜ਼ੀ ਬੁਲਾ। ਧੀਆਂ ਦਾ ਤਾਂ ਪਿਆਰ ਹੀ ਅਨੋਖਾ ਹੁੰਦਾ ਹੈ!’

ਏਨੀ ਗੱਲ ਸੁਣਦਿਆਂ ਸਾਰਾ ਮਾਹੌਲ ਬਦਲ ਗਿਆ। ਫਾਸਲੇ ਮਿਟ ਗਏ। ਹੁਣ ਸੀਤਲ ਸਾਹਿਬ ਇਕ ਮਹਾਨ ਸਾਹਿਤਕਾਰ ਨਹੀਂ ਸਨ। ਕਿਸੇ ਦੇ ਨਾਨਾ ਜੀ ਤੇ ਕਿਸੇ ਦੇ ਦਾਦਾ ਜੀ ਸਨ। ਪ੍ਰਸ਼ਨ ’ਤੇ ਪ੍ਰਸ਼ਨ ਉਠਣੇ ਸ਼ੁਰੂ ਹੋ ਗਏ ਪਰ ਨਾਵਲ ਨਾਲ ਸਬੰਧਿਤ ਘੱਟ ਤੇ ਦੂਸਰੇ ਜ਼ਿਆਦਾ। ਇਸ ਮਿਲਣੀ ਨੂੰ ਲੰਮਾ ਸਮਾਂ ਹੋ ਗਿਆ ਹੈ। ਬਹੁਤ ਸਾਰੀਆਂ ਗੱਲਾਂ ਵਿੱਸਰ ਗਈਆਂ ਹਨ ਪਰ ਇਕ ਪ੍ਰਸ਼ਨ ਦਾ ਸੰਬੰਧ ਉਸ ਗੀਤ ਨਾਲ ਸੀ ਜਿਸ ਦਾ ਜ਼ਿਕਰ ਉਨ੍ਹਾਂ ਆਪਣੇ ਭਾਸ਼ਣ ਵਿਚ ਕੀਤਾ ਸੀ। ਸਾਡੇ ਵਿੱਚੋਂ ਬਹੁਤਿਆਂ ਨੇ ਮਲਕੀ ਕੀਮਾ ਦੇ ਬਾਰੇ ਸੀਤਲ ਜੀ ਦਾ ਰਚਿਆ ਉਹ ਗੀਤ ਸੁਣਿਆ ਹੋਇਆ ਸੀ ਪਰ ਕਦੇ ਇਹ ਸੋਚਿਆ ਵੀ ਨਹੀਂ ਸੀ ਕਿ ਸਿੱਖ ਸਿਧਾਂਤਾਂ, ਗੁਰ ਇਤਿਹਾਸ, ਸਿੱਖ ਇਤਿਹਾਸ ਦੇ ਸੋਮਿਆਂ ਦੀ ਗੱਲ ਕਰਨ ਵਾਲਾ ਲੇਖਕ ਹਲਕੇ ਫੁਲਕੇ ਪ੍ਰੇਮ ਗੀਤ ਵੀ ਲਿਖ ਸਕਦਾ ਹੈ।

ਪ੍ਰਸ਼ਨ: ਸਰ,ਇਕ ਪਾਸੇ ਤੁਸੀਂ ਸਿੱਖ ਇਤਿਹਾਸ, ਗੁਰ ਇਤਿਹਾਸ, ਨਾਲ ਸਬੰਧਿਤ ਵਾਰਾਂ ਜਾਂ ਗੀਤ ਲਿਖਦੇ ਹੋ ਤੇ ਦੂਜੇ ਪਾਸੇ ਕੀਮਾ ਮਲਕੀ, ਹੀਰ ਰਾਂਝਾ, ਕੇਸਰੀ ਦੁਪੱਟਾ ਆਦਿ ਗੀਤ। ਇਹ ਕਿਵੇਂ?

ਪ੍ਰਸ਼ਨ ਸੁਣਦਿਆਂ ਹੀ ਝੁਰੜੀਆਂ ਵਾਲਾ ਚਿਹਰਾ ਖਿਲ ਉਠਿਆ। ਉਨ੍ਹਾਂ ਇਕ ਗੀਤ ਵਿਚ ਜੁਆਬ ਦਿੱਤਾ ਜੋ ਉਸ ਸਮੇਂ ਤਾਂ ਯਾਦ ਨਾ ਰਿਹਾ ਪਰ ਫੇਰ ਉਨ੍ਹਾਂ ਦੀ ਸਵੈ ਜੀਵਨੀ ਪੜ੍ਹਦਿਆਂ ਉਹ ਲਾਈਨਾਂ ਮਿਲ ਗਈਆਂ:

ਜਦੋਂ ਮੈਂ ਗੀਤ ਲਿਖਦਾ ਹਾਂ, ਜਵਾਨੀ ਨੂੰ ਬੁਲਾ ਲੈਂਦਾਂ
ਜੋ ਸੁੱਤੀਆਂ ਥੱਕ ਗਈਆਂ ਰੀਝਾਂ, ਉਨ੍ਹਾਂ ਨੂੰ ਜਗਾ ਲੈਂਦਾਂ
ਮੈਂ ਸ਼ਾਇਰ ਹਾਂ ਤੇ ਚਾਹਾਂ ਜਿਹੋ ਜਿਹੀ ਦੁਨੀਆਂ ਬਣਾ ਲੈਂਦਾਂ

ਇਕ ਹੋਰ ਛੋਟਾ ਜਿਹਾ ਪਰ ਮਹੱਤਵਪੂਰਨ ਪ੍ਰਸ਼ਨ ਉਠਿਆ: ਤੁਸੀਂ ਲਿਖਣਾ ਕਦੋਂ ਸ਼ੁਰੂ ਕੀਤਾ?

ਸੀਤਲ ਸਾਹਿਬ : ਲਿਖਣ ਦੀ ਲਿਲ੍ਹ ਤਾਂ ਬਚਪਨ ਤੋਂ ਹੀ ਸੀ। ਸਕੂਲ ਵਿਚ ਕਵਿਤਾ ਸੁਣਾਇਆ ਕਰਦਾ ਸਾਂ। ਪਰ ਅਸਲ ਵਿਚ ਢਾਡੀ ਬਣਨ ਤੋਂ ਬਾਅਦ ਹੀ ਲਿਖਣਾ ਸ਼ੁਰੂ ਕੀਤਾ। ਇਸ ਦੇ ਪਿੱਛੇ ਵੀ ਇਕ ਘਟਨਾ ਹੈ। ਸ਼ੁਰੂ ਵਿਚ ਅਸੀਂ ਦੂਜੇ ਲੇਖਕਾਂ ਦੇ ਪ੍ਰਸੰਗ ਯਾਦ ਕਰ ਕੇ ਸੰਗਤਾਂ ਨੂੰ ਸੁਣਾਇਆ ਕਰਦੇ ਸੀ। ਇਕ ਵਾਰ ਅਸੀਂ ਇਕ ਪਿੰਡ ਵਿਚ ਦੀਵਾਨ ਲਾਉਣ ਲਈ ਗਏ ਤਾਂ ਸੰਗਤ ਵਿਚ ਬੈਠੇ ਕੁਝ ਸੱਜਣ ਉਹ ਪ੍ਰਸੰਗ ਖੋਲ੍ਹ ਕੇ ਬਹਿ ਗਏ ਜੋ ਅਸੀਂ ਗਾਉਣਾ ਸ਼ੁਰੂ ਕੀਤਾ ਸੀ। ਅਜਿਹਾ ਉਨ੍ਹਾਂ ਪ੍ਰਸੰਗ ਸਮਝਣ ਲਈ ਨਹੀਂ ਸਗੋਂ ਸਾਡੀਆਂ ਗਲਤੀਆਂ ਪਕੜਨ ਲਈ ਕੀਤਾ ਸੀ। ਉਸ ਦਿਨ ਤੋਂ ਮੈਂ ਫੈਸਲਾ ਕਰ ਲਿਆ ਕਿ ਪ੍ਰਸੰਗ ਵੀ ਆਪ ਹੀ ਲਿਖਣੇ ਹਨ। ਇੰਞ ਮੇਰੀ ਲੇਖਣੀ ਦਾ ਕੰਮ ਅਰੰਭ ਹੋਇਆ।

ਇਕ ਹੋਰ ਵਿਦਿਆਰਥਣ ਉਠੀ:

ਪ੍ਰਸ਼ਨ: ਜਿਵੇਂ ਹੁਣੇ ਤੁਸੀਂ ਦੱਸਿਆ ਕਿ ਤੁਸੀਂ ਫ਼ਾਰਸੀ, ਉਰਦੂ, ਅੰਗਰੇਜ਼ੀ, ਸੰਸਕ੍ਰਿਤ, ਹਿੰਦੀ ਆਦਿ ਬਹੁਤ ਸਾਰੀਆਂ ਭਾਸ਼ਵਾਂ ਦਾ ਗਿਆਨ ਹਾਸਲ ਕੀਤਾ ਪਰ ‘ਜੁੱਗ ਬਦਲ ਗਿਆ’ ਪੜ੍ਹ ਕੇ ਤਾਂ ਇੰਞ ਨਹੀਂ ਲੱਗਦਾ। ਬੋਲੀ ਠੇਠ ਪੰਜਾਬੀ ਹੈ।

ਸੀਤਲ ਸਾਹਿਬ : ਗੱਲ ਇੰਞ ਏ ਬੇਟਾ ਕਿ ਪਹਿਲੇ ਪਹਿਲ ਮੈਂ ਆਪਣੇ ਭਾਸ਼ਣਾਂ ਵਿਚ ਔਖੇ-ਔਖੇ ਸ਼ਬਦ ਵਰਤਿਆ ਕਰਨੇ। ਉਰਦੂ, ਫ਼ਾਰਸੀ, ਅੰਗਰੇਜ਼ੀ ਦੇ ਸ਼ਿਅਰ ਖੂਬ ਸੁਣਾਇਆ ਕਰਨੇ। ਉਸ ਸਮੇਂ ਮੈਨੂੰ ਭੁਲੇਖਾ ਸੀ ਕਿ ਅਜਿਹਾ ਕਰਨ ਨਾਲ ਸ਼ਾਇਦ ਮੈਂ ਬਹੁਤ ਵੱਡਾ ਵਿਦਵਾਨ ਸਮਝਿਆ ਜਾਵਾਂਗਾ। ਪਰ ਇਕ ਪਿੰਡ ਵਿਚ ਇਕ ਅਜਿਹੀ ਘਟਨਾ ਵਾਪਰੀ ਜਿਸ ਨੇ ਮੇਰੇ ਵਿਚਾਰ ਬਦਲ ਦਿੱਤੇ। ਹੋਇਆ ਇੰਞ ਕਿ ਪ੍ਰੋਗਰਾਮ ਦੇਣ ਤੋਂ ਬਾਅਦ ਅਸੀਂ ਇਕ ਕਮਰੇ ਵਿਚ ਆਰਾਮ ਕਰ ਰਹੇ ਸੀ ਕਿ ਇਕ ਬਜ਼ੁਰਗ ਆ ਕੇ ਬੜੇ ਪਿਆਰ ਨਾਲ ਕਹਿਣ ਲੱਗੇ ਕਿ ਤੁਸੀਂ ਬੜੇ ਵੱਡੇ ਵਿਦਵਾਨ ਹੋ। ਤੁਹਾਡੇ ਮੂੰਹੋਂ ਫ਼ਾਰਸੀ ਦੇ ਸ਼ੇਅਰ ਸੁਣਨੇ ਬਹੁਤ ਚੰਗੇ ਲੱਗੇ ਹਨ। ਮੈਂ ਵੀ ਫ਼ਾਰਸੀ ਪੜ੍ਹਿਆ ਹੋਇਆ ਹਾਂ। ਪਰ ਮੈਨੂੰ ਇੰਞ ਲੱਗਦੈ ਕਿ ਤੁਹਾਡੀ ਗੱਲ ਬਹੁਤਿਆਂ ਨੂੰ ਸਮਝ ਨਹੀਂ ਆਈ। ਇਸ ਲਈ ਬੋਲੀ ਉਹ ਵਰਤੋ ਜੋ ਸਭ ਨੂੰ ਸਮਝ ਆ ਜਾਏ। ਉਸ ਦਿਨ ਤੋਂ ਬਾਅਦ ਮੈਂ ਖ਼ਾਸ ਜਤਨ ਕਰ ਕੇ ਸੌਖੀ ਬੋਲੀ ਵਰਤਣੀ ਸ਼ੁਰੂ ਕਰ ਦਿੱਤੀ। ਕਈ ਵਾਰ ਜ਼ਿੰਦਗੀ ਵਿਚ ਛੋਟੀਆਂ ਘਟਨਾਵਾਂ ਵੀ ਵੱਡੀਆਂ ਤਬਦੀਲੀਆਂ ਲੈ ਆਉਂਦੀਆਂ ਹਨ। ਮੇਰੇ ਨਾਲ ਵੀ ਇੰਞ ਹੀ ਹੋਇਆ।

ਕੁਝ ਹੋਰ ਪ੍ਰਸ਼ਨਾਂ ਤੋਂ ਬਾਅਦ (ਜੋ ਇਸ ਵੇਲੇ ਮੇਰੇ ਚੇਤੇ ਵਿਚ ਨਹੀਂ) ਇਹ ਸਾਹਿਤਕ ਮਿਲਣੀ ਸਮਾਪਤ ਹੋਈ। ਫ਼ੇਰ ਚੱਲਿਆ ਫੋਟੋਆਂ ਦਾ ਸੈਸ਼ਨ। ਹਰ ਲੜਕੀ ਅੰਦਰ ਸੀਤਲ ਸਾਹਿਬ ਨਾਲ ਫੋਟੋ ਕਰਾਉਣ ਦਾ ਚਾਅ ਸੀ ਤੇ ਸੀਤਲ ਸਾਹਿਬ ਵੀ ਖ਼ੁਸ਼ੀ ਵਿਚ ਨਹੀਂ ਸਨ ਮਿਉਂਦੇ। ਖਾਣੇ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਨਿੱਜ ਅਸਥਾਨ ’ਤੇ ਛੱਡ ਆਏ।

ਮਿਲਣੀ ਦਾ ਪ੍ਰਭਾਵ :

ਇਸ ਪ੍ਰਭਾਵਸ਼ਾਲੀ ਅਤੇ ਸਿੱਧ-ਪੱਧਰੀ ਸਖ਼ਸ਼ੀਅਤ ਦਾ ਪ੍ਰਭਾਵ ਵਿਦਿਆਰਥਣਾਂ ਉਤੇ ਤਾਂ ਪਿਆ ਹੀ (ਕਈ ਦਿਨ ਉਨ੍ਹਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ) ਨਿੱਜੀ ਤੌਰ ’ਤੇ ਮੇਰੇ ਅੰਦਰ ਵੀ ਉਨ੍ਹਾਂ ਦੀਆਂ ਰਚਨਾਵਾਂ ਪੜ੍ਹਨ ਦੀ ਲਾਲਸਾ ਪੈਦਾ ਹੋ ਗਈ। ਵੇਖੀ ਮਾਣੀ ਦੁਨੀਆਂ, ਸੀਤਲ ਵਾਰਾਂ, ਸੀਤਲ ਹੰਝੂ, ਦੁਖੀਏ ਮਾਂ ਪੁੱਤ, ਮੁੱਲ ਦਾ ਮਾਸ ਆਦਿ ਕੁਝ ਰਚਨਾਵਾਂ ਪੜ੍ਹੀਆਂ। ਬਹੁਤਾ ਕੁਝ ਨਾ ਕਹਿੰਦੇ ਹੋਏ ਦੋ-ਤਿੰਨ ਗੱਲਾਂ ਆਪ ਦੀ ਲੇਖਣੀ ਬਾਰੇ ਜ਼ਰੂਰ ਸਾਂਝੀਆਂ ਕਰਨਾ ਚਾਹਾਂਗੀ:

ਸਿਰਫ਼ ਦਸ ਜਮਾਤਾਂ ਪੜ੍ਹੇ ਹੋਣ ਦੇ ਬਾਵਜੂਦ ਵੀ ਸੀਤਲ ਸਾਹਿਬ ਦੀ ਸੋਚ ਤਰਕ ਨੂੰ ਨਹੀਂ ਛੱਡਦੀ, ਇਥੋਂ ਤਕ ਕਿ ਸਵੈ-ਜੀਵਨੀ ਵਿਚ ਵੀ ਜਿੱਥੇ ਕਿਧਰੇ ਲੋੜ ਹੋਵੇ ਤਰਕ ਦੇ ਆਧਾਰ ’ਤੇ ਆਪਣਾ ਨੁਕਤਾ ਸਪਸ਼ਟ ਕਰਦੇ ਹਨ। ਉਦਾਹਰਣ ਵਜੋਂ ਮੇਰੀ ਸਾਹਿਤਿਕ ਸਵੈ-ਜੀਵਨੀ ਦੇ ਪੰਨਾ 38 ’ਤੇ ਲਿਖਦੇ ਹਨ :

‘ਸਿੱਖ ਢਾਡੀ’ ਦਾ ਇਕ ਉਚੇਚਾ ਫ਼ਰਜ਼ ਵੀ ਹੈ। (ਮੇਰੇ ਵਿਚਾਰ ਅਨੁਸਾਰ ਹਰ ਢਾਡੀ ‘ਸਿੱਖ ਢਾਡੀ’ ਨਹੀਂ ਹੁੰਦਾ ਭਾਵੇਂ ਉਹ ਸਿੱਖ ਹੀ ਕਿਉਂ ਨਾ ਹੋਵੇ।) ਤੇ ਉਸ ਫ਼ਰਜ਼ ਬਾਰੇ ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ:

ਢਾਡੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰੁ॥
ਦਰਿ ਖੜਾ ਸੇਵਾ ਕਰੇ ਗੁਰ ਸਬਦੀ ਵੀਚਾਰੁ॥ (ਪੰਨਾ 516)

ਇਸ ਪ੍ਰਮਾਣ ਦਾ ਸਬੰਧ ਢਾਡੀ ਦੇ ਆਚਰਣ ਤੇ ਧਾਰਮਿਕ ਭਾਵਨਾ ਨਾਲ ਹੈ। “ਬਾਹਰ ਦੀਆਂ ਵਾਰਾਂ ( ਹੀਰ, ਮਿਰਜ਼ਾ, ਦੁੱਲਾ, ਪੂਰਨ ਆਦਿ) ਗਾਉਣ ਵਾਲੇ ਵਾਸਤੇ ਕਿਸੇ ਇਖ਼ਲਾਕੀ ਬੰਦਸ਼ ਦੀ ਲੋੜ ਨਹੀਂ ਹੁੰਦੀ। ਉਹ ਸ਼ਰਾਬ ਪੀਵੇ, ਰੋਮਾਂਟਿਕ ਇਸ਼ਾਰੇ ਕਰੇ, ਜਾਂ ਵਾਸ਼ਨਾ ਭੜਕਾਊ ਸ਼ਬਦ ਵਰਤੇ, ਉਸ ਨੂੰ ਸਭ ਕੁਝ ਮਾਫ਼ ਹੈ। ਮਗਰ ਸਿੱਖ ਢਾਡੀ ਧਾਰਮਿਕ ਪ੍ਰਚਾਰਕ ਮੰਨਿਆ ਜਾਂਦਾ ਹੈ। ਉਹ ਜਿੰਨਾ ਰਹਿਤ ਮਰਯਾਦਾ ਵਿਚ ਪੱਕਾ ਹੋਏਗਾ, ਓਨਾ ਹੀ ਉਸ ਦਾ ਸਤਿਕਾਰ ਹੋਵੇਗਾ। ਫਿਰ ਧਾਰਮਿਕ ਵਾਰ ਲਿਖਣ ਵਾਲੇ ਵਾਸਤੇ ਇਹ ਵੀ ਜ਼ਰੂਰੀ ਹੈ, ਕਿ ਉਹ ਆਪਣੇ ਧਰਮ (ਭਾਵ ਗੁਰਬਾਣੀ) ਤੇ ਇਤਿਹਾਸ ਤੋਂ ਚੰਗਾ ਜਾਣੂ ਹੋਵੇ। ਉਸ ਨੂੰ ਗਵਾਂਢੀ ਧਰਮਾਂ ਦਾ ਵੀ ਕੁਛ ਗਿਆਨ ਹੋਵੇ ਤਾਂ ਵਧੇਰੇ ਚੰਗਾ ਹੈ। ਮੇਰਾ ਨਿਸਚਾ ਹੈ ਕਿ ਜਿੰਨਾ ਚਿਰ ਗੁਰਬਾਣੀ ਦਾ ਗਿਆਨ ਨਾ ਹੋਵੇ, ਓਨਾ ਚਿਰ ਇਤਿਹਾਸ (ਖ਼ਾਸ ਕਰ ਸਤਿਗੁਰਾਂ ਦੇ ਇਤਿਹਾਸ) ਨਾਲ ਇਨਸਾਫ਼ ਨਹੀਂ ਕੀਤਾ ਜਾ ਸਕਦਾ ਤੇ ਜਿੰਨਾ ਚਿਰ ਇਤਿਹਾਸ ਤੋਂ ਜਾਣੂ ਨਾ ਹੋਈਏ ਗੁਰਬਾਣੀ ਦੇ ਅਰਥਾਂ ਦੀ ਗਹਿਰਾਈ ਤਕ ਨਹੀਂ ਪਹੁੰਚਿਆ ਜਾ ਸਕਦਾ।”

ਇਸ ਤਰ੍ਹਾਂ ਸੀਤਲ ਸਾਹਿਬ ਜਿੱਥੇ ਢਾਡੀ ਦੇ ਆਚਰਨ ਦੀ ਉੱਚਤਾ ’ਤੇ ਜ਼ੋਰ ਦੇਂਦੇ ਹਨ ਉਥੇ ਢਾਡੀ ਦਾ ਗਿਆਨਵਾਨ ਹੋਣਾ ਵੀ ਜ਼ਰੂਰੀ ਸਮਝਦੇ ਹਨ।

ਸੀਤਲ ਸਾਹਿਬ ਦੀਆਂ ਵਾਰਾਂ ਤੋਂ ਪਹਿਲਾਂ ਛਪੀਆਂ ਵਾਰਾਂ ਵਿਚ ਕੇਵਲ ਕਵਿਤਾ ਭਾਗ ਹੀ ਹੁੰਦਾ ਸੀ, ਵਾਰਤਕ ਜਾਂ ਵਿਆਖਿਆ ਨਹੀਂ। ਸੀਤਲ ਸਾਹਿਬ ਨੇ ਆਪਣੀਆਂ ਪੁਸਤਕਾਂ ਵਿਚ ਕਵਿਤਾ ਤੇ ਵਾਰਤਕ ਦੋਵੇਂ ਭਾਗ ਲਿਖੇ। ਭਾਵੇਂ ਅਰੰਭ ਵਿਚ ਇਸ ਦੀ ਆਲੋਚਨਾ ਵੀ ਹੋਈ ਤੇ ਇਨ੍ਹਾਂ ਨੂੰ ਛਾਪਣ ਲਈ ਵੀ ਕੋਈ ਤਿਆਰ ਨਾ ਹੋਇਆ ਪਰ ਬਾਅਦ ਵਿਚ ਪ੍ਰਯੋਗਿਕ ਸਹੂਲਤ ਹੋਣ ਕਰਕੇ ਇਨ੍ਹਾਂ ਦੀ ਮੰਗ ਬਹੁਤ ਵਧ ਗਈ, ਖ਼ਾਸ ਕਰ ਢਾਡੀ ਸਿੰਘਾਂ ਵਿਚ ਜੋ ਅੱਜ ਵੀ ਇਨ੍ਹਾਂ ਪੁਸਤਕਾਂ ਦੀ ਖੂਬ ਵਰਤੋਂ ਕਰਦੇ ਹਨ। ਪ੍ਰਸੰਗ ‘ਮੱਸੇ ਦੀ ਮੌਤ’ ਵਿੱਚੋਂ ਕਵਿਤਾ ਅਤੇ ਵਾਰਤਕ ਦਾ ਇਕ ਨਮੂਨਾ ਵੇਖੋ:

ਭਰੇ ਵਿਚ ਦੀਵਾਨ ਦੇ ਖਲਾ ਹੋ ਕੇ
ਸਿੰਘ ਦੁੱਖਾਂ ਦੀ ਕਥਾ ਸੁਣਾ ਰਿਹਾ ਏ ਕਹਿੰਦਾ:
ਦਸ਼ਾ ਪੰਜਾਬ ਦੀ ਕੀ ਦੱਸਾਂ
ਦਿਲ ਪਾਟ ਕੇ ਮੂੰਹ ਨੂੰ ਆ ਰਿਹਾ ਏ
ਅੰਮ੍ਰਿਤਸਰ ‘ਹਰਿਮੰਦਰ’ਦੇ ਵਿਚ ਬੈਠਾ
ਮੱਸਾ ਵੇਸਵਾ ਅੱਜ ਨਚਾ ਰਿਹਾ ਏ
ਹੁੱਕਾ ਪੀ ਰਿਹਾ ਵਿਚ ਦਰਬਾਰ ਦੇ
ਉਹ ਤੇ ਸ਼ਰਾਬ ਦਾ ਦੌਰ ਚਲਾ ਰਿਹਾ ਏ
ਤੇਰੇ ‘ਤਖ਼ਤ ਅਕਾਲ’ ਦੀ ਸ਼ਾਨ ਸਿੰਘਾ
ਵੈਰੀ ਖ਼ਾਕ ਦੇ ਵਿਚ ਮਿਲਾ ਰਿਹਾ ਏ
ਝੰਡਾ ਕੇਸਰੀ ਰੁਲ ਰਿਹਾ ਵਿਚ ਪੈਰਾਂ
ਹਰਿਆ ‘ਅਲੀ’ ਦਾ ਓਥੇ ਲਹਿਰਾ ਰਿਹਾ ਏ
ਛਾਤੀ ਖ਼ਾਲਸੇ ਪੰਥ ਦੀ ਚੀਰ ਕੇ ਤੇ
ਮਾਰ ਨਸ਼ਤਰਾਂ ਅਣਖ ਅਜ਼ਮਾ ਰਿਹਾ ਏ
‘ਸੀਤਲ’ ਖੂਨ ਨਾਲ ਧੋਤਿਆਂ ਲਹਿਣਗੇ ਇਹ
ਜਿਹੜੇ ਦਾਗ਼ ਉਹ ਸਿੱਖੀ ’ਤੇ ਲਾ ਰਿਹਾ ਏ।

ਇਹ ਹਾਲ ਸੁਣ ਕੇ ਸਿੰਘਾਂ ਦੇ ਅੰਦਰ ਅੱਗ ਲੱਗ ਉਠੀ। ਰਗ-ਰਗ ਵਿਚ ਲਹੂ ਉਬਲ ਆਇਆ।ਅੱਖਾਂ ਵਿੱਚੋਂ ਕ੍ਰੋਧ ਨਾਲ ਲੰਬਾਂ ਨਿਕਲਣ ਲੱਗੀਆਂ। ਯੋਧਿਆਂ ਦੇ ਹੱਥ ਆਪਣੇ ਆਪ ਤਲਵਾਰਾਂ ਦੀਆਂ ਮੁੱਠਾਂ ’ਤੇ ਚਲੇ ਗਏ। ਆਪਣੇ ਧਰਮ-ਅਸਥਾਨਾਂ ਦੀ ਬੇਅਦਬੀ ਹੁੰਦੀ ਸੁਣ ਕੇ ਕਿਸੇ ਵੀ ਜਿਊਂਦੀ ਕੌਮ ਦੀ ਏਹੋ ਹਾਲਤ ਹੋ ਜਾਂਦੀ ਹੈ, ਤਾਂ ਸਿੱਖਾਂ ਵਰਗੀ ਅਣਖੀਲੀ ਕੌਮ ‘ਹਰਿਮੰਦਰ ਸਾਹਿਬ’ ਦੀ ਇਹ ਬੇਅਦਬੀ ਸੁਣ ਕੇ ਕਿਵੇਂ ਸਹਿ ਸਕਦੀ ਸੀ?

ਇਸ ਤਰ੍ਹਾਂ ਸੀਤਲ ਸਾਹਿਬ ਨੇ ਵਾਰ ਲਿਖਣ ਦੀ ਇਹ ਨਵੀਂ ਪਿਰਤ ਪਾ ਕੇ ਜਿੱਥੇ ਪਾਠਕਾਂ ਨੂੰ ਵਾਰ ਗਾਇਕੀ ਦੀ ਪਰੰਪਰਾ ਨਾਲ ਜੋੜਿਆ ਉਥੇ ਵਾਰ-ਗਾਇਕਾਂ ਨੂੰ ਬਣਿਆ-ਬਣਾਇਆ ਮਸਾਲਾ ਦੇ ਦਿੱਤਾ ਜਿਸ ਦੀ ਵਰਤੋਂ ਕਰ ਕੇ ਉਹ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜ ਸਕਦੇ ਹਨ। ਵਾਰ ਲੇਖਣੀ ਦੇ ਸਬੰਧ ਵਿਚ ਇਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਸੀਤਲ ਸਾਹਿਬ ਤੋਂ ਪਹਿਲਾਂ ਵਾਰ ਕੇਵਲ ਪਉੜੀਆਂ ਵਿਚ ਹੀ ਲਿਖੀ ਜਾਂਦੀ ਸੀ ਪਰ ਸੀਤਲ ਸਾਹਿਬ ਨੇ ਇਸ ਵਿਚ ਬੈਂਤ ਦੀ ਵਰਤੋਂ ਵੀ ਸ਼ੁਰੂ ਕਰ ਦਿੱਤੀ।

ਸੀਤਲ ਸਾਹਿਬ ਇਕ ਸਫ਼ਲ ਨਾਵਲਕਾਰ ਵੀ ਹਨ। ਆਪ ਦੇ ਨਾਵਲ ‘ਜੁੱਗ ਬਦਲ ਗਿਆ’ ਨੂੰ ਸਾਹਿਤ ਅਕੈਡਮੀ ਐਵਾਰਡ ਵੀ ਮਿਲਿਆ ਪਰ ਆਪ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਢਾਡੀ, ਫਿਰ ਸਿੱਖ ਇਤਿਹਾਸ ਦਾ ਲੇਖਕ ਅਤੇ ਫਿਰ ਨਾਵਲਕਾਰ ਸਮਝਦੇ ਹਨ। ਇਥੋਂ ਆਪ ਦੀ ਸਿੱਖੀ ਪ੍ਰਤੀ ਲਗਨ ਤੇ ਸ਼ਰਧਾ ਦਾ ਪਤਾ ਲੱਗਦਾ ਹੈ।ਇਸੇ ਲਗਨ ਸਦਕਾ ਹੀ ਆਪ ਨੇ ਪੁਰਾਤਨ ਗ੍ਰੰਥਾਂ ਦਾ ਆਲੋਚਨਾਤਮਿਕ ਅਧਿਐਨ ਕਰ ਕੇ ਪੰਜ ਜਿਲਦਾਂ ਵਿਚ ‘ਸਿੱਖ ਇਤਿਹਾਸ ਦੇ ਸੋਮੇ’ ਪੁਸਤਕ ਛਾਪੀ। ਸਿੱਖ ਪੰਥ ਨੂੰ ਇਹ ਉਨ੍ਹਾਂ ਦੀ ਬਹੁਤ ਵੱਡੀ ਦੇਣ ਹੈ। ਇਸ ਪੁਸਤਕ ਨੂੰ ਪੜ੍ਹ ਕੇ ਪੁਰਾਤਨ ਗ੍ਰੰਥਾਂ ਵਿਚਲੀਆਂ ਗਲਤ ਧਾਰਨਾਵਾਂ ਨੂੰ ਸੋਧਣ ਦੀ ਲੋੜ ਹੈ।ਸੀਤਲ ਸਾਹਿਬ ਦੀ ਜਨਮ ਸ਼ਤਾਬਦੀ ’ਤੇ ਇਹ ਉਨ੍ਹਾਂ ਨੂੰ ਇਕ ਬਹੁਤ ਵੱਡੀ ਸ਼ਰਧਾਂਜਲੀ ਹੋਏਗੀ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਸਾਬਕਾ ਪ੍ਰੋਫ਼ੈਸਰ ਤੇ ਮੁਖੀ, -ਵਿਖੇ: ਪੰਜਾਬੀ ਵਿਭਾਗ, ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ

ਡਾ. ਸਰਬਜੋਤ ਕੌਰ (ਸਾਬਕਾ ਪ੍ਰੋਫ਼ੈਸਰ ਤੇ ਮੁਖੀ, ਪੰਜਾਬੀ ਵਿਭਾਗ, ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ) ਇੱਕ ਉੱਘੇ ਬੁਲਾਰੇ, ਡੂੰਘੀ ਦਾਰਸ਼ਨਿਕ ਲੇਖਿਕਾ ਅਤੇ ਆਲੋਚਕ ਹਨ। ਆਪ ਨੇ ਬੱਚਿਆਂ ਲਈ ਬਹੁਤ ਸਾਰੀਆਂ ਛੋਟੀਆਂ ਕਹਾਣੀਆਂ ਲਿਖੀਆਂ ਹਨ। ਆਪ ਗੁਰੂ-ਸ਼ਬਦ ਦੇ ਪ੍ਰਚਾਰ-ਪ੍ਰਸਾਰ ਡੂੰਘੀ ਦਿਲਚਸਪੀ ਲੈਂਦੇ ਹਨ।

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)