editor@sikharchives.org
Grehsar Jiwan-Jaach - Laavan

ਗ੍ਰਿਹਸਤ ਜੀਵਨ-ਜਾਚ – ਲਾਵਾਂ

ਸ੍ਰੀ ਗੁਰੂ ਅਮਰਦਾਸ ਜੀ ਅਨੁਸਾਰ ਵਿਆਹ ਦਾ ਆਦਰਸ਼ ਸਿਰਫ਼ ਸਰੀਰਿਕ ਤੌਰ ’ਤੇ ਮਿਲਾਪ ਨਹੀਂ, ਸਗੋਂ ਅਧਿਆਤਮਿਕ ਤੌਰ ’ਤੇ ਇਕ ਜੋਤ ਹੋਣਾ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਗੁਰਬਾਣੀ ਅੰਦਰ ਸਫ਼ਲ ਗ੍ਰਿਹਸਤ ਜੀਵਨ ਬਤੀਤ ਕਰਨ ਸੰਬੰਧੀ ਬਹੁਤ ਉਪਦੇਸ਼ ਕੀਤੇ ਹੋਏ ਹਨ। ਸ੍ਰੀ ਗੁਰੂ ਰਾਮਦਾਸ ਜੀ ਤੋਂ ਪਹਿਲਾਂ ਵੀ ਸਿੱਖ ਗੁਰੂ ਸਾਹਿਬਾਨ ਨੇ ਗੁਰਬਾਣੀ ਵਿਚ ਦੰਪਤੀ (ਵਿਆਹੁਤਾ) ਜੀਵਨ ਬਤੀਤ ਕਰਨ ਲਈ ਜੀਵਨ-ਜਾਚ ਦਰਸਾਈ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ਗ੍ਰਿਹਸਤ ਧਰਮ ਦਾ ਆਦਰਸ਼ ਇਸ ਪ੍ਰਕਾਰ ਵੀ ਉਲੀਕਿਆ ਹੈ:

ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ॥
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ॥ (ਪੰਨਾ 788)

ਸ੍ਰੀ ਗੁਰੂ ਅਮਰਦਾਸ ਜੀ ਅਨੁਸਾਰ ਵਿਆਹ ਦਾ ਆਦਰਸ਼ ਸਿਰਫ਼ ਸਰੀਰਿਕ ਤੌਰ ’ਤੇ ਮਿਲਾਪ ਨਹੀਂ, ਸਗੋਂ ਅਧਿਆਤਮਿਕ ਤੌਰ ’ਤੇ ਇਕ ਜੋਤ ਹੋਣਾ ਹੈ। ਇਹ ਸਾਂਝੀ ਜੋਤ ਗੁਣਾਂ ਦੀ ਜੋਤ ਹੈ। ਸਿੱਖ ਨੇ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਦਿਆਂ, ਆਪਸ ਵਿਚ ਆਤਮਿਕ ਸਾਂਝ ਪੈਦਾ ਕਰਨੀ ਹੈ, ਜਿਸ ਨਾਲ ਪਤੀ-ਪਤਨੀ ਇਕ ਜੋਤ ਹੋ ਜਾਂਦੇ ਹਨ। ਇਕ ਜੋਤ ਹੋਣਾ ਹੀ ਗੁਰਮਤਿ ਅਨੁਸਾਰ ਵਿਆਹ ਦਾ ਆਦਰਸ਼ ਹੈ।

ਇਸ ਕਰਕੇ ਸਿੱਖ ਧਰਮ ਵਿਚ ਵਿਆਹ ਦੀ ਮਰਯਾਦਾ ਨੂੰ ਅਨੰਦ ਸੰਸਕਾਰ ਕਿਹਾ ਗਿਆ ਹੈ। ਗ੍ਰਿਹਸਤ ਜੀਵਨ ਦੀ ਸਫ਼ਲਤਾ ਦਾ ਅਨੁਮਾਨ ਜੀਵਨ ਵਿੱਚੋਂ ਪ੍ਰਾਪਤ ਹੋਏ ‘ਅਨੰਦ’ ਤੋਂ ਹੀ ਲਗਾਇਆ ਜਾਣਾ ਚਾਹੀਦਾ ਹੈ। ਜੇ ਵਿਆਹੁਤਾ ਜੀਵਨ ਦੁਖੀ ਹੈ ਤਾਂ ਇਹ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਵਿਚ ਗੁਰਮਤਿ ਅਨੰਦ ਨਹੀਂ ਸਗੋਂ ਉਨ੍ਹਾਂ ਦੇ ਅਜਿਹੇ ਜੀਵਨ ਵਿਚ ਆਤਮਿਕ ਗੁਣਾਂ ਦੇ ਪੱਖੋਂ ਜ਼ਰੂਰ ਕੋਈ ਕਮੀ ਹੈ। ਗ੍ਰਿਹਸਤੀ ਜੀਵਨ ਦਾ ਪ੍ਰਮੁੱਖ ਲਕਸ਼ ਅਨੰਦ ਹੋਣਾ ਚਾਹੀਦਾ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ਅਨੰਦ ਬਾਣੀ ਵਿਚ ਅਨੰਦ ਪ੍ਰਾਪਤੀ ਦੇ ਅਨੇਕਾਂ ਸਾਧਨ ਦਰਸਾਏ ਹਨ। ਅਨੰਦ ਉਸ ਜੀਵਨ ਵਿਚ ਹੈ ਜਿੱਥੇ ਪੂਰਨ ਗਿਆਨ ਹੈ ਭਾਵ ਜਿਸ ਨੇ ਗਿਆਨ ਦੇ ਸੋਮੇ, ਸਤਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ। ਅਜਿਹੇ ਮਨੁੱਖ ਦੇ ਜੀਵਨ ਵਿਚ ਸੁਭਾਵਿਕ ਹੀ ਸਹਿਜ ਅਵਸਥਾ ਆ ਜਾਂਦੀ ਹੈ।

ਸ੍ਰੀ ਗੁਰੂ ਰਾਮਦਾਸ ਜੀ ਰਚਿਤ ‘ਲਾਵਾਂ’ ਦੀ ਬਾਣੀ ਦੇ ਚਾਰ ਬੰਦ ਹਨ। ਹਰ ਬੰਦ ਵਿਚ ਸਤਿਗੁਰੂ ਜੀ ਨੇ ਗ੍ਰਿਹਸਤ ਅਤੇ ਅਧਿਆਤਮਿਕ ਜੀਵਨ ਦੀ ਪ੍ਰਾਪਤੀ ਲਈ ਕੋਈ ਨਾ ਕੋਈ ਸ਼ਰਤ ਅਤੇ ਕੁਝ ਇਕ ਸਾਧਨ ਦਰਸਾਏ ਹਨ। ਇਹ ਸ਼ਰਤਾਂ ਭਾਵ ਅਵਸਥਾਵਾਂ ਪੂਰੀਆਂ ਹੋਣ ’ਤੇ ਹੀ ਗ੍ਰਿਹਸਤ ਜੀਵਨ ਵਿਚ ਅਨੰਦ ਦੀ ਪ੍ਰਾਪਤੀ ਹੋ ਸਕਦੀ ਹੈ। ਇਨ੍ਹਾਂ ਸਾਰੇ ਵਿਚਾਰਾਂ ਨੂੰ ਅਪਣਾਉਣ ਅਤੇ ਇਨ੍ਹਾਂ ਉੱਤੇ ਦ੍ਰਿੜ੍ਹਤਾ ਨਾਲ ਚੱਲਣ ਸਦਕਾ ਹੀ ਗ੍ਰਿਹਸਤ-ਜੀਵਨ ਸਫ਼ਲ ਹੋ ਸਕਦਾ ਹੈ।

‘ਲਾਵਾਂ’ ਦੇ ਪਹਿਲੇ ਬੰਦ ਵਿਚ ਸ੍ਰੀ ਗੁਰੂ ਰਾਮਦਾਸ ਜੀ ਨੇ ਦੋ ਜ਼ਰੂਰੀ ਵਿਚਾਰ ਦਰਸਾਏ ਹਨ। ਪਹਿਲਾ ਵਿਚਾਰ ਇਹ ਹੈ ਕਿ ਜੀਵਨ ਵਿਚ ਹਾਲਾਤ ਭਾਵੇਂ ਕਿਸ ਤਰ੍ਹਾਂ ਦੇ ਵੀ ਹੋਣ, ਮਨੁੱਖ ਨੇ ਗ੍ਰਿਹਸਤ-ਜੀਵਨ ਦਾ ਤਿਆਗ ਨਹੀਂ ਕਰਨਾ ਸਗੋਂ ਪ੍ਰਵਿਰਤ ਰਹਿਣਾ ਹੈ। ਇਸ ਨਾਲ ਮਨੁੱਖ ਨੇ ਸੰਸਾਰ ਵਿਚ ਵਿਚਰਦਿਆਂ ਜ਼ਿੰਦਗੀ ਵਿਚ ਸੰਘਰਸ਼ ਭਾਵ ਜੱਦੋ-ਜਹਿਦ ਕਰਨੀ ਹੈ। ਗ੍ਰਿਹਸਤ-ਜੀਵਨ ਵਿਚ ਮੁਸ਼ਕਲਾਂ ਅਤੇ ਦੁੱਖ-ਸੁਖ ਆ ਸਕਦੇ ਹਨ, ਸੰਸਾਰਕ ਅਸਫ਼ਲਤਾ ਵੀ ਹੋ ਸਕਦੀ ਹੈ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਫ਼ਲਤਾ ਲਈ ਸੰਘਰਸ਼ ਕਰਨਾ ਹੈ। ਸੰਘਰਸ਼ ਧਰਮ ਗ੍ਰਹਿਣ ਕਰਨ ਅਤੇ ਪਾਪਾਂ ਦਾ ਤਿਆਗ ਕਰਨ ਲਈ ਕਰਨਾ ਹੈ। ਇਸ ਬੰਦ ਵਿਚ ਸਤਿਗੁਰੂ ਜੀ ਨੇ ਮਨੁੱਖ ਨੂੰ ਨਾਮ ਜਪਣ ਦਾ ਨਿਸ਼ਚਾ ਦ੍ਰਿੜ੍ਹ ਕਰਵਾਇਆ ਹੈ। ਗੁਰੂ ਦੀ ਬਾਣੀ ਹੀ ਸਿੱਖ ਵਾਸਤੇ ਗਿਆਨ ਹੈ। ਇਸ ਬਾਣੀ ਰਾਹੀਂ ਹੀ ਸਿੱਖ ਆਪਣੇ ਅੰਦਰ ਧਰਮ ਗ੍ਰਹਿਣ ਕਰ ਕੇ, ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ। ਇਸ ਤਰ੍ਹਾਂ ਜਦੋਂ ਪ੍ਰਭੂ ਦਾ ਇਹ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ ਤਾਂ ਫਿਰ ਵੱਡੇ ਭਾਗਾਂ ਨਾਲ ਪਤੀ-ਪਤਨੀ ਦੇ ਜੀਵਨ ਵਿਚ ਸੁਖ ਅਤੇ ਅਨੰਦ ਆ ਜਾਂਦਾ ਹੈ। ਗੁਰੂ ਜੀ ਦ੍ਰਿੜ੍ਹ ਕਰਵਾਉਂਦੇ ਹਨ ਕਿ ਪ੍ਰਭੂ ਦਾ ਨਾਮ ਜਪਣਾ ਹੀ ਪ੍ਰਭੂ-ਪਤੀ ਨਾਲ ਜੀਵ-ਇਸਤਰੀ ਦੇ ਵਿਆਹ ਦੀ ਪਹਿਲੀ ‘ਲਾਵ’ ਹੈ। ਪ੍ਰਭੂ ਦੇ ਨਾਮ-ਸਿਮਰਨ ’ਤੇ ਹੀ ਜੀਵ-ਇਸਤਰੀ ਦੇ ਵਿਆਹ ਅਥਵਾ ਪ੍ਰਭੂ ਮਿਲਾਪ ਦਾ ਮੁੱਢ ਬੱਝਦਾ ਹੈ। ‘ਲਾਵਾਂ’ ਦੇ ਪਹਿਲੇ ਬੰਦ ਵਿਚ ਸਤਿਗੁਰੂ ਜੀ ਦਾ ਇਹ ਪਾਵਨ ਵਾਕ ਹੈ:

ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ॥
ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ॥…
ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ॥ (ਪੰਨਾ 773-74)

ਇਸ ਤਰ੍ਹਾਂ ਪਹਿਲੀ ਲਾਵ ਵਿਚ ਆਪਣਾ ਧਰਮ ਜਾਂ ਫਰਜ਼ ਨਿਭਾਉਣ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ ਪਰ ਇਹ ਧਰਮ ਜਾਂ ਫਰਜ਼ ਉਸ ਵੇਲੇ ਹੀ ਨਿਭਦਾ ਹੈ ਜਦੋਂ ਇਹ ਆਦਰਸ਼ ਪਿਆਰਾ ਲੱਗੇ। ਨਾਮ-ਸਿਮਰਨ ਦੁਆਰਾ ਇਹ ਆਦਰਸ਼ ਜਾਂ ਫਰਜ਼ ਚੰਗਾ ਲੱਗਣ ਲੱਗ ਪੈਂਦਾ ਹੈ। ਜੀਵਨ ਵਿਚ ਇਸ ਆਦਰਸ਼ ਦੀ ਸੂਝ ਇਸ ਜੀਵਨ ਦੀ ਪਹਿਲੀ ਮੰਜ਼ਿਲ ਹੈ।

ਲਾਵਾਂ ਦੇ ਦੂਜੇ ਬੰਦ ਵਿਚ ਦੰਪਤੀ-ਜੀਵਨ ਦਾ ਆਧਾਰ ‘ਨਿਰਮਲ ਭਉ’ ਦਰਸਾਇਆ ਗਿਆ ਹੈ। ਪਤੀ-ਪਤਨੀ ਦੇ ਹਿਰਦੇ ਵਿਚ ਇਕ ਦੂਜੇ ਲਈ ‘ਨਿਰਮਲ ਭਉ’ ਹੋਣਾ ਜ਼ਰੂਰੀ ਹੈ। ‘ਨਿਰਮਲ ਭਉ’ ਤੋਂ ਭਾਵ ਇਹ ਹੈ ਕਿ ਸਦਾ ਇਕ ਦੂਜੇ ਦਾ ਸਤਿਕਾਰ ਅਤੇ ਰੁਤਬਾ ਕਾਇਮ ਰੱਖਣਾ। ਅਜਿਹੇ ਧਰਮੀ ਜੀਵਨ ਦੀ ਪ੍ਰਾਪਤੀ ਲਈ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਸਾਰਿਆਂ ਜੀਵਾਂ ਅੰਦਰ ਇਕ ਪ੍ਰਭੂ ਦੀ ਜੋਤ ਦਾ ਹੀ ਪ੍ਰਕਾਸ਼ ਹੈ। ਇਸ ਅਵਸਥਾ ਵਿਚ ਸਤਿਗੁਰੂ ਦੀ ਪ੍ਰਾਪਤੀ ਨਾਲ ਮਨੁੱਖੀ ਮਨ ਦੇ ਕਿਵਾੜ ਖੁੱਲ੍ਹ ਜਾਂਦੇ ਹਨ। ਜੀਵ ਦਾ ਮਨ ਕੰਚਨ ਵਾਂਗ ਸ਼ੁੱਧ ਹੋ ਕੇ ਨਿਰਮਲ ਬਣ ਜਾਂਦਾ ਹੈ। ਇਸ ਤਰ੍ਹਾਂ ਉਸ ਨੂੰ ਸਾਰੇ ਸਰੀਰਾਂ ਵਿਚ ਇਕ ਪਰਮਾਤਮਾ ਦੀ ਜੋਤ ਹੀ ਵਿਖਾਈ ਦਿੰਦੀ ਹੈ। ਜੀਵ-ਇਸਤਰੀ ਨੂੰ ਆਪਣੇ ਅੰਦਰ ਅਤੇ ਬਾਹਰ ਸਿਰਫ਼ ਇਕ ਪ੍ਰਭੂ ਦੀ ਹੋਂਦ ਦਾ ਹੀ ਅਹਿਸਾਸ ਹੁੰਦਾ ਹੈ। ਉਹ ਸਾਧਸੰਗਤ ਵਿਚ ਮਿਲ ਕੇ ਪ੍ਰਭੂ ਦੀ ਸਿਫ਼ਤ-ਸਲਾਹ ਦੇ ਗੀਤ ਗਾਉਂਦੀ ਰਹਿੰਦੀ ਹੈ। ਸਤਿਗੁਰੂ ਜੀ ਦੂਸਰੀ ‘ਲਾਵ’ ਵਿਚ ਜੀਵ ਦੀ ਅਜਿਹੀ ਅਵਸਥਾ ਦਾ ਜ਼ਿਕਰ ਇਸ ਪ੍ਰਕਾਰ ਕਰਦੇ ਹਨ:

ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ॥
ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ॥…
ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ॥ (ਪੰਨਾ 774)

ਲਾਵਾਂ ਦੇ ਤੀਸਰੇ ਬੰਦ ਵਿਚ ਸਤਿਗੁਰੂ ਜੀ ਦਰਸਾਉਂਦੇ ਹਨ ਕਿ ਜੀਵਨ ਦੀ ਅਗਲੀ ਅਵਸਥਾ ਵਿਚ ਜੀਵ-ਰੂਪੀ ਇਸਤਰੀ ਦੇ ਮਨ ਵਿਚ ਪ੍ਰਭੂ ਦੀ ਪ੍ਰਾਪਤੀ ਲਈ ਮਨ ਵਿਚ ‘ਵੈਰਾਗ’ ਪੈਦਾ ਹੋ ਜਾਂਦਾ ਹੈ। ਜੀਵਨ ਵਿਚ ਇਸ ਤੋਂ ਭਾਵ ਇਹ ਹੈ ਕਿ ਪਤੀ ਨੇ ਪਤਨੀ ਦੇ ਜਜ਼ਬਿਆਂ ਦੀ ਕਦਰ ਕਰਨੀ ਹੈ। ਆਪਣੇ ਜਜ਼ਬਿਆਂ ਦਾ ਇਕ ਦੂਜੇ ਲਈ ਤਿਆਗ ਕਰਨਾ ਹੀ ਖੁਸ਼ੀ ਦਾ ਰਸਤਾ ਹੈ ਪਰ ਇਹ ਪ੍ਰੇਰਨਾ ਜਾਂ ਸੂਝ ਬੜੇ ਵੱਡੇ ਭਾਗਾਂ ਨਾਲ ਜੀਵ ਨੂੰ ਸੰਤ-ਜਨਾਂ ਦੀ ਸੰਗਤ ਵਿਚ ਪ੍ਰਾਪਤ ਹੁੰਦੀ ਹੈ। ਇਸ ਅਵਸਥਾ ਵਿਚ ਉਹ ਆਪਣੇ ਮੁੱਖ ਵਿੱਚੋਂ ਸਿਰਫ਼ ਪ੍ਰਭੂ ਦੀ ਸਿਫ਼ਤ-ਸਲਾਹ ਦੀ ਬਾਣੀ ਹੀ ਉਚਾਰਦੇ ਹਨ। ਜਿਨ੍ਹਾਂ ਦੇ ਮੱਥੇ ਉੱਤੇ ਚੰਗੇ ਭਾਗ ਜਾਗ ਪੈਂਦੇ ਹਨ, ਉਹ ਜੀਵ ਹੀ ਪ੍ਰਭੂ ਦਾ ਨਾਮ ਜਪ ਕੇ ਅਜਿਹੇ ਨਿਰਮਲ ਜੀਵਨ ਦੇ ਧਾਰਨੀ ਬਣ ਜਾਂਦੇ ਹਨ। ਇਸ ਤਰ੍ਹਾਂ ਇਸ ਤੀਸਰੀ ‘ਲਾਵ’ ਦੇ ਸ਼ਬਦ ਰਾਹੀਂ ਜੀਵ ਇਸਤਰੀ ਦੇ ਮਨ ਵਿਚ ਪ੍ਰਭੂ-ਪਤੀ ਨਾਲ ਮਿਲਾਪ ਦੀ ਪ੍ਰਬਲ ਇੱਛਾ ਜਾਗ ਪੈਂਦੀ ਹੈ:

ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆ ਬਲਿ ਰਾਮ ਜੀਉ॥
ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮ ਜੀਉ॥ …
ਜਨੁ ਨਾਨਕੁ ਬੋਲੇ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗੁ ਜੀਉ॥ (ਪੰਨਾ 774)

ਸਫ਼ਲ ਦੰਪਤੀ-ਜੀਵਨ ਦੀ ਚੌਥੀ ਅਵਸਥਾ ‘ਸਹਿਜ’ ਹੈ। ‘ਸਹਿਜ’ ਤੋਂ ਭਾਵ ਇਹ ਹੈ ਕਿ ਜੀਵਨ ਵਿਚ ਕਿਸੇ ਪੱਖ ਤੋਂ ਵੀ ਉਲਾਰੂ ਬਿਰਤੀ ਦੇ ਧਾਰਨੀ ਨਹੀਂ ਬਣਨਾ ਸਗੋਂ ਸੰਸਾਰ ਵਿਚ ਵਿਚਰਦਿਆਂ ਮਾਨਸਿਕ, ਧਾਰਮਿਕ ਤੇ ਸਦਾਚਾਰਕ ਮਾਹੌਲ ਅੰਦਰ ਇੱਕੋ ਜਿਹੀ ਬਿਰਤੀ ਦਾ ਧਾਰਨੀ ਬਣੇ ਰਹਿਣਾ ਹੈ। ਅਜਿਹੇ ਸੰਜਮ ਨਾਲ ਹੀ ਜੀਵਨ ਵਿਚ ਅਨੰਦ ਪ੍ਰਾਪਤ ਹੁੰਦਾ ਹੈ। ਸਹਿਜ ਅਵਸਥਾ ਮਨੁੱਖੀ ਹਿਰਦੇ ਵਿਚ ਉਦੋਂ ਪ੍ਰਾਪਤ ਹੁੰਦੀ ਹੈ ਜਦੋਂ ਹਿਰਦੇ ਵਿਚ ਅਵਿਨਾਸ਼ੀ ਪ੍ਰਭੂ ਦੀ ਪਹਿਚਾਣ ਹੋਵੇ। ਇਸ ਅਵਸਥਾ ਵਿਚ ਜੀਵ ਦੀ ਲਿਵ ਹਰ ਵੇਲੇ ਪ੍ਰਭੂ ਨਾਲ ਲੱਗੀ ਰਹਿੰਦੀ ਹੈ। ਅਧਿਆਤਮਿਕ ਜੀਵਨ ਵਿਚ ਪ੍ਰਾਪਤ ਹੋਈ ਇਸ ਉਚੇਰੀ ਅਵਸਥਾ ਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ‘ਸਹਿਜ’ ਦਾ ਨਾਮ ਦਿੱਤਾ ਹੈ। ਇਸ ਅਵਸਥਾ ਵਿਚ ਜੀਵ ਪ੍ਰਭੂ ਦੇ ਰੰਗ ਵਿਚ ਰੰਗਿਆ ਜਾਂਦਾ ਹੈ। ਇਸ ਪ੍ਰਕਾਰ ਫਰਜ਼ਾਂ ਦੀ ਪਾਲਣਾ ਕਰਨਾ ਪਰਸਪਰ ਸਤਿਕਾਰ ਕਰਨਾ, ਕੁਰਬਾਨੀ ਕਰਨਾ ਅਤੇ ਸਹਿਜ ਵਿਚ ਵਿਚਰਨਾ ਇਹ ਅਨੰਦਾਇਕ ਜੀਵਨ ਬਤੀਤ ਕਰਨ ਲਈ ਜ਼ਰੂਰੀ ਸ਼ਰਤਾਂ ਹਨ। ਸ੍ਰੀ ਗੁਰੂ ਰਾਮਦਾਸ ਜੀ ਜੀਵ ਦੀ ਪ੍ਰਭੂ ਨਾਲ ਪਿਆਰ ਵਾਲੀ ਇਸ ਅਵਸਥਾ ਦਾ ਜ਼ਿਕਰ ਇਨ੍ਹਾਂ ਸ਼ਬਦਾਂ ਵਿਚ ਕਰਦੇ ਹਨ:

ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ॥
ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ॥…
ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ॥ (ਪੰਨਾ 774)

ਅੰਤ ਵਿਚ ਅਸੀਂ ਇਹ ਕਹਿ ਸਕਦੇ ਹਾਂ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ‘ਲਾਵਾਂ’ ਦੀ ਇਸ ਪਵਿੱਤਰ ਬਾਣੀ ਦੁਆਰਾ ਜੀਵ ਨੂੰ ਆਪਣਾ ਅਧਿਆਤਮਿਕ ਜੀਵਨ ਸੁਆਰਨ ਦਾ ਉਪਦੇਸ਼ ਦ੍ਰਿੜ੍ਹ ਕਰਵਾਇਆ ਹੈ। ਇਸ ਬਾਣੀ ਦੇ ਚਾਰ ਬੰਦ ਅਧਿਆਤਮਿਕ ਜੀਵਨ ਦੇ ਚਾਰ ਪ੍ਰਮੁੱਖ ਪੜਾਅ ਹਨ ਜਿਨ੍ਹਾਂ ਰਾਹੀਂ ਮਨੁੱਖ ਸੰਸਾਰਕ ਜੀਵਨ ਨਿਭਾਉਂਦਾ ਹੋਇਆ ਪ੍ਰਭੂ ਦੇ ਦਰ ’ਤੇ ਪਹੁੰਚਦਾ ਹੈ। ਸਿੱਖੀ ਜੀਵਨ ਵਿਚ ਅਨੰਦ ਇਕ ਅਧਿਆਤਮਿਕ ਪ੍ਰਾਪਤੀ ਵੀ ਹੈ ਅਤੇ ਖਾਲਸਾਈ ਰਹਿਤ ਮਰਯਾਦਾ ਦਾ ਪ੍ਰਮੁੱਖ ਸੰਸਕਾਰ ਵੀ ਹੈ। ਇਸ ਬਾਣੀ ਰਾਹੀਂ ਸਿੱਖ ਅਨੰਦ-ਸੰਸਕਾਰ ਨਿਭਾਉਂਦਾ ਹੋਇਆ ਅਨੰਦ ਦੀ ਪ੍ਰਾਪਤੀ ਤਕ ਪਹੁੰਚਦਾ ਹੈ। ਇਸ ਤਰ੍ਹਾਂ ਇਹ ਬਾਣੀ ਜਿੱਥੇ ਸਿੱਖ ਨੂੰ ਪ੍ਰਭੂ ਨਾਲ ਜੋੜਦੀ ਹੈ, ਉਥੇ ਉਸ ਨੂੰ ਆਪਣੇ ਪ੍ਰਮੁੱਖ ਸੰਸਕਾਰਾਂ ਦੀ ਵੀ ਸੂਝ ਪ੍ਰਦਾਨ ਕਰਦੀ ਹੈ। ਇਸ ਬਾਣੀ ਰਾਹੀਂ ਹੀ ਸਿੱਖ ਨੇ ਅਧਿਆਤਮਿਕ ਅਤੇ ਸੰਸਾਰਕ ਜੀਵਨ ਦੇ ਸੁਮੇਲ ਵਿਚ ਆਪਣੀ ਸ਼ਖ਼ਸੀਅਤ ਨੂੰ ਨਿਖੇੜਨਾ ਹੈ ਤਾਂ ਜੋ ਅਜਿਹੀ ਸ਼ਖ਼ਸੀਅਤ ਹੀ ਅਨੰਦਮਈ ਜੀਵਨ ਵਾਲੀ ਸ਼ਖ਼ਸੀਅਤ ਹੋ ਨਿੱਬੜਦੀ ਹੈ। ਇਹੋ ਹੀ ਸ੍ਰੀ ਗੁਰੂ ਰਾਮਦਾਸ ਜੀ ਦੀ ਇਸ ਬਾਣੀ ਦਾ ਤੱਤ-ਸਾਰ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Suba Singh
ਪ੍ਰਿੰਸੀਪਲ -ਵਿਖੇ: ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)