ਸਿੱਖ ਨੂੰ ਜਿੱਥੇ ਵਿਸ਼ੇਸ਼ ਗੁਣਾਂ ਨਾਲ ਸੰਵਾਰਿਆ ਤੇ ਸ਼ਿੰਗਾਰਿਆ ਹੋਇਆ ਹੈ, ਉਥੇ ਉਸ ਕਰਤਾ-ਪੁਰਖ ਨੇ ਇਸ ਦੇ ਨਾਲ ਇਕ ਹੁਕਮੀ ਫ਼ਰਜ਼ ਵੀ ਦੇ ਦਿੱਤਾ ਹੈ, ਜਿਸ ਦੀ ਸੁਚੇਤ ਪਾਲਣਾ ਦੁਆਰਾ ਮਨੁੱਖ ਪਰਮ-ਅਨੰਦ ਵਾਲੀ ਸਦੀਵੀ ਅਤੇ ਅਟੱਲ ਪਦਵੀ ਨੂੰ ਪ੍ਰਾਪਤ ਕਰ ਸਕਦਾ ਹੈ। ਅਜਿਹੀ ਪਦਵੀ ਨੂੰ ਪ੍ਰਾਪਤ ਕਰਕੇ ਹੀ ਇਕ ਸਿੱਖ ਉਸ ਪਰਮ-ਸੱਚ, ਹਰਿ ਪ੍ਰਭੂ ਨੂੰ ਪਾ ਸਕਦਾ ਹੈ। ਇਸ ਨਾਲ ਪਿਆਰ ਪਾਉਣ ਲਈ ਇਸ ਨੂੰ ਗੁਰੂ ਰੂਪ ਵਿਚ ਪ੍ਰਵਾਨ ਕਰ ਕੇ ਇਸ ਦੀ ਸਿੱਖਿਆ ਉੱਤੇ, ਪੂਰੀ ਲਗਨ ਨਾਲ ਤਨੋਂ ਅਤੇ ਮਨੋਂ ਇਸ ਦੀ ਪ੍ਰੀਤ ਨੂੰ ਸਮਰਪਿਤ ਹੋ ਕੇ ਚੱਲਦੇ ਰਹਿਣਾ ਗੁਰਸਿੱਖ ਦੀ ਪਛਾਣ ਹੈ। ਭਾਵੇਂ ਹਰ ਕੋਈ ਪਰਮ-ਸੱਚ ਦੀ ਖੋਜ ਅਤੇ ਉਸ ਦੀ ਅਭਿਲਾਸ਼ਾ ਦਾ ਦਾਅਵਾ ਕਰਦਾ ਹੈ, ਪਰ ਗੁਰਸਿੱਖ ਦੀ ਤਾਂ ਜ਼ਿੰਦਗੀ ਹੀ ਉਸ ਦੀ ਪ੍ਰੀਤ ਵਿਚ, ਉਸ ਨਾਲ ਇਕਲਿਵ ਅਤੇ ਇਕਤਾਰ ਹੋਣਾ ਹੈ। ਇਹ ਹੀ ਇਕ ਗੁਰਸਿੱਖ ਦੀ ਜ਼ਿੰਦਗੀ ਦਾ ਅਸਲੀ ਨਿਸ਼ਾਨਾ ਅਤੇ ਉਦੇਸ਼ ਹੈ। ਗੁਰਬਾਣੀ ਜਿਸ ਵਿਚ ਗੁਰੂ ਸਾਹਿਬਾਨ ਨੇ ਸਿੱਖ ਦੇ ਜੀਵਨ ਦੀਆਂ ਕਈ ਗਤੀਵਿਧੀਆਂ ਅਤੇ ਗੁਣਾਂ ਦਾ ਵਰਣਨ ਕੀਤਾ ਹੈ ਜਿਸ ਅਨੁਸਾਰ ਅਸੀਂ ਇਹ ਕਹਿ ਸਕਦੇ ਹਾਂ ਕਿ ਸਿੱਖੀ ਜੀਵਨ ਜਾਂ ਗੁਰੂ ਦੇ ਸਿੱਖ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ ਜਾਂ ਹੋਣਾ ਚਾਹੀਦਾ ਹੈ?
ਗੁਰਬਾਣੀ ਅਨੁਸਾਰ ਸਿੱਖੀ ਜੀਵਨ ਦੇ ਅਤੇ ਸਿੱਖ ਵਿਅਕਤੀ ਦੇ ਜੀਵਨ-ਜਾਚ ਦੇ ਕਈ ਪਹਿਲੂ ਦੱਸੇ ਹਨ। ਸਭ ਤੋਂ ਪਹਿਲਾ ਤਾਂ ਇਕ ਸਿੱਖ ਗੁਰਬਾਣੀ ਅਨੁਸਾਰ ਆਪਣੀ ਸੁਰਤਿ, ਮਤਿ, ਮਨ, ਬੁੱਧੀ ਤੇ ਸਰੀਰ ਦੇ ਨਾਲ-ਨਾਲ ਆਪਣੇ ਜੀਵਨ ਦੀਆਂ ਸਾਰੀਆਂ ਕਾਰਜ ਰੁਚੀਆਂ ਪ੍ਰਭੂ ਦੀ ਪ੍ਰੀਤ ਵੱਲ ਐਸੀਆਂ ਰੁਚਿਤ ਕਰਦਾ ਹੈ ਕਿ ਅਜਿਹਾ ਮਨੁੱਖ ਜ਼ਿੰਦਗੀ ਦੇ ਹਰ ਪਹਿਲੂ ਵਿਚ ਇਸ ਗੁਰੂ-ਪ੍ਰੀਤਮ ਨੂੰ ਹੀ ਸਾਹਮਣੇ ਦੇਖਦਾ ਹੈ ਅਤੇ ਇਸ ਵਿਚ ਹੀ ਆਪਣੇ ਜੀਵਨ ਦੀ ਸਭ ਤੋਂ ਵੱਡੀ ਖੁਸ਼ੀ ਮਹਿਸੂਸ ਕਰਦਾ ਹੈ। ਐਸੇ ਗੁਰਸਿੱਖ ਲਈ ਗੁਰਬਾਣੀ ਵਿਚ ਲਿਖਿਆ ਹੈ ਕਿ ਅਜਿਹਾ ਸਿੱਖ ਗੁਰੂ ਨੂੰ ਦੇਖ ਕੇ ਨਿਹਾਲ ਹੋ ਜਾਂਦਾ ਹੈ। ਗੁਰਬਾਣੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ:
ਅੰਦਰਿ ਸਚਾ ਨੇਹੁ ਲਾਇਆ ਪ੍ਰੀਤਮ ਆਪਣੈ॥
ਤਨੁ ਮਨੁ ਹੋਇ ਨਿਹਾਲੁ ਜਾ ਗੁਰੁ ਦੇਖਾ ਸਾਮ੍ਣੇ॥ (ਪੰਨਾ 758)
ਗੁਰਬਾਣੀ ਪੜ੍ਹਦੇ ਹੋਏ ਅਸੀਂ ਇਹ ਦੇਖਦੇ ਹਾਂ ਕਿ ਸਾਰੇ ਗੁਰੂ ਸਾਹਿਬਾਨ ਨੇ ਸਿੱਖ ਨੂੰ ਸਾਦਾ ਜੀਵਨ ਅਤੇ ਪਰਮਾਤਮਾ ਨਾਲ ਪਿਆਰ ਕਰਨ ਦੀ ਪ੍ਰੇਰਨਾ ਕੀਤੀ।
ਜਿਵੇਂ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਪ੍ਰੇਮਮੁਗਧ ਭਗਤੀ ਅਤੇ ਮਨੁੱਖ ਜਾਤੀ ਦੀ ਸੇਵਾ ਦਾ ਪ੍ਰਚਾਰ ਕੀਤਾ। ਆਪ ਪਿਆਰ ਅਤੇ ਨਿਮਰਤਾ ਦੇ ਪੁੰਜ ਸਨ। ਉਨ੍ਹਾਂ ਨੇ ਗੁਰੂ ਦੇ ਸਿੱਖ ਦੇ ਜੀਵਨ ਜੀਉਣ ਦੇ ਇਹ ਨਿਯਮ ਦੱਸੇ:
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥ (ਪੰਨਾ 305)
ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਤੋਂ ਇਲਾਵਾ ਭਾਈ ਗੁਰਦਾਸ ਜੀ ਵੀ ਸਿੱਖਾਂ ਦੇ ਵਿਵਹਾਰ ਬਾਰੇ ਲਿਖਦੇ ਹਨ:
ਪਿਛਲ ਰਾਤੀਂ ਜਾਗਣਾ ਨਾਮੁ ਦਾਨੁ ਇਸਨਾਨੁ ਦਿੜਾਏ।
ਮਿਠਾ ਬੋਲਣੁ ਨਿਵ ਚਲਣੁ ਹਥਹੁ ਦੇ ਕੈ ਭਲਾ ਮਨਾਏ। (ਵਾਰ 28:15)
ਨਾਮ ਸਿਮਰਨ : ਨਾਮ ਸਿਮਰਨ ਇਕ ਅਜਿਹੀ ਉੱਤਮ ਕਿਰਸਾਨੀ ਹੈ, ਜਿਸ ਦੁਆਰਾ ਮਨ ਦੇ ਫ਼ਜ਼ੂਲ ਉੱਗੇ ਬੂਟਿਆਂ (ਵਿਕਾਰ ਆਦਿ) ਨੂੰ ਜੜ੍ਹੋਂ ਉਖੇੜਿਆ ਜਾ ਸਕਦਾ ਹੈ। ਉਂਞ ਵੀ ਗੁਰਬਾਣੀ ਵਿਚ ਜੀਵਨ-ਨਿਰਬਾਹ ਲਈ ਕਿਰਤ-ਕਮਾਈ ਦਾ ਸੱਚਾ-ਸੁੱਚਾ ਅਤੇ ਉੱਤਮ ਵਸੀਲਾ ‘ਕਿਰਸਾਨੀ’ ਅਤੇ ਹੱਥੀਂ ਕਿਰਤ ਹੀ ਮੰਨਿਆ ਗਿਆ ਹੈ। ਪਰ ਇਹ ਖਾਣਾ-ਪੀਣਾ ਤਾਂ ਸੰਸਾਰਿਕ ਲੋੜਾਂ ਹੀ ਪੂਰੀਆਂ ਕਰਦਾ ਹੈ ਅਤੇ ਇਥੇ ਹੀ ਰਹਿ ਜਾਂਦਾ ਹੈ। ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੱਸੀ ਕਿਰਸਾਨੀ, ਉੱਪਰ ਦੱਸੀ ਨਾਮ-ਸਿਮਰਨ ਦੀ ਜੁਗਤੀ ਦੁਆਰਾ ਸੁਚੱਜਾ ਹਾਲੀ (ਗੁਰਮੁਖ) ਬਣਾ ਕੇ ਨਾਮ ਬੀਜ ਵਾਲੀ ਕਿਰਸਾਨੀ ਨੂੰ ਅਪਣਾ ਕੇ, ਉੱਤਮ ਫਸਲ ਪ੍ਰਾਪਤ ਹੁੰਦੀ ਹੈ, ਜੋ ਲੋਕ ਅਤੇ ਪਰਲੋਕ ਨੂੰ ਸਫ਼ਲ ਅਤੇ ਸੁਖੀ ਬਣਾ ਦਿੰਦੀ ਹੈ। ਗੁਰੂ ਜੀ ਫ਼ਰਮਾਉਂਦੇ ਹਨ:
ਜੀਵਨਾ ਸਫਲ ਜੀਵਨ ਸੁਨਿ ਹਰਿ ਜਪਿ ਜਪਿ ਸਦ ਜੀਵਨਾ॥ (ਪੰਨਾ 1019)
ਨਿਤਨੇਮ : ਸਿੱਖ ਆਪਣੇ ਜੀਵਨ ਵਿਚ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਨਿੱਤਨੇਮ ਦੀਆਂ ਬਾਣੀਆਂ ਦਾ ਪਾਠ ਇੱਕਚਿਤ ਹੋ ਕੇ ਕਰਦਾ ਹੈ। ਨਿੱਤਨੇਮ ਇਕ ਅਜਿਹਾ ਵਾਹਨ ਹੈ, ਜੋ ਸਿੱਖ ਨੂੰ ਕਰਮਕਾਂਡੀ ਸਿਲਸਿਲੇ ਵਿਚ ਡਿੱਗਣ ਤੋਂ ਬਚਾਉਂਦਾ ਹੈ ਅਤੇ ਦੂਸਰਾ, ਇਹ ਮਨ ਉੱਤੇ ਰੋਜ਼ਾਨਾ ਚੜ੍ਹਦੀ ਹਉਮੈ ਦੀ ਮੈਲ ਧੋ ਕੇ ਸ਼ਬਦ ਨਾਲ ਜੋੜਦਾ ਹੈ। ਇਸ ਗੱਲ ਦੀ ਪੁਸ਼ਟੀ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ ਅਨੰਦ ਸਾਹਿਬ ਵਿਚ ਕੀਤੀ ਹੈ:
ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ॥ (ਪੰਨਾ 919)
ਗੁਰਬਾਣੀ : ਗੁਰਸਿੱਖ ਆਪਣੇ ਜੀਵਨ ਵਿਚ ਗੁਰਬਾਣੀ ਨੂੰ ਹੀ ਸਭ ਤੋਂ ਉੱਤਮ ਪਦਵੀ ਦਿੰਦਾ ਹੈ। ਗੁਰਸਿੱਖ ਗੁਰੂ ਦੇ, ਗੁਰਬਾਣੀ ਦੁਆਰਾ ਦੱਸੇ ਮਾਰਗ ਉੱਤੇ ਚੱਲਦਿਆਂ, ਉਸ ਪਰਮ-ਸੱਚ ਨਾਲ ਪਿਆਰ ਸੰਜੋਗ ਦੀ ਤਾਂਘ ਵਿਚ ਐਸਾ ਸਮਰਪਿਤ ਜੀਵਨ ਜਿਊਂਦਾ ਹੈ, ਜਿਸ ਵਿਚ ਉਹ ਆਪਣੇ ਨਿੱਜਤਵ ਅਤੇ ਆਪਣੀ ਹਸਤੀ ਨੂੰ ਧਰਮ-ਸੱਚ ਦੀ ਚਾਲ ਅਤੇ ਉਸ ਦੇ ਹੁਕਮ ਵਿਚ ਮੁਕੰਮਲ ਰੂਪ ਵਿਚ ਜਜ਼ਬ ਕਰ ਲੈਂਦਾ ਹੈ। ਆਪਣੀ ਹੋਂਦ ਭਾਵ ਆਪਣੀ ਪਛਾਣ ਵੀ ਉਸ ਦੀ ਰਜ਼ਾ ਅਤੇ ਉਸ ਦੀ ਬਾਣੀ ਵਿਚ ਘੋਲ ਦਿੰਦਾ ਹੈ:
ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ॥ (ਪੰਨਾ 969)
ਉਸ ਦਾ ਇਹ ਨਿਸ਼ਾਨਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਗੁਰਬਾਣੀ ਪ੍ਰਤੀ ਸਿੱਖ ਦੀ ਪਹੁੰਚ ਇਸ ਪ੍ਰਕਾਰ ਬਣ ਜਾਂਦੀ ਹੈ:
ਗੁਰਸਿਖ ਮੀਤ ਚਲਹੁ ਗੁਰ ਚਾਲੀ॥
ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ॥ (ਪੰਨਾ 667)
ਇਹ ਪਹੁੰਚ ਅਪਣਾ ਕੇ ਹਰ ਸਿੱਖ ਗੁਰਬਾਣੀ ਨੂੰ ਪੂਰੇ ਸਤਿਕਾਰ ਅਤੇ ਭਰੋਸੇ ਨਾਲ ਮੱਥਾ ਟੇਕਦਾ ਹੈ ਅਤੇ ਇਸ ਵਿਚ ਕਦੀ ਵੀ ਕੁਤਾਹੀ ਨਹੀਂ ਕਰਦਾ। ਮੱਥਾ ਟੇਕਦੇ ਹੋਏ ਸਿੱਖ ਆਪਣਾ ਤਨ, ਮਨ ਗੁਰੂ ਨੂੰ ਸਮਰਪਿਤ ਕਰਦਾ ਹੈ। ਅਜਿਹਾ ਗੁਰਸਿੱਖ ਗੁਰਬਾਣੀ ਵਿਚ ਹੀ ਗੁਰੂ ਦੇ ਦਰਸ਼ਨ ਕਰਦਾ ਹੈ ਅਤੇ ਗੁਰੂ ਤੋਂ ਬਿਨਾਂ ਉਸ ਨੂੰ ਆਪਣਾ ਜੀਵਨ ਅੰਧੇਰੇ ਨਾਲ ਭਰਿਆ ਲੱਗਦਾ ਹੈ ਅਤੇ ਇਸ ਪਦਵੀ ’ਤੇ ਪਹੁੰਚ ਕੇ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਕਿ ਗੁਰੂ ਤੋਂ ਬਿਨਾਂ ਅਤੇ ਗੁਰਬਾਣੀ ਤੋਂ ਬਿਨਾਂ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਅਜਿਹੇ ਗੁਰਸਿੱਖ ਦੀ ਇਹ ਧਾਰਨਾ ਹੁੰਦੀ ਹੈ:
ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ॥
ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ॥ (ਪੰਨਾ 1399)
ਗੁਰੂ ਗੁਰੂ ਗੁਰੁ ਕਰਿ ਮਨ ਮੋਰ॥
ਗੁਰੂ ਬਿਨਾ ਮੈ ਨਾਹੀ ਹੋਰ॥ (ਪੰਨਾ 864)
ਇਕ-ਈਸ਼ਵਰਵਾਦ : ਰੱਬ ਦੀ ਪ੍ਰਕਿਰਤੀ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦਾ ਬੁਨਿਆਦੀ ਧੁਰਾ ਹੈ ਜਿਸ ਨੂੰ ਗੁਰੂ ਜੀ ਨੇ ‘ੴ’ ਵਿਚ ਪੂਰਨ ਕੀਤਾ ਹੈ। ਰੱਬ ਦਾ ਇਹ ਵਿਵਰਣ ਹੀ ਸਿੱਖ ਧਰਮ ਦੀ ਨੀਂਹ ਹੈ। ਹਰ ਗੁਰਸਿੱਖ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤੇ ਇਸ ਸਿਧਾਂਤ ਨੂੰ ਜੀਵਨ ਵਿਚ ਧਾਰਦਾ ਹੋਇਆ ਸਿਰਫ਼ ਉਸ ਇਕ ਪਰਮਾਤਮਾ ’ਤੇ ਵਿਸ਼ਵਾਸ ਰੱਖਦਾ ਹੈ ਅਤੇ ‘ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥’ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਦਾ ਮੂਲ ਸੱਚ ਮੰਨ ਲੈਂਦਾ ਹੈ ਅਤੇ ਉਸ ਦੇ ਹੁਕਮ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ:
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ॥
ਵੇਖੈ ਵਿਗਸੈ ਕਰਿ ਵੀਚਾਰੁ॥ (ਪੰਨਾ 8)
ਅੰਤ ਵਿਚ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਸਾਰੇ ਤੱਤ, ਇਕ ਗੁਰਸਿੱਖ ਦੇ ਜੀਵਨ ਅਤੇ ਸਿੱਖ ਸੱਭਿਆਚਾਰ ਦੇ ਮੂਲ ਤੱਤ ਹਨ ਅਤੇ ਹਰ ਸੱਚਾ ਗੁਰਸਿੱਖ ਗੁਰੂ ਦੇ ਦੱਸੇ ਇਨ੍ਹਾਂ ਰਾਹਾਂ ਉੱਤੇ ਚੱਲ ਕੇ ਹੀ ਆਪਣਾ ਜੀਵਨ ਬਤੀਤ ਕਰਦਾ ਹੈ।
ਲੇਖਕ ਬਾਰੇ
ਵਿਦਿਆਰਥੀ ਐਮ.ਫਿਲ.,ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ-01
- ਹੋਰ ਲੇਖ ਉਪਲੱਭਧ ਨਹੀਂ ਹਨ