editor@sikharchives.org
ਗੁਰਬਾਣੀ-ਅਤੇ-ਵਿਗਿਆਨ

ਗੁਰਬਾਣੀ ਅਤੇ ਵਿਗਿਆਨ : ਆਧੁਨਿਕ ਦਰਸ਼ਨ

ਪ੍ਰਭੂ ਦੀ ਸਰਬ-ਵਿਆਪਕਤਾ ਤੇ ਸਰਬ- ਸ਼ਕਤੀਮਾਨਤਾ ਦੀ ਧਾਰਨਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਗਾਂਹ ਵਿਕਸਿਤ ਕਰਦੇ ਹੋਏ ਉਸ ਦੇ ਸੈਭੰ ਅਤੇ ਅਜੂਨੀ ਹੋਣ ਦੀ ਗੱਲ ਕਰਦੇ ਹਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸੰਕਲਿਤ ਗੁਰਬਾਣੀ ਦਾ ਰਚਨਾ-ਕਾਲ 1173 ਤੋਂ 1675 ਤਕ ਫੈਲਿਆ ਹੋਇਆ ਹੈ। ਸਾਡੇ ਆਧੁਨਿਕਤਾਵਾਦੀ ਆਲੋਚਕਾਂ ਦੀ ਮਾਨਸਿਕਤਾ ਜਿਸ ਪੱਛਮੀ ਚਿੰਤਨ ਉੱਤੇ ਉੱਸਰੀ ਹੈ ਉਸ ਨੂੰ ਸਮਝਣ ਲਈ ਵਿਸ਼ਵ ਵਿਚ ਗਿਆਨ ਦੇ ਬਦਲਦੇ ਸਰੂਪ ਬਾਰੇ ਗੱਲ ਕਰਨੀ ਬਣਦੀ ਹੈ। ਐਡਵਰਡ ਹੈਰੀਸਨ ਆਪਣੀ ਪੁਸਤਕ ‘ਮਾਸਕਸ ਆਫ਼ ਦ ਯੂਨੀਵਰਸ’ (ਕੈਂਬਰਿਜ ਯੂਨੀਵਰਸਿਟੀ ਪ੍ਰੈਸ 2003) ਵਿਚ ਕਹਿੰਦਾ ਹੈ ਕਿ ਸਿਕੰਦਰ ਮਹਾਨ ਦੀਆਂ ਜਿੱਤਾਂ ਨਾਲ ਯੂਨਾਨੀ ਫ਼ਲਸਫ਼ਾ ਤੇ ਵਿਗਿਆਨ ਪੂਰਬ ਵੱਲ ਨੂੰ ਪਸਰੇ ਅਤੇ ਪੂਰਬੀ ਫ਼ਲਸਫ਼ਾ ਤੇ ਧਰਮ ਪੱਛਮ ਵੱਲ ਨੂੰ। ਬ੍ਰਹਿਮੰਡ ਦੀ ਉਤਪਤੀ/ਵਿਕਾਸ ਅਤੇ ਮਨੁੱਖ ਜਾਤੀ ਦੇ ਇਤਿਹਾਸ- ਮਿਥਿਹਾਸ ਬਾਰੇ ਈਸਾਈਅਤ ਦੀਆਂ ਧਾਰਨਾਵਾਂ ਮੱਧਕਾਲ ਦੇ ਯੂਰਪ ਵਿਚ ਸਰਬ- ਵਿਆਪਕ ਹੋ ਗਈਆਂ। ਇਹ ਧਾਰਨਾਵਾਂ ਤਰਕ ਤੇ ਵਿਗਿਆਨ ਨਾਲ ਮੇਲ ਨਾ ਖਾਣ ਕਾਰਨ ਯੂਨੀਵਰਸਿਟੀ ਕਲਚਰ ਨਾਲ ਹੌਲੀ-ਹੌਲੀ ਟਕਰਾਅ ਵਿਚ ਆਉਂਦੀਆਂ ਦਿੱਸਦੀਆਂ ਹਨ। ਇਹ ਟਕਰਾਅ ਭਾਵੇਂ ਅਤਿ ਨਰਮ ਤੇ ਬੇਮਲੂਮਾ ਹੈ, ਪਰ ‘ਦੀ ਰਾਈਜ਼ ਆਫ਼ ਦੀ ਯੂਨੀਵਰਸਿਟੀਜ਼’ ਦੇ ਲੇਖਕ ਚਾਰਲਸ ਹੈਸਕਿਨਜ਼ (ਕਰਨਲ ਯੂਨੀਵਰਸਿਟੀ ਪ੍ਰੈਸ 1957) ਨੂੰ ਇਹ ਕਹਿਣ ਲਈ ਮਜਬੂਰ ਕਰਦਾ ਹੈ ਕਿ ਅਸੀਂ ਏਥਨਜ਼ ਤੇ ਅਲੈਗਜ਼ੈਂਡਰੀਆ ਦੇ ਵਾਰਿਸ ਨਹੀਂ ਪੈਰਿਸ ਤੇ ਬਲਗੋਨਾ ਦੇ ਵਾਰਿਸ ਹਾਂ। ਦਾਂਤੇ (1265-1321) ਦੀ ‘ਧਰਤ ਅਕਾਸ਼ ਤੇ ਫਰਿਸ਼ਤਿਆਂ ਦੀ ਕਲਪਨਾ’ ਨਵੇਂ ਗਿਆਨ ਵਿਗਿਆਨ ਨਾਲੋਂ ਸਾਫ਼ ਤੌਰ ’ਤੇ ਨਿੱਖੜਵੀਂ ਪਛਾਣੀ ਜਾਂਦੀ ਹੈ।

ਵਿਗਿਆਨ ਤੇ ਧਰਮ ਦੇ ਪਰਸਪਰ ਬੇਮੇਚ ਹੋਣ ਦੇ ਸਪੱਸ਼ਟ ਪ੍ਰਮਾਣ ਪੈਰਿਸ ਦੇ ਬਿਸ਼ਪ ਟੈਂਪੀਅਰ (1277 ਈ.) ਦੇ ਹੁਕਮਾਂ ਵਿਚ ਪ੍ਰਾਪਤ ਹਨ ਜੋ ਪ੍ਰਭੂ ਦੀਆਂ ਸ਼ਕਤੀਆਂ ਬਾਰੇ ਹਰ ਕਿਸਮ ਦੀ ਬਹਿਸ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਨ। ਇਸ ਦੇ ਸਮਵਿੱਥ ਗੁਰਬਾਣੀ ਬਾਰ੍ਹਵੀਂ-ਤੇਰ੍ਹਵੀਂ ਸਦੀ ਤੋਂ ਹੀ ਇਹ ਅੰਤਰ-ਦ੍ਰਿਸ਼ਟੀ ਪੇਸ਼ ਕਰਦੀ ਹੈ ਕਿ ਪ੍ਰਭੂ ਸਰਬ-ਵਿਆਪਕ ਹੈ। ਪ੍ਰਭੂ ਦੀ ਸਰਬ-ਵਿਆਪਕਤਾ ਤੇ ਸਰਬ- ਸ਼ਕਤੀਮਾਨਤਾ ਦੀ ਧਾਰਨਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਗਾਂਹ ਵਿਕਸਿਤ ਕਰਦੇ ਹੋਏ ਉਸ ਦੇ ਸੈਭੰ ਅਤੇ ਅਜੂਨੀ ਹੋਣ ਦੀ ਗੱਲ ਕਰਦੇ ਹਨ। ਉਸ ਅਨੰਤ ਦੇ ਸਿਰਜੇ ਬ੍ਰਹਿਮੰਡ ਦੇ ਅਨੰਤ ਹੋਣ ਦੀ ਗੱਲ ਕਰਦੇ ਹਨ। ਦੇਸ਼-ਕਾਲ ਦੀਆਂ ਸਮਕਾਲੀ ਤੇ ਪੂਰਬਕਾਲੀ ਧਾਰਨਾਵਾਂ ਨੂੰ ਵੰਗਾਰਦੇ ਹਨ। ਪੱਛਮ ਵਿਚ ਕਾਪਰਨੀਕਸ ਨਾਲ ਬ੍ਰਹਿਮੰਡ ਬਾਰੇ ਜੋ ਨਵੀਂ ਸੋਚ ਉਪਜੀ ਉਸ ਦੇ ਸਮਵਿੱਥ ਗੁਰਬਾਣੀ ਉਸੇ ਪ੍ਰਕਾਰ ਦੇ ਬ੍ਰਹਿਮੰਡੀ ਤਸੱਵਰ ਨੂੰ ਪੇਸ਼ ਕਰਨ ਲੱਗੀ ਸੀ। ਪੱਛਮ ਵਿਚ ਇਕ ਪਾਸੇ ਕਾਪਰਨੀਕਸ, ਥਾਮਸ ਡਿਗਜ਼, ਬਰੂਨੋ ਗੈਲੀਲੀਓ, ਟਾਈਕੋ ਬਰਾਹੇ ਬ੍ਰਹਿਮੰਡ ਦੇ ਸਰੂਪ ਤੇ ਵਿਸਤਾਰ ਦੀ ਤਸਵੀਰ ਆਪੋ-ਆਪਣੇ ਤਰੀਕੇ ਨਾਲ ਉਜਾਗਰ ਕਰ ਰਹੇ ਸਨ, ਪੱਛਮ ਦਾ ਧਾਰਮਿਕ ਚਿੰਤਨ ਤੇ ਚਰਚ ਇਸ ਨਾਲ ਸਿੱਧਾ ਵਿਰੋਧ ਥਾਪ ਰਹੇ ਸਨ। ਇਸ ਪੱਖੋਂ ਗੁਰਬਾਣੀ ਤੇ ਗੁਰੂ ਦੋਵੇਂ ਬ੍ਰਹਿਮੰਡ ਦੇ ਸਰੂਪ/ਵਿਸਤਾਰ ਬਾਰੇ ਹੀ ਨਹੀਂ, ਇਸ ਦੇ ਉਦਗਮ ਵਿਕਾਸ ਤੋਂ ਵੀ ਅਗਾਂਹ ਦੇਸ਼ ਕਾਲ ਦੇ ਸੰਕਲਪਾਂ ਬਾਰੇ ਵਿਗਿਆਨਕ ਅੰਤਰ- ਦ੍ਰਿਸ਼ਟੀਆਂ ਪੇਸ਼ ਕਰ ਰਹੇ ਦਿੱਸਦੇ ਹਨ। ਸੰਨ 1600 ਈ. ਵਿਚ ਬਰੂਨੋ ਸੂਰਜ ਦੁਆਲੇ ਧਰਤੀ ਦੇ ਚੱਕਰ ਕੱਟਣ ਦੀ ਧਾਰਨਾ ਨੂੰ ਪ੍ਰਚਾਰਨ/ਪ੍ਰਸਾਰਨ ਲਈ ਚਰਚ ਵੱਲੋਂ ਜਿਊਂਦਾ ਸਾੜਿਆ ਗਿਆ। ਉਸ ਤੋਂ ਬੱਤੀ ਵਰ੍ਹੇ ਬਾਅਦ ਅਠਾਹਠ ਸਾਲ ਦੀ ਉਮਰ ਵਿਚ ਇਨ੍ਹਾਂ ਹੀ ਧਾਰਨਾਵਾਂ ਦਾ ਸਮਰਥਨ ਕਰਨ ਵਾਲੀ ਪੁਸਤਕ ‘ਡਾਇਲਾਗ ਕਨਸਰਨਿੰਗ ਟੂ ਚੀਫ਼ ਸਿਸਟਮਜ਼ ਆਫ਼ ਦੀ ਵਰਲਡ’ ਪ੍ਰਕਾਸ਼ਤ ਕਰਨ ਉਪਰੰਤ ਗਲੈਲੀਓ ਨੂੰ ਸਾਰੀ ਉਮਰ ਚਰਚ ਹੱਥੋਂ ਕੈਦਾਂ, ਮੁਕੱਦਮਿਆਂ ਤੇ ਜ਼ਲਾਲਤ ਦਾ ਸਾਹਮਣਾ ਕਰਨਾ ਪਿਆ। ਗੁਰਬਾਣੀ ਇਸ ਕਿਸਮ ਦੀ ਅਵਿਗਿਆਨਕ ਸੋਚ ਤੋਂ ਮੁਕਤ ਹੈ। ਚਰਚ ਤੇ ਵਿਗਿਆਨ ਦੇ ਉਪਰੋਕਤ ਵਿਰੋਧ ਵਿੱਚੋਂ ਹੀ ਅਧਿਆਤਮਕ ਕਾਵਿ ਪ੍ਰਤੀ ਪੱਛਮੀ ਚਿੰਤਨ ਦਾ ਜਨਮ ਹੋਇਆ ਹੈ ਜਿਸ ਨੂੰ ਗੁਰਬਾਣੀ ਦੇ ਵਿਆਖਿਆ-ਮਾਡਲਾਂ ਉੱਤੇ ਬਿਨਾਂ ਸੋਚੇ- ਸਮਝੇ ਆਰੋਪਿਤ ਕਰ ਦਿੱਤਾ ਜਾਂਦਾ ਹੈ।

ਗੁਰਬਾਣੀ ਤਰਕ ਦੇ ਯੁੱਗ ਦੇ ਸਮਵਿੱਥ ਬ੍ਰਹਿਮੰਡ ਨੂੰ ਅਕਾਲ ਪੁਰਖ ਦੁਆਰਾ ਸਾਜਿਆ ਪ੍ਰਵਾਨ ਕਰਦੀ ਹੈ, ਪਰ ਇਸ ਬਾਰੇ ਮਕਾਨਕੀ ਧਾਰਨਾ ਨਹੀਂ ਪੇਸ਼ ਕਰਦੀ। ਇਸ ਬ੍ਰਹਿਮੰਡ ਨੂੰ ਹਰ ਸਮੇਂ ਆਪ ਠੀਕ ਕਰਨ ਵਾਲੇ ਮਕੈਨਿਕ ਵਰਗਾ ਅਕਾਲ ਪੁਰਖ ਦਾ ਸੀਮਿਤ ਤਸੱਵਰ ਗੁਰਬਾਣੀ ਨਹੀਂ ਕਰਦੀ। ਅਕਾਲ ਪੁਰਖ ਦੀ ਸ਼ਕਤੀ, ਬ੍ਰਹਿਮੰਡੀ ਪਸਾਰੇ ਦੇ ਉਦਗਮ ਸਮੇਂ ਤੇ ਵਿਸਤਾਰਾਂ ਨੂੰ ਵੀ ਮਨੁੱਖੀ ਸੀਮਾਵਾਂ ਵਿੱਚੋਂ ਸੀਮਤ ਕਰ ਕੇ ਨਹੀਂ ਪੇਸ਼ ਕਰਦੀ। ਗੁਰਬਾਣੀ ਦੀ ਇਹ ਦ੍ਰਿਸ਼ਟੀ ਬਾਈਬਲ ਤੇ ਪੱਛਮੀ ਧਰਮ ਚਿੰਤਨ ਉੱਤੇ ਆਧਾਰਿਤ ਨਿਸ਼ਚੇਵਾਦੀ ਧਾਰਨਾਵਾਂ ਦਾ ਨਿਖੇਧ ਕਰਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕੈਪਲਰ ਜਿਹੇ ਵਿਗਿਆਨੀ ਵੀ ਇਸ ਪੱਖੋਂ ਕਿੰਤੂ-ਮੁਕਤ ਸੋਚ ਦੇ ਧਾਰਨੀ ਨਹੀਂ ਹਨ। ਬਿਬਲੀਕਲ ਰੀਕਾਰਡਾਂ ਤੋਂ ਦਾਂਤੇ ਨੇ ਇਹ ਨਿਸ਼ਕਰਸ਼ ਪੇਸ਼ ਕੀਤਾ ਸੀ ਕਿ ਆਦਮ ਦਾ ਜਨਮ 5198 ਈ. ਪੂਰਵ ਵਿਚ ਹੋਇਆ। ਕੈਪਲਰ ਨੇ ਕਿਹਾ ਕਿ ਬ੍ਰਹਿਮੰਡ ਦੀ ਉਤਪਤੀ 3877 ਈਸਵੀ ਪੂਰਵ ਵਿਚ ਹੋਈ। ਆਇਰਿਸ਼ ਬਿਸ਼ਪ ਜੇਮਜ਼ ਉਸ਼ਰ ਨੇ ਬ੍ਰਹਿਮੰਡ ਦੀ ਉਤਪਤੀ 4004 ਈ. ਪੂਰਵ ਮਿਥੀ। ਹੋਰ ਤਾਂ ਹੋਰ ਤੁਸੀਂ ਇਹ ਜਾਣ ਕੇ ਕੀ ਹੈਰਾਨ ਨਹੀਂ ਹੋਵੋਗੇ ਕਿ ਨਿਊਟਨ ਜਿਹੇ ਮਹਾਨ ਵਿਗਿਆਨੀ ਨੇ ‘ਕਰੋਨਾਲੋਜੀ ਆਫ ਐਨਸ਼ੀਐਂਟ ਕਿੰਗਡਗਜ਼ ਅਮੈਂਡਿਡ’ ਵਿਚ ਇਹ ਮਿਤੀ 3988 ਈ. ਪੂਰਵ ਮਿਥੀ। ਗੁਰਬਾਣੀ ਇਸ ਕਿਸਮ ਦੇ ਨਿਸ਼ਚੇਵਾਦ ਨੂੰ ਰੱਦ ਕਰਦੀ ਹੋਈ ਕਹਿੰਦੀ ਹੈ:

ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹ ਨਾ ਕੋਈ॥
ਜਾ ਕਰਤਾ ਸਿਰਠੀ ਕੋ ਸਾਜੈ ਆਪੇ ਜਾਣੈ ਸੋਈ॥

ਗੁਰਬਾਣੀ ਇਕ ਅਸੀਮ ਅਨੰਤ ਬ੍ਰਹਿਮੰਡ ਦਾ ਤਸੱਵਰ ਪੇਸ਼ ਕਰਦੀ ਹੈ ਜਿਸ ਵਿਚ ‘ਕਈ ਕੋਟਿ ਆਕਾਸ ਬ੍ਰਹਿਮੰਡ- ਕਈ ਕੋਟਿ ਖਾਣੀ ਅਰ ਖੰਡ’ ਹਨ। ਇਕ ਸੁੰਨ ਤੋਂ ਸਾਰੇ ਪਸਾਰੇ ਦਾ ਜਨਮ। ਉਸ ਦੇ ਹੁਕਮ ਵਿਚ ਬੱਝਾ ਇਕ-ਸੁਰ ਬ੍ਰਹਿਮੰਡ ‘ਜੋ ਬ੍ਰਹਿਮੰਡੇ ਸੋਈ ਪਿੰਡੇ।’ ਇਸ ਦੇ ਸੂਖਮ ਤੇ ਕਵਾਂਟਮ ਜਗਤ ਦੀ ਅਨਿਸ਼ਚਿਤਤਾ ਤੇ ਅਨੇਕਤਾ ਇਕ ਅਜਿਹੀ ਸੁੰਨ ਵਿਚ ਜਾ ਮੁੱਕਦੀ ਹੈ ਜਿੱਥੇ ਭੌਤਿਕ ਵਿਗਿਆਨ ਦਾ ਹਰ ਨੇਮ ਖ਼ਤਮ ਹੋ ਜਾਂਦਾ ਹੈ।‘ਬੈਠਾ ਵੇਖੈ ਵਖ ਇਕੇਲਾ’ ਦੀ ਸਿੰਗੂਲੈਰਿਟੀ ਨੂੰ ਕੋਈ ਭੇਦ ਨਹੀਂ ਸਕਦਾ। ਆਧੁਨਿਕਤਮ ਵਿਗਿਆਨ ਵੀ ਸਾਰੇ ਪਸਾਰੇ ਦਾ ਬੀਜ ਨਿਰਾਕਾਰ ਸੁੰਨ ਮੰਨਣ ਲਈ ਮਜਬੂਰ ਹੈ। ਲੈਮੈਤਰੇ ਨੇ 1930 ਵਿਚ ਬਿੱਗ ਬੈਂਗ ਸਿਧਾਂਤ ਦੀ ਕਲਪਨਾ ਕੀਤੀ ਪਰ ਉਸ ਬੀਜ ਅੰਡ ਦੇ ਆਕਾਰ ਤੇ ਉਸ ਦੇ ਅੱਗੇ- ਪਿੱਛੇ ਬਾਰੇ ਨਿਰੰਤਰ ਵਿਵਾਦ ਰਹੇ। ਇਸ ਦੇ ਅੱਗੇ-ਪਿੱਛੇ, ਅੰਦਰ-ਬਾਹਰ, ਆਸ-ਪਾਸ, ਦੇਸ਼-ਕਾਲ ਕੁਝ ਹੁੰਦਾ ਤਾਂ ਬਿੱਗ ਬੈਂਗ ਦੀ ਲੋੜ ਹੀ ਕੀ ਸੀ? ਹੁਣ ਤਾਂ ਬ੍ਰਹਿਮੰਡ ਦੇ ਪੰਦਰਾਂ ਬਿਲੀਅਨ ਸਾਲ ਪਹਿਲਾਂ ਬਿੱਗ ਬੈਂਗ ਨਾਲ ਉਪਜਣ ਨੂੰ ਵੀ ਸਾਡੇ ਚਿੰਤਨ ਤੇ ਦ੍ਰਿਸ਼ਟੀ ਦੇ ਸਫ਼ਰ ਦੀ ਭੌਤਿਕ/ਵਿਗਿਆਨਕ ਸੀਮਾ ਕਹਿ ਕੇ ਗੱਲ ਮੁਕਾਉਣੀ ਪੈ ਰਹੀ ਹੈ। ਅਨੰਤ ਘਣਤਾ ਅਨੰਤ ਵਕ੍ਰਤਾ, ਅਨੰਤ ਸਮਾਂ ਸੁੰਨ ਵਿਚ ਸੀ। ਦੇਸ਼ ਹੀ ਨਹੀਂ ਕਾਲ ਦੀ ਵੀ ਕੋਈ ਹੋਂਦ ਨਹੀਂ ਸੀ।

ਗੁਰਬਾਣੀ ਉਪਰੋਕਤ ਸਥਿਤੀ ਨੂੰ ‘ਨਾ ਦਿਨ ਰੈਣ ਨਾ ਚੰਨ ਨਾ ਸੂਰਜ ਸੁੰਨ ਸਮਾਧ ਲਗਾਇਦਾ’ ਕਹਿ ਕੇ ਬਿਆਨਦੀ ਹੈ। ‘ਕੀਆ ਦਿਨਸ ਸਭ ਰਾਤੀ’ ਕਹਿ ਕੇ ਦੇਸ਼ ਦੇ ਨਾਲ-ਨਾਲ ਕਾਲ ਦੀ ਸਿਰਜਿਤ ਹੋਂਦ ਨੂੰ ਸਪੱਸ਼ਟ ਕਰਦੀ ਹੈ। ‘ਆਦਿ ਸਚ ਤੇ ਜੁਗਾਦਿ ਸਚ’ ਦੇ ਦੋ ਸੰਕੇਤ ਕਾਲ ਦੇ ਬ੍ਰਹਿਮੰਡੀ ਇਤਿਹਾਸ ਵਿਚ ਪ੍ਰਵੇਸ਼ ਤੇ ਉਸ ਤੋਂ ਪੂਰਵਲੀ ਹੋਂਦ ਬਾਰੇ ਇਕ ਨਵਾਂ ਹੀ ਸੰਕਲਪ ਪੇਸ਼ ਕਰਦੇ ਹਨ। ਜੁਗਾਦਿ ਇਤਿਹਾਸਕ ਕਾਲ ਹੈ। ਮਨੁੱਖ ਦੀ ਸਮਝ ਦਾ, ਪਛਾਣ ਦਾ, ਅਹਿਸਾਸ ਦਾ, ਕਲਪਨਾ ਦਾ ਕਾਲ। ਆਦਿ ਕਾਲ ਉਹੀ ਮੂਲ ਬਿੰਦੂ ਹੈ ਜਦੋਂ ਸਮਾਂ ਵੀ ਨਹੀਂ ਸੀ। ਸੀਮਾ ਤਾਂ ਸਾਡੇ ਵੇਖਣ ਦੀ ਹੈ, ਬ੍ਰਹਿਮੰਡੀ ਪਸਾਰ ਦੀ ਨਹੀਂ। ਗੁਰਬਾਣੀ ਅਨੁਸਾਰ ਕਰਤਾਰ ਦੀਆਂ ਘਾੜਤਾਂ, ਭੂਮੀਆਂ, ਚੰਦਾਂ, ਸੂਰਜਾਂ, ਖੰਡਾਂ, ਮੰਡਲਾਂ, ਵਰਭੰਡਾਂ, ਆਕਾਸ਼ਾਂ, ਪਾਤਾਲਾਂ, ਦੇਸ਼ਾਂ, ਰੂਪਾਂ, ਰੰਗਾਂ- ਕਿਸੇ ਦਾ ਕੋਈ ਹੱਦ-ਬੰਨਾ ਨਹੀਂ।

ਖੰਡ ਪਤਾਲ ਅਸੰਖ ਮੈਂ ਗਣਤ ਨਾ ਹੋਈ॥
ਤਿਥੈ ਖੰਡ ਮੰਡਲ ਵਰਭੰਡ॥
ਜੇ ਕੋ ਕਥੈ ਤ ਅੰਤ ਨ ਅੰਤ॥
ਅਨਿਕ ਅਕਾਸ ਅਨਿਕ ਪਾਤਾਲ॥
ਕਈ ਕੋਟ ਸਸੀਅਰ ਸੂਰ ਨਖਤਰ॥

ਇਸ ਅਸੀਮ ਬ੍ਰਹਿਮੰਡ ਵਿਚ ਸਾਡੇ ਧਰਤ-ਚੱਕਰ ਵਾਲੇ ਜੀਵਨ ਦਾ ਉਦਗਮ ਗੁਰਬਾਣੀ ਇਸ ਪ੍ਰਕਾਰ ਸਮਝਾਉਂਦੀ ਹੈ:

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲ ਹੋਇ॥
ਜਲ ਤੇ ਤ੍ਰਿਭਵਣ ਸਾਜਿਆ ਘਟਿ ਘਟਿ ਜੋਤਿ ਸਮੋਇ॥

ਗੁਰਬਾਣੀ ‘ਜਾ ਕਰਤਾ ਸਿਰਠੀ ਕੋ ਸਾਜੈ ਆਪੇ ਜਾਣੈ ਸੋਈ’ ਕਹਿ ਕੇ ਕੇਵਲ ਇਹ ਨਹੀਂ ਦੱਸਦੀ ਕਿ ਇਹ ਸ੍ਰਿਸ਼ਟੀ ਜਿਸ ਨੇ ਸਾਜੀ ਹੈ, ਉਹੀ ਇਸ ਦੇ ਮੂਲ ਬਾਰੇ ਜਾਣਦਾ ਹੈ ਸਗੋਂ ਇਹ ਕਹਿੰਦੀ ਹੈ ਕਿ ਜੋ ਕਰਤਾ ਇਸ ਨੂੰ ਸਾਜਦਾ ਹੈ, ਉਹ ਜਾਣਦਾ ਹੈ। ਭਾਵ ਇਹ ਮਹਾਂਵਾਕ ਇਸ ਬ੍ਰਹਿਮੰਡ ਦੇ ਬਾਰ-ਬਾਰ ਸਾਜੇ ਜਾਣ ਦੀ ਸੰਭਾਵਨਾ ਵੱਲ ਵੀ ਨਾਲ ਹੀ ਸੰਕੇਤ ਕਰ ਰਿਹਾ ਹੈ। ‘ਕਈ ਬਾਰ ਪਸਰਿਓ ਪਾਸਾਰ’ ਜਹੇ ਮਹਾਂਵਾਕ ਵੀ ਇਹੀ ਦੱਸਦੇ ਹਨ। ਇਸ ਬ੍ਰਹਿਮੰਡੀ ਪਸਾਰੇ ਦੇ ਵਾਪਸ ਸੁੰਨ ਵਿਚ ਸਮਾਉਣ ਦਾ ਜ਼ਿਕਰ ਗੁਰਬਾਣੀ ਇਉਂ ਕਰਦੀ ਹੈ:

ਖੇਲੁ ਸੰਕੋਚੈ ਤਉ ਨਾਨਕ ਏਕੈ॥ (ਪੰਨਾ 292)

ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ॥ (ਪੰਨਾ 11)

ਗੁਰਬਾਣੀ ਅਨੁਸਾਰ ਕਰਤਾ ਪੁਰਖ ਦੇਸ਼-ਕਾਲ ਤੋਂ ਅਤੀਤ ਹੈ। ਸਾਰਾ ਪਦਾਰਥ ਉਸ ਵਿੱਚੋਂ ਨਿਕਲਿਆ ਹੈ ਜੋ ਨਿਰ-ਆਕਾਰ ਹੈ। ਆਈਨਸਟਾਈਨ ਦਾ ਸਾਪੇਖਤਾ ਸਿਧਾਂਤ ਉਕਤ ਅੰਤਰ-ਦ੍ਰਿਸ਼ਟੀ ਦਾ ਅਹਿਸਾਸ ਆਪਣੇ ਹੀ ਤਰੀਕੇ ਨਾਲ ਜਗਾਉਂਦਾ ਹੈ। ਇਸ ਸਿਧਾਂਤ ਅਨੁਸਾਰ ਇਹ ਰੌਸ਼ਨੀ ਦੇ ਵੇਗ ਉੱਤੇ ਤੁਰ ਰਹੀ ਵਸਤੂ ਵਾਸਤੇ ਸਮਾਂ ਰੁਕ ਜਾਂਦਾ ਹੈ, ਭਾਰ ਅਨੰਤ ਹੋ ਜਾਂਦਾ ਹੈ ਅਤੇ ਅਕਾਰ ਸਮਾਪਤ ਹੋ ਜਾਂਦਾ ਹੈ। ਅਨੰਤ ਭਾਰ ਵਾਲੀ ਸੁੰਨ ਵਰਗੀ ਕਲਪਨਾ ਹੈ। ਇਹ ਰੋਜ਼ਰ ਪੈਨਰੋਜ਼ ਨੇ ਬਲੈਕ ਹੋਲਜ਼ ਵਿਚ ਇਹੋ-ਜਿਹੀ ਸੁੰਨ ਦੀ ਹੀ ਕਲਪਨਾ ਕੀਤੀ ਹੈ ਜਿਸ ਨੂੰ ਕੁਦਰਤ ਢੱਕ ਕੇ ਰੱਖਦੀ ਹੈ। ਨਾ ਸਿਰਫ ਪਦਾਰਥ, ਸਗੋਂ ਦੇਸ਼-ਕਾਲ ਇਸ ਸੁੰਨ ਵਿਚ ਆ ਕੇ ਗਰਕ ਹੋ ਜਾਂਦਾ ਹੈ। ਅਸੀਂ ਹਾਂ ਕਿ ਮੁੜ ਸੁੰਨ ਨੂੰ ਦੇਸ਼ ਤੇ ਕਾਲ ਵਿਚ ਕਲਪਿਤ ਕਰਨ ਲਈ ਮਜਬੂਰ ਹਾਂ। ਪੈਨਰੋਜ਼ ਨੇ ਕਾਸਮਿਕ ਸੈਂਸਰਸ਼ਿਪ ਦਾ ਸੰਕਲਪ ਪੇਸ਼ ਕੀਤਾ ਤੇ ਕਿਹਾ ਕਿ ਕੁਦਰਤ ਨੰਗ-ਮੁਨੰਗੀ ਸੁੰਨ ਨੂੰ ਪਸੰਦ ਨਹੀਂ ਕਰਦੀ। ਸਟੀਫ਼ਨ ਹਾਕਿੰਗ ਨੇ ਇਸ ਤੋਂ ਅਗਾਂਹ ਤੁਰਦੇ ਹੋਏ ਕਿਹਾ ਕਿ ਜੇ ਵਿਆਪਕ ਸਾਪੇਖਤਾ ਸਿਧਾਂਤ ਠੀਕ ਹੈ ਤਾਂ ਸਮੇਂ ਦੇ ਅਰੰਭ ਵਿਚ ਜ਼ਰੂਰ ਇਕ ਮਹਾਂ ਸੁੰਨ ਹੋਵੇਗੀ।

ਸੁੰਨ ਵਿੱਚੋਂ ਪਦਾਰਥਕ ਪਸਾਰੇ ਦੀ ਅਸੰਭਵ ਪ੍ਰਤੀਤ ਹੁੰਦੀ ਗੱਲ ਦੀ ਵਿਆਖਿਆ ਸਟੀਫਨ ਹਾਕਿੰਗ ਨੇ ਕਵਾਂਟਮ ਅਨਿਸ਼ਚਿਤਤਾ, ਵੈਕਯੂਮ ਫਲੱਕਚੂਏਸ਼ਨਜ਼ ਤੇ ਮੈਟਰ/ਐਂਟੀਮੈਟਰ ਦੀ ਖੇਡ ਨਾਲ ਕੀਤੀ ਹੈ। ਇਹ ਵਿਆਖਿਆ ਅਸੀਮ, ਅਨੰਤ, ਅਬੁੱਝ ਨੂੰ ਸੀਮਾਵਾਂ ਵਿਚ ਬੰਨ੍ਹ ਕੇ ਸਮਝਣ/ਬੁੱਝਣ ਦਾ ਯਤਨ ਹੀ ਹੈ।

ਗੁਰਬਾਣੀ ਨੂੰ ਕੇਵਲ ਧਰਤੀ/ਸੂਰਜ ਦੇ ਗਤੀਸ਼ੀਲ ਹੋਣ ਤੋਂ ਅਗਾਂਹ ਸੋਚਣ ਲਈ ਮਜਬੂਰ ਕਰਦੀ ਹੈ ਤੇ ਦੱਸਦੀ ਹੈ :

ਭੈ ਵਿਚਿ ਸੂਰਜ ਭੈ ਵਿਚਿ ਚੰਦ॥
ਕੋਹ ਕਰੋੜੀ ਚਲਤ ਨਾ ਅੰਤ॥ (ਪੰਨਾ 464)

ਇਸ ਅੰਤਰ-ਦ੍ਰਿਸ਼ਟੀ ਅਨੁਸਾਰ ਸਭ ਚੰਨ-ਤਾਰੇ ਤੇ ਗਲੈਕਸੀਆਂ ਹੀ ਨਿਰੰਤਰ ਗਤੀ ਵਿਚ ਹਨ। ਗੁਰਬਾਣੀ ਸਹਿਜੇ ਹੀ ਇਹ ਸੰਕੇਤ ਕਰਦੀ ਹੈ ਕਿ ਚੰਦ ਦੀ ਆਪਣੀ ਰੌਸ਼ਨੀ ਨਹੀਂ। ਇਹ ਤਾਂ ਸੂਰਜ ਦੀ ਰੌਸ਼ਨੀ ਨਾਲ ਚਮਕਦਾ ਦਿੱਸਦਾ ਹੈ। ‘ਸਸਿ ਘਰ ਸੂਰ ਸਮਾਇੰਦਾ’ ਤੇ ‘ਸਸੀਅਰ ਕੈ ਘਰਿ ਸੂਰੁ ਸਮਾਵੈ’ ਜਿਹੀਆਂ ਪੰਕਤੀਆਂ ਇਸ ਦਾ ਪ੍ਰਮਾਣ ਹਨ।

ਖੰਡਾਂ-ਬ੍ਰਹਿਮੰਡਾਂ ਦੇ ਇਸ ਅਸੀਮ/ਅਨੰਤ ਪਸਾਰੇ ਦੀ ਉਤਪਤੀ ਤੇ ਵਿਨਾਸ਼ ਬਾਰੇ ‘ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ॥ ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ॥’ ਜੈਸੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਾਂਵਾਕ ਅਜੋਕੇ ਭੌਤਿਕ ਵਿਗਿਆਨ ਦੀ ਸਿਖਰ ਸਮਝੇ ਜਾਂਦੇ ਸਟੀਫ਼ਨ ਹਾਕਿੰਗ, ਮਾਰਟਿਨ ਰੀਸ, ਐਲਨ ਗੂਥ ਤੇ ਐਡਵਰਡ ਫਾਹਰੀ ਜਹੇ ਵਿਗਿਆਨੀਆਂ ਦੁਆਰਾ ਪੇਸ਼ ਧਾਰਨਾਵਾਂ ਦੀ ਵਿਸਮਾਦੀ ਘੋਸ਼ਣਾ ਅੱਜ ਤੋਂ ਸਾਢੇ ਤਿੰਨ ਸਦੀਆਂ ਪਹਿਲਾਂ ਕਰਦੇ ਦਿੱਸਦੇ ਹਨ। ਗੁਰਬਾਣੀ ਦੀਆਂ ਵਿਗਿਆਨਕ ਅੰਤਰ-ਦ੍ਰਿਸ਼ਟੀਆਂ ਵਿਚ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਇਹ ਇੰਨਾ ਕੁਝ ਕਹਿ ਕੇ ਵੀ ਅੰਤਿਮ ਸਤਿ ਨੂੰ ਜਾਣਨ ਦੀ ਮਨੁੱਖੀ ਸੀਮਾ ਅੰਕਿਤ ਕਰ ਦਿੰਦੀ ਹੈ। ਸਾਡੇ ਸਾਹਮਣੇ ਹੀ ਤਾਂ ਭੌਤਿਕ ਵਿਗਿਆਨ ਦਾ ਹਰ ਨੇਮ ਕਿਸੇ ਨਾ ਕਿਸੇ ਬਿੰਦੂ ਉੱਤੇ ਜਾ ਕੇ ਸਮਾਪਤ ਹੋ ਜਾਂਦਾ ਹੈ। ਸਾਰੇ ਭੌਤਿਕ ਸਿਧਾਂਤ ਅੰਤ ਇੱਕੋ ਸਿਧਾਂਤ ਵਿੱਚੋਂ ਨਿਕਲੇ ਹਨ। ਵਿਗਿਆਨ ਨੇ ਜਿਹੜੇ ਚਾਰ ਮੂਲ ਪ੍ਰਕਾਰ ਦੇ ਬਲ ਲੱਭੇ ਹਨ, ਉਹ ਵੀ ਸਾਰੇ ਇੱਕੋ ਮੂਲ ਬਲ ਵਿੱਚੋਂ ਨਿੱਸਰੇ ਹਨ। ਗਰੈਂਡ ਯੂਨੀਫ਼ਾਈਡ ਥੀਊਰੀ ਇਨ੍ਹਾਂ ਬਲਾਂ ਨੂੰ ਸੰਗਠਿਤ ਕਰ ਕੇ ਅਨੰਤ ਰਹੱਸ ਦੇ ਇਕ ਸਿਰੇ ਨੂੰ ਹੱਥ ਲਾਉਣ ਦੀ ਸੋਚ ਰਹੀ ਹੈ।

ਵਿਗਿਆਨਕ ਨੇਮ, ਗੁਰਬਾਣੀ ਦਾ ਹੁਕਮ, ਪਦਾਰਥਕ ਪੱਧਰ ਉੱਤੇ ਵਿਗਿਆਨਕ ਵਰਤਾਰਿਆਂ ਦੀ ਹੈਰਾਨੀਜਨਕ ਵੰਨ-ਸੁਵੰਨਤਾ, ਬਾਣੀਕਾਰਾਂ ਦਾ ਵਿਸਮਾਦ ਭਰਪੂਰ ਰਹੱਸਵਾਦ, ਸਥੂਲ ਜਗਤ ਦੀਆਂ ਸੀਮਾਵਾਂ ਤੇ ਨਿਸ਼ਚਿਤਤਾ, ਸੂਖਮ ਜਗਤ ਦੀ ਅਨੰਤਤਾ ਤੇ ਅਨਿਸ਼ਚਿਤਤਾ, ਭੌਤਿਕ ਤੇ ਪਰਾਭੌਤਿਕ ਵਿਚ ਜਿਸ ਗਹਿਰੇ ਸੰਬੰਧ ਵੱਲ ਸੰਕੇਤ ਕਰਦੇ ਹਨ, ਉਸ ਨੂੰ ਸਮਝਣ ਲਈ ਲਤੀਫ਼ ਅਕਲ ਦੀ ਜ਼ਰੂਰਤ ਹੈ। ਆਈਨਸਟਾਈਨ ਜਿਹੇ ਬੰਦੇ ਇਸੇ ਲਤੀਫ਼ ਅਕਲ ਦੇ ਮਾਲਕ ਹੁੰਦੇ ਹਨ। ਉਹ ਮੰਨਦਾ ਹੈ ਕਿ ਕਾਦਰ ਆਪਣੇ ਆਪ ਨੂੰ ਭੌਤਿਕ ਜਗਤ ਵਿਚ ਪ੍ਰਗਟਾਉਂਦਾ ਹੈ। ਗੁਰਬਾਣੀ ਦਾ ਸਰਗੁਣ ਤੇ ਨਿਰਗੁਣ ਦਾ ਸੰਕਲਪ ਵੀ ਇਹੀ ਦੱਸਦਾ ਹੈ। ਆਈਨਸਟਾਈਨ ਆਖਦਾ ਹੈ ਕਿ ਕੁਦਰਤ ਤੇ ਬ੍ਰਹਿਮੰਡ ਦੇ ਭੇਦਾਂ ਨੂੰ ਸਮਝਣ ਦਾ ਯਤਨ ਕਰੋ। ਤੁਸੀਂ ਇਸ ਪ੍ਰਕਿਰਿਆ ਨੂੰ ਸਿਰੇ ਤਕ ਲੈ ਜਾਓ। ਤੁਸੀਂ ਵੇਖੋਗੇ ਕਿ ਅਖੀਰ ਕਿਤੇ ਕੁਝ ਅਜਿਹੀ ਸੂਖ਼ਮ ਜਿਹੀ ਸ਼ੈਅ ਬਚ ਗਈ ਹੈ ਜੋ ਵਿਆਖਿਆ ਤੇ ਸਮਝ ਤੋਂ ਬਾਹਰ ਹੈ। ਇਸ ਦੀ ਜ਼ਿੰਮੇਵਾਰ ਸ਼ਕਤੀ ਅਕਾਲ ਪੁਰਖ ਹੈ। ਮਨੁੱਖ ਉਸ ਦੇ ਹੁਕਮ ਵਿਚ ਹੀ ਕਾਰਜਸ਼ੀਲ ਹੈ। ਕੁਦਰਤ ਆਪਣੇ ਰਹੱਸ ਕਿਸੇ ਵਲ-ਛਲ ਕਾਰਨ ਨਹੀਂ, ਆਪਣੀ ਉੱਚਤਾ-ਉਦਾਰਤਾ ਕਾਰਨ ਹੀ ਕਿਤੇ ਦੱਸਦੀ ਹੈ, ਕਿਤੇ ਲੁਕਾਉਂਦੀ ਹੈ। ਫਰੈਡਰਿਕ ਡਿਊਰਨਮਾਟ ਕਹਿੰਦਾ ਹੈ ਕਿ ਆਈਨਸਟਾਈਨ ਰੱਬ ਬਾਰੇ ਇੰਨੀ ਜ਼ਿਆਦਾ ਗੱਲ ਕਰਦਾ ਸੀ ਕਿ ਮੈਨੂੰ ਲੱਗਦਾ ਸੀ ਕਿ ਉਹ ਧਰਮ ਸ਼ਾਸਤਰੀ ਹੈ, ਵਿਗਿਆਨੀ ਨਹੀਂ। ਕਾਰਲ ਪਾਪਰ ਕਹਿੰਦਾ ਹੈ: ‘ਆਈਨਸਟਾਈਨ ਤਾਂ ਗੱਲ ਹੀ ਧਾਰਮਿਕ ਮੁਹਾਵਰੇ ਵਿਚ ਕਰਦਾ ਸੀ। ਮੈਨੂੰ ਤਾਂ ਉਸ ਦੀਆਂ ਕਈ ਗੱਲਾਂ ਸਮਝ ਹੀ ਨਹੀਂ ਸਨ ਆਉਂਦੀਆਂ। ਇਹੀ ਹਾਲ ਬੋਹਰ ਦਾ ਸੀ ਜੋ ਉਸ ਉੱਤੇ ਖਿਝ ਜਾਂਦਾ ਸੀ। ਚੇਤੇ ਰਹੇ ਇਹ ਬੋਹਰ ਕਵਾਂਟਮ ਸਿਧਾਂਤ ਵਾਲਾ ਨੋਬਲ ਪੁਰਸਕਾਰ ਵਿਜੇਤਾ ‘ਨੀਲਜ਼ ਬੋਹਰ’ ਹੀ ਸੀ।

ਆਈਨਸਟਾਈਨ, ਹਾਕਿੰਗ ਤੇ ਪੈਨਰੇਜ਼ ਵਿਗਿਆਨ ਦਾ ਸਿਖਰ ਮੰਨੇ ਜਾਂਦੇ ਉਪਰੋਕਤ ਵਿਗਿਆਨੀਆਂ ਦੀਆਂ ਅੰਤਰ-ਦ੍ਰਿਸ਼ਟੀਆਂ ਦੇ ਸਨਮੁਖ ਸਾਨੂੰ ਗੁਰਬਾਣੀ ਤੇ ਵਿਗਿਆਨ ਦੇ ਅੰਤਰ-ਸੰਬੰਧਾਂ ਨੂੰ ਨਵੇਂ ਸਿਰਿਓਂ ਸਮਝਣਾ-ਵਿਚਾਰਨਾ ਚਾਹੀਦਾ ਹੈ। ਇਹ ਠੀਕ ਹੈ ਕਿ ਗੁਰਬਾਣੀ ਭੌਤਿਕਤਾ ਦੀ ਨਹੀਂ ਅਧਿਭੌਤਿਕਤਾ ਦੀ ਗੱਲ ਕਰ ਰਹੀ ਹੈ, ਫਿਜ਼ਿਕਸ ਦੀ ਨਹੀਂ ਮੈਟਾ ਫਿਜ਼ਿਕਸ ਦੀ ਗੱਲ ਕਰ ਰਹੀ ਹੈ ਪਰੰਤੂ ਗੁਰਬਾਣੀ ਫਿਜ਼ਿਕਸ ਤੇ ਮੈਟਾਫਿਜ਼ਿਕਸ ਵਿਚ ਨਿਖੇਧਕਾਰੀ ਨਿਖੇੜ ਨਹੀਂ ਕਰਦੀ। ਇਹ ਭੌਤਿਕਤਾ ਵਿਚ ਜੀਅ ਕੇ, ਭੌਤਿਕ ਸੰਸਾਰ ਤੇ ਸਮਾਜ ਪ੍ਰਤੀ ਜ਼ਿੰਮੇਵਾਰ ਦ੍ਰਿਸ਼ਟੀਕੋਣ ਅਪਣਾ ਕੇ ਪਰਾਭੌਤਿਕਤਾ ਨੂੰ ਮੁਖਾਤਿਬ ਹੁੰਦੀ ਹੈ। ਭੌਤਿਕ ਜਗਤ ਦਾ ਵਿਸਮਾਦ ਪੂਰੇ ਸਮਰਪਣ ਤੇ ਉਮਲਦੇ-ਉਛਲਦੇ ਪ੍ਰੇਮ ਦੇ ਆਧਾਰ ਉੱਤੇ ਪਰਾਭੌਤਿਕ ਨਾਲ ਨਾਤਾ ਸਥਾਪਤ ਕਰਦਾ ਹੈ। ਭੌਤਿਕਤਾ ਨੂੰ ਨਿਖੇਧ ਕੇ ਸਮਾਜ ਤੇ ਸੰਸਾਰ ਤੋਂ ਕਿਨਾਰਾਕਸ਼ੀ ਤੇ ਪਲਾਇਨ ਗੁਰਬਾਣੀ ਨੂੰ ਪ੍ਰਵਾਨ ਨਹੀਂ। ਇਸ ਦੇ ਬਾਵਜੂਦ ਕੋਰੇ ਤਰਕ ਤੇ ਗਿਆਨ ਦੀਆਂ ਸੀਮਾਵਾਂ ਨੂੰ ਗੁਰਬਾਣੀ ਪਛਾਣਦੀ ਹੈ। ਇਹੀ ਆਧੁਨਿਕਤਾ ਤੋਂ ਪਾਰ ਉੱਤਰ-ਆਧੁਨਿਕਤਾ ਦੀ ਅੰਤਰ-ਦ੍ਰਿਸ਼ਟੀ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Kuldeep Singh Dhir
ਸਾਬਕਾ ਪ੍ਰੋਫੈਸਰ ਤੇ ਡੀਨ ਅਕਾਦਮਿਕ ਮਾਮਲੇ -ਵਿਖੇ: ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕੁਲਦੀਪ ਸਿੰਘ ਧੀਰ (15 ਨਵੰਬਰ 1943 - 16 ਨਵੰਬਰ 2020) ਇੱਕ ਪੰਜਾਬੀ ਵਿਦਵਾਨ ਅਤੇ ਵਾਰਤਕ ਲੇਖਕ ਸੀ। ਡਾ. ਕੁਲਦੀਪ ਸਿੰਘ ਧੀਰ ਨੇ ਸਾਹਿਤ ਜਗਤ, ਸਿੱਖ ਧਰਮ ਅਤੇ ਗਿਆਨ ਵਿਗਿਆਨ ਵਿਚ ਵਡਮੁੱਲਾ ਯੋਗਦਾਨ ਪਾਇਆ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਡੀਨ ਅਕਾਦਮਿਕ ਤੇ ਪੰਜਾਬੀ ਵਿਭਾਗ ਮੁਖੀ ਰਹੇ ਡਾ. ਕੁਲਦੀਪ ਸਿੰਘ ਧੀਰ ਨੇ ਲੇਖਕਾਂ ਦਾ ਰੇਖਾ ਚਿੱਤਰ ਲਿਖਣ ਦੇ ਨਾਲ ਹੋਰ ਕਈ ਕਿਤਾਬਾਂ ਸਾਹਿਤ ਜਗਤ ਦੀ ਝੋਲੀ ਪਾਈਆਂ।
ਕਿਤਾਬਾਂ-
ਸਾਹਿਤ ਅਧਿਐਨ: ਪਾਠਕ ਦੀ ਅਨੁਕ੍ਰਿਆ, ਵੈਲਵਿਸ਼ ਪਬਲਿਸ਼ਰਜ਼,. ਦਿੱਲੀ, 1996.
ਨਵੀਆਂ ਧਰਤੀਆਂ ਨਵੇਂ ਆਕਾਸ਼ (1996)
ਵਿਗਿਆਨ ਦੇ ਅੰਗ ਸੰਗ (2013)[2]
ਸਿੱਖ ਰਾਜ ਦੇ ਵੀਰ ਨਾਇਕ
ਦਰਿਆਵਾਂ ਦੀ ਦੋਸਤੀ
ਵਿਗਿਆਨ ਦੀ ਦੁਨੀਆਂ
ਗੁਰਬਾਣੀ
ਜੋਤ ਅਤੇ ਜੁਗਤ
ਗਿਆਨ ਸਰੋਵਰ
ਕੰਪਿਊਟਰ
ਕਹਾਣੀ ਐਟਮ ਬੰਬ ਦੀ
ਜਹਾਜ਼ ਰਾਕਟ ਅਤੇ ਉਪਗ੍ਰਹਿ
ਤਾਰਿਆ ਵੇ ਤੇਰੀ ਲੋਅ
ਧਰਤ ਅੰਬਰ ਦੀਆਂ ਬਾਤਾਂ[3]
ਬਿੱਗ ਬੈਂਗ ਤੋਂ ਬਿੱਗ ਕਰੰਚ (੨੦੧੨)
ਹਿਗਸ ਬੋਸਨ ਉਰਫ ਗਾਡ ਪਾਰਟੀਕਲ (੨੦੧੩)

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)