ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨ-ਸੰਰਚਨਾ ਵਿਚ ਭੱਟ ਸਾਹਿਬਾਨ ਦੀ ਬਾਣੀ ਦਾ ਵਿਸ਼ੇਸ਼ ਮਹੱਤਵ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਪ੍ਰਸੰਗ ਭੱਟ ਸਾਹਿਬਾਨ ਦੀ ਬਾਣੀ ਰਾਹੀਂ ਹੀ ਸਰਲ ਅਤੇ ਸਪੱਸ਼ਟ ਯੋਗਦਾਨ ਪਾਉਣਾ ਸ਼ੁਰੂ ਕਰਦੇ ਹਨ। ਰਾਜਸਥਾਨ ਅਤੇ ਉੱਤਰੀ ਭਾਰਤ ਦੇ ਦੂਜੇ ਖੇਤਰੀ ਸਾਹਿਤ ਵਿਚ ਭੱਟਾਂ ਦੀ ਲੰਬੀ ਪਰੰਪਰਾ ਮਿਲਦੀ ਹੈ। ਰਾਸੋ ਸਾਹਿਤ ਅਤੇ ਉਸ ਵੇਲੇ ਦਾ ਦਰਬਾਰੀ ਸਾਹਿਤ ਇਸ ਤੱਥ ਦੇ ਪ੍ਰਮਾਣ ਹਨ।
ਗੁਰਬਾਣੀ ਦੇ ਸੰਦਰਭ ਵਿਚ ਭੱਟ ਬਾਣੀਕਾਰਾਂ ਦੀ ਪਰੰਪਰਾ ਇਉਂ ਲੱਗਦੀ ਹੈ, ਜਿਵੇਂ ਉੱਤਰੀ ਭਾਰਤ ਦੇ ਕਿਸੇ ਖਿੱਤੇ ਦੀ ਪਰੰਪਰਾ ਹੋਵੇ। ਭੱਟ ਬਾਣੀਕਾਰਾਂ ਦੇ ਪਿਛੋਕੜ ਬਾਰੇ ਕੋਈ ਬਹੁਤੀ ਇਤਿਹਾਸਕ ਸਮੱਗਰੀ ਉਪਲਬਧ ਨਹੀਂ ਹੁੰਦੀ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭੱਟ ਸਾਹਿਬਾਨ ਦੀ ਬਾਣੀ ਤੋਂ ਇਸ ਪਰੰਪਰਾ ਦੀ ਨਿਵੇਕਲੀ ਸੁਰ ਦਾ ਪਤਾ ਜ਼ਰੂਰ ਲੱਗਦਾ ਹੈ। ਡਾ. ਗੰਡਾ ਸਿੰਘ ਨੇ ਇਸ ਸੰਦਰਭ ਵਿਚ ਭੱਟ-ਵਹੀਆਂ1 ਦੀ ਛਾਣ-ਬੀਣ ਤਾਂ ਜ਼ਰੂਰ ਕੀਤੀ ਪਰ ਉਹ ਕਿਸੇ ਪੱਕੇ ਸਿੱਟੇ ’ਤੇ ਨਾ ਪੁੱਜ ਸਕੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 11 ਭੱਟ ਬਾਣੀਕਾਰਾਂ ਦੀ ਬਾਣੀ ਸੰਕਲਿਤ ਹੈ। ਇਹ ਹਨ- ਕਲਸਹਾਰ, ਜਾਲਪ, ਕੀਰਤ, ਭਿਖਾ, ਸਲ, ਭਲ, ਨਲ, ਗਯੰਦ, ਬਲ, ਮਥੁਰਾ, ਹਰਿਬੰਸ।
ਇਹ ਸਾਰੇ ਭੱਟ ਕਲਸਹਾਰ ਦੀ ਅਗਵਾਈ ਹੇਠ ਇਕੱਠੇ ਹੀ ਗੋਇੰਦਵਾਲ ਸਾਹਿਬ ਆਏ, ਭੱਟ ਸਾਹਿਬਾਨ ਦੀ ਬਾਣੀ ਵਿਚ ਕਿਤੇ ਵੀ ਕਰਤਾਰਪੁਰ ਜਾਂ ਖਡੂਰ ਸਾਹਿਬ ਦਾ ਜ਼ਿਕਰ ਨਹੀਂ ਮਿਲਦਾ, ਜਦ ਕਿ ਗੋਇੰਦਵਾਲ ਸਾਹਿਬ ਦਾ ਜ਼ਿਕਰ ਬੜੇ ਸਪੱਸ਼ਟ ਸ਼ਬਦਾਂ ਵਿਚ ਹੋਇਆ ਹੈ:
ਗੋਬਿੰਦ ਵਾਲੁ ਗੋਬਿੰਦ ਪੁਰੀ ਸਮ ਜਲ੍ਹਨ ਤੀਰਿ ਬਿਪਾਸ ਬਨਾਯਉ॥
ਗਯਉ ਦੁਖੁ ਦੂਰਿ ਬਰਖਨ ਕੋ ਸੁ ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ॥ (ਪੰਨਾ 1400)
ਭੱਟ ਬਾਣੀਕਾਰਾਂ ਦਾ ਮੁੱਖ ਕਿੱਤਾ ਭਾਵੇਂ ਆਸ਼੍ਰਯ-ਦਾਤਾ ਦਾ ਜੱਸ ਗਾਇਨ ਕਰਕੇ ਰੋਜ਼ੀ-ਰੋਟੀ ਕਮਾਉਣਾ ਸੀ ਪਰ ਗੁਰੂ-ਘਰ ਨਾਲ ਸੰਬੰਧਿਤ ਭੱਟ ਸਾਹਿਬਾਨ ਦਾ ਮੁੱਖ ਉਦੇਸ਼ ਇਹ ਨਹੀਂ ਜਾਪਦਾ। ਉਹ ਗੁਰੂ-ਸ਼ਰਨ ਵਿਚ ਰੋਜ਼ੀ-ਰੋਟੀ ਨੂੰ ਸਾਧਨ ਮੰਨ ਕੇ ਨਹੀਂ ਆਏ ਬਲਕਿ ਜਗਿਆਸੂ ਬਣ ਕੇ ਗੁਰੂ-ਕਿਰਪਾ ਪ੍ਰਾਪਤ ਕਰਨ ਲਈ ਉਨ੍ਹਾਂ ਆਸ਼੍ਰਯ-ਦਾਤਾ ਦਾ ਇਹ ਦਰ ਲੱਭਾ। ਸਵੱਈਏ ਮਹਲੇ ਤੀਜੇ ਕੇ ਵਿਚ ਭੱਟ ਭਿਖਾ ਜੀ ਆਪਣੀ ਇਸ ਅਵਸਥਾ ਦਾ ਵਰਣਨ ਕਰਦੇ ਹਨ:
ਤੈ ਪਢਿਅਉ ਇਕੁ ਮਨਿ ਧਰਿਅਉ ਇਕੁ ਕਰਿ ਇਕੁ ਪਛਾਣਿਓ॥
ਨਯਣਿ ਬਯਣਿ ਮੁਹਿ ਇਕੁ ਇਕੁ ਦੁਹੁ ਠਾਂਇ ਨ ਜਾਣਿਓ॥
ਸੁਪਨਿ ਇਕੁ ਪਰਤਖਿ ਇਕੁ ਇਕਸ ਮਹਿ ਲੀਣਉ॥
ਤੀਸ ਇਕੁ ਅਰੁ ਪੰਜਿ ਸਿਧੁ ਪੈਤੀਸ ਨ ਖੀਣਉ॥
ਇਕਹੁ ਜਿ ਲਾਖੁ ਲਖਹੁ ਅਲਖੁ ਹੈ ਇਕੁ ਇਕੁ ਕਰਿ ਵਰਨਿਅਉ॥
ਗੁਰ ਅਮਰਦਾਸ ਜਾਲਪੁ ਭਣੈ ਤੂ ਇਕੁ ਲੋੜਹਿ ਇਕੁ ਮੰਨਿਅਉ॥ (ਪੰਨਾ 1395)
ਵੇਖਣ ਵਾਲੀ ਗੱਲ ਇਹ ਹੈ ਕਿ ਭੱਟ-ਜ਼ਾਤੀ ਨੇ ਆਪਣੀ ਨਿਮਨ ਪ੍ਰਵਿਰਤੀ ਤਿਆਗ ਕੇ ਉੱਚ ਅਧਿਆਤਮਕ ਪ੍ਰਾਪਤੀਆਂ ਲਈ ਨਵਾਂ ਜੀਵਨ-ਮੋੜ ਕੱਟਿਆ। ਇਸ ਨਾਲ ਉਨ੍ਹਾਂ ਨੂੰ ਸਮਾਜ ਵਿਚ ਸਿਰ ਉੱਚਾ ਕਰ ਕੇ ਜੀਣ ਦਾ ਅਵਸਰ ਮਿਲਿਆ ਅਤੇ ਨਾਲ ਹੀ ਗੁਰੂ-ਸੇਵਕਾਂ ਵਿਚ ਆਦਰ ਦਾ ਦਰਜਾ ਪ੍ਰਾਪਤ ਹੋਇਆ। ਇਤਿਹਾਸਕ ਤੌਰ ’ਤੇ ਪੰਜਾਬ ਵਿਚ ਭੱਟ-ਜ਼ਾਤੀ ਵਿਚ ਆਇਆ ਇਹ ਨਵਾਂ ਪਰਿਵਰਤਨ ਉਨ੍ਹਾਂ ਦੇ ਜ਼ਾਤੀਗਤ ਸੰਸਕਾਰਾਂ ਨੂੰ ਵੀ ਬਦਲ ਦੇਂਦਾ ਹੈ। ਇਸ ਤਰ੍ਹਾਂ ਭੱਟਾਂ ਵਿਚ ਆਇਆ ਗੁਣਾਤਮਕ ਪਰਿਵਰਤਨ ਉਨ੍ਹਾਂ ਦੀ ਉਸਤਤਿ-ਬਾਣੀ ਵਿਚ ਵੀ ਪ੍ਰਗਟ ਹੁੰਦਾ ਹੈ। ਭੱਟ ਗੁਰੂ-ਘਰ ਦੇ ਅਨਿੰਨ ਸੇਵਕ ਬਣ ਕੇ ਰਹੇ। ਉਨ੍ਹਾਂ ਨੇ ਸਿੱਖ ਸੰਗਤਾਂ ਵਿਚ ਆਪਣੇ ਪ੍ਰਤੀ ਉਚੇਚੀ ਦਿਲਚਸਪੀ ਵੀ ਪੈਦਾ ਕੀਤੀ ਕਿ ਸਿੱਖ ਸੰਗਤਾਂ ਨੂੰ ਗੁਰੂ-ਉਸਤਤਿ ਸੰਬੋਧਨ ਲਈ ਕੁਝ ਅਜਿਹੇ ਸ਼ਬਦ ਦਿੱਤੇ, ਜੋ ਗੁਰੂ-ਸਾਹਿਬਾਨ ਦੀ ਸ਼ਖ਼ਸੀਅਤ ਨੂੰ ਸਿੱਖ ਸੰਗਤਾਂ ਦੇ ਰੂ-ਬ-ਰੂ ਉਸੇ ਤਰ੍ਹਾਂ ਪ੍ਰਸਤੁਤ ਕਰਨ ਵਿਚ ਸਮਰੱਥ ਸਨ, ਜਿਸ ਤਰ੍ਹਾਂ ਦਾ ਸੁਹਜ-ਮੁਹਾਂਦਰਾ ਗੁਰੂ ਕਿਰਪਾ ਨਾਲ ਸੰਗਤ ਦੇ ਮਨ ਉੱਪਰ ਪਿਆ ਹੋਇਆ ਸੀ:
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ॥
ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ॥
ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ॥
ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ ਈਸੁ ਬੰਮ੍ਹੁ ਗ੍ਹਾਨੁ ਧ੍ਹਾਨੁ ਧਰਤ ਹੀਐ ਚਾਹਿ ਜੀਉ॥
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ॥ (ਪੰਨਾ 1402)
ਗੁਰੂ ਦੇ ਆਦਰਸ਼ਾਂ ਨੂੰ ਭੱਟ ਮੁਖਾਰਬਿੰਦ ਤੋਂ ਸੁਣ ਕੇ ਸੰਗਤ ਵਿਚ ਗੁਰੂ ਸਾਹਿਬਾਨ ਪ੍ਰਤੀ ਕੇਵਲ ਸ਼ਰਧਾ ਹੀ ਨਹੀਂ ਜਾਗਦੀ ਸੀ ਬਲਕਿ ਉਨ੍ਹਾਂ ਦੇ ਵਿਵਹਾਰਕ ਕਾਰਜ ਸਿੱਖ ਸੰਗਤ ਨੂੰ ਲਾਮਬੰਦ ਕਰਨ ਵਿਚ ਵੀ ਸਹਾਇਕ ਹੁੰਦੇ ਸਨ। ਇਸ ਤਰ੍ਹਾਂ ਜਾਪਦਾ ਹੈ ਕਿ ਸਿੱਖਾਂ ਦੀ ਜਥੇਬੰਦਕ ਹੋਂਦ ਦੀ ਪਿੱਠਭੂਮੀ ਇਹ ਭੱਟ ਸਾਹਿਬਾਨ ਸਹਿਜ ਰੂਪ ਵਿਚ ਹੀ ਤਿਆਰ ਕਰ ਰਹੇ ਸਨ।
ਗੁਰੂ-ਆਸ਼ੇ ਨੂੰ ਸਾਰਥਕ ਰੂਪ ਪ੍ਰਦਾਨ ਕਰਨ ਲਈ ਕੁਝ ਗੁਰੂ-ਸੇਵਕ ਅਰੰਭ ਤੋਂ ਹੀ ਗੁਰ-ਸੰਗਤ ਮਾਣਨ ਦਾ ਮਾਣ ਪ੍ਰਾਪਤ ਕਰਦੇ ਰਹੇ। ਭੱਟ ਸਾਹਿਬਾਨ ਦੀ ਬਾਣੀ ਦੀ ਇਸ ਪੂਰਵ ਭੂਮਿਕਾ ਵਿਚ ਭਾਈ ਮਰਦਾਨਾ ਜੀ ਤੇ ਭਾਈ ਗੁਰਦਾਸ ਜੀ ਨੂੰ ਕਿਸੇ ਵੀ ਰੂਪ ਵਿਚ ਭੁੱਲਿਆ ਨਹੀਂ ਜਾ ਸਕਦਾ। ਵਿਸ਼ੇ-ਵਸਤੂ ਪੱਖੋਂ ਭੱਟ ਸਾਹਿਬਾਨ ਦੀ ਬਾਣੀ ਦਾ ਤੁਲਨਾਤਮਕ ਸੰਦਰਭ ਇਨ੍ਹਾਂ ਦੋਹਾਂ ਸ਼ਖ਼ਸੀਅਤਾਂ ਦੇ ਰਚਨਾਤਮਕ ਸੰਦਰਭ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਭੱਟ ਸਾਹਿਬਾਨ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਦਰਭ ਵਿਚ ਕਈਆਂ ਦ੍ਰਿਸ਼ਟੀਆਂ ਤੋਂ ਪ੍ਰਾਸੰਗਿਕ ਹੈ। ਗੁਰਮਤਿ ਦਾ ਆਸ਼ਾ ਇਸ ਬਾਣੀ ਦਾ ਕੇਂਦਰੀ ਥੀਮ ਹੈ। ਕਈ ਵਾਰ ਸਰਗੁਣ ਬ੍ਰਹਮ ਦੀ ਉਪਾਸਨਾ ਕਰਦੇ ਜਾਪਦੇ ਹਨ ਪਰ ਜਦ ਵੀ ਵਿਚਾਰਕ ਪੱਖੋਂ ਉਹ ਕਾਵਿ-ਸਿਖਰ ਨੂੰ ਛੋਂਹਦੇ ਹਨ ਤਾਂ ਅਦਿੱਖ ਅਕਾਲ ਪੁਰਖ ਸਾਖ਼ਿਆਤ ਹੋ ਜਾਂਦਾ ਹੈ। ਭੱਟ ਸਾਹਿਬਾਨ ਗੁਰੂ ਦੀ ਸ਼ਖ਼ਸੀਅਤ ਨੂੰ ਗੁਰਬਾਣੀ ਦੇ ਕੇਂਦਰ ਤੋਂ ਉਭਾਰਦੇ ਹਨ। ਗੁਰਬਾਣੀ ਦਾ ਕੇਂਦਰ ਅਕਾਲ ਪੁਰਖ ਦੀ ਅਰਾਧਨਾ ਦਾ ਧੁਰਾ ਹੈ:
ਤੈ ਪਢਿਅਉ ਇਕੁ ਮਨਿ ਧਰਿਅਉ ਇਕੁ ਕਰਿ ਇਕੁ ਪਛਾਣਿਓ॥
ਨਯਣਿ ਬਯਣਿ ਮੁਹਿ ਇਕੁ ਇਕੁ ਦੁਹੁ ਠਾਂਇ ਨ ਜਾਣਿਓ॥
ਸੁਪਨਿ ਇਕੁ ਪਰਤਖਿ ਇਕੁ ਇਕਸ ਮਹਿ ਲੀਣਉ॥
ਤੀਸ ਇਕੁ ਅਰੁ ਪੰਜਿ ਸਿਧੁ ਪੈਤੀਸ ਨ ਖੀਣਉ॥
ਇਕਹੁ ਜਿ ਲਾਖੁ ਲਖਹੁ ਅਲਖੁ ਹੈ ਇਕੁ ਇਕੁ ਕਰਿ ਵਰਨਿਅਉ॥
ਗੁਰ ਅਮਰਦਾਸ ਜਾਲਪੁ ਭਣੈ ਤੂ ਇਕੁ ਲੋੜਹਿ ਇਕੁ ਮੰਨਿਅਉ॥ (ਪੰਨਾ 1394)
ਇਹ ਵੀ ਜਾਪਦਾ ਹੈ ਕਿ ਭੱਟ ਬਾਣੀਕਾਰ ਗੁਰਬਾਣੀ ਦੀ ਪਰੰਪਰਾ, ਮਹੱਤਵ ਅਤੇ ਅਧਿਆਤਮਕ ਦ੍ਰਿਸ਼ਟੀ ਤੋਂ ਪੂਰੀ ਤਰ੍ਹਾਂ ਜਾਣੂ ਹਨ। ਭੱਟ ਸਾਹਿਬਾਨ ਦੀ ਬਾਣੀ ਗੁਰਬਾਣੀ ਦਾ ਅਟੁੱਟ ਹਿੱਸਾ ਜਾਪਦੀ ਹੈ। ਭੱਟ ਸਾਹਿਬਾਨ ਦੀ ਬਾਣੀ ਨੂੰ ਅਸੀਂ ਗੁਰਬਾਣੀ ਦੀ ਮੂਲ ਸੰਵੇਦਨਾ ਤੋਂ ਵੱਖ ਕਰ ਕੇ ਨਹੀਂ ਵੇਖ ਸਕਦੇ। ਗੁਰਬਾਣੀ ਦੀਆਂ ਸੰਚਾਰ-ਜੁਗਤਾਂ ਭੱਟ ਸਾਹਿਬਾਨ ਦੀ ਬਾਣੀ ਰਾਹੀਂ ਹੋਰ ਵਧੇਰੇ ਅਰਥ ਭਰਪੂਰ ਅਤੇ ਸੰਵੇਦਨਸ਼ੀਲ ਬਣਦੀਆਂ ਹਨ। ਸਾਡੀ ਜਾਚੇ, ਭੱਟ ਸਾਹਿਬਾਨ ਦੀ ਬਾਣੀ ਵਿਅਕਤਿਤ੍ਵ ਅਤੇ ਕਰਤਿਤ੍ਵ ਨੂੰ ਸਾਂਝੇ ਰੂਪ ਵਿਚ ਪ੍ਰਸਤੁਤ ਕਰਨ ਵਾਲੀ ਸੰਚਾਰ-ਜੁਗਤ ਹੈ।
ਭੱਟ ਸਾਹਿਬਾਨ ਦੀ ਬਾਣੀ ਦੇ ਮੁੱਢਲੇ ਸੰਦਰਭ ਕਿਤੇ-ਕਿਤੇ ਹਿੰਦੂ ਮਿਥਿਹਾਸ ਦੇ ਸੰਦਰਭਾਂ ਨੂੰ ਵੀ ਰੂਪਮਾਨ ਕਰਦੇ ਹਨ। ਗੁਰੂ ਸਾਹਿਬਾਨ ਦੀ ਉਸਤਤਿ ਵਿਚ ਉਚਾਰੇ ਸ਼ਬਦ ਅਜਿਹੀ ਬਿੰਬਾਵਲੀ ਹਨ, ਜਿਨ੍ਹਾਂ ਦਾ ਮੁੱਖ ਵਿਸ਼ਾ ਅਕਾਲ ਪੁਰਖ ਦੀ ਉਸਤਤਿ ਅਤੇ ਉਸ ਉਸਤਤਿ ਰਾਹੀਂ ਪ੍ਰਾਪਤ ਕੀਤੀ ਨਦਰ ਮਨੁੱਖੀ ਆਤਮਾ ਦੇ ਉਦਾਤੀਕਰਨ ਨਾਲ ਜੁੜੀ ਹੋਈ ਹੈ, ਜਿਸ ਨਾਲ ਗੁਰੂ ਦਾ ਆਦਰਸ਼ ਰੂਪ ਵੀ ਇਕਮਿਕ ਹੋਇਆ ਜਾਪਦਾ ਹੈ।
ਭੱਟ ਸਾਹਿਬਾਨ ਦੀ ਬਾਣੀ ਦੇ ਆਦਰਸ਼, ਗੁਰਬਾਣੀ ਦੇ ਹੀ ਆਦਰਸ਼ ਹਨ। ਗੁਰਬਾਣੀ ਦੇ ਆਦਰਸ਼ਾਂ ਵਿਚ ਸਰਬੱਤ ਦਾ ਭਲਾ, ਲੋਕ-ਮੰਗਲ ਦੀ ਭਾਵਨਾ, ਸੇਵਾ, ਤਿਆਗ ਤੇ ਸੱਚ ਪ੍ਰਤੀ ਦ੍ਰਿੜ੍ਹਤਾ ਅਤੇ ਮਨੁੱਖੀ ਭਾਈਚਾਰੇ ਪ੍ਰਤੀ ਹਾਂ-ਮੁਖੀ ਚੋਣ ਹੈ। ਭੱਟ ਸਾਹਿਬਾਨ ਦੀ ਬਾਣੀ ਵਿਚ ਵੀ ਅਜਿਹੇ-ਮੁੱਲਾਂ ਨੂੰ ਦ੍ਰਿੜ੍ਹ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਭੱਟ ਸਾਹਿਬਾਨ ਦੀ ਬਾਣੀ ਵਿਚ ਗੁਰਮਤਿ ਦੇ ਸਿਧਾਂਤਾਂ ਅਤੇ ਗੁਰਮਤਿ-ਦਰਸ਼ਨ ਦੀ ਵਿਆਖਿਆ ਮਿਲਦੀ ਹੈ:
ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ॥
ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹ੍ਹਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ॥
ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ ਕਾਲ ਕਾ ਕਾਲੁ ਨਿਰੰਜਨ ਜਚਨਾ॥
ਗੁਰ ਪ੍ਰਸਾਦਿ ਪਾਈਐ ਪਰਮਾਰਥੁ ਸਤਸੰਗਤਿ ਸੇਤੀ ਮਨੁ ਖਚਨਾ॥
ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ॥ (ਪੰਨਾ 1403-04)
ਭੱਟ ਸਾਹਿਬਾਨ ਦੀ ਪਾਵਨ ਬਾਣੀ ਦੀ ਪ੍ਰਸੰਗਿਕਤਾ ਗੁਰਬਾਣੀ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਸਾਹਿਬਾਨ ਦੀ ਬਾਣੀ ਨਾਲ ਵੀ ਸਾਰਥਕ ਢੰਗ ਨਾਲ ਜੁੜਦੀ ਹੈ। ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਭਗਤ ਪੀਪਾ ਜੀ ਅਤੇ ਭਗਤ ਸੇਣ ਜੀ ਦੀ ਬਾਣੀ ਵਿਚ ਨਿਰਗੁਣ ਬ੍ਰਹਮ ਲਈ ਵਰਤੇ ਬਿੰਬ ਜਿਸ ਤਰ੍ਹਾਂ ਸਰਗੁਣ ਦੀ ਭੂਮਿਕਾ ਨੂੰ ਨਕਾਰਦੇ ਹਨ, ਉਸੇ ਤਰ੍ਹਾਂ ਭੱਟ ਸਾਹਿਬਾਨ ਦੀ ਬਾਣੀ ਵਿਚ ਵੀ ਸਰਗੁਨ ਦੀ ਭੂਮਿਕਾ ਨੂੰ ਅਰਥ ਭਰਪੂਰ ਨਹੀਂ ਬਣਾਇਆ ਗਿਆ। ਭੱਟ ਸਾਹਿਬਾਨ ਦੀ ਬਾਣੀ ਦਾ ਇਹ ਗੁਣਾਤਮਕ ਪੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੂਲਧਾਰਾ ਦੇ ਅਨੁਕੂਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ 22 ਵਾਰਾਂ ਵਿੱਚੋਂ ‘ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ’ ਦਾ ਸੁਰ ਵੱਖਰਾ ਹੈ। ਇਹ ਵਾਰ ਸਿੱਖ ਦਰਸ਼ਨ ਦੇ ਮੁੱਢਲੇ ਪੜਾਵਾਂ ਨੂੰ ਵੀ ਪ੍ਰਸਤੁਤ ਕਰਦੀ ਹੈ। ਸਿੱਖ ਫ਼ਲਸਫ਼ੇ ਦੀ ਸਥੂਲ ਰੂਪ-ਰੇਖਾ ਨੂੰ ਸਤੇ-ਬਲਵੰਡੇ ਦੀ ਵਾਰ ਤੋਂ ਸਮਝਿਆ ਜਾ ਸਕਦਾ ਹੈ। ਸਿੱਖ ਫਲਸਫੇ ਦਾ ਬਾਹਰੀ ਰੂਪ ਕਿਨ੍ਹਾਂ ਸ਼ਕਤੀਆਂ ਨਾਲ ਜੁੜ ਕੇ ਉੱਭਰ ਰਿਹਾ ਸੀ, ਉਸ ਦੀ ਸੋਝੀ ਇਹ ਵਾਰ ਚੰਗੀ ਤਰ੍ਹਾਂ ਕਰਵਾਉਂਦੀ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਨਵੀਨ ਸਿੱਖ-ਸੱਭਿਆਚਾਰ ਵੀ ਇਸ ਵਾਰ ਵਿਚ ਆਪਣੀ ਵਿਚਾਰਕ ਭੂਮੀ ਤਿਆਰ ਕਰਦਾ ਦਿਖਾਈ ਦੇਂਦਾ ਹੈ। ਸਿੱਖ-ਸੱਭਿਆਚਾਰ ਦੀਆਂ ਆਰੰਭਕ ਇਕਾਈਆਂ ਕਿਸ ਤਰ੍ਹਾਂ ਵਿਕਾਸ ਦੀ ਗਤੀ ਨਾਲ ਆਪਣਾ ਕਦਮ ਮਿਲਾ ਰਹੀਆਂ ਸਨ। ਇਸ ਵਾਰ ਦੇ ਸੱਭਿਆਚਾਰਕ ਅਧਿਐਨ ਤੋਂ ਕਈ ਮਹੱਤਵਪੂਰਨ ਤੱਥ ਪ੍ਰਤੱਖ ਹੋ ਜਾਂਦੇ ਹਨ। ਸਿੱਖ-ਸੱਭਿਆਚਾਰ ਦੀ ਇਹ ਵਾਰ ਪਹਿਲੀ ਸੰਵਾਦ-ਸੰਵੇਦਨਾ ਹੈ, ਜਿਸ ਦਾ ਇਤਿਹਾਸਕ ਮਹੱਤਵ 17ਵੀਂ ਅਤੇ 18ਵੀਂ ਸਦੀ ਦੇ ਸਿੱਖ-ਸੱਭਿਆਚਾਰ ਵਿਚ ਹੋਰ ਵਧੇਰੇ ਸਪੱਸ਼ਟ ਹੁੰਦਾ ਹੈ।
ਭੱਟ ਸਾਹਿਬਾਨ ਦੀ ਬਾਣੀ ਦਾ ਇਤਿਹਾਸਕ ਸੰਦਰਭ ਵੀ ਸਾਡਾ ਧਿਆਨ ਖਿੱਚਦਾ ਹੈ। ਗੁਰੂ-ਘਰ ਨਾਲ ਜੁੜੇ ਕੁਝ ਪ੍ਰਮੁੱਖ ਪ੍ਰਸੰਗ ਪ੍ਰਤੱਖ-ਅਪ੍ਰਤੱਖ ਰੂਪ ਵਿਚ ਹਿੱਸਾ ਬਣੇ। ਗੁਰੂ-ਘਰ ਦੇ ਇਤਿਹਾਸ ਤੋਂ ਵੀ ਭੱਟ ਸਾਹਿਬਾਨ ਦੀ ਬਾਣੀ ਸਾਨੂੰ ਪਰਿਚਿਤ ਕਰਵਾਉਂਦੀ ਹੈ।
ਸੰਗੀਤਕ ਦ੍ਰਿਸ਼ਟੀ ਤੋਂ ਭੱਟ ਸਾਹਿਬਾਨ ਦੀ ਬਾਣੀ ਕਿਸੇ ਨਿਸ਼ਚਿਤ ਰਾਗ ਵਿਚ ਨਹੀਂ ਲਿਖੀ ਹੋਈ ਪਰ ਇਸ ਦੇ ਆਂਤਰਿਕ ਅਨੁਸ਼ਾਸਨ ਕਰ ਕੇ ਇਸ ਨੂੰ ਉਚਾਰਿਆ ਤੇ ਗਾਇਆ ਜਾ ਸਕਦਾ ਹੈ। ਭੱਟ ਬਾਣੀਕਾਰਾਂ ਵਿਚ ਖ਼ੁਦ ਵੀ ਗੁਰਬਾਣੀ ਦਾ ਪ੍ਰਚਾਰ ਕਰਨ ਹਿੱਤ ਇਸ ਬਾਣੀ ਦਾ ਸੁੰਦਰ ਢੰਗ ਨਾਲ ਗਾਇਨ ਕਰਨ ਦੀ ਪਰੰਪਰਾ ਰਹੀ ਹੈ। ਭੱਟ ਸਾਹਿਬਾਨ ਦੀ ਬਾਣੀ ਦਾ ਪ੍ਰਮੁੱਖ ਛੰਦ ਸਵੱਈਆ ਹੈ। ਇਸੇ ਲਈ ਇਸ ਬਾਣੀ ਦਾ ਸਿਰਲੇਖ ਹੀ ਸਵੱਈਏ ਮਹਲੇ ਪਹਿਲੇ ਕੇ, ਦੂਜੇ ਕੇ ਇਤਿਆਦਿ ਹੈ। ਇਥੇ ‘ਸਵੱਈਏ’ ਉਸਤਤਿ ਦਾ ਹੀ ਪਰਿਆਇਵਾਚੀ ਸ਼ਬਦ ਬਣ ਗਿਆ ਹੈ। ਸਵੱਈਏ ਤੋਂ ਬਿਨਾਂ ਭੱਟਾਂ ਨੇ ਕਈ ਹੋਰ ਛੰਦਾਂ ਦੀ ਵੀ ਵਰਤੋਂ ਕੀਤੀ ਹੈ, ਜਿਹਾ ਕਿ ਝੋਲਨਾ, ਰੱਡ, ਸੋਰਠਾ ਆਦਿ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਕ-ਸੰਰਚਨਾ ਵਿਚ ਭੱਟ ਸਾਹਿਬਾਨ ਦੀ ਬਾਣੀ ਬ੍ਰਿਜ ਭਾਸ਼ਾ ਦੀ ਪਰੰਪਰਾ ਲੈ ਕੇ ਪ੍ਰਸਤੁਤ ਹੋਈ। ਇਸ ਦ੍ਰਿਸ਼ਟੀ ਤੋਂ ਪੰਜਾਬ ਵਿਚ ਲਿਖੇ ਗਏ ਬ੍ਰਿਜ ਭਾਸ਼ਾ ਦੇ ਸਾਹਿਤ ਦੇ ਕੁਝ ਅੰਤਰਾਲਾਂ ਨੂੰ ਘੋਖਿਆ ਜਾ ਸਕਦਾ ਹੈ। ਹਿੰਦੂ-ਮਿਥਿਹਾਸ ਦੇ ਬਹੁਤ ਸਾਰੇ ਸੰਦਰਭ ਬ੍ਰਿਜ ਭਾਸ਼ਾ ਦੀ ਵਿਸ਼ੇਸ਼ ਸ਼ਬਦਾਵਲੀ ਰਾਹੀਂ ਭੱਟ ਸਾਹਿਬਾਨ ਦੀ ਬਾਣੀ ਰਾਹੀਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰੂਪਮਾਨ ਹੋਏ ਹਨ। ਅਜਿਹੀ ਪਰੰਪਰਾ ਦਾ ਸੱਭਿਆਚਾਰ ਪਿਛੋਕੜ ਤੇ ਅਧਿਐਨ ਪੰਜਾਬੀ ਦੇ ਮੱਧਕਾਲੀ ਸਾਹਿਤ ਦੇ ਵੱਖਰੇ ਪ੍ਰਸੰਗਾਂ ਨੂੰ ਪ੍ਰਸਤੁਤ ਕਰਨ ਵਿਚ ਸਹਾਇਕ ਹੋ ਸਕਦਾ ਹੈ। ਇਸੇ ਸੰਦਰਭ ਵਿਚ ਭੱਟ ਸਾਹਿਬਾਨ ਦੀ ਬਾਣੀ ਦਾ ਰਚਨਾਤਮਕ ਸੰਸਾਰ ਹਿੰਦੂ ਧਰਮ ਦਰਸ਼ਨ ਨੂੰ ਗੁਰਮਤਿ ਦਰਸ਼ਨ ਦੇ ਸੰਦਰਭ ਵਿਚ ਨਵੇਂ ਤੱਥਾਂ ਵਿਚ ਪੇਸ਼ ਕਰਨ ਦੇ ਵੀ ਸਮਰੱਥ ਹੋਇਆ ਲੱਗਦਾ ਹੈ। ਇਹ ਸੰਚਾਰ-ਜੁਗਤ ਦੋ ਫ਼ਲਸਫ਼ਿਆਂ ਦੇ ਆਦਾਨ-ਪ੍ਰਦਾਨ ਕਰਨ ਵਿਚ ਵੀ ਸਹਾਈ ਹੋਈ ਲੱਗਦੀ ਹੈ।
ਭੱਟ ਬਾਣੀਕਾਰ ਕਥਨੀ ਤੇ ਕਰਨੀ ਦੇ ਵੀ ਪੂਰੇ ਸਨ। ਗੁਰੂ-ਆਦਰਸ਼ਾਂ ਮੁਤਾਬਕ ਉਨ੍ਹਾਂ ਨੇ ਆਪਣਾ ਜੀਵਨ ਢਾਲਿਆ ਤੇ ਮੌਕਾ ਆਉਣ ’ਤੇ ਜੁਝਾਰੂ ਸੂਰਮੇ ਵਾਂਗ ਆਪਣਾ ਬਲੀਦਾਨ ਵੀ ਦਿੱਤਾ। ਭੱਟ ਕੀਰਤ ਜੀ ਮਹਾਨ ਯੋਧੇ ਸਨ ਅਤੇ ਉਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੁਖਲਿਸ ਖਾਂ ਨਾਲ ਹੋਏ ਯੁੱਧ ਵਿਚ ਸ਼ਹੀਦ ਹੋਏ।
ਭੱਟ ਸਾਹਿਬਾਨ ਦੀ ਬਾਣੀ ਦਾ ਪ੍ਰਮੁੱਖ ਸੁਰ ਭਾਵੇਂ ਗੁਰੂ-ਮਹਿਮਾ ਹੈ, ਫਿਰ ਵੀ ਇਸ ਵਿਚ ਅਤਕਥਨੀ ਵਾਲਾ ਪੂਰਨ ਵਰਣਨ ਨਹੀਂ ਹੋਇਆ ਕਿਉਂਕਿ ਗੁਰੂ ਸਾਹਿਬਾਨ ਦਾ ਜੀਵਨ ਅਤੇ ਆਦਰਸ਼ ਇਸ ਬਾਣੀ ਦੀ ਮਰਿਯਾਦਾਪੂਰਨ ਸੰਵੇਦਨਾ ਦਾ ਹਿੱਸਾ ਰਹੇ ਹਨ। ਭੱਟ ਸਾਹਿਬਾਨ ਦੀ ਬਾਣੀ ਪਰਵਰਤੀ ਸਾਹਿਤਕਾਰਾਂ ਲਈ ਪ੍ਰੇਰਨਾ-ਸ੍ਰੋਤ ਰਹੀ ਹੈ। ਗੁਰੂ-ਜੀਵਨ ਤੇ ਗੁਰੂ-ਮਹਿਮਾ ਸੰਬੰਧੀ ਰਚੇ ਗ੍ਰੰਥ ਜਿਵੇਂ ਭਾਈ ਸੰਤੋਖ ਸਿੰਘ ਕ੍ਰਿਤ ‘ਗੁਰ ਪ੍ਰਤਾਪ ਸੂਰਜ’, ਸਰੂਪ ਦਾਸ ਭੱਲਾ ਰਚਿਤ ‘ਮਹਿਮਾ ਪ੍ਰਕਾਸ਼’ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀਆਂ ’ਤੇ ਭੱਟ ਸਾਹਿਬਾਨ ਦੀ ਬਾਣੀ ਦਾ ਪ੍ਰਭਾਵ ਵੇਖਿਆ ਜਾ ਸਕਦਾ ਹੈ:
ਗੁਰੁ ਨਾਨਕੁ ਨਿਕਟਿ ਬਸੈ ਬਨਵਾਰੀ॥
ਤਿਨਿ ਲਹਣਾ ਥਾਪਿ ਜੋਤਿ ਜਗਿ ਧਾਰੀ॥
ਲਹਣੈ ਪੰਥੁ ਧਰਮ ਕਾ ਕੀਆ॥
ਅਮਰਦਾਸ ਭਲੇ ਕਉ ਦੀਆ॥
ਤਿਨਿ ਸ੍ਰੀ ਰਾਮਦਾਸੁ ਸੋਢੀ ਥਿਰੁ ਥਪ੍ਹਉ॥
ਹਰਿ ਕਾ ਨਾਮੁ ਅਖੈ ਨਿਧਿ ਅਪ੍ਹਉ॥ (ਪੰਨਾ 1401)
ਲੇਖਕ ਬਾਰੇ
- ਡਾ. ਗੁਰਨਾਮ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%a8%e0%a8%be%e0%a8%ae-%e0%a8%95%e0%a9%8c%e0%a8%b0/November 1, 2008
- ਡਾ. ਗੁਰਨਾਮ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%a8%e0%a8%be%e0%a8%ae-%e0%a8%95%e0%a9%8c%e0%a8%b0/April 1, 2009