ਕਿਰਤ ਕਰਨਾ ਉੱਤਮ ਗੁਣ ਹੈ। ਕਿਰਤ ਕਰਨਾ ਮਨੁੱਖੀ ਸਰੀਰ, ਮਨ ਅਤੇ ਆਚਰਣ ਦੇ ਵਿਕਾਸ ਲਈ ਜ਼ਰੂਰੀ ਹੈ। ਕਿਰਤ ਮਨੁੱਖੀ ਸਰੀਰ ਲਈ ਇਕ ਟਾਨਿਕ ਹੈ ਅਤੇ ਇਹ ਕੰਮ ਕਰਨ ਦੀ ਸ਼ਕਤੀ ਤੇ ਸਮਰੱਥਾ ’ਚ ਵਾਧਾ ਕਰਦੀ ਹੈ। ਸਰੀਰ ਨੂੰ ਰਿਸ਼ਟ-ਪੁਸ਼ਟ ਤੇ ਅਰੋਗ ਰੱਖਣ ਲਈ ਕਿਰਤ ਜ਼ਰੂਰੀ ਹੈ। ਕੰਮ, ਕਿਰਤ ਜਾਂ ਉਸਾਰੂ ਹਰਕਤ ’ਚ ਰੱਖਣ ਤੋਂ ਬਗ਼ੈਰ ਕੁਦਰਤ ਦੀ ਇਹ ਸਰਬ-ਉੱਤਮ ਸਿਰਜਣਾ ਮਨੁੱਖੀ ਦੇਹ ਵੀ ਦੂਜੀਆਂ ਵਰਤੋਂ ’ਚ ਨਾ ਲਿਆਉਣ ਵਾਲੀਆਂ ਮਸ਼ੀਨਾਂ ਵਾਂਗ ਬਹੁਤੀ ਦੇਰ ਠੀਕ ਹਾਲਤ ’ਚ ਨਹੀਂ ਰਹਿ ਸਕਦੀ। ਕਿਰਤੀ ਕੰਮ ’ਚੋਂ ਖੁਸ਼ੀ ਪ੍ਰਾਪਤ ਕਰਦੇ ਹਨ ਅਤੇ ਪ੍ਰਸੰਨਚਿਤ ਰਹਿਣ ਕਾਰਨ ਲੰਮੀ ਉਮਰ ਦੇ ਭਾਗੀ ਬਣਦੇ ਹਨ। ਸਿਆਣਿਆਂ ਨੇ ਠੀਕ ਕਿਹਾ ਹੈ, “ਜੋ ਮਨੁੱਖ ਕੰਮ ਪ੍ਰਾਪਤ ਕਰ ਲੈਂਦਾ ਹੈ, ਉਹ ਖੁਸ਼ ਹੁੰਦਾ ਹੈ ਅਤੇ ਜੋ ਕੰਮ ਕਰਦੇ ਸਮੇਂ ਗਾਉਂਦਾ ਹੈ, ਵਧੇਰੇ ਖੁਸ਼ਨਸੀਬ ਹੁੰਦਾ ਹੈ।”
ਕਿਰਤ ਮਨੁੱਖ ਨੂੰ ਵਿਸ਼ੇ-ਵਿਕਾਰਾਂ ਤੇ ਉਲਾਰਾਂ ਤੋਂ ਬਚਾਉਂਦੀ ਹੈ। ਮਨ-ਮਸਤਕ ਚੇਤਨ, ਕ੍ਰਿਆਸ਼ੀਲ ਤੇ ਉੱਦਮੀ ਰਹਿੰਦਾ ਹੈ। ਅਨੇਕਾਂ ਮਨੁੱਖ ਅਜਿਹੇ ਵੀ ਹਨ ਜੋ ਕਿਸੇ ਦੁੱਖ, ਰੀਸੋ-ਰੀਸ, ਚੰਦ-ਖੁਸ਼ੀਆਂ, ਵਕਤੀ ਸੁਖਾਂ ਕਾਰਨ ਜਾਂ ਕਿਸੇ ਹੋਰ ਅਣਸੁਖਾਵੇਂ ਹਾਲਾਤ ਵਿਚ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਪਿੱਛੇ ਲੱਗ ਜਾਂਦੇ ਹਨ। ਇਕ ਕਹਾਵਤ ਹੈ : “ਵਿਹਲੜ ਨਿਰਾਸ਼ਤਾ ਅਤੇ ਸ਼ਰਮਿੰਦਗੀ ਦੇ ਅਤੇ ਉੱਦਮੀ ਜਿੱਤ ਅਤੇ ਇੱਜ਼ਤ ਦੇ ਬੀਜ ਬੀਜਦਾ ਹੈ।” ਉੱਦਮੀ ਤੇ ਕਿਰਤ ਕਰਨ ਵਾਲੇ ਜੀਵ ਹੀ ਸਫਲ ਤੇ ਸੁਖੀ ਜੀਵਨ ਦੇ ਭਾਗੀ ਬਣ ਸਕਦੇ ਹਨ। ਗੁਰਬਾਣੀ ’ਚ ਅੰਕਿਤ ਹੈ:
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥ (ਪੰਨਾ 522)
ਸਿੱਖ-ਦਰਸ਼ਨ ਕਿਸੇ ਵੀ ਉਸਾਰੂ ਕੰਮ/ਕਿੱਤੇ ਨੂੰ ਕਰਨ ਵਿਚ ਮਨੁੱਖਤਾ ਦਾ ਸਨਮਾਨ ਮੰਨਦਾ ਹੈ। ਇਸ ਅਨੁਸਾਰ ਕੋਈ ਵੀ ਕੰਮ ਚੰਗਾ-ਮਾੜਾ, ਉੱਚਾ-ਨੀਵਾਂ ਜਾਂ ਵਧੀਆ-ਘਟੀਆ ਨਹੀਂ ਹੈ। ਕੰਮ, ਕੰਮ ਹੈ ਅਤੇ ਇਸ ਨੂੰ ਸੁਹਿਰਦਤਾ ਨਾਲ ਕਰਨਾ ਹੀ ਪੂਜਾ ਤੇ ਭਗਤੀ ਹੈ। ਸਿੱਖਿਆ, ਸਵੈ-ਸਿੱਖਿਆ ਤੇ ਅਭਿਆਸ ਰਾਹੀਂ ਆਪਣੀ ਯੋਗਤਾ ਵਧਾਉਣੀ ਅਤੇ ਦਿੱਤੇ/ਚੁਣੇ ਹੋਏ ਕਾਰਜ-ਖੇਤਰ ਵਿਚ ਪ੍ਰਵੀਨਤਾ ਪ੍ਰਾਪਤ ਕਰਨਾ ਮਨੁੱਖ ਦਾ ਕਰਤੱਵ ਹੈ। ਸਿੱਖ-ਦਰਸ਼ਨ, ਵਿਅਕਤੀ ਨੂੰ ਸ਼ਗਨਾਂ-ਅਪਸ਼ਗਨਾਂ, ਵਹਿਮਾਂ-ਭਰਮਾਂ ਆਦਿ ਵਿੱਚੋਂ ਕੱਢ ਕੇ ਸੁਕਿਰਤ ਕਰਨ ਦੀ ਸ਼ਕਤੀ-ਸਮਰੱਥਾ ਗ੍ਰਹਿਣ ਕਰਨ ਲਈ ਪ੍ਰੇਰਿਤ ਕਰਦਾ ਹੈ।
ਮਿਹਨਤ-ਮੁਸ਼ੱਕਤ ਕਰਨ ਵਾਲੇ ਜਾਂ ਕਿਰਤੀ ਨੂੰ ਗੁਰਬਾਣੀ ’ਚ ਸਤਿਕਾਰ-ਦ੍ਰਿਸ਼ਟੀ ਨਾਲ ਵੇਖਿਆ ਗਿਆ ਹੈ।
ਗੁਰਬਾਣੀ ਵਿਚ ਕਿਰਤ ਕਰਨ, ਭਾਵ ਹੱਥੀਂ ਕੰਮ ਕਰਨ, ਦਸਾਂ ਨਹੁੰਆਂ ਦੀ ਕਿਰਤ-ਕਮਾਈ ਕਰਨ ਦਾ ਸਤਿਕਾਰ ਤੇ ਵਿਹਲੜਾਂ, ਨਿਕੰਮਿਆਂ, ਨਿਖੱਟੂਆਂ ਅਤੇ ਦੂਜਿਆਂ ਦੇ ਆਸਰੇ ਪਲਣ ਵਾਲਿਆਂ ਦਾ ਤ੍ਰਿਸਕਾਰ ਵੱਡੇ ਪੈਮਾਨੇ ’ਤੇ ਹੋਇਆ ਮਿਲਦਾ ਹੈ। ਗੁਰੂ ਸਾਹਿਬਾਨ ਦੀਆਂ ਨਜ਼ਰਾਂ ਵਿਚ ਵਿਹਲੜਾਂ, ਨਿਕੰਮਿਆਂ, ਆਲਸੀਆਂ, ਕੰਮਚੋਰਾਂ, ਮੰਗਤਿਆਂ ਤੇ ਪਰਜੀਵੀਆਂ ਦਾ ਕੋਈ ਸਤਿਕਾਰ ਨਹੀਂ ਹੈ। ਕਿਰਤੀਆਂ ਤੇ ਗ੍ਰਿਹਸਤੀਆਂ ਦਾ ਗੁਰੂ-ਘਰ ’ਚ ਏਨਾ ਸਤਿਕਾਰ ਸੀ ਕਿ ਗੁਰਗੱਦੀ ਦੇ ਵਾਰਸ ਬਣੇ। ਗੁਰੂ ਸਾਹਿਬਾਨ ਨੇ ਵਿਹਲੜਾਂ, ਨਿਕੰਮਿਆਂ ਤੇ ਆਲਸੀਆਂ ਦੀ ਨਿਖੇਧੀ ਕੀਤੀ ਅਤੇ ਕਿਰਤ ਕਰਨ ਉੱਪਰ ਕਥਨੀ ਤੇ ਅਮਲੀ ਪੱਧਰ ’ਤੇ ਵਿਸ਼ੇਸ਼ ਬਲ ਦਿੱਤਾ। ਵਿਹਲੜ, ਨਿਕੰਮਾ ਤੇ ਕਿਰਤ ਨਾ ਕਰਨ ਵਾਲਾ ਮਨੁੱਖ ਇਕ ਅਮਰਵੇਲ ਵਾਂਗ ਹੈ, ਜਿਹੜੀ ਕਿ ਨਿਰਭਰ ਹੀ ਕਿਸੇ ਦੂਜੇ ਪੌਦੇ ’ਤੇ ਹੈ ਜਾਂ ਅਜਿਹਾ ਮਨੁੱਖ ਖੜ੍ਹੇ-ਖੜੋਤੇ ਪਾਣੀ ਵਾਂਗ ਹੈ, ਜੋ ਥੋੜੇ ਚਿਰ ਬਾਅਦ ਹੀ ਬਦਬੂ ਮਾਰਨ ਲੱਗ ਪੈਂਦਾ ਹੈ। ਲੋਕ ਉਕਤੀ ਹੈ ਕਿ ਵਿਹਲਾ ਮਨ ਸ਼ੈਤਾਨੀਅਤ ਦਾ ਘਰ ਹੁੰਦਾ ਹੈ। ਵਿਹਲਾ ਮਨ ਛੇਤੀ ਹੀ ਜੂਏ, ਚੋਰੀ, ਨਸ਼ਾਖੋਰੀ ਜਾਂ ਹੋਰ ਅਪਰਾਧਾਂ ਵਿਚ ਫਸ ਜਾਂਦਾ ਹੈ। ਕੀ ਅਜਿਹਾ ਮਨੁੱਖ ਲਾਹਨਤੀ ਨਹੀਂ ਹੈ, ਜਿਹੜਾ ਸਮਾਜਿਕ ਵਿਕਾਸ ਵਿਚ ਹਿੱਸਾ ਪਾਉਣ ਦੀ ਥਾਂ, ਆਪਣਾ-ਆਪ ਵੀ ਨਹੀਂ ਸੰਵਾਰ ਸਕਦਾ ਹੈ ਅਤੇ ਸਮਾਜਿਕ ਵਿਕਾਰਾਂ-ਵਿਗਾੜਾਂ ਤੇ ਉਲਾਰਾਂ ਦਾ ਹਿੱਸਾ ਬਣ ਜਾਂਦਾ ਹੈ? ਇਸੇ ਪ੍ਰਸੰਗ ਤੇ ਪਿਛੋਕੜ ਵਿਚ ਗੁਰੂ ਸਾਹਿਬ ਨੇ ਕਿਹਾ ਕਿ ਉੱਦਮ ਕਰਨ (ਸੁਸਤੀ ਛੱਡਣ) ਵਿਚ ਹੀ ਜ਼ਿੰਦਗੀ ਹੈ। ਉਸਾਰੂ ਹਰਕਤ ਹੀ ਬਰਕਤ ਹੈ ਅਤੇ ਕੰਮ/ਕਮਾਈ ਕਰਨ ਵਿਚ ਹੀ ਸੁਖ ਸਵਾਦ ਹੈ ਅਤੇ ਮਾਨਸਿਕ ਅਤੇ ਵਿਚਾਰਧਾਰਕ ਸ਼ੁੱਧਤਾ ਵੀ ਨਿਰੰਤਰ ਕੰਮ ਕਰਨ ਨਾਲ ਹੀ ਪ੍ਰਾਪਤ ਹੁੰਦੀ ਹੈ:
ਉਦਮੁ ਕਰਤ ਮਨੁ ਨਿਰਮਲੁ ਹੋਆ॥ (ਪੰਨਾ 99)
ਸਿੱਖ-ਦਰਸ਼ਨ ’ਚ ਉਸ ਵਿਅਕਤੀ ਜਾਂ ਸਮੂਹ ਨੂੰ ਖ਼ੂਬ ਭੰਡਿਆ ਗਿਆ ਹੈ ਜਿਹੜਾ ਕੰਮ ਕਰਨ ਦੇ ਯੋਗ ਹੁੰਦਾ ਹੋਇਆ ਵੀ ਕੰਮ ਨਹੀਂ ਕਰਦਾ ਅਤੇ ਇਸ ਤਰ੍ਹਾਂ ਸਮਾਜ ’ਤੇ ਬੋਝ ਬਣਦਾ ਹੈ। ਇਸ ਵਿਚ ਕਿਰਤ ਦੇ ਸੰਕਲਪ ਰਾਹੀਂ ਇਹ ਯਕੀਨੀ ਬਣਾਉਣ ਦਾ ਯਤਨ ਕੀਤਾ ਗਿਆ ਹੈ ਕਿ ਕਿਸੇ ਨੂੰ ਵੀ ਅਜਿਹੇ ਹਾਲਾਤ ਤਕ ਨਾ ਪਹੁੰਚਣ ਦਿੱਤਾ ਜਾਵੇ, ਜਿੱਥੇ ਉਸ ਨੂੰ ਆਪਣੀਆਂ ਮੂਲ-ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਲਈ ਦੂਜਿਆਂ ’ਤੇ ਨਿਰਭਰ ਕਰਨਾ ਜਾਂ ਉਨ੍ਹਾਂ ਪਾਸੋਂ ਮੰਗਣਾ ਪਵੇ। ਸਿੱਖ ਸਿਧਾਂਤਕਾਰ ਚਾਹੁੰਦੇ ਸਨ ਕਿ ਸਰੀਰਕ ਪੱਖੋਂ ਤੰਦਰੁਸਤ ਹਰ ਮਨੁੱਖ ਨੂੰ ਕੰਮ ਕਰਨਾ ਚਾਹੀਦਾ ਹੈ। ਅਪੰਗਾਂ ਤੋਂ ਛੁੱਟ ਖਾਣ ਦਾ ਅਧਿਕਾਰ ਉਸ ਨੂੰ ਹੀ ਹੈ, ਜਿਹੜਾ ਕੰਮ ਕਰਦਾ ਹੈ। ਗੁਰੂ ਸਾਹਿਬਾਨ ਨੇ ਕਿਰਤ ਕਰਨ/ਉਪਜੀਵਕਾ ਕਮਾਉਣ, ਕੁੱਲ ਮਿਲਾ ਕੇ ਆਰਥਿਕ ਮਸਲਿਆਂ ਨੂੰ ਧਰਮ ਤੋਂ ਨਿਖੇੜ ਕੇ ਪੇਸ਼ ਕੀਤਾ ਹੈ। ਤੱਤ-ਰੂਪ ਉਹ ਸੱਚੀ-ਸੁੱਚੀ ਕਿਰਤ ਨੂੰ ਹੀ ਪੂਜਾ ਮੰਨਦੇ ਸਨ। ਉਨ੍ਹਾਂ ਦਾ ਦ੍ਰਿੜ੍ਹ ਅਤੇ ਦਰੁਸਤ ਵਿਸ਼ਵਾਸ ਸੀ ਕਿ ਦੇਵੀ-ਦੇਵਤੇ ਅਤੇ ਉਨ੍ਹਾਂ ਦੀ ਪੂਜਾ ਦੇ ਨਾਂ ’ਤੇ ਕੀਤੇ ਜਾਣ ਵਾਲੇ ਕਰਮ-ਕਾਂਡ ਆਰਥਿਕ-ਪਦਾਰਥਕ ਪ੍ਰਾਪਤੀ ਤੇ ਖੁਸ਼ਹਾਲੀ ਵਿਚ ਕੋਈ ਭੂਮਿਕਾ ਅਦਾ ਨਹੀਂ ਕਰ ਸਕਦੇ:
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ (ਪੰਨਾ 637)
ਗੁਰੂ-ਕਾਲ ਦੇ ਅਰੰਭ ਤਕ ਧਾਰਮਿਕ ਕਰਮ-ਕਾਂਡ, ਸ਼ੋਸ਼ਣ ਤੇ ਕਮਾਈ ਦਾ ਇਕ ਸਾਧਨ ਬਣ ਚੁੱਕੇ ਸਨ। ਵਿਹਲੜਾਂ, ਆਲਸੀਆਂ ਤੇ ਨਿਕੰਮਿਆਂ ਨੇ ਧਾਰਮਿਕ ਕਰਮ-ਕਾਂਡ ਦੇ ਨਾਂ ’ਤੇ ਲੋਕਾਂ ਤੋਂ ਮੰਗਣਾ ਤੇ ਉਨ੍ਹਾਂ ਨੂੰ ਲੁੱਟਣਾ ਸ਼ੁਰੂ ਕੀਤਾ ਹੋਇਆ ਸੀ। ਪਰ ਗੁਰੂ ਸਾਹਿਬਾਨ ਨੇ ਗ੍ਰਿਹਸਤੀ ਜੀਵਨ ਅਤੇ ਕਿਰਤ ਕਰਨ ਉੱਪਰ ਬਲ ਦਿੱਤਾ ਅਤੇ ਦੂਜਿਆਂ ਦੀ ਕਿਰਤ-ਕਮਾਈ ਦੀ ਕਿਸੇ ਪ੍ਰਕਾਰ ਨਾਲ ਵੀ ਲੁੱਟ-ਖੋਹ ਜਾਂ ਭੀਖ ਮੰਗ ਕੇ ਖਾਣ ਨੂੰ ਡੱਟ ਕੇ ਨਿੰਦਿਆ। ਉਨ੍ਹਾਂ ਨੇ ਹਰ ਮਨੁੱਖ ਲਈ ਕਿਰਤ ਨੂੰ ਜੀਵਨ ਦਾ ਇਕ ਆਦਰਸ਼ ਬਣਾ ਦਿੱਤਾ। ਇਥੋਂ ਤਕ ਕਿ ਉਨ੍ਹਾਂ ਅਨੁਸਾਰ ਇਕ ਧਾਰਮਿਕ ਆਗੂ ਲਈ ਵੀ ਕਿਰਤ ਕਰਨਾ ਓਨਾ ਹੀ ਜ਼ਰੂਰੀ ਕਰਾਰ ਦਿੱਤਾ ਜਿੰਨਾ ਕਿ ਇਕ ਸਾਧਾਰਨ ਗ੍ਰਿਹਸਤੀ ਲਈ। ਸ੍ਰੀ ਗੁਰੂ ਨਾਨਕ ਦੇਵ ਜੀ ਫ਼ੁਰਮਾਉਂਦੇ ਹਨ ਕਿ ਜਿਹੜਾ ਮਨੁੱਖ ਆਪਣੇ-ਆਪ ਨੂੰ ਗੁਰੂ-ਪੀਰ ਅਖਵਾਉਂਦਾ ਹੋਇਆ, ਦੂਜਿਆਂ ਦੇ ਘਰਾਂ-ਦਰਾਂ ’ਤੇ ਮੰਗਣ ਜਾਂਦਾ ਹੈ, ਉਸ ਦਾ ਕਦੇ ਵੀ ਆਦਰ-ਮਾਣ ਨਹੀਂ ਕਰਨਾ ਚਾਹੀਦਾ। ਸਹੀ ਰਾਹ ਦਸਾਂ ਨਹੁੰਆਂ ਦੀ ਕਿਰਤ ਕਰਨ ਅਤੇ ਇਸ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਕਰਨ ਵਿਚ ਹੈ:
ਗਿਆਨ ਵਿਹੂਣਾ ਗਾਵੈ ਗੀਤ॥
ਭੁਖੇ ਮੁਲਾਂ ਘਰੇ ਮਸੀਤਿ॥
ਮਖਟੂ ਹੋਇ ਕੈ ਕੰਨ ਪੜਾਏ॥
ਫਕਰੁ ਕਰੇ ਹੋਰੁ ਜਾਤਿ ਗਵਾਏ॥
ਗੁਰੁ ਪੀਰੁ ਸਦਾਏ ਮੰਗਣ ਜਾਇ॥
ਤਾ ਕੈ ਮੂਲਿ ਨ ਲਗੀਐ ਪਾਇ॥
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ 1245)
ਮਿ. ਮੈਕਸ ਵੈਬਰ ਅਨੁਸਾਰ, “Medieval Ethics not only tolerated begging but actually glorified it in the mendicant order.” ਐਪਰ ਕਿਰਤ ਦੀ ਮਹਾਨਤਾ ਨੂੰ ਪਛਾਨਣ ਵਾਲੇ ਅਤੇ ਵਿਖਾਵੇ ਦੀ ਪੂਜਾ ਦੀ ਨਿਰਾਰਥਕਤਾ ਦਰਸਾਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਾਰਮਿਕ ਕਰਮ-ਕਾਂਡ ਤੇ ਪਰੰਪਰਾ ਦੇ ਔਗੁਣ ਨੂੰ ਵੀ ਪਛਾਣ ਲਿਆ ਸੀ। ਇਸ ਲਈ ਉਨ੍ਹਾਂ ਨੇ ਠੋਕ-ਵਜਾ ਕੇ ਕਿਹਾ ਕਿ ਮੰਗਣਾ ਇਕ ਲਾਹਨਤ ਹੈ ਅਤੇ ਭੀਖ ਮੰਗਣੀ ਤਾਂ ਧਰਮੀ ਬੰਦੇ ਲਈ ਇੱਜ਼ਤ-ਪੱਤ ਗਵਾਉਣ ਅਤੇ ਮਾਨਸਿਕ ਤੌਰ ’ਤੇ ਅੰਨ੍ਹੇ ਹੋਣ ਦੇ ਬਰਾਬਰ ਹੈ:
ਘੋਲੀ ਗੇਰੂ ਰੰਗੁ ਚੜਾਇਆ ਵਸਤ੍ਰ ਭੇਖ ਭੇਖਾਰੀ॥
ਕਾਪੜ ਫਾਰਿ ਬਨਾਈ ਖਿੰਥਾ ਝੋਲੀ ਮਾਇਆਧਾਰੀ॥
ਘਰਿ ਘਰਿ ਮਾਗੈ ਜਗੁ ਪਰਬੋਧੈ ਮਨਿ ਅੰਧੈ ਪਤਿ ਹਾਰੀ॥ (ਪੰਨਾ 1012)
ਆਦਿ ਗੁਰਦੇਵ ਨੇ ਦੂਜਿਆਂ ਦੀ ਕਿਰਤ ਉੱਪਰ ਨਿਰਭਰ ਹੋ ਕੇ ਜੀਵਨ ਨਿਰਬਾਹ ਕਰਨ ਵਾਲੇ ਅਖੌਤੀ ਸਾਧਾਂ-ਸੰਤਾਂ ਨੂੰ ਨਿਖੱਟੂ, ਨਿਕੰਮੇ ਅਤੇ ਵਿਹਲੜ ਆਦਿ ਵਿਸ਼ੇਸ਼ਣ ਪ੍ਰਦਾਨ ਕੀਤੇ। ਅਸਲ ’ਚ ਮੱਧਕਾਲੀ ਭਾਰਤੀ ਸਮਾਜ ਵਿਚ ਪੇਸ਼ ਆਰਥਿਕ ਮੰਦਹਾਲੀ ਅਤੇ ਸਮਾਜਿਕ ਨਿਘਾਰ ਨੇ ਦੋ ਕੁਰਾਹੇ ਪੈਦਾ ਕੀਤੇ।
(ੳ) ਚਤੁਰ-ਚਲਾਕ ਕਿਸਮ ਦੇ ਲੋਕਾਂ ਨੇ ਧਾਰਮਿਕ ਕਰਮ-ਕਾਂਡਾਂ ਨੂੰ ਕਮਾਈ ਦਾ ਸਾਧਨ ਬਣਾ ਲਿਆ।
(ਅ) ਦੂਜੇ, ਕੁਝ ਲੋਕਾਂ ਨੇ ਆਪਣੀਆਂ ਰੋਜ਼ਾਨਾਂ ਲੋੜਾਂ ਨੂੰ ਪਾਖੰਡ ਤੇ ਦੰਭ ਦੀ ਹੱਦ ਤਕ ਘਟਾ ਲਿਆ ਅਤੇ ਉਹ ਲੋਕਾਂ ਨੂੰ ਤਿਆਗਵਾਦ ਅਤੇ ਕੁਦਰਤ ਦੀ ਉੱਚਤਮ ਸਿਰਜਣਾ ਮਨੁੱਖੀ ਦੇਹ ਨੂੰ ਕੋਹਣ ਤੇ ਕਸ਼ਟ ਦੇਣ ਤਕ ਦਾ ਉਪਦੇਸ਼ ਦੇਣ ਲੱਗ ਪਏ। ਭਗਤ ਕਬੀਰ ਜੀ ਵੀ ਇਨ੍ਹਾਂ ਦੋਵਾਂ ਕੁਰਾਹਿਆਂ ਨੂੰ ਰੱਦ ਕਰਦੇ ਹੋਏ ‘ਚਿੱਤ ਯਾਰ ਵੱਲ, ਹੱਥ ਕਾਰ ਵੱਲ’ ਦੀ ਉਕਤੀ ਨੂੰ ਭਗਤ ਨਾਮਦੇਵ ਜੀ ਤੇ ਭਗਤ ਤ੍ਰਿਲੋਚਨ ਜੀ ਦੀ ਵਿਚਾਰ-ਗੋਸ਼ਟੀ ਦੇ ਪ੍ਰਥਾਏ ਇਸ ਤਰ੍ਹਾਂ ਪੇਸ਼ ਕਰਦੇ ਹਨ:
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾ੍ਲਿ॥
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥ (ਪੰਨਾ 1375-76)
ਗੁਰੂ ਸਾਹਿਬਾਨ ਲੋੜੀਂਦਾ ਪੌਸ਼ਟਿਕ ਭੋਜਨ ਨਾ ਖਾਣ ਅਤੇ ਲੋੜੀਂਦੇ ਕੱਪੜੇ ਨਾ ਪਹਿਨਣ ਦੀ ਦ੍ਰਿਸ਼ਟੀ ਤੇ ਵਿਵਹਾਰ ਨੂੰ ਪ੍ਰਵਾਨ ਨਹੀਂ ਕਰਦੇ। ਉਹ ਰੋਟੀ, ਕੱਪੜਾ ਤੇ ਮਕਾਨ ਆਦਿ ਨੂੰ ਮਨੁੱਖ ਦੀਆਂ ਮੂਲ-ਮੁੱਢਲੀਆਂ ਲੋੜਾਂ ਸਵੀਕਾਰ ਕਰਦੇ ਹਨ।
ਇਨ੍ਹਾਂ ਤੋਂ ਬਗ਼ੈਰ ਗ੍ਰਿਹਸਤੀ ਜੀਵਨ ਸੰਭਵ ਨਹੀਂ। ਲੋੜੀਂਦਾ ਭੋਜਨ ਨਾ ਖਾਣਾ ਜਾਂ ਲੋੜੀਂਦੇ ਕੱਪੜੇ ਨਾ ਪਹਿਨਣੇ ਕੁਦਰਤੀ ਨਿਯਮਾਂ ਦੇ ਵੀ ਉਲਟ ਹੈ। ਇਨ੍ਹਾਂ ਤੋਂ ਬਗ਼ੈਰ ਜੀਵਨ-ਗਤੀ ਰੁਕ ਜਾਂਦੀ ਹੈ। ਗੁਰੂ ਸਾਹਿਬ ਮੂਲ ਮਨੁੱਖੀ ਲੋੜਾਂ ਦੀ ਪੂਰਤੀ ਨੂੰ ਜੀਵਨਗਤੀ ਨੂੰ ਚੱਲਦਾ ਰੱਖਣ ਲਈ ਜ਼ਰੂਰੀ ਸਮਝਦੇ ਹਨ। ਇਨ੍ਹਾਂ ਦੀ ਪੂਰਤੀ ਜਾਂ ਤ੍ਰਿਪਤੀ ਆਦਿ ਅਧਾਰਮਿਕ ਹੋਣਾ ਨਹੀਂ। ਉਹ ਧਰਮ ਦੇ ਨਾਂ ’ਤੇ ਸਰੀਰਕ ਤੇ ਆਰਥਿਕ-ਸਮਾਜਿਕ ਲੋੜਾਂ ਨੂੰ ਦਬਾਉਣ ਦੇ ਵਿਰੁੱਧ ਸਨ। ਇਸ ਲਈ ਉਹ ਕਿਸੇ ਵੀ ਤਰ੍ਹਾਂ ਸਰੀਰ ਨੂੰ ਬੇਲੋੜਾ ਕਸ਼ਟ ਦੇਣ ਨੂੰ ਫੋਕਟ ਕਰਮ-ਕਾਂਡ ਸਮਝਦੇ ਸਨ। ਉਹ ਸਪੱਸ਼ਟ ਕਰਦੇ ਹਨ:
ਅੰਨੁ ਨ ਖਾਇਆ ਸਾਦੁ ਗਵਾਇਆ॥
ਬਹੁ ਦੁਖੁ ਪਾਇਆ ਦੂਜਾ ਭਾਇਆ॥
ਬਸਤ੍ਰ ਨ ਪਹਿਰੈ॥
ਅਹਿਨਿਸਿ ਕਹਰੈ॥
ਮੋਨਿ ਵਿਗੂਤਾ॥
ਕਿਉ ਜਾਗੈ ਗੁਰ ਬਿਨੁ ਸੂਤਾ॥
ਪਗ ਉਪੇਤਾਣਾ॥
ਅਪਣਾ ਕੀਆ ਕਮਾਣਾ॥
ਅਲੁ ਮਲੁ ਖਾਈ ਸਿਰਿ ਛਾਈ ਪਾਈ॥
ਮੂਰਖਿ ਅੰਧੈ ਪਤਿ ਗਵਾਈ॥ (ਪੰਨਾ 467)
ਗੁਰਬਾਣੀ ਵਿਚਲੇ ਕਿਰਤ ਦੇ ਸਤਿਕਾਰ ਦੇ ਸੰਕਲਪ ਨੇ ਪੰਜਾਬੀ ਸਭਿਆਚਾਰ ਨੂੰ ਬਹੁਤੀ ਅਮੀਰੀ ਪ੍ਰਦਾਨ ਕੀਤੀ ਹੈ। ਪੰਜਾਬੀ ਦੁਨੀਆਂ ਭਰ ’ਚ ਉੱਦਮੀ, ਮਿਹਨਤੀ ਤੇ ਸਿਰਜਣਾਤਮਕ ਪ੍ਰਕਿਰਤੀ ਦੇ ਲਈ ਜਾਣੇ ਜਾਂਦੇ ਹਨ। ਪੰਜਾਬੀਆਂ ਨੇ ਆਪਣੇ ਪ੍ਰਾਂਤ ਤੋਂ ਬਾਹਰ ਦੇਸ਼ ਅਤੇ ਵਿਦੇਸ਼ਾਂ ਵਿਚ ਆਪਣੇ ਇਨ੍ਹਾਂ ਗੁਣਾਂ ਕਰਕੇ ਆਪਣੀ ਵੱਖਰੀ ਤੇ ਵਿਲੱਖਣ ਪਛਾਣ ਬਣਾਈ ਹੈ। ਪੰਜਾਬ, ਦੂਜੇ ਭਾਰਤੀ ਪ੍ਰਾਂਤਾਂ ਦੇ ਟਾਕਰੇ ਕਈ ਖੇਤਰਾਂ ਵਿਚ ਅੱਗੇ ਹੈ। ਖੇਤੀਬਾੜੀ ਦੇ ਖੇਤਰ ’ਚ ਪੰਜਾਬ ਮੋਹਰੀ ਦੀ ਭੂਮਿਕਾ ਨਿਭਾ ਰਿਹਾ ਹੈ। ਭਾਰਤ ਦੇ ਕੁੱਲ ਖੇਤਰਫਲ ਦਾ ਕੇਵਲ 1.54% ਹੀ ਪੰਜਾਬ ਪਾਸ ਹੈ, ਪਰ ਕੇਂਦਰੀ ਅਨਾਜ ਭੰਡਾਰ ’ਚ ਪੰਜਾਬ ਦਾ ਕਣਕ ਦਾ ਹਿੱਸਾ 65% ਅਤੇ ਚੌਲਾਂ ਦਾ 40 ਤੋਂ 45% ਹੈ। ਹਰਿਆਣਾ ਅਤੇ ਯੂ.ਪੀ. ਦਾ ਪੱਛਮੀ ਭਾਗ, ਜਿੱਥੇ ਪੰਜਾਬੀ ਵੱਡੀ ਗਿਣਤੀ ’ਚ ਵੱਸੇ ਹੋਏ ਹਨ, ਵਿਚ ਉਨ੍ਹਾਂ ਨੇ ਕਰੜੀ ਮਿਹਨਤ ਕਰ ਕੇ ਭਾਰਤ ਦੇ ਅਨਾਜ ਭੰਡਾਰ ਨੂੰ ਭਰਨ ਵਿਚ ਵੱਡਾ ਯੋਗਦਾਨ ਪਾਇਆ ਹੈ। ਇਸ ਤਰ੍ਹਾਂ ਗੁਰੂ ਸਾਹਿਬਾਨ ਦੇ ਕਿਰਤ ਕਰਨ ਦੇ ਸਿਧਾਂਤ ਨੂੰ ਅਮਲ ’ਚ ਲਾਗੂ ਕੀਤਾ। ਅਸਲ ਵਿਚ ਉਨ੍ਹਾਂ ਨੇ ਆਪ ਜਿੱਥੇ ਵਿਵਹਾਰਕ ਰੂਪ ’ਚ ਸੱਚੀ-ਸੁੱਚੀ ਕਿਰਤ ਕੀਤੀ, ਉਥੇ ਸਿਧਾਂਤਕ ਪੱਧਰ ’ਤੇ ਵਿਅਕਤੀਗਤ ਤੇ ਸਮਾਜਿਕ ਵਿਕਾਸ ਲਈ ਕਿਰਤ ਕਰਨ ਨੂੰ ਪ੍ਰਮੁੱਖਤਾ ਦਿੱਤੀ। ਉਨ੍ਹਾਂ ਨੇ ਆਲਸ, ਸੁਸਤੀ ਅਤੇ ਵਿਹਲੇ ਰਹਿਣ ਦੀ ਪ੍ਰਕਿਰਤੀ ਤੇ ਪ੍ਰਵਿਰਤੀ ਅਤੇ ਨਿਕੰਮੇਪਣ ਨੂੰ ਭੰਡਣ ਦੇ ਨਾਲ ਕਿਰਤੀਆਂ ਨੂੰ ਉਤਸ਼ਾਹਿਤ ਵੀ ਕੀਤਾ:
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ 1245)
ਕਿਸੇ ਦੀ ਕਿਰਤ/ਮਿਹਨਤ ਹੜੱਪਣ, ਗ਼ਰੀਬਾਂ ਦਾ ਹੱਕ ਮਾਰਨ ਵਾਲਾ, ਰਿਸ਼ਵਤਖੋਰ ਤੇ ਬੇਈਮਾਨ ਵਿਅਕਤੀ ਭਾਵੇਂ ਲੱਖਾਂ ਲੋਕ-ਭਲਾਈ ਦੇ ਕੰਮ ਕਰੇ, ਪਰ ਉਹ ਮਾਨਸਿਕ ਸੁਖ-ਸ਼ਾਂਤੀ ਪ੍ਰਾਪਤ ਨਹੀਂ ਕਰ ਸਕਦਾ। ਉਸ ਦੀ ਲਾਲਸਾ, ਧਨ ਸੰਚਿਤ ਕਰਨ ਦੀ ਤ੍ਰਿਸ਼ਨਾ ਉਸ ਨੂੰ ਚੈਨ ਨਹੀਂ ਲੈਣ ਦਿੰਦੀ ਅਤੇ ਉਹ ਹਰ ਵੇਲੇ ਮਾਨਸਿਕ ਵਿਖੰਡਨ ਤੇ ਬਿਖਰਾਵ ਦਾ ਸ਼ਿਕਾਰ ਰਹਿੰਦਾ ਹੈ। ਉਸ ਪਾਸ ਉੱਚ-ਮਿਆਰੀ ਐਸ਼ੋ-ਇਸ਼ਰਤ ਤੇ ਸੁਖ-ਆਰਾਮ ਦੇ ਸਾਧਨ ਹੋ ਸਕਦੇ ਹਨ, ਪਰ ਉਹ ਮਾਨਸਿਕ ਸੁਖ-ਸ਼ਾਂਤੀ ਤੋਂ ਵੰਚਿਤ ਹੀ ਰਹੇਗਾ।
ਸੋ ਮਾਨਸਿਕ ਭਟਕਾਵ ਤੇ ਬਿਖਰਾਵ ਤਦੇ ਹੀ ਖ਼ਤਮ ਹੋਵੇਗਾ ਜਦੋਂ ਉਹ ਸੱਚੀ- ਸੁੱਚੀ ਕਿਰਤ ਨੂੰ ਪਹਿਲ ਦੇਵੇਗਾ, ਬੇਈਮਾਨੀ ਤੇ ਰਿਸ਼ਵਤਖੋਰੀ ਦਾ ਤਿਆਗ ਕਰੇਗਾ ਅਤੇ ਕਿਸੇ ਦੀ ਕਿਰਤ ਜਾਂ ਹੱਕ ਨਹੀਂ ਖਾਏਗਾ। ਗੁਰੂ ਸਾਹਿਬਾਨ ਨੇ ਬਹੁਤ ਖ਼ੂਬਸੂਰਤ ਫ਼ਰਮਾਇਆ ਹੈ:
ਉਦਮੁ ਕਰਤ ਸੀਤਲ ਮਨ ਭਏ॥
ਮਾਰਗਿ ਚਲਤ ਸਗਲ ਦੁਖ ਗਏ॥ (ਪੰਨਾ 201)
ਅਤੇ ਭਾਈ ਗੁਰਦਾਸ ਜੀ ਅਨੁਸਾਰ:
ਹਥੀ ਕਾਰ ਕਮਾਵਣੀ ਪੈਰੀ ਚਲਿ ਸਤਿਸੰਗਿ ਮਿਲੇਹੀ।
ਕਿਰਤਿ ਵਿਰਤਿ ਕਰਿ ਧਰਮ ਦੀ ਖਟਿ ਖਵਾਲਣੁ ਕਾਰਿ ਕਰੇਹੀ। (ਵਾਰ 1:3)
ਘਾਲਿ ਖਾਇ ਸੇਵਾ ਕਰੈ……। (ਵਾਰ 28:6)
ਗੁਰਬਾਣੀ ਅਨੁਸਾਰ ਕਿਰਤ ਇਮਾਨਦਾਰਾਨਾ ਤੇ ਸੱਚੀ-ਸੁੱਚੀ ਭਾਵਨਾ ਨਾਲ ਓਤ-ਪੋਤ ਹੋਣੀ ਚਾਹੀਦੀ ਹੈ। ਕਿਸੇ ਦੀ ਕਿਰਤ ਦਾ ਉਚਿਤ ਇਵਜ਼ਾਨਾ ਨਾ ਦੇਣਾ ਜਾਂ ਦੇਣਾ ਹੀ ਨਾ ਅਤੇ ਘੱਟ ਕੰਮ ਕਰਕੇ ਵੱਧ ਇਵਜ਼ਾਨਾ ਲੈਣ ਦੀ ਪ੍ਰਵਿਰਤੀ ਨੂੰ ਗੁਰੂ ਸਾਹਿਬਾਨ ਨੇ ਸਪੱਸ਼ਟ ਭਾਂਤ ਰੱਦ ਕੀਤਾ ਹੈ ਕਿਉਂਕਿ ਇਹ ਸਾਰਾ ਕੁਝ ਦੂਜੇ ਵੱਲੋਂ ਕੀਤੀ ਗਈ ਕਿਰਤ ਦਾ ਫਲ ਹਥਿਆਉਣ ਦੇ ਬਰਾਬਰ ਹੈ ਜਾਂ ਦੂਜੇ ਦਾ ਹੱਕ ਖਾਣ ਦੇ ਬਰਾਬਰ ਹੈ। ਪਰ ਸਿੱਖ-ਦਰਸ਼ਨ ਪਰਾਇਆ ਹੱਕ ਖਾਣ ਦੀ ਸਖ਼ਤ ਮਨਾਹੀ ਕਰਦਾ ਹੈ:
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥ (ਪੰਨਾ 141)
ਭਾਈ ਲਾਲੋ ਵਾਲੀ ਸੁਚਰਚਿਤ ਸਾਖੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਬਤ ਕੀਤਾ ਕਿ ਮਲਕ ਭਾਗੋ ਨੇ ਗਰੀਬ ਮਿਹਨਕਸ਼ਾਂ ਦਾ ਲਹੂ ਨਿਚੋੜਿਆ ਹੈ। ਇਹ ਲਹੂ, ਉਨ੍ਹਾਂ ਦੀ ਕਿਰਤ ਦਾ ਪੂਰਾ ਮੁੱਲ ਨਾ ਦੇ ਕੇ, ਉਨ੍ਹਾਂ ਪਾਸੋਂ ਵਗਾਰ ਲੈ ਕੇ, ਉਨ੍ਹਾਂ ਤੋਂ ਨਜਾਇਜ਼ ਉਗਰਾਹੀਆਂ ਕਰ ਕੇ ਅਤੇ ਉਨ੍ਹਾਂ ਉੱਪਰ ਜ਼ੁਲਮ ਕਰ ਕੇ, ਨਿਚੋੜਿਆ ਗਿਆ ਸੀ। ਗੁਰੂ ਸਾਹਿਬ ਨੇ ਇਹ ਲਹੂ ਮਲਕ ਭਾਗੋ ਦੇ ਪਕਵਾਨਾਂ ਵਿਚ ਸਪੱਸ਼ਟ ਤੱਕਿਆ ਅਤੇ ਹਾਜ਼ਰ ਲੋਕਾਂ ਨੂੰ ਦਰਸਾਇਆ। ਦੂਜੇ ਪਾਸੇ ਭਾਈ ਲਾਲੋ ਦੀ ਹੱਕ-ਹਲਾਲ ਦੀ ਕਮਾਈ ਗੁਰੂ ਸਾਹਿਬ ਨੂੰ ਨਿਰਮਲ ਦੁੱਧ ਵਰਗੀ ਪ੍ਰਤੀਤ ਹੋਈ। ਇਸ ਤਰ੍ਹਾਂ ਗੁਰੂ ਸਾਹਿਬਾਨ ਨੇ ਉਤਪਾਦਨ ਦੇ ਸਾਧਨਾਂ, ਸੰਦਾਂ, ਉਤਪਾਦਨ ਤੇ ਉਤਪਾਦਕ ਦੀ ਵੰਡ ਤੇ ਖਪਤ ਨੂੰ ਸਦਾਚਾਰਕ ਮੁੱਲ-ਵਿਧਾਨ ਨਾਲ ਅੰਤਰ-ਸੰਬੰਧਿਤ ਕਰ ਦਿੱਤਾ:
ਧੰਧਾ ਕਰਤ ਸਗਲੀ ਪਤਿ ਖੋਵਸਿ ਭਰਮੁ ਨ ਮਿਟਸਿ ਗਵਾਰਾ॥ (ਪੰਨਾ 1127)
ਕਿਸੇ ਦੀ ਕਿਰਤ ਦੀ ਖੋਹ-ਖਿੰਝ ਕਰ ਕੇ ਜਾਂ ਕਿਸੇ ਵੀ ਤਰ੍ਹਾਂ ਦੋ ਨੰਬਰ ਦੀ ਕਮਾਈ ਦੀ ਪ੍ਰਕਿਰਤੀ ਅਤੇ ਇਸ ਦੀ ਅਮਲ ਤੇ ਅੰਤ ’ਚ ਤਬਾਹਕੁੰਨ ਪ੍ਰਵਿਰਤੀ ਤੋਂ ਵੀ ਗੁਰੂ ਸਾਹਿਬਾਨ ਭਲੀ-ਭਾਂਤ ਜਾਣੂ ਸਨ। ਉਨ੍ਹਾਂ ਨੂੰ ਸਪੱਸ਼ਟ ਸੀ ਕਿ ਪਾਪਾਂ ਤੋਂ ਬਿਨਾਂ ਧਨ ਸੰਚਿਤ ਨਹੀਂ ਹੋ ਸਕਦਾ, ਪੈਸਾ ਪੂੰਜੀ ਨਹੀਂ ਬਣ ਸਕਦਾ ਅਤੇ ਸਮਾਜਿਕ ਅਸਮਾਨਤਾ ਪੈਦਾ ਨਹੀਂ ਹੋ ਸਕਦੀ। ਗੁਰਦੇਵ ਨੇ ਬਾਣੀ ਵਿਚ ਪੂੰਜੀ ਦੀ ਪ੍ਰਕਿਰਤੀ ਅਤੇ ਇਸ ਦੀ ਮਾਰੂ ਪ੍ਰਵਿਰਤੀ ਬਾਰੇ ਸਪੱਸ਼ਟ ਕਰ ਦਿੱਤਾ:
ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ॥
ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥ (ਪੰਨਾ 417)
ਦੋ ਨੰਬਰ ਦੀ ਕਮਾਈ ਨਾਲ ਆਪਣੇ ਪਰਵਾਰਿਕ ਮੈਂਬਰਾਂ, ਦੋਸਤਾਂ-ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਸੁਖ-ਸਹੂਲਤਾਂ ਪ੍ਰਦਾਨ ਕਰ ਕੇ ਮਨੁੱਖ ਆਮ ਕਰਕੇ ਬੜਾ ਖੁਸ਼ ਹੁੰਦਾ ਹੈ ਅਤੇ ਸਵੈ-ਸੰਤੁਸ਼ਟ ਹੁੰਦਾ ਹੈ ਪਰ ਗੁਰਬਾਣੀ ਸਾਵਧਾਨ ਕਰਦੀ ਹੈ:
ਬਹੁ ਪਰਪੰਚ ਕਰਿ ਪਰ ਧਨੁ ਲਿਆਵੈ॥
ਸੁਤ ਦਾਰਾ ਪਹਿ ਆਨਿ ਲੁਟਾਵੈ॥1॥
ਮਨ ਮੇਰੇ ਭੂਲੇ ਕਪਟੁ ਨ ਕੀਜੈ॥
ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ॥ (ਪੰਨ 656)
ਗ਼ਲਤ ਢੰਗ-ਤਰੀਕਿਆਂ ਨਾਲ ਜਾਂ ਅਸਮਾਜਿਕ ਸਾਧਨਾਂ ਨਾਲ ਇਕੱਠੀ ਕੀਤੀ ਧਨ-ਦੌਲਤ ਮਨੁੱਖ ਵਿਚ ਕਈ ਵਿਕਾਰ ਤੇ ਬੁਰਾਈਆਂ ਪੈਦਾ ਕਰ ਦਿੰਦੀ ਹੈ। ਸਿੱਟੇ ਵਜੋਂ ਉਹ ਮਾਨਸਿਕ ਪੱਧਰ ਜਾਂ ਨੈਤਿਕ ਤੌਰ ’ਤੇ ਖੋਖਲਾ ਹੋ ਜਾਂਦਾ ਹੈ। ਸੋ ਸੱਚੀ-ਸੁੱਚੀ ਕਿਰਤ ਅਸਲ ਵਿਚ ਮਨੁੱਖੀ ਸਦਗੁਣਾਂ ਨਾਲ ਸਿੱਧੇ ਰੂਪ ਵਿਚ ਅੰਤਰ-ਸੰਬੰਧਿਤ, ਅੰਤਰ-ਆਧਾਰਿਤ ਤੇ ਅੰਤਰ-ਨਿਰਭਰ ਹੈ। ਭਾਵ ਸੱਚੀ-ਸੁੱਚੀ ਕਿਰਤ ਮਨੁੱਖੀ ਸਦਗੁਣਾਂ ਨੂੰ ਪੈਦਾ ਕਰਦੀ ਤੇ ਦ੍ਰਿੜ੍ਹਾਉਂਦੀ ਹੈ ਅਤੇ ਮਾਨਵੀ ਸਦਗੁਣ ਸੱਚੀ-ਸੁੱਚੀ ਕਿਰਤ ਲਈ ਉਤਸ਼ਾਹਿਤ ਕਰਦੇ ਹਨ:
ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ॥ (ਪੰਨਾ 1243)
ਮਾਇਆ, ਧਨ ਜਾਂ ਪੂੰਜੀ ਦਾ ਸੰਕਲਪ ਭਾਵ ਪਦਾਰਥ ਨਹੀਂ ਹੈ, ਸਗੋਂ ਪਦਾਰਥ ਦਾ ਅੰਨ੍ਹਾ ਮੋਹ ਤੇ ਲੁੱਟ ਖੋਹ ਹੈ, ਸ਼ੋਸ਼ਣ ਹੈ। ਇਸ ਮੋਹ ਵਿਚ ਮਨੁੱਖ ਆਪਣੀ ਮੌਲਿਕ ਤੇ ਕਰਤਾਰੀ ਸ਼ਕਤੀ ਤੋਂ ਵੰਚਿਤ ਹੋ ਜਾਂਦਾ ਹੈ। ਉਹ ਭੁੱਲ ਜਾਂਦਾ ਹੈ ਕਿ ਉੱਤਮ ਜੀਵਨ-ਪ੍ਰਾਪਤੀਆਂ ’ਚ ਧਨ ਜਾਂ ਵੱਧ ਤੋਂ ਵੱਧ ਮਲਕੀਅਤ (Possession) ਵਿਚ ਨਹੀਂ ਸਗੋਂ ਸਿਰਜਣਾ (Creation) ਵਿਚ ਹੈ। ਅਮੋਲਕ ਮਨੁੱਖਾ ਜਨਮ ਦਾ ਉਦੇਸ਼ ਭਗਤ ਕਬੀਰ ਜੀ ਅਨੁਸਾਰ:
ਅਹਿਰਖ ਵਾਦੁ ਨ ਕੀਜੈ ਰੇ ਮਨ॥
ਸੁਕ੍ਰਿਤੁ ਕਰਿ ਕਰਿ ਲੀਜੈ ਰੇ ਮਨ॥ (ਪੰਨਾ 479)
ਪਰ ਗਿਆਨ ਵਿਹੂਣਾ ਮਨੁੱਖ ਕੀ ਕਰ ਰਿਹਾ ਹੈ:
ਸੁਆਦ ਬਾਦ ਈਰਖ ਮਦ ਮਾਇਆ॥
ਇਨ ਸੰਗਿ ਲਾਗਿ ਰਤਨ ਜਨਮੁ ਗਵਾਇਆ॥ (ਪੰਨਾ 741)
ਗੁਰਬਾਣੀ ਕਿਰਤ ਕਰਨ ਦਾ ਸੰਕਲਪ ਪੇਸ਼ ਕਰਦਿਆਂ ਚੰਗੇ-ਬੁਰੇ ਅਤੇ ਨੇਕੀ ਤੇ ਬਦੀ ਦੇ ਕੰਮਾਂ ਦਰਮਿਆਨ ਸਪੱਸ਼ਟ ਭਾਂਤ ਨਿਖੇੜਾ ਕਰਦੀ ਹੈ। ਗੁਰਬਾਣੀ ਸੁਕਿਰਤ ਅਤੇ ਚੰਗੇ, ਨੇਕ ਤੇ ਲੋਕ-ਹਿਤੂ ਕੰਮ ਕਰਨ ’ਤੇ ਬਲ ਦਿੰਦੀ ਹੈ ਅਤੇ ਬੁਰੇ ਕੰਮਾਂ ਤੋਂ ਹੋੜਦੀ ਹੈ। ਗੁਰਵਾਕ ਹਨ:
ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ॥ (ਪੰਨਾ 918)
ਕਰਣੀ ਬਾਝਹੁ ਭਿਸਤਿ ਨ ਪਾਇ॥ (ਪੰਨਾ 952)
ਕਰਣੀ ਬਾਝਹੁ ਤਰੈ ਨ ਕੋਇ॥ (ਉਹੀ)
ਫਰੀਦਾ ਜਿਨੀ੍ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ॥ (ਪੰਨਾ 1381)
ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ॥ (ਪੰਨਾ 1383)
ਗੁਰਬਾਣੀ ਜਿੱਥੇ ਦਸਾਂ ਨਹੁੰਆਂ ਨਾਲ ਸੱਚੀ-ਸੁੱਚੀ ਕਿਰਤ ਕਰਨ ’ਤੇ ਬਲ ਦਿੰਦੀ ਹੈ, ਉਥੇ ਕਿਰਤ ਤੋਂ ਪ੍ਰਾਪਤ ਜਾਂ ਆਪਣੀ ਮਿਹਨਤ ਸ਼ਕਤੀ ਵਰਤਣ-ਖਰਚਣ ਨਾਲ ਪ੍ਰਾਪਤ ਉਤਪਾਦਨ ਨੂੰ ਚੋਰਾਂ ਤੋਂ ਬਚਾ ਕੇ ਰੱਖਣ ਦੀ ਗੱਲ ਵੀ ਕਰਦੀ ਹੈ:
ਰਾਖਹੁ ਖੇਤੀ ਹਰਿ ਗੁਰ ਹੇਤੀ ਜਾਗਤ ਚੋਰੁ ਨ ਲਾਗੈ॥ (ਪੰਨਾ 1110)
ਚੋਰ, ਕੇਵਲ ਰਾਤ ਨੂੰ ਜਾਂ ਲੋਕਾਂ ਦੇ ਸੌਣ ਸਮੇਂ ਹੀ ਕਾਰਜਸ਼ੀਲ ਨਹੀਂ ਹੁੰਦੇ ਸਗੋਂ ਉਹ ਕਈ ਪ੍ਰਤੱਖ ਜਾਂ ਅਪ੍ਰਤੱਖ ਢੰਗਾਂ ਨਾਲ ਵੀ ਸਰਗਰਮ ਹੁੰਦੇ ਹਨ। ਬਦਕਿਸਮਤੀ ਨੂੰ ਚੇਤਨਾ ਸੰਕਟ ਦਾ ਸ਼ਿਕਾਰ ਆਮ ਲੋਕ ਚੋਰਾਂ/ਲੁਟੇਰਿਆਂ ਤੇ ਲੋਟੂ ਤੇ ਲੋਕ-ਮਾਰੂ ਹਾਕਮਾਂ ਦੇ ਢੰਗ-ਤਰੀਕਿਆਂ ਤੋਂ ਜਾਣੂ ਨਹੀਂ ਹੁੰਦੇ ਅਤੇ ਸਿੱਟੇ ਵਜੋਂ ਉਨ੍ਹਾਂ ਦੇ ਮਨ- ਮਸਤਕ ਵਿਚ ਲੁਟੇਰਿਆਂ ਤੇ ਸ਼ੋਸ਼ਕਾਂ ਪ੍ਰਤੀ ਨਫ਼ਰਤ ਦੇ ਭਾਵ ਪੈਦਾ ਹੀ ਨਹੀਂ ਹੁੰਦੇ। ਸਿੱਖ ਸਿਧਾਂਤਕਾਰਾਂ ਨੇ ਅਰੰਭ ਤੋਂ ਹੀ ਲੋਕਾਂ ਨੂੰ ਜਾਗ੍ਰਿਤ ਕਰਨ ਦਾ ਕਾਰਜ ਅਰੰਭ ਦਿੱਤਾ ਸੀ। ਗੁਰੂ ਸਾਹਿਬਾਨ ਨੇ ਆਪਣੇ ਸਮੇਂ ’ਚ ਲਾਗੂ ਅਣਉਚਿਤ ਟੈਕਸਾਂ ਦਾ ਵਿਰੋਧ ਕੀਤਾ ਕਿਉਂਕਿ ਇਹ ਟੈਕਸ ਨਿਮਨ, ਵੰਚਿਤ ਤੇ ਸ਼ੋਸ਼ਿਤ ਵਰਗਾਂ ਨੂੰ ਆਰਥਿਕ ਤੌਰ ’ਤੇ ਹੋਰ ਦੁਖੀ ਕਰਨ ਵਾਲੇ ਸਨ:
ਬੰਧਨ ਕਿਰਖੀ ਕਰਹਿ ਕਿਰਸਾਨ॥
ਹਉਮੈ ਡੰਨੁ ਸਹੈ ਰਾਜਾ ਮੰਗੈ ਦਾਨ॥ (ਪੰਨਾ 416)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਕਿਸਾਨਾਂ ਨੂੰ ਉਨ੍ਹਾਂ ਦੀ ਹੱਡ-ਭੰਨਵੀਂ ਮਿਹਨਤ ਨਾਲ ਪੈਦਾ ਕੀਤੀ ਜਿਣਸ ਦੇ ਮੁੱਲ ਅਤੇ ਮੰਡੀ ਵਿਚਲੇ ਵਪਾਰੀਆਂ ਤੇ ਸ਼ਾਹੂਕਾਰਾਂ ਦੁਆਰਾ ਪ੍ਰਾਪਤ ਵੇਚ ਮੁੱਲ ਵਿਚ ਵੱਡੇ ਫਰਕ ਨੂੰ ਨੋਟ ਕੀਤਾ ਅਤੇ ਇਸ ਫਰਕ ਨੂੰ ਕਿਸਾਨਾਂ ਨੂੰ ਤਬਾਹ ਕਰਨ ਵਾਲਾ ਪ੍ਰਵਾਨ ਕੀਤਾ। ਇਸ ਤਰ੍ਹਾਂ ਉਨ੍ਹਾਂ ਨੇ ਕਿਸਾਨਾਂ ਨੂੰ ਉਚਿਤ ਮੁੱਲ ਨਾ ਮਿਲਣ ਅਤੇ ਵਪਾਰੀਆਂ-ਸ਼ਾਹੂਕਾਰਾਂ ਦੇ ਸ਼ੋਸ਼ਣ ਦਾ ਮੁੱਦਾ ਉਭਾਰਿਆ। ਇਸ ਤਰ੍ਹਾਂ ਇਕ ਢੰਗ ਨਾਲ ਉਨ੍ਹਾਂ ਨੇ ਜਿਣਸਾਂ ਦੇ ਉਚਿਤ ਮੁੱਲ ਨਿਸ਼ਚਿਤ ਕਰਨ ਦਾ ਮਸਲਾ ਉਭਾਰਿਆ।
ਲੇਖਕ ਬਾਰੇ
#142, ਅਰਬਨ ਅਸਟੇਟ ਬਟਾਲਾ (ਗੁਰਦਾਸਪੁਰ)-143505.
- ਡਾ. ਅਨੂਪ ਸਿੰਘhttps://sikharchives.org/kosh/author/%e0%a8%a1%e0%a8%be-%e0%a8%85%e0%a8%a8%e0%a9%82%e0%a8%aa-%e0%a8%b8%e0%a8%bf%e0%a9%b0%e0%a8%98/August 1, 2009
- ਡਾ. ਅਨੂਪ ਸਿੰਘhttps://sikharchives.org/kosh/author/%e0%a8%a1%e0%a8%be-%e0%a8%85%e0%a8%a8%e0%a9%82%e0%a8%aa-%e0%a8%b8%e0%a8%bf%e0%a9%b0%e0%a8%98/