ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਮਤਿ ਸੰਗੀਤ ਨੂੰ ਸਿਧਾਂਤਕ ਤੇ ਵਿਵਹਾਰਕ ਰੂਪ ਵਿਚ ਸੁਦ੍ਰਿੜ੍ਹ ਸਰੂਪ ਪ੍ਰਦਾਨ ਕਰਵਾਇਆ। ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਕੇ ਗੁਰਮਤਿ ਸੰਗੀਤ ਪਰੰਪਰਾ ਨੂੰ ਸਥਾਈ ਰੂਪ ਵਿਚ ਸਥਾਪਿਤ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਲਾਈ ਹੋਈ ਕੀਰਤਨ-ਪਰੰਪਰਾ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬੜੇ ਸੁਚੱਜੇ ਢੰਗ ਨਾਲ ਅੱਗੇ ਤੋਰ ਨਿਭਾਇਆ। ਸ੍ਰੀ ਗੁਰੂ ਅਰਜਨ ਦੇਵ ਜੀ ਇਕ ਮਹਾਨ ਸੰਗੀਤਕਾਰ ਸਨ। ਸਿੱਖ ਸੰਗੀਤ ਵਿਚ ਇਨ੍ਹਾਂ ਦਾ ਮਹੱਤਵਪੂਰਨ ਸਥਾਨ ਹੈ। ਕੀਰਤਨ ਦਾ ਸਭ ਤੋਂ ਵਧੇਰੇ ਪ੍ਰਚਾਰ ਸ੍ਰੀ ਗੁਰੂ ਅਰਜਨ ਦੇਵ ਜੀ ਵੇਲੇ ਹੀ ਹੋਇਆ। ਗੁਰੂ ਸਾਹਿਬ ਨੇ ਕੀਰਤਨ ਦੀ ਪਰੰਪਰਾ ਨੂੰ ਆਮ ਸਿੱਖਾਂ ਵਿਚ ਪ੍ਰਚਾਰਿਆ, ਜਿਸ ਨਾਲ ਸਿੱਖਾਂ ਵਿਚ ਗੁਰਮਤਿ ਸੰਗੀਤ ਦਾ ਪ੍ਰਚਾਰ ਹੋਰ ਵਧਿਆ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਤਕ ਕੀਰਤਨਕਾਰ (ਗਾਇਕ) ਮਿਰਾਸੀ ਜਾਂ ਡੂਮ ਹੀ ਹੋਏ ਹਨ ਕਿਉਂਕਿ ਮਿਰਾਸੀ ਲੋਕ ਰਾਗ-ਵਿੱਦਿਆ ਵਿਚ ਬੜੇ ਨਿਪੁੰਨ ਹੁੰਦੇ ਸਨ ਅਤੇ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨਾ ਜੀ ਦੇ ਸਤਿਕਾਰ ਨੂੰ ਮੁੱਖ ਰੱਖ ਕੇ ਰਬਾਬੀਆਂ ਨੂੰ ਕੀਰਤਨ ਦੀ ਸੇਵਾ ’ਤੇ ਲਾਇਆ ਜਾਂਦਾ ਸੀ। ਇਹੋ ਕਾਰਨ ਸੀ ਕਿ ਸਿੱਖਾਂ ਨੂੰ ਰਾਗ-ਵਿੱਦਿਆ ਮੁਸਲਮਾਨ ਰਬਾਬੀਆਂ ਪਾਸੋਂ ਸਿੱਖਣੀ ਪੈਂਦੀ ਸੀ। ਆਪ ਜੀ ਦੇ ਸਮੇਂ ਗੁਰੂ-ਦਰਬਾਰ ਵਿਚ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਕੀਰਤਨ ਕਰਦੇ ਸਨ। ਕਿਸੇ ਕਾਰਨ ਜਦੋਂ ਇਨ੍ਹਾਂ ਨੇ ਗੁਰੂ-ਦਰਬਾਰ ਵਿਚ ਕੀਰਤਨ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਗੁਰੂ ਸਾਹਿਬ ਨੇ ਸਾਧਾਰਨ ਸਿੱਖ ਸੰਗਤਾਂ ਨੂੰ ਕੀਰਤਨ ਕਰਨ ਦਾ ਉਪਦੇਸ਼ ਦਿੱਤਾ ਅਤੇ ਗੁਰੂ ਸਾਹਿਬ ਨੇ ਆਪ ਸੰਗਤਾਂ ਨੂੰ ਕੀਰਤਨ ਦੀ ਸਿੱਖਿਆ ਦਿੱਤੀ। ਗੁਰੂ ਜੀ ਨੇ ਆਪ ਸਿਰੰਦਾ ਹੱਥ ਵਿਚ ਲੈ ਕੇ ਸੰਗਤਾਂ ਨੂੰ ਕੀਰਤਨ ਕਰਨ ਦਾ ਹੁਕਮ ਦਿੱਤਾ।
ਗੁਰਗੱਦੀ ਕਾਲ ਦੌਰਾਨ ਆਪ ਨੇ ਆਸਾ ਕੀ ਵਾਰ ਦਾ ਕੀਰਤਨ ਕਰਨ ਦੀ ਐਸੀ ਪੱਕੀ ਪਿਰਤ ਪਾਈ ਜੋ ਅੱਜ ਤਕ ਚਲੀ ਆ ਰਹੀ ਹੈ। ਗੁਰੂ ਸਾਹਿਬ ਦੀ ਸੋਚਣੀ ਸੀ:
ਸੋ ਅਸਥਾਨੁ ਬਤਾਵਹੁ ਮੀਤਾ॥
ਜਾ ਕੈ ਹਰਿ ਹਰਿ ਕੀਰਤਨੁ ਨੀਤਾ॥ (ਪੰਨਾ 385)
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਦੀ ਪ੍ਰਧਾਨ ਸੁਰ ਅਧਿਆਤਮਕ ਹੈ ਕਿਉਂਕਿ ਇਸ ਵਿਚ ਅਨੁਭਵੀ ਸਾਹਿਤ ਦਾ ਪ੍ਰਕਾਸ਼ਨ ਕੀਤਾ ਹੋਇਆ ਹੈ। ਜਿਸ ਸਤਿ ਦਾ ਅਨੁਭਵ ਗੁਰੂ ਸਾਹਿਬਾਨ ਨੂੰ ਪਰਮਾਤਮ-ਦਰਸ਼ਨ ਵਿਚ ਹੋਇਆ, ਉਸੇ ਦਾ ਪ੍ਰਕਾਸ਼ਨ ਉਨ੍ਹਾਂ ਨੇ ਬਾਣੀ ਵਿਚ ਕੀਤਾ। ਇਸੇ ਲਈ ਬਾਣੀ ਨੂੰ ‘ਧੁਰ ਕੀ ਬਾਣੀ’, ਜਾਂ ‘ਸੱਚੀ ਬਾਣੀ’ ਜਾਂ ‘ਅੰਮ੍ਰਿਤ ਬਾਣੀ’ ਕਿਹਾ ਹੈ। ਅਧਿਆਤਮਕ ਸੁਰ ਪ੍ਰਧਾਨ ਹੋਣ ਦੇ ਬਾਵਜੂਦ ਵੀ ਬਾਣੀ ਮਨੁੱਖ ਦੇ ਸਦਾਚਾਰਕ, ਮਾਨਸਿਕ, ਸਮਾਜਿਕ- ਇਥੋਂ ਤਕ ਕਿ ਰਾਜਨੀਤਕ ਪਹਿਲੂਆਂ ਬਾਰੇ ਵੀ ਚਾਨਣਾ ਪਾਉਂਦੀ ਹੈ, ਇਸੇ ਕਰਕੇ ਕਿ ਗੁਰਬਾਣੀ ਵਿਚ ਮਨੁੱਖ ਨੂੰ ਇਕ ਅਧੂਰਾ ਨਹੀਂ ਸਗੋਂ ਪੂਰਾ-ਸੂਰਾ ਮਨੁੱਖ ਹੋਣਾ ਪ੍ਰਵਾਨ ਕੀਤਾ ਗਿਆ ਹੈ। ਗੁਰਬਾਣੀ ਦਾ ਮਨੁੱਖ ਹਰ ਪਹਿਲੂ ਤੋਂ ਨਰੋਆ, ਸਜਿਆ, ਸੰਵਰਿਆ ਮਨੁੱਖ ਹੈ ਜਿਸ ਨੇ ਨਰੋਏ, ਸਜੇ ਅਤੇ ਸੰਵਰੇ ਸਮਾਜ ਦੀ ਸਿਰਜਣਾ ਕਰਨੀ ਹੈ। ਇਸ ਪੂਰਨਤਾ ਨੂੰ ਪ੍ਰਾਪਤ ਆਦਰਸ਼ ਮਨੁੱਖ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਜਪੁਜੀ ਸਾਹਿਬ’ ਵਿਚ ‘ਸਚਿਆਰ’ ਦੀ ਸੰਗਿਆ ਦਿੱਤੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਸੁਖਮਨੀ ਸਾਹਿਬ’ ਵਿਚ ਇਸ ਨੂੰ ਬ੍ਰਹਮ ਗਿਆਨੀ ਕਿਹਾ ਹੈ ਅਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਵਿਚ ਅਜਿਹੇ ਮਨੁੱਖ ਨੂੰ ‘ਗੁਰਮੁਖਿ’ ਕਿਹਾ ਹੈ ਅਤੇ ਗੁਰਮੁਖਿ ਪਦ ਦੀ ਪ੍ਰਾਪਤੀ ਸ੍ਰੀ ਗੁਰੂ ਅਮਰਦਾਸ ਜੀ ਅਨੁਸਾਰ ਬਹੁਤ ਕਰੜੀ ਘਾਲਣਾ ਤੋਂ ਬਾਅਦ ਪ੍ਰਾਪਤ ਹੁੰਦੀ ਹੈ। ਇਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਵਾਰਾਂ ਦੀ ਪ੍ਰਧਾਨ ਸੁਰ ਉਹ ਜੁਗਤਿ ਹੈ, ਜਿਸ ਰਾਹੀਂ ਇਸ ਗੁਰਮੁਖਿ ਦੀ ਅਵਸਥਾ ਨੂੰ ਪਹੁੰਚਣਾ ਹੈ। ਇਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਵਾਰਾਂ ਵਿਚ ਸਿੱਖ ਧਰਮ-ਦਰਸ਼ਨ ਦੇ ਜਿਹੜੇ ਮੂਲ ਸਰੋਕਾਰਾਂ ਦੀ ਜਾਣਕਾਰੀ ਸਾਨੂੰ ਪ੍ਰਾਪਤ ਹੁੰਦੀ ਹੈ, ਉਨ੍ਹਾਂ ਨੂੰ ਵਿਸ਼ੇ-ਵਸਤੂ ਦੇ ਤੌਰ ’ਤੇ ਅਸੀਂ ਇਸ ਤਰ੍ਹਾਂ ਵੰਡ ਸਕਦੇ ਹਾਂ: ਅਕਾਲ ਪੁਰਖ, ਜਿਸ ਨੂੰ ਜਪੁਜੀ ਸਾਹਿਬ ਵਿਚ ਕਰਤਾ ਪੁਰਖ ਵੀ ਕਿਹਾ ਹੈ ਅਤੇ ਮੂਲ ਮੰਤਰ ਵਿਚ ਇਸ ਦੇ ਗੁਣਾਂ ਦਾ ਵਰਣਨ ਕੀਤਾ ਹੈ। ਫਿਰ ਕਰਤਾ ਪੁਰਖ ਦੀ ਰਚਨਾ ਹੈ ਜਿਸ ਨੂੰ ਅਸੀਂ ਸ੍ਰਿਸ਼ਟੀ ਕਹਿੰਦੇ ਹਾਂ। ਇਸ ਰਚਨਾ ਦਾ ਹੀ ਇਕ ਪ੍ਰਮੁੱਖ ਹਿੱਸਾ ਮਨੁੱਖ ਹੈ, ਜਿਸ ਬਾਰੇ ‘ਰਾਮਕਲੀ ਅਨੰਦ’ ਵਿਚ ਗੁਰੂ ਮਹਾਰਾਜ ਨੇ ਕਿਹਾ ਹੈ: “ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ॥” (ਪੰਨਾ 921) ਇਸ ਮਨੁੱਖ ਦਾ ਆਦਰਸ਼ ਹੈ। ਇਸ ਆਦਰਸ਼ ਦੀ ਪ੍ਰਾਪਤੀ ਦੀ ਜੁਗਤਿ ਅਤੇ ਆਦਰਸ਼-ਪ੍ਰਾਪਤੀ ਵਾਲੇ ਦਾ ਸਮਾਜਿਕ ਕਰਮ। ਇਨ੍ਹਾਂ ਸਰੋਕਾਰਾਂ ਪ੍ਰਤੀ ਪ੍ਰਸਤੁਤ ਕੀਤੇ ਚਿੰਤਨ ਦੀ ਜੋ ਮੈਨੂੰ ਸਮਝ ਆਈ ਹੈ, ਉਹ ਸੰਖੇਪ ਵਿਚ ਇਸ ਤਰ੍ਹਾਂ ਹੈ।
ਕਰਤਾ ਪੁਰਖ, ਸਿੱਖ ਧਰਮ-ਚਿੰਤਨ, ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਕ ਲਗਾਤਾਰਤਾ ਵਿਚ ਹੈ। ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਮਾਰੂ ਸੋਲਹੇ’, ‘ਸਿਧ ਗੋਸਟਿ’ ਅਤੇ ‘ਦਖਣੀ ਓਅੰਕਾਰ’ ਬਾਣੀਆਂ ਵਿਚ ਜ਼ਿਕਰ ਕੀਤਾ ਹੈ ਇਸੇ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਰਚੀਆਂ ਵਾਰਾਂ ਵਿਚੋਂ ਵੀ ਸਾਨੂੰ ਇਹ ਗਿਆਨ ਪ੍ਰਾਪਤ ਹੁੰਦਾ ਹੈ ਕਿ ਵਾਹਿਗੁਰੂ ਪਰਮ-ਸਤਿ ਹੈ, ਸਦੀਵੀ ਹੈ ਅਤੇ ਸੈਭੰ ਹੈ। ਰਚਨਾ ਤੋਂ ਪਹਿਲਾਂ ਵਾਹਿਗੁਰੂ ਅਫੁਰ ਅਵਸਥਾ ਵਿਚ ਸੀ। ਕਈ ਜੁੱਗਾਂ ਤਕ ਉਹ ਇਸੇ ਸੁੰਨ-ਸਮਾਧੀ ਦੀ ਅਵਸਥਾ ਵਿਚ ਰਿਹਾ ਅਤੇ ਫਿਰ ਪਰਗਟ ਰੂਪ ਵਿਚ ਆਇਆ ਜਿਵੇਂ ‘ਗੂਜਰੀ ਕੀ ਵਾਰ’ ਵਿਚ ਦੱਸਿਆ ਹੈ:
ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ॥
ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ॥
ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ॥
ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ॥ (ਪੰਨਾ 509)
ਫਿਰ ਉਸ ਨੇ ਆਪਣੇ ਹੁਕਮ ਵਿਚ ਹੀ ਆਪਣੇ ਆਪ ਤੋਂ ਇਸ ਬ੍ਰਹਿਮੰਡ ਦੀ ਰਚਨਾ ਕੀਤੀ। ਉਸ ਦੀ ਰਚਨਾ ਕਿਸੇ ਹੋਰ ਤੋਂ ਨਹੀਂ ਹੋਈ। ਆਪਣੇ ਆਪ ਤੋਂ ਹੋਈ ਹੈ।
ਇਸ ਰਚਨਾ ਵਿਚ ਉਸ ਨੇ ਧਰਤੀ ਨੂੰ ਧਰਮਸਾਲ ਕਰਕੇ ਸਾਜਿਆ। ਖਾਸ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਗੁਰੂ ਸਾਹਿਬਾਨ ਨੇ ਧਰਤੀ ਨੂੰ ‘ਧਰਮਸਾਲ’ ਕਿਹਾ ਹੈ ਜਿਥੇ ਰਹਿ ਕੇ ਮਨੁੱਖ ਧਰਮ ਕਮਾ ਸਕਦਾ ਹੈ। ਇਸ ਸੰਸਾਰ ਨੂੰ ਨਕਾਰਿਆ ਨਹੀਂ ਸਗੋਂ ਧਰਤੀ ਦੀ ਰਚਨਾ ਨੂੰ ਥਾਪਣਾ ਜਾਂ ਸਾਜਣਾ ਕਿਹਾ ਹੈ। ਜਿਵੇਂ ਜਪੁਜੀ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ, ਇਸੇ ਤਰ੍ਹਾਂ ਸੂਹੀ ਕੀ ਵਾਰ ਵਿਚ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਫੁਰਮਾਇਆ ਹੈ:
ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ॥
ਹੁਕਮੇ ਧਰਤੀ ਸਾਜੀਅਨੁ ਸਚੀ ਧਰਮ ਸਾਲਾ॥ (ਪੰਨਾ 785)
ਸੰਜੋਗ ਅਤੇ ਵਿਜੋਗ, ਪਰਮਾਤਮਾ-ਜੋਤ ਨਾਲ ਮਨੁੱਖ ਦਾ ਮਿਲਾਪ ਅਤੇ ਵਿਛੋੜਾ, ਇਸ ਸਿਧਾਂਤ ਦੀ ਰਚਨਾ ਕਰ ਕੇ ਸ੍ਰਿਸ਼ਟੀ ਦਾ ਮੂਲ ਰਚਿਆ। ਇਹ ਰਚਨਾ ਕਰ ਕੇ ਉਹ ਜੋਤਿ-ਰੂਪ ਹੋ ਕੇ ਸਾਰੇ ਸੰਸਾਰ ਵਿਚ ਵਿਆਪਕ ਹੋ ਗਿਆ। ਉਸ ਦੇ ਜੋਤਿ ਰੂਪ ਹੋਣ ਦੀ ਸਮਝ ਗੁਰੂ ਦੇ ਸ਼ਬਦ ਰਾਹੀਂ ਆਉਂਦੀ ਹੈ।
ਮਨੁੱਖ ਵਿਚ ਵੀ ਕਿਉਂਕਿ ਪਰਮਾਤਮ-ਜੋਤਿ ਵਿਆਪਕ ਹੈ ਇਸ ਲਈ ਮਨੁੱਖ ਲਈ ਜੋ ਆਦਰਸ਼ ਰੱਖਿਆ ਹੈ, ਉਹ ਆਪਣੇ ਮੂਲ ਨੂੰ, ਆਪਣੇ ਜੋਤਿ ਸਰੂਪ ਹੋਣ ਨੂੰ ਅਨੁਭਵ ਕਰਨਾ ਹੈ। ਇਸ ਅਨੁਭਵ ਦੀ ਪ੍ਰਾਪਤੀ ਲਈ ਜੋ ਗੁਰਮਤਿ ਜੁਗਤਿ ਹੈ, ਉਹ ਸ਼ਬਦ ਦੀ ਵੀਚਾਰ ਰਾਹੀਂ ਸਮਝ ਆਉਂਦੀ ਹੈ। ਉਸ ਵਾਹਿਗੁਰੂ ਨਾਲ ਮਿਲਾਪ ਗੁਰੁ-ਅਨੁਸਾਰੀ ਹੋ ਕੇ ਚੱਲਣ ਨਾਲ ਹੀ ਸੰਭਵ ਹੈ। ਗੁਰੂ ਅਨੁਸਾਰੀ ਹੋ ਕੇ ਚੱਲਿਆਂ, ਸਤਿਗੁਰੂ ਦੀ ਮਿਹਰ ਰਾਹੀਂ ਹੀ ਮਨੁੱਖ ਨੂੰ ਆਪਣੀ ਅਸਲੀਅਤ ਦਾ ਅਨੁਭਵ ਹੁੰਦਾ ਹੈ। ਇਸ ਤਰ੍ਹਾਂ ਇਸ ਅਨੁਭਵ ਦੀ ਪ੍ਰਾਪਤੀ ਲਈ ਮਨੁੱਖ ਨੂੰ ਯੋਗ ਬਣਨਾ ਪੈਂਦਾ ਹੈ। ਮਨੁੱਖ ਦੇ ਦੋ ਹੀ ਵਰਗ ਮੰਨੇ ਹਨ, ਇਕ ਗੁਰਮੁਖਿ ਅਤੇ ਦੂਸਰਾ ਮਨਮੁਖਿ। ਗੁਰੂ ਸਾਹਿਬਾਨ ਨੂੰ ਪਰਮਾਤਮਾ ਦਾ ਅਨੁਭਵ ਕਿਉਂਕਿ ਬਾਣੀ ਦੇ ਰੂਪ ਵਿਚ ਹੋਇਆ ਹੈ ਅਤੇ ਇਸ ਦੇ ਪ੍ਰਕਾਸ਼ਨ ਦਾ ਮਾਧਿਅਮ ਭਾਸ਼ਾ ਹੈ ਇਸ ਲਈ ਵੱਖ-ਵੱਖ ਵਿਚਾਰਾਂ ਨੂੰ ਸਮਝਾਉਣ ਲਈ ਭਾਸ਼ਾ ਦੇ ਹੀ ਚਿੰਨ੍ਹ ਵਰਤੇ ਹਨ। ਜਿਵੇਂ ਸੂਹੀ ਕੀ ਵਾਰ ਵਿਚ ਗੁਰੂ ਪਾਤਸ਼ਾਹ ਨੇ ਜੀਵ ਨੂੰ ਇਸਤਰੀ ਦੇ ਚਿੰਨ੍ਹ ਰਾਹੀਂ ਅਤੇ ਵਾਹਿਗੁਰੂ ਨੂੰ ਪਤੀ ਦੇ ਚਿੰਨ੍ਹ ਰਾਹੀਂ ਦੱਸਿਆ ਹੈ ਇਸੇ ਤਰ੍ਹਾਂ ਜੋ ਆਪਣੇ ਮਨ ਦੀ ਮਤਿ ਅਨੁਸਾਰ ਚਲਦਾ ਹੈ ਕੁਲੱਖਣੀ ਇਸਤਰੀ ਦੇ ਬਿੰਬ ਰਾਹੀਂ ਪ੍ਰਗਟ ਕੀਤਾ ਹੈ। ਐਸੀ ਜੀਵ-ਇਸਤਰੀ ਮਨ ਦੀ ਮਤਿ ਅਨੁਸਾਰੀ ਹੋਣ ਕਰਕੇ ਹਉਮੈ, ਲੋਭ, ਮੋਹ, ਅਹੰਕਾਰ, ਕਾਮ ਅਤੇ ਕ੍ਰੋਧ ਆਦਿ ਵਿਕਾਰਾਂ ਵਿਚ ਫਸ ਕੇ ਵਾਹਿਗੁਰੂ-ਰੂਪ ਪਤੀ ਤੋਂ ਸਦਾ ਵਿਯੋਗ ਵਿਚ ਹੀ ਰਹਿੰਦੀ ਹੈ, ਵਿੱਛੜੀ ਰਹਿੰਦੀ ਹੈ। ਦਿਖਾਵੇ ਲਈ ਭਾਵੇਂ ਉਸ ਨੇ ਸੂਹਾ ਵੇਸ ਪਹਿਨਿਆ ਹੈ ਜੋ ਸੁਹਾਗਣ ਹੋਣ ਦੀ ਨਿਸ਼ਾਨੀ ਹੈ। ਇਥੇ ਫਿਰ ਸੂਹਾ ਰੰਗ ਝੂਠ ਦਾ ਚਿੰਨ੍ਹ ਹੈ ਜੋ ਕਿ ਕੱਚਾ ਹੈ, ਸਦਾ ਨਹੀਂ ਰਹਿੰਦਾ, ਲੱਥ ਜਾਂਦਾ ਹੈ। ਇਸ ਦੇ ਉਲਟ ਗੁਰਮੁਖ ਰੂਪੀ ਇਸਤਰੀ ਹੈ ਜੋ ਗੁਰੂ ਦੀ ਸਿੱਖਿਆ ਅਨੁਸਾਰ ਚਲਦੀ ਹੈ ਅਤੇ ਸਦਾ ਪਤੀ ਦੇ ਸੰਜੋਗ ਵਿਚ ਰਹਿੰਦੀ ਹੈ। ਉਸ ਦੇ ਵੇਸ ਦਾ ਰੰਗ ਲਾਲ ਹੈ ਜੋ ਮਜੀਠ ਹੈ ਪੱਕਾ, ਕਦੇ ਨਹੀਂ ਉਤਰਦਾ। ਇਹ ਰੰਗ ਨਾਮ ਦਾ ਰੰਗ ਹੈ ਜੋ ਸਿਮਰਨ ਰਾਹੀਂ ਗ੍ਰਹਿਣ ਹੁੰਦਾ ਹੈ। ਉੱਪਰ ਦੱਸੇ ਵਿਕਾਰ ਮਾਇਆ-ਰੋਗ ਰਾਹੀਂ ਪੈਦਾ ਹੁੰਦੇ ਹਨ ਅਤੇ ਇਨ੍ਹਾਂ ਦੀ ਦਵਾਈ ਨਾਮ ਹੈ, ਜੋ ਮਾਇਆ-ਰੋਗ ਨੂੰ ਦੂਰ ਕਰਦੀ ਹੈ।
ਗੁਰੂ ਸਾਹਿਬਾਨ ਰਾਹੀਂ ਪ੍ਰਸਤੁਤ ਕੀਤਾ ਅਧਿਆਤਮਕ-ਚਿੰਤਨ ਸਮਾਜ ਨਾਲ ਜੁੜਿਆ ਹੋਇਆ ਹੈ, ਇਸ ਨਾਲੋਂ ਟੁੱਟਿਆ ਹੋਇਆ ਨਹੀਂ ਹੈ। ਇਹ ਇਕਾਂਤਕ ਨਹੀਂ, ਸੰਗਤੀ ਹੈ। ਨਾਮ-ਸਿਮਰਨ ਲਈ ਸਭ ਤੋਂ ਉੱਤਮ ਸਾਧਨ ਸਤਿ-ਸੰਗਤਿ ਹੈ। ਮਨੁੱਖ ਇਕ ਸਮਾਜਿਕ ਜੀਵ ਹੈ, ਇਸ ਲਈ ਉਸ ਦੇ ਸਮਾਜਿਕ ਸਰੋਕਾਰ ਅਤੇ ਜ਼ੁੰਮੇਵਾਰੀਆਂ ਹਨ। ਗੁਰੂ ਅਮਰਦਾਸ ਜੀ ਨੇ ਸਤੀ ਦੀ ਗੱਲ ਕੀਤੀ ਹੈ ਕਿ ਪਤੀ ਦੀ ਮੌਤ ’ਤੇ ਉਸ ਦੀ ਲਾਸ਼ ਨਾਲ ਸੜਨ ਦੀ ਜ਼ਰੂਰਤ ਨਹੀਂ। ਉਸ ਦੀ ਮੌਤ ਦਾ ਦੁੱਖ ਹੀ ਆਪਣੇ ਆਪ ਵਿਚ ਬਹੁਤ ਵੱਡਾ ਹੈ ਜੋ ਉਸ ਨੂੰ ਸਹਿਣ ਕਰਨਾ ਪੈਣਾ ਹੈ। ਅਸਲੀ ਸਤੀ ਉਹ ਜੀਵ-ਇਸਤਰੀ ਹੈ ਜੋ ਆਪਣੇ ਅੰਦਰ ਸਤਿ, ਸੰਤੋਖ, ਦਇਆ, ਗਿਆਨ ਆਦਿ ਚੰਗੇ ਗੁਣ ਪੈਦਾ ਕਰਦੀ ਹੈ। ਪਤੀ ਦਾ ਚਿੰਨ੍ਹ ਇਥੇ ਵਾਹਿਗੁਰੂ ਲਈ ਵਰਤਿਆ ਹੈ। ਸ੍ਰੀ ਗੁਰੂ ਅਮਰਦਾਸ ਜੀ ਅਨੁਸਾਰ ਧਾਰਮਿਕ ਹੋਣ ਦਾ ਮਹਿਜ਼ ਦਿਖਾਵਾ ਕਰਨ ਨਾਲ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਸਗੋਂ ਜੀਵ ਨੂੰ ਆਪਣੇ ਅੰਦਰ ਧਾਰਮਿਕ ਗੁਣ ਪੈਦਾ ਕਰਨੇ ਪੈਂਦੇ ਹਨ, ਤਾਂ ਹੀ ਅਸਲੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਫਿਰ ਜਿਸ ਤਰ੍ਹਾਂ ਸੂਰਜ ਦੇ ਚੜ੍ਹਨ ਨਾਲ ਚੰਦ੍ਰਮਾ ਨਜ਼ਰ ਨਹੀਂ ਆਉਂਦਾ, ਦੀਵਾ ਬਲਣ ਨਾਲ ਅੰਧੇਰਾ ਦੂਰ ਹੋ ਜਾਂਦਾ ਹੈ, ਇਸੇ ਤਰ੍ਹਾਂ ਗਿਆਨ ਦੀ ਰੋਸ਼ਨੀ ਨਾਲ ਅਗਿਆਨ ਰੂਪੀ ਅੰਧੇਰਾ ਕੱਟਿਆ ਜਾਂਦਾ ਹੈ। ਪਰਮਾਤਮਾ ਤੋਂ ਦੂਰੀ ਹਉਮੈ ਹੈ ਅਤੇ ਗਿਆਨ ਉਸ ਦੇ ਹੁਕਮ ਨੂੰ ਬੁੱਝਣਾ ਹੈ। ਇਸ ਪ੍ਰਾਪਤੀ ਤੋਂ ਬਾਅਦ ਮਨੁੱਖ ਦੁੱਖ ਅਤੇ ਸੁਖ ਦੋਹਾਂ ਵਿਚ ਹੀ ਸਹਿਜ ਨਾਲ ਵਿਚਰਦਾ ਹੈ ਕਿਉਂਕਿ ਦੋਵੇਂ ਹੀ ਉਸ ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਹਨ। ਇਸ ਸਹਿਜ ਦਾ ਸੋਮਾ ਸਤਿਗੁਰੂ ਹੈ, “ਸਤਿਗੁਰੁ ਸਹਜੈ ਦਾ ਖੇਤੁ ਹੈ” (ਪੰਨਾ 947) ਅਤੇ “ਮਨਮੁਖ ਦੁਖ ਕਾ ਖੇਤੁ ਹੈ ਦੁਖੁ ਬੀਜੇ ਦੁਖੁ ਖਾਇ” (ਉਹੀ)। ਇਸ ਸਹਿਜ ਦੀ ਪ੍ਰਾਪਤੀ ਮਨ ਅੰਦਰੋਂ ਭਰਮ ਅਤੇ ਸੰਸੇ ਮੁੱਕ ਜਾਣ ਨਾਲ ਗ੍ਰਿਹਸਤ ਵਿਚ ਹੀ ਹੋ ਜਾਂਦੀ ਹੈ। “ਜਿਉ ਜਲ ਮਹਿ ਕਮਲੁ ਅਲਿਪਤੋ ਵਰਤੈ ਤਿਉ ਵਿਚੇ ਗਿਰਹ ਉਦਾਸੁ।” (ਪੰਨਾ 949) ਜਿਹੜੇ ਚੰਗੇ ਪੁੱਤਰ ਹੁੰਦੇ ਹਨ ਉਹ ਆਪਣੇ ਬਜ਼ੁਰਗਾਂ ਦੇ ਚੰਗੇ ਗੁਣਾਂ ਨੂੰ ਲੈ ਕੇ ਅੱਗੇ ਤੁਰਦੇ ਹਨ ਅਤੇ ਉਨ੍ਹਾਂ ’ਤੇ ਅਮਲ ਕਰਦੇ ਹਨ, “ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ॥” (ਪੰਨਾ 951) ਇਸ ਗੁਰਮਤਿ ਜੁਗਤਿ ਦੀ ਸਮਝ ਸ਼ਬਦ ਦੀ ਵਿਚਾਰ ਰਾਹੀਂ ਆਉਂਦੀ ਹੈ। ਸ਼ਬਦ ਹੀ ਗੁਰੂ ਹੈ।
ਲੇਖਕ ਬਾਰੇ
ਪ੍ਰੋਫ਼ੈਸਰ, ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ਪ੍ਰੋ. ਜਸਬੀਰ ਕੌਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%9c%e0%a8%b8%e0%a8%ac%e0%a9%80%e0%a8%b0-%e0%a8%95%e0%a9%8c%e0%a8%b0/January 1, 2011