ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਹਰ ਇਕ ਜੀਵ-ਆਤਮਾ ਭਾਵੇਂ ਉਹ ਪਸ਼ੂ, ਪੰਛੀ, ਬਨਸਪਤੀ ਮਨੁੱਖ ਜਾਂ ਕੋਈ ਵੀ ਹੋਰ ਜੀਵ-ਸ਼੍ਰੇਣੀ ਹੋਵੇ ਪਰਮਾਤਮਾ ਦੀ ਅੰਸ਼ ਹੈ ਜੋ ਪਰਮਾਤਮਾ ਨਾਲੋਂ ਵਿੱਛੜਿਆ ਹੋਇਆ ਹੈ। ਜਿਸ ਤਰ੍ਹਾਂ ਪਾਣੀ ਦੀ ਬੂੰਦ ਦੀ ਭਟਕਣਾ ਉਦੋਂ ਤਕ ਖ਼ਤਮ ਨਹੀਂ ਹੁੰਦੀ ਜਦੋਂ ਤਕ ਉਹ ਮੁੜ ਆਪਣੇ ਮੂਲ ਸੋਮੇ ਸਮੁੰਦਰ ਵਿਚ ਨਹੀਂ ਜਾ ਮਿਲਦੀ ਇਸੇ ਹੀ ਤਰ੍ਹਾਂ ਜੀਵ ਦੀ ਪੂਰਨਤਾ ਕੇਵਲ ਆਪਣੇ ਮੂਲ ਪਰਮਾਤਮਾ ਦੇ ਵਿਚ ਅਭੇਦ ਹੋਣਾ ਹੈ। ਇਸ ਲਈ ਗੁਰਬਾਣੀ ਅਨੁਸਾਰ ਸਾਰੇ ਜੀਵਾਂ ਦੀ ਅੰਤਿਮ ਮੰਜ਼ਿਲ ਤੇ ਉਦੇਸ਼ ਕੇਵਲ ਆਪਣੇ ਮੂਲ ਨੂੰ ਪਛਾਣਨਾ ਤੇ ਉਸ ਨਾਲ ਅਭੇਦ ਹੋਣਾ, ਪਰਮਾਤਮਾ ਨਾਲ ਮਿਲਣਾ ਹੀ ਹੈ। ਜੀਵ ਆਤਮਾ ਨੂੰ ਆਪਣੇ ਵਿਛੋੜੇ ਦੀ ਇਸ ਸਥਿਤੀ ਦਾ ਗਿਆਨ ਕੇਵਲ ਮਨੁੱਖੀ ਸਰੀਰ ਵਿਚ ਹੀ ਹੁੰਦਾ ਹੈ ਇਸੇ ਕਰਕੇ ਗੁਰਬਾਣੀ ਵਿਚ ਮਨੁੱਖੀ ਸਰੀਰ ਤੇ ਮਨੁੱਖੀ ਹੋਂਦ ਦੀ ਬਹੁਤ ਮਹੱਤਤਾ ਦਰਸਾਈ ਗਈ ਹੈ। ਗੁਰੂ ਸਾਹਿਬ ਨੇ ਮਨੁੱਖੀ ਹੋਂਦ ਦੇ ਮਹੱਤਵ ਨੂੰ ਬਿਆਨ ਕਰਦਿਆਂ ਮਨੁੱਖ ਨੂੰ ਇਸ ਸੁਅਵਸਰ ਦੀ ਸੰਭਾਲ ਕਰਨ ਤੇ ਪਰਮਾਤਮਾ ਦੀ ਭਗਤੀ ਕਰਨ ਲਈ ਕਿਹਾ ਹੈ। ਇਸ ਨੂੰ ਦੁਰਲੱਭ ਤੇ ਸਾਰੀਆਂ ਜੀਵ-ਸ਼੍ਰੇਣੀਆਂ ਤੋਂ ਉੱਤਮ ਮੰਨਿਆ ਹੈ।
ਮਨੁੱਖੀ ਸਰੀਰ ਦੀ ਸ੍ਰੇਸ਼ਟਤਾ : ਗੁਰੂ ਸਾਹਿਬ ਨੇ ਗੁਰਬਾਣੀ ਵਿਚ ਮਨੁੱਖੀ ਸਰੀਰ ਨੂੰ ਦੂਜੀਆਂ ਸਾਰੀਆਂ ਜੀਵ-ਸ਼੍ਰੇਣੀਆਂ ਨਾਲੋਂ ਸ੍ਰੇਸ਼ਟ ਬਿਆਨਿਆ ਹੈ। ਜਿੱਥੇ ਸਰੀਰਿਕ ਤੌਰ ’ਤੇ ਮਨੁੱਖ ਪਰਮਾਤਮਾ ਦੀ ਸੁੰਦਰ ਕਿਰਤ ਹੈ ਉਥੇ ਮਾਨਸਿਕ ਜਾਂ ਦਿਮਾਗ਼ੀ ਤੌਰ ’ਤੇ ਵੀ ਇਸ ਨੂੰ ਦੂਜੇ ਜੀਵਾਂ ਨਾਲੋਂ ਜ਼ਿਆਦਾ ਸੋਝੀ ਮਿਲੀ ਹੋਈ ਹੈ। ਇਸ ਬਖ਼ਸ਼ੀ ਹੋਈ ਸੋਝੀ ਦੇ ਸਦਕਾ ਇਸ ਨੇ ਕਈ ਤਰ੍ਹਾਂ ਦੀਆਂ ਵਿਗਿਆਨਕ ਖੋਜਾਂ ਕਰ ਲਈਆਂ ਹਨ। ਸੰਚਾਰ, ਆਵਾਜਾਈ ਤੇ ਇਲਾਜ ਦੇ ਸਾਧਨ ਵਿਕਸਿਤ ਕਰ ਲਏ ਹਨ। ਹਵਾਈ ਜਹਾਜ਼ ਤੇ ਸੰਚਾਰ ਦੇ ਸਾਧਨਾਂ ਦੇ ਨਾਲ ਇਸ ਨੇ ਕੁਝ ਹੱਦ ਤਕ ਦੂਰੀ ’ਤੇ ਜਿੱਤ ਹਾਸਲ ਕਰ ਲਈ ਹੈ। ਇਹ ਸਭ ਇਸ ਦੀ ਹੋਰ ਜੀਵਾਂ ਨਾਲੋਂ ਚੰਗੀ ਬੁੱਧੀ ਦਾ ਪ੍ਰਮਾਣ ਹੈ। ਇਹ ਸਭ ਕੁਝ ਬਾਹਰੀ ਖੋਜ ਹੈ ਜੋ ਇਸ ਦੀ ਜ਼ਿੰਦਗੀ ਦਾ ਅੰਤਿਮ ਉਦੇਸ਼ ਨਹੀਂ ਹੈ। ਇਸ ਨੇ ਆਪਣੀ ਸੂਝ ਦਾ ਪ੍ਰਯੋਗ ਆਪਣੇ ਆਪੇ ਨੂੰ ਖੋਜਣ ਲਈ ਨਹੀਂ ਕੀਤਾ ਜੋ ਇਸ ਦਾ ਮੁੱਖ ਉਦੇਸ਼ ਸੀ। ਇਸ ਨੇ ਕਦੀ ਆਪਣੇ ਵਿਕਾਰਾਂ ਬਾਰੇ ਨਹੀਂ ਸੋਚਿਆ, ਇਨ੍ਹਾਂ ’ਤੇ ਜਿੱਤ ਹਾਸਲ ਕਰਨ ਦਾ ਯਤਨ ਨਹੀਂ ਕੀਤਾ। ਪਰ ਫਿਰ ਵੀ ਗੁਰੂ ਸਾਹਿਬ ਜੀ ਇਸ ਸ਼ਬਦ ਦੇ ਰਾਹੀਂ ਮਨੁੱਖ ਨੂੰ ਉਸ ਦੀ ਉੱਤਮਤਾ ਦਾ ਅਹਿਸਾਸ ਕਰਾਉਂਦੇ ਹਨ:
ਪ੍ਰਥਮੇ ਤੇਰੀ ਨੀਕੀ ਜਾਤਿ॥
ਦੁਤੀਆ ਤੇਰੀ ਮਨੀਐ ਪਾਂਤਿ॥
ਤ੍ਰਿਤੀਆ ਤੇਰਾ ਸੁੰਦਰ ਥਾਨੁ॥
ਬਿਗੜ ਰੂਪੁ ਮਨ ਮਹਿ ਅਭਿਮਾਨੁ॥ (ਪੰਨਾ 374)
ਹੇ ਮਨੁੱਖ! ਪਹਿਲਾਂ ਤਾਂ ਤੇਰੀ ਮਨੁੱਖਾ ਜਨਮ ਵਾਲੀ ਚੰਗੀ ਜਾਤ ਹੈ; ਦੂਜੇ, ਤੇਰੀ ਖ਼ਾਨਦਾਨੀ ਭੀ ਮੰਨੀ ਜਾਂਦੀ ਹੈ; ਤੀਜੇ, ਤੇਰਾ ਸੁਹਣਾ ਸਰੀਰ ਹੈ। ਪਰ ਗੁਰੂ ਸਾਹਿਬ ਕਥਨ ਕਰਦੇ ਹਨ ਕਿ ਤੂੰ ਜਦੋਂ ਹੰਕਾਰ ਕਰਦਾ ਹੈਂ ਤਾਂ ਅਖੌਤੀ ਉੱਚੀ ਜਾਤ-ਪਾਤ ਦੇ ਸੁਹਣੇ ਰੂਪ ਦੇ ਬਾਵਜੂਦ ਵੀ ਤੂੰ ਕਰੂਪ ਹੀ ਰਹਿੰਦਾ ਹੈਂ। ਇਸ ਤੋਂ ਇਲਾਵਾ:
ਅਤਿ ਸੂਚੀ ਤੇਰੀ ਪਾਕਸਾਲ॥
ਕਰਿ ਇਸਨਾਨੁ ਪੂਜਾ ਤਿਲਕੁ ਲਾਲ॥
ਗਲੀ ਗਰਬਹਿ ਮੁਖਿ ਗੋਵਹਿ ਗਿਆਨ॥
ਸਭਿ ਬਿਧਿ ਖੋਈ ਲੋਭਿ ਸੁਆਨ॥ (ਪੰਨਾ 374)
ਤੂੰ ਆਪਣਾ ਭੋਜਨ ਵੀ ਰਸੋਈ ਦੇ ਵਿਚ ਬਣਾਉਂਦਾ ਹੈਂ, ਤੇਰੀ ਰਸੋਈ ਸਾਫ-ਸੁਥਰੀ ਹੈ ਪਰ ਬਾਕੀ ਪਸ਼ੂ-ਪੰਛੀ ਤਾਂ ਵਿਚਾਰੇ ਬਿਨਾਂ ਸਾਫ-ਸੁਥਰੀਆਂ ਬਾਹਰਲੀਆਂ ਥਾਵਾਂ ਤੋਂ ਹੀ ਢਿੱਡ ਭਰ ਲੈਂਦੇ ਹਨ। ਤੂੰ ਇਸ਼ਨਾਨ ਕਰ ਕੇ ਪੂਜਾ ਕਰ ਸਕਦਾ ਹੈਂ, ਧਾਰਮਿਕ ਕਰਮ ਕਰਦਾ ਹੈਂ, ਮੱਥੇ ਉੱਤੇ ਲਾਲ ਤਿਲਕ ਵੀ ਲਾ ਲੈਂਦਾ ਹੈਂ। ਤੂੰ ਗੱਲਾਂ ਨਾਲ ਆਪਣਾ ਆਪ ਵੀ ਜਤਾ ਲੈਂਦਾ ਹੈਂ, ਮੂੰਹ ਨਾਲ ਗਿਆਨ ਦੀਆਂ ਗੱਲਾਂ ਵੀ ਕਰ ਸਕਦਾ ਹੈਂ ਪਰ ਪਸ਼ੂ-ਪੰਛੀਆਂ ਨੂੰ ਤਾਂ ਇਹ ਦਾਤ ਨਹੀਂ ਮਿਲੀ। ਪਰ ਜਦੋਂ ਤੂੰ ਲੋਭੀ, ਲਾਲਚੀ ਹੋ ਜਾਂਦਾ ਹੈਂ ਤਾਂ ਲੋਭ ਰੂਪੀ ਕੁੱਤਾ ਤੇਰੀ ਇਹ ਹਰੇਕ ਕਿਸਮ ਦੀ ਵਡਿਆਈ ਗਵਾ ਦਿੰਦਾ ਹੈ। ਗੁਰੂ ਸਾਹਿਬ ਅੱਗੇ ਕਥਨ ਕਰਦੇ ਹਨ:
ਕਾਪਰ ਪਹਿਰਹਿ ਭੋਗਹਿ ਭੋਗ॥
ਆਚਾਰ ਕਰਹਿ ਸੋਭਾ ਮਹਿ ਲੋਗ॥
ਚੋਆ ਚੰਦਨ ਸੁਗੰਧ ਬਿਸਥਾਰ॥
ਸੰਗੀ ਖੋਟਾ ਕ੍ਰੋਧੁ ਚੰਡਾਲ॥ (ਪੰਨਾ 374)
ਤੂੰ ਸੁਹਣੇ-ਸੁਹਣੇ ਕੱਪੜੇ ਪਹਿਨਦਾ ਹੈਂ, ਦੁਨੀਆਂ ਦੇ ਸਾਰੇ ਭੋਗ ਭੋਗਦਾ ਹੈਂ, ਲੋਕਾਂ ਵਿਚ ਸ਼ੋਭਾ ਖੱਟਣ ਲਈ ਅਤਰ, ਚੰਦਨ ਤੇ ਹੋਰ ਅਨੇਕਾਂ ਤਰ੍ਹਾਂ ਦੀਆਂ ਸੁਗੰਧੀਆਂ ਵਰਤਦਾ ਹੈਂ। ਪਰ ਕ੍ਰੋਧ ਰੂਪੀ ਚੰਡਾਲ ਤੇਰਾ ਭੈੜਾ ਸਾਥੀ ਹੈ ਜੋ ਤੇਰੇ ਗੁਣਾਂ ਨੂੰ ਖ਼ਤਮ ਕਰਦਾ ਹੈ। ਇਸ ਤੋਂ ਇਲਾਵਾ :
ਅਵਰ ਜੋਨਿ ਤੇਰੀ ਪਨਿਹਾਰੀ॥
ਇਸੁ ਧਰਤੀ ਮਹਿ ਤੇਰੀ ਸਿਕਦਾਰੀ॥
ਸੁਇਨਾ ਰੂਪਾ ਤੁਝ ਪਹਿ ਦਾਮ॥
ਸੀਲੁ ਬਿਗਾਰਿਓ ਤੇਰਾ ਕਾਮ॥ (ਪੰਨਾ 374)
ਮਨੁੱਖ ਇਤਨਾ ਸਿਆਣਾ ਹੈ ਕਿ ਉਸ ਨੇ ਆਪਣੀ ਚਤੁਰਾਈ, ਸਿਆਣਪ ਤੇ ਬੁੱਧੀ ਦੇ ਨਾਲ ਵੱਡੇ-ਵੱਡੇ ਹਾਥੀ, ਸ਼ੇਰ, ਘੋੜਾ ਆਦਿ ਜਾਨਵਰਾਂ ਨੂੰ ਵੀ ਆਪਣੇ ਅਧੀਨ ਕੀਤਾ ਹੋਇਆ ਹੈ। ਇਸ ਕਰਕੇ ਗੁਰੂ ਸਾਹਿਬ ਕਥਨ ਕਰਦੇ ਹਨ ਕਿ ਹੇ ਮਨੁੱਖ! ਹੋਰ ਸਾਰੀਆਂ ਜੂਨਾਂ ਤੇਰੀਆਂ ਸੇਵਕ ਹਨ ਅਤੇ ਇਸ ਧਰਤੀ ’ਤੇ ਤੇਰੀ ਹੀ ਸਰਦਾਰੀ ਹੈ। ਤੇਰੇ ਕੋਲ ਸੋਨਾ, ਚਾਂਦੀ ਹੈ ਧਨ ਪਦਾਰਥ ਹਨ। ਹੋਰ ਜੂਨਾਂ ਪਾਸ ਇਹ ਚੀਜ਼ਾਂ ਨਹੀਂ ਹਨ। ਪਰ ਕਾਮ-ਵਾਸਨਾ ਨੇ ਤੇਰਾ ਸੁਭਾਉ ਜੋ ਸਭ ਤੋਂ ਉੱਚੀ ਸ਼੍ਰੇਣੀ ਵਾਲਿਆਂ ਨੂੰ ਫੱਬਦਾ ਹੈ ਵਿਗਾੜ ਦਿੱਤਾ ਹੈ। ਹੋਰ ਜੀਵਾਂ ਨੂੰ ਇਨ੍ਹਾਂ ਕੀਮਤੀ ਵਸਤਾਂ ਦੀ ਸੋਝੀ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਖੋਤੇ ਨੂੰ ਭਾਵੇਂ ਚੰਦਨ ਮਲ ਦੇਈਏ ਪਰ ਉਸ ਦੀ ਵਰਤੋਂ-ਵਿਹਾਰ ਫਿਰ ਵੀ ਸੁਆਹ ਨਾਲ ਹੀ ਹੁੰਦੀ ਹੈ:
ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ॥ (ਪੰਨਾ 790)
ਇਸੇ ਹੀ ਤਰ੍ਹਾਂ ਚੁਗਣ ਗਏ ਪਸ਼ੂਆਂ ਦੇ ਵੱਗ ਅੱਗੇ ਜੇਕਰ ਸੋਨਾ ਖਿਲਾਰ ਦੇਈਏ ਤਾਂ ਉਹ ਘਾਹ ਹੀ ਚੁਣ-ਚੁਣ ਕੇ ਖਾਂਦੇ ਹਨ। ਉਨ੍ਹਾਂ ਨੂੰ ਸੋਨੇ ਦੀ ਕਦਰ ਨਹੀਂ ਹੈ:
ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ॥ (ਪੰਨਾ 143)
ਇਸ ਗੱਲ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਚੌਰਾਸੀ ਲੱਖ ਜੀਵ-ਜੰਤੂ, ਜੋ ਜਲਾਂ ਤੇ ਥਲਾਂ ਵਿਚ ਭ੍ਰਮਣ ਕਰਦੇ ਹਨ ਸਭ ਉੱਪਰ ਮਨੁੱਖੀ ਦੇਹੀ ਦੀ ਸਰਦਾਰੀ ਹੈ। ਸੋਝੀ, ਸਤਿਸੰਗ, ਸੇਵਾ ਅਤੇ ਸਿਮਰਨ, ਇਹ ਚਾਰ ਗੁਣ ਜੀਵ ਨੂੰ ਮਨੁੱਖਾ ਦੇਹੀ ਵਿਚ ਹੀ ਪ੍ਰਾਪਤ ਹੋ ਸਕਦੇ ਹਨ। ਮਨੁੱਖਾ ਦੇਹੀ ਦੇ ਕਰਮ-ਇੰਦਰੇ ਅਤੇ ਗਿਆਨ-ਇੰਦਰੇ ਜੋ ਸੂਝ-ਬੂਝ ਰੱਖਦੇ ਹਨ, ਉਹ ਪਸ਼ੂ ਦੇ ਇੰਦਰੇ ਨਹੀਂ ਰੱਖਦੇ। ਇਸ ਤਰ੍ਹਾਂ ਮਨੁੱਖ ਪਰਮਾਤਮਾ ਦੀ ਸਰਬਸ੍ਰੇਸ਼ਟ ਰਚਨਾ ਹੈ।
ਜੀਵ ਨੇ ਪਰਮਾਤਮਾ ਵਿਚ ਲੀਨ ਹੋ ਕੇ ਆਪਣੇ ਅਤੇ ਪਰਮਾਤਮਾ ਵਿਚਕਾਰ ਬਣੇ ਹੋਏ ਵਿਛੋੜੇ ਨੂੰ ਦੂਰ ਕਰਨਾ ਹੈ। ਗੁਰਬਾਣੀ ਅਨੁਸਾਰ ਪਰਮਾਤਮਾ ਨਾਲ ਮਿਲਾਪ ਦੀ ਅਵਸਥਾ ਕੇਵਲ ਉਸ ਵਾਹਿਗੁਰੂ ਨਾਲ ਪ੍ਰੇਮਾ-ਭਗਤੀ, ਉਸ ਦੇ ਸਿਮਰਨ ਤੇ ਉਸ ਦੀ ਸਿਫਤ-ਸਲਾਹ ਦੇ ਨਾਲ ਹੀ ਸੰਭਵ ਹੈ। ਕੇਵਲ ਮਨੁੱਖ ਨੂੰ ਹੀ ਇਹ ਵਿਚਾਰ-ਸ਼ਕਤੀ ਮਿਲੀ ਹੈ ਕਿ ਉਹ ਪਰਮਾਤਮਾ ਦੇ ਬਾਰੇ ਚਿੰਤਨ ਕਰ ਸਕਦਾ ਹੈ ਤੇ ਉਸ ਦੀ ਭਗਤੀ, ਉਸ ਦਾ ਸਿਮਰਨ ਕਰ ਸਕਦਾ ਹੈ। ਵਿਚਾਰ-ਸ਼ਕਤੀ ਦੇ ਨਾ ਹੋਣ ਕਰਕੇ ਹੋਰ ਜੀਵ-ਸ਼੍ਰੇਣੀਆਂ ’ਤੇ ਧਰਮ ਦਾ ਨਿਯਮ ਵੀ ਲਾਗੂ ਨਹੀਂ ਹੁੰਦਾ ਤੇ ਉਹ ਪਾਪ ਪੁੰਨ ਤੋਂ ਮੁਕਤ ਹਨ। ਪਰ ਮਨੁੱਖ ਕੋਲ ਵਿਚਾਰ-ਸ਼ਕਤੀ ਹੋਣ ਕਰਕੇ ਇਸ ’ਤੇ ਕਰਮ ਦਾ ਸਿਧਾਂਤ ਲਾਗੂ ਹੁੰਦਾ ਹੈ। ਇਸ ਲਈ ਹੋਰ ਜੂਨਾਂ ਵਿਚ ਅਧਿਆਤਮਕ ਕਰਮਾਂ ਦੀ ਆਸ ਨਹੀਂ ਕੀਤੀ ਜਾ ਸਕਦੀ। ਇਸੇ ਕਰਕੇ ਭਗਤ ਕਬੀਰ ਜੀ ਫਰਮਾਉਂਦੇ ਹਨ:
ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈਹੈ॥
ਊਠਤ ਬੈਠਤ ਠੇਗਾ ਪਰਿਹੈ ਤਬ ਕਤ ਮੂਡ ਲੁਕਈਹੈ॥1॥
ਹਰਿ ਬਿਨੁ ਬੈਲ ਬਿਰਾਨੇ ਹੁਈਹੈ॥
ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈਹੈ॥1॥ ਰਹਾਉ॥
ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਨ ਪੇਟ ਅਘਈਹੈ॥
ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ ਪਈਹੈ॥2॥
ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ ਅਨਿਕ ਜੋਨਿ ਭਰਮਈਹੈ॥
ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ ਇਹੁ ਅਉਸਰੁ ਕਤ ਪਈਹੈ॥3॥
ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ॥
ਕਹਤ ਕਬੀਰ ਰਾਮ ਨਾਮ ਬਿਨੁ ਮੂੰਡ ਧੁਨੇ ਪਛੁਤਈਹੈ॥4॥ (ਪੰਨਾ 524)
ਭਾਵ ਹੇ ਮਨੁੱਖ! ਜੇ ਤੂੰ ਬੈਲ ਦੀ ਜੂਨ ਵਿਚ ਪੈ ਕੇ ਜਦੋਂ ਤੇਰੇ ਚਾਰ ਪੈਰ ਤੇ ਦੋ ਸਿੰਙ ਹੋਣਗੇ ਤੇ ਮੂੰਹੋਂ ਗੂੰਗਾ ਹੋਵੇਂਗਾ, ਤਦੋਂ ਤੂੰ ਕਿਸ ਤਰ੍ਹਾਂ ਪ੍ਰਭੂ ਦੇ ਗੁਣ ਗਾ ਸਕੇਂਗਾ? ਉੱਠਦਿਆਂ-ਬੈਠਦਿਆਂ ਤੇਰੇ ਸਿਰ ਉੱਤੇ ਸੋਟਾ ਪਏਗਾ, ਤਦੋਂ ਤੂੰ ਕਿੱਥੇ ਸਿਰ ਲੁਕਾਏਂਗਾ? ਤੂੰ ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾਂ ਬਲਦ ਆਦਿਕ ਪਸ਼ੂ ਬਣ ਕੇ ਪਰ-ਅਧੀਨ ਹੋ ਜਾਏਂਗਾ, ਨੱਥ ਨਾਲ ਨੱਕ ਵਿੰਨ੍ਹਿਆ ਜਾਵੇਗਾ, ਕੰਨ ਜੂਲੇ ਨਾਲ ਫਿੱਸੇ ਹੋਏ ਹੋਣਗੇ ਤੇ ਕੋਧਰੇ ਦਾ ਭੋਹ ਖਾਏਂਗਾ। ਜੰਗਲ (ਜੂਹ) ਵਿਚ ਸਾਰਾ ਦਿਨ ਭਟਕਦਿਆਂ ਭੀ ਪੇਟ ਨਹੀਂ ਰੱਜੇਗਾ। ਹੁਣ ਇਸ ਵੇਲੇ ਤੂੰ ਭਗਤ ਜਨਾਂ ਦਾ ਬਚਨ ਨਹੀਂ ਮੰਨਦਾ, ਉਮਰ ਬੀਤ ਜਾਣ ’ਤੇ ਆਪਣਾ ਕੀਤਾ ਪਾਏਂਗਾ। ਹੁਣ ਭੈੜੇ ਹਾਲ ਵਿਚ ਆਪਣੇ ਦਿਨ ਗੁਜ਼ਾਰ ਕੇ ਕੁਰਾਹੇ ਗਰਕ ਹੋਇਆ ਹੋਇਆ ਹੈਂ। ਆਖਰ ਅਨੇਕਾਂ ਜੂਨਾਂ ਵਿਚ ਭਟਕੇਂਗਾ। ਤੂੰ ਪ੍ਰਭੂ ਨੂੰ ਵਿਸਾਰਿਆ ਹੋਇਆ ਹੈ, ਤੇ ਸ੍ਰੇਸ਼ਟ ਮਨੁੱਖਾ ਜਨਮ ਗਵਾ ਲਿਆ ਹੈ। ਇਹ ਸਮਾਂ ਤੈਨੂੰ ਕਿਤੇ ਨਹੀਂ ਮਿਲੇਗਾ! ਤੇਰੀ ਜ਼ਿੰਦਗੀ ਰੂਪ ਸਾਰੀ ਰਾਤ ਤੇਲੀ ਦੇ ਬਲਦ ਵਾਂਗ ਭਟਕਦਿਆਂ, ਵਿਕਾਰਾਂ ਤੋਂ ਖਲਾਸੀ ਹਾਸਲ ਕਰਨ ਤੋਂ ਬਿਨਾਂ ਹੀ ਲੰਘ ਜਾਏਗੀ। ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਪ੍ਰਭੂ ਦਾ ਨਾਮ ਭੁਲਾ ਕੇ ਅੰਤ ਨੂੰ ਤੂੰ ਸਿਰ ਮਾਰ-ਮਾਰ ਕੇ ਪਛਤਾਵੇਂਗਾ।
ਉਦੇਸ਼ : ਮਾਇਆ ਦੇ ਪ੍ਰਭਾਵ ਅਧੀਨ ਜੀਵ ਆਪਣੀ ਜ਼ਿੰਦਗੀ ਦੇ ਅਸਲ ਮਨੋਰਥ ਨੂੰ ਭੁੱਲੇ ਹੋਏ ਹਨ। ਗੁਰੂ ਸਾਹਿਬ ਕਹਿੰਦੇ ਹਨ ਕਿ ਜਦੋਂ ਮਨੁੱਖ ਮਾਂ ਦੇ ਗਰਭ ਵਿਚ ਹੁੰਦਾ ਹੈ ਉਸ ਦਾ ਮੁੱਖ ਥੱਲੇ ਨੂੰ ਤੇ ਲੱਤਾਂ ਉੱਤੇ ਨੂੰ ਹੁੰਦੀਆਂ ਹਨ ਉਸ ਵਕਤ ਉਸ ਦੀ ਲਿਵ ਪਰਮਾਤਮਾ ਨਾਲ ਜੁੜੀ ਹੁੰਦੀ ਹੈ, ਉਥੇ ਉਹ ਆਪਣੇ ਹਰੇਕ ਸਾਹ ਦੇ ਨਾਲ ਪਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹੈ ਜਿਸ ਦਾ ਸਦਕਾ ਉਹ ਜਠਰ ਅਗਨੀ (ਪੇਟ ਦੀ ਅੱਗ) ਵਿਚ ਇਤਨੇ ਉੱਚੇ ਤਾਪਮਾਨ ’ਤੇ ਵੀ ਜੀਵਤ ਰਹਿੰਦਾ ਹੈ। ਪਰ ਇਹ ਜੀਵ ਮਾਂ ਦੇ ਗਰਭ ਵਿੱਚੋਂ ਨਿਕਲਦਿਆਂ ਹੀ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਤੇ ਇਸ ਦੁਨੀਆਂ ਦੇ ਪਦਾਰਥਾਂ ਦੇ ਨਾਲ ਉਸ ਦਾ ਚਿਤ ਲੱਗ ਜਾਂਦਾ ਹੈ। ਸਾਇੰਸਦਾਨ ਵੀ ਇਸ ਗੱਲ ਨੂੰ ਮੰਨਦੇ ਹਨ ਕਿ ਇਤਨੇ ਉੱਚੇ ਤਾਪਮਾਨ ਵਿਚ ਬੱਚੇ ਦਾ ਬਚਿਆ ਰਹਿਣਾ ਅਸੰਭਵ ਹੈ। ਪਰ ਇਤਨੇ ਬਿਖਮ ਸਥਾਨ ’ਤੇ ਪਰਮਾਤਮਾ ਦੇ ਸਿਮਰਨ ਰਾਹੀਂ ਹੀ ਉਹ ਬਚਿਆ ਹੋਇਆ ਰਹਿੰਦਾ ਹੈ। ਉਸ ਵਕਤ ਉਹ ਪਰਮਾਤਮਾ ਨੂੰ ਸ੍ਵਾਸ-ਸ੍ਵਾਸ ਸਿਮਰਦਾ ਹੈ, ਉਸ ਨੂੰ ਆਪਣੇ ਮਨੋਰਥ ਦਾ ਗਿਆਨ ਹੁੰਦਾ ਹੈ ਪਰ ਜਦੋਂ ਹੀ ਉਸ ਦਾ ਜਨਮ ਹੁੰਦਾ ਹੈ ਉਹ ਆਪਣੇ ਖਸਮ ਪਰਮਾਤਮਾ ਨੂੰ ਭੁੱਲ ਜਾਂਦਾ ਹੈ।
ਗੁਰਬਾਣੀ ਅਨੁਸਾਰ ਮਨੁੱਖਾ ਜਨਮ ਦੀ ਪ੍ਰਾਪਤੀ ਦਾ ਇੱਕੋ-ਇੱਕ ਉਦੇਸ਼ ਕੇਵਲ ਪਰਮਾਤਮਾ ਨਾਲੋਂ ਬਣੇ ਹੋਏ ਆਪਣੇ ਵਿਛੋੜੇ ਨੂੰ ਮਿਲਾਪ ਵਿਚ ਬਦਲਣਾ ਹੈ, ਉਸ ਪਰਮਸੱਤ ਦੀ ਪ੍ਰਾਪਤੀ ਕਰਨਾ ਹੈ। ਭਗਤ ਕਬੀਰ ਜੀ ਕਹਿੰਦੇ ਹਨ ਕਿ ਉਸ ਪਰਮਾਤਮਾ ਦਾ ਸਿਮਰਨ ਹੀ ਇਸ ਜਨਮ ਦਾ ਲਾਹਾ ਹੈ। ਇਸ ਕਰਕੇ ਉਸ ਨੂੰ ਸਿਮਰਨਾ ਭੁੱਲੋ ਨਾ ਅਤੇ ਜੇ ਤੁਸੀਂ ਗੁਰੂ ਦੀ ਸੇਵਾ ਰਾਹੀਂ ਨਾਮ ਦੀ ਕਮਾਈ ਕਰਦੇ ਹੋ ਤਾਂ ਹੀ ਇਸ ਮਨੁੱਖਾ ਦੇਹੀ ਨੂੰ ਸਫਲ ਸਮਝੋ। ਭਗਤ ਜੀ ਪਰਮਾਤਮਾ ਦੀ ਪ੍ਰਾਪਤੀ ਦੇ ਉਦੇਸ਼ ਨੂੰ ਦੱਸ ਕੇ ਮਨੁੱਖ ਨੂੰ ਸਮਝਾਉਂਦੇ ਹਨ:
ਜਬ ਲਗੁ ਜਰਾ ਰੋਗੁ ਨਹੀ ਆਇਆ॥
ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ॥
ਜਬ ਲਗੁ ਬਿਕਲ ਭਈ ਨਹੀ ਬਾਨੀ॥
ਭਜਿ ਲੇਹਿ ਰੇ ਮਨ ਸਾਰਿਗਪਾਨੀ॥ (ਪੰਨਾ 1159)
ਭਾਵ ਜਦੋਂ ਤਕ ਬੁਢੇਪਾ ਰੂਪ ਰੋਗ ਨਹੀਂ ਆ ਜਾਂਦਾ, ਜਦ ਤਕ ਤੇਰੇ ਸਰੀਰ ਨੂੰ ਮੌਤ ਨਹੀਂ ਆ ਫੜਦੀ, ਜਦ ਤਕ ਤੇਰੀ ਜ਼ਬਾਨ ਥਿੜਕਣ ਨਹੀਂ ਲੱਗ ਪੈਂਦੀ ਉਸ ਤੋਂ ਪਹਿਲਾਂ-ਪਹਿਲਾਂ ਹੀ ਪਰਮਾਤਮਾ ਦਾ ਭਜਨ ਕਰ ਲੈ ਕਿਉਂਕਿ ਜੇ ਤੂੰ ਇਸ ਵੇਲੇ ਭਜਨ ਨਹੀਂ ਕਰਦਾ, ਤਾਂ ਫਿਰ ਕਦੋਂ ਕਰੇਂਗਾ? ਜਦੋਂ ਮੌਤ ਸਿਰ ’ਤੇ ਆ ਅੱਪੜੀ ਉਸ ਵੇਲੇ ਤਾਂ ਭਜਨ ਨਹੀਂ ਹੋ ਸਕੇਗਾ। ਜੋ ਕੁਝ ਭਜਨ-ਸਿਮਰਨ ਤੂੰ ਕਰਨਾ ਚਾਹੁੰਦਾ ਹੈਂ, ਹੁਣੇ ਹੀ ਕਰ ਲੈ। ਜੇ ਸਮਾਂ ਨਿਕਲ ਗਿਆ ਤਾਂ ਮੁੜ ਅਫ਼ਸੋਸ ਹੀ ਕਰੇਂਗਾ, ਤੇ ਇਸ ਪਛਤਾਵੇ ਵਿੱਚੋਂ ਖ਼ਲਾਸੀ ਨਹੀਂ ਹੋਵੇਗੀ!
ਮਨੁੱਖ ਦਾ ਮਕਸਦ ਜਨਮ ਲੈ ਕੇ ਕੇਵਲ ਬਚਪਨ ਵਿਚ ਖੇਡਣਾ, ਜਵਾਨੀ ਵਿਚ ਵਿਆਹ ਕਰਵਾ ਕੇ ਪਦਾਰਥਕ ਤੇ ਕਾਮ ਦੇ ਭੋਗ-ਵਿਲਾਸਾਂ ਵਿਚ ਖਚਿਤ ਰਹਿਣਾ, ਸੰਤਾਨ ਪੈਦਾ ਕਰਨਾ ਤੇ ਉਸ ਦੀ ਪਾਲਣਾ ਲਈ ਕਮਾਉਂਦੇ ਹੀ ਰਹਿਣਾ, ਸੁਹਣੀਆਂ ਮਹਿਲ-ਮਾੜੀਆਂ ਵਿਚ ਵੱਸਣਾ, ਸੁਹਣੇ ਕੱਪੜੇ ਤੇ ਗਹਿਣੇ ਪਹਿਨਣਾ, ਜੱਗ ਵਿਚ ਸ਼ੋਭਾ ਵਡਿਆਈ ਪ੍ਰਾਪਤ ਕਰਨੀ ਅਤੇ ਫਿਰ ਇਨ੍ਹਾਂ ਸਭ ਖ਼ਤਮ ਹੋਣ ਵਾਲੇ ਸੁਖਾਂ ਨੂੰ ਭੋਗਣ ਤੋਂ ਬਾਅਦ ਬੁਢੇਪੇ ਵਿਚ ਇਸ ਸੰਸਾਰ ਤੋਂ ਕੂਚ ਕਰ ਜਾਣਾ ਨਹੀਂ। ਇਨ੍ਹਾਂ ਵਿੱਚੋਂ ਕੋਈ ਵੀ ਚੀਜ਼ ਮਨੁੱਖ ਦੇ ਸਾਥ ਨਿਭਣ ਵਾਲੀ ਨਹੀਂ ਹੈ। ਇਸ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ:
ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ॥
ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ॥1॥
ਮੁਕਤਿ ਮਾਲ ਕਨਿਕ ਲਾਲ ਹੀਰਾ ਮਨ ਰੰਜਨ ਕੀ ਮਾਇਆ॥
ਹਾ ਹਾ ਕਰਤ ਬਿਹਾਨੀ ਅਵਧਹਿ ਤਾ ਮਹਿ ਸੰਤੋਖੁ ਨ ਪਾਇਆ॥2॥
ਹਸਤਿ ਰਥ ਅਸ੍ਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ॥
ਸੰਗਿ ਨ ਚਾਲਿਓ ਇਨ ਮਹਿ ਕਛੂਐ ਊਠਿ ਸਿਧਾਇਓ ਨਾਂਗਾ॥ (ਪੰਨਾ 700)
ਹੇ ਮਨੁੱਖ! ਮਾਂ-ਪਿਉ, ਇਸਤਰੀ, ਪੁੱਤਰ, ਰਿਸ਼ਤੇਦਾਰ, ਪਿਆਰੇ ਮਿੱਤਰ ਅਤੇ ਭਰਾ; ਇਹ ਸਾਰੇ ਪਹਿਲੇ ਜਨਮਾਂ ਦੇ ਸੰਜੋਗਾਂ ਕਰਕੇ ਇਥੇ ਮਿਲ ਪਏ ਹਨ। ਅਖੀਰ ਵੇਲੇ ਇਨ੍ਹਾਂ ਵਿੱਚੋਂ ਕੋਈ ਭੀ ਸਾਥੀ ਨਹੀਂ ਬਣਦਾ। ਮੋਤੀਆਂ ਦੀ ਮਾਲਾ, ਸੋਨਾ, ਲਾਲ, ਹੀਰੇ, ਮਨ ਨੂੰ ਖੁਸ਼ ਕਰਨ ਵਾਲੀ ਮਾਇਆ; ਇਨ੍ਹਾਂ ਵਿਚ ਲੱਗਿਆਂ ਸਾਰੀ ਉਮਰ ‘ਹਾਏ-ਹਾਏ’ ਕਰਦਿਆਂ ਗੁਜ਼ਰ ਜਾਂਦੀ ਹੈ, ਪਰ ਮਨ ਨਹੀਂ ਰੱਜਦਾ ਹੈ। ਹਾਥੀ, ਰਥ, ਹਵਾ ਦੇ ਵੇਗ ਵਰਗੇ ਘੋੜ੍ਹੇ ਹੋਣ, ਧਨਾਢ ਹੋਵੇ, ਜ਼ਮੀਨ ਦਾ ਮਾਲਕ ਹੋਵੇ, ਚਾਰ ਕਿਸਮ ਦੀ ਫੌਜ ਦਾ ਮਾਲਕ ਹੋਵੇ; ਇਨ੍ਹਾਂ ਵਿੱਚੋਂ ਕੋਈ ਵੀ ਚੀਜ਼ ਨਾਲ ਨਹੀਂ ਜਾਂਦੀ। ਇਨ੍ਹਾਂ ਦਾ ਮਾਲਕ ਮਨੁੱਖ ਇਥੋਂ ਨੰਗਾ ਹੀ ਉੱਠ ਕੇ ਤੁਰ ਪੈਂਦਾ ਹੈ। ਜਦੋਂ ਇਹ ਸਭ ਸੁਖ-ਸਾਧਨ ਥੋੜ੍ਹਚਿਰੇ ਹਨ, ਅਸਥਾਈ ਹਨ ਤਾਂ ਮਨੁੱਖ ਦੇ ਜੀਵਨ-ਉਦੇਸ਼ ਇਹ ਨਹੀਂ ਹੋ ਸਕਦੇ। ਇਸ ਕਰਕੇ ਗੁਰੂ ਜੀ ਫ਼ਰਮਾਉਂਦੇ ਹਨ:
ਭਈ ਪਰਾਪਤਿ ਮਾਨੁਖ ਦੇਹੁਰੀਆ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥
ਅਵਰਿ ਕਾਜ ਤੇਰੈ ਕਿਤੈ ਨ ਕਾਮ॥
ਮਿਲੁ ਸਾਧਸੰਗਤਿ ਭਜੁ ਕੇਵਲ ਨਾਮ॥1॥
ਸਰੰਜਾਮਿ ਲਾਗੁ ਭਵਜਲ ਤਰਨ ਕੈ॥
ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ॥ (ਪੰਨਾ 12)
ਇਹ ਸੁਹਣੀ ਮਨੁੱਖਾ ਦੇਹੀ ਤੈਨੂੰ ਪਰਮਾਤਮਾ ਨੂੰ ਮਿਲਣ ਵਾਸਤੇ ਇਕ ਵਾਰੀ (ਮੌਕਾ) ਪ੍ਰਾਪਤ ਹੋਈ ਹੈ। ਹੋਰ ਸਾਰੇ ਕਾਰਜ ਤੇਰੇ ਕਿਸੇ ਕੰਮ ਨਹੀਂ ਆਉਣੇ ਇਸ ਕਰਕੇ ਤੂੰ ਕੇਵਲ ਭਲੇ ਪੁਰਸ਼ਾਂ ਦੀ ਸੰਗਤ ਕਰ ਤੇ ਕੇਵਲ ਪਰਮਾਤਮਾ ਨੂੰ ਭਜਿਆ ਕਰ।
ਗੁਰਬਾਣੀ ਵਿਚ ਮਨੁੱਖੀ ਸਰੀਰ ਦੀ ਉਪਮਾ : ਗੁਰਬਾਣੀ ਵਿਚ ਮਨੁੱਖੀ ਸਰੀਰ ਨੂੰ ਕਰਤਾ ਪੁਰਖ ਦੀ ਸਰਬਸ੍ਰੇਸ਼ਟ ਤੇ ਦੁਰਲੱਭ ਰਚਨਾ ਮੰਨਿਆ ਹੈ। ਇਸ ਦੇਹੀ ਦੀ ਮਹੱਤਤਾ ਨੂੰ ਦਰਸਾਉਣ ਦੇ ਲਈ ਗੁਰੂ ਸਾਹਿਬ ਨੇ ਇਸ ਦੀ ਤੁਲਨਾ ਕਈ ਚੀਜ਼ਾਂ ਦੇ ਨਾਲ ਕੀਤੀ ਹੈ। ਇਸ ਉਪਮਾ ਦਾ ਉਦੇਸ਼ ਮਨੁੱਖ ਨੂੰ ਇਸ ਨੂੰ ਵਿਅਰਥ ਨਾ ਗਵਾ ਕੇ ਇਸ ਤੋਂ ਲਾਹਾ ਲੈਣ ਲਈ ਪ੍ਰੇਰਿਤ ਕਰਨਾ ਹੈ।
1. ਘੋੜੀ ਦੇ ਨਾਲ ਤੁਲਨਾ : ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ‘ਵਡਹੰਸ ਮਹਲਾ 4 ਘੋੜੀਆਂ’ ਸਿਰਲੇਖ ਅਧੀਨ ਮਨੁੱਖੀ ਕਾਇਆ ਦੀ ਮਹਿਮਾ ਤੇ ਇਸ ਦਾ ਮਹੱਤਵ ਬਿਆਨ ਕੀਤਾ ਹੈ। ਜਦੋਂ ਲਾੜਾ ਘਰੋਂ ਵਿਆਹੁਣ ਤੁਰਦਾ ਹੈ, ਘੋੜੀ ’ਤੇ ਚੜ੍ਹਦਾ ਹੈ, ਤਦੋਂ ਉਸ ਦੀਆਂ ਭੈਣਾਂ ਘੋੜੀ ਦੀ ਵਾਗ ਫੜ ਕੇ ਗੀਤ ਗਾਉਂਦੀਆਂ ਹਨ। ਉਹ ਗੀਤ ‘ਘੋੜੀਆਂ’ ਅਖਵਾਉਂਦੇ ਹਨ। ਸ੍ਰੀ ਗੁਰੂ ਰਾਮਦਾਸ ਜੀ ਨੇ ਇਹ ਦੋ ‘ਛੰਤ’ ਉਨ੍ਹਾਂ ਗੀਤਾਂ ‘ਘੋੜੀਆਂ’ ਦੀ ਚਾਲ ’ਤੇ ਲਿਖੇ ਹਨ ਤੇ ਇਨ੍ਹਾਂ ਛੰਤਾਂ ਦਾ ਸਿਰਲੇਖ ਭੀ ‘ਘੋੜੀਆਂ’ ਹੀ ਲਿਖਿਆ ਹੈ।
ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ॥
ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ॥ (ਪੰਨਾ 575)
ਗੁਰੂ ਜੀ ਕਥਨ ਕਰਦੇ ਹਨ ਕਿ ਪਰਮਾਤਮਾ ਨੇ ਇਸ ਕਾਇਆ ਰੂਪੀ ਘੋੜੀ ਨੂੰ ਪੈਦਾ ਕੀਤਾ ਹੈ। ਮਨੁੱਖਾ ਜਨਮ ਭਾਗਾਂ ਵਾਲਾ ਹੈ ਜਿਸ ਵਿਚ ਇਹ ਕਾਇਆ ਮਿਲਦੀ ਹੈ। ਕੇਵਲ ਨਾਮ-ਸਿਮਰਨ ਵਾਸਤੇ ਹੀ ਪਰਮਾਤਮਾ ਨੇ ਇਹ ਸਰੀਰ ਪੈਦਾ ਕੀਤਾ ਹੈ। ਇਸ ਕਰਕੇ ਗੁਰੂ ਜੀ ਕਥਨ ਕਰਦੇ ਹਨ:
ਦੇਹ ਪਾਵਉ ਜੀਨੁ ਬੁਝਿ ਚੰਗਾ ਰਾਮ॥
ਚੜਿ ਲੰਘਾ ਜੀ ਬਿਖਮੁ ਭੁਇਅੰਗਾ ਰਾਮ॥ (ਪੰਨਾ 575)
ਮੈਂ ਇਸ ਸਰੀਰ ਰੂਪੀ ਘੋੜੀ ’ਤੇ ਪਰਮਾਤਮਾ ਦੀ ਸਿਫਤ-ਸਲਾਹ ਰੂਪੀ ਕਾਠੀ ਪਾ ਕੇ ਇਸ ਔਖੇ ਸੰਸਾਰ-ਸਮੁੰਦਰ ਤੋਂ ਪਾਰ ਲੰਘਦਾ ਹਾਂ। ਇਸ ਸਰੀਰ ਰੂਪੀ ਘੋੜੀ ਨੂੰ ਵੱਸ ਵਿਚ ਕਰਨ ਲਈ :
ਕੜੀਆਲੁ ਮੁਖੇ ਗੁਰਿ ਗਿਆਨੁ ਦ੍ਰਿੜਾਇਆ ਰਾਮ॥
ਤਨਿ ਪ੍ਰੇਮੁ ਹਰਿ ਚਾਬਕੁ ਲਾਇਆ ਰਾਮ॥ (ਪੰਨਾ 575)
ਗੁਰੂ ਸਾਹਿਬ ਕਹਿੰਦੇ ਹਨ ਇਸ ਸਰੀਰ ਰੂਪੀ ਘੋੜੀ ਦੇ ਮੂੰਹ ਵਿਚ ਗੁਰੂ ਦਾ ਦ੍ਰਿੜ੍ਹ ਕੀਤਾ ਹੋਇਆ ਗਿਆਨ ਮਾਨੋ ਲਗਾਮ ਹੈ ਅਤੇ ਉਹ ਪ੍ਰੇਮ ਰੂਪੀ ਚਾਬੁਕ ਇਸ ਕਾਇਆ ਰੂਪੀ ਘੋੜੀ ਨੂੰ ਮਾਰਨਾ ਪੈਂਦਾ ਹੈ। ਗੁਰੂ ਜੀ ਅਨੁਸਾਰ ਕੇਵਲ :
ਦੇਹ ਤੇਜਨੜੀ ਹਰਿ ਨਵ ਰੰਗੀਆ ਰਾਮ॥
ਗੁਰ ਗਿਆਨੁ ਗੁਰੂ ਹਰਿ ਮੰਗੀਆ ਰਾਮ॥
ਗਿਆਨ ਮੰਗੀ ਹਰਿ ਕਥਾ ਚੰਗੀ ਹਰਿ ਨਾਮੁ ਗਤਿ ਮਿਤਿ ਜਾਣੀਆ॥ (ਪੰਨਾ 575)
ਉਹੀ ਕਾਇਆ ਸੁਹਣੀ ਘੋੜੀ ਹੈ ਜੋ ਪਰਮਾਤਮਾ ਦੇ ਪ੍ਰੇਮ ਦੇ ਰੰਗ ਵਿਚ ਰੰਗੀ ਰਹਿੰਦੀ ਹੈ, ਜੋ ਗੁਰੂ ਪਾਸੋਂ ਆਤਮਿਕ ਜੀਵਨ ਦੀ ਸੂਝ ਮੰਗਦੀ ਹੈ। ਅੰਤ ਵਿਚ ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਕਾਇਆ ਮਨੁੱਖ ਦੇ ਜੀਵਨ-ਸਫ਼ਰ ਵਿਚ ਮਾਨੋ ਘੋੜੀ ਹੈ ਜਿਸ ਦੀ ਰਾਹੀਂ ਮਨੁੱਖ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ। ਜਿਸ ਦਾਸ ਉੱਤੇ ਪਰਮਾਤਮਾ ਕਿਰਪਾ ਕਰਦਾ ਹੈ ਉਹ ਆਪਣੀ ਕਾਇਆ ਘੋੜੀ ਉੱਤੇ ਚੜ੍ਹ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ।
2. ਕਿਲ੍ਹੇ ਦੇ ਨਾਲ ਤੁਲਨਾ : ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖੀ ਸਰੀਰ ਦੀ ਤੁਲਨਾ ਇਕ ਕਿਲ੍ਹੇ ਨਾਲ ਕਰਦੇ ਹੋਏ ਫ਼ੁਰਮਾਉਂਦੇ ਹਨ:
ਕਾਇਆ ਕੋਟੁ ਅਪਾਰੁ ਹੈ ਅੰਦਰਿ ਹਟਨਾਲੇ॥
ਗੁਰਮੁਖਿ ਸਉਦਾ ਜੋ ਕਰੇ ਹਰਿ ਵਸਤੁ ਸਮਾਲੇ॥
ਨਾਮੁ ਨਿਧਾਨੁ ਹਰਿ ਵਣਜੀਐ ਹੀਰੇ ਪਰਵਾਲੇ॥
ਵਿਣੁ ਕਾਇਆ ਜਿ ਹੋਰ ਥੈ ਧਨੁ ਖੋਜਦੇ ਸੇ ਮੂੜ ਬੇਤਾਲੇ॥
ਸੇ ਉਝੜਿ ਭਰਮਿ ਭਵਾਈਅਹਿ ਜਿਉ ਝਾੜ ਮਿਰਗੁ ਭਾਲੇ॥ (ਪੰਨਾ 309)
ਮਨੁੱਖਾ ਸਰੀਰ ਇਕ ਸੁੰਦਰ ਕਿਲ੍ਹਾ ਹੈ, ਜਿਸ ਵਿਚ ਮਾਨੋ, ਸੁੰਦਰ ਬਾਜ਼ਾਰ ਭੀ ਹਨ ਭਾਵ ਗਿਆਨ-ਇੰਦਰੀਆਂ ਦੀਆਂ ਕਤਾਰਾਂ ਹਨ। ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ ਵਪਾਰ ਕਰਦਾ ਹੈ; ਉਹ ਹਰੀ ਦਾ ਨਾਮ ਵੱਖਰ ਸਾਂਭ ਲੈਂਦਾ ਹੈ। ਕੇਵਲ ਸਰੀਰ ਰੂਪੀ ਕਿਲ੍ਹੇ ਵਿਚ ਹੀ ਪ੍ਰਭੂ ਦੇ ਨਾਮ ਦਾ ਖਜ਼ਾਨਾ ਵਣਜਿਆ ਜਾ ਸਕਦਾ ਹੈ। ਇਹੋ ਵੱਖਰ ਸਦਾ ਨਾਲ ਨਿਭਣ ਵਾਲੇ ਹੀਰੇ ਤੇ ਮੂੰਗੇ ਹਨ। ਜੋ ਮਨੁੱਖ ਇਸ ਵੱਖਰ ਨੂੰ ਸਰੀਰ ਤੋਂ ਬਿਨਾਂ ਕਿਸੇ ਹੋਰ ਥਾਂ ਭਾਲਦੇ ਹਨ, ਉਹ ਮੂਰਖ ਹਨ ਤੇ ਮਨੁੱਖਾ ਸਰੀਰ ਵਿਚ ਆਏ ਹੋਏ ਭੂਤ ਹਨ। ਜਿਵੇਂ ਹਿਰਨ ਕਸਤੂਰੀ ਨੂੰ ਆਪਣੀ ਹੀ ਨਾਭੀ ਵਿਚ ਨਾ ਜਾਣਦਾ ਹੋਇਆ ਕਸਤੂਰੀ ਦੀ ਵਾਸ਼ਨਾ ਲਈ ਝਾੜਾਂ ਨੂੰ ਭਾਲਦਾ ਫਿਰਦਾ ਹੈ, ਤਿਵੇਂ ਇਹੋ ਜਿਹੇ ਮਨੁੱਖ ਭਰਮ ਵਿਚ ਫਸੇ ਹੋਏ ਬਨਾਂ ਵਿਚ ਭੌਂਦੇ ਫਿਰਦੇ ਹਨ।
3. ਸਮੁੰਦਰ ਦੇ ਨਾਲ ਤੁਲਨਾ : ਗੁਰੂ ਸਾਹਿਬ ਸਰੀਰ ਨੂੰ ਇਕ ਸਮੁੰਦਰ ਦੀ ਨਿਆਈਂ ਮੰਨਦੇ ਹੋਏ ਕਥਨ ਕਰਦੇ ਹਨ:
ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ॥
ਬਾਣੀ ਗੁਰਬਾਣੀ ਲਾਗੇ ਤਿਨ੍ ਹਥਿ ਚੜਿਆ ਰਾਮ॥
ਗੁਰਬਾਣੀ ਲਾਗੇ ਤਿਨ੍ ਹਥਿ ਚੜਿਆ ਨਿਰਮੋਲਕੁ ਰਤਨੁ ਅਪਾਰਾ॥
ਹਰਿ ਹਰਿ ਨਾਮੁ ਅਤੋਲਕੁ ਪਾਇਆ ਤੇਰੀ ਭਗਤਿ ਭਰੇ ਭੰਡਾਰਾ॥
ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ ਇਕ ਵਸਤੁ ਅਨੂਪ ਦਿਖਾਈ॥ (ਪੰਨਾ 442)
ਇਹ ਮਨੁੱਖਾ ਸਰੀਰ, ਮਾਨੋ ਇਕ ਸਮੁੰਦਰ ਹੈ, ਜੋ ਆਤਮਿਕ ਜੀਵਨ ਦੇ ਸ੍ਰੇਸ਼ਟ ਗੁਣਾਂ ਰੂਪ ਅਨੇਕਾਂ ਰਤਨਾਂ ਨਾਲ ਨਕਾ-ਨੱਕ ਭਰਿਆ ਪਿਆ ਹੈ। ਜਿਹੜੇ ਮਨੁੱਖ ਹਰ ਵੇਲੇ ਸਤਿਗੁਰੂ ਦੀ ਬਾਣੀ ਵਿਚ ਆਪਣਾ ਮਨ ਜੋੜੀ ਰੱਖਦੇ ਹਨ, ਉਨ੍ਹਾਂ ਨੂੰ ਇਹ ਰਤਨ ਮਿਲ ਜਾਂਦੇ ਹਨ, ਜਿਸ ਦੇ ਬਰਾਬਰ ਦੀ ਕੀਮਤ ਦਾ ਹੋਰ ਕੋਈ ਪਦਾਰਥ ਨਹੀਂ ਹੈ। ਹੇ ਪ੍ਰਭੂ! ਉਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਤੇਰੀ ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ ਉਹ ਮਨੁੱਖ ਤੇਰਾ ਉਹ ਨਾਮ ਰਤਨ ਪ੍ਰਾਪਤ ਕਰ ਲੈਂਦੇ ਹਨ ਜਿਸ ਦੇ ਬਰਾਬਰ ਦੀ ਹੋਰ ਕੋਈ ਚੀਜ਼ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਹਨ, ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਮੈਂ ਆਪਣੇ ਸਰੀਰ-ਸਮੁੰਦਰ ਨੂੰ ਪੜਤਾਲ ਕੇ ਵੇਖਿਆ ਤਾਂ ਗੁਰੂ ਨੇ ਮੈਨੂੰ ਸਰੀਰ ਦੇ ਅੰਦਰ ਵੱਸਦਾ ਹੀ ਪਰਮਾਤਮਾ ਦਾ ਨਾਮ ਰੂਪ ਸੁਹਣਾ ਕੀਮਤੀ ਪਦਾਰਥ ਵਿਖਾ ਦਿੱਤਾ।
4. ਸੁਹਣਾ ਤਲਾਬ : ਗੁਰੂ ਜੀ ਕਹਿੰਦੇ ਹਨ ਕਿ ਜਿਹੜੇ ਮਨੁੱਖ ਪ੍ਰਭੂ ਦੇ ਨਾਮ ਰੂਪੀ ਸਰੋਵਰ ਵਿਚ ਇਸ਼ਨਾਨ ਕਰਦੇ ਹਨ ਉਹ ਪਵਿੱਤਰ ਜੀਵਨ ਵਾਲੇ ਹਨ, ਉਨ੍ਹਾਂ ਨੇ ਗੁਰੂ ਦੇ ਸ਼ਬਦ ਰਾਹੀਂ ਆਪਣੇ ਮਨ ਦੀ ਵਿਕਾਰਾਂ ਵਾਲੀ ਮੈਲ ਦੂਰ ਕਰ ਲਈ ਹੈ:
ਏਹੁ ਸਰੀਰੁ ਸਰਵਰੁ ਹੈ ਸੰਤਹੁ ਇਸਨਾਨੁ ਕਰੇ ਲਿਵ ਲਾਈ॥13॥
ਨਾਮਿ ਇਸਨਾਨੁ ਕਰਹਿ ਸੇ ਜਨ ਨਿਰਮਲ ਸਬਦੇ ਮੈਲੁ ਗਵਾਈ॥ (ਪੰਨਾ 909)
ਭਗਤ ਕਬੀਰ ਜੀ ਕਥਨ ਕਰਦੇ ਹਨ ਕਿ :
ਸਰੀਰ ਸਰੋਵਰ ਭੀਤਰੇ ਆਛੈ ਕਮਲ ਅਨੂਪ॥
ਪਰਮ ਜੋਤਿ ਪੁਰਖੋਤਮੋ ਜਾ ਕੈ ਰੇਖ ਨ ਰੂਪ॥ (ਪੰਨਾ 857)
ਜਿਸ ਉੱਤਮ ਪੁਰਖ ਪ੍ਰਭੂ ਦੀ ਪਰਮ ਜੋਤ ਦਾ ਰੂਪ ਰੇਖ ਨਹੀਂ ਦੱਸਿਆ ਜਾ ਸਕਦਾ, ਉਹ ਪ੍ਰਭੂ ਇਸ ਸਰੀਰ ਰੂਪ ਸੁਹਣੇ ਸਰ ਦੇ ਅੰਦਰ ਹੀ ਹੈ, ਉਸੇ ਦੀ ਬਰਕਤ ਨਾਲ ਹਿਰਦਾ ਰੂਪ ਕੌਲ ਫੁੱਲ ਸੁਹਣਾ ਖਿੜਿਆ ਰਹਿੰਦਾ ਹੈ।
5. ਪਰਮਾਤਮਾ ਦਾ ਘਰ : ਗੁਰੂ ਸਾਹਿਬ ਨੇ ਇਸ ਸਰੀਰ ਨੂੰ ਪਰਮਾਤਮਾ ਦਾ ਘਰ (ਮੰਦਰ) ਕਿਹਾ ਹੈ ਅਤੇ ਮਨੁੱਖ ਨੂੰ ਆਪਣੇ ਅੰਦਰੋਂ ਹੀ ਖੋਜਣ ਵਾਸਤੇ ਕਿਹਾ ਹੈ:
ਗੁਰ ਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ॥
ਹਰਿ ਮੰਦਰੁ ਸਬਦੇ ਖੋਜੀਐ ਹਰਿ ਨਾਮੋ ਲੇਹੁ ਸਮਾ੍ਲਿ॥ (ਪੰਨਾ 1346)
ਗੁਰੂ ਸਾਹਿਬ ਕਥਨ ਕਰਦੇ ਹਨ ਕਿ ਹੇ ਭਾਈ! ਤੂੰ ਗੁਰੂ ਦੀ ਕਿਰਪਾ ਨਾਲ ਵੇਖ, ਪਰਮਾਤਮਾ ਦਾ ਘਰ ਤੇਰੇ ਨਾਲ ਹੈ। ਇਸ ‘ਹਰਿ ਮੰਦਰ’ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਲੱਭਿਆ ਜਾ ਸਕਦਾ ਹੈ। ਮਨੁੱਖ ਦਾ ਇਹ ਸਰੀਰ ‘ਹਰਿ ਮੰਦਰ’ ਹੈ ਪਰ ਇਹ ਭੇਤ ਸਤਿਗੁਰੂ ਦੀ ਬਖ਼ਸ਼ੀ ਆਤਮਿਕ ਜੀਵਨ ਦੀ ਕੀਮਤੀ ਸੂਝ ਦੀ ਰਾਹੀਂ ਖੁੱਲ੍ਹਦਾ ਹੈ।
ਗੁਰੂ ਸਾਹਿਬ ਕਥਨ ਕਰਦੇ ਹਨ ਕਿ ਹੇ ਭਾਈ! ਕਈ ਚਿਰ ਪਿੱਛੋਂ ਤੈਨੂੰ ਇਹ ਮਨੁੱਖਾ ਸਰੀਰ ਮਿਲਿਆ ਹੈ, ਜਗਤ ਦੇ ਮਾਲਕ ਪ੍ਰਭੂ ਨੂੰ ਹੁਣ ਮਿਲ। ਇਹੀ ਮਨੁੱਖਾ ਜਨਮ ਪ੍ਰਭੂ ਨੂੰ ਮਿਲਣ ਦਾ ਸਮਾਂ ਹੈ ਕਿਉਂਕਿ ਤੂੰ ਕਈ ਜਨਮਾਂ ਵਿਚ ਕੀੜੇ-ਪਤੰਗੇ ਬਣਦਾ ਰਿਹਾ, ਕਈ ਜਨਮਾਂ ਵਿਚ ਹਾਥੀ, ਮੱਛ, ਹਿਰਨ ਬਣਦਾ ਰਿਹਾ। ਕਈ ਜਨਮਾਂ ਵਿਚ ਤੂੰ ਪੰਛੀ ਤੇ ਸੱਪ ਬਣਿਆ, ਕਈ ਜਨਮਾਂ ਵਿਚ ਤੂੰ ਘੋੜੇ ਬਲਦ ਬਣ ਕੇ ਜੋਇਆ ਗਿਆ, ਕਈ ਜਨਮਾਂ ਵਿਚ ਤੈਨੂੰ ਪੱਥਰ ਚਟਾਨਾਂ ਬਣਾਇਆ ਗਿਆ। ਕਈ ਜਨਮਾਂ ਵਿਚ ਤੈਨੂੰ ਰੁੱਖ ਬਣਾ ਕੇ ਪੈਦਾ ਕੀਤਾ ਗਿਆ ਤੇ ਇਸ ਤਰ੍ਹਾਂ ਚੌਰਾਸੀ ਲੱਖ ਜੂਨਾਂ ਵਿਚ ਤੈਨੂੰ ਭਵਾਇਆ ਗਿਆ। (ਹੇ ਭਾਈ! ਹੁਣ ਤੈਨੂੰ) ਮਨੁੱਖਾ ਜਨਮ ਮਿਲਿਆ ਹੈ, ਸਾਧਸਗੰਤਿ ਵਿਚ ਆ, ਗੁਰੂ ਦੀ ਮਤਿ ਲੈ ਕੇ ਖ਼ਲਕਤ ਦੀ ਸੇਵਾ ਕਰ ਤੇ ਪਰਮਾਤਮਾ ਦਾ ਭਜਨ ਕਰ। ਮਾਣ, ਝੂਠ ਤੇ ਅਹੰਕਾਰ ਛੱਡ ਦੇਹ। ਤੂੰ ਪਰਮਾਤਮਾ ਦੀ ਦਰਗਾਹ ਵਿਚ ਤਾਂ ਹੀ ਕਬੂਲ ਹੋਵੇਂਗਾ ਜੇ ਤੂੰ ਇਹ ਜੀਵਨ ਜੀਊਂਦਾ ਹੀ ਆਪਾ- ਭਾਵ ਵੱਲੋਂ ਮਰੇਂਗਾ :
ਕਈ ਜਨਮ ਭਏ ਕੀਟ ਪਤੰਗਾ॥
ਕਈ ਜਨਮ ਗਜ ਮੀਨ ਕੁਰੰਗਾ॥
ਕਈ ਜਨਮ ਪੰਖੀ ਸਰਪ ਹੋਇਓ॥
ਕਈ ਜਨਮ ਹੈਵਰ ਬ੍ਰਿਖ ਜੋਇਓ॥ 1॥
ਮਿਲੁ ਜਗਦੀਸ ਮਿਲਨ ਕੀ ਬਰੀਆ॥
ਚਿਰੰਕਾਲ ਇਹ ਦੇਹ ਸੰਜਰੀਆ॥1॥
ਕਈ ਜਨਮ ਸੈਲ ਗਿਰਿ ਕਰਿਆ॥
ਕਈ ਜਨਮ ਗਰਭ ਹਿਰਿ ਖਰਿਆ॥
ਕਈ ਜਨਮ ਸਾਖ ਕਰਿ ਉਪਾਇਆ॥
ਲਖ ਚਉਰਾਸੀਹ ਜੋਨਿ ਭ੍ਰਮਾਇਆ॥2॥
ਸਾਧਸੰਗਿ ਭਇਓ ਜਨਮੁ ਪਰਾਪਤਿ॥
ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ॥
ਤਿਆਗਿ ਮਾਨੁ ਝੂਠੁ ਅਭਿਮਾਨੁ॥
ਜੀਵਤ ਮਰਹਿ ਦਰਗਹ ਪਰਵਾਨੁ॥3॥ (ਪੰਨਾ 276)
ਗੁਰੂ ਸਾਹਿਬਾਨ ਨੇ ਬਾਣੀ ਦੇ ਵਿਚ ਮਨੁੱਖੀ ਸਰੀਰ ਤੇ ਮਨੁੱਖੀ ਹੋਂਦ ਦੀ ਬਹੁਤ ਉਪਮਾ, ਵਡਿਆਈ ਕੀਤੀ ਹੈ। ਇਸ ਉਪਮਾ ਦਾ ਮਕਸਦ ਮਨੁੱਖ ਨੂੰ ਆਪਣੇ ਜੀਵਨ-ਉਦੇਸ਼ ਪ੍ਰਤੀ ਜਾਗਰੂਕ ਕਰਨਾ ਹੈ। ਪਰ ਜਦੋਂ ਮਨੁੱਖ ਆਪਣੇ ਇਸ ਸਰੀਰ ਦੇ ਬਲ, ਸੁੰਦਰਤਾ ਤੇ ਪ੍ਰਾਪਤ ਦਾਤਾਂ ਦੇ ਨਸ਼ੇ ਵਿਚ ਚੂਰ ਹੋ ਕੇ ਇਸ ਸਭ ਕਾਸੇ ਦੇ ਦਾਤੇ ਪਰਮਾਤਮਾ ਨੂੰ ਭੁੱਲਦਾ ਹੈ ਤਾਂ ਗੁਰੂ ਸਾਹਿਬ ਨੇ ਇਸ ਵਾਸਤੇ ਕਠੋਰ ਸ਼ਬਦ ਵੀ ਵਰਤੇ ਹਨ। ਉਪਰੋਕਤ ਸ਼ਬਦ (ਪ੍ਰਥਮੇ ਤੇਰੀ ਨੀਕੀ ਜਾਤਿ) ਵਿਚ ਜਿੱਥੇ ਗੁਰੂ ਸਾਹਿਬ ਨੇ ਪਹਿਲਾਂ ਬੰਦੇ ਦੀ ਵਡਿਆਈ ਕੀਤੀ, ਉਥੇ ਇਸ ਸ਼ਬਦ ਦੀ ਅੰਤਲੀ ਤੁਕ ਵਿਚ ਦੱਸਿਆ ਹੈ ਕਿ ਕਿਸ ਤਰ੍ਹਾਂ ਇਹ ਮਨੁੱਖ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਹੱਥੇ ਚੜ੍ਹ ਕੇ ਆਪਣੇ ਗੁਣ ਨਾਸ਼ ਕਰ ਲੈਂਦਾ ਹੈ। ਕਈ ਵਾਰੀ ਤਾਂ ਧਰਤੀ ਦਾ ਸਰਦਾਰ ਕਹਾਉਣ ਵਾਲਾ ਇਹ ਮਨੁੱਖ ਵਿਕਾਰੀ ਹੋ ਕੇ ਪਸ਼ੂਆਂ ਤੋਂ ਵੀ ਨਖਿਧ ਹੋ ਜਾਂਦਾ ਹੈ ਅਤੇ ਮਨੁੱਖ ਜਾਤੀ ਵਿਚ ਪਸ਼ੂਆਂ ਵਰਗੀਆਂ ਕਰਤੂਤਾਂ ਕਰਦਾ ਹੈ। ਮਨੁੱਖਾ ਸਰੀਰ ਪਰਮਾਤਮਾ ਨੂੰ ਮਿਲਣ ਦਾ ਇਕ ਸੁਅਵਸਰ ਹੈ ਜਿਸ ਦੇ ਰਾਹੀਂ ਪ੍ਰਭੂ ਦੇ ਨਾਲ ਮਿਲਿਆ ਜਾ ਸਕਦਾ ਹੈ। ਜੇ ਇਹ ਮੌਕਾ ਹੱਥੋਂ ਨਿਕਲ ਗਿਆ ਤਾਂ ਮੁੜ ਕੇ ਜਲਦੀ ਹੱਥ ਨਹੀਂ ਆਉਣਾ ਇਸ ਕਰਕੇ ਗੁਰੂ ਜੀ ਦਾ ਫ਼ਰਮਾਨ ਹੈ:
ਭਜਹੁ ਗੋੁਬਿੰਦ ਭੂਲਿ ਮਤ ਜਾਹੁ॥
ਮਾਨਸ ਜਨਮ ਕਾ ਏਹੀ ਲਾਹੁ॥ (ਪੰਨਾ 1159)
ਹੇ ਮਨੁੱਖ! ਤੂੰ ਇਸ ਜਗਤ ਵਿਚ ਪਰਮਾਤਮਾ ਦੇ ਨਾਮ ਦਾ ਲਾਹਾ ਲੈਣ ਲਈ ਆਇਆ ਹੈਂ ਪਰ ਤੂੰ ਕਿਸ ਖ਼ੁਆਰੀ ਵਾਲੇ ਕੰਮ ਵਿਚ ਰੁੱਝਾ ਪਿਆ ਹੈਂ? ਤੇਰੀ ਸਾਰੀ ਜ਼ਿੰਦਗੀ ਦੀ ਰਾਤ ਮੁੱਕਦੀ ਜਾ ਰਹੀ ਹੈ:
ਪ੍ਰਾਣੀ ਤੂੰ ਆਇਆ ਲਾਹਾ ਲੈਣਿ॥
ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ॥ (ਪੰਨਾ 43)
ਇਸ ਲਈ ਇਹ ਮਨੁੱਖਾ ਜਨਮ ਅਤਿ ਦੁਰਲੱਭ ਤੇ ਅਮੋਲਕ ਹੈ। ਜੇ ਮਨੁੱਖ ਇਸ ਦੇ ਰਾਹੀਂ ਪਰਮਾਤਮਾ ਦੀ ਭਗਤੀ ਕਰਦਾ ਹੈ ਤਾਂ ਉਸ ਦਾ ਇਸ ਦੁਨੀਆਂ ਦੇ ਅੰਦਰ ਆਉਣਾ ਸਫ਼ਲ ਹੈ, ਨਹੀਂ ਤਾਂ ਮਨੁੱਖ ਤੇ ਪਸ਼ੂ ਵਿਚ ਕੋਈ ਫ਼ਰਕ ਨਹੀਂ। ਸਤਿਗੁਰੂ ਜੀ ਜਿੱਥੇ ਸਰੀਰ ਨੂੰ ਸਲਾਹੁੰਦੇ ਹਨ, ਉਥੇ ਨਾਲ ਹੀ ਮਨੁੱਖ ਨੂੰ ਉਸ ਦੇ ਨਾਸ਼ਮਾਨਤਾ ਦੇ ਪੱਖ ਬਾਰੇ ਵੀ ਸੁਚੇਤ ਕਰਦੇ ਹਨ ਕਿ ਇਹ ਸਦਾ ਥਿਰ ਰਹਿਣ ਵਾਲਾ ਨਹੀਂ ਹੈ ਇਸ ਕਰਕੇ ਜਲਦੀ ਤੋਂ ਜਲਦੀ ਇਸ ਤੋਂ ਲਾਹਾ ਪ੍ਰਾਪਤ ਕਰ ਲੈ।
ਲੇਖਕ ਬਾਰੇ
- ਸ. ਗੁਰਮੇਲ ਸਿੰਘ ਨਿਆਮਤਪੁਰhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%ae%e0%a9%87%e0%a8%b2-%e0%a8%b8%e0%a8%bf%e0%a9%b0%e0%a8%98-%e0%a8%a8%e0%a8%bf%e0%a8%86%e0%a8%ae%e0%a8%a4%e0%a8%aa%e0%a9%81%e0%a8%b0/July 1, 2008