editor@sikharchives.org

ਗੁਰਮਤਿ ਦਾ ਨਾਮ-ਮਾਰਗ

ਗੁਰੂ ਸਾਹਿਬਾਨ ਦੀ ਗੁਰਮਤਿ-ਕਸਵੱਟੀ ਅਨੁਸਾਰ ਜੋ ਪ੍ਰਾਣੀ ਅਕਾਲ ਪੁਰਖ ਦੇ ਭਾਣੇ ਵਿਚ ਰਹਿ ਕੇ, ਹਉਮੈ ਨੂੰ ਤਿਆਗ ਕੇ ਨਾਮ ਜਪਦਾ ਹੈ ਤੇ ਸੱਚ-ਆਚਾਰ ਦਾ ਧਾਰਨੀ ਹੈ, ਉਹ ਸਿੱਖ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਦਸ ਸਿੱਖ ਗੁਰੂ ਸਾਹਿਬਾਨ ਨੇ ਸਰਬ-ਕਲਿਆਣਕਾਰੀ ਗੁਰਮਤਿ ਮਾਰਗ ਬਖਸ਼ਿਆ। ਇਸ ਮਾਰਗ ਦੇ ਅਨੁਆਈ ਸਿੱਖ ਅਖਵਾਉਂਦੇ ਹਨ। ਗੁਰੂ ਸਾਹਿਬਾਨ ਦੀ ਗੁਰਮਤਿ-ਕਸਵੱਟੀ ਅਨੁਸਾਰ ਜੋ ਪ੍ਰਾਣੀ ਅਕਾਲ ਪੁਰਖ ਦੇ ਭਾਣੇ ਵਿਚ ਰਹਿ ਕੇ, ਹਉਮੈ ਨੂੰ ਤਿਆਗ ਕੇ ਨਾਮ ਜਪਦਾ ਹੈ ਤੇ ਸੱਚ-ਆਚਾਰ ਦਾ ਧਾਰਨੀ ਹੈ, ਉਹ ਸਿੱਖ ਹੈ। ਧਰਮ ਇਕ ਉੱਚੀ ਤੇ ਸੁੱਚੀ ਜੀਵਨ-ਜਾਚ ਹੈ। ਇਹ ਗੁਰੂ ਸਾਹਿਬਾਨ ਦਾ ਦਰਸਾਇਆ ਉਹ ਮਾਰਗ ਹੈ, ਜਿਸ ਨੂੰ ਅਪਣਾ ਕੇ ਪ੍ਰਾਣੀ ਇਸ ਸੰਸਾਰਕ ਭਵ-ਸਾਗਰ ਨੂੰ ਤੈਰ ਕੇ ਉਸ ਸਥਾਨ (ਖੰਡ) ’ਪੁਰ ਪੁੱਜ ਜਾਂਦਾ ਹੈ ਜਿੱਥੇ ਨਾ ਕਾਮ ਨਾ ਕ੍ਰੋਧ, ਨਾ ਲੋਭ ਨਾ ਮੋਹ, ਨਾ ਰੋਗ ਨਾ ਸੋਗ, ਨਾ ਭੋਗ ਨਾ ਭੈਅ ਹੈ ਅਤੇ “ਅਨਦਿਨੁ ਨਾਮੁ ਰਵੈ ਦਿਨੁ ਰਾਤੀ” ਵਾਲੀ ਅਵਸਥਾ ਵਿਚ ਪੈ ਜਾਂਦਾ ਹੈ।

ਗੁਰੂ ਸਾਹਿਬ ਦਰਸਾਉਂਦੇ ਹਨ :

ਪ੍ਰਾਣੀ ਤੂੰ ਆਇਆ ਲਾਹਾ ਲੈਣਿ॥
ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ॥ (ਪੰਨਾ 43)

ਭਾਵ ਕਿ ਹੇ ਪ੍ਰਾਣੀ! ਤੂੰ ਸੰਸਾਰ ਵਿਚ ਧਰਮ ਕਮਾਉਣ ਲਈ ਆਇਆ ਸੀ ਪਰ ਕਿਹੜੇ ਮਾਇਆ ਦੇ ਮੱਕੜੀ-ਜਾਲ ਵਿਚ ਫਸ ਗਿਆ ਹੈਂ? ਉਧਰ ਰਾਤ ਭਾਵ ਜ਼ਿੰਦਗੀ ਦਾ ਸਫ਼ਰ ਮੁੱਕ ਰਿਹਾ ਹੈ। ਉੱਠ, ਸੋਚ-ਵਿਚਾਰ ਕਰ ਕਿ ਤੇਰਾ ਮੁੱਢ-ਮੂਲ ਕੀ ਹੈ! ਇਸ ਦੀ ਸੋਝੀ ਪ੍ਰਾਪਤ ਕਰ ਅਤੇ ਆਪਣੇ ਸੰਸਾਰਕ ਸਫ਼ਰ ਦੇ ਅਸਲ ਮੰਤਵ ਦੀ ਪਛਾਣ ਕਰ। ਗੁਰੂ ਸਾਹਿਬ ਫ਼ਰਮਾਨ ਕਰਦੇ ਹਨ :

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥

ਭਾਵ ਹੇ ਪ੍ਰਾਣੀ! ਤੂੰ ਇਕ ਜੋਤਿ, ਇਕ ਆਤਮਾ ਹੈਂ, ਤੂੰ ਸਿਰਫ਼ ਸਰੀਰ ਨਹੀਂ ਹੈਂ, ਸਰੀਰ ਤੇਰਾ ਕੁਝ ਸਮੇਂ ਦਾ ਬਸੇਰਾ ਹੈ, ਪਰ ਤੂੰ ਆਪਣੇ ਮੂਲ ਨੂੰ ਭੁੱਲ ਕੇ ਇਸ ਅਸਥਾਈ ਘਰ ਨੂੰ ਹੀ ਸਭ ਕੁਝ ਸਮਝ ਬੈਠਾ ਹੈਂ। ਤੂੰ ਇਸ ਦੇ ਵੱਧ ਤੋਂ ਵੱਧ ਆਲੀਸ਼ਾਨ ਬਣਾਉਣ ਵਿਚ ਹੀ ਖਚਿਤ ਹੋ ਗਿਆ ਹੈਂ, ਜਦਕਿ ਇਸ ਅਸਥਾਈ-ਘਰ ਨੇ ਨਾਸ਼ ਹੋ ਜਾਣਾ ਹੈ, ਉਪਰੰਤ ਤੂੰ ਇਕ ਜੋਤਿ (ਆਤਮਾ) ਰਹਿ ਜਾਣਾ ਹੈ। ਜੇ ਤੂੰ ਪਰਮ ਜੋਤਿ ਅਕਾਲ ਪੁਰਖ ਨਾਲ ਇਕਮਿਕ ਹੋਣ ਦਾ ਕੋਈ ਚਾਰਾ ਨਾ ਕੀਤਾ ਤਾਂ ਫਿਰ ਆਵਾਗਉਣ ਦਾ ਚੱਕਰ ਪੈ ਜਾਵੇਗਾ ਅਤੇ ਮੁੜ ਤੈਨੂੰ ਪਤਾ ਨਹੀਂ ਕਦੋਂ ਮਨੁੱਖਾ-ਜਨਮ ਮਿਲੇ! ਇਸ ਲਈ

“ਭਈ ਪਰਾਪਤਿ ਮਾਨੁਖ ਦੇਹੁਰੀਆ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥
ਅਵਰਿ ਕਾਜ ਤੇਰੈ ਕਿਤੈ ਨ ਕਾਮ॥
ਮਿਲੁ ਸਾਧਸੰਗਤਿ ਭਜੁ ਕੇਵਲ ਨਾਮ॥”

ਵਾਲੇ ਗੁਰ-ਸੰਦੇਸ਼ ਨੂੰ ਆਪਣੇ ਮਨ ਵਿਚ ਬਿਠਾ ਲੈ।

ਆਮ ਮਨੁੱਖ ਜੀਵਨ ਭਰ ਮਾਇਆ ਦੇ ਅਸਰ ਥੱਲੇ ਰਹਿੰਦਾ ਹੈ। ਮਾਇਆ ਤੋਂ ਭਾਵ ਕੇਵਲ ਧਨ-ਦੌਲਤ ਹੀ ਨਹੀਂ ਹੈ। ਮਾਇਆ ਅੱਖਾਂ ਅਤੇ ਮਨ ਦਾ ਉਹ ਭੁਲੇਖਾ ਹੈ ਜੋ ਇਸ ਸੰਸਾਰ ਵਿਚ ਵਿਆਪੀ ਪਰਮੇਸ਼ਰ ਦੀ ਹਸਤੀ ਅਤੇ ਹੋਂਦ ਨੂੰ ਸਹੀ ਨਜ਼ਰ ਨਹੀਂ ਆਉਣ ਦਿੰਦੀ ਅਤੇ ਪ੍ਰਾਣੀ ਨੂੰ ਕਈ ਝੂਠੇ ਸਬਜ਼-ਬਾਗ਼ ਵਿਖਾ ਕੇ ਉਸ ਨੂੰ ਭਟਕਾਈ ਰੱਖਦੀ ਹੈ। ਇਹ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਕਰ ਕੇ ਦਿਖਾਉਂਦੀ ਹੈ ਜਿਵੇਂ ਕਿ ਰੇਗਿਸਤਾਨ ਵਿਚ ਗਰਮੀ ਦੀਆਂ ਲਹਿਰਾਂ ਕਰਕੇ ਖਜੂਰ ਦਾ ਦਰੱਖ਼ਤ ਉਲਟਾ ਨਜ਼ਰ ਆਉਂਦਾ ਹੈ ਅਤੇ ਪਿਆਸੇ ਮ੍ਰਿਗ ਨੂੰ ਇੰਞ ਜਾਪਦਾ ਹੈ ਕਿ ਸ਼ਾਇਦ ਇਹ ਦਰੱਖ਼ਤ ਪਾਣੀ ਦੇ ਕੰਢੇ ਉੱਪਰ ਹੋਵੇ। ਤਦ ਮ੍ਰਿਗ ਉਧਰ ਦੌੜਦਾ ਹੈ। ਦੌੜਨ ਨਾਲ ਪਿਆਸ ਹੋਰ ਵਧ ਜਾਂਦੀ ਹੈ। ਪਰ ਉੱਥੇ ਪੁੱਜ ਕੇ ਦੇਖਦਾ ਹੈ ਕਿ ਪਾਣੀ ਕੋਈ ਨਹੀਂ। ਮ੍ਰਿਗ ਬਹੁਤ ਨਿਰਾਸ਼ ਹੁੰਦਾ ਹੈ। ਇਸ ਤਰ੍ਹਾਂ ਦੂਜਾ ਦਰੱਖ਼ਤ ਭੀ ਉਲਟਾ ਨਜ਼ਰ ਆਉਂਦਾ ਹੈ। ਉਧਰ ਭੀ ਭੱਜਦਾ ਹੈ। ਪਰ ਉਥੇ ਜਾ ਕੇ ਭੀ ਉਹੋ ਨਿਰਾਸ਼ਾ ਹੁੰਦੀ ਹੈ। ਪਿਆਸ ਬੁੱਝਦੀ ਨਹੀਂ, ਵਧਦੀ ਹੀ ਜਾਂਦੀ ਹੈ। ਇਸ ਤਰ੍ਹਾਂ ਉਹ ਖਜੂਰ ਦੇ ਦਰੱਖ਼ਤਾਂ ਨੂੰ ਦੇਖਦਾ ਰਹਿੰਦਾ ਅਤੇ ਭੱਜਦਾ ਰਹਿੰਦਾ ਹੈ। ਪਿਆਸ ਇੰਨੀ ਵਧ ਜਾਂਦੀ ਹੈ ਕਿ ਉਹ ਜ਼ਮੀਨ ’ਪੁਰ ਡਿੱਗ ਕੇ ਮਰ ਜਾਂਦਾ ਹੈ।

ਇਸੇ ਤਰ੍ਹਾਂ ਪ੍ਰਾਣੀ ਸੁਖ ਦੀ ਭਾਲ ਵਿਚ ਭੱਜਾ ਫਿਰਦਾ ਹੈ, ਘਰੋਂ ਬੇ-ਘਰ ਹੋ ਜਾਂਦਾ ਹੈ। ਭੁਲੇਖੇ ਵਿਚ ਹੀ ਤੁਰਿਆ ਫਿਰਦਾ ਹੈ ਪਰ ਸੁਖ ਨਹੀਂ ਪ੍ਰਾਪਤ ਹੁੰਦਾ, ਸਗੋਂ ਸੁਖ ਦੀ ਭਾਲ ਕਰਦਾ-ਕਰਦਾ ਦੁੱਖਾਂ ਦੇ ਸਮੁੰਦਰ ਵਿਚ ਪੈ ਜਾਂਦਾ ਹੈ। ਇਸ ਨੇ ਸੁਖ ਦਾ ਸਾਧਨ ਕੇਵਲ ਧਨ-ਦੌਲਤ ਨੂੰ ਸਮਝ ਲਿਆ, ਜੋ ਇਸ ਦਾ ਭੁਲੇਖਾ ਹੈ। ਗੁਰੂ ਸਾਹਿਬ ਫ਼ਰਮਾਉਂਦੇ ਹਨ:

ਭਰਮੇ ਭੂਲਾ ਫਿਰੈ ਸੰਸਾਰੁ॥ (ਪੰਨਾ 560)

ਗੁਰੂ ਸਾਹਿਬ ਇਹ ਦੱਸਦੇ ਹਨ ਕਿ ਇਸ ਧਨ-ਦੌਲਤ ਦੀ ਦੌੜ ਦਾ ਕੋਈ ਅੰਤ ਨਹੀਂ। ਕੇਵਲ ਅੱਗੇ ਹੀ ਅੱਗੇ ਭੱਜੇ ਜਾਣਾ ਅਰ ਤ੍ਰਿਪਤੀ ਕਿਤੇ ਨਾ ਹੋਣ ਦੀ ਹਾਲਤ ਅਸਹਿ ਹੈ:

ਸਹਸ ਖਟੇ ਲਖ ਕਉ ਉਠਿ ਧਾਵੈ॥
ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ॥
ਅਨਿਕ ਭੋਗ ਬਿਖਿਆ ਕੇ ਕਰੈ॥
ਨਹ ਤ੍ਰਿਪਤਾਵੈ ਖਪਿ ਖਪਿ ਮਰੈ॥ (ਪੰਨਾ 278-79)

ਗੁਰੂ ਸਾਹਿਬ ਸਮਝਾਉਂਦੇ ਹਨ ਕਿ ਸੰਤੁਸ਼ਟੀ ਤਾਂ ਸੰਤੋਖ ਵਿਚ ਹੈ:

ਬਿਨਾ ਸੰਤੋਖ ਨਹੀ ਕੋਊ ਰਾਜੈ॥ (ਪੰਨਾ 279)

ਸੰਸਾਰ ਦੇ ਸਬਜ਼-ਬਾਗ਼ ਦੇ ਭੁਲੇਖਿਆਂ ਨੇ ਪ੍ਰਾਣੀ ਨੂੰ ਸਿਰਜਣਹਾਰ ਤੋਂ ਛੁਡਾ ਦਿੱਤਾ ਹੈ। ਸ੍ਰੀ ਗੁਰੂ ਅਮਰਦਾਸ ਜੀ ਫ਼ਰਮਾਉਂਦੇ ਹਨ:

ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ॥
ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ॥ (ਪੰਨਾ 921)

ਮਾਇਆ ਦੇ ਭੁਲੇਖੇ ਵਿਚ ਸੰਸਾਰ ਫਸਿਆ ਹੋਇਆ ਹੈ। ਭਗਤ ਕਬੀਰ ਜੀ ਫ਼ਰਮਾਉਂਦੇ ਹਨ ਕਿ ਮਾਇਆ ਆਪਣੇ ਨਾਗ-ਵਲ ਨਾਲ ਘੁੱਟ ਕੇ ਮਨੁੱਖ ਨੂੰ ਖ਼ਤਮ ਕਰ ਦਿੰਦੀ ਹੈ। ਸ੍ਰੀ ਗੁਰੂ ਅਮਰਦਾਸ ਜੀ ਫ਼ਰਮਾਨ ਕਰਦੇ ਹਨ:

ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ॥
ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ॥ (ਪੰਨਾ 510)

ਆਪਣੇ ਜੀਵਨ-ਕਾਲ ਵਿਚ ਪ੍ਰਾਣੀ ਦਿਨ-ਰਾਤ ਧਨ-ਦੌਲਤ ਕਮਾਉਣ ਵਿਚ ਅਤੇ ਫਿਰ ਇਸ ਦੇ ਭੋਗ-ਭੋਗਣ ਵਿਚ ਖਪਤ ਰਹਿੰਦਾ ਹੈ। ਜਵਾਨੀ ਮੌਜ-ਮੇਲੇ ਵਿਚ ਕੱਢ ਦਿੰਦਾ ਹੈ। ਬੁਢਾਪਾ ਆ ਜਾਣ ਨਾਲ ਸਰੀਰਿਕ ਰੋਗ ਅਤੇ ਮਾਨਸਿਕ ਪੀੜਾ ਆ ਜਾਂਦੀਆਂ ਹਨ। ਜੇਕਰ ਪਹਿਲਾਂ ਮੌਜ ਲਈ ਅਤੇ ਆਖ਼ਰ ਵਿਚ ਦੁੱਖ ਆ ਗਏ ਤਾਂ ਜ਼ਰਾ ਸੋਚੀਏ ਕਿ ਕੁੱਲ ਮਿਲਾ ਕੇ ਕੀ ਮਿਲਿਆ? ਅੱਗੇ ਜਮਦੂਤ ਦਾ ਡਰ ਭੀ ਸਿਰ ’ਪੁਰ ਖੜ੍ਹਾ ਹੈ। ਹੁਣ ਪ੍ਰਾਣੀ ਪਛਤਾਉਂਦਾ ਹੈ ਪਰ ਸਮਾਂ ਲੰਘ ਗਿਆ ਮੁੜ ਕੇ ਹੱਥ ਨਹੀਂ ਆ ਸਕਦਾ:

ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ॥
ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ॥ (ਪੰਨਾ 794)

ਪ੍ਰਾਣੀ ਇਸ ਸੰਸਾਰ ਵਿਚ ਕਿੰਨੀਆਂ ਵੀ ਮੱਲਾਂ ਮਾਰ ਲਵੇ, ਰਾਜ-ਭਾਗ ਤਕ ਵੀ ਮਾਣ ਲਵੇ, ਹਰ ਤਰ੍ਹਾਂ ਦਾ ਮੌਜ-ਮੇਲਾ ਕਰ ਲਵੇ ਅੰਤ ਨੂੰ ਜਮ ਦੀ ਫਾਹੀ ਵਿਚ ਪਵੇਗਾ:

ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ॥ (ਪੰਨਾ 712)

ਮਨੁੱਖਾ-ਜਨਮ ਦਾ ਅਸਲ ਮਨੋਰਥ :

ਇਸ ਸ੍ਰਿਸ਼ਟੀ ਅਰਥਾਤ ਧਰਤੀ ਦੀਆਂ 84 ਲੱਖ ਜੂਨਾਂ ਹਨ ਜਿਨ੍ਹਾਂ ਵਿੱਚੋਂ ਸਿਰਮੌਰ ਜੂਨ ਮਨੁੱਖ ਦੀ ਹੈ। ਪਤਾ ਨਹੀਂ ਕਿਹੜੇ ਕਰਮਾਂ ਕਰਕੇ ਆਤਮਾ ਅਕਾਲ ਪੁਰਖ (ਪਰਮ-ਆਤਮਾ) ਤੋਂ ਵਿੱਛੜ ਕੇ ਜੂਨਾਂ ਦੇ ਚੱਕਰ ਵਿਚ ਪੈ ਗਈ, ਵਿੱਛੜਨ ਉਪਰੰਤ ਆਤਮਾ ਅਕਾਲ ਪੁਰਖ ਨਾਲ ਜੁੜਨ ਦੀ ਤਾਂਘ ਵਿਚ ਰਹਿੰਦੀ ਹੈ:

ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ॥ (ਪੰਨਾ 133)

ਪਰ ਮਿਲਣ ਦਾ ਮੌਕਾ ਇਸ ਨੂੰ ਕੇਵਲ ਮਨੁੱਖਾ-ਜਨਮ ਵਿਚ ਹੀ ਮਿਲਿਆ ਹੈ ਕਿਉਂਕਿ ਮਨੁੱਖ ਨੂੰ ਸੋਚਣ ਦੀ ਸ਼ਕਤੀ ਅਤੇ ਜ਼ੁਬਾਨ ਮਿਲੀ ਹੈ। ਪਰ ਇਸ ਦੇ ਬਾਵਜੂਦ ਭੀ ਇਸ ਦੀ ਸੋਚ ਉਦੋਂ ਤਕ ਪੂਰੀ ਕੰਮ ਨਹੀਂ ਕਰਦੀ ਜਦੋਂ ਤੀਕ ਇਸ ਨੂੰ ਪੂਰਾ ਗੁਰੂ ਨਹੀਂ ਮਿਲ ਜਾਂਦਾ ਹੈ। ਗੁਰੂ ਆਪਣੇ ਸ਼ਬਦ ਰਾਹੀਂ ਮਨੁੱਖ ਦੇ ਅੰਦਰ ਦੀ ਜੋਤਿ ਨੂੰ ਜਗਾ ਦਿੰਦਾ ਹੈ। ਇਹ ਜੋਤਿ ਹੋਰ ਦੁਨਿਆਵੀ ਗਿਆਨ ਨਾਲ ਨਹੀਂ ਜਗਦੀ ਸਗੋਂ ਇਹ ਦੁਨਿਆਵੀ ਗਿਆਨ ਤਾਂ ਬਹੁਤੀ ਵਾਰ ਮਨੁੱਖ ਨੂੰ ਰੱਬੀ ਰਾਹ ਤੋਂ ਦੂਰ ਲੈ ਜਾਂਦਾ ਹੈ:

ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥ (ਪੰਨਾ 463)

ਜਦੋਂ ਗੁਰੂ ਦੀ ਬਾਣੀ ਇਸ ਦੀ ਅੰਦਰਲੀ ਜੋਤਿ ਨੂੰ ਜਗਾ ਦਿੰਦੀ ਹੈ ਤਾਂ ਇਸ ਨੂੰ ਆਪਣੇ ਮੂਲ ਰੂਪ ਦਾ ਪਤਾ ਲੱਗ ਜਾਂਦਾ ਹੈ ਕਿ ਮੈਂ ਇਕ ਜੋਤਿ ਹਾਂ। ਮੈਂ ਸਿਰਫ਼ ਸਰੀਰ ਨਹੀਂ, ਤਾਂ ਇਹ ਸਾਰੀਆਂ ਕਿਰਿਆਵਾਂ ਆਤਮਾ ਨੂੰ ਪਾਲਣ ’ਪੁਰ ਲਾਉਂਦਾ ਹੈ। ਤਦੋਂ ਇਹ ਮੌਜ-ਮੇਲੇ ਤੇ ਵਿਸ਼ੇ-ਵਿਕਾਰਾਂ ’ਚ ਨਹੀਂ ਪੈਂਦਾ ਕਿਉਂਕਿ ਇਹ ਸਭ ਸਰੀਰ ਨਾਲ ਸੰਬੰਧਿਤ ਹਨ, ਉਹ ਆਤਮਾ ਨੂੰ ਪਾਲਦਾ ਹੈ। ਆਤਮਾ ਬਲਵਾਨ ਕਰਨ ਲਈ ਉਹ ਪਰਮਾਤਮਾ ਦਾ ਚਿੰਤਨ ਕਰਦਾ ਹੈ ਅਤੇ ਖਾਣਾ-ਪੀਣਾ-ਪੈਨਣਾ ਸਰੀਰ ਦੀ ਕੇਵਲ ਅਤਿ ਜ਼ਰੂਰੀ ਲੋੜ ਅਨੁਸਾਰ ਹੀ ਕਰਦਾ ਹੈ।

ਪਰੰਤੂ ਅਕਾਲ ਪੁਰਖ ਦੇ ਨਾਮ ਦਾ ਕੇਵਲ ਰਸਮੀ ਰੱਟਾ ਲਾਈ ਜਾਣਾ ਹੀ ਕੇਵਲ ਨਾਮ ਨਹੀਂ ਸਗੋਂ ਇਹ ਪਰਮੇਸ਼ਰ ਦੀ ਹੋਂਦ-ਹਸਤੀ ਨੂੰ ਸਰਵਉੱਚ ਮੰਨ ਕੇ ਉਸ ਪ੍ਰਤੀ ਸੂਰਜ ਚਕਵੀ ਵਾਲੇ ਪਿਆਰ ਵਾਲੀ ਅਵਸਥਾ ਵਿਚ ਉਸ ਦੇ ਕੀਤੇ ਜਾਪ ਨੂੰ ਨਾਮ ਕਿਹਾ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਰਸਮੀ ਰਟ ਨਾਲ ਜਾਪ ਕਰਨ ਨੂੰ ਨਿਰਾਰਥਕ ਦੱਸਿਆ ਹੈ:

ਜਾਪ ਕੇ ਕੀਏ ਤੇ ਜੋ ਪੈ ਪਾਯਤ ਅਜਾਪ ਦੇਵ; ਪੂਦਨਾ ਸਦੀਵ ਤੁਹੀ ਤੁਹੀ ਉਚਰਤ ਹੈਂ॥… (ਅਕਾਲ ਉਸਤਤਿ)

ਇਸ ਤੋਂ ਭਾਵ ਹੈ ਕਿ ਉਹੀ ਜਾਪ ਪ੍ਰਵਾਨ ਹੈ ਜੋ ਅਕਾਲ ਪੁਰਖ ਨੂੰ ਸੱਚੇ ਮਨ ਨਾਲ ਪਿਆਰ ਕਰ ਕੇ ਕੀਤਾ ਜਾਂਦਾ ਹੈ ਅਤੇ ਇਸ ਜਾਪ ਨੂੰ ਹੀ ਨਾਮ ਕਹਿੰਦੇ ਹਨ। ਮਨੁੱਖ ਦੀ ਅਵਸਥਾ ਨਾਮ ਤਕ ਪੁੱਜਣ ਲਈ ਸਭ ਤੋਂ ਪਹਿਲੀ ਪਉੜੀ, ਅਕਾਲ ਪੁਰਖ ਦੀ ਸਰਵਉੱਚ ਹੋਂਦ-ਹਸਤੀ ਨੂੰ ਮੰਨਣਾ ਹੈ:

ਮੰਨੇ ਕੀ ਗਤਿ ਕਹੀ ਨ ਜਾਇ॥ (ਪੰਨਾ 3)

ਮਨੁ ਮਾਨਿਆ ਤਉ ਹਰਿ ਜਾਨਿਆ॥ (ਪੰਨਾ 656)

ਨਾਮ ਵਿਚ ਅਥਾਹ ਸ਼ਕਤੀ ਹੈ। ਇਸ ਨਾਲ ਮਨੁੱਖ ਨੂੰ ਹਰ ਦੁਰਲੱਭ ਤੋਂ ਦੁਰਲੱਭ ਵਸਤ ਭੀ ਪ੍ਰਾਪਤ ਹੋ ਜਾਂਦੀ ਹੈ। ਮਨ ਸ਼ਾਂਤ ਹੋ ਜਾਂਦਾ ਹੈ ਅਤੇ ਇਸ ਨੂੰ ਸੰਤੋਖ ਵਰਗੀ ਅਮੁੱਲੀ ਦਾਤ ਪ੍ਰਾਪਤ ਹੋ ਜਾਂਦੀ ਹੈ:

ਮਨੁ ਪਰਬੋਧਹੁ ਹਰਿ ਕੈ ਨਾਇ॥
ਦਹ ਦਿਸਿ ਧਾਵਤ ਆਵੈ ਠਾਇ॥ (ਪੰਨਾ 288)

ਕੋਈ ਵਸਤੂ ਨਾਮ ਤੋਂ ਬਾਹਰ ਨਹੀਂ। ਦੱਸਦੇ ਹਨ ਕਿ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਅਯੂਬ ਖਾਨ ਨੂੰ ਸ਼ੁਰੂ ਵਿਚ ਪੜ੍ਹਾਈ ਨਹੀਂ ਸੀ ਆਉਂਦੀ ਅਤੇ ਸਕੂਲ ਤੋਂ ਕੁੱਟ ਪੈਂਦੀ ਹੁੰਦੀ ਸੀ। ਇਕ ਦਿਨ ਨਿਰਾਸ਼ ਹੋ ਕੇ ਸਕੂਲ ਤੋਂ ਭੱਜ ਕੇ ਗੁਰਦੁਆਰੇ ਵਿਚ ਆ ਕੇ ਬੈਠ ਗਿਆ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜੀ ਦੇ ਪੁੱਛਣ ’ਤੇ ਉਸ ਨੇ ਨਿਰਾਸ਼ਾ ਦਾ ਕਾਰਨ ਦੱਸ ਦਿੱਤਾ। ਗ੍ਰੰਥੀ ਜੀ ਨੇ ਉਸ ਨੂੰ ਮੂਲ-ਮੰਤਰ ਦਿੱਤਾ ਤੇ ਇਸ ਦਾ ਜਾਪ ਨਿਰੰਤਰ ਕਰਨ ਲਈ ਕਿਹਾ। ਜਾਪ ਕਰਨ ਨਾਲ ਜਨਰਲ ਸਾਹਿਬ ਨੂੰ ਅੱਜ ਹੋਰ, ਕੱਲ੍ਹ ਹੋਰ; ਪੜ੍ਹਾਈ ਵਿਚ ਕਾਮਯਾਬੀ ਪ੍ਰਾਪਤ ਹੋਣੀ ਸ਼ੁਰੂ ਹੋ ਗਈ। ਮੂਲ-ਮੰਤਰ ਉੱਕਰੀ ਪਲੇਟ ਜਨਰਲ ਸਾਹਿਬ ਦੇ ਕਮਰੇ ਵਿਚ ਅਖੀਰ ਤਕ ਲੱਗੀ ਰਹੀ। ਇਹ ਗੱਲ ਉਨ੍ਹਾਂ ਨੇ ਇਕ ਸਿੱਖ ਵਫ਼ਦ ਜੋ ਉਨ੍ਹਾਂ ਨੂੰ ਮਿਲਣ ਗਿਆ ਸੀ, ਨੂੰ ਦੱਸੀ। ਗੁਰਬਾਣੀ ਦਾ ਪ੍ਰਮਾਣ ਹੈ:

ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ॥ (ਪੰਨਾ 262)

ਸੰਸਾਰ ਦੀ ਹਰ ਕਿਰਿਆ ਨਾਮ ਦੇ ਆਸਰੇ ਚੱਲ ਰਹੀ ਹੈ :

ਜੇਤਾ ਕੀਤਾ ਤੇਤਾ ਨਾਉ॥
ਵਿਣੁ ਨਾਵੈ ਨਾਹੀ ਕੋ ਥਾਉ॥ (ਪੰਨਾ 4)

ਮਨੁੱਖ ਜਿਨ੍ਹਾਂ ਸਰੀਰਕ ਰਸਾਂ ਦੀ ਤ੍ਰਿਪਤੀ ਬਾਹਰਲੇ ਸਾਧਨਾਂ ਤੋਂ ਕਰਦਾ ਹੈ ਜਿਵੇਂ ਭੁੱਖ ਨੂੰ ਰੋਟੀ ਰਾਹੀਂ ਇਨ੍ਹਾਂ ਸਾਰਿਆਂ ਰਸਾਂ ਦੀ ਤ੍ਰਿਪਤੀ ਬਿਨਾਂ ਕਿਸੇ ਬਾਹਰਲੇ ਸਾਧਨ ਨਾਲ ਭੀ ਹੋ ਜਾਂਦੀ ਹੈ। ਨਾਮ ਦੀ ਖੁਮਾਰੀ ਉਹ ਅਵਸਥਾ ਹੈ ਜਿਸ ਵਿਚ ਸਰੀਰਕ ਰਸਾਂ ਦਾ ਅਨੰਦ ਪ੍ਰਾਪਤ ਹੋ ਰਿਹਾ ਹੈ। ਜੋ ਮਨੁੱਖ ਵਾਹਿਗੁਰੂ ਤੋਂ ਬਿਨਾਂ ਕਿਸੇ ਹੋਰ ਚੀਜ਼ ਦੀ ਕਾਮਨਾ ਕਰਦਾ ਹੈ ਉਸ ਨੂੰ ਦੁੱਖਾਂ ਤੋਂ ਬਿਨਾਂ ਹੋਰ ਕੁਝ ਨਹੀਂ ਮਿਲਦਾ:

ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ॥
ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ॥ (ਪੰਨਾ 958)

ਮਨੁੱਖ ਅਤੇ ਅਕਾਲ ਪੁਰਖ (ਵਾਹਿਗੁਰੂ) ਨਾਲ ਮਿਲਾਪ ਵਿਚ ਗੁਰੂ ਵਿਚੋਲਾ ਹੁੰਦਾ ਹੈ। ਗੁਰੂ ਸਾਹਿਬ ਦੁਆਰਾ ਬਖਸ਼ੇ ਮੂਲ-ਮੰਤਰ ਦਾ ਤੱਤ-ਸਾਰ ਇਹੀ ਹੈ ਕਿ ਵਾਹਿਗੁਰੂ ਜੋ ਇੱਕੋ-ਇੱਕ ਹੀ ਹੈ ਅਤੇ ਜੋ ਸ੍ਰਿਸ਼ਟੀ ਦਾ ਰਚਨਹਾਰ ਤੇ ਸਰਵਉੱਚ ਹਸਤੀ ਦਾ ਮਾਲਕ ਹੈ ਅਤੇ ਆਪਣੇ ਆਪ ਤੋਂ ਪ੍ਰਕਾਸ਼ਵਾਨ ਹੈ, ਉਹ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ। ਗੁਰੂ ਇਲਾਹੀ ਸ਼ਬਦ ਨੂੰ ਆਪਣੇ ਮੁੱਖ ਤੋਂ ਉਚਾਰ ਕੇ ਮਨੁੱਖਾਂ ਤੀਕ ਪਹੁੰਚਾਉਂਦਾ ਹੈ। ਗੁਰੂ ਤੋਂ ਬਿਨਾਂ ਮਾਰਗ ਨਹੀਂ ਲੱਭਦਾ ਅਤੇ ਮਨੁੱਖ ਕੁਰਾਹੇ ਪਿਆ ਭਟਕਦਾ ਰਹਿੰਦਾ ਹੈ। ਜੋ ਮਨੁੱਖ ਗੁਰੂ-ਉਪਦੇਸ਼ ਨੂੰ ਪਾਲਦਾ ਹੈ ਉਹ ਗੁਰਸਿੱਖ ਹੈ ਅਤੇ ਜੋ ਮਨੁੱਖ ਆਪਣੇ ਮਨ ਦੀ ਮਰਜ਼ੀ ਨਾਲ ਚੱਲਦਾ ਹੈ ਉਹ ਮਨਮੁਖ ਹੈ। ਗੁਰਮੁਖ ਆਪਣਾ ਜੀਵਨ

“ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ॥
ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ॥”

ਅਨੁਸਾਰ ਚਲਾ ਰਿਹਾ ਹੈ। ਉਸ ਦੇ ਮਨ ਵਿਚ ਸੰਤੋਖ ਹੈ। ਉਹ ਸਾਦਾ ਭੋਜਨ, ਕੱਪੜੇ ਅਤੇ ਮਕਾਨ ਵਿਚ ਰਹਿ ਕੇ ਸਰੀਰ ਦੀਆਂ ਘੱਟ ਤੋਂ ਘੱਟ ਜ਼ਰੂਰਤਾਂ ਅਨੁਸਾਰ ਆਪਣਾ ਜੀਵਨ ਬਿਤਾ ਰਿਹਾ ਹੈ। ਉਸ ਨੂੰ ਦੁਨੀਆਂ ਦੇ ਬੇਲੋੜੇ ਜਲੌ (Glamour) ਨਾਲ ਮੋਹ ਨਹੀਂ। ਉਹ ਇਸ ਜਲੌ ਨੂੰ ਮਾਇਆ ਦਾ ਜਾਲ ਸਮਝ ਕੇ ਇਸ ਤੋਂ ਮੁਕਤ ਰਹਿੰਦਾ ਹੈ। ਉਹ ਸਾਰਾ ਦਿਨ ਧਨ-ਦੌਲਤ ਪਿੱਛੇ ਬੇਤਾਲਾ ਨਹੀਂ ਰਹਿੰਦਾ। ਉਹ ਅਕਾਲ ਪੁਰਖ ਦੇ ਸਿਮਰਨ ਲਈ ਸਮਾਂ ਕੱਢਦਾ ਹੈ। ਸਾਦਗੀ ਦੇ ਜੀਵਨ ਵਿਚ ਰਹਿ ਕੇ ਉਹ ਬੇਲੋੜੇ ਸਰੀਰਕ ਦੁੱਖਾਂ ਤੋਂ ਮੁਕਤ ਰਹਿੰਦਾ ਹੈ ਅਤੇ ਨਾਮ ਜਪਣ ਕਰਕੇ ਆਪਣਾ ਇਹ ਲੋਕ ਅਤੇ ਪਰਲੋਕ ਸੁਖੀ ਬਣਾ ਲੈਂਦਾ ਹੈ।

ਦੂਜੇ ਪਾਸੇ ਮਨਮੁਖ ਸੰਸਾਰਕ ਧੰਦਿਆਂ ਵਿਚ ਪੂਰੀ ਤਰ੍ਹਾਂ ਖਚਿਤ ਹੈ। ਉਸ ਨੂੰ ਦਿਨ-ਰਾਤ ਕੋਈ ਚੈਨ ਨਹੀਂ। ਦਿਨ ਵਿਚ ਪੂਰੀ ਭੱਜ-ਦੌੜ ਕਰ ਕੇ ਵੱਧ ਤੋਂ ਵੱਧ ਮਾਇਆ ਇਕੱਤਰ ਕਰਦਾ ਹੈ ਅਤੇ ਰਾਤ ਨੂੰ ਉਸ ਨੂੰ ਆਪਣੀ ਐਸ਼ਪ੍ਰਸਤੀ ’ਪੁਰ  ਖ਼ਰਚ ਕਰ ਦਿੰਦਾ ਹੈ। ਮਨਮੁਖ ਜੀਭ ਦੇ ਝੂਠੇ ਸਵਾਦਾਂ ਮਗਰ ਲੱਗਾ ਅਤੇ ਗਲੀਚ ਕੰਮਾਂ ਵਿਚ ਮਸਤ ਹੈ। ਉਸ ਨੂੰ ਧਰਮ ਦੀ ਕੋਈ ਸੋਝੀ ਨਹੀਂ; ਨਾਮ ਜਪਣ ਲਈ ਉਸ ਕੋਲ ਕੋਈ ਸਮਾਂ ਨਹੀਂ। ਅਖ਼ੀਰ ਵਿਚ ਚਟਪਟੇ, ਤੇਜ਼ ਮਸਾਲੇਦਾਰ ਖਾਣਿਆਂ ਅਤੇ ਮੰਦੇ ਕੰਮ ਕਰਨ ਕਰਕੇ ਸਰੀਰ ਰੋਗੀ ਹੋ ਜਾਂਦਾ ਹੈ। ਇਸ ਤਰ੍ਹਾਂ ਹਰ ਪੱਖੋਂ ਦੁਖੀ ਹੋ ਜਾਂਦਾ ਹੈ। ਗੁਰਮਤਿ ਸਾਨੂੰ ਇਸ ਤੋਂ ਸੁਚੇਤ ਕਰਦਿਆਂ ਗੁਰਮੁਖ ਹੋਣ ਦਾ ਨਾਮ-ਮਾਰਗ ਦਰਸਾਉਂਦੀ ਹੈ:

ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ॥ (ਪੰਨਾ 74)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਇੰਚਾਰਜ ਵਿਦੇਸ਼ ਮਾਮਲੇ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)