editor@sikharchives.org
Gurmat Sangeet

ਗੁਰਮਤਿ ਸੰਗੀਤ-ਸ਼ਾਸਤਰ ਦੀ ਸਿਰਜਣਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗਬਧਤਾ ਦੇ ਵਿਧਾਨ ਵੇਲੇ ਸਮੇਂ, ਸਥਾਨ, ਪ੍ਰਭਾਵ, ਪ੍ਰਸੰਗ ਆਦਿ ਦਾ ਵਿਸ਼ੇਸ਼ ਖਿਆਲ ਰੱਖਿਆ ਗਿਆ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਰਾਗ ਤੇ ਸ਼ਬਦ ਦਾ ਕੁਦਰਤੀ ਸੰਜੋਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪਾਦਨਾ ਸਮੇਂ ਸਮੁੱਚੀ ਬਾਣੀ1 ਨੂੰ ਰਾਗਬਧ ਤਥਾ ਸੰਗੀਤਬਧ ਕਰ ਕੇ ਸ਼ਬਦ ਅਤੇ ਰਾਗ ਨੂੰ ਇਕਸੁਰ ਕਰ ਦਿੱਤਾ ਹੈ। ਜ਼ਿੰਦਗੀ ਦਾ ਸਾਜ਼ ਇਕ-ਸੁਰ ਕਰਨ ਲਈ ਰਾਗ ਤੇ ਸ਼ਬਦ ਦੀ ਇਕਸੁਰਤਾ ਅਤਿਅੰਤ ਲਾਭਕਾਰੀ ਹੈ। ਇਸ ਲੇਖ ਵਿਚ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਗੀਤ-ਸ਼ਾਸਤਰ ਦੀ ਬਣਤਰ, ਸਰੂਪ, ਤਰਤੀਬ ਅਤੇ ਉਦੇਸ਼ ਆਦਿ ਬਾਰੇ ਵਿਚਾਰ ਕਰਾਂਗੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗਬਧਤਾ ਦੇ ਵਿਧਾਨ ਵੇਲੇ ਸਮੇਂ, ਸਥਾਨ, ਪ੍ਰਭਾਵ, ਪ੍ਰਸੰਗ ਆਦਿ ਦਾ ਵਿਸ਼ੇਸ਼ ਖਿਆਲ ਰੱਖਿਆ ਗਿਆ ਹੈ। ਦੱਖਣੀ ਤੇ ਉੱਤਰੀ ਰੀਤੀਆਂ ਦੇ ਸੰਯੋਗਾਂ ਤੋਂ ਇਲਾਵਾ ਮਾਰਗੀ ਤੇ ਦੇਸੀ ਰਾਗਾਂ ਨੂੰ ਪ੍ਰਧਾਨਤਾ ਵੀ ਹਾਸਲ ਹੈ, ਜਿਸ ਨਾਲ ਭਾਰਤੀ ਤੇ ਸਾਮੀ ਸਭਿਆਚਾਰਾਂ ਤਕ ਪਹੁੰਚ ਦਾ ਸੰਕੇਤ ਵੀ ਮਿਲਦਾ ਹੈ। ਰਾਗਬਧ ਬਾਣੀਆਂ ਨਾਲ ‘ਘਰ’, ‘ਪੜਤਾਲ’ ਤੇ ਲੋਕ/ਸਾਹਿਤਕ ਕਾਵਿ-ਰੂਪਾਂ ਦੇ ਸੰਕੇਤ ਵੀ ਪ੍ਰਾਪਤ ਹਨ। ਭਾਰਤੀ ਸੰਗੀਤ ਸ਼ਾਸਤਰ ਵਿਚ ‘ਟੇਕ’ ਦੇ ਬਦਲ ਵਜੋਂ ‘ਰਹਾਉ’ ਦਾ ਵਿਧਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਰੇਕ ‘ਰਾਗ’ ਇਕ ਅਜਿਹੇ ਸੂਖ਼ਮ ਸਿਧਾਂਤਕ ਪ੍ਰਬੰਧ ਵਿਚ ਬੰਨ੍ਹਿਆ ਗਿਆ ਹੈ, ਜਿਸ ਦਾ ਸੰਬੰਧ ਕਿਸੇ ਭਾਰਤੀ ਸੰਗੀਤ-ਪਰੰਪਰਾ ਦੀਆਂ ਵਿਭਿੰਨ ਪੱਧਤੀਆਂ ਅਤੇ ਸਕੂਲ, ਜਿਵੇਂ ਵਿਸ਼ਨੂੰ, ਹਨੂੰਮਾਨ ਆਦਿ ਨਾਲ ਨਾ ਹੋ ਕੇ ਸਿੱਧਾ ਗੁਰਮਤਿ ਫਲਸਫੇ ਦੇ ਏਕਾਵਾਦ (Monotheism) ਨਾਲ ਜੁੜਦਾ ਹੈ।2

ਹੱਥ-ਵਿਚਲੇ ਲੇਖ ਜਿਵੇਂ ਕਿ ਪਹਿਲਾਂ ਕਿਹਾ ਜਾ ਚੁੱਕਾ ਹੈ, ਦਾ ਉਦੇਸ਼ ਗੁਰਮਤਿ ਦੇ ਵੱਡੇ ਸੰਗੀਤਾਚਾਰੀਆਂ ਦਾ ਧਿਆਨ ਜਿੱਥੇ ਗੁਰਬਾਣੀ ਸੰਗੀਤ-ਸ਼ਾਸਤਰ ਦੀ ਸਿਰਜਣਾ ਵੱਲ ਦੁਆਉਣਾ ਹੈ, ਉਥੇ ਇਸ ਦੇ ਮੁੱਢਲੇ ਸਰੂਪ ਅਤੇ ਬਣਤਰ ਦੀ ਨਿਸ਼ਾਨਦੇਹੀ ਵੀ ਕਰਨਾ ਹੈ। ਅਕਾਦਮਿਕ ਦੁਨੀਆਂ ਵਿਚ ਗਿਆਨ-ਵਿਗਿਆਨ ਹੁਣ ਅਜਿਹੇ ਬਿੰਦੂ ਉੱਤੇ ਅੱਪੜ ਚੁੱਕਿਆ ਹੈ, ਜਿੱਥੇ ਗਿਆਨ-ਵਿਗਿਆਨ ਦੇ ਹਰੇਕ ਅਨੁਸ਼ਾਸਨ3 ਨੂੰ ਪਰਿਭਾਸ਼ਿਤ ਕੀਤਾ ਜਾ ਰਿਹਾ ਹੈ; ਉਸ ਨੂੰ ਅਧਿਐਨ/ਅਧਿਆਪਨ ਦੀ ਵਿਧੀ-ਵਿਉਂਤ ਵਿਚ ਸਿਰਜਿਆ ਜਾ ਰਿਹਾ ਹੈ। ਲੱਗਭਗ ਹਰੇਕ ਅਨੁਸ਼ਾਸਨ/ ਵਿਸ਼ੇ ਦੀ ਪਹੁੰਚ-ਵਿਧੀ (methodology) ਸਿਰਜਣਾ ਹੁਣ ਇਕ ਜ਼ਰੂਰੀ ਲੋੜ ਦੀ ਤਰ੍ਹਾਂ ਬਣ ਗਿਆ ਹੈ। ਇਤਿਹਾਸਕ ਤੇ ਕਈ ਹੋਰ ਅੰਦਰੂਨੀ/ਬਾਹਰੀ ਮਸਲਿਆਂ/ ਕਾਰਨਾਂ ਕਰਕੇ ਅਸੀਂ (ਸਿੱਖ ਜਗਤ) ਇਸ ਮਸਲੇ ਉੱਤੇ ਕਾਫ਼ੀ ਪੱਛੜ ਗਏ ਹਾਂ।

ਗੁਰਬਾਣੀ ਸੰਗੀਤ ਦੀ ਪਰੰਪਰਾ ਜਿਵੇਂ ਕਿ ਅਸੀਂ ਜਾਣਦੇ ਹੀ ਹਾਂ, ਸ੍ਰੀ ਗੁਰੂ ਨਾਨਕ ਸਾਹਿਬ ਜੀ ਤੇ ਭਾਈ ਮਰਦਾਨਾ ਜੀ ਰਬਾਬੀ ਦੇ ਸ਼ਬਦ-ਰਾਗ ਸੁਮੇਲ ਤੋਂ ਸ਼ੁਰੂ ਹੋ ਜਾਂਦੀ ਹੈ, ਗੁਰਮਤਿ ਸੰਗੀਤ ਵਿਚ ਢਾਡੀ ਪਰੰਪਰਾ ਵੀ ਸ਼ਾਮਲ ਹੈ। ਪਹਿਲੇ ਪਾਤਸ਼ਾਹ ਤੋਂ ਲੈ ਕੇ ਅੱਜ ਤਕ ਗੁਰਮਤਿ ਸੰਗੀਤ ਕਈ ਕਿਸਮਾਂ ਦੀਆਂ ਘਾਟੀਆਂ ਪਾਰ ਕਰ ਚੁਕਾ ਹੈ। ਇਸ ਵਿਚ ਗੁਰੂ-ਘਰਾਂ ਵਿਚ ਹੁੰਦੇ ਕੀਰਤਨ ਤੋਂ ਬਿਨਾਂ ਸ਼ਾਸਤਰੀ ਗਾਇਨ ਵੀ ਸ਼ਾਮਲ ਹਨ। ਚੌਂਕੀਆਂ ਦੀ ਪ੍ਰਥਾ, ਸੰਗਤਾਂ ਦਾ ਗੁਰੂ-ਘਰਾਂ (ਖਾਸ ਕਰ ਗੁਰਪੁਰਬਾਂ ਅਤੇ ਇਤਿਹਾਸਕ ਜੋੜ-ਮੇਲਿਆਂ) ਵਿਚ ਜਾਂਦਿਆਂ ਬਾਣੀ-ਸ਼ਬਦਾਂ ਦਾ ਦੇਸੀ/ਸਥਾਨਕ ਲੋਕ ਸੁਰਾਂ ਵਿਚ ਗਾਉਣ ਤੇ ਸਾਧਾਰਨ ਧਾਰਨਾਵਾਂ ਦੇ ਕੀਰਤਨ ਦਰਬਾਰ ਵੀ ਸ਼ਾਮਲ ਹਨ। ਆਮ ਕੀਰਤਨ ਗਾਈਡਾਂ ਤੋਂ ਲੈ ਕੇ ਪੀ.ਐੱਚ.ਡੀ. ਜਾਂ ਡੀ.ਲਿਟ. ਦੀਆਂ ਡਿਗਰੀਆਂ, ਸੈਮੀਨਾਰਾਂ, ਕਿਤਾਬਾਂ, ਕੋਰਸਾਂ ਆਦਿ ਤਕ ਕਈ ਪੜਾਅ ਪਾਰ ਕੀਤੇ ਹਨ। ਇਹ ਸਭ ਕੁਝ ਗੁਰਮਤਿ ਸੰਗੀਤ ਦੇ ਇਤਿਹਾਸ ਦਾ ਹਿੱਸਾ ਹੈ ਤੇ ਸੰਗੀਤ ਦੇ ਇਤਿਹਾਸ ਦੀ ਕਿਸੇ ਵੀ ਚੰਗੀ ਕਿਤਾਬ ਵਿੱਚੋਂ ਵਿਸਤਾਰ ਨਾਲ ਪੜ੍ਹਿਆ/ਵਾਚਿਆ ਜਾ ਸਕਦਾ ਹੈ।4

ਗੁਰਬਾਣੀ ਅਨੁਸਾਰ ‘ਰਾਗ-ਨਾਦ’ ਤਾਂ ਸੁਹਾਵਣੇ ਹਨ, ਜੇ ਸਤਿ (real-ity) ਵੱਲ, ਮਨੁੱਖਾ-ਜੀਵਨ ਦੇ ਉਦੇਸ਼, ‘ਪ੍ਰਭੂ-ਪ੍ਰਾਪਤੀ’ ਵੱਲ ਲੈ ਕੇ ਜਾਣ; ਜਿਵੇਂ:

ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ॥ (ਪੰਨਾ 83)

ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ॥ (ਪੰਨਾ 311)

ਸਬਦਿ ਰਤੇ ਵਡ ਹੰਸ ਹੈ ਸਚੁ ਨਾਮੁ ਉਰਿ ਧਾਰਿ॥  (ਪੰਨਾ 585)

ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ॥ (ਪੰਨਾ 642)

ਆਦਿ।

ਜਿਵੇਂ ਕਿ ਹਰੇਕ ਗੰਭੀਰ ਖੋਜੀ ਜਾਣਦਾ ਹੀ ਹੈ ਕਿ ਕਿਸੇ ਸ਼ਾਸਤਰ ਦੀ ਉਸਾਰੀ ਵਿਚ ਆਧਾਰ-ਸ੍ਰੋਤ ਵਜੋਂ ਕੰਮ ਆਉਣ ਵਾਲੀ ਸਮੱਗਰੀ ਦਾ ਇਕੱਤਰੀਕਰਣ, ਸੰਗ੍ਰਹਿ, ਸੰਪਾਦਨ ਅਤੇ ਉਨ੍ਹਾਂ ਦੇ ਵਿਭਿੰਨ-ਪ੍ਰਕਾਰੀ ਖੋਜ-ਸੰਦਾਂ (ਟੀਕੇ, ਤਤਕਰੇ, ਭਾਸ਼ਾ, ਅਨੁਕ੍ਰਮਣਿਕਾਵਾਂ, ਸ੍ਰੋਤ-ਸੰਦਰਭ ਗ੍ਰੰਥ ਆਦਿ) ਦੀ ਲੋੜ ਪ੍ਰਾਥਮਿਕ ਹੁੰਦੀ ਹੈ।

ਸਾਡੇ ਸੰਗੀਤ-ਵਿਗਿਆਨ ਦਾ ਮੁੱਖ ਗ੍ਰੰਥ ਆਧਾਰ-ਸ੍ਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਇਸ ਤੋਂ ਬਿਨਾਂ ਗੁਰੂ-ਸਮਕਾਲੀ ਤੇ ਨਿਕਟ-ਸਮਕਾਲੀ ਹੋਰ ਕਿੰਨਾ ਹੀ ਅਜਿਹਾ ਸੰਗੀਤ ਨਾਲ ਸੰਬੰਧਿਤ ਸਾਹਿਤ ਹੈ, ਜਿਸ ਨੇ ਹਾਲੇ ਛਾਪੇ/ਸੰਪਾਦਨਾ ਦਾ ਮੂੰਹ ਨਹੀਂ ਵੇਖਿਆ, ਭਾਵ ਹੱਥ-ਲਿਖਤਾਂ ਦੇ ਰੂਪ ਵਿਚ ਹੈ।5 ਜ਼ਰੂਰੀ ਹੈ ਕਿ ਇਸ ਸਾਰੇ ਸਾਹਿਤ ਨੂੰ ਉਚਿਤ ਢੰਗ ਨਾਲ ਸੰਪਾਦਿਤ ਕੀਤਾ ਜਾਵੇ ਤੇ ਪ੍ਰਾਪਤ ਪੁਰਾਤਨ ਸਿੱਖ ਸਾਹਿਤ, ਸ੍ਰੋਤ ਸਮੱਗਰੀ6 ਵਿੱਚੋਂ ਸੰਗੀਤ/ਰਾਗ ਨਾਲ ਸੰਬੰਧਿਤ ਇਤਿਹਾਸਕ/ਸਿਧਾਂਤਕ ਸਮੱਗਰੀ ਦੇ ਵਿਚਾਰ/ਸੰਕੇਤ ਕੋਸ਼ ਤਿਆਰ ਕੀਤੇ ਜਾਣ।7 ਹਾਲੇ ਤਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਬੰਧ ਵਿਚ ਵੀ ਮਸਾਂ ਇਸ ਖੇਤਰ ਵਿਚ ਮੁੱਢਲੇ ਪੈਰ ਪੁੱਟੇ ਹਨ।8 ਗੁਰਮਤਿ ਸੰਗੀਤ ਨਾਲ ਸੰਬੰਧਿਤ ਹੁਣ ਤਕ ਲਿਖੀ/ਖੋਜੀ ਜਾ ਚੁੱਕੀ ਸਮੱਗਰੀ ਦਾ ਸੂਚੀਕਰਣ, ਵਰਗੀਕਰਣ, ਸੂਤ੍ਰੀਕਰਣ, ਮੁਲੰਕਣ ਅਤੇ ਇਕੱਤ੍ਰੀਕਰਣ ਕੀਤਾ ਜਾਵੇ। ਹੱਥ ਵਿਚਲੇ ਲੇਖ ਦੇ ਲੇਖਕ ਦੀ ਨਜ਼ਰ ਵਿਚ ਹਾਲੇ ਤਕ ਘੱਟੋ-ਘੱਟ ਸਾਧਾਰਨ ਜਾਂ ਮੁੱਢਲੇ ਰੂਪ ਵਿਚ ਤਿਆਰ ਕੀਤੀ, ਕੋਈ ਇਕ-ਅੱਧ ਸੂਚੀ ਛੱਡ ਕੇ,9 ਕੋਈ ਗੁਰਮਤਿ ਸੰਗੀਤ ਨਾਲ ਸੰਬੰਧਿਤ ਪੁਸਤਕ-ਸੂਚੀ ਵੀ ਨਜ਼ਰ ਨਹੀਂ ਆਈ। ਇਸੇ ਲੜੀ ਵਿਚ ਗੁਰਮਤਿ ਸੰਗੀਤ ਦੀ ਕਿਸੇ ਵੀ ਪੱਧਰ ਉੱਤੇ ਸਿਖਲਾਈ ਦੇ ਰਹੇ ਸੰਸਾਰ ਭਰ ਦੇ ਹਰੇਕ ਛੋਟੇ-ਵੱਡੇ ਅਦਾਰੇ ਦੀ ਡਾਇਰੈਕਟਰੀ, ਕਾਰਜ-ਵਿਧੀ, ਸਿਲੇਬਸ ਆਦਿ ਦੀ ਕੋਈ ਇਕ ਥਾਂ ਜਾਣਕਾਰੀ ਪ੍ਰਾਪਤ ਨਹੀਂ। ਕਿੰਨਾ ਚੰਗਾ ਹੋਵੇ ਜੇਕਰ ਇਹ ਸਭ ਕੁਝ ਕਿਸੇ ਇਕ ਥਾਂ, ਕਿਸੇ ਵੱਡੇ ਵਿਤ ਵਾਲੀ ਸੰਸਥਾ ਦੀ ਨਿਗਰਾਨੀ ਹੇਠ ਹੋਵੇ ਤੇ ਜਾਂ ਫਿਰ ਪ੍ਰੋ. ਪ੍ਰੀਤਮ ਸਿੰਘ ਵੱਲੋਂ ਸੁਝਾਈ ਗਈ ਸੰਸਥਾ ਦੀ ਨਿਗਰਾਨੀ ਹੇਠ।10

ਉਪਰੋਕਤ ਮੁੱਢਲਾ ਜਿਹਾ ਕਾਰਜ ਹੋਣ ਤੋਂ ਬਾਅਦ ਫਿਰ ਸ਼ੁਰੂ ਹੋਵੇਗਾ ਸਿੱਖ ਜਾਂ ਗੁਰਬਾਣੀ ਸੰਗੀਤ-ਸ਼ਾਸਤਰ ਦੇ ਨਿਰਮਾਣ ਦਾ ਕਾਰਜ ਅਰੰਭ, ਜਿਸ ਵਿਚ ਪੁਰਾਤਨ ਰੀਤਾਂ ਦੇ ਨਿਖੇੜਾਤਮਕ ਅਧਿਐਨ (analytical studies) ਹੋਣਗੇ, ਸੰਗੀਤ ਘਰਾਣਿਆਂ ਵਿਚ ਪਨਪੀਆਂ ਰੀਤਾਂ ਦੇ ਅਧਿਐਨ ਤੇ ਮੁਲੰਕਣ ਕੀਤੇ ਜਾਣਗੇ। ਵੈਸ਼ਨਵ ਸੰਗੀਤ-ਪੱਧਤੀਆਂ, ਪੰਜਾਬ ਦੇ ਲੋਕ-ਗਾਇਕਾਂ ਦੀ ਰਾਗ-ਰਚਨਾ, ਭਾਰਤੀ ਤੇ ਵਿਦੇਸ਼ੀ (ਖ਼ਾਸ ਕਰ ਈਰਾਨੀ ਤੇ ਸਾਮੀ) ਸੰਗੀਤ ਰਚਨਾ ਆਦਿ ਨਾਲ ਤੁਲਨਾਵਾਂ, ਸਮਾਨਤਾਵਾਂ ਤੇ ਵਿਰੋਧਤਾਈਆਂ ਦਾ ਲੇਖਾ-ਜੋਖਾ। ਫ਼ਾਰਸੀ (ਈਰਾਨੀ) ਜਾਂ ਦੱਖਣੀ ਰਾਗਾਂ ਦੇ ਵੇਰਵੇ, ਜਿਨ੍ਹਾਂ ਦੇ ਸੰਕੇਤ ਗੁਰਬਾਣੀ ਵਿਚ ਪ੍ਰਾਪਤ ਹਨ, ਉਨ੍ਹਾਂ ਦੀਆਂ ਵਰਤੋਂ- ਰੀਤਾਂ। ਇਸ ਸਭ ਕੁਝ ਦੇ ਸਿਧਾਂਤਕ ਤੇ ਵਿਵਹਾਰਕ ਪੱਖਾਂ ਨੂੰ ਨਿਸ਼ਚਿਤ ਕਰਨ ਲਈ ਸਿਰਤੋੜ ਕੋਸ਼ਿਸ਼ਾਂ ਦੀ ਲੋੜ ਹੈ।

ਗੁਰਬਾਣੀ ਰਾਗਾਂ ਦੀਆਂ ਸੁਰ-ਲਿਪੀਆਂ ਦੇ ਰਚਨਾ-ਢੰਗ ਤੇ ਸਿੱਖ-ਰੀਤਾਂ ਦੇ ਪ੍ਰਸੰਗ ਵਿਚ ਇਨ੍ਹਾਂ ਨੂੰ ਵੇਖਣਾ, ਸਾਨੂੰ ਗੁਰਬਾਣੀ ਸੰਗੀਤ-ਸ਼ਾਸਤਰ ਦੇ ਨਿਰਮਾਣ ਵੱਲ ਲੈ ਕੇ ਜਾਵੇਗਾ। ਗੁਰਬਾਣੀ ਸੰਗੀਤ-ਸਾਸ਼ਤਰ ਦੀ ਸਿਰਜਣਾ ਹੀ ਸਾਨੂੰ ਇਨ੍ਹਾਂ ਸਵਾਲਾਂ ਦਾ ਉੱਤਰ ਦੇਵੇਗੀ ਕਿ ਗੁਰਬਾਣੀ ਰਾਗਾਂ ਦੇ ਅਸਲ ਰੂਪ, ਬਣਤਰ, ਸੁਰਾਵਲੀ, ਸੁਰਾਂ ਦੇ ਆਪਸ ਵਿਚਲੇ ਸੰਬੰਧ, ਮਿਲਦੇ-ਜੁਲਦੇ ਨਾਵਾਂ ਵਾਲੇ ਰਾਗਾਂ ਦੇ ਭਾਰਤੀ ਸ਼ਾਸਤਰੀ ਸੰਗੀਤ ਗ੍ਰੰਥਾਂ ਵਿਚਲੇ ਸਰੂਪ, ਗੁਰੂ ਸਮਕਾਲੀ ਗ੍ਰੰਥਾਂ ਵਿਚਲੇ ਰੂਪ, ਹੁਣ ਤਕ ਕਾਲ ਤੇ ਸਥਾਨ ਦੇ ਲੰਮੇ ਵਖਰੇਵੇਂ ਨੇ ਪਾਏ ਅੰਤਰ; ਉਨ੍ਹਾਂ ਅੰਤਰਾਂ ਦੇ ਕਾਰਨ, ਸਾਜ਼ਾਂ ਦੀ ਵਰਤੋਂ, ਸਾਜ਼-ਵਰਤੋਂ ਦੇ ਬਦਲਦੇ ਰੂਪਾਂ ਨਾਲ ਆਉਂਦੀਆਂ ਤਬਦੀਲੀਆਂ, ਗਾਇਕ/ ਸ੍ਰੋਤੇ ਦੇ ਪ੍ਰਭਾਵ, ਰਾਗੀ-ਰਬਾਬੀ, ਢਾਡੀ ਪੱਧਤੀਆਂ ਦੀਆਂ ਰੀਤਾਂ, ਵਾਰਾਂ ਸਲੋਕ- ਪਉੜੀਆਂ ਗਾਉਣ ਦੇ ਪੁਰਾਤਨ (ਖਾਸ ਕਰ ਗੁਰੂ ਸਮਕਾਲੀ) ਢੰਗ, ਬਾਣੀ ਵਿਚਲੀਆਂ ਬਾਈ  ਵਾਰਾਂ ਵਿੱਚੋਂ  9  ਵਾਰਾਂ  ਦੀਆਂ  ਧੁਨਾਂ  ਦੇ ਅਸਲ  ਸਰੂਪ, 12 ਸਿੱਖ-ਕੀਰਤਨ ਦੇ ਸਮਾਨਾਂਤਰ ਚੱਲਦੀਆਂ ਹੋਰ ਗਾਇਕੀਆਂ (ਜਿਵੇਂ ਬਿਸ਼ਨੋਈਆਂ ਦੀ) ਆਦਿ ਨਾਲ ਤੁਲਨਾ ਆਦਿ ਕੀ ਕੁਝ ਹੈ। ਅਜਿਹਾ ਕੁਝ ਕਰਨ ਨਾਲ ਹੀ ਸਿੱਖ/ਗੁਰਬਾਣੀ ਰਾਗ- ਰੀਤਾਂ ਦੀ ਬਣਤਰ/ਰਚਨਾ-ਵਿਧੀ ਦੇ ਤੱਤ ਨਿਖੇੜੇ ਜਾ ਸਕਣਗੇ। ਇਸ ਕਾਰਜ ਵਿਚ ਸੰਗੀਤ-ਵਿਆਕਰਣ ਤੇ ਸੰਗੀਤ-ਨਿਰੁਕਤ ਦੀਆਂ ਵਿਗਿਆਨਕ ਲੀਹਾਂ ਵੀ ਕਾਇਮ ਹੋਣਗੀਆਂ।

ਗੁਰਬਾਣੀ ਸੰਗੀਤ ਦੀ ਸਿਰਜਣਾ ਪ੍ਰਕ੍ਰਿਆ ਵਿਚ ਸੁਰ, ਰਾਗ, ਤਾਲ, ਅਸਤ, ਭਾਵ, ਅਰਥ ਆਦਿ ਬਹੁਤ ਕੁਝ ਸ਼ਾਮਲ ਹੈ। ਇਥੇ ਤਾਂ ਕੇਵਲ ਅਸੀਂ ਤੁੱਛ ਬੁੱਧੀ ਅਨੁਸਾਰ ਇਸ਼ਾਰਾ ਕਰਨ ਦੇ ਸਮਰੱਥ ਹੀ ਹੋ ਸਕੇ ਹਾਂ। ਕਿੰਨਾ ਚੰਗਾ ਹੋਵੇ ਕਿ ਜੇਕਰ ਕੋਈ ਬਾਣੀ-ਸੰਗੀਤ ਦੀ ਗੰਭੀਰ ਸੋਝੀ ਰੱਖਣ ਵਾਲਾ ਗੁਰੂ-ਪਿਆਰਾ ਘੱਟੋ-ਘੱਟ ਇਸੇ ‘ਇਸ਼ੂ’ ਨੂੰ ਹੀ ਚਰਚਿਤ ਕਰ ਕੇ ਸਿਆਣੇ ਸੰਗੀਤਾਚਾਰੀਆਂ ਦਾ ਇਧਰ ਧਿਆਨ ਦਿਵਾ ਦੇਵੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 300 ਸਾਲਾ ਗੁਰਤਾ-ਗੱਦੀ ਵਿਚਲੇ ਸਮਾਗਮਾਂ ਵਿਚ ਇਸ ਤਰ੍ਹਾਂ ਦੀ ਸੇਵਾ-ਅਹੂਤੀ ਪਾਵੇ!

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Gurmail Singh
ਅਸਿਸਟੈਂਟ ਪ੍ਰਫ਼ੈਸਰ, ਧਰਮ ਅਧਿਐਨ ਵਿਭਾਗ -ਵਿਖੇ: ਪੰਜਾਬੀ ਯੂਨੀਵਰਸਿਟੀ, ਪਟਿਆਲਾ
1 ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1-13; 1353-1430 ਦੀਆਂ ਰਾਗ-ਮੁਕਤ ਬਾਣੀਆਂ ਵੀ ਸੰਗੀਤਕ-ਰਸ, ਲੈਅ, ਤਾਲ ਅਤੇ ਪ੍ਰਬੰਧ ਤੋਂ ਮੁਕਤ ਨਹੀਂ।
2 ਡਾ. ਬ੍ਰਿਹਸਪਤੀ ਦੇ ਹਵਾਲੇ ਨਾਲ, ਵੇਖੋ: Pritam Singh ‘Kirtan and the Sikhs’, Journal of Sikh Studies, Aug. 1976, Vol. III, No. 2, GNDU, Asr.; dubwrw Ex- ploring Some Sikh Themes, Singh Brothers, Amritsar, Nov. 2006, P. 170.
3 ਸਮਾਜਿਕ (Social), ਕੁਦਰਤੀ (Natural), ਸੁਹਜ (Asthetics) ਆਦਿ ਵਿਗਿਆਨਾਂ/ਅਨੁਸ਼ਾਸਨਾਂ ਦੇ ਘੇਰੇ ਵਿਚਲੇ ਜਾਂ ਬਾਹਰਲੇ ਹਰੇਕ ਵਿਸ਼ੇ/ਅਨੁਸ਼ਾਸਨ ਨੂੰ।
4 ਗੁਰਬਾਣੀ ਸੰਗੀਤ ਸਬੰਧੀ ਵਿਉਂਤਬਧ ਅਤੇ ਸਿਲਸਿਲੇਵਾਰ ਖੋਜ ਦਾ ਮੁੱਢ ਡਾ. ਚਰਨ ਸਿੰਘ ਦੀ ਰਚਨਾ ਬਾਣੀ ਬਿਉਰਾ ਨਾਲ ਬੱਝਿਆ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿਚ ਗੁਰਬਾਣੀ ਦੇ 31 ਰਾਗਾਂ ਤੋਂ ਇਲਾਵਾ ਸੰਗੀਤ ਨਾਲ ਸੰਬੰਧਿਤ ਬਹੁਤ ਸਾਰੇ ਸ਼ਾਸਤਰੀ ਸੰਬੋਧਾਂ ਨੂੰ ਵੀ ਖੋਲ੍ਹਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਦੋ ਭਾਗਾਂ ਵਿਚ ‘ਗੁਰਬਾਣੀ ਸੰਗੀਤ’ ਪੁਸਤਕ ਦਾ ਵਿਸ਼ੇਸ਼ ਜ਼ਿਕਰਯੋਗ ਸਥਾਨ ਹੈ। ਕਮੇਟੀ ਨੇ ਪ੍ਰੋ. ਕਰਤਾਰ ਸਿੰਘ ਜੀ ਦੀਆਂ ਵੀ ਕੁਝ ਪੁਸਤਕਾਂ (ਜਿਵੇਂ ਗੁਰੂ ਅੰਗਦ ਦੇਵ ਜੀ ਸੰਗੀਤ ਦਰਪਣ-2004) ਪ੍ਰਕਾਸ਼ਤ ਕੀਤੀਆਂ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ (ਗੁਰਪੁਰਵਾਸੀ ਡਾ. ਤਾਰਨ ਸਿੰਘ ਜੀ ਦੇ ਉੱਦਮ ਸਦਕਾ) ਗੁਰਬਾਣੀ ਕੀਰਤਨ ਦੇ ਜਿੱਥੇ ਅਨੇਕਾਂ ਟੇਪ ਰੀਕਾਰਡ ਕਰ ਕੇ ਸੰਭਾਲੇ ਗਏ (ਹੁਣ ਰਬਾਬੀ ਭਾਈ ਗੁਲਾਮ ਮੁਹੰਮਦ ਚਾਂਦ ਦੇ ਸ਼ਬਦ ਕੀਰਤਨ ਦੀਆਂ ਸੀਡੀਜ਼ ਵੀ ਤਿਆਰ ਕੀਤੀਆਂ ਗਈਆਂ ਹਨ), ਉਥੇ ਕਾਫ਼ੀ ਸਾਰੀਆਂ ਖੋਜ-ਭਰਪੂਰ ਪੁਸਤਕਾਂ ਵੀ ਤਿਆਰ ਕੀਤੀਆਂ/ਕਰਵਾਈਆਂ ਹਨ, ਜਿਨ੍ਹਾਂ ਵਿਚ ਭਾਈ ਅਵਤਾਰ ਸਿੰਘ ਰਾਗੀ ਅਤੇ ਭਾਈ ਗੁਰਚਰਨ ਸਿੰਘ ਰਾਗੀ ਦੁਆਰਾ ਦੋ ਭਾਗਾਂ ਵਿਚ ਤਿਆਰ ਕੀਤੇ ਗ੍ਰੰਥ ‘ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ’ ਦਾ ਵਿਸ਼ੇਸ਼ ਥਾਂ ਹੈ। ਇਸ ਤੋਂ ਇਲਾਵਾ ਪ੍ਰੋ. ਗੁਰਨਾਮ ਸਿੰਘ (ਗੁਰਮਤਿ ਸੰਗੀਤ, ਪ੍ਰਬੰਧ ਤੇ ਪਾਸਾਰ) ਅਤੇ ਪ੍ਰੋ. ਤਾਰਾ ਸਿੰਘ ਦੀਆਂ ਵੱਖ-ਵੱਖ ਗੁਰੂ ਸਾਹਿਬਾਨ ਸੰਬੰਧੀ ਤਿਆਰ ਪੁਸਤਕਾਂ (ਜਿਵੇਂ ਕਿ ਸ੍ਰੀ ਗੁਰੂ ਤੇਗ ਬਹਾਦਰ ਰਾਗ ਰਤਨਾਵਲੀ, ਗੁਰੂ ਅਮਰਦਾਸ ਰਾਗ ਰਤਨਾਵਲੀ ਆਦਿ) ਵੀ ਜ਼ਿਕਰਯੋਗ ਹਨ। ਸੰਗੀਤ ਸੰਬੰਧੀ ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ ਕੰਮ ਕਰਨ ਵਾਲੇ ਸੱਜਣਾਂ ਵਿਚ ਪ੍ਰੋ. ਦਰਸ਼ਨ ਸਿੰਘ, ਪ੍ਰੋ. ਗੁਰਦਿਆਲ ਸਿੰਘ, ਭਾਈ ਦਿਆਲ ਸਿੰਘ ਦਿੱਲੀ ਆਦਿ ਦਾ ਨਾਂ ਵੀ ਮਹੱਤਤਾਯੋਗ ਹੈ, ਜਿਨ੍ਹਾਂ ਕੁਝ ਚੋਣਵੇਂ ਰਾਗਾਂ ਦੀ ਜਾਣਕਾਰੀ ਤੇ ਸੁਰਾਵਲੀਆਂ ਤਿਆਰ ਕਰਵਾਈਆਂ ਸਨ। ‘ਸਿੱਖ ਸੰਗੀਤ ਵਿੱਦਿਆ’ ਵਿਚ ਗੁਰਪੁਰਵਾਸੀ ਡਾ. ਦੇਵਿੰਦਰ ਸਿੰਘ ਵਿਦਿਆਰਥੀ ਦੇ ਕੀਤੇ ਗੰਭੀਰ ਤੇ ਉਤਸ਼ਾਹਜਨਕ ਕਾਰਜਾਂ (ਜਿਵੇਂ: ਕੀਰਤਨ ਸੰਦਰਭ ਅਤੇ ਸਰੂਪ; ਸ਼ਾਸਤ੍ਰੀ ਸੰਗੀਤ ਦੇ ਇਤਿਹਾਸ ਵਿਚ ਸਿੱਖ ਸੰਗੀਤ ਦਾ ਵਿਕਾਸ, ਗੁਰਬਾਣੀ ਦੇ ਰਾਗ : ਸੰਬੋਧ ਅਤੇ ਸਾਰਥਕਤਾ ਆਦਿ) ਦਾ ਆਪਣਾ ਥਾਂ ਹਮੇਸ਼ਾਂ ਬਣਿਆ ਰਹੇਗਾ। ਗੁਰਬਾਣੀ ਸੰਗੀਤ ਦੇ ਵਿਵਹਾਰਕ ਤੇ ਅਕਾਦਮਿਕ ਸਕੂਲ ਵਿਚ ਜਵੱਦੀ ਟਕਸਾਲ ਲੁਧਿਆਣਾ ਦੇ ਹਿੱਸੇ ਨੂੰ ਵਿਸਾਰਿਆ ਨਹੀਂ ਜਾ ਸਕਦਾ। ਸੰਸਥਾ ਵੱਲੋਂ ਪ੍ਰਕਾਸ਼ਿਤ ‘ਵਿਸਮਾਦੁ ਨਾਦ’ ਜਰਨਲ ਦੇ ਵਿਸ਼ੇਸ਼- ਅੰਕਾਂ ਵਿਚਲੇ ਲੇਖ ਗੁਰਬਾਣੀ ਸੰਗੀਤ ਸ਼ਾਸਤਰ ਦੀਆਂ ਮੁੱਢਲੀਆਂ ਪੈੜਾਂ ਹਨ। ਚੰਡੀਗੜ੍ਹ ਤੋਂ ਪ੍ਰੋ. ਜਗੀਰ ਸਿੰਘ ਵੱਲੋਂ ਭੇਟਾ ਰਹਿਤ ਕੱਢਿਆ ਜਾਂਦਾ ਮਾਸਕ ਰਸਾਲਾ ‘ਅੰਮ੍ਰਿਤ ਕੀਰਤਨ’ ਵੀ ਆਪਣਾ ਵਿਤ-ਮੂਜ਼ਬ ਹਿੱਸਾ ਪਾ ਰਹੇ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸਥਾਪਿਤ ‘ਗੁਰਮਤਿ ਸੰਗੀਤ ਚੇਅਰ’ ਨਾਲ ਗੁਰਮਤਿ ਸੰਗੀਤ ਨੂੰ ਅਕਾਦਮਿਕ ਜਗਤ ਵਿਚ ਜਾਣ-ਪਛਾਣ ਤੇ ਮਾਨਤਾ ਮਿਲ ਗਈ ਹੈ ਤੇ ਇਸ ਚੇਅਰ ਤੋਂ ਸਿੱਖ ਜਗਤ ਨੂੰ ਵੱਡੀਆਂ ਆਸਾਂ ਹਨ। ਉਪਰੋਕਤ ਕੀਤਾ ਅਤਿ ਸੰਖੇਪ ਸਰਵੇਖਣ ਜਿੱਥੇ ਇਹ ਦੱਸਦਾ ਹੈ ਕਿ ਗੁਰਬਾਣੀ ਸੰਗੀਤ ਦਾ ਖੋਜ-ਪੱਤਰ ਉੱਕਾ ਹੀ ਖਾਲੀ ਨਹੀਂ, ਉੱਥੇ ਇਹ ਵੀ ਦੱਸਦਾ ਹੈ ਕਿ ਅਸੀਂ ਅਜੇ ਮੁੱਢਲੇ ਪੜਾਅ ਉੱਤੇ ਹੀ ਹਾਂ। ਕਿਸੇ ਚੰਗੇ ਸੰਗੀਤਾਚਾਰੀਆ ਨੂੰ ਗੁਰਮਤਿ ਸੰਗੀਤ ਉੱਪਰ ਹੋਈ ਹੁਣ ਤਕ ਦੀ ਖੋਜ ਬਾਰੇ ‘ਸੰਦਰਭ ਗ੍ਰੰਥ’ ਰਚਣਾ ਚਾਹੀਦਾ ਹੈ ਤਾਂ ਕਿ ਖੋਜਾਰਥੀ ਹੋਏ ਕਾਰਜਾਂ ਦੇ ਲਾਭ ਨਾਲ ਦੁਹਰਾਅ ਤੋਂ ਬਚਦੇ ਹੋਏ ਅਗਲੇਰੇ ਕਦਮ ਸੌਖੇ ਪੁੱਟ ਸਕਣ।
5 ਕੁਝ ਵੇਖੋ : ਸ. ਸ਼ਮਸ਼ੇਰ ਸਿੰਘ ਅਸ਼ੋਕ, (ਸੰਪਾ.) ਪੰਜਾਬੀ ਹੱਥ-ਲਿਖਤਾਂ ਦੀ ਸੂਚੀ (2 ਭਾਗ), ਭਾਸ਼ਾ ਵਿਭਾਗ, ਪਟਿਆਲਾ-1961, 63; ਸਾਡਾ ਹੱਥ-ਲਿਖਤ ਪੰਜਾਬੀ ਸਾਹਿਤ, ਸਿੱਖ ਇਤਿਹਾਸ ਰੀਸਰਚ ਬੋਰਡ, ਅੰਮ੍ਰਿਤਸਰ-1968. शामीर सिंह ‘गुरमुखी लिपि के हस्तलिखित ग्रंथा’, अमृतसर-1984, Kirpal Singh, A Catalogue of Punjabi Manuscripts (In Khalsa College), Khalsa College, Amritsar, 1963. ਆਦਿ।
6 ਬਹੁਤ ਸਾਰਾ ਸਾਡਾ ਸਾਹਿਤ ਘੱਲੂਘਾਰਿਆਂ, ’47, ’84, ਸਿਉਂਕ, ਹੜ੍ਹ, ਅਣਗਹਿਲੀ ਆਦਿ ਕਾਰਨ ਨਸ਼ਟ ਹੋ ਗਿਆ ਹੈ। (ਵਿਸਤ੍ਰਿਤ ਸਰਵੇ ਵੇਖੋ : ਗੁਰਮੇਲ ਸਿੰਘ ‘ਸਿੱਖ ਗ੍ਰੰਥਾਂ ਬਾਰੇ ਕੁਝ ਕਰਨ ਗੋਚਰੇ ਕੰਮ’, ਸਿੰਘ ਸਭਾ ਪੱਤ੍ਰਿਕਾ, ਚੰਡੀਗੜ੍ਹ, ਜੇਠ-ਸੰਮਤ 538.
7 ਜਿਵੇਂ ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰਮਤਿ ਮਾਰਤੰਡ (ਅੰਮ੍ਰਿਤਸਰ-1992) ਜਾਂ ਪ੍ਰੋ. ਪਿਆਰਾ ਸਿੰਘ ਪਦਮ ਨੇ ਸ੍ਰੀ ਗੁਰੂ ਗ੍ਰੰਥ ਵਿਚਾਰਕੋਸ਼ (ਪਟਿਆਲਾ-1969) ਤਿਆਰ ਕੀਤੇ ਸਨ।
8 ਜਿਵੇਂ: ਡਾ. ਹਰਨਾਮ ਸਿੰਘ, ਆਦਿ ਗ੍ਰੰਥ ਰਾਗ-ਕੋਸ਼, ਪਵਿੱਤਰ ਪ੍ਰਮਾਣਿਕ ਪ੍ਰਕਾਸ਼ਨ, ਪਟਿਆਲਾ- 1983.
9 ਗੁਰਮਤਿ ਸੰਗੀਤ ਉੱਤੇ ਹੁਣ ਤਕ ਹੋਈ ਖੋਜ, ਚੀਫ਼ ਖਾਲਸਾ ਦੀਵਾਨ, ਸ੍ਰੀ ਅੰਮ੍ਰਿਤਸਰ, ਮਿਤੀਹੀਨ।
10 Central Institute of Sikh Music, Exploring Some Sikh Themes, Singh Brothers, Amritsar-2006, P.167.
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)