ਗੁਰਸਿੱਖੀ ਜੀਵਨ ਵਿਚ ਹੁਕਮ ਦਾ ਵਿਸ਼ੇਸ਼ ਮਹੱਤਵ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੁਕਮ ਨੂੰ ਮੰਨਣ ਦੇ ਬਾਰ-ਬਾਰ ਆਦੇਸ਼-ਨਿਰਦੇਸ਼ ਹਨ। ਇਸ ਕੁਦਰਤ ਦੀ ਸਾਰੀ ਕਾਇਨਾਤ ਅਤੇ ਰਚਨਾ ਉਸ ਦੇ ਹੁਕਮ ਵਿਚ ਹੀ ਹੋ ਰਹੀ ਹੈ ਅਤੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ:
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ (ਪੰਨਾ 1)
‘ਹੁਕਮ’ ਸ਼ਬਦ ਮੂਲ ਰੂਪ ਵਿਚ ਅਰਬੀ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਦਾ ਡਿਕਸ਼ਨਰੀ ਅਰਥ ਹੈ, ਆਗਿਆ, ਫ਼ਰਮਾਨ ਜਾਂ ਆਦੇਸ਼। ਅਰਬ ਅਤੇ ਉਸ ਦੇ ਨੇੜੇ ਲੱਗਦੇ ਦੇਸ਼ਾਂ ਵਿਚ ਇਸ ਸ਼ਬਦ ਦੀ ਵਰਤੋਂ ਸ਼ਾਹੀ ਫ਼ਰਮਾਨਾਂ ਲਈ ਪੁਰਾਤਨ ਸਮੇਂ ਤੋਂ ਹੀ ਹੋ ਰਹੀ ਹੈ। ਕੁਰਾਨਿਕ ਸਾਹਿਤ ਵਿਚ ਵੀ ਇਹ ਸ਼ਬਦ ਵਰਤਿਆ ਗਿਆ ਹੈ। ਬਾਰ੍ਹਵੀਂ ਸਦੀ ਵਿਚ ਇਕ ਸੂਫੀਅਤ ਸਿਧਾਂਤ ਦੀ ਪੁਸਤਕ ‘ਕਸ਼ਫਲ ਮਹਿਰੂਬ’ ਵਿਚ ਹੁਕਮ ਦੇ ਰੂਪ ’ਤੇ ਪ੍ਰਕਾਸ਼ ਪਾਇਆ ਗਿਆ ਹੈ ਕਿ ਹੁਕਮ ਤੇਜੱਸਵੀ ਅੱਲਾਹ ਨੇ ਕਰਨੇ ਹਨ ਅਤੇ ਹਰੇਕ ਵਿਅਕਤੀ ’ਤੇ ਹੁਕਮ ਲਾਗੂ ਹੁੰਦਾ ਹੈ।
ਗੁਰਬਾਣੀ ਵਿਚ ਥਾਂ-ਥਾਂ ’ਤੇ ਹੁਕਮ ਨੂੰ ਮੰਨਣ ਦੀ ਤਾਕੀਦ ਹੈ। ਪਰਮਾਤਮਾ ਨੂੰ ਮੰਨਣ ਨਾਲ ਹੀ ਅਧਿਆਤਮਕ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ:
ਹੁਕਮੁ ਮੰਨੇ ਸੋਈ ਸੁਖੁ ਪਾਏ ਹੁਕਮੁ ਸਿਰਿ ਸਾਹਾ ਪਾਤਿਸਾਹਾ ਹੇ॥ (ਪੰਨਾ 1055)
ਭਗਤੀ ਲਹਿਰ ਸਮੇਂ ਭਗਤੀ ਸਾਹਿਤ ਵਿਚ ਵੀ ਇਸ ਸ਼ਬਦ ਦੀ ਵਰਤੋਂ ਹੋਈ ਹੈ ਪਰੰਤੂ ਗੁਰਬਾਣੀ ਦਾ ਇਹ ਇਕ ਪਰਿਭਾਸ਼ਿਕ ਸ਼ਬਦ ਹੈ। ਗੁਰਮਤਿ ਅਨੁਸਾਰ ਹੁਕਮ ਤੋਂ ਹੀ ਸਾਰੀ ਸ੍ਰਿਸ਼ਟੀ ਦੀ ਉਤਪਤੀ ਅਤੇ ਵਿਨਾਸ਼ ਹੁੰਦਾ ਹੈ।
ਜਾ ਤਿਸੁ ਭਾਵੈ ਤਾ ਸ੍ਰਿਸਟਿ ਉਪਾਏ॥
ਆਪਨੈ ਭਾਣੈ ਲਏ ਸਮਾਏ॥ (ਪੰਨਾ 292)
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥ (ਪੰਨਾ 1)
ਇਸਲਾਮ ਧਰਮ ਵਿਚ ਵੀ ਸ੍ਰਿਸ਼ਟੀ ਦੀ ਉਤਪਤੀ ਹੁਕਮ ’ਤੇ ਹੀ ਮੰਨੀ ਗਈ ਹੈ। (ਕੁੰਨ) ਹੋ ਜਾ ਅਤੇ ਫੀ ਕੁੰਨ (ਹੋ ਗਈ) ਦੇ ਸ਼ਬਦਾਂ ਦੀ ਵਰਤੋਂ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ। ਪਰੰਤੂ ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ
‘ਕੀਤਾ ਪਸਾਉ ਏਕੋ ਕਵਾਉ॥
ਤਿਸ ਤੇ ਹੋਏ ਲਖ ਦਰੀਆਉ॥’
ਦੀ ਸਥਾਪਨਾ ਕੀਤੀ ਗਈ ਹੈ। ਡਾ. ਸ਼ੇਰ (ਗੁਰਮਤਿ ਦਰਸ਼ਨ) ਅਨੁਸਾਰ ਇਸਲਾਮੀ ਸ਼ਬਦ ‘ਕੁੰਨ’ ਅਤੇ ਗੁਰੂ ਨਾਨਕ ਸਾਹਿਬ ਦੇ ‘ਕਵਾਉ’ ਵਿਚ ਫਰਕ ਹੈ। ਇਸਲਾਮਿਕ ‘ਕੁੰਨ’ ਦੇ ਅਨੁਸਾਰ ਸ੍ਰਿਸ਼ਟੀ ਦੀ ਰਚਨਾ ਅੱਲਾਹ ਦੇ ਹੁਕਮ ਅਨੁਸਾਰ ਤੁਰੰਤ ਹੋ ਗਈ ਜਦਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ‘ਕਵਾਉ’ ਅਨੁਸਾਰ ਸ੍ਰਿਸ਼ਟੀ ਦਾ ਪਾਸਾਰ ਹੌਲੀ-ਹੌਲੀ ਹੁੰਦਾ ਹੈ ਭਾਵ ਸਿਲਸਿਲੇਵਾਰ ਵਿਕਾਸ ਹੁੰਦਾ ਹੈ ਅਤੇ ਵਿਗਿਆਨਕ ਪੱਖ ਵੀ ਇਹੀ ਹੈ।
‘ਹੁਕਮ’ ਸ਼ਬਦ ਆਪਣੀ ਅਧਿਆਤਮਿਕ ਅਤੇ ਭੌਤਿਕ ਸ਼ਕਤੀ ਦਾ ਪਿਛੋਕੜ ਲੈ ਕੇ ਬਾਹਰੀ ਹਮਲਾਵਰਾਂ ਰਾਹੀਂ ਭਾਰਤ ਵਿਚ ਆਇਆ ਅਤੇ ਇਸ ਨੇ ਜਨ-ਭਾਸ਼ਾ ਵਿਚ ਆਪਣਾ ਸਥਾਨ ਬਣਾ ਲਿਆ। ਇਸਲਾਮਿਕ ਰਾਜ ਵਿਚ ਸੁਲਤਾਨਾਂ ਦੇ ਬਾਰ-ਬਾਰ ਜਾਰੀ ਹੋਏ ਸ਼ਾਹੀ ਹੁਕਮਾਂ ਨੇ ਭਾਰਤੀ ਧਰਮ, ਸਭਿਅਤਾ ਅਤੇ ਸੰਸਕ੍ਰਿਤੀ ਦੀਆਂ ਬੁਨਿਆਦਾਂ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਸਾਰਾ ਭਾਰਤੀ ਜਨ-ਜੀਵਨ ਸੁਲਤਾਨਾਂ ਦੇ ਵੱਸ ਵਿਚ ਹੋ ਗਿਆ ਅਤੇ ਭਾਰਤੀ ਗੌਰਵ ਖੁਰਨ ਲੱਗ ਪਿਆ ਅਤੇ ਇਸ ਸ਼ਬਦ ਦੇ ਆਮ ਜੀਵਨ ’ਤੇ ਪ੍ਰਭਾਵ ਤੋਂ ਪ੍ਰੇਰਿਤ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹਿਰਦਾ ਦ੍ਰਵਿਤ ਹੋ ਉੱਠਿਆ ਅਤੇ ਉਨ੍ਹਾਂ ਨੇ ਇਸ ਸ਼ਬਦ ਦੀ ਵਰਤੋਂ ਅਧਿਆਤਮਕ ਭਗਤੀ ਭਾਵਨਾ ਅਤੇ ਚਿੰਤਨ ਦੇ ਰੂਪ ਵਿਚ ਸ਼ੁਰੂ ਕੀਤੀ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਵਨਾ ਅਤੇ ਸ਼ਰਧਾ ਨੂੰ ਅੰਮ੍ਰਿਤ ਧਾਰਾ ਨਾਲ ਸਿੰਜ ਕੇ ਇਸ ਸ਼ਬਦ ਨੂੰ ਆਪਣੇ ਨਵੇਂ ਅਤੇ ਮੌਲਿਕ ਰੂਪ ਰਾਹੀਂ ਗੁਰਬਾਣੀ ਵਿਚ ਸਮੋਇਆ। ਪਰਮਾਤਮਾ ਕਰਤਾ ਪੁਰਖ ਹੈ ਅਤੇ ਇਸ ਲਈ ਉਸ ਦਾ ਆਦੇਸ਼ ਜਾਂ ਆਗਿਆ ਹੀ ਹੁਕਮ ਹੈ ਅਤੇ ਹੁਕਮ ਕਰਨ ਵਾਲਾ ਪਰਮਾਤਮਾ ਹੁਕਮੀ ਹੈ। ਇਸ ਤਰ੍ਹਾਂ ਭਾਰਤੀ ਜੀਵਨ ਵਿਚ ਇਸ ਸ਼ਬਦ ਦਾ ਇਕ ਨਵਾਂ ਪਰਿਭਾਸ਼ਿਕ ਰੂਪ ਸਾਹਮਣੇ ਆਇਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੁਕਮ ਦੁਆਰਾ ਹੀ ਸ੍ਰਿਸ਼ਟੀ ਦੀ ਰਚਨਾ ਨੂੰ ਮੰਨ ਕੇ ਇਸ ਨੂੰ ਵਿਸ਼ਵ ਵਿਆਪੀ ਨਿਯਮ ਸਿੱਧ ਕੀਤਾ ਹੈ ਅਤੇ ਦੱਸਿਆ ਹੈ ਕਿ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਵੀ ਹੁਕਮ ਮੌਜੂਦ ਸੀ:
ਧਰਣਿ ਨ ਗਗਨਾ ਹੁਕਮੁ ਅਪਾਰਾ॥ (ਪੰਨਾ 1035)
ਜਪੁਜੀ ਸਾਹਿਬ ਦੇ ਅਨੁਸਾਰ ਹੁਕਮ ਤੋਂ ਹੀ ਸ੍ਰਿਸ਼ਟੀ ਦੇ ਸਾਰੇ ਆਕਾਰ ਹੋਂਦ ਵਿਚ ਆਉਂਦੇ ਹਨ। ਹੁਕਮ ਰਾਹੀਂ ਹੀ ਜੀਵਾਂ ਦੀ ਉਤਪਤੀ ਅਤੇ ਉਨ੍ਹਾਂ ਨੂੰ ਵਡਿਆਈ ਮਿਲਦੀ ਹੈ। ਹੁਕਮ ਅਨੁਸਾਰ ਹੀ ਇਨਸਾਨ ਚੰਗਾ ਜਾਂ ਮਾੜਾ ਹੁੰਦਾ ਹੈ ਅਤੇ ਇਸ ਜਗਤ ਵਿਚ ਦੁੱਖ-ਸੁਖ ਦਾ ਵਰਤਾਰਾ ਹੁੰਦਾ ਹੈ।
ਸਾਰਾ ਸੰਸਾਰ ਹੁਕਮ ਵੱਸ ਹੈ ਅਤੇ ਹੁਕਮ ਦੇ ਬਾਹਰ ਕੁਝ ਵੀ ਨਹੀਂ।
ਹੁਕਮੇ ਆਵੈ ਹੁਕਮੇ ਜਾਇ॥
ਆਗੈ ਪਾਛੈ ਹੁਕਮਿ ਸਮਾਇ॥ (ਪੰਨਾ 151)
ਜਪੁਜੀ ਸਾਹਿਬ ਵਿਚ ਵੀ ‘ਹੁਕਮੁ ਨ ਕਹਿਆ ਜਾਈ’ ਨੂੰ ਨਾਮ ਦੇ ਸਮਾਨਅਰਥਕ ਮੰਨਿਆ ਗਿਆ ਹੈ। ਹੋਰ ਵੀ ਫ਼ਰਮਾਨ ਹਨ ਜਿਵੇਂ:
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥ (ਪੰਨਾ 72)
ਗੁਰਬਾਣੀ ਅਨੁਸਾਰ ਨਾਮ ਪਰਮਾਤਮਾ ਦਾ ਹੀ ਲਖਾਇਕ ਸ਼ਬਦ ਹੈ। ਨਾਮ ਪਰਮਾਤਮਾ ਦੀਆਂ ਸਾਰੀਆਂ ਸਮਰੱਥਾਵਾਂ ਦਾ ਤੱਤ ਹੈ:
ਜੇਤਾ ਕੀਤਾ ਤੇਤਾ ਨਾਉ॥ (ਪੰਨਾ 4)
ਅਤੇ ਬਾਕੀ ਸਾਰੀਆਂ ਸ਼ਕਤੀਆਂ ਇਸ ਦੇ ਅਧੀਨ ਹਨ:
ਸਰਬ ਜੋਤਿ ਨਾਮੈ ਕੀ ਚੇਰਿ॥ (ਪੰਨਾ 1187)
ਇਸ ਤਰ੍ਹਾਂ ਨਾਮ ਅਤੇ ਨਾਮੀ ਵਿਚ ਕੋਈ ਅੰਤਰ ਨਹੀਂ। ਕਿਉਂਕਿ ਨਾਮ ਹੁਕਮ ਦਾ ਭਾਵ ਬੌਧਿਕ ਹੈ ਇਸ ਲਈ ਹੁਕਮ ਅਤੇ ਹੁਕਮੀ ਵਿਚ ਵੀ ਕੋਈ ਅੰਤਰ ਨਹੀਂ ਹੈ। ਸਾਰੀ ਸ੍ਰਿਸ਼ਟੀ ਦਾ ਕਾਰਜ ਵਿਧਾਨ ਵੀ ਹੁਕਮ ਦੁਆਰਾ ਹੀ ਚਲ ਰਿਹਾ ਹੈ ਅਤੇ ਸਭ ਵਿਚ ਪਰਮਾਤਮਾ ਦੀ ਜੋਤ ਵਿਆਪਕ ਹੈ। ਹੁਕਮ ਦੀ ਪਛਾਣ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ, ਇਸ ਦਾ ਉੱਤਰ ਗੁਰੂ ਸਾਹਿਬ ਇਸ ਤਰ੍ਹਾਂ ਫ਼ਰਮਾਉਂਦੇ ਹਨ:
ਹਿਕਮਤਿ ਹੁਕਮਿ ਨ ਪਾਇਆ ਜਾਇ॥ (ਪੰਨਾ 661)
ਅਤੇ ਇਸ ਦੀ ਪਛਾਣ ਸੱਚੇ ਗੁਰੂ ਦੁਆਰਾ ਹੁੰਦੀ ਹੈ:
ਸਾਚੇ ਗੁਰ ਤੇ ਹੁਕਮੁ ਪਛਾਨੁ॥ (ਪੰਨਾ 414)
ਜਿਹੜਾ ਵਿਅਕਤੀ ਹੁਕਮ ਦੀ ਪਛਾਣ ਕਰ ਲੈਂਦਾ ਹੈ ਉਸ ਵਿੱਚੋਂ ਹਉਮੈ ਦਾ ਨਾਸ਼ ਹੋ ਜਾਂਦਾ ਹੈ:
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥ (ਪੰਨਾ 1)
ਅਤੇ ਉਹ ਸਤਿ ਸਰੂਪ ਪਰਮਾਤਮਾ ਵਿਚ ਸਮਾ ਜਾਂਦਾ ਹੈ:
ਬੂਝੈ ਹੁਕਮੁ ਸੋ ਸਾਚਿ ਸਮਾਵੈ॥ (ਪੰਨਾ 1025)
ਅਤੇ ਪਰਮਾਤਮਾ ਵਿਚ ਅਭੇਦ ਹੋਣ ਲਈ ਜ਼ਰੂਰੀ ਹੈ:
ਹੁਕਮਿ ਰਜਾਈ ਜੋ ਚਲੈ ਸੋ ਪਵੈ ਖਜਾਨੈ॥ (ਪੰਨਾ 421)
ਜਪੁਜੀ ਸਾਹਿਬ ਦੇ ਮੁਤਾਬਿਕ ਮੂਲ ਸਮੱਸਿਆ ਇਹ ਹੈ ਕਿ ਮਨੁੱਖ ਸਚਿਆਰ ਕਿਵੇਂ ਹੋ ਸਕਦਾ ਹੈ:
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ (ਪੰਨਾ 1)
ਅਤੇ ਇਸ ਦਾ ਉੱਤਰ ਵੀ ਗੁਰੂ ਸਾਹਿਬ ਨੇ ਨਾਲ ਹੀ ਅੰਕਿਤ ਕੀਤਾ ਹੈ:
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ (ਪੰਨਾ 1)
ਮੁੱਖ ਰੂਪ ਵਿਚ ਸਾਰੰਸ਼ ਇਹ ਹੈ ਕਿ ਪਰਮਾਤਮਾ ਦੇ ਹੁਕਮ ਨੂੰ ਮੰਨਣਾ ਹੀ ਪਰਮਾਤਮਾ ਨੂੰ ਮੰਨਣਾ ਹੈ ਅਤੇ ਜਿਹੜੇ ਮਨੁੱਖ ਹੁਕਮ ਨੂੰ ਮੰਨ ਲੈਂਦੇ ਹਨ ਉਹ ਪਰਮਾਤਮਾ ਦੇ ਦੁਆਰ ’ਤੇ ਸੋਭਾ ਪਾਉਂਦੇ ਹਨ ਅਤੇ ਜਿਹੜੇ ਵਿਅਕਤੀ ਅਭਿਮਾਨ ਵੱਸ ਈਸ਼ਵਰੀ ਹੁਕਮ ਦੀ ਪਾਲਣਾ ਨਹੀਂ ਕਰਦੇ ਉਹ ਖੁਆਰ ਹੁੰਦੇ ਹਨ:
ਮਾਨੈ ਹੁਕਮੁ ਸੋਹੈ ਦਰਿ ਸਾਚੈ ਆਕੀ ਮਰਹਿ ਅਫਾਰੀ॥ (ਪੰਨਾ 992)
ਅਤੇ ਹੁਕਮ ਧੁਰ ਤੋਂ ਹੀ ਅੰਕਿਤ ਹੈ।
ਲੇਖਕ ਬਾਰੇ
# 280, ਮੈਡੀਕਲ ਇਨਕਲੇਵ, ਸਰਕੂਲਰ ਰੋਡ, ਅੰਮ੍ਰਿਤਸ
- ਡਾ. ਸਿਮਰਜੀਤ ਸਿੰਘhttps://sikharchives.org/kosh/author/%e0%a8%a1%e0%a8%be-%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/November 1, 2008
- ਡਾ. ਸਿਮਰਜੀਤ ਸਿੰਘhttps://sikharchives.org/kosh/author/%e0%a8%a1%e0%a8%be-%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/December 1, 2008