editor@sikharchives.org
Sikh Woman

ਗੁਰਮਤਿ ਵਿਚ ਇਸਤਰੀ ਦਾ ਮਹੱਤਵ

ਗੁਰੂ-ਘਰ ਨੇ ਤਾਂ ਇਸਤਰੀ ਜਾਤੀ ਨੂੰ ਬਤੀਹ ਸੁਲੱਖਣੀ ਅਤੇ ਭਰਪੂਰ ਸਦਗੁਣਾਂ ਵਾਲੀ ਆਖ ਕੇ ਪੂਰਾ ਮਾਣ-ਸਨਮਾਨ ਦਿੱਤਾ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰਿਸ਼ਟੀ ਰਚਨਾ ਅਤੇ ਮਨੁੱਖਤਾ ਦੀ ਪਾਲਣਾ ਕਰਨ ਵਿਚ ਇਸਤਰੀ ਜਾਤੀ ਦਾ ਮਹੱਤਵ ਅਤੇ ਯੋਗਦਾਨ ਪੁਰਸ਼ ਤੋਂ ਕਿਤੇ ਵੱਧ ਰਿਹਾ ਹੈ। ਇਸਤਰੀ ਪਰਵਾਰ-ਗ੍ਰਿਹਸਤ ਦਾ ਕੇਂਦਰ-ਬਿੰਦੂ ਹੈ ਅਤੇ ਪਰਵਾਰ ਸਮੁੱਚੇ ਸਮਾਜ ਦਾ ਧੁਰਾ ਹੈ। ਇਸ ਦੇ ਬਾਵਜੂਦ ਇਸਤਰੀ ਜਾਤੀ ਨੂੰ ਹਮੇਸ਼ਾਂ ਹੀ ਸਮਾਜ ਵਿਚ ਨੀਵਾਂ ਦਰਜਾ ਦਿੱਤਾ ਗਿਆ ਹੈ ਅਤੇ ਹਰ ਤਰ੍ਹਾਂ ਨਾਲ ਉਸ ਨੂੰ ਦੁੱਖ ਦਿੱਤੇ ਜਾਂਦੇ ਰਹੇ ਹਨ। ਆਪਣੇ ਮਰਦਾਂ ਵੱਲੋਂ ਉਸ ਨੂੰ ਮਾਰ-ਕੁੱਟ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਅਤੇ ਦੁਸ਼ਮਣ ਮਰਦਾਂ ਵੱਲੋਂ ਇਸਤਰੀ ਦੀ ਬੇਪਤੀ ਕੀਤੀ ਜਾਂਦੀ ਰਹੀ ਹੈ। ਇਸ ਕਰਕੇ ਉਸ ਦੇ ਮਨ ਵਿਚ ਡਰ ਦੀ ਭਾਵਨਾ ਡੂੰਘੀ ਉਤਰ ਚੁੱਕੀ ਹੈ। ਉਹ ਅਜੇ ਵੀ ਮਰਦਾਂ ਦੀਆਂ ਵਧੀਕੀਆਂ ਦਾ ਮੁਕਾਬਲਾ ਕਰਨ ਤੋਂ ਝਿਜਕਦੀ ਹੈ ਅਤੇ ਮਰਦ ਤੋਂ ਕਮਜ਼ੋਰ ਹੀ ਹੈ। ਜੇ ਕੋਈ ਇਸਤਰੀ ਜ਼ੁਲਮ ਦੇ ਖਿਲਾਫ਼ ਅਵਾਜ਼ ਉਠਾਉਣ ਦੀ ਕੋਸ਼ਿਸ਼ ਵੀ ਕਰਦੀ ਹੈ ਤਾਂ ਬਾਹਰਲਾ ਸਮਾਜ ਉਸ ਦੀ ਅਵਾਜ਼ ਨੂੰ ਦਬਾਉਣ ਲਈ ਧੱਕੇਸ਼ਾਹੀ ਦੀ ਵਰਤੋਂ ਕਰਨ ਵਿਚ ਕੋਈ ਕਸਰ ਨਹੀਂ ਛੱਡਦਾ।

ਇਸ ਤਰ੍ਹਾਂ ਇਸਤਰੀ ਜਾਤੀ ਮੁੱਢ ਤੋਂ ਹੀ ਅਸੁਰੱਖਿਅਤ ਮਹਿਸੂਸ ਕਰਦੀ ਰਹੀ ਹੈ। ਅੱਜ ਵਿਦਿਆ ਦੇ ਪਸਾਰ ਕਰਕੇ ਇਸਤਰੀ ਪੜ੍ਹ-ਲਿਖ ਕੇ ਮਰਦਾਂ ਦੇ ਬਰਾਬਰ ਸਮਾਜ ਵਿਚ ਵਿਚਰਦੀ ਹੈ। ਓਪਰੀ ਨਜ਼ਰੇ ਵੇਖਣ ਨੂੰ ਇਹ ਲੱਗਦਾ ਹੈ ਕਿ ਅੱਜ ਇਸਤਰੀ ਜਾਤੀ ਨੂੰ ਕੋਈ ਦੁੱਖ ਨਹੀਂ ਹੈ। ਉਹ ਅਜ਼ਾਦ ਹੈ ਅਤੇ ਉਸ ਦਾ ਰੁਤਬਾ ਮਰਦਾਂ ਵਰਗਾ ਹੀ ਹੈ। ਕਈ ਕਾਨੂੰਨ ਵੀ ਇਸਤਰੀ ਜਾਤੀ ਦੀ ਸੁਰੱਖਿਆ ਲਈ ਬਣਾਏ ਗਏ ਹਨ। ਪਰ ਅਸਲੀਅਤ ਇਹ ਹੈ ਕਿ ਇਸਤਰੀ ਦੀ ਦਸ਼ਾ ਵਿਚ ਅਜੇ ਵੀ ਕੋਈ ਠੋਸ ਸੁਧਾਰ ਨਹੀਂ ਆਇਆ। ਮਰਦ ਪ੍ਰਧਾਨ ਸਮਾਜ ਦੇ ਹੱਥੋਂ ਉਸ ਨੂੰ ਉਸੇ ਤਰ੍ਹਾਂ ਦੁੱਖਾਂ ਦਾ ਸ਼ਿਕਾਰ ਬਣਾਇਆ ਜਾਂਦਾ ਹੈ, ਜਿਵੇਂ ਪਹਿਲਾਂ ਬਣਾਇਆ ਜਾਂਦਾ ਸੀ। ਸੁਖ-ਸਾਧਨਾਂ ਦੇ ਵਧ ਜਾਣ ਕਰਕੇ, ਲੋਭ-ਲਾਲਚ ਦੀ ਭਾਵਨਾ ਸੀਮਾ ਤੋਂ ਵਧ ਜਾਣ ਕਰਕੇ, ਮੀਡੀਏ ਦਾ ਪਸਾਰ ਹੋਣ ਕਰਕੇ, ਰਾਜਨੀਤੀ ਵਿਚ ਨਿਘਾਰ ਅਤੇ ਪ੍ਰਸ਼ਾਸਨ ਵਿਚ ਗਿਰਾਵਟ ਆ ਜਾਣ ਕਰਕੇ ਇਸਤਰੀ ਜਾਤੀ ਦਾ ਵੱਧ ਤੋਂ ਵੱਧ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਸ ਨੂੰ ਦੁਖੀ ਅਤੇ ਜ਼ਲੀਲ ਕਰਨ ਦਾ ਅਤੇ ਉਸ ਦੀ ਅਵਾਜ਼ ਨੂੰ ਕੁਚਲਣ ਦਾ ਯਤਨ ਕੀਤਾ ਜਾ ਰਿਹਾ ਹੈ। ਜੇ ਗਹੁ ਨਾਲ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਗਰਭ ਤੋਂ ਲੈ ਕੇ ਬੁਢਾਪੇ ਤਕ ਇਸਤਰੀ ਦਾ ਸਾਰਾ ਜੀਵਨ ਮਰਦ ਸਮਾਜ ਦੇ ਹੱਥੋਂ ਦੁੱਖ ਝੱਲਦਿਆਂ ਹੀ ਬਤੀਤ ਹੋ ਜਾਂਦਾ ਹੈ। ਦੁੱਖ ਦਾ ਪਹਿਲਾ ਸਮਾਂ ਤਾਂ ਉਦੋਂ ਹੀ ਆ ਜਾਂਦਾ ਹੈ, ਜਦੋਂ ਉਹ ਇਸ ਸੰਸਾਰ ਵਿਚ ਆਉਣ ਦੀ ਤਿਆਰੀ ਕਰ ਰਹੀ ਹੁੰਦੀ ਹੈ। ਉਸ ਦੇ ਆਪਣੇ ਮਾਂ-ਬਾਪ ਅਤੇ ਪੈਸਾ ਕਮਾਉਣ ਵਾਲੇ ਡਾਕਟਰ ਹੀ ਉਸ ਦੇ ਦੁਸ਼ਮਣ ਬਣ ਜਾਂਦੇ ਹਨ ਅਤੇ ਉਸ ਦੇ ਭਰੂਣ ਦੀ ਹੱਤਿਆ ਕਰਨ ਵਿਚ ਆਪਣੇ ਸਾਧਨਾਂ ਦੀ ਵਰਤੋਂ ਕਰ ਕੇ ਫਖ਼ਰ ਮਹਿਸੂਸ ਕਰਦੇ ਹਨ ਅਤੇ ਇਸ ਵਿਚ ਆਪਣੀ ਵੱਡੀ ਸਫਲਤਾ ਸਮਝਦੇ ਹਨ।

ਕੁੜੀ ਦਾ ਜਨਮ ਘਰ ਵਿਚ ਹੋ ਜਾਵੇ ਤਾਂ ਉਸ ਦਾ ਪਹਿਲਾਂ ਤਾਂ ਦਿਲੋਂ ਸੁਆਗਤ ਨਹੀਂ ਕੀਤਾ ਜਾਂਦਾ। ਸਭ ਤੋਂ ਪਹਿਲਾਂ ਲੜਕੀ ਦੀ ਦਾਦੀ ਨੂੰ ਘਨੇਰਾ ਦੁੱਖ ਲੱਗ ਜਾਂਦਾ ਹੈ ਕਿਉਂਕਿ ਉਹ ਨਵਜਨਮੀ ਲੜਕੀ ਨੂੰ ਪੱਥਰ ਕਹਿ ਹੀ ਉਸ ਦਾ ਸੁਆਗਤ ਕਰਦੀ ਹੈ। ਬਸ! ਉਸ ਉਪਰੰਤ ਘਰ ਵਿਚ ਕਲੇਸ਼ ਅਰੰਭ ਹੋ ਜਾਂਦਾ ਹੈ ਅਤੇ ਲੜਕੀ ਦੀ ਜਨਮਦਾਤੀ (ਮਾਤਾ) ਨਾਲ ਨਫ਼ਰਤ ਸ਼ੁਰੂ ਹੋ ਜਾਂਦੀ ਹੈ। ਫਿਰ ਲੜਕੀ ਨਾਲ ਵਿਤਕਰਾ ਸ਼ੁਰੂ ਹੋ ਜਾਂਦਾ ਹੈ। ਉਸ ਨੂੰ ਪਰਾਇਆ ਧਨ ਸਮਝ ਕੇ ਉਸ ਦੇ ਪਾਲਣ- ਪੋਸ਼ਣ ਅਤੇ ਵਿਦਿਆ ਉਤੇ ਲੋੜ ਅਨੁਸਾਰ ਵੀ ਖਰਚ ਨਹੀਂ ਕੀਤਾ ਜਾਂਦਾ। ਕੁੜੀਆਂ ਅਕਸਰ ਮਿਹਨਤੀ ਹੁੰਦੀਆਂ ਹਨ। ਉਨ੍ਹਾਂ ਅੰਦਰ ਉਨ੍ਹਾਂ ਦੀ ਹੋਂਦ-ਹਸਤੀ ਨੂੰ ਨਿੱਤ ਵਧ ਰਹੇ ਖ਼ਤਰੇ ਦਾ ਅਹਿਸਾਸ ਵੀ ਹੁੰਦਾ ਹੈ। ਇਸ ਕਰਕੇ ਉਹ ਆਮ ਕਰਕੇ ਪੜ੍ਹਾਈ-ਲਿਖਾਈ ਵਿਚ ਲੜਕਿਆਂ ਨਾਲੋਂ ਅੱਗੇ ਨਿਕਲ ਜਾਂਦੀਆਂ ਹਨ। ਇਸ ਉਮਰ ਵਿਚ ਉਨ੍ਹਾਂ ਨੂੰ ਜ਼ਲੀਲ ਕਰਨ ਲਈ ਸਾਡੇ ਅਖੌਤੀ ਗਾਇਕ ਅਤੇ ਕਲਾਕਾਰ ਸਾਹਮਣੇ ਆ ਜਾਂਦੇ ਹਨ। ਇਨ੍ਹਾਂ ਦੇ ਗੀਤ ਅਤੇ ਗਾਇਕੀ ਭੱਦੇ ਵਿਚਾਰਾਂ ਨਾਲ ਭਰਪੂਰ ਹੁੰਦੀ ਹੈ। ਇਹ ਲੋਕ ਇਸਤਰੀ ਨੂੰ ਕੋਈ ਸਨਮਾਨ ਨਹੀਂ ਦਿੰਦੇ। ਇਸਤਰੀ-ਵਿਰੋਧੀ ਗੀਤਾਂ ਨੇ ਸਾਡੇ ਛੋਕਰੂਆਂ ਦੇ ਦਿਮਾਗ਼ ਬਹੁਤ ਵਿਗਾੜ ਦਿੱਤੇ ਹਨ। ਉਹ ਆਪਣੇ- ਆਪ ਨੂੰ ਸ਼ਹਿਜ਼ਾਦੇ ਅਤੇ ਕੁੜੀਆਂ ਨੂੰ ਵੇਸਵਾਵਾਂ ਵਰਗਾ ਹੀ ਸਮਝਣ ਲੱਗ ਪਏ ਹਨ। ਦਿਨ-ਦਿਹਾੜੇ ਸਮਾਜ ਵਿਚ ਲੋਕਾਂ ਦੇ ਸਾਹਮਣੇ ਇਸਤਰੀਪੁਣੇ ਦਾ ਚੀਰ ਹਰਨ ਹੋ ਰਿਹਾ ਹੈ। ਇਸਤਰੀਤੱਵ ਦੀ ਹੱਤਿਆ ਹੋ ਰਹੀ ਹੈ। ਇਸ ਸਭ ਕੁਝ ਨੂੰ ਸਾਡਾ ਸਮਾਜ, ਧਰਮ, ਕਾਨੂੰਨ ਅਤੇ ਰਾਜਨੀਤੀ ਖਮੋਸ਼ ਹੋ ਕੇ ਦੇਖ ਰਹੀ ਹੈ, ਜਿਵੇਂ ਉਨ੍ਹਾਂ ਦੀ ਮੂਲ ਪ੍ਰਵਾਨਗੀ ਵਿਚ ਸ਼ਾਮਲ ਹੋਵੇ।

ਇਸਤਰੀ ਦੇ ਜੀਵਨ ਵਿਚ ਜਨਮ ਤੋਂ ਬਾਅਦ ਸਭ ਤੋਂ ਵੱਡੀ ਸਮੱਸਿਆ ਉਸ ਦੇ ਵਿਆਹ ਤੋਂ ਪੈਦਾ ਹੁੰਦੀ ਹੈ। ਵਿਆਹ ਦੀ ਰਸਮ ਵਿਚ ਕਿਸੇ ਵੀ ਸਮਾਜ ਵਿਚ ਇਸਤਰੀ ਮਰਦ ਨੂੰ ਬਰਾਬਰ ਨਹੀਂ ਸਮਝਿਆ ਜਾਂਦਾ ਹੈ। ਇਸ ਵਿਚ ਮਰਦ ਨੂੰ ਮਹੱਤਵ ਦਿੱਤਾ ਜਾਂਦਾ ਹੈ ਅਤੇ ਇਸਤਰੀ ਦੇ ਮਾਂ-ਬਾਪ ਤੋਂ ਬਰਾਤ ਦੀ ਟਹਿਲ-ਸੇਵਾ ਕਰਵਾਈ ਜਾਂਦੀ ਹੈ, ਦਾਜ-ਦਹੇਜ ਦੀ ਮੰਗ ਕੀਤੀ ਜਾਂਦੀ ਹੈ ਅਤੇ ਲੜਕੇ ਵਾਲੇ ਦੇ ਰਿਸ਼ਤੇਦਾਰਾਂ ਦੀ ਵੀ ਫਜ਼ੂਲ ਮਿਲਣੀਆਂ ਦੇ ਢੌਂਗ ਹੇਠ ਮਾਣ-ਵਡਿਆਈ ਕਰਵਾਈ ਜਾਂਦੀ ਹੈ। ਲੜਕੇ ਵਾਲਿਆਂ ਲਈ ਵਿਆਹ ਇਕ ਜਸ਼ਨ ਹੁੰਦਾ ਹੈ ਅਤੇ ਖੁਸ਼ਹਾਲੀ ਦਾ ਸਾਧਨ ਹੁੰਦਾ ਹੈ। ਲੜਕੀ ਵਾਲਿਆਂ ਲਈ ਵਿਆਹ ਇਕ ਭਾਰ ਹੁੰਦਾ ਹੈ ਅਤੇ ਇਕ ਫਰਜ਼ ਦਾ ਨਿਪਟਾਰਾ ਹੁੰਦਾ ਹੈ। ਇਹ ਕਹਾਣੀ ਇਥੇ ਹੀ ਨਹੀਂ ਮੁੱਕ ਜਾਂਦੀ। ਇਥੋਂ ਲੜਕੀ ਦੇ ਦੁੱਖਾਂ ਦੀ ਕਹਾਣੀ ਸ਼ੁਰੂ ਹੁੰਦੀ ਹੈ। ਵਿਆਹ ਤੋਂ ਬਾਅਦ ਉਸ ਨੂੰ ਘਰ ਵਿਚ ਇਕ ਨੌਕਰਾਣੀ ਦਾ ਦਰਜਾ ਦਿੱਤਾ ਜਾਂਦਾ ਹੈ। ਸੱਸ, ਸਹੁਰਾ, ਨਣਦਾਂ, ਭਰਜਾਈਆਂ ਸਭ ਉਸ ਦੇ ਲਹੂ ਦੀਆਂ ਤਿਹਾਈਆਂ ਬਣ ਜਾਂਦੀਆਂ ਹਨ। ਉਹ ਉਸ ਨੂੰ ਤੰਗ ਕਰ-ਕਰ ਕੇ ਉਸ ਦੇ ਮਾਂ-ਬਾਪ ਦਾ ਰਹਿੰਦਾ-ਖੂੰਹਦਾ ਧਨ ਵੀ ਆਪਣੇ ਘਰ ਵਿਚ ਖਿੱਚ ਲਿਆਉਣ ਦਾ ਯਤਨ ਕਰਦੀਆਂ ਹਨ। ਇਹ ਠੀਕ ਹੈ ਕਿ ਦਾਜ-ਦਹੇਜ ਦੇ ਇਸ ਜੁਰਮ ਨੂੰ ਰੋਕਣ ਲਈ ਕਾਨੂੰਨ ਬਣਿਆ ਹੈ ਪਰ ਇਸ ਕਾਨੂੰਨ ਵਿਚ ਬਹੁਤੀ ਜਾਨ ਨਹੀਂ ਹੈ ਅਤੇ ਦੂਜਾ, ਇਸ ਨੂੰ ਲਾਗੂ ਕਰਨ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਹਨ। ਲੋਕਾਂ ਦੇ ਮਨ ਵਿਚ ਪੁਲਿਸ ਅਤੇ ਕਾਨੂੰਨ ਦਾ ਕੋਈ ਭੈਅ ਨਹੀਂ ਰਿਹਾ। ਇਹ ਸਥਿਤੀ ਬਹੁਤ ਗੰਭੀਰ ਹੈ, ਇਸ ਨੂੰ ਰੋਕਣਾ ਚਾਹੀਦਾ ਹੈ। ਧੀ ਅਤੇ ਪੁੱਤਰ ਦੇ ਵਿਆਹ ਦੁਆਰਾ ਸਥਾਪਤ ਹੋਣ ਵਾਲਾ ਰਿਸ਼ਤਾ ਅਤੇ ਕਾਰਜ ਬਹੁਤ ਪਵਿੱਤਰ ਹੁੰਦਾ ਹੈ, ਪਰੰਤੂ ਗਿਰਾਵਟ ਇਥੋਂ ਤੀਕ ਪੁੱਜ ਗਈ ਹੈ ਕਿ ਹੁਣ ਅਸੀਂ ‘ਰਿਸ਼ਤੇਦਾਰ’ ਨਹੀਂ ਲੱਭਦੇ ਸਗੋਂ ‘ਚੰਗੀ ਪਾਰਟੀ’ ਲੱਭਦੇ ਹਾਂ। ਮੈਰਿਜ ਪੈਲੇਸ ਕਲਚਰ ਨੇ ਵੀ ਲੜਕੀ ਵਾਲਿਆਂ ਦੇ ਖਰਚਿਆਂ ਵਿਚ ਇੰਤਹਾ ਵਾਧਾ ਕਰ ਕੇ ਅਤੇ ਲੜਕੇ ਵਾਲਿਆਂ ਦੀਆਂ ਮੰਗਾਂ ਵਿਚ ਇਕ ਹੋਰ ਵਧੇਰੇ ਖਰਚੀਲੀ ਮੰਗ ਜੋੜ ਕੇ ਸਮਾਜ ਵਿਚ ਲੜਕੀ ਨੂੰ ਬੋਝ ਸਮਝੇ ਜਾਣ ਦੇ ਅਹਿਸਾਸ ਵਿਚ ਹੋਰ ਵਾਧਾ ਕਰ ਦਿੱਤਾ ਹੈ। ਅਮੀਰਜ਼ਾਦਿਆਂ ਲਈ ਤਾਂ ਇਹ ਉਨ੍ਹਾਂ ਦੀ ਹਉਮੈ ਅਤੇ ਹੰਕਾਰ ਦਾ ਪ੍ਰਗਟਾਵਾ ਹੈ, ਪਰੰਤੂ ਰੀਸੋ-ਰੀਸੀ ਕਰਨ ਵਾਲੇ ਜਾਂ ਇਸ ਦੇ ਅਸਮਰੱਥ ਹੋਣ ਵਾਲੇ ਪਰਵਾਰਾਂ ਉੱਤੇ ਮੱਲੋਜ਼ੋਰੀ ਲੜਕੇ ਵਾਲਿਆਂ ਵਲੋਂ ਠੋਸੇ ਜਾਣ ਕਾਰਨ ਬਹੁਤੇ ਪਰਵਾਰਾਂ ਦੀ ਆਰਥਿਕ ਬਰਬਾਦੀ ਅਤੇ ਮਾਦਾ-ਭਰੂਣ ਹੱਤਿਆਵਾਂ ਵਿਚ ਘਨੇਰਾ ਵਾਧਾ ਹੋ ਰਿਹਾ ਹੈ।

ਇਸਤਰੀ ਤਿਆਗ ਅਤੇ ਕੁਰਬਾਨੀ ਦੀ ਮੂਰਤ ਹੈ। ਅੰਗਰੇਜ਼ ਲਿਖਾਰੀ ਮਿ. ਸਾਇਮਾਨ ਡੀ. ਬੀਵਾਇਰ ਨੇ ਕਿਹਾ ਹੈ, “ਮਰਦ ਜਦੋਂ ਪੈਦਾ ਹੁੰਦਾ ਹੈ, ਸਮਾਜ ਜਨਮ ਤੋਂ ਹੀ ਉਸ ਨੂੰ ਆਪਣੀ ਹੋਂਦ ਦੀ ਰੱਖਿਆ ਵਾਸਤੇ ਤਰ੍ਹਾਂ-ਤਰ੍ਹਾਂ ਨਾਲ ਤਿਆਰ ਕਰਨਾ ਸ਼ੁਰੂ ਕਰ ਦਿੰਦਾ ਹੈ ਕਿ ਉਸ ਦੇ ਪੈਰਾਂ ਵਿਚ ਕਿਸੇ ਵੀ ਸੁਤੰਤਰ ਰਾਹ ਉੱਤੇ ਤੁਰਨ ਦੀ ਲਾਲਸਾ ਨਾ ਜਾਗੇ। ਉਹਦੇ ਕੋਲ ਇਕ ਹੀ ਹਥਿਆਰ ਰਹਿ ਜਾਂਦਾ ਹੈ ਕਿ ਉਸ ਦਾ ਇਸਤਰੀਪਣ ਇਕ ਸਦੀਵੀ ਗੁਲਾਮੀ ਦੀ ਬੇਵਿਸ਼ਵਾਸੀ ਦਾ ਛਲੀਆ ਹਥਿਆਰ ਜਿਸ ਨੂੰ ਉਹ ਕਦੀ ਪੂਜਣ ਲੱਗਦੀ ਹੈ ਅਤੇ ਕਦੀ ਨਫ਼ਰਤ ਕਰਨ ਲੱਗ ਪੈਂਦੀ ਹੈ।”

ਇਸਤਰੀ ਵੱਲੋਂ ਮਨੁੱਖੀ ਜੀਵਨ ਵਿਚ ਇੰਨਾ ਯੋਗਦਾਨ ਪਾਉਣ ਉੱਤੇ ਵੀ ਭਾਰਤ ਵਿਚ ਪੁਰਾਤਨ ਸਮੇਂ ਤੋਂ ਇਸਤਰੀ ਨੂੰ ਬੁਰੀ ਸਮਝਿਆ ਜਾਂਦਾ ਰਿਹਾ ਹੈ। ਉਸ ਨੂੰ ਮਰਦ ਦੀ ਗਿਰਾਵਟ ਦਾ ਕਾਰਨ ਅਤੇ ਅਪਵਿੱਤਰ ਮੰਨਿਆ ਗਿਆ ਹੈ। ਬਹੁਤ ਸਾਰੇ ਧਰਮ-ਗ੍ਰੰਥਾਂ, ਪੁਰਾਤਨ ਸਾਹਿਤ ਵਿਚ ਅਤੇ ਪ੍ਰਸਿੱਧ ਆਚਾਰੀਆਂ ਅਤੇ ਧਾਰਮਿਕ ਰਹਿਬਰਾਂ ਵੱਲੋਂ ਇਸਤਰੀ ਦੀ ਭੰਡੀ ਕੀਤੀ ਗਈ ਹੈ। ਭਾਰਤ ਦੇ ਪ੍ਰਾਚੀਨ ਗ੍ਰੰਥਾਂ ਵਿਚ ਇਥੋਂ ਤਕ ਕਿਹਾ ਗਿਆ ਹੈ ਕਿ ਇਸਤਰੀ ਨੂੰ ਕਿਸੇ ਵੀ ਮਰਦ ਕੋਲੋਂ ਕਦੇ ਰੱਜ ਨਹੀਂ ਆਉਂਦਾ। ਅਜਿਹੇ ਕਥਨ ਵੀ ਕੀਤੇ ਲੱਭਦੇ ਹਨ ਕਿ ਇਸਤਰੀਆਂ ਦੇ ਮੂੰਹ ਫੁੱਲਾਂ ਵਰਗੇ ਹੁੰਦੇ ਹਨ, ਉਨ੍ਹਾਂ ਦੇ ਬੋਲ ਸ਼ਹਿਦ ਦੀਆਂ ਬੂੰਦਾਂ ਵਰਗੇ, ਪਰ ਉਨ੍ਹਾਂ ਦੇ ਦਿਲ ਤਲਵਾਰ ਦੀ ਧਾਰ ਵਰਗੇ ਹੁੰਦੇ ਹਨ। ਕੀ ਅਜਿਹੇ ਸਮਾਜ ਕੋਲੋਂ ਇਸਤਰੀਆਂ ਨੂੰ ਇਨਸਾਫ ਦੀ ਆਸ ਹੋ ਸਕਦੀ ਹੈ?

ਪੁਰਾਤਨ ਵਿਦਵਾਨ, ਨੀਤੀਵਾਨ ਅਤੇ ਅਰਥ-ਸ਼ਾਸਤਰੀ ਚਾਣਕੀਆ ਆਪਣੀ ਚਾਣਕੀਆ ਨੀਤੀ ਵਿਚ ਇਸਤਰੀ ਬਾਰੇ ਇਸ ਤਰ੍ਹਾਂ ਦੇ ਵਿਚਾਰ ਪ੍ਰਗਟ ਕਰਦੇ ਹਨ ਕਿ ‘ਸੁਭਾਵਕ ਤੌਰ ਉਤੇ ਇਸਤਰੀ ਵਿਚ ਸੱਚੀ ਗੱਲ ਛੁਪਾਉਣਾ, ਬਿਨਾਂ ਵਿਚਾਰ ਕੀਤੇ ਕੋਈ ਫੈਸਲਾ ਕਰਨਾ, ਮੂਰਖਤਾ ਕਰਨਾ, ਲਾਲਚੀ ਹੋਣਾ, ਨਿਰਦਈ ਹੋਣਾ, ਸਫਾਈ ਨਾ ਰੱਖਣੀ ਆਦਿ ਦੋਸ਼ ਹੁੰਦੇ ਹਨ। ਇਨ੍ਹਾਂ ਵਿੱਚੋਂ ਕੋਈ ਨਾ ਕੋਈ ਇਕ ਦੋਸ਼ ਹਰੇਕ ਇਸਤਰੀ ਵਿਚ ਹੁੰਦਾ ਹੈ।” ਪਰੰਤੂ ਚਾਣਕੀਆ ਨੂੰ ਪੁੱਛਿਆ ਜਾਣਾ ਬਣਦਾ ਸੀ ਕਿ ਉਸ ਦੀ ਜੰਮਣ ਤੇ ਪਾਲਣ ਵਾਲੀ ਕੀ ਕੋਈ ਇਸਤਰੀ ਨਹੀਂ ਸੀ? ਅਜਿਹੀ ਇਸਤਰੀ ਜਿਸ ਨੇ ਚਾਣਕੀਆ ਵਰਗਾ ਨੀਤੀਵੇਤਾ ਸੰਸਾਰ ਨੂੰ ਦਿੱਤਾ, ਕੀ ਉਹ ਵੀ ਇਨ੍ਹਾਂ ਦੋਸ਼ਾਂ ਨਾਲ ਭਰੀ ਹੋਵੇਗੀ? ਚਾਣਕੀਆ ਦਾ ਹੋਰ ਕਥਨ ਹੈ, “ਇਸਤਰੀਆਂ ਵਿਚ ਮਰਦਾਂ ਦੀ ਤੁਲਨਾ ਵਿਚ ਭੋਜਨ ਖਾਣ ਦੀ ਸਮਰੱਥਾ ਦੁੱਗਣੀ, ਸ਼ਰਮੀਲਾਪਣ ਚੌਗੁਣਾ, ਦਲੇਰੀ ਛੇ ਗੁਣਾ ਜ਼ਿਆਦਾ ਅਤੇ ਕਾਮੁਕਤਾ ਅੱਠ ਗੁਣਾ ਜ਼ਿਆਦਾ ਹੁੰਦੀ ਹੈ।” ਇਕ ਤਰ੍ਹਾਂ ਨਾਲ ਚਾਣਕੀਆ ਨੇ ਮਰਦ ਜਾਤੀ ਬਾਰੇ ਇਹ ਸਫ਼ਾਈ ਦੇ ਦਿੱਤੀ ਹੈ ਕਿ ਸਾਰੇ ਮਰਦ ਹਰ ਪੱਖੋਂ ਸੰਪੂਰਨ ਹੁੰਦੇ ਹਨ। ਜਦੋਂ ਕਿ ਇਹ ਸਰਾਸਰ ਗ਼ਲਤ ਹੈ। ਸਚਾਈ ਤਾਂ ਇਹ ਹੈ ਕਿ ਗੁਣ-ਔਗੁਣ ਸਾਰਿਆਂ ਵਿਚ ਹੀ ਹੁੰਦੇ ਹਨ। ਸਤਿਗੁਰਾਂ ਦਾ ਫਰਮਾਨ ਹੈ:

ਗੁਣ ਅਵਗੁਣ ਸਮਾਨਿ ਹਹਿ ਜਿ ਆਪਿ ਕੀਤੇ ਕਰਤਾਰਿ॥
ਨਾਨਕ ਹੁਕਮਿ ਮੰਨਿਐ ਸੁਖੁ ਪਾਈਐ ਗੁਰ ਸਬਦੀ ਵੀਚਾਰਿ॥ (ਪੰਨਾ 1092)

ਮਨੁੱਖ-ਮਾਤਰ ਨੂੰ ਗਲਤੀਆਂ ਦਾ ਪੁਤਲਾ ਕਿਹਾ ਜਾਂਦਾ ਹੈ। (To Error is human.) ਇਨ੍ਹਾਂ ਪਰਿਭਾਸ਼ਾਵਾਂ ਦਾ ਸਿੱਟਾ ਇਹ ਨਿਕਲਦਾ ਹੈ ਕਿ ਆਮ ਲੋਕ ਹੀ ਨਹੀਂ ਵੱਡੇ-ਵੱਡੇ ਆਚਾਰੀਆ ਵੀ ਇਸਤਰੀ ਨੂੰ ਗਲਤ ਸਮਝਦੇ ਰਹੇ ਹਨ। ਇਨ੍ਹਾਂ ਵਿਚਾਰਾਂ ਦੇ ਅਧਾਰ ਉਤੇ ਹੀ ਸਾਡੇ ਸਮਾਜ ਦਾ ਵਰਤ-ਵਿਹਾਰ ਅਤੇ ਰਸਮੋ-ਰਿਵਾਜ ਨਿਸ਼ਚਿਤ ਹੋਏ ਹਨ।

ਸਮਾਜ ਨੂੰ ਚਾਰ ਵਰਣਾਂ ਅਤੇ ਚਾਰ ਆਸ਼ਰਮਾਂ ਵਿਚ ਵੰਡਣ ਦਾ ਵਿਚਾਰ ਦੇਣ ਵਾਲੇ ਮਨੂੰ ਨੇ ਆਪਣੀ ‘ਮਨੂੰ ਸਿਮ੍ਰਤੀ’ ਵਿਚ ਵੀ ਇਸਤਰੀ ਨੂੰ ਸੁਤੰਤਰਤਾ ਦੇ ਯੋਗ ਨਹੀਂ ਸਮਝਿਆ ਹੈ। ਉਸ ਅਨੁਸਾਰ, ‘ਇਸਤਰੀ ਸਦਾ ਮਰਦ ਦੇ ਆਸਰੇ ਉਤੇ ਹੀ ਰਹਿੰਦੀ ਹੈ। ਬਚਪਨ ਵਿਚ ਉਸ ਦੀ ਰੱਖਿਆ ਪਿਤਾ ਕਰਦਾ ਹੈ। ਜੁਆਨੀ ਵਿਚ ਪਤੀ ਉਸ ਦਾ ਰੱਖਿਅਕ ਹੁੰਦਾ ਹੈ ਅਤੇ ਬੁਢਾਪੇ ਵਿਚ ਉਹ ਪੁੱਤਰਾਂ ਦੀ ਰੱਖਿਆ ਵਿਚ ਰਹਿੰਦੀ ਹੈ।’

ਇਸਲਾਮ ਅਨੁਸਾਰ ਇਸਤਰੀ ਨੂੰ ਪਰਦਾਨਸ਼ੀ ਹੋ ਕੇ ਬੁਰਕੇ ਵਿਚ ਰਹਿਣ ਦਾ ਆਦੇਸ਼ ਹੈ। ਇਸ ਤਰ੍ਹਾਂ ਇਸਤਰੀ ਨੂੰ ਮਰਦਾਂ ਤੋਂ ਨੀਵਾਂ ਸਮਝਿਆ ਗਿਆ ਹੈ। ਸਮਾਜਿਕ ਅਤੇ ਪਰਵਾਰਿਕ ਜੀਵਨ ਵਿਚ ਉਸ ਦੀ ਹੋਂਦ ਨੂੰ ਸਤਿਕਾਰ ਨਹੀਂ ਦਿੱਤਾ ਗਿਆ। ਕੁਰਾਨ ਮੁਸਲਮਾਨਾਂ ਦਾ ਧਾਰਮਿਕ ਗ੍ਰੰਥ ਹੈ, ਜਿਸ ਵਿਚ ਇਸਤਰੀ-ਮਰਦ ਸੰਬੰਧਾਂ ਉਤੇ ਭਰਪੂਰ ਚਰਚਾ ਕੀਤੀ ਮਿਲਦੀ ਹੈ। ਮੁਹੰਮਦ ਸਾਹਿਬ ਨੇ ਤਤਕਾਲੀ ਸਮਾਜ ਵਿਚ ਇਸਤਰੀਆਂ ਦੀ ਤਰਸਯੋਗ ਹਾਲਤ ਪ੍ਰਤੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਅਜਿਹੇ ਸਖ਼ਤ ਫ਼ੈਸਲੇ ਲੈਣ ਲਈ ਅਰਬ ਵਾਸੀਆਂ ਨੂੰ ਮਜਬੂਰ ਕਰ ਦਿੱਤਾ, ਜਿਸ ਨਾਲ ਇਸਤਰੀ ਦਾ ਸਨਮਾਨ ਬਹਾਲ ਕੀਤਾ ਜਾ ਸਕੇ। ਪਰ ਫਿਰ ਵੀ ਕਿਤੇ-ਕਿਤੇ ਆਧੁਨਿਕ ਸਮਾਜ ਦੇ ਬੁੱਧੀਜੀਵੀ ਬੁੱਧੀ ਨਾਲ ਕੁਰਾਨ ਨੂੰ ਘੋਖਣ ਦਾ ਯਤਨ ਕਰਦੇ ਹਨ ਤਾਂ ਸ਼ੰਕਾ ਪ੍ਰਗਟ ਕਰਦੇ ਹਨ ਜਿਵੇਂ ‘ਸੂਰਤ ਅਲ-ਬਕਰਹ’ ਵਿਚ ਕਿਹਾ ਗਿਆ ਹੈ ਕਿ “ਹੇ ਈਮਾਨ ਲਿਆਉਣ ਵਾਲਿਉ! ਜਦੋਂ ਕਿਸੇ ਨਿਸ਼ਚਿਤ ਸਮੇਂ ਲਈ ਤੁਸੀਂ ਆਪੋ ਵਿਚ ਉਧਾਰ ਲੈਣ-ਦੇਣ ਕਰੋ ਤਾਂ ਉਸ ਨੂੰ ਲਿਖ ਲਿਆ ਕਰੋ। ਦੋਵੇਂ ਧਿਰਾਂ ਵਿਚਕਾਰ ਇਕ ਵਿਅਕਤੀ ਨਿਆਂ-ਪੂਰਬਕ ਦਸਤਾਵੇਜ਼ ਤਿਆਰ ਕਰੇ। ਜਿਸ ਨੂੰ ਰੱਬ ਨੇ ਲਿਖਣ-ਪੜ੍ਹਨ ਦੀ ਯੋਗਤਾ ਬਖਸ਼ੀ ਹੋਵੇ, ਉਸ ਨੂੰ ਲਿਖਣੋਂ ਇਨਕਾਰ ਨਹੀਂ ਕਰਨਾ ਚਾਹੀਦਾ। ਉਹ ਲਿਖੇ ਅਤੇ ਬੋਲ-ਬੋਲ ਕੇ ਉਹ ਵਿਅਕਤੀ ਲਿਖਵਾਵੇ। ਜਿਸ ਉੱਤੇ ਹੱਕ ਬਣਦਾ ਹੈ ਅਤੇ ਉਸ ਨੂੰ ਅੱਲਾਹ ਆਪਣੇ ਸਾਜਨਹਾਰ ਕੋਲੋਂ ਡਰਨਾ ਚਾਹੀਦਾ ਹੈ ਕਿ ਜੋ ਮਾਮਲਾ ਤੈਅ ਹੋਇਆ ਹੈ, ਉਸ ਵਿਚ ਕੋਈ ਘਾਟਾ-ਵਾਧਾ ਨਾ ਕਰੇ। ਪਰ ਜੇ ਕਰਜ਼ਾ ਲੈਣ ਵਾਲਾ ਆਪ ਬੇਸੂਝ ਜਾਂ ਕਮਜ਼ੋਰ ਹੋਵੇ ਜਾਂ ਬੋਲ ਕੇ ਲਿਖਵਾ ਨਾ ਸਕਦਾ ਹੋਵੇ, ਤਾਂ ਉਸ ਦਾ ਮੁਖਤਿਆਰ ਇਨਸਾਫ਼ ਨਾਲ ਲਿਖਵਾ ਦੇਵੇ। ਫੇਰ ਆਪਣੇ ਪੁਰਸ਼ਾਂ ਵਿੱਚੋਂ ਦੋ ਬੰਦਿਆਂ ਦੀ ਉਸ ਉੱਤੇ ਗਵਾਹੀ ਪੁਆ ਲਉ। ਜੇ ਦੋ ਪੁਰਸ਼ ਨਾ ਹੋਣ ਤਾਂ ਇਕ ਪੁਰਸ਼ ਅਤੇ ਦੋ ਇਸਤਰੀਆਂ ਹੋਣ ਤਾਂ ਕਿ ਜੇ ਇਕ ਭੁੱਲ ਜਾਵੇ ਤਾਂ ਦੂਜੀ ਉਸ ਨੂੰ ਚੇਤੇ ਕਰਾ ਦੇਵੇ।”

ਇਸਲਾਮ ਵਿਚ ਬਹੁ-ਵਿਆਹ ਦੀ ਪ੍ਰਥਾ ਵੀ ਪ੍ਰਚਲਿਤ ਹੈ। ਮੁਹੰਮਦ ਸਾਹਿਬ ਜੀ ਦੇ ਵੀ ਕਈ ਵਿਆਹਾਂ ਦਾ ਜ਼ਿਕਰ ਵੇਖਣ ਨੂੰ ਮਿਲਦਾ ਹੈ। ਚਾਰ ਵਿਆਹ ਇਸਲਾਮ ਵਿਚ ਜਾਇਜ਼ ਮੰਨ ਲਏ ਗਏ। ਚਾਰ ਵਿਆਹ ਕਰਾਉਣ ਲਈ ਇਹ ਸ਼ਰਤ ਜ਼ਰੂਰੀ ਮੰਨੀ ਗਈ ਕਿ ਉਨ੍ਹਾਂ ਨਾਲ ਇਕੋ ਜਿਹਾ ਨਿਆਂ ਹੋਵੇ। ਚਾਰ ਵਿਆਹ ਵੀ ਉਨ੍ਹਾਂ ਹਾਲਤਾਂ ਵਿਚ ਹੀ ਯੋਗ ਮੰਨੇ ਗਏ ਜਦੋਂ ਯੁੱਧ ਆਦਿ ਕਾਰਨ ਸਮਾਜ ਵਿਚ ਉਥਲ-ਪੁਥਲ ਮੱਚੀ ਹੋਵੇ ਅਤੇ ਮਰਦ ਮਾਰੇ ਜਾ ਰਹੇ ਹੋਣ। ਇਸਤਰੀਆਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਲਈ ਇਕ ਤੋਂ ਵਧੇਰੇ ਵਿਆਹ ਕਰਨ ਦੀ ਖੁੱਲ੍ਹ ਦਿੱਤੀ ਗਈ।

ਬਾਈਬਲ ਵਿਚ ਆਦਮ ਅਤੇ ਹੱਵਾ ਦੀ ਕਥਾ ਅਨੁਸਾਰ ਆਦਮੀ ਨੂੰ ਰੱਬ ਨੇ ਆਪਣੀ ਸ਼ਕਲ-ਸੂਰਤ ਅਨੁਸਾਰ ਰਚਿਆ। (God has created man in his own image.) ਉਸ ਤੋਂ ਬਾਅਦ ਆਦਮੀ ਦੀ ਇਕ ਪਸਲੀ ਕੱਢ ਕੇ ਉਸ ਤੋਂ ਇਸਤਰੀ ਬਣਾ ਦਿੱਤੀ। ਇਸ ਦਾ ਭਾਵ ਹੋਇਆ ਕਿ ਇਸਤਰੀ ਦੀ ਸੁਤੰਤਰ ਹੋਂਦ ਨਹੀਂ। ਉਸ ਦੀ ਉਪਜ ਵੀ ਮਰਦ ਤੋਂ ਹੋਈ ਹੈ ਅਤੇ ਉਹ ਆਪ ਵੀ ਮਰਦ ਉੱਤੇ ਨਿਰਭਰ ਕਰਦੀ ਹੈ। ਬਾਈਬਲ ਵਿਚ ਇਸਤਰੀ ਨੂੰ ਪਰਮੇਸ਼ਰ ਦੀ ਆਖ਼ਰੀ ਰਚਨਾ ਮੰਨਿਆ ਗਿਆ ਹੈ। ਪਰਮੇਸ਼ਰ ਨੇ ਜਦੋਂ ਆਦਮ ਨੂੰ ਇਕੱਲੇ ਵੇਖਿਆ ਤਾਂ ਉਸ ਨੇ ਇਸਤਰੀ ਦੀ ਰਚਨਾ ਕੀਤੀ। ਆਦਮ ਨੂੰ ਨਰ ਕਿਹਾ ਜਾਂਦਾ ਸੀ ਤੇ ਉਸ ਤੋਂ ਪੈਦਾ ਹੋਈ ਇਸਤਰੀ ਨੂੰ ਨਾਰੀ ਕਿਹਾ ਜਾਣ ਲੱਗਾ। ਇਸਤਰੀ ਨੇ ਪਰਮੇਸ਼ਰ ਦੀ ਆਗਿਆ ਦਾ ਉਲੰਘਣ ਕਰਦੇ ਹੋਏ ਵਰਜਿਤ ਫਲ ਖਾਧਾ ਅਤੇ ਉਸ ਦੇ ਗੁੱਸੇ ਦਾ ਸ਼ਿਕਾਰ ਹੋਈ। ਪਰਮੇਸ਼ਰ ਨੇ ਇਸਤਰੀ ਨੂੰ ਸਰਾਪ ਦਿੰਦੇ ਹੋਏ ਆਖਿਆ ਕਿ “ਮੈਂ ਤੇਰੇ ਗਰਭ ਦੀ ਪੀੜ ਬਹੁਤ ਵਧਾਵਾਂਗਾ। ਪੀੜ ਨਾਲ ਤੂੰ ਬੱਚੇ ਜਣੇਂਗੀ ਅਤੇ ਤੇਰੇ ਪਤੀ ਵੱਲ ਤੇਰੀ ਚਾਹ ਹੋਵੇਗੀ ਅਤੇ ਉਹ ਤੇਰੇ ਉੱਤੇ ਹੁਕਮ ਚਲਾਵੇਗਾ।” ਇਸ ਤਰ੍ਹਾਂ ਬਾਈਬਲ ਵਿਚ ਸ੍ਰਿਸ਼ਟੀ ਦੇ ਅਰੰਭ ਤੋਂ ਹੀ ਇਸਤਰੀ ਨੂੰ ਪੁਰਸ਼ ਦੇ ਅਧੀਨ ਕਰ ਦਿੱਤਾ ਗਿਆ ਹੈ।

ਬੁੱਧ ਧਰਮ ਅਤੇ ਜੈਨ ਧਰਮ ਵਿਚ ਭਿਕਸ਼ੂਆਂ ਅਤੇ ਮੁਨੀਆਂ ਲਈ ਇਸਤਰੀ ਦਾ ਮੁਕੰਮਲ ਤਿਆਗ ਕਰਨਾ ਲਾਜ਼ਮੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸਤਰੀ ਦੇ ਕੋਲ ਰਹਿਣ ਨਾਲ ਉਹ ਆਪਣੀ ਭਗਤੀ ਵਿਚ ਲੀਨ ਨਹੀਂ ਹੋ ਸਕਦੇ। ਇਨ੍ਹਾਂ ਧਰਮਾਂ ਦੇ ਪੈਰੋਕਾਰਾਂ ਨੇ ਆਪਣੀਆਂ ਕਮਜ਼ੋਰੀਆਂ ਲਈ ਇਸਤਰੀ ਨੂੰ ਹੀ ਦੋਸ਼ੀ ਮੰਨਣਾ ਸ਼ੁਰੂ ਕਰ ਦਿੱਤਾ। ਜੈਨ ਧਰਮ ਵਿਚ ਦੋ ਪ੍ਰਮੁੱਖ ਸੰਪਰਦਾਵਾਂ ਵੇਖਣ ਨੂੰ ਮਿਲਦੀਆਂ ਹਨ- ਦਿਗੰਬਰ ਅਤੇ ਸ਼ਵੇਤਾਂਬਰ। ਜਿਹੜੇ ਨੰਗੇ ਰਹਿੰਦੇ ਹਨ ਅਤੇ ਕੋਈ ਵਸਤਰ ਧਾਰਨ ਨਹੀਂ ਕਰਦੇ, ਉਨ੍ਹਾਂ ਨੂੰ ਦਿਗੰਬਰ ਕਿਹਾ ਜਾਂਦਾ ਹੈ। ਸਫੈਦ ਵਸਤਰ ਧਾਰਨ ਕਰਨ ਵਾਲਿਆਂ ਨੂੰ ਸ਼ਵੇਤਾਂਬਰ ਕਿਹਾ ਜਾਂਦਾ ਸੀ। ਦੋਵੇਂ ਫਿਰਕੇ ਆਪੋ ਵਿਚ ਵਿਰੋਧ ਰੱਖਦੇ ਹਨ। ਇਸੇ ਕਰਕੇ ਉਨ੍ਹਾਂ ਦੇ ਕੁਝ ਸਿਧਾਂਤਾਂ ਵਿਚ ਵੀ ਫਰਕ ਸੀ। ਇਸਤਰੀ ਸੰਬੰਧੀ ਇਨ੍ਹਾਂ ਦੇ ਸਿਧਾਂਤਾਂ ਵਿਚ ਵੱਡਾ ਫਰਕ ਵੇਖਣ ਨੂੰ ਮਿਲਦਾ ਹੈ। ਦਿਗੰਬਰ ਮੰਨਦੇ ਹਨ ਕਿ ਇਸਤਰੀ ਮੋਕਸ਼ ਦੀ ਪ੍ਰਾਪਤੀ ਨਹੀਂ ਕਰ ਸਕਦੀ ਅਤੇ ਜੇਕਰ ਉਸ ਨੇ ਮੁਕਤੀ ਹਾਸਲ ਕਰਨੀ ਹੈ ਤਾਂ ਉਸ ਨੂੰ ਪੁਰਸ਼ ਦੇ ਰੂਪ ਵਿਚ ਜਨਮ ਧਾਰਨ ਕਰਨਾ ਪਵੇਗਾ।

ਜੈਨ ਸਾਹਿਤ ਵਿਚ ਬ੍ਰਹਮਚਰਯ ਉੱਤੇ ਜ਼ੋਰ ਦਿੱਤਾ ਗਿਆ ਹੈ। ਨਾਥਾਂ-ਜੋਗੀਆਂ ਨੇ ਤਾਂ ਇਕ ਤਰ੍ਹਾਂ ਨਾਲ ਇਸਤਰੀ ਵਿਰੁੱਧ ਨਫ਼ਰਤ ਅਤੇ ਵਿਤਕਰੇ ਦੀ ਲਹਿਰ ਹੀ ਚਲਾ ਦਿੱਤੀ। ਉਨ੍ਹਾਂ ਦਾ ਮੰਨਣਾ ਸੀ ਕਿ ਇਸਤਰੀ ਮਰਦ ਨੂੰ ਨਰਕ ਦਾ ਅਧਿਕਾਰੀ ਬਣਾਉਂਦੀ ਹੈ। ਇਸ ਲਈ ਮੁਕਤੀ ਪ੍ਰਾਪਤੀ ਲਈ ਗ੍ਰਿਹਸਤ ਤਥਾ ਇਸਤਰੀ ਤੋਂ ਦੂਰ ਹੀ ਰਹਿਣ ਲਈ ਪ੍ਰੇਰਿਆ ਗਿਆ ਹੈ। ਉਨ੍ਹਾਂ ਨੇ ਇਸਤਰੀ ਨੂੰ ਬਘਿਆੜੀ ਕਹਿ ਕੇ ਉਸ ਦਾ ਨਿਰਾਦਰ ਕੀਤਾ ਹੈ। ਇਥੋਂ ਤਕ ਕਿਹਾ ਗਿਆ ਹੈ:

ਦਾਮ ਕਾਢ ਬਾਘਣਿ ਲੈ ਆਇਆ।
ਮਾਉ ਕਹੈ ਮੈਂ ਪੂਤ ਵਿਆਹਿਆ।

ਸਨਾਤਨ ਹਿੰਦੂ ਧਰਮ ਦੇ ਪ੍ਰਚਾਰਕ ਗੋਸਵਾਮੀ ਤੁਲਸੀ ਦਾਸ ਨੇ ਇਸਤਰੀ ਨੂੰ ਪਸ਼ੂਆਂ ਦੇ ਬਰਾਬਰ ਮੰਨਿਆ ਹੈ। ਉਨ੍ਹਾਂ ਦਾ ਕਥਨ ਹੈ ਕਿ ਜਿਵੇਂ ਢੋਲ ਨੂੰ ਡੰਡੇ ਨਾਲ ਵਜਾਇਆ ਜਾਂਦਾ ਹੈ, ਪਸ਼ੂ ਤੋਂ ਮਾਰ ਕੇ ਕੰਮ ਲਿਆ ਜਾਂਦਾ ਹੈ, ਇਸਤਰੀ ਨਾਲ ਇਸੇ ਤਰ੍ਹਾਂ ਦਾ ਵਰਤਾਉ ਕਰਨਾ ਯੋਗ ਹੈ:

ਢੋਲ ਗਵਾਰ ਸ਼ੂਦਰ ਪਸ਼ੁ ਅਰ ਨਾਰੀ।
ਯੇ ਸਬ ਤਾੜਨ ਕੇ ਅਧਿਕਾਰੀ।

ਇਸ ਵਿਸ਼ਲੇਸ਼ਣ ਤੋਂ ਸਪੱਸ਼ਟ ਹੈ ਕਿ ਗੁਰਮਤਿ ਵਿਚਾਰਧਾਰਾ ਦੇ ਆਗਮਨ ਤੋਂ ਪਹਿਲਾਂ ਇਸਤਰੀ ਨੂੰ ਕਿਸੇ ਸਮਾਜ ਨੇ ਪੂਰਾ ਸਤਿਕਾਰ ਨਹੀਂ ਦਿੱਤਾ। ਇਸਤਰੀ ਦੀ ਅਧੋਗਤੀ ਅਤੇ ਨਿਰਾਦਰੀ ਦਾ ਇਹੋ ਕਾਰਨ ਹੈ।

ਇਸਤਰੀ ਹਮੇਸ਼ਾਂ ਘਰ ਦੀ ਚਾਰ-ਦੀਵਾਰੀ ਦੇ ਅੰਦਰ ਰਹਿ ਕੇ ਹੀ ਮਨੁੱਖਤਾ ਅਤੇ ਘਰ-ਪਰਵਾਰ ਦੀ ਸੇਵਾ/ਸੰਭਾਲ ਕਰਦੀ ਰਹੀ ਹੈ ਅਤੇ ਉਸ ਦੀ ਸੇਵਾ ਦਾ ਸਦਕਾ ਮਰਦ ਨੂੰ ਬਾਹਰ ਸਮਾਜ ਵਿਚ ਵਿਚਰਨ ਦਾ ਮੌਕਾ ਮਿਲਦਾ ਰਿਹਾ ਹੈ। ਇਸ ਕਰਕੇ ਮਰਦ ਜੀਵਨ ਦੇ ਹੋਰ ਖੇਤਰਾਂ ਵਿਚ ਵਿਕਾਸ ਕਰ ਕੇ ਅੱਗੇ ਆਉਂਦੇ ਰਹੇ। ਸਾਹਿਤ ਦੇ ਖੇਤਰ ਵਿਚ ਵੀ ਮਰਦਾਂ ਦੀ ਹੀ ਪ੍ਰਧਾਨਤਾ ਰਹੀ ਹੈ। ਕੋਈ ਮੀਰਾਂ ਬਾਈ ਵਰਗੀ ਇਸਤਰੀ ਜੇ ਅੱਗੇ ਆਈ ਵੀ ਹੈ ਤਾਂ ਉਸ ਨੂੰ ਬਹੁਤ ਕੀਮਤ ਤਾਰਨੀ ਪਈ ਹੈ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਬਹੁਤੇ ਮਰਦ ਲੇਖਕਾਂ ਨੇ ਇਸਤਰੀ ਨੂੰ ਬੇਵਫਾ ਅਤੇ ਬੁਰੀ ਸਮਝਿਆ ਹੈ। ਹਰ ਸਮੇਂ ਦੇ ਕੁਝ ਚਰਚਿਤ ਸਾਹਿਤਕਾਰਾਂ ਨੇ ਇਸਤਰੀ ਦੀ ਨਿਖੇਧੀ ਕੀਤੀ ਹੈ। ਵਿਸ਼ਵ ਭਰ ਦੇ ਸਾਹਿਤ ਵਿਚ ਇਹ ਰੁਚੀ ਵਿਆਪਕ ਰੂਪ ਵਿਚ ਵੇਖੀ ਜਾ ਸਕਦੀ ਹੈ। ਇਸ ਸਬੰਧ ਵਿਚ ਭਗਤ ਛੱਜੂ ਦੀ ਮਿਸਾਲ ਵਾਚਣ ਯੋਗ ਹੈ:

ਕਾਗਦ ਸੰਦੀ ਪੁਤਰੀ ਤਉ ਨ ਤ੍ਰਿਯਾ ਨਿਹਾਰ।

ਭਾਵ ਜੇ ਇਸਤਰੀ ਕਾਗਜ਼ ਦੀ ਵੀ ਹੋਵੇ ਤਾਂ ਵੀ ਉਸ ਵੱਲ ਨਾ ਵੇਖੋ।

ਇਸ ਤਰ੍ਹਾਂ ਸ਼ਾਹ ਮੁਹੰਮਦ ਨੇ ਆਪਣੇ ਮਸ਼ਹੂਰ ਜੰਗਨਾਮੇ ਵਿਚ ਜਿਸ ਔਰਤ ਨਾਲ ਸਮਾਜ, ਪਰਵਾਰ, ਦੁਸ਼ਮਣ ਤਾਕਤਾਂ ਜਾਂ ਇਉਂ ਕਹਿ ਲਵੋ ਕਿ ਪਰਮਾਤਮਾ ਨੇ ਹੀ ਅਰਸ਼ ਤੋਂ ਫਰਸ਼ ਉੱਤੇ ਸੁੱਟ ਕੇ ਬਿਨਾਂ ਕਿਸੇ ਕਸੂਰ ਜਾਂ ਪਾਪ ਦੇ, ਲੰਮੀ, ਅਸਹਿ ਅਤੇ ਅਕਹਿ ਸਜ਼ਾ ਦਿੱਤੀ, ਉਸ ਮਹਾਰਾਣੀ ਜਿੰਦ ਕੌਰ ‘ਪੰਜਾਬ ਦੀ ਸ਼ੇਰਨੀ’ ਬਾਰੇ ਇਉਂ ਲਿਖਿਆ ਹੈ:-

ਸ਼ਾਹ ਮੁਹੰਮਦਾ ਏਸ ਰਾਣੀ ਜਿੰਦ ਕੋਰਾਂ,
ਸਾਰੇ ਦੇਸ਼ ਦਾ ਫਰਸ਼ ਉਠਾਇ ਦਿੱਤਾ।

ਇਸ ਤਰ੍ਹਾਂ ਪੁਰਾਤਨ ਸਮੇਂ ਤੋਂ ਸੰਸਾਰ ਵਿਚ ਇਸਤਰੀ ਦੀ ਨਿਖੇਧੀ ਦਾ ਹੀ ਵਾਤਾਵਰਨ ਸਮਾਜ ਅਤੇ ਸਾਹਿਤਕ ਤੌਰ ‘ਤੇ ਬਣਿਆ ਹੋਇਆ ਸੀ। ਇਸ ਘੁਟਣ ਭਰੇ ਵਿਸ਼ੈਲੇ ਮਾਹੌਲ ਵਿਚ ਇਸਤਰੀ ਦੱਬੀ-ਦੱਬੀ ਅਤੇ ਕੁਚਲੀ ਹੋਈ ਮਹਿਸੂਸ ਕਰਦੀ ਰਹੀ ਹੈ। ਇਸ ਕਾਰਨ ਇਸਤਰੀ ਸਿਰਫ ਸਮਾਜਿਕ ਅਤੇ ਆਰਥਿਕ ਪੱਖ ਤੋਂ ਹੀ ਕਮਜ਼ੋਰ ਨਹੀਂ ਹੋਈ, ਸਗੋਂ ਮਾਨਸਿਕ ਤੌਰ ਉੱਤੇ ਵੀ ਕਮਜ਼ੋਰ ਹੁੰਦੀ ਗਈ।

ਇਸਤਰੀ ਦੀ ਸਮਾਜ ਵਿਚ ਹੋ ਰਹੀ ਦੁਰਦਸ਼ਾ ਉੱਤੇ ਪੰਜਾਬੀ ਦਾ ਮਸ਼ਹੂਰ ਕਵੀ ਸ਼ਿਵ ਕੁਮਾਰ ਬਟਾਲਵੀ ਆਪਣੀ ਮਸ਼ਹੂਰ ਕ੍ਰਿਤ ‘ਲੂਣਾ’ ਵਿਚ ਇਉਂ ਲਿਖਦਾ ਹੈ:

ਨਾਰੀ ਨਾਂ ਹੀ ਅੰਧ ਵਿਸ਼ਵਾਸ ਦਾ ਹੈ,
ਨਾਰੀ ਸਦਾ ਅਨਿਆਂ ’ਚੋਂ ਜਨਮ ਲੈਂਦੀ।
ਨਾਰੀ ਨਾਮ ਇਕ ਐਸੇ ਅਹਿਸਾਸ ਦਾ ਹੈ,
ਜਿਵੇਂ ਜ਼ਖ਼ਮਾਂ ’ਚ ਪੀੜ ਹੈ ਘੁਲੀ ਰਹਿੰਦੀ।

ਮਾਨਸਿਕ ਕਮਜ਼ੋਰੀ ਨੇ ਇਸਤਰੀ ਨੂੰ ਸਰੀਰਕ ਤੌਰ ਉੱਤੇ ਵੀ ਅਬਲਾ ਬਣਾ ਕੇ ਰੱਖ ਦਿੱਤਾ। ਇਸ ਪ੍ਰਤੀਕਰਮ ਤੋਂ ਇਸਤਰੀ ਸਦਾ ਮਰਦ ਦਾ ਮਨ ਆਪਣੀ ਸੁੰਦਰਤਾ ਵਿਖਾ ਕੇ ਹਾਰ-ਸ਼ਿੰਗਾਰ ਲਾ ਕੇ ਅਤੇ ਅੰਗ ਪ੍ਰਦਰਸ਼ਨ ਕਰ ਕੇ ਜਿੱਤਣ ਦੀ ਕੋਸ਼ਿਸ਼ ਕਰਦੀ ਰਹੀ ਹੈ। ਪਰ ਇਸ ਵਿਚ ਵੀ ਉਹ ਕਾਮਯਾਬ ਨਹੀਂ ਹੋ ਸਕੀ। ਮਰਦ ਉਸ ਦੇ ਜਜ਼ਬਾਤ ਨਾਲ ਹਮੇਸ਼ਾਂ ਹੀ ਖਿਲਵਾੜ ਕਰਦੇ ਆਏ ਹਨ ਅਤੇ ਉਸ ਦੀਆਂ ਕਮਜ਼ੋਰੀਆਂ ਅਤੇ ਬੇਬਸੀਆਂ ਦਾ ਅਯੋਗ ਲਾਭ ਉਠਾਉਣ ਦੇ ਯਤਨ ਵਿਚ ਹੀ ਰਹਿੰਦੇ ਹਨ। ਪ੍ਰਸਿੱਧ ਨਾਵਲਕਾਰ ਸ. ਨਾਨਕ ਸਿੰਘ ਨੇ ਆਪਣੀ ਲਿਖਤ “ਕਟੀ ਹੋਈ ਪਤੰਗ” ਵਿਚ ਲਿਖਿਆ ਹੈ, “ਇਸਤਰੀ ਨੂੰ ਕਟੀ ਹੋਈ ਪਤੰਗ ਵਾਂਗ ਸਮਝਿਆ ਜਾਂਦਾ ਹੈ, ਇਸ ਦੀ ਡੋਰ ਲੁੱਟਣ ਲਈ ਹਰ ਮਰਦ ਤਿਆਰ-ਬਰ-ਤਿਆਰ ਹੈ।” ਔਰਤ ਬਾਰੇ ਪੰਜਾਬ ਦੀ ਪ੍ਰਸਿੱਧ ਕਵਿਤਰੀ ਅੰਮ੍ਰਿਤਾ ਪ੍ਰੀਤਮ ਦੇ ਵਿਚਾਰ ਵਰਣਨ ਯੋਗ ਹਨ:

“ਨਾ ਬਰਾਬਰੀ ਦੀ ਇਸ ਬਣਤਰ ਵਿਚ ਅਜੇ ਤਕ ਇਸਤਰੀ ਲਈ ‘ਬੇਬਸੀ’ ਦਾ ਲਫਜ਼ ਇਹੋ ਜਿਹਾ ਏ ਜਿਸ ਦੇ ਅਰਥ ਉਸ ਨੂੰ ਹਮੇਸ਼ਾਂ ਡਿਕਸ਼ਨਰੀ ਵਿਚ ਦੇਖਣੇ ਪੈਂਦੇ ਨੇ।”

ਘਰ ਦੀ ਚਾਰ-ਦੀਵਾਰੀ ਦੇ ਅੰਦਰ ਰਹਿਣਾ ਹੀ ਇਸਤਰੀਆਂ ਦੀ ਸਭ ਤੋਂ ਵੱਡੀ ਕਮਜ਼ੋਰੀ ਸੀ। ਉਨ੍ਹਾਂ ਨੂੰ ਮਰਦਾਂ ਵਾਂਗ ਹੀ ਬਾਹਰ ਦੇ ਕੰਮ ਕਰਨੇ ਚਾਹੀਦੇ ਹਨ ਤਾਂ ਹੀ ਉਹ ਆਪਣੇ ਆਪ ਨੂੰ ਸਮਾਜ ਵਿਚ ਸੁਰੱਖਿਅਤ ਮਹਿਸੂਸ ਕਰ ਸਕਣਗੀਆਂ। ਜੇ ਉਹ ਡਰ ਕੇ ਘਰ ਦੇ ਅੰਦਰ ਹੀ ਜੂੜੀਆਂ ਰਹਿਣਗੀਆਂ ਤਾਂ ਉਹ ਕਦੇ ਵੀ ਸੁਤੰਤਰਤਾ ਦਾ ਸੁਖ ਨਹੀਂ ਮਾਣ ਸਕਣਗੀਆਂ। ਲੈਨਿਨ ਦੇ ਵਿਚਾਰ ਵੀ ਕੁਝ ਇਸੇ ਤਰ੍ਹਾਂ ਹਨ। ਉਨ੍ਹਾਂ ਨੇ ਕਿਹਾ ਹੈ:

“ਜਦ ਤਕ ਇਸਤਰੀ ਨੂੰ ਰਸੋਈ ਦੀ ਗੁਲਾਮੀ ਤੋਂ ਅਜ਼ਾਦ ਨਹੀਂ ਕੀਤਾ ਜਾਂਦਾ ਉਦੋਂ ਤਕ ਉਸ ਦੀ ਅਜ਼ਾਦੀ ਅਧੂਰੀ ਹੈ।”

ਪਰੰਤੂ ਸਿਗਮੰਡ ਫਰਾਇਡ ਇਸ ਦੇ ਉਲਟ ਇਉਂ ਲਿਖਦਾ ਹੈ, “ਜਿਹੜੇ ਸਵਾਲ ਦਾ ਕਦੇ ਕਿਸੇ ਨੇ ਜਵਾਬ ਨਹੀਂ ਦਿੱਤਾ ਮੈਂ ਵੀ ਅਜੇ ਇਸ ਦਾ ਜਵਾਬ ਨਹੀਂ ਦੇ ਸਕਿਆ, ਭਾਵੇਂ ਮੈਨੂੰ ਤੀਹ ਵਰ੍ਹੇ ਸੋਚਦਿਆਂ ਹੋ ਗਏ ਹਨ। ਉਹ ਸਵਾਲ ਹੈ ਕਿ ਆਖਰ ਇਸਤਰੀ ਚਾਹੁੰਦੀ ਕੀ ਹੈ।” ਪਰੰਤੂ ਦੁਨੀਆਂ ਨੂੰ ਫ਼ਤਹ ਕਰ ਕੇ ‘ਸੰਸਾਰ ਜੇਤੂ’ ਹੋਣ ਬਾਰੇ ਸੋਚਣ ਵਾਲੇ ਮਹਾਨ ਯੋਧੇ ਨੈਪੋਲੀਅਨ ਨੇ ਕਿਹਾ ਕਿ, ‘ਮੈਨੂੰ ਚੰਗੀਆਂ ਮਾਵਾਂ ਦਿਉ, ਮੈਂ ਤੁਹਾਨੂੰ ਚੰਗੀ ਕੌਮ ਦਿਆਂਗਾ।’ ਅਤੇ ਇਸੇ ਤਰ੍ਹਾਂ ਕ੍ਰਾਂਤੀਕਾਰੀ ਅਬਰਾਹਮ ਲਿੰਕਨ ਨੇ ਆਪਣੀ ਮਾਤਾ ਦੀ ਵਡਿਆਈ ਕਰਦਿਆਂ ਕਿਹਾ, ‘ਜੋ ਕੁਝ ਮੈਂ ਹਾਂ ਜਾਂ ਹੋਣ ਦੀ ਆਸ ਕਰਦਾ ਹਾਂ, ਆਪਣੀ ਫਰਿਸ਼ਤਿਆਂ ਵਰਗੀ ਮਾਂ ਦਾ ਸਦਕਾ ਹਾਂ।’ ਅੰਗਰੇਜ਼ ਲਿਖਾਰੀ ਬੈਕਰੇ ਨੇ ‘ਵੈਨਿਟੀ ਫੇਅਰ’ ਵਿਚ ਲਿਖਿਆ ਹੈ, ‘ਮਾਂ ਰੱਬ ਦਾ ਹੀ ਦੂਸਰਾ ਨਾਮ ਹੈ ਜਿਹੜਾ ਛੋਟੇ- ਛੋਟੇ ਬੱਚਿਆਂ ਦੇ ਬੁੱਲ੍ਹਾਂ ਅਤੇ ਦਿਲਾਂ ਵਿੱਚੋਂ ਨਿਕਲਦਾ ਹੈ।’

ਇਸ ਲਾਚਾਰ ਅਤੇ ਬੇਵੱਸ ਇਸਤਰੀ ਦੇ ਹੱਕ ਵਿਚ ਸਭ ਤੋਂ ਪਹਿਲਾਂ ਸੰਸਾਰ ਦੇ ਮਹਾਨ ਕ੍ਰਾਂਤੀਕਾਰੀ ਅਤੇ ਮਨੁੱਖੀ ਅਜ਼ਾਦੀ ਦੇ ਉੱਚਤਮ ਅਲੰਬਰਦਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਾਜ਼ ਉਠਾਈ। ਉਨ੍ਹਾਂ ਦੇ ਸਮੇਂ ਇਸਤਰੀ ਦੀ ਦਸ਼ਾ ਸਮਾਜ ਵਿਚ ਬਹੁਤ ਹੀ ਤਰਸਯੋਗ ਸੀ। ਕਿਧਰੇ ਉਹ ਚਿਤਾ ਵਿਚ ਸੜ ਕੇ ਜਾਨ ਦੇ ਰਹੀ ਸੀ, ਕਿਤੇ ਦੇਵਦਾਸੀਆਂ ਦੇ ਰੂਪ ਵਿਚ ਪ੍ਰੋਹਤ ਸ੍ਰੇਣੀ ਦੀ ਹਵਸ ਦਾ ਸ਼ਿਕਾਰ ਹੋ ਰਹੀ ਸੀ। ਕਿਧਰੇ ਰਾਜਿਆਂ ਦੀ ਨੀਤੀ ਅਤੇ ਨੀਅਤ ਦਾ ਨਿਸ਼ਾਨਾ ਬਣ ਰਹੀ ਸੀ ਤੇ ਕਿਧਰੇ ਵਿਦੇਸ਼ੀ ਹਮਲਾਵਰਾਂ ਦੇ ਹੱਥੋਂ ਉਸ ਦੀ ਬੇਪਤੀ ਹੋ ਰਹੀ ਸੀ। ਕਿਧਰੇ ਆਪਣੇ ਸਮਾਜ ਵਿਚ ਅਤੇ ਆਪਣੇ ਪਰਵਾਰ ਵਿਚ ਅਤੇ ਡੇਰਿਆਂ-ਮਠਾਂ ਆਦਿ ਧਾਰਮਿਕ ਕੇਂਦਰਾਂ ਵਿਚ ਉਸ ਦਾ ਸ਼ੋਸ਼ਣ ਅਤੇ ਤ੍ਰਿਸਕਾਰ ਹੋ ਰਿਹਾ ਸੀ। ਸਾਹਿਤਕਾਰ ਉਸ ਨੂੰ ਪਰ੍ਹਿਆਂ ਵਿਚ ਭੰਡ ਰਹੇ ਸਨ। ਧਾਰਮਿਕ ਗ੍ਰੰਥਾਂ ਦੀ ਵਿਚਾਰਧਾਰਾ ਵੀ ਲੋਕ-ਧਾਰਨਾ ਦੀ ਹੀ ਪੁਸ਼ਟੀ ਕਰ ਰਹੀ ਸੀ। ਇਸ ਘੋਰ ਅੰਧਕਾਰ ਦੇ ਮਾਹੌਲ ਵਿਚ ਇਸਤਰੀ ਲਈ ਕਿਧਰੇ ਕੋਈ ਆਸ਼ਾ ਦੀ ਕਿਰਨ ਵੀ ਦਿਖਾਈ ਨਹੀਂ ਸੀ ਦੇ ਰਹੀ। ਦੇਸ਼ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਨੂੜਿਆ ਹੋਇਆ ਸੀ। ਸਮਾਜਿਕ ਗਿਰਾਵਟ, ਧਾਰਮਿਕ ਨਿਘਾਰ ਅਤੇ ਆਰਥਿਕ ਕੰਗਾਲੀ ਅਤੇ ਬੇਗੈਰਤੀ ਗੁਲਾਮ ਜ਼ਿਹਨੀਅਤ ਦਾ ਬੋਲਬਾਲਾ ਸੀ। ਉਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਧਾਰਮਿਕ ਪਿਛੋਕੜ ਅਤੇ ਸਮਾਜਿਕ ਵਿਚਾਰਧਾਰਾ ਦਾ ਖੰਡਨ ਕਰਦੇ ਹੋਏ ਇਸਤਰੀ ਦੇ ਹੱਕ ਵਿਚ ਅਵਾਜ਼ ਉਠਾਈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜਿਕ ਗਿਰਾਵਟ/ਗਿਲਾਨੀ ਅਤੇ ਕੌਮੀ ਕਮਜ਼ੋਰੀ ਅਤੇ ਰਾਜਨੀਤਕ ਨਿਘਾਰ ਦੇ ਰੋਗ ਦੀ ਜੜ੍ਹ, ਸਮਾਜ ਅੰਦਰ ਹੋ ਰਹੀ ਇਸਤਰੀ ਦੀ ਦੁਰਗੱਤ ਅਤੇ ਤ੍ਰਿਸਕਾਰ ਨੂੰ ਸਮਝਿਆ ਅਤੇ ਉਨ੍ਹਾਂ ਨੇ ਇਸਤਰੀ ਦੇ ਉਥਾਨ ਅਤੇ ਗੌਰਵ ਲਈ ਆਪਣੀ ਬਾਣੀ ਦੁਆਰਾ ਅਵਾਜ਼ ਬੁਲੰਦ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਸਰਬਪੱਖੀ ਵਡਿਆਈ ਹੈ ਕਿ ਉਨ੍ਹਾਂ ਨੇ ਜੀਵਨ ਦੇ ਹਰ ਪੱਖ ਵਿੱਚੋਂ ਅੰਧਕਾਰ ਨੂੰ ਮਿਟਾ ਕੇ ਚਾਨਣ ਦਾ ਸੰਚਾਰ ਕੀਤਾ ਹੈ। ਭਾਈ ਗੁਰਦਾਸ ਜੀ ਦਾ ਇਹ ਕਹਿਣਾ ‘ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ’ ਸਹੀ ਅਤੇ ਨਿਰਪੱਖ ਮੁਲਾਂਕਣ ਹੈ। ਗੁਰੂ ਜੀ ਨੇ ਬਾਬਾ ਆਦਮ ਦੀ ਕਥਾ ਨੂੰ ਰੱਦ ਕਰਦੇ ਹੋਏ ਇਹ ਆਖਿਆ ਕਿ ਇਸਤਰੀ ਮਰਦ ਦੀ ਇਕ ਪਸਲੀ ਵਿੱਚੋਂ ਨਹੀਂ ਜਨਮੀ ਸਗੋਂ ਉਹ ਤਾਂ ਆਪ ਜਨਮ ਦੇਣ ਵਾਲੀ ਹੈ। ਮਰਦ ਇਸਤਰੀ ਦੀ ਕੁੱਖ ਤੋਂ ਜਨਮ ਲੈਂਦੇ ਹਨ। ਮਰਦਾਂ ਦੀ ਸ਼ਾਨ ਅਤੇ ਘਰ-ਗ੍ਰਿਹਸਤੀ ਇਸਤਰੀ ਕਰਕੇ ਹੀ ਹੁੰਦੀ ਹੈ। ਗੁਰੂ ਜੀ ਦਾ ਪਵਿੱਤਰ ਗੁਰਬਾਣੀ ਵਿਚ ਫ਼ੁਰਮਾਨ ਹੈ:

ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ॥ (ਪੰਨਾ 879)

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੁਲੰਦ ਅਵਾਜ਼ ਵਿਚ ਕਿਹਾ ਕਿ ਵੱਡੇ-ਵੱਡੇ ਰਾਜਿਆਂ ਮਹਾਰਾਜਿਆਂ, ਯੋਧਿਆਂ, ਸਾਇੰਸਦਾਨਾਂ, ਵਿਦਵਾਨਾਂ, ਗੁਰੂਆਂ, ਪੀਰਾਂ ਨੂੰ ਜਨਮ ਇਸਤਰੀ ਹੀ ਦਿੰਦੀ ਹੈ। ਜੇ ਇਹ ਸਾਰੇ ਲੋਕ ਚੰਗੇ ਹਨ ਅਤੇ ਵਡਿਆਈ ਦੇ ਪਾਤਰ ਹਨ ਤਾਂ ਉਨ੍ਹਾਂ ਦੀ ਜਨਣੀ ਇਸਤਰੀ ਬੁਰੀ ਕਿਸ ਤਰ੍ਹਾਂ ਹੋ ਸਕਦੀ ਹੈ? ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ:

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥ (ਪੰਨਾ 473)

ਇਸਤਰੀ ਅਤੇ ਪੁਰਸ਼ ਦੀ ਬਰਾਬਰੀ ਨੂੰ ਸਪੱਸ਼ਟ ਕਰਦਿਆਂ ਗੁਰੂ ਜੀ ਨੇ ਫ਼ਰਮਾਇਆ ਹੈ ਕਿ ਸਾਰਿਆਂ ਅੰਦਰ ਜੀਵ-ਆਤਮਾ ਇਸਤਰੀ ਰੂਪ ਹੀ ਹੈ ਅਤੇ ਉਸ ਦਾ ਖਸਮ ਪਰਮਾਤਮਾ ਹੈ। ਫ਼ੁਰਮਾਨ ਹੈ:

ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥ (ਪੰਨਾ 591)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨ ਵਿਚ ਇਸਤਰੀ ਜਾਤੀ ਪ੍ਰਤੀ ਸਤਿਕਾਰ ਅਤੇ ਹਮਦਰਦੀ ਦੀ ਭਾਵਨਾ ਬਹੁਤ ਡੂੰਘੀ ਸੀ। ਉਨ੍ਹਾਂ ਨੂੰ ਆਪਣੇ ਜੀਵਨ ਵਿਚ ਮਾਤਾ ਤ੍ਰਿਪਤਾ ਜੀ ਅਤੇ ਭੈਣ ਬੇਬੇ ਨਾਨਕੀ ਜੀ ਵੱਲੋਂ ਭਰਪੂਰ ਪਿਆਰ ਮਿਲਿਆ ਸੀ। ਗੁਰੁ ਸਾਹਿਬ ਨੇ ਇਸਤਰੀ ਦੀ ਦੁਰਦਸ਼ਾ ਦਾ ਵਰਣਨ ਇਉਂ ਕੀਤਾ ਹੈ:

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ॥ (ਪੰਨਾ 722)

ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ॥
ਸੇ ਸਿਰ ਕਾਤੀ ਮੁੰਨੀਅਨਿ੍ ਗਲ ਵਿਚਿ ਆਵੈ ਧੂੜਿ॥ (ਪੰਨਾ 417)

ਗੁਰੂ-ਘਰ ਨੇ ਤਾਂ ਇਸਤਰੀ ਜਾਤੀ ਨੂੰ ਬਤੀਹ ਸੁਲੱਖਣੀ ਅਤੇ ਭਰਪੂਰ ਸਦਗੁਣਾਂ ਵਾਲੀ ਆਖ ਕੇ ਪੂਰਾ ਮਾਣ-ਸਨਮਾਨ ਦਿੱਤਾ। ਗੁਰੂ ਜੀ ਫ਼ੁਰਮਾਉਂਦੇ ਹਨ ਕਿ ਅਜਿਹੇ ਸਦਗੁਣ ਭਰਪੂਰ ਇਸਤਰੀ ਜਿਸ ਘਰ ਵਿਚ ਆਵੇਗੀ ਉਥੇ ਸੁਖ, ਸ਼ਾਂਤੀ, ਖੁਸ਼ਹਾਲੀ ਅਤੇ ਖੇੜਾ ਬਣਿਆ ਰਹੇਗਾ, ਸਵਰਗ ਹੋਵੇਗਾ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ:

ਬਤੀਹ ਸੁਲਖਣੀ ਸਚੁ ਸੰਤਤਿ ਪੂਤ॥
ਆਗਿਆਕਾਰੀ ਸੁਘੜ ਸਰੂਪ॥
ਇਛ ਪੂਰੇ ਮਨ ਕੰਤ ਸੁਆਮੀ॥
ਸਗਲ ਸੰਤੋਖੀ ਦੇਰ ਜੇਠਾਨੀ॥
ਸਭ ਪਰਵਾਰੈ ਮਾਹਿ ਸਰੇਸਟ॥
ਮਤੀ ਦੇਵੀ ਦੇਵਰ ਜੇਸਟ॥
ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ॥
ਜਨ ਨਾਨਕ ਸੁਖੇ ਸੁਖਿ ਵਿਹਾਇ॥ (ਪੰਨਾ 371)

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਗਿਆ ਅਨੁਸਾਰ ਸਿੱਖ ਧਰਮ ਨੂੰ ਸਥਾਪਤ ਕਰਨ ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਈ ਠੋਸ ਕਦਮ ਚੁੱਕੇ। ਉਨ੍ਹਾਂ ਵਿੱਚੋਂ ਇਕ ਕਾਰਜ ਲੰਗਰ ਮਰਯਾਦਾ ਕਾਇਮ ਕਰਨਾ ਸੀ। ਇਹ ਸ਼ੁਭ ਕਾਰਜ ਉਨ੍ਹਾਂ ਨੇ ਆਪਣੀ ਧਰਮ ਪਤਨੀ ਮਾਤਾ ਖੀਵੀ ਜੀ ਨੂੰ ਸੌਂਪਿਆ ਹੋਇਆ ਸੀ। ਉਨ੍ਹਾਂ ਨੇ ਬਹੁਤ ਯੋਗਤਾ ਅਤੇ ਸਫਲਤਾ ਨਾਲ ਇਸ ਕਾਰਜ ਨੂੰ ਨਿਬਾਹਿਆ। ਉਨ੍ਹਾਂ ਦੀ ਸਿਫਤ ਵਿਚ ਭਾਈ ਬਲਵੰਡ ਜੀ ਨੇ ਲਿਖਿਆ ਹੈ:-

ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥ (ਪੰਨਾ 967)

ਇਸਤਰੀ ਦੀ ਬੇਕਦਰੀ ਅਤੇ ਦਰਿੰਦਗੀ ਦੀ ਸਭ ਤੋਂ ਵੱਡੀ ਮਿਸਾਲ ਸ਼ਾਇਦ ਸਤੀ ਦੀ ਪ੍ਰਥਾ ਅਤੇ ਵਿਧਵਾ ਨੂੰ ਪੁਨਰ ਵਿਆਹ ਦੀ ਮਨਾਹੀ ਸੀ। ਇਹ ਪ੍ਰਥਾ ਪੁਰਾਤਨ ਸਮੇਂ ਤੋਂ ਹੀ ਹਿੰਦੂ ਸਮਾਜ ਵਿਚ ਪ੍ਰਚੱਲਤ ਸੀ। ਜਦੋਂ ਕੋਈ ਵਿਅਕਤੀ ਮਰ ਜਾਂਦਾ ਸੀ ਤਾਂ ਉਸ ਦੀ ਪਤਨੀ ਨੂੰ ਵੀ ਮੁਰਦੇ ਪਤੀ ਦੀ ਰੂਹ ਦੀ ਖੁਸ਼ੀ ਹਿੱਤ ਜਿਊਂਦੇ ਜੀਅ ਉਸ ਨਾਲ ਫੂਕ ਦਿੱਤਾ ਜਾਂਦਾ ਸੀ। ਇਸ ਤੋਂ ਵੱਡਾ ਤਸੀਹਾ ਅਤੇ ਜ਼ੁਲਮ ਹੋਰ ਕੀ ਹੋ ਸਕਦਾ ਹੈ? ਜੋ ਸਤੀਆਂ ਹੋਣ ਤੋਂ ਬਚ ਜਾਂਦੀਆਂ ਸਨ ਉਨ੍ਹਾਂ ਵਿਧਵਾਵਾਂ ਨੂੰ ਪੁਨਰ ਵਿਆਹ ਕਰਨ ਦੀ ਸਖ਼ਤ ਮਨਾਹੀ ਸੀ। ਉਸ ਲਈ ਸਮਾਜ ਵਿਚ ਕੋਈ ਸਤਿਕਾਰ ਨਹੀਂ ਸੀ ਸਗੋਂ ਉਸਦੇ ਮੱਥੇ ਲੱਗਣਾ ਵੀ ਬਦਸ਼ਗਨ ਸਮਝਿਆ ਜਾਂਦਾ ਸੀ। ਇਸ ਬਾਰੇ 19ਵੀਂ ਸਦੀ ਵਿਚ ਰਾਜਾ ਰਾਮ ਮੋਹਨ ਰਾਏ ਨੇ ਹਿੰਦੂ ਸਮਾਜ ਵਿਚ ਸੁਧਾਰ ਦੀ ਲਹਿਰ ਚਲਾਈ। ਗੁਰੂ ਸਾਹਿਬ ਨੇ ਉਸ ਤੋਂ ਪਹਿਲਾਂ 16ਵੀਂ ਸਦੀ ਵਿਚ ਹੀ ਆਪਣੇ ਪੈਰੋਕਾਰਾਂ ਵਿੱਚੋਂ ਇਸ ਕੁਰੀਤੀ ਨੂੰ ਮਿਟਾਉਣ ਦਾ ਉਪਦੇਸ਼ ਕਰ ਦਿੱਤਾ। ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਦਰਬਾਰ ਵਿਚ ਇਸਤਰੀਆਂ ਨੂੰ ਪਰਦਾ ਕਰਨ ਦੀ ਮਨਾਹੀ ਕੀਤੀ ਹੋਈ ਸੀ। ਇਸ ਨਾਲ ਇਸਤਰੀ ਨੂੰ ਵੀ ਮਰਦਾਂ ਦੇ ਬਰਾਬਰ ਧਰਮ-ਕਰਮ ਅਤੇ ਸੰਗਤ ਕਰਨ ਦਾ ਅਵਸਰ ਮਿਲਣ ਲੱਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਜਿੱਥੇ ਵਿਧਵਾ ਦੇ ਵਿਆਹ ਕਰਨ ਦੀ ਰੀਤ ਚਲਾਈ ਉਥੇ ਸਤੀ ਦੀ ਪ੍ਰਥਾ ਨੂੰ ਵੀ ਬੰਦ ਕਰਨ ਲਈ ਪ੍ਰੇਰਨਾ ਦਿੱਤੀ। ਗੁਰੂ ਜੀ ਨੇ ਹਰਿਦੁਆਰ ਸਤੀ ਦੇ ਤੱਟ ਉੱਤੇ ਖਲੋ ਕੇ ਬੁਲੰਦ ਅਵਾਜ਼ ਵਿਚ ਅੱਗ ਵਿਚ ਸੜ ਮਰਨ ਵਾਲੀਆਂ ਨੂੰ ਸਤੀਆਂ ਮੰਨਣ ਤੋਂ ਇਨਕਾਰ ਕਰਦਿਆਂ ਫ਼ੁਰਮਾਇਆ ਕਿ ਅਸਲ ਸਤੀਆਂ ਤਾਂ ਉਹ ਹੋ ਸਕਦੀਆਂ ਹਨ ਜੋ ਆਪਣੇ ਪਤੀ ਤੋਂ ਬਾਅਦ ਸੀਲ-ਸੰਤੋਖ ਨਾਲ ਆਪਣਾ ਜੀਵਨ ਬਸਰ ਕਰਦੀਆਂ ਹਨ। ਉਨ੍ਹਾਂ ਦਾ ਫ਼ੁਰਮਾਨ ਹੈ:

ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ੍॥
ਨਾਨਕ ਸਤੀਆ ਜਾਣੀਅਨਿ੍ ਜਿ ਬਿਰਹੇ ਚੋਟ ਮਰੰਨਿ੍॥
ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨਿ੍॥
ਸੇਵਨਿ ਸਾਈ ਆਪਣਾ ਨਿਤ ਉਠਿ ਸੰਮਾ੍ਲੰਨਿ੍॥ (ਪੰਨਾ 787)

ਗੁਰੂ ਜੀ ਇਸਤਰੀ ਜਾਤੀ ਦੇ ਹਿੱਤਾਂ ਦਾ ਬਹੁਤ ਖ਼ਿਆਲ ਰੱਖਦੇ ਸਨ। ਉਹ ਲੜਕੀਆਂ ਦੇ ਵਿਆਹ ਸਮੇਂ ਪੰਡਤ-ਪਾਂਧੇ ਵੱਲੋਂ ਪੂਜਾ ਦਾਨ ਲੈਣ ਨੂੰ ਵੀ ਬੁਰਾ ਸਮਝਦੇ ਸਨ। ਇਸ ਪੱਖੋਂ ਉਨ੍ਹਾਂ ਨੇ ਪਰੋਹਤ ਵਰਗ ਨੂੰ ਸਖ਼ਤ ਤਾੜਨਾ ਕੀਤੀ ਹੈ ਕਿ ਅਜਿਹਾ ਦਾਨ ਲੈਣ ਵਾਲੇ ਦਾ ਜੀਵਨ ਨਿਸ਼ਫਲ ਜਾਂਦਾ ਹੈ। ਸਖ਼ਤ ਸ਼ਬਦਾਂ ਵਿਚ ਇਸ ਦੀ ਨਿਖੇਧੀ ਕਰਦਿਆਂ ਉਨ੍ਹਾਂ ਨੇ ਫ਼ੁਰਮਾਇਆ ਹੈ:

ਸਸੈ ਸੰਜਮੁ ਗਇਓ ਮੂੜੇ ਏਕੁ ਦਾਨੁ ਤੁਧੁ ਕੁਥਾਇ ਲਇਆ॥
ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ ਏਤੁ ਧਾਨਿ ਖਾਧੈ ਤੇਰਾ ਜਨਮੁ ਗਾਇਆ॥ (ਪੰਨਾ 435)

ਦਾਜ-ਦਹੇਜ ਦੀ ਪ੍ਰਥਾ ਵੀ ਹਿੰਦੁਸਤਾਨ ਵਿਚ ਬਹੁਤ ਪੁਰਾਣੀ ਹੈ। ਇਹ ਰੀਤ ਅੱਜ ਦੇ ਸਮਾਜ ਵਿਚ ਇਕ ਵੱਡੀ ਲਾਹਨਤ ਅਤੇ ਲੜਕੀਆਂ ਦਾ ਵੱਡਾ ਦੁਖਾਂਤ ਸਾਬਤ ਹੋ ਰਹੀ ਹੈ। ਦਾਜ-ਦਹੇਜ ਦੀ ਆੜ ਵਿਚ ਲੋਕ ਦੂਜੇ ਦੇ ਘਰ ਵਿਚ ਲੁੱਟ-ਖੋਹ ਕਰਨ ਦਾ ਯਤਨ ਕਰਦੇ ਹਨ। ਸ੍ਰੀ ਗੁਰੂ ਰਾਮਦਾਸ ਜੀ ਨੇ ਦਾਜ ਦੀ ਪ੍ਰਥਾ ਦਾ ਵਿਰੋਧ ਕੀਤਾ ਹੈ। ਇਸ ਨੂੰ ਹੰਕਾਰ ਦੀ ਭਾਵਨਾ ਦਾ ਦਿਖਾਵਾ ਮੰਨਿਆ। ਉਨ੍ਹਾਂ ਨੇ ਦੱਸਿਆ ਕਿ ਅਸਲ ਦਹੇਜ ਤਾਂ ਪਰਮਾਤਮਾ ਦੀ ਬੰਦਗੀ ਦਾ ਗੁਣ ਹੈ ਜੋ ਬੱਚੀਆਂ ਨੁੰ ਦੇਣਾ ਚਾਹੀਦਾ ਹੈ। ਗੁਰੂ ਜੀ ਨੇ ਫ਼ੁਰਮਾਇਆ ਹੈ:

ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ॥
ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ॥
ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ॥
ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ॥
ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ॥
ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ॥ (ਪੰਨਾ 78-79)

ਸਿੱਖ ਇਤਿਹਾਸ ਵਿਚ ਬੀਬੀ ਭਾਨੀ ਜੀ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਹੀ ਗੁਰੂ ਪਿਤਾ ਸ੍ਰੀ ਗੁਰੂ ਅਮਰਦਾਸ ਜੀ ਦੀ ਅਣਥੱਕ ਸੇਵਾ ਕੀਤੀ। ਸ੍ਰੀ ਗੁਰੂ ਅਮਰਦਾਸ ਜੀ ਤੋਂ ਉਨ੍ਹਾਂ ਨੂੰ ਭਗਤੀ ਦਾ ਦਾਜ ਪ੍ਰਾਪਤ ਹੋਇਆ ਸੀ। ਇਸੇ ਦਾਜ ਦੀ ਬਰਕਤ ਨਾਲ ਬੀਬੀ ਭਾਨੀ ਜੀ ਦੇ ਖਾਨਦਾਨ ਵਿਚ ਮਹਾਨ ਹਸਤੀਆਂ ਨੇ ਜਨਮ ਲਿਆ ਜਿਨ੍ਹਾਂ ਨੇ ਹਿੰਦੁਸਤਾਨ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ।

ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਮਰੱਥ ਰਾਮਦਾਸ ਦੇ ਸੁਆਲ ਦੇ ਜੁਆਬ ਵਿਚ ਫ਼ਰਮਾਇਆ ਸੀ:

ਇਸਤਰੀ ਈਮਾਨ ਹੈ।
ਦੌਲਤ ਗੁਜਰਾਨ ਹੈ।
ਪੁੱਤਰ ਨਿਸ਼ਾਨ ਹੈ।

ਖਾਲਸਾ ਪੰਥ ਅੰਦਰ ਇਸਤਰੀ ਦੇ ਸਨਮਾਨ, ਬਰਾਬਰੀ ਅਤੇ ਸਤਿਕਾਰ ਦਾ ਨਤੀਜਾ ਹੀ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤਿ-ਜੋਤ ਸਮਾਉਣ ਤੋਂ ਪਿੱਛੋਂ ਮਾਤਾ ਸੁੰਦਰੀ ਜੀ ਨੇ ਦਲੇਰੀ ਅਤੇ ਸਿਆਣਪ ਨਾਲ ਸਿੱਖ ਪੰਥ ਦੀ ਅਗਵਾਈ ਕੀਤੀ। ਉਨ੍ਹਾਂ ਦੇ ਅਸ਼ੀਰਵਾਦ ਸਦਕਾ ਸ. ਜੱਸਾ ਸਿੰਘ ਆਹਲੂਵਾਲੀਆ ਵਰਗੀਆਂ ਸ਼ਖ਼ਸੀਅਤਾਂ ਪੈਦਾ ਹੋਈਆਂ ਜਿਨ੍ਹਾਂ ਨੇ ਜ਼ਾਲਮਾਂ ਦਾ ਮੂੰਹ ਮੋੜ ਕੇ ਦਿੱਲੀ ਦੇ ਤਖ਼ਤ ਉੱਤੇ ਪੈਰ ਰੱਖਿਆ। ਇਸ ਤੋਂ ਪਹਿਲਾਂ ਮਾਈ ਭਾਗੋ ਜੀ ਨੇ ਬੇਦਾਵੀਆਂ ਨੂੰ ਗੁਰੂ ਜੀ ਦੇ ਮੁੜ ਲੜ ਲਾ ਕੇ ਉਨ੍ਹਾਂ ਨੂੰ ਮੁਕਤੀ ਦਾ ਹੱਕਦਾਰ ਬਣਾਇਆ ਅਤੇ ਆਪ ਖ਼ੁਦ ਮੈਦਾਨ-ਏ- ਜੰਗ ਵਿਚ ਖੰਡਾ ਖੜਕਾ ਕੇ ਇਤਿਹਾਸ ਦੀ ਪਹਿਲੀ ਇਸਤਰੀ ਵਿਰਾਂਗਣ ਹੋਣ ਦਾ ਮਾਣ ਪ੍ਰਾਪਤ ਕੀਤਾ।

ਗੁਰੂ ਸਾਹਿਬਾਨ ਦੇ ਉਪਦੇਸ਼ ਕਰਕੇ ਅਤੇ ਮਾਤਾ ਗੁਜਰੀ ਜੀ ਵਰਗੀਆਂ ਸ਼ਖ਼ਸੀਅਤਾਂ ਦੇ ਯੋਗਦਾਨ ਕਰਕੇ ਸਿੱਖ ਧਰਮ ਦੇ ਪੈਰੋਕਾਰਾਂ ਵਿਚ ਇਸਤਰੀ ਦਾ ਬੜਾ ਸਨਮਾਨਯੋਗ ਦਰਜਾ ਹੋ ਗਿਆ ਸੀ। ਗੁਰਮਤਿ ਗਿਆਨ ਅਤੇ ਸਿੱਖੀ ਜੀਵਨ ਦਾ ਹੀ ਕ੍ਰਿਸ਼ਮਾ ਸੀ ਕਿ ਮਾਤਾ ਗੁਜਰੀ ਜੀ ਭਾਰਤ ਦੀ ਪਹਿਲੀ ਸ਼ਹੀਦ ਔਰਤ ਬਣੇ ਅਤੇ ਜਿਨ੍ਹਾਂ ਨੇ ਭਾਰਤ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਇ ਜੋੜ ਦਿੱਤਾ। ਖਾਲਸਾ ਦਲਾਂ ਨੇ ਹਿੰਦੁਸਤਾਨ ਦੀਆਂ ਹਜ਼ਾਰਾਂ ਬਹੂ-ਬੇਟੀਆਂ ਨੂੰ ਦੁਰਾਨੀਆਂ ਦੇ ਪੰਜੇ ਵਿੱਚੋਂ ਛੁਡਵਾਇਆ ਤੇ ਉਨ੍ਹਾਂ ਦੇ ਘਰੀਂ ਪਹੁੰਚਾਇਆ। ਸਿੱਖ ਸਮਾਜ ਵਿਚ ਕੁੜੀ ਮਾਰਨ ਨੂੰ ਨਫ਼ਰਤ ਦੀ ਨਿਗ੍ਹਾ ਨਾਲ ਵੇਖਿਆ ਜਾਂਦਾ ਸੀ ਅਤੇ ਉਸ ਨਾਲ ਕੋਈ ਸਿੱਖ ਵਰਤ- ਵਿਹਾਰ ਨਹੀਂ ਸੀ ਰੱਖਦਾ। ਰਹਿਤਨਾਮਿਆਂ ਵਿਚ ਕੁੜੀ ਮਾਰਨ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ ਅਤੇ ਕੰਨਿਆ ਦਾ ਪੈਸਾ ਲੈਣ ਤੋਂ ਵੀ ਮਨਾਹੀ ਕੀਤੀ ਗਈ ਹੈ:

“ਗੁਰੂ ਜੀ ਕਹਿਆ-ਸੁਣ ਭਾਈ ਬਾਲਾ! ਇਹ ਵੱਡੀ ਭਾਰੀ ਹੱਤਿਆ ਹੈ, ਕੰਨਿਆ ਦਾ ਦਰਬ ਲੈਣਾ ਅਤੇ ਕੰਨਿਆ ਮਾਰਨੀ, ਪਰ ਸੰਸਾਰ ਇਸ ਹਤਿਆ ਵਿਚ ਲੱਗ ਰਹਿਆ ਹੈ।”(ਜਨਮ ਸਾਖੀ ਭਾਈ ਬਾਲਾ ਜੀ)

“ਗੁਰੂ ਕਾ ਸਿੱਖ ਕੰਨਿਆ ਨਾ ਮਾਰੇ, ਕੁੜੀਮਾਰ ਨਾਲ ਨਾ ਵਰਤੇ, ਕੰਨਿਆ ਦਾ ਪੈਸਾ ਨਾ ਖਾਇ।” (ਰਹਿਤਨਾਮਾ ਭਾਈ ਚੌਪਾ ਸਿੰਘ ਜੀ)

ਮੁਗਲ ਕਾਲ ਵਿਚ ਭਾਰਤ ਦੇ ਸ਼ਹਿਰਾਂ ਵਿਚ ਵੇਸਵਾਗਨੀ ਦੇ ਅੱਡੇ ਖੁੱਲ੍ਹੇ ਹੁੰਦੇ ਸਨ ਜਿੱਥੇ ਔਰਤ ਜਾਤੀ ਦੀ ਬੇਵਸੀ ਅਤੇ ਲਾਚਾਰੀ ਦਾ ਸ਼ੋਸ਼ਣ ਕੀਤਾ ਜਾਂਦਾ ਸੀ ਅਤੇ ਇਨ੍ਹਾਂ ਅੱਡਿਆਂ ਵਿਚ ਮਰਦਾਂ ਦੇ ਖਚਤ ਹੋਣ ਕਾਰਨ ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਵੀ ਨਿਘਾਰ ਆ ਰਿਹਾ ਸੀ। ਮਰਦਾਂ-ਔਰਤਾਂ ਵਿਚ ਕਈ ਕਿਸਮ ਦੇ ਮਾਰੂ ਰੋਗ ਫੈਲ ਰਹੇ ਸਨ ਅਤੇ ਸਮਾਜਿਕ ਜ਼ਿੰਦਗੀ ਵਿਚ ਕਈ ਕਿਸਮ ਦੇ ਬਿਖੇੜੇ ਖੜ੍ਹੇ ਹੋ ਰਹੇ ਸਨ। ਗੁਰਮਤਿ ਨੇ ਔਰਤ ਦੇ ਇਸ ਸ਼ੋਸ਼ਣ ਨੂੰ ਰੋਕਣ ਲਈ ਅਤੇ ਪਰਵਾਰਿਕ ਜ਼ਿੰਦਗੀ ਨੂੰ ਵਧੀਆ ਬਣਾਉਣ ਹਿੱਤ ਮਰਦ ਅਤੇ ਔਰਤ ਦੋਹਾਂ ਨੂੰ ਉਪਦੇਸ਼ ਕੀਤਾ। ਮਰਦਾਂ ਨੂੰ ਪਰਾਈਆਂ ਔਰਤਾਂ ਵੱਲੋਂ ਰੋਕਣ ਲਈ ਇਕ ਪੱਕੀ ਰਹਿਤ-ਮਰਯਾਦਾ ਕਾਇਮ ਕੀਤੀ ਅਤੇ ਕਿਹਾ:

ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ॥ (ਪੰਨਾ 403)

ਘਰ ਕੀ ਨਾਰਿ ਤਿਆਗੈ ਅੰਧਾ॥
ਪਰ ਨਾਰੀ ਸਿਉ ਘਾਲੈ ਧੰਧਾ॥ (ਪੰਨਾ 1164)

ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ॥
ਸੰਨਿ੍ ਦੇਨਿ੍ ਵਿਖੰਮ ਥਾਇ ਮਿਠਾ ਮਦੁ ਮਾਣੀ॥
ਕਰਮੀ ਆਪੋ ਆਪਣੀ ਆਪੇ ਪਛੁਤਾਣੀ॥
ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ॥ (ਪੰਨਾ 315)

ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ। (ਭਾਈ ਗੁਰਦਾਸ ਜੀ, ਵਾਰ 6;8)

ਧ੍ਰਿਗੁ ਲੋਇਣਿ ਗੁਰ ਦਰਸ ਵਿਣੁ ਵੇਖੈ ਪਰ ਤਰਣੀ। (ਭਾਈ ਗੁਰਦਾਸ ਜੀ, ਵਾਰ 27;10)

ਪਰ ਇਸਤਰੀ ਸਿਉ ਨੇਹੁ ਲਗਾਵਹਿ।
ਗੋਬਿੰਦ ਸਿੰਘ ਵਹੁ ਸਿਖ ਨ ਭਾਵਹਿ। (ਭਾਈ ਨੰਦ ਲਾਲ ਜੀ)

ਪਰ ਨਾਰੀ ਜੂਆ ਅਸਤ ਚੋਰੀ ਮਦਰਾ ਜਾਨ।
ਪਹੁੰਚ ਐਬ ਯੇ ਜਗਤ ਮੇਂ ਤਜੈ ਸੁ ਸਿੰਘ ਸੁਜਾਨ।(ਭਾਈ ਦੇਸਾ ਸਿੰਘ)

ਇਸਤਰੀ ਦਾ ਵੀ ਧਿਆਨ ਗੁਰਬਾਣੀ ਚੰਗੇ ਸ਼ੁੱਧ ਗ੍ਰਿਹਸਤੀ ਜੀਵਨ ਵੱਲ ਖਿੱਚਦੀ ਹੈ। ਗੁਰ-ਫ਼ਰਮਾਨ ਹੈ:

ਬਿਨੁ ਸਤ ਸਤੀ ਹੋਇ ਕੈਸੇ ਨਾਰਿ॥
ਪੰਡਿਤ ਦੇਖਹੁ ਰਿਦੈ ਬੀਚਾਰਿ॥
ਪ੍ਰੀਤਿ ਬਿਨਾ ਕੈਸੇ ਬਧੈ ਸਨੇਹੁ॥
ਬ ਲਗੁ ਰਸੁ ਤਬ ਲਗੁ ਨਹੀ ਨੇਹੁ॥ਰਹਾਉ॥ (ਪੰਨਾ 328)

ਇਸੇ ਤਰ੍ਹਾਂ ਚੰਗੇ ਅਤੇ ਮੰਦੇ ਆਚਰਨ ਵਾਲੀਆਂ ਇਸਤਰੀਆਂ ਦੇ ਅੰਤਰ ਨੂੰ ਸਪੱਸ਼ਟ ਕੀਤਾ ਗਿਆ ਹੈ:

ਕਬੀਰ ਨ੍ਰਿਪ ਨਾਰੀ ਕਿਉ ਨਿੰਦੀਐ ਕਿਉ ਹਰਿ ਚੇਰੀ ਕਉ ਮਾਨੁ॥ (ਪੰਨਾ 1373)

ਇਸ ਸਵਾਲ ਦਾ ਵਿਵੇਕ ਭਰਪੂਰ ਜੁਆਬ ਅਗਲੀ ਤੁਕ ਵਿਚ ਸਪੱਸ਼ਟ ਕੀਤਾ ਗਿਆ ਹੈ:

ਓਹ ਮਾਂਗ ਸਵਾਰੈ ਬਿਖੈ ਕਉ ਓਹ ਸਿਮਰੈ ਹਰਿ ਨਾਮੁ॥ (ਪੰਨਾ 1373)

ਗੁਣਵੰਤੀ ਇਸਤਰੀ ਕੈਸੀ ਹੋਵੈ? ਉਸ ਬਾਰੇ ਵੀ ਗੁਰਬਾਣੀ ਵਿਚ ਇਉਂ ਫ਼ਰਮਾਇਆ ਹੈ:

ਨਿਜ ਭਗਤੀ ਸੀਲਵੰਤੀ ਨਾਰਿ॥
ਰੂਪਿ ਅਨੂਪ ਪੂਰੀ ਆਚਾਰਿ॥ (ਪੰਨਾ 370)

ਇਸ ਤਰ੍ਹਾਂ ਗੁਰਮਤਿ ਜਿੱਥੇ ਮਰਦ ਨੂੰ ਵੇਸਵਾਗਨੀ ਤੋਂ ਵਿਵਰਜਿਤ ਕਰ ਕੇ ਇਸਤਰੀ ਨੂੰ ਸ਼ੋਸ਼ਣ ਤੋਂ ਬਚਾਉਣ ਦਾ ਉਪਰਾਲਾ ਹੈ ਉਥੇ ਔਰਤ ਨੂੰ ਵੀ ਆਪਣੇ ਨਿੱਜਤਵ ਨੂੰ ਪਾਕ-ਪਵਿੱਤਰ ਰੱਖਣ ਅਤੇ ਜਤ-ਸਤ ਉੱਤੇ ਕਾਇਮ ਰਹਿਣ ਲਈ ਪ੍ਰੇਰਿਤ ਕਰਦੀ ਹੈ। ਐਸਾ ਕਰਨ ਨਾਲ ਸਮਾਜ ਵਿਚ ਇਸਤਰੀ ਦਾ ਮਾਣ-ਸਨਮਾਨ ਅਤੇ ਸਤਿਕਾਰ ਵਧਦਾ ਹੈ ਅਤੇ ਉਸ ਦੀ ਸ਼ਖ਼ਸੀਅਤ ਸਦਗੁਣ ਭਰਪੂਰ ਬਣਦੀ ਹੈ। ਗੁਰਬਾਣੀ ਵਿਚ ਔਰਤ-ਮਰਦ ਦੋਹਾਂ ਨੂੰ ਹੀ ਐਸਾ ਖਾਣਾ ਖਾਣ ਅਤੇ ਬਸਤਰ ਪਹਿਨਣ ਲਈ ਉਪਦੇਸ਼ ਕੀਤਾ ਹੈ ਜਿਸ ਨਾਲ ਸਰੀਰ ਨੂੰ ਕਿਸੇ ਕਿਸਮ ਦਾ ਕਸ਼ਟ ਨਾ ਹੋਵੇ ਅਤੇ ਵਿਸ਼ੇ-ਵਿਕਾਰ ਨਾ ਵਧਣ। ਜਿਸ ਖਾਣਾ ਖਾਣ ਅਤੇ ਬਸਤਰ ਪਹਿਨਣ ਨਾਲ ਮਨੁੱਖੀ ਸਰੀਰ ਨੂੰ ਕਸ਼ਟ ਹੁੰਦਾ ਹੋਵੇ ਅਤੇ ਕਾਇਆ ਅੰਦਰ ਵਿਸ਼ੇ-ਵਿਕਾਰ ਭੜਕਦੇ ਹੋਣ। ਉਸ ਖਾਣੇ (ਭੋਜਨ) ਅਤੇ ਪੁਸ਼ਾਕ (ਬਸਤਰ) ਤੋਂ ਵਿਵਰਜਿਤ ਕੀਤਾ ਗਿਆ ਹੈ। ਇਹ ਉੱਤਮ ਜੀਵਨ ਲਈ ਉੱਤਮ ਸਿਧਾਂਤ ਹੈ। ਗੁਰ-ਫ਼ਰਮਾਨ ਹੈ:

ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ਰਹਾਉ॥
ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ॥
ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ॥
ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ॥
ਬਾਬਾ ਹੋਰੁ ਪੈਨਣੁ ਖੁਸੀ ਖੁਆਰੁ॥
ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ਰਹਾਉ॥ (ਪੰਨਾ 16)

ਗੁਰਮਤਿ ਵਿਚ ਔਰਤ ਅਤੇ ਮਰਦ ਦੇ ਵਿਹਾਰ ਨੂੰ ਵਧੀਆ ਬਣਾਉਣ ਹਿੱਤ ਵੀ ਉਪਦੇਸ਼ ਕੀਤਾ ਗਿਆ ਹੈ। ਗੁਰ-ਫ਼ਰਮਾਨ ਹਨ:

ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ॥
ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ॥
ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ॥
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ (ਪੰਨਾ 470)

ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ॥
ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ॥ (ਪੰਨਾ 1384)

ਭਾਈ ਨੰਦ ਲਾਲ ਜੀ ਨੇ ਗੁਰਮਤਿ ਸਿਧਾਂਤ ਸਪੱਸ਼ਟ ਕਰਦਿਆਂ ਲਿਖਿਆ ਹੈ:

ਮਾਇ ਭੈਣ ਜੇ ਆਵੈ ਸੰਗਤਿ।
ਦ੍ਰਿਸਟਿ ਬੁਰੀ ਦੇਖੈ ਤਿਸੁ ਪੰਗਤਿ।
ਸਿਖ ਹੋਇ ਜੋ ਕਰੇ ਕਰੋਧ।
ਕੰਨਿਆ ਮੂਲ ਨ ਦੇਵੈ ਸੋਧ।
ਧੀਅ ਭੈਣ ਕਾ ਪੈਸਾ ਖਾਇ।
ਗੋਬਿੰਦ ਸਿੰਘ ਧੱਕੇ ਯਮ ਖਾਇ।

ਔਰਤ ਨੂੰ ਮੰਦਾ ਸਮਝਣ ਵਾਲੇ ਗ੍ਰਿਹਸਤ ਦੇ ਭਗੌੜਿਆਂ ਨੂੰ ਸਮਝਾਉਂਦਿਆਂ ਗੁਰੂ ਸਾਹਿਬ ਨੇ ਫ਼ਰਮਾਇਆ ਕਿ ਔਰਤ ਤੋਂ ਪਹਿਲਾਂ ਦੂਰ ਭੱਜਦੇ ਹੋ, ਫਿਰ ਕਾਮਵਸ ਹੋ ਕੇ ਪਰਾਈਆਂ ਔਰਤਾਂ ਵੱਲ ਭੱਜਦੇ ਹੋ ਜੋ ਕਿ ਗੈਰ-ਕੁਦਰਤੀ, ਗੈਰ-ਸਮਾਜਿਕ ਅਤੇ ਮੰਦਾ ਹੈ। ਇਸ ਲਈ ਗੁਰਬਾਣੀ ਮਨੁੱਖ ਨੂੰ ਗ੍ਰਿਹਸਤ ਕਰਦਿਆਂ, ਗ੍ਰਿਹ-ਪਰਵਾਰ ਵਿਚ ਵਿਚਰਦਿਆਂ ਦੁਨਿਆਵੀ ਜੀਵਨ ਨੂੰ ਠੀਕ ਢੰਗ ਨਾਲ ਜਿਊਣ ਦੀ ਉੱਤਮ ਜੀਵਨ-ਜੁਗਤਿ ਦੱਸਦੀ ਹੈ। ਗੁਰਬਾਣੀ ਵਿਚ ਫ਼ਰਮਾਇਆ ਹੈ:

ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ॥
ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ॥ (ਪੰਨਾ 1013)

ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ॥
ਸੁਰਤਿ ਸਬਦਿ ਭਵ ਸਾਗੁਰ ਤਰੀਐ ਨਾਨਕ ਨਾਮੁ ਵਖਾਣੇ॥ (ਪੰਨਾ 938)

ਵਿਚੇ ਗ੍ਰਿਹ ਸਦਾ ਰਹੈ ਉਦਾਸੀ ਜਿਉ ਕਮਲੁ ਰਹੈ ਵਿਚਿ ਪਾਣੀ ਹੇ॥ (ਪੰਨਾ 1070)

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥  (ਪੰਨਾ 522)

ਗੁਰਬਾਣੀ ਔਰਤ ਅਤੇ ਮਰਦ ਦੋਹਾਂ ਨੂੰ ਹੀ ਸਤ-ਸੰਤੋਖ ਅਤੇ ਸੰਜਮ ਵਾਲੀ ਜ਼ਿੰਦਗੀ ਜਿਊਣ ਦਾ ਉਪਦੇਸ਼ ਕਰਦੀ ਹੈ। ਗੁਰਮਤਿ ਸਿਧਾਂਤ ਅਨੁਸਾਰ ਔਰਤ ਅਤੇ ਮਰਦ ਦੋਵੇਂ ਇਕ-ਦੂਜੇ ਦੇ ਪੂਰਕ ਹਨ। ਸਮਾਜ ਦੇ ਵਿਕਾਸ, ਤਰੱਕੀ ਅਤੇ ਖੁਸ਼ਹਾਲੀ ਲਈ ਦੋਹਾਂ ਦਾ ਸੰਤੁਲਨ, ਸਤਿਕਾਰ ਅਤੇ ਸਹਿਯੋਗ ਅਤੀ ਜ਼ਰੂਰੀ ਹੈ। ਗੁਰਮਤਿ ਖੁਸ਼ਹਾਲ ਗ੍ਰਿਹਸਤੀ ਜੀਵਨ ਲਈ ਅੰਮ੍ਰਿਤਧਾਰਾ ਹੈ। ਸਾਰਿਆਂ ਦੁੱਖਾਂ ਦੀ ਦਾਰੂ ਅਤੇ ਸੁਖਾਂ ਦੀ ਖਾਨ ਹੈ।

ਇਸ ਤਰ੍ਹਾਂ ਗੁਰਮਤਿ ਨੇ ਸਮਾਜ ਵਿਚ ਨਵੀਂ ਕ੍ਰਾਂਤੀ ਲਿਆਂਦੀ ਅਤੇ ਇਸਤਰੀ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਕੱਟ ਕੇ ਉਸ ਨੂੰ ਅਜ਼ਾਦ ਕਰਵਾਇਆ ਅਤੇ ਸਮਾਜ ਵਿਚ ਮਾਣ-ਸਨਮਾਨ ਅਤੇ ਬਰਾਬਰੀ ਦਾ ਰੁਤਬਾ ਪ੍ਰਾਪਤ ਕਰਵਾਇਆ।

ਪੰਜਾਬੀ ਦੇ ਪ੍ਰਸਿੱਧ ਕਵੀ ਪ੍ਰੋ: ਮੋਹਨ ਸਿੰਘ ਨੇ ‘ਮਾਂ’ ਬਾਰੇ ਲਿਖੀ ਕਵਿਤਾ ‘ਚ ਬਿਆਨ ਕੀਤਾ ਹੈ:

ਮਾਂ ਵਰਗਾ ਘਣਛਾਵਾਂ ਬੂਟਾ, ਮੈਨੂੰ ਨਜ਼ਰ ਨ ਆਏ।
ਲੈ ਕੇ ਜਿਸ ਤੋਂ ਛਾਂ ਉਧਾਰੀ, ਰੱਬ ਨੇ ਸੁਰਗ ਬਣਾਏ।
ਬਾਕੀ ਕੁਲ ਦੁਨੀਆਂ ਦੇ ਬੂਟੇ, ਜੜ੍ਹ ਸੁਕਿਆਂ ਮੁਰਝਾਂਦੇ,
ਐਪਰ ਫੁੱਲਾਂ ਦੇ ਮੁਰਝਾਇਆਂ, ਇਹ ਬੂਟਾ ਸੁੱਕ ਜਾਏ।

ਪੰਥ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੇ ਇਸਤਰੀ ਬਾਰੇ ਇਉਂ ਫ਼ਰਮਾਇਆ ਹੈ:

ਲੋਕ ਵੇਦ ਗੁਣੁ ਗਿਆਨ ਵਿਚਿ ਅਰਧ ਸਰੀਰੀ ਮੋਖ ਦੁਆਰੀ। (ਵਾਰ 5, ਪਉੜੀ 16)

ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਰਦ ਨੂੰ ਨਿਜ ਨਾਰੀ ਤੀਕ ਹੀ ਸੀਮਤ ਰਹਿਣ ਲਈ ਪ੍ਰੇਰਿਆ ਹੈ ਤਾਂ ਜੋ ਸਮਾਜਿਕ ਜੀਵਨ ਉਤਮ ਬਣ ਸਕੇ ਅਤੇ ਇਸਤਰੀ ਦਾ ਸਨਮਾਨ ਅਤੇ ਸਤਿਕਾਰ ਕਾਇਮ ਰਹਿ ਸਕੇ ਅਤੇ ਸਮਾਜ ਲੱਚਰਤਾ ਅਤੇ ਵੇਸਵਾਗਮਨੀ ਦੀ ਘੋਰ ਬੁਰਾਈ ਤੋਂ ਬਚਿਆ ਰਹਿ ਸਕੇ। ਆਪ ਨੇ ਫ਼ਰਮਾਇਆ ਹੈ:

ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ॥ (ਪੰਨਾ 274)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਸ ਬਾਰੇ ਸਪੱਸ਼ਟ ਫ਼ਰਮਾਨ ਕੀਤਾ ਹੈ:

ਨਿਜ ਨਾਰੀ ਕੇ ਸਾਥ ਨੇਹ ਤੁਮ ਨਿੱਤਿ ਬਢੈਯਹੁ।
ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂੰ ਨ ਜੈਯਹੁ। (ਦਸਮ ਗ੍ਰੰਥ)

ਉਕਤ ਚਰਚਾ ਤੋਂ ਸਿੱਧ ਹੁੰਦਾ ਹੈ ਕਿ ਗੁਰਮਤਿ ਵਿਚਾਰਧਾਰਾ ਨੇ ਵਿਉਂਤਬੱਧ ਅਤੇ ਤਰਕਸ਼ੀਲ ਤਰੀਕੇ ਨਾਲ ਜਿੱਥੇ ਸਮਾਜਿਕ ਜੀਵਨ ਨੂੰ ਉਤਮ ਅਤੇ ਪਵਿੱਤਰ ਬਣਾਉਣ ਅਤੇ ਇਸਤਰੀ ਦੀ ਬੰਦ-ਖਲਾਸੀ ਲਈ ਕ੍ਰਾਂਤੀਕਾਰੀ ਕਾਰਜ ਕੀਤਾ, ਜਿਸ ਦਾ ਸਦਕਾ ਸਮਾਜ ਵਿਚ ਮੁਕੰਮਲ ਇਨਕਲਾਬ ਆਇਆ ਅਤੇ ਪੈਰ ਦੀ ਜੁੱਤੀ, ਮਰਦ ਨੂੰ ਨਰਕ ਦਾ ਭਾਗੀ ਬਣਾਉਣ ਵਾਲੀ ਸਮਝੀ ਜਾਣ ਵਾਲੀ ਇਸਤਰੀ ਨੇ ਮਰਦਾਂ ਵਾਂਗ ਸਿਦਕਦਿਲੀ ਨਾਲ ਸ਼ਹੀਦੀ ਪਾਈ, ਮੈਦਾਨ-ਏ-ਜੰਗ ਵਿਚ ਖੰਡਾ ਖੜਕਾਇਆ, ਜ਼ਿੰਦਗੀ ਦੇ ਹਰ ਖੇਤਰ ਵਿਚ ਮਰਦਾਂ ਦੇ ਮੋਢੇ ਨਾਲ ਮੋਢਾ ਲਾ ਕੇ ਵਿਚਰੀ ਅਤੇ ਨਵਾਂ ਇਤਿਹਾਸ ਸਿਰਜਿਆ।

ਉੱਪਰ ਕੀਤੇ ਵਿਸ਼ਲੇਸ਼ਣ ਉਪਰੰਤ ਇਸਤਰੀ ਦੀ ਅਜੋਕੀ ਦਸ਼ਾ ਅਤੇ ਦਿਸ਼ਾ ਬਾਰੇ ਵਿਚਾਰ ਕਰਨੀ ਵੀ ਯੋਗ ਹੋਵੇਗੀ ਤਾਂ ਜੋ ਵਰਤਮਾਨ ਸਮੇਂ ਦੀ ਸਥਿਤੀ ਸਪੱਸ਼ਟ ਹੋ ਸਕੇ।

ਇਸ ਵਿਚ ਤਾਂ ਕੋਈ ਸੰਦੇਹ ਨਹੀਂ ਹੈ ਕਿ ਗਿਆਨ-ਵਿਗਿਆਨ ਅਤੇ ਪਦਾਰਥਵਾਦ ਦੇ ਪਸਾਰ, ਪ੍ਰਚਾਰ ਅਤੇ ਸੰਚਾਰ ਦੇ ਨਵੀਨਤਮ ਸਾਧਨਾਂ, ਲੋਕਰਾਜੀ ਵਿਵਸਥਾ ਵਿਚ ਔਰਤ ਨੂੰ ਵੋਟ ਦਾ ਹੱਕ ਅਤੇ ਚੋਣ ਲੜਨ ਦੀ ਖੁਲ੍ਹ ਆਦਿ ਕਾਰਨਾਂ ਕਰਕੇ ਇਸਤਰੀ ਦੇ ਜੀਵਨ, ਅਚਾਰ, ਵਿਹਾਰ ਅਤੇ ਅਹਾਰ ਵਿਚ ਵੱਡੀ ਤਬਦੀਲੀ ਆਈ ਹੈ। ਕਾਨੂੰਨ ਅਤੇ ਸਮਾਜਿਕ ਵਰਤਾਰੇ ਸਨਮੁੱਖ ਇਸਤਰੀ ਲਈ ਸਾਰੇ ਹੱਕ ਮਰਦ ਵਾਂਗ ਹੀ ਖੁੱਲ੍ਹੇ ਹਨ। ਉਹ ਹਰ ਖੇਤਰ ਵਿਚ ਕੰਮ ਕਰ ਸਕਦੀ ਹੈ। ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕਰ ਸਕਦੀ ਹੈ। ਵੱਡੇ-ਵੱਡੇ ਅਹੁਦਿਆਂ ਉੱਤੇ ਤਾਇਨਾਤ ਹੈ। ਰਾਜਨੀਤਕ, ਸਮਾਜਿਕ, ਵਿਦਿਅਕ, ਆਰਥਿਕ, ਪ੍ਰਬੰਧਕ, ਸੁਰੱਖਿਆ ਬਲਾਂ ਅਤੇ ਧਾਰਮਿਕ ਖੇਤਰ ਵਿਚ ਬਿਨਾਂ ਰੋਕ-ਟੋਕ, ਬੇਝਿਜਕ ਕਾਰਜਸ਼ੀਲ ਹੈ। ਇਹ ਇਸ ਇਸਤਰੀ-ਕ੍ਰਾਂਤੀ ਦਾ ਇਕ ਪਾਸਾ ਹੈ। ਪਰੰਤੂ ਦੂਜੇ ਪਾਸੇ ਵੇਖਦਿਆਂ ਬੜੀ ਪ੍ਰੇਸ਼ਾਨੀ ਅਤੇ ਹੈਰਾਨੀ ਹੁੰਦੀ ਹੈ ਉਸ ਦਾ ਇਸਤਰੀਤਵ ਹੀ ਖ਼ਤਰੇ ਵਿਚ ਪਿਆ ਜਾਪਦਾ ਹੈ। ਅੱਜ ਦੀ ਇਸਤਰੀ ਦਾਜ-ਦਹੇਜ, ਆਚਰਣ-ਗਿਰਾਵਟ, ਮਾਦਾ ਭਰੂਣ ਹੱਤਿਆ, ਬਲਾਤਕਾਰ ਅਤੇ ਲਿੰਗ ਵਿਤਕਰੇ ਵਰਗੀਆਂ ਸਮਾਜਿਕ ਬੁਰਾਈਆਂ ਦੀ ਬੁਰੀ ਤਰ੍ਹਾਂ ਸ਼ਿਕਾਰ ਹੈ। ਮਰਦਾਂ ਦੇ ਮੁਕਾਬਲੇ ਇਸਤਰੀਆਂ ਦੀ ਘਟ ਰਹੀ ਦਰ ਅੱਜ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਸਮਾਜਿਕ ਸੰਤੁਲਨ ਡੋਲ ਰਿਹਾ ਹੈ। ਉਸ ਦੀ ਹੋਂਦ-ਹਸਤੀ ਹੀ ਖ਼ਤਰੇ ਵਿਚ ਹੈ।

ਇਸਤਰੀ ਦੀ ਅਜੋਕੀ ਚਿੰਤਾਜਨਕ ਦਸ਼ਾ ਲਈ ਹੋਰ ਕਾਰਨਾਂ ਦੇ ਨਾਲ ਉਨ੍ਹਾਂ ਦਾ ਆਪਣਾ ਅਣਇੱਛਤ ਵਿਹਾਰ ਵੀ ਘੱਟ ਨਹੀਂ ਹੈ। ਅਜੋਕੀ ਨੌਜੁਆਨ ਇਸਤਰੀ ਨਸ਼ੇ, ਨੰਗੇਜਵਾਦ, ਅਸ਼ਲੀਲਤਾ ਅਤੇ ਅੰਗ-ਪ੍ਰਦਰਸ਼ਨ, ਲੱਚਰਤਾ, ਈਰਖਾ, ਇਸਤਰੀ ਵੱਲੋਂ ਹੀ ਇਸਤਰੀ ਖਾਸ ਕਰਕੇ ਨਵ-ਜਨਮੀਆਂ ਬੱਚੀਆਂ ਦਾ ਤ੍ਰਿਸਕਾਰ ਆਦਿ ਕਾਰਨਾਂ ਕਰਕੇ ਉਨ੍ਹਾਂ ਦਾ ਇਸਤਰੀਤੱਵ ਦਾਅ ਉੱਤੇ ਲੱਗ ਗਿਆ ਹੈ। ਉਹ ਆਪਣੇ ‘ਬਤੀਹ ਸੁਲਖਣੀ’ ਵਾਲੇ ਅਮੀਰ ਵਿਰਸੇ, ਸ਼ਾਨਦਾਰ ਸਭਿਆਚਾਰ, ਵਿਲੱਖਣ ਸੁਸ਼ੀਲਤਾ ਅਤੇ ਸ਼ਰਮੀਲੇਪਣ ਤੋਂ ਕਾਫੀ ਹੱਦ ਤਕ ਟੁੱਟ ਚੁਕੀ ਹੈ। ਅਜਿਹਾ ਉਸ ਅੰਦਰ ਆਏ ਬੇਲੋੜੇ ਖੁੱਲ੍ਹੇਪਣ ਅਤੇ ਅਖੌਤੀ ਆਧੁਨਿਕਤਾ ਦਾ ਨਤੀਜਾ ਹੈ। ਅੰਗਰੇਜ਼ੀ ਵਿਚ ਅਖਾਣ ਹੈ, “Excess of everything is bad.” ਭਾਵ ਹਰ ਸ਼ੈਅ ਦੀ ਬਹੁਤਾਤ ਮਾੜੀ ਹੁੰਦੀ ਹੈ। ਇਹੋ ਗੱਲ ‘ਖੁੱਲ੍ਹੇਪਣ’ ਉੱਤੇ ਢੁੱਕਦੀ ਹੈ।

ਇਸਤਰੀ ਭਾਵੇਂ ਮਰਦਾਂ ਬਰਾਬਰ ਸਾਰੇ ਹੱਕਾਂ ਲਈ ਲੋਚਦੀ ਹੈ, ਪਰੰਤੂ ਕਾਨੂੰਨੇ- ਕੁਦਰਤ ਅਨੁਸਾਰ ਉਸ ਨੂੰ ਜੋ ਸਰੀਰਕ ਵਿਭਿੰਨਤਾ, ਸਰੀਰਕ ਕਾਰਜਕਤਾ, ਰਿਸ਼ਤਿਆਂ ਦੀ ਵਿਭਿੰਨਤਾ, ਸੁਭਾਅ, ਇਛਾਵਾਂ ਆਦਿ ਦਾ ਜੋ ਅੰਤਰ ਹੈ, ਉਸ ਅਸਲੀਅਤ ਦਾ ਅਹਿਸਾਸ ਹਰ ਸਮੇਂ ਕਰਨਾ ਹੀ ਹੋਵੇਗਾ। ਕੁਝ ਕਾਰਜ ਅਜਿਹੇ ਹਨ ਜੋ ਮਰਦ ਹੀ ਕਰ ਸਕਦਾ ਹੈ। ਕੁਝ ਕਾਰਜ ਅਜਿਹੇ ਹਨ ਜੋ ਇਸਤਰੀ ਹੀ ਕਰ ਸਕਦੀ ਹੈ। ਇਸ ਪ੍ਰਕਿਰਤਕ ਵਿਭਿੰਨਤਾ ਦਾ ਅਹਿਸਾਸ ਹੀ ਇਸਤਰੀ ਦੇ ਅਜੋਕੇ ਸੰਕਟ ਨੂੰ ਘੱਟ ਕਰ ਸਕਦਾ ਹੈ। ਇਸ ਵਿਚ ਬਿਲਕੁਲ ਸੰਦੇਹ ਨਹੀਂ ਹੈ ਕਿ ਇਸਤਰੀ ਨੂੰ ਜੀਵਨ ਵਿਚ ਬਹੁਤ ਸਾਰੇ ਖੇਤਰਾਂ ਵਿਚ ਮਰਦਾਂ ਦੇ ਬਰਾਬਰ ਹੱਕ, ਮਾਣ ਅਤੇ ਸਨਮਾਨ ਮਿਲਣਾ ਚਾਹੀਦਾ ਹੈ। ਇਸਤਰੀ ਨੂੰ ਵਰਤਮਾਨ ਸਮੇਂ ਦੀਆਂ ਚੁਣੌਤੀਆਂ ਦੇ ਸਨਮੁਖ ਆਪਣੇ ਆਪ ਨੂੰ ਭਵਿੱਖਮੁਖੀ ਬਣਾਉਣਾ ਹੋਵੇਗਾ। ਇਸੇ ਵਿਚ ਇਸਤਰੀ ਅਤੇ ਸਮੁੱਚੇ ਸਮਾਜ ਦਾ ਭਲਾ ਹੈ। ਅਜਿਹਾ ਕਰ ਸਕਣ ਦੀ ਸੂਝ, ਗਿਆਨ ਅਤੇ ਸਮਰੱਥਾ ਇਸਤਰੀ ਨੂੰ ਗੁਰਮਤਿ ਵਿਚਾਰਧਾਰਾ ਅਤੇ ਗੁਰ-ਇਤਿਹਾਸ ਅਤੇ ਸਮੁੱਚੇ ਸਿੱਖ ਇਤਿਹਾਸ ਵਿੱਚੋਂ ਨਿਸ਼ਚੇ ਹੀ ਪ੍ਰਾਪਤ ਹੋ ਸਕਦੀ ਹੈ। ਗੁਰਮਤਿ ਇਸਤਰੀ ਦੀ ਮੁਕੰਮਲ ਬੰਦ-ਖਲਾਸੀ, ਸੁਤੰਤਰ ਅਤੇ ਸਨਮਾਨਯੋਗ ਜੀਵਨ ਪ੍ਰਦਾਨ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)