ਮੈਂ ਢਾਬ ਹਾਂ!
ਖਿਦਰਾਣੇ ਦੀ ਢਾਬ!!
ਅੱਜ ਦਾ ਜੁਗ ਮਸ਼ੀਨੀ ਜੁਗ ਹੈ। ਮਨੁੱਖ ਵੀ ਮਸ਼ੀਨਾਂ ਨਾਲ ਰਹਿੰਦਾ ਮਸ਼ੀਨ ਹੋ ਗਿਆ ਹੈ। ਕਿਸੇ ਕੋਲ ਕੋਈ ਸਮਾਂ ਨਹੀਂ ਹੈ ਕਿ ਉਹ ਆਪਣੇ ਕਿਸੇ ਭੈਣ, ਭਰਾ ਜਾਂ ਮਿੱਤਰ-ਦੋਸਤ ਨਾਲ ਦੋ ਘੜੀਆਂ ਬੈਠ ਕੇ ਕੋਈ ਦਿਲ ਦੀ ਗੱਲ ਸਾਂਝੀ ਕਰ ਸਕੇ। ਸਿਰਫ਼ ਮਤਲਬ ਸਮੇਂ ਹੀ ਇਕ ਦੂਜੇ ਨੂੰ ਬੁਲਾਉਣ ਦੀ ਗੱਲ ਠੀਕ ਸਮਝੀ ਜਾਂਦੀ ਹੈ। ਬੱਚੇ ਟੈਲੀਵੀਜ਼ਨ ਦੇ ਦੁਆਲੇ ਅਤੇ ਵੱਡੇ ਆਪਣੇ ਕੰਮ-ਧੰਦਿਆਂ ਵਿਚ ਮਸਤ ਰਹਿੰਦੇ ਹਨ। ਪੁਰਾਣੇ ਸਮਿਆਂ ਵਿਚ ਸਾਂਝੇ ਪਰਵਾਰਾਂ ਸਮੇਂ ਸੌਣ ਤੋਂ ਪਹਿਲਾਂ ਦਾਦੀਆਂ ਆਪਣੇ ਪੋਤੇ-ਪੋਤੀਆਂ ਨੂੰ, ਨਾਨੀਆਂ ਆਪਣੇ ਦੋਹਤੇ-ਦੋਹਤੀਆਂ ਨੂੰ ਆਪਣੇ ਪਾਸ ਬੁਲਾ ਕੇ ਦੁਆਲੇ ਇਕੱਠੇ ਕਰ ਲੈਂਦੀਆਂ ਸਨ, ਉਨ੍ਹਾਂ ਨੂੰ ਸੂਰਮਿਆਂ ਦੀਆਂ ਕਹਾਣੀਆਂ ਸੁਣਾਉਂਦੀਆਂ, ਇਸ ਤਰ੍ਹਾਂ ਬਚਪਨ ਵਿਚ ਹੀ ਬੱਚਿਆਂ ਨੂੰ ਗੌਰਵਮਈ ਇਤਿਹਾਸ ਯਾਦ ਹੋ ਜਾਂਦਾ ਸੀ। ਅੱਜ ਦੇ ਜੁਗ ਵਿਚ ਕਿਸੇ ਬਜ਼ੁਰਗ ਮਾਈ ਕੋਲ ਏਨਾ ਸਮਾਂ ਹੀ ਕਿਥੇ? ਸੋ ਅੱਜ ਮੈਂ ਆਪਣੀ ਕਹਾਣੀ ਆਪ ਹੀ ਸੁਣਾਉਣ ਲੱਗੀ ਹਾਂ-
ਮੈਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ-ਛੋਹ ਪ੍ਰਾਪਤ ਕਰ ਕੇ ਸਦਾ ਲਈ ਅਮਰ ਹੋ ਚੁਕੀ ਹਾਂ ਅਤੇ ਖਿਦਰਾਣੇ ਦੀ ਢਾਬ ਤੋਂ ਮੁਕਤਸਰ ਦਾ ਖ਼ਿਤਾਬ ਪ੍ਰਾਪਤ ਕਰ ਚੁਕੀ ਹਾਂ। ਇਹੋ ਕਾਰਨ ਹੈ ਕਿ ਮੈਂ ਪਹਿਲਾਂ ਫਿਰੋਜ਼ਪੁਰ ਜ਼ਿਲ੍ਹੇ ਵਿਚ ਪ੍ਰਸਿੱਧ ਰਹੀ ਤੇ ਬਾਅਦ ਵਿਚ ਫਰੀਦਕੋਟ ਜ਼ਿਲ੍ਹੇ ਦੇ ਪ੍ਰਮੁੱਖ ਸਥਾਨਾਂ ਵਿਚ ਗਿਣੀ ਜਾਣ ਲੱਗ ਪਈ। ਹੁਣ ਮੇਰੀ ਪ੍ਰਸਿੱਧੀ ਕਰਕੇ ਮੈਨੂੰ ਖੁਦ ਨੂੰ ਹੀ ਜ਼ਿਲ੍ਹੇ ਦਾ ਦਰਜਾ ਦੇ ਦਿੱਤਾ ਗਿਆ ਹੈ। ਇਹ ਸਭ ਕਲਗੀਧਰ ਦਸਮੇਸ਼ ਪਿਤਾ ਜੀ ਦੀ ਚਰਨ-ਛੋਹ ਦਾ ਹੀ ਫਲ ਹੈ।
ਅੱਜ ਮੈਂ ਤੁਹਾਨੂੰ ਉਨ੍ਹਾਂ ਦਿਨਾਂ ਦੀ ਗੱਲ ਦੱਸਦੀ ਹਾਂ, ਜਦੋਂ ਕਲਗੀਧਰ ਦਸਮੇਸ਼ ਪਿਤਾ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ। ਇਹ ਦਸੰਬਰ 1704 ਈ. ਦੀ ਗੱਲ ਹੈ। ਦੁਸ਼ਮਣ ਫੌਜਾਂ ਦੀਆਂ ਝੂਠੀਆਂ ਸਹੁੰਆਂ ਪਾਜ ਉਧੇੜਨ ਲਈ ਅਤੇ ਸਿੱਖਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਗੁਰੂ ਸਾਹਿਬ ਨੇ ਆਨੰਦਪੁਰ ਦਾ ਕਿਲ੍ਹਾ ਛੱਡ ਦਿੱਤਾ।
ਪਰ ਬੇਈਮਾਨਾਂ ਨੇ ਗਊ ਅਤੇ ਕੁਰਾਨ ਦੀਆਂ ਖਾਧੀਆਂ ਆਪਣੀਆਂ ਸਾਰੀਆਂ ਕਸਮਾਂ ਛਿੱਕੇ ਟੰਗ ਕੇ ਗੁਰੂਦੇਵ ਦੀ ਵਹੀਰ ਉੱਪਰ ਹੱਲਾ ਬੋਲ ਦਿੱਤਾ। ਪਿੱਛਾ ਕਰੀ ਆਉਂਦੀ ਵੱਡੀ ਗਿਣਤੀ ‘ਚ ਮੁਗ਼ਲ ਫੌਜ ਦਾ ਦਬਾਅ ਵਧ ਜਾਣ ਦੇ ਕਾਰਨ ਸਾਹਮਣੇ ਸ਼ੂਕਦੀ ਬਰਫੋਂ ਠੰਡੀ ਪਹਾੜੀ ਨਦੀ ਸਰਸਾ ਨੂੰ ਪਾਰ ਕਰਨ ਦਾ ਯਤਨ ਕੀਤਾ। ਸਰਸਾ ਵੀ ਜਿਵੇਂ ਉਸ ਸਮੇਂ ਗੁਰੂਦੇਵ ਜੀ ਦੀ ਦੁਸ਼ਮਣ ਬਣ ਕੇ ਨਿੱਤਰੀ ਹੋਵੇ। ਉਸ ਦਾ ਠੰਡਾ ਯਖ ਪਾਣੀ, ਫਿਰ ਅੰਤਾਂ ਦਾ ਹੜ੍ਹ। ਪਾਤਸ਼ਾਹ ਨੇ ਵੈਰੀ ਦਲ ਨੂੰ ਠੱਲ੍ਹ ਪਾਉਣ ਲਈ ਆਪਣੇ ਨਾਲ ਛੋਟੀ ਜਿਹੀ ਘੋੜਸਵਾਰਾਂ ਦੀ ਟੁਕੜੀ ਲੈ ਕੇ ਜ਼ੁਲਮ ਦੇ ਠੇਕੇਦਾਰਾਂ ਨਾਲ ਘਮਸਾਨ ਦਾ ਯੁੱਧ ਕੀਤਾ। ਪਰ ਅੱਗੇ ਵਧਦੇ ਹੀ ਸਾਰੀ ਵਹੀਰ ਅਤੇ ਗੁਰੂ ਪਾਤਸ਼ਾਹ ਦਾ ਪਰਵਾਰ ਖਿੰਡ-ਪੁੰਡ ਕੇ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ। ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਅਤੇ ਗੁਰੂ-ਘਰ ਦਾ ਰਸੋਈਆ ਗੰਗੂ ਵਿੱਛੜ ਕੇ ਰੋਪੜ ਵੱਲ ਨੂੰ ਚੱਲ ਪਏ, ਜਿੱਥੇ ਉਹ ਪੈਸੇ ਦੇ ਲਾਲਚ ਵਿਚ ਗੰਗੂ ਦੇ ਗ਼ਦਾਰੀ ਕਰ ਜਾਣ ਕਾਰਨ ਸਰਹਿੰਦ ਦੇ ਸੂਬੇ ਵਜ਼ੀਰ ਖਾਂ ਦੇ ਹੱਥ ਆ ਗਏ, ਜਿਸ ਨੇ ਉਨ੍ਹਾਂ ਨੂੰ 27 ਦਸੰਬਰ ਵਾਲੇ ਦਿਨ ਨੀਹਾਂ ‘ਚ ਚਿਣਵਾ ਕੇ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ। ਇਹ ਅਮਰ ਸ਼ਹੀਦ ਗੁਰੂ ਕੇ ਲਾਲ, ਨੀਹਾਂ ਵਿਚ ਕੀ ਖੜ੍ਹੇ ਕਿ ਮੁਗ਼ਲ ਰਾਜ ਦੀਆਂ ਨੀਹਾਂ ਹੀ ਹਿਲਾ ਕੇ ਰੱਖ ਦਿੱਤੀਆਂ। ਕੁਝ ਸੂਰਬੀਰ ਸਿੰਘ ਸਰਸਾ ਨਦੀ ਦੇ ਠੰਡੇ ਖੂਨੀ ਪਾਣੀ ਦੀ ਭੇਟ ਚੜ੍ਹ ਗਏ, ਕੁਝ ਆਪਣੀ ਵੀਰਤਾ ਦੇ ਜ਼ੌਹਰ ਦਿਖਾਉਂਦੇ ਹੋਏ ਜੰਗ ਵਿਚ ਸ਼ਹੀਦੀ ਪ੍ਰਾਪਤ ਕਰ ਕੇ ਸਦਾ ਲਈ ਅਮਰ ਹੋ ਗਏ। ਪਾਉਂਟਾ ਸਾਹਿਬ ਵਿਖੇ ਰਚਿਆ ਗਿਆ ਅਮੁੱਲਾ ਸਾਹਿਤ, ਜਿਸ ਵਿਚ ਗੁਰੂ ਸਾਹਿਬ ਦੀ ਬਾਣੀ ਅਤੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਵੀ ਸਨ, ਸਭ ਨਦੀ ਦੀ ਭੇਂਟ ਹੋ ਗਈਆਂ। ਗੁਰੂ ਜੀ ਥੋੜ੍ਹੇ ਜਿਹੇ ਸੂਰਬੀਰ ਸਿੰਘਾਂ ਅਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨਾਲ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਦੇ ਮੋਰਚਿਆਂ ਵਿਚ ਆਣ ਡਟੇ। 22 ਦਸੰਬਰ ਨੂੰ ਘਮਸਾਨ ਦੇ ਯੁੱਧ ਵਿਚ ਦੋਵੇਂ ਵੱਡੇ ਸਾਹਿਬਜ਼ਾਦਿਆਂ ਨੇ ਬੇਮਿਸਾਲ ਬਹਾਦਰੀ ਤੇ ਅਦੁੱਤੀ ਹੌਂਸਲੇ ਸੰਗ ਜੂਝਦਿਆਂ ਸ਼ਹੀਦੀ ਜਾਮ ਪੀਤੇ। ਚਮਕੌਰ ਦੀ ਕੱਚੀ ਗੜ੍ਹੀ ਵਿਚ ਗੁਰੂ ਦਸਮੇਸ਼ ਪਿਤਾ ਨੂੰ ਪੰਜ ਪਿਆਰਿਆਂ ਨੇ ਗੁਰੂ-ਰੂਪ ਹੋ ਕੇ ਉਥੋਂ ਅੱਗੇ ਚਲੇ ਜਾਣ ਦਾ ਹੁਕਮ ਦੇ ਦਿੱਤਾ। ਉਨ੍ਹਾਂ ਦਾ ਹੁਕਮ ਸਿਰ-ਮੱਥੇ ਮੰਨ ਕੇ ਗੁਰੂ ਸਾਹਿਬ ਦੁਸ਼ਮਣ ਨੂੰ ਲਲਕਾਰ ਕੇ ਉਥੋਂ ਨਿਕਲ ਗਏ। ਉਹ ਮਾਛੀਵਾੜਾ, ਆਲਮਗੀਰ, ਰਾਏਕੋਟ, ਲੰਮੇਜੱਟਪੁਰਾ, ਤਖਤੂਪੁਰਾ, ਦੀਨਾ ਕਾਂਗੜ, ਜੈਤੋ ਤੇ ਕੋਟਕਪੂਰਾ ਹੁੰਦੇ ਹੋਏ ਮੇਰੀ ਇਸ ਧਰਤੀ ‘ਤੇ ਪਹੁੰਚ ਕੇ ਮੇਰੇ ਤਪਦੇ ਸੀਨੇ ਨੂੰ ਠਾਰ ਕੇ ਪਵਿੱਤਰ ਕਰ ਦਿੱਤਾ। ਜ਼ੁਲਮ ਦਾ ਟਾਕਰਾ ਕਰਦੇ ਹੋਏ ਸਰਬੰਸਦਾਨੀ, ਮਹਾਂਬਲੀ ਯੋਧੇ ਦੇ ਚਰਨਾਂ ਦੀ ਛੋਹ ਪ੍ਰਾਪਤ ਕਰ ਕੇ ਮੈਂ ਕੱਖਾਂ ਤੋਂ ਲੱਖਾਂ ਦੀ ਹੋ ਗਈ। ਨੀਲੇ ਘੋੜੇ ਦੇ ਸਵਾਰ ਦੇ ਸੀਸ ਉੱਪਰ ਸੁਹਣੀ ਦਸਤਾਰ, ਹੱਥ ਵਿਚ ਜ਼ੁਲਮਾਂ ਦਾ ਨਾਸ਼ ਕਰਨ ਵਾਲੀ ਸ਼ਮਸ਼ੀਰ, ਮੱਥੇ ਉੱਪਰ ਡਲ੍ਹਕਾਂ ਮਾਰਦੀ ਕਲਗੀ, ਚਿਹਰੇ ‘ਤੇ ਡੁੱਲ੍ਹ-ਡੁੱਲ੍ਹ ਪੈਂਦਾ ਰੱਬੀ ਨੂਰ ਤੱਕ ਕੇ ਮੈਂ ਧੰਨ ਹੋ ਗਈ ਸਾਂ।
ਉਧਰ ਛੋਟੇ-ਛੋਟੇ ਮਾਸੂਮ ਬੱਚਿਆਂ ਨੂੰ ਨੀਹਾਂ ‘ਚ ਚਿਣ ਕੇ ਸਰਹਿੰਦ ਦੇ ਸੂਬੇ ਵਜੀਰ ਖਾਂ ਦੀ ਰਾਤਾਂ ਦੀ ਨੀਂਦ ਖੰਭ ਲਾ ਕੇ ਉੱਡ ਗਈ ਸੀ। ਉਸ ਨੂੰ ਆਪਣਾ ਕੀਤਾ ਘਿਨਾਉਣਾ ਪਾਪ ਸੁਪਨਿਆਂ ਵਿਚ ਆਣ ਕੇ ਡਰਾਉਂਦਾ। ਉਸ ਨੂੰ ਹਰ ਸਮੇਂ ਇਹੋ ਤੌਖ਼ਲਾ ਰਹਿੰਦਾ ਕਿ ਜ਼ੁਲਮ ਦੀ ਜੜ੍ਹ ਪੁੱਟਣ ਵਾਲੇ ਗੁਰੂ ਗੋਬਿੰਦ ਸਿੰਘ ਹੁਣੇ ਆਏ ਕਿ ਆਏ ਅਤੇ ਆਉਂਦੇ ਸਾਰ ਹੀ ਉਸ ਦੀ ਧੌਣ, ਧੜ ਤੋਂ ਅਲੱਗ ਕਰ ਮਾਰਨਗੇ। ਉਸ ਨੂੰ ਆਪਣਾ ਕੀਤਾ ਪਾਪ ਅੰਦਰੋਂ ਅੰਦਰ ਮਾਰ ਰਿਹਾ ਸੀ ਅਤੇ ਗੁਰੂ ਜੀ ਦੇ ਬਚ ਕੇ ਨਿਕਲ ਜਾਣ ‘ਤੇ ਵਜ਼ੀਰ ਖਾਂ ਬਹੁਤ ਪਰੇਸ਼ਾਨ ਸੀ। ਉਹ ਕਿਸੇ ਵੀ ਕੀਮਤ ‘ਤੇ ਗੁਰੂ ਜੀ ਨੂੰ ਜੀਂਦੇ-ਜੀਅ ਫੜ ਕੇ ਜਾਂ ਫਿਰ ਉਨ੍ਹਾਂ ਦਾ ਸੀਸ ਵੱਢ ਕੇ ਲੈ ਆਉਣਾ ਚਾਹੁੰਦਾ ਸੀ। ਇਸ ਕੰਮ ਲਈ ਉਸ ਨੇ ਆਪਣੀ ਤਜਰਬੇਕਾਰ ਫੌਜ ਵਿੱਚੋਂ ਚੋਣਵੀਂ ਫੌਜ ਚੁਣ ਲਈ ਅਤੇ ਉਨ੍ਹਾਂ ਨੂੰ ਚੰਗੇ ਹਥਿਆਰਾਂ ਨਾਲ ਲੈਸ ਕਰ ਕੇ ਆਪਣੇ ਨਾਲ ਲੈ ਕੇ ਗੁਰੂ ਜੀ ਦੀ ਭਾਲ ਵਿਚ ਨਿਕਲ ਤੁਰਿਆ। ਉਹ ਕਿਸੇ ਵੀ ਕੀਮਤ ‘ਤੇ ਦੀਨ-ਦੁਨੀਆਂ ਦੀ ਰਾਖੀ ਕਰਨ ਵਾਲੇ ਮਹਾਂਬਲੀ ਨੂੰ ਖ਼ਤਮ ਕਰ ਦੇਣਾ ਚਾਹੁੰਦਾ ਸੀ।
ਗੁਰੂ ਸਾਹਿਬ ਨੂੰ ਪਾਪੀ ਵਜ਼ੀਰ ਖਾਂ ਦੇ ਫੌਜ ਲੈ ਕੇ ਆਉਣ ਦੀ ਸੂਚਨਾ ਮਿਲ ਗਈ ਸੀ ਅਤੇ ਦੂਰ-ਦੂਰ ਬੈਠੇ ਸਿੰਘ ਸੂਰਮਿਆਂ ਨੂੰ ਵੀ ਗੁਰੂ ਸਾਹਿਬ ਦਾ ਮੇਰੇ ਨਿਮਾਣੀ (ਧਰਤੀ) ਕੋਲ ਹੋਣ ਦਾ ਪਤਾ ਲੱਗ ਗਿਆ ਸੀ, ਜਿਸ ਕਾਰਨ ਉਹ ਇਸ ਔਖੀ ਘੜੀ ਵਿਚ ਗੁਰੂ ਸਾਹਿਬ ਪਾਸ ਆ ਕੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਗੁਰੂ ਸਾਹਿਬ ਨੇ ਉਸ ਸਮੇਂ ਸਾਰੇ ਪਾਸੇ ਨਿਗ੍ਹਾ ਮਾਰੀ ਅਤੇ ਜੰਗ ਲਈ ਮੇਰੇ ਇਸ ਸਥਾਨ ਨੂੰ ਹਰ ਪੱਖੋਂ ਬਿਹਤਰ ਸਮਝ ਕੇ ਇਥੇ ਆਣ ਡੇਰੇ ਲਾਏ ਅਤੇ ਮੈਂ ਵੀ ਜ਼ੁਲਮ ਦਾ ਖ਼ਾਤਮਾ ਕਰਨ ਲਈ ਬਹਾਦਰ ਸੂਰਮਿਆਂ ਦੇ ਨਾਲ ਸਾਂ ਅਤੇ ਪਾਪੀ ਤੇ ਨਿਰਦਈ ਸੈਨਾ ਦਾ ਮੁਕਾਬਲਾ ਕਰਨ ਲਈ ਹਰ ਪੱਖੋਂ ਤਿਆਰ ਬੈਠੀ ਸਾਂ। ਗੁਰੂ ਸਾਹਿਬ ਜਾਣਦੇ ਸਨ ਕਿ ਜਿੱਤ ਉਸੇ ਦੀ ਹੁੰਦੀ ਹੈ, ਜਿਸ ਦਾ ਮੋਰਚਾ ਚੰਗੇ ਟਿਕਾਣੇ ‘ਤੇ ਹੁੰਦਾ ਹੈ। ਉਨ੍ਹਾਂ ਦਿਨਾਂ ਵਿਚ ਮੇਰੇ ਤੋਂ ਜਾਣੀ, ਖਿਦਰਾਣੇ ਦੀ ਢਾਬ ਤੋਂ ਸਾਰਾ ਮਾਲਵਾ ਖੇਤਰ ਜਾਣੂ ਸੀ। ਮੇਰੇ ਚਾਰ-ਚੁਫੇਰੇ ਕੰਡਿਆਲੀਆਂ ਝਾੜੀਆਂ ਸਨ, ਜੋ ਸੂਰਬੀਰ ਸਿੰਘਾਂ ਨੂੰ ਆਪਣੀ ਗੋਦੀ ਵਿਚ ਲੁਕਾ ਕੇ ਉਨ੍ਹਾਂ ਦੀ ਪਹਿਰੇਦਾਰੀ ਕਰ ਰਹੀਆਂ ਸਨ। ਮੇਰੀਆਂ ਝਾੜੀਆਂ ਦੀਆਂ ਤਿੱਖੀਆਂ ਸੂਲਾਂ ਦੁਸ਼ਮਣ ਲਈ ਤਿੱਖੇ ਤੀਰ ਬਣ ਗਈਆਂ ਸਨ। ਮੇਰੇ ਟਿੱਬਿਆਂ ਦਾ ਗਰਮ ਰੇਤਾ ਦੁਸ਼ਮਣ ਦੀਆਂ ਅੱਖਾਂ ਵਿਚ ਬਰੂਦ ਵਾਂਗ ਵੱਜ ਕੇ ਉਨ੍ਹਾਂ ਨੂੰ ਅੰਨ੍ਹੇ ਕਰ ਰਿਹਾ ਸੀ। ਮੇਰੇ ਨੇੜੇ ਹੀ ਸੀ ਰੇਤ ਦਾ ਇਕ ਉੱਚਾ ਟਿੱਬਾ, ਜਿੱਥੋਂ ਦੂਰ-ਦੂਰ ਤਕ ਨਿਗ੍ਹਾ ਰੱਖੀ ਜਾ ਸਕਦੀ ਸੀ। ਉਨ੍ਹਾਂ ਦਿਨਾਂ ਵਿਚ ਇਲਾਕੇ ਵਿਚ ਪਾਣੀ ਦੀ ਭਾਰੀ ਕਿੱਲਤ ਸੀ। ਬਾਰ੍ਹਾਂ-ਬਾਰ੍ਹਾਂ ਕੋਹ ਤਕ ਮੇਰੇ ਸੀਤਲ ਜਲ ਤੋਂ ਬਿਨਾਂ ਪਾਣੀ ਦੀ ਬੂੰਦ ਦਾ ਕੋਈ ਸ੍ਰੋਤ ਨਹੀਂ ਸੀ। ਮੈਂ ਲੱਖ-ਲੱਖ ਸ਼ੁਕਰ ਮਨਾਉਂਦੀ ਹਾਂ ਕਿ ਮੇਰੇ ਪਾਣੀ ਦੇ ਮੂਲ ਸੋਮੇ ਦਾ ਲਾਹਾ ਗੁਰੂ ਜੀ ਤੇ ਉਨ੍ਹਾਂ ਦੀ ਖਾਲਸਾ ਫੌਜ ਨੇ ਲਿਆ। ਸ਼ੁਕਰ ਮਨਾਉਂਦੀ ਹਾਂ ਕਿ ਇਹ ਸੋਮਾ ਗੁਰੂ ਪਾਤਸ਼ਾਹ ਤੇ ਉਨ੍ਹਾਂ ਦੀਆਂ ਫੌਜਾਂ ਦੀ ਫਤਹਿ ‘ਚ ਸਹਾਈ ਹੋਇਆ। ਮੈਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲੀ ਸਮਝਦੀ ਹਾਂ ਕਿ ਇਸ ਜੰਗ ਵਿਚ ਮੈਂ ਪਾਪੀਆਂ ਨੂੰ ਖ਼ਤਮ ਕਰਨ ਲਈ ਸੱਚ ਦੇ ਹਾਮੀ ਕਲਗੀਧਰ ਦਸਮੇਸ਼ ਪਿਤਾ ਜੀ ਦਾ ਸਾਥ ਦੇ ਰਹੀ ਸੀ। ਅੱਜ ਮੈਂ ਛੋਟੇ-ਛੋਟੇ ਬੱਚਿਆਂ ਨੂੰ ਨੀਹਾਂ ਵਿਚ ਚਿਣਨ ਵਾਲੇ ਪਾਪੀ ਤੋਂ ਗਿਣ-ਗਿਣ ਕੇ ਬਦਲੇ ਲੈਣੇ ਸਨ। ਉਹ ਪਾਪੀ ਅੱਜ ਇਥੋਂ ਬਚ ਕੇ ਨਹੀਂ ਸਨ ਜਾ ਸਕਦੇ, ਜੋ ਕਲਗੀਧਰ ਦਸਮੇਸ਼ ਪਿਤਾ ਨੂੰ ਖ਼ਤਮ ਕਰਨ ਦੀ ਮਨਸ਼ਾ ਮਨ ਵਿਚ ਧਾਰ ਕੇ ਆਏ ਸਨ। ਮੈਂ ਧੰਨ ਸੀ ਕਿਉਂਕਿ ਮੈਂ ਗੁਰੂ ਜੀ ਦੇ ਅਧਿਕਾਰ ਹੇਠ ਸਾਂ। ਜੇਕਰ ਮੈਂ ਵੈਰੀ ਜ਼ਾਲਮਾਂ ਦੇ ਕਬਜ਼ੇ ਹੇਠ ਆ ਜਾਂਦੀ ਤਾਂ ਅੱਜ ਤਕ ਮੇਰੇ ਮੂੰਹ ਤੋਂ ਉਸ ਕਲੰਕ ਦੀ ਕਾਲਖ ਨਹੀਂ ਸੀ ਲਹਿਣੀ! ਕਿਸੇ ਨੇ ਮੈਨੂੰ ਕਲਮੂੰਹੀ ਕਹਿਣਾ ਸੀ, ਕਿਸੇ ਨੇ ਪਾਪਣ! ਇਹੋ ਜਿਹੇ ਜ਼ਾਲਮਾਂ ਦਾ ਸਾਥ ਦੇ ਕੇ ਤਾਂ ਮੈਨੂੰ ਧਰਤੀ ਨੇ ਵੀ ਗਰਕ ਹੋਣ ਲਈ ਥਾਂ ਨਹੀਂ ਸੀ ਦੇਣੀ।
ਗੁਰੂ ਸਾਹਿਬ ਨੇ ਅਤੇ ਸੂਰਮੇ ਸਿੰਘਾਂ ਨੇ ਇਥੇ ਆ ਕੇ ਮੇਰੇ ਰੇਤਲੇ ਅਤੇ ਕੰਡਿਆਲੇ ਥਾਂ ‘ਤੇ ਅਲੌਕਿਕ ਨਜ਼ਾਰਾ ਪੇਸ਼ ਕਰ ਦਿੱਤਾ ਸੀ। ਮੈਂ ਦੁਨੀਆਂ ਦੀ ਸਭ ਤੋਂ ਅਮੀਰ ਧਰਤੀ ਹੋ ਗਈ, ਸਿਰਫ਼ ਗੁਰੂ ਦੀ ਇਕ ਚਰਨ-ਛੋਹ ਨਾਲ। ਮੈਂ ਫਰਸ਼ ਤੋਂ ਅਰਸ਼ ‘ਤੇ ਪਹੁੰਚ ਗਈ। ਸ਼ਸਤਰਾਂ ਨਾਲ ਸਜੇ ਬਹਾਦਰ, ਸਿੰਘ ਯੋਧੇ ਆਉਂਦੇ ਅਤੇ ਮੇਰੇ ਠੰਡੇ ਪਾਣੀ ਨੂੰ ਪੀ ਕੇ ਮੈਨੂੰ ਧੰਨ ਕਰ ਜਾਂਦੇ ਅਤੇ ਇਸ਼ਨਾਨ ਕਰ ਕੇ ਮੇਰੇ ਆਲੇ- ਦੁਆਲੇ ਦੀਆਂ ਝਾੜੀਆਂ ਦੀ ਸੁਰੱਖਿਆ ਵਿਚ ਮੋਰਚੇ ਬਣਾ ਕੇ ਉਨ੍ਹਾਂ ਵਿਚ ਡਟ ਜਾਂਦੇ ਅਤੇ ਵੈਰੀ ਦੀ ਉਡੀਕ ਕਰਨ ਲੱਗ ਜਾਂਦੇ। ਸਿੰਘਾਂ ਨੇ ਆਪਣੀ ਰਣਨੀਤੀ ਅਨੁਸਾਰ ਦਿਸ਼ਾਵਾਂ ਦੇਖ ਕੇ ਮੋਰਚੇ ਕਾਇਮ ਕਰ ਲਏ ਸਨ। ਜ਼ਾਲਮਾਂ ਨੂੰ ਧੋਖਾ ਦੇਣ ਲਈ ਮੇਰੀਆਂ ਝਾੜੀਆਂ ‘ਤੇ ਕੱਪੜੇ ਪਾ ਲਏ ਜਿਸ ਨਾਲ ਵੈਰੀ ਦੀ ਫੌਜ ਨੂੰ ਤੰਬੂਆਂ ਦਾ ਭੁਲੇਖਾ ਪਾਈ ਰੱਖਿਆ। ਗੁਰੂ ਜੀ ਉਸ ਸਮੇਂ ਮੇਰੇ ਪੱਛਮ ਵਾਲੇ ਪਾਸੇ ਉੱਚੀ ਟਿੱਬੀ ‘ਤੇ ਮੋਰਚਾ ਲਾ ਕੇ ਬੈਠੇ ਸਨ ਜਿੱਥੇ ਤਿੰਨ-ਤਿੰਨ ਕੋਹ ਤਕ ਜ਼ਾਲਮ ਫੌਜਾਂ ਉਨ੍ਹਾਂ ਦੇ ਤੀਰਾਂ ਦੀ ਮਾਰ ਹੇਠ ਆ ਸਕਦੀਆਂ ਸਨ।
ਵਜ਼ੀਰ ਖਾਂ ਦੀਆਂ ਫੌਜਾਂ ਤੰਬੂਆਂ ਦਾ ਭੁਲੇਖਾ ਖਾ ਕੇ ਉਧਰ ਨੂੰ ਵਧਣ ਲੱਗ ਪਈਆਂ ਅਤੇ ਮੇਰੀਆਂ ਕੰਡਿਆਲੀਆਂ ਝਾੜੀਆਂ ਦੀਆਂ ਸੂਲਾਂ ਰੂਪੀ ਤੀਰਾਂ ਨੇ ਉਨ੍ਹਾਂ ਦੇ ਸਰੀਰ ਲਹੂ-ਲੁਹਾਨ ਕਰ ਦਿੱਤੇ। ਮੇਰੇ ਬਾਰੂਦੀ ਗਰਮ ਰੇਤੇ ਨੇ ਉਨ੍ਹਾਂ ਦੇ ਸਰੀਰ ਲੂਹ ਕੇ ਰੱਖ ਦਿੱਤੇ ਅਤੇ ਜਦੋਂ ਪੂਰੀ ਦੀ ਪੂਰੀ ਫੌਜ, ਸਿੰਘਾਂ ਦੀ ਮਾਰ ਹੇਠ ਆ ਗਈ ਤਾਂ ਉਹ, ਪਾਪੀ ਮੁਗ਼ਲ ਸੈਨਾ ‘ਤੇ ਭੁੱਖੇ ਸ਼ੇਰਾਂ ਵਾਂਗ ਟੁੱਟ ਪਏ। ਗੁਰੂ ਜੀ ਨਾਲ ਜੀਵਨ-ਮਰਨ ਦਾ ਇਰਾਦਾ ਕਰ ਕੇ ਆਏ ਸਿੰਘਾਂ ਨੇ ਤੇ ਗੁਰੂ ਸਾਹਿਬ ਨੇ ਟਿੱਬੀ ਤੋਂ ਤੀਰਾਂ ਦੀ ਅਜਿਹੀ ਵਰਖਾ ਕੀਤੀ ਅਤੇ ਯੁੱਧ ਦੇ ਐਸੇ ਜੌਹਰ ਦਿਖਾਏ ਕਿ ਜ਼ਾਲਮ ਸੈਨਾ ਨੂੰ ਲੱਗਾ ਕਿ ਉਨ੍ਹਾਂ ਦੇ ਕੁਕਰਮਾਂ ਦਾ ਭਾਂਡਾ ਭਰ ਚੁਕਾ ਹੈ। ਸਿੰਘਾਂ ਨੇ ਆਪਣੇ ਪਿਆਰੇ ਹਥਿਆਰ ਤੇਗੇ ਮਿਆਨਾਂ ‘ਚੋਂ ਧੂਹ ਲਏ ਅਤੇ ਬਹਾਦਰੀ ਦੇ ਅਜਿਹੇ ਜੌਹਰ ਦਿਖਾਏ ਕਿ ਦੁਸ਼ਮਣ ਦੀ ਫੌਜ ਵਿਚ ਭਗਦੜ ਮੱਚ ਗਈ। ਬਹੁਤ ਹੀ ਘਮਸਾਨ ਦਾ ਯੁੱਧ ਹੋਇਆ। ਦੁਸ਼ਮਣ ਦੀ ਫੌਜ ਹੱਕੀ-ਬੱਕੀ ਰਹਿ ਗਈ ਅਤੇ ਉਨ੍ਹਾਂ ਨੇ ਮੈਦਾਨ ਛੱਡ ਕੇ ਭੱਜ ਜਾਣ ਵਿਚ ਹੀ ਭਲਾਈ ਸਮਝੀ, ਕਿਉਂਕਿ ਵਜ਼ੀਰ ਖਾਂ ਨੂੰ ਪਤਾ ਲੱਗ ਚੁਕਾ ਸੀ ਕਿ ਮੇਰੇ ਪਾਣੀ ‘ਤੇ ਕਬਜ਼ਾ ਕਰ ਕੇ ਗੁਰੂ ਸਾਹਿਬ ਨੇ ਇਸ ਨੂੰ ਪਵਿੱਤਰ ਕਰ ਦਿੱਤਾ ਹੈ ਅਤੇ ਸਿੰਘਾਂ ਦੀ ਛੋਟੀ ਜਿਹੀ ਫੌਜ ਤੋਂ ਹਾਰ ਖਾ ਕੇ ਉਸ ਨੂੰ ਚੱਪਣੀ ‘ਚ ਨੱਕ ਡੋਬ ਕੇ ਮਰਨ ਲਈ ਪਾਣੀ ਨਹੀਂ ਮਿਲਣਾ। ਪਾਣੀ ਤੋਂ ਬਗੈਰ ਇਨ੍ਹਾਂ ਸਿਰਲੱਥ ਸੂਰਮਿਆਂ ਅੱਗੇ ਠਹਿਰਨਾ ਮੁਸ਼ਕਲ ਹੈ। ਸੋ, ਉਸ ਨੇ ਆਪਣੀ ਪਾਪ ਕੀ ਜੰਞ ਨੂੰ ਵਾਪਸ ਲੈ ਜਾਣ ਵਿਚ ਹੀ ਭਲਾਈ ਸਮਝੀ।
ਜਿਸ ਜਗ੍ਹਾ ‘ਤੇ ਗੁਰੂ ਸਾਹਿਬ ਨੇ ਆਪਣੇ ਹੱਥੀਂ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ, ਉਸ ਜਗ੍ਹਾ ‘ਸ਼ਹੀਦ ਗੰਜ’ ਨਾਂ ਦਾ ਗੁਰਦੁਆਰਾ ਸਾਹਿਬ ਹੈ। ਟਿੱਬੀ ਸਾਹਿਬ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਮੋਰਚਾਬੰਦੀ ਕੀਤੀ, ਉਥੇ ਸੁਸ਼ੋਭਿਤ ਹੈ। ਜਿੱਥੇ ਸਿੰਘਾਂ ਨੇ ਝਾੜੀਆਂ ‘ਤੇ ਕੱਪੜੇ ਪਾ ਕੇ ਵੈਰੀ ਸੈਨਾ ਨੂੰ ਧੋਖਾ ਦਿੱਤਾ, ਉਥੇ ਗੁਰਦੁਆਰਾ ਤੰਬੂ ਸਾਹਿਬ ਬਣਿਆ ਹੋਇਆ ਹੈ। ਵੱਡਾ ਦਰਬਾਰ ਜਿੱਥੇ ਗੁਰੂ ਸਾਹਿਬ ਬਿਰਾਜੇ ਸਨ, ਗੁਰਦੁਆਰਾ ਸਰੋਵਰ ਦੇ ਕਿਨਾਰੇ ਬਣਿਆ ਹੋਇਆ ਹੈ।
ਇਹ ਘਟਨਾ ਭਾਵੇਂ ਮਈ ਵਿਚ ਵਾਪਰੀ ਸੀ ਪਰ ਇਨ੍ਹਾਂ ਸ਼ਹੀਦ ਸਿੰਘਾਂ ਦੀ ਯਾਦ ਵਿਚ ਹਾਜ਼ਰੀ ਭਰਨ ਲਈ ਸੰਗਤ ਭਾਰੀ ਗਿਣਤੀ ‘ਚ ਮਾਘੀ ਨੂੰ ਵੀ ਆਉਂਦੀ ਹੈ। ਕਿਉਂਕਿ ਮਈ, ਜੂਨ ਦੇ ਉਨ੍ਹਾਂ ਦਿਨਾਂ ਵਿਚ ਇਸ ਇਲਾਕੇ ਵਿਚ ਗਰਮੀ ਬਹੁਤ ਹੋਣ ਕਰਕੇ ਪਾਣੀ ਦੀ ਬਹੁਤ ਕਿੱਲਤ ਸੀ ਤੇ ਆਉਣ ਵਾਲੀ ਸੰਗਤ ਲਈ ਭਾਰੀ ਪ੍ਰੇਸ਼ਾਨੀ ਪੈਦਾ ਹੁੰਦੀ ਸੀ ਸੋ ਕਈ ਸਮਝਦਾਰ ਪੰਥ-ਦਰਦੀਆਂ ਨੇ ਫੈਸਲਾ ਕਰ ਕੇ ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਮਾਘੀ ਦੇ ਮੌਕੇ ਇਕੱਠੇ ਹੋ ਕੇ ਸ਼ਰਧਾਂਜਲੀ ਦੇਣ ਦਾ ਫੈਸਲਾ ਕੀਤਾ ਸੀ।
ਗੁਰਸਿੱਖੀ ਦੇ ਵਾਰਸਾਂ ਨੂੰ ਮੈਂ ਏਨਾ ਜ਼ਰੂਰ ਕਹਾਂਗੀ ਕਿ ਜ਼ੁਲਮ, ਜਬਰ ਵਿਰੁੱਧ ਜੂਝਣ ਦੀ ਉਨ੍ਹਾਂ ਦੀ ਗੌਰਵਮਈ ਪਰੰਪਰਾ ਜਾਰੀ ਰਹਿਣੀ ਚਾਹੀਦੀ ਹੈ। ਗੁਰੂ ਕੇ ਸਿੱਖੋ! ਮੇਰੇ ਕੋਲ ਆਓ! ਮੈਂ ਅੱਜ ਤੁਹਾਨੂੰ ਸੱਚ ਅਤੇ ਜ਼ੁਲਮ ਦੇ ਵਿਰੁੱਧ ਜੂਝਣ ਵਾਲੇ ਸੂਰਬੀਰ ਸਿੰਘਾਂ ਦੀਆਂ ਯਾਦਾਂ ਦੇ ਦਰਸ਼ਨ ਕਰਵਾ ਕੇ, ਤੁਹਾਡੇ ਗੌਰਵਮਈ ਵਿਰਸੇ ਤੋਂ ਜਾਣੂ ਕਰਾਵਾਂਗੀ। ਮੈਂ ਤੁਹਾਡਾ ਰਾਹ ਤੱਕ ਰਹੀ ਆਂ!
ਲੇਖਕ ਬਾਰੇ
ਸਿਮਰਜੀਤ ਸਿੰਘ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਵੱਲੋਂ ਛਾਪੇ ਜਾਂਦੇ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਦੇ ਮੁੱਖ ਸੰਪਾਦਕ ਹਨ।
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/August 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/October 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/November 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/December 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/January 1, 2008
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/February 1, 2008
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2008
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2009
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/