ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਭੱਟ ਸਾਹਿਬਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਗੁਰੂ-ਦਰਬਾਰ ਵਿਚ ਆਏ ਅਤੇ ਉਨ੍ਹਾਂ ਨੇ ਗੁਰੂ-ਮਹਿਮਾ ਦੇ ਪ੍ਰਸੰਗ ਵਿਚ ਸਵੱਈਏ ਗਾਇਨ ਕੀਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭੱਟ ਭਿਖਾ ਜੀ ਦੇ ਦੋ ਸਵੱਈਏ ਹਨ। ਵਿਸ਼ਾ ਸ੍ਰੀ ਗੁਰੂ ਅਮਰਦਾਸ ਜੀ ਦੀ ਰੂਹਾਨੀ ਸ਼ਖ਼ਸੀਅਤ ਹੈ। ਆਪ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਦੀ ਉਸਤਤਿ ਕਰਦੇ ਹੋਏ ਲਿਖਦੇ ਹਨ ਕਿ ਸਹਿਜ ਅਵਸਥਾ ਨੂੰ ਪਾਉਣ ਹਿੱਤ ਬਹੁਤ ਸਾਰੇ ਸਾਧੂਆਂ, ਸੰਤਾਂ, ਸੰਨਿਆਸੀਆਂ ਤੇ ਤਪੱਸਵੀਆਂ ਨੂੰ ਮਿਲੇ ਅਤੇ ਦਰਸ਼ਨ ਕੀਤੇ। ਤਕਰੀਬਨ ਇਕ ਸਾਲ ਤਕ ਭਟਕਦੇ ਹੀ ਰਹੇ ਪਰ ਗੁਰੂ-ਘਰ ਦੇ ਦਰ ਬਿਨਾਂ ਸਹਿਜ ਕਿੱਥੇ ਪ੍ਰਾਪਤ ਹੋਣਾ ਸੀ! ਗੁਰੂ ਜੀ ਦੀ ਸੰਗਤ ਅਤੇ ਦਰਸ਼ਨ-ਪਰਸ਼ਨ ਕਰ ਕੇ ਨਿਹਾਲ ਹੋ ਗਏ। ਆਤਮਾ ਸਹਿਜ ਨੂੰ ਪ੍ਰਾਪਤ ਹੋਈ। ਭਟਕਦੇ ਮਨ ਨੇ ਆਪਣੇ ਘਰ ਵਿਚ ਨਿਵਾਸ ਕੀਤਾ। ਭਟਕਦਾ ਮਨ ਪੂਰਨ ਖਿੜਾਉ ਵਿਚ ਆ ਗਿਆ। ਨਿਹਾਲ ਹੋਈ ਆਤਮਾ ‘ਆਪੇ’ ਦੀ ਪਛਾਣ ਕਰਨ ਲੱਗ ਪਈ। ਗਿਆਨ ਰੂਪੀ ਸੂਰਜ ਚੜ੍ਹ ਗਿਆ। ਹਨ੍ਹੇਰਾ ਦੂਰ ਹੋ ਗਿਆ। ਭਟਕਣਾ ਮੁੱਕ ਗਈ ਤੇ ਆਪ ਤਨ, ਮਨ ਅਤੇ ਧਨ ਸਭ ਕੁਝ ਗੁਰੂ ਸਾਹਿਬ ਨੂੰ ਸੌਂਪ ਕੇ ਗੁਰੂ-ਘਰ ਦੇ ਹੀ ਹੋ ਗਏ।
ਆਪ ਨੇ ਆਪਣੀ ਰਚਨਾ ਵਿਚ ਗੁਰੂ ਅਮਰਦਾਸ ਜੀ ਦੇ ਨਿਰੋਲ ਅਧਿਆਤਮਿਕ ਸਰੂਪ ਦਾ ਹੀ ਜ਼ਿਕਰ ਕੀਤਾ ਹੈ। ਆਪ ਜੀ ਦਾ ਫ਼ੁਰਮਾਨ ਹੈ ਕਿ ਸਤਿਗੁਰੂ ਅਮਰਦਾਸ ਜੀ ਗਿਆਨ ਰੂਪ ਤੇ ਧਿਆਨ ਰੂਪ ਹਨ ਜਿਨ੍ਹਾਂ ਨੇ ਆਪਣੀ ਆਤਮਾ ਨੂੰ ਹਰੀ ਨਾਲ ਮਿਲਾ ਲਿਆ ਹੈ ਅਤੇ ਕਲਜੁਗ ਵਿਚ ਕਰਤਾ ਪੁਰਖ ਰੂਪ ਹਨ। ਉਨ੍ਹਾਂ ਨੇ ਪ੍ਰਭੂ ਦਾ ਹੁਕਮ ਪਛਾਣ ਕੇ ਗਿਆਨ ਪ੍ਰਾਪਤ ਕੀਤਾ ਹੈ। ਉਹ ਹਰੀ ਰੂਪ ਹਨ। ਭੱਟ ਭਿਖਾ ਜੀ ਮੁਤਾਬਿਕ ਉਨ੍ਹਾਂ ਨੂੰ ਪੂਰਨ ਗੁਰੂ ਮਿਲ ਪਿਆ ਹੈ ਜਿਨ੍ਹਾਂ ਨੇ ਦੁੱਖ ਅਤੇ ਮਾਨਸਿਕ ਕਲੇਸ਼ ਕੱਟ ਦਿੱਤੇ ਹਨ। ਮਨ ਵਿਸਮਾਦ ਵਿਚ ਆ ਗਿਆ ਹੈ, ਜਿੱਥੇ ਤੇਰ-ਮੇਰ ਖ਼ਤਮ ਹੋ ਗਈ ਹੈ ਅਤੇ ਦੁੱਖ-ਸੁਖ ਸਭ ਇਕ ਸਮਾਨ ਹੋ ਗਏ ਹਨ:
ਗੁਰੁ ਗਿਆਨੁ ਅਰੁ ਧਿਆਨੁ ਤਤ ਸਿਉ ਤਤੁ ਮਿਲਾਵੈ॥
ਸਚਿ ਸਚੁ ਜਾਣੀਐ ਇਕ ਚਿਤਹਿ ਲਿਵ ਲਾਵੈ॥
ਕਾਮ ਕ੍ਰੋਧ ਵਸਿ ਕਰੈ ਪਵਣੁ ਉਡੰਤ ਨ ਧਾਵੈ॥
ਨਿਰੰਕਾਰ ਕੈ ਵਸੈ ਦੇਸਿ ਹੁਕਮੁ ਬੁਝਿ ਬੀਚਾਰੁ ਪਾਵੈ॥
ਕਲਿ ਮਾਹਿ ਰੂਪੁ ਕਰਤਾ ਪੁਰਖੁ ਸੋ ਜਾਣੈ ਜਿਨਿ ਕਿਛੁ ਕੀਅਉ॥
ਗੁਰੁ ਮਿਲ੍ਹਿਉ ਸੋਇ ਭਿਖਾ ਕਹੈ ਸਹਜ ਰੰਗਿ ਦਰਸਨੁ ਦੀਅਉ॥
ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ॥
ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ॥
ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ॥
ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ॥
ਹਰਿ ਨਾਮੁ ਛੋਡਿ ਦੂਜੈ ਲਗੇ ਤਿਨ੍ ਕੇ ਗੁਣ ਹਉ ਕਿਆ ਕਹਉ॥
ਗੁਰੁ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ॥ (ਪੰਨਾ 1395)
ਗੁਰੂ ਸਾਹਿਬ ਦੀ ਵਡਿਆਈ ਲਈ ਭੱਟ ਭਿਖਾ ਜੀ ਵੱਲੋਂ ਵਰਤੀ ਗਈ ਸ਼ਬਦਾਵਲੀ, ਅਲੰਕਾਰ ਅਤੇ ਸ਼ਬਦ-ਜੋੜ ਕਮਾਲ ਦੇ ਹਨ। ਉਨ੍ਹਾਂ ਵੱਲੋਂ ਕੀਤੀ ਗਈ ਸੁੰਦਰ ਸ਼ਬਦ-ਚੋਣ ਉਨ੍ਹਾਂ ਦੀ ਕਾਵਿ-ਪ੍ਰਤਿਭਾ ਦੀ ਹਾਮੀ ਭਰਦੀ ਹੈ। ਉਨ੍ਹਾਂ ਵੱਲੋਂ ਗੁਰੂ ਸਾਹਿਬਾਨ ਨੂੰ ਸਰਬ ਕਲਾ ਸਮਰੱਥ, ਸਰਬ ਸ਼ਕਤੀਮਾਨ, ਦੁੱਖਾਂ-ਕਲੇਸ਼ਾਂ ਦੇ ਨਿਵਾਰਕ, ਸਰਬ ਸੁਖਾਂ ਦੇ ਦਾਤਾ, ਲੋਕ ਪ੍ਰਲੋਕ ਦੇ ਸਹਾਈ ਅਤੇ ਸਭ ਪ੍ਰਕਾਰ ਦੀਆਂ ਮਨੋ-ਕਾਮਨਾਵਾਂ ਪੂਰੀਆਂ ਕਰਨ ਵਾਲੇ ਦਰਸਾਇਆ ਗਿਆ ਹੈ। ਆਪ ਜੀ ਮੁਤਾਬਿਕ ਹਰੇਕ ਵਿਅਕਤੀ ਗੁਰੂ ਸਾਹਿਬਾਨ ਦੀ ਸੇਵਾ ਅਤੇ ਹੁਕਮ ਵਿਚ ਰਹਿ ਕੇ ਹੀ ਸਭ ਤਰ੍ਹਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦਾ ਹੈ। ਨਾ ਹੀ ਉਸ ਨੂੰ ਦੁੱਖ ਪੋਂਹਦਾ ਹੈ ਅਤੇ ਨਾ ਹੀ ਕਿਸੇ ਪ੍ਰਕਾਰ ਦੀ ਚਿੰਤਾ ਸਤਾਉਂਦੀ ਹੈ। ਆਪ ਅਨੁਸਾਰ ਗੁਰੂ ਦੀ ਸ਼ਰਨ ਵਿਚ ਵਿਚਰਨ ਵਾਲੇ ਹੀ ਸਦਾ ਅਨੰਦ ਦੀ ਅਵਸਥਾ ਵਿਚ ਵਿਚਰਦੇ ਹਨ। ਉਨ੍ਹਾਂ ਨੂੰ ਗੁਰੂ-ਮਿਹਰ ਸਦਕਾ ਪ੍ਰਾਪਤ ਹੋਏ ਸੁਖਾਂ ਦਾ ਕੋਈ ਅੰਤ ਹੀ ਨਹੀਂ ਹੈ।
ਜੇ ਪੂਰੀ ਗਹੁ ਨਾਲ ਵੇਖਿਆ ਜਾਵੇ ਤਾਂ ਭੱਟ ਭਿਖਾ ਜੀ ਦੀ ਬਾਣੀ ਸਮੇਤ ਸਾਰੇ ਭੱਟਾਂ ਦੀ ਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਵਿਚ ਵਿਸ਼ੇ ਅਤੇ ਰੂਪਕ ਪੱਖੋਂ ਕੋਈ ਅੰਤਰ ਨਹੀਂ ਹੈ। ਭੱਟ ਗੁਰੂ ਸਾਹਿਬਾਨ ਦੀ ਸੱਚੀ ਵਡਿਆਈ ਕਰਦੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਅਕਾਲ ਪੁਰਖ ਨਿਰੰਕਾਰ ਦੀ ਉਸਤਤ ਕਰਦੀ ਹੈ। ਗੁਰੂ ਵਡਿਆਈ ਅਤੇ ਅਕਾਲ ਪੁਰਖ ਦੀ ਉਸਤਤ ਵਿਚ ਕਿਸੇ ਤਰ੍ਹਾਂ ਵੀ ਅੰਤਰ ਨਹੀਂ ਸਮਝਣਾ ਚਾਹੀਦਾ। ਇਸ ਪ੍ਰਕਾਰ ਭੱਟ ਭਿਖਾ ਜੀ ਸਮੇਤ ਸਾਰੇ ਭੱਟ ਸਾਹਿਬਾਨ ਦੀ ਬਾਣੀ ਗੁਰੂ-ਆਸ਼ੇ ਮੁਤਾਬਿਕ ਪੂਰੀ ਤਰ੍ਹਾਂ ਖਰੀ ਉਤਰਦੀ ਹੈ।
ਲੇਖਕ ਬਾਰੇ
- Sikh Archiveshttps://sikharchives.org/kosh/profile/sikharchives/September 1, 2007