ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵਿਆਪਕ ਰੂਪ ਵਿਚ ਸਾਧਾਰਨ ਤੌਰ ਉੱਤੇ ਸਿੱਖਾਂ ਦਾ ਧਾਰਮਿਕ ਗ੍ਰੰਥ ਸਮਝਿਆ ਜਾਂਦਾ ਹੈ ਪ੍ਰੰਤੂ ਯਥਾਰਥਕ ਤੇ ਨਿਸਚਿਤ ਰੂਪ ਵਿਚ ਇਹ ਸਮੁੱਚੇ ਸੰਸਾਰ ਦੀ ਰਹਿਨੁਮਾਈ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਿੰਨ-ਭਿੰਨ ਸੰਪ੍ਰਦਾਇ ਅਤੇ ਧਰਮਾਂ ਨਾਲ ਸੰਬੰਧਿਤ ਭਗਤ ਸਾਹਿਬਾਨ ਦੀ ਬਾਣੀ ਦਰਜ ਹੈ ਜੋ ਸਿੱਖ ਧਰਮ ਦੇ ਮੁੱਢਲੇ, ਮੂਲ ਤੇ ਆਧਾਰੀ ਸਦਾਚਾਰਕ ਨਿਯਮਾਂ ਨਾਲ ਮਿਲਦੇ ਸਨ। ਫਲਸਰੂਪ ਇਹ ਇਕ ਵਿਲੱਖਣ ਧਾਰਮਿਕ ਗ੍ਰੰਥ ਦੇ ਰੂਪ ਵਿਚ ਦ੍ਰਿਸ਼ਟਮਾਨ ਹੋਇਆ ਜਿਸ ਵਿਚ ਛੇ ਸਿੱਖ ਗੁਰੂ ਸਾਹਿਬਾਨ ਦੇ ਅਧਿਆਤਮਕ ਤੇ ਦਾਰਸ਼ਨਿਕ ਸਿਧਾਂਤਾਂ ਦਾ ਦਾਰਸ਼ਨੀਕਰਨ ਕਰਨ ਤੋਂ ਛੁੱਟ ਦੂਜੇ ਧਰਮਾਂ ਨੂੰ ਵੀ ਸਤਿਕਾਰਿਆ ਗਿਆ।
ਅਬੁਲ ਫ਼ਜ਼ਲ ਜੋ ਸ਼ਹਿਨਸ਼ਾਹ ਅਕਬਰ ਦਾ ਸਮਕਾਲੀ ਸੀ, ਸੰਨ 1605 ਈ. ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਅਤੇ ਮੁਲਾਕਾਤ ਬਾਰੇ ਲਿਖਦਾ ਹੈ: ‘ਇਕ ਸਿੱਖ ਰਵਾਇਤ ਅਨੁਸਾਰ ਗੁਰੂ-ਘਰ ਦੇ ਵਿਰੋਧੀਆਂ ਨੇ ਬਾਦਸ਼ਾਹ ਅੱਗੇ ਸ਼ਿਕਾਇਤ ਕੀਤੀ ਕਿ ਸ੍ਰੀ ਗ੍ਰੰਥ ਸਾਹਿਬ ਵਿਚ ਇਕ ਵਿਸ਼ੇਸ਼ ਧਰਮ ਸਬੰਧੀ ਬੇਅਦਬੀ ਦੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਬਾਦਸ਼ਾਹ ਨੂੰ ਪੜਤਾਲ ਕਰਨ ਉਪਰੰਤ ਸ੍ਰੀ ਆਦਿ ਗ੍ਰੰਥ ਸਾਹਿਬ ਵਿਚ ਕੁਝ ਵੀ ਇਤਰਾਜ਼ਜਨਕ ਨਾ ਮਿਲ ਸਕਿਆ ਅਤੇ ਅਕਾਲ ਪੁਰਖ ਦੀ ਕੀਤੀ ਗਈ ਸ਼ਲਾਘਾ ਉੱਤੇ ਉਸ ਨੇ ਪ੍ਰਸੰਨਤਾ ਪ੍ਰਗਟ ਕੀਤੀ।’
ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸੰਕਲਤ ਜਾਂ ਸੰਪਾਦਤ ਕਰਨ ਦੇ ਇਸ ਅਨੋਖੇ ਮੀਲ-ਪੱਥਰ ਦਾ ਭਾਈ ਗੁਰਦਾਸ ਜੀ, ਜਿਨ੍ਹਾਂ ਦੀਆਂ ਵਾਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਅਖਵਾਉਣ ਦਾ ਗੌਰਵ ਹਾਸਲ ਹੈ, ਦੁਆਰਾ ਉਤਾਰਾ ਕੀਤਾ ਗਿਆ। ਇਸ ਧਾਰਮਿਕ ਗ੍ਰੰਥ ਨੂੰ ਸੰਨ 1604 ਵਿਚ ਸੰਪੂਰਨਤਾ ਉਪਰੰਤ ਇਕ ਦੀਨਦਾਰ ਸ਼ਰਧਾਵਾਨ ਭਾਈ ਬੰਨੋ ਦੇ ਸਪੁਰਦ ਕੀਤਾ ਗਿਆ ਤਾਂ ਜੋ ਇਸ ਦੀ ਸੁਚੱਜੇ ਢੰਗ ਨਾਲ ਜਿਲਦਬੰਦੀ ਕਰਵਾਈ ਜਾ ਸਕੇ। ਇਕ ਪ੍ਰਸਿੱਧ ਸਿੱਖ ਰਵਾਇਤ ਅਨੁਸਾਰ ਇਹ ਗ੍ਰੰਥ ਭਾਈ ਬੰਨੋ ਦੀ ਪ੍ਰਾਰਥਨਾ ਉੱਤੇ ਉਸ ਦੇ ਹਵਾਲੇ ਕੀਤਾ ਗਿਆ ਸੀ ਅਤੇ ਉਸ ਨੂੰ ਹਦਾਇਤ ਕੀਤੀ ਗਈ ਸੀ ਕਿ ਲਾਹੌਰ ਸ਼ਹਿਰ ਤੋਂ ਜਿਲਦ ਬੰਨ੍ਹਾਉਣ ਹਿਤ ਉਹ ਰਸਤੇ ਵਿਚ ਇਕ ਰਾਤ ਤੋਂ ਜ਼ਿਆਦਾ ਪੜਾਅ ਨਾ ਕਰਨ। ਭਾਈ ਬੰਨੋ ਜੋ ਪਿੰਡ ਮਾਂਗਟ ਜ਼ਿਲ੍ਹਾ ਗੁਜਰਾਤ ਦੀ ਤਹਿਸੀਲ ਫਲੀਆ ਨਾਲ ਸੰਬੰਧਿਤ ਸਨ ਇਸ ਪਵਿੱਤਰ ਧਾਰਮਕ ‘ਪੋਥੀ ਸਾਹਿਬ’ ਨੂੰ ਆਪਣੇ ਪਿੰਡ ਲੈ ਗਏ ਅਤੇ ਰਸਤੇ ਵਿਚ ਇਕ ਰਾਤ ਤੋਂ ਵੱਧ ਨਾ ਠਹਿਰਦੇ ਹੋਏ ਲਾਹੌਰ ਜਾਣ ਤਕ ਇਸ ਦੀ ਇਕ ਪਰਤੀ ਕਰਨ ਵਿਚ ਸਫਲ ਹੋਏ।
ਮੂਲ ਤੇ ਮੌਲਿਕ ਗ੍ਰੰਥ ਦੀ ਬੜੇ ਸਤਿਕਾਰ ਸਹਿਤ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚ ਪ੍ਰਕਾਸ਼ ਬੜੀ ਧੂਮ-ਧਾਮ ਨਾਲ ਵਿਧੀ ਅਨੁਸਾਰ ਕੀਤਾ ਗਿਆ ਅਤੇ ਸੰਗਤਾਂ ਤੇ ਸ਼ਰਧਾਲੂ ਹੁੰਮ-ਹੁਮਾ ਕੇ ਪੁੱਜੇ। ਬਾਬਾ ਬੁੱਢਾ ਜੀ ਨੂੰ ਉਨ੍ਹਾਂ ਦੀ ਨਿੱਜੀ ਪਵਿੱਤਰਤਾ ਤੇ ਗੁਰਮਤਿ ਨਾਲ ਅਤੁੱਟ ਲਗਨ ਤੇ ਸੂਝ-ਬੂਝ ਕਾਰਨ ਪਹਿਲੇ ਮੁੱਖ-ਗ੍ਰੰਥੀ ਹੋਣ ਦਾ ਮਾਣ ਪ੍ਰਾਪਤ ਹੋਇਆ। ਇਸ ਸਮੇਂ ਤੋਂ ਅੱਜ ਤਕ ਕੁਝ ਅਤਿਆਚਾਰ ਤੇ ਔਕੜ ਵਾਲੇ ਸਮੇਂ ਤੋਂ ਛੁੱਟ ਅਤੁੱਟ ਪਾਠ ਤੇ ਨਿਰੋਲ ਬਾਣੀ ਦਾ ਕੀਰਤਨ ਹੁੰਦਾ ਆ ਰਿਹਾ ਹੈ। ਸ੍ਰੀ ਆਦਿ ਗ੍ਰੰਥ ਸਾਹਿਬ ਦੀ ਮੂਲ ਪਰਤੀ ਜਲੰਧਰ ਸ਼ਹਿਰ ਨਜ਼ਦੀਕ ਕਰਤਾਰਪੁਰ ਵਿਚ ਹੈ ਅਤੇ ਭਾਈ ਬੰਨੋ ਦੀ ਬੀੜ ਸਬੰਧੀ ਵਿਭਿੰਨ ਰਾਵਾਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ।
ਇਕ ਸਿੱਖ ਰਵਾਇਤ ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਜਿਨ੍ਹਾਂ ਨੇ ਅਨਿਆਏ ਤੇ ਜ਼ੁਲਮ ਨੂੰ ਰੋਕਣ ਹਿਤ ਮੁਗ਼ਲ ਹਕੂਮਤ ਨਾਲ ਚਾਰ ਲੜਾਈਆਂ ਲੜੀਆਂ, ਸ੍ਰੀ ਆਦਿ ਗ੍ਰੰਥ ਸਾਹਿਬ ਦੀ ਮੂਲ ਪਰਤੀ ਗੁਰੂ-ਘਰ ਦੇ ਵਿਰੋਧੀ ਧੀਰ ਮੱਲ ਦੇ ਹੱਥ ਆਈ, ਜਿਸ ਨੇ ਇਸ ਪਵਿੱਤਰ ਗ੍ਰੰਥ ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਕਰਤਾਰਪੁਰ ਵਿਚ ਰੱਖਿਆ। ਅਨੁਮਾਨ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਗੁਰਗੱਦੀ ਸਮੇਂ ਕੁਝ ਸ਼ਰਧਾਲੂ ਸਿੱਖ ਧੀਰ ਮੱਲ ਦੇ ਅਨੁਯਾਈਆਂ ਤੋਂ ਬਲਪੂਰਨ ਢੰਗ ਨਾਲ ਸ੍ਰੀ ਆਦਿ ਗ੍ਰੰਥ ਸਾਹਿਬ ਲੈ ਆਉਣ ਵਿਚ ਸਫਲ ਹੋਏ ਪਰੰਤੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਵਾਪਸ ਭੇਜ ਦਿੱਤੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀਆਂ ਵਿੱਚੋਂ ਇਕ ਪ੍ਰਸਿੱਧ ਕਵੀ ਸੈਨਾਪਤਿ ਆਪਣੀ ਰਚਨਾ ‘ਸ੍ਰੀ ਗੁਰ ਸੋਭਾ’ ਵਿਚ ਸਤਿਗੁਰ ਅਤੇ ਸੰਗਤ ਵਿਚ ਕੋਈ ਵੱਖਰਤਾ ਦ੍ਰਿਸ਼ਟਮਾਨ ਨਹੀਂ ਕਰਦਾ। ਇਸੇ ਲਈ ਭਾਈ ਗੁਰਦਾਸ ਦੂਜੇ ਦੇ ਸਪੱਸ਼ਟ ਵਰਣਨ ਕੀਤੇ ਗਏ ਕਥਨ ਕਿ ‘ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ’ ਪ੍ਰਸਿੱਧਤਾ ਤੇ ਸਰਬਮਾਨਤਾ ਦੇ ਲਖਾਇਕ ਹਨ। ਇਸੇ ਸੰਦਰਭ ਵਿਚ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਿੱਜੀ ਗੁਰਤਾ ਨੂੰ ਤਿਆਗ ਕੇ ਇਸ ਨੂੰ ਖਾਲਸੇ ਅਤੇ ਸ੍ਰੀ ਆਦਿ ਗ੍ਰੰਥ ਸਾਹਿਬ ਨੂੰ ਪ੍ਰਦਾਨ ਕਰ ਦਿੱਤਾ। ਫਲਸਰੂਪ ਸਿੱਖਾਂ ਦੇ ਗੁਰੂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਭਾਵੇਂ ਇਕ ਧਾਰਮਿਕ ਗ੍ਰੰਥ ਹੈ ਪਰੰਤੂ ਇਹ ਰਾਜਨੀਤਿਕ, ਸਮਾਜਿਕ ਤੇ ਸਭਿਆਚਾਰਕ ਸੇਧ ਦਾ ਲਖਾਇਕ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸ਼ਾਇਦ ਆਪਣੇ ਸਮਕਾਲੀ ਸਮੇਂ ਦੇ ਪਹਿਲੇ ਰਹਿਬਰ ਸਨ ਜਿਨ੍ਹਾਂ ਨੇ ਸਮੇਂ ਦੀ ਰਾਜਨੀਤਿਕ ਦਸ਼ਾ ਨੂੰ ਵੇਖ ਕੇ ਖੂਨ ਦੇ ਸੋਹਲੇ ਗਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਲੇ ਸ਼ਬਦ ਆਪਣੀ ਹੀ ਕਿਸਮ ਦੀ ਵਿਲੱਖਣਤਾ ਰੱਖਦੇ ਹਨ। ਗੁਰੂ ਸਾਹਿਬ ਸਮਰਾਟਾਂ ਦੇ ਕੱਟੜਵਾਦ, ਭ੍ਰਿਸ਼ਟਾਚਾਰ ਤੇ ਅਤਿਆਚਾਰ ਕਾਰਨ ਉਨ੍ਹਾਂ ਨੂੰ ਕਸਾਈ ਦੱਸਦੇ ਹਨ। ਨਾਰੀ ਦੀ ਸਮਕਾਲੀ ਨੀਵੀਂ ਪੱਧਰ ਵੱਲ ਸੰਕੇਤ ਕਰਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਨੇ ਉਸ ਨੂੰ ਬਰਾਬਰੀ ਦਾ ਦਰਜਾ ਦਿੱਤਾ ਹੈ।
ਸਿੱਖ ਗੁਰੂ ਸਾਹਿਬਾਨ ਦੇ ਸਮੇਂ ਦੀਆਂ ਸਮਕਾਲੀ ਰੀਤੀ-ਰਿਵਾਜਾਂ, ਜਨਮ- ਮਰਨ ਸਬੰਧੀ ਰਸਮਾਂ, ਸਤੀ-ਪ੍ਰਥਾ, ਪਰਦਾ-ਪ੍ਰਥਾ ਆਦਿ ਸਮੂਹ ਵਿਸ਼ੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਾ ਬਣਾਏ ਗਏ। ਇਕ ਪ੍ਰਭਾਵਸ਼ੀਲ ਗਤੀ, ਵਿਗਿਆਨ ਤੇ ਦੈਵੀ ਸ਼ਕਤੀ ਦੇਣ ਵਾਲਾ ਗ੍ਰੰਥ ਹੋਣ ਕਾਰਨ ਸਮੁੱਚੀ ਬਾਣੀ ਮੂਲ ਤੇ ਮੌਲਿਕ ਸ਼ਬਦਾਂ ਵਿਚ ਮਿਲਦੀ ਹੈ ਜਿਸ ਵਿਚ ਮਿਲਾਵਟ ਦੇ ਮੌਕੇ ਕਾਫ਼ੀ ਜ਼ਿਆਦਾ ਘਟ ਜਾਂਦੇ ਹਨ ਅਤੇ ਸਾਧਾਰਨ ਮਨੁੱਖ ਲਈ ਬਾਣੀ ਵਿਚ ਦਿੱਤੇ ਅਮੋਲਕ ਸੰਕੇਤ ਸਮਝਣੇ ਸੌਖੇ ਪ੍ਰਤੀਤ ਹੁੰਦੇ ਹਨ। ਸੱਚ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਚੱਲੀ ਆ ਰਹੀ ਧਾਰਮਿਕ ਤੇ ਸੱਭਿਆਚਾਰਕ ਪ੍ਰਥਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਦੇ ਸਮੇਂ ਤਕ ਲਗਾਤਾਰ ਅਰੰਭ ਰਹੀ ਅਤੇ ਲੋਕਾਂ ਦੇ ਦਿਲਾਂ ਵਿਚ ਘਰ ਕਰ ਗਈ। ਫਲਸਰੂਪ ਸਿੱਖ ਧਰਮ ਦਾ ਵਿਕਾਸ ਸਹਿਜੇ ਹੀ ਹੁੰਦਾ ਗਿਆ ਅਤੇ ਇਹ ਧਰਮ ਇਕ ਹਰ ਮਨ-ਭਾਉਣੇ ਧਰਮ ਦੇ ਰੂਪ ਵਿਚ ਸਾਹਮਣੇ ਆਇਆ।
ਨਿਸ਼ਚੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਉਪ-ਜੀਵਨ ਗ੍ਰੰਥ ਹੈ ਜਿਸ ਦੀ ਰਚਨਾ ਉਪਰੰਤ ਬਹੁਤ ਸਾਰਾ ਗੁਰਮਤਿ ਸਾਹਿਤ ਰਚਿਆ ਗਿਆ ਹੈ। ਫਲਸਰੂਪ ਸਮੁੱਚੇ ਭਾਰਤ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਭਾਵ ਦ੍ਰਿਸ਼ਟਮਾਨ ਹੁੰਦਾ ਹੈ। ਅਸਲ ਵਿਚ ਸਮੁੱਚੇ ਭਾਰਤ ਦੀ ਸੰਸਕ੍ਰਿਤੀ ਪੰਜਾਬ ਦੇ ਪ੍ਰਭਾਵ ਦੀ ਸੂਚਕ ਹੈ। ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਨੇ ਸਮੁੱਚੇ ਸੰਸਾਰ ਨੂੰ ਪ੍ਰਭਾਵਿਤ ਕੀਤਾ ਹੈ।
ਲੇਖਕ ਬਾਰੇ
- ਕਵਿਤਾhttps://sikharchives.org/kosh/author/%e0%a8%95%e0%a8%b5%e0%a8%bf%e0%a8%a4%e0%a8%be/May 1, 2010