ਜਦੋਂ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਉਸ ਸਮੇਂ ਜੋ ਸੰਸਾਰ ਵਿਚ ਵਰਤਾਰਾ ਵਰਤ ਰਿਹਾ ਸੀ ਉਸ ਦੇ ਬਾਰੇ ਵਿਚ ਭਾਈ ਗੁਰਦਾਸ ਜੀ ਇਸ ਤਰ੍ਹਾਂ ਬਿਆਨ ਕਰਦੇ ਹਨ :
ਕਲਿਜੁਗਿ ਬੋਧੁ ਅਉਤਾਰੁ ਹੈ ਬੋਧੁ ਅਬੋਧੁ ਨ ਦ੍ਰਿਸਟੀ ਆਵੈ।
ਕੋਇ ਨ ਕਿਸੈ ਵਰਜਈ ਸੋਈ ਕਰੇ ਜੋਈ ਮਨਿ ਭਾਵੈ।
ਕਿਸੇ ਪੁਜਾਈ ਸਿਲਾ ਸੁੰਨਿ ਕੋਈ ਗੋਰੀ ਮੜ੍ਹੀ ਪੁਜਾਵੈ।
ਤੰਤ੍ਰ ਮੰਤ੍ਰ ਪਾਖੰਡ ਕਰਿ ਕਲਹਿ ਕ੍ਰੋਧੁ ਬਹੁ ਵਾਦਿ ਵਧਾਵੈ।
ਆਪੋ ਧਾਪੀ ਹੋਇ ਕੈ ਨਿਆਰੇ ਨਿਆਰੇ ਧਰਮ ਚਲਾਵੈ।
ਕੋਈ ਪੂਜੈ ਚੰਦੁ ਸੂਰੁ ਕੋਈ ਧਰਤਿ ਅਕਾਸੁ ਮਨਾਵੈ।
ਪਉਣੁ ਪਾਣੀ ਬੈਸੰਤਰੋ ਧਰਮ ਰਾਜ ਕੋਈ ਤ੍ਰਿਪਤਾਵੈ।
ਫੋਕਟਿ ਧਰਮੀ ਭਰਮਿ ਭੁਲਾਵੈ॥ (ਵਾਰ 1:18)
ਭਾਵ ਕਲਜੁਗ ਵਿਚ ਜ਼ਿਆਦਾਤਰ ਗਿਣਤੀ ਗਿਆਨ ਤੋਂ ਹੀਣਿਆਂ ਦੀ ਹੈ, ਜਿਨ੍ਹਾਂ ਨੂੰ ਚੰਗੇ-ਮੰਦੇ ਬਾਰੇ ਕੋਈ ਸਮਝ ਨਹੀਂ ਹੈ। ਜੋ ਵੀ ਕਿਸੇ ਨੂੰ ਚੰਗਾ ਲੱਗ ਰਿਹਾ ਹੈ, ਉਹ ਕੁਝ ਕਰ ਰਿਹਾ ਹੈ, ਇਥੋਂ ਤਕ ਕਿ ਕੋਈ ਇਕ ਦੂਜੇ ਨੂੰ ਇਹ ਵੀ ਨਹੀਂ ਦੱਸਦਾ ਕਿ ਇਹ ਕੰਮ ਜੋ ਤੂੰ ਕਰ ਰਿਹਾ ਹੈਂ, ਇਹ ਬੁਰਾ ਹੈ ਜਾਂ ਭਲਾ ਹੈ। ਕੋਈ ਜੜ੍ਹ-ਪੱਥਰ ਦੀ ਪੂਜਾ ਕਰੀ ਜਾ ਰਿਹਾ ਹੈ ਤੇ ਕੋਈ ਕਬਰਾਂ-ਮੜ੍ਹੀਆਂ ਦੀ ਪੂਜਾ ਕਰ ਰਿਹਾ ਹੈ। ਕੋਈ ਜੰਤ੍ਰਾਂ-ਮੰਤ੍ਰਾਂ, ਜਾਦੂ-ਟੂਣਿਆਂ ਆਦਿ ਦਾ ਪਾਖੰਡ ਕਰ ਰਿਹਾ ਹੈ ਤੇ ਕਲੇਸ਼ ਵਿਰੋਧ ਦੇ ਝਗੜੇ ਵਧਾ ਰਿਹਾ ਹੈ। ਕਈ ਆਪੋ-ਧਾਪੀ ‘ਚ ਆਪਣੇ-ਆਪਣੇ ਨਿਆਰੇ-ਨਿਆਰੇ ਧਰਮ ਚਲਾਉਣ ਵਿਚ ਲੱਗੇ ਹੋਏ ਹਨ। ਕੋਈ ਚੰਦਰਮਾ ਤੇ ਸੂਰਜ ਦੀ ਪੂਜਾ ਕਰ ਰਿਹਾ ਹੈ ਤੇ ਕੋਈ ਧਰਤੀ ਅਤੇ ਆਕਾਸ਼ ਦੀ ਪੂਜਾ ਕਰ ਰਿਹਾ ਹੈ। ਕੋਈ ਹਵਾ, ਕੋਈ ਪਾਣੀ ਤੇ ਕੋਈ ਧਰਮਰਾਜ ਨੂੰ ਮਨਾਉਣ/ਰੀਝਾਉਣ ਵਿਚ ਲੱਗਾ ਹੋਇਆ ਹੈ।ਇਸ ਤਰ੍ਹਾਂ ਕਰਕੇ ਲੋਕ ਫੋਕਟ ਕਰਮਾਂ ਅਤੇ ਭਰਮਾਂ ਵਿਚ ਪਏ ਹੋਏ ਹਨ।
ਹਰ ਪਾਸੇ ਅਗਿਆਨਤਾ ਦਾ ਘੁੱਪ ਹਨੇਰਾ ਫੈਲਿਆ ਹੋਇਆ ਸੀ। ਦੁਨੀਆਂ ਹਉਮੈ, ਈਰਖਾ, ਵੈਰ-ਵਿਰੋਧ ਦੀ ਅੱਗ ਵਿਚ ਸੜ ਰਹੀ ਸੀ। ਗੁਰੂ ਤੋਂ ਬਿਨਾਂ ਹਰ ਪਾਸੇ ਅਗਿਆਨਤਾ ਦੇ ਘੁੱਪ ਹਨੇਰੇ ਵਿਚ ਫਸੀ ਦੁਨੀਆਂ ‘ਹਾਏ ਹਾਏ’ ਕਰ ਰਹੀ ਸੀ। ਧਰਮ ਰੂਪੀ ਬਲਦ ਪਾਪਾਂ/ਵਿਕਾਰਾਂ ਦੇ ਭਾਰੀ ਬੋਝ ਥੱਲੇ ਪੁਕਾਰ ਰਿਹਾ ਸੀ, “ਮੈਨੂੰ ਬਚਾਓ, ਮੈਨੂੰ ਬਚਾਓ!” ਫਿਰ :
ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ। (ਭਾਈ ਗੁਰਦਾਸ ਜੀ, ਵਾਰ 1 : 23)
ਗੁਰੂ ਨਾਨਕ ਸਾਹਿਬ ਨੇ ਜਗਤ ਵਿਚ ਐਸਾ ਸਿੱਕਾ ਮਾਰਿਆ ਭਾਵ ਐਸੀ ਲਹਿਰ ਚਲਾਈ ਕਿ ਇਕ ਸੱਚਾ ਤੇ ਸੁੱਚਾ ਨਿਰਮਲ ਪੰਥ ‘ਸਿੱਖ ਧਰਮ’ ਚਲਾ ਦਿੱਤਾ ਜੋ ਸਭ ਤੋਂ ਨਿਆਰਾ ਤੇ ਪਿਆਰਾ ਹੈ, ਜੋ ਅਗਿਆਨਤਾ ਦੇ ਘੁੱਪ ਹਨੇਰੇ ਨੂੰ ਖ਼ਤਮ ਕਰਦਾ ਹੈ ਜਿਵੇਂ ਸੂਰਜ ਦੇ ਨਿਕਲਣ ਨਾਲ ਅੰਧੇਰਾ ਦੂਰ ਹੋ ਜਾਂਦਾ ਹੈ। ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਪਵਿੱਤਰ ਉਪਦੇਸ਼ ਨੂੰ ਸੁਣਿਆ-ਮੰਨਿਆ ਹੈ ਉਹ ਈਰਖਾ, ਵੈਰ-ਵਿਰੋਧ, ਫੋਕਟ ਕਰਮਾਂ, ਹਉਮੈ-ਅਹੰਕਾਰ ਵਰਗੇ ਦਲਦਲ ਭਰੇ ਅਗਿਆਨਤਾ ਦੇ ਡੂੰਘੇ ਸਮੁੰਦਰ ਵਿਚ ਡਿੱਗਣੋਂ ਬਚ ਗਏ।
ਅੱਜ ਹਰ ਕੋਈ ਆਪਣੇ ਆਪ ਨੂੰ ਸਿੱਖ ਨਹੀਂ ਬਲਕਿ ਗੁਰੂ ਅਖਵਾਉਣ ਲਈ ਹੱਥ-ਪੈਰ ਮਾਰ ਰਿਹਾ ਹੈ ਜਿਸ ਕਰਕੇ ਅੱਜ ਚੇਲੇ-ਬਾਲਿਆਂ ਨਾਲੋਂ ਗੁਰੂਆਂ ਦੀ ਗਿਣਤੀ ਵਧੇਰੇ ਹੋ ਗਈ ਹੈ। ਅੱਜ ਦੀ ਇਹ ਗੱਲ ਸੱਚ ਹੈ :
ਚੇਲੇ ਸਾਜ ਵਜਾਇਦੇ ਨਚਨਿ ਗੁਰੂ ਬਹੁਤੁ ਬਿਧਿ ਭਾਈ।
ਚੇਲੇ ਬੈਠਨਿ ਘਰਾਂ ਵਿਚਿ ਗੁਰਿ ਉਠਿ ਘਰੀਂ ਤਿਨਾੜੇ ਜਾਈ। (ਭਾਈ ਗੁਰਦਾਸ ਜੀ, ਵਾਰ 1 : 30)
ਚੇਲੇ ਸਾਜ਼ ਵਜਾ ਰਹੇ ਹਨ ਤੇ ਗੁਰੂ ਮਾਇਆ ਇਕੱਠੀ ਕਰਨ ਵਾਸਤੇ ਕਈ- ਕਈ ਤਰੀਕਿਆਂ ਨਾਲ ਨੱਚ ਰਹੇ ਹਨ। ਇਥੋਂ ਤਕ ਕਿ ਚੇਲੇ ਤਾਂ ਘਰੀਂ ਬੈਠੇ ਹਨ, ਪਰ ਗੁਰੂ ਆਪ ਚੱਲ ਕੇ ਉਨ੍ਹਾਂ ਦੇ ਘਰੀਂ ਜਾਂਦੇ ਹਨ ਕਿ ਕਿਤੇ ਮੇਰੀ ਸਿੱਖੀ-ਸੇਵਕੀ ਨਾ ਘਟ ਜਾਵੇ ਤੇ ਮਾਇਆ ਦੀ ਥੁੜ ਨਾ ਆ ਜਾਵੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਗ਼ਲਤ ਭਾਵ ਮਨ-ਮਰਜ਼ੀ ਦੇ ਅਰਥ ਕਰ ਕੇ ਅੱਜ ਇਹ ਪਾਖੰਡੀ ਗੁਰੂ ਆਪਣਾ ਹਲਵਾ-ਮੰਡਾ ਚਲਾ ਰਹੇ ਹਨ ਤੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਕਈ ਵਾਰ ਤਾਂ ਉਹ ਕਥਾ ਕਰਦੇ ਇਹ ਵੀ ਨਹੀਂ ਦੱਸਦੇ ਕਿ ਇਹ ਪੰਕਤੀਆਂ, ਇਹ ਉਪਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਲਏ ਗਏ ਹਨ। ਨੂਰਮਹਿਲੀਏ ਦੇ ਇਕ ਚੇਲੇ ਨਾਲ ਮੇਰੀ ਵਿਚਾਰ ਹੋਈ। ਉਸ ਨੇ ਕਿਹਾ, “ਰੱਬ ਨੂੰ ਮਿਲਣ ਵਾਸਤੇ ਜੁਗਤੀ ਲੱਭਣੀ ਪੈਂਦੀ ਹੈ। ਅਖੇ! ਜਿਵੇਂ ਸਾਡੇ ਆਸ਼ੂਤੋਸ਼ ਮਹਾਰਾਜ ਜੀ ਦੱਸਦੇ ਹਨ ਕਿ ‘ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ।’ ਜਿਵੇਂ ਸਾਰੀ ਬਨਸਪਤੀ ਭਾਵ ਹਰ ਲੱਕੜ ਵਿਚ ਅੱਗ ਤੇ ਹਰ ਦੁੱਧ ਵਿਚ ਘਿਉ ਹੁੰਦਾ ਹੈ, ਪਰ ਲੱਕੜ ‘ਚੋਂ ਅੱਗ ਤੇ ਦੁੱਧ ਵਿੱਚੋਂ ਘਿਉ ਪੈਦਾ ਜੁਗਤੀ ਨਾਲ ਹੀ ਕੀਤਾ ਜਾਂਦਾ ਹੈ।”
ਮੈਂ ਕਿਹਾ, “ਭਾਈ, ਇਹ ਉਪਦੇਸ਼ ਤੇਰਾ ਆਸ਼ੂਤੋਸ਼ ਨਹੀਂ ਦਿੰਦਾ, ਇਹ ਉਪਦੇਸ਼ ਤਾਂ ਗੁਰੂ ਅਰਜਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 617 ਉੱਪਰ ਦਿੰਦੇ ਹਨ।” ਉਸ ਨੂੰ ਜਦੋਂ ਇਹ ਸਾਰਾ ਸ਼ਬਦ ਸੁਣਾਇਆ ਤਾਂ ਉਹ ਸ਼ਰਮ ਜਿਹੀ ਮਹਿਸੂਸ ਕਰਦਾ ਚੁੱਪ ਕਰ ਕੇ ਤੁਰ ਗਿਆ।
ਇਉਂ ਹੀ ਕਈ ਅਖੌਤੀ ਗੁਰੂਆਂ ਨੇ ਆਪਣੀ ਕੱਚੀ-ਪਿੱਲੀ ਤੁਕਬੰਦੀ ਵਿਚ ਗੁਰਬਾਣੀ ਦੀਆਂ ਤੁਕਾਂ ਮਿਕਸ ਕਰ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ।
ਜੋ ਨੀਚ ਭਨਿਆਰੇ ਵਾਲੇ ਵਰਗੇ ਗੁਰੂ ਸਾਹਿਬਾਨ ਦੀ ਬਰਾਬਰੀ ਕਰਨ ਵਾਸਤੇ ਕੱਚਾ-ਪਿੱਲਾ ਗ੍ਰੰਥ ਲਿਖ ਮਾਰਦੇ ਹਨ ਉਨ੍ਹਾਂ ਬਾਰੇ ਸ੍ਰੀ ਗੁਰੂ ਰਾਮਦਾਸ ਜੀ ਫ਼ਰਮਾਉਂਦੇ ਹਨ ਕਿ ਉਨ੍ਹਾਂ ਦਾ ਇਹ ਸਭ ਕੁਝ ਕਰਨ ਪਿੱਛੇ ਕੀ ਰਾਜ਼ ਹੈ ਅਤੇ ਨਾਲ ਹੀ ਉਹ ਇਹ ਵੀ ਫ਼ਰਮਾਉਂਦੇ ਹਨ ਕਿ ਉਨ੍ਹਾਂ ਦੀ ਕੀ ਹਾਲਤ ਹੁੰਦੀ ਹੈ :
ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ॥
ਓਨਾ੍ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ॥ (ਪੰਨਾ 304)
ਭਾਵ ਜੋ ਕੂੜ ਦੇ ਵਪਾਰੀ ਸਤਿਗੁਰੂ ਦੀ ਰੀਸ ਕਰ ਕੇ ਕੱਚੀ-ਪਿੱਲੀ ਬਾਣੀ ਉਚਾਰਦੇ ਹਨ ਉਨ੍ਹਾਂ ਦੇ ਹਿਰਦੇ ਵਿਚ ਕੂੜ ਹੋਣ ਕਰਕੇ ਉਹ ਸਫਲ ਨਹੀਂ ਹੁੰਦੇ ਭਾਵ ਉਹ ਸਤਿਗੁਰੂ ਜੀ ਦੀ ਬਰਾਬਰਤਾ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਦੇ ਹਿਰਦੇ ਵਿਚ ਕੁਝ ਹੋਰ ਹੁੰਦਾ ਹੈ ਤੇ ਬਾਹਰੋਂ ਕੁਝ ਹੋਰ ਬੋਲਦੇ ਹਨ। ਸ੍ਰੀ ਗੁਰੂ ਅਮਰਦਾਸ ਜੀ ਫ਼ਰਮਾਉਂਦੇ ਹਨ :
ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ॥ (ਪੰਨਾ 491)
ਜੋ ਆਪ ਤਾਂ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਹੈ, ਪਰ ਆਪਣੇ ਆਪ ਨੂੰ ਗੁਰੂ ਅਖਵਾ ਰਿਹਾ ਹੈ, ਭਲਾ ਉਹ ਕਿਸੇ ਨੂੰ ਸਹੀ ਜੀਵਨ ਦੇ ਰਸਤੇ ‘ਤੇ ਕਿਵੇਂ ਤੋਰ ਸਕਦਾ ਹੈ ਕਿਉਂਕਿ ਉਹ ਆਪ ਤਾਂ ਗਿਆਨ ਤੋਂ ਸੱਖਣਾ ਹੈ ? ਜਿਨ੍ਹਾਂ ਮਨੁੱਖਾਂ ਦੇ ਹਿਰਦੇ ਅੰਦਰੋਂ ਛਲ-ਕਪਟਾਂ ਨਾਲ ਭਰੇ ਹੋਣ ਤੇ ਬਾਹਰੋਂ ਆਪ ਨੂੰ ਸੰਤ ਅਖਵਾਉਣ, ਉਨ੍ਹਾਂ ਦੇ ਅੰਦਰੋਂ ਤ੍ਰਿਸ਼ਨਾ ਨਹੀਂ ਮੁੱਕਦੀ ਤੇ ਆਖ਼ਰ ਇਸ ਸੰਸਾਰ ਤੋਂ ਹੱਥ ਮਲਦੇ ਚਲੇ ਜਾਂਦੇ ਹਨ। ਸ੍ਰੀ ਗੁਰੂ ਅਮਰਦਾਸ ਜੀ ਫ਼ਰਮਾਉਂਦੇ ਹਨ :
ਹਿਰਦੈ ਜਿਨ੍ ਕੈ ਕਪਟੁ ਵਸੈ ਬਾਹਰਹੁ ਸੰਤ ਕਹਾਹਿ॥
ਤ੍ਰਿਸਨਾ ਮੂਲਿ ਨ ਚੁਕਈ ਅੰਤਿ ਗਏ ਪਛੁਤਾਹਿ॥ (ਪੰਨਾ 491)
ਪਾਖੰਡੀ ਗੁਰੂ ਨੂੰ ਤਾੜਨਾ ਕਰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫ਼ਰਮਾਨ ਕਰਦੇ ਹਨ:
ਕਾਹੇ ਕਉ ਡਿੰਭ ਕਰੈ ਮਨ ਮੂਰਖ, ਡਿੰਭ ਕਰੇ ਅਪੁਨੀ ਪਤਿ ਖ੍ਵੈ ਹੈਂ॥
ਕਾਹੇ ਕਉ ਲੋਗ ਠਗੇ ਠਗ ਲੋਗਨਿ, ਲੋਗ ਗਯੋ ਪਰਲੋਗ ਗਵੈਂ ਹੈਂ॥
ਦੀਨ ਦਯਾਲ ਕੀ ਠੌਰ ਜਹਾਂ, ਤਿਹਿ ਠੌਰ ਬਿਖੈ ਤੁਹਿ ਠੌਰ ਨ ਹ੍ਵੈ ਹੈਂ॥
ਚੇਤ ਰੇ ਚੇਤ, ਅਚੇਤ ਮਹਾਂ ਜੜ੍ਹ, ਭੇਖ ਕੇ ਕੀਨੇ ਅਲੇਖ ਨ ਪੈ ਹੈਂ॥ (ਤੇਤੀ ਸ੍ਵੈਯੇ, ਦਸਮ ਗ੍ਰੰਥ)
ਭਾਵ ਐ ਮੂਰਖ! ਪਾਖੰਡ ਕਰ-ਕਰ ਕੇ ਕਿਉਂ ਮਹਾਤਮਾ ਬਣ-ਬਣ ਬੈਠਦਾ ਹੈਂ? ਇਨ੍ਹਾਂ ਪਾਖੰਡਾਂ ਨਾਲ ਤੂੰ ਆਪਣੀ ਇੱਜ਼ਤ-ਪੱਤ ਗਵਾ ਰਿਹਾ ਹੈਂ। ਤੂੰ ਦੁਨੀਆਂ ਨੂੰ ਠੱਗਣ ਤੇ ਧੋਖਾ ਦੇਣ ਨਾਲ ਆਪਣਾ ਲੋਕ ਤੇ ਪਰਲੋਕ ਭਾਵ ਦੁਨਿਆਵੀ ਇੱਜ਼ਤ-ਮਾਣ ਅਤੇ ਆਤਮਕ ਰੁਤਬਾ ਗਵਾ ਰਿਹਾ ਹੈਂ। ਜਿੱਥੇ ਦੀਨਾਂ ਉੱਤੇ ਤਰਸ ਕਰਨ ਵਾਲਾ ਅਕਾਲ ਪੁਰਖ ਆਪ ਹੋਵੇ ਉਥੇ ਤੈਨੂੰ ਕੋਈ ਇੱਜ਼ਤ-ਰੁਤਬਾ ਨਹੀਂ ਮਿਲ ਸਕਦਾ। ਐ ਮੂਰਖ! ਐ ਪਾਖੰਡੀ ਸਾਧ! ਕੁਝ ਹੋਸ਼ ਕਰ, ਹੋਸ਼ ਕਰ, ਕਿਉਂਕਿ ਇਨ੍ਹਾਂ ਭੇਖਾਂ/ਪਾਖੰਡਾਂ ਨਾਲ ਤੂੰ ਉਸ ਅਲੇਖ ਅਕਾਲ ਪੁਰਖ, ਵਾਹਿਗੁਰੂ ਨੂੰ ਪ੍ਰਾਪਤ ਨਹੀਂ ਕਰ ਸਕਦਾ।
ਅਖੌਤੀ ਸਾਧ-ਸਾਧਣੀਆਂ ਭੋਲੇ-ਭਾਲੇ ਲੋਕਾਂ ਨੂੰ ਤੰਤ੍ਰ-ਮੰਤ੍ਰ ਦੇ ਭਰਮ-ਜਾਲ ਵਿਚ ਫਸਾ ਕੇ ਉਨ੍ਹਾਂ ਨੂੰ ਲੁੱਟ ਰਹੇ ਹਨ ਤੇ ਆਪਸ ਵਿਚ ਲੜਾ-ਭਿੜਾ ਰਹੇ ਹਨ। ਭਾਈ ਗੁਰਦਾਸ ਜੀ ਦੱਸਦੇ ਹਨ :
ਸਤਿਗੁਰ ਸਬਦ ਸੁਰਤਿ ਲਿਵ ਮੂਲ ਮੰਤ੍ਰ, ਆਨ ਤੰਤ੍ਰ ਮੰਤ੍ਰ ਕੀ ਨ ਸਿਖਨ ਪ੍ਰਤੀਤ ਹੈ। (ਕਬਿੱਤ, 183)
ਭਾਵ ਗੁਰਸਿੱਖ ਸਤਿਗੁਰ ਦੇ ਸ਼ਬਦ ਵਿਚ ਲਿਵ ਜੋੜ ਕੇ ‘ਮੂਲ ਮੰਤ੍ਰ’ ਦਾ ਅਭਿਆਸ ਕਰਦੇ ਹਨ, ਕਿਉਂਕਿ ਸਿੱਖਾਂ ਨੂੰ ਕਿਸੇ ਹੋਰ ਮੰਤ੍ਰ ਤੰਤ੍ਰ ਦੀ ਪ੍ਰਤੀਤ ਨਹੀਂ। ਕਲਗੀਧਰ ਪਾਤਸ਼ਾਹ ‘ਦਸਮ ਗ੍ਰੰਥ’ ਵਿਚ ਬਖਸ਼ਿਸ਼ ਕਰਦੇ ਹਨ :
ਜੰਤ੍ਰ ਮੰਤ੍ਰ ਤੰਤ੍ਰ ਨ ਰਿਝਾਯਾ॥
ਭੇਖ ਕਰਤ ਕਿਨਹੂੰ ਨਹਿ ਪਾਯਾ॥17॥ (ਚਉਬੀਸ ਅਵਤਾਰ, ਦਸਮ ਗ੍ਰੰਥ)
ਜੋ ਮਨੁੱਖ ਇਕ ਅਕਾਲ ਪੁਰਖ ਨੂੰ ਛੱਡ ਕੇ ਬੁੱਤਾਂ ਨੂੰ ਰੱਬ ਸਮਝਦੇ ਹਨ, ਮੁਰਦਿਆਂ ਜਾਂ ਕਬਰਾਂ ਨੂੰ ਪੂਜਦੇ ਹਨ ਉਨ੍ਹਾਂ ਦੇ ਇਸ ਫੋਕਟ ਕਰਮ ਬਾਰੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਇਸ ਤਰ੍ਹਾਂ ਫ਼ਰਮਾਉਂਦੇ ਹਨ :
ਕੋਊ ਬੁਤਾਨ ਕੋ ਪੂਜਤ ਹੈ ਪਸੁ ਕੋਊ ਮ੍ਰਿਤਾਨ ਕੋ ਪੂਜਨ ਧਾਇਓ॥
ਕੂਰ ਕ੍ਰਿਆ ਉਰਝਿਓ ਸਭਹੀ ਜਗ ਸ੍ਰੀ ਭਗਵਾਨ ਕੋ ਭੇਦੁ ਨ ਪਾਇਓ॥ (ਤ੍ਵਪ੍ਰਸਾਦਿ ਸਵੱਯੇ)
ਜੋ ਪਾਖੰਡੀ ਸਾਧ-ਸਾਧਣੀਆਂ ਆਪਣੇ ਉੱਪਰ ਗੁਰੂ-ਪੀਰਾਂ ਦਾ ਪਹਿਰਾ ਆਉਣ ਦਾ ਢੌਂਗ ਰਚੀ ਬੈਠੇ ਹਨ, ਉਨ੍ਹਾਂ ਦੇ ਡੇਰਿਆਂ ‘ਤੇ ਵਧੇਰੇ ਕਰਕੇ ਪੂਰੇ ਸਿੱਖੀ ਲਿਬਾਸ ਵਿਚ ਵੀ ਕਈ ਲੋਕ ਹਾਜ਼ਰੀ ਭਰਦੇ ਵੇਖੇ ਜਾ ਸਕਦੇ ਹਨ। ਐਸੇ ਲੋਕ ਭਨਿਆਰੇ ਵਾਲੇ ਪਾਖੰਡੀ ਸਾਧਾਂ ਨੂੰ ਮਸ਼ਹੂਰ ਕਰਨ ਵਿਚ ਸਹਾਇਤਾ ਕਰਦੇ ਹਨ।
ਸਾਡੇ ਇਲਾਕੇ ਵਿਚ ਇਕ ਮਾਈ ਆਪਣੇ ਸਿਰ ‘ਚ ਸੈਣ ਭਗਤ ਜੀ ਆਉਣ ਦਾ ਢੌਂਗ ਰਚੀ ਬੈਠੀ ਹੈ। ਜਦੋਂ ਮੇਰੀ ਉਸ ਨਾਲ ਮੁਲਾਕਾਤ ਹੋਈ ਤਾਂ ਮੈਂ ਨਿਮਾਣਾ ਜਿਹਾ ਹੋ ਕੇ ਕਿਹਾ, “ਬਾਬਾ ਜੀ! ਸਾਨੂੰ ਵੀ ਕੁਝ ਦੱਸੋ ?”
ਉਹ ਕਹਿਣ ਲੱਗੀ, “ਅਜੇ ਬਾਬਾ ਜੀ ਗਏ ਹਨ।” ਫਿਰ ਥੋੜ੍ਹੀ ਦੇਰ ਬਾਅਦ ਚਾਰ ਕੁ ਵਿੰਗੀਆਂ-ਟੇਢੀਆਂ ਉਬਾਸੀਆਂ ਲੈ ਕੇ ਕਹਿਣ ਲੱਗੀ, “ਪੁੱਛੋ! ਬਾਬਾ ਜੀ ਆ ਗਏ ਹਨ।”
ਮੈਂ ਕਿਹਾ, “ਕਿਹੜੇ ਬਾਬਾ ਜੀ?”
“ਸੈਣ ਭਗਤ ਜੀ।”
“ਧੰਨ ਭਾਗ, ਧੰਨ ਭਾਗ, ਬੜੀ ਕਿਰਪਾ ਕੀਤੀ ਜੇ ਭਗਤ ਜੀ! ਮੈਂ ਆਪ ਜੀ ਦੇ ਸ਼ਬਦ ਗੁਰਬਾਣੀ ਅੰਦਰ ਪੜ੍ਹਦਾ ਹਾਂ, ਬੜਾ ਹੀ ਅਨੰਦ ਆਉਂਦਾ ਹੈ। ਅੱਜ ਮੈਂ ਆਪ ਜੀ ਦੇ ਮੁੱਖ ਤੋਂ ਗੁਰਬਾਣੀ ਵਿੱਚੋਂ ਆਪ ਜੀ ਦਾ ਕੋਈ ਸ਼ਬਦ ਸੁਣਨਾ ਚਾਹੁੰਦਾ ਹਾਂ।” ਮਾਈ ਬੋਲੀ, “ਕੁਝ ਹੋਰ ਪੁੱਛੋ!” ਮੈਂ ਆਪਣੀ ਇਸ ਜ਼ਿਦ ‘ਤੇ ਅੜਿਆ ਰਿਹਾ। ਉਸ ਨੇ ਫੇਰ ਚਾਰ ਕੁ ਉਬਾਸੀਆਂ ਲਈਆਂ ਤੇ ਕਹਿਣ ਲੱਗੀ, “ਤੁਸੀਂ ਸਾਡਾ ਅੰਤ ਲੈਣ ਆਏ ਸੀ, ਇਸ ਵਾਸਤੇ ਭਗਤ ਜੀ ਨਰਾਜ਼ ਹੋ ਕੇ ਚਲੇ ਗਏ।” ਇਸ ਤਰ੍ਹਾਂ ਉਸ ਮਾਈ ਦੇ ਪਾਖੰਡ ਦਾ ਭਾਂਡਾ ਸੰਗਤਾਂ ਦੇ ਸਾਹਮਣੇ ਭੰਨਿਆ। ਇਸੇ ਤਰ੍ਹਾਂ ਇਕ ਹੋਰ ਬੀਬੀ ਜੋ ਕਹਿੰਦੀ ਸੀ ਕਿ ਮੇਰੇ ‘ਤੇ ਬਾਬਾ ਦੀਪ ਸਿੰਘ ਜੀ ਦਾ ਪਹਿਰਾ ਆਉਂਦਾ ਹੈ ਉਸ ਨੂੰ ਵੀ ਭਰੀ ਸੰਗਤ ਵਿਚ ਪੁੱਛਿਆ ਕਿ “ਆਪ ਜੀ ਕੌਣ ਹੋ?” ਜਵਾਬ ਮਿਲਿਆ, “ਬਾਬਾ ਦੀਪ ਸਿੰਘ ਸ਼ਹੀਦ।”
ਮੈਂ ਜਾਣ-ਬੁੱਝ ਕੇ ਦੋਵੇਂ ਹੱਥ ਜੋੜ ਕੇ ਬੜੇ ਤਰਲੇ ਨਾਲ ਕਿਹਾ, “ਬਾਬਾ ਜੀ! ਮੇਰੇ ਸ਼ੰਕੇ ਨਵਿਰਤ ਕਰੋ। ਇਕ ਮੈਨੂੰ ਇਹ ਦੱਸੋ ਤੁਹਾਡੀ ਸ਼ਹੀਦੀ ਕਿਸ ਜਰਨੈਲ ਦੇ ਹੱਥੋਂ ਹੋਈ ਤੇ ਦੂਸਰਾ, ਆਪ ਜੀ ਨੇ ਆਪਣੇ ਜੀਵਨ-ਕਾਲ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਬੀੜਾਂ ਦਾ ਉਤਾਰਾ ਕੀਤਾ, ਆਪ ਗੁਰੂ-ਘਰ ਦੇ ਮਹਾਨ ਕਥਾਵਾਚਕ ਵੀ ਰਹੇ ਹੋ, ਕਿਰਪਾ ਕਰ ਕੇ ਮੈਨੂੰ ‘ਮੂਲ ਮੰਤਰ’ ਦੇ ਸਹੀ-ਸਹੀ ਅਰਥ ਕਰ ਕੇ ਦੱਸ ਦਿਓ?”
ਏਨੀ ਗੱਲ ਆਖਣ ਦੀ ਦੇਰ ਸੀ ਕਿ ਬੀਬੀ ਕਹਿਣ ਲੱਗੀ, “ਬਾਬਾ ਜੀ ਕਿਸੇ ਹੋਰ ਸਿੱਖ ਵੱਲ ਚਲੇ ਗਏ ਹਨ।” ਮੈਂ ਸੰਗਤ ਨੂੰ ਦੱਸਿਆ ਕਿ ਵੇਖ ਲਓ! ਬੀਬੀ ਜੀ ਕਿਵੇਂ ਝੂਠ ਬੋਲ ਰਹੇ ਹਨ! ਨਾ ਕੋਈ ਬਾਬਾ ਆਉਂਦਾ ਹੈ ਤੇ ਨਾ ਕੋਈ ਜਾਂਦਾ ਹੈ। ਇਹ ਸਭ ਪਾਖੰਡ ਕਰ-ਕਰ ਕੇ ਸਾਨੂੰ ਲੁੱਟ ਰਹੇ ਹਨ ਤੇ ਅਸੀਂ ਲੁਟਾ ਰਹੇ ਹਾਂ।
ਸਿਰਸੇ ਵਿਚ ਚਲ ਰਹੇ ਡੇਰੇ (ਸੱਚਾ ਸੌਦਾ) ਬਾਰੇ 21 ਜੂਨ 2007 ਦੇ ਰੋਜ਼ਾਨਾ ਅਜੀਤ ਅਨੁਸਾਰ ਡੇਰੇ ਦਾ ਮੁਖੀ ਸ਼ਾਹ ਮਸਤਾਨ ਸੀ, ਜਿਸ ਨੇ ਸਾਵਣ ਸਿੰਘ (ਰਾਧਾ ਸੁਆਮੀ ਬਿਆਸ) ਕੋਲੋਂ ਕੰਨ ਵਿਚ ‘ਜੋਤ ਨਿਰੰਜਨ ਓਅੰਕਾਰ, ਨਰੰਕਾਰ, ਸੋਹੰ, ਸਤਿਨਾਮ’ ਦਾ ਨਾਮ-ਸ਼ਬਦ ਲਿਆ ਤੇ ਉਸ ਦੇ ਕਹਿਣ ’ਤੇ ਹੀ ਇਸ ਨੇ ਸਿਰਸੇ ਵਿਚ ਡੇਰਾ ਪਾ ਲਿਆ, ਜਿਸ ਦਾ ਨਾਮ ਰੱਖਿਆ ‘ਸੱਚਾ ਸੌਦਾ’। ਬਾਂਗਰ ਦੇ ਗ਼ਰੀਬ ਲੋਕਾਂ ਨੂੰ ਧਨ ਦਾ ਲਾਲਚ ਦੇ ਕੇ ਤੇ ਝੂਠ-ਫ਼ਰੇਬ ਦੇ ਸਹਾਰੇ ਆਪਣੀ ਦੁਕਾਨਦਾਰੀ ਅਤੇ ਸ਼ਰਧਾਲੂਆਂ ਦੀ ਗਿਣਤੀ ਵਧਾ ਲਈ।
ਸ਼ਾਹ ਮਸਤਾਨ ਦੇ ਮਗਰੋਂ ਇਸ ਡੇਰੇ ਦਾ ਮੁਖੀ ਸਤਿਨਾਮ ਸਿੰਘ ਬਣਿਆ ਜਿਸ ਨੇ ਆਪਣੇ ਸ਼ਰਧਾਲੂਆਂ ਨੂੰ ਰਾਧਾ ਸੁਆਮੀ ਦਾ ਨਾਮ ਸ਼ਬਦ ਦੇਣ ਦੀ ਬਜਾਇ ਆਪਣਾ ਬਣਾਇਆ (ਸਤਿ ਪੁਰਖ, ਨਿਰੰਕਾਰ, ਅਕਾਲ ਮੂਰਤਿ, ਅਬਿਨਾਸ਼ੀ ਸ਼ਬਦ ਸਰੂਪੀ, ਰਾਮ) ਨਾਮ ਕੰਨ ਵਿਚ ਦੇਣਾ ਅਰੰਭ ਕੀਤਾ। ਮਰਨ ਤੋਂ ਪਹਿਲਾਂ ਹੀ ਆਪਣੀ ਡੁਗਡੁਗੀ ਵਜਾਉਣ ਦੀ ਜ਼ਿੰਮੇਵਾਰੀ ਭਾਵ ਗੱਦੀ ਗੁਰਮੀਤ ਸਿੰਘ ਨੂੰ ਸੌਂਪ ਗਿਆ। ‘ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪ’, ਇਸ ਅਖੌਤ ’ਤੇ ਪਹਿਰਾ ਦੇਂਦਿਆਂ ਇਸ ਨੇ ਆਪਣਾ ਨਾਮ ਗੁਰਮੀਤ ਸਿੰਘ ਤੋਂ ਬਦਲ ਕੇ ‘ਗੁਰਮੀਤ ਰਾਮ ਰਹੀਮ ਸਿੰਘ’ ਰੱਖ ਲਿਆ ਤਾਂ ਜੋ ਹਿੰਦੂ, ਸਿੱਖ, ਇਸਲਾਮ ਆਦਿ ਧਰਮ ਨਾਲ ਸੰਬੰਧਤ ਭੋਲੇ-ਭਾਲੇ ਲੋਕਾਂ ਨੂੰ ਸੌਖ ਨਾਲ ਵਰਗਲਾਇਆ ਜਾ ਸਕੇ। ਇਥੇ ਹੀ ਬਸ ਨਹੀਂ, ਇਸ ਨੇ ਵੀ ਆਪਣੇ ਅਖੌਤੀ ਗੁਰੂ ਸਤਨਾਮ ਸਿੰਘ ਵੱਲੋਂ ਦਿੱਤੇ ਜਾਂਦੇ ਨਾਮ- ਦਾਨ ਦੇ ਉਲਟ ਆਪਣਾ ਬਣਾਇਆ (ਸਤਿ ਪੁਰਖ, ਅਕਾਲ ਮੂਰਤ ਸ਼ਬਦ ਸਰੂਪੀ ਰਾਮ) ਨਾਮ-ਦਾਨ ਵਜੋਂ ਦੇਣਾ ਸ਼ੁਰੂ ਕੀਤਾ। ਕਹਿਣ ਦਾ ਭਾਵ ਕਿ ਇਸ ਡੇਰੇ ਦੇ ਵਾਰਸਾਂ ਨੂੰ ਨਾ ਆਪਣੇ ਅਖੌਤੀ ਦੰਭੀ ਗੁਰੂ ਉੱਪਰ ਅਤੇ ਨਾ ਹੀ ਉਸ ਵੱਲੋਂ ਦਿੱਤੇ ਗਏ ਅਖੌਤੀ ਨਾਮ-ਦਾਨ ’ਤੇ ਭਰੋਸਾ ਅਤੇ ਯਕੀਨ ਹੈ ਜਿਸ ਤੋਂ ਇੰਞ ਲੱਗਦਾ ਹੈ ਕਿ ਇਕ ਨਾ ਇਕ ਦਿਨ ਇਨ੍ਹਾਂ ਦੀ ਕੂੜ-ਵਿਕਾਰਾਂ ਨਾਲ ਭਰੀ ਬੇੜੀ ‘ਸੰਸਾਰ ਸਮੁੰਦਰ’ ਦੀ ਘੁੰਮਣਘੇਰੀ ਵਿਚ ਜ਼ਰੂਰ ਫਸੇਗੀ, ਜਿੱਥੋਂ ਕਿਸੇ ਦੇ ਵੀ ਬਚਣ ਦੀ ਆਸ ਨਹੀਂ ਹੋਵੇਗੀ:
ਕੂੜੁ ਠਗੀ ਗੁਝੀ ਨਾ ਰਹੈ ਕੂੜੁ ਮੁਲੰਮਾ ਪਲੇਟਿ ਧਰੇਹੁ॥ (ਪੰਨਾ 311)
ਜਿਸ ਡੇਰੇ ਅੰਦਰ ਜੋ ਸੱਚੇ ਸੌਦੇ ਦੇ ਨਾਮ ਹੇਠ ਕੂੜ ਦਾ ਵਪਾਰ ਤੇ ਗੰਦ ਘੋਲਿਆ ਜਾਂਦਾ ਹੈ, ਉਸ ਬਾਰੇ ਇਸ ਡੇਰੇ ਦੀ ਗੁੰਮਨਾਮ ਪੀੜਿਤ (ਪ੍ਰੇਮਣ/ਸਾਧਵੀ) ਵੱਲੋਂ ਤਤਕਾਲੀ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਜੀ ਨੂੰ ਲਿਖੇ ਪੱਤਰ ਨੂੰ ਪੜ੍ਹਨ- ਸੁਣਨ ’ਤੇ ਸਪੱਸ਼ਟ ਹੋ ਜਾਂਦਾ ਹੈ ਜਿਸ ਦੀ ਹੂ-ਬ-ਹੂ ਨਕਲ ਹੇਠ ਲਿਖੇ ਅਨੁਸਾਰ ਹੈ:
ਵੱਲ
ਪ੍ਰਧਾਨ ਮੰਤਰੀ
ਸ੍ਰੀ ਅਟਲ ਬਿਹਾਰੀ ਵਾਜਪਾਈ
ਵਿਸ਼ਾ : ਸੱਚੇ ਸੌਦੇ ਵਾਲੇ ਮਹਾਰਾਜ ਵੱਲੋਂ ਸੈਂਕੜੇ ਕੁੜੀਆਂ ਨਾਲ ਕੀਤੇ ਬਲਾਤਕਾਰਾਂ ਦੀ ਜਾਂਚ ਸੰਬੰਧੀ।
ਸ੍ਰੀ ਮਾਨ ਜੀ,
ਮੈਂ ਪੰਜਾਬ ਦੀ ਰਹਿਣ ਵਾਲੀ ਇਕ ਲੜਕੀ ਹਾਂ। ਮੈਂ ਡੇਰਾ ਸੱਚਾ ਸੌਦਾ ਸਿਰਸਾ (ਹਰਿਆਣਾ) ਵਿਚ ਸਾਧਵੀ ਦੇ ਤੌਰ ’ਤੇ ਪਿਛਲੇ ਪੰਜ ਸਾਲ ਤੋਂ ਸੇਵਾ ਕਰ ਰਹੀ ਹਾਂ। ਮੈਥੋਂ ਬਿਨਾਂ ਇਸ ਡੇਰੇ ਵਿਚ ਹੋਰ ਵੀ ਕੁੜੀਆਂ ਹਨ, ਜਿਹੜੀਆਂ ਹਰ ਰੋਜ਼ 18 ਘੰਟੇ ਕੰਮ ਕਰਦੀਆਂ ਹਨ। ਪਰ ਸਾਡਾ ਇਥੇ ਸਰੀਰਕ ਸ਼ੋਸ਼ਣ ਹੁੰਦਾ ਹੈ। ਡੇਰੇ ਦੇ ਮਹਾਰਾਜ ਗੁਰਮੀਤ ਸਿੰਘ ਕੁੜੀਆਂ ਨਾਲ ਬਲਾਤਕਾਰ ਕਰਦੇ ਹਨ।
ਮੈਂ ਬੀ.ਏ. ਪਾਸ ਹਾਂ। ਮੇਰੇ ਪਰਵਾਰ ਦੀ ਮਹਾਰਾਜ ਵਿਚ ਅੰਨ੍ਹੀ ਸ਼ਰਧਾ ਹੈ। ਉਨ੍ਹਾਂ ਦੇ ਕਹਿਣ ’ਤੇ ਹੀ ਮੈਂ ਸਾਧਵੀ ਬਣੀ। ਸਾਧਵੀ ਬਣਨ ਤੋਂ ਦੋ ਸਾਲ ਬਾਅਦ ਮਹਾਰਾਜ ਗੁਰਮੀਤ ਦੀ ‘ਖ਼ਾਸ’ ਚੇਲੀ ਸਾਧਵੀ ਗੁਰਜੋਤ ਰਾਤੀਂ 10 ਵਜੇ ਮੇਰੇ ਕੋਲ ਆਈ ਅਤੇ ਮੈਨੂੰ ਕਿਹਾ ਕਿ ‘ਮਹਾਰਾਜ’ ਨੇ ਤੈਨੂੰ ਆਪਣੀ ਗੁਫਾ ਵਿਚ ਬੁਲਾਇਆ ਹੈ। ਤੇ ਮੈਂ ਬੜੀ ਖੁਸ਼ ਹੋਈ ਕਿ ਮਹਾਰਾਜ ਨੇ ਖ਼ੁਦ ਮੈਨੂੰ ਬੁਲਾਇਆ ਹੈ। ਮੈਂ ਪਹਿਲੀ ਵਾਰ ਉਨ੍ਹਾਂ ਕੋਲ ਜਾ ਰਹੀ ਸੀ।
ਮੈਂ ਜਦੋਂ ਪੌੜੀਆਂ ਉਤਰ ਕੇ ਥੱਲੇ ਗਈ ਅਤੇ ਮਹਾਰਾਜ ਦੀ ਗੁਫਾ ਵਿਚ ਦਾਖ਼ਲ ਹੋਈ ਤਾਂ ਦੇਖਿਆ ਕਿ ਮਹਾਰਾਜ ਬੈੱਡ ’ਤੇ ਬੈਠੇ ਸਨ। ਉਨ੍ਹਾਂ ਨੇ ਹੱਥ ਵਿਚ ਟੀ.ਵੀ. ਦਾ ਰਿਮੋਟ ਫੜਿਆ ਹੋਇਆ ਸੀ ਤੇ ਉਹ ਬਲੂ (ਅਸ਼ਲੀਲ) ਫਿਲਮ ਦੇਖ ਰਹੇ ਸਨ। ਉਨ੍ਹਾਂ ਦੇ ਸਿਰ੍ਹਾਣੇ ਦੇ ਨਾਲ ਬੈੱਡ ’ਤੇ ਰਿਵਾਲਵਰ ਪਿਆ ਸੀ।
ਇਹ ਸਾਰਾ ਕੁਝ ਦੇਖ ਕੇ ਮੈਂ ਘਬਰਾ ਗਈ। ਮੈਂ ਮਹਾਰਾਜ ਦੇ ਅਜਿਹੇ ਕਿਰਦਾਰ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਮਹਾਰਾਜ ਨੇ ਟੀ.ਵੀ. ਬੰਦ ਕਰ ਦਿੱਤਾ ਤੇ ਮੈਨੂੰ ਆਪਣੇ ਕੋਲ ਬਿਠਾ ਲਿਆ। ਮਹਾਰਾਜ ਨੇ ਮੈਨੂੰ ਪਾਣੀ ਪਿਲਾਇਆ ਅਤੇ ਕਿਹਾ ਕਿ ਉਨ੍ਹਾਂ ਨੇ ਮੈਨੂੰ ਇਸ ਕਰਕੇ ਬੁਲਾਇਆ ਹੈ ਕਿ ਉਹ ਮੈਨੂੰ ਆਪਣੇ ਕਰੀਬ ਸਮਝਦੇ ਹਨ। ਮੇਰਾ ਇਹ ਪਹਿਲਾ ਅਨੁਭਵ ਸੀ। ਮਹਾਰਾਜ ਨੇ ਮੈਨੂੰ ਆਪਣੀ ਜਕੜ ਵਿਚ ਲੈ ਲਿਆ ਅਤੇ ਕਿਹਾ ਕਿ ਉਹ ਮੈਨੂੰ ਆਪਣੇ ਦਿਲ ਦੀ ਗਹਿਰਾਈ ’ਚੋਂ ਪਿਆਰ ਕਰਦੇ ਹਨ। ਮਹਾਰਾਜ ਨੇ ਇਹ ਵੀ ਕਿਹਾ ਕਿ ਉਹ ਮੇਰੇ ਨਾਲ ਪਿਆਰ ਕਰਨਾ ਚਾਹੁੰਦੇ ਹਨ। ਮਹਾਰਾਜ ਨੇ ਮੈਨੂੰ ਕਿਹਾ ਕਿ ਮੈਂ ਉਨ੍ਹਾਂ ਦੀ ਚੇਲੀ ਬਣਨ ਵੇਲੇ ਆਪਣਾ ਤਨ ਮਨ ਧਨ ਉਨ੍ਹਾਂ ਨੂੰ ਸੌਂਪ ਚੁੱਕੀ ਹਾਂ ਅਤੇ ਉਨ੍ਹਾਂ ਨੇ ਮੇਰੀ ਭੇਟਾ ਸਵੀਕਾਰ ਕਰ ਲਈ ਹੈ।
ਜਦੋਂ ਮੈਂ ਇਤਰਾਜ਼ ਕੀਤਾ ਤਾਂ ਮਹਾਰਾਜ ਬੋਲੇ, ‘ਇਸ ’ਚ ਕੋਈ ਸ਼ੱਕ ਨਹੀਂ ਕਿ ਮੈਂ ਰੱਬ ਹਾਂ।’ ਜਦੋਂ ਮੈਂ ਪੁੱਛਿਆ ਕਿ ‘ਕੀ ਰੱਬ ਵੀ ਅਜਿਹੇ ਕੰਮ ਕਰਦੇ ਹਨ?’ ਤਾਂ ਮਹਾਰਾਜ ਬੋਲੇ:
1. ਸ੍ਰੀ ਕ੍ਰਿਸ਼ਨ ਵੀ ਭਗਵਾਨ ਸਨ, ਉਨ੍ਹਾਂ ਕੋਲ 360 ਗੋਪੀਆਂ ਸਨ ਜਿਨ੍ਹਾਂ ਨਾਲ ਉਹ ਪ੍ਰੇਮ-ਲੀਲ੍ਹਾ ਰਚਾਉਂਦੇ ਸਨ। ਤਾਂ ਵੀ ਲੋਕ ਉਨ੍ਹਾਂ ਨੂੰ ਰੱਬ ਮੰਨਦੇ ਸਨ। ਇਸ ਵਿਚ ਕੋਈ ਹੈਰਾਨ ਹੋਣ ਵਾਲੀ ਗੱਲ ਨਹੀਂ ਹੈ।
2. ਮੈਂ ਤੈਨੂੰ ਇਸ ਰਿਵਾਲਵਰ ਨਾਲ ਮਾਰ ਸਕਦਾ ਹਾਂ ਤੇ ਇੱਥੇ ਹੀ ਤੇਰੀ ਲਾਸ਼ ਦਬਾ ਸਕਦਾ ਹਾਂ। ਤੇਰੇ ਪਰਵਾਰ ਵਾਲੇ ਮੇਰੇ ਪੱਕੇ ਸ਼ਰਧਾਲੂ ਹਨ ਤੇ ਉਨ੍ਹਾਂ ਨੂੰ ਮੇਰੇ ’ਤੇ ਅੰਨ੍ਹਾ ਵਿਸ਼ਵਾਸ ਹੈ। ਤੈਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਤੇਰੇ ਪਰਵਾਰ ਵਾਲੇ ਮੇਰੇ ਵਿਰੁੱਧ ਨਹੀਂ ਜਾ ਸਕਦੇ।
3. ਸਰਕਾਰਾਂ ’ਤੇ ਵੀ ਮੇਰਾ ਚੰਗਾ ਅਸਰ ਹੈ। ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਕੇਂਦਰੀ ਮੰਤਰੀ ਮੈਨੂੰ ਮੱਥਾ ਟੇਕਣ ਆਉਂਦੇ ਹਨ। ਸਿਆਸਤਦਾਨ ਲੋਕ ਸਾਥੋਂ ਮਦਦ ਲੈਂਦੇ ਹਨ। ਉਹ ਸਾਥੋਂ ਪੈਸਾ ਵੀ ਲੈਂਦੇ ਹਨ। ਉਹ ਮੇਰੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਸਕਦੇ। ਅਸੀਂ ਤੇਰੇ ਪਰਵਾਰ ਵਾਲਿਆਂ ਨੂੰ ਨੌਕਰੀਆਂ ਤੋਂ ਕਢਵਾ ਦੇਵਾਂਗੇ ਅਤੇ ਆਪਣੇ ਸੇਵਾਦਾਰਾਂ ਤੋਂ ਮੈਂ ਉਨ੍ਹਾਂ ਨੂੰ ਕਿਤੇ ਮਰਵਾ ਖਪਾ ਦੇਵਾਂਗਾ। ਅਸੀਂ ਉਨ੍ਹਾਂ ਦੇ ਕਤਲ ਦਾ ਕੋਈ ਸਬੂਤ ਵੀ ਨਹੀਂ ਛੱਡਾਂਗੇ। ਤੈਨੂੰ ਇਹ ਪਤਾ ਹੈ ਕਿ ਪਹਿਲਾਂ ਵੀ ਅਸੀਂ ਡੇਰੇ ਦੇ ਮੈਨੇਜਰ ਫਕੀਰ ਚੰਦ ਨੂੰ ਗੁੰਡਿਆਂ ਕੋਲੋਂ ਮਰਵਾ ਚੁੱਕੇ ਹਾਂ। ਅੱਜ ਤਕ ਉਸ ਦੇ ਕਤਲ ਦੀ ਉੱਘ-ਸੁੱਘ ਨਹੀਂ ਨਿਕਲੀ। ਡੇਰੇ ਨੂੰ ਹਰ ਰੋਜ਼ 1 ਕਰੋੜ ਰੁਪਏ ਦੀ ਆਮਦਨ ਹੁੰਦੀ ਹੈ, ਇਸ ਨਾਲ ਅਸੀਂ ਲੀਡਰਾਂ, ਪੁਲਿਸ ਅਤੇ ਜੱਜਾਂ ਨੂੰ ਖ਼ਰੀਦ ਸਕਦੇ ਹਾਂ।
ਇਸ ਤੋਂ ਬਾਅਦ ਮਹਾਰਾਜ ਨੇ ਮੇਰੇ ਨਾਲ ਖੇਹ ਖਾਧੀ। ਮਹਾਰਾਜ ਪਿਛਲੇ ਤਿੰਨ ਸਾਲ ਤੋਂ ਮੇਰੇ ਨਾਲ ਇਹ ਕੁਝ ਕਰਦੇ ਆ ਰਹੇ ਹਨ। ਹਰ 25-30 ਦਿਨਾਂ ਤੋਂ ਬਾਅਦ ਮੇਰੀ ਵਾਰੀ ਆਉਂਦੀ ਹੈ। ਮੈਨੂੰ ਹੁਣ ਇਹ ਵੀ ਪਤਾ ਚੱਲਿਆ ਹੈ ਕਿ ਮਹਾਰਾਜ ਨੇ ਮੈਥੋਂ ਪਹਿਲਾਂ ਵੀ ਡੇਰੇ ’ਚ ਮੌਜੂਦ ਜਿਹੜੀਆਂ ਕੁੜੀਆਂ ਨੂੰ ਬੁਲਾਇਆ, ਉਨ੍ਹਾਂ ਨਾਲ ਵੀ ਇਹੀ ਕੁਝ ਕੀਤਾ। ਇਨ੍ਹਾਂ ’ਚੋਂ ਬਹੁਤ ਸਾਰੀਆਂ ਕੁੜੀਆਂ ਦੀ ਉਮਰ 35 ਤੋਂ 40 ਸਾਲ ਹੈ ਅਤੇ ਉਹ ਵਿਆਹ ਦੀ ਉਮਰ ਵੀ ਲੰਘਾ ਚੁੱਕੀਆਂ ਹਨ। ਉਨ੍ਹਾਂ ਕੋਲ ਇਸ ਹਾਲਤ ਵਿਚ ਰਹਿਣ ਤੋਂ ਸਿਵਾ ਹੋਰ ਕੋਈ ਰਾਹ ਵੀ ਨਹੀਂ ਬਚਿਆ। ਜ਼ਿਆਦਾਤਰ ਕੁੜੀਆਂ ਪੜ੍ਹੀਆਂ-ਲਿਖੀਆਂ ਹਨ ਅਤੇ ਉਨ੍ਹਾਂ ਕੋਲ ਬੀ.ਏ., ਐਮ.ਏ., ਬੀ.ਐੱਡ. ਆਦਿ ਡਿਗਰੀਆਂ ਹਨ ਪਰ ਉਹ ਡੇਰੇ ਵਿਚ ਨਰਕ ਭੋਗ ਰਹੀਆਂ ਹਨ, ਸਿਰਫ਼ ਇਸ ਕਰਕੇ ਕਿਉਂਕਿ ਉਨ੍ਹਾਂ ਦੇ ਪਰਵਾਰ ਵਾਲਿਆਂ ਦੀ ਮਹਾਰਾਜ ਵਿਚ ਅੰਨ੍ਹੀ ਸ਼ਰਧਾ ਹੈ। ਅਸੀਂ ਚਿੱਟੇ ਕੱਪੜੇ ਪਹਿਨਦੀਆਂ, ਸਿਰ ’ਤੇ ਪਟਕਾ ਬੰਨ੍ਹਦੀਆਂ, ਮਰਦਾਂ ਵੱਲ ਦੇਖ ਨਹੀਂ ਸਕਦੀਆਂ ਅਤੇ ਮਹਾਰਾਜ ਦੇ ਆਦੇਸ਼ ਮੁਤਾਬਕ ਬੰਦਿਆਂ ਨਾਲ 5- 10 ਫੁੱਟ ਦੀ ਦੂਰੀ ’ਤੇ ਖਲੋ ਕੇ ਗੱਲ ਕਰਦੀਆਂ ਹਾਂ। ਅਸੀਂ ਦੇਖਣ ਵਾਲਿਆਂ ਨੂੰ ਦੇਵੀਆਂ ਲੱਗਦੀਆਂ ਹਾਂ ਪਰ ਅਸੀਂ ਵੇਸਵਾਵਾਂ ਦੀ ਜੂਨ ਭੋਗ ਰਹੀਆਂ ਹਾਂ।
ਇਕ ਵਾਰ ਮੈਂ ਆਪਣੇ ਘਰ ਵਾਲਿਆਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ‘ਡੇਰੇ ਵਿਚ ਸਭ ਕੁਝ ਅੱਛਾ ਨਹੀਂ’, ਪਰ ਮੇਰੇ ਘਰ ਵਾਲਿਆਂ ਨੇ ਮੈਨੂੰ ਡਾਂਟ ਦਿੱਤਾ ਤੇ ਕਿਹਾ ਕਿ ਡੇਰੇ ਤੋਂ ਅੱਛੀ ਥਾਂ ਹੋਰ ਕੋਈ ਨਹੀਂ ਕਿਉਂਕਿ ਇੱਥੇ ਅਸੀਂ ਭਗਵਾਨ (ਮਹਾਰਾਜ) ਦੀ ਸੰਗਤ ਵਿਚ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ ਡੇਰੇ ਬਾਰੇ ਆਪਣੇ ਮਨ ਵਿਚ ਮੰਦੀ ਸੋਚ ਪੈਦਾ ਕਰ ਲਈ ਹੈ। ਉਨ੍ਹਾਂ ਨੇ ਮੈਨੂੰ ਸਤਿਗੁਰੂ ਦਾ ਜਾਪ ਕਰਨ ਲਈ ਕਿਹਾ।
ਮੈਂ ਇਥੇ ਮਜਬੂਰ ਹਾਂ ਕਿਉਂਕਿ ਮੈਨੂੰ ਮਹਾਰਾਜ ਦੇ ਹਰ ਹੁਕਮ ਦੀ ਪਾਲਣਾ ਕਰਨੀ ਪੈਂਦੀ ਹੈ। ਕਿਸੇ ਕੁੜੀ ਨੂੰ ਦੂਜੀ ਕੁੜੀ ਨਾਲ ਗੱਲ ਕਰਨ ਦੀ ਆਗਿਆ ਨਹੀਂ। ਮਹਾਰਾਜ ਦੇ ਆਦੇਸ਼ਾਂ ਮੁਤਾਬਕ ਕੁੜੀਆਂ ਆਪਣੇ ਘਰਦਿਆਂ ਨਾਲ ਵੀ ਟੈਲੀਫੋਨ ’ਤੇ ਗੱਲ ਨਹੀਂ ਕਰ ਸਕਦੀਆਂ। ਜੇ ਕੋਈ ਕੁੜੀ ਡੇਰੇ ਦੀ ਅਸਲੀਅਤ ਬਾਰੇ ਕਿਤੇ ਗੱਲ ਕਰੇ ਤਾਂ ਮਹਾਰਾਜ ਦੇ ਆਦੇਸ਼ਾਂ ਮੁਤਾਬਕ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ। ਪਿੱਛੇ ਜਿਹੇ ਬਠਿੰਡੇ ਦੀ ਇਕ ਕੁੜੀ ਨੇ ਮਹਾਰਾਜ ਦੀਆਂ ਕਰਤੂਤਾਂ ਬਾਰੇ ਦੱਸ ਦਿੱਤਾ। ਇਸ ਤੋਂ ਬਾਅਦ ਸਾਰੀਆਂ ਚੇਲੀਆਂ ਨੇ ਉਸ ਨੂੰ ਕੁਟਾਪਾ ਚਾੜ੍ਹਿਆ। ਰੀੜ੍ਹ ਦੀ ਹੱਡੀ ਵਿਚ ਫਰੈਕਚਰ ਕਾਰਨ ਉਹ ਹਾਲੇ ਵੀ ਬੈੱਡ ’ਤੇ ਪਈ ਹੈ। ਇਸ ਤੋਂ ਬਾਅਦ ਉਸ ਦੇ ਪਿਤਾ ਨੇ ਸੇਵਾਦਾਰੀ ਛੱਡ ਦਿੱਤੀ ਅਤੇ ਆਪਣੇ ਘਰ ਚਲੇ ਗਏ। ਉਹ ਮਹਾਰਾਜ ਦੇ ਡਰ ਅਤੇ ਆਪਣੀ ਬਦਨਾਮੀ ਕਾਰਨ ਕਿਸੇ ਨੂੰ ਕੁਝ ਨਹੀਂ ਦੱਸ ਰਹੇ।
ਇਸੇ ਤਰ੍ਹਾਂ ਕੁਰੂਕਸ਼ੇਤਰ ਦੀ ਇਕ ਕੁੜੀ ਵੀ ਡੇਰਾ ਛੱਡ ਕੇ ਆਪਣੇ ਘਰ ਚਲੀ ਗਈ। ਜਦੋਂ ਉਸ ਨੇ ਸਾਰੀ ਕਹਾਣੀ ਆਪਣੇ ਪਰਵਾਰ ਵਾਲਿਆਂ ਨੂੰ ਦੱਸੀ ਤਾਂ ਉਸ ਦੇ ਭਰਾ ਨੇ ਡੇਰਾ ਛੱਡ ਦਿੱਤਾ ਜਿਹੜਾ ਕਿ ਡੇਰੇ ਵਿਚ ਸੇਵਾਦਾਰ ਵਜੋਂ ਕੰਮ ਕਰਦਾ ਸੀ। ਜਦੋਂ ਸੰਗਰੂਰ ਦੀ ਇਕ ਕੁੜੀ ਡੇਰਾ ਛੱਡ ਕੇ ਆਪਣੇ ਘਰ ਗਈ ਅਤੇ ਉਸ ਨੇ ਡੇਰੇ ਵਿਚ ਹੁੰਦੀਆਂ ਕਰਤੂਤਾਂ ਬਾਰੇ ਲੋਕਾਂ ਨੂੰ ਦੱਸ ਦਿੱਤਾ ਤਾਂ ਡੇਰੇ ਦੇ ਹਥਿਆਰਬੰਦ ਸੇਵਾਦਾਰ/ਗੁੰਡੇ ਕੁੜੀਆਂ ਦੇ ਘਰ ਪਹੁੰਚ ਗਏ। ਦਰਵਾਜ਼ਾ ਅੰਦਰੋਂ ਬੰਦ ਕਰਨ ਤੋਂ ਬਾਅਦ ਉਨ੍ਹਾਂ ਕੁੜੀਆਂ ਨੂੰ ਮਾਰ ਦੇਣ ਦੀ ਧਮਕੀ ਦਿੱਤੀ। ਨਾਲ ਹੀ ਉਨ੍ਹਾਂ ਨੂੰ ਕਿਹਾ ਕਿ ਅੱਜ ਤੋਂ ਬਾਅਦ ਕੋਈ ਗੱਲ ਬਾਹਰ ਨਹੀਂ ਨਿਕਲਣੀ ਚਾਹੀਦੀ। ਇਸੇ ਤਰ੍ਹਾਂ ਮਾਨਸਾ, ਫ਼ਿਰੋਜ਼ਪੁਰ, ਪਟਿਆਲਾ ਅਤੇ ਲੁਧਿਆਣੇ ਜ਼ਿਲ੍ਹਿਆਂ ਦੀਆਂ ਹੋਰ ਵੀ ਕੁੜੀਆਂ ਹਨ ਜਿਹੜੀਆਂ ਡੇਰੇ ਬਾਰੇ ਕੁਝ ਵੀ ਦੱਸਣ ਤੋਂ ਡਰ ਰਹੀਆਂ ਹਨ। ਇਸੇ ਤਰ੍ਹਾਂ ਸਿਰਸਾ, ਹਿਸਾਰ, ਫ਼ਤਿਆਬਾਦ, ਹਨੂਮਾਨਗੜ੍ਹ ਅਤੇ ਮੇਰਠ ਜ਼ਿਲ੍ਹਿਆਂ ਦੀਆਂ ਕੁੜੀਆਂ ਡੇਰੇ ਦੇ ਗੁੰਡਿਆਂ ਕਾਰਨ ਆਪਣੇ ਨਾਲ ਹੋਈਆਂ ਕਹਾਣੀਆਂ ਬਾਹਰ ਨਹੀਂ ਕੱਢ ਰਹੀਆਂ।
ਜੇ ਮੈਂ ਆਪਣਾ ਨਾਂ ਦੱਸ ਦੇਵਾਂ ਤਾਂ ਮੈਨੂੰ ਅਤੇ ਮੇਰੇ ਪਰਵਾਰ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਮੈਂ ਆਮ ਲੋਕਾਂ ਨੂੰ ਇਹ ਸਚਾਈ ਦੱਸਣਾ ਚਾਹੁੰਦੀ ਹਾਂ, ਕਿਉਂਕਿ ਮੈਂ ਅਜਿਹੀ ਪਰੇਸ਼ਾਨੀ ਬਰਦਾਸ਼ਤ ਨਹੀਂ ਕਰ ਸਕਦੀ ਪਰ ਮੈਨੂੰ ਆਪਣੀ ਜਾਨ ਦਾ ਖ਼ਤਰਾ ਹੈ। ਜੇ ਪ੍ਰੈਸ ਜਾਂ ਕਿਸੇ ਹੋਰ ਏਜੰਸੀ ਜ਼ਰੀਏ ਜਾਂਚ ਕਰਵਾਈ ਜਾਵੇ ਤਾਂ ਡੇਰੇ ਵਿਚ ਰਹਿ ਰਹੀਆਂ 40-50 ਕੁੜੀਆਂ ਸੱਚਾਈ ਬਿਆਨ ਕਰਨ ਲਈ ਸਾਹਮਣੇ ਆ ਜਾਣਗੀਆਂ। ਸਾਡੀ ਮੈਡੀਕਲ ਜਾਂਚ ਵੀ ਹੋ ਸਕਦੀ ਹੈ ਤਾਂ ਕਿ ਪਤਾ ਚੱਲ ਸਕੇ ਕਿ ਅਸੀਂ ਕੁਆਰੀਆਂ ਚੇਲੀਆਂ ਹਾਂ ਜਾਂ ਨਹੀਂ। ਜੇ ਅਸੀਂ ਕੁਆਰੀਆਂ ਨਹੀਂ ਤਾਂ ਇਸ ਦੀ ਪੜਤਾਲ ਕੀਤੀ ਜਾਵੇ ਕਿ ਕਿਸ ਨੇ ਸਾਡਾ ਕੁਆਰਾਪਣ ਭੰਗ ਕੀਤਾ। ਇਹ ਗੱਲ ਸਾਹਮਣੇ ਆਏਗੀ ਕਿ ਮਹਾਰਾਜ ਗੁਰਮੀਤ ਰਾਮ ਰਹੀਮ ਸਿੰਘ ਡੇਰਾ ਸੱਚਾ ਸੌਦਾ ਨੇ ਸਾਡੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਹਨ।
ਸ਼ਿਕਾਇਤ ਕਰਤਾ, ਡੇਰਾ ਸੱਚਾ ਸੌਦਾ ਸਿਰਸਾ ਦੀ ਇਕ ਪੀੜਿਤ ਲੜਕੀ।
ਸੱਚਾ ਸੌਦਾ ਡੇਰੇ ਦੀ 10-ਮੈਂਬਰੀ ਕਮੇਟੀ ਦੇ ਮੈਂਬਰ ਰਣਜੀਤ ਸਿੰਘ ਦਾ ਕਤਲ 10 ਜੁਲਾਈ 2002 ਨੂੰ ਕੁਰੂਕਸ਼ੇਤਰ ਨੇੜੇ ਪਿੰਡ ਖਾਨਪੁਰ ਕੌਝੀਆਂ ’ਚ ਹੋਇਆ ਸੀ, ਜਿਸ ਸਬੰਧੀ ਬਿਆਨ ਸੀ.ਬੀ.ਆਈ. ਦੇ ਡੀ.ਐੱਸ.ਪੀ. ਡਾ. ਅਰਮਾਨਦੀਪ ਸਿੰਘ ਨੇ ਇਸ ਕਤਲ ਦੇ ਮੁੱਖ ਗਵਾਹ ਡੇਰਾ ਮੁਖੀ ਦੇ ਡਰਾਈਵਰ ਰਹੇ ਸ. ਖੱਟਾ ਸਿੰਘ ਪਾਸੋਂ ਲਏ ਸਨ। ਉਂਞ ਤਾਂ ਡੀ.ਐੱਸ.ਪੀ. ਨੂੰ ਸੀ.ਬੀ.ਆਈ. ਵੱਲੋਂ ਜਾਂਚ ਦੀ ਡਿਊਟੀ ਤੋਂ ਹੁਣ ਹਟਾ ਦਿੱਤਾ ਗਿਆ ਹੈ ਪਰ ਖੱਟਾ ਸਿੰਘ ਨੇ ਆਪਣੇ ਬਿਆਨਾਂ ’ਚ ਕਿਹਾ ਕਿ ‘ਮੈਂ ਡੇਰੇ ਦੇ ਕਸ਼ਿਸ਼ ਰੈਸਟੋਰੈਂਟ ’ਚ ਪੰਜ ਵਿਅਕਤੀਆਂ ਅਵਤਾਰ ਸਿੰਘ, ਇੰਦਰਸੈਨ, ਕ੍ਰਿਸ਼ਨ ਲਾਲ, ਜਸਬੀਰ ਸਿੰਘ ਅਤੇ ਬਾਬੇ ਦਾ ਗੰਨਮੈਨ ਸਿਪਾਹੀ ਸਬਦਿਲ ਸਿੰਘ ਨੂੰ ਕਤਲ ਵਾਲੀ ਰਾਤ ਨੂੰ ਹੀ ਜਸ਼ਨ ਮਨਾਉਂਦੇ ਦੇਖਿਆ ਸੀ।’
ਖੱਟਾ ਸਿੰਘ ਨੇ ਬਿਆਨਾਂ ’ਚ ਇਹ ਵੀ ਕਿਹਾ ਹੈ ਕਿ ਮੈਂ ਇਨ੍ਹਾਂ ਪੰਜ ਵਿਅਕਤੀਆਂ ਨੂੰ ਕਹਿੰਦੇ ਸੁਣਿਆ ਕਿ ਉਨ੍ਹਾਂ ਨੇ ਡੇਰੇ ਦੇ ਇਕ ਗੱਦਾਰ (ਰਣਜੀਤ ਸਿੰਘ) ਨੂੰ ਖ਼ਤਮ ਕਰ ਦਿੱਤਾ ਹੈ। ਡੀ.ਐੱਸ.ਪੀ. ਵੱਲੋਂ ਤਿਆਰ ਕੀਤੀ ਗਈ ਅੰਗਰੇਜ਼ੀ ’ਚ ਲੱਗਭਗ ਡੇਢ ਸਫ਼ੇ ਦੀ ਰਿਪੋਰਟ ਵਿਚ ਖੱਟਾ ਸਿੰਘ ਨੇ ਕਿਹਾ ਕਿ ਮੈਂ 1996 ਤੋਂ 2004 ਤਕ ਡੇਰੇ ਦੇ ਬਾਬੇ ਨਾਲ ਡਰਾਈਵਰ ਰਿਹਾ ਹਾਂ ਅਤੇ 1970 ਤੋਂ ਹੀ ‘ਨਾਮ’ ਲਿਆ ਹੋਇਆ ਸੀ ਅਤੇ ਡੱਬਵਾਲੀ ਕੋਲ ਆਪਣੇ ਜੱਦੀ ਪਿੰਡ ‘ਚੋਰਮਾਰ’ ਨੂੰ ਛੱਡ ਕੇ ਡੇਰੇ ਦੇ ਸਾਹਮਣੇ ਇਕ ਕੋਠੀ ਖ਼ਰੀਦ ਲਈ ਸੀ। ਬਿਆਨ ’ਚ ਸ. ਖੱਟਾ ਸਿੰਘ ਨੇ ਕਿਹਾ ਕਿ ਮਰਹੂਮ ਰਣਜੀਤ ਸਿੰਘ ਨੂੰ ਮੈਂ 1990 ਤੋਂ ਜਾਣਦਾ ਸੀ, ਜਿਸ ਦੀਆਂ ਦੋ ਬੇਟੀਆਂ ਤੇ ਇਕ ਭੈਣ ‘ਸੰਜੀਵਨ’ ਸਿਰਸਾ ਦੇ ਡੇਰੇ ’ਚ ਰਹਿੰਦੀਆਂ ਸਨ। ਇਨ੍ਹਾਂ ’ਚੋਂ ਸੰਜੀਵਨ ਡੇਰੇ ਦੇ ਸਕੂਲ ’ਚ ਹੀ ਪੜ੍ਹਾਉਂਦੀ ਸੀ ਅਤੇ ਰਣਜੀਤ ਸਿੰਘ ਨੇ 2001 ਵਿਚ ਡੇਰਾ ਛੱਡ ਦਿੱਤਾ ਸੀ, ਕਿਉਂਕਿ ਉਸ ਦੀ ਭੈਣ ਸੰਜੀਵਨ ਨਾਲ ਡੇਰੇ ’ਚ ਬਲਾਤਕਾਰ ਹੋ ਗਿਆ ਸੀ।
ਸੀ.ਬੀ.ਆਈ. ਦੀ 26 ਦਸੰਬਰ 2006 ਦੀ ਰਿਪੋਰਟ ਨੰਬਰ ਆਰ.ਸੀ.8 (ਐੱਸ) 2003-ਐੱਸ.ਸੀ.ਬੀ.-ਚੰਡੀਗੜ੍ਹ ਅਨੁਸਾਰ ਸ. ਖੱਟਾ ਸਿੰਘ ਨੇ ਬਿਆਨ ’ਚ ਇਹ ਵੀ ਕਿਹਾ ਕਿ ਮਈ 2002 ’ਚ ਇਕ ਸਾਧਵੀ ਦੀ ਚਿੱਠੀ ਕੁਝ ਅਖ਼ਬਾਰਾਂ ’ਚ ਛਪੀ ਸੀ, ਜਿਸ ’ਚ ਡੇਰੇ ਅੰਦਰ ਬਦਫੈਲੀਆਂ ਦਾ ਜ਼ਿਕਰ ਸੀ ਅਤੇ ਰਣਜੀਤ ਸਿੰਘ ਨੂੰ 16 ਜੂਨ 2002 ਨੂੰ ਡੇਰੇ ਬੁਲਾ ਕੇ ਇਸ ਚਿੱਠੀ ਬਾਰੇ ਪੁੱਛਿਆ ਗਿਆ ਸੀ, ਪਰ ਰਣਜੀਤ ਸਿੰਘ ਨੇ ਸਾਫ਼ ਕਹਿ ਦਿੱਤਾ ਸੀ ਕਿ ਚਿੱਠੀ ਲਿਖਵਾਉਣ ’ਚ ਉਸ ਦਾ ਕੋਈ ਹੱਥ ਨਹੀਂ।
ਡੀ.ਐੱਸ.ਪੀ. ਨੂੰ ਦਿੱਤੇ ਬਿਆਨ ’ਚ ਸ. ਖੱਟਾ ਸਿੰਘ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ (ਅਵਤਾਰ ਸਿੰਘ, ਇੰਦਰਸੈਨ, ਕ੍ਰਿਸ਼ਨ ਲਾਲ, ਦਰਸ਼ਨ ਸਿੰਘ) ਨੇ ਰਣਜੀਤ ਸਿੰਘ ਨੂੰ ਬਾਬੇ ਤੋਂ ਮੁਆਫ਼ੀ ਮੰਗਣ ਲਈ ਕਿਹਾ, ਪਰ ਉਹ ਨਾ ਮੰਨਿਆ। ਇਸ ’ਤੇ ਇਨ੍ਹਾਂ ਵਿਅਕਤੀਆਂ ਨੇ ਰਣਜੀਤ ਸਿੰਘ ਨੂੰ ਮਰਨ ਲਈ ਤਿਆਰ ਰਹਿਣ ਵਾਸਤੇ ਕਹਿ ਦਿੱਤਾ।
ਸ. ਖੱਟਾ ਸਿੰਘ ਨੇ ਬਿਆਨ ’ਚ ਕਿਹਾ ਕਿ ਪਿੱਛੋਂ ਰਣਜੀਤ ਸਿੰਘ ਡੇਰੇ ਦੇ ਬਾਬੇ ਕੋਲ ਵੀ ਗਿਆ, ਜਿਸ ਨੇ ਉਸ ਨੂੰ ਡੇਰੇ ’ਚ ਵਾਪਸ ਆਉਣ ਲਈ ਕਹਿ ਦਿੱਤਾ ਪਰ ਰਣਜੀਤ ਸਿੰਘ ਵਾਪਸ ਆਉਣ ਲਈ ਤਿਆਰ ਨਾ ਹੋਇਆ। ਸ. ਖੱਟਾ ਸਿੰਘ ਨੇ ਅੱਗੇ ਕਿਹਾ ਕਿ ਜਿਸ ਦਿਨ ਰਣਜੀਤ ਸਿੰਘ ਡੇਰਾ ਛੱਡ ਕੇ ਗਿਆ, ਓਸੇ ਸ਼ਾਮ ਬਾਬੇ ਨੇ ਕੁਝ ਵਿਅਕਤੀਆਂ ਨਾਲ ਬੈਠਕ ਕੀਤੀ, ਜਿਨ੍ਹਾਂ ’ਚ ਅਵਤਾਰ ਸਿੰਘ, ਇੰਦਰਸੈਨ, ਕ੍ਰਿਸ਼ਨ ਲਾਲ, ਦਰਸ਼ਨ ਸਿੰਘ, ਜਸਬੀਰ ਸਿੰਘ, ਸਿਪਾਹੀ ਸਬਦਿਲ ਸਿੰਘ ਅਤੇ ਮੈਂ ਖ਼ੁਦ (ਖੱਟਾ ਸਿੰਘ) ਸ਼ਾਮਲ ਸਾਂ। ਬਾਬੇ ਨੇ ਗ਼ੁੱਸੇ ’ਚ ਹੁਕਮ ਦਿੱਤਾ ਕਿ ਰਣਜੀਤ ਸਿੰਘ ਦੇ ਪਿੰਡ ਜਾ ਕੇ ਉਸ ਨੂੰ ਖ਼ਤਮ ਕਰ ਕੇ ਆਓ, ਤਾਂ ਜੋ ਡੇਰੇ ਵਿਰੁੱਧ ਹੋਰ ਕੋਈ ਮੂੰਹ ਨਾ ਖੋਲ੍ਹੇ। ਸੀ.ਬੀ.ਆਈ. ਦੀ ਇਸ ਰਿਪੋਰਟ ’ਤੇ ਕੇਵਲ ਡਾ. ਅਰਮਾਨਦੀਪ ਸਿੰਘ ਡੀ.ਐੱਸ.ਪੀ. ਦੇ ਦਸਤਖ਼ਤ ਹਨ ਅਤੇ ਸ. ਖੱਟਾ ਸਿੰਘ ਦੇ ਦਸਤਖ਼ਤ ਨਹੀਂ ਹਨ। ਡੀ.ਐੱਸ.ਪੀ. ਨੇ ਇਹ ਲਿਖਿਆ ਹੈ ਕਿ ਮੇਰੇ ਸਾਹਮਣੇ ਸ. ਖੱਟਾ ਸਿੰਘ ਨੇ ਬਿਆਨ ਦਿੱਤੇ। ਦੂਜੇ ਪਾਸੇ ਡੇਰੇ ਦੇ ਬੁਲਾਰੇ ਡਾ. ਅਦਿਤਿਆ ਨੇ ਦਾਅਵਾ ਕੀਤਾ ਹੈ ਕਿ ਸ. ਖੱਟਾ ਸਿੰਘ ਨੇ ਅਦਾਲਤ ’ਚ ਇਕ ਹਲਫਨਾਮਾ ਦੇ ਕੇ ਆਪਣੇ ਆਪ ਨੂੰ ਇਸ ਬਿਆਨ ਤੋਂ ਵੱਖ ਕਰ ਲਿਆ ਹੈ। ਇਸ ਸੰਬੰਧੀ ਸ. ਖੱਟਾ ਸਿੰਘ ਨੇ ਅਜੇ ਤਕ ਸਥਿਤੀ ਸਪੱਸ਼ਟ ਨਹੀਂ ਕੀਤੀ।
ਡੇਰੇ ਦਾ ਮੁਖੀ ਆਪਣੇ ਕੁਕਰਮਾਂ ਨੂੰ ਛੁਪਾਉਣ ਵਾਸਤੇ ਦੂਸਰੇ ਪਾਖੰਡੀ ਸਾਧਾਂ ਬਾਬਿਆਂ ਵਾਂਗ ਸਮਾਜ ਵਿਚ ਕੁਝ ਕੁ ਗ਼ਰੀਬ ਲੜਕੀਆਂ ਦੇ ਵਿਆਹ ਰਚਾ ਕੇ, ਅਸਮਾਨੀ ਕ੍ਰੋਪੀ ਦੇ ਸ਼ਿਕਾਰ ਹੋਇਆਂ ਨੂੰ ਭੋਜਨ ਬਸਤਰ ਵੰਡ ਕੇ, ਸਕੂਲ ਜਾਂ ਹਸਪਤਾਲ ਖੋਲ੍ਹ ਕੇ ਅਤੇ ਖ਼ੂਨ-ਦਾਨ ਆਦਿ ਕਰ ਕੇ ਢੱਕਣ ਦੀ ਕੋਸ਼ਿਸ਼ ਕਰਦਾ ਹੈ।
ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਪੰਕਤੀਆਂ ਜੋ ਜਗਤ- ਜਲੰਦੇ ਦੇ ਹਿਰਦੇ ਨੂੰ ਸੁਖ-ਸ਼ਾਂਤੀ ਬਖ਼ਸ਼ਦੀਆਂ ਹਨ ਸਮੁੱਚੀ ਮਾਨਵਤਾ ਨੂੰ ਈਰਖਾ-ਦ੍ਵੈਸ਼, ਵਹਿਮਾਂ-ਭਰਮਾਂ, ਕਰਮ-ਕਾਂਡਾਂ ਵਿੱਚੋਂ ਕੱਢ ਕੇ ਸ੍ਰੇਸ਼ਟ ਜੀਵਨ ਜਿਊਣ ਅਤੇ ਪ੍ਰਭੂ- ਪ੍ਰਾਪਤੀ ਦਾ ਢੰਗ-ਤਰੀਕਾ ਦੱਸਦੀਆਂ ਹਨ। ਉਨ੍ਹਾਂ ਪੰਕਤੀਆਂ/ਸ਼ਬਦਾਂ ਨੂੰ ਤੋੜ-ਮਰੋੜ ਕੇ ਭਾਵ ਆਪਣੇ ਸੁਆਰਥ ਹਿਤ ਅਰਥ ਕਰ ਕੇ ਆਪਣੇ ਸ਼ਰਧਾਲੂਆਂ ਨੂੰ ਵੱਖ-ਵੱਖ ਚੈਨਲਾਂ ’ਤੇ ਦੱਸਦਿਆਂ ਮੈਂ ਖ਼ੁਦ ਵੇਖਿਆ-ਸੁਣਿਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਪਾਖੰਡੀ ਦੇ ਡੇਰੇ ’ਤੇ ਰਾਜਨੀਤਿਕ ਲੋਕ ਆਪਣੇ ਧਰਮ-ਈਮਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਉਸ ਪਾਸੋਂ ਨੋਟਾਂ ਤੇ ਵੋਟਾਂ ਦੀ ਭੀਖ ਮੰਗਦੇ ਹਨ ਅਤੇ ਇਉਂ ਉਸ ਨੂੰ ਕੁਕਰਮ ਅਤੇ ਸਿੱਖੀ ਨਾਲ ਖਿਲਵਾੜ ਕਰਨ ਦੀ ਹੱਲਾਸ਼ੇਰੀ ਦੇਂਦੇ ਹਨ।
ਡੇਰੇ ਦੇ ਹੈੱਡ ਕੁਆਰਟਰ ਸਿਰਸਾ ਵਿਖੇ 21 ਅਪ੍ਰੈਲ 2007 ਨੂੰ ਡੇਰੇ ਦੇ ਮੁੱਖ ਪਾਖੰਡੀ ਅਖੌਤੀ ਸਾਧ ਵੱਲੋਂ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰ ਕੇ ਸਵਾਂਗ ਰਚਾਇਆ ਗਿਆ। ਉਸ ਨੇ ਦਸਮੇਸ਼ ਪਿਤਾ ਵਰਗੀ ਪੋਸ਼ਾਕ-ਚੋਲਾ ਪਹਿਨ ਕੇ ਅਤੇ ਕਲਗੀ ਲਾ ਕੇ, ਬੀਰ ਆਸਣ ਵਿਚ ਬੈਠ ਕੇ ਬਾਟੇ ਵਿਚ ਪਾਣੀ ਤੇ ਰੂਹ ਅਫਜ਼ਾ ਪਾ ਕੇ ‘ਅੰਮ੍ਰਿਤ’ ਦੀ ਨਕਲ ਕਰਦਿਆਂ ਪਾਣੀ ਤਿਆਰ ਕੀਤਾ (ਜਿਸ ਦਾ ਨਾਮ ‘ਜਾਮ-ਏ-ਇੰਸਾਂ’ ਰੱਖਿਆ ਗਿਆ) ਅਤੇ ਆਪਣੇ ਸ਼ਰਧਾਲੂਆਂ ਨੂੰ ਪਿਆਇਆ। ਇਸ ਰਚੇ ਨਵੇਂ ਪਾਖੰਡ ਦੀ ਰਿਪੋਰਟ ਵੀ ਖ਼ੁਦ ਡੇਰੇ ਵੱਲੋਂ ਛਾਪੀ ਗਈ। ਲੇਕਿਨ ਇਸ ਰਚੇ ਪਾਖੰਡ ਤੇ ਰਿਪੋਰਟ ਬਾਰੇ ਸਿੱਖਾਂ ਨੂੰ ਪਤਾ ਨਾ ਚੱਲਿਆ। ਇਸ ਨੇ ਫਿਰ ਸਿੱਖਾਂ ਨੂੰ ਚਿੜਾਉਣ, ਲਲਕਾਰਨ ਤੇ ਉਨ੍ਹਾਂ ਦੀ ਜ਼ਮੀਰ-ਈਮਾਨ ਨੂੰ ਪਰਖਣ ਵਾਸਤੇ ਆਪਣੇ ਸਲਾਬਤਪੁਰ (ਬਠਿੰਡਾ) ਵਾਲੇ ਡੇਰੇ ਵਿਚ 12 ਮਈ 2007 ਨੂੰ ਦੁਬਾਰਾ ਉਹੀ ਸਵਾਂਗ-ਪਾਖੰਡ ਰਚਿਆ। 13 ਮਈ ਰੋਜ਼ਾਨਾ ਅਜੀਤ ਤੇ ਇਕ-ਦੋ ਹੋਰ ਅਖ਼ਬਾਰਾਂ ਵਿਚ ਡੇਰੇ ਵੱਲੋਂ ਇਸ਼ਤਿਹਾਰ ਛਪਵਾਇਆ ਗਿਆ ਜਿਸ ਵਿਚ ਕੁਕਰਮੀ ਸਾਧ ਦੀ ਫੋਟੋ (ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਵਰਗਾ ਚੋਲਾ- ਪੋਸ਼ਾਕ ਪਾ ਕੇ ਅਤੇ ਕਲਗੀ ਲਾਈ ਹੋਈ ਸੀ) ਤੇ ਜਿਸ ਵਿਚ ਸਿੱਖ ਸਿਧਾਂਤਾਂ ਦੀ ਨਕਲ ਕਰਦਿਆਂ ਡੇਰੇ ਵੱਲੋਂ ਬਣਾਏ ਹੋਏ ਕੁਝ ਨਿਯਮ ਲਿਖੇ ਸਨ। ਇਸ ਨੇ ਆਪਣੇ ਤਿਆਰ ਕੀਤੇ ਪਾਣੀ ਨੂੰ ‘ਅੰਮ੍ਰਿਤ’ ਦੀ ਨਕਲ ਕਰਦਿਆਂ, ‘ਜਾਮ-ਏ-ਇੰਸਾਂ’ ਕਿਹਾ ਅਤੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਖੰਡੇ-ਬਾਟੇ ਦੀ ਪਾਹੁਲ ਭਾਵ ਅੰਮ੍ਰਿਤ ਛਕਾ ਆਪਣੇ ਨਾਮ ਮਗਰ ਜਾਤ-ਗੋਤ ਲਗਾਉਣ ਤੋਂ ਰੋਕ ਕੇ ‘ਖਾਲਸਾ’ ਸ਼ਬਦ ਲਗਾਉਣ ਵਾਸਤੇ ਕਿਹਾ ਸੀ ਤਿਵੇਂ ਹੀ ਇਸ ਪਾਖੰਡੀ ਨੇ ਆਪਣੇ ਸ਼ਰਧਾਲੂਆਂ ਨੂੰ ਆਪਣੇ ਨਾਵਾਂ ਮਗਰ ‘ਇੰਸਾਂ’ ਲਗਾਉਣ ਲਈ ਕਿਹਾ ਹੈ।
ਜੇ ਉਸ ਦਾ ਰਚਾਇਆ ਪਾਖੰਡ ਵਾਦ-ਵਿਵਾਦ ਤੋਂ ਬਚਿਆ ਰਹਿੰਦਾ ਤਾਂ ਬਾਬੇ ਦੀਆਂ ਪੌਂ-ਬਾਰਾਂ ਸਨ। ਭਾਵ ਉਸ ਨੇ ਦੂਸਰੇ ਅੰਨ੍ਹਿਆਂ (ਪਾਖੰਡੀਆਂ) ਵਿਚ ‘ਕਾਣਾ’ ਰਾਜਾ (ਗੁਰੂ) ਬਣ ਬੈਠਣਾ ਸੀ।
ਜਦੋਂ ਇਸ ਇਸ਼ਤਿਹਾਰ ਨੂੰ ਸਿੱਖਾਂ ਨੇ ਪੜ੍ਹਿਆ-ਸੁਣਿਆ ਤੇ ਵੇਖਿਆ ਤਾਂ ਉਨ੍ਹਾਂ ਦਾ ਖ਼ੂਨ ਖੌਲ ਉਠਿਆ ਤੇ ਉਹ ਸੜਕਾਂ ’ਤੇ ਉਤਰ ਆਏ। ਡੇਰੇ ਦੇ ਸ਼ਰਧਾਲੂਆਂ ਅਤੇ ਸਿੱਖ-ਪੰਥ ਦੇ ਵਾਰਸਾਂ ਵਿਚ ਬਹੁਤ ਥਾਈਂ ਝੜਪਾਂ ਹੋਈਆਂ। 17 ਮਈ 2007 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ (ਬਠਿੰਡਾ) ਵਿਖੇ ਭਾਰੀ ਸਿੱਖ ਸੰਮੇਲਨ ਹੋਇਆ। ਗੁਰੂ ਕੇ ਸਿੰਘਾਂ-ਸਿੰਘਣੀਆਂ ਦਾ ਰੋਹ-ਜਜ਼ਬਾਤ ਵਿਚ ਆਉਣਾ ਸੁਭਾਵਕ ਸੀ। ਸੁਨਾਮ ਦੇ ਨੇੜੇ ਬੇਰ ਕਲਾਂ ਵਿਖੇ ਅਸਾਧ ਦੇ ਭੂਤਰੇ ਚੇਲੇ-ਚੇਲੀਆਂ ਨਾਲ ਸਿੰਘਾਂ ਦੀ ਝੜਪ ਹੋ ਗਈ। ਇਸ ਝੜਪ ਵਿਚ ਭਾਈ ਕੰਵਲਜੀਤ ਸਿੰਘ ਸਪੁੱਤਰ ਸ. ਬੰਤਾ ਸਿੰਘ ਡੇਰੇ ਦੇ ਸ਼ਰਧਾਲੂ ਵੱਲੋਂ ਚਲਾਈ ਗੋਲੀ ਲੱਗਣ ਨਾਲ ਸ਼ਹੀਦ ਹੋ ਗਏ।
ਸਲਾਬਤਪੁਰ ਵਾਲੇ ਡੇਰੇ ਵਿਚ ਬਾਬੇ ਦੇ ਹਜ਼ਾਰ ਕੁ ਸ਼ਰਧਾਲੂ ਸਨ। ਲੇਕਿਨ ਚਾਰ-ਪੰਜ ਕਿਲੋਮੀਟਰ ’ਤੇ ਹਜ਼ਾਰਾਂ ਦੀ ਗਿਣਤੀ ਵਿਚ ਡੇਰੇ ਨੂੰ ਘੇਰੀ ਬੈਠੇ ਗੁਰੂ ਦੇ ਸ਼ੇਰ ਸਨ। ਪਰ ਕੁਝ ਟੀ.ਵੀ. ਚੈਨਲਾਂ ਵਾਲੇ ਅਸਾਧ ਦੇ ਸ਼ਰਧਾਲੂਆਂ ਦੀ ਗਿਣਤੀ ਤਿੰਨ-ਚਾਰ ਕਰੋੜ ਦੱਸ ਕੇ ਸਿੱਖਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਡੇਰੇ ਦੇ ਬੁਲਾਰੇ ਡਾ. ਅਦਿਤਿਆ ਨੂੰ ਇਹ ਬਾਰ-ਬਾਰ ਬੋਲਦਾ ਵਿਖਾ ਰਹੇ ਸਨ ਕਿ ਗੁਰੂ ਗੋਬਿੰਦ ਸਿੰਘ ਬਹੁਤ ਸਮਾਂ ਪਹਿਲਾਂ ਹੋ ਚੁੱਕੇ ਹਨ ਲੇਕਿਨ ਸਾਡਾ ਗੁਰੂ-ਪਿਤਾ ਮੌਜੂਦ ਹੈ। ਸਾਡੇ ਵਿਚ ਏਨੀ ਊਰਜਾ ਸ਼ਕਤੀ ਹੈ ਕਿ ਅਸੀਂ ਹਜ਼ਾਰ ਸਾਲ ਤਕ ਲੜ ਸਕਦੇ ਹਾਂ।
22 ਮਈ ਨੂੰ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਅਸਾਧ ਵਿਰੁੱਧ ਚੱਲ ਰਹੇ ਤਿੰਨ ਸੰਗੀਨ ਮਾਮਲਿਆਂ ਦੀ ਜਾਂਚ-ਰਿਪੋਰਟ ਜਦੋਂ ਸੀ.ਬੀ.ਆਈ. ਨੇ ਸਿਆਸੀ ਦਬਾਅ ਹੇਠ ਆ ਕੇ 25 ਮਈ 2007 ਨੂੰ ਕੋਰਟ ਨੂੰ ਨਾ ਸੌਂਪੀ ਤਾਂ ਉਨ੍ਹਾਂ ਨੂੰ ਭਾਰੀ ਫਿਟਕਾਰਾਂ ਪਈਆਂ। ਹੁਣ ਸੀ.ਬੀ.ਆਈ. ਦੇ ਅਧਿਕਾਰੀਆਂ ਨੇ ਇਹ ਜਾਂਚ- ਰਿਪੋਰਟ 31 ਜੁਲਾਈ ਨੂੰ ਸੌਂਪੀ। ਸੀ.ਬੀ.ਆਈ. ਦੇ ਵਕੀਲ ਰਾਜਨ ਗੁਪਤਾ ਜਿਨ੍ਹਾਂ ਦੇ ਨਾਲ ਸੀ.ਬੀ.ਆਈ. ਦੇ ਡੀ.ਆਈ.ਜੀ. ਐਮ ਨਾਰਾਇਣਨ ਤੇ ਸੁਪਰਡੈਂਟ ਪੁਲੀਸ ਐੱਸ.ਪੀ. ਸਿੰਘ ਵੀ ਸਨ। ਗੁਪਤਾ ਨੇ ਕਿਹਾ, “ਡੇਰਾ ਮੁਖੀ ਨੂੰ ਤਿੰਨ ਮਾਮਲਿਆਂ ਵਿਚ ਦੋਸ਼ੀ ਵਜੋਂ ਸ਼ਾਮਿਲ ਕੀਤਾ ਗਿਆ ਹੈ। ਡੇਰਾ ਮੁਖੀ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 376 (ਜਬਰ-ਜਿਨਾਹ), ਧਾਰਾ 302 (ਕਤਲ) ਤੇ ਧਾਰਾ 120 (ਅਪਰਾਧਿਕ ਸਾਜ਼ਿਸ਼) ਤਹਿਤ ਦੋਸ਼ ਲਗਾਏ ਗਏ ਹਨ।
ਡੇਰਾ ਮੁਖੀ ਦੇ ਖ਼ਿਲਾਫ਼ ਥਾਣਾ ਬਠਿੰਡਾ ਵੱਲੋਂ ਅਦਾਲਤ ਵੱਲੋਂ ਪ੍ਰਵਾਨਗੀ ਲੈਂਦਿਆਂ ਧਾਰਾ 295-ਏ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਪੰਜਾਬ ਅਤੇ ਹਰਿਆਣਾ ਸਰਕਾਰ ਵੱਲੋਂ 27-28 ਜੂਨ 2007 ਨੂੰ ਬਠਿੰਡਾ ਪੁਲਿਸ ਨੂੰ ਗੁਰਮੀਤ ਰਾਮ ਰਹੀਮ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਇਜਾਜ਼ਤ ਦਿੱਤੀ ਗਈ। ਇਹ ਤਾਂ ਉਹੀ ਗੱਲ ਹੋਈ ਜਿਵੇਂ ਇਕ ਗਿੱਦੜ ਲਲਾਰੀ ਦੇ ਮੱਟ ਵਿਚ ਡਿੱਗ ਕੇ ਰੰਗਿਆ ਗਿਆ। ਉਸ ਨੇ ਇਸ ਚੜ੍ਹੇ ਰੰਗ ਦਾ ਫਾਇਦਾ ਲੈਂਦਿਆਂ ਜੰਗਲ ਦਾ ਰਾਜਾ ਹੋਣ ਦਾ ਪਾਖੰਡ ਰਚ ਲਿਆ। ਹਿਰਨਾਂ ਦੀਆਂ ਡਾਰਾਂ ਹਰ ਸਮੇਂ ਉਸ ਦੀ ਹਾਜ਼ਰੀ ਵਿਚ ਰਹਿਣ ਤੇ ਉਹ ਝੂਠ ਦੀ ਸ਼ਰਾਬ ਵਿਚ ਮਸਤ ਹੋਇਆ ਆਪਣੇ ਤਖ਼ਤ ’ਤੇ ਹੰਕਾਰ-ਆਕੜ ਵਿਚ ਬੈਠਾ ਹਕੂਮਤ ਕਰਦਾ। ਪਰ ਇਕ ਦਿਨ ਉਹ ਆਪਣੇ ਸਾਥੀ ਗਿੱਦੜਾਂ ਦੀ ਅਵਾਜ਼ ਸੁਣ ਕੇ ਖ਼ੁਦ ਵੀ ਬੋਲ ਪਿਆ। ਇਸ ਤਰ੍ਹਾਂ ਉਸ ਦੇ ਬੋਲਣ ਨਾਲ ਜਦੋਂ ਹਿਰਨਾਂ ਅਤੇ ਹੋਰ ਜੰਗਲੀ ਜੀਵਾਂ ਨੂੰ ਪਤਾ ਲੱਗ ਗਿਆ ਕਿ ਇਹ ਤਾਂ ਗਿੱਦੜ ਸੀ ਤਾਂ ਉਨ੍ਹਾਂ ਨੇ ਉਸ ਨੂੰ ਮਾਰ-ਮੁਕਾਇਆ। ਹੁਣ ਇਸ ਪਾਖੰਡੀ ਰਾਮ ਰਹੀਮ ਦੀ ਅਸਲੀਅਤ ਵੀ ਸਿੱਖ ਸੰਗਤਾਂ ਦੇ ਸਾਹਮਣੇ ਆ ਗਈ ਹੈ। ਵੇਖੋ, ਹੁਣ ਇਸ ਦਾ ਕੀ ਬਣਦਾ ਹੈ!
ਅਗਰ ਅਸੀਂ ਐਸੇ ਪਾਖੰਡੀਆਂ ਨੂੰ ਰੋਕਣਾ ਹੈ ਤਾਂ ਸਾਨੂੰ ਗੁਰਬਾਣੀ ਦੀ ਸਹੀ ਜਾਣਕਾਰੀ ਲੈਣੀ ਪਵੇਗੀ ਤੇ ਸਿੱਖ ਇਤਿਹਾਸ ਤੋਂ ਜਾਣੂ ਹੋਣਾ ਪਵੇਗਾ। ਸਾਨੂੰ ਇਨ੍ਹਾਂ ਪਾਖੰਡੀ ਸਾਧਾਂ-ਸਾਧਣੀਆਂ ਤੇ ਪਾਖੰਡੀ ਗੁਰੂਆਂ ਨੂੰ ਦਲੀਲ ਨਾਲ ਹਰਾਉਣ ਦੀ ਜ਼ਰੂਰਤ ਹੈ। ਜੋ ਪਾਖੰਡੀ ਗੁਰੂ ਇਹ ਕਹਿੰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਧੂਰਾ ਗੁਰੂ ਹੈ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਕਿਤਾਬ ਹੈ, ਉਹ ਉੱਲੂ ਦੇ ਬਰਾਬਰ ਹਨ, ਕਿਉਂਕਿ ਉੱਲੂ ਅੱਖਾਂ ਹੁੰਦਿਆਂ ਹੋਇਆਂ ਵੀ ਸੂਰਜ ਨੂੰ ਨਹੀਂ ਵੇਖ ਸਕਦਾ, ਕਿਉਂਕਿ ਇਉਂ ਕੀਤਿਆਂ ਉਸ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ ਤੇ ਫਿਰ ਉਹ ਆਪਣਾ ਸ਼ਿਕਾਰ ਨਹੀਂ ਕਰ ਸਕਦਾ। ਇਸੇ ਤਰ੍ਹਾਂ ਜੇ ਇਹ ਅਖੌਤੀ ਸਾਧ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਪੜ੍ਹਨ, ਸੁਣਨ ਤੇ ਮੰਨਣ ਤਾਂ ਨਿਸਚੇ ਹੀ ਇਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਪਾਖੰਡ ਕਰਨ ਤੋਂ ਰੋਕਣਗੇ। ਜੇਕਰ ਇਨ੍ਹਾਂ ਦੇ ਚੇਲੇ-ਚਾਟੜਿਆਂ ਨੂੰ ਗੁਰਬਾਣੀ ਦੀ ਸਮਝ ਆ ਗਈ ਤਾਂ ਉਹ ਵੀ ਇਨ੍ਹਾਂ ਦੇ ਪਾਖੰਡ- ਜਾਲ ਵਿਚ ਨਹੀਂ ਫਸਣਗੇ। ਇਸੇ ਕਰਕੇ ਇਹ ਆਪਣੇ ਚੇਲਿਆਂ ਨੂੰ ਕਹਿੰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਧੂਰਾ ਗੁਰੂ ਹੈ ਤੇ ਅਸੀਂ ਪੂਰੇ ਹਾਂ ਕਿਉਂਕਿ ਇਨ੍ਹਾਂ ਨੂੰ ਡਰ ਹੈ ਕਿ ਜੇ ਕਿਤੇ ਇਨ੍ਹਾਂ ਨੂੰ ਗੁਰਬਾਣੀ ਦਾ ਸਹੀ ਗਿਆਨ ਹੋ ਗਿਆ ਤਾਂ ਫਿਰ ਸਾਡਾ ਹਲਵਾ-ਮੰਡਾ ਨਹੀਂ ਚੱਲਣਾ!
ਲੇਖਕ ਬਾਰੇ
- ਭਾਈ ਨਿਸ਼ਾਨ ਸਿੰਘ ਗੰਡੀਵਿੰਡhttps://sikharchives.org/kosh/author/%e0%a8%ad%e0%a8%be%e0%a8%88-%e0%a8%a8%e0%a8%bf%e0%a8%b6%e0%a8%be%e0%a8%a8-%e0%a8%b8%e0%a8%bf%e0%a9%b0%e0%a8%98-%e0%a8%97%e0%a9%b0%e0%a8%a1%e0%a9%80%e0%a8%b5%e0%a8%bf%e0%a9%b0%e0%a8%a1/November 1, 2007
- ਭਾਈ ਨਿਸ਼ਾਨ ਸਿੰਘ ਗੰਡੀਵਿੰਡhttps://sikharchives.org/kosh/author/%e0%a8%ad%e0%a8%be%e0%a8%88-%e0%a8%a8%e0%a8%bf%e0%a8%b6%e0%a8%be%e0%a8%a8-%e0%a8%b8%e0%a8%bf%e0%a9%b0%e0%a8%98-%e0%a8%97%e0%a9%b0%e0%a8%a1%e0%a9%80%e0%a8%b5%e0%a8%bf%e0%a9%b0%e0%a8%a1/January 1, 2008
- ਭਾਈ ਨਿਸ਼ਾਨ ਸਿੰਘ ਗੰਡੀਵਿੰਡhttps://sikharchives.org/kosh/author/%e0%a8%ad%e0%a8%be%e0%a8%88-%e0%a8%a8%e0%a8%bf%e0%a8%b6%e0%a8%be%e0%a8%a8-%e0%a8%b8%e0%a8%bf%e0%a9%b0%e0%a8%98-%e0%a8%97%e0%a9%b0%e0%a8%a1%e0%a9%80%e0%a8%b5%e0%a8%bf%e0%a9%b0%e0%a8%a1/April 1, 2008
- ਭਾਈ ਨਿਸ਼ਾਨ ਸਿੰਘ ਗੰਡੀਵਿੰਡhttps://sikharchives.org/kosh/author/%e0%a8%ad%e0%a8%be%e0%a8%88-%e0%a8%a8%e0%a8%bf%e0%a8%b6%e0%a8%be%e0%a8%a8-%e0%a8%b8%e0%a8%bf%e0%a9%b0%e0%a8%98-%e0%a8%97%e0%a9%b0%e0%a8%a1%e0%a9%80%e0%a8%b5%e0%a8%bf%e0%a9%b0%e0%a8%a1/December 1, 2008
- ਭਾਈ ਨਿਸ਼ਾਨ ਸਿੰਘ ਗੰਡੀਵਿੰਡhttps://sikharchives.org/kosh/author/%e0%a8%ad%e0%a8%be%e0%a8%88-%e0%a8%a8%e0%a8%bf%e0%a8%b6%e0%a8%be%e0%a8%a8-%e0%a8%b8%e0%a8%bf%e0%a9%b0%e0%a8%98-%e0%a8%97%e0%a9%b0%e0%a8%a1%e0%a9%80%e0%a8%b5%e0%a8%bf%e0%a9%b0%e0%a8%a1/March 1, 2009
- ਭਾਈ ਨਿਸ਼ਾਨ ਸਿੰਘ ਗੰਡੀਵਿੰਡhttps://sikharchives.org/kosh/author/%e0%a8%ad%e0%a8%be%e0%a8%88-%e0%a8%a8%e0%a8%bf%e0%a8%b6%e0%a8%be%e0%a8%a8-%e0%a8%b8%e0%a8%bf%e0%a9%b0%e0%a8%98-%e0%a8%97%e0%a9%b0%e0%a8%a1%e0%a9%80%e0%a8%b5%e0%a8%bf%e0%a9%b0%e0%a8%a1/July 1, 2009
- ਭਾਈ ਨਿਸ਼ਾਨ ਸਿੰਘ ਗੰਡੀਵਿੰਡhttps://sikharchives.org/kosh/author/%e0%a8%ad%e0%a8%be%e0%a8%88-%e0%a8%a8%e0%a8%bf%e0%a8%b6%e0%a8%be%e0%a8%a8-%e0%a8%b8%e0%a8%bf%e0%a9%b0%e0%a8%98-%e0%a8%97%e0%a9%b0%e0%a8%a1%e0%a9%80%e0%a8%b5%e0%a8%bf%e0%a9%b0%e0%a8%a1/October 1, 2009
- ਭਾਈ ਨਿਸ਼ਾਨ ਸਿੰਘ ਗੰਡੀਵਿੰਡhttps://sikharchives.org/kosh/author/%e0%a8%ad%e0%a8%be%e0%a8%88-%e0%a8%a8%e0%a8%bf%e0%a8%b6%e0%a8%be%e0%a8%a8-%e0%a8%b8%e0%a8%bf%e0%a9%b0%e0%a8%98-%e0%a8%97%e0%a9%b0%e0%a8%a1%e0%a9%80%e0%a8%b5%e0%a8%bf%e0%a9%b0%e0%a8%a1/November 1, 2009
- ਭਾਈ ਨਿਸ਼ਾਨ ਸਿੰਘ ਗੰਡੀਵਿੰਡhttps://sikharchives.org/kosh/author/%e0%a8%ad%e0%a8%be%e0%a8%88-%e0%a8%a8%e0%a8%bf%e0%a8%b6%e0%a8%be%e0%a8%a8-%e0%a8%b8%e0%a8%bf%e0%a9%b0%e0%a8%98-%e0%a8%97%e0%a9%b0%e0%a8%a1%e0%a9%80%e0%a8%b5%e0%a8%bf%e0%a9%b0%e0%a8%a1/March 1, 2010