editor@sikharchives.org

ਗੁਰੂ ਗ੍ਰੰਥ ਸਾਹਿਬ :ਪੰਛੀ ਚਿਤਰਣ ਦਾ ਅਮੁੱਲ ਸੋਮਾ

ਗੁਰੂ ਗ੍ਰੰਥ ਸਾਹਿਬ ਵਿੱਚ ਜੀਵ ਜੰਤੂਆਂ ਬਾਰੇ ਮੁੱਢਲੀ ਅਤੇ ਪ੍ਰਮਾਣਿਕ ਜਾਣਕਾਰੀ ਉਪਲਬਧ ਹੈ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਪ੍ਰਕਿਰਤੀ-ਚਿਤਰਣ ਸਹਿਜੇ ਉਘੜਵੇਂ ਰੂਪ ਵਿੱਚ ਦ੍ਰਿਸ਼ਟੀਗੋਚਰ ਹੈ ਉਥੇ ਪੰਛੀਆਂ ਦੇ ਸੁਭਾਅ, ਰੂਪਕ ਪੱਖ, ਉਪਮਾ ਆਦਿ ਨੂੰ ਅਲੰਕਾਰਕ ਸ਼ੈਲੀ ਵਿੱਚ ਸਾਕਾਰ ਕੀਤਾ ਗਿਆ ਹੈ। ਮਾਨਸਿਕ-ਮਨੋਬਿਰਤੀ ਨੂੰ ਰੂਹਾਨੀ ਦ੍ਰਿਸ਼ਟੀ ਸ਼ੈਲੀ ਰਾਹੀਂ ਸਕਾਰਾਤਮਕ ਢੰਗ ਨਾਲ ਰੂਪਮਾਨ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜੀਵ ਜੰਤੂਆਂ ਬਾਰੇ ਮੁੱਢਲੀ ਅਤੇ ਪ੍ਰਮਾਣਿਕ ਜਾਣਕਾਰੀ ਉਪਲਬਧ ਹੈ। ਹੱਥਲੇ ਲੇਖ ਵਿੱਚ ਪੰਛੀਆਂ ਨੂੰ ਅੱਖਰ-ਕ੍ਰਮ ਅਨੁਸਾਰ ਤਰਤੀਬਿਆ ਹੈ ਅਤੇ ਨਾਲ ਹੀ ਬਰੈਕਟਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪੰਨਾ ਨੰਬਰ ਦਿੱਤਾ ਹੈ। ਕਈ ਵਾਰਾਂ ਇਕੋ ਪੰਛੀ ਲਈ ਵੱਖ-ਵੱਖ ਸ਼ਬਦ-ਸਰੂਪ ਕਈ ਵੇਰ ਆਏ ਹਨ, ਉਨ੍ਹਾਂ ਲਈ ਕੇਵਲ ਸੰਕੇਤਿਕ ਤੌਰ ‘ਤੇ ਇਕੋ ਪੰਨਾ ਨੰਬਰ ਦੇ ਦਿੱਤਾ ਹੈ।

ਇੱਲ:– ਇੱਲ (vulture) ਇਕ ਸ਼ਿਕਾਰੀ ਪੰਛੀ ਹੈ ਜੋ ਬਹੁਤ ਉੱਚਾ ਉੱਡਦੀ ਅਤੇ ਮੁਰਦਾਰ ‘ਤੇ ਨਿਰਭਰ ਰਹਿੰਦੀ ਹੈ। ਇਸ ਨੂੰ ਚੀਲ, ਚਾਂਵਡਾ, ਗਿਰਝਨ ਵੀ ਆਖਿਆ ਜਾਂਦਾ ਹੈ। ਇਸ ਦੀ ਲੰਬਾਈ 24-110 ਇੰਚ ਹੁੰਦੀ ਹੈ | ਪਹਾੜੀ ਥਾਵਾਂ ਅਤੇ ਪੂਰੇ ਸੰਸਾਰ ਵਿੱਚ ਵਿਚਰਦੀ ਹੈ। ਬੜੀ ਉੱਚਾਈ ਤੋਂ ਮੁਰਦਾਰ ਵੇਖ ਕੇ ਹੇਠਾਂ ਆ ਜਾਂਦੀ ਹੈ। ਪੂਰੇ ਸੰਸਾਰ ਵਿੱਚ ਇਸ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ। ਹੋਰ ਸਰੂਪ ਜੋ ਇਸ ਪੰਛੀ ਲਈ ਆਇਆ ਹੈ, ਉਹ ਹੈ ਗਿਰਝਨ (693)

ਜਿਥੈ ਡਿਠਾ ਮਿਰਤਕੋ ਇਲ ਬਹਿਠੀ ਆਇ।। (ਪੰਨਾ 322)

ਸਾਰਿੰਗ:- ਸਾਰਿੰਗ (sparrow-hawk) ਇਕ ਛੋਟਾ ਪੰਛੀ ਹੈ ਜਿਸ ਦੇ ਅਨੇਕ ਨਾਂ ਪ੍ਰਚੱਲਿਤ ਹਨ ਜਿਵੇਂ ਬਾਬੀਹਾ (1107) ਬਾਬਾਰੇ (1284) ਬਾਬੀਹੈ (1284) ਬਬੀਹਾ (1108) ਚਾਤ੍ਰਿਕ (60) ਚਾਤ੍ਰਿਕ (454) ਚਾਕੋਂ (708)

ਰਿਵਾਇਤ ਹੈ ਕਿ ਇਹ ਪੰਛੀ ਬੱਦਲਾਂ ਵੱਲ ਮੂੰਹ ਕਰਕੇ ਇਕ ਖਾਸ ਬੂੰਦ ਲਈ (ਜਿਸ ਨੂੰ ਸਵਾਂਤੀ ਬੂੰਦ ਕਹਿੰਦੇ ਹਨ) ਲਿਉਂ-ਲਿਉਂ ਕਰਦਾ ਰਹਿੰਦਾ ਹੈ। ਇਸ ਨੂੰ ਸ਼ਾਂਤੀ ਤਦ ਆਉਂਦੀ ਹੈ ਜਦ ਉਹ ਬੂੰਦ ਇਸ ਦੇ ਮੂੰਹ ਪੈਂਦੀ ਹੈ। ਇਸ ‘ਕੁਕੂਲਿੱਡੀ’ ਪਰਿਵਾਰ ਦੇ ਪੰਛੀਆਂ ਦਾ ਆਕਾਰ 25-38 ਸੈਂਟੀਮੀਟਰ ਵਿਚਕਾਰ ਹੁੰਦਾ ਹੈ। ਇਸ ਪੰਛੀ ਦਾ ਡੀਲ-ਡੌਲ, ਨੋਕਦਾਰ ਪਰ ਅਤੇ ਪ੍ਰਵਾਜ਼ ਤੇ ਰਫਤਾਰ ਬਾਜ਼ ਵਰਗੀ ਹੁੰਦੀ ਹੈ। ਮਿੱਠੀ ਆਵਾਜ਼ ਕਾਰਨ ਦੂਰੋਂ ਪੰਛੀ ਪਹਿਚਾਣਿਆ ਜਾਂਦਾ ਹੈ। ਗੁਰਬਾਣੀ ਵਿੱਚ ਮਨੁੱਖ ਨੂੰ ਤਾਕੀਦ ਕੀਤੀ ਹੋਈ ਹੈ ਕਿ ਤੂੰ ਵੀ ਅਜਿਹੀ ਪ੍ਰੀਤ ‘ਰੱਬ ਨਾਲ’ ਕਰ ਜਿਵੇਂ ਬਬੀਹਾ ਸਵਾਂਤੀ ਬੂੰਦ ਲਈ ਕਰਦਾ ਹੈ।

ਸਾਰਿੰਗ ਪ੍ਰੀਤਿ ਬਸੈ ਜਲ ਧਾਰਾ || (ਪੰਨਾ 164)

ਸੀਚਾਨੇ:- ਸੀਚਾਨੇ (Red-headed Bird) ਇਕ ਸ਼ਿਕਾਰੀ ਪੰਛੀ ਹੈ, ਜਿਸ ਦਾ ਸਿਰ ਲਾਲ ਰੰਗ ਦਾ ਹੁੰਦਾ ਹੈ। ਇਹ ਪੰਛੀ ਬਾਜ਼ ਤੋਂ ਛੋਟਾ ਪਰ ਸ਼ਿਕਰੇ ਤੋਂ ਵੱਡਾ ਹੁੰਦਾ ਹੈ।

ਸੀਚਾਨੇ ਜਿਉ ਪੰਖੀਆ ਜਾਲੀ ਬਧਿਕ ਹਾਥਿ।। (ਪੰਨਾ 15)

ਸੂਅਟਾ:- ਸੂਅਟਾ (Parrot, Parakeet) ਨੂੰ ਗੁਰਬਾਣੀ ਵਿੱਚ ਸੂਹਟੁ (1010) ਸੂਆ (225) ਤੋਤ (1192) ਮੈਜਨ (929) ਕਰਕੇ ਵੀ ਲਿਖਿਆ ਹੈ। ਤੋਤਾ, ਇਕ ਹਰੇ ਰੰਗ ਦਾ ਪ੍ਰਸਿੱਧ ਪੰਛੀ ਹੈ ਜਿਸ ਦੀ ਚੁੰਝ ਛੋਟੀ ਖੜ੍ਹੀ, ਤਾਕਤਵਰ ਅਤੇ ਕੁੰਡੀ ਵਰਗੀ ਹੁੰਦੀ ਹੈ। ਫਸਲਾਂ ਅਤੇ ਫੁੱਲਾਂ ਦਾ ਨੁਕਸਾਨ ਕਰਨ ਵਿੱਚ ਪਹਿਲੇ ਨੰਬਰ ‘ਤੇ ਆਉਂਦੇ ਹੈ। ਸੈਂਕੜੇ ਮੀਲਾਂ ਦਾ ਫਾਸਲਾ ਇਕ ਥਾਂ, ਝੁੰਡਾਂ ਦੇ ਝੁੰਡ ਕਰਦੇ ਹਨ। ਆਵਾਜ਼ ‘ਕੀਕ-ਕੀਕ-ਕੀਕ’ ਵਰਗੀ ਕੱਢਦੇ ਹਨ।

ਤੂੰ ਪਿੰਜਰੁ ਹਉ ਸੂਅਟਾ ਤੋਰ।(ਪੰਨਾ 323)

ਹੰਸ:- ਹੰਸ (Bar Headed Goose) ਬੱਤਖਨੁਮਾ ਚਿੱਟੇ ਰੰਗ ਦਾ ਪੰਛੀ ਜੋ ਵੱਡੀਆਂ ਵੱਡੀਆਂ ਝੀਲਾਂ ‘ਤੇ ਰਹਿੰਦਾ ਹੈ। ਪਰ ਨਿਰਮਲਤਾ ਤੇ ਬਿਬੇਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦੇ ਪੈਰ ਚਿੱਟੇ ਚੁੰਝ ਲਾਲ ਹੁੰਦੀ ਹੈ। ਇਸ ਦੀ ਚੁੰਝ ਵਿੱਚ ਖਟਾਸ ਹੁੰਦੀ ਹੈ ਜੋ ਦੁੱਧ ਤੇ ਪਾਣੀ ਨੂੰ ਵੱਖ ਕਰ ਦਿੰਦਾ ਹੈ। ਪੁਰਾਣੇ ਕਾਵਿ ਗੰਥਾਂ ਵਿੱਚ ‘ਮੋਤੀ’ ਚੁਗਣ ਵਾਲਾ ਪੰਛੀ ਲਿਖਿਆ ਹੈ। ਗੁਰਬਾਣੀ ਵਿੱਚ ਹੰਸ ਨੂੰ ਜੀਵ-ਆਤਮਾ, ਰੂਹ ਕਰਕੇ ਵੀ ਵਰਨਣ ਕੀਤਾ ਗਿਆ ਹੈ। ਪਰਮ ਹੰਸ ਨੂੰ ਪਾਰਬ੍ਰਹਮ ਅਤੇ ਨਿਗੁਣ ਬ੍ਰਹਮ ਵੀ ਆਖਿਆ ਗਿਆ ਹੈ। ਗੁਰਬਾਣੀ ਵਿੱਚ ਜੋ ਹੋਰ ਸ਼ਬਦ-ਸਰੂਪ ਇਸ ਪੰਛੀ ਲਈ ਆਏ ਹਨ, ਉਹ ਹੰਸੁ (23) ਹੰਸੁਲਾ (693) ਹੰਸੁਲੇ (757) ਹੰਝ (1381) ਹਨ।

ਊਜਲ ਮੋਤੀ ਚੁਗਹਿ ਹੰਸ।। (ਪੰਨਾ 352)

ਕਊਆ:- ਕਊਆ (Crow) ਕਾਲੇ ਰੰਗ ਦਾ ਪੰਛੀ ਹੈ ਜਿਸ ਨੂੰ ਕਾਂ ਜਾਂ ਕਾਗ ਵੀ ਆਖਦੇ ਹਨ। ਭੂਗੋਲਿਕ ਤੌਰ ‘ਤੇ ਇਸ ਦੀਆਂ ਜਾਤੀਆਂ ਚੁੰਝਾਂ ਅਤੇ ਖੰਭਾਂ ਕਾਰਨ ਵੱਖ-ਵੱਖ ਹਨ। ਆਮ ਤੌਰ ‘ ਤੇ ਇਸ ਦਾ ਆਕਾਰ 50-70 ਸੈਂਟੀਮੀਟਰ ਹੁੰਦਾ ਹੈ ਪੰਛੀ ਸਰਬ ਆਹਾਰੀ ਹੈ। ਲੋਕ ਇਸ ਨੂੰ ਸਫਾਈ ਕਰਮਚਾਰੀ ਜਾਂ ਜਮਾਂਦਾਰ ਕਰਕੇ ਵੀ ਲਿਖਦੇ ਹਨ। ਮੌਸਮ ਅਨੁਕੂਲ ਇਹ ਨਿਵਾਸ ਕਰਦਾ ਹੈ। ਗੁਰਬਾਣੀ ਵਿੱਚ ਇਸ ਪੰਛੀ ਬਾਰੇ ਜੋ ਹੋਰ ਸ਼ਬਦ-ਜੋੜ ਆਏ ਹਨ, ਉਹ ਕਾਓ ( 581), ਕਾਊ (30), ਕਾਕ (848), ਕਾਕਹ (1357), ਕਾਗ (239), ਕਾਗਉ (1384), ਕਾਗਾ (338), ਕਾਗੁ (646) ਅਤੇ ਬਾਇਸ (1105)

ਕਊਆ ਕਹਾ ਕੂਪਰ ਚਰਾਏ।। (ਪੰਨਾ: 481)

ਕੋਪਤਿ:- ਕੋਪਤਿ (Pigeon) ਨੂੰ ਕਬੂਤਰ ਵੀ ਆਖਦੇ ਹਨ, ਜਿਸ ਦੀ ਡੂੰਘੀ ਆਵਾਜ਼ ‘ਗੁਟਰ-ਗੂੰ, ਗੁਟਰ-ਗੂੰ’ ਪ੍ਰਸਿੱਧ ਹੈ। ਦੇਸ਼-ਬਦੇਸ਼ਾਂ ਵਿੱਚ ਵਿਚਰਦਾ ਹੈ ਅਤੇ ਘਰਾਂ ਦੇ ਆਸ ਪਾਸ ਹੀ ਰਹਿ ਕੇ ਦਾਣਾ ਚੁਗਦਾ ਹੈ ਅਤੇ ਆਲ੍ਹਣਾ ਪਾਉਂਦਾ ਹੈ।

ਜਿਉ ਪੰਖੀ ਕਪੋਤਿ ਆਪੁ ਬਨਾਇਆ ਮੇਰੀ ਜਿੰਦੁੜੀਏ ਤਿਉ ਮਨਮੁਖ ਸਭਿ ਵਸਿ ਕਾਲੇ ਰਾਮ।। (ਪੰਨਾ 481)

ਕੁੱਕੜ:- ਕੁੱਕੜ (Cock) ਇਕ ਪ੍ਰਸਿੱਧ ਪੰਖੇਰੂ ਹੈ, ਜੋ ਘਰਾਂ ਵਿੱਚ ਆਮ ਪਾਇਆ ਜਾਂਦਾ ਹੈ। ਇਸ ਨੂੰ ਮੁਰਗਾ ਵੀ ਆਖਦੇ ਹਨ ਅਤੇ ਪੰਛੀ ਦੀ ਮਦੀਨ ਦੀ ‘ਮੁਰਗੀ’ ਸੰਗਿਆ ਹੈ।ਆਮ ਤੌਰ ‘ਤੇ 18 ਮਹੀਨੇ ਤੋਂ ਉੱਪਰ ਵਾਲੇ ਪੰਖੇਰੂ ਨੂੰ ਹੀ ਕੁੱਕੜ ਆਖਦੇ ਹਨ। ਗੁਰਬਾਣੀ ਵਿੱਚ ਜੋ ਹੋਰ ਇਸ ਪੰਛੀ ਦੇ ਸ਼ਬਦ-ਸਰੂਪ ਹਨ ਉਹ ਕੁਰਕਟ (476), ਮੁਰਗੀ (350)।

ਹੰਸਾ ਸੇਤੀ ਚਿਤੁ ਉਲਾਸਹਿ ਕੁਕੜ ਦੀ ਓਡਾਰੀ।। (ਪੰਨਾ 322)

ਕੂੰਜ:- ਕੂੰਜ  (Koonj or Karkara, Domoiselle crane) ਇਕ ਕਾਸ਼ਨੀ ਰੰਗ ਦੀ  ਲੰਮੀ ਗਰਦਨ ਵਾਲਾ ਪੰਛੀ ਹੈ ਜੋ ਸਰਦੀਆਂ ਵਿੱਚ ਗਰਮ ਦੇਸ਼ਾਂ ਵੱਲ ਆਉਂਦੀਆਂ ਹਨ। ਅਤੇ ਗਰਮੀਆਂ ਵਿੱਚ ਠੰਡੇ ਦੇਸ਼ਾਂ ਵੱਲ ਚਲੀਆਂ ਜਾਂਦੀਆਂ ਹਨ। ਇਸ ਸਾਰਸ ਪੰਛੀ ਦੀਆਂ ਟੰਗਾਂ ਲੰਮੀਆਂ ਹੁੰਦੀਆਂ ਹਨ। ਜੋ ਹੋਰ ਸਰੂਪ ਆਏ ਹਨ ਉਹ ਕੂੰਜਾਂ (762), ਕੂੰਜੜੀਆ (488)

ਆਪਣੀ ਖੇਤੀ ਰਖਿ ਲੈ ਕੂੰਜ ਪੜੇਗੀ ਖੇਤਿ।।(ਪੰਨਾ 34)

ਕੋਇਲ:- ਕੋਇਲ (Koel) ਇਕ ਕਾਲੇ ਰੰਗ ਦਾ ਸੁਰੀਲੀ ਆਵਾਜ਼ ਵਾਲਾ ਪੰਛੀ ਹੈ , ਜੋ ਕਾਂ ਦਾ ਸ਼ਿਕਾਰ ਕਰਦਾ ਹੈ। ਇਸ ਦਾ ਆਕਾਰ 42 ਸੈਂਟੀਮੀਟਰ ਹੁੰਦਾ ਹੈ | ਮਾਦਾ-ਪੰਛੀ ਕੇਵਲ ‘ਕਿੱਕ-ਕਿੱਕ-ਕਿੱਕ’ ਕਰਦੀ ਹੈ ਅਤੇ ਨਰ-ਪੰਛੀ ਦਾ ਗੀਤ ‘ਕੂ-ਕੂ-ਕੂ’ ਹੁੰਦਾ ਹੈ। ਇਹ ਪੰਛੀ ਭਾਵੇਂ ਕਾਂ ਵਰਗਾ ਹੁੰਦਾ ਹੈ ਪਰ ਦੁੰਮ ਲੰਮੀ ਹੁੰਦੀ ਹੈ। ਨਰ-ਪੰਛੀ ਦੀ ਚੁੰਝ ਪੀਲੀ ਹਰੀ ਪਰ ਰੰਗ ਕਾਲਾ ਹੁੰਦਾ ਹੈ ਅਤੇ ਅੱਖਾਂ ਲਾਲ। ਇਹ ਪੰਛੀ ਛੋਟੇ ਪੰਛੀਆਂ ਦੇ ਆਲ੍ਹਣ ਅਤੇ ਆਂਡੇ ਤੋੜਦਾ ਰਹਿੰਦਾ ਹੈ।

ਕਾਲੀ ਕਇਲ ਤੂ ਕਿਤ ਗੁਨ ਕਾਲੀ।। (ਪੰਨਾ 794)

ਕੋਕਿਲਾ: ਕੋਕਿਲਾ (coucal, centropus sinensis) ਕੋਇਲ ਵਰਗਾ ਹੀ ਪੰਛੀ ਹੈ ਪਰ ਇਸ ਦੇ ਪੈਰਾਂ ਦੇ ਪੰਜੇ ਸਿੱਧੇ ਹੁੰਦੇ ਹਨ। ਇਹ ਛੋਟੇ ਪੰਛੀਆਂ ਦੇ ਆਂਡੇ, ਸੱਪ ਆਦਿ ਦਾ ਆਹਾਰ ਕਰਦਾ ਹੈ। ਇਸ ਪੰਛੀ ਦੀਆਂ ਚਾਰ-ਪੰਜ ਕਿਸਮਾਂ ਹਨ ਪਰ ਆਕਾਰ 34-43 ਸੈਂਟੀਮੀਟਰ ਵਿਚਕਾਰ ਹੁੰਦਾ ਹੈ।

ਕੁਹਕਨਿ ਕੋਕਿਲਾ ਤਰਲ ਜੁਆਣੀ।। ਪੰਨਾ 567)

ਚਕਵੀ:- ਚਕਵੀ (Brahminy Duck, Ruddy goose) ਨੂੰ ਚਕਈ ਜਾਂ ਸੁਰਖਾਬਵੀ ਵੀ ਆਖਦੇ ਹਨ। ਇਸ ਪੰਛੀ ਬਾਰੇ ਪ੍ਰਸਿੱਧ ਹੈ ਕਿ ਜੋੜੇ ਵਿੱਚੋਂ ਇਕ ਮਰ ਜਾਏ ਤਾਂ ਦੂਜਾ ਜਿੰਦਾ ਨਹੀਂ ਰਹਿੰਦਾ। ਇਸ ਦੇ ਪਰ ਕਲਗੀ ਵਿੱਚ ਵੀ ਲਾਏ ਜਾਂਦੇ ਹਨ। ਇਸ ਨੂੰ ਸੂਰਜ ਚੜ੍ਹਨ ਦੀ ਤਾਂਘ ਹੁੰਦੀ ਹੈ। ਇਸੇ ਲਈ ਸੂਰਜ ਅਤੇ ਚਕਵੀ ਦਾ ਪਿਆਰ ਪ੍ਰਸਿੱਧ ਹੈ।

ਜਿਉਂ ਚਕਵੀ ਸੂਰਜ ਆਸ।। (ਪੰਨਾ: 838)

ਚਕੋਰ:- ਚਕੋਰ (Chukar, Afectoris chukar) ਇਹ ਪਹਾੜੀ ਤਿੱਤਰ ਹੈ ਜਿਸ ਦਾ ਆਕਾਰ 37 ਸੈਂਟੀਮੀਟਰ ਹੁੰਦਾ ਹੈ। ਚਕੋਰ ਦੀ ਇਸਤਰੀ ਲਿੰਗ ਨੂੰ ਚਕੋਰੀ ਆਖਦੇ ਹਨ। ਲਾਲ ਟੰਗਾਂ ਕਾਰਨ, ਇਹ ਦੂਰੋਂ ਪਹਿਚਾਣਿਆ ਜਾਂਦਾ ਹੈ। ‘ਮਹਾਨ ਕੋਸ਼’ ਅਨੁਸਾਰ ਪੁਰਾਣ ਸਮੇਂ ਰਾਜੇ ਪ੍ਰੇਮ ਨਾਲ ਚਕੋਰ ਪਾਲਦੇ ਸਨ ਤੇ ਖਾਣਯੋਗ ਪਦਾਰਥ ਚਕੋਰ ਅੱਗੇ ਰੱਖਦੇ, ਜੋ ਚਕੋਰ ਤੇ ਉਨ੍ਹਾਂ ਨੂੰ ਵੇਖ ਕੇ, ਬੁਰਾ ਅਸਰ ਨਾ ਹੋਵੇ, ਤਦ ਖਾਂਦੇ ਸਨ। ਵਿਸ਼ਵਾਸ ਇਹ ਸੀ ਕਿ ਜੇ ਖਾਣੇ ਵਿੱਚ ਜ਼ਹਿਰ ਹੋਵੇ, ਚਕੋਰ ਦੇ ਦੇਖਣਸਾਰ ਨੇ ਲਾਲ ਹੋ ਜਾਂਦੇ ਸਨ ਅਤੇ ਤੁਰੰਤ ਮਰ ਜਾਂਦਾ ਹੈ, ਇਸੇ ਲਈ ਚਕੋਰ ਦਾ ਨਾਮ ‘ਵਿਸਦਸ਼ਨ, ਮ੍ਰਿਤਯਕ’ ਹੈ। ਅਨੇਕ ਕਵੀਆਂ ਨੇ ‘ ਚਕੋਰ ਨੂੰ ਅੰਗਾਰ ਖਾਣ ਵਾਲਾ ਲਿਖਿਆ ਹੈ। ਇਹ ਪੰਛੀ ਬਹੁਤੀ ਗਰਮੀ ਅਤੇ ਬਹੁਤੀ ਸਰਦੀ ਵੀ ਜਰ ਲੈਂਦਾ ਹੈ ਅਤੇ ਬਹੁਤ ਦੌੜਦਾ ਹੈ। ਲੜਾਕੂ ਸੁਭਾਅ ਦਾ ਹੋਣ ਕਾਰਣ ਇਸ ਦੀ ਆਵਾਜ਼ ਵੀ ਲੰਮੀ ਹੁੰਦੀ ਹੈ। ਗੁਰਬਾਣੀ ਵਿੱਚ ਇਸ ਨੂੰ ਚਕਰਾ (658) ਅਤੇ ਚਕਰੀ (208) ਕਰ ਕੇ ਵੀ ਲਿਖਿਆ ਹੈ।

ਮਨਿ ਪ੍ਰੀਤਿ ਚੰਦ ਚਕੋਰ।। (ਪੰਨਾ 838)

ਚਰਗਾ:- ਚਰਗਾ (Falcon) ਇੱਲ ਨਾਲੋਂ ਥੋੜੇ ਛੋਟੇ ਆਕਾਰ ਦਾ ਸ਼ਿਕਾਰੀ ਪੰਛੀ ਹੈ। ਇਹ ਹਰ ਥਾਂ ਵੇਖਣ ਵਿੱਚ ਆਉਂਦਾ ਹੈ ਖਾਸ ਕਰ ਖੇਤਾਂ, ਜੰਗਲਾਂ ਅਤੇ ਪਹਾੜੀ ਵਾਦੀਆਂ ਵਿੱਚ। ਇਸ ਦਾ ਆਕਾਰ 45 ਸੈਂਟੀਮੀਟਰ ਹੁੰਦਾ ਹੈ। ਇਹ ਬਹੁਤ ਫੁਰਤੀਲਾ ਪੰਛੀ ਹੈ ਜੋ ਛੋਟੇ ਪੰਛੀਆਂ ਅਤੇ ਹੋਰ ਜੰਤੂਆਂ ਦਾ ਸ਼ਿਕਾਰ ਕਰਦਾ ਹੈ। ਦੂਰ ਇਹ ਬਾਜ ਵਰਗਾ ਲੱਗਦਾ ਹੈ।

ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਖਾਹ।। (ਪੰਨਾ 144)

ਚਿੜੀ:- ਚਿੜੀ (Sparrow) ਇਕ ਪ੍ਰਸਿੱਧ ਘਰੇਲੂ ਪੰਛੀ ਹੈ ਜਿਸ ਦੀ ਖੁਰਾਕ ਦਾਣਾ ਅਤੇ ਛੋਟੇ-ਛੋਟੇ ਬੀਜ ਹੁੰਦੇ ਹਨ। ਕਦੀ-ਕਦੀ ਛੋਟੇ ਕੀੜ-ਪਤੰਗ ਵੀ ਖਾ ਲੈਂਦੀ ਹੈ | ਨਰ-ਪੰਛੀ ਦੀ ਆਵਾਜ਼ ਉੱਚੀ ‘ਤਸ਼ੀ-ਤੁਸੀਂ-ਤੁਸ਼ੀ’ ਜਾਂ ‘ਚੀਰ-ਚੀਰ-ਚੀਰ ਹੁੰਦੀ ਹੈ। ਇਸ ਪੰਛੀ ਦੇ ਵੱਡੇ ਜੱਥੇ ਰਾਤ ਸਮੇਂ ਸੌਣ ਤੋਂ ਪਹਿਲਾਂ, ਇਕੱਠੇ ਹੋ ਕੇ ਬੜਾ ਸ਼ੋਰ ਮਚਾਉਂਦੇ ਹਨ। ਗੁਰਬਾਣੀ ਵਿੱਚ ਇਸ ਦਾ ਜ਼ਿਕਰ ਕੇਵਲ ਦੋ ਵਾਰ ਆਇਆ ਹੈ।

ਚਿੜੀ ਚੂਹਕੀ ਪਹੁ ਵਗਨਿ ਬਹੁਤੁ ਤਰੰਗ || {ਪੰਨਾ 319)

ਪਰੰਦਏ:- ਪਰੰਦਏ (Bird) ਖੰਭਾਂ ਵਾਲਾ ਜੀਵ, ਜਿਸ ਨੂੰ ਗੁਰਬਾਣੀ ਵਿੱਚ ਵੱਖ-ਵੱਖ ਨਾਵਾਂ ਨਾਲ ਲਿਖਿਆ ਹੋਇਆ ਹੈ ਜਿਵੇਂ ਪੰਖਣੂ (60) ਪੰਖਿ (337)  ਪੰਖੀਅਲੇ (525) ਬਿਹੰਗ (1197) ਬਿਹੰਗਮ ( 340) ਪੰਖੀਆ (1383 ) ਪੰਖੇਰੂ (147) ਬਾਸਾ (1216)।

ਪਰੰਦਏ ਨ ਗਿਰਾਹ ਜਰ।। (ਪੰਨਾ 144)

ਬਗ:- ਬਗ (Common Crane) ਇਕ ਚਿੱਟੇ ਰੰਗ ਦਾ ਪੰਛੀ ਹੈ ਜੋ ਮੱਛੀਆਂ ਖਾਂਦਾ ਹੈ। ਇਸ ਦੀ ਧੌਣ ਅਤੇ ਟੰਗਾਂ ਲੰਮੀਆਂ ਹੁੰਦੀਆਂ ਹਨ। ਨਦੀਆਂ-ਨਾਲਿਆ ਦੇ ਕੰਢੇ ਬੈਠ ਕੇ ਆਪਣਾ ਸ਼ਿਕਾਰ ਲੱਭਦਾ ਰਹਿੰਦਾ ਹੈ | ਗੁਰਬਾਣੀ ਵਿੱਚ ਜੋ ਹੋਰ ਸ਼ਬਦ-ਸਰੂਪ ਇਸ ਪੰਛੀ ਲਈ ਆਏ ਹਨ, ਉਹ ਬਗਾ (438), ਬਗਲਾ (230), ਬਗਾਂ (585), ਬਗੁ (128), ਬਗੁਲ (470), ਬਗੁਲਾ (91), ਬਗੁਲਾਰੇ (312), ਬਗੁਲੇ (1152), ਬਗੇ (729)।

ਬਗ ਜਿਉ ਲਾਇ ਬਹੈ ਨਿਤ ਧਿਆਨਾ।। (ਪੰਨਾ 230)

ਬਾਸੇ:- ਬਾਸੇ (Indian Sparrow hawk) ਇਕ ਸ਼ਿਕਾਰੀ ਪੰਛੀ ਹੈ ਜਿਸ ਨੂੰ ਬਾਸ਼ਾ ਵੀ ਆਖਦੇ ਹਨ। ਇਸ ਦਾ ਆਕਾਰ 35 ਸੈਂਟੀਮੀਟਰ ਹੈ। ਇਹ ਕਈ ਵੇਰਾਂ ਸ਼ਿਕਰੇ ਵਰਗਾ ਲੱਗਦਾ ਹੈ। ਹੋਰ ਸ਼ਬਦ-ਸਰੂਪ ਬਾਸਾ (1216) ਗੁਰਬਾਣੀ ਵਿੱਚ ਆਇਆ ਹੈ।

ਵਸਿ ਆਣਿਹੁ ਵੇ ਜਨ ਇਸੁ ਮਨ ਕਉ ਮਨੁ ਬਾਸੇ ਜਿਉ ਨਿਤ ਭਉਦਿਆ।। (ਪੰਨਾ 776)

ਬਾਜਾ:- ਬਾਜਾ (Hawk) ਇਕ ਸ਼ਿਕਾਰੀ ਪੰਛੀ ਹੈ ਜਿਸ ਨੂੰ ਪਾਲ ਕੇ ਅਤੇ ਸਿਖਾ ਕੇ ਜੀਵਾਂ ਦਾ ਸ਼ਿਕਾਰ ਕੀਤਾ ਜਾਂਦਾ ਹੈ। ਇਸ ਨੂੰ ਗੁਲਾਬ ਪੰਛੀਆਂ ਦਾ ਰਾਜਾ ਵੀ ਆਖਦੇ ਹਨ। ਇਹ ਕੇਵਲ ਮਾਸ ਖਾ ਕੇ ਹੀ ਗੁਜ਼ਾਰਾ ਕਰਦਾ ਹੈ। ਆਪਣੇ ਬੱਚੇ ਨੂੰ ਆਪਣੇ ਮੇਦੇ ਵਿੱਚੋੰ ਅੱਧਪਚਿਆ ਮਾਸ ਉਗਲ ਕੇ, ਉਸ ਨੂੰ ਖਵਾਉਂਦਾ ਹੈ | ਬਾਜ਼ਾਂ ਦੀਆਂ ਅਨੇਕਾਂ ਕਿਸਮਾਂ ਹਨ। ਜਿਵੇਂ ਬਾਜ ਢੋਕਾ, ਬਾਜ਼ ਕਟਾ, ਬਾਜ ਜੁਰਾ, ਇਹ ਤਾਂ ਤਿੱਤਰ ਦਾ ਸ਼ਿਕਾਰ ਵੀ ਕਰ ਲੈਂਦਾ ਹੈ। ਗੁਰਬਾਣੀ ਵਿੱਚ ‘ਬਾਜਾਂ’ (1288) ਸਰੂਪ ਵੀ ਆਇਆ ਹੈ।

ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ।। (ਪੰਨਾ 144)

ਮੁਰਗਾਈ:- ਮੁਰਗਾਈ (Water hen, Guinea Hen) ਪਾਣੀ ਦਾ ਇਕ ਪੰਛੀ ਹੈ ਜਿਸ ਨੂੰ ‘ਮੁਰਗਾਬੀ’ ਜਾਂ ‘ਆਬੀ ਮੁਰਗ’ ਭੀ ਆਖਦੇ ਹਨ।ਇਸ ਦਾ ਆਕਾਰ 30 ਸੈਂਟੀਮੀਟਰ ਹੁੰਦਾ ਹੈ। ਇਹ ਆਮ ਤੌਰ ‘ਤੇ ਝੀਲਾਂ, ਤਲਾਬਾਂ ਅਤੇ ਛੱਪੜਾਂ ਵਿੱਚ ਰਹਿੰਦਾ ਹੈ। ਇਸ ਦੀ ਖੁਰਾਕ ਵਿੱਚ ਸਬਜ਼ੀਆਂ ਅਤੇ ਕੀੜੇ-ਪਤੰਗੇ ਸ਼ਾਮਲ ਹੁੰਦੇ ਹਨ। ਖਤਰੇ ਦੀ ਆਵਾਜ਼ ਸੁਣ ਕੇ ਅਚਾਨਕ ਅਲੋਪ ਹੋ ਜਾਂਦਾ ਹੈ। ਇਹ ਕਵਲ ਪਾਣੀ ਵਿੱਚ ਰਹਿੰਦਾ ਹੈ ਜਿਸ ਕਾਰਨ ਇਸ ਨੂੰ ਪਹਾੜੀ ਲੋਕ ‘ਜਲ ਕੁੱਕੜੀ’ ਆਖਦੇ ਹਨ।

ਜੈਸੇ ਜਲ ਮਹਿ ਕਮਲੁ ਮੁਰਗਾਈ ਨੈ ਸਾਣੇ।। (ਪੰਨਾ 938)

ਮੋਰੀ:- ਮੋਰ (Peacock, Pea-Fowl) ਦੇ ਬੱਚਿਆਂ ਨੂੰ ਮੁਰਲੇ ਆਖਦੇ ਹਨ | ਮੋਰ ਸਵੇਰ-ਸ਼ਾਮ ਖੇਤਾਂ ਵਿੱਚ ਲੰਮੀ ਮਨ ਮੋਹ ਲੈਂਦੀ ਰੰਗਦਾਰ ਦੁੰਮ ਕਾਰਨ ਬਹੁਤ ਪ੍ਰਸਿੱਧ ਹੈ। ਨਰ-ਪੰਛੀ ਦਾ ਆਕਾਰ 5.9-7.5 ਫੁੱਟ ਅਤੇ ਮਾਦਾ ਪੰਛੀ 2.6-3.3 ਫੁੱਟ ਹੁੰਦੀ ਹੈ। ਇਸ ਨੂੰ ਭਾਰਤ ਦਾ ਕੌਮੀ ਪੰਛੀ ਹੋਣ ਦਾ ਮਾਣ ਵੀ ਪ੍ਰਾਪਤ ਹੈ। ਗੁਜਰਾਤ ਅਤੇ ਰਾਜਸਥਾਨ ਵਿੱਚ ਧਾਰਮਿਕ ਨਜ਼ਰੀਏ ਤੋਂ ਇਸ ਪੰਛੀ ਦੀ ਰੱਖਿਆ ਕੀਤੀ ਜਾਂਦੀ ਹੈ। ਆਵਾਜ਼ ‘ਮੈਂ-ਹੈਵ, ਮੈਂ ਹੈਵ’ ਕਰਕੇ ਜੰਗਲ ਗੂੰਜ ਉੱਠਦਾ ਹੈ। ਇਸ ਦੀ ਖੁਰਾਕ ਵਿੱਚ ਦਾਣੇ ਤੋਂ ਇਲਾਵਾ ਕੀੜੇ ਪਤੰਗੇ ਵੀ ਸ਼ਾਮਲ ਹਨ। ਸਾਵਣ ਵਿੱਚ ਬਾਰਸ਼ ਕਾਰਨ ਖੁਸ਼ੀ ਵਿੱਚ ਨੱਚਣ ਲੱਗਦੇ ਹਨ। ਖੂਬਸੂਰਤ ਲੰਮੀ ਦੁੰਮ ਕੇਵਲ ਮੋਰ (ਨਰ) ਦੀ ਹੁੰਦੀ ਹੈ। ਮੋਰਨੀ ਦੀ ਦੁੰਮ ਸਾਧਾਰਨ ਹੁੰਦੀ ਹੈ। ਗੁਰਬਾਣੀ ਵਿੱਚ ਇਸ ਦੇ ਜੋ ਸ਼ਬਦ-ਸਰੂਪ ਆਏ ਹਨ,  ਮੁਰਲੇ (975), ਮੋਰਪੰਖ (1402), ਮੋਰੁ (173) ਅਤੇ ਮੋਰਾ (658)।

ਮੋਰੀ ਰੁਣਝੁਣ ਲਾਇਆ ਭੈਣੇ ਸਾਵਣੁ ਆਇਆ।। (ਪੰਨਾ 557)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Jasbir Singh Sarna
ਸਾਬਕਾ ਅਧਿਕਾਰੀ, ਖੇਤੀਬਾੜੀ ਵਿਭਾਗ -ਵਿਖੇ: ਜੰਮੂ-ਕਸ਼ਮੀਰ ਸਰਕਾਰ

ਡਾ. ਜਸਬੀਰ ਸਿੰਘ ਸਰਨਾ, ਜੰਮੂ-ਕਸ਼ਮੀਰ ਸਰਕਾਰ, ਭਾਰਤ ਦੇ ਖੇਤੀਬਾੜੀ ਵਿਭਾਗ ਤੋਂ ਸੇਵਾ ਮੁਕਤ ਅਧਿਕਾਰੀ ਹਨ। ਅਜੋਕੇ ਸਮੇਂ ਵਿਚ ਸ੍ਰੀ ਨਗਰ ਦੇ ਵਾਸੀ, ਡਾ. ਸਰਨਾ ਜਿਥੇ ਖੇਤੀਬਾੜੀ ਵਿਸ਼ੇ ਦੇ ਮਾਹਿਰ ਹਨ, ਉਥੇ ਉਨ੍ਹਾਂ ਦਾ ਪੰਜਾਬੀ ਸਾਹਿਤ ਅਤੇ ਸਿੱਖ ਧਰਮ ਦੇ ਇਤਿਹਾਸ ਨਾਲ ਗਹਿਰਾ ਨਾਤਾ ਰਿਹਾ ਹੈ। ਪੰਜਾਬੀ ਸਾਹਿਤ ਅਤੇ ਸਿੱਖ ਚਿੰਤਨ ਦੇ ਵਿਭਿੰਨ ਪੱਖਾਂ ਦੀ ਪੜਚੋਲ ਉਨ੍ਹਾਂ ਦੇ ਜੀਵਨ ਦਾ ਅਹਿਮ ਅੰਗ ਰਹੀ ਹੈ। ਇਨ੍ਹਾਂ ਖੋਜਾਂ ਸੰਬੰਧਤ, ਉਨ੍ਹਾਂ ਦੀਆਂ ਅਨੇਕ ਰਚਨਾਵਾਂ, ਸਮੇਂ ਸਮੇਂ ਦੇਸ਼-ਵਿਦੇਸ਼ ਦੀਆਂ ਸਮਕਾਲੀ ਅਖਬਾਰਾਂ, ਮੈਗਜੀਨਾਂ ਤੇ ਖੋਜ ਪੱਤ੍ਰਿਕਾਵਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ। ਉਨ੍ਹਾਂ ਦੀਆਂ ਹੁਣ ਤਕ 51 ਕਿਤਾਬਾਂ ਅਤੇ ਲਗਭਗ 300 ਸਾਹਿਤਕ ਲੇਖ ਛੱਪ ਚੁੱਕੇ ਹਨ।

Sant Niwas,R-11, Swarn Colony, Gole Gujral, Jammu Tawi 180002

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)