ਹਰ ਧਰਮ ਦੀ ਭਾਸ਼ਾ ਅਤੇ ਸੰਸਕਾਰ ਪ੍ਰਤੀਕਮਈ ਹਨ। ਪ੍ਰਤੀਕ ਜਿਸ ਸਿਧਾਂਤ ਲਈ ਵਰਤਿਆ ਜਾਂਦਾ ਹੈ ਉਸ ਸਿਧਾਂਤ ਦੇ ਅੰਤਰ ਭਾਵ ਜਾਂ ਤਤ ਦੀ ਅਸਲੀਅਤ ਦੀ ਪ੍ਰਤੀਨਿਧਤਾ ਕਰਦਾ ਹੈ। ਧਾਰਮਿਕ ਜਗਤ ਦੇ ਅਮੂਰਤ ਰਿਸ਼ਤੇ ਪ੍ਰਤੀਕਾਂ ਦੀ ਮਦਦ ਨਾਲ ਹੀ ਵਿਸ਼ੇਸ਼ ਰੂਪ ਗ੍ਰਹਿਣ ਕਰਦੇ ਹਨ ਅਤੇ ਪ੍ਰਗਟਾਵੇ ਦੇ ਪਧਰ ਤੇ ਪ੍ਰਤੀਕ ਦੁਆਰਾ ਹੀ ਸਾਕਾਰ ਹੁੰਦੇ ਹਨ।1 ਧਾਰਮਿਕ ਸਮੁਦਾਇ ਅੰਤਰਗਤ ਪ੍ਰਤੀਕ ਉਸ ਦਾ ਲਖਾਇਕ ਹੈ ਜੋ ਅਮੂਰਤ, ਅਪਹੁੰਚ ਅਤੇ ਅਗੰਮ ਦਾ ਨਿਰੂਪਣ ਕਰਦਾ ਹੈ। ਧਰਮਸ਼ਾਸ਼ਤਰੀ ਪਾਲ ਟਿਲਿਚ ਅਨੁਸਾਰ, ‘ਪ੍ਰਤੀਕ ਸਮੂਹੀਕ ਚੇਤਨਾਂ ਵਿਚੋਂ ਜਨਮ ਲੈਂਦੇ ਹਨ ਅਤੇ ਉਨ੍ਹਾਂ ਦੀ ਮੌਤ ਅਲੋਚਨਾ ਨਾਲ ਨਹੀ ਹੁੰਦੀ ਪਰ ਜਦੋਂ ਉਹ ਉਸ ਸਮੂਹ ਨੂੰ ਪ੍ਰਤੀਕਿਰਿਆ ਦੇਣ ਤੋਂ ਅਸਮਰਥ ਹੋ ਜਾਂਦੇ ਹਨ ਜਿਸ ਵਿਚ ਉਹ ਉਦੈ ਹੋਏ ਸਨ ਤਾਂ ਮਰ ਜਾਂਦੇ ਹਨ।’2 ਨਿਰਜਿੰਦ, ਪ੍ਰਗਟਾਵੇ ਤੋਂ ਅਸਮਰਥ ਪ੍ਰਤੀਕਾਂ ਦਾ ਧਾਰਨ ਕਰਨਾ ਬੇਅਰਥ ਅਤੇ ਕੁਰੀਤੀ ਹੈ। ਹਰ ਧਾਰਮਿਕ ਸਮੁਦਾਇ ਦੇ ਪ੍ਰਤੀਕਾਂ ਦਾ ਉਦਗਮ ਗੰਭੀਰ ਦਾਰਸ਼ਨਿਕ ਚਿੰਤਨ ਵਿਚੋਂ ਹੁੰਦਾ ਹੈ ਪਰ ਸਮੇਂ ਅਤੇ ਯੁਗਗਰਦੀ ਨਾਲ ਪ੍ਰਤੀਕ ਜਿਸ ਦਾਰਸ਼ਨਿਕਤਾ ਦੇ ਲਖਾਇਕ ਹੁੰਦੇ ਹਨ ਉਹ ਅਗਿਆਨ ਦੀ ਡੁੰਘੀ ਪਰਤ ਹੇਠ ਨਸ਼ਟ ਹੋ ਜਾਂਦੀ ਹੈ। ਜਗਤ ਗੁਰੂ, ਗੁਰੂ ਨਾਨਕ ਦੇਵ ਜੀ ਗੁਰਬਾਣੀ ਅੰਦਰ ਉਸ ਸਮੇਂ ਦੇ ਬੇਜਾਨ, ਮੁਰਦਾ ਧਾਰਮਿਕ ਪ੍ਰਤੀਕਾਂ ਨੂੰ ਮੁੜ ਸੁਰਜੀਤ ਕਰਦੇ ਹਨ ਅਤੇ ਨਵੀਨ ਦਾਰਸ਼ਨਿਕ ਚਿੰਤਨ ਬਖਸ਼ਦੇ ਹਨ।
ਭਾਈ ਗੁਰਦਾਸ ਨੇ ਗੁਰੂ ਨਾਨਕ ਦੇਵ ਜੀ ਦੇ ਉਦਾਸੀਆਂ ਦੌਰਾਨ ਸੁਮੇਰ ਪਰਬਤ ਉਪਰ ਜਾਣ ਸਮੇਂ ਨੂੰ ‘ਸਤਿਗੁਰ ਨਾਨਕ ਪ੍ਰਗਟਿਆ’ ਕਹਿ ਅੰਕਿਤ ਕੀਤਾ ਹੈ। ਇਸ ਪ੍ਰਗਟਾ ਨਾਲ ਜੋ ਧੁੰਧ ਛਾਈ ਹੋਈ ਸੀ ਉਹ ਵਿਨਸ਼ਟ ਹੋ ਗਈ ਅਤੇ ਲੋਕਾਈ ਪ੍ਰਚੰਡ ਰੂਪ ਵਿਚ ਸਤ ਦੇ ਪ੍ਰਕਾਸ਼ ਦੀ ਅਨੁਭੂਤੀ ਕਰਨ ਲਗੀ। ਸਤ ਪਹਿਲਾਂ ਵੀ ਮੌਜੂਦ ਸੀ ਗੁਰੂ ਨਾਨਕ ਦੇਵ ਜੀ ਨੇ ਮਨੁਖੀ ਮਨਾਂ ਉਪਰ ਜੋ ਸੰਪ੍ਰਦਾਇਕ ਅਭਿਮਾਨ, ਕੁਰੀਤੀ, ਕੁਚੇਸ਼ਟਾ, ਸੰਕੀਰਣਤਾ ਆਦਿ ਦੀ ਕਾਲਖ਼ ਸੀ ਉਸ ਦਾ ਨਾਸ਼ ਕੀਤਾ ਅਤੇ ਮਨੁਖ ਨੂੰ ਮੁੜ ਆਦਿ ਸਤ ਨਾਲ ਜੋੜਨ ਲਈ ਸਿਖੀ ਰੂਪੀ ਨਿਰਮਲ ਪੰਥ ਦੀ ਸਿਰਜਣਾ ਕੀਤੀ ਹੈ। ਗੁਰੂ ਨਾਨਕ ਦੇਵ ਜੀ ਨੇ ਜਿਥੇ ਨਵੇਕਲੇ ਧਰਮ ਦੀ ਉਤਪਤੀ ਕੀਤੀ ਉਥੇ ਹੋਰ ਧਾਰਮਿਕ ਸਮੁਦਾਇ ਵਿਚ ਵਾਪਰੇ ਸਤ ਦਾ ਨਿਸ਼ੇਧ ਨਹੀਂ ਕੀਤਾ ਸਗੋਂ ਉਸ ਸਤ ਨੂੰ ਕਲਾਵੇ ਵਿਚ ਲਿਆ ਹੈ ਅਤੇ ਪੁਨਰ ਪਾਰਿਭਾਸ਼ਿਤ ਕਰ ਉਸ ਨੂੰ ਮੂਲਾਧਾਰ ਨਾਲ ਜੋੜਿਆ ਹੈ ਇਹ ਸਿਖੀ ਦੀ ਵਿਲਖਣਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ਼੍ਰੀ ਦਸਮ ਗ੍ਰੰਥ ਵਿਚ ਪੌਰਾਣਿਕ ਪ੍ਰਤੀਕਾਂ, ਨਾਵਾਂ-ਥਾਵਾਂ ਦਾ ਉਲੇਖ ਇਸ ਕਥਨ ਨੂੰ ਪੁਖ਼ਤਾ ਕਰਦਾ ਹੈ। ਇਹ ਵਿਲਖਣਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮੁਚੀ ਮਾਨਵਤਾ ਦਾ ਗ੍ਰੰਥ ਸਿਧ ਕਰਦੀ ਹੈ। ਗੁਰਮਤਿ ਅੰਦਰ ਆਦਿ ਸਚੁ, ਜੁਗਾਦਿ ਸਚੁ ਪ੍ਰਵਾਨਿਤ ਹੈ, ਕਿਸੇ ਵੀ ਕਾਲ ਅੰਦਰ ਸਿਖ ਪਰਮਸਤ ਦੀ ਹੋਂਦ ਤੋਂ ਇਨਕਾਰੀ ਨਹੀਂ ਹਨ। ਵਿਸ਼ੇਸ਼ ਸਮੇਂ ਦੌਰਾਨ ਇਸ ਲੋਕਾਈ ਅੰਦਰ ਸਤ ਦੇ ਪ੍ਰਕਾਸ਼ ਹਿਤ ਦੈਵੀ ਪੁਰਖ ਅਵਤ੍ਰਿਤ ਹੋਏ। ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਭਟਾਂ ਦੇ ਸਵਯੇ ਗੁਰੂ ਨਾਨਕ ਜੋਤ ਦੀ ਉਸਤਤਿ ਕਰਦੇ ਹੋਏ ਗੁਰੂ ਪਾਤਸ਼ਾਹ ਦਾ ਬਾਵਨ, ਰਾਮ ਅਤੇ ਕ੍ਰਿਸ਼ਨ ਰੂਪ ਵਿਚ ਵਿਸਮਾਦੀ ਚਿਤ੍ਰਣ ਪ੍ਰਸਤੁਤ ਕਰਦੇ ਹਨ।
ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ॥
ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ॥
ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ॥
ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ॥
ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ॥
ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ॥ (ਗੁਰੂ ਗ੍ਰੰਥ ਸਾਹਿਬ, ਅੰਗ ੧੩੯੦)
ਇਹ ਚਿਤ੍ਰਣ ਪਾਤਸ਼ਾਹ ਦੇ ਜਗਤ ਗੁਰੂ ਰੂਪ ਨੂੰ ਦ੍ਰਿਸ਼ਟਮਾਨ ਕਰਦਾ ਹੈ ਜੋ ਕਿਸੇ ਸੰਪ੍ਰਦਾਇ ਜਾਂ ਸਮੂਹ ਦੀ ਹਦਬੰਦੀ ਵਿਚ ਨਹੀਂ। ਗੁਰੂ ਨਾਨਕ ਦੇਵ ਜੀ ਨੇ ਪ੍ਰਚਲਿਤ ਧਾਰਮਿਕ ਸ਼ਬਦਾਵਲੀ ਦਾ ਤ੍ਰਿਸਕਾਰ ਨਹੀਂ ਕੀਤਾ ਸਗੋਂ ਉਸ ਨੂੰ ਸਾਰਥਕ ਅਰਥ ਪ੍ਰਦਾਨ ਕੀਤੇ ਹਨ ਅਤੇ ਨਵੀਨ ਮੌਲਿਕ ਚਿੰਤਨ ਪ੍ਰਸਤੁਤ ਕੀਤਾ ਹੈ। ਪਾਤਸ਼ਾਹ ਦਾ ਵਿਵੇਕਸ਼ੀਲ ਚਿੰਤਨ ਰੋਸ ਜਾਂ ਸੰਕੀਰਣਤਾ ਦੀ ਜਗਾ ਸੁਹਿਰਦਤਾ ਅਤੇ ਸੁਚੇਤਤਾ ਨੂੰ ਪ੍ਰਗਟ ਕਰਦਾ ਹੈ। ਗੁਰੂ ਸਾਹਿਬ ਦੇ ਉਪਦੇਸ਼ ਦਾ ਇਹ ਅਸੀਮ ਘੇਰਾ ਹਰ ਸੰਪ੍ਰਦਾਇ, ਮਜ਼ਹਬ, ਪੰਥ ਦੇ ਅਵਲੰਬੀ ਨੂੰ ਸਤ ਦੀ ਅਨੁਭੂਤੀ ਲਈ ਪ੍ਰੇਰਿਤ ਕਰ ਉਸ ਦੇ ਪ੍ਰਤੀਕਾਂ ਨੂੰ ਜਾਨ ਬਖਸ਼ਦਾ ਹੈ। ਗੁਰੂ ਸਾਹਿਬ ਦੇ ਇਸ ਉਚਤਮ ਚਿੰਤਨ ਦੇ ਕਾਰਨ ਹੀ ਸਮੂਹ ਭਾਰਤੀ ਧਰਮ ਅਤੇ ਸਾਮੀ ਧਾਰਮਿਕ ਪਰੰਪਰਾ ਦਾ ਸਿਖਰ ਇਸਲਾਮ ਦੇ ਸਾਧਕ ਗੁਰੂ ਪਾਤਸ਼ਾਹ ਨੂੰ ਅਵਤ੍ਰਿਤ ਪੁਰਖ ਜਾਂ ਗੁਰੂ ਬਾਬਾ, ਸ਼ਾਹ ਫਕੀਰ ਕਹਿ ਆਪਣਾ ਅਭਿੰਨ ਅੰਗ ਨਿਸ਼ਚਿਤ ਕਰਨ ਵਿਚ ਮਾਣ ਮਹਿਸੂਸ ਕਰਦੇ ਹਨ।
ਇਸ ਪਰਚੇ ਅੰਦਰ ਗੁਰੂ ਨਾਨਕ ਦੇਵ ਸਮੇਂ ਪ੍ਰਚਲਤ ਕੁਝ ਧਾਰਮਿਕ ਪ੍ਰਤੀਕਾਂ ਦਾ ਅਧਿਐਨ ਪ੍ਰਸਤੁਤ ਕੀਤਾ ਹੈ ਜਿੰਨ੍ਹਾਂ ਨੂੰ ਗੁਰੂ ਪਾਤਸ਼ਾਹ ਨੇ ਪੁਨਰ ਪਾਰਿਭਾਸ਼ਿਤ ਕਰ ਸਤ ਨਾਲ ਜੋੜ ਸੁਰਜੀਤ ਕਰਿਆ ਹੈ। ਅਧਿਐਨ ਦੇ ਘੇਰੇ ਦੀ ਇਕ ਸੀਮਾ ਨਿਰਧਾਰਿਤ ਕਰਨ ਲਈ ਅਸੀਂ ਸਾਧਕ ਨੂੰ ਧਰਮ-ਪ੍ਰਵੇਸ਼ ਸਮੇਂ ਪਹਿਣਾਏ ਜਾਂਦੇ ਬ੍ਰਾਹਮਣ ਦੇ ਜਨੇਊ ਅਤੇ ਯੋਗੀ ਦੀਆਂ ਮੁੰਦਰਾਂ ਦੇ ਪ੍ਰਤੀਕਾਂ ਨੂੰ ਗੁਰਬਾਣੀ ਅਨੁਸਾਰ ਪ੍ਰਸਾਰਿਤ ਕਰਨ ਦਾ ਪ੍ਰਯਤਨ ਕੀਤਾ ਹੈ।
ਜਨੇਊ ਜਾਂ ਸੰਸਕ੍ਰਿਤ ਭਾਸ਼ਾ ਦਾ ਯਗੳਪਵੀਤ ਬ੍ਰਾਹਮਣ ਦਾ ਨਵ-ਸਾਧਕ ਲਈ ਪ੍ਰਾਥਮਿਕ ਧਾਰਮਿਕ ਪ੍ਰਤੀਕ ਹੈ। ਇਹ ਸੂਤ ਦਾ ਧਾਗਾ ਹੁੰਦਾ ਹੈ ਜੋ ਮੰਤਰ ਉਚਾਰਨ ਕਰ ਵਟਿਆ ਜਾਂਦਾ ਹੈ ਅਤੇ ਧਰਮ ਵਿਚ ਪ੍ਰਵੇਸ਼ ਸਮੇਂ ਵਿਦਿਤ ਬ੍ਰਾਹਮਣ ਦੁਆਰਾ ਪ੍ਰਵੇਸ਼ਕਰਤਾ ਨੂੰ ਧਾਰਨ ਕਰਵਾਇਆ ਜਾਂਦਾ ਹੈ। ਇਸ ਸੰਸਕਾਰ ਨੂੰ ੳਪਨਿਯਨ ਸੰਸਕਾਰ ਕਿਹਾ ਜਾਂਦਾ ਹੈ। ਵਾਮਨ ਸ਼ਿਵਰਾਮ ਆਪਟੇ ਅਨੁਸਾਰ ੳਪਨਿਯਨ ਦੇ ਅਰਥ ‘ਨਿਕਟ ਆਉਣਾ, ਖੋਜ ਲੈਣਾ, ਕੰਮ ਤੇ ਲਗ ਜਾਣਾ ਅਤੇ ਜਨੇਊ ਧਾਰਨ ਕਰਵਾਉਣ ਦੀ ਰਸਮ ਜਾਂ ਵੇਦ ਦੇ ਅਧਿਐਨ ਆਦਿ ਹੁੰਦੇ ਹਨ’3 ਭਾਵ ਸ਼ਿਸ਼ ਨੂੰ ਗੁਰੂ ਦੇ ਨਿਕਟ ਲੈ ਕੇ ਜਾਣਾ। ਗੁਰੂ ਨਾਨਕ ਦੇਵ ਜੀ ਦੇ ਸਮੇਂ ਬ੍ਰਾਹਮਣ ਨੇ ਇਸ ਸੰਸਕਾਰ ਰਾਹੀਂ ਸਮਾਜ ਦੀ ਵਰਣ-ਵੰਡ ਕਰ ਆਪਣੇ ਆਪ ਨੂੰ ਸਰਬੋਤਮ ਦਰਜੇ ਉਪਰ ਰਖਿਆ ਸੀ। ਜਨੇਉ ਪਹਿਨਾਉਣ ਦਾ ਅਧੀਕਾਰ ਕੇਵਲ ਬ੍ਰਾਹਮਣ ਕੋਲ ਸੀ ਅਤੇ ਹਰ ਵਰਣ ਦਾ ਜਨੇਊ ਵਖਰਾ ਸੀ। ਭਾਵ ਧਾਰਮਿਕ ਪ੍ਰਤੀਕ ਕੇਵਲ ਅਭਿਮਾਨ ਸੂਚਕ ਸਨ ਅਤੇ ਅਸੰਤੁਲਿਤ ਅਤੇ ਅਸਭਿਅਕ ਸਮਾਜ ਸਿਰਜਣਾ ਵਿਚ ਕ੍ਰਿਯਾਸ਼ੀਲ ਸਨ। ਸੋਢੀ ਮਿਹਰਬਾਨ ਰਚਿਤ ਜਨਮਸਾਖੀ ਅਨੁਸਾਰ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਧਾਰਨ ਕਰਵਾਉਣ ਹਿਤ ਪਰੋਹਿਤ ਨੂੰ ਸਦਿਆ ਜਾਂਦਾ ਹੈ, ਉਹ ਗਾਇਤ੍ਰੀ ਅਤੇ ਵੇਦਾਂ ਦਾ ਉਪਦੇਸ਼ ਦੇ ਕੇ ਗੁਰੂ ਸਾਹਿਬ ਨੂੰ ਜਨੇਊ ਧਾਰਨ ਕਰਨ ਲਈ ਕਹਿੰਦਾ ਹੈ ਤਾਂ ਪਾਤਸ਼ਾਹ ਸਮੇ ਅਨੁਕੂਲ ਇਸ ਦੀ ਅਪ੍ਰਾਸੰਗਿਕਤਾ ਨੂੰ ਵਾਚਦੇ ਹੋਏ ਉਨ੍ਹਾਂ ਸਦੀਵੀ ਗੁਣਾਂ ਦਾ ਵਿਖਿਆਣ ਕਰਦੇ ਹਨ ਜਿਸ ਦਾ ਚਿੰਨ੍ਹ ਰੂਪੀ ਜਨੇਊ ਪ੍ਰਤੀਕਮਾਨ ਹੈ।4 ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਅੰਦਰ ਪਰੋਹਿਤ ਨੂੰ ਉਪਦੇਸ਼ ਕਰਦੇ ਸਮੇਂ ਇਸ ਧਾਰਮਿਕ ਪ੍ਰਤੀਕ ਨੂੰ ਅਨਾਦੀ ਗੁਣਾਂ ਨਾਲ ਜੋੜਿਆ ਹੈ। ਜਨੇਊ ਦੁਆਰਾ ਪ੍ਰਗਟ ਹੋਣ ਵਾਲੇ ਉਹ ਗੁਣ ਮਨੁਖ ਨੂੰ ਅਬਿਨਾਸ਼ੀ ਸਤ ਨਾਲ ਜੋੜਨ ਵਿਚ ਸਹਾਈ ਹੁੰਦੇ ਹਨ। ਆਸਾ ਰਾਗ ਅੰਦਰ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ
ਦਇਆ ਕਪਾਹ ਸੰਤੋਖ ਸੂਤ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ ਹਾਈ ਤ ਪਾਡੇ ਘਤੁ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥ (ਗੁਰੂ ਗ੍ਰੰਥ ਸਾਹਿਬ, ਅੰਗ ੪੭੧)
ਭਾਵ ਕਿ ਬ੍ਰਾਹਮਣ ਦਾ ਧਾਰਮਿਕ ਪ੍ਰਤੀਕ ਜਨੇਊ ਤਾਂ ਪ੍ਰਾਸੰਗਿਕ ਹੈ ਜੇਕਰ ਉਹ ਸੰਤੋਖ ਰੂਪੀ ਸੂਤ, ਦਇਆ ਰੂਪੀ ਕਪਾਹ ਤੋਂ ਨਿਰਮਿਤ ਹੋਇਆ ਹੋਵੇ ਅਤੇ ਉਸ ਨੂੰ ਸਤ ਨਾਲ ਵਟ ਕੇ ਜਤ ਦੀ ਗੰਢ ਦਿਤੀ ਹੋਵੇ। ਸੰਤੋਖ, ਦਇਆ, ਜਤ ਅਤੇ ਸਤ ਤੋਂ ਵੰਚਿਤ ਜਨੇਊ ਕੇਵਲ ਭੇਖ ਹੈ। ਗੁਰੂ ਨਾਨਕ ਦੇਵ ਜੀ ਨੇ ਇਸ ਪ੍ਰਕਾਰ ਬ੍ਰਾਹਮਣ ਦੇ ਧਾਰਮਿਕ ਪ੍ਰਤੀਕ ਜਨੇਊ ਨੂੰ ਯੁਗਾਂ ਤੋਂ ਚਲੇ ਆ ਰਹੇ ਦੋਸ਼ਾਂ ਤੋਂ ਮੁਕਤ ਕੀਤਾ ਹੈ।
ਪਤਿ ਵਿਣੁ ਪੂਜਾ ਸਤ ਵਿਣੁ ਸੰਜਮੁ ਜਤ ਵਿਣੁ ਕਾਹੇ ਜਨੇਊ॥
ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਨ ਹੋਈ॥ (ਗੁਰੂ ਗ੍ਰੰਥ ਸਾਹਿਬ, ਅੰਗ ੯੦੩)
ਧਾਰਮਿਕ ਪ੍ਰਤੀਕ ਦਾ ਕਾਰਜ ਮਨੁਖ ਨੂੰ ਬਾਹਰਮੁਖੀ ਤੋਂ ਅੰਤਰਮੁਖੀ ਹੋਣ ਵਲ ਪ੍ਰੇਰਿਤ ਕਰਨਾ ਹੈ। ਪ੍ਰਸਿਧ ਫਰਾਂਸੀਸੀ ਵਿਦਵਾਨ ਮਾਰਟਿਨ ਲਿੰਗਸ ਅਨੁਸਾਰ ‘ਪ੍ਰਤੀਕ ਰਸਤਾ ਹੈ ਉਸ ਪਰਮਸਤ ਤਕ ਪਹੁੰਚਣ ਦਾ ਜਿਸ ਤੋਂ ਮਨੁਖ ਵਿਭਾਜਿਤ ਹੋਇਆ ਹੈ। ਕਿਸੇ ਦੈਵੀ ਪੁਰੁਸ਼ ਜਾਂ ਸੰਤ ਦੁਆਰਾ ਧਾਰਮਿਕ ਰਸਮਾਂ ਦਾ ਦੋਹਰਾਓ ਦੁਨਿਆਵੀ ਜੀਵਾਂ ਲਈ ਪ੍ਰੇਰਣਾਸ੍ਰੋਤ ਹੁੰਦਾ ਹੈ। ਧਾਰਮਿਕ ਸੰਸਕਾਰ ਦੇ ਪ੍ਰਤੀਕ ਸਾਧਕ ਦੇ ਪਰਮਸਤ ਨਾਲ ਮਿਲਾਪ ਦਾ ਮਾਰਗ ਹਨ ਜਿਸ ਨਾਲੋਂ ਉਹ ਵਿਭਾਜਿਤ ਹੋਇਆ ਹੈ।’5 ਗੁਰੂ ਨਾਨਕ ਦੇਵ ਜੀ ਬ੍ਰਾਹਮਣ ਦੇ ਇਸ ਪ੍ਰਤੀਕ ਦੀ ਅੰਤਰਮੁਖੀ ਯਾਤਰਾ ਨੂੰ ਇਸ ਪ੍ਰਕਾਰ ਵਰਣਿਤ ਕਰਦੇ ਹਨ।
ਕਾਇਆ ਬ੍ਰਹਮਾ ਮਨੁ ਹੈ ਧੋਤੀ॥
ਗਿਆਨ ਜਨੇਊ ਧਿਆਨੁ ਕੁਸਪਾਤੀ॥
ਹਰਿ ਨਾਮਾ ਜਸੁ ਜਾਚਉ ਨਾਉ॥
ਗੁਰ ਪਰਸਾਦੀ ਬ੍ਰਹਮਿ ਸਮਾਉ॥
ਪਾਂਡੇ ਐਸਾ ਬ੍ਰਹਮ ਬੀਚਾਰੁ॥
ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰ॥
ਬਾਹਰਿ ਜਨੇਊ ਜਿਚਰੁ ਜੋਤਿ ਹੈ ਨਾਲਿ॥
ਧੋਤੀ ਟਿਕਾ ਨਾਮੁ ਸਮਾਲਿ॥
ਐਥੈ ੳਥੈ ਨਿਬਹੀ ਨਾਲਿ॥
ਵਿਣੁ ਨਾਵੈ ਹੋਰਿ ਕਰਮ ਨ ਭਾਲਿ॥ (ਗੁਰੂ ਗ੍ਰੰਥ ਸਾਹਿਬ, ਅੰਗ ੩੫੫)
ਬਾਹਰੀ ਜਨੇਊ ਨੇ ਸੜ ਬਲ ਜਾਣਾ ਹੈ ਇਸ ਲਈ ਇਸ ਨੂੰ ਕੇਵਲ ਬਾਹਰੀ ਰਸਮ ਦੇ ਤੌਰ ਤੇ ਨਾ ਲਿਆ ਜਾਵੇ (ਗੁਰੂ ਪਾਤਸ਼ਾਹ ਦੇ ਸਮੇਂ ਬਹੁਤਾਤ ਬ੍ਰਾਹਮਣਾਂ ਨੇ ਜਨੇਊ ਨੂੰ ਕੇਵਲ ਬਾਹਰੀ ਜਾਤੀਗਤ ਸ਼੍ਰੇਣੀਆਂ ਦਾ ਪ੍ਰਤੀਕ ਜਾਣ ਕੇ ਜਾਤ ਅਭਿਮਾਨ ਨੂੰ ਜਨਮ ਦਿਤਾ ਹੋਇਆ ਸੀ)। ਗੁਰੂ ਨਾਨਕ ਸਾਹਿਬ ਦੁਆਰਾ ਨਿਰਧਾਰਿਤ ਕੀਤੇ ਜਨੇਊ ਨੂੰ ਪ੍ਰਤੀਕਮਾਨ ਕਰਦੇ ਗੁਣ ਮਨੁਖ ਨੂੰ ਅਧਿਆਤਮਕ ਜੀਵਨ ਵਿਚ ਉਥਾਨ ਅਤੇ ਪਰਮਸਤ ਦੀ ਪ੍ਰਾਪਤੀ ਲਈ ਉਪਯੋਗੀ ਹੁੰਦੇ ਹਨ। ਜਨੇਊ ਧਾਰਨ ਕਰਨਾ ਮਾਤਰ ਬਾਹਰੀ ਰਸਮ ਨਹੀਂ ਇਸ ਤੋਂ ਭਾਵ ਉਨ੍ਹਾਂ ਗੁਣਾਂ ਨੂੰ ਧਾਰਨ ਕਰਨਾ ਹੈ ਜੋ ਸਦੀਵੀ ਹਨ। ਗੁਰੂ ਪਾਤਸ਼ਾਹ ਦਾ ਸੰਤੋਖ, ਦਇਆ, ਜਤ ਅਤੇ ਸਤ ਦੁਆਰਾ ਸਿਰਜਿਆ ਸੰਪੰਨ ਜਨੇਊ ਨਾ ਟੁਟਦਾ ਹੈ, ਨਾ ਉਸ ਨੂੰ ਮੈਲ ਲਗਦੀ ਹੈ ਅਤੇ ਨਾ ਹੀ ਉਹ ਸੜਦਾ ਜਾਂ ਗੁਆਚਦਾ ਹੈ। ਉਸ ਅੰਦਰ ਅਧੋਗਤੀ ਦੀ ਸੰਭਾਵਨਾਂ ਨਹੀਂ। ਪ੍ਰਤੀਕ ਰੂਪੀ ਜਨੇਊ ਦਾ ਇਨ੍ਹਾਂ ਗੁਣਾਂ ਨਾਲ ਜੁੜੇ ਹੋਣਾ ਆਵਸ਼ਕ ਹੈ। ਗੁਰੂ ਨਾਨਕ ਦੇਵ ਜੀ ਨੇ ਬ੍ਰਾਹਮਣ ਦੇ ਇਸ ਪ੍ਰਤੀਕ ਨੂੰ ਅਧਿਆਤਮਕ ਗੁਣਾਂ ਨਾਲ ਜੋੜ ਕੇ ਇਸ ਨੂੰ ਪੁਨਰ ਪਾਰਿਭਾਸ਼ਿਤ ਕਰ ਨਵੀਨ ਚਿੰਤਨ ਪ੍ਰਸਤੁਤ ਕੀਤਾ ਹੈ ਅਤੇ ਬ੍ਰਾਹਮਣ ਨੂੰ ਇਸ ਸਤ ਦੇ ਮਾਰਗ ਤੇ ਚਲਣ ਲਈ ਪ੍ਰੋਤਸਾਹਿਤ ਅਤੇ ਸਦੀਵੀ ਗੁਣਾਂ ਦਾ ਅਨੁਸਰਣ ਕਰਨ ਲਈ ਉਪਦੇਸ਼ ਅੰਕਿਤ ਕੀਤਾ ਹੈ।
ਤਿਆਗਵਾਦੀ ਪਰੰਪਰਾਵਾਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਸਮਾਜਿਕ ਮਾਨਸਿਕਤਾ ਅੰਦਰ ਪ੍ਰਚੰਡ ਰੂਪ ਵਿਚ ਪ੍ਰਚਲਿਤ ਸਨ। ਬੁਧ ਅਤੇ ਜੈਨ ਦਰਸ਼ਨ ਨੇ ਇਸ ਮਾਰਗ ਦਾ ਅਨੁਸਰਣ ਕੀਤਾ ਅਤੇ ਤਿਆਗਵਾਦ ਨੂੰ ਪ੍ਰਾਥਮਿਕਤਾ ਦਿਤੀ। ਮੁਖ ਰੂਪ ਵਿਚ ਬੋਧੀ ਸਾਧਕਾਂ ਦੁਆਰਾ ਸਮੁਚੇ ਏਸ਼ੀਆਂ ਦ੍ਵੀਪ ਵਿਚ ਇਸ ਵਿਚਾਰਧਾਰਾ ਦਾ ਵਿਸਥਾਰ ਹੋਇਆ ਸੀ। ਯੋਗ, ਭਾਰਤੀ ਦਰਸ਼ਨ ਦਾ ਅਨਿਵਾਰਯ ਅੰਗ ਹੈ। ਮਨੁਖੀ ਚਿਤ ਬ੍ਰਿਤੀਆਂ ਦੀ ਰੋਕਥਾਮ ਦਾ ਨਾਮ ਯੋਗ ਹੈ। ਯੋਗ ਸ਼ਬਦ ਦਾ ਉਦਗਮ ਸੰਸਕ੍ਰਿਤ ਦੇ ਯੁਜ਼ ਸ਼ਬਦ ਤੋਂ ਹੋਇਆ ਹੈ ਜਿਸ ਦੇ ਸ਼ਾਬਦਿਕ ਅਰਥ ਜੋੜ ਜਾਂ ਮਿਲਾਪ ਹਨ।6 ਯੋਗ ਦਾ ਮੁਖ ਪ੍ਰਯੋਜਨ ਮਨ ਅਤੇ ਸਰੀਰ ਦੀ ਸ਼ੁਧੀ ਅਤੇ ਹਠ ਸਾਧਨਾ ਨਾਲ ਕੁੰਡਲਨੀ ਦਾ ਉਥਾਨ ਅਤੇ ਇਸ ਪ੍ਰਕ੍ਰਿਆ ਰਾਂਹੀ ਰਿਧੀਆਂ, ਸਿਧੀਆਂ ਅਤੇ ਮੋਕਸ਼ ਪ੍ਰਾਪਤ ਕਰਨਾ ਹੈ। ਗੁਰੂ ਨਾਨਕ ਦੇਵ ਜੀ ਦੇ ਸਮੇਂ ਇਨ੍ਹਾਂ ਪਰੰਪਰਾਵਾਂ ਅੰਦਰ ਆਤਮਿਕ ਜੀਵਨ ਸ਼ੁੰਨਯ ਹੋ ਗਿਆ ਸੀ ਅਤੇ ਸਮਸਤ ਯੋਗ, ਇੰਦਰੀਆਂ ਅਤੇ ਮਨ ਦੇ ਦਮਨ ਦੀ ਕਿਰਿਆ ਉਪਰ ਕੇਂਦਰਿਤ ਹੋ ਸਮਾਜਿਕ ਜੀਵਨ ਨੂੰ ਘ੍ਰਿਣਿਤ ਦ੍ਰਿਸ਼ਟੀ ਨਾਲ ਵਾਚ ਰਿਹਾ ਸੀ। ਗੁਰੂ ਨਾਨਕ ਦੇਵ ਜੀ ਦਾ ਗ੍ਰਿਹਸਥ ਮਾਰਗ ਇਨ੍ਹਾਂ ਲਈ ਰੁਕਾਵਟ ਸੀ ਜਿਸ ਕਾਰਨ ਤਿਆਗਵਾਦੀਆਂ ਨੇ ਗੁਰੂ ਨਾਨਕ ਦੇਵ ਜੀ ਨਾਲ ਵਿਸਤ੍ਰਿਤ ਗੋਸਟਾਂ ਕੀਤੀਆਂ। ਬਹੁਤਾਤ ਯੋਗੀ ਸਮੁਦਾਇ ਉਪਾਸਨਾ ਲਈ ਪੰਚਤਤਵ ਸਾਧਨਾ ਕਰਦੇ ਹਨ ਇਸ ਵਿਚ ਮਧਯ, ਮਮਸਾ, ਮਤਸਯ, ਮੈਥੁਨਾ ਅਤੇ ਮੁਦਰਾ ਦਾ ਪ੍ਰਯੋਗ ਹੁੰਦਾ ਹੈ।7 ਗੋਰਖਨਾਥ ਦਾ ਦਰਸ਼ਨ ਪੰਚਤਤਵ ਸਾਧਨਾ ਨਾਲੋਂ ਵੈਰਾਗੀ, ਵਿਰਕਤ ਅਤੇ ਹਠ ਯੋਗ ਉਪਰ ਜ਼ਿਆਦਾ ਕੇਂਦਰਿਤ ਹੈ। ਇਸ ਦੇ ਉਪਾਸ਼ਕਾਂ ਨੂੰ ਬਾਰ੍ਹਾਂ ਸੰਪ੍ਰਦਾਵਾਂ ਵਿਚ ਵਿਭਾਜਿਤ ਹੋਣ ਕਰਾਨ ਬਾਰਹਪੰਥੀ ਵੀ ਕਿਹਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਅਹਿਮ ਹਿਸਾ ਤਿਆਗਵਾਦੀਆਂ ਨੂੰ ਉਪਦੇਸ਼ ਦੇ ਰੂਪ ਵਿਚ ਅੰਕਿਤ ਹੈ।
ਉਦਾਸੀਆਂ ਦੌਰਾਨ ਗੁਰੂ ਨਾਨਕ ਦੇਵ ਜੀ ਸਮਕਾਲੀ ਜਗਤ ਦੇ ਸ੍ਰੇਸ਼ਠ ਪੁਰਖਾਂ ਨੂੰ ਮਿਲੇ ਜੋ ਕਿਸੇ ਵਿਸ਼ੇਸ਼ ਧਾਰਮਿਕ ਚਿੰਤਨ ਅਤੇ ਪਰੰਪਰਾ ਦਾ ਪ੍ਰਤੀਨਿਧ ਕਰਦੇ ਸਨ। ਜਪੁ ਅਤੇ ਸਿਧ ਗੋਸਟਿ ਗੁਰੂ ਸਾਹਿਬ ਦੀਆਂ ਪ੍ਰਮਖ ਦਾਰਸ਼ਨਿਕ ਰਚਨਾਵਾਂ ਹਨ ਜਿੰਨ੍ਹਾਂ ਅਧੀਨ ਮੁਖ ਤੌਰ ਤੇ ਗੁਰੂ ਪਾਤਸ਼ਾਹ ਦਾ ਯੋਗੀਆਂ ਨੂੰ ਉਪਦੇਸ਼ ਅੰਕਿਤ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਜਿੰਨ੍ਹਾਂ ਯੋਗੀਆਂ, ਸਿਧਾਂ ਅਤੇ ਨਾਥਾਂ ਨੂੰ ਉਪਦੇਸ਼ ਕੀਤਾ, ਜ਼ਿਆਦਾਤਰ ਵਿਦਵਾਨ ਉਨ੍ਹਾਂ ਦਾ ਉਦਗਮ ਸ਼ੈਵ ਪਰੰਪਰਾ ਵਿਚੋਂ ਮੰਨਦੇ ਹਨ। ਸਿਰਦਾਰ ਕਪੂਰ ਸਿੰਘ ਅਨੁਸਾਰ ਸਿਧ, ਬੋਧੀ ਸਾਧਕ ਸਨ ਅਤੇ ਉਨ੍ਹਾਂ ਦਾ ਆਰਾਧਯ ਦੇਵ ਗੌਤਮ ਬੁਧ ਸੀ। ਸਿਧਾਂ ਦੀ ਪਰੰਪਰਾ ਦਾ ਸੰਸਥਾਪਕ ਅਸੰਘ ਨੂੰ ਮੰਨਿਆ ਜਾਂਦਾ ਹੈ ਜਿਸ ਨੇ ਨਾਲੰਦਾ ਵਿਸ਼ਵ ਵਿਦਿਆਲਯ ਅੰਦਰ ਮਹਾਯਾਨ ਬੁਧ ਦਰਸ਼ਨ ਨੂੰ ਯੋਗਾਚਾਰਯ ਦੇ ਦਰਸ਼ਨ ਨਾਲ ਸੰਮਲਿਤ ਕਰ ਦਿਤਾ। ਜਿਸ ਪ੍ਰਕਾਰ ਇਹ ਸ਼ੈਵ ਰਹਸਵਾਦ ਅਤੇ ਤੰਤਰ ਦਾ ਮਿਸ਼ਰਣ ਬਣ ਗਿਆ। ਬਖਤਿਆਰ ਖ਼ਿਲਜੀ ਦੇ ਹਮਲੇ ਸਮੇਂ ਇਸ ਪਰੰਪਰਾ ਦੇ ਕੁਛ ਉਪਾਸ਼ਕ ਹਿਮਾਲਯ ਦੇ ਪਹਾੜਾਂ ਉਪਰ ਵਸ ਗਏ ਜਿੰਨ੍ਹਾਂ ਨਾਲ ਗੁਰੂ ਨਾਨਕ ਦੇਵ ਜੀ ਨੇ ਗੋਸਟਿ ਕੀਤੀ।8 ਗੁਰੂ ਸਾਹਿਬ ਜੀ ਦੀ ਇਹ ਵਾਰਤਾਲਾਪ ਸਿਧ ਗੋਸਟਿ ਦੇ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਮਕਲੀ ਰਾਗ ਵਿਚ ਅੰਕਿਤ ਹੈ ਜਿਸ ਨੂੰ ਯੋਗੀਆਂ ਦਾ ਪ੍ਰਿਯ ਰਾਗ ਮੰਨਿਆ ਜਾਂਦਾ ਹੈ।
ਸਿਧ ਗੋਸਟਿ ਦੇ ਕੁਝ ਸ਼ਬਦ ਗੋਰਖਬਾਣੀ ਅਤੇ ਆਦਿ ਯੋਗੀਆਂ ਦੀ ਰਚਨਾਂ ਨਾਲ ਮੇਲ ਖਾਂਦੇ ਹਨ। ਉਸੇ ਪ੍ਰਕਾਰ ਦਾ ਪ੍ਰਸ਼ਨੋਤਰ ਮਿਲ ਜਾਂਦਾ ਹੈ ਜਿਸ ਪ੍ਰਕਾਰ ਦਾ ਸਿਧ ਗੋਸਟਿ ਅੰਦਰ ਅੰਕਿਤ ਹੈ। ਇਸ ਕਥਨ ਤੋਂ ਦੋ ਧਾਰਨਾਵਾਂ ਪ੍ਰਗਟ ਹੁੰਦੀਆਂ ਹਨ। ਪਹਿਲਾ ਗੁਰੂ ਪਾਤਸ਼ਾਹ ਦਾ ਉਦੇਸ਼ ਜਿਥੇ ਸਿਖੀ ਦੇ ਨਿਰਾਲੇ ਮਾਰਗ ਦਾ ਪ੍ਰਸਾਰ ਕਰਨਾ ਸੀ ਉਥੇ ਯੋਗੀਆਂ ਦੇ ਪੁਰਾਤਨ ਸਤ ਨੂੰ ਵੀ ਪ੍ਰਗਟ ਕਰਨਾ ਸੀ ਜੋ ਉਹ ਵਿਸਾਰ ਚੁਕੇ ਸਨ। ਦੂਜੇ ਮਤ ਅਨੁਸਾਰ ਯੋਗ ਸੰਪ੍ਰਦਾਇ ਅਗੇ ਅਜੇ ਵੀ ਉਹੀ ਪ੍ਰਸ਼ਨ ਖੜੇ ਸਨ ਜੋ ਉਨ੍ਹਾਂ ਨੇ ਸੰਪ੍ਰਦਾਇ ਦੇ ਮੋਢੀ ਮਸ਼ੇਦ੍ਰਨਾਥ ਜਾਂ ਗੋਰਖਨਾਥ ਤੋਂ ਪੁਛੇ ਸਨ ਅਤੇ ਜਿਸ ਪੂਰਤੀ ਹਿਤ ਉਨ੍ਹਾਂ ਯੋਗ ਧਾਰਨ ਕੀਤਾ ਸੀ। ਗੁਰੂ ਨਾਨਕ ਦੇਵ ਜੀ ਨੇ ਯੋਗੀ ਦੇ ਅਨੇਕਾਂ ਪ੍ਰਤੀਕਾਂ ਦਾ ਵਿਖਿਆਣ ਗੁਰਬਾਣੀ ਅੰਦਰ ਕੀਤਾ ਹੈ। ਇਥੇ ਅਸੀਂ ਕੇਵਲ ਮੁੰਦਰਾਂ ਪ੍ਰਤੀਕ ਦਾ ਅਧਿਐਨ ਪ੍ਰਸਤੁਤ ਕਰਾਂਗੇ ਜੋ ਯੋਗ ਮਤ ਵਿਚ ਪ੍ਰਵੇਸ਼ ਸਮੇਂ ਦਾ ਅਹਿਮ ਚਿੰਨ੍ਹ ਹੈ।
ਯੋਗ ਮਤ ਅਨੁਸਾਰ ਸਾਧਕ ਦੁਆਰਾ ਕੰਨਾਂ ਵਿਚ ਮੁੰਦਰਾਂ ਜਾਂ ਕੁੰਡਲ ਪਾਉਣ ਦੀ ਰਿਵਾਇਤ ਦੇ ਉਦਗਮ ਦੀਆਂ ਚਾਰ ਧਾਰਨਾਵਾਂ ਹਨ। ਪਹਿਲਾ ਇਹ ਮੰਨਿਆਂ ਜਾਂਦਾ ਹੈ ਕਿ ਇਹ ਪ੍ਰਥਾ ਆਦਿਯੋਗੀ ਸ਼ਿਵ ਤੋਂ ਆਰੰਭ ਹੋਈ। ਦੂਸਰੀ ਧਾਰਨਾਂ ਅਨੁਸਾਰ ਇਸ ਦਾ ਪਰਾਰੰਭ ਸੰਪ੍ਰਦਾਇ ਸੰਸਥਾਪਕ ਮਸ਼ੇਂਦਰਨਾਥ ਤੋਂ ਹੋਇਆ। ਤੀਸਰਾ, ਯੋਗੀ ਭਰਥਰੀ ਨੇ ਆਪਣੇ ਗੁਰੂ ਜਾਲੰਧਰਨਾਥ ਨੂੰ ਵਿਲਖਣ ਦਿਖ ਲਈ ਬੇਨਤੀ ਕੀਤੀ ਤਾਂ ਜਾਲੰਧਰਨਾਥ ਨੇ ਇਹ ਕੁੰਡਲ ਵਿਲਖਣ ਚਿੰਨ੍ਹ ਵਜੋਂ ਪਾਉਣ ਦਾ ਹੁਕਮ ਕੀਤਾ ਅਤੇ ਚੌਥਾ ਸ਼ਿਵ ਦੇ ਹੁਕਮ ਨਾਲ ਪਾਰਬਤੀ ਨੇ ਯੋਗੀ ਗੋਰਖਨਾਥ ਨੂੰ ਮੁੰਦਰਾਂ ਪਵਾਈਆਂ ਅਤੇ ਅਗੇ ਇਹ ਰਿਵਾਇਤ ਯੋਗ ਮਤ ਵਿਚ ਪ੍ਰਸਾਰਿਤ ਹੋਈ। ਯੋਗ ਮਤ, ਕੰਨਾਂ ਵਿਚ ਮੁੰਦਰਾਂ ਪਾਉਣਾ, ਯੋਗੀ ਦੇ ਵਿਸ਼ਵਾਸ਼, ਗੁਰੂ ਦੁਆਰਾ ਰਹਸਮਈ ਨਾੜੀ ਦਾ ਕਟੇ ਜਾਣਾ ਜੋ ਰਿਧੀਆਂ ਸਿਧੀਆਂ ਦੀ ਪ੍ਰਾਪਤੀ ਲਈ ਸਹਾਈ ਹੈ ਅਤੇ ਯੋਗੀ ਦੇ ਅਮਰ ਹੋਣ ਦਾ ਪ੍ਰਤੀਕ ਸਵੀਕਾਰ ਕਰਦਾ ਹੈ।9
ਗੁਰੂ ਨਾਨਕ ਦੇਵ ਜੀ ਨੇ ਮੁੰਦਰਾਂ ਨੂੰ ਸੰਤੋਖ ਦਾ ਪ੍ਰਤੀਕ ਕਿਹਾ ਹੈ ਅਤੇ ਇਨ੍ਹਾਂ ਦੀ ਸਿਰਜਣਾ ਗੁਰੂ ਉਪਦੇਸ਼ ਸੁਨਣ ਨਾਲ ਸਤ ਅਤੇ ਗਿਆਨ ਨਾਲ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਦੀ ਰਾਮਕਲੀ ਰਾਗ ਵਿਚ ਦਰਜ ਬਾਣੀ ਦਾ ਪ੍ਰਮੁਖ ਹਿਸਾ ਅਤੇ ਜਪੁਜੀ ਸਾਹਿਬ ਦੀਆਂ ੨੮ ਤੋਂ ੩੧ ਪਉੜੀਆਂ ਯੋਗੀਆਂ ਨੂੰ ਸੰਬੋਧਨ ਕੀਤੀਆਂ ਗਈਆਂ ਹਨ।
ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ॥ (ਗੁਰੂ ਗ੍ਰੰਥ ਸਾਹਿਬ, ਅੰਗ ੬)
ਸੰਤੋਖ, ਗੁਰ ਉਪਦੇਸ਼ ਤੋਂ ਪੈਦਾ ਹੁੰਦਾ ਹੈ। ਯੋਗੀ ਦੇ ਇਸ ਚਿੰਨ੍ਹ ਦੀ ਅੰਦਰੂਨੀ ਯਾਤਰਾ ਦਾ ਵਿਖਿਆਣ ਗੁਰੂ ਸਾਹਿਬ ਮੁੰਦ੍ਰਾ ਤੇ ਘਟ ਭੀਤਰਿ ਮੁਦ੍ਰਾ ਉਚਾਰਨ ਕਰ ਯੋਗੀ ਦੇ ਬਾਹਰੀ ਸਮਾਜ ਨੂੰ ਨਕਾਰਣ ਦੇ ਦਿਸ਼ਾਹੀਣ ਚਿੰਤਨ ਨੂੰ ਤੋੜ ਉਸ ਨੂੰ ਵਿਕਾਰਾਂ ਨੂੰ ਮੁੰਦਣ ਦੀ ਕ੍ਰਿਯਾ ਉਪਰ ਕੇਂਦਰਿਤ ਹੋਣ ਅਤੇ ਅੰਜਨ ਮਾਹਿ ਨਿਰੰਜਨ ਰਹਿਣ ਦਾ ਉਪਦੇਸ਼ ਦਿੰਦੇ ਹਨ। ਗੁਰੂ ਪਾਤਸ਼ਾਹ ਦੀ ਬਾਣੀ ਨੂੰ ਪ੍ਰਸਾਰਿਤ ਕਰਦੇ ਹੋਏ ਭਾਈ ਗੁਰਦਾਸ ਜੀ ਮੁੰਦਰਾਂ ਨੂੰ ਗੁਰੂ ਉਪਦੇਸ਼ ਰਾਹੀਂ ਪ੍ਰਗਟ ਹੁੰਦੀਆਂ ਦਸਦੇ ਹਨ।
ਮੁੰਦ੍ਰਾ ਗੁਰ ਉਪਦੇਸੁ ਮੰਤ੍ਰ ਸੁਣਾਇਆ॥ (ਭਾਈ ਗੁਰਦਾਸ, ਵਾਰ ੨੦ ਪਉੜੀ ੧੬)
ਕੰਨੀ ਮੁੰਦਰਾਂ ਮੰਤ੍ਰ ਗੁਰ ਸੰਤਾਂ ਧੂੜਿ ਬਿਭੂਤ ਸੁ ਲਾਸੀ॥ (ਭਾਈ ਗੁਰਦਾਸ, ਵਾਰ ੨੯ ਪਉੜੀ ੧੫)
ਗੁਰੂ ਨਾਨਕ ਦੇਵ ਜੀ ਦੁਆਰਾ ਜਨੇਊ ਜਾਂ ਮੁੰਦਰਾਂ ਨੂੰ ਪੁਨਰ ਪਾਰਿਭਾਸ਼ਿਤ ਕਰਨਾ ਸੰਪ੍ਰਦਾਈ ਅਭਿਮਾਨ, ਸੰਕੀਰਣਤਾ ਅਤੇ ਪ੍ਰਲਯਕਾਰੀ ਕੁਚੇਸ਼ਟਾ ਦਾ ਨਿਸ਼ੇਧ ਹੈ। ਗੁਰੂ ਸਾਹਿਬ ਪਾਰਦਰਸ਼ੀ ਏਕਤਾ (transcendental unity) ਦੇ ਜਨਮਦਾਤੇ ਹਨ। ਸੰਪ੍ਰਦਾਈ ਅਭਿਮਾਨ ਧਾਰਮਿਕ ਸਮੁਦਾਇ ਨੂੰ ਪਤਨ ਵਲ ਲੈ ਜਾਂਦਾ ਹੈ। ਗੁਰੂ ਸਾਹਿਬ ਨੇ ਖ਼ੁਸ਼ਕ ਤਿਆਗ ਅਤੇ ਫੋਕੇ ਸੁਚਮ ਨੂੰ ਤਰਜੀਹ ਨਹੀਂ ਦਿਤੀ ਉਨ੍ਹਾਂ ਅਨੁਸਾਰ ਗੁਰੂ ਉਪਦੇਸ਼ ਰਾਹੀਂ ਪ੍ਰਗਟਿਆ ਸੰਤੋਖ ਹੀ ਇਸ ਬਾਧਕ ਅਭਿਮਾਨ ਨੂੰ ਵਿਨਸ਼ਟ ਕਰ ਸਕਦਾ ਹੈ ਅਤੇ ਸੰਤੋਖ, ਜਤ, ਸਤ ਅਤੇ ਦਇਆ ਜਹੇ ਗੁਣਾਂ ਨਾਲ ਲਬਰੇਜ਼ ਪ੍ਰਤੀਕ ਹੀ ਸਾਰਥਕ ਹੈ। ਗੁਰੂ ਨਾਨਕ ਬਾਣੀ ਨੇ ਧਾਰਮਿਕ ਪ੍ਰਤੀਕਾਂ ਦੇ ਦਿਸ਼ਾਹੀਣ ਅਤੇ ਅਪ੍ਰਾਸੰਗਿਕ ਅਰਥਾਂ ਦਾ ਸੰਘਾਰ ਕਰ ਦੈਵੀ ਚਿੰਤਨ ਬਖਸ਼ਿਆ ਹੈ ਜੋ ਸਾਧਕ ਨੂੰ ਪ੍ਰਕਾਸ਼ਿਤ ਜੀਵਨ ਪ੍ਰਦਾਨ ਕਰਦਾ ਹੈ।
ਲੇਖਕ ਬਾਰੇ
ਖੋਜਾਰਥੀ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ
- ਹੋਰ ਲੇਖ ਉਪਲੱਭਧ ਨਹੀਂ ਹਨ