ਬਾਰਹਮਾਹਾ ਕਾਵਿ-ਰੂਪ ਦੇ ਆਰੰਭਕ ਸਮੇਂ ਦਾ ਕੋਈ ਠੋਸ ਪ੍ਰਮਾਣ ਪ੍ਰਾਪਤ ਨਹੀਂ ਹੈ, ਪਰੰਤੂ ਇਸ ਦੀ ਆਰੰਭਤਾ ਉਤਰੀ ਭਾਰਤ ਵਿਚ ਲਗਪਗ ਇਕ ਹਜ਼ਾਰ ਸਾਲ ਪਹਿਲਾਂ ਹੋਈ ਮੰਨੀ ਜਾਂਦੀ ਹੈ। ਇਸ ਕਾਵਿ-ਰੂਪ ਦੀਆਂ ਜੜ੍ਹਾਂ ਖਟ-ਰਿਤੂ ਵਰਣਨ ਜਾਂ ਰੁੱਤੀ ਵਰਣਨ ਨਾਲ ਸੰਬੰਧਤ ਹਨ। ਇਹਨਾਂ ਕਾਵਿ-ਰੂਪਾਂ ਅਧੀਨ ਕਵੀ ਸਥਾਨਕ ਰੁੱਤਾਂ ਨੂੰ ਅਧਾਰ ਬਣਾ ਕੇ ਰਚਨਾ ਕਰਦੇ ਸਨ। ਸੰਸਕ੍ਰਿਤ ਵਿਚ ਕਾਲੀਦਾਸ ਦੁਆਰਾ ਲਿਖਿਆ ਰਿਤੂ-ਸੰਹਾਰ ਜਿਸ ਵਿਚ ਛੇ ਰੁੱਤਾਂ ਦੇ ਮੌਸਮ ਨੂੰ ਅਧਾਰ ਬਣਾ ਕੇ ਪ੍ਰੇਮੀਆਂ ਦਾ ਮਨੋਚਿਤਰਨ ਪੇਸ਼ ਕੀਤਾ ਗਿਆ ਹੈ। ਪੰਜਾਬੀ ਸਾਹਿਤ ਕੋਸ਼ ਅਨੁਸਾਰ ਜਿਥੋਂ ਤਕ ਇਸ ਕਾਵਿ-ਰੂਪ ਦੀ ਉਤਪਤੀ ਤੇ ਵਿਕਾਸ ਦਾ ਸੰਬੰਧ ਹੈ ਇਹ ਗੱਲ ਇਤਿਹਾਸਕ ਸਚਾਈ ਮੰਨਣ ਵਾਲੀ ਹੈ ਕਿ ਬਾਰਾਂਮਾਹ ਕਾਵਿ-ਰੂਪ ਦੀਆਂ ਲਗਰਾਂ ‘ਖਟ ਰਿਤੂ ਵਰਣਨ’ ਜਾਂ ਰੁੱਤੀ ਵਿਚੋਂ ਹੀ ਫੁੱਟੀਆਂ ਹਨ।1 ਹਿੰਦੀ ਵਿਚ ਲਿਖਿਆ ਸਭ ਤੋਂ ਪਹਿਲਾ ਬਾਰਹਮਾਹ ਮਲਕ ਮੁਹੰਮਦ ਜਾਇਸੀ ਦੀ ਰਚਨਾ ‘ਪਦਮਾਵਤ’ ਵਿਚ ਦਰਜ਼ ਰਾਣੀ ਪਦਮਨੀ ਦੀਆਂ ਰੰਗਰਲੀਆਂ ‘ਖਟ ਰਿਤੂ ਵਰਣਨ’ ਹੇਠ ਪ੍ਰਾਪਤ ਹੁੰਦਾ ਹੈ। ਬਾਅਦ ਵਿਚ ਜਦ ਰਾਣੀ ਨਾਗਮਤੀ ਰਾਜਾ ਰਤਨਸੈਨ ਦੇ ਵਿਯੋਗ ਵਿਚ ਤੜਪਦੀ ਹੈ ਤਾਂ ਉਸ ਦੀ ਮਨੋਦਸ਼ਾ ਨੂੰ ਬਾਰਹਮਾਹ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਆਮ ਤੌਰ ’ਤੇ ਬਾਰਹਮਾਹ ਵਿਚ ਪਹਿਲੇ ਗਿਆਰਾਂ ਮਹੀਨਿਆਂ ਵਿਚ ਵਿਯੋਗਣ ਦੀ ਤੜਪਨਾ ਨੂੰ ਪੇਸ਼ ਕੀਤਾ ਜਾਂਦਾ ਹੈ ਅਤੇ ਇਸ ਤੜਪਨਾ ਦੀ ਪੇਸ਼ਕਾਰੀ ਲਈ ਪ੍ਰਕਿਰਤੀ ਚਿਤਰਨ ਦੀ ਖੂਬ ਵਰਤੋਂ ਕੀਤੀ ਜਾਂਦੀ ਹੈ। ਬਾਰ੍ਹਵੇਂ ਆਖਰੀ ਮਹੀਨੇ ਵਿਚ ਮਿਲਾਪ ਕਰਵਾ ਕੇ ਸੁਖਾਂਤਕ ਅੰਤ ਕੀਤਾ ਜਾਂਦਾ ਹੈ। ਡਾ. ਮਨਮੋਹਨ ਸਿੰਘ ਅਨੁਸਾਰ ਪੁਰਾਣੀਆਂ ਰਚਨਾਵਾਂ ਦੇ ਅਧਿਅਨ ਤੋਂ ਪ੍ਰਗਟ ਹੁੰਦਾ ਹੈ ਕਿ ਖੁਸ਼ੀ ਦੇ ਪ੍ਰਗਟਾਉ ਸਮੇਂ ਕਵੀ ਖਟ ਰਿਤੂ ਵਰਣਨ ਕਰਦੇ ਅਤੇ ਬਿਰਹੋਂ ਵਿਯੋਗ ਦੇ ਵਰਣਨ ਲਈ ‘ਬਾਰਹ ਮਾਸੇ’ ਦਾ ਬਾਰਾਂਮਾਂਹ ਦਾ ਪ੍ਰਯੋਗ ਕਰਦੇ ਸਨ। ਸੋ ਸਪਸ਼ਟ ਹੈ ਕਿ ਬਿਰਹੋਂ ਵਰਣਨ ਬਾਰਾਂਮਾਂਹ ਦਾ ਪ੍ਰਮੁਖ ਵਿਸ਼ਾ ਬਣਿਆ ਰਿਹਾ।1 ਵਿਸ਼ੇ ਪੱਖ ਤੋਂ ਬਾਰਹਮਾਹ ਵਿਚ ਵਿਯੋਗ ਅਤੇ ਬਿਰਹਾ ਵਰਣਨ ਦੀ ਪ੍ਰਧਾਨਤਾ ਰਹੀ ਹੈ। ਸ਼ੁਰੂਆਤ ਵਿਚ ਇਸ ਦਾ ਮੁਖ ਵਿਸ਼ਾ ਬਿਰਹਨ ਦੇ ਪਤੀ ਪਿਆਰ ਨੂੰ ਸ਼ਿੰਗਾਰ ਰਸ ਰਾਹੀਂ ਬਿਆਨ ਕਰਨ ਦਾ ਰਿਹਾ, ਪਰੰਤੂ ਬਦਲਦੀਆਂ ਕਾਵਿ-ਪ੍ਰਵਿਰਤੀਆਂ ਅਨੁਸਾਰ ਇਸ ਵਿਚ ਸ਼ਿੰਗਾਰਮਈ ਕਿੱਸੇ, ਸੂਰਮਗਤੀ ਦੇ ਪ੍ਰਸੰਗ, ਅਧਿਆਤਮਕ ਰਹੱਸਵਾਦੀ ਸਿਧਾਂਤ ਅਤੇ ਸਮਾਜਵਾਦ ਦੇ ਵਿਸ਼ੇ ਵੀ ਜੁੜ ਗਏ।
ਪੰਜਾਬੀ ਵਿਚ ਬਾਰਹਮਾਹ ਕਾਵਿ-ਰੂਪ ਪ੍ਰੰਪਰਾ ਕਾਫੀ ਪੁਰਾਣੀ ਹੈ। ‘ਬਾਰਹਮਾਹਾ ਤੁਖਾਰੀ’ ਤੋਂ ਪਹਿਲਾਂ ਕੋਈ ਹੋਰ ਪੰਜਾਬੀ ਬਾਰਾਂਮਾਹਾ ਪ੍ਰਾਪਤ ਨਹੀਂ ਹੁੰਦਾ, ਪਰ ਬਾਬਾ ਫਰੀਦ ਜੀ ਦੀ ਬਾਣੀ ਵਿਚ ਕੁਝ ਰੁੱਤਾਂ ਦਾ ਜ਼ਿਕਰ ਜ਼ਰੂਰ ਕੀਤਾ ਗਿਆ ਹੈ:
ਕਤਕ ਕੂੰਜਾ ਚੇਤਿ ਡਉ ਸਾਵਣਿ ਬਿਜੁਲੀਆ।।
ਸੀਆਲੇ ਸੋਹੰਦੀਆ ਪਿਰ ਗਲ ਬਾਹੜੀਆ।।3
ਬਾਰਹਮਾਹ ਦੇ ਪ੍ਰਚਲਨ ਦਾ ਕਾਰਨ ਇਹ ਵੀ ਹੈ ਕਿ ਆਮ ਲੋਕ ਛੇ ਰੁੱਤਾਂ ਦੀ ਬਜਾਏ ਬਾਰ੍ਹਾਂ ਮਹੀਨਿਆਂ ਦੇ ਵਧੀਕ ਨੇੜੇ ਸਨ। ਜਨ-ਜੀਵਨ ਦੇ ਹਰ ਕਾਰਜ ਦਾ ਦਿਨ ਇਹਨਾਂ ਮਹੀਨਿਆਂ ਨੂੰ ਧਿਆਨ ਵਿਚ ਰੱਖ ਕੇ ਹੀ ਨਿਯਤ ਕੀਤਾ ਜਾਂਦਾ ਸੀ। ਬਹੁਤ ਸਾਰੇ ਮੁਹਾਵਰੇ ਅਤੇ ਅਖਾਣਾਂ ਵਿਚ ਵੀ ਮਹੀਨਿਆਂ ਦੇ ਨਾਮ ਪ੍ਰਾਪਤ ਹੁੰਦੇ ਹਨ, ਜਿਵੇਂ, ‘ਪੋਹ ਰਿੱਧੀ ਮਾਘ ਖਾਧੀ’ ਆਦਿ। ਗੁਰੂ ਗ੍ਰੰਥ ਸਾਹਿਬ ਵਿਚ ਦਿਨ, ਮਹੀਨੇ ਅਤੇ ਰੁੱਤਾਂ ਨਾਲ ਸੰਬੰਧਤ ਕਾਵਿ-ਰੂਪਾਂ ਹੇਠ ਦਿਨ ਰੈਣਿ, ਵਾਰ ਸਤ, ਰੁਤੀ, ਥਿਤੀ ਗਉੜੀ ਅਤੇ ਪਹਿਰੇ ਬਾਣੀਆਂ ਦਰਜ਼ ਹਨ। ਮਹਿੰਦਰ ਕੌਰ ਗਿੱਲ ਨੇ ਬਾਰਾਂਮਾਹ ਦੀ ਉਤਪਤੀ ਸੰਬੰਧੀ ਲਿਖਿਆ ਹੈ ਕਿ ਪ੍ਰਕਿਰਤਕ ਸੁਹਜ ਜਦੋਂ ਆਪਣੇ ਜੋਬਨ ਵਿਚ ਨਿਖਰਦਾ ਹੈ ਤਾਂ ਸੁਆਣੀਆਂ ਦਾ ਮਨ ਨੱਚਣ-ਗਾਉਣ ਨੂੰ ਕਰਦਾ ਹੈ, ਪਰ ਜਿਨ੍ਹਾਂ ਦੇ ਮਾਹੀ ਘਰੋਂ ਬਾਹਰ ਹੁੰਦੇ ਹਨ ਉਹ ਬਿਰਹੋਂ ਕੁੱਠੀਆਂ ਮਹੀਨਿਆਂ ਦੇ ਨਾਮ ਨਾਲ ਤੁਕਬੰਦੀ ਕਰਦੀਆਂ ਹਨ। ਹੌਲੀ-ਹੌਲੀ ਇਹ ਤੁਕਾਂ ਦੂਸਰਿਆਂ ਤਕ ਪਹੁੰਚਦੀਆਂ ਹਨ ਤੇ ਉਹਨਾਂ ਕੋਲ ਵੀ ਜਿਨ੍ਹਾ ਕੋਲ ਜ਼ਬਾਨ ਦੀ ਸ਼ਕਤੀ ਵੀ ਮੌਜੂਦ ਸੀ। ਹੌਲੀ-ਹੌਲੀ ਕਵੀ ਮਨਾਂ ਨੇ ਇਸ ਕਾਵਿ-ਰੂਪ ਨੂੰ ਤਰਤੀਬ ਦਿੱਤੀ।cm_simple_footnote id=4] ਇਸ ਪ੍ਰਕਾਰ ‘ਖਟ ਰਿਤੂ ਵਰਣਨ’ ਤੋਂ ਸ਼ੁਰੂ ਹੋਇਆ ਬਾਰਹਮਾਹ ਅਜਿਹਾ ਰੂਪ ਧਾਰਨ ਕਰ ਗਿਆ ਹੈ ਜਿਸ ਵਿਚ ਕਵੀਆਂ ਨੇ ਹਰ ਤਰ੍ਹਾਂ ਦੇ ਵਿਸ਼ੇ ਨੂੰ ਫਿਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਾਰਹਮਾਹਾ ਤੁਖਾਰੀ ਦੇ ਸਿਰਲੇਖ ਸੰਬੰਧੀ ਮੱਖਣ ਸਿੰਘ ਮ੍ਰਿਗਿੰਦ ਲਿਖਦੇ ਹਨ ਕਿ ਤੁਖਾਰ ਇਕ ਬਰਫਾਨੀ ਦੇਸ ਹੈ ਅਤੇ ਤੁਖਾਰੀ ਉਸ ਦੇਸ ਵਿਚ ਗਾਈ ਜਾਣ ਵਾਲੀ ਰਾਗਣੀ ਦਾ ਨਾਂ ਹੈ।5 ਇਸ ਬਾਣੀ ਦੇ ਨਾਮਕਰਣ ਵਿਚ ਗੁਰੂ ਨਾਨਕ ਦੇਵ ਜੀ ਨੇ ਤੁਖਾਰ (ਵਿਛੋੜਾ) ਅਤੇ ਛੰਤ (ਮਿਲਾਪ) ਦੇ ਸੰਗਮ ਨੂੰ ਪੇਸ਼ ਕੀਤਾ ਹੈ। ਇਸ ਬਾਣੀ ਦਾ ਵਿਸ਼ਾ ਵਸਤੂ ਇਕ ਘਰੇਲੂ ਪਤਨੀ ਦੇ ਰੂਪ ਵਿਚ ਲਿਆ ਗਿਆ ਹੈ ਪਰੰਤੂ ਛੰਤ ਜੋ ਕਿਸੇ ਦੀ ਉਸਤਤੀ ਕਰਨ ਲਈ ਗਾਇਆ ਜਾਂਦਾ ਹੈ, ਤੋਂ ਸਿੱਧ ਹੁੰਦਾ ਹੈ ਕਿ ਇਸ ਬਾਣੀ ਦਾ ਮੁਖ ਪ੍ਰਯੋਜਨ ਪਰਮਾਤਮਾ ਦੀ ਸਿਫਤ ਸਲਾਹ ਕਰਨਾ ਹੈ।
ਇਸ ਬਾਣੀ ਦਾ ਸੰਵਾਦ ਵਿਛੋੜੇ ਦੇ ਅਸਹਿ ਦੁਖ ਹੋਣ ਦੇ ਬਾਵਜੂਦ ਵੀ ਆਸ਼ਾਵਾਦੀ ਤੇ ਰਸਭਿੰਨਾ ਹੈ। ਇਸ ਵਿਚ ਨਾਇਕਾ ਦੇ ਦੋ ਚਿਹਰੇ ਹਨ, ਪਤੀ ਤੋਂ ਵਿਛੜੀ ਪਤਨੀ ਅਤੇ ਪਰਮਾਤਮਾ ਤੋਂ ਵਿਛੜੀ ਜੀਵਆਤਮਾ। ਪਤਨੀ ਦੇ ਇਸ ਬਿੰਬ ਨੂੰ ਗੁਰੂ ਨਾਨਕ ਦੇਵ ਜੀ ਨੇ ਅਧਿਆਤਮਕਤਾ ਦੇ ਰੰਗ ਵਿਚ ਪੇਸ਼ ਕੀਤਾ ਹੈ ਜਿਸ ਕਾਰਨ ਪਾਠਕ ਦੁਨਿਆਵੀ ਪਤਨੀ ਨੂੰ ਜੀਵਾਤਮਾ ਦੇ ਰੂਪ ਵਿਚ ਹੀ ਚਿਤਵਦਾ ਹੈ।
ਸੰਵਾਦ : ਸੰਕਲਪ ਅਤੇ ਪਰਿਭਾਸ਼ਾ
ਸੰਵਾਦ ਅੰਗਰੇਜ਼ੀ ਦੇ ‘dialog’ ਦਾ ਪਰਾਇਵਾਚੀ ਸ਼ਬਦ ਹੈ ਜਿਸ ਤੋਂ ਭਾਵ ਦੋ ਧਿਰਾਂ ਦੀ ਕਿਸੇ ਵਿਸ਼ੇਸ਼ ਵਿਸ਼ੇ ਉਪਰ ਕੀਤੀ ਗਈ ਸਾਰਥਕ ਗੱਲਬਾਤ ਜਾਂ ਵਾਰਤਾਲਾਪ ਹੈ। ਸੰਵਾਦ ਮਨੁੱਖੀ ਜੀਵਨ ਦਾ ਇਕ ਸਹਿਜ ਵਰਤਾਰਾ ਹੈ। ਇਹ ਵਿਚਾਰਾਂ ਦੇ ਅਦਾਨ-ਪ੍ਰਦਾਨ ਦਾ ਮਾਧਿਅਮ ਹੈ ਜਿਸ ਦਾ ਘੇਰਾ ਇਕ ਵਿਅਕਤੀ ਤੋਂ ਸ਼ੁਰੂ ਹੋ ਕੇ ਕਿਸੇ ਜਾਤੀ ਜਾਂ ਸੱਭਿਆਚਾਰ ਤਕ ਵਿਸਤ੍ਰਿਤ ਹੋ ਸਕਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਸੰਵਾਦ ਦੇ ਅਰਥ ਚਰਚਾ, ਪ੍ਰਸ਼ਨ-ਉਤਰ, ਖ਼ਬਰ ਜਾਂ ਸਮਾਚਾਰ ਕੀਤੇ ਹਨ।6 ਧਨਾਸਰੀ ਰਾਗ ਵਿਚ ਗੁਰੂ ਨਾਨਕ ਦੇਵ ਜੀ ਸਾਰਥਕ ਸੰਵਾਦ ਰਚਾਉਣ ਦੀ ਪ੍ਰੋੜ੍ਹਤਾ ਕਰਦੇ ਹਨ:
ਜਬ ਲਗ ਦੁਨੀਆ ਰਹੀਐ ਨਾਨਕ ਕਿਛੁ ਸੁਨੀਐ ਕਿਛੁ ਕਹੀਐ।।7
ਬੋਲਣ ਅਤੇ ਸੁਣਨ ਤੋਂ ਹੀਣਾ ਵਿਅਕਤੀ ਜੀਵਨ ਦੇ ਬਹੁਤ ਸਾਰੇ ਕਾਰਜਾਂ ਤੋਂ ਵਾਂਝਾ ਰਹਿ ਜਾਂਦਾ ਹੈ। ਸੰਵਾਦ ਦਾ ਉਦੇਸ਼ ਇਨਸਾਨੀ ਭਾਵਾਂ ਦਾ ਪ੍ਰਸਾਰ ਕਰਨਾ ਹੈ। ਸੰਵਾਦ ਰਚੇਤਾ ਆਪਣੇ ਕਿਸੇ ਵਿਸ਼ੇਸ਼ ਮਨੋਰਥ ਨੂੰ ਪਾਠਕ ਜਾਂ ਸਰੋਤੇ ਤਕ ਪਹੁੰਚਾਉਣਾ ਹੁੰਦਾ ਹੈ। ਲੇਖਕ ਆਪਣੇ ਭਾਵਾਂ ਦੇ ਪ੍ਰਗਟਾਉ ਲਈ ਕਿਸੇ ਵਿਸ਼ੇਸ਼ ਸ਼ੈਲੀ ਅਤੇ ਪ੍ਰਤੀਕਾਂ ਦੀ ਵਰਤੋਂ ਕਰਦਾ ਹੈ। ਬਾਰਹਮਾਹਾ ਤੁਖਾਰੀ ਵਿਚ ਵਿਯੋਗੀ ਜੀਵਾਤਮਾ ਦੇ ਬਿਰਹੇ ਨੂੰ ਤਿੰਨ ਅੰਗਾਂ ਵਿਚ ਸਮਝਿਆ ਜਾ ਸਕਦਾ ਹੈ – ਵਿਛੋੜੇ ਦਾ ਡੂੰਘਾ ਦੁਖ, ਪਰਮ-ਸੱਤਾ ਸਾਹਮਣੇ ਆਪਣੀ ਬੇਬਸੀ ਅਤੇ ਮਿਲਾਪ ਦੀ ਤੀਬਰ ਇੱਛਾ। ਬਾਹਰਮਾਹਾ ਤੁਖਾਰੀ ਦਾ ਸੰਵਾਦ ਇਹਨਾਂ ਤਿੰਨਾਂ ਅਧਾਰਾਂ ‘ਤੇ ਪੇਸ਼ ਹੁੰਦਾ ਹੈ।
ਗੁਰੂ ਨਾਨਕ ਦੇਵ ਜੀ ਦਾ ਸੰਵਾਦ ਸੰਕੀਰਨਤਾ ਦੇ ਘੇਰਿਆਂ ਨੂੰ ਤੋੜਦਾ ਹੋਇਆ ਵਿਸ਼ਵ ਦੇ ਵਖ-ਵਖ ਧਰਮਾਂ ਅਤੇ ਧਰਮਾਂ ਅੰਦਰ ਪ੍ਰਚਲਿਤ ਸੰਪਰਦਾਵਾਂ ਤਕ ਪਹੁੰਚਦਾ ਹੈ। ਸੁਤਿੰਦਰ ਸਿੰਘ ਨੂਰ ਅਨੁਸਾਰ “ਇਕ ਵਿਸ਼ਾਲ ਸ਼ਬਦ ਸੰਵਾਦ ਦਾ ਮਾਧਿਅਮ ਹੈ। ਇਸ ਸੰਵਾਦ ਵਿਧੀ ਵਿਚ ਬ੍ਰਹਮ, ਬ੍ਰਹਮੰਡ, ਕੁਦਰਤ (ਸਾਰਾ ਕਾਸਮਾਸ) ਚੇਤਨਾ ਨਾਲ ਜੁੜ ਜਾਂਦੇ ਹਨ। ਇਹ ਬ੍ਰਹਮਗਿਆਨੀ ਦੀ ਪ੍ਰਕਿਰਿਆ ਹੈ। ਇਸ ਚੇਤਨਾ ਵਿਚ ਵਿਚਰਦਿਆਂ ਹੀ ਗੋਸ਼ਟਿ ਹੋ ਸਕਦੀ ਹੈ। ਅਜਿਹੇ ਸੰਵਾਦ ਵਿਚ ਬ੍ਰਹਮ ਗਿਆਨੀ ਸਮਦ੍ਰਿਸ਼ਟੇਤਾ ਹੁੰਦਾ ਹੈ, ਉਸ ਵਾਸਤੇ ਕੋਈ ਭੇਦ-ਭਾਵ ਨਹੀਂ ਰਹਿੰਦਾ, ਉਹ ਮੁਕਤ ਹੁੰਦਾ ਹੈ, ਇਹ ਸ਼ੁੱਧ ਸੰਵਾਦ ਦੀ ਅਵਸਥਾ ਹੈ।8
ਬਾਰਹਮਾਹਾ ਤੁਖਾਰੀ ਦੀ ਸੰਵਾਦ-ਜੁਗਤ
ਗੁਰੂ ਨਾਨਾਕ ਦੇਵ ਜੀ ਨਿਰੰਕਾਰ ਦਾ ਰੂਪ ਹੋਣ ਦੇ ਨਾਲ-ਨਾਲ ਉਤਮ ਸ਼ਾਇਰ ਵੀ ਸਨ। ਉਹ ਖੁਦ ਬਾਣੀ ਵਿਚ ਆਪਣੇ-ਆਪ ਨੂੰ ‘ਨਾਨਕ ਸਾਇਰ ਏਵ ਕਹਿਤ ਹੈ’ ਕਹਿ ਕੇ ਸੰਬੋਧਿਤ ਹੁੰਦੇ ਹਨ। ਹਰਬੰਸ ਸਿੰਘ ਅਨੁਸਾਰ ਨਾਨਕ ਦੇਵ ਇਤਿਹਾਸਕ ਵਿਅਕਤੀ ਸਨ, ਜਿਸ ਨੂੰ ਅਸੀਂ ਤੱਥ ਖੋਜ ਅਧੀਨ ਰੱਖ ਸਕਦੇ ਹਾਂ ਅਤੇ ਗੁਰੂ ਸ਼ਬਦ ਮਹਾਂਪੁਰਖ ਦੇ ਵਿਅਕਤੀਤਵ ਵੱਲ ਸੰਕੇਤ ਕਰਦਾ ਹੈ ਜੋ ਪਰਾ-ਭੌਤਿਕ ਸੱਚ ਨੂੰ ਦਰਸਾਉਂਦਾ ਹੈ।9
ਇਸੇ ਤਰ੍ਹਾਂ ਰਾਮ ਸਿੰਘ ਨੇ ਲਿਖਦੇ ਹਨ ਕਿ ਗੁਰੂ ਨਾਨਕ ਦੀ ਬਾਣੀ ਕਵਿਤਾ ਹੈ ਕਿਉਂਕਿ ਇਹ ਉਹਨਾਂ ਦੇ ਆਤਮਿਕ ਅਨੁਭਵਾਂ ਦਾ ਉੱਤਮ ਪਰਕਾਸ਼ ਕਰਦੀ ਹੋਈ ਸੁਹਜ ਰਸ ਦੇਣ ਦੀ ਵੀ ਅਪਾਰ ਸ਼ਕਤੀ ਰੱਖਦੀ ਹੈ। ਜੇ ਆਤਮ-ਰਸੀਏ ਉਸ ਵਿਚੋਂ ਆਤਮਿਕ ਅਨੁਭਵਾਂ ਨੂੰ ਪੁਨਰ-ਜਾਗਰਤ ਕਰਨ ਦਾ ਅਨੰਦ ਮਾਣ ਸਕਦੇ ਹਨ ਤਾਂ ਕਲਾ-ਰਸੀਏ ਉਸ ਵਿਚੋਂ ਆਪਣੇ ਸੁਹਜ ਭਾਵਾਂ ਨੂੰ ਤ੍ਰਿਪਤ ਕਰਨ ਲਈ ਭੀ ਬਹੁਤ ਕੁਝ ਪ੍ਰਾਪਤ ਕਰ ਲੈਂਦੇ ਹਨ।10
ਬਾਰਾਹਾਮਾਹਾ ਤੁਖਾਰੀ ਗੁਰੂ ਨਾਨਕ ਦੇਵ ਜੀ ਦੇ ਅੰਤਿਮ ਸਮੇਂ ਦੀ ਰਚਨਾ ਮੰਨਿਆ ਗਿਆ ਹੈ ਜਿਸ ਦਾ ਉਚਾਰਨ ਬਾਰ ਦੇ ਇਲਾਕੇ ਵਿਚ ਕੀਤਾ ਗਿਆ। ਪੁਰਾਤਨ ਜਨਮਸਾਖੀ ਵਿਚ ਇਸ ਸੰਬੰਧੀ ਹਵਾਲਾ ਪ੍ਰਾਪਤ ਹੁੰਦਾ ਹੈ:
ਤਬ ਬਾਬਾ ਬਿਸਮਾਦ ਦੇ ਘਰਿ ਆਇਆ।
ਤਿਤੁ ਮਹਿਲ ਹੁਕਮੁ ਹੋਇਆ, ਰਾਗ ਤੁਖਾਰੀ ਕੀਤਾ।
ਬਾਬਾ ਬੋਲਿਆ, ਬਾਰਹਮਾਹ,
ਰਾਤਿ ਅੰਮ੍ਰਿਤ ਵੇਲਾ ਹੋਆ, ਚਲਾਣੈ ਕੈ ਵਖਤਿ।11
ਬਾਰਹਮਾਹਾ ਤੁਖਾਰੀ ਦੇਸੀ ਬਾਰ੍ਹਾਂ ਮਹੀਨਿਆਂ ਦੇ ਅਧਾਰ ’ਤੇ ਕੀਤੀ ਅਜਿਹੀ ਰਚਨਾ ਹੈ ਜਿਸ ਵਿਚ ਜੀਵਾਤਮਾ ਨੂੰ ਬਿਰਹਨ ਪਤਨੀ ਦੇ ਬਿੰਬ ਵਜੋਂ ਪੇਸ਼ ਕੀਤਾ ਗਿਆ ਹੈ। ਗੁਰਬਾਣੀ ਵਿਚ ਮੁਖ ਤੌਰ ’ਤੇ ਦੋ ਪ੍ਰਕਾਰ ਦੀ ਸ਼ੈਲੀ ਵਰਤੀ ਗਈ ਹੈ, ਰਾਜਸੀ ਤੇ ਦੰਪਤੀ। ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਜਪੁ ਜੀ’ ਵਿਚ ਰਾਜਸੀ ਸ਼ੈਲੀ ਦੀ ਵਰਤੋਂ ਹੋਈ ਹੈ ਜਿਸ ਵਿਚ ਭਗਤ ਅਤੇ ਪਰਮਾਤਮਾ ਦੇ ਸੰਵਾਦ ਨੂੰ ਇਕ ਰਾਜੇ ਦੇ ਹੁਕਮ ਵਜੋਂ ਪੇਸ਼ ਕੀਤਾ ਗਿਆ ਹੈ। ਦੰਪਤੀ ਸ਼ੈਲੀ ਵਿਚ ਭਗਤ ਪਤਨੀ ਅਤੇ ਪਰਮਾਤਮਾ ਪਤੀ ਦੇ ਰੂਪ ਵਿਚ ਪੇਸ਼ ਹੁੰਦਾ ਹੈ। ਬਾਰਹਮਾਹਾ ਤੁਖਾਰੀ ਦੰਪਤੀ ਸ਼ੈਲੀ ਦੀ ਉਤਮ ਮਿਸਾਲ ਹੈ। ਇਸ ਬਾਣੀ ਵਿਚ ਪ੍ਰਕਿਰਤੀ ਚਿਤਰਨ ਦੀ ਖੂਬ ਵਰਤੋਂ ਕੀਤੀ ਗਈ ਹੈ। ਰਾਜਿੰਦਰ ਸਿੰਘ ਅਨੁਸਾਰ ਇਹ ਪ੍ਰਕਿਰਤੀ ਚਿਤਰਣ ਇਕ ਪਿਛੋਕੜ ਦੇ ਰੂਪ ਵਿਚ ਹੈ। ਅਸਲ ਵਿਸ਼ਾ ਪ੍ਰਭੂ ਪ੍ਰੀਤਮ ਤੋਂ ਵਿਛੜੀ ਜੀਵਾਤਮਾ ਦੀ ਮਿਲਾਪ ਲਈ ਤੜਪ ਅਤੇ ਅਰਜੋਈ ਨੂੰ ਬਿਆਨ ਕਰਨਾ ਹੈ।12
ਬਾਰਹਮਾਹਾ ਤੁਖਾਰੀ ਵਿਚ ਮੁਖ ਤੌਰ ’ਤੇ ਦੋ ਪ੍ਰਕਾਰ ਦਾ ਸੰਵਾਦ ਵੇਖਣ ਨੂੰ ਮਿਲਦਾ ਹੈ, ਨਿਜ ਅਤੇ ਪਰ ਦਾ ਸੰਵਾਦ। ਗੁਰਮਤਿ ਵਿਚ ਨਿਜ ਦੇ ਸੰਵਾਦ ਰਾਹੀਂ ਆਪਾ ਸੰਵਾਰਨ ਦਾ ਉਪਦੇਸ਼ ਦਿਤਾ ਗਿਆ ਹੈ। ਕਿਉਂਕਿ ਗੁਰਬਾਣੀ ਅਨੁਸਾਰ ਜਦੋਂ ਤਕ ਆਪਾ ਮਲੀਨ ਹੈ ਉਦੋਂ ਤਕ ਸਮਾਜ ਦਾ ਕੁਝ ਨਹੀਂ ਸੰਵਾਰਿਆ ਜਾ ਸਕਦਾ। ਬਾਰਹਮਾਹਾ ਤੁਖਾਰੀ ਦੀ ਨਾਇਕਾ ਨਿਜ ਨਾਲ ਸੰਵਾਦ ਰਚਾਉਂਦੀ ਹੋਈ ਆਪਣੇ ਨਿਮਨ ਕਰਮਾਂ ਨੂੰ ਕੋਸਦੀ ਹੈ ਅਤੇ ਹੋਰਨਾਂ ਸੁਹਾਗਣਾਂ, ਜਿੰਨ੍ਹਾਂ ਦਾ ਪਤੀ ਘਰ ਹੈ, ਨੂੰ ਵੇਖ ਕੇ ਝੂਰਦੀ ਹੈ:
ਘਰਿ ਘਰਿ ਕੰਤੁ ਰਵੈ ਸੋਹਾਗਣਿ ਹਉ ਕਿਉ ਕੰਤਿ ਵਿਸਾਰੀ।।13
ਇਥੇ ਬਿਰਹਨ ਦੇ ਝੂਰਨ ਵਿਚੋਂ ਈਰਖਾ ਦੀ ਭਾਵਨਾ ਪੈਦਾ ਨਹੀਂ ਹੁੰਦੀ, ਸਗੋਂ ਇਹ ਗੁਰਮਤਿ ਸਿਧਾਂਤਾਂ ਦੀ ਪ੍ਰੋੜ੍ਹਤਾ ਹੈ ਜਿਸ ਅਨੁਸਾਰ ਜਗਿਆਸੂ ਪਰਮਾਤਮਾ ਦੇ ਸਾਹਮਣੇ ਕਿਸੇ ਤਰ੍ਹਾਂ ਦਾ ਵੀ ਸ਼ਕਤੀ ਪ੍ਰਗਟਾਵਾ ਨਹੀਂ ਕਰਦਾ ਸਗੋਂ ਆਪੇ ਦੀ ਖੋਜ ਵੱਲ ਪ੍ਰੇਰਿਤ ਹੁੰਦਾ ਹੈ। ਡਾ. ਪਰਮਵੀਰ ਸਿੰਘ ਅਨੁਸਾਰ ਸੰਵਾਦ ਨੂੰ ਮਨੁੱਖੀ ਜੀਵਨ ਦੇ ਵਿਕਾਸ ਦਾ ਧੁਰਾ ਬਣਾਉਣ ਵਾਲੀ ਗੁਰਬਾਣੀ ਦੂਜੇ ਵਿਅਕਤੀ ਨਾਲ ਚਰਚਾ ਕਰਨ ਤੋਂ ਪਹਿਲਾਂ ਆਪਣੇ ਅੰਤਰ ਮਨ ਨਾਲ ਸੰਬੋਧਨ ਹੋਣ ਉਤੇ ਜ਼ੋਰ ਦਿੰਦੀ ਹੈ। ਗੁਰਬਾਣੀ ਸਪਸ਼ਟ ਕਰਦੀ ਹੈ ਕਿ ਸਚਾਈ ਤੋਂ ਬਗ਼ੈਰ ਸੰਵਾਦ ਦੀ ਭਾਵਨਾ ਨੂੰ ਪ੍ਰਫੁਲਿਤ ਨਹੀਂ ਕੀਤਾ ਜਾ ਸਕਦਾ।14 ਬਾਰਹਮਾਹਾ ਤੁਖਾਰੀ ਵਿਚ ਬਿਰਹਨ ਜੀਵ ਇਸਤਰੀ ਨਿਜ ਨੂੰ ਸੰਬੋਧਨ ਹੁੰਦਿਆਂ ਮੈਂ ਸ਼ਬਦ ਦੀ ਵਰਤੋਂ ਕਰਦੀ ਹੈ, ਪਰੰਤੂ ਇਹ ਮੈਂ ਸ਼ਬਦ ਹਉਮੈਂ ਦੇ ਭਾਵ ਤੋਂ ਰਹਿਤ ਹੈ ਅਤੇ ਆਪਣੇ ਨਿਮਾਣੇ ਤੇ ਨਿਤਾਣੇਪਣ ਨੂੰ ਪੇਸ਼ ਕਰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਕਾਵਿਕ-ਸੁਹਜ ਦੀ ਵਰਤੋਂ ਕਰਦਿਆਂ ਮੈਂ ਅਤੇ ਤੂੰ ਦੀ ਸ਼ਬਦਾਵਲੀ ਨੂੰ ਰਸਭਿੰਨਾ ਬਣਾ ਦਿਤਾ ਹੈ:
ਮੈ ਮਨਿ ਤਨਿ ਸਹੁ ਭਾਵੈ ਪਿਰ ਪਰਦੇਸ ਸਿਧਾਏ।।15
ਬਾਰਹਮਾਹਾ ਤੁਖਾਰੀ ਦਾ ਪਰ ਨਾਲ ਸੰਵਾਦ ਜਿਥੇ ਪਰਮਾਤਮਾ ਨਾਲ ਹੁੰਦਾ ਹੈ ਉਥੇ ਆਪਣੇ ਵਰਗੇ ਹੋਰ ਜਗਿਆਸੂਆਂ ਨਾਲ ਵੀ ਰਚਾਇਆ ਗਿਆ ਹੈ। ਇਥੇ ਗੁਰਮੁਖ ਜਗਿਆਸੂਆਂ ਨਾਲ ਸੰਵਾਦ ਰਚਾਉਂਦਿਆਂ ਜੀਵਾਤਮਾ ਦੀ ਤੜਪ ਨੂੰ ਗੁਰੂ ਨਾਨਕ ਦੇਵ ਜੀ ਪੇਸ਼ ਕਰਦੇ ਹਨ:
ਗੁਣਵੰਤੀ ਗੁਣ ਰਵੈ ਮੈ ਪਿਰੁ ਨਿਹਚਲ ਭਾਵਏ।।16
ਇਸ ਮੈਂ ਅਤੇ ਤੂੰ ਵਿਚ ਜੀਵਾਤਮਾ ਦੀ ਲੋਚਾ ਇਸ ਭੇਦ ਨੂੰ ਖਤਮ ਕਰਨ ਦੀ ਹੈ। ਬਾਣੀ ਵਿਚ ਪੇਸ਼ ਨਾਇਕਾ ਨੂੰ ਗੁਰੂ ਨਾਨਕ ਦੇਵ ਜੀ ਨੇ ਬੜੇ ਸੁਹਜਮਈ ਢੰਗ ਨਾਲ ਵਿਅਕਤ ਕਰਦਿਆਂ ਸਪਸ਼ਟ ਕੀਤਾ ਹੈ ਕਿ ਬਦਲਦੀਆਂ ਰੁੱਤਾਂ ਅਤੇ ਮੌਸਮ ਅਨੁਸਾਰ ਪ੍ਰੇਮੀ ਹਿਰਦਿਆਂ ਦੇ ਵਲਵਲੇ ਵੀ ਪ੍ਰਭਾਵਿਤ ਹੁੰਦੇ ਹਨ। ਇਸ ਲਈ ਨਾਇਕਾ ਹਰ ਮਹੀਨੇ ਦੇ ਮੌਸਮ ਅਨੁਸਾਰ ਵੱਖ-ਵੱਖ ਤਰ੍ਹਾਂ ਦੇ ਸੰਵਾਦ ਰਚਾਉਂਦੀ ਹੈ। ਭਾਦਉ ਦੇ ਮਹੀਨੇ ਦਾ ਪ੍ਰਕਿਰਤੀ ਚਿਤਰਨ ਬਿਰਹਨ ਦੇ ਵਿਛੋੜੇ ਨੂੰ ਹੋਰ ਵੀ ਦੁਖਦਾਈ ਬਣਾ ਦਿੰਦਾ ਹੈ:
ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ।।
ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ।।
ਬਰਸੇ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ।।
ਪ੍ਰਿਉ ਪ੍ਰਿਉ ਚਵੈ ਬਬੀਬਾ ਬੋਲੇ ਭੁਇਅੰਗਮ ਫਿਰਹਿ ਡਸੰਤੇ।।
ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ।।
ਨਾਨਕ ਪੂਛਿ ਚਲਉ ਗੁਰ ਅਪੁਨੇ ਜਹ ਪ੍ਰਭ ਤਹ ਹੀ ਜਾਈਐ।।17
ਇਸ ਬਾਣੀ ਵਿਚ ਬਿਰਹਨ ਜੀਵਾਤਮਾ ਦੀ ਦੁਖਦਾਈ ਹਾਲਤ ਨੂੰ ਬਿਆਨ ਕਰਦਿਆਂ ਨਾਲ ਹੀ ਹਰ ਮਹੀਨੇ ਨੂੰ ‘ਭਲਾ’ ਕਹਿ ਕੇ ਸੰਬੋਧਨ ਕੀਤਾ ਗਿਆ ਹੈ ਕਿਉਂਕਿ ਬਾਰਹਮਾਹਾ ਤੁਖਾਰੀ ਦਾ ਮਨੋਰਥ ਜੀਵ ਨੂੰ ਅਨੰਦ ਦੀ ਅਜਿਹੀ ਅਵਸਥਾ ਤਕ ਲੈ ਜਾਣ ਦਾ ਹੈ ਜਿਥੇ ਦੁਬਾਰਾ ਤੋਂ ਦੁਖ ਅਤੇ ਵਿਛੋੜਾ ਨਾ ਹੋਵੇ। ਇਹ ਅਨੰਦ ਦੀ ਅਵਸਥਾ ਨਿਮਰਤਾ ਵਿਚ ਟਿਕੇ ਗੁਰਸਿਖ ਨੂੰ ਹੀ ਪ੍ਰਾਪਤ ਹੋ ਸਕਦੀ ਹੈ:
ਅਨਦਿਨੁ ਰਹਸੁ ਭਇਆ ਆਪੁ ਗਵਾਇਆ।।18
ਬਾਰਹਮਾਹਾ ਤੁਖਾਰੀ ਦੇ ਸੰਵਾਦ ਨੂੰ ਅਸੀਂ ਦੋਹਰੇ ਕਿਰਦਾਰ ਦੇ ਰੂਪ ਵਿਚ ਵੀ ਸਮਝ ਸਕਦੇ ਹਾਂ ਜੋ ਪਰਸਪਰ ਬਰਾਬਰ ਚਲਦੇ ਹਨ। ਗੁਰੂ ਨਾਨਕ ਦੇਵ ਜੀ ਇਕੋ ਸਮੇਂ ਵਿਚ ਇਕੋ ਕਿਰਦਾਰ ਨੂੰ ਪਤਨੀ ਤੇ ਜੀਵਾਤਮਾ ਅਤੇ ਪਤੀ ਤੇ ਪਰਮਾਤਮਾ ਦੇ ਰੂਪ ਵਿਚ ਨਿਭਾਅ ਦਿੰਦੇ ਹਨ। ਜਿਥੇ ਦੁਨਿਆਵੀ ਪਤਨੀ ਆਪਣੇ ਪਰਦੇਸ ਗਏ ਪਤੀ ਦੇ ਵਿਛੋੜੇ ਕਾਰਨ ਦੁਖੀ ਹੁੰਦੀ ਹੈ ਉਥੇ ਜੀਵਾਤਮਾ ਪਰਮਾਤਮਾ ਦੇ ਵਿਛੋੜੇ ਵਿਚ ਸੰਸਾਰਕ ਭਟਕਣਾ ਦੇ ਦੁਖ ਭੋਗਦੀ ਹੈ। ਦੁਨਿਆਵੀ ਪਤਨੀ ਦੁਆਰਾ ਰਚਾਏ ਗਏ ਸੰਵਾਦ ਨੂੰ ਪੇਸ਼ ਕਰਦਿਆਂ ਵੀ ਗੁਰੂ ਸਾਹਿਬ ਅਧਿਆਤਮਕਤਾ ਨੂੰ ਖਤਮ ਨਹੀਂ ਹੋਣ ਦਿੰਦੇ। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਬਿਰਹਨ ਜੀਵਾਤਮਾ ਦੇ ਸੰਵਾਦ ਨੂੰ ਲੌਕਿਕਤਾ ਤੋਂ ਪਰਾਲੌਕਿਕਤਾ ਤਕ ਪਹੁੰਚਾ ਦਿੰਦੇ ਹਨ।
ਪੁਸਤਕ ਸੂਚੀ
ਗ੍ਰੰਥ
ਗੁਰੂ ਗ੍ਰੰਥ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ
ਪੁਸਤਕਾਂ
1. ਕੇਸਰ ਸਿੰਘ ਕੇਸਰ, ਸੰਪਾ. ਪੰਜਾਬੀ ਸਾਹਿਤ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 1992
2. ਗਿੱਲ ਮਹਿੰਦਰ ਕੌਰ, ਆਦਿ ਗ੍ਰੰਥ ਲੋਕ ਰੂਪ, ਐਮ. ਪੀ. ਪ੍ਰਕਾਸ਼ਨ, ਦਿੱਲੀ. 2002
3. ਨੂਰ, ਸੁਤਿੰਦਰ ਸਿੰਘ, ਇਤਿ ਬਿਧਿ ਪੜ੍ਹੀਐ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2012
4. ਨਾਭਾ, ਭਾਈ ਕਾਨ੍ਹ ਸਿੰਘ, ਗੁਰ ਸ਼ਬਦ ਰਤਨਾਕਰ ਮਹਾਨ ਕੋਸ਼, ਭਾਸ਼ਾ ਵਿਭਾਗ, ਪੰਜਾਬ, 2006
5. ਪਰਮਵੀਰ ਸਿੰਘ, ਡਾ. ਸ੍ਰੀ ਗੁਰੂ ਗ੍ਰੰਥ ਸਾਹਿਬ: ਚਿੰਤਨ ਤੇ ਵਿਚਾਰਧਾਰਾ ,
6. ਬਰਾੜ, ਹਰਬੰਸ ਸਿੰਘ, ਗੁਰੂ ਨਾਨਕ ਦੇਵ ਦੀ ਕਾਵਿ-ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਪਟਿਆਲਾ, 2003
7. ਮਨਮੋਹਨ ਸਿੰਘ, ਡਾ. ਗੁਰੂ ਨਾਨਕ ਅਤੇ ਭਗਤੀ ਅੰਦੋਲਨ, ਮਨਦੀਪ ਪ੍ਰਕਾਸ਼ਨ, ਨਵੀਂ ਦਿੱਲੀ, 1970
8. ਮ੍ਰਿਗਿੰਦ, ਮੱਖਣ ਸਿੰਘ, ਆਦਿ ਗ੍ਰੰਥ ਦੇ ਬਾਰਾਮਾਹ, ਪੰਜਾਬੀ ਰਾਈਟਰਜ਼ ਕੋਆਪਰੇਟਿਵ, ਨਵੀਂ ਦਿੱਲੀ, 1985,
9. ਰਾਜਿੰਦਰ ਸਿੰਘ, ਬਾਰ੍ਹਾਮਾਹ ਤੁਖਾਰੀ ਵਿਚ ਪ੍ਰਕਿਰਤੀ ਚਿਤਰਣ, ਅਲਕਾ ਸਾਹਿਤ ਸਦਨ, ਅੰਮ੍ਰਿਤਸਰ, 1990
10. ਰਾਮ ਸਿੰਘ, ਗੁਰੂ ਨਾਨਕ ਦੀ ਸੁਹਜ ਕਲਾ, ਸਿੰਘ ਬ੍ਰਦਰਜ਼, ਅੰਮ੍ਰਿਤਸਰ, 1968
11. ਵੀਰ ਸਿੰਘ, ਭਾਈ, ਸੰਪਾ. ਪੁਰਾਤਨ ਜਨਮ ਸਾਖੀ, ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ,
ਲੇਖਕ ਬਾਰੇ
ਖੋਜਾਰਥੀ, ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ
- ਹੋਰ ਲੇਖ ਉਪਲੱਭਧ ਨਹੀਂ ਹਨ