ਸ. ਸਰਦੂਲ ਸਿੰਘ ਕਵੀਸ਼ਰ ਦੱਸਦੇ ਹਨ ਕਿ ਅਣਵੰਡੇ ਪੰਜਾਬ ਵਿਚ ਸੱਯਦ ਹਬੀਬ ਜਪੁਜੀ ਸਾਹਿਬ ਦਾ ਉਰਦੂ ਅਨੁਵਾਦ ਕਰਨ ਸਮੇਂ ਕਈ ਵਾਰ ਸਲਾਹ ਲੈਣ ਲਈ ਮੇਰੇ ਪਾਸ ਆਉਂਦੇ। ਮੈਂ ਉਨ੍ਹਾਂ ਨੂੰ ਅਲਾਮਾ ਡਾਕਟਰ ਸਰ ਮੁਹੰਮਦ ਇਕਬਾਲ ਵੱਲ ਘੱਲ ਦਿੰਦਾ। ਸ਼ਾਇਰੇ ਮਸ਼ਰਕ, ਉਨ੍ਹਾਂ ਨੂੰ ਦੱਸਦੇ ਕਿ ਜਪੁਜੀ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਵੱਲੋਂ ਇਸਲਾਮੀ ਸਿਧਾਂਤਾਂ ਉੱਤੇ ਕੀਤੀਆਂ ਟਿੱਪਣੀਆਂ ਪੜ੍ਹ ਕੇ ਜੋ ਮੁਸਲਮਾਨ ਛਿੱਥੇ ਪੈਂਦੇ ਤੇ ਘਬਰਾ ਉੱਠਦੇ ਹਨ, ਉਹ ਇਸਲਾਮੀ ਤਾਲੀਮ ਦੇ ਗੂੜ੍ਹ ਤੱਤ ਤੋਂ ਨਾਵਾਕਿਫ ਹਨ। ਡਾਕਟਰ ਇਕਬਾਲ ਤਾਂ ਸਗੋਂ ਇਸਲਾਮੀ ਤੇ ਸਿੱਖ ਸਿਧਾਂਤ ਵਿਚ ਅਟੁੱਟ ਸਾਂਝ ਤੱਕਦੇ ਸਨ। ਉਨ੍ਹਾਂ ਦੇ ਇਸ ਮਿਸਰੇ ਉੱਤੇ ਗੁਰੂ ਸਾਹਿਬ ਦੇ ਵਾਕ ‘ਪਾਤਾਲਾ ਪਾਤਾਲ ਲਖ ਅਗਾਸਾ ਆਗਾਸ’ ਦਾ ਡੂੰਘਾ ਪ੍ਰਭਾਵ ਤੱਕਿਆ ਜਾਂਦਾ ਹੈ।
ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈ।
ਤੇ ਇਹ ਕੋਈ ਇਤਫਾਕੀਆ ਗੱਲ ਨਹੀਂ ਕਿ ਸ਼ਾਇਰੇ ਮਸ਼ਰਕ ਨੇ ਆਪਣੀ ਰਚਨਾ ਵਿਚ ਗੁਰੂ ਸਾਹਿਬ ਦਾ ਵਰਣਨ ਕੀਤਾ। ਹਿੰਦੁਸਤਾਨੀ ਬੱਚੋਂ ਕਾ ਕੌਮੀ ਗੀਤ ਲਿਖਦਿਆਂ ਉਨ੍ਹਾਂ ਨੇ ਆਖਿਆ:
ਚਿਸ਼ਤੀ ਨੇ ਜਿਸ ਜਿਮੀਂ ਪੈ
ਪੈਗ਼ਾਮੇ ਹਕ ਸੁਨਾਇਆ
ਨਾਨਕ ਨੇ ਜਿਸ ਚਮਨ ਮੇਂ
ਵਾਹਦਤ ਕਾ ਗੀਤ ਗਾਇਆ॥
ਤਾਤਾਰੀਓਂ ਨੇ ਜਿਸਕੋ
ਅਪਨਾ ਵਤਨ ਬਨਾਇਆ।
ਜਿਸਨੇ ਹਿਜਾਜ਼ੀਓਂ ਸੇ
ਦਸਤੇ ਅਰਬ ਛੁੜਾਇਆ
ਮੇਰਾ ਵਤਨ ਵੁਹੀ ਹੈ
ਮੇਰਾ ਵਤਨ ਵੁਹੀ ਹੈ॥
ਇਸੇ ਤਰ੍ਹਾਂ ‘ਬਾਂਗਿ ਦਰਾ’ ਵਿਚ ਉਨ੍ਹਾਂ ਇਕ ਪੂਰੀ ਨਜ਼ਮ ਲਿਖ ਕੇ ਮਹਾਨ ਗੁਰੂ ਨੂੰ ਖਿਰਾਜੇ-ਅਕੀਦਤ ਪੇਸ਼ ਕੀਤਾ ਹੈ।
ਕੌਮ ਨੇ ਪੈਗਾਮੇ ਗੌਤਮ ਕੀ
ਜ਼ਰਾ ਪਰਵਾਹ ਨਾ ਕੀ
ਕਦਰ ਪਹਿਚਾਨੀ ਨਾ ਅਪਨੇ
ਗੌਹਰੇ ਯਕ ਦਾਨਾ ਕੀ
ਆਹ! ਬਦਕਿਸਮਤ ਰਹੇ
ਆਵਾਜ਼ੇ ਹਕ ਸੇ ਬੇਖਬਰ
ਗਾਫਿਲ ਅਪਨੇ ਫਲ ਕੀ
ਸ਼ੀਰਨੀ ਸੇ ਹੋਤਾ ਹੈ ਸ਼ਜਰ
ਆਸ਼ਕਾਰ ਉਸ ਨੇ ਕੀਆ
ਜੋ ਜ਼ਿੰਦਗੀ ਕਾ ਰਾਜ਼ ਥਾ
ਹਿੰਦ ਕੋ ਲੇਕਿਨ ਖਿਆਲੀ
ਫਲਸਫੇ ਪਰ ਨਾਜ਼ ਥਾ
ਸ਼ਮਾ-ਏ ਹਕ ਸੇ ਜੋ ਮੁਨੱਵਰ ਹੋ
ਯਿਹ ਵੁਹ ਮਹਿਫਲ ਨ ਥੀ
ਬਾਰਸ਼ੇ ਰਹਿਮਤ ਹੂਈ
ਮਗ਼ਰ ਜ਼ਿਮੀਂ ਕਾਬਲ ਨ ਥੀ
ਆਹ! ਸ਼ੂਦਰ ਕੇ ਲੀਏ
ਹਿੰਦੁਸਤਾਨ ਗਮ ਖਾਨਾ ਥਾ
ਦਰਦੇ-ਇਨਸਾਨੀ ਸੇ ਬਸਤੀ ਕਾ
ਘਰ ਬੇਗਾਨਾ ਥਾ
ਬ੍ਰਾਹਮਣ ਸਰਸ਼ਾਹ ਹੈ
ਅਬ ਤਕ ਮਏ ਪਿੰਦਾਰ ਮੇਂ
ਸ਼ਮਾ-ਏ ਗੌਤਮ ਜਲ ਰਹੀ ਹੈ
ਮਹਿਫ਼ਲੇ-ਅਗਿਆਰ ਮੇਂ
ਬੁਤ ਕਦਾ ਫਿਰ ਬਾਦ ਮੁਦਤ
ਕੇ ਮਗਰ ਰੌਸ਼ਨ ਹੂਆ
ਨੂਰੇ ਇਬਰਾਹੀਮ ਸੇ
ਆਜ਼ਰ ਕਾ ਘਰ ਰੌਸ਼ਨ ਹੂਆ
ਫਿਰ ਉਠੀ ਆਖਿਰ ਸਦਾ
ਤੌਹੀਦ ਕੀ ਪੰਜਾਬ ਸੇ
ਹਿੰਦ ਕੋ ਇਕ ਮਰਦੇ-ਕਾਮਲ
ਨੇ ਜਗਾਇਆ ਖ਼ਾਬ ਸੇ
ਵਾਕਈ ਗੁਰੂ ਨਾਨਕ ਸਾਹਿਬ ਨੇ ਅੰਧੀ ਤੇ ਗਿਆਨ ਵਿਹੂਣੀ ਰਈਅਤ ਨੂੰ ਭਾਹਿ ਭਰੇ ਮੁਰਦਾਰੁ ਦੇ ਗਰਤਘੋਰ ’ਚੋਂ ਕੱਢ ਕੇ ਇਨਸਾਨੀਅਤ ਦੀ ਸ਼ਾਹਰਾਹ ਉੱਤੇ ਤੋਰਿਆ ਜਿਸ ਦੀ ਮੰਜ਼ਿਲ ’ਤੇ ਪੁੱਜ ਕੇ ਇਨਸਾਨ ਪੂਰਨ ਮਨੁੱਖ ਜਾਂ ਸਚਿਆਰਾ ਬਣਦਾ ਹੈ।
ਆਪਣੀ ਮਹਾਨ ਦੇਣ ਦੀ ਵੰਡ ਸਮੇਂ ਆਪ ਨੇ ਹਿੰਦੂਆਂ ਤੇ ਮੁਸਲਮਾਨ ਦੋਹਾਂ ਨੂੰ ਨਿਵਾਜਿਆ। ਉਨ੍ਹਾਂ ਨੇ ਦੋਹਾਂ ਧਰਮਾਂ ਦੇ ਮੰਨਣ ਵਾਲਿਆਂ ਨੂੰ ਉਨ੍ਹਾਂ ਦੀ ਮੌਜੂਦਾ ਹਾਲਤ ਤੱਕ ਕੇ ਆਖਿਆ ਸੀ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਇਸ ਦਾ ਜਿੱਥੇ ਇਹ ਅਰਥ ਸੀ ਕਿ ਰੱਬ ਦੀਆਂ ਨਜ਼ਰਾਂ ਵਿਚ ਦੋਨੋਂ ਬਰਾਬਰ ਇਨਸਾਨ ਹਨ, ਉੱਥੇ ਇਹ ਵੀ ਸੀ ਕਿ ਦੋਨੋਂ ਆਪਣੇ ਰਾਹ ਤੋਂ ਭਟਕ ਗਏ ਹਨ:
ਮਾਣਸ ਖਾਣੇ ਕਰਹਿ ਨਿਵਾਜ॥
ਛੁਰੀ ਵਗਾਇਨਿ ਤਿਨ ਗਲਿ ਤਾਗ॥ (ਪੰਨਾ 471)
ਉਨ੍ਹਾਂ ਨੇ ਫ਼ਰਮਾਇਆ ਕਿ ਮੁਸਲਮਾਨੀ ਬਹੁਤ ਮੁਸ਼ਕਲ ਹੈ ਤੇ ਕੋਈ ਵਿਰਲਾ ਹੀ ਮੁਸਲਮਾਨ-ਸੱਚਾ ਮੁਸਲਮਾਨ ਬਣ ਸਕਦਾ ਹੈ।
ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ॥
ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ॥
ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ॥
ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ॥ (ਪੰਨਾ 141)
ਇਸਲਾਮੀ ਸ਼ਰੀਅਤ ਦਾ ਤੱਤ ਉਨ੍ਹਾਂ ਨੇ ਇਉਂ ਕੱਢਿਆ :
ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ॥
ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ॥
ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ॥
ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ॥ (ਪੰਨਾ 140)
ਉਨ੍ਹਾਂ ਨੇ ਪੰਜ ਨਿਮਾਜਾਂ-ਫਜ਼ਰ (ਅੰਮ੍ਰਿਤ ਵੇਲੇ) ਜ਼ੁਹਰ (ਢਲੇ ਵੇਲੇ) ਇਸਰ (ਤੀਜੇ ਪਹਿਰ) ਮਗਰਬ (ਸ਼ਾਮ) ਅਤੇ ਇਸ਼ਾ (ਸੌਣ ਵੇਲੇ) ਦੀ ਅਸਲੀਅਤ ਇਉਂ ਬਿਆਨ ਕੀਤੀ।
ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ॥
ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ॥
ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ॥ (ਪੰਨਾ 141)
ਪਰ ਸਿਜਦੇ ਵਿਚ ਸਿਦਕ ਦੀ ਲੋੜ ਮੁੱਢਲੀ ਸ਼ਰਤ ਹੈ ਤੇ ਰੱਬ ਦੀ ਹੋਂਦ ਇਕ ਪਾਸੇ ਸੀਮਤ ਹੋਣ ਦੀ ਥਾਂ ਹਰ ਪਾਸੇ ਅਨੁਭਵ ਕਰਨਾ, ਗੁਰੂ ਨਾਨਕ ਸਾਹਿਬ ਅਨੁਸਾਰ ਮੁਸਲਮਾਨੀ ਧਾਰਨਾ ਹੈ:
ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦੁ॥
ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ॥ (ਪੰਨਾ 84)
ਉਨ੍ਹਾਂ ਇਸ ਗੱਲ ਦੀ ਚਿਤਾਵਨੀ ਵੀ ਕਰਵਾਈ ਕਿ ਹਰਾਮ ਗੋਸ਼ਤ ਵਿਚ ਮਸਾਲੇ ਪਾਉਣ ਨਾਲ ਉਹ ਹਲਾਲ ਨਹੀਂ ਬਣ ਸਕਦਾ:
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ॥ (ਪੰਨਾ 141)
ਇਉਂ ਉਨ੍ਹਾਂ ਨੇ ਇਸਲਾਮੀ ਸਿਧਾਂਤਾਂ ਦੀ ਅਸਲੀਅਤ ਦਰਸਾ ਕੇ ਅੰਧ- ਵਿਸ਼ਵਾਸੀ ਤੇ ਕੱਟੜ ਮੁਸਲਮਾਨਾਂ ਨੂੰ ‘ਮੋਮਦਿਲ’ ਹੋਣ ਦੇ ਰਾਹ ਪਾਇਆ। ਵਲੀ ਕੰਧਾਰੀ, ਪੀਰ ਦਸਤਗੀਰ ਬਗਦਾਦੀ, ਬਹਿਲੇਲ ਦਾਨਾ, ਜੀਵਨ ਮਜੌਰ, ਪੀਰ ਰੁਕਨਦੀਨ, ਮੀਆਂ ਮਿਠਾ ਆਦਿ ਨੂੰ ਫ਼ਕੀਰ ਤੇ ਦਰਵੇਸ਼ੀ ਦੀ ਮੰਜ਼ਿਲ ’ਤੇ ਪੁਚਾਇਆ। ਪੀਰ ਬਹਾਵਲਦੀਨ ਮੁਲਤਾਨੀ ਤਾਂ ਆਪ ਦੇ ਇਤਨੇ ਗਰਵੀਦਾ ਹੋਏ ਕਿ ਨਮਾਜ਼ ਕਰਤਾਰਪੁਰ ਵਲ ਰੁਖ਼ ਕਰ ਕੇ ਪੜ੍ਹਦੇ। ਜਦ ਆਪ ਦਾ ਆਖਰੀ ਦਿਨ ਨੇੜੇ ਆਇਆ ਤਾਂ ਆਪ ਨੇ ਗੁਰੂ ਸਾਹਿਬ ਨੂੰ ਖ਼ਤ ਲਿਖਿਆ ਕਿ ਮੇਰਾ ਅੰਤ ਸਮਾਂ ਨੇੜੇ ਹੈ। ਪਰ ਆਪ ਦੀ ਨੇੜਤਾ ਦੀ ਅਣਹੋਂਦ ਕਾਰਨ ਉਸ ਰਾਹ ’ਚੋਂ ਭੈ ਆਉਂਦਾ ਹੈ। ਮੇਰੀ ਸਫਾਇਤ ਦਾ ਕੋਈ ਉਪਾਓ ਕਰੋ। ਹਜ਼ੂਰ ਨੇ ਉੱਤਰ ਦਿੱਤਾ, “ਪੀਰ ਜੀ, ਤੁਹਾਡੇ ਕੌਲ ਫੇਅਲ ਜੇ ਨੇਕ ਹਨ ਤਾਂ ਡਰਨ ਦੀ ਲੋੜ ਨਹੀਂ।” ਇਸੇ ਲਈ ਮਿਰਜ਼ਾ ਗੁਲਾਮ ਅਹਿਮਦ ਕਾਦਿਆਨੀ ਲਿਖਦੇ ਹਨ:
ਬੂਦ ਨਾਨਕ ਆਰਫੋ ਮਰਦੇ ਖੁਦਾ
ਗਜ਼ਹਾਏ ਮਾਰਫਤ ਰਹ ਕੁਸ਼ਾ (ਸਤਿਬਚਨ, ਸਫ਼ਾ 3)
ਮੈਂ ਸਿੱਖ ਸਾਹਿਬੋਂ ਸੇ ਇਸ ਬਾਤ ਮੇਂ ਇਤਫਾਕ ਰਖਤਾ ਹੂੰ ਕਿ ਬਾਬਾ ਨਾਨਕ ਸਾਹਿਬ ਦਰ ਹਕੀਕਤ ਖੁਦਾ ਤਾਅਲਾ ਕੇ ਮਕਬੂਲ ਬੰਦੋਂ ਮੇਂ ਸੇ ਥੇ, ਔਰ ਉਨ ਲੋਗੋਂ ਮੇਂ ਸੇ ਥੇ, ਜਿਨ ਪਰ ਇਲਾਹੀ ਬਰਕਤੇਂ ਨਾਜ਼ਲ ਹੋਤੀ ਹੈਂ ਔਰ ਖੁਦਾ ਤਾਅਲਾ ਕੇ ਹਾਥ ਸੇ ਸਾਫ ਕੀਏ ਜਾਤੇ ਹੈਂ। ਮੈਂ ਉਨ ਲੋਗੋਂ ਕੋ ਸਰੀਰ ਔਰ ਕਮੀਨਾ ਤਬਾਅ ਸਮਝਤਾ ਹੂੰ ਜੋ ਐਸੇ ਬਾਬਰ ਕਾਤ ਲੋਗੋਂ ਕੋਂ ਤੌਹੀਨ ਔਰ ਨਾਪਾਕੀ ਕੇ ਲਫਜ਼ ਸੇ ਯਾਦ ਕਰੇਂ। (ਤਬਲੀਗੇ ਰਸਾਲਤ ਜਿਲਦ 4)
ਇਸ ਸਚਾਈ ਦੀ ਗਵਾਹੀ ਦਿੰਦੇ ‘ਤਾਰੀਖੇ ਪੰਜਾਬ ਵਾ ਤੁਹਫਾ ਤੁਲ ਅਹਿਬਾਬ’ ਦੇ ਕਰਤਾ ਅਬਦੁਲ ਕਰੀ ਕਰੀਮ ਲਿਖਦੇ ਹਨ-
‘ਦਰ ਅਹਿਦੇ ਬਾਬਰ ਬਾਦਸ਼ਾਹ ਫ਼ਕੀਰੇ ਮਸ਼ਹੂਰ-ਬ-ਨਾਨਕ ਸ਼ਾਹ ਦਰ ਮੁਲਕੇ ਪੰਜਾਬ ਪੈਦਾਸ਼ੁਦ, ਚੂੰਕਿ ਤਾਰਿਕੁ ਦੁਨੀਆਂ ਵਾ ਮਰਦੇ ਆਰਿਫਬੂਦ, ਵਾ ਹਰ ਮਜ਼ਬ ਤਅੱਸੁਬ ਨਦਾਸ਼ਤ ਖਲਕੇ ਅੰਬਹੋ ਮੁਅਤਕ-ਦੇ ਉਗਸ਼ਤਾ। ਬਾਅਜੇ ਮੁਰੀਦਾ ਵਾ ਬਾਅਜੇ ਚੇਲਾਇਹਊ ਸ਼ੁੰਦਦ ਲਿਹਾਜ਼ਾ ਅਜ਼ ਹਿੰਦੂ ਵਾ ਮੁਸਲਮਾਨ ਹਰ ਦੋ ਮੁਅਤਕਦੇ ਊ ਬੂਦੰਦ।… ਨਿਜ਼ਦੇ ਨਾਨਕ ਸ਼ਾਹ ਹਿੰਦੂ ਵਾ ਮੁਸਲਮਾਨ ਬਰਾਬਰ ਬੂਹੰਦ ਯਕੇਗ ਬਦੀਗਰੇ ਤਰਜੀਹ ਨਮੀਦਾਦ’ ਅਰਥਾਤ ਬਾਬਰ ਦੇ ਸਮੇਂ ਪ੍ਰਸਿੱਧ ਫਕੀਰ ਨਾਨਕ ਸ਼ਾਹ ਪੈਦਾ ਹੋਏ। ਚੂੰ ਕਿ ਉਹ ਨਿਰਲੇਪ ਅਤੇ ਈਸ਼ਵਰ ਭਗਤ ਸਨ ਅਤੇ ਧਰਮਾਂਧਤਾਂ ਤੋਂ ਬਰੀ ਸਨ ਅਣਗਿਣਤ ਲੋਕ ਉਨ੍ਹਾਂ ਉੱਤੇ ਈਮਾਨ ਲਿਆਏ। ਕਈ (ਮੁਸਲਮਾਨ) ਉਨ੍ਹਾਂ ਦੇ ਮੁਰੀਦ ਅਤੇ ਹਿੰਦੂ ਉਨ੍ਹਾਂ ਦੇ ਚੇਲੇ ਬਣੇ। ਉਨ੍ਹਾਂ ਦੀ ਨਜ਼ਰ ਵਿਚ ਦੋਨੋਂ ਬਰਾਬਰ ਸਨ, ਕਿਸੇ ਨੂੰ ਦੂਜੇ ਉੱਤੇ ਮਹੱਤਤਾ ਨਹੀਂ ਸੀ ਦਿੰਦੇ।
ਬੂਟੇ ਸ਼ਾਹ ‘ਤਾਰੀਖੇ ਪੰਜਾਬ’ ਵਿਚ ਲਿਖਦੇ ਹਨ:
ਸੁਖਨ ਹਾਏ ਤਸੱਵਫ਼ ਵਾ ਵਹਿਦ ਤੇ ਵਜੂਦ ਮੇਗੁਫ਼ਤਾ ਚੁਨਾਚਿ ਅਜ ਅਸ਼ਆਰੇ ਹਿੰਦੀ ਵਾ ਫੇਰਸੀਏ ਊ ਕਿ ਬਨਜਮ ਅਵੁਰਦਾ ਹਮੀ ਤਰਜ਼ ਮਾਲੂਮ ਮੇ ਸ਼ਵਦ… ਮਰਦਮ ਰਾ ਬਾ ਸਫ਼ਾਏ ਕਲਿਮਾਤੇ ਨਿਕੋਏ ਊ ਮੌਕੇ, ਸੁਹਬਤ ਹਰ ਦਿਲਹਾ ਪੀਰ ਆਇਦਾ ਅਰਥਾਤ ਹਜ਼ੂਰ ਸੂਫ਼ੀਆਨਾ ਅਤੇ ਇਕੇਸ਼ਵਰਵਾਦ ਦੇ ਵਚਨ ਕਹਿੰਦੇ ਸਨ। ਉਨ੍ਹਾਂ ਨੇ ਜੋ ਹਿੰਦੀ ਅਤੇ ਫਾਰਸੀ ਵਿਚ ਬਾਣੀ ਉਚਾਰੀ ਏ, ਉਸ ਤੋਂ ਇਹ ਭਲੀ-ਭਾਂਤ ਮਾਲੂਮ ਹੁੰਦਾ ਹੈ। ਉਨ੍ਹਾਂ ਦੇ ਪਵਿੱਤਰ ਤੇ ਮਹਾਨ ਬਚਨਾਂ ਤੋਂ ਲੋਕਾਂ ਨੂੰ ਉਨ੍ਹਾਂ ਦੀ ਸੰਗਤ ਕਰਨ ਦਾ ਸ਼ੌਕ ਜਾਗਦਾ ਸੀ।
ਥਾਪਿਆ ਨ ਜਾਇ ਕੀਤਾ ਨ ਹੋਇ॥
ਆਪੇ ਆਪਿ ਨਿਰੰਜਨੁ ਸੋਇ॥ (ਪੰਨਾ 2)
ਦੀ ਸਚਾਈ ਪ੍ਰਗਟ ਕਰਦੇ ਗੁਰੂ ਹਰਿਗੋਬਿੰਦ ਸਾਹਿਬ ਦੇ ਸਮਕਾਲੀ ‘ਦਬਿਸਤਾਨ ਮਜ਼ਾਹਬ’ ਦੇ ਲੇਖਕ ਦੱਸਦੇ ਹਨ:
ਨਾਨਕ ਪੰਥੀਆਂ ਕਿ ਮਾਅਰੂਫ ਵਾ ਗੁਰ ਸਿੱਖਾਂ ਅੰਦ ਵਾ ਬੁਤ ਵਾ ਬੁਤ ਖਾਨਾ, ਇਤਕਾਦਿ ਨਰਿਦ… ਫਿਲ ਜੁਮਲਾ ਮੁਰੀਦਾਨੇ ਬਾਬਾ ਨਾਨਕ ਬੁਤ ਨਿਕਹੋਸ਼ ਕੁਨੰਦ; ਅਰਥਾਤ ਨਾਨਕ ਪੰਥੀ ਜਿਨ੍ਹਾਂ ਨੂੰ ਗੁਰਸਿੱਖ ਕਹਿੰਦੇ ਹਨ ਬੁੱਤਾਂ ਤੇ ਬੁੱਤਖਾਨਿਆਂ ਵਿਚ ਵਿਸ਼ਵਾਸ ਨਹੀਂ ਰੱਖਦੇ, ਸਾਰੇ ਦੇ ਸਾਰੇ ਬਾਬਾ ਨਾਨਕ ਸਾਹਿਬ ਦੇ ਮੁਰੀਦ ਬੁੱਤਾਂ ਤੋਂ ਘਿਰਣਾ ਕਰਦੇ ਹਨ। ਇਸ ਦੀ ਪੁਸ਼ਟੀ ਕਰਦੇ ਹੋਏ ਸੱਯਦ ਮੁਹੰਮਦ ਲਤੀਫ ਲਿਖਦੇ ਹਨ-ਗੁਰੂ ਨਾਨਕ ਦਾ ਸਿਧਾਂਤ ਕੇਵਲ ਇੱਕੋ ਪਰਮਾਤਮਾ ਨੂੰ ਮੰਨਣਾ ਸੀ। ਆਪ ਰੱਬ ਦੀ ਏਕਤਾ ਦੇ ਕਾਇਲ ਸਨ ਤੇ ਮੂਰਤੀ-ਪੂਜਾ ਦੇ ਅਤਿ ਵਿਰੁੱਧ ਸਨ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਸੱਚਾ ਤੇ ਨਿਰੋਲ ਧਰਮ ਇੱਕੋ ਹੈ ਜਿਸ ਦਾ ਅਰਥ ਹੈ ਕਿ ਆਦਮੀ ਸਭ ਬਰਾਬਰ ਹਨ। ਦੁਨੀਆਂ ਵਿਚ ਜੋ ਅਣਗਿਣਤ ਮਤ ਮਤਾਂਤਰ ਤੇ ਜ਼ਾਤਾਂ-ਪਾਤਾਂ ਖੁੰਬਾਂ ਵਾਂਗ ਉਗ ਪਈਆਂ ਹਨ, ਇਹ ਆਦਮੀ ਦੀਆਂ ਬਣਾਈਆਂ ਹੋਈਆਂ ਹਨ। ਆਪ ਆਖਦੇ ਹਨ ਕਿ ਮੈਂ ਕੁਰਾਨ ਪੁਰਾਨ ਦੋਨੋਂ ਪੜ੍ਹੇ ਹਨ ਪਰ ਸੱਚਾ ਧਰਮ ਦੋਹਾਂ ਵਿਚ ਨਹੀਂ ਲੱਭਾ ਫੇਰ ਵੀ ਮੈਂ ਦੋਹਾਂ ਦਾ ਸਤਿਕਾਰ ਕਰਦਾ ਹਾਂ ਅਤੇ ਆਪਣੇ ਅਨੁਸਾਰੀਆਂ ਨੂੰ ਆਗਿਆ ਕਰਦਾ ਹਾਂ ਕਿ ਦੋਹਾਂ ਵਿੱਚੋਂ ਸੱਚ ਦਾ ਨਿਤਾਰਾ ਕਰਨ ਤੇ ਉਸ ’ਤੇ ਅਮਲ ਕਰਨ।(ਪ੍ਰਾਚੀਨ ਮੁਸਲਮਾਨ ਲੇਖਕਾਂ ਦੀਆਂ ਕਿਰਤਾਂ ਇਸ ਗੱਲੋਂ ਵੀ ਮਹੱਤਤਾ ਭਰੀਆਂ ਹਨ ਕਿ ਉਹ ਕੁਝ ਪ੍ਰਮਾਣਿਕ ਤੱਤਾਂ ਦੀਆਂ ਧਾਰਨੀ ਹਨ ਤੇ ਕੁਝ ਇਸ ਲਈ ਕਿ ਉਹ ਕੁਝ ਉਨ੍ਹਾਂ ਸਚਾਈਆਂ ਦਾ ਸੋਮਾ ਹਨ ਜੋ ਹੋਰ ਕਿਧਰੋਂ ਸਾਨੂੰ ਨਹੀਂ ਮਿਲ ਸਕਦੀਆਂ। ਮੁਸਲਮਾਨ ਫਰੁੱਖਸੀਅਰ ਦੇ ਮੁਨਸ਼ੀ ਮੌਲਵੀ ਗੁਲਾਮ ਅਲੀ ਅਨੁਸਾਰ ਗੁਰੂ ਨਾਨਕ ਸਾਹਿਬ ਬਹੁਤ ਸੁਹਣੇ ਮਿੱਠ-ਬੋਲੇ ਤੇ ਸਦਾ ਹੰਸੂ-ਹੰਸੂ ਕਰਦੇ ਰਹਿਣ ਵਾਲੇ ਸਨ। ਉਨ੍ਹਾਂ ਦਾ ਕੱਦ ਛੋਟਾ ਤੇ ਬਾਹਾਂ ਲੰਮੀਆਂ ਸਨ, ਮੌਲਵੀ ਗੁਲਾਮ ਹੁਸੈਨ ‘ਸੀਅਰੁਲ ਮੁਤਾ ਖਰੀਨ’ ਦੱਸਦੇ ਹਨ ਕਿ ਇਕ ਪ੍ਰਸਿੱਧ ਮੁਸਲਮਾਨ ਨੇ ਪ੍ਰਮਾਣਿਕ ਸਿਧਾਂਤ ਦੀ ਵਾਕਫੀ ਕਰਾ ਦਿੱਤੀ ਸੀ।)
ਬਾਬੇ ਕੇ ਬਾਬਰ ਕੇ ਦੋਊ॥
ਆਪ ਕਰੇ ਪਰਮੇਸਰ ਸੋਊ॥
ਆਖ ਕੇ ਦਸਵੇਂ ਪਾਤਸ਼ਾਹ ਨੇ ‘ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ’ ਉੱਤੇ ਮੁਹਰ ਲਾਈ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਦਸ ਪੂਰਨ ਗੁਰੂ ਹੋਏ ਹਨ:
ਦੋਹਰਾ॥
“ਤਿਨ ਬੇਦੀਅਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਇ॥
ਸਭ ਸਿੱਖਨ ਕੋ ਸੁਖ ਦਏ ਜਹ ਤਹ ਭਏ ਸਹਾਇ॥
ਤਿਨ ਇਹ ਕਲ ਮੋ ਧਰਮੁ ਚਲਾਯੋ॥
ਚੌਪਈ॥
ਸਭ ਸਾਧਨ ਕੋ ਰਾਹੁ ਬਤਾਯੋ॥
ਜੋ ਤਾਂ ਕੇ ਮਾਰਗ ਮਹਿ ਆਏ॥
ਤੇ ਕਬਹੂੰ ਨਹਿ ਪਾਪ ਸੰਤਾਏ॥”
ਫ਼ਰਮਾਉਂਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਪਹਿਲੇ ਜਾਮੇ ਵਿਚ ਹੀ ਨਵੇਂ ਧਰਮ ਦੀ ਨੀਂਹ ਰੱਖੇ ਜਾਣ ਦੀ ਸਚਾਈ ਦਾ ਨਿਰੂਪਨ ਕੀਤਾ ਹੈ, ਇਸ ਹਕੀਕਤ ਨੂੰ ਕਾਜ਼ੀ ਨੂਰ ਮੁਹੰਮਦ ਵਰਗੇ ਤਅਸਬੀ ਲੇਖਕ ਨੇ ਵੀ ਤਸਲੀਮ ਕੀਤਾ ਹੈ। ਉਹ ਆਪਣੇ ਜੰਗ ਨਾਮੇ ਵਿਚ ਸਿੰਘਾਂ ਦਾ ਜ਼ਿਕਰ ਕਰਦਾ ਲਿਖਦਾ ਹੈ।
ਰਸੂਮਾਤੇ ਏਸ਼ਾਂ ਜ਼ ਨਾਨਕ ਫਜ਼ੂਦ,
ਜੁਦਾਗਾਨਾ ਗਹੇ ਬਸਿੱਖਾ ਨਮੂਦ,
ਪਸਜ਼ਵੈ ਖਲਫ ਮਾਂਦ ਗੋਬਿੰਦ ਸਿੰਘ
ਅਜ਼ੋ ਯਾਫਤੰਦ ਈਂ ਲਕਬ ਸਿੰਘ,
ਸਿੰਘ ਅਜ਼ੀਂ ਹਿੰਦੂਆਂ ਨੇਸਤਾ ਈਂ ਸਗਾਂ,
ਜੁਦਾਗਾਨਾ ਗਹੇਸਤ ਈਂ ਬਦ ਰਗਾਂ!
ਅਰਥਾਤ ਇਨ੍ਹਾਂ ਦੀਆਂ ਰਹੁ ਰੀਤਾਂ (ਗੁਰੂ) ਨਾਨਕ ਤੋਂ ਤੁਰੀਆਂ ਅਤੇ ਇਉਂ ਸਿੱਖਾਂ ਦਾ ਜੁਦਾ ਪੰਥ ਪ੍ਰਗਟ ਹੋਇਆ। ਉਨ੍ਹਾਂ ਤੋਂ ਪਿੱਛੋਂ ਉਨ੍ਹਾਂ ਦਾ ਪੁੱਤਰ (ਉਤਰਾਧਿਕਾਰੀ-ਗੁਰੂ) ਗੋਬਿੰਦ ਸਿੰਘ ਹੋਇਆ। ਉਸ ਤੋਂ ਇਨ੍ਹਾਂ ਨੂੰ ਸਿੰਘ ਦੀ ਉਪਾਧੀ ਮਿਲੀ, ਇਹ… ਹਿੰਦੂਆਂ ਵਿੱਚੋਂ ਨਹੀਂ, ਇਨ੍ਹਾਂ ਭੈੜਿਆਂ ਦਾ ਰਾਹ ਅਡਰਾ ਹੈ…
ਸੱਯਦ ਮੁਹੰਮਦ ਲਤੀਫ ਨੇ ਭਾਵੇਂ ਗੁਰੂ ਸਾਹਿਬ ਦੀਆਂ ਕਈ ਕਰਾਮਾਤਾਂ ਦਾ ਜ਼ਿਕਰ ਕੀਤਾ ਹੈ, ਪਰ ਉਹ ਲਿਖਦੇ ਹਨ ‘ਗੁਰੂ ਨਾਨਕ ਨੇ ਸਿੱਧੀ ਦਾ ਦਾਅਵਾ ਨਹੀਂ ਕੀਤਾ ਪਰ ਆਪ ਦੇ ਸਿੱਖ ਮੰਨਦੇ ਹਨ ਕਿ ਆਪ ਨੂੰ ਸਿੱਧੀ ਪ੍ਰਾਪਤ ਸੀ, ਡਾਕਟਰ ਮੁਹੰਮਦ ਸ਼ਫੀ, ਭੂਤਪੂਰਵ ਪ੍ਰਿੰਸੀਪਲ ਗਵਰਨਮੈਂਟ ਕਾਲਜ ਲਾਹੌਰ ਡਾਕਟਰ ਟਰੰਪ ਨੂੰ ਮਿਲੀ ਇਕ ਪੁਰਾਣੀ ਜਨਮ ਸਾਖੀ ਦਾ ਹਵਾਲਾ ਦੇ ਕੇ ਕਹਿੰਦੇ ਹਨ ਕਿ ਇਸ ਵਿਚ ਕੋਈ ਅਸਾਧਾਰਨ ਯਾ ਅਕਥ ਤੋਂ ਪਰ੍ਹੇ ਕੋਈ ਕਰਾਮਾਤ ਨਹੀਂ, ਗੁਰੂ ਜੀ ਦੇ ਸਿੱਧੇ-ਸਾਧੇ ਹਾਲਾਤ ਇਸ ਵਿਚ ਦਰਜ ਹਨ, ਪਰ ਸਮਾਂ ਬੀਤਣ ਨਾਲ ਇਨ੍ਹਾਂ ਕਰਾਮਾਤਾਂ ਵੱਲ ਧਿਆਨ ਵਧਦਾ ਗਿਆ ਤੇ ਲਾਹੌਰ ਵਾਲੀ (ਭਾਵ ਭਾਈ ਬਾਲੇ ਵਾਲੀ) ਜਨਮ ਸਾਖੀ ਅਜਿਹੀਆਂ ਕਰਾਮਾਤਾਂ ਨਾਲ ਭਰੀ ਪਈ ਹੈ।
ਇਹ ਗੱਲ ਦਰੁਸਤ ਹੈ ਕਿ ਗੁਰੂ ਨਾਨਕ ਸਾਹਿਬ ਰਿਧੀਆਂ-ਸਿਧੀਆਂ ਨੂੰ ਹੇਚ ਸਮਝਦੇ ਸਨ, ਰਿਧਿ ਸਿਧਿ ਅਵਰਾ ਸਾਦ ਉਨ੍ਹਾਂ ਨੇ ਆਪ ਫ਼ਰਮਾਇਆ ਹੈ। ਪਰ ਕਈ ਮੁਸਲਮਾਨ ਫ਼ਕੀਰ ਗੁਰੂ ਨਾਨਕ ਸਾਹਿਬ ਨੂੰ ਸਾਹਿਬ-ਏ-ਕਰਾਮਾਤ ਸਮਝਦੇ ਰਹੇ ਹਨ ਜਿਹਾ ਕਿ ਪੁਰਾਤਨ ਸਿੱਖ ਵੀ ਆਖਿਆ ਕਰਦੇ ਸਨ ਕਿ ਕਰਾਮਾਤ ਤਾਂ ਗੁਰੂ ਕਿਆਂ ਕੁੱਤਿਆਂ ਵਿਚ ਵੀ ਹੈ। ਆਰੀਆ ਸਮਾਜ ਦੇ ਸਤਕਾਰੇ ਸ਼ਹੀਦ ਲੇਖ ਰਾਮ ਆਰੀਆ ਮੁਸਾਫਿਰ ਨੂੰ ਸ੍ਰੀ ਅੰਮ੍ਰਿਤਸਰ ਜੀ ਵਿਚ ਇਕ ਈਰਾਨੀ ਯਾਤਰੂ ਨੇ ਗੁਰੂ ਨਾਨਕ ਸਾਹਿਬ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ‘ਬਾਬਾ ਨਾਨਕ ਕਤਾਬ ਦਾਰਕ, ਉਮਤ ਦਾਰਦ, ਮੁਅਜਜ਼ਾ ਦਾਰਦ, ਅਸਹਾਬ ਦਾਰਦ, ਵਾਬਜ਼ੁਰਗਤਰ ਅਜ਼ ਹਮਾ ਫਜ਼ਾਇਲਹਤਾ। ਮੁਸਲਮਾਨ ਹਮ ਬਕਰਾਮਤੇ ਊ ਕਾਇਨ ਅੰਦ। ਪਸ ਬਾਬਾ ਨਾਨਕ ਬਿਲਾ ਸਕੋ ਸ਼ੂਬਾ ਨਬੀਅਸਤ’ ਅਰਥਾਤ ਬਾਬਾ ਨਾਨਕ ਸਾਹਿਬ ਗ੍ਰੰਥ ਦੇ ਕਰਤਾ ਹਨ, ਉਨ੍ਹਾਂ ਦੀ ਸਿੱਖੀ (ਉਮਤ) ਹੈ, ਉਹ ਰਿਧੀਆਂ ਸਿਧੀਆਂ ਦੇ ਮਾਲਕ ਹਨ। ਉਨ੍ਹਾਂ ਦੇ ਵਡੀਰੇ ਸਿੱਖ ਹਨ। ਉਹ ਸਭ ਵਡਿਆਈਆਂ ਤੋਂ ਉਚੇਰੇ ਹਨ। ਮੁਸਲਮਾਨ ਵੀ ਉਨ੍ਹਾਂ ਦੀ ਬਖਸ਼ਿਸ਼ ਨੂੰ ਮੰਨਦੇ ਹਨ। ਇਸ ਲਈ ਇਸ ਸਚਾਈ ਵਿਚ ਕੋਈ ਸੰਦੇਹ ਨਹੀਂ ਕਿ ਬਾਬਾ ਨਾਨਕ ਸਾਹਿਬ ਨਬੀ ਹਨ।
ਅੱਜ ਵੀ ਇਸਲਾਮੀ ਦੁਨੀਆਂ ਵਿਚ ਵੀ ਗੁਰੂ ਸਾਹਿਬ ਦਾ ਉਨ੍ਹਾਂ ਹੀ ਸਤਿਕਾਰ ਬਣਿਆ ਹੋਇਆ ਹੈ। ਕੱਤਕ ਪੂਰਨਮਾਸ਼ੀ ਦੇ ਦਿਹਾੜੇ ਉੱਤੇ ਹਿਜ਼ ਐਕਸੀਲੈਂਸੀ ਜਨਾਬ ਨੂਰੀਜਮੀਲ, ਇਰਾਕ ਦੀ ਰੀਪਬਲਿਕ ਦੇ ਸਫੀਰ ਨੇ ਆਖਿਆ ਸੀ:
ਅਮਨ ਅਤੇ ਆਲਮਗੀਰ ਭਰਾਤਰੀ ਭਾਵ ਦੇ ਪੈਗੰਬਰ ਗੁਰੂ ਨਾਨਕ ਸਾਹਿਬ ਦ ਜਨਮ ਦਿਨ ਉੱਤੇ ਦਿਲ਼ੀ ਵਧਾਈ ਪੇਸ਼ ਕਰਦਿਆਂ ਮੈਨੂੰ ਅਪਾਰ ਖੁਸ਼ੀ ਹੋ ਰਹੀ ਹੈ। ਅੱਜਕਲ੍ਹ ਉੱਚੀਆਂ ਸ਼ਖ਼ਸੀਅਤਾਂ ਸਾਨੂੰ ਘੱਟ ਹੀ ਨਜ਼ਰ ਆਉਂਦੀਆਂ ਹਨ। ਇਸ ਲਈ ਅਸੀਂ ਪਿਛਾਂਹ ਵੱਲ ਝਾਕ ਕੇ ਗੁਰੂ ਨਾਨਕ ਸਾਹਿਬ ਵਰਗੇ ਮਹਾਤਮਾ ਤੋਂ ਸਤਿਕਾਰ ਨਾਲ ਅਸ਼ੀਰਵਾਦ ਪ੍ਰਾਪਤ ਕਰਦੇ ਹਾਂ। ਉਨ੍ਹਾਂ ਦੀ ਉੱਚਤਾ ਸੁੱਚਤਾ ਅਤੇ ਨਿਸ਼ਕਾਮ ਘਾਲ ਤੋਂ ਮਨੁੱਖਤਾ ਧੰਨ ਹੋਈ ਹੈ। ਉਨ੍ਹਾਂ ਨੇ ਮਨੁੱਖਤਾ ਨੂੰ ਧਰਮ ਦੀ ਪਹੁੰਚ ਤੋਂ ਪਰ੍ਹੇ ਸਦਗੁਣਾਂ ਦਾ ਰਾਹ ਦੱਸਿਆ ਸੀ। ਇਸੇ ਲਈ ਗੁਰੂ ਨਾਨਕ ਸਾਹਿਬ ਦਾ ਪਿਆਰਾ ਨਾਉਂ ਦੁਨੀਆਂ ਦੇ ਸਾਰੇ ਲੋਕ ਚਾਹੇ ਉਹ ਕਿਸੇ ਧਰਮ ਦੇ ਹੋਣ, ਪਿਆਰ ਤੇ ਸਤਿਕਾਰ ਨਾਲ ਯਾਦ ਕਰਦੇ ਹਨ।
ਤਾਂ ਤੇ ਜ਼ਰੂਰੀ ਹੈ ਕਿ ਅੱਜ ਦੇ ਨਾਜ਼ਕ ਦੌਰ ਵਿਚ ਅਸੀਂ ਅਜਿਹੇ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਉੱਤੇ ਵਿਚਾਰ ਕਰੀਏ ਅਤੇ ਉਸ ਨੂੰ ਆਪਣੇ ਜੀਵਨ ਵਿਚ ਸੰਚਾਰੀਏ। ਆਓ ਅੱਜ ਦੇ ਸ਼ੁਭ ਦਿਨ ਸਦ-ਭਾਵਨਾ, ਇਕਸੁਰਤਾ ਅਤੇ ਸਹਿਨਸ਼ੀਲਤਾ ਲਈ ਮੁੜ ਜਤਨ ਅਰੰਭੀਏ।
ਲੇਖਕ ਬਾਰੇ
ਰਣਜੀਤ ਸਿੰਘ ਖੜਗ (18 ਮਾਰਚ, 1915-30 ਦਸੰਬਰ, 1971 ਇਕ ਨਿਪੁੰਨ ਵਾਰਤਕ-ਕਾਰ ਸੀ। ਇਹ ਵਾਰਤਕਕਾਰ ਤਤਕਾਲੀ ਸਮੇਂ ਦੇ ਸਾਹਿਤਕ ਤੇ ਸੱਭਿਆਚਾਰਕ ਮਸਲੇ ਆਪਣੇ ਢੰਗ ਨਾਲ ਉਠਾਉਂਦਾ ਰਿਹਾ ਅਤੇ ਉਸ ਦੀਆਂ ਇਹ ਵਾਰਤਕ ਰਚਨਾਵਾਂ ਉਸ ਸਮੇਂ ਦੇ ਪ੍ਰਸਿੱਧ ਸਾਹਿਤਕ-ਪੱਤਰਾਂ ਵਿਚ ਛਪਦੀਆਂ ਰਹੀਆਂ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਵਿਕਾਸ ਲਈ ਉਹ ਜ਼ਮੀਨੀ ਪੱਧਰ 'ਤੇ ਵੀ ਕੰਮ ਕਰਦੇ ਰਹੇ ਅਤੇ ਪ੍ਰਵਚਨ ਦੀ ਪੱਧਰ 'ਤੇ ਵੀ ਕਾਰਜਸ਼ੀਲ ਰਹੇ। ਰਣਜੀਤ ਸਿੰਘ 'ਖੜਗ' ਨੇ ਆਪਣੀ ਜ਼ਿੰਦਗੀ ਸਾਹਿਤਕ ਸੇਵਾ ਦੇ ਲੇਖੇ ਲਾ ਦਿੱਤੀ। ਬਦਲੇ ਵਿੱਚ ਸਰਕਾਰ-ਦਰਬਾਰ ਤੋਂ ਕੋਈ ਇਵਜ਼ਾਨਾ ਜਾਂ ਸੇਵਾਫ਼ਲ ਨਹੀਂ ਲਿਆ। ਅਗਰ ਇਸ ਬਦਲੇ ਕੋਈ ਇਵਜ਼ਾਨਾ ਮਿਲਦਾ ਵੀ ਸੀ ਤਾਂ ਗੁਰਦੁਆਰਾ ਸਾਹਿਬ ਦੀ ਸੇਵਾ ਵਿੱਚ ਪਾ ਦਿਆ ਕਰਦੇ ਸਨ। ਇਸ ਤਰਾਂ ਉਨਾਂ ਨੇ ਹਮੇਸ਼ਾ ਇੱਕ ਨਿਸ਼ਕਾਮ ਸੇਵਕ ਵਜੋਂ ਆਪਣੀ ਭੂਮਿਕਾ ਨਿਭਾਈ। ਉਨਾਂ ਨੇ ਉੱਚ-ਪਾਏ ਦੀ ਕਵਿਤਾ ਲਿਖੀ, ਉੱਚ-ਪਾਏ ਦਾ ਸਾਹਿਤ-ਚਿੰਤਨ ਕੀਤਾ, ਸਿੱਖ-ਇਤਿਹਾਸ ਸੰਬੰਧੀ ਖੋਜ-ਭਰਪੂਰ ਲੇਖ ਲਿਖੇ, ਰੇਖਾ-ਚਿੱਤਰ ਲਿਖੇ, ਸਮਾਜ ਦੇ ਆਮ ਵਰਤਾਰਿਆਂ ਸੰਬੰਧੀ ਮੁੱਲ-ਵਾਨ ਵਾਰਤਕ ਦੀ ਰਚਨਾ ਕੀਤੀ। ਉਹ ਕੁਲਵਕਤੀ ਲੇਖ ਸਨ ਅਤੇ ਉਨਾਂ ਦੇ 450 ਤੋਂ ਵੱਧ ਲੇਖ ਅਖ਼ਬਾਰਾਂ ਅਤੇ ਮੈਗ਼ਜੀਨਾਂ ਵਿੱਚ ਛਪੇ ਅਤੇ ਉਨਾਂ 350 ਤੋਂ ਵੀ ਵੱਧ ਕਵਿਤਾਵਾਂ ਦੀ ਰਚਨਾ ਕੀਤੀ। ਅਕਾਉਂਟੈਂਟ ਜਰਨਲ ਪੋਸਟ ਐਂਡ ਟੈਲੀਗ੍ਰਾਫ਼-ਸ਼ਿਮਲਾ ਵਿਭਾਗ ਵਿੱਚ ਉਨਾਂ ਨੌਕਰੀ ਕੀਤੀ। ਉਹ ਕਵੀ ਗੁਲਜਾਰ ਸ਼ਿਮਲਾ, ਲਿਟਰੇਰੀ ਕਾਊਂਸਲ ਸ਼ਿਮਲਾ, ਆਲ ਇੰਡੀਆ ਵਰਲਡ ਪੀਸ ਸ਼ਿਮਲਾ ਸੰਸਥਾਵਾਂ ਦੇ ਪ੍ਰਧਾਨ ਪ੍ਰਧਾਨ ਰਹੇ। ਕਵੀ ਮੰਡਲ ਸ਼ਿਮਲਾ ਦੇ ਮੀਤ ਪ੍ਰਧਾਨ, ਪੰਜਾਬੀ ਸਾਹਿਤ ਸਭਾ ਦਿੱਲੀ ਦੇ ਸਕੱਤਰ, ਕਵੀ ਸਭਾ ਦਿੱਲੀ ਅਤੇ ਸਿੱਖ ਬ੍ਰਦਰਜ਼ ਹੁੱਡ ਲਾਹੌਰ ਦੇ ਬਾਨੀ ਮੈਂਬਰ ਰਹੇ। ਉਨਾਂ ਨੇ ਸ਼੍ਰੀ ਗੁਰੂ ਸਿੰਘ ਸਭਾ, ਸ਼ਿਮਲਾ ਦੇ ਸਕੱਤਰ ਵਜੋਂ ਵੀ ਸੇਵਾ ਨਿਭਾਈ ਅਤੇ ਐੱਫ. ਸੀ. ਸਿੱਖ ਕੰਨਿਆ ਵਿਦਿਆਲਿਆ ਸ਼ਿਮਲਾ ਦੇ ਮੈਨੇਜਰ ਵੀ ਰਹੇ। ਦਿੱਲੀ, ਲਾਹੌਰ, ਨਾਗ਼ਪੁਰ, ਕਪੂਰਥਲਾ ਤੇ ਸ਼ਿਮਲਾ ਵਿੱਚ ਸਾਹਿਤ-ਸਭਾਵਾਂ ਦਾ ਗਠਨ ਕੀਤਾ। ਕਵੀ ਦਰਬਾਰਾਂ ਦਾ ਆਯੋਜਨ ਕੀਤਾ ਤੇ ਪੰਜਾਬੀ ਸਾਹਿਤ ਦੀ ਜੋਤ ਨੂੰ ਜਗਦਾ ਰੱਖਣ ਲਈ ਆਪਣੀ ਬਣਦੀ ਭੂਮਿਕਾ ਨਿਭਾਈ। ਰਣਜੀਤ ਸਿੰਘ 'ਖੜਗ' ਪੰਜਾਬੀ ਭਾਸ਼ਾ ਅਤੇ ਸਿੱਖ ਦਰਸ਼ਨ ਸੰਬੰਧੀ ਅੰਤਾਂ ਦਾ ਸਤਿਕਾਰ ਅਤੇ ਸ਼ਰਧਾ ਰੱਖਦੇ ਸਨ। ਉਨਾਂ ਨੇ ਸਿੱਖ ਫ਼ਿਲਾਸਫ਼ੀ ਨੂੰ ਪ੍ਰਤਿਬਿੰਬਤ ਕਰਦਿਆਂ ਸੈਂਕੜੇ ਕਵਿਤਾਵਾਂ ਲਿਖੀਆਂ ਜੋ ਆਪਣੀ ਮਿਸਾਲ ਆਪ ਹਨ।
1167, ਵਾਰਡ ਨੰ: 5, ਆਦਮਪੁਰ ਦੋਆਬਾ, ਜ਼ਿਲ੍ਹਾ ਜਲੰਧਰ-144102.
- ਹੋਰ ਲੇਖ ਉਪਲੱਭਧ ਨਹੀਂ ਹਨ