ਭੱਟਾਂ ਦੇ ਸਵੱਈਏ ਸਤਿਗੁਰੂ ਦੀ ਵਡਿਆਈ ਨਾਲ ਭਰਪੂਰ ਹਨ। ਇਨ੍ਹਾਂ ਤੋਂ ਗੁਰੂ ਸਾਹਿਬ ਦੀ ਪਵਿੱਤਰ ਸ਼ਖ਼ਸੀਅਤ ਦੇ ਮਹਾਨ ਗੁਣ ਉਜਾਗਰ ਹੁੰਦੇ ਹਨ। ਜਦ ਭੱਟ ਬਾਣੀਕਾਰਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿਚ ਆਪਣੀ ਬਾਣੀ ਗੁਰ-ਮਹਿਮਾ ਵਿਚ ਉਚਾਰ ਕੇ ਸੁਣਾਈ ਸੀ, ਉਸ ਸਮੇਂ ਸਤਿਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ) ਭਾਵੇਂ ਸਰੀਰਕ ਰੂਪ ’ਚ ਸਾਹਮਣੇ ਬਿਰਾਜਮਾਨ ਨਹੀਂ ਸਨ। ਪਰ ਇਨ੍ਹਾਂ ਭੱਟ ਬਾਣੀਕਾਰਾਂ ਨੇ ਜੋ ਸਵੱਈਏ ਉਚਾਰਨ ਕੀਤੇ, ਉਨ੍ਹਾਂ ਦਾ ਪਾਠ ਕਰਦਿਆਂ ਇਸ ਤਰ੍ਹਾਂ ਜਾਪਦਾ ਹੈ, ਜਿਵੇਂ ਸਤਿਗੁਰੂ ਸਾਹਿਬ ਸਾਹਮਣੇ ਪ੍ਰਤੱਖ ਬਿਰਾਜਮਾਨ ਹੋਣ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦਸਤਾਰਬੰਦੀ ਦੀ ਰਸਮ ਵੇਲੇ ਦੂਰੋਂ-ਦੂਰੋਂ ਸਿੱਖ ਸੰਗਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦੀਦਾਰ ਨੂੰ ਆਈਆਂ। ਉਨ੍ਹਾਂ ਦਿਨਾਂ ਵਿਚ ਭੱਟ ਵੀ ਸੰਗਤਾਂ ਦੇ ਨਾਲ ਗੋਇੰਦਵਾਲ ਆਏ। ਦੀਦਾਰ ਦੀ ਬਰਕਤ ਨਾਲ ਉਨ੍ਹਾਂ ਦਾ ਚਿੱਤ ਗੁਰੂ ਦੀ ਸਿਫ਼ਤ ਕਰਨ ਦੇ ਉਮਾਹ ਵਿਚ ਆਇਆ ਅਤੇ ਗੁਰੂ-ਉਪਮਾ ਵਿਚ ਉਨ੍ਹਾਂ ਇਹ ਸਵੱਈਏ ਉਚਾਰੇ ਜਿਨ੍ਹਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ (ਸ੍ਰੀ ਮੁਖਵਾਕ) ਸਵੱਈਆਂ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ। ਇਸ ਤੱਥ ਦੀ ਪ੍ਰੋੜ੍ਹਤਾ ਭੱਟ ਵਿਦਵਾਨਾਂ ਦੀ ਬਾਣੀ ਵਿੱਚੋਂ ਹੀ ਹੋ ਜਾਂਦੀ ਹੈ ਕਿ ਉਨ੍ਹਾਂ ਨੇ ਸਵੱਈਆਂ ਦੀ ਰਚਨਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਮਗਰੋਂ ਹੀ ਕੀਤੀ ਸੀ।
ਜਿਨ੍ਹਾਂ ਭੱਟ ਵਿਦਵਾਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੁਸ਼ੋਭਿਤ ਹੈ, ਉਨ੍ਹਾਂ ਦੇ ਨਾਮ ਇਹ ਹਨ-
1. ਕਲ ਸਹਾਰ (ਦੂਜੇ ਨਾਮ ਕਲ੍ਹ ਅਤੇ ਦਲ੍ਹ ਹਨ)। 2. ਜਾਲਪ (ਜਿਨ੍ਹਾਂ ਦਾ ਦੂਜਾ ਨਾਮ ਜਲ੍ਹ ਹੈ)। 3. ਕੀਰਤ 4. ਭਿਖਾ 5. ਸਲ੍ਹ 6. ਭਲ੍ਹ 7. ਨਲ੍ਹ 8 ਗਯੰਦ 9. ਮਥੁਰਾ 10. ਬਲ੍ਹ 11. ਹਰਿਬੰਸ।
ਕਲਸਹਾਰ ਇਨ੍ਹਾਂ ਦਾ ਜਥੇਦਾਰ ਸੀ। ਸਵੱਈਆਂ ਵਿਚ ਕੇਵਲ ‘ਗੁਰੂ’ ਦੀ ਵਡਿਆਈ ਕੀਤੀ ਗਈ ਹੈ। ਉਨ੍ਹਾਂ ਤੋਂ ‘ਗੁਰੂ’ ਦੀ ਉਪਮਾ ਸ਼ਿੱਦਤ ਨਾਲ ਕਰਨ ਲੱਗਿਆਂ ‘ਗੁਰ-ਵਿਅਕਤੀ’ ਦੀ ਉਪਮਾ ਹੋਣੀ ਕੁਦਰਤੀ ਗੱਲ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸਤਤਿ :
ਸਭ ਤੋਂ ਪਹਿਲਾਂ ਭੱਟ ਨਲ੍ਹ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸਤਤਿ ਵਿਚ ਉਚਾਰੇ 10 ਸਵੱਈਏ ਹਨ। ਭੱਟ ਨਲ੍ਹ ਨੇ ਸਵੱਈਆਂ ਦਾ ਅਰੰਭ ਕੀਤਾ ਹੈ, ਉਸ ਅਕਾਲ ਪੁਰਖ ਨੂੰ ਇਕਾਗਰ ਮਨ ਨਾਲ ਸਿਮਰ ਕੇ ਜੋ ਬਖਸ਼ਿਸ਼ਾਂ ਕਰਨ ਵਾਲਾ ਹੈ, ਜੋ ਸੰਤਾਂ ਦਾ ਆਸਰਾ ਹੈ ਅਤੇ ਜੋ ਹਾਜ਼ਰ-ਨਾਜ਼ਰ ਹੈ। ਭੱਟ ਨਲ੍ਹ ਉਚਾਰਦੇ ਹਨ ਕਿ ਮੈਂ ਉਸ (ਅਕਾਲ ਪੁਰਖ) ਦੇ ਚਰਨ ਆਪਣੇ ਹਿਰਦੇ ਵਿਚ ਟਿਕਾਉਂਦਾ ਹਾਂ ਅਤੇ (ਇਨ੍ਹਾਂ ਦੀ ਬਰਕਤਿ ਨਾਲ) ਪਰਮ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਣਾਂ ਨੂੰ ਗਾਉਂਦਾ ਹਾਂ:
ਇਕ ਮਨਿ ਪੁਰਖੁ ਧਿਆਇ ਬਰਦਾਤਾ॥
ਸੰਤ ਸਹਾਰੁ ਸਦਾ ਬਿਖਿਆਤਾ॥
ਤਾਸੁ ਚਰਨ ਲੇ ਰਿਦੈ ਬਸਾਵਉ॥
ਤਉ ਪਰਮ ਗੁਰੂ ਨਾਨਕ ਗੁਨ ਗਾਵਉ॥
ਗਾਵਉ ਗੁਨ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸਬਦ ਸਰੇ॥ (ਪੰਨਾ 1389)
ਮੈਂ ਉਸ ਪਰਮ-ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਉਂਦਾ ਹਾਂ, ਜੋ ਪਾਪਾਂ ਦੇ ਦੂਰ ਕਰਨ ਵਾਲੇ ਹਨ ਅਤੇ ਜੋ ਬਾਣੀ ਦੇ ਸੋਮੇ ਹਨ। ਕਲ੍ਹ ਭੱਟ ਜੀ ਆਖਦੇ ਹਨ ਕਿ ਮੈਂ ਉਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਹਣੇ ਗੁਣ ਗਾਉਂਦਾ ਹਾਂ ਜਿਨ੍ਹਾਂ ਨੇ ਰਾਜ ਤੇ ਜੋਗ ਮਾਣਿਆ ਹੈ ਭਾਵ ਜੋ ਗ੍ਰਿਹਸਤੀ ਭੀ ਹਨ ਤੇ ਨਾਲ ਹੀ ਮਾਇਆ ਤੋਂ ਉੱਪਰ ਹੋ ਕੇ ਹਰੀ ਦੇ ਨਾਲ ਜੁੜੇ ਹਨ:
ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥2॥ (ਪੰਨਾ 1389-90)
ਗੁਰੂ ਨਾਨਕ ਸਾਹਿਬ ਹਰੀ ਦੇ ਰਸ ਵਿਚ ਭਿੱਜੇ ਹੋਏ ਹਨ ਜੋ ਗੁਰੂ ਨਾਨਕ ਪਾਤਸ਼ਾਹ ਹਰ ਪ੍ਰਕਾਰ ਦੀ ਸੱਤਿਆ ਵਾਲੇ ਹਨ ਜਿਸ ਗੁਰੂ ਨਾਨਕ ਪਾਤਸ਼ਾਹ ਨੂੰ ਮਾਇਆ ਨਹੀਂ ਛਲ ਸਕੀ। ਸਭ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਣ ਗਾ ਰਹੇ ਹਨ। ਧੰਨ ਹੈ ਗੁਰੂ ਨਾਨਕ, ਗੁਰੂ ਨਾਨਕ ਧੰਨ ਹੈ ਗੁਰੂ ਨਾਨਕ! ਜਗਤ ਵਿਚ ਉਨ੍ਹਾਂ ਦਾ ਜਨਮ ਲੈਣਾ ਸਕਾਰਥਾ ਤੇ ਭਲਾ ਹੋਇਆ ਹੈ:
ਧੰਨਿ ਧੰਨਿ ਗੁਰੁ ਧੰਨਿ ਜਨਮੁ ਸਕਯਥੁ ਭਲੌ ਜਗਿ॥6॥ (ਪੰਨਾ 1390)
ਜਿਸ ਗੁਰੂ ਨਾਨਕ (ਸਾਹਿਬ) ਨੇ ਅਡੋਲ ਅਵਸਥਾ ਨੂੰ ਤੇ ਅਕਾਲ ਪੁਰਖ ਦੇ ਮਿਲਾਪ ਨੂੰ ਮਾਣਿਆ ਹੈ, ਜਿਸ ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆਂ ਵਿਚ ਹਾਜ਼ਰ-ਨਾਜ਼ਰ ਅਕਾਲ ਪੁਰਖ ਨੂੰ ਸਰਗੁਣ ਤੇ ਨਿਰਗੁਣ ਰੂਪਾਂ ਵਿਚ ਇੱਕੋ ਜਿਹਾ ਪਛਾਣਿਆ ਹੈ ਤੇ ਕਲ! ਉਸ ਗੁਰੂ ਨਾਨਕ ਪਾਤਸ਼ਾਹ ਦੇ ਸੁਹਣੇ ਗੁਣਾਂ ਨੂੰ ਯਾਦ ਕਰ:
ਬ੍ਰਹਮੰਡ ਖੰਡ ਪੂਰਨ ਬ੍ਰਹਮੁ ਗੁਣ ਨਿਰਗੁਣ ਸਮ ਜਾਣਿਓ॥
ਜਪੁ ਕਲ ਸੁਜਸੁ ਨਾਨਕ ਗੁਰ ਸਹਜੁ ਜੋਗੁ ਜਿਨਿ ਮਾਣਿਓ॥9॥ (ਪੰਨਾ 1390)
ਸਾਰੇ ਰਿਸ਼ੀਆਂ-ਮੁਨੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੱਸ ਗਾਇਆ ਹੈ। ਹੇ ਕੱਲ੍ਹ ਕਵੀ! ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੁਹਣੀ ਸੋਭਾ ਸੁਤੇ-ਸਿੱਧ ਹੀ ਹਰੇਕ ਪ੍ਰਾਣੀ-ਮਾਤਰ ਦੇ ਹਿਰਦੇ ਵਿਚ ਟਿਕੀ ਹੋਈ ਹੈ:
ਕਬਿ ਕਲ ਸੁਜਸੁ ਨਾਨਕ ਗੁਰ ਘਟਿ ਘਟਿ ਸਹਜਿ ਸਮਾਇਓ॥10॥ (ਪੰਨਾ 1390)
ਸ੍ਰੀ ਗੁਰੂ ਅੰਗਦ ਦੇਵ ਜੀ ਦੀ ਉਸਤਤਿ :
‘ਸਵੱਈਏ ਮਹਲੇ ਦੂਜੇ ਕੇ 2’ ਦਾ ਕਰਤਾ ਭੱਟ ‘ਕਲਸਹਾਰ’ ਹੈ ਜਿਸ ਦੇ ਦੂਜੇ ਨਾਮ ਕਲ੍ਹ ਅਤੇ ਦਲ੍ਹ ਹਨ, ਜਿਸ ਨੇ 15 ਸਵੱਈਏ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਉਸਤਤਿ ਵਿਚ ਉਚਾਰੇ ਹਨ। ਭੱਟ ਕਲਸਹਾਰ ਜੀ ਉਚਾਰਦੇ ਹਨ ਕਿ ਧੰਨ ਹੈ, ਉਹ ਕਰਤਾਰ, ਸਰਬ-ਵਿਆਪਕ ਹਰੀ ਜੋ ਇਸ ਸ੍ਰਿਸ਼ਟੀ ਦਾ ਮੂਲ ਕਾਰਨ ਹੈ, ਸਿਰਜਣਹਾਰਾ ਹੈ ਤੇ ਸਮਰੱਥਾ ਵਾਲਾ ਹੈ। ਧੰਨ ਹਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮੱਥੇ ’ਤੇ ਹੱਥ ਰੱਖਿਆ ਹੈ:
ਸੋਈ ਪੁਰਖੁ ਧੰਨੁ ਕਰਤਾ ਕਾਰਣ ਕਰਤਾਰੁ ਕਰਣ ਸਮਰਥੋ॥
ਸਤਿਗੁਰੂ ਧੰਨੁ ਨਾਨਕੁ ਮਸਤਕਿ ਤੁਮ ਧਰਿਓ ਜਿਨਿ ਹਥੋ॥
ਤ ਧਰਿਓ ਮਸਤਕਿ ਹਥੁ ਸਹਜਿ ਅਮਿਉ ਵੁਠਉ ਛਜਿ ਸੁਰਿ ਨਰ ਗਣ ਮੁਨਿ ਬੋਹਿਯ ਅਗਾਜਿ॥
ਮਾਰਿਓ ਕੰਟਕੁ ਕਾਲੁ ਗਰਜਿ ਧਾਵਤੁ ਲੀਓ ਬਰਜਿ ਪੰਚ ਭੂਤ ਏਕ ਘਰਿ ਰਾਖਿ ਲੇ ਸਮਜਿ॥
ਜਗੁ ਜੀਤਉ ਗੁਰ ਦੁਆਰਿ ਖੇਲਹਿ ਸਮਤ ਸਾਰਿ ਰਥੁ ਉਨਮਨਿ ਲਿਵ ਰਾਖਿ ਨਿਰੰਕਾਰਿ॥
ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ॥1॥ (ਪੰਨਾ 1391)
ਅਕਾਲ ਪੁਰਖ ਦਾ ਨਾਮ (ਸਾਰੇ ਰੋਗਾਂ ਦੀ) ਦਵਾਈ ਹੈ। ਨਾਮ (ਸਭ ਦਾ) ਆਸਰਾ ਹੈ ਅਤੇ ਨਾਮ ਹੀ ਸਮਾਧੀ ਵਾਲਾ ਅਨੰਦ ਹੈ। ਅਕਾਲ ਪੁਰਖ ਦੇ ਨਾਮ ਦਾ ਝੰਡਾ ਸਦਾ ਸੋਭ ਰਿਹਾ ਹੈ। ਹੇ ਕਲਸਹਾਰ। ਹਰਿਨਾਮ ਦੀ ਬਰਕਤ ਨਾਲ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਪ੍ਰਭੂ-ਰੰਗ ਵਿਚ ਰੱਤੇ ਹੋਏ ਹਨ। ਇਹ ਨਾਮ ਦੇਵਤਿਆਂ ਤੇ ਮਨੁੱਖਾਂ ਨੂੰ ਸੁਗੰਧਿਤ ਕਰ ਰਿਹਾ ਹੈ। ਜਿਸ ਪੁਰਖ ਨੇ ਨਾਮ ਦੀ ਛੋਹ (ਸ੍ਰੀ ਗੁਰੂ ਅੰਗਦ ਦੇਵ ਜੀ ਤੋਂ) ਪ੍ਰਾਪਤ ਕੀਤੀ ਹੈ ਉਸ ਦਾ ਸਤ-ਧਰਮ ਰੂਪ ਸੂਰਜ ਸੰਸਾਰ ਵਿਚ ਚਮਕ ਪਿਆ ਹੈ। ਸਤਿਗੁਰੂ (ਸ੍ਰੀ ਗੁਰੂ ਅੰਗਦ ਦੇਵ ਜੀ) ਦਾ ਦਰਸ਼ਨ ਕਰਨ ਨਾਲ ਅਠਾਹਠ ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ। ਅਰਥਾਤ ਤੀਰਥ ਇਸ਼ਨਾਨ ਕਰਨ ਦੀ ਲੋੜ ਨਹੀਂ ਰਹਿ ਜਾਂਦੀ:
ਦਰਸਨਿ ਪਰਸਿਐ ਗੁਰੂ ਕੈ ਅਠਸਠਿ ਮਜਨੁ ਹੋਇ॥8॥ (ਪੰਨਾ 1392)
ਭੱਟ ਕਲਸਹਾਰ ਕਹਿੰਦੇ ਹਨ ਕਿ ਐਸੇ ਗੁਰੂ (ਸ੍ਰੀ ਗੁਰੂ ਅੰਗਦ ਦੇਵ ਜੀ) ਨੂੰ ਦਿਨ-ਰਾਤ ਆਤਮਿਕ-ਅਡੋਲਤਾ ਅਤੇ ਪ੍ਰੇਮ ਵਿਚ ਟਿਕ ਕੇ ਸੇਵਨਾ ਚਾਹੀਦਾ ਹੈ। ਐਸੇ ਸਤਿਗੁਰੂ ਦੇ ਦਰਸ਼ਨ ਕੀਤਿਆਂ ਜਨਮ-ਮਰਨ ਦਾ ਦੁੱਖ ਕੱਟਿਆ ਜਾਂਦਾ ਹੈ:
ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ॥
ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ॥10॥ (ਪੰਨਾ 1392)
ਸ੍ਰੀ ਗੁਰੂ ਅਮਰਦਾਸ ਜੀ ਦੀ ਉਸਤਤਿ :
ਭੱਟ ‘ਕਲਸਹਾਰ’ (ਕਲ੍ਹ) ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ 9 ਸਵੱਈਏ ਉਚਾਰੇ ਹਨ। ਭੱਟ ਕਲਸਹਾਰ ਜੀ ਕਹਿੰਦੇ ਹਨ ਕਿ ਸਦਾ ਥਿਰ ਅਕਾਲ ਪੁਰਖ ਨੂੰ ਸਿਮਰੋ, ਜਿਸ ਦਾ ਇਕ ਨਾਮ ਸੰਸਾਰ ਵਿਚ ਅਟੱਲ ਹੈ, ਜਿਸ ਨਾਮ ਨੇ ਭਗਤ ਸਾਹਿਬਾਨ ਨੂੰ ਸੰਸਾਰ-ਸਾਗਰ ਤੋਂ ਪਾਰ ਉਤਾਰਿਆ ਹੈ। ਉਸੇ ਨਾਮ ਵਿਚ (ਸ੍ਰੀ ਗੁਰੂ ਨਾਨਕ ਦੇਵ ਜੀ) ਅਨੰਦ ਲੈ ਰਹੇ ਹਨ। ਉਸੇ ਨਾਮ ਦੁਆਰਾ ਲਹਿਣਾ ਜੀ ਟਿਕ ਗਏ ਜਿਸ ਕਰਕੇ ਸਾਰੀਆਂ ਰੂਹਾਨੀ ਸ਼ਕਤੀਆਂ ਉਨ੍ਹਾਂ ਨੂੰ ਪ੍ਰਾਪਤ ਹੋਈਆਂ। ਹੇ ਕਲ੍ਹ ਕਵੀ! ਉਸੇ ਦੀ ਬਰਕਤ ਨਾਲ ਉੱਚੀ ਬੁੱਧੀ ਵਾਲੇ ਸ੍ਰੀ ਗੁਰੂ ਅਮਰਦਾਸ ਜੀ ਦੀ ਸੋਭਾ ਲੋਕਾਂ ਵਿਚ ਪਸਰ ਰਹੀ ਹੈ। ਜਿਹੜਾ ਹਰੀ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਚਾਰ ਕੇ ਵਰਤਾਇਆ ਤੇ ਸੰਸਾਰੀ ਜੀਵਾਂ ਦੀ ਬਿਰਤੀ ਸੰਸਾਰ ਵੱਲੋਂ ਬੇਪਰਵਾਹ ਕਰ ਦਿੱਤੀ ਉਹੀ ਅਟੱਲ ਨਾਮ, ਉਹੀ ਭਗਤ ਸਾਹਿਬਾਨ ਨੂੰ ਸੰਸਾਰ ਤੋਂ ਪਾਰ ਉਤਾਰਨ ਵਾਲਾ ਨਾਮ ਸ੍ਰੀ ਗੁਰੂ ਅਮਰਦਾਸ ਜੀ ਦੇ ਹਿਰਦੇ ਵਿਚ ਪ੍ਰਗਟ ਹੋਇਆ:
ਕੀਰਤਿ ਰਵਿ ਕਿਰਣਿ ਪ੍ਰਗਟਿ ਸੰਸਾਰਹ ਸਾਖ ਤਰੋਵਰ ਮਵਲਸਰਾ॥
ਉਤਰਿ ਦਖਿਣਹਿ ਪੁਬਿ ਅਰੁ ਪਸçਮਿ ਜੈ ਜੈ ਕਾਰੁ ਜਪੰਥਿ ਨਰਾ॥
ਹਰਿ ਨਾਮੁ ਰਸਨਿ ਗੁਰਮੁਖਿ ਬਰਦਾਯਉ ਉਲਟਿ ਗੰਗ ਪਸçਮਿ ਧਰੀਆ॥
ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ॥1॥ (ਪੰਨਾ 1392-93)
ਉਸੇ ਨਾਮ ਵਿਚ ਲੱਗ ਕੇ ਗੰਭੀਰ ਤੇ ਉੱਚੀ ਮਤਿ ਵਾਲੇ ਸਤਿਗੁਰੂ ਦੀ ਰਾਹੀਂ ਪੂਰਨ ਸ਼ਰਧਾ ਦਾ ਸਦਕਾ ਸੰਗਤ ਤਰ ਰਹੀ ਹੈ, ਉਹੀ ਅਛਲ ਨਾਮ ਤੇ ਭਗਤ-ਜਨਾਂ ਨੂੰ ਸੰਸਾਰ-ਸਾਗਰ ਤੋਂ ਤਾਰਨ ਵਾਲਾ ਨਾਮ ਸ੍ਰੀ ਗੁਰੂ ਅਮਰਦਾਸ ਜੀ ਦੇ ਹਿਰਦੇ ਵਿਚ ਪ੍ਰਗਟ ਹੋਇਆ:
ਤਿਤੁ ਨਾਮਿ ਗੁਰੂ ਗੰਭੀਰ ਗਰੂਅ ਮਤਿ ਸਤ ਕਰਿ ਸੰਗਤਿ ਉਧਰੀਆ॥
ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ॥4॥ (ਪੰਨਾ 1393)
ਸਾਰੇ ਪਦਾਰਥਾਂ ਵਿੱਚੋਂ ਸਰਬ-ਵਿਆਪਕ ਹਰੀ ਦਾ ਨਾਮ ਪਦਾਰਥ ਉੱਤਮ ਹੈ।ਭਗਤ-ਜਨ ਇਸ ਨਾਮ ਵਿਚ ਹੀ ਬਿਰਤੀ ਜੋੜ ਕੇ ਟਿਕ ਰਹੇ ਹਨ। ਹੇ ਗੁਰੂ ਅਮਰਦਾਸ ਜੀ! ਉਹੀ ਪਦਾਰਥ ਕਰਤਾਰ ਨੇ ਪ੍ਰਸੰਨ ਹੋ ਕੇ ਆਪ ਜੀ ਨੂੰ ਦਿੱਤਾ ਹੈ:
ਨਾਮੁ ਸਿਰੋਮਣਿ ਸਰਬ ਮੈ ਭਗਤ ਰਹੇ ਲਿਵ ਧਾਰਿ॥
ਸੋਈ ਨਾਮੁ ਪਦਾਰਥੁ ਅਮਰ ਗੁਰ ਤੁਸਿ ਦੀਓ ਕਰਤਾਰਿ॥6॥ (ਪੰਨਾ 1393)
ਸ੍ਰੀ ਗੁਰੂ ਅਮਰਦਾਸ ਜੀ ਦੇ ਸੱਜੇ ਹੱਥ ਵਿਚ ਪਦਮ ਹੈ। ਇਕ ਰੂਹਾਨੀ ਸ਼ਕਤੀ ਉਨ੍ਹਾਂ ਦੇ ਮੂੰਹ ਨੂੰ ਸਾਹਮਣੇ ਹੋ ਕੇ ਤੱਕ ਰਹੀ ਹੈ। ਆਪ ਦੇ ਖੱਬੇ ਅੰਗ ਵਿਚ ਦੂਜੀ ਰੂਹਾਨੀ ਸ਼ਕਤੀ ਵੱਸ ਰਹੀ ਹੈ ਜੋ ਤਿੰਨਾਂ ਲੋਕਾਂ ਨੂੰ ਮੋਂਹਦੀ ਹੈ। ਸ੍ਰੀ ਗੁਰੂ ਅਮਰਦਾਸ ਜੀ ਦੇ ਹਿਰਦੇ ਵਿਚ ਅਕੱਥ ਹਰੀ ਵੱਸ ਰਿਹਾ ਹੈ। ਇਸ ਆਨੰਦ ਨੂੰ ਗੁਰੂ ਅਮਰਦਾਸ ਜੀ ਨੇ ਆਪ ਜਾਣਿਆ ਹੈ। ਇਸ ਰੰਗ ਵਿਚ ਰੱਤੇ ਹੋਏ ਗੁਰੂ ਅਮਰਦਾਸ (ਜੀ) ਆਪਣੇ ਮੁਖ ਤੋਂ ਅਕਾਲ ਪੁਰਖ ਦੀ ਭਗਤੀ ਉਚਾਰ ਰਹੇ ਹਨ। ਸ੍ਰੀ ਗੁਰੂ ਅਮਰਦਾਸ ਜੀ ਦੇ ਮੱਥੇ ਉੱਤੇ ਪਰਮਾਤਮਾ ਦੀ ਸੱਚੀ ਬਖਸ਼ਿਸ਼ ਦਾ ਨਿਸ਼ਾਨ ਹੈ। ਭੱਟ ਕਲ੍ਹ ਜੀ ਕਹਿੰਦੇ ਹਨ ਕਿ ਹੱਥ ਜੋੜ ਕੇ ਇਸ ਸਤਿਗੁਰੂ ਨੂੰ ਜਿਸ ਮਨੁੱਖ ਨੇ ਧਿਆਇਆ ਹੈ ਤੇ ਪਰਸਿਆ ਹੈ ਉਸ ਨੇ ਆਪਣੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰ ਲਈਆਂ ਹਨ:
ਬਾਰਿਜੁ ਕਰਿ ਦਾਹਿਣੈ ਸਿਧਿ ਸਨਮੁਖ ਮੁਖੁ ਜੋਵੈ॥
ਰਿਧਿ ਬਸੈ ਬਾਂਵਾਂਗਿ ਜੁ ਤੀਨਿ ਲੋਕਾਂਤਰ ਮੋਹੈ॥
ਰਿਦੈ ਬਸੈ ਅਕਹੀਉ ਸੋਇ ਰਸੁ ਤਿਨ ਹੀ ਜਾਤਉ॥
ਮੁਖਹੁ ਭਗਤਿ ਉਚਰੈ ਅਮਰੁ ਗੁਰੁ ਇਤੁ ਰੰਗਿ ਰਾਤਉ॥
ਮਸਤਕਿ ਨੀਸਾਣੁ ਸਚਉ ਕਰਮੁ ਕਲ੍ਹ ਜੋੜਿ ਕਰ ਧ੍ਹਾਇਅਉ॥
ਪਰਸਿਅਉ ਗੁਰੂ ਸਤਿਗੁਰ ਤਿਲਕੁ ਸਰਬ ਇਛ ਤਿਨਿ ਪਾਇਅਉ॥9॥ (ਪੰਨਾ 1394)
ਭੱਟ ਜਾਲਪ ਜੀ ਨੇ ਜੋ ਪੰਜ ਸਵੱਈਏ ਉਚਾਰੇ ਹਨ ਉਨ੍ਹਾਂ ਵਿਚ ਉਹ ਦੱਸਦੇ ਹਨ ਕਿ ਉਹੀ ਚਰਨ ਸਕਾਰਥ ਹਨ ਜੋ ਚਰਨ ਸ੍ਰੀ ਗੁਰੂ ਅਮਰਦਾਸ ਜੀ ਦੇ ਰਾਹ ਉੱਤੇ ਤੁਰਦੇ ਹਨ। ਉਹੀ ਹੱਥ ਸਫ਼ਲੇ ਹਨ ਜੋ ਹੱਥ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ’ਤੇ ਲੱਗਦੇ ਹਨ। ਉਹੀ ਜੀਭ ਸਕਾਰਥੀ ਹੈ ਜੋ ਗੁਰੂ ਅਮਰਦਾਸ ਜੀ ਨੂੰ ਸਲਾਹੁੰਦੀ ਹੈ। ਉਹੀ ਅੱਖਾਂ ਸਫ਼ਲ ਹਨ ਜਿਨ੍ਹਾਂ ਅੱਖਾਂ ਨਾਲ ਸ੍ਰੀ ਗੁਰੂ ਅਮਰਦਾਸ ਜੀ ਨੂੰ ਵੇਖੀਏ। ਉਹੀ ਕੰਨ ਸਫ਼ਲ ਹਨ ਜਿਨ੍ਹਾਂ ਕੰਨਾਂ ਨਾਲ ਸ੍ਰੀ ਗੁਰੂ ਅਮਰਦਾਸ ਜੀ ਦੀ ਸੋਭਾ ਸੁਣੀ ਜਾਂਦੀ ਹੈ। ਉਹੀ ਹਿਰਦਾ ਸਕਾਰਥਾ ਹੈ ਜਿਸ ਹਿਰਦੇ ਵਿਚ ਜਗਤ ਦਾ ਪਿਤਾ ਪਿਆਰਾ ਅਮਰਦਾਸ ਜੀ ਵੱਸਦਾ ਹੈ। ਜਾਲਪ ਜੀ ਆਖਦੇ ਹਨ, ਉਹੀ ਸਿਰ ਸਫ਼ਲ ਹੈ ਜੋ ਸਿਰ ਸਦਾ ਗੁਰੂ ਅਮਰਦਾਸ ਜੀ ਅੱਗੇ ਨਿਉਂਦਾ ਹੈ:
ਚਰਣ ਤ ਪਰ ਸਕਯਥ ਚਰਣ ਗੁਰ ਅਮਰ ਪਵਲਿ ਰਯ॥
ਹਥ ਤ ਪਰ ਸਕਯਥ ਹਥ ਲਗਹਿ ਗੁਰ ਅਮਰ ਪਯ॥
ਜੀਹ ਤ ਪਰ ਸਕਯਥ ਜੀਹ ਗੁਰ ਅਮਰੁ ਭਣਿਜੈ॥
ਨੈਣ ਤ ਪਰ ਸਕਯਥ ਨਯਣਿ ਗੁਰੁ ਅਮਰੁ ਪਿਖਿਜੈ॥
ਸ੍ਰਵਣ ਤ ਪਰ ਸਕਯਥ ਸ੍ਰਵਣਿ ਗੁਰੁ ਅਮਰੁ ਸੁਣਿਜੈ॥
ਸਕਯਥੁ ਸੁ ਹੀਉ ਜਿਤੁ ਹੀਅ ਬਸੈ ਗੁਰ ਅਮਰਦਾਸੁ ਨਿਜ ਜਗਤ ਪਿਤ॥
ਸਕਯਥੁ ਸੁ ਸਿਰੁ ਜਾਲਪੁ ਭਣੈ ਜੁ ਸਿਰੁ ਨਿਵੈ ਗੁਰ ਅਮਰ ਨਿਤ॥1॥10॥ (ਪੰਨਾ 1394)
ਸ੍ਰੀ ਗੁਰੂ ਅਮਰਦਾਸ ਅਕਾਲ ਪੁਰਖ ਦੇ ਪਿਆਰੇ ਭਗਤ ਹਨ ਮੈਂ ਉਨ੍ਹਾਂ ਦਾ ਦਰਸ਼ਨ ਦੇਖ ਕੇ ਵਿਕਾਰਾਂ ਤੋਂ ਖਲਾਸੀ ਹਾਸਲ ਕਰਦਾ ਹਾਂ:
ਗੁਰੁ ਅਮਰਦਾਸੁ ਨਿਜ ਭਗਤੁ ਹੈ ਦੇਖਿ ਦਰਸੁ ਪਾਵਉ ਮੁਕਤਿ॥4॥13॥ (ਪੰਨਾ 1394)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਦਾ ਨਾਮ ਜੋ ਸਦਾ ਚਿਰ ਰਹਿਣ ਵਾਲਾ ਹੈ ਪੱਕੇ ਤੌਰ ’ਤੇ ਗ੍ਰਹਿਣ ਕੀਤਾ। ਉਨ੍ਹਾਂ ਤੋਂ ਲਹਿਣਾ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਹੋ ਕੇ ਪ੍ਰਗਟ ਹੋਏ ਅਤੇ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿਚ ਅਪਣੀ ਬਿਰਤੀ ਲਾ ਰੱਖੀ। ਉਸ ਕੁਲ ਵਿਚ ਸ੍ਰੀ ਗੁਰੂ ਅਮਰਦਾਸ ਜੀ ਆਸਾਂ ਪੂਰਨ ਕਰਨ ਵਾਲੇ ਪ੍ਰਗਟ ਹੋਏ। ਮੈਂ ਉਨ੍ਹਾਂ ਦੇ ਕਿਹੜੇ ਗੁਣ ਦੱਸਾਂ? ਉਹ ਗੁਣ ਅਲੱਖ ਤੇ ਅਗੰਮ ਹਨ। ਮੈਂ ਉਨ੍ਹਾਂ ਗੁਣਾਂ ਦਾ ਅੰਤ ਨਹੀਂ ਜਾਣਦਾ:
ਸਚੁ ਨਾਮੁ ਕਰਤਾਰੁ ਸੁ ਦ੍ਰਿੜੁ ਨਾਨਕਿ ਸੰਗ੍ਰਹਿਅਉ॥
ਤਾ ਤੇ ਅੰਗਦੁ ਲਹਣਾ ਪ੍ਰਗਟਿ ਤਾਸੁ ਚਰਣਹ ਲਿਵ ਰਹਿਅਉ॥
ਤਿਤੁ ਕੁਲਿ ਗੁਰ ਅਮਰਦਾਸੁ ਆਸਾ ਨਿਵਾਸੁ ਤਾਸੁ ਗੁਣ ਕਵਣ ਵਖਾਣਉ॥
ਜੋ ਗੁਣ ਅਲਖ ਅਗੰਮ ਤਿਨਹ ਗੁਣ ਅੰਤੁ ਨ ਜਾਣਉ॥1॥15॥ (ਪੰਨਾ 1395)
ਭੱਟ ਕੀਰਤ ਜੀ ਉਚਾਰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕੁਲ ਵਿਚ ਗੁਰੂ ਅਮਰਦਾਸ (ਜੀ) ਨਿਰਮਲ ਅਵਤਾਰ ਹੋਏ ਹਨ ਜੋ ਕਰਤਾਰ ਦੇ ਗੁਣਾਂ ਨੂੰ ਉਚਾਰਦੇ ਹਨ। ਜਿਹੜੇ ਮਨੁੱਖ ਸ੍ਰੀ ਗੁਰੂ ਅਮਰਦਾਸ ਜੀ ਨੂੰ ਸੇਂਵਦੇ ਹਨ ਉਨ੍ਹਾਂ ਦੇ ਦੁੱਖ ਤੇ ਦਲਿੱਦਰ ਦੂਰ ਹੋ ਜਾਂਦੇ ਹਨ:
ਨਾਨਕ ਕੁਲਿ ਨਿੰਮਲੁ ਅਵਤਰ੍ਹਿਉ ਗੁਣ ਕਰਤਾਰੈ ਉਚਰੈ॥
ਗੁਰੁ ਅਮਰਦਾਸੁ ਜਿਨ੍ ਸੇਵਿਅਉ ਤਿਨ੍ ਦੁਖੁ ਦਰਿਦ੍ਰੁ ਪਰਹਰਿ ਪਰੈ॥3॥17॥ (ਪੰਨਾ 1395)
ਭੱਟ ਭਿਖਾ ਜੀ ਜਿਨ੍ਹਾਂ ਨੇ ਦੋ ਸਵੱਈਏ ਉਚਾਰੇ ਹਨ ਕਹਿੰਦੇ ਹਨ : ਮੈਂ ਇਕ ਸਾਲ ਫਿਰਦਾ ਰਿਹਾ ਹਾਂ, ਭਟਕਦਾ ਰਿਹਾ ਹਾਂ। ਮੈਂ ਸੰਤਾਂ ਨੂੰ ਟੋਲਦਾ-ਟੋਲਦਾ ਥੱਕ ਗਿਆ ਹਾਂ। ਕਈ ਸਾਧ ਭੀ ਦੇਖੇ ਹਨ। ਕਈ ਤਪੱਸਵੀ ਤੇ ਕਈ ਮੂੰਹੋਂ-ਮਿੱਠੇ ਪੰਡਿਤ ਭੀ ਦੇਖੇ ਹਨ। ਕਿਸੇ ਨੇ ਮੇਰੀ ਨਿਸ਼ਾ ਨਹੀਂ ਕੀਤੀ। ਸਾਰੇ ਮੂੰਹੋਂ ਆਖਦੇ ਹੀ ਆਖਦੇ ਹਨ ਭਾਵ ਹੋਰਨਾਂ ਨੂੰ ਉਪਦੇਸ਼ ਕਰਦੇ ਹੀ ਸੁਣੇ ਹਨ ਪਰ ਕਿਸੇ ਦੀ ਰਹਿਤ ਦੇਖ ਕੇ ਮੈਨੂੰ ਅਨੰਦ ਨਹੀਂ ਆਇਆ:
ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ॥
ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ॥ 2॥20॥ (ਪੰਨਾ 1395-96)
ਭੱਟ ਸੱਲ ਜੀ ਨੇ ਆਪਣੇ ਇਕ ਸਵੱਈਏ ਵਿਚ ਕਿਹਾ ਹੈ: ਤੇਜ ਭਾਨ ਦੇ ਪੁਤ, ਹੇ ਗੁਰੂ ਅਮਰਦਾਸ! ਤੂੰ ਆਪਣੀ ਕੁਲ ਵਿਚੋਂ ਸ਼੍ਰੋਮਣੀ ਹੈਂ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਰ ਨਾਲ ਰਾਜਿਆਂ ਦਾ ਰਾਜਾ ਹੈਂ। ਭੱਟ ਸੱਲ ਜੀ ਕਹਿੰਦੇ ਹਨ: ਹੇ ਗੁਰੂ ਅਮਰਦਾਸ ਜੀ! ਆਪ ਜੀ ਨੇ ਇਸ ਤਰ੍ਹਾਂ ਯੁੱਧ ਕਰਕੇ ਵਿਕਾਰਾਂ ਦਾ ਦਲ ਜਿੱਤਿਆ ਹੈ:
ਗੁਰ ਅਮਰਦਾਸ ਸਚੁ ਸਲ੍ਹ ਭਣਿ ਤੈ ਦਲੁ ਜਿਤਉ ਇਵ ਜੁਧੁ ਕਰਿ॥1॥21॥ (ਪੰਨਾ 1396)
ਗੁਰੂ ਅਮਰਦਾਸ ਜੀ ਦੇ ਗੁਣ ਵਰਣਨ ਨਹੀਂ ਹੋ ਸਕਦੇ:
ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ॥1॥22॥ (ਪੰਨਾ 1396)
ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤਿ :
ਹੇ ਸਤਿਗੁਰੂ! ਮੈਂ ਦਾਸ ਦੀ ਆਸ ਪੂਰੀ ਕਰ ਕਿ ਮੈਂ ਇਕਾਗਰ ਮਨ ਹੋ ਕੇ ਮਾਇਆ ਤੋਂ ਰਹਿਤ ਅਕਾਲ ਪੁਰਖ ਨੂੰ ਸਿਮਰਾਂ। ਗੁਰੂ ਜੀ ਦੀ ਕਿਰਪਾ ਨਾਲ ਸਦਾ ਹਰੀ ਦੇ ਗੁਣ ਗਾਵਾਂ ਅਤੇ ਗੁਣ ਗਾਂਦਿਆਂ-ਗਾਂਦਿਆਂ ਮੇਰੇ ਮਨ ਵਿਚ ਖਿੜਾਉ ਪੈਦਾ ਹੋਵੇ। ਗੁਰੂ ਰਾਮਦਾਸ ਜੀ ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਨੂੰ ਸੇਵ ਕੇ ਉੱਚੀ ਪਦਵੀ ਪਾਈ ਹੈ ਅਤੇ ਅਬਿਨਾਸੀ ਅਤੇ ਅਦ੍ਰਿਸ਼ਟ ਹਰੀ ਨੂੰ ਸਿਮਰਿਆ ਹੈ ਉਨ੍ਹਾਂ ਗੁਰੂ ਰਾਮਦਾਸ ਦੀ ਚਰਨੀਂ ਲੱਗਿਆਂ ਦਲਿੱਦਰ ਨਹੀਂ ਚੰਬੜਦਾ। ਭੱਟ ਕਲਸਹਾਰ ਉਸ ਗੁਰੂ ਰਾਮਦਾਸ ਜੀ ਦੇ ਗੁਣ ਗਾਉਂਦੇ ਹਨ:
ਇਕ ਮਨਿ ਪੁਰਖੁ ਨਿਰੰਜਨੁ ਧਿਆਵਉ॥
ਗੁਰ ਪ੍ਰਸਾਦਿ ਹਰਿ ਗੁਣ ਸਦ ਗਾਵਉ॥
ਗੁਨ ਗਾਵਤ ਮਨਿ ਹੋਇ ਬਿਗਾਸਾ॥
ਸਤਿਗੁਰ ਪੂਰਿ ਜਨਹ ਕੀ ਆਸਾ॥
ਸਤਿਗੁਰੁ ਸੇਵਿ ਪਰਮ ਪਦੁ ਪਾਯਉ॥
ਅਬਿਨਾਸੀ ਅਬਿਗਤੁ ਧਿਆਯਉ॥
ਤਿਸੁ ਭੇਟੇ ਦਾਰਿਦ੍ਰੁ ਨ ਚੰਪੈ॥
ਕਲ੍ਹ ਸਹਾਰੁ ਤਾਸੁ ਗੁਣ ਜੰਪੈ॥1॥ (ਪੰਨਾ 1396)
ਮੈਂ ਉਸ ਸ੍ਰੇਸ਼ਟ-ਜਨ (ਸ੍ਰੀ ਗੁਰੂ ਰਾਮਦਾਸ ਜੀ) ਦੇ ਨਿਰਮਲ ਗੁਣ ਗਾਂਦਾ ਹਾਂ ਜਿਨ੍ਹਾਂ ਨੂੰ ਆਤਮਿਕ ਜੀਵਨ ਦੇਣ ਵਾਲਾ ਨਾਮ ਅਨੁਭਵ ਹੋਇਆ ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਸੇਵ ਕੇ ਸ਼ਬਦ ਦਾ ਆਨੰਦ ਪ੍ਰਾਪਤ ਕੀਤਾ ਹੈ ਤੇ ਨਿਰੰਜਨ ਦਾ ਨਾਮ ਹਿਰਦੇ ਵਿਚ ਟਿਕਾਇਆ ਹੈ। ਕਲਸਹਾਰ ਕਵੀ ਕਹਿੰਦੇ ਹਨ ਕਿ ਠਾਕੁਰ ਹਰਿਦਾਸ ਜੀ ਦੇ ਸਪੁੱਤਰ ਗੁਰੂ ਰਾਮਦਾਸ ਜੀ (ਹਿਰਦੇ ਰੂਪੀ) ਖਾਲੀ ਸਰੋਵਰਾਂ ਨੂੰ (ਨਾਮ ਜਲ) ਭਰਨ ਵਾਲੇ ਹਨ। ਗੁਰੂ ਰਾਮਦਾਸ ਜੀ ਅਕਾਲ ਪੁਰਖ ਦੇ ਨਾਮ ਦੇ ਰਸੀਆ ਹਨ, ਗੋਬਿੰਦ ਦੇ ਗੁਣਾਂ ਦੇ ਗਾਹਕ ਹਨ, ਅਕਾਲ ਪੁਰਖ ਨਾਲ ਪਿਆਰ ਕਰਨ ਵਾਲੇ ਹਨ ਅਤੇ ਸਮ-ਦ੍ਰਿਸ਼ਟਤਾ ਦੇ ਸਰੋਵਰ ਹਨ:
ਹਰਿ ਨਾਮ ਰਸਿਕੁ ਗੋਬਿੰਦ ਗੁਣ ਗਾਹਕੁ ਚਾਹਕੁ ਤਤ ਸਮਤ ਸਰੇ॥
ਕਵਿ ਕਲ੍ਹ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ॥1॥ (ਪੰਨਾ 1396)
ਭੱਟ ਨਲ੍ਹ ਜੀ ਉਚਾਰਦੇ ਹਨ ਮੈਂ ਸੱਚੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਤੋਂ ਸਦਕੇ ਜਾਂਦਾ ਹਾਂ। ਮੈਂ ਕਿਹੜੀ ਉਪਮਾ ਦਿਆਂ ਭਾਵ ਕੀ ਆਖਾਂ ਕਿ ਕਿਹੋ ਜਿਹੇ ਹਨ? ਮੈਂ ਉਨ੍ਹਾਂ ਦੀ ਕਿਹੜੀ ਸੇਵਾ ਕਰਾਂ? ਦੋਵੇਂ ਹੱਥ ਜੋੜ ਕੇ ਸਨਮੁਖ ਹੋ ਕੇ ਜੀਭ ਨਾਲ ਸਿਮਰਾਂ ਬਸ ਇਹੀ ਉਪਮਾ ਤੇ ਇਹੀ ਸੇਵਾ ਹੈ:
ਹਉ ਬਲਿ ਬਲਿ ਜਾਉ ਸਤਿਗੁਰ ਸਾਚੇ ਨਾਮ ਪਰ॥
ਕਵਨ ਉਪਮਾ ਦੇਉ ਕਵਨ ਸੇਵਾ ਸਰੇਉ ਏਕ ਮੁਖ ਰਸਨਾ ਰਸਹੁ ਜੁਗ ਜੋਰਿ ਕਰ॥3॥ (ਪੰਨਾ 1398)
ਇਹ ਸੰਸਾਰ-ਸਾਗਰ ਤੋਂ ਤਾਰਨ ਲਈ ਗੁਰੂ ਜਹਾਜ਼ ਹੈ। ਗੁਰੂ ਹੀ ਮਲਾਹ ਹੈ। ਕੋਈ ਪ੍ਰਾਣੀ ਗੁਰੂ (ਦੀ ਸਹਾਇਤਾ) ਤੋਂ ਬਿਨਾਂ ਨਹੀਂ ਤਰ ਸਕਿਆ। ਗੁਰੂ ਦੀ ਕਿਰਪਾ ਨਾਲ ਹੀ ਪ੍ਰਭੂ ਮਿਲਦਾ ਹੈ। ਗੁਰੂ ਤੋਂ ਬਿਨਾਂ ਮੁਕਤੀ ਪ੍ਰਾਪਤ ਨਹੀਂ ਹੁੰਦੀ:
ਗੁਰੁ ਜਹਾਜੁ ਖੇਵਟੁ ਗੁਰੂ ਗੁਰ ਬਿਨੁ ਤਰਿਆ ਨ ਕੋਇ॥
ਗੁਰ ਪ੍ਰਸਾਦਿ ਪ੍ਰਭੁ ਪਾਈਐ ਗੁਰ ਬਿਨੁ ਮੁਕਤਿ ਨ ਹੋਇ॥1॥ (ਪੰਨਾ 1401)
ਭੱਟ ਗਯੰਦ ਜੀ ਕਹਿੰਦੇ ਹਨ : ਹੇ ਗੁਰੂ! ਤੂੰ ਧੰਨ ਹੈਂ! ਤੂੰ ਆਪਣੇ ਸੇਵਕਾਂ ਦੇ ਹਿਰਦੇ ਵਿਚ ਸਦਾ ਹਾਜ਼ਰ-ਨਾਜ਼ਰ ਹੈਂ। ਤੇਰੀ ਹੀ ਸਾਰੀ ਬਰਕਤ ਹੈ। ਤੂੰ ਨਿਰੰਕਾਰ (ਰੂਪ) ਹੈਂ, ਪ੍ਰਭੂ (ਰੂਪ) ਹੈਂ, ਸਦਾ ਥਿਰ ਹੈਂ। ਕੋਈ ਨਹੀਂ ਆਖ ਸਕਦਾ, ਤੂੰ ਕਦੋਂ ਦਾ ਹੈਂ:
ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ॥
ਨਿਰੰਕਾਰੁ ਪ੍ਰਭੁ ਸਦਾ ਸਲਾਮਤਿ ਕਹਿ ਨ ਸਕੈ ਕੋਊ ਤੂ ਕਦ ਕਾ॥1॥11॥ (ਪੰਨਾ 1403)
ਭੱਟ ਮਥੁਰਾ ਜੀ ਨੇ ਜੋ 7 ਸਵੱਈਏ ਉਚਾਰੇ ਹਨ ਉਨ੍ਹਾਂ ਅਨੁਸਾਰ ਅਕਾਲ ਪੁਰਖ ਅਪਹੁੰਚ ਹੈ, ਅਨੰਤ ਹੈ, ਅਨਾਦਿ ਹੈ ਜਿਸ ਦਾ ਮੁੱਢ ਕੋਈ ਨਹੀਂ ਜਾਣਦਾ:
ਅਗਮੁ ਅਨੰਤੁ ਅਨਾਦਿ ਆਦਿ ਜਿਸੁ ਕੋਇ ਨ ਜਾਣੈ॥1॥ (ਪੰਨਾ 1404)
ਭੱਟ ਬਲ੍ਹ ਜੀ ਕਹਿੰਦੇ ਹਨ ਜਿਸ ਗੁਰੂ ਨੂੰ ਸਿਮਰਿਆਂ ਜੀਵ ਹਿਰਦੇ ਦੀ ਤਪਤ ਮਿਟਦੀ ਹੈ; ਜਿਸ ਗੁਰੂ ਨੂੰ ਯਾਦ ਕਰਕੇ (ਜੀਵ) ਰੂਹਾਨੀ ਸ਼ਕਤੀਆਂ ਤੇ ਸਭ ਵਸਤਾਂ ਪਾ ਲੈਂਦਾ ਹੈ ਜਿਸ ਗੁਰੂ ਰਾਮਦਾਸ ਜੀ ਦੀ ਚਰਨੀਂ ਲੱਗ ਕੇ ਪ੍ਰਭੂ ਨੂੰ ਮਿਲੀਦਾ ਹੈ ਉਸ ਗੁਰੂ ਨੂੰ ਸਿਮਰੋ ਤੇ ਸੰਗਤਿ ਵਿਚ ਮਿਲ ਕੇ ਆਖੋ, ਤੂੰ ਧੰਨ ਹੈਂ! ਤੂੰ ਧੰਨ ਹੈਂ:
ਜਿਹ ਸਤਿਗੁਰ ਸਿਮਰੰਥਿ ਜੀਅ ਕੀ ਤਪਤਿ ਮਿਟਾਵੈ॥
ਜਿਹ ਸਤਿਗੁਰ ਸਿਮਰੰਥਿ ਰਿਧਿ ਸਿਧਿ ਨਵ ਨਿਧਿ ਪਾਵੈ॥
ਸੋਈ ਰਾਮਦਾਸੁ ਗੁਰੁ ਬਲ੍ਹ ਭਣਿ ਮਿਲਿ ਸੰਗਤਿ ਧੰਨਿ ਧੰਨਿ ਕਰਹੁ॥
ਜਿਹ ਸਤਿਗੁਰ ਲਗਿ ਪ੍ਰਭੁ ਪਾਈਐ ਸੋ ਸਤਿਗੁਰੁ ਸਿਮਰਹੁ ਨਰਹੁ॥5॥54॥ (ਪੰਨਾ 1405)
ਭੱਟ ਕੀਰਤ ਜੀ ਅਪਣੇ ਚਾਰ ਸਵੱਈਆਂ ਵਿਚ ਉਚਾਰਦੇ ਹਨ ਕਿ ਅਸੀਂ ਔਗੁਣਾਂ ਨਾਲ ਭਰੇ ਪਏ ਹਾਂ। ਸਾਡੇ ਵਿਚ ਇਕ ਭੀ ਗੁਣ ਨਹੀਂ ਹੈ। ਅੰਮ੍ਰਿਤ ਨਾਮ ਨੂੰ ਛੱਡ ਕੇ ਅਸੀਂ ਨਿਰੀ ਵਿਹੁ ਹੀ ਖਾਧੀ ਹੈ। ਮਾਇਆ ਦੇ ਮੋਹ ਅਤੇ ਭਰਮਾਂ ਵਿਚ ਪੈ ਕੇ ਅਸੀਂ (ਸਹੀ ਜੀਵਨ-ਰਾਹ ਤੋਂ) ਭੁੱਲੇ ਹੋਏ ਹਾਂ ਤੇ ਪੁੱਤਰ ਇਸਤਰੀ ਨਾਲ ਅਸਾਂ ਪਿਆਰ ਪਾਇਆ ਹੋਇਆ ਹੈ। ਅਸਾਂ ਸਤਿਗੁਰੂ ਦੀ ਸੰਗਤਿ ਵਾਲਾ ਇਕ ਉੱਚਾ ਰਾਹ ਸੁਣਿਆ ਹੈ; ਉਸ ਵਿਚ ਮਿਲ ਕੇ ਅਸਾਂ ਜਮਾਂ ਦਾ ਡਰ ਮਿਟਾ ਲਿਆ ਹੈ। ਕੀਰਤ ਭੱਟ ਦੀ ਹੁਣ ਇਕ ਹੀ ਬੇਨਤੀ ਹੈ ਕਿ ਹੇ ਗੁਰੂ ਰਾਮਦਾਸ ਜੀ! ਆਪਣੀ ਸਰਨ ਰੱਖੋ:
ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ॥
ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ॥
ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ॥
ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ॥4॥58॥ (ਪੰਨਾ 1406)
ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ ਕੁੱਲ 60 ਸਵੱਈਏ ਉਚਾਰਨ ਕੀਤੇ ਗਏ ਹਨ।
ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਉਸਤਤਿ
ਭੱਟ ਕਲ੍ਹਸਹਾਰ ਜੀ ਉਚਾਰਦੇ ਹਨ ਕਿ ਮੈਂ ਉਸ ਅਬਿਨਾਸੀ ਤੇ ਅਚੱਲ ਅਕਾਲ ਪੁਰਖ ਨੂੰ ਸਿਮਰਦਾ ਹਾਂ ਜਿਸ ਦਾ ਸਿਮਰਨ ਕਰਨ ਨਾਲ ਦੁਰਮਤਿ ਦੀ ਮੈਲ ਦੂਰ ਹੋ ਜਾਂਦੀ ਹੈ। ਮੈਂ ਸਤਿਗੁਰੂ ਦੇ ਕੰਵਲਾਂ ਵਰਗੇ ਚਰਨ ਹਿਰਦੇ ਵਿਚ ਵਸਾਉਂਦਾ ਹਾਂ ਤੇ ਪ੍ਰੇਮ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਣ ਵਿਚਾਰਦਾ ਹਾਂ। ਭੱਟ ਕਲ੍ਹ ਜੀ ਕਹਿੰਦੇ ਹਨ ਕਿ ਮੈਂ ਹੱਥ ਜੋੜ ਕੇ ਗੁਰੂ ਅਰਜਨ ਸਾਹਿਬ ਦੀ ਸਿਫਤ ਉਚਾਰਦਾ ਹਾਂ। ਆਪ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਵਿਚ ਜਨਮ ਲਿਆ। ਉਨ੍ਹਾਂ ਦੇ ਸਾਰੇ ਮਨੋਰਥ ਤੇ ਆਸਾਂ ਪੂਰੀਆਂ ਹੋਈਆਂ। ਜਨਮ ਤੋਂ ਹੀ ਆਪ ਨੇ ਗੁਰੂ ਦੀ ਮਤਿ ਦੁਆਰਾ ਬ੍ਰਹਮ ਨੂੰ ਪਛਾਣਿਆ ਹੈ ਅਤੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੋਈ ਹੈ:
ਸਿਮਰੰ ਸੋਈ ਪੁਰਖੁ ਅਚਲੁ ਅਬਿਨਾਸੀ॥
ਜਿਸੁ ਸਿਮਰਤ ਦੁਰਮਤਿ ਮਲੁ ਨਾਸੀ॥
ਸਤਿਗੁਰ ਚਰਣ ਕਵਲ ਰਿਦਿ ਧਾਰੰ॥
ਗੁਰ ਅਰਜੁਨ ਗੁਣ ਸਹਜਿ ਬਿਚਾਰੰ॥
ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ॥
ਸਗਲ ਮਨੋਰਥ ਪੂਰੀ ਆਸਾ॥
ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ॥
ਕਲ੍ਹ ਜੋੜਿ ਕਰ ਸੁਜਸੁ ਵਖਾਣਿਓ॥ (ਪੰਨਾ 1406-07)
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਤ, ਸੰਤੋਖ ਹਿਰਦੇ ਵਿਚ ਧਾਰਨ ਕੀਤਾ ਹੈ ਤੇ ਉਸ ਹਰੀ ਨੂੰ ਆਪਣੇ ਅੰਦਰ ਟਿਕਾਇਆ ਹੈ ਜਿਸ ਦਾ ਰੂਪ ਸਤਿ ਹੈ ਤੇ ਨਾਮ ਸਦਾ ਥਿਰ ਹੈ। ਪ੍ਰਤੱਖ ਤੌਰ ’ਤੇ ਅਕਾਲ ਪੁਰਖ ਨੇ ਧੁਰੋਂ ਹੀ ਆਪ ਦੇ ਮੱਥੇ ’ਤੇ ਲੇਖ ਲਿਖਿਆ ਹੈ:
ਸਤਿ ਰੂਪੁ ਸਤਿ ਨਾਮੁ ਸਤੁ ਸੰਤੋਖੁ ਧਰਿਓ ਉਰਿ॥
ਆਦਿ ਪੁਰਖਿ ਪਰਤਖਿ ਲਿਖ੍ਹਉ ਅਛਰੁ ਮਸਤਕਿ ਧੁਰਿ॥ (ਪੰਨਾ 1408)
ਗੁਰੂ ਅਰਜਨ ਸਾਹਿਬ ਜੀ ਦੀ ਉਸਤਤਿ ਵਿਚ ਭੱਟ ਕਲਸਹਾਰ ਜੀ ਨੇ 12, ਭੱਟ ਮਥੁਰਾ ਜੀ ਨੇ 7 ਤੇ ਭੱਟ ਹਰਿਬੰਸ ਜੀ ਨੇ 2 (ਕੁੱਲ 21) ਸਵੱਈਏ ਗਾਏ ਹਨ। ਭੱਟ ਮਥੁਰਾ ਜੀ ਕਹਿੰਦੇ ਹਨ ਜਦ ਤਕ ਮੱਥੇ ਦੇ ਭਾਗ ਨਹੀਂ ਸਨ ਜਾਗੇ ਤਦ ਤਾਈਂ ਬਹੁਤ ਭਟਕਦੇ ਤੇ ਭੱਜਦੇ ਫਿਰਦੇ ਸੀ। ਕਲਿਜੁਗ ਦੇ ਡਰਾਉਣੇ ਸਮੁੰਦਰ ਵਿਚ ਡੁੱਬ ਰਹੇ ਸਾਂ। ਪੱਛੋਤਾਵਾ ਕਿਸੇ ਵੇਲੇ ਵੀ ਮਿਟਦਾ ਨਹੀਂ ਸੀ। ਪਰ ਹੇ ਮਥੁਰਾ! ਹੁਣ ਸੱਚੀ ਵਿਚਾਰ ਇਹ ਹੈ ਕਿ ਜਗਤ ਨੂੰ ਤਾਰਨ ਲਈ ਹਰੀ ਨੇ ਗੁਰੂ ਅਰਜਨ ਸਾਹਿਬ ਨੂੰ ਅਵਤਾਰ ਬਣਾਇਆ ਹੈ। ਜਿਨ੍ਹਾਂ ਨੇ ਗੁਰੂ ਅਰਜਨ ਦੇਵ (ਜੀ) ਨੂੰ ਜਪਿਆ ਹੈ, ਉਹ ਪਰਤ ਕੇ ਜਨਮ-ਮਰਨ ਦੇ ਦੁੱਖਾਂ ਵਿਚ ਨਹੀਂ ਆਏ:
ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ॥
ਜਪ੍ਹਉ ਜਿਨ੍ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ॥6॥ (ਪੰਨਾ 1409)
ਲੇਖਕ ਬਾਰੇ
# 302, ਕਿਦਵਾਈ ਨਗਰ, ਲੁਧਿਆਣਾ
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/June 1, 2007
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/August 1, 2007
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/July 1, 2008
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/May 1, 2009
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/September 1, 2010