editor@sikharchives.org

ਹੱਡ-ਬੀਤੀ – ਦਰਬਾਰ ਸਾਹਿਬ ’ਤੇ ਫੌਜੀ ਹਮਲਾ 1984

ਰੈਫਰੈਂਸ ਲਾਇਬ੍ਰੇਰੀ ਨੂੰ ਉਸ ਸਮੇਂ ਅੱਗ ਲੱਗੀ ਹੋਈ ਸੀ, ਸਾਰੀ ਪਰਕਰਮਾ ਦਾ ਬਹੁਤ ਹੀ ਬੁਰਾ ਹਾਲ ਸੀ, ਫਰਸ਼ ਲਾਲੋ ਲਾਲ ਸੀ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਜੂਨ 1984 ਦੇ ਫੌਜੀ ਹਮਲੇ ਸਮੇਂ ਮੈਂ ਸ੍ਰੀ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਗਲੀ ਸ਼ਹੀਦ ਬੁੰਗਾ (ਕੌਲਸਰ) ਵਿਖੇ ਰਹਿੰਦਾ ਸੀ। ਫੌਜ ਨੇ ਹਮਲਾ ਤਾਂ 4 ਜੂਨ ਸਵੇਰੇ ਲੱਗਭਗ 4:40 ਵਜੇ ਹੀ ਕਰ ਦਿੱਤਾ ਸੀ। ਇਸ ਅੰਧਾਧੁੰਦ ਫਾਇਰਿੰਗ ਵਿਚ ਵੀ ਮੈਂ 5 ਜੂਨ ਬਾਅਦ ਦੁਪਹਿਰ ਤਕ ਡਿਊਟੀ ਦਿੱਤੀ ਸੀ। 6 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਨਹੀਂ ਆ ਸਕਿਆ, ਪਰ ਹੋਰ ਗ੍ਰੰਥੀ ਸਿੰਘ, ਗਿਆਨੀ ਮੋਹਨ ਸਿੰਘ ਜੀ ਅਤੇ ਗਿਆਨੀ ਪੂਰਨ ਸਿੰਘ ਜੀ, ਜੋ 5 ਜੂਨ ਸ਼ਾਮ ਨੂੰ ਅੰਦਰ ਸਨ, ਬਾਹਰ ਨਹੀਂ ਜਾ ਸਕੇ ਸਨ।

ਗਿਆਨੀ ਮੋਹਨ ਸਿੰਘ ਜੀ ਅਤੇ ਗਿਆਨੀ ਪੂਰਨ ਸਿੰਘ ਜੀ ਨੂੰ ਨਾਲ ਲੈ ਕੇ ਕੁਝ ਫੌਜੀ ਜਵਾਨ 7 ਜੂਨ ਸਵੇਰੇ 5 ਵਜੇ ਦੇ ਕਰੀਬ ਮੇਰੇ ਘਰ ਆਏ। ਉਨ੍ਹਾਂ ਕਿਹਾ ਕਿ ਤੁਹਾਨੂੰ ਜਨਰਲ ਸਾਹਿਬ ਬੁਲਾ ਰਹੇ ਹਨ, 15 ਮਿੰਟ ਵਿਚ ਤਿਆਰ ਹੋ ਕੇ ਸਾਡੇ ਨਾਲ ਚੱਲੋ।

ਮੈਂ ਉਨ੍ਹਾਂ ਨਾਲ ਆਇਆ ਤਾਂ ਵੇਖਿਆ ਕਿ ਆਟਾ ਮੰਡੀ, ਕਟੜਾ ਦਲ ਸਿੰਘ ਤੇ ਪਿਛਲੀ ਡਿਓੜੀ ਵਿਚ ਬੇ-ਇੰਤਹਾ ਫੌਜ ਸੀ। ਥਾਂ-ਥਾਂ ’ਤੇ ਰਸਤੇ ਵਿਚ ਫੌਜੀ ਪੁੱਛਦੇ ਸਨ, “ਯਹ ਕੌਨ ਹੈ? ਇਸੇ ਗੋਲੀ ਮਾਰ ਦੇਂ!” ਜਿਹੜੇ ਫੌਜੀ ਮੈਨੂੰ ਲੈਣ ਵਾਸਤੇ ਗਏ ਸਨ, ਉਹ ਦੱਸਦੇ ਕਿ “ਯਹ ਹੈੱਡ ਪੁਜਾਰੀ ਹੈ।” ਅੰਦਰ ਆ ਕੇ ਵੇਖਿਆ ਕਿ ਫੌਜ ਨੇ ਪਰਕਰਮਾ ਵਿਚ ਅਨੇਕਾਂ ਹੀ ਸਿੰਘ ਬਿਠਾਏ ਹੋਏ ਸਨ, ਜਿਨ੍ਹਾਂ ਦੀਆਂ ਪਗੜੀਆਂ ਲਾਹ ਕੇ ਉਨ੍ਹਾਂ ਨਾਲ ਹੀ ਹੱਥ ਪਿੱਛੇ ਬੰਨ੍ਹੇ ਹੋਏ ਸਨ, ਦਹਿਸ਼ਤ ਬੜੀ ਸੀ। ਇਨ੍ਹਾਂ ਵਿਚ ਸਾਡੇ ਆਪਣੇ ਮੁਲਾਜ਼ਮ ਅਤੇ ਬਾਕੀ ਬਹੁਤੇ ਯਾਤਰੀ ਸਨ। ਗਿ. ਸੁਜਾਨ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਵੀ ਇਨ੍ਹਾਂ ਵਿਚ ਸਨ। ਪਰਕਰਮਾ ਦੀ ਫੁੱਟਪਾਥ ’ਤੇ ਇਕ ਸਿੱਖ ਕਰਨਲ ਖੜ੍ਹਾ ਸੀ-ਬੜਾ ਹੀ ਅੱਖੜ ਅਤੇ ਆਕੜਬਾਜ਼। ਮੇਰੇ ਨਾਲ ਦੇ ਫੌਜੀਆਂ ਨੇ ਜਦੋਂ ਮੇਰੇ ਬਾਰੇ ਦੱਸਿਆ ਤਾਂ ਕਹਿਣ ਲੱਗਾ, “ਜੇ ਹੈੱਡ ਗ੍ਰੰਥੀ ਹੋ ਤਾਂ ਅੰਦਰ ਚਲੋ।”

ਪਰਕਰਮਾ ਵਿਚ 6-7 ਟੈਂਕ ਖੜ੍ਹੇ ਸਨ। ਸਭ ਪਾਸੇ ਲਾਸ਼ਾਂ ਹੀ ਲਾਸ਼ਾਂ ਸਨ। ਮੈਂ ਉਸ ਕਰਨਲ ਨੂੰ ਪੁੱਛਿਆ, “ਜੋ ਸਿੰਘ ਤੁਸੀਂ ਇਥੇ ਬਿਠਾਏ ਹਨ, ਕੀ ਮੈਂ ਇਨ੍ਹਾਂ ਨੂੰ ਮਿਲ ਸਕਦਾ ਹਾਂ?” ਉਸ ਨੇ ਜਵਾਬ ਦਿੱਤਾ, “ਸਾਨੂੰ ਹੁਕਮ ਨਹੀਂ ਹੈ।” ਮੈਂ ਉਸ ਨੂੰ ਦੱਸਿਆ ਕਿ ਇਹ ਸਾਡਾ ਆਪਣਾ ਹੀ ਸਟਾਫ ਹੈ। ਇਹ ਸਾਰੇ ਹੀ ਸ੍ਰੀ ਦਰਬਾਰ ਸਾਹਿਬ ਅੰਦਰ ਡਿਊਟੀ ’ਤੇ ਸਨ। ਇਸ ’ਤੇ ਕਰਨਲ ਨੇ ਕਿਹਾ, “ਤੁਸੀਂ ਇਨ੍ਹਾਂ ਨੂੰ ਵੇਖ ਸਕਦੇ ਹੋ, ਜੇ ਬੋਲੋਗੇ, ਤਾਂ ਗੋਲੀ ਮਾਰ ਦਿਆਂਗੇ।”

ਇਨ੍ਹਾਂ ਵਿਚ ਬਹੁਤੇ ਸਿੰਘ ਗੁਰਦੁਆਰਾ ਬੁੰਗਾ ਬਾਬਾ ਦੀਪ ਸਿੰਘ ਜੀ ਸ਼ਹੀਦ ਪਾਸ ਬੈਠੇ ਸਨ। ਮੈਨੂੰ ਵੇਖ ਕੇ ਕਈ ਰੋਣ ਲੱਗੇ। ਕਈਆਂ ਨੇ ਕਿਹਾ ਕਿ ਸਾਨੂੰ ਸਰੋਵਰ ’ਚੋਂ ਪਾਣੀ ਤਾਂ ਪਿਲਵਾ ਦਿਓ। ਜੋ ਵੀ ਕੋਈ ਬੋਲਦਾ, ਫੌਜੀ ਉਸ ਵਿਚਾਰੇ ਨੂੰ ਬੱਟ ਮਾਰਨ ਲੱਗਦੇ ਅਤੇ ਗਾਲ੍ਹਾਂ ਕੱਢਦੇ ਹੋਏ ਕਹਿੰਦੇ, “ਸਾਲਾ ਪਾਨੀ ਮਾਂਗਤਾ ਹੈ!” ਮੈਂ ਕਰਨਲ ਨੂੰ ਕਿਹਾ ਕਿ ਲੋਕੀਂ ਪਾਣੀ ਪਿਲਵਾਉਣ ਵਾਸਤੇ ਛਬੀਲਾਂ ਲਗਾਉਂਦੇ ਹਨ। ਇਨ੍ਹਾਂ ਨੂੰ ਪਾਣੀ ਤਾਂ ਪਿਲਵਾ ਦਿਓ।

ਸ੍ਰੀ ਦਰਬਾਰ ਸਾਹਿਬ ਦੀਆਂ ਸਾਰੀਆਂ ਇਮਾਰਤਾਂ ਵਿਚ ਚਾਰੇ ਪਾਸੇ ਫੌਜ ਹੀ ਫੌਜ ਸੀ। ਰੈਫਰੈਂਸ ਲਾਇਬ੍ਰੇਰੀ ਨੂੰ ਉਸ ਸਮੇਂ ਅੱਗ ਲੱਗੀ ਹੋਈ ਸੀ, ਸਾਰੀ ਪਰਕਰਮਾ ਦਾ ਬਹੁਤ ਹੀ ਬੁਰਾ ਹਾਲ ਸੀ, ਫਰਸ਼ ਲਾਲੋ ਲਾਲ ਸੀ। ਸਾਰੀ ਜਗ੍ਹਾ ਗੋਲਾ-ਬਾਰੂਦ ਅਤੇ ਕੱਚ ਦੇ ਟੁਕੜਿਆਂ ਨਾਲ ਭਰੀ ਹੋਈ ਸੀ। ਕਿਤੇ ਪੈਰ ਰੱਖਣ ਨੂੰ ਵੀ ਥਾਂ ਨਹੀਂ ਸੀ। ਫੌਜੀ ਕਹਿਣ ਕਿ ਜੁੱਤੀ ਪਾ ਲਓ। ਮੈਂ ਕਿਹਾ ਕਿ ਮੈਂ ਤਾਂ ਇਵੇਂ ਹੀ ਨੰਗੇ ਪੈਰ ਅੰਦਰ ਜਾਵਾਂਗਾ।

ਛਬੀਲ ਵਾਲੇ ਮੋੜ ’ਤੇ ਉੱਪਰੋਂ ਕਿਸੇ ਫੌਜੀ ਨੇ ਮੇਰੇ ’ਤੇ ਗੋਲੀ ਚਲਾਈ ਪਰ ਮੈਂ ਬਚ ਗਿਆ। ਮੈਨੂੰ ਲੈ ਕੇ ਆਏ ਫੌਜੀ ਕਹਿੰਦੇ ਰਹੇ ਕਿ ਯਹ ਹੈੱਡ ਪੁਜਾਰੀ ਹੈ ਪਰ ਇਥੇ ਕੋਈ ਕਿਸੇ ਦੀ ਸੁਣਦਾ ਨਹੀਂ ਸੀ। ਲਾਚੀ ਬੇਰ ਗੁਰਦੁਆਰੇ ਲਾਗੇ ਫਿਰ ਮੇਰੇ ’ਤੇ ਗੋਲੀ ਚਲਾਈ, ਜੋ ਬਿਲਕੁਲ ਹੀ ਮੇਰੇ ਲਾਗੇ ਫਰਸ਼ ’ਤੇ ਲੱਗੀ। ਲਾਚੀ ਬੇਰ ਲਾਗੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਹੜੇ ਵਿਚ ਲਾਸ਼ਾਂ ਹੀ ਲਾਸ਼ਾਂ ਸਨ। ਦਰਸ਼ਨੀ ਡਿਓੜੀ, ਝੰਡਾ ਬੁੰਗਾ, ਨਵੀਂ ਡਿਓੜੀ ਵਿਖੇ ਹਰ ਥਾਂ ਫੌਜੀ ਮਸ਼ੀਨਗੰਨਾਂ ਅਤੇ ਐਲ. ਐੱਮ. ਜੀ. ਫਿੱਟ ਕਰ ਕੇ ਪੁਜ਼ੀਸ਼ਨਾਂ ਲਈ ਬੈਠੇ ਸਨ। ਇਤਿਹਾਸਕ ਲਾਚੀ ਬੇਰ ਦਾ ਬੁਰਾ ਹਾਲ ਸੀ। ਲਾਗਲੇ ਪਾਲਕੀ ਸਾਹਿਬ ਵਾਲੇ ਕਮਰੇ ਵਿਚ ਰੁਮਾਲੇ ਆਦਿ ਬੁਰੀ ਤਰ੍ਹਾਂ ਖਿੱਲਰੇ ਪਏ ਸਨ। ਬੜੇ ਹੀ ਦੁੱਖ ਨਾਲ ਮੈਂ ਇਥੋਂ ਤਕ ਪੁੱਜਾ ਸੀ। ਦਰਸ਼ਨੀ ਡਿਓੜੀ ਹੇਠਾਂ ਅਤੇ ਉੱਪਰ ਭਾਰੀ ਗਿਣਤੀ ਵਿਚ ਫੌਜੀ ਬੂਟਾਂ ਸਮੇਤ ਹੀ ਖੜ੍ਹੇ ਸਨ ਅਤੇ ਬੀੜੀਆਂ ਸਿਗਰਟਾਂ ਪੀ ਰਹੇ ਸਨ।ਇਹ ਵੀ ਮੈਨੂੰ ਵੇਖ ਕੇ ਗਾਲ੍ਹਾਂ ਕੱਢਣ ਲੱਗੇ- “ਯਹ ਸਾਲਾ ਕੌਣ ਹੈ?” ਸਾਰੇ ਹੀ ਫੌਜੀ ਇੰਨੀਆਂ ਗਾਲ੍ਹਾਂ ਕੱਢਦੇ ਸਨ ਕਿ ਸਾਲੇ ਤੋਂ ਬਿਨਾਂ ਤਾਂ ਕੋਈ ਬੋਲਦਾ ਹੀ ਨਹੀਂ ਸੀ। ਦਹਿਲੀਜ਼ ਤੋਂ ਲੈ ਕੇ ਪੁਲ ਤਕ ਦਰਸ਼ਨੀ ਡਿਓੜੀ ਦਾ ਮਲਬਾ ਪਿਆ ਸੀ। ਪੁਲ ’ਤੇ ਵੀ ਭਾਰੀ ਗਿਣਤੀ ਵਿਚ ਗਾਰਦ ਤੈਨਾਤ ਸੀ। ਅੱਗੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਵੀ ਫੌਜੀ ਪਹਿਰਾ ਸੀ।

ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਦਾ ਹਾਲ ਵੀ ਚੰਗਾ ਨਹੀਂ ਸੀ। ਅੰਦਰ ਜੋ ਵਿਛਾਈ (ਦਰੀ) 5 ਜੂਨ ਨੂੰ ਹੋਈ ਸੀ, ਉਹ 6 ਜੂਨ ਨੂੰ ਬਦਲੀ ਨਹੀਂ ਜਾ ਸਕੀ ਸੀ। ਗੋਲੀ-ਬਾਰੂਦ ਦਾ ਕੱਚ ਅੰਦਰ ਵੀ ਸੀ। ਅੰਦਰ ਫੌਜੀ ਗੁਰਦੁਆਰੇ ਦੇ 5-7 ਸਿੰਘ ਬੈਠੇ ਸਨ, ਇਕ ਗ੍ਰੰਥੀ ਵੀ ਸੀ। ਦੋ ਕਰਨਲ ਸਨ। ਉਨ੍ਹਾਂ ਮੈਨੂੰ ਦੱਸਿਆ ਕਿ ਜਨਰਲ ਸਾਹਿਬ ਤੁਹਾਨੂੰ ਉਡੀਕ ਕੇ ਹੁਣੇ ਗਏ ਹਨ। ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਕੇ ਸ਼ਬਦ ਕੀਰਤਨ ਦਾ ਪ੍ਰਬੰਧ ਕਰੋ।

ਮੈਨੂੰ ਦੂਜੇ ਗ੍ਰੰਥੀ ਸਾਹਿਬਾਨ ਨੇ ਦੱਸ ਦਿੱਤਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਅੰਦਰ ਪਾਵਨ ਬੀੜ ਸਾਹਿਬ ਨੂੰ ਗੋਲੀ ਲੱਗੀ ਹੈ। ਹਰਿ ਕੀ ਪੌੜੀ ਵਿਖੇ ਇਕ ਪਾਠੀ ਸਿੰਘ ਪਾਠ ਕਰ ਰਿਹਾ ਸੀ। ਬਾਰੀ ’ਤੇ ਗੋਲੀ ਲੱਗਣ ਨਾਲ ਸ਼ੀਸ਼ਾ ਟੁੱਟ ਕੇ ਇਕ ਟੁੱਕੜਾ ਉਸ ਦੇ ਹੱਥ ’ਤੇ ਲੱਗਾ, ਜਿਸ ਦਾ ਖੂਨ ਰੁਮਾਲੇ ’ਤੇ ਲੱਗ ਗਿਆ ਸੀ। ਪਹਿਲੀ ਜੂਨ ਨੂੰ ਵੀ ਸੀ.ਆਰ.ਪੀ. ਨੇ ਸ੍ਰੀ ਦਰਬਾਰ ਸਾਹਿਬ ’ਤੇ ਚਾਰੇ ਪਾਸਿਓਂ ਵਹਿਸ਼ੀਆਨਾ ਫਾਇਰਿੰਗ ਕੀਤੀ ਸੀ। ਅਗਲੇ ਦਿਨ ਦੇ ਹਾਲਾਤ ਵੀ ਚੰਗੇ ਨਹੀਂ ਸਨ। ਅਸੀਂ ਟੌਹੜਾ ਸਾਹਿਬ ਨਾਲ ਸਲਾਹ ਕਰ ਕੇ 4 ਜੂਨ ਸਵੇਰੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪਰਕਰਮਾ ਦੇ ਸਾਰੇ ਗੁਰਦੁਆਰਾ ਸਾਹਿਬਾਨ ਵਿਖੇ ਅਖੰਡ ਪਾਠਾਂ ਦਾ ਭੋਗ ਪਾ ਕੇ ਪਾਵਨ ਬੀੜਾਂ ਦਾ ਸੁਖ- ਆਸਨ ਕਰ ਦਿੱਤਾ ਸੀ, ਪਰ ਹਰਿ ਕੀ ਪੌੜੀ ਵਿਖੇ ਅਖੰਡ ਪਾਠ ਜਾਰੀ ਰਿਹਾ ਸੀ। ਜਿਸ ਦਾ ਭੋਗ ਸਾਡੇ ਸਿੰਘਾਂ ਨੇ ਸਵੇਰੇ 6 ਜੂਨ ਨੂੰ ਪਾਇਆ। ਕਰਫ਼ਿਊ ਤੇ ਫੌਜੀ ਹਮਲੇ ਕਾਰਨ ਕਈ ਡਿਊਟੀ ਵਾਲੇ ਸਿੰਘ ਅੰਦਰ ਨਹੀਂ ਆ ਸਕੇ ਸਨ, ਜਿਸ ਕਰਕੇ ਸਾਡੇ ਸਿੰਘ ਲਗਾਤਾਰ 8-8, 10-10 ਘੰਟੇ ਡਿਊਟੀ ਦਿੰਦੇ ਰਹੇ।

ਸ੍ਰੀ ਹਰਿਮੰਦਰ ਸਾਹਿਬ ਅੰਦਰਲੇ ਦੋ ਕਰਨਲਾਂ (ਸ਼ਮਿੰਦਰ ਸਿੰਘ ਤੇ ਸ਼ਰਮਾ) ਨੇ ਜਦੋਂ ਮੈਨੂੰ ਕਿਹਾ ਕਿ ਪ੍ਰਕਾਸ਼ ਅਤੇ ਸ਼ਬਦ-ਕੀਰਤਨ ਦਾ ਪ੍ਰਬੰਧ ਕਰੋ, ਤਾਂ ਮੈਂ ਕਿਹਾ ਕਿ ਇਸ ਮੰਤਵ ਲਈ ਕਾਫੀ ਸਟਾਫ ਚਾਹੀਦਾ ਹੈ। ਉਹ ਆਖਣ ਲੱਗੇ ਕਿ ਹੁਣ ਸਟਾਫ ਕਿੱਥੋਂ ਲਿਆਈਏ? ਮੈਂ ਉਨ੍ਹਾਂ ਨੂੰ ਦੱਸਿਆ ਕਿ ਪਰਕਰਮਾ ਵਿਚ ਤੁਸੀਂ ਜੋ ਸਿੰਘ ਬਿਠਾਏ ਹਨ, ਇਸ ਵਿਚ ਸਾਡੇ ਬਹੁਤ ਸਾਰੇ ਮੁਲਾਜ਼ਮ ਹਨ, ਇਨ੍ਹਾਂ ਨੂੰ ਛੱਡ ਦਿਓ। ਉਹ ਮੰਨ ਗਏ ਤੇ ਮੈਨੂੰ ਲੈ ਕੇ ਉਧਰ ਆਏ। ਮੈਂ ਸਟਾਫ ਮੈਂਬਰਾਂ ਬਾਰੇ ਦੱਸਦਾ ਰਿਹਾ, ਉਹ ਸਭ ਤੋਂ ਪਹਿਲਾਂ ਉਸ ਦੇ ਹੱਥ ਸੁੰਘਦੇ ਸਨ।

ਮੈਨੂੰ ਪਤਾ ਲੱਗਾ ਕਿ ਜਿਸ ਹੱਥ ਨਾਲ ਗੋਲੀ ਚਲਦੀ ਰਹੀ ਹੋਵੇ, ਇਨ੍ਹਾਂ ਨੂੰ ਸੁੰਘ ਕੇ ਪਤਾ ਲੱਗ ਜਾਂਦਾ ਹੈ। ਉਂਗਲੀਆਂ ਵੇਖ ਕੇ ਪਤਾ ਲੱਗ ਜਾਂਦਾ ਹੈ। ਪੰਦਰਾਂ ਕੁ ਸਿੰਘ ਇਨ੍ਹਾਂ ਨੇ ਮੇਰੇ ਕਹਿਣ ’ਤੇ ਛੱਡ ਦਿੱਤੇ (ਬਾਕੀ ਦੇ ਕੈਦੀ ਬਣਾ ਕੇ ਕੈਂਪ ਭੇਜ ਦਿੱਤੇ), ਦੋ- ਢਾਈ ਵਜੇ ਦਾ ਸਮਾਂ ਹੋਵੇਗਾ। ਇਨ੍ਹਾਂ ਵਿਚ ਹਜ਼ੂਰੀ ਰਾਗੀ ਭਾਈ ਮਹਿੰਦਰ ਸਿੰਘ ਨਾਲ ਤਬਲਾ ਵਜਾਉਣ ਵਾਲਾ ਭਾਈ ਗੁਰਚਰਨ ਸਿੰਘ ਵੀ ਸੀ, ਜੋ ਖ਼ੁਦ ਵੀ ਕੀਰਤਨ ਕਰ ਲੈਂਦਾ ਹੈ। ਇਕ ਸੂਰਮਾ ਸਿੰਘ ਚਰਨਜੀਤ ਸਿੰਘ, ਜੋ ਤਬਲਾ ਵਜਾ ਲੈਂਦਾ ਹੈ ਅਤੇ ਰਾਗੀ ਭਾਈ ਹਰਭਜਨ ਸਿੰਘ ਸੀ।ਪਹਿਲੇ ਕਈ ਦਿਨ ਇਹ ਕੀਰਤਨ ਕਰਦੇ ਰਹੇ।

ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਭਾਈ ਹਰਪਾਲ ਸਿੰਘ ਪਹਿਲਾਂ ਕਈ ਦਿਨ ਮੇਰੇ ਘਰ ਹੀ ਰਹੇ। ਇਨ੍ਹਾਂ ਨੂੰ ਛੁਡਾ ਕੇ ਮੈਂ ਪਹਿਲਾਂ ਆਪਣੇ ਘਰ ਲੈ ਕੇ ਗਿਆ। ਕਈਆਂ ਦੇ ਕੱਪੜਿਆਂ ’ਤੇ ਖੂਨ ਲੱਗਾ ਸੀ। ਇਨ੍ਹਾਂ ਇਸ਼ਨਾਨ ਕੀਤਾ, ਕੱਪੜੇ ਧੋਤੇ ਬਦਲੇ, ਕਈਆਂ ਨੂੰ ਮੈਂ ਆਪਣੇ ਕੱਪੜੇ ਦਿੱਤੇ।

7 ਜੂਨ ਨੂੰ ਹੀ ਬਿਜਲੀ ਵਾਲੇ ਅਤੇ ਰੇਡੀਓ ਵਾਲੇ ਆ ਗਏ ਸਨ। ਉਨ੍ਹਾਂ ਤਾਰਾਂ ਆਦਿ ਫਿਟ ਕਰ ਲਈਆਂ। ਮਿਲਟਰੀ ਵਾਲੇ ਲਾਗੋਂ ਕਿਸੇ ਹਿੰਦੂ ਸੱਜਣ ਤੋਂ ਉਸ ਦਾ ਲਾਊਡ ਸਪੀਕਰ ਵੀ ਲੈ ਕੇ ਆਏ ਸਨ, ਜੋ ਅਸੀਂ ਪਿੱਛੋਂ ਵਾਪਸ ਕੀਤਾ।

8 ਜੂਨ ਨੂੰ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਆਉਣਾ ਸੀ। ਫੌਜ ਨੇ ਘੰਟਾ-ਘਰ ਵਾਲੇ ਪਾਸੇ ਡਿਓੜੀ ਤੋਂ ਲੈ ਕੇ ਸਿੱਧੇ ਰਸਤੇ (ਬਾਬਾ ਬੁੱਢਾ ਜੀ ਦੀ ਬੇਰੀ ਵੱਲ) ਪਰਕਰਮਾ ’ਚੋਂ ਲਾਸ਼ਾਂ ਚੁੱਕ ਦਿੱਤੀਆਂ, ਪਰ ਬਾਕੀ ਪਾਸੇ ਹਾਲੇ ਲਾਸ਼ਾਂ ਪਈਆਂ ਸਨ। ਸਰੋਵਰ ਵਿਚ ਵੀ 10-12 ਲਾਸ਼ਾਂ ਤੈਰ ਰਹੀਆਂ ਸਨ। ਮੈਂ 7 ਜੂਨ ਨੂੰ ਵੇਖਿਆ ਸੀ ਕਿ ਇਕ ਸਿੰਘ ਨੇ ਪਰਕਰਮਾ ਦੇ ਕਿਸੇ ਕਮਰੇ ਵਿੱਚੋਂ ਦੌੜ ਕੇ ਸਰੋਵਰ ਵਿਚ ਛਾਲ ਮਾਰ ਦਿੱਤੀ। ਫੌਜੀਆਂ ਨੇ ਸਰੋਵਰ ਵਿਚ ਹੀ ਉਸ ’ਤੇ ਗੋਲੀਆਂ ਚਲਾਈਆਂ।

ਜਿਸ ਦਿਨ ਗਿਆਨੀ ਜ਼ੈਲ ਸਿੰਘ ਹੋਰੀਂ ਆਏ, ਉਸ ਦਿਨ ਸਵੇਰੇ ਕੁਝ ਫੌਜੀ ਮੈਨੂੰ ਲੰਗਰ ਦੀ ਬਿਲਡਿੰਗ ਵੱਲ ਲੈ ਗਏ। ਇਸ ਦੀਆਂ ਸਾਰੀਆਂ ਮੰਜ਼ਲਾਂ ਵਿਚ ਫੌਜੀ ਹੀ ਫੌਜੀ ਸਨ। ਇਥੇ ਡੋਗਰਾ ਰੈਜਮੈਂਟ ਸੀ। ਕਰਨਲ ਬਾਜਵਾ ਅਤੇ ਇਕ ਹੋਰ ਕਰਨਲ ਨੇ ਮੈਨੂੰ ਕਿਹਾ ਕਿ ਰਾਮਗੜ੍ਹੀਆ ਬੁੰਗੇ ਵਿਚ ਕੁਝ ਅਤਿਵਾਦੀ ਹਨ, ਉਹ ਸਾਡੇ ਕੈਪਟਨ ਡਾਕਟਰ ਨੂੰ ਚੁੱਕ ਕੇ ਅੰਦਰ ਲੈ ਗਏ ਹਨ। ਉਹ ਕਹਿੰਦੇ ਹਨ ਕਿ ਜੇਕਰ ਪੰਜ ਸਿੰਘ ਸਾਹਿਬਾਨ ਸਾਨੂੰ ਕਹਿ ਦੇਣ ਤਾਂ ਅਸੀਂ ਹਥਿਆਰ ਸੁੱਟ ਦੇਵਾਂਗੇ। ਮੇਰੇ ਨਾਲ ਗਿਆਨੀ ਪੂਰਨ ਸਿੰਘ ਵੀ ਸਨ। ਦੋ ਸਿੰਘ ਤਾਂ ਬੁੰਗੇ ਦੇ ਬਾਹਰ ਪਿੱਠਾਂ ਜੋੜ ਕੇ ਹੱਥ ਬੰਨ੍ਹ ਕੇ ਬਿਠਾਏ ਹੋਏ ਸਨ। ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਜੇਕਰ ਇਹ ਹਥਿਆਰ ਸੁੱਟ ਦੇਣ ਤਾਂ ਤੁਸੀਂ ਗੋਲੀ ਤਾਂ ਨਹੀਂ ਮਾਰੋਗੇ। ਉਹ ਕਹਿਣ ਲੱਗੇ ਕਿ ਜੇ ਸਾਡੇ ਬੰਦੇ ਇਨ੍ਹਾਂ ਨੇ ਨਹੀਂ ਮਾਰੇ ਤਾਂ ਗੋਲੀ ਨਹੀਂ ਮਾਰਾਂਗੇ।

ਬੁੰਗਾ ਰਾਮਗੜ੍ਹੀਆ ਵਿਚ ਬਾਬਾ ਖੜਕ ਸਿੰਘ ਜੀ ਦੇ ਡੇਰੇ ਵੱਲ ਦੀ ਅਸੀਂ ਛੋਟੇ ਲਾਊਡ ਸਪੀਕਰ ਰਾਹੀਂ ਉਨ੍ਹਾਂ ਸਿੰਘਾਂ ਨੂੰ ਪੁੱਛਿਆ ਕਿ ਜੇ ਕੋਈ ਫੌਜੀ ਪਕੜੇ ਹਨ ਤਾਂ ਉਨ੍ਹਾਂ ਨੂੰ ਛੱਡ ਦਿਓ, ਬਾਹਰ ਆ ਜਾਓ, ਇਹ ਤੁਹਾਨੂੰ ਗੋਲੀ ਨਹੀਂ ਮਾਰਨਗੇ। ਹੇਠੋਂ ਉਨ੍ਹਾਂ ਦੀ ਆਵਾਜ਼ ਤਾਂ ਆ ਰਹੀ ਸੀ, ਪਰ ਕੁਝ ਸਮਝ ਨਹੀਂ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਸਾਡੇ ਪਾਸ ਕੋਈ ਬੰਦਾ ਨਹੀਂ। ਇਸ ’ਤੇ ਕਰਨਲ ਸਾਹਿਬ ਕਹਿਣ ਲੱਗੇ ਤੁਸੀਂ ਜਾਓ, ਅਸੀਂ ਇਨ੍ਹਾਂ ਨੂੰ ਆਪੇ ਸਾਂਭ ਲਵਾਂਗੇ। ਗਿਆਨੀ ਜੀ ਦੇ ਆਉਣ ਦਾ ਸਮਾਂ ਹੋ ਰਿਹਾ ਸੀ।

ਗਿਆਨੀ ਜੀ ਆਏ ਤਾਂ ਉਨ੍ਹਾਂ ਦੇ ਕਿਸੇ ਕਰਮਚਾਰੀ ਨੇ ਉਨ੍ਹਾਂ ’ਤੇ ਛੱਤਰੀ ਤਾਣੀ ਹੋਈ ਸੀ। ਤਦ ਮੈਂ ਆਪਣਾ ਸੇਵਾਦਾਰ ਭੇਜਿਆ ਕਿ ਛੱਤਰੀ ਬੰਦ ਕਰੋ। ਉਸ ਨੇ ਬੰਦ ਕਰ ਦਿੱਤੀ।

ਗਿਆਨੀ ਜੀ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ। ਸਿਰੋਪਾਓ ਦੇਣ ਦਾ ਤਾਂ ਸਵਾਲ ਹੀ ਨਹੀਂ ਸੀ। ਉਨ੍ਹਾਂ ਨੇ ਕਿਸੇ ਅਫਸਰ ਨੂੰ ਕਿਹਾ ਕਿ ਮੈਨੂੰ ਗਿਆਨੀ ਸਾਹਿਬ ਸਿੰਘ ਨਾਲ ਮਿਲਾਓ। ਗਿਆਨੀ ਜੀ ਨੇ ਸਭ ਤੋਂ ਪਹਿਲੋਂ ਮੈਥੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਬਾਰੇ ਪੁੱਛਿਆ। ਮੈਂ ਉਨ੍ਹਾਂ ਨੂੰ ਦੱਸਿਆ ਕਿ ਉਹ ਠੀਕ-ਠਾਕ ਹਨ।

ਫਿਰ ਉਨ੍ਹਾਂ ਫੌਜੀ ਹਮਲੇ ਬਾਰੇ ਹਾਲਾਤ ਪੁੱਛੇ ਜੋ ਮੈਂ ਵੇਰਵੇ ਸਹਿਤ ਦੱਸੇ। ਮੈਂ ਉਨ੍ਹਾਂ ਨੂੰ ਦੱਸਿਆ ਕਿ ਫੌਜੀ ਨੰਗੇ ਸਿਰ ਬੂਟਾਂ ਸਮੇਤ ਹੀ ਅੰਦਰ ਹਨ, ਬੀੜੀ ਸਿਗਰਟ ਅਤੇ ਸ਼ਰਾਬਾਂ ਪੀ ਰਹੇ ਹਨ। ਇਨ੍ਹਾਂ ਦਾ ਰਵੱਈਆ ਬੜਾ ਹੀ ਬਦਤਮੀਜ਼ੀ ਵਾਲਾ ਹੈ। ਜਿਸ ਵੀ ਸਿੰਘ ਨੂੰ ਕਿਤੇ ਵੇਖਦੇ ਹਨ, ਗੋਲੀ ਮਾਰ ਦਿੰਦੇ ਹਨ। ਸੈਂਕੜੇ ਹੀ ਨਿਰਦੋਸ਼ ਸਿੰਘਾਂ ਨੂੰ ਮਾਰਿਆ ਹੈ। ਪਾਵਨ ਅਸਥਾਨਾਂ ਅਤੇ ਸਰੋਵਰ ਦੀ ਬੇਅਦਬੀ ਕਰਦੇ ਰਹੇ ਹਨ। ਮੁਗ਼ਲਾਂ ਤੋਂ ਵੀ ਵੱਧ ਜ਼ੁਲਮ ਕੀਤੇ ਹਨ। ਇਹ ਸਭ ਜ਼ੁਲਮ ਤੁਹਾਡੇ ਹੁੰਦਿਆਂ, ਇਕ ਸਿੱਖ ਰਾਸ਼ਟਰਪਤੀ ਦੇ ਹੁੰਦਿਆਂ ਹੋਏ ਹਨ।

ਗਿਆਨੀ ਜੀ ਨੇ ਦੱਸਿਆ ਕਿ ਸ੍ਰੀਮਤੀ ਗਾਂਧੀ ਨੇ ਉਨ੍ਹਾਂ ਨੂੰ ਕੁਝ ਦੱਸਿਆ ਹੀ ਨਹੀਂ ਸੀ। ਉਹ ਕਹਿਣ ਲੱਗੇ, ਮੈਂ ਕੱਲ੍ਹ 7 ਜੂਨ ਨੂੰ ਹੀ ਆਉਣਾ ਸੀ, ਅੱਜ ਵੀ ਬੜੀ ਮੁਸ਼ਕਲ ਨਾਲ ਆਇਆ ਹਾਂ।

ਗਿਆਨੀ ਜੀ ਨੂੰ ਮੈਂ ਦੱਸਿਆ ਕਿ ਇਹ ਫੌਜੀ ਸਾਡੇ ਸਟਾਫ ਅਤੇ ਮੇਰੇ ਨਾਲ ਬੜੀ ਬਕਵਾਸ ਕਰਦੇ ਹਨ, ਬਦਕਲਾਮੀ ਕਰਦੇ ਹਨ, ਸਾਨੂੰ ਡਿਊਟੀ ਕਰਨੀ ਵੀ ਔਖੀ ਹੈ। ਸਾਨੂੰ ਵੀ ਗ੍ਰਿਫਤਾਰ ਕਰ ਲਓ। ਉਨ੍ਹਾਂ ਨੇ ਉਸੇ ਵੇਲੇ ਚਾਰੇ ਜਰਨੈਲਾਂ ਸੁੰਦਰ, ਦਿਆਲ, ਬਰਾੜ ਤੇ ਜਮਵਾਲ ਨੂੰ ਕਿਹਾ ਕਿ ਇਨ੍ਹਾਂ ਦੀ ਪੂਰੀ ਸੁਰੱਖਿਆ ਦਾ ਪ੍ਰਬੰਧ ਕਰੋ।

ਮੈਂ ਗਿਆਨੀ ਜੀ ਨੂੰ ਦੱਸਿਆ ਸੀ ਕਿ ਫੌਜ ਨੇ ਕੰਪਲੈਕਸ ਵਿਚ ਅਤੇ ਲਾਗੇ ਸਾਡੇ ਸਟਾਫ ਦੇ, ਇਥੋਂ ਤਕ ਕਿ ਗ੍ਰੰਥੀ ਸਿੰਘਾਂ ਦੇ ਘਰ ਲੁੱਟ ਲਏ ਹਨ। ਗਿਆਨੀ ਸੋਹਨ ਸਿੰਘ ਨੂੰ ਬਹੁਤ ਹੀ ਮਾਰਿਆ ਹੈ ਅਤੇ ਗ੍ਰਿਫਤਾਰ ਕਰ ਕੇ ਲੈ ਗਏ ਹਨ। ਇਹ ਪਿਛਲੇ ਬਜ਼ਾਰ ਨੂੰ ਸਾੜਨਾ ਚਾਹੁੰਦੇ ਹਨ।

ਗਿਆਨੀ ਜੀ ਨੇ ਗੋਲੀ ਲੱਗੀ ਜ਼ਖਮੀ ਬੀੜ ਦੇ ਵੀ ਦਰਸ਼ਨ ਕੀਤੇ। ਉਨ੍ਹਾਂ ਨੇ ਅੰਦਰ ਦੀ ਹਾਲਤ ਵੇਖ ਲਈ ਸੀ। ਦਿੱਲੀ ਜਾ ਕੇ ਇਕ ਛੋਟੀ ਪੇਟੀ ਰੁਮਾਲਿਆਂ ਦੀ ਭੇਜੀ। ਮੈਂ ਸੋਚਿਆ ਕਿ ਭਾਵੇਂ ਗਿਆਨੀ ਜੀ ਇਕ ਸਿੱਖ ਹਨ, ਪਰ ਰੁਮਾਲੇ ਹਨ ਤਾਂ ਸਰਕਾਰੀ, ਇਸ ਲਈ ਨਹੀਂ ਵਰਤੇ।

ਕੇਂਦਰੀ ਮੰਤਰੀ ਬੂਟਾ ਸਿੰਘ 9 ਜੂਨ ਨੂੰ ਪਹਿਲੀ ਵਾਰ ਇਥੇ ਆਇਆ। ਫਿਰ ਤਾਂ ਲੱਗਭਗ ਹਰ ਰੋਜ਼ ਹੀ ਆਉਂਦਾ ਰਿਹਾ। 9 ਜੂਨ ਨੂੰ ਮੈਂ, ਗਿਆਨੀ ਕਿਰਪਾਲ ਸਿੰਘ ਜੀ, ਸ. ਭਾਨ ਸਿੰਘ ਅਤੇ ਸ. ਅਬਿਨਾਸ਼ੀ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਬੈਠ ਕੇ ਬੂਟਾ ਸਿੰਘ ਨਾਲ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਫਿਰ ਤਾਂ ਤੋਸ਼ਾਖਾਨਾ, ਕੇਂਦਰੀ ਸਿੱਖ ਅਜਾਇਬ ਘਰ ਅਤੇ ਇਤਿਹਾਸਕ ਸ਼ਸਤਰਾਂ ਬਾਰੇ ਕਮੇਟੀਆਂ ਬਣ ਗਈਆਂ ਤੇ ਹੌਲੀ-ਹੌਲੀ ਪ੍ਰਬੰਧ ਵਿਚ ਸੁਧਾਰ ਕਰਦੇ ਗਏ। ਮੈਂ 7 ਜੂਨ ਨੂੰ ਹੀ ਮਿਲਟਰੀ ਵਾਲੇ ਅਧਿਕਾਰੀਆਂ ਨੂੰ ਕਹਿ ਦਿੱਤਾ ਸੀ ਕਿ ਅਸੀਂ ਪੰਜ ਸਿੰਘ ਸਾਹਿਬਾਨ ਇਕੱਠੇ ਹੋ ਕੇ ਕੋਈ ਫ਼ੈਸਲਾ ਕਰ ਸਕਦੇ ਹਾਂ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੁਪਰੀਮ ਅਥਾਰਿਟੀ ਹਨ, ਉਹ ਇਕੱਲੇ ਹੀ ਕੋਈ ਫ਼ੈਸਲਾ ਲੈ ਸਕਦੇ ਹਨ। 16 ਜੂਨ ਤਕ ਅਸੀਂ ਸਾਰੇ ਸਿੰਘ ਸਾਹਿਬਾਨ ਇਥੇ ਇਕੱਠੇ ਹੋ ਗਏ ਸੀ।

ਉਸ ਸਮੇਂ ਪੰਜਾਬ ਦੇ ਹਾਲਾਤ ਬੜੇ ਹੀ ਭਿਆਨਕ ਸਨ। ਗਿਆਨੀ ਕਿਰਪਾਲ ਸਿੰਘ ਜੀ ਟੀ.ਵੀ. ’ਤੇ ਬਿਆਨ ਪੜ੍ਹ ਚੁੱਕੇ ਸਨ। ਆਪਣੇ ਪ੍ਰਬੰਧਕਾਂ (ਸ. ਭਾਨ ਸਿੰਘ ਤੇ ਸ. ਅਬਿਨਾਸ਼ੀ ਸਿੰਘ ਹੋਰਾਂ) ਦੀ ਸਲਾਹ ’ਤੇ ਹੀ ਮੈਂ ਵੀ ਬਿਆਨ ਦਿੱਤਾ ਸੀ ਤਾਂ ਜੋ ਹਾਲਾਤ ਨਾਰਮਲ ਹੋਣ ਵਿਚ ਕੁਝ ਸਹਾਇਤਾ ਹੋ ਸਕੇ। ਵੈਸੇ ਫੌਜੀ ਅਧਿਕਾਰੀ ਪਹਿਲਾਂ ਬਿਆਨ ਚੈੱਕ ਕਰਦੇ ਸਨ। ਮੈਨੂੰ ਕਹਿ ਰਹੇ ਸਨ- “ਇਸ ਮੇਂ ਤੋ ਕੁਛ ਹੈ ਹੀ ਨਹੀਂ, ਔਰ ਬਿਆਨ ਦੋ!”

ਇਸ ਤਰ੍ਹਾਂ 29 ਸਤੰਬਰ ਨੂੰ ਕੰਪਲੈਕਸ ਸਾਡੇ ਹਵਾਲੇ ਕੀਤਾ ਗਿਆ। ਪਹਿਲੀ ਅਕਤੂਬਰ ਤੋਂ ਪਵਿੱਤਰ ਮਰਯਾਦਾ, ਜਿਨ੍ਹਾਂ ਵਿਚ ਫੌਜੀ ਹਮਲੇ ਕਾਰਨ ਵਿਘਨ ਪੈ ਗਿਆ ਸੀ, ਬਹਾਲ ਕੀਤੀਆਂ ਗਈਆਂ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਸਾਬਕਾ ਹੈੱਡ ਗ੍ਰੰਥੀ, -ਵਿਖੇ: ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)