1 ਜੂਨ, 1984 ਈ. ਨੂੰ ਮੈਂ ਆਪਣੇ ਸਾਥੀਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਡਿਊਟੀ ‘ਤੇ ਗਿਆ। ਬਾਰ੍ਹਾਂ ਵਜੇ ਡਿਊਟੀ ਸਮਾਪਤ ਹੋਣ ਤੋਂ ਬਾਅਦ ਮੈਂ ਆਪਣੇ ਸਾਥੀ ਅਵਤਾਰ ਸਿੰਘ (ਚਾਚੇ ਦੇ ਪੁੱਤ ਭਰਾ) ਨੂੰ ਕਿਹਾ ਕਿ ਆਪਾਂ ਘਰ ਚੱਲੀਏ, ਹਾਲਾਤ ਵਿਗੜ ਸਕਦੇ ਹਨ। ਉਹ ਨਹੀਂ ਮੰਨਿਆ ਅਤੇ ਉਹ ਜ਼ਿੱਦ ਕਰ ਕੇ ਸਾਨੂੰ ਗੁਰੂ ਰਾਮਦਾਸ ਲੰਗਰ ਵੱਲ ਲੈ ਗਿਆ ਅਤੇ ਕਹਿਣ ਲੱਗਾ, “ਆਪਾਂ ਲੰਗਰ ਛਕੀਏ।” ਅਸੀਂ ਲੰਗਰ ਦੇ ਬਾਹਰਲੇ ਗੇਟ ‘ਤੇ ਹੀ ਸੀ ਤੇ ਪੌਣੇ ਇਕ ਕੁ ਵਜੇ ਦਾ ਸਮਾਂ ਹੋਵੇਗਾ ਕਿ ਗੋਲੀ ਚੱਲਣੀ ਸ਼ੁਰੂ ਹੋ ਗਈ। ਮੇਰੇ ਸਾਥੀ ਦੇ ਪੈਰਾਂ ਵਿਚ ਪਤਾ ਨਹੀਂ ਕੀ ਵੱਜਾ ਕਿ ਖੂਨ ਵਗਣ ਲੱਗਾ ਪਰ ਉਹ ਪੈਰ ਦੀ ਸੱਟ ਦੀ ਪਰਵਾਹ ਕੀਤੇ ਬਗ਼ੈਰ ਸਾਡੇ ਨਾਲ ਲੰਗਰ ਹਾਲ ਵਿਚ ਚਲਾ ਗਿਆ। ਲੰਗਰ ਛਕ ਕੇ ਬਾਹਰ ਆਏ ਤਾਂ ਹਾਲਾਤ ਐਸੇ ਬਣ ਚੁਕੇ ਸਨ ਕਿ ਘਰ ਜਾਣਾ ਵੀ ਮੁਸ਼ਕਲ ਹੋ ਗਿਆ ਸੀ। ਸ਼ਾਮ ਨੂੰ ਅਸੀਂ ਆਪਣੇ ਘਰਾਂ ਨੂੰ ਜਾ ਸਕੇ। ਅਗਲੇ ਦਿਨ 2 ਜੂਨ ਨੂੰ ਅਸੀਂ ਆਪਣੀਆਂ ਡਿਊਟੀਆਂ ‘ਤੇ ਆ ਗਏ ਅਤੇ 4 ਜੂਨ ਤਕ ਆਪਣੀਆਂ ਡਿਊਟੀਆਂ ਕਰਦੇ ਰਹੇ। 4 ਜੂਨ ਨੂੰ ਸਵੇਰੇ ਲੱਗਭਗ ਪੌਣੇ ਪੰਜ ਵਜੇ ਪਹਿਲਾ ਵੱਡਾ ਫਾਇਰ ਹੋਇਆ। ਅਸੀਂ ਸਾਰੇ ਅੱਭੜਵਾਹੇ ਉੱਠੇ। ਸਾਨੂੰ ਕੁਝ ਵੀ ਨਾ ਸੁਝਿਆ। ਉਸ ਸਮੇਂ ਸਾਡੇ ਨਾਲ ਭਾਈ ਸੁਰਿੰਦਰ ਸਿੰਘ ਜੋਧਪੁਰੀ ਤੇ ਉਥੇ ਡਿਊਟੀ ਕਰ ਰਹੇ ਸੇਵਾਦਾਰ ਵੀ ਮੌਜੂਦ ਸਨ। ਫਾਇਰਿੰਗ ਕੁਝ ਘਟੀ ਤਾਂ ਅਸੀਂ ਅੰਦਰ ਡਿਊਟੀ ‘ਤੇ ਚਲੇ ਗਏ।
5 ਜੂਨ ਨੂੰ ਸਾਰਾ ਦਿਨ ਮੈਂ ਕਦੀ ਸਹਾਇਕ ਰਾਗੀ, ਕਦੇ ਤਬਲੇ ਵਾਲੇ ਦੀ ਜਗ੍ਹਾ ਡਿਊਟੀ ਕਰਦਾ ਰਿਹਾ। ਜ਼ਿਆਦਾ ਡਿਊਟੀ ਮੈਂ ਜਥੇਦਾਰ ਰਾਗੀ ਦੀ ਨਿਭਾਉਂਦਾ ਰਿਹਾ। 5 ਜੂਨ ਦੀ ਸ਼ਾਮ 5-6 ਵਜੇ ਬਾਹਰ ਬਾਥਰੂਮ ਗਿਆ। ਉਸ ਤੋਂ ਬਾਅਦ ਮੈਂ ਦਰਸ਼ਨੀ ਡਿਉਢੀ ਚਲਾ ਗਿਆ। ਫਾਇਰਿੰਗ ਇੰਨੀ ਤੇਜ਼ ਸੀ ਕਿ ਮੈਂ ਹਰਿਮੰਦਰ ਸਾਹਿਬ ਡਿਊਟੀ ‘ਤੇ ਨਾ ਜਾ ਸਕਿਆ। ਸਾਰੇ ਪਾਸਿਆਂ ਦੀ ਬੱਤੀ ਬੰਦ ਕਰ ਦਿੱਤੀ ਗਈ। ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ। ਹਨੇਰੇ ਵਿਚ ਜਦ ਅਸੀਂ ਪਾਣੀ ਦੀ ਤਲਾਸ਼ ਦੌਰਾਨ ਰੈਬਰ ਵਿਚ ਹੱਥ ਮਾਰਿਆ ਤਾਂ ਰੈਬਰ ਖ਼ਾਲੀ ਸੀ। ਅਸੀਂ ਇਕ ਛੋਟਾ ਜਿਹਾ ਟੱਬ ਜਿਸ ਵਿਚ ਬਰਤਨ ਆਦਿ ਧੋਤੇ ਸਨ, ਵਿੱਚੋਂ ਮੂੰਹ ਗਿੱਲਾ ਕਰ ਕੇ ਗੁਜ਼ਾਰਾ ਕਰਦੇ ਰਹੇ। 5 ਜੂਨ ਨੂੰ ਫਾਇਰਿੰਗ ਇੰਨੀ ਤੇਜ਼ ਸੀ ਕਿ ਚੱਲ ਰਹੇ ਗੋਲਿਆਂ ਬਾਰੇ ਪਤਾ ਨਹੀਂ ਸੀ ਲੱਗ ਰਿਹਾ ਕਿ ਇਹ ਗੋਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਪਾਸਿਓਂ ਆ ਰਿਹਾ ਸੀ ਜਾਂ ਸ੍ਰੀ ਦਰਬਾਰ ਸਾਹਿਬ ਵਾਲੇ ਪਾਸਿਓਂ। ਬੰਬਾਂ ਦੇ ਖੜਾਕ ਅਤੇ ਧਮਕ ਕਾਰਨ ਘੱਟਾ-ਮਿੱਟੀ ਬਹੁਤ ਜ਼ਿਆਦਾ ਉੱਡ ਰਿਹਾ ਸੀ। ਗੋਲਿਆਂ ਦੇ ਖੜਾਕ ਦੇ ਭੈਅ ਕਾਰਨ ਸਾਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਰਾਤ ਬਹੁਤ ਲੰਬੀ ਹੋ ਗਈ ਹੋਵੇ। 6 ਜੂਨ ਨੂੰ ਸਾਢੇ ਕੁ ਚਾਰ ਵਜੇ ਦਿਨ ਦੀ ਲੋਅ ਲੱਗੀ ਤਾਂ ਅਸੀਂ ਮਹਿਸੂਸ ਕੀਤਾ ਕਿ ਦਰਸ਼ਨੀ ਡਿਉਢੀ ਸਾਡੇ ਲਈ ਹੁਣ ਸੁਰੱਖਿਅਤ ਨਹੀਂ, ਸਾਨੂੰ ਇਥੋਂ ਚਲੇ ਜਾਣਾ ਚਾਹੀਦਾ ਹੈ। ਮੇਰੇ ਨਾਲ ਇਕ ਸਾਥੀ ਬਲਵੰਤ ਸਿੰਘ ‘ਸੂਰਮਾ ਸਿੰਘ’ ਵੀ ਸੀ। ਇਸ ‘ਸੂਰਮਾ ਸਿੰਘ’ ਨੇ ਮੇਰਾ ਕਮੀਜ਼ ਫੜਿਆ, ਅਸੀਂ ਦਰਸ਼ਨੀ ਡਿਉਢੀ ਤੋਂ ਦੱਖਣੀ ਬਾਹੀ ਦੀ ਡਿਉਢੀ ਵੱਲ ਇੰਨੀ ਤੇਜ਼ੀ ਨਾਲ ਭੱਜੇ ਕਿ ਮੇਰੇ ਸਾਥੀ ‘ਸੂਰਮਾ ਸਿੰਘ’ ਤੋਂ ਮੇਰਾ ਕਮੀਜ਼ ਛੁੱਟ ਗਿਆ। ਗੋਲੀਆਂ ਦੀ ਬੁਛਾੜ ਇੰਨੀ ਤੇਜ਼ ਸੀ ਕਿ ਸਾਡੇ ਵਿੱਚੋਂ ਕਿਸੇ ਦੀ ਵੀ ਹਿੰਮਤ ਨਾ ਪਈ ਕਿ ‘ਸੂਰਮਾ ਸਿੰਘ’ ਨੂੰ ਲਿਆ ਸਕਦੇ। ਜਦ ਅਸੀਂ ਦਰਸ਼ਨੀ ਡਿਉਢੀ ਤੋਂ ਭੱਜੇ ਤਾਂ ਮੈਂ ਦੇਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੰਜ-ਛੇ ਲਾਸ਼ਾਂ ਫੌਜੀਆਂ ਦੀਆਂ ਅਤੇ ਇਕ ਲਾਸ਼ ਸਿੰਘ ਦੇ ਬਾਣੇ ਵਿਚ ਪਤਾ ਨਹੀਂ ਕਿਸ ਦੀ ਪਈ ਸੀ। ਜਦ ਅਸੀਂ ਕਮਰੇ ਅੰਦਰ ਪ੍ਰਵੇਸ਼ ਕੀਤਾ ਤਾਂ ਅੰਦਰ ਬੈਠੇ 15-16 ਆਦਮੀਆਂ ਨੇ ਇਸ਼ਾਰੇ ਨਾਲ ਸਮਝਾਇਆ ਕਿ ਥਮ੍ਹਲੇ ਦੇ ਓਹਲੇ ਹੋ ਜਾਓ, ਸਾਹਮਣੇ ਮਿਲਟਰੀ ਵਾਲੇ ਹਮਲਾ ਕਰਦੇ ਆ ਰਹੇ ਹਨ। ਗੋਲੀਆਂ, ਬੰਬਾਂ ਦੀ ਆਵਾਜ਼ ਇੰਨੀ ਭਿਆਨਕ ਸੀ ਕਿ ਦਰਵਾਜ਼ੇ ਕੋਲ ਪਏ ਪੀਪੇ ਵਿੱਚੋਂ ਥੋੜ੍ਹੇ ਜਿਹੇ ਪਾਣੀ ਨੂੰ ਲਿਆਉਣ ਦੀ ਹਿੰਮਤ ਕੋਈ ਨਹੀਂ ਸੀ ਕਰ ਰਿਹਾ। ਸਾਰੇ ਇਕ ਦੂਸਰੇ ਨੂੰ ਕਹਿ ਰਹੇ ਸਨ ਕਿ ਪਾਣੀ ਪਿਲਾਓ। ਪਹਿਲਾਂ ਬੈਠਿਆਂ ਵਿਚ ਮੇਰਾ ਕੋਈ ਵੀ ਵਾਕਿਫ਼ ਨਹੀਂ ਸੀ, ਪਰ ਫਿਰ ਵੀ ਮੈਂ ਆਪਣੇ ਆਪ ਨੂੰ ਖ਼ਤਰੇ ਵਿਚ ਪਾ ਕੇ ਅਰਕਾਂ ਭਾਰ ਚੱਲਦਾ ਹੋਇਆ ਪਾਣੀ ਵਾਲਾ ਪੀਪਾ ਚੁੱਕ ਲਿਆਇਆ। ਇਸ ਪੀਪੇ ਵਿਚ ਅੱਧੇ ਤੋਂ ਜ਼ਿਆਦਾ ਮਿੱਟੀ-ਘੱਟਾ ਤੇ ਦੋ ਕੁ ਲਿਟਰ ਪਾਣੀ ਮੌਜੂਦ ਸੀ। ਅਸੀਂ ਹਾਲਾਤ ਤੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਥੋੜ੍ਹਾ-ਥੋੜ੍ਹਾ ਹੀ ਪਾਣੀ ਪੀਤਾ।
ਜੂਨ ਨੂੰ ਸ਼ਾਮੀਂ 4 ਵਜੇ ਤੋਂ 4-30 ਵਜੇ ਦੇ ਦਰਮਿਆਨ ਅਨਾਊਂਸਮੈਂਟ ਹੋਈ ਕਿ ਜੋ ਵੀ ਵਿਅਕਤੀ ਅੰਦਰ ਮੌਜੂਦ ਹੈ, ਹੱਥ ਖੜ੍ਹੇ ਕਰ ਕੇ ਬਾਹਰ ਆ ਜਾਓ। ਅਸੀਂ ਸਾਰੇ ਬਾਹਰ ਨਿਕਲਣ ਲੱਗੇ ਤਾਂ ਅੰਦਰ ਬੈਠੇ ਇਕ ਜ਼ਖਮੀ ਸਿੰਘ ਨੇ ਮੈਨੂੰ ਤਰਲੇ ਮਾਰਦਿਆਂ ਕਿਹਾ ਕਿ ਮੈਨੂੰ ਵੀ ਬਾਹਰ ਲੈ ਜਾਓ, ਨਹੀਂ ਤਾਂ ਮੈਨੂੰ ਮਿਲਟਰੀ ਵਾਲੇ ਅੰਦਰ ਦੇਖ ਕੇ ਮਾਰ ਦੇਣਗੇ। ਬੰਦੇ ਦੀ ਜਾਨ ਬਚਾਉਣੀ ਪੁੰਨ ਸਮਝਦਿਆਂ ਮੈਂ ਉਸ ਨੂੰ ਘਨੇੜੇ ਚੁੱਕ ਲਿਆ। ਬਾਹਰ ਜਾ ਕੇ ਜਦ ਮੈਂ ਹੱਥ ਖੜ੍ਹੇ ਕਰਨ ਲੱਗਾ ਤਾਂ ਫੱਟੜ ਸਿੰਘ ਦਾ ਸਾਰਾ ਭਾਰ ਮੇਰੀ ਗਰਦਨ ‘ਤੇ ਆ ਪਿਆ। ਮੈਂ ਬਹੁਤ ਮੁਸ਼ਕਲ ਨਾਲ ਸੰਭਾਲਦਾ ਹੋਇਆ ਉਸ ਨੂੰ ਸ਼ਹੀਦ ਬੁੰਗੇ ਤਕ ਲੈ ਗਿਆ। ਉਥੇ ਜਾਂਦਿਆਂ ਹੀ ਸਾਡੀਆਂ ਸਿਰ ਵਾਲੀਆਂ ਦਸਤਾਰਾਂ ਨਾਲ ਬਾਹਾਂ ਨੂੰ ਪਿੱਛੇ ਕਰ ਕੇ ਬੰਨ੍ਹ ਦਿੱਤਾ ਗਿਆ। ਸਾਵਧਾਨ ਬੈਠਣ ਦੀ ਹਦਾਇਤ ਕੀਤੀ ਗਈ। ਸਾਡੇ ਨਾਲੋਂ ਪਹਿਲਾਂ ਬੈਠੇ ਵਿਅਕਤੀ ‘ਪਾਣੀ-ਪਾਣੀ’ ਕੁਰਲਾ ਰਹੇ ਸਨ। ਮਿਲਟਰੀ ਵਾਲਿਆਂ ਨੇ ਸਾਡੇ ਹੱਥ ਨਹੀਂ ਖੋਲ੍ਹੇ। ਉਹ ਆਪੇ ਹੀ ਪਾਣੀ ਦੇ ਗਿਲਾਸ ਸਾਡੇ ਮੂੰਹ ਨੂੰ ਲਗਾ ਕੇ ਪਾਣੀ ਪਿਲਾ ਰਹੇ ਸਨ। ਜਦ ਸਾਨੂੰ ਪਾਣੀ ਦਿੱਤਾ ਤਾਂ ਉਸ ਵਿੱਚੋਂ ਲਾਸ਼ਾਂ ਦੀ ਬੋ ਆ ਰਹੀ ਸੀ। ਅਸੀਂ ਨਾ ਚਾਹੁੰਦਿਆਂ ਹੋਇਆਂ ਵੀ ਜਾਨ ਬਚਾਉਣ ਦੀ ਖ਼ਾਤਰ ਅੱਧਾ-ਅੱਧਾ ਗਿਲਾਸ ਪਾਣੀ ਪੀਤਾ। 7 ਜੂਨ ਨੂੰ ਭਾਈ ਦਰਸ਼ਨ ਸਿੰਘ ਸੇਵਾਦਾਰ, 5 ਵਜੇ ਤੋਂ 6 ਵਜੇ ਦੇ ਦਰਮਿਆਨ ਬੈਠੇ ਸਿੰਘਾਂ ਕੋਲ ਪਹਿਰਾ ਦੇ ਰਹੇ ਮਿਲਟਰੀ ਵਾਲਿਆਂ ਕੋਲ ਗਿਆ, ਜਿਸ ਕੋਲ ਸਿੰਘ ਸਾਹਿਬ ਗਿਆਨੀ ਸਾਹਿਬ ਸਿੰਘ ਦੁਆਰਾ ਤਿਆਰ ਕੀਤੀ ਲਿਸਟ ਸੀ। ਉਸ ਸੇਵਾਦਾਰ ਨੇ ਮਿਲਟਰੀ ਵਾਲਿਆਂ ਨੂੰ ਲਿਸਟ ਦਿਖਾਉਂਦੇ ਹੋਏ ਕਿਹਾ ਕਿ ਮਿਲਟਰੀ ਅਫ਼ਸਰ ਆ ਰਹੇ ਹਨ, ਕੀਰਤਨ ਸ਼ੁਰੂ ਕਰਨਾ ਹੈ, ਫਲਾਣੇ-ਫਲਾਣੇ ਬੰਦੇ ਛੱਡ ਦਿਓ। ਮੇਰਾ ਮਿੱਟੀ ਨਾਲ ਮੂੰਹ ਭਰਿਆ ਪਿਆ ਸੀ। ਮੈਂ ਆਪਣਾ ਮੂੰਹ ਮੋਢੇ ਨਾਲ ਸਾਫ਼ ਕਰਦਿਆਂ ਕਿਹਾ ਕਿ ‘ਮੈਂ ਗੁਰਚਰਨ ਸਿੰਘ ਰਾਗੀ ਹਾਂ। ਜੇ ਕੀਰਤਨ ਅਰੰਭ ਕਰਨਾ ਹੈ ਤਾਂ ਮੈਂ ਆਵਾਂ?’ ਇੰਨਾ ਕਹਿਣ ਦੀ ਦੇਰ ਸੀ ਕਿ ਮਿਲਟਰੀ ਵਾਲੇ ਨੇ ਮੇਰੇ ਮੋਢੇ ‘ਤੇ ਬੱਟ ਕੱਢ ਮਾਰਿਆ। ਸੇਵਾਦਾਰ ਨੇ ਮੇਰੇ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਸ ਨੂੰ ਛੱਡ ਦਿਓ। ਮੈਂ ਉੱਠ ਕੇ ਉਸ ਸੇਵਾਦਾਰ ਦੇ ਨਾਲ ਚਲਾ ਗਿਆ। ਮਿਲਟਰੀ ਵਾਲੇ ਮੇਰੇ ਵੱਲ ਇਸ ਤਰ੍ਹਾਂ ਦੇਖ ਰਹੇ ਸਨ ਜਿਵੇਂ ਮੈਂ ਉਨ੍ਹਾਂ ਦਾ ਬਹੁਤ ਵੱਡਾ ਗੁਨਾਹਗਾਰ ਹੋਵਾਂ। ਕਾਫ਼ੀ ਦਿਨ ਗਰਮੀ ਵਿਚ ਅਤੇ ਮਿੱਟੀ-ਘੱਟੇ ਵਿਚ ਰਹੇ ਸੀ। ਮੈਂ ‘ਹਰਿ ਕੀ ਪੌੜੀ’ ਮੂੰਹ-ਹੱਥ ਧੋਤਾ ਅਤੇ ਕਮੀਜ਼ ਪਜਾਮਾ ਪਾਣੀ ‘ਚ ਘਚੋਲ ਕੇ ਜੰਗਲੇ ‘ਤੇ ਪਾ ਦਿੱਤਾ। ਗਿਆਨੀ ਸਾਹਿਬ ਸਿੰਘ ਆਵਾਜ਼ਾਂ ਮਾਰ ਰਹੇ ਸਨ ਕਿ ਕੀਰਤਨ ਅਰੰਭ ਕਰੋ, ਅਫ਼ਸਰ ਆ ਰਹੇ ਹਨ। ਮੈਂ ਆਉਣ ਹੀ ਲੱਗਾ ਸੀ ਕਿ ਮੇਰਾ ਸੂਟ ਉੱਡ ਕੇ ਸਰੋਵਰ ਵਿਚ ਜਾ ਡਿੱਗਾ। ਫਿਰ ਮੈਂ ਸੇਵਾਦਾਰ ਨੂੰ ਆਵਾਜ਼ ਮਾਰੀ ਤੇ ਕਿਹਾ ਕਿ ਸਿਰ ‘ਤੇ ਦਸਤਾਰ ਨਹੀਂ ਹੈ। ਮੈਨੂੰ ਦੋ ਸਿਰੋਪੇ ਲਿਆ ਕੇ ਦਿਉ। ਮੈਂ ਸਿਰੋਪੇ ਸਿਰ ‘ਤੇ ਬੰਨ੍ਹ ਲਏ। ਫਿਰ ਮੈਂ ਉਸ ਸੇਵਾਦਾਰ ਨੂੰ ਕਿਹਾ ਕਿ ਮੇਰਾ ਸੂਟ ਸਰੋਵਰ ਵਿਚ ਜਾ ਡਿੱਗਾ ਹੈ, ਮੈਨੂੰ ਥੱਲੇ ਵਿਛਾਉਣ ਵਾਲੀ ਚਿੱਟੀ ਚਾਦਰ ਲਿਆ ਦਿਉ। ਉਸ ਨੇ ਚਾਦਰ ਲਿਆ ਕੇ ਦਿੱਤੀ। ਮੈਂ ਚਾਦਰ ਨੰਗੇ ਸਰੀਰ ‘ਤੇ ਲਪੇਟ ਕੇ ਸ੍ਰੀ ਦਰਬਾਰ ਸਾਹਿਬ ਅੰਦਰ ਜਾ ਕੇ ਕੀਰਤਨ ਅਰੰਭ ਕਰ ਦਿੱਤਾ। ਸਾਨੂੰ ਹੁਕਮ ਸੀ ਕਿ ਜਦ ਕੋਈ ਅਫ਼ਸਰ ਆਵੇ, ਕੀਰਤਨ ਅਰੰਭ ਕਰ ਦਿੱਤਾ ਜਾਵੇ। ਅਫ਼ਸਰ ਜਾਣ ਤੋਂ ਬਾਅਦ ਸ਼ਬਦ ਦੀ ਸਮਾਪਤੀ ਜ਼ਰੂਰ ਕਰਨੀ ਹੈ। ਇਕ ਵਾਰ ਇਕ ਅਫ਼ਸਰ ਆਇਆ, ਮੈਂ ਕੀਰਤਨ ਅਰੰਭ ਕਰ ਦਿੱਤਾ। ਕੀਰਤਨ ਕਰਦਿਆਂ-ਕਰਦਿਆਂ ਮੇਰੀ ਐਸੀ ਅੱਖ ਲੱਗੀ ਕਿ ਮੈਨੂੰ ਕੋਈ ਪਤਾ ਨਾ ਲੱਗਾ ਕਿ ਅਫ਼ਸਰ ਕਦੋਂ ਆਏ ਤੇ ਕਦੋਂ ਵਾਪਸ ਚਲੇ ਗਏ? ਮੇਰੇ ਸਾਥੀ ਨੇ ਮੇਰਾ ਗੋਡਾ ਨੱਪ ਕੇ ਕਿਹਾ ਕਿ ਸ਼ਬਦ ਦੀ ਸਮਾਪਤੀ ਕਰੋ।
ਜਦ ਅਸੀਂ ਪੇਸ਼ਾਬ ਆਦਿ ਜਾਣਾ ਹੁੰਦਾ ਤਾਂ ਮਿਲਟਰੀ ਵਾਲੇ ਘੰਟਾ-ਘਰ ਵਾਲੇ ਪਾਸੇ ਸਾਡੇ ਨਾਲ ਜਾਂਦੇ ਅਤੇ ਆਪਣੀ ਖੁਫ਼ੀਆ ਭਾਸ਼ਾ ਵਿਚ ਅਗਲੇ ਨੂੰ ਪਤਾ ਨਹੀਂ ਕੀ ਸਮਝਾਉਂਦੇ?
8 ਜੂਨ ਨੂੰ ਮੈਂ ਗਿਆਨੀ ਸਾਹਿਬ ਸਿੰਘ ਨੂੰ ਕਿਹਾ ਕਿ ਕਾਫ਼ੀ ਦਿਨ ਹੋ ਗਏ ਕੁਝ ਖਾਧਾ-ਪੀਤਾ ਨਹੀਂ ਤੇ ਨਾ ਹੀ ਇਸ਼ਨਾਨ ਕੀਤਾ ਹੈ, ਮੈਂ ਗਿਆਨੀ ਪੂਰਨ ਸਿੰਘ ਹੋਰਾਂ ਦੇ ਘਰੋਂ ਕੁਝ ਖਾ ਪੀ ਕੇ ਆਉਂਦਾ ਹਾਂ। ਮੈਂ ਕੱਪੜੇ ਬਦਲ ਕੇ ਅਜੇ ਅੱਧਾ ਫੁਲਕਾ ਹੀ ਖਾਧਾ ਸੀ ਕਿ ਸੁਨੇਹਾ ਪਹੁੰਚ ਗਿਆ ਕਿ ਜਲਦੀ ਪਹੁੰਚੋ, ਕੀਰਤਨ ਅਰੰਭ ਕਰਨਾ ਹੈ। ਮੈਂ ਉਸੇ ਵਕਤ ਉੱਠ ਖਲੋਤਾ ਅਤੇ ਬਚਦਾ ਅੱਧਾ ਫੁਲਕਾ ਜੇਬ ਵਿਚ ਇਹ ਸੋਚ ਕੇ ਪਾ ਲਿਆ ਕਿ ਜੇ ਸਮਾਂ ਲੱਗਾ ਤਾਂ ਖਾ ਲਵਾਂਗੇ। 10 ਜੂਨ ਨੂੰ ਮੈਂ ਸਿੰਘ ਸਾਹਿਬ ਜੀ ਨੂੰ ਕਿਹਾ ਕਿ ਮੈਂ ਘਰੇ ਜਾ ਕੇ ਨਹਾ-ਧੋ ਆਵਾਂ, ਨਾਲੇ ਘਰ ਦੱਸ ਆਵਾਂ, ਘਰ ਵਾਲੇ ਫਿਕਰ ਕਰਦੇ ਹੋਣਗੇ। ਸਿੰਘ ਸਾਹਿਬ ਗਿਆਨੀ ਸਾਹਿਬ ਸਿੰਘ ਨੇ ਕਿਹਾ, “ਤੂੰ ਜਾਹ! ਤੇਰੇ ਨਾਲ ਮਿਲਟਰੀ ਵਾਲੇ ਭੇਜ ਦਿੰਦੇ ਹਾਂ, ਕਿਉਂਕਿ ਹਾਲਾਤ ਬਹੁਤ ਮਾੜੇ ਹਨ, ਨਾ ਤਾਂ ਤੈਨੂੰ ਕਿਸੇ ਨੇ ਜਾਣ ਦੇਣਾ ਹੈ ਅਤੇ ਆਉਣ ਲੱਗਿਆਂ ਵੀ ਮੁਸ਼ਕਲ ਹੋਏਗੀ।” ਮੇਰੇ ਨਾਲ ਮਿਲਟਰੀ ਵਾਲੇ ਗਏ। ਮੈਂ ਇਸ਼ਨਾਨ-ਪਾਣੀ ਕੀਤਾ। ਮਿਲਟਰੀ ਵਾਲੇ ਮੈਨੂੰ ਉਸੇ ਸਮੇਂ ਵਾਪਸ ਸ੍ਰੀ ਹਰਿਮੰਦਰ ਸਾਹਿਬ ਲੈ ਆਏ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ