6 ਜੂਨ, 1984 ਨੂੰ ਅੱਖੀਂ ਦੇਖਿਆ ਹਾਲ : ਸੰਨ 1984 ਵਿਚ ਮੈਂ ਸ੍ਰੀ ਦਰਬਾਰ ਸਾਹਿਬ ਵਿਖੇ ਆਰਜ਼ੀ ਸੇਵਾਦਾਰ ਦੇ ਤੌਰ ‘ਤੇ ਲੰਗਰ ਦੀ ਸੇਵਾ ਕਰਦਾ ਸੀ। ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਪ੍ਰੇਮ ਪਿਆਰ ਸਦਕਾ ਮੈਨੂੰ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਵੀ ਸੇਵਾ ਕਰਨ ਦਾ ਮੌਕਾ ਮਿਲਦਾ ਸੀ। 5 ਜੂਨ ਦੀ ਸ਼ਾਮ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਸਾਡੇ ਕੋਲੋਂ ਅਲੱਗ ਹੋ ਚੁਕੇ ਸਨ। ਤੇਜਾ ਸਿੰਘ ਸਮੁੰਦਰੀ ਹਾਲ ਦੀ ਤੀਸਰੀ ਮੰਜ਼ਿਲ ‘ਤੇ ਅਸੀਂ ਅਕਾਲੀ ਦਲ ਦੇ ਕੁਝ ਵਰਕਰ ਸ. ਨਛੱਤਰ ਸਿੰਘ, ਸ. ਬੱਗਾ ਸਿੰਘ, ਸ. ਗੁਰਚਰਨ ਸਿੰਘ (ਸਕੱਤਰ, ਸ਼੍ਰੋਮਣੀ ਅਕਾਲੀ ਦਲ) ਆਦਿ ਬੈਠੇ ਸੀ। 6 ਜੂਨ ਨੂੰ ਤੜਕੇ 3 ਵਜੇ ਅਸੀਂ ਆਵਾਜ਼ ਸੁਣੀ ਕਿ “ਸਾਰੇ ਹੱਥ ਖੜ੍ਹੇ ਕਰਕੇ ਬਾਹਰ ਆ ਜਾਉ !” ਅਸੀਂ ਬਾਹਰ ਆ ਗਏ। ਸ੍ਰੀ ਗੁਰੂ ਰਾਮਦਾਸ ਸਰਾਂ ਵਿਚ, ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਪਾਸਿਓਂ ਦੀ ਅੰਦਰ ਦਾਖਲ ਹੁੰਦਿਆਂ ਹੀ ਸਾਡੀ ਤਲਾਸ਼ੀ ਲਈ ਗਈ ਅਤੇ ਸਾਡਿਆਂ ਸਾਰਿਆਂ ਦੇ ਗਲ਼ੋਂ ਕ੍ਰਿਪਾਨਾਂ ਉਤਾਰ ਕੇ ਖੜ੍ਹੇ ਗੰਦੇ ਪਾਣੀ ਵਿਚ ਸੁੱਟ ਦਿੱਤੀਆਂ।
ਜਦ ਅਸੀਂ ਗੁਰੂ ਰਾਮਦਾਸ ਸਰਾਂ ਦੇ ਅੰਦਰ ਖੁੱਲ੍ਹੀ ਜਗ੍ਹਾ ‘ਤੇ ਗਏ ਜਿਹੜੀ ਕਿ ਹੁਣ ਨਾਲੋਂ ਕੁਝ ਨੀਵੀਂ ਸੀ, ਦੇਖਿਆ ਕਿ ਸਰਾਂ ਦੇ ਬਿਸਤਰੇ ਸੜ ਰਹੇ ਸਨ ਜਿਸ ਦੀਆਂ ਲਾਟਾਂ ਛੱਤਾਂ ਨੂੰ ਛੂਹ ਰਹੀਆਂ ਸਨ। ਫੌਜੀਆਂ ਨੇ ਬੀਬੀਆਂ ਨੂੰ ਸਰਾਂ ਦੇ ਬਰਾਂਡੇ ਵਿਚ ਪਹਾੜ ਵਾਲੀ ਬਾਹੀ ਵੱਲ ਬਿਠਾਇਆ ਹੋਇਆ ਸੀ। ਇਸ ਸਮੇਂ ਮੈਂ ਬਹੁਤ ਹੀ ਖੌਫ਼ਨਾਕ ਤੇ ਦਿਲ-ਕੰਬਾਊ ਦ੍ਰਿਸ਼ ਦੇਖਿਆ। ਫੌਜੀ ਉਨ੍ਹਾਂ ਬੀਬੀਆਂ ਤੋਂ ਜਿਊਂਦੇ ਚਾਰ-ਪੰਜ ਮਾਸੂਮ ਬੱਚੇ (ਜੋ ਸਾਲ-ਡੇਢ ਸਾਲ ਦੀ ਉਮਰ ਦੇ ਹੀ ਹੋਣਗੇ) ਖੋਹ ਖੋਹ ਕੇ ਸੜ ਰਹੇ ਬਿਸਤਰਿਆਂ ਉੱਪਰ ਸੁੱਟ ਰਹੇ ਸਨ। ਫੌਜੀ ਬੀਬੀਆਂ ਕੋਲੋਂ ਬੱਚੇ ਖੋਹ ਰਹੇ ਸਨ ਪਰ ਬੀਬੀਆਂ ਬੱਚਿਆਂ ਨੂੰ ਨਹੀਂ ਛੱਡ ਰਹੀਆਂ ਸਨ ਤਾਂ ਇਕ ਫੌਜੀ ਬੀਬੀ ਦੀਆਂ ਬਾਹਾਂ ਫੜਦਾ ਤੇ ਦੂਸਰਾ ਉਸ ਪਾਸੋਂ ਬੱਚਾ ਖੋਂਹਦਾ, ਫਿਰ ਬਲਦੀ ਅੱਗ ਵਿਚ ਸੁੱਟ ਦਿੰਦਾ। ਇਸ ਸਮੇਂ ਬੀਬੀਆਂ ਦੀ ਕੁਰਲਾਹਟ ਨਾ-ਕਾਬਲੇ ਬਰਦਾਸ਼ਤ ਸੀ। ਉਨ੍ਹਾਂ ਦੀਆਂ ਚੀਕਾਂ ਇੰਨੀਆਂ ਦਿਲ-ਕੰਬਾਊ ਸਨ ਕਿ ਸਾਡੇ ਵੀ ਦਿਲ ਰੋਣੋਂ ਨਾ ਰਹਿ ਸਕੇ। ਰੋ-ਕੁਰਲਾ ਰਹੀਆਂ ਬੀਬੀਆਂ ਨੂੰ ਫੌਜੀ ਪੌੜੀਆਂ ਰਾਹੀਂ ਧੂਹ-ਧੂਹ ਕੇ ਸਰਾਂ ਦੀ ਦੂਸਰੀ ਮੰਜ਼ਿਲ ਦੇ ਕਮਰਿਆਂ ਅੰਦਰ ਲਿਜਾ ਰਹੇ ਸੀ। ਪਤਾ ਨਹੀਂ ਉਨ੍ਹਾਂ ਨਾਲ ਫੌਜੀਆਂ ਨੇ ਉਥੇ ਕੀ ਸਲੂਕ ਕੀਤਾ ਹੋਵੇਗਾ !
ਇਧਰ ਹੇਠਾਂ ਦੇਸ਼ ਦੀ ਨੌਜਵਾਨ ਪਨੀਰੀ ਨੂੰ ਲਾਈਨਾਂ ਵਿਚ ਲਗਾ ਕੇ ਗੋਲੀਆਂ ਨਾਲ ਭੁੰਨਿਆ ਜਾ ਰਿਹਾ ਸੀ। ਇਹ ਭਿਆਨਕ ਨਾ ਦੇਖਣਯੋਗ ਦ੍ਰਿਸ਼ ਅਸੀਂ ਮਜਬੂਰੀ ਦੀ ਹਾਲਤ ਵਿਚ ਦੇਖ ਰਹੇ ਸਾਂ ਤਾਂ ਅਚਾਨਕ ਥੋੜ੍ਹੀ ਦੇਰ ਬਾਅਦ ਸਰਾਂ ਦੀ ਉੱਪਰਲੀ ਮੰਜ਼ਿਲ ਤੋਂ ਇਕ ਸ਼ਕਤੀਸ਼ਾਲੀ ਬੰਬ ਸੁੱਟਿਆ ਗਿਆ। ਇਸ ਬੰਬ ਧਮਾਕੇ ਵਿਚ ਮੈਂ ਫੱਟੜ ਹੋ ਗਿਆ। ਮੇਰੇ ਸੱਜੇ ਮੋਢੇ ਅਤੇ ਮੂੰਹ ਦੇ ਸੱਜੇ ਪਾਸੇ ਵੀ ਕਾਫੀ ਵੱਡੇ ਜ਼ਖਮ ਹੋ ਗਏ ਸਨ। ਮੇਰੇ ਨਾਲ ਬੈਠੇ ਬਹੁਤ ਸਾਰੇ ਸਿੰਘ ਸ਼ਹੀਦ ਅਤੇ ਫੱਟੜ ਹੋ ਗਏ ਜਿਨ੍ਹਾਂ ਵਿਚ ਸ. ਨਛੱਤਰ ਸਿੰਘ, ਸ. ਬੱਗਾ ਸਿੰਘ ਤੇ ਸ. ਗੁਰਚਰਨ ਸਿੰਘ ਵੀ ਸ਼ਾਮਲ ਸਨ।
ਮੈਂ ਥੋੜ੍ਹੀ ਦੇਰ ਬਾਅਦ ਹੀ ਬੇਹੋਸ਼ ਹੋ ਗਿਆ। ਚੌਥੇ ਦਿਨ ਜਿਸ ਸਮੇਂ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਆਪਣੇ ਆਪ ਨੂੰ ਗੁਰੂ ਤੇਗ ਬਹਾਦਰ ਹਸਪਤਾਲ ਵਿਚ ਦਾਖਲ ਪਾਇਆ। ਅਜੇ ਮੇਰੇ ਜ਼ਖ਼ਮ ਰਿਸਦੇ ਸਨ ਕਿ ਮੈਨੂੰ ਹਸਪਤਾਲ ਤੋਂ ਸੈਂਟਰਲ ਜੇਲ੍ਹ ਅੰਮ੍ਰਿਤਸਰ ਭੇਜ ਦਿੱਤਾ ਗਿਆ। ਸਾਡੇ ਰੋਣ-ਕੁਰਲਾਉਣ ਦੇ ਬਾਵਜੂਦ ਵੀ ਜੇਲ੍ਹ ਅਧਿਕਾਰੀ ਕੋਈ ਧਿਆਨ ਨਹੀਂ ਸੀ ਦੇ ਰਹੇ। ਉਸ ਸਮੇਂ ਸਾਡੇ ਨਾਲ ਵਾਲਾ ਸਾਥੀ ਭਾਈ ਜਰਨੈਲ ਸਿੰਘ ਸੇਵਾਦਾਰ ਹੀ ਸਾਡੀ ਸਾਂਭ-ਸੰਭਾਲ ਕਰਦਾ ਰਿਹਾ।
ਜੇਲ੍ਹ ਤੋਂ ਰਿਹਾਅ ਹੋ ਕੇ ਮੈਂ ਆਪਣੇ ਪਿੰਡ ਸੰਗਤਪੁਰਾ (ਸੰਗਰੂਰ) ਵਿਖੇ ਗਿਆ। ਸਾਡੇ ਪਿੰਡ ਦਾ ਪੰਡਤਾਂ ਦਾ ਲੜਕਾ ਸ੍ਰੀ ਬਲਰਾਜ ਸ਼ਰਮਾ ਡਾਕਟਰ ਸੀ। ਉਸ ਨੇ ਮੇਰਾ ਸਾਰਾ ਇਲਾਜ ਬੜੇ ਪ੍ਰੇਮ ਨਾਲ, ਆਪਣੇ ਕੋਲੋਂ ਖਰਚ ਕਰ ਕੇ ਕੀਤਾ ਜੋ ਕਿ ਕਾਫੀ ਮਹਿੰਗਾ ਇਲਾਜ ਸੀ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ