3 ਜੂਨ, 1984 ਐਤਵਾਰ ਦਾ ਦਿਨ ਸੀ। ਸ੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਰੇਕ ਸਾਲ ਦੀ ਤਰ੍ਹਾਂ ਐਤਕੀਂ ਵੀ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਵਿਚਕਾਰ ਖੁੱਲ੍ਹੇ ਅਸਥਾਨ ’ਤੇ ਮਨਾਇਆ ਜਾਣਾ ਸੀ। ਅਸੀਂ ਕਰਫ਼ਿਊ ਲੱਗਾ ਹੋਣ ਕਰਕੇ ਉਥੇ ਨਾ ਜਾ ਸਕੇ। ਮਹੱਲੇ ਵਿੱਚੋਂ ਕੁਝ ਸਿੰਘਾਂ ਨੂੰ ਦੇਖ ਕੇ ਅਸੀਂ ਵੀ (ਕਰਫ਼ਿਊ ਵਿਚ ਦੋ ਘੰਟੇ ਦੀ ਢਿੱਲ ਹੋਣ ਕਰਕੇ) ਸ੍ਰੀ ਹਰਿਮੰਦਰ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ। ਮੇਰੇ ਨਾਲ ਲੱਗਭਗ ਤੇਰਾਂ ਸਾਲ ਦਾ ਇਕ ਲੜਕਾ ਕਾਕਾ ਗੁਰਮੁਖ ਸਿੰਘ ਸੀ। ਅਸੀਂ ਤਕਰੀਬਨ ਪੌਣੇ ਸੱਤ ਵਜੇ ਸ਼ਾਮ ਨੂੰ ਸਾਈਕਲਾਂ ’ਤੇ ਚੱਲੇ ਸਾਂ। ਅੱਗੇ ਬਜ਼ਾਰਾਂ ਵਿਚ ਮਿਲਟਰੀ ਕਾਫ਼ੀ ਆ ਚੁਕੀ ਸੀ।
ਅਸੀਂ ਸੱਤ ਵੱਜ ਕੇ ਦਸ ਮਿੰਟ ’ਤੇ ਸ੍ਰੀ ਦਰਬਾਰ ਸਾਹਿਬ ਪੁੱਜ ਗਏ। ਉਥੇ ਜਾ ਕੇ ਪਤਾ ਲੱਗਾ ਕਿ ਕਰਫ਼ਿਊ ਸਾਢੇ ਸੱਤ ਵਜੇ ਬੰਦ ਹੋ ਜਾਣਾ ਹੈ, ਇਸ ਲਈ ਅਸੀਂ ਸਰਾਂ ਵਾਲੇ ਪਾਸੇ ਜੋੜੇ ਘਰ ਵਿਚ ਜੋੜੇ ਤੇ ਸਾਈਕਲ ਰੱਖ ਕੇ ਕਾਹਲੀ-ਕਾਹਲੀ ਵਿਚ ਹਰਿਮੰਦਰ ਸਾਹਿਬ ਅੰਦਰ ਗਏ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਦਰਸ਼ਨ ਕਰ ਕੇ ਵਾਪਸੀ ’ਤੇ ਅਸੀਂ ਘੰਟਾ-ਘਰ ਵਾਲੇ ਪਾਸੇ ਡਿਓੜੀ ਤੋਂ ਸੰਗਤਾਂ ਤੋਂ ਪਤਾ ਕੀਤਾ ਕਿ ਇਧਰ ਦੀ ਘਰਾਂ ਨੂੰ ਵਾਪਸ ਜਾਣ ਦਿੰਦੇ ਹਨ ਕਿ ਨਹੀਂ। ਨਾਂਹ ਹੋਣ ਕਰਕੇ ਅਸੀਂ ਸ਼ਹੀਦਾਂ ਦੇ ਗੁਰਦੁਆਰੇ ਵਾਲੇ ਰਾਹ ਨੂੰ (ਜੋ ਕਿ ਕਰਫ਼ਿਊ ਲੱਗਾ ਹੋਣ ਦੌਰਾਨ ਖੁੱਲ੍ਹਾ ਰਹਿੰਦਾ ਸੀ) ਗਏ ਤੇ ਉਧਰੋਂ ਵਾਪਸ ਆ ਰਹੇ (ਗੁਰਦੁਆਰਾ ਬਾਬਾ ਅਟੱਲ ਜੀ ਦੇ ਲਾਗਿਓਂ) ਤਿੰਨ ਕੁ ਬੀਬੀਆਂ ਅਤੇ ਇਕ ਸਿੱਖ ਤੋਂ ਪੁੱਛਿਆ ਕਿ ਇਧਰ ਦੀ ਜਾਣ ਦਿੰਦੇ ਹਨ ਕਿ ਨਹੀਂ? ਉਨ੍ਹਾਂ ਕਿਹਾ ਕਿ ਮਿਲਟਰੀ ਵਾਲੇ ਕਿਸੇ ਪਾਸੇ ਜਾਣ ਨਹੀਂ ਦਿੰਦੇ, ਅਸੀਂ ਵੀ ਨਿਰਾਸ਼ ਹੋ ਕੇ ਵਾਪਸ ਆ ਗਏ। ਹੁਣ ਸਾਨੂੰ ਰਾਤ ਵਿਸ਼ਰਾਮ ਕਰਨ ਦੀ ਸੋਚ ਸੀ। ਅਸੀਂ ਗੁਰੂ ਨਾਨਕ ਨਿਵਾਸ ਦੀ ਉੱਪਰਲੀ ਛੱਤ ਉੱਪਰ ਰਾਤ ਕੱਟੀ।
ਦਾਸ ਅੰਮ੍ਰਿਤ ਵੇਲੇ ਇਸ਼ਨਾਨ ਕਰ ਕੇ 4 ਜੂਨ ਨੂੰ ਚਾਰ ਵਜੇ ਪਾਲਕੀ ਸਾਹਿਬ (ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਜਾਈ ਜਾਂਦੀ ਹੈ) ਨਾਲ ਰਲ਼ ਗਿਆ। ਸਾਢੇ ਚਾਰ ਵਜੇ ਪਹਿਲਾ ਮੁਖਵਾਕ (ਹੁਕਮਨਾਮਾ) ਲਿਆ ਗਿਆ। ਕੀਰਤਨ ਫਿਰ ਅਰੰਭ ਹੋ ਗਿਆ। ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ (ਜੋ ਕਿ ਐਕਸ਼ਨ ਦੌਰਾਨ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਸ਼ਹੀਦ ਹੋ ਗਏ ਸਨ) ਜਥੇ ਸਮੇਤ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਕਰ ਰਹੇ ਸਨ। ਤਕਰੀਬਨ ਚਾਰ ਵੱਜ ਕੇ ਚਾਲ੍ਹੀ ਮਿੰਟ ਹੋਏ ਹੋਣਗੇ ਇਕ ਬਹੁਤ ਹੀ ਜ਼ੋਰਦਾਰ ਗੋਲੇ ਦਾ ਧਮਾਕਾ ਹੋਇਆ, ਜਿਸ ਬਾਰੇ ਸੰਗਤਾਂ ਵਿਚ ਵੱਖ-ਵੱਖ ਚਰਚਾ ਸੀ ਕਿ ਗੋਲਾ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਬਾਹਰ ਡਿੱਗਿਆ ਹੈ। ਪਰੰਤੂ ਬਾਅਦ ਵਿਚ ਹੋਰ ਸੰਗਤਾਂ ਨੇ ਦੱਸਿਆ ਕਿ ਗੋਲਾ ਸਿੰਧੀਆਂ ਦੀ ਧਰਮਸ਼ਾਲਾ (ਜੋ ਕਿ ਗੁਰਦੁਆਰਾ ਥੜ੍ਹਾ ਸਾਹਿਬ ਕੋਲ ਸੀ) ਓਥੇ ਡਿੱਗਿਆ ਹੈ।
ਖੈਰ ਗੋਲਾ ਡਿੱਗਿਆ ਪਰ ਜਾਨੀ ਨੁਕਸਾਨ ਕੋਈ ਨਹੀਂ ਸੀ ਹੋਇਆ। ਸ੍ਰੀ ਦਰਬਾਰ ਸਾਹਿਬ ਦੇ ਅੰਦਰ/ਬਾਹਰ ਬੈਠੀ ਸੰਗਤ ਅੱਗੇ-ਪਿੱਛੇ ਹੋ ਗਈ। ਹਰਿ ਕੀ ਪੌੜੀ ਵਾਲੇ ਦਰਵਾਜ਼ੇ ਨੂੰ ਛੱਡ ਕੇ ਬਾਕੀ ਤਿੰਨੇ ਦਰਵਾਜ਼ੇ ਬੰਦ ਕਰ ਦਿੱਤੇ। ਬਸ ਫੇਰ ਕੀ ਸੀ, ਆਸੇ-ਪਾਸੇ ਤੋਂ ਗੋਲਿਆਂ/ਗੋਲੀਆਂ ਦੀਆਂ ਕੁਝ ਬਰੀਕ ਤੇ ਕੁਝ ਭਰਵੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਗੁਰੂ ਸੰਗਤ ਦੇ ਕੁਝ ਪ੍ਰਾਣੀ ਵਰ੍ਹਦੀ ਗੋਲੀ ਦੇ ਵਿਚ ਹੀ ਪਰਕਰਮਾ ਦੇ ਕਮਰਿਆਂ ਵਿਚ ਜਾਂ ਜਿੱਥੇ ਕਿਤੇ ਵੀ ਕਿਸੇ ਨੂੰ ਜਗ੍ਹਾ ਮਿਲੀ, ਚਲੇ ਗਏ। ਅੰਦਰ ਕੀਰਤਨ ਜਾਰੀ ਰਿਹਾ। ਰਾਗੀ ਸਿੰਘਾਂ ਦਾ ਜਥਾ ਜੇਕਰ ਕੋਈ ਨਹੀਂ ਆਉਂਦਾ ਸੀ ਤਾਂ ਸੰਗਤ ਵਿੱਚੋਂ ਪ੍ਰੇਮੀ ਸਿੰਘ ਕੀਰਤਨ ਦੀ ਚੌਂਕੀ ਸ਼ੁਰੂ ਕਰ ਦਿੰਦੇ ਸਨ। ਖ਼ੈਰ ਰਾਤ ਨੂੰ ਪ੍ਰਚੱਲਤ ਮਰਯਾਦਾ ਅਨੁਸਾਰ ਸੋਦਰ ਦੀ ਚੌਂਕੀ ਉਪਰੰਤ ਆਰਤੀ ਸਾਹਿਬ ਦੇ ਕੀਰਤਨ ਤੋਂ ਬਾਅਦ (ਅਗਾਂਹ ਕੀਰਤਨ ਜਾਰੀ ਰੱਖਣ ਦੀ ਬਜਾਏ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਰਿ ਕੀ ਪੌੜੀ ਉੱਪਰ, ਕਮਰੇ ਵਿਚ ਜਿੱਥੇ ਵੱਡੀ ਬੀੜ ਦਾ ਪ੍ਰਕਾਸ਼ ਹੁੰਦਾ ਹੈ, ਸੁਖਾਸਨ ਕਰ ਦਿੱਤਾ ਗਿਆ। ਅਸੀਂ 4 ਜੂਨ ਦੀ ਰਾਤ ਦਾ ਵਿਸ਼ਰਾਮ ਝੰਡੇ ਬੁੰਗੇ ਦੇ ਲਾਗੇ ਇਕ ਕਮਰੇ ਵਿਚ ਕੀਤਾ। ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਅਤੇ ਗੋਲੀਆਂ ਦੀ ਲਗਾਤਾਰ ਖੜਖੜਾਹਟ ਹੋਣ ਕਰਕੇ ਨੀਂਦ ਨਹੀਂ ਆਈ। ਮੇਰੇ ਨਾਲ ਇਕ ਸਿੰਘ (ਭਾਈ ਅਵਤਾਰ ਸਿੰਘ ਪਾਰੋਵਾਲ ਜ਼ਿਲ੍ਹਾ ਗੁਰਦਾਸਪੁਰ) ਰਲ਼ ਗਿਆ। ਮਰਯਾਦਾ ਅਨੁਸਾਰ 5 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਕੀਰਤਨ ਵੀ ਅਰੰਭ ਹੋ ਗਿਆ। ਗੋਲੀ ਚੱਲਦੀ ਰਹੀ। ਅਸੀਂ ਦੋਵੇਂ ਸਿੰਘ ਗੋਲੀਆਂ ਦੀ ਬੁਛਾੜ ਵਿਚ ਲੰਮੇ ਪੈ-ਪੈ ਕੇ ਅਤੇ ਕਦੇ ਦੌੜ ਕੇ ਪਹਿਲੇ ਹੁਕਮਨਾਮੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪਹੁੰਚ ਗਏ। ਮੁਖਵਾਕ ਹੋਇਆ। ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਭਾਈ ਅਮਰੀਕ ਸਿੰਘ ਜੀ ਦਾ ਜਥਾ ਹੀ ਕਰ ਰਿਹਾ ਸੀ ਜੋ ਸ੍ਰੀ ਆਸਾ ਜੀ ਕੀ ਵਾਰ ਦੇ ਭੋਗ ਤੋਂ ਉਪਰੰਤ ਵਰ੍ਹਦੀ ਗੋਲੀ ਵਿਚ ਬਾਹਰ ਨਿਕਲ ਗਏ ਅਤੇ ਪਰਕਰਮਾ ਵਿਚ ਸ਼ਹੀਦੀ ਪਾ ਗਏ।
5 ਜੂਨ ਨੂੰ ਫਾਇਰਿੰਗ ਦਾ ਕੰਮ ਬਹੁਤ ਤੇਜ਼ ਹੋ ਗਿਆ ਸੀ। ਫੌਜ ਸ੍ਰੀ ਦਰਬਾਰ ਸਾਹਿਬ ਦੇ ਨੇੜੇ-ਨੇੜੇ ਆ ਰਹੀ ਸੀ। ਕੀਰਤਨ ਅਜੇ ਤਕ ਜਾਰੀ ਸੀ। ਕਈ ਜਥੇ ਕੀਰਤਨ ਦੀ ਚੌਂਕੀ ’ਤੇ ਨਾ ਪਹੁੰਚ ਸਕੇ। ਉਨ੍ਹਾਂ ਦੀ ਜਗ੍ਹਾ ਜਿਹੜਾ ਰਾਗੀ ਜਥਾ ਅੰਦਰ ਸੀ, ਉਹੀ ਕੀਰਤਨ ਦੀ ਚੌਂਕੀ ਭਰਦਾ ਜਾਂ ਕੁਝ ਪ੍ਰੇਮੀ ਸਿੰਘ ਵੀ ਕੀਰਤਨ ਦੀ ਚੌਂਕੀ ਭਰਦੇ ਸਨ। ਅੰਦਰ ਬੈਠੇ ਸੇਵਾਦਾਰ/ਪ੍ਰੇਮੀ ਸਿੰਘ ਕਦੀ-ਕਦੀ ਖੁੱਲ੍ਹੀ ਹਵਾ ਲੈਣ ਲਈ ਹਰਿ ਕੀ ਪੌੜੀ ਦੇ ਜੰਗਲੇ ਕੋਲ ਆ ਜਾਂਦੇ। ਭੁੱਖ-ਪਿਆਸ ਤੰਗ ਕਰਦੀ ਤਾਂ ਸਰੋਵਰ ਦਾ ਜਲ ਛਕ ਲੈਂਦੇ। ਇਕ ਸਿੰਘ ਸੰਗਤ ਨੂੰ ਥੋੜ੍ਹਾ-ਬਹੁਤ ਲੰਗਰ ਵਰ੍ਹਦੀ ਗੋਲੀ ਵਿਚ ਆ ਕੇ ਛਕਾ ਗਿਆ ਸੀ। ਹਰਿ ਕੀ ਪੌੜੀ ’ਤੇ ਬੈਠਿਆਂ ਅਸੀਂ ਲੰਗਰ ਦੀ ਇਮਾਰਤ ਉੱਤੇ, ਉੱਚੇ ਬੁਰਜਾਂ (ਰਾਮਗੜ੍ਹੀਆ ਬੁੰਗੇ) ਉੱਤੇ ਅਤੇ ਪਾਣੀ ਦੀ ਟੈਂਕੀ ਉੱਤੇ ਗੋਲੇ ਵਰ੍ਹਦੇ ਦੇਖੇ। ਪਾਣੀ ਦੀ ਟੈਂਕੀ ਸਾਡੇ ਦੇਖਦਿਆਂ-ਦੇਖਦਿਆਂ ਲੀਕ ਕਰਨ ਲੱਗ ਪਈ ਸੀ। ਪਾਣੀ ਸਾਰਾ ਖ਼ਤਮ ਹੋ ਗਿਆ ਸੀ ਜਿਸ ਨਾਲ ਬਾਹਰਲੀ ਸੰਗਤ ਬਹੁਤ ਮੁਸ਼ਕਲ ਵਿਚ ਫਸ ਗਈ। ਟੂਟੀਆਂ ਵਿਚ ਪਾਣੀ ਆਉਣਾ ਬੰਦ ਹੋ ਗਿਆ ਅਤੇ ਬਿਜਲੀ ਵੀ ਬੰਦ ਹੋ ਗਈ। ਅਸੀਂ ਪੰਜ-ਛੇ ਵਜੇ ਦੇ ਕਰੀਬ ਸ੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਅੰਦਰ ਚਲੇ ਗਏ, ਕਿਉਂਕਿ ਗੋਲੀ ਦਾ ਖ਼ਤਰਾ ਹੁਣ ਹਰਿ ਕੀ ਪੌੜੀ ’ਤੇ ਵੀ ਪ੍ਰਤੀਤ ਹੋਣ ਲੱਗ ਪਿਆ ਸੀ। ਸਰੋਵਰ ਵਿਚ ਵੀ ਗੋਲੇ ਡਿੱਗਦੇ ਦੇਖੇ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰਲੇ ਚਾਰੇ ਦਰਵਾਜ਼ੇ ਬੰਦ ਹੋਣ ਕਰਕੇ ਗਰਮੀ ਦੀ ਅੱਤ ਹੋਣ ਕਾਰਨ ਅੰਦਰ ਸਾਹ ਘੁਟਵਾਂ ਅਤੇ ਤੰਗ ਜਿਹਾ ਵਾਤਾਵਰਨ ਹੋ ਗਿਆ ਸੀ।
ਸੋਦਰ ਦੀ ਚੌਂਕੀ ਵੇਲੇ ਪਾਠ ਕਰਨ ਲਈ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ (ਗ੍ਰੰਥੀ ਸ੍ਰੀ ਦਰਬਾਰ ਸਾਹਿਬ) ਫਾਇਰਿੰਗ ਜ਼ਿਆਦਾ ਹੋਣ ਕਰਕੇ ਸਮੇਂ ਤੋਂ ਕੁਝ ਮਿੰਟ ਲੇਟ ਹੋ ਗਏ। ਜਦ ਤਕ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਗ੍ਰੰਥੀ ਪੰਜ ਦਸ ਮਿੰਟਾਂ ਵਿਚ ਪਹੁੰਚ ਗਏ ਤੇ ਪਾਠ ਸ਼ੁਰੂ ਕਰ ਦਿੱਤਾ। ਰਾਗੀ ਸਿੰਘ ਸੋਦਰ ਦੀ ਚੌਂਕੀ ਲਾ ਕੇ ਚਲੇ ਗਏ। ਸ੍ਰੀ ਰਹਿਰਾਸ ਸਾਹਿਬ ਜੀ ਦੇ ਭੋਗ/ਅਰਦਾਸ ਤੋਂ ਬਾਅਦ ਆਰਤੀ ਸਾਹਿਬ ਵਾਸਤੇ ਕੋਈ ਜਥਾ ਨਹੀਂ ਸੀ। ਸੋ ਆਰਤੀ ਦੇ ਕੀਰਤਨ ਦੀ ਸੇਵਾ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਦਾਸ (ਲਿਖਾਰੀ) ਤੋਂ ਬਖ਼ਸ਼ਿਸ਼ ਕਰ ਕੇ ਲਈ। ਇਸ ਤੋਂ ਬਾਅਦ ਹੁਕਮਨਾਮਾ ਲੈ ਕੇ ਮਹਾਰਾਜ ਜੀ ਦਾ ਸੁਖਾਸਨ ਪਿਛਲੇ ਦਿਨ ਦੀ ਤਰ੍ਹਾਂ ਹਰਿ ਕੀ ਪੌੜੀ ਉੱਪਰ ਵੱਡੀ ਬੀੜ ਦੇ ਸਾਹਮਣੇ ਹੀ ਪੀਹੜਾ ਸਾਹਿਬ ’ਤੇ ਕਰ ਦਿੱਤਾ ਗਿਆ। ਇਹ ਸਮਾਂ ਰਾਤ ਲੱਗਭਗ ਅੱਠ ਵਜੇ ਤੋਂ ਸਾਢੇ ਅੱਠ ਵਜੇ ਦੇ ਵਿਚਕਾਰ ਦਾ ਹੈ।
5 ਜੂਨ ਨੂੰ ਰਾਤ ਦੇ ਸੁਖਾਸਨ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਨੇ ਹਾਜ਼ਰ ਸੰਗਤ ਨੂੰ ਬੇਨਤੀ ਕੀਤੀ ਕਿ ਸਾਧਸੰਗਤ ਜੀ! ਇਸ ਸਮੇਂ ਪੰਥ ’ਤੇ ਭੀੜ ਬਣੀ ਹੈ। ਆਓ ਰਲ ਕੇ ਮਹਾਰਾਜ ਜੀ ਦੀ ਹਜ਼ੂਰੀ ਵਿਚ ਅਰਦਾਸ ਕਰੀਏ। ਉਨ੍ਹਾਂ ਸੰਗਤਾਂ ਵਿੱਚੋਂ ਪੰਜ ਸਿੰਘ ਚੁਣੇ। ਇਕ ਤਾਂ ਉਹ ਆਪ ਸਨ, ਦੂਜੇ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ ਗ੍ਰੰਥੀ, ਤੀਜੇ ਭਾਈ ਗੁਰਦੀਪ ਸਿੰਘ ਜੀ (ਅਰਦਾਸੀਆ ਸਿੰਘ), ਚੌਥਾ ਦਾਸ (ਲਿਖਾਰੀ), ਪੰਜਵੇਂ ਸਿੰਘ ਦਾ ਨਾਂ ਇਸ ਵੇਲੇ ਯਾਦ ਨਹੀਂ ਹੈ। ਅਰਦਾਸ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਨੇ ਕੀਤੀ ਅਤੇ ਬੇਨਤੀ ਵਿਚ ਕਿਹਾ ਕਿ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ! ਇਸ ਵੇਲੇ ਆਪ ਦੇ ਪੰਥ ਉੱਤੇ ਭੀੜ ਬਣੀ ਹੈ, ਅਸੀਂ ਆਪ ਜੀ ਦੇ ਨਾਮ-ਧਰੀਕ ਸਿੱਖ ਸੇਵਕ ਬੇਨਤੀ ਕਰਦੇ ਹਾਂ ਕਿ ਆਪ ਜੀ ਨੇ ਪੰਥ ਦੀ ਲਾਜ ਰੱਖਣੀ ਤੇ ਹਰ ਪ੍ਰਕਾਰ ਦੀ ਸਹਾਇਤਾ ਕਰਨੀ।… ਅਰਦਾਸ ਤੋਂ ਬਾਅਦ ਅਸੀਂ ਸਾਰੇ ਹੇਠਾਂ ਆ ਗਏ। ਗੋਲੀ ਹੋਰ ਤੇਜ਼ ਹੋ ਗਈ। ਸ੍ਰੀ ਹਰਿਮੰਦਰ ਸਾਹਿਬ ਤੋਂ ਬਾਹਰ ਨਿਕਲਣਾ ਬਹੁਤ ਔਖਾ ਹੋ ਗਿਆ। ਅਸੀਂ ਸਾਰਿਆਂ ਨੇ ਅੰਦਰ ਬੈਠ ਕੇ ਜਪੁਜੀ ਸਾਹਿਬ ਅਤੇ ਕੁਝ ਚੌਪਈ ਸਾਹਿਬ ਦੇ ਪਾਠ ਕੀਤੇ। ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਦਰਵਾਜ਼ੇ ਬੰਦ ਹੋਣ ਕਰਕੇ ਅਤੇ ਬਿਜਲੀ ਬੰਦ ਹੋਣ ਕਰਕੇ ਗਰਮੀ ਅਤੇ ਪਿਆਸ ਬਹੁਤ ਸਤਾਉਣ ਲੱਗੀ, ਸਰੀਰ ਥੱਕ-ਟੁੱਟ ਗਏ। ਪਰੰਤੂ ਸੱਚਖੰਡ ਦਾ ਅਸਥਾਨ ਤੇ ਸੰਗਤ ਦੇ ਦਰਸ਼ਨ-ਪਰਸਨ ਕਰ ਕੇ ਹੌਂਸਲੇ ਨਾਲ ਬੈਠੇ ਰਹੇ। ਭਾਈ ਅਵਤਾਰ ਸਿੰਘ ਪਾਰੋਵਾਲ ਨੇ ਇਕ ਹੋਰ ਸਾਥੀ ਨੂੰ ਨਾਲ ਲੈ ਸਰੋਵਰ ਵਿੱਚੋਂ ਦੋ ਕੁ ਬਾਲਟੀਆਂ ਜਲ ਦੀਆਂ ਭਰ ਕੇ ਅੰਦਰ ਰੱਖ ਲਈਆਂ। ਉਸ ਵੇਲੇ ਸੇਵਾਦਾਰਾਂ ਸਮੇਤ ਪ੍ਰੇਮੀ ਸਿੰਘਾਂ ਦੇ ਕੋਈ 22-24 ਦੇ ਕਰੀਬ ਪ੍ਰਾਣੀ ਅੰਦਰ ਸਨ। ਥੋੜ੍ਹੇ-ਥੋੜ੍ਹੇ ਪਾਣੀ ਨਾਲ ਗੁਜ਼ਾਰਾ ਕੀਤਾ।
ਰਾਤ 9 ਵਜੇ ਤੋਂ ਬਾਅਦ ਸਾਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੋਂ-ਬਾਹਰੋਂ ਰੌਲਾ, ਚੀਖ-ਚਿਹਾੜਾ ਅਤੇ ਰੋਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ, ਜਿਸ ਤੋਂ ਅਸੀਂ ਅੰਦਾਜ਼ਾ ਲਗਾਇਆ ਕਿ ਫੌਜ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਅੰਦਰ ਦਾਖ਼ਲ ਹੋ ਚੁਕੀ ਹੈ। ਉਸ ਰਾਤ ਪਰਕਰਮਾ ਵਿਚ ਰਹਿ ਰਹੀਆਂ ਸੰਗਤਾਂ ਨੂੰ ਗੋਲਿਆਂ, ਬੰਦੂਕਾਂ ਦੀਆਂ ਸੰਗੀਨਾਂ ਅਤੇ ਗੋਲੀਆਂ ਨਾਲ ਮਾਰ ਦਿੱਤਾ ਗਿਆ। ਕੁਝ ਸਮੇਂ ਬਾਅਦ ਟੈਂਕ ਆ ਗਏ। ਇਕ ਟੈਂਕ ਦੀ ਫਲੈਸ਼ (ਤੇਜ਼ ਲਾਈਟ) ਹਰਿ ਕੀ ਪੌੜੀ ਦੇ ਦਰਵਾਜ਼ੇ ਵੱਲ ਨੂੰ ਸਿੱਧੀ ਪੈਂਦੀ ਸੀ। ਇਸ ਵਾਸਤੇ ਹੁਣ ਸਾਡੇ ਵਾਸਤੇ ਸਰੋਵਰ ਵਿੱਚੋਂ ਜਲ ਲੈਣਾ ਹੋਰ ਵੀ ਔਖਾ ਹੋ ਗਿਆ ਸੀ। ਰਾਤ ਟੈਂਕਾਂ ਦੀਆਂ ਤੇ ਹੋਰ ਮਿਲਟਰੀ ਦੀਆਂ ਗੱਡੀਆਂ ਦੀਆਂ ਆਵਾਜ਼ਾਂ ਸੁਣਦੀਆਂ ਰਹੀਆਂ ਅਤੇ ਵਿੱਚੋਂ-ਵਿੱਚੋਂ ਫਾਇਰਿੰਗ ਵੀ ਬੰਦ ਹੋਈ ਜਿਸ ਤੋਂ ਅਸੀਂ ਇਹ ਸਮਝਦੇ ਸਾਂ ਕਿ ਮਿਲਟਰੀ ਵਾਪਸ ਜਾ ਰਹੀ ਹੈ। ਪਰੰਤੂ ਬਾਅਦ ਵਿਚ ਕੁਝ ਸਿੰਘਾਂ ਨੇ ਦੱਸਿਆ ਕਿ ਇਸ ਦੌਰਾਨ ਮਿਲਟਰੀ ਆਪਣੇ ਮਰੇ ਅਤੇ ਜ਼ਖ਼ਮੀ ਫੌਜੀਆਂ ਨੂੰ ਸੰਭਾਲਦੀ ਰਹੀ। ਇਹ ਰਾਤ ਕਈ ਸੋਚਾਂ-ਸੋਚਦਿਆਂ 6 ਜੂਨ ਦਾ ਅੰਮ੍ਰਿਤ ਵੇਲਾ ਹੋ ਗਿਆ। ਇਸ ਸਾਰੇ ਸਮੇਂ ਦੌਰਾਨ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਬਹੁਤ ਹੀ ਹੌਂਸਲਾਪ੍ਰਸਤ ਰਹੇ ਸਨ।
ਜੂਨ ਨੂੰ ਅੰਮ੍ਰਿਤ ਵੇਲੇ ਇਕ ਪ੍ਰੇਮੀ ਬਜ਼ੁਰਗ ਭਾਈ ਸਰਦਾਰਾ ਸਿੰਘ (ਜੋ ਸਰੀਰ ਦੇ ਭਾਰੇ ਸਨ) ਨੇ ਬਾਕੀ ਸੇਵਾਦਾਰਾਂ ਨੂੰ ਨਾਲ ਲੈ ਕੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਅਸਥਾਨ ਤਿਆਰ ਕੀਤਾ। ਵਿਛਾਈ ਕੀਤੀ। ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਮੁਖਵਾਕ ਲਿਆ ਗਿਆ। ਅੰਦਰ ਹਜ਼ੂਰੀ ਕੀਰਤਨ ਵਾਸਤੇ ਰਾਗੀ ਸਿੰਘ ਕੋਈ ਨਹੀਂ ਸਨ। ਭਾਈ ਗੁਰਦੀਪ ਸਿੰਘ ਦੇ ਰਾਗੀ ਜਥੇ ਦੇ ਇਕ ਸੂਰਮਾ ਸਿੰਘ ਜੋੜੀਵਾਲੇ ਭਾਈ ਚਰਨਜੀਤ ਸਿੰਘ ਜੀ (ਜੋ ਹੁਣ ਵੀ ਕਿਸੇ ਜਥੇ ਨਾਲ ਹਾਜ਼ਰੀ ਭਰਦੇ ਹਨ) ਨੂੰ ਦਾਸ (ਲਿਖਾਰੀ) ਨੇ ਕਿਹਾ ਕਿ ਤੁਸੀਂ ਵਿਚਕਾਰ ਵਾਜੇ ’ਤੇ ਆ ਜਾਓ ਕਿਉਂਕਿ ਤੁਸੀਂ ਮਰਯਾਦਾ ਜਾਣਦੇ ਹੋ ਤੇ ਮੈਂ ਸਾਈਡ ’ਤੇ ਬੈਠ ਜਾਂਦਾ ਹਾਂ। ਇਕ ਹੋਰ ਟਕਸਾਲੀ ਸਿੰਘ ਸੀ (ਜਿਸ ਨੂੰ ਮੈਂ ਜਾਣਦਾ ਨਹੀਂ) ਜੋੜੀ ਵਜਾਉਣ ਲਈ ਤਿਆਰ ਹੋ ਗਿਆ। ਭਾਈ ਚਰਨਜੀਤ ਸਿੰਘ ਨੇ ਦਾਸ ਨੂੰ ਕਿਹਾ ਕਿ ਤੁਸੀਂ ਹੀ ਵਿਚਕਾਰ ਬੈਠ ਜਾਓ। ਸੋ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਸਦਕਾ ਦਾਸ ਨੇ ਵਿਚਕਾਰ ਬੈਠ ਕੇ ਕੀਰਤਨ ਸ਼ੁਰੂ ਕਰ ਦਿੱਤਾ। ਅਜੇ ਕੀਰਤਨ ਸ਼ੁਰੂ ਹੋਇਆ ਹੀ ਸੀ ਕਿ ਏਨੇ ਜ਼ੋਰ ਦਾ ਗੋਲੇ ਦਾ ਧਮਾਕਾ ਹੋਇਆ ਕਿ ਸਾਡੇ ਹੱਥ ਕੰਬ ਗਏ। ਦਿਲ ਫੜਫੜਾਏ। ਖੈਰ ਸਾਹਮਣੇ ਸਤਿਗੁਰੂ ਜੀ ਦਾ ਦਰਸ਼ਨ-ਦੀਦਾਰ ਪਰਸਦੇ ਹੌਂਸਲੇ ਨਾਲ ਕੀਰਤਨ ਕਰੀ ਗਏ। ਗੋਲੇ ਏਨੇ ਜ਼ੋਰ ਨਾਲ ਵਰ੍ਹਨ ਲੱਗੇ ਕਿ ਕਈ ਵਾਰ ਕੀਰਤਨ ਕਰਦਿਆਂ ਸਾਨੂੰ ਆਪਣੀ ਆਵਾਜ਼ ਵੀ ਨਹੀਂ ਸੁਣਾਈ ਸੀ ਦਿੰਦੀ। ਸਤਿਗੁਰੂ ਜੀ ਦੀ ਬਖ਼ਸ਼ਿਸ਼ ਦਾ ਸਦਕਾ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਨਿਰਵਿਘਨ ਸਮਾਪਤ ਹੋਇਆ। ਅਰਦਾਸ ਹੋਈ। ਹੁਕਮਨਾਮਾ ਹੋਇਆ। ਦਾਸ ਦੇ ਮਨ ਵਿਚ ਆਇਆ ਕਿ ਜਿੰਨਾ ਚਿਰ ਸਰੀਰ ਕੰਮ ਕਰਦਾ ਹੈ, ਕੀਰਤਨ ਕਰੀ ਚੱਲੀਏ।
ਬਸ ਇਕ ਸ਼ਬਦ ਬਿਲਾਵਲ ਦੀ ਚੌਂਕੀ ਵਿਚ ਪੜ੍ਹਿਆ, ‘ਸਤਿਗੁਰ ਮੇਰਾ ਬੇਮੁਹਤਾਜਾ’। ਗਲਾ ਸੁੱਕ ਰਿਹਾ ਸੀ, ਆਂਦਰਾਂ ਨੂੰ ਖਿੱਚ ਪੈ ਰਹੀ ਸੀ। ਦਾਸ ਨੇ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ ਨੂੰ ਕਿਹਾ ਕਿ ਹੁਣ ਸਰੀਰ ਅੱਗੇ ਕੀਰਤਨ ਕਰਨ ਲਈ ਇਜਾਜ਼ਤ ਨਹੀਂ ਦੇ ਰਿਹਾ। ਉਨ੍ਹਾਂ ਸਮਾਪਤੀ ਲਈ ਕਹਿ ਦਿੱਤਾ। ਕੀਰਤਨ ਦੀ ਸਮਾਪਤੀ ਤੋਂ ਬਾਅਦ ਅਸੀਂ ਪਿਛਾਂਹ ਹਟ ਕੇ ਬੈਠ ਗਏ। ਕੀਰਤਨ ਕਰਨ ਸਮੇਂ ਭਾਈ ਅਵਤਾਰ ਸਿੰਘ ਪਾਰੋਵਾਲ ਨੇ ਪਿੱਛੇ ਬੋਲਣ ਵਿਚ ਪੂਰਾ ਸਾਥ ਦਿੱਤਾ। ਫਾਇਰਿੰਗ ਤੇਜ਼ ਹੋਣ ਕਰਕੇ ਗੋਲੀਆਂ ਅਤੇ ਗੋਲਿਆਂ ਦੀ ਧਮਕ ਨਾਲ ਤੇ ਗੋਲੀਆਂ ਵੱਜਣ ਨਾਲ ਉੱਪਰਲੀ ਛੱਤ ਦੇ ਸ਼ੀਸ਼ੇ ਟੁੱਟ ਕੇ ਹੇਠਾਂ ਡਿੱਗਣੇ ਸ਼ੁਰੂ ਹੋ ਗਏ। ਅਸੀਂ ਕੋਨਿਆਂ ਵਿਚ ਬੈਠ ਗਏ। ਜੋ ਕੋਈ ਪਾਠ ਕਿਸੇ ਨੂੰ ਕੰਠ ਸੀ, ਕਰੀ ਗਿਆ। ਕੋਈ 10 ਤੋਂ 11 ਵਜੇ ਦੇ ਵਿਚਕਾਰ ਇਕਦਮ ਇਕ ਗੋਲੀ ਭਾਈ ਅਵਤਾਰ ਸਿੰਘ ਦੇ ਲੱਗੀ ਉਹ ਤਾਂ ਉਸੇ ਵੇਲੇ (ਤਕਲੀਫ਼ ਜ਼ਿਆਦਾ ਹੋਣ ਕਾਰਨ) ‘ਵਾਹਿਗੁਰੂ-ਵਾਹਿਗੁਰੂ’ ਕਰਨ ਲੱਗ ਪਏ ਤੇ ਕਹਿਣ ਲੱਗੇ ਕਿ ਮੇਰੇ ਨਮਿਤ ਕੀਰਤਨ ਸੋਹਿਲੇ ਦਾ ਪਾਠ ਕਰ ਦਿਉ। ਦਾਸ ਨੇ ਉਸ ਨੂੰ ਬਹੁਤ ਹੌਂਸਲਾ ਦਿੱਤਾ ਪਰ ਜਿਸ ਤਨ ਲੱਗੇ ਸੋਈ ਤਨ ਜਾਣੈ। ਖੂਨ ਬਹੁਤ ਜ਼ਿਆਦਾ ਵਗ ਰਿਹਾ ਸੀ। ਕੀਰਤਨੀਆਂ ਦੇ ਪਿੱਛੇ ਜਿੱਥੇ ਸੰਗਤ ਬੈਠਦੀ ਹੈ, ਓਥੋਂ ਤਕ ਖੂਨ ਵਹਿ ਗਿਆ ਸੀ। ਇਕ ਗੋਲੀ ਉਸ ਦੇ ਗਿੱਟੇ ਦੇ ਉੱਪਰ ਲੱਤ ਵਿੱਚੋਂ ਦੀ ਅਤੇ ਇਕ ਪੱਟ ਵਿੱਚੋਂ (ਗੋਡੇ ਤੋਂ ਉੱਪਰ) ਦੀ ਆਰਪਾਰ ਹੋਈ-ਹੋਈ ਸੀ। ਕਾਫ਼ੀ ਜਗ੍ਹਾ ਖੂਨ ਦੀਆਂ ਬੋਟੀਆਂ ਨਾਲ ਭਰੀ ਹੋਈ ਸੀ। ਇਸ ਲਈ ਸਮੇਂ ਨੂੰ ਪਛਾਣ ਕੇ ਭਾਈ ਚਰਨਜੀਤ ਸਿੰਘ ਤਬਲਾ ਮਾਸਟਰ ਨੇ ਕੀਰਤਨ ਸੋਹਿਲੇ ਦਾ ਪਾਠ ਸੁਣਾ ਦਿੱਤਾ। ਇਕ ਗੋਲੀ ਭਾਈ ਤਰਲੋਕ ਸਿੰਘ (ਚੋਬਦਾਰ ਦਰਸ਼ਨੀ ਡਿਓੜੀ) ਦੇ ਵੀ ਲੱਗੀ ਸੀ, ਉਹ ਵੀ ਕਾਫ਼ੀ ਤੰਗ ਸਨ ਪਰ ਸਾਨੂੰ ਗੋਲੀ ਕਿਧਰੋਂ ਦੀ ਆਈ, ਇਸ ਬਾਰੇ ਕੋਈ ਪਤਾ ਨਹੀਂ ਚੱਲਿਆ। ਇਸ ਤਰ੍ਹਾਂ ਇਕ ਗੋਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਲੱਗੀ ਸੀ। ਦਾਸ ਨੇ ਆਪਣੀ ਦਸਤਾਰ ਉਤਾਰ ਕੇ ਉਸ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਦੋਵੇਂ ਜ਼ਖ਼ਮੀ ਸਿੰਘਾਂ ਦੇ ਬੰਨ੍ਹ ਦਿੱਤੀ। ਖੂਨ ਬੰਦ ਨਹੀਂ ਸੀ ਹੋ ਰਿਹਾ। ਫਿਰ ਪੀਲੇ ਪਟਕੇ ਜੋ ਸਿਰੋਪਿਆਂ ਵਾਸਤੇ ਰੱਖੇ ਹੋਏ ਸਨ, ਉਹ ਉੱਪਰ ਹੋਰ ਘੁੱਟ ਕੇ ਬੰਨ੍ਹ ਦਿੱਤੇ। ਕੋਈ ਮੁੱਢਲੀ ਸਹਾਇਤਾ ਦਾ ਪ੍ਰਬੰਧ ਤਾਂ ਹੈ ਨਹੀਂ ਸੀ, ਇਸ ਲਈ ਭਾਈ ਅਵਤਾਰ ਸਿੰਘ ਪਾਰੋਵਾਲ ਬਹੁਤ ਨਿਢਾਲ ਹੋ ਗਿਆ। ਪਾਣੀ ਵੀ ਕੋਲ ਹੈ ਨਹੀਂ ਸੀ। ਉਸ ਨੇ ਫੇਰ ਵੀ ਕਿਹਾ ਕਿ ਜੇ ਮੈਂ ਠੀਕ ਹੁੰਦਾ ਤਾਂ ਮੈਂ ਸਿੰਘਾਂ ਨੂੰ ਸਰੋਵਰ ਵਿੱਚੋਂ ਜਲ ਲਿਆ ਕੇ ਪਿਆ ਹੀ ਦਿੰਦਾ, ਭਾਵੇਂ ਮੈਂ ਮਰ ਹੀ ਜਾਂਦਾ।
ਇਸ ਲਈ ਇਕ ਪ੍ਰੇਮੀ ਸਿੰਘ ਨੇ ਹੌਂਸਲਾ ਕਰ ਕੇ ਕਿਹਾ ਕਿ ਮੈਂ ਪਾਣੀ ਪਿਲਾਉਂਦਾ ਹਾਂ। ਸੰਗਤ ਨੇ ਅੰਦਰੋ-ਅੰਦਰੀ ਉਸ ਨੂੰ ਉੱਪਰ ਦੂਜੀ ਮੰਜ਼ਿਲ ’ਤੇ ਚੜ੍ਹਾ ਦਿੱਤਾ ਤਾਂ ਉਸ ਸਿੰਘ ਨੇ ਹਰਿ ਕੀ ਪੌੜੀ ਵਾਲੇ ਪਾਸੇ ਤੋਂ ਬਾਲਟੀ ਲਮਕਾ ਕੇ ਜਲ ਲੈ ਆਂਦਾ। ਇਸ ਤਰ੍ਹਾਂ ਜਾਨ ਨੂੰ ਖ਼ਤਰੇ ਵਿਚ ਪਾ ਕੇ ਉਸ ਸਿੰਘ ਨੇ ਦੋ ਵਾਰੀ ਸੰਗਤ ਨੂੰ ਪਾਣੀ ਪਿਲਾਇਆ। ਫਿਰ ਉਸ ’ਤੇ ਨਿਸ਼ਾਨਾ ਬੰਨ੍ਹ ਕੇ ਫੌਜ ਵੱਲੋਂ ਗੋਲੀ ਚਲਾਈ ਗਈ, ਪਰ ਉਹ ਲੰਮਾ ਪੈ ਕੇ ਬਚ ਗਿਆ ਤੇ ਉਸ ਨੂੰ ਸੰਗਤ ਨੇ ਹੇਠਾਂ ਉਤਾਰ ਲਿਆ। ਪਤਾ ਨਹੀਂ ਕੁਦਰਤੀ ਤੌਰ ’ਤੇ ਇਕ ਸਿੰਘ ਕਿੱਥੋਂ ਆਇਆ, ਕਦੋਂ ਆਇਆ, ਸੰਗਤ ਵਿੱਚੋਂ ਉਸ ਨੂੰ ਕੁਝ ਪ੍ਰੇਮੀ ਜਾਣਦੇ ਸਨ, ਉਸ ਨੇ ਭਾਈ ਅਵਤਾਰ ਸਿੰਘ ਪਾਰੋਵਾਲ ਤੇ ਹੋਰ ਜ਼ਖ਼ਮੀ ਸਿੰਘਾਂ ਦੇ ਮਲ੍ਹਮ-ਪੱਟੀ ਕੀਤੀ ਤੇ ਦਵਾਈ ਦਿੱਤੀ। ਉਸੇ ਸਿੰਘ ਨੇ ਹੀ ਸਾਨੂੰ ਦੱਸਿਆ ਕਿ ਇਹ ਸ਼ੀਸ਼ੇ ਨਹੀਂ ਲੱਗੇ, ਪਾਰੋਵਾਲ ਦੇ ਇਕ ਗੋਲੀ ਲੱਗ ਕੇ ਆਰ- ਪਾਰ ਹੋ ਗਈ ਹੈ। ਮਲ੍ਹਮ-ਪੱਟੀ ਕਰਨ ਨਾਲ ਭਾਈ ਅਵਤਾਰ ਸਿੰਘ ਪਾਰੋਵਾਲ ਨੂੰ ਕੁਝ ਆਰਾਮ ਮਹਿਸੂਸ ਹੋਣ ਲੱਗ ਪਿਆ। ਅਸੀਂ ਜ਼ਖ਼ਮੀ ਸਿੰਘਾਂ ਨੂੰ ਪਿਆਉਣ ਲਈ ਥੋੜ੍ਹਾ ਪਾਣੀ ਛੋਟੀ ਬਾਲਟੀ (ਡੋਲੂ) ਵਿਚ ਰੱਖ ਲਿਆ ਸੀ ਤੇ ਚਮਚਾ-ਚਮਚਾ ਪਾਣੀ ਦਿੰਦੇ ਰਹੇ। ਇਸ ਤਰ੍ਹਾਂ ਕਰਦਿਆਂ ਤਕਰੀਬਨ ਸ਼ਾਮ 4:20 ਦਾ ਸਮਾਂ ਹੋ ਗਿਆ ਸੀ। ਫਾਇਰਿੰਗ ਬੰਦ ਹੋ ਗਈ। ਦਰਵਾਜ਼ਿਆਂ ਦੀਆਂ ਝੀਤਾਂ ਰਾਹੀਂ ਸਰਾਂ ਵਾਲੇ ਪਾਸੇ ਕੁਝ ਆਦਮੀ ਫਿਰਦੇ ਹੋਏ ਦੇਖੇ। ਅਸੀਂ ਸਮਝਿਆ ਕਿ ਮਿਲਟਰੀ ਆਪਣਾ ਕੰਮ ਖ਼ਤਮ ਕਰ ਕੇ ਵਾਪਸ ਜਾ ਰਹੀ ਹੈ। ਪਰੰਤੂ ਜਲਦੀ ਹੀ ਲਾਊਡ ਸਪੀਕਰ ਰਾਹੀਂ ਆਵਾਜ਼ ਸੁਣੀ ਕਿ ਸ੍ਰੀ ਦਰਬਾਰ ਸਾਹਿਬ (ਗੋਲਡਨ ਟੈਂਪਲ) ਕੰਪਲੈਕਸ ’ਤੇ ਮਿਲਟਰੀ ਦਾ ਕਬਜ਼ਾ ਹੋ ਗਿਆ ਹੈ। ਇਸ ਲਈ ਜੋ ਵੀ ਲੋਕ ਕਿਸੇ ਪਾਸੇ ਵੀ ਅੰਦਰ ਲੁਕੇ ਹੋਏ ਹਨ, ਉਹ ਬਾਹਰ ਆ ਜਾਣ। ਉਨ੍ਹਾਂ ਨੂੰ ਬਾ-ਇੱਜ਼ਤ ਕੈਦੀ ਬਣਾ ਲਿਆ ਜਾਵੇਗਾ।
ਇਸ ਕਰਕੇ 20 ਕੁ ਪ੍ਰਾਣੀ ਬਾਹਰ ਚਲੇ ਗਏ। ਉਨ੍ਹਾਂ ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਵਾਲੀ ਡਿਓੜੀ ਦੇ ਕੋਲ ਪਰਕਰਮਾ ਵਿਚ ਹੱਥ ਬੰਨ੍ਹ ਕੇ ਬਿਠਾ ਦਿੱਤਾ, ਜਿੱਥੇ ਹੋਰ ਵੀ ਸੇਵਾਦਾਰ, ਮੁਲਾਜ਼ਮ, ਪ੍ਰੇਮੀ-ਜਨ ਪਹਿਲਾਂ ਹੀ ਬਿਠਾਏ ਹੋਏ ਸਨ। ਹੁਣ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੇਵਲ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਤੇ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ, ਭਾਈ ਅਵਤਾਰ ਸਿੰਘ ਪਾਰੋਵਾਲ (ਜ਼ਖ਼ਮੀ), ਭਾਈ ਚਰਨਜੀਤ ਸਿੰਘ ਜੀ (ਜੋੜੀ ਮਾਸਟਰ ਸੂਰਮਾ ਸਿੰਘ), ਇਕ ਬਜ਼ੁਰਗ ਤੇ ਦਾਸ (ਲਿਖਾਰੀ) ਹੀ ਰਹਿ ਗਏ ਸਨ। ਪਾਣੀ ਦੀਆਂ ਦੋ ਬਾਲਟੀਆਂ ਅਸੀਂ ਭਰ ਕੇ ਸਿੰਘਾਂ ਲਈ ਰੱਖ ਦਿੱਤੀਆਂ ਸਨ। ਬਾਅਦ ਵਿਚ ਸਿੰਘ ਸਾਹਿਬਾਨ ਨੂੰ ਪੁੱਛ ਕੇ ਅਸੀਂ ਵੀ ਬਾਹਰ ਆ ਗਏ ਤੇ ਸਿੰਘ ਸਾਹਿਬਾਨ ਨੇ ਕਿਹਾ ਕਿ ਮਿਲਟਰੀ ਵਾਲਿਆਂ ਨੂੰ ਕਹਿ ਦੇਣਾ ਕਿ ਉਹ ਗੁਰੂ-ਮਹਾਰਾਜ ਦੀ ਤਾਬਿਆ ਛੱਡ ਕੇ ਨਹੀਂ ਆ ਸਕਦੇ। ਸੋ ਅਸੀਂ ਉਸੇ ਤਰ੍ਹਾਂ ਦੱਸ ਦਿੱਤਾ। ਬਾਹਰ ਨਿਕਲ ਕੇ ਆਸੇ-ਪਾਸੇ ਦੇਖਿਆ ਤਾਂ ਹਥਿਆਰਬੰਦ ਮਿਲਟਰੀ ਬੂਟਾਂ ਸਮੇਤ ਸਾਰੇ ਪਾਸੇ ਬੰਦੂਕਾਂ/ਸੰਗੀਨਾਂ ਦੀਆਂ ਸ਼ਿਸ਼ਤਾਂ ਲੈ ਕੇ ਪਰਕਰਮਾ ਵਿਚ, ਕਿਤੇ ਖੜ੍ਹੀ, ਕਿਤੇ ਘੁੰਮ ਰਹੀ ਸੀ। ਸਾਡੇ ਲਾਗੇ ਆ ਕੇ ਤਿੰਨ-ਚਾਰ ਮਿਲਟਰੀ ਵਾਲਿਆਂ ਨੇ ਘੇਰਾ ਪਾ ਕੇ ਹੱਥ ਖੜ੍ਹੇ ਕਰਾ ਕੇ ਸਾਡੇ ਗਾਤਰੇ-ਕਿਰਪਾਨਾਂ ਉਤਾਰ ਕੇ ਬੂਟਾਂ ਦੇ ਠੁੱਡ ਮਾਰ-ਮਾਰ ਕੇ ਵਗਾਹ-ਵਗਾਹ ਕੇ ਸੁੱਟ ਦਿੱਤੀਆਂ। ਸਾਡੀਆਂ ਦਸਤਾਰਾਂ ਉਤਾਰ ਕੇ ਸਾਡੇ ਹੱਥ ਪਿਛਲੇ ਪਾਸੇ ਬੰਨ੍ਹ ਦਿੱਤੇ ਤੇ ਬਹੁਤ ਗੰਦੀਆਂ ਗਾਲ੍ਹਾਂ ਦੀ ਬੁਛਾੜ ਕਰਨ ਲੱਗੇ। ਜਦੋਂ ਦਾਸ ਗੁਰਦੁਆਰਾ ਇਲਾਚੀ ਬੇਰ ਦੇ ਕੋਲੋਂ ਦੀ ਪਰਕਰਮਾ ਵਿਚ ਜਾ ਰਿਹਾ ਸੀ ਤਾਂ ਇਕ ਮਿਲਟਰੀ ਮੈਨ ਦੀ ਲਾਸ਼ ਦਰਸ਼ਨੀ ਡਿਓੜੀ ਦੇ ਹਾਥੀ ਦੰਦ ਵਾਲੇ ਦਰਵਾਜ਼ੇ ਕੋਲ ਬਾਹਰ ਸੜੀ ਹੋਈ ਦੇਖੀ, ਸ੍ਰੀ ਅਕਾਲ ਤਖ਼ਤ ਸਾਹਿਬ ਦਾ ਉੱਪਰਲਾ ਪਾਸਾ ਅੱਗ ਲੱਗਣ ਕਰਕੇ ਬਹੁਤ ਬੁਰੀ ਹਾਲਤ ਵਿਚ ਧੁਖਦਾ ਦੇਖਿਆ। ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅੱਗ ਲੱਗੀ ਹੋਈ ਸੀ। ਅਜਿਹਾ ਦ੍ਰਿਸ਼ ਅੱਖਾਂ ਅੱਗੇ ਪਹਿਲੀ ਵਾਰ ਦੇਖਿਆ। ਹਾਲਤ ਇਹ ਹੋ ਗਈ ਕਿ ਨਾ ਰੋਣ ਨਾ ਹੱਸਣ, ਦਿਮਾਗੀ ਤੌਰ ’ਤੇ ਸੁੰਨ ਬੁੱਤ ਜਿਹਾ ਬਣ ਗਿਆ। ਸੰਗਤਾਂ ਨੂੰ ਬਾਹਰ ਕੱਢਣ ਦੇ ਹੁਕਮ ਦੇਣ ਵਾਲਾ ਅਨਾਊਂਸਰ ਸਿੱਖ ਰੈਫਰੈਂਸ ਲਾਇਬ੍ਰੇਰੀ ਵਾਲੀ ਡਿਓੜੀ ਵਿਚ ਮਿਲਟਰੀ ਸਮੇਤ ਖਲੋਤਾ ਇਕ ਸਿੱਖ ਸਰਦਾਰ ਸੀ। ਮਿਲਟਰੀ ਵਾਲੇ ਸਾਨੂੰ ਗਾਲ੍ਹਾਂ ਕੱਢਦੇ ਕਹਿੰਦੇ ਕਿ ਆਪ ਲੋਗ ਦੇਸ਼ ਕੇ ਗ਼ਦਾਰ ਹੋ, ਭਿੰਡਰੀ ਵਾਲੇ ਕੇ ਚੇਲੇ ਹੋ, ਬਤਾਓ, ਆਪ ਕਾ ਭਿੰਡਰੀ ਵਾਲਾ ਕਹਾਂ ਹੈ? ਭਜਨ ਲਾਲ ਤੋ ਅਭੀ ਜ਼ਿੰਦਾ ਹੈ। ਉਥੇ ਬਿਠਾਏ ਆਦਮੀ, ਬੀਬੀਆਂ, ਬੱਚਿਆਂ ਦੀ ਸੰਖਿਆ ਲੱਗਭਗ 150 ਦੇ ਕਰੀਬ ਸੀ। ਫੌਜ ਦੇ ਆਦਮੀ ਇਕ ਨੌਜਵਾਨ ਸਿੰਘ ਨੂੰ ਕੇਸਾਂ ਤੋਂ ਫੜ ਕੇ ਸਰੋਵਰ ਵਿਚ ਗੋਤਾ ਦੇ ਕੇ ਬਾਹਰ ਕੱਢ ਕੇ ਲਿਆਏ। ਸਾਨੂੰ ਪਿੱਛੇ ਹੱਥ ਬੰਨ੍ਹਿਆਂ ਨੂੰ (ਬਹੁਤ ਛੋਟੇ ਬੱਚਿਆਂ ਦੇ ਹੱਥ ਨਹੀਂ ਸੀ ਬੰਨ੍ਹੇ) ਇਕੱਠੇ ਕਰ ਕੇ ਲਾਈਨਾਂ ਵਿਚ ਦੁਖਭੰਜਨੀ ਬੇਰੀ ਵੱਲ ਦੀ ਘੰਟਾ-ਘਰ ਡਿਓੜੀ ਦੇ ਬਾਹਰ ਲੈ ਆਏ ਤੇ ਇਸ ਦੌਰਾਨ ਸਾਨੂੰ ਆਸੇ-ਪਾਸੇ ਨਹੀਂ ਦੇਖਣ ਦਿੰਦੇ ਸਨ। ਪਰ ਅਸੀਂ ਚੋਰੀਂ ਅੱਖ ਨਾਲ ਜੋ ਦੇਖਿਆ, ਉਹ ਇਹ ਸੀ ਕਿ ਗੁਰਦੁਆਰਾ ਬੁੰਗਾ ਬਾਬਾ ਦੀਪ ਸਿੰਘ ਜੀ ਜੋ ਪਰਕਰਮਾ ਵਿਚ ਸਥਿਤ ਹੈ, ਕੋਲ ਚਾਰ-ਪੰਜ ਟੈਂਕ ਖੜ੍ਹੇ ਦੇਖੇ, ਦੁਖਭੰਜਨੀ ਬੇਰੀ ਤੇ ਬ੍ਰਹਮ ਬੂਟੇ ਅਖਾੜੇ ਕੋਲ ਕਈ ਗੁਰਮੁਖ ਪਿਆਰੇ ਨੌਜਵਾਨ-ਬਿਰਧ ਸ਼ਹੀਦ ਹੋਏ ਦੇਖੇ।
ਬ੍ਰਹਮ ਬੂਟੇ ਵਾਲੀ ਛਬੀਲ ਦੇ ਨਾਲ ਦੇ ਕਮਰੇ ਵਿਚ ਅੱਗ ਦੇ ਭਾਂਬੜ ਬਲਦੇ ਹੋਏ ਦੇਖੇ। ਸਾਨੂੰ ਘੰਟਾ-ਘਰ ਡਿਓੜੀ ਦੇ ਬਾਹਰ ਫੁੱਲਾਂ ਵਾਲੀ ਦੁਕਾਨ ਕੋਲ ਪਿੱਠ ਸ੍ਰੀ ਦਰਬਾਰ ਸਾਹਿਬ ਵੱਲ ਤੇ ਮੂੰਹ ਕਟੜਾ ਆਹਲੂਵਾਲੀਆ ਵੱਲ ਕਰਵਾ ਕੇ ਲਾਈਨਾਂ ਵਿਚ ਰੋੜਾਂ, ਕੰਕਰਾਂ ਦੇ ਉੱਪਰ ਬਿਠਾ ਦਿੱਤਾ। ਅਤਿ ਗਰਮੀ ਹੋਣ ਕਰਕੇ ਤੇ ਪੇਟੋਂ ਭੁੱਖੇ ਹੋਣ ਕਰਕੇ ਪਿਆਸ ਨੇ ਬਹੁਤ ਵਿਆਕੁਲ ਕਰ ਦਿੱਤਾ। ਅਸੀਂ ਪਾਣੀ ਮੰਗੀਏ ਤਾਂ ਸਾਨੂੰ ਪਾਣੀ ਦੇਣ ਦੀ ਬਜਾਏ ਬਹੁਤ ਗੰਦੀਆਂ ਗਾਲ੍ਹਾਂ, ਬੋਲ-ਕੁਬੋਲ ਬੋਲਣ ਲੱਗ ਪੈਂਦੇ। ਇਹ ਸਾਰੀ ਬਟਾਲੀਅਨ ਜੋ ਸਾਡੇ ਦੁਆਲੇ ਹਥਿਆਰ ਲੈ ਕੇ ਨਿਸ਼ਾਨੇ ਬੰਨ੍ਹ ਕੇ ਖੜ੍ਹੀ ਸੀ, ਮਦਰਾਸੀ/ਬਿਹਾਰੀ ਜਿਹੇ ਜਾਪਦੇ ਸਨ। ਸਾਨੂੰ ਕਹਿੰਦੇ ਕਿ ਸਾਲੇ ਆਪ ਬਾਰਾਤ ਮੇਂ ਆਏ ਹੋ ਕਿ ਆਪ ਕੋ ਪਾਨੀ ਪਿਲਾਏਂਗੇ, ਆਪ ਕੋ ਪੇਸ਼ਾਬ ਪਿਲਾਏਂਗੇ। ਆਪ ਕੋ ਅਭੀ ਟੈਂਕੋਂ ਕੇ ਨੀਚੇ ਕੁਚਲ ਦੇਂਗੇ। ਬਾਰਡਰ ’ਪਰ ਲੇ ਜਾ ਕਰ ਗੋਲੀ ਮਾਰ ਦੇਂਗੇਂ। ਸਾਨੂੰ ਡਰਾਉਣ ਵਾਸਤੇ ਟੈਂਕ ਵੀ ਸਾਡੇ ਵੱਲ ਨੂੰ ਮੋੜ ਦਿੱਤੇ। ਸਾਡੇ ਲਾਗੇ ਬੀੜੀਆਂ/ਸਿਗਰਟਾਂ ਬਹੁਤ ਪੀਂਦੇ ਸਨ। ਸਾਨੂੰ ਸਿਰ ਵੀ ਉੱਪਰ ਨਹੀਂ ਚੁੱਕਣ ਦਿੰਦੇ ਸਨ। ਜੇਕਰ ਕੋਈ ਸਿਰ ਉੱਪਰ ਉਠਾਉਂਦਾ ਤਾਂ ਉਸ ਦੇ ਬੰਦੂਕ ਦੀ ਬੱਟ ਮਾਰਦੇ ਜਾਂ ਬੂਟਾਂ ਦੇ ਠੁੱਡ ਮਾਰਦੇ। ਮੇਰੀ ਤਾਂ ਉਨ੍ਹਾਂ ਦਾੜ੍ਹੀ ਨੂੰ ਵੀ ਹੱਥ ਪਾਇਆ ਅਤੇ ਬੱਟ ਮਾਰੇ। ਸਾਡੇ ਨਾਲ ਇਕ ਬੀਬੀ (ਭਾਈ ਫੌਜਾ ਸਿੰਘ ਜੀ ਸ਼ਹੀਦ 1978 ਦੀ ਸਾਲੀ ਬੀਬੀ ਪਰਮਜੀਤ ਕੌਰ ਲਾਡੀ ਦੇ ਨਾਲ) ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਆਈ ਸੀ, ਪਰ ਘਰ ਨਹੀਂ ਜਾ ਸਕੀ। ਉਸ ਦੇ ਵੀ ਗੋਲੀ ਲੱਗੀ ਤੇ ਖੂਨ ਨਾਲ ਲਥਪਥ ਹੋਈ, ਸਾਡੇ ਕੋਲ ਬੈਠੀ ਜ਼ਖ਼ਮਾਂ ਨਾਲ ਕਰਾਹ ਰਹੀ ਸੀ। ਬੀਬੀ ਪਰਮਜੀਤ ਕੌਰ ਲਾਡੀ ਛਬੀਲ ਭਾਈ ਸਵਾਇਆ ਸਿੰਘ ਕੋਲ ਸੇਵਾ ਕਰਦੀ ਸ਼ਹੀਦ ਹੋ ਗਈ ਸੀ। ਸਾਡੇ ਨਾਲ ਛੋਟੇ-ਛੋਟੇ ਬੱਚੇ ਭੁੱਖ-ਪਿਆਸ ਨਾਲ ਰੋ ਰਹੇ ਸਨ ਪਰ ਮਿਲਟਰੀ ਵਾਲੇ ਬੇ-ਤਰਸ ਸਨ।
ਸਾਡੀਆਂ ਫੋਟੋਆਂ ਲਈਆਂ ਗਈਆਂ ਕਿ ਏਨੇ ਅੱਤਵਾਦੀ ਅੰਦਰੋਂ ਪਕੜੇ ਗਏ ਹਨ। ਮਿਲਟਰੀ ਵਾਲੇ ਬੀੜੀਆਂ-ਸਿਗਰਟਾਂ ਪੀਂਦੇ ਜੁੱਤੀਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਅੰਦਰ ਦਾਖ਼ਲ ਹੁੰਦੇ ਦੇਖੇ। ਸਾਡੇ ਦੁਆਲਿਓਂ ਮਿਲਟਰੀ ਦੀ ਪਹਿਲੀ ਗਾਰਦ ਬਦਲੀ ਤਾਂ ਕੁਝ ਨਰਮਾਈ ਵਾਲੇ ਅਫ਼ਸਰ ਆਏ। ਉਹ ਸਾਨੂੰ ਕਹਿਣ ਕਿ ਆਪ ਕੋ ਪਾਨੀ ਪਿਲਾਏਂਗੇ, ਪਹਿਲੇ ਆਪ ਬਤਾਏਂ ਕਿ ਭਿੰਡਰਾਂ ਵਾਲਾ ਕਹਾਂ ਹੈ? ਸਾਨੂੰ ਪਤਾ ਨਹੀਂ ਸੀ, ਅਸੀਂ ਕੀ ਦੱਸਦੇ? ਖੈਰ ਸਾਨੂੰ ਇਕ-ਇਕ ਗਿਲਾਸ ਪਾਣੀ ਦਾ ਪਿਲਾ ਦਿੱਤਾ। ਇਕ ਸਿੱਖ ਅਫਸਰ ਬਜ਼ਾਰ ਮਾਈ ਸੇਵਾਂ ਵੱਲ ਖੜ੍ਹਾ ਸਾਡੇ ਵੱਲ ਦੇਖ ਰਿਹਾ ਸੀ। ਉਸ ਨੇ ਦੋ ਬਾਲਟੀਆਂ ਪਾਣੀ ਦੀਆਂ ਭੇਜੀਆਂ। ਸਾਡੀ ਹਾਲਤ ਦੇਖ ਕੇ ਸਿੱਖ ਮਿਲਟਰੀ ਵਾਲੇ ਜਵਾਨਾਂ ਦੀਆਂ ਅੱਖਾਂ ਭਰੀਆਂ ਹੋਈਆਂ ਸਨ ਪਰ ਹੁਕਮ ਦੇ ਬੱਧੇ ਕੁਝ ਨਹੀਂ ਕਰ ਸਕਦੇ ਸਨ। ਜੋ ਕੁਝ ਉਨ੍ਹਾਂ ਕੋਲੋਂ ਬਣ ਸਕਿਆ ਮਦਦ ਕਰਦੇ ਸਨ ਪਰ ਦੂਸਰੇ ਫੌਜੀ ਉਨ੍ਹਾਂ ਨੂੰ ਝਿੜਕ ਦਿੰਦੇ ਸਨ। ਸਾਡੇ ਉਥੇ ਘੰਟਾ-ਘਰ ਬੈਠਿਆਂ ਮਿਲਟਰੀ ਨੇ ਨੌਜਵਾਨਾਂ ਨੂੰ ਬੰਦੂਕਾਂ ਦੇ ਬੱਟਾਂ ਨਾਲ ਬਹੁਤ ਮਾਰਿਆ-ਕੁੱਟਿਆ, ਸਿਰ ਜ਼ਖ਼ਮੀ ਕਰ ਦਿੱਤੇ। ਸੰਧਿਆ ਰਾਤ ਸਮੇਂ ਸਾਨੂੰ ਹੱਥ ਬੰਨ੍ਹਿਆਂ ਨੂੰ ਹੀ ਕਿਹਾ ਕਿ ਲੇਟ ਜਾਓ। ਪਿੱਛੇ ਹੱਥ ਬੰਨ੍ਹੇ ਹੋਏ, ਹੇਠਾਂ ਰੋੜੇ ਕੰਕਰ, ਜ਼ਮੀਨ ਗਰਮ, ਕਿਵੇਂ ਆਰਾਮ ਕਰ ਸਕਦੇ ਸੀ? ਭੁੱਖੇ-ਪਿਆਸੇ ਜਿਹੜਾ ਕੋਈ ਪਾਠ ਆਉਂਦਾ ਕਰੀ ਗਏ।
ਜੂਨ ਦੀ ਸਵੇਰ ਹੋਈ। ਸਾਨੂੰ ਉਥੋਂ ਉਠਾ ਕੇ ਘੰਟਾ-ਘਰ ਦੇ ਉਸ ਵੇਲੇ ਦੇ ਜੋੜਾ ਘਰ ਕੋਲ ਬਿਠਾ ਦਿੱਤਾ। ਇਕ ਬੀਬੀ ਜੋ ਸੇਵਾਦਾਰ ਦੀ ਘਰਵਾਲੀ ਸੀ, ਜੋ ਕਿ ਘੰਟਾ-ਘਰ ਵਾਲੇ ਪਾਸੇ ਬਣੇ ਕੁਆਟਰਾਂ ਵਿਚ ਪਰਵਾਰ ਸਮੇਤ ਰਹਿ ਰਹੀ ਸੀ, ਸਾਡੇ ਕੋਲ ਰੋਂਦੀ-ਕੁਰਲਾਉਂਦੀ ਆਈ ਤੇ ਉਸ ਨੇ ਦੱਸਿਆ ਕਿ ਮਿਲਟਰੀ ਵਾਲਿਆਂ ਨੇ ਤਲਾਸ਼ੀ ਲੈਂਦੇ ਸਮੇਂ ਉਸ ਦਾ ਪਤੀ, ਦਿਉਰ, ਇਕ ਵੱਡੀ ਲੜਕੀ ਹੁਣੇ ਹੀ ਗੋਲੀ ਮਾਰ ਕੇ ਮਾਰ ਦਿੱਤੇ ਹਨ। ਖ਼ੈਰ ਅਜਿਹੀਆਂ ਘਟਨਾਵਾਂ ਬਹੁਤ ਹਨ, ਜਿਹੜੀਆਂ ਉਸ ਸਮੇਂ ਵਾਪਰੀਆਂ। ਉਸ ਦਿਨ ਵੱਡੇ-ਵੱਡੇ ਫੌਜੀ ਅਫਸਰ ਸ੍ਰੀ ਦਰਬਾਰ ਸਾਹਿਬ ਆਏ, ਅਸਲੇ ਦੀਆਂ ਤਿੰਨ ਕੁ ਗੱਡੀਆਂ ਭਰ ਕੇ ਲਿਆਏ, ਸਿੰਘਾਂ ਦੀਆਂ ਵੱਡੀਆਂ ਕਿਰਪਾਨਾਂ ਤੇ ਚੋਲੇ-ਬਸਤਰਾਂ ਦੀਆਂ ਗੰਢਾਂ ਬੰਨ੍ਹੀਆਂ ਦੇਖੀਆਂ, ਜੋ ਕਿ ਉਹ ਅੰਦਰ ਲੈ ਗਏ। ਸ਼ਾਇਦ ਇਹ ਦਿਖਾਉਣ ਲਈ ਕਿ ਮਿਲਟਰੀ ਨੇ ਏਨਾ ਅਸਲਾ ਅਤੇ ਸ਼ਸਤਰ ਕਾਬੂ ਕੀਤੇ ਹਨ। ਸਾਡੇ ਵਿੱਚੋਂ ਇਕ ਰਾਗੀ ਸਿੰਘ (ਭਾਈ ਹਰਚਰਨ ਸਿੰਘ ਜੋ ਕਿ ਹੁਣ ਚੜ੍ਹਾਈ ਕਰ ਚੁਕੇ ਹਨ) ਤੇ ਇਕ ਇਨਫਰਮੇਸ਼ਨ ਅਫਸਰ (ਨੰਦਾ ਜੀ) ਨੂੰ ਭਿੰਡਰਾਂ ਵਾਲੇ ਸੰਤਾਂ ਦੀ ਲਾਸ਼ ਪਹਿਚਾਨਣ ਵਾਸਤੇ ਲੈ ਗਏ। ਉਨ੍ਹਾਂ ਨੇ ਪਹਿਚਾਣ ਕਰ ਕੇ ਇਹ ਹੀ ਦੱਸਿਆ ਕਿ ਇਹ ਲਾਸ਼ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਹੈ, ਜੋ ਕਿ ਘੰਟਾ-ਘਰ ਵਾਲੇ ਪਾਸੇ ਡਿਓੜੀ ਵਿਚ ਰੱਖੀ ਗਈ ਸੀ।
ਦੁਪਹਿਰ ਤੋਂ ਬਾਅਦ ਤਕਰੀਬਨ 22 ਘੰਟਿਆਂ ਬਾਅਦ ਸਾਡੇ ਹੱਥ ਖੋਲ੍ਹੇ। ਸਾਨੂੰ ਮਿਲਟਰੀ ਕੈਂਪ ਜੋ ਕਿ ਮਿਲਟਰੀ ਵਾਲਿਆਂ ਬੱਚਿਆਂ ਦਾ ਸਕੂਲ ਸੀ ਅਤੇ ਨਵਾਂ ਤਿਆਰ ਹੋਇਆ ਸੀ, ਛਾਉਣੀ ਵਿਚ ਲੈ ਗਏ। ਸਾਨੂੰ ਉਥੇ ਛੋਟੇ-ਛੋਟੇ ਕਮਰਿਆਂ ਵਿਚ ਬੰਦ ਕਰ ਦਿੱਤਾ। ਕੋਈ ਪਾਣੀ ਵਗੈਰਾ ਦੀ ਬਾਤ ਨਹੀਂ ਪੁੱਛੀ। ਬਹੁਤ ਕਹਿਣ ’ਤੇ ਕੂੜੇ-ਕਰਕਟ ਵਾਲੇ ਡਰੰਮਾਂ ਵਿਚ ਪਾਣੀ ਭਰ ਕੇ ਪਿਲਾ ਦਿੱਤਾ। ਪਾਣੀ ਦੀ ਘਾਟ, ਕਮਰੇ ਛੋਟੇ ਅਤੇ ਬੰਦੇ ਬਹੁਤ ਹੋਣ ਕਰਕੇ ਵਾਤਾਵਰਨ ਬਹੁਤ ਸਾਹ-ਘੁੱਟਵਾਂ ਹੋ ਗਿਆ ਸੀ। ਸਾਡੇ ਵਿੱਚੋਂ ਦੋ ਪ੍ਰਾਣੀ ਤਾਂ ਉਸੇ ਵੇਲੇ (ਭਾਈ ਸਰਦਾਰ ਸਿੰਘ ਜੋ ਕਿ ਸ੍ਰੀ ਹਰਿਮੰਦਰ ਸਾਹਿਬ ਵਿਛਾਈ ਦੀ ਸੇਵਾ ਕਰਦੇ ਸਨ ਅਤੇ ਇਕ ਭਾਈ ਮੱਲ ਸਿੰਘ) ਚੜ੍ਹਾਈ ਕਰ ਗਏ। ਬਾਅਦ ਵਿਚ ਇਕ ਹੋਰ ਸਿੰਘ ਬੁਖਾਰ ਹੋਣ ਕਾਰਨ ਚੜ੍ਹਾਈ ਕਰ ਗਿਆ ਸੀ। ਸਾਡੇ ਵਿੱਚੋਂ ਛਾਂਟੀ ਕਰ ਕੇ ਚਾਲ੍ਹੀ ਸਾਲ ਤੋਂ ਹੇਠਾਂ ਉਮਰ ਦੇ ਆਦਮੀ ਇਕ ਪਾਸੇ ਅਤੇ ਇਸ ਤੋਂ ਉੱਪਰਲੀ ਉਮਰ ਦੇ ਅਤੇ ਬਜ਼ੁਰਗ ਵੱਖ-ਵੱਖ ਕਮਰਿਆਂ ਵਿਚ ਬੰਦ ਕਰ ਦਿੱਤੇ। ਬੀਬੀਆਂ-ਬੱਚੇ ਵੱਖ-ਵੱਖ ਕਮਰਿਆਂ ਵਿਚ ਭੇਜ ਦਿੱਤੇ। ਸਾਡੇ ਵਿੱਚੋਂ ਬਹੁਤ ਸਾਰੇ ਸਿੰਘ ਜ਼ਖ਼ਮੀ ਸਨ। ਪਹਿਲੇ ਦਿਨਾਂ ਵਿਚ ਕੋਈ ਇਲਾਜ ਨਹੀਂ ਸੀ ਹੋ ਰਿਹਾ। ਰੋਟੀ-ਪਾਣੀ ਦਾ ਵੀ ਕੋਈ ਠੀਕ ਇੰਤਜ਼ਾਮ ਨਹੀਂ ਸੀ। ਕਦੀ ਰਾਤ ਬਾਰ੍ਹਾਂ ਵਜੇ, ਕਦੀ ਸ਼ਾਮ ਤਿੰਨ ਵਜੇ ਖਾਣਾ ਦਿੰਦੇ ਸਨ। ਅਖ਼ੀਰਲੇ ਦਿਨਾਂ ਵਿਚ ਚਾਹ ਵਗੈਰਾ ਦੇਣੀ ਸ਼ੁਰੂ ਕਰ ਦਿੱਤੀ। ਨਹਾਉਣ, ਧੋਣ ਦੀ ਤੰਗੀ ਸੀ। ਫਲੱਸ਼ਾਂ ਵਾਲੀਆਂ ਟੂਟੀਆਂ ਵਿੱਚੋਂ ਪਾਣੀ ਲੈ ਕੇ ਇਸ਼ਨਾਨ ਕਰਨਾ ਅਤੇ ਪੀਣ ਲਈ ਵੀ ਉੱਥੋਂ ਹੀ ਭਰਨਾ। ਤੇੜ ਵਾਲੇ ਕਛਹਿਰੇ ਨਾਲ ਹੀ ਇਸ਼ਨਾਨ ਕਰਨਾ ਤੇ ਉਹ ਹੀ ਗਿੱਲਾ ਪਾ ਲੈਣਾ। ਖੈਰ ਸਾਡੇ ਵਿੱਚੋਂ ਵੱਖ-ਵੱਖ ਕਮਰਿਆਂ ਵਿੱਚੋਂ ਕੁਝ ਸ਼ੱਕੀ ਬੰਦਿਆਂ ਨੌਜਵਾਨਾਂ/ਇਸਤਰੀਆਂ ਨੂੰ ਜੋਧਪੁਰ ਜੇਲ੍ਹ ਵਿਚ ਭੇਜ ਦਿੱਤਾ ਅਤੇ ਹੋਰ ਨੂੰ ਬਾਹਰਲੀਆਂ ਜੇਲ੍ਹਾਂ ਵਿਚ ਵੀ।
ਸਾਡੀਆਂ ਅਖ਼ੀਰਲੇ ਦਿਨਾਂ ਵਿਚ ਫੋਟੋਆਂ ਲੈ ਕੇ 22 ਜੂਨ ਨੂੰ ਅੰਮ੍ਰਿਤਸਰ ਜੇਲ੍ਹ ਭੇਜ ਦਿੱਤਾ। ਓਥੇ ਸਾਨੂੰ ਜੇਲ੍ਹ ਵਾਲਿਆਂ ਨੇ ਸੁਖ-ਆਰਾਮ ਦਿੱਤਾ। ਹਮਦਰਦੀ ਭਰਿਆ ਵਤੀਰਾ ਰੱਖਿਆ। 25 ਜੂਨ ਨੂੰ ਉਥੋਂ ਸਾਨੂੰ ਆਪਣੇ-ਆਪਣੇ ਜ਼ਿਲ੍ਹਿਆਂ ਦੀਆਂ ਜੇਲ੍ਹਾਂ ਵਿਚ ਭੇਜ ਦਿੱਤਾ। ਦਾਸ ਹੋਰ ਸਾਥੀਆਂ ਨਾਲ ਹੁਸ਼ਿਆਰਪੁਰ ਜ਼ਿਲ੍ਹਾ ਜੇਲ੍ਹ ਵਿਚ 28 ਜੂਨ ਤਕ ਰਿਹਾ ਜਿੱਥੋਂ ਅਸੀਂ ਬਿਨਾਂ ਜ਼ਮਾਨਤ ਰਿਹਾਅ ਕੀਤੇ ਗਏ। ਜ਼ਿਲ੍ਹਿਆਂ ਦੀਆਂ ਜੇਲ੍ਹਾਂ ਵਿਚ ਸਿੱਖ ਕੈਦੀਆਂ ਨੇ ਸਾਡੇ ਨਾਲ ਬਹੁਤ ਹਮਦਰਦੀ ਕੀਤੀ। ਪੰਜਾਬ ਪੁਲਿਸ ਦਾ ਵਤੀਰਾ ਵੀ ਸਾਡੇ ਨਾਲ ਬਹੁਤ ਹਮਦਰਦੀ ਭਰਿਆ ਰਿਹਾ। ਸ਼੍ਰੋਮਣੀ ਕਮੇਟੀ ਦੇ ਤਕਰੀਬਨ 70-80 ਦੇ ਕਰੀਬ ਸੇਵਾਦਾਰ/ਮੁਲਾਜ਼ਮ ਪਹਿਲਾਂ ਹੀ ਛੁਡਾ ਲਏ ਗਏ ਸਨ। ਇਹ ਸਨ 3 ਜੂਨ ਤੋਂ 28 ਜੂਨ ਤਕ ਦੇ ਹਾਲਾਤ। ਹੋਰ ਹਾਲਾਤ ਬਾਰੇ ਬਹੁਤ ਕੁਝ ਵੱਖ-ਵੱਖ ਗੁਰਮੁਖਾਂ ਪਿਆਰਿਆਂ ਵੱਲੋਂ ਲਿਖਿਆ ਗਿਆ ਹੈ ਜਿਸ ਨੂੰ ਪੜ੍ਹਿਆਂ, ਆਪਣੇ ਆਜ਼ਾਦ ਦੇਸ਼ ਵਿਚ ਇਕ ਕੌਮ (ਸਿੱਖ ਕੌਮ) ਨਾਲ ਹੋਏ ਜ਼ੁਲਮਾਂ ਕਾਰਨ ਰੌਂਗਟੇ ਖੜ੍ਹੇ ਹੋ ਜਾਂਦੇ ਹਨ।
ਲੇਖਕ ਬਾਰੇ
ਮਕਾਨ ਨੰ: 2334, ਗਲੀ ਨੰ: 2, ਧਰਮਪੁਰਾ, ਜੌੜਾ ਫਾਟਕ, ਅੰਮ੍ਰਿਤਸਰ
- ਹੋਰ ਲੇਖ ਉਪਲੱਭਧ ਨਹੀਂ ਹਨ