editor@sikharchives.org
ਹੋਲਾ ਮਹੱਲਾ

ਹੋਲਾ ਮਹੱਲਾ

ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰ ਕਿ ਜਦੋਂ ਮਨੁੱਖ ਕੋਲੋਂ ਮੁੱਢਲੇ ਅਧਿਕਾਰ ਅਤੇ ਧਰਮ-ਰੱਖਿਆ ਦੇ ਸਾਰੇ ਹੀਲੇ ਖ਼ਤਮ ਹੋ ਜਾਣ ਤਾਂ ਦੋਸ਼ੀ ਆਪਣੀ ਜ਼ਿਦ ਛੱਡੇ ਤਾਂ ਇਕ ਧਾਰਮਿਕ ਪੁਰਸ਼ ਨੂੰ ਵੀ ਜੁਝਾਰੂ ਬਿਰਤੀ ਧਾਰਨ ਕਰਨੀ ਪੈਂਦੀ ਹੈ! ਮਾਲਾ ਦੇ ਨਾਲ-ਨਾਲ ਢਾਲਾਂ, ਤਲਵਾਰਾਂ ਦੀ ਲੋੜ ਪੈਂਦੀ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸਾਡੇ ਪੰਜਾਬ ਦੀ ਧਰਤੀ ਗੁਰੂ ਸਾਹਿਬਾਨਾਂ, ਪੀਰਾਂ, ਫਕੀਰਾਂ, ਰਹਿਬਰਾਂ ਦੀ ਧਰਤੀ ਹੈ। ਇਸ ਰੱਬੀ ਧਰਤੀ ਉੱਪਰ ਕੁਝ ਖਾਸ ਥਾਵਾਂ ਹਨ ਜਿਨ੍ਹਾਂ ਵਿੱਚੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਨਗਰੀ ਵੀ ਇਕ ਹੈ। ਵਾਕਿਆ ਹੀ ਅਨੰਦ ਆਉਂਦਾ ਹੈ। ਪਰ ਦੁਸ਼ਮਣ ਹਮੇਸ਼ਾਂ ਇਸ ਨਗਰੀ ਨੂੰ ਉਜਾੜਨ ਦੀ ਤਾਂਘ ਵਿਚ ਰਿਹਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰ ਕਿ ਜਦੋਂ ਮਨੁੱਖ ਕੋਲੋਂ ਮੁੱਢਲੇ ਅਧਿਕਾਰ ਅਤੇ ਧਰਮ-ਰੱਖਿਆ ਦੇ ਸਾਰੇ ਹੀਲੇ ਖ਼ਤਮ ਹੋ ਜਾਣ ਤਾਂ ਦੋਸ਼ੀ ਆਪਣੀ ਜ਼ਿਦ ਛੱਡੇ ਤਾਂ ਇਕ ਧਾਰਮਿਕ ਪੁਰਸ਼ ਨੂੰ ਵੀ ਜੁਝਾਰੂ ਬਿਰਤੀ ਧਾਰਨ ਕਰਨੀ ਪੈਂਦੀ ਹੈ! ਮਾਲਾ ਦੇ ਨਾਲ-ਨਾਲ ਢਾਲਾਂ, ਤਲਵਾਰਾਂ ਦੀ ਲੋੜ ਪੈਂਦੀ ਹੈ। ਗੁਰੂ ਜੀ ਨੇ ਸਮਾਜਿਕ, ਰਾਜਨੀਤਿਕ, ਧਾਰਮਿਕ ਕੰਮਾਂ ਨੂੰ ਉੱਚਾ ਚੁੱਕਣ ਲਈ ਸਿੱਖਾਂ ਵਿਚ ਜਾਗ੍ਰਿਤੀ ਪੈਦਾ ਕੀਤੀ। ਗੁਰੂ ਜੀ ਨੇ ਸਾਨੂੰ ਅਜ਼ਾਦੀ ਦਾ ਅਹਿਸਾਸ ਕਰਵਾਇਆ। ਹੋਲੀ ਦਾ ਤਿਉਹਾਰ ਮਨਾਉਣ ਦਾ ਢੰਗ ਬਹੁਤ ਗ਼ਲਤ ਹੋ ਚੁੱਕਾ ਸੀ। ਇਕ ਦੂਜੇ ਉੱਪਰ ਗੰਦਾ ਪਾਣੀ, ਗੋਹਾ, ਸੁਆਹ, ਡੰਗਰਾਂ ਦਾ ਪਿਸ਼ਾਬ ਆਦਿ ਪਾਉਂਦੇ। ਬੁਰੇ ਕੰਮਾਂ ਤੋਂ ਬਚਣਾ ਤਾਂ ਕੀ ਸੀ, ਸਗੋਂ ਸ਼ਰਾਬ, ਧਤੂਰਾ, ਸੁੱਖਾ ਪੀ ਕੇ ਪਾਗਲਾਂ ਵਾਂਗ ਹਰਕਤਾਂ ਕਰਦੇ! ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਵਾਰ ਇਨ੍ਹਾਂ ਦੀ ਐਸੀ ਬਾਂਹ ਫੜੀ ਕਿ ਮੁੜ ਨਹੀਂ ਛੱਡੀ, ਇਨ੍ਹਾਂ ਨੂੰ ਆਪਣੀ ਹਿੱਕ ਨਾਲ ਲਾਇਆ। ਗੁਰੂ ਜੀ ਨੇ ਐਸੀ ਹੋਲੀ ਨੂੰ ਬਦਲ ਕੇ ਹੋਲੇ ਮਹੱਲੇ ਦਾ ਨਾਂ ਦਿੱਤਾ, ਜਿਸ ਦਾ ਮਤਲਬ ਅਭਿਆਸ ਵਜੋਂ ਲੜੀ ਜਾਣ ਵਾਲੀ ਲੜਾਈ ਹੁੰਦਾ ਹੈ। ਗੁਰੂ ਜੀ ਨੇ ਅਨੰਦਪੁਰ ਸਾਹਿਬ ਦੇ ਆਲੇ-ਦੁਆਲੇ ਅਖਾੜੇ ਬਣਾ ਲਏ, ਚਰਨ ਗੰਗਾ ਨਦੀ ਦੇ ਕਿਨਾਰੇ ’ਤੇ ਸ਼ਿਵਾਲਿਕ ਦੀਆਂ ਪਹਾੜੀਆਂ ਵੀ ਹੋਲੇ ਮਹੱਲੇ ਲਈ ਵਰਤੀਆਂ ਜਾਂਦੀਆਂ। ਘੋੜ-ਸਵਾਰੀ, ਸਰੀਰਿਕ ਵਰਜ਼ਿਸ਼, ਤੀਰ ਅੰਦਾਜ਼ੀ, ਕੁਸ਼ਤੀਆਂ, ਸ਼ਸਤਰਾਂ ਦਾ ਚਲਾਉਣਾ ਗੁਰਸਿੱਖ ਲਈ ਲਾਜ਼ਮੀ ਕਰ ਦਿੱਤਾ। ਪਰ ਆਉਂਦੇ ਹਿੰਦੂ-ਮੁਸਲਮਾਨ ਵੀ ਸੀ। ਸਿੱਖ ਯੋਧਿਆਂ ਨੂੰ ਚੰਗੀ ਸੰਤੁਲਿਤ ਖੁਰਾਕ ਦਿੱਤੀ ਜਾਂਦੀ। ਗੁਰੂ ਜੀ ਦਾ ਪੱਕਾ ਪ੍ਰਣ ਸੀ ਕਿ ਹਰ ਕੰਮ ਤੋਂ ਪਹਿਲਾਂ ਸਿੱਖਿਆ ਦਿੰਦੇ ਹੋਏ ਸੰਬੋਧਨ ਕਰਦੇ ਸੀ। ਗੁਰੂ ਜੀ ਆਪਣੇ ਸਿੱਖਾਂ ਨੂੰ ਮੈਦਾਨ ਵਿਚ ਜਾਣ ਤੋਂ ਪਹਿਲਾਂ ਧਾਰਮਿਕ ਵਿੱਦਿਆ ਦੇ ਨਾਲ-ਨਾਲ ਮੁਗ਼ਲਾਂ ਦੀ ਗ਼ੁਲਾਮੀ ਬਾਰੇ ਦੱਸਦੇ। ਗ਼ੁਲਾਮ ਤੇ ਆਜ਼ਾਦ ਮਨੁੱਖ ਵਿਚ ਦਿਨ ਰਾਤ ਵਾਂਗ ਫਰਕ ਸੀ। ਜਿਨ੍ਹਾਂ ਦੀ ਜ਼ਿੰਦਗੀ ਵਿਚ ਕਦੇ ਚਾਨਣ ਨਹੀਂ ਹੋਇਆ, ਕੋਈ ਹੱਕ ਨਹੀਂ ਉਹ ਖਾਲੀ ਜੇਬ ਵਾਂਗ ਹੋਛੇ ਹੁੰਦੇ ਹਨ। ਜਿਸ ਤਰ੍ਹਾਂ ਦੀ ਸੋਚ, ਉਸ ਤਰ੍ਹਾਂ ਦੀ ਉਸਾਰੀ ਹੁੰਦੀ ਹੈ। ਹੀਣੇ ਲੋਕਾਂ ਨੂੰ ਉੱਚਾ ਚੁੱਕਣ ਲਈ ਵਿਚਾਰਾਂ ਹੁੰਦੀਆਂ। ਇਹ ਕਾਰਜ ਔਖਾ ਸੀ, ਪਰ ਗੁਰੂ ਜੀ ਨੇ ਸਮੁੰਦਰ ਨੂੰ ਕੁੱਜੇ ਵਿਚ ਬੰਦ ਕਰ ਦਿੱਤਾ। ਜਾਤ- ਪਾਤ, ਊਚ-ਨੀਚ ਨੂੰ ਖ਼ਤਮ ਕੀਤਾ। ਨੌਜਵਾਨਾਂ ਦਾ ਮਾਨਸਿਕ ਬਲ ਵਧਾਇਆ। ਜ਼ਿੰਦਗੀ ਦਾ ਅਸਲੀ ਮਕਸਦ ਸਮਝਾਇਆ। ਨੌਜਵਾਨਾਂ ਨੂੰ ਪ੍ਰਫੁਲਿਤ ਕਰਨ ਖ਼ਾਤਰ, ਗੁਰੂ ਜੀ ਆਪ ਮੈਦਾਨ ਵਿਚ ਜਾ ਗੱਭਰੂ ਨੂੰ ਆਪਣੇ ਕੋਲ ਸੱਦ ਕੇ, ਥੱਲੇ ਪਾਕ ਗੋਡਾ ਲਾ ਕੇ ਤੀਰ ਦਾ ਨਿਸ਼ਾਨਾ ਦੱਸਦੇ ਕਿ ਪੁੱਤਰ, ਇਸ ਤਰ੍ਹਾਂ ਲਾਉਣਾ ਹੈ। ਕਿਰਪਾਨ ਦਾ ਵਾਰ ਕਿਸ ਤਰ੍ਹਾਂ ਕਰਨਾ ਹੈ, ਕਿਸ ਤਰ੍ਹਾਂ ਢਾਲ ’ਤੇ ਰੋਕਣਾ ਹੈ ਇਹ ਸਾਰੇ ਗੁਰ ਗੁਰੂ ਜੀ ਹੋਲੇ ਮਹੱਲੇ ਦੇ ਮੈਦਾਨ ਵਿਚ ਸਿਖਾਉਂਦੇ। ਹਰ ਰੋਜ਼ ਯੋਧਿਆਂ ਦੀ ਗਿਣਤੀ ਵਧਣ ਲੱਗੀ। ਨਵੇਂ ਹਥਿਆਰ, ਨਵੇਂ ਦਾਅ, ਨਵੇਂ ਅਸਤਰ-ਸ਼ਸਤਰ ਵੇਖਣ ਨੂੰ ਮਿਲਦੇ। ਗੁਰੂ ਜੀ ਦੇ ਅਨੋਖੇ ਕਾਰਨਾਮਿਆਂ ਦੀ ਚਰਚਾ ਦੂਰ-ਦੂਰ ਤਕ ਹੋ ਗਈ। ਗੱਭਰੂ ਚਾਅ ਨਾਲ ਵਧੀਆ ਘੋੜਾ ਤੇ ਸ਼ਸਤਰ ਲੈ ਕੇ ਗੁਰੂ ਜੀ ਨੂੰ ਭੇਂਟ ਕਰਦੇ। ਕਈ ਗੱਭਰੂ ਗੁਰੂ ਜੀ ਤੋਂ ਭੇਦ ਪਾ ਕੇ ਇਥੇ ਹੀ ਰਹਿ ਜਾਂਦੇ। ਗੁਰੂ ਜੀ ਨੇ ਉਨ੍ਹਾਂ ਲੋਕਾਂ ਨੂੰ ਉੱਚਾ ਚੁੱਕਿਆ ਜੋ ਕਮਜ਼ੋਰ, ਆਪਣੇ ਆਪ ਨੂੰ ਹੀਣੇ ਸਮਝਦੇ ਸਨ। ਵੈਸੇ ਤਾਂ ਸਾਰਾ ਸਾਲ ਹੀ ਸਿਖਲਾਈ ਚੱਲਦੀ। ਪਰ ਹੋਲੇ ਮਹੱਲੇ ਨੂੰ ਖਾਸ ਪ੍ਰੋਗਰਾਮ ਹੁੰਦੇ। ਇਹ ਨਜ਼ਾਰਾ ਵੱਖਰਾ ਹੀ ਹੁੰਦਾ। ਮੁਕਾਬਲੇ ਹੁੰਦੇ, ਜਿੱਤ/ਹਾਰ ਹੁੰਦੀ। ਗੁਰੂ ਜੀ ਦੀ ਪਾਰਖੂ ਅੱਖ ਪਰਖਦੀ। ਗੁਰੂ ਜੀ ਜਿੱਤਣ ਵਾਲੀ ਟੋਲੀ ਨੂੰ ਸਨਮਾਨਿਤ ਕਰਦੇ। ਦੂਸਰੇ ਜੋ ਹਾਰ ਜਾਂਦੇ, ਉਨ੍ਹਾਂ ਨੂੰ ਕੋਸ਼ਿਸ਼ ਕਰਨ ਲਈ ਕਹਿੰਦੇ। ਹੋਲੇ ਮਹੱਲੇ ’ਤੇ ਕੁਸ਼ਤੀਆਂ, ਮੂੰਗਲੀਆਂ ਫੇਰਨੀਆਂ, ਰੱਸਾ ਖਿੱਚਣਾ ਅਤੇ ਹੋਰ ਵੀ ਕਈ ਕਰਤਵ ਹੁੰਦੇ। ਜੋ ਨੌਜਵਾਨ ਇਹ ਖੇਡਾਂ ਖੇਡ ਤੇ ਗੁਰੂ ਜੀ ਤੋਂ ਹੋਰ ਸਿੱਖਿਆ ਲੈ ਕੇ ਵਾਪਸ ਘਰਾਂ ਨੂੰ ਆ ਜਾਂਦੇ, ਉਹ ਹੁਣ ਪਹਿਲਾਂ ਵਾਂਗ ਆਪਣੇ ਆਪ ਤੋਂ ਨਹੀਂ ਡਰਦੇ ਸੀ। ਉਨ੍ਹਾਂ ਨੂੰ ਹੋਲੇ ਮਹੱਲੇ ਦੇ ਮੈਦਾਨ ’ਚੋਂ ਅਸਲੀ ਜ਼ਿੰਦਗੀ ਦਾ ਮਕਸਦ ਲੱਭ ਗਿਆ ਸੀ।

ਵੇਖੋ-ਵੇਖੀ ਹੋਰ ਨੌਜਵਾਨ ਅਨੰਦਪੁਰ ਸਾਹਿਬ ਵੱਲ ਨੂੰ ਆਉਣ ਲੱਗ ਪਏ। ਅਨੰਦਪੁਰ ਸਾਹਿਬ ਆ ਕੇ ਸਿੱਖਿਆ ਪ੍ਰਾਪਤ ਕਰ ਕੇ ਹਥਿਆਰਾਂ ਨਾਲ ਖੇਡ ਕੇ, ਆਪਣੇ ਧਰਮ ਲਈ ਜਿੰਦ ਵਾਰਨ ਲਈ ਤਿਆਰ ਰਹਿੰਦੇ, ਇਸ ਤਰ੍ਹਾਂ ਸੂਰਬੀਰ ਦਾ ਨਾਂ ‘ਜੁਝਾਰੂ’ ਬਖ਼ਸ਼ਿਸ਼ ਕੀਤਾ। ਜੁਝਾਰੂ ਅਨੰਦਪੁਰ ਸਾਹਿਬ ਦੇ ਅਭਿਆਸ ਹਿਤ ਹੋਂਦ ’ਚ ਆਏ ਜੰਗੀ ਮੈਦਾਨਾਂ ਵਿੱਚੋਂ ਪੈਦਾ ਹੋਏ। ਜੁਝਾਰੂ ਸਿੰਘਾਂ ਨੂੰ ਸਚਾਈ, ਨਿਮਰਤਾ, ਧੀਰਜ, ਅਣਖ ਲਈ ਜੰਗ ਨੂੰ ਜਾਣ ਲਈ ਵਿਆਹ ਜਿੰਨਾ ਚਾਅ ਰਹਿੰਦਾ ਸੀ। ਜੁਝਾਰੂ ਸਿੰਘ ਮੌਤ ਨੂੰ ਮਖੌਲ਼ ਕਰਦੇ, ਹਰ ਸਮੇਂ ਸ਼ਹੀਦੀ ਲਈ ਤਤਪਰ ਰਹਿਣਾ, ਇਕ ਅਕਾਲ ਪੁਰਖ ਦੀ ਪੂਜਾ, ਇਹ ਸਭ ਗੁਣ ਹੋਲੇ-ਮਹੱਲੇ ਦੇ ਮੈਦਾਨ ਵਿੱਚੋਂ ਮਿਲਦੇ ਸੀ। ਜੁਝਾਰੂ ਸਾਰੇ ਵਹਿਮਾਂ-ਭਰਮਾਂ ਨੂੰ ਤੋੜ-ਭੰਨ ਕਰ ਕੇ ਇਕ ਫਤਹਿ ਪ੍ਰਵਾਨ ਕਰਦਾ ਹੈ। ਇਹ ਮੁੱਠੀ ਭਰ ਜੋਧੇ ਸ਼ਕਤੀਸ਼ਾਲੀ ਸਰਕਾਰ ਅੱਗੇ ਆਫ਼ਤ ਬਣ ਗਏ। ਜੋ ਕੁਝ ਸਮਾਂ ਪਹਿਲਾਂ ਗਿੱਦੜ ਦਿਲ ਰੱਖਦਾ ਸੀ, ਸ੍ਰੀ ਅਨੰਦਪੁਰ ਸਾਹਿਬ ਦੇ ਅਖਾੜਿਆਂ ਵਿਚ ਆ ਕੇ ਸ਼ੇਰ ਬਣ ਗਿਆ। ਗੁਰੂ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਜੀਵਨ ਨਵਾਂ-ਨਰੋਆ ਖੁਸ਼ੀਆਂ ਭਰਿਆ ਬਣ ਗਿਆ। ਜੋ ਗੱਲ-ਗੱਲ ਤੋਂ ਡਰਦਾ ਸੀ, ਹੀਣ ਸਮਝਦਾ ਸੀ, ਮੌਤ ਨੂੰ ਜੱਫੀਆਂ ਪਾਉਣ ਲੱਗਿਆ। ਜੋਸ਼ ਭਰ ਗਿਆ, ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਬਹੁਤ ਪਿਆਰ ਕੀਤਾ। ਪਰ ਸਿੱਖ ਵੀ ਗੁਰੂ ਜੀ ਦੇ ਇਸ਼ਾਰੇ ’ਤੇ ਜਾਨ ਵਾਰਦੇ ਸੀ। ਅਨੰਦਪੁਰ ਸਾਹਿਬ ਦੀ ਧਰਤੀ ਦੁਨੀਆਂ ਤੋਂ ਅਨੋਖੀ ਹੋ ਗਈ। ਜੁਝਾਰੂ ਸਿਰਫ ਸ਼ਸਤਰ ਸਜਾਉਣ ਹੀ ਨਾ ਜਾਣਦਾ ਹੋਵੇ ਸਗੋਂ ਚਲਾਉਣਾ ਵੀ ਜਾਣਦਾ ਹੋਵੇ। ਗੁਰੂ ਜੀ ਨੇ ਸ਼ਸਤਰਾਂ ਨੂੰ ਬਹੁਤ ਵਡਿਆਈ ਬਖ਼ਸ਼ੀ:

ਅਸਿ ਕ੍ਰਿਪਾਨ ਖੰਡੋ ਖੜਗ
ਤੁਪਕ ਤਬਰ ਅਰੁ ਤੀਰ।
ਸੈਫ ਸਰੋਹੀ ਸੈਹਥੀ ਯਹੈ ਹਮਾਰੇ ਪੀਰ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਪ੍ਰਚਾਰ ਕਰਨ ਜਾਂਦੇ ਸੀ ਤਾਂ ਉਨ੍ਹਾਂ ਦੇ ਨਾਲ ਸੈਂਕੜੇ ਘੋੜ-ਸਵਾਰ ਭੀ ਜਾਂਦੇ। ਹਰ ਯੋਧਾ ਸ਼ਸਤਰਾਂ ਦਾ ਸਤਿਕਾਰ ਕਰਦਾ ਸੀ ਤੇ ਸ਼ਸਤਰ ਸ਼ਕਤੀ ਨੂੰ ਪ੍ਰਵਾਨ ਕਰਦਾ ਹੋਇਆ ਸਹੀ ਥਾਂ ਵਰਤਦਾ ਸੀ। ਜੁਝਾਰੂ ਬਣਨਾ ਉੱਚੀ-ਸੁੱਚੀ ਸੋਚ ਦਾ ਨਤੀਜਾ ਸੀ। ਇਹ ਸਭ ਕੁਝ ਇੱਕ ਦਿਨ ਵਿਚ ਨਹੀਂ ਹੋਇਆ। ਇਸ ਵਿਚ ਹੋਲੇ-ਮਹੱਲੇ ਦੀ ਬੜੀ ਦੇਣ ਹੈ। ਗੁਰੂ ਜੀ ਦੀ ਯੁੱਧ-ਨੀਤੀ ਵੇਖ ਕੇ ਸੰਸਾਰ ਦੇ ਮਹਾਨ ਜੰਗਬਾਜ਼ਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਦੂਸਰੇ ਸੋਚਦੇ ਸੀ ਕਿ ਇਕ ਪਾਸੇ ਆਮ ਵਿਅਕਤੀ, ਇਕ ਪਾਸੇ ਰਾਜੇ ਮਹਾਰਾਜੇ। ਸੋਚਣਾ ਕੁਦਰਤੀ ਸੀ ਪਰ ਜੁਝਾਰੂ ਸਿੰਘ ਸ਼ੇਰ ਵਾਂਗ ਬੇਖੌਫ਼ ਮੌਤ ਤੋਂ ਨਹੀਂ ਡਰਦਾ। ਚਮਕੌਰ ਸਾਹਿਬ ਵਿਚ ਸਿਰਫ਼ ਚਾਲੀ ਸਿੰਘਾਂ ਨੇ ਲੱਖਾਂ ਦੀ ਸ਼ਾਹੀ ਫੌਜ ਦੇ ਪੈਰ ਹਿਲਾ ਦਿੱਤੇ। ਦੁਸ਼ਮਣ ‘ਤੋਬਾ-ਤੋਬਾ, ਹਾਏ-ਹਾਏ’ ਕਰ ਉੱਠਿਆ ਸੀ। ਮੁਕਤਸਰ ਦੀ ਜੰਗ ਵਿਚ ਸਿੰਘਾਂ ਨੇ ਰੜੇ ਮੈਦਾਨ ਟੱਕਰ ਲਈ। ਸ਼ਾਹੀ ਜਵਾਨਾਂ ਨੂੰ ਦੱਸਿਆ ਕਿ ਲੜਾਈ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੁੰਦੀ ਹੈ! ਸਿੰਘਾਂ ਨੇ ਓਹ ਕਰਤਬ ਦਿਖਾਏ ਜੋ ਮੁਗ਼ਲਾਂ ਨੇ ਕਦੇ ਸੁਪਨੇ ਵਿਚ ਵੀ ਨਾ ਵੇਖੇ ਹੋਣ! ਸਿੰਘਾਂ ਨੇ ਅਨੇਕਾਂ ਧਾੜਵੀਆਂ ਤੋਂ ਹਿੰਦੁਸਤਾਨ ਨੂੰ ਲੁੱਟਣ ਤੋਂ ਬਚਾਇਆ। ਸ਼ਸਤਰਾਂ ਦੇ ਕਾਰਨਾਮੇ ਵਿਖਾਏ। ਜੋ ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ ਵਰਗੇ ਲੱਖਾਂ ਦੀ ਫੌਜ ਦੇ ਮਾਲਕ ਸਨ, ਸਿੰਘਾਂ ਨੇ ਉਨ੍ਹਾਂ ਨੂੰ ਵਖਤ ਪਾਈ ਰੱਖਿਆ, ਸੂਰਬੀਰਤਾ ਦਾ ਕਮਾਲ ਅਨੋਖੀ ਸਿਖਲਾਈ ਕਾਰਨ ਵੀ ਸੀ। ਜਿੰਨਾ ਜ਼ਿਆਦਾ ਜ਼ੁਲਮ ਹੋਇਆ, ਓਨੇ ਵਧੇਰੇ ਜੁਝਾਰੂ ਸਿੰਘ ਪੈਦਾ ਹੋਏ। ਗੁਰੂ ਜੀ ਵੱਲੋਂ ਬਖ਼ਸ਼ੀ ਇਹ ਹੋਲੇ ਮਹੱਲੇ ਦੀ ਰੀਤ ਹਰ ਸਾਲ ਹੁੰਦੀ ਹੈ। ਹਰ ਸਾਲ ਸ੍ਰੀ ਅਨੰਦਪੁਰ ਸਾਹਿਬ ਲੱਖਾਂ ਸੰਗਤਾਂ ਦਾ ਇਕੱਠ ਹੁੰਦਾ ਹੈ। ਨਿਹੰਗ ਸਿੰਘ ਸੰਗਤਾਂ ਨੂੰ ਆਪਣੇ ਜੌਹਰ ਵਿਖਾਉਂਦੇ ਹਨ। ਹੋਲਾ ਮਹੱਲਾ ਹਰ ਸਾਲ ਮਹਾਨ ਕੌਮ ਦੇ ਮਹਾਨ ਕਾਰਜ ਯਾਦ ਕਰਾਉਂਦਾ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਪਿੰਡ ਤੇ ਡਾਕ: ਝਨੇਰ, ਤਹਿ. ਮਲੇਰਕੋਟਲਾ (ਸੰਗਰੂਰ)

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)