ਮਨੁੱਖ ਗੁਣਾਂ ਅਤੇ ਔਗੁਣਾਂ ਦਾ ਮਿਸ਼ਰਨ ਹੈ। ਸੁਲੱਗ ਵਿਅਕਤੀ ਦੂਸਰਿਆਂ ਦੇ ਗੁਣਾਂ ਨੂੰ ਅਪਣਾਉਂਦੇ ਹਨ ਅਤੇ ਉਨ੍ਹਾਂ ਦੇ ਔਗੁਣਾਂ ਨੂੰ ਗ੍ਰਹਿਣ ਨਹੀਂ ਕਰਦੇ। ਕੋਈ ਮਹਾਨ ਵਿਅਕਤੀ ਉਤਨੀ ਦੇਰ ਹੀ ਸਮਾਜ ਵਿਚ ਮਹਾਨ ਰਹਿੰਦਾ ਹੈ, ਜਦੋਂ ਤਕ ਉਹ ਆਪਣੇ ਆਪ ਨੂੰ ਵਿਲੱਖਣ ਗੁਣਾਂ ਦਾ ਧਾਰਨੀ ਬਣਾਈ ਰੱਖਦਾ ਹੈ, ਗੁਣਾਂ ਨੂੰ ਗ੍ਰਹਿਣ ਕਰਦਾ ਅਤੇ ਔਗੁਣਾਂ ਨੂੰ ਛੱਡਦਾ ਜਾਂਦਾ ਹੈ:
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ॥
ਜੇ ਗੁਣ ਹੋਵਨਿ੍ ਸਾਜਨਾ ਮਿਲਿ ਸਾਝ ਕਰੀਜੈ॥
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥
ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ॥ (ਪੰਨਾ 765-66)
ਔਗੁਣ ਭਰਪੂਰ ਵਿਅਕਤੀ ਗੁਣੀ ਵਿਅਕਤੀਆਂ ਦੀ ਸੰਗਤ ਵਿਚ ਆ ਕੇ ਕਈ ਵਾਰੀ ਆਪਣੇ ਔਗੁਣ ਛੱਡ ਦਿੰਦੇ ਹਨ ਅਤੇ ਮਹਾਨਤਾ ਵਾਲੇ ਰਸਤੇ ਚੱਲਣ ਲੱਗ ਜਾਂਦੇ ਹਨ।
ਸਿਦਕ, ਸਿਰੜ ਅਤੇ ਦ੍ਰਿੜ੍ਹਤਾ ਤਾਂ ਹੀ ਗੁਣਾਂ ਵਿਚ ਸ਼ਾਮਲ ਰਹਿੰਦੇ ਹਨ ਜੇ ਇਸ ਨਾਲ ਉਹ ਮਜ਼ਬੂਤ ਮਨ ਹੈ ਜਿਸ ਨੂੰ ਕਿਸੇ ਨਸ਼ੇ ਦੇ ਆਸਰੇ ਦੀ ਲੋੜ ਨਾ ਹੋਵੇ। ਮਨ ਦੇ ਆਪਣੇ ਵਿਚਾਰ ਹੀ ਉਸ ਦਾ ਆਸਰਾ ਹੁੰਦੇ ਹਨ। ਸਿਦਕੀ ਮਨੁੱਖ ਵੀ ਜੇ ਨਸ਼ੇ ਦਾ ਸੇਵਨ ਕਰਨ ਲੱਗੇ ਤਾਂ ਉਹ ਸਿਦਕੀ ਨਹੀਂ ਰਹਿੰਦਾ। ਸਿਦਕ ਅਤੇ ਦ੍ਰਿੜ੍ਹਤਾ ਕਿਸੇ ਵੀ ਨਸ਼ੇ ਤੋਂ ਪੈਦਾ ਨਹੀਂ ਹੋ ਸਕਦੇ।
ਨਸ਼ੇ ਕਮਜ਼ੋਰ ਮਨ ਦੀ ਖੁਰਾਕ ਹਨ ਅਤੇ ਨਸ਼ਿਆਂ ਨਾਲ ਮਨ ਹੋਰ ਕਮਜ਼ੋਰ ਹੁੰਦਾ ਜਾਂਦਾ ਹੈ। ਨਸ਼ੇ ਹੌਲੀ-ਹੌਲੀ ਮਨ ਅਤੇ ਸਰੀਰ ਦੋਹਾਂ ਨੂੰ ਇਤਨਾ ਕਮਜ਼ੋਰ ਕਰ ਦਿੰਦੇ ਹਨ ਕਿ ਨਸ਼ਈ ਵਿਅਕਤੀ ਨਸ਼ੇ ਦੇ ਸੇਵਨ ਨਾਲ ਹੀ ਚਿੰਬੜ ਕੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਦਾ ਸਾਰਾ ‘ਸਿਰੜ’ ਨਸ਼ਾ ਪ੍ਰਾਪਤ ਕਰਨ ਵਿਚ ਹੀ ਲੱਗਣ ਲੱਗ ਪੈਂਦਾ ਹੈ; ਉਨ੍ਹਾਂ ਦੀ ਦ੍ਰਿੜ੍ਹਤਾ ਤਾਰ-ਤਾਰ ਹੋਣ ਲੱਗਦੀ ਹੈ।
ਨਸ਼ੇ ਨਾਲ ਮਨ ਦੀਆਂ ਡੂੰਘਾਈਆਂ ਵਿਚ ਛੁਪੇ ਔਗੁਣ ਪ੍ਰਗਟ ਹੋਣ ਲੱਗਦੇ ਹਨ ਅਤੇ ਸਰੀਰ ਪੂਰੀ ਤਰ੍ਹਾਂ ਨਾਲ ਨਸ਼ੇ-ਵੱਸ ਮਨ ਦਾ ਸਾਥ ਦੇਣਾ ਸ਼ੁਰੂ ਕਰਨ ਲੱਗ ਜਾਂਦਾ ਹੈ। ਬਹੁਤ ਸਾਰੇ ਕੁਕਰਮ ਅਤੇ ਅਪਰਾਧ ਨਸ਼ੇ ਦੀ ਹਾਲਤ ਵਿਚ ਹੀ ਹੁੰਦੇ ਹਨ। ਨਸ਼ਈ ਵਿਅਕਤੀ ਅਗਰ ਖੇਡ ਵਿਚ ਜਿੱਤ ਵੀ ਜਾਏ ਤਾਂ ਉਸ ਨੂੰ ਵਾਸਤਵਿਕ ਰੂਪ ਵਿਚ ਕਦੇ ਵੀ ਜਿੱਤ ਦਾ ਮਾਣ ਹਾਸਲ ਨਹੀਂ ਹੁੰਦਾ; ਉਸ ਨੂੰ ਅਯੋਗ ਕਰਾਰ ਦੇ ਕੇ ਖੇਡ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ।
ਨਸ਼ੇ ਦਾ ਆਦੀ ਕਦੀ ਬਹਾਦਰੀ ਦੇ ਜ਼ੌਹਰ ਨਹੀਂ ਵਿਖਾ ਸਕਦਾ, ਉਸ ਤੋਂ ਤਾਂ ਹੁੱਲੜਬਾਜ਼ੀ ਦੀ ਆਸ ਹੀ ਕੀਤੀ ਜਾ ਸਕਦੀ ਹੈ। ਨਸ਼ੇ ਨਾਲ ਵਿਅਕਤੀ ਦਾ ਸੰਤੁਲਨ ਮਾਨਸਿਕ ਅਤੇ ਸਰੀਰਿਕ ਦੋਹਾਂ ਪੱਖਾਂ ਤੋਂ ਵਿਗੜ ਜਾਂਦਾ ਹੈ। ਨਸ਼ੇ ਕਰਕੇ ਵਿਅਕਤੀ ਤੇਜ਼ ਗੱਡੀ ਚਲਾਉਣ ਦੀ ‘ਬਹਾਦਰੀ’ ਕਰਨ ਦਾ ਭਰਮ ਤਾਂ ਪਾਲ ਸਕਦਾ ਹੈ ਪਰ ਕੋਈ ਪ੍ਰਾਪਤੀ ਨਹੀਂ ਕਰ ਸਕਦਾ ਸਗੋਂ ਉਸ ਤੋਂ ਦੁਰਘਟਨਾ ਦੀ ਹੀ ਆਸ ਕੀਤੀ ਜਾ ਸਕਦੀ ਹੈ।
ਨਸ਼ੇ ਦੀ ਹਾਲਤ ਵਿਚ ਕੀਤੇ ਗਏ ਵਾਅਦੇ ’ਤੇ ਕੋਈ ਭਰੋਸਾ ਨਹੀਂ ਕਰ ਸਕਦਾ। ਨਸ਼ੇ ਵਿਚ ਕੀਤੇ ਇਕਰਾਰਨਾਮੇ ਕਚਹਿਰੀਆਂ ਵਿਚ ਵੀ ਨਾਜਾਇਜ਼ ਕਰਾਰ ਦੇ ਦਿੱਤੇ ਜਾਂਦੇ ਹਨ।
ਨਸ਼ੇ ਵੱਸ ਵਿਅਕਤੀ ਕਾਮੁਕ ਹੋ ਕੇ ਅਕਸਰ ਘੋਰ ਪਾਪ ਕਰ ਬੈਠਦੇ ਹਨ। ਧਾਰਮਿਕ ਕੰਮਾਂ ਦੀ ਆਸ ਨਸ਼ਈ ਵਿਅਕਤੀ ਤੋਂ ਨਹੀਂ ਕੀਤੀ ਜਾ ਸਕਦੀ।
ਨਸ਼ਈ ਵਿਅਕਤੀ ਤੋਂ ਕਿਸੇ ਕਾਢ ਦੀ ਕੀ ਆਸ ਕੀਤੀ ਜਾ ਸਕਦੀ ਹੈ? ਉਹ ਤਾਂ ਕਿਸੇ ਮਸ਼ੀਨ ਨੂੰ ਠੀਕ ਤਰੀਕੇ ਨਾਲ ਚਲਾ ਵੀ ਨਹੀਂ ਸਕਦਾ।
ਨਸ਼ੇ ਕਰਨ ਵਾਲੇ ਲੜਾਕੂ ਅਕਸਰ ਜੰਗਾਂ ਦੀ ਉੱਚੀ-ਸੁੱਚੀ ਮਰਯਾਦਾ ਨੂੰ ਭੁਲਾ ਕੇ ਅਤਿਆਚਾਰੀ ਹੋ ਨਿੱਬੜਦੇ ਹਨ। ਹੇਠਾਂ ਡਿੱਗੇ ਦਾ ਕਤਲ ਅਤੇ ਔਰਤਾਂ ਨਾਲ ਬਲਾਤਕਾਰ ਜਿਹਾ ਕੁਕਰਮ ਕਰ ਬੈਠਦੇ ਹਨ।
ਨਸ਼ਾ ਕਰਨ ਵਾਲੇ ਅਕਸਰ ਸਵਾਰਥੀ, ਰਿਸ਼ਵਤਖੋਰ ਅਤੇ ਧੋਖੇਬਾਜ਼ ਹੋਇਆ ਕਰਦੇ ਹਨ।
ਨਸ਼ਿਆਂ ਦੀ ਵਰਤੋਂ ਖੁੱਲ੍ਹੇਆਮ ਕਰਨ ਦੀ ਪ੍ਰਵਾਨਗੀ ਕਿਸੇ ਵੀ ਸਮਾਜ ਨੇ ਨਹੀਂ ਦਿੱਤੀ ਅਤੇ ਨਾ ਹੀ ਕਿਸੇ ਦੇਸ਼ ਨੇ ਕਾਨੂੰਨੀ ਤੌਰ ’ਤੇ ਨਸ਼ਿਆਂ ਦੀ ਵਰਤੋਂ ਜਨਤਕ ਥਾਵਾਂ ’ਤੇ ਕਰਨ ਦੀ ਆਗਿਆ ਦਿੱਤੀ ਹੈ। ਇਹ ਗੱਲ ਵੱਖਰੀ ਹੈ ਕਿ ਨਸ਼ਿਆਂ ਦੇ ਮਨਜ਼ੂਰਸ਼ੁਦਾ ਅਹਾਤੇ, ਅੱਜ ਦੀਆਂ ਬਹੁਤੀਆਂ ਸਰਕਾਰਾਂ ਨੇ ਖੋਲ੍ਹ ਰੱਖੇ ਹਨ। ਵੈਸੇ ਗਹੁ ਨਾਲ ਵਿਚਾਰਿਆ ਜਾਏ ਤਾਂ ਇਹ ਅਹਾਤੇ ਹੋਣੇ ਹੀ ਇਸ ਗੱਲ ਦਾ ਸੰਕੇਤ ਹਨ ਕਿ ਨਸ਼ੇ ਕਰਨਾ ਕੋਈ ਚੰਗਾ ਕੰਮ ਨਹੀਂ ਅਤੇ ਨਾ ਹੀ ਸਰਕਾਰ ਨੂੰ ਦਿਲੋਂ ਪ੍ਰਵਾਨਤ ਹੈ ਤਾਂ ਹੀ ਤਾਂ ਇਨ੍ਹਾਂ ਨੂੰ ਹਰੇਕ ਜਗ੍ਹਾ ਖੁੱਲ੍ਹੇਆਮ ਵਰਤਣ ’ਤੇ ਮਨਾਹੀ ਹੈ।
ਸਾਡੀਆਂ ਸਰਕਾਰਾਂ ਨੂੰ ਇਸ ਕਮਜ਼ੋਰ ਮਾਨਸਿਕਤਾ ਨੂੰ ਹੌਲੀ-ਹੌਲੀ ਛੱਡਣ ਦੀ ਦਿਸ਼ਾ ਵੱਲ ਤੁਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸ਼ਰਾਬ ਦੀ ਵਿਕਰੀ ਜਾਂ ਟੈਕਸ ਤੋਂ ਬਿਨਾਂ ਉਹ ਆਰਥਕ ਸੰਕਟ ’ਚ ਘਿਰ ਸਕਦੀਆਂ ਹਨ। ਸਿਧਾਂਤਕ ਤੌਰ ’ਤੇ ਹਰੇਕ ਸਰਕਾਰ ਨਸ਼ਿਆਂ ਦੇ ਵਿਰੁੱਧ ਹੈ। ਹਰੇਕ ਨਸ਼ੇ ਦੇ ਪੈਕ ਉੱਪਰ ਉਸ ਦੇ ਔਗੁਣ ਅੰਕਿਤ ਕੀਤੇ ਹੁੰਦੇ ਹਨ। ਮਰਜ਼ੀ ਵਰਤੋਂ ਕਰਨ ਵਾਲੇ ਦੀ ਹੈ।
ਕਿਸੇ ਦਾ ਹੱਥ ਫੜ ਕੇ ਕਿਸੇ ਨੂੰ ਵੀ ਕੋਈ ਨਸ਼ਾ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ। ਸਮਝਦਾਰ ਨੂੰ ਇਸ਼ਾਰਾ ਹੀ ਕਾਫ਼ੀ ਹੈ। ਇਸ ਦਾ ਇਹ ਭਾਵ ਨਹੀਂ ਕਿ ਪੀ ਪੀ ਕੇ ਘਰ-ਬਾਰ ਉਜਾੜ ਰਹੇ ਬੰਦੇ ਨੂੰ ਰੋਕਿਆ ਨਾ ਜਾਵੇ। ਮਨੋਭਾਵ ਇਹ ਹੈ ਕਿ ਨਸ਼ੇ ਤੋਂ ਖਹਿੜਾ ਛੁਡਾਉਣ ’ਚ ਅੰਤਰ-ਪ੍ਰੇਰਨਾ ਸਭ ਤੋਂ ਵੱਧ ਕੰਮ ਕਰਦੀ ਹੈ।
ਪ੍ਰਚਾਰ ਅਤੇ ਨਸ਼ਿਆਂ ਵਿਰੋਧੀ ਮੁਹਿੰਮਾਂ ਸਾਰਥਕ ਢੰਗ ਹਨ। ਉਸ ਤੋਂ ਵੀ ਸਾਰਥਕ ਹਨ ਨਿਯਮਾਂ ਅਤੇ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕਰਾਉਣੀ, ਕਿਉਂਕਿ ‘ਸੁਘੜ ਨੂੰ ਸੈਨਤ ਅਤੇ ਗਧੇ ਨੂੰ ਸੋਟਾ’।
ਅੱਜ ਜੋ ਮੁਲਕ ਤਰੱਕੀ ਦੀਆਂ ਸਿਖਰਾਂ ’ਤੇ ਹਨ, ਉਨ੍ਹਾਂ ਦੀ ਸਭ ਤੋਂ ਵੱਡੀ ਖ਼ੂਬੀ ਹੈ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕਰਵਾਉਣਾ, ਇਸ ’ਚ ਕਿਸੇ ਕਿਸਮ ਦੀ ਰਿਆਇਤ ਜਾਂ ਢਿੱਲ ਨਾ ਦੇਣਾ। ਇਸ ਸਬੰਧ ਵਿਚ ਭਾਰਤ ਅਤੇ ਵਿਦੇਸ਼ ਦੀ ਵਸਤੂ-ਸਥਿਤੀ ਦਾ ਤੁਲਨਾਤਮਕ ਵਿਸ਼ਲੇਸ਼ਣ ਸਾਰਥਕ ਹੋ ਸਕਦਾ ਹੈ। ਉਹੀ ਲੋਕ ਜੋ ਭਾਰਤ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਣਾ ਆਪਣੀ ਸ਼ਾਨ ਸਮਝਦੇ ਹਨ, ਕਿਉਂਕਿ ਫੜੇ ਜਾਣ ’ਤੇ ਰਿਸ਼ਵਤ ਲੈਣ ਵਾਲੇ ਅਫ਼ਸਰ ਅਤੇ ਪੈਸੇ ਖਰਚ ਕੇ ਨਵਾਂ ਡਰਾਈਵਿੰਗ ਲਾਇਸੈਂਸ ਮਿਲ ਜਾਂਦੇ ਹਨ, ਉਹੀ ਲੋਕ ਕੈਨੇਡਾ ਵਿਚ ਅਗਰ ਕਿਸੇ ਕਲੱਬ ਵਿਚ ਸ਼ਰਾਬੀ ਹੋ ਜਾਣ ਤਾਂ ਆਪਣੀ ਗੱਡੀ ਖੜ੍ਹੀ ਕਰ ਕੇ, ਟੈਕਸੀ ਵਿਚ ਘਰ ਜਾਣਾ ਠੀਕ ਸਮਝਦੇ ਹਨ ਕਿਉਂਕਿ ਪੱਕਾ ਯਕੀਨ ਹੈ ਕਿ ਜੇ ਸ਼ਰਾਬੀ ਹਾਲਤ ਵਿਚ ਡਰਾਈਵਿੰਗ ਕਰਦੇ ਪਕੜੇ ਗਏ ਤਾਂ ਇਕ ਹਜ਼ਾਰ ਡਾਲਰ ਜ਼ੁਰਮਾਨਾ ਦੇਣਾ ਹੀ ਪਵੇਗਾ ਅਤੇ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ ਸੋ ਅਲੱਗ। ਅਗਰ ਪੁਲਿਸ ਅਫ਼ਸਰ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਤਾਂ ਇਕ ਹੋਰ ਟਿਕਟ (ਚਾਰਜ ਜਾਂ ਦੋਸ਼) ਮਿਲੇਗੀ। ਇਸ ਤੋਂ ਬਾਅਦ ਵਕੀਲਾਂ ਦੇ ਖਰਚੇ, ਕਚਹਿਰੀਆਂ ਦੇ ਚੱਕਰ ਅਤੇ ਪੈਦਲ ਜਾਂ ਬੱਸਾਂ ਦੇ ਧੱਕੇ ਅਲੱਗ ਖਾਣੇ ਪੈਣਗੇ।
ਕੈਨੇਡਾ ਵਿਚ ਅਗਰ ਕੋਈ ਆਪਣੇ ਕੁੱਤੇ ਨਾਲ ਪਾਰਕ ਵਿਚ ਘੁੰਮਦਾ ਹੋਏ ਤਾਂ ਉਸ ਦੇ ਹੱਥ ਜਾਂ ਜੇਬ ਵਿਚ ਪਲਾਸਟਿਕ ਦਾ ਥੈਲਾ ਜ਼ਰੂਰ ਹੁੰਦਾ ਹੈ। ਉਸ ਨੂੰ ਪਤਾ ਹੈ ਕਿ ਜੇਕਰ ਪਾਰਕ ਵਿਚ ਗੰਦ ਪਾਇਆ ਅਤੇ ਚੁੱਕਿਆ ਨਾ ਤਾਂ ਪੰਜ ਹਜ਼ਾਰ ਡਾਲਰ ਜ਼ੁਰਮਾਨਾ ਹੈ।
ਜੇ ਕੋਈ ਇਨਸਾਨ ਖੁੱਲ੍ਹੇਆਮ ਪਿਸ਼ਾਬ ਕਰੇ ਤਾਂ ਉਸ ਨੂੰ ਦੇਸ਼ ਵਿੱਚੋਂ ਬਾਹਰ ਵੀ ਕੱਢ ਦਿੱਤਾ ਜਾਂਦਾ ਹੈ।
ਖ਼ੈਰ ਇਥੇ ਕੇਵਲ ਨਸ਼ਿਆਂ ਦੇ ਮੁੱਦੇ ’ਤੇ ਹੀ ਵਿਚਾਰ ਜਾਰੀ ਰੱਖਿਆ ਜਾ ਰਿਹਾ ਹੈ।
ਸਿੱਖ ਬਹਾਦਰ ਕੌਮ ਹੈ ਪਰ ਸਿੱਖ ਧਰਮ ਵਿਚ ਨਸ਼ਿਆਂ ਦੀ ਵਰਤੋਂ ਦੀ ਸਖ਼ਤ ਮਨਾਹੀ ਹੈ, ਭਾਵੇਂ ਉਹ ਸ਼ਰਾਬ ਹੋਵੇ ਜਾਂ ਫਿਰ ਕੋਈ ਹੋਰ। ਸ਼ਰਾਬ ਬਾਰੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਫ਼ਰਮਾਨ ਬਖ਼ਸ਼ਿਸ਼ ਕੀਤੇ ਹਨ:
ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ॥
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ (ਪੰਨਾ 554)
ਸਿੱਖ ਇਤਿਹਾਸ ਜਿਹੀਆਂ ਕੁਰਬਾਨੀਆਂ ਸੰਸਾਰ ਵਿਚ ਕਿਸੇ ਵਿਰਲੀ ਹੀ ਕੌਮ ਦੇ ਹਿੱਸੇ ਆਈਆਂ ਹੋਣਗੀਆਂ ਪਰ ਇਤਿਹਾਸ ਗਵਾਹ ਹੈ ਕਿ ਗੁਰੂ ਸਾਹਿਬਾਨ ਜਾਂ ਗੁਰੂ ਦੇ ਨਾਮ-ਲੇਵਾ ਸਿੱਖਾਂ ਨੇ ਫ਼ਤਹਿ ਹਾਸਲ ਕਰਨ ਲਈ ਜਾਂ ਫ਼ਤਹਿ ਦਾ ਜਸ਼ਨ ਮਨਾਉਣ ਲਈ ਸ਼ਰਾਬ ਦਾ ਝੂਠਾ ਸਹਾਰਾ ਨਹੀਂ ਲਿਆ।
ਪਰੰਤੂ ਮਨ ਬਹੁਤ ਚਲਾਕ ਹੈ। ਇਹ ਹਰ ਪਾਸੇ ਆਪਣੇ ਆਪ ਨੂੰ ਜਾਇਜ਼ ਕਰਾਰ ਦੇਣ ਵਿਚ ਕੋਈ ਨਾ ਕੋਈ ਬਹਾਨਾ ਲੱਭ ਲੈਂਦਾ ਹੈ। ਕਦੀ ਸਖ਼ਤ ਮਿਹਨਤ ਦੀ ਥਕਾਨ ਉਤਾਰਨ ਦਾ, ਕਦੀ ਦਵਾਈ ਦੇ ਤੌਰ ’ਤੇ ਪੀਣ ਦਾ ਤੇ ਕਦੀ ਬਾਦਸ਼ਾਹਾਂ ’ਤੇ ਅਮੀਰਾਂ ਦੇ ਪੀਣ ਵਾਲੀ ਚੀਜ਼ ਹੋਣ ਦਾ। ਹੋਰ ਤਾਂ ਹੋਰ ਧਾਰਮਿਕ ਤੌਰ ’ਤੇ ਵੀ ਜਾਇਜ਼ ਕਰਾਰ ਦੇਣ ਦਾ ਬਹਾਨਾ ਇਸ ਤੋਂ ਉੱਤੇ ਹੋਰ ਕੀ ਹੋ ਸਕਦਾ ਹੈ ਕਿ ਅਖੇ! ਇਹ ਦੇਵਤਿਆਂ ਨੇ ਸਮੁੰਦਰ ਰਿੜਕ ਕੇ ‘ਤੇਹਰਵਾਂ ਰਤਨ’ ਤਿਆਰ ਕੀਤਾ ਸੀ।
ਬਹਾਨੇਬਾਜ਼ ਮੁੰਡਾ ਜੰਮਣ ਦੀ ਖੁਸ਼ੀ ਵਿਚ ਤਾਂ ਪੀਂਦੇ ਆਮ ਹੀ ਦੇਖੇ ਜਾਂਦੇ ਹਨ ਪਰ ਬੇਹੱਦ ਦੁਖਦਾਇਕ ਗੱਲ ਇਹ ਹੈ ਕਿ ਕੁਝ ਤਾਂ ਪਿਉ ਮਰਨ ਦੇ ਸਮੇਂ ਵੀ ਪੀਣ ਤੋਂ ਗੁਰੇਜ਼ ਨਹੀਂ ਕਰਦੇ।
ਮਨ ਜਿੰਨੇ ਮਰਜ਼ੀ ਬਹਾਨੇ ਬਣਾਏ ਪਰ ਸ਼ਰਾਬ ਨੇ ਤਾਂ ਸ਼ਰਾਬ ਹੀ ਰਹਿਣਾ ਹੈ ਅਤੇ ਇਹ ਵੀ ਹੋਰ ਨਸ਼ਿਆਂ ਵਾਂਗ ਇਕ ਨਸ਼ਾ ਹੀ ਰਹੇਗਾ। ਜੇ ਅਸੀਂ ਸ਼ਰਾਬ ਪੀ ਕੇ ਵੀ ਸਿੱਖ ਹੋਣ ਦਾ ਭਰਮ ਪਾਲਦੇ ਹਾਂ ਤਾਂ ਇਹ ਸਾਡੀ ਨਾਸਮਝੀ ਜਾਂ ਕਮਅਕਲੀ ਤੋਂ ਵੱਧ ਹੋਰ ਕੁਝ ਨਹੀਂ। ਸਿੱਖ ਧਰਮ ਦੇ ਉੱਚੇ-ਸੁੱਚੇ ਅਸੂਲ ਕਦੀ ਵੀ ਸ਼ਰਾਬ ਪੀਣ ਨੂੰ ਜਾਇਜ਼ ਕਰਾਰ ਨਹੀਂ ਦੇ ਸਕਦੇ।
ਸਾਡਾ ਇਤਿਹਾਸ ਅਤੇ ਵੱਖ-ਵੱਖ ਮੀਡੀਆ ਤੋਂ ਪ੍ਰਸਾਰਤ ਖ਼ਬਰਾਂ ਨਸ਼ਿਆਂ ਦੇ ਮਾਰੂ ਅਸਰ ਵਿਖਾ ਰਹੀਆਂ ਹਨ। ਹੇਠਾਂ ਡਿੱਗਦੇ ਮਨੁੱਖੀ ਕਿਰਦਾਰ, ਨਿਰਮੋਹ ਹੁੰਦੇ ਖ਼ੂਨ ਦੇ ਰਿਸ਼ਤੇ ਅਤੇ ਨਿਵਾਣ ਵੱਲ ਜਾਂਦਾ ਸਮਾਜਿਕ ਜੀਵਨ-ਪੱਧਰ ਵੱਡੀ ਹੱਦ ਤਕ ਨਸ਼ਿਆਂ ਦਾ ਹੀ ਨਤੀਜਾ ਹਨ। ਨਸ਼ਿਆਂ ਵੱਸ ਹੋਏ ਸਰੀਰ ਐਸੇ ਨੀਚ ਕੰਮਾਂ ਨੂੰ ਅੰਜ਼ਾਮ ਦੇ ਰਹੇ ਹਨ ਜਿਨ੍ਹਾਂ ਨੂੰ ਪਰਵਾਰ ਵਿਚ ਬੈਠ ਕੇ ਖ਼ਬਰਾਂ ਦੇ ਰੂਪ ਵਿਚ ਕੰਨ ਸੁਣਨ ਅਤੇ ਅੱਖਾਂ ਵੇਖਣ ਤੇ ਮਨ ਨੂੰ ਸ਼ਰਮਸਾਰ ਹੋਣ ਲਈ ਮਜਬੂਰ ਕਰ ਦਿੰਦੇ ਹਨ।
ਨਸ਼ਿਆਂ ਦੀ ਵਰਤੋਂ ਕਦੀ ਵੀ ਖੁਸ਼ਹਾਲ ਸਮਾਜ ਨੂੰ ਉਸਾਰਨ ਲਈ ਸਹਾਈ ਸਿੱਧ ਨਹੀਂ ਹੋ ਸਕਦੀ। ਅੱਜ ਦੇ ਬੱਚੇ ਕੱਲ੍ਹ ਦੇ ਸਮਾਜ ਦੇ ਆਧਾਰ ਹਨ। ਲੋੜ ਹੈ ਇਨ੍ਹਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਅਤੇ ਨਸ਼ਿਆਂ ਦੇ ਭੈੜੇ ਅਸਰਾਂ ਪ੍ਰਤੀ ਜਾਗਰੂਕ ਬਣਾਉਣ ਦੀ।
ਬੁੱਧੀਜੀਵੀਆਂ ਦੀ ਕਲਮ ਵਿਚ ਬਹੁਤ ਤਾਕਤ ਹੁੰਦੀ ਹੈ। ਇਹ ਸਹਾਈ ਹੋ ਸਕਦੀ ਹੈ ਜੇ ਨਸ਼ਿਆਂ ਪ੍ਰਤੀ ਸੁਚੇਤ ਕਰਨ ਲਈ ਆਪਣਾ ਜ਼ੋਰ ਲਾਏ। ਨਹੀਂ ਤਾਂ ਸ਼ਰਾਰਤੀ ਮਨ ਕੋਲ ਤਾਂ ਪਹਿਲਾਂ ਹੀ ਨਸ਼ੇ ਕਰਨ ਦੇ ਬਹਾਨਿਆਂ ਦੀ ਕੋਈ ਕਮੀ ਨਹੀਂ। ਸਾਰਥਕ ਲੇਖ ਮਨ ਨੂੰ ਬਲਵਾਨ ਅਤੇ ਨਸ਼ਿਆਂ ਪ੍ਰਤੀ ਸੁਚੇਤ ਰਹਿਣ ਵਿਚ ਸਹਾਇਤਾ ਕਰ ਸਕਦੇ ਹਨ।
ਲੇਖਕ ਬਾਰੇ
36-3525 BRANDON GATE DRIVE MISSISAGA ON, L 4T 3M3 CANADA
- ਸ. ਜੋਗਿੰਦਰ ਸਿੰਘ ਜੋਗੀhttps://sikharchives.org/kosh/author/%e0%a8%b8-%e0%a8%9c%e0%a9%8b%e0%a8%97%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8b%e0%a8%97%e0%a9%80/February 1, 2011