ਇਤਿਹਾਸ ਗਵਾਹ ਹੈ ਕਿ ਇਸਤਰੀ ਜ਼ਾਤੀ ਸਦੀਆਂ ਤੋਂ ਹੀ ਸਮਾਜ ਵੱਲੋਂ ਦੁਰਕਾਰੀ ਤੇ ਲਤਾੜੀ ਜਾ ਰਹੀ ਹੈ। ਪਰ ਸਮੇਂ-ਸਮੇਂ ਸਿਰ ਐਸੇ ਰਹਿਬਰ ਵੀ ਇਸ ਸੰਸਾਰ ਵਿਚ ਪ੍ਰਗਟ ਹੁੰਦੇ ਰਹੇ ਹਨ ਜਿਨ੍ਹਾਂ ਨੇ ਇਸਤਰੀ ਦੀ ਇੱਜ਼ਤ-ਆਬਰੂ ਨੂੰ ਬਰਕਰਾਰ ਰੱਖਣ ਲਈ ਡਟ ਕੇ ਆਪਣਾ ਤੇਜ ਤੇ ਤਾਣ ਲਗਾਇਆ ਹੈ। ਕੋਈ 500 ਸਾਲ ਤੋਂ ਪਹਿਲੋਂ ਦੀ ਗੱਲ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਭਰ ਦੀ ਔਰਤ ਜ਼ਾਤੀ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣ ਲਈ ਆਵਾਜ਼ ਬੁਲੰਦ ਕੀਤੀ। ਸਿੱਟੇ ਵਜੋਂ ਗੁਰੂ ਬਾਬੇ ਨੇ ਔਰਤ ਤੇ ਮਰਦ ਨੂੰ ਬਰਾਬਰੀ ਦਾ ਦਰਜਾ ਦਿਵਾਇਆ ਅਤੇ ਉਨ੍ਹਾਂ ਲੋਕਾਂ ਨੂੰ ਵੀ ਸੇਧ ਦਿੱਤੀ ਜੋ ਸਮਝਦੇ ਸਨ ਕਿ ਇਸਤਰੀ ਸਿਰਫ਼ ਘਰ ਦੀ ਹੀ ਦਾਸੀ ਹੈ। ਉਨ੍ਹਾਂ ਨੇ ਕੁਰਾਹੇ ਪਈ ਲੋਕਾਈ ਨੂੰ ਸਬਕ ਗ੍ਰਹਿਣ ਕਰਵਾਇਆ ਤੇ ਕਿਹਾ, “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ”। ਉਨ੍ਹਾਂ ਨੇ ਸੱਚ ਨੂੰ ਉਜਾਗਰ ਕਰਦਿਆਂ ਫਰਮਾਇਆ ਸੀ ਕਿ ਇਸਤਰੀ ਉੱਤਮ ਜੀਵ ਹੈ ਅਤੇ ਸਮਾਜ ਦਾ ਮਹਾਨ ਅੰਗ ਹੈ। ਇਸਤਰੀ ਮਾਂ ਦੇ ਰੂਪ ਵਿਚ ਮਨੁੱਖ ਨੂੰ ਜਨਮ ਦਿੰਦੀ ਹੈ, ਬੱਚੇ ਲਈ ਅਨੇਕਾਂ ਤਸੀਹੇ ਝੱਲਦੀ ਹੈ, ਉਸ ਨੂੰ ਪਾਲ-ਪੋਸ ਕੇ ਵੱਡਾ ਕਰਦੀ ਹੈ, ਬੱਚੇ ਨੂੰ ਵਧੀਆ ਜੀਵਨ ਜਾਚ ਸਿਖਾਲਦੀ ਹੈ ਤਾਂਕਿ ਉਹ ਇਸ ਸੰਸਾਰ ਵਿਚ ਸੱਚ ਤੇ ਹੱਕ ਲਈ ਜੂਝਦਿਆਂ ਇਸ ਧਰਤੀ ਨੂੰ ਸਵਰਗ ਬਣਾਏ ਤੇ ਸਰਬੱਤ ਦੇ ਭਲੇ ਦਾ ਪ੍ਰਚਾਰ ਅਤੇ ਪ੍ਰਸਾਰ ਕਰਦਿਆਂ ਪਰਮਾਤਮਾ ਨਾਲ ਇੱਕਮਿੱਕ ਹੋ ਜਾਵੇ। ਗੁਰੂ ਸਾਹਿਬ ਜੀ ਨੇ ਭੁੱਲੀ ਹੋਈ ਲੋਕਾਈ ਨੂੰ ਸਿੱਧੇ ਰਸਤੇ ਪਾਉਂਦਿਆਂ ਦ੍ਰਿੜ੍ਹ ਕਰਵਾਇਆ ਕਿ ਇਸਤਰੀ ਤਾਂ ਸੰਸਾਰ ਦੀ ਮਹਾਨ ਜਨਨੀ ਹੈ, ਮਨੁੱਖ ਦੀ ਰਚਨਹਾਰ ਹੈ, ਉਹ ਤਾਂ ਸਤਿਕਾਰਯੋਗ ਧੀ ਹੈ, ਭੈਣ ਹੈ ਅਤੇ ਮਾਂ ਹੈ ਜੋ ਗੁਰੂਆਂ, ਪੀਰਾਂ ਫਕੀਰਾਂ, ਪੈਗੰਬਰਾਂ, ਮਹਾਂ ਪੁਰਸ਼ਾਂ, ਯੋਧਿਆਂ, ਰਾਜਿਆਂ ਅਤੇ ਮਹਾਰਾਜਿਆਂ ਨੂੰ ਜਨਮ ਦਿੰਦੀ ਹੈ ਤੇ ਫਿਰ ਉਹੀ ਇਸਤਰੀ ਕਿਵੇਂ ਨਿੰਦਣਯੋਗ ਹੋ ਸਕਦੀ ਹੈ?
ਇਸ ਨਜ਼ਰੀਏ ਦੇ ਸੰਬੰਧ ਵਿਚ ਜੇਕਰ ਅਸੀਂ ਸਿੱਖ ਤਵਾਰੀਖ ਦੇ ਵਰਕਿਆਂ ’ਤੇ ਸਾਦੀ ਜਿਹੀ ਝਾਤ ਮਾਰੀਏ ਤਾਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਸਿੱਖ ਜਗਤ ਦੀ ਉਤਪਤੀ ਅਤੇ ਵਿਕਾਸ ਲਈ ਬੇਬੇ ਨਾਨਕੀ ਜੀ, ਮਾਤਾ ਖੀਵੀ ਜੀ, ਮਾਤਾ ਭਾਨੀ ਜੀ, ਮਾਤਾ ਗੁਜਰੀ ਜੀ, ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਭਾਗ ਕੌਰ ਜੀ ਵਰਗੀਆਂ ਅਨੇਕਾਂ ਹੀ ਸਨਮਾਨਯੋਗ ਮਾਤਾਵਾਂ ਅਤੇ ਭੈਣਾਂ ਨੇ ਕਿਤਨਾ ਕੁ ਵਿਲੱਖਣ ਯੋਗਦਾਨ ਪਾਇਆ ਹੈ। ਇਹ ਗੱਲ ਕਿਸੇ ਭੁਲੇਖੇ ਦੀ ਮੁਹਤਾਜ ਨਹੀਂ ਹੈ ਕਿ ਸਮਰਪਿਤ ਇਸਤਰੀਆਂ ਅੱਜ ਵੀ ਕੌਮ ਦੀ ਸੇਵਾ ਲਈ ਤਤਪਰ ਹਨ। ਕਿਸੇ ਵੀ ਕੌਮ ਦਾ ਗੌਰਵਮਈ ਇਤਿਹਾਸ ਕਿਤੇ ਇੱਕ ਦਿਨ ਵਿਚ ਨਹੀਂ ਸਿਰਜਿਆ ਜਾ ਸਕਦਾ। ਇਤਿਹਾਸ ਦੇ ਵਰਕਿਆਂ ਉੱਪਰ ਮਿਹਨਤ-ਮੁਸ਼ੱਕਤ ਦਾ ਪਸੀਨਾ ਅਤੇ ਅਸੂਲਾਂ ਨੂੰ ਬਰਕਰਾਰ ਰੱਖਣ ਲਈ ਸਾਲਾਂ ਬੱਧੀ ਆਪਣਾ ਖੂਨ ਡੋਲ੍ਹਣਾ ਪੈˆਦਾ ਹੈ ਤੇ ਫਿਰ ਜਾ ਕੇ ਕਿਤੇ ਮਹਾਨ ਕੌਮਾਂ ਦੀ ਸਿਰਜਨਾ ਹੋ ਸਕਦੀ ਹੈ। ਸਿੱਖ ਇਤਿਹਾਸ ਇਸ ਸਚਾਈ ਦੀ ਵੀ ਸ਼ਾਹਦੀ ਭਰਦਾ ਹੈ ਕਿ ਸਿੱਖੀ ਦੇ ਬੂਟੇ ਦੀ ਸਿਰਜਨਾ ਦੌਰਾਨ ਗੁਰੂਆਂ ਅਤੇ ਸਿੱਖ ਜਗਤ ਦੇ ਅਨੇਕਾਂ ਹੀ ਅਨੁਯਾਈਆਂ ਨੇ ਬੇਅੰਤ ਅਤੇ ਵਡਮੁੱਲੀਆਂ ਕੁਰਬਾਨੀਆਂ ਦਿੱਤੀਆਂ ਹਨ।
ਸਿੱਖ ਜਗਤ ਨੂੰ ਹੋਂਦ ਵਿੱਚ ਆਇਆਂ ਕੋਈ 500 ਸਾਲ ਤੋਂ ਵੱਧ ਸਾਲਾਂ ਦਾ ਸਮਾਂ ਬੀਤ ਚੁੱਕਿਆ ਹੈ। ਪੰਜ ਸਦੀਆਂ ਵਿਚ ਸਿੱਖ ਕੌਮ ਨੇ ਅਤਿਅੰਤ ਜ਼ੁਲਮ ਅਤੇ ਤਸੀਹੇ ਆਪਣੇ ਪਿੰਡੇ ਉੱਪਰ ਹੰਢਾਏ। ਸਰਬ-ਸਾਂਝੇ ਅਸੂਲਾਂ ਨੂੰ ਕਾਇਮ ਰੱਖਣ ਲਈ ਪੂਰੇ ਸਹਿਜ, ਸਹਿਣਸ਼ੀਲਤਾ, ਅਡੋਲਤਾ ਅਤੇ ਸੰਤੋਖ ਤੋਂ ਕੰਮ ਲਿਆ। ਅੱਜ ਦੇ ਸੰਦਰਭ ਵਿਚ ਅਸੀਂ ਸਿੱਖ ਜਗਤ ਵੱਲ ਝਾਤ ਮਾਰੀਏ ਤਾਂ ਇਸ ਨੂੰ ਪੂਰੀ ਉਦਾਸੀ ਵਾਲਾ ਆਲਮ ਤਾਂ ਨਹੀਂ ਕਿਹਾ ਜਾ ਸਕਦਾ ਪਰ ਇਹ ਗੱਲ ਵੀ ਬੜੇ ਦੁੱਖ ਦੀ ਭਾਸਦੀ ਹੈ ਕਿ ਅਸੀਂ ਅਤਿ ਦਰਜੇ ਦੀ ਨਿਵਾਣ ਵੱਲ ਨੂੰ ਕਾਹਲੀ-ਕਾਹਲੀ ਕਦਮ ਪੁੱਟੀ ਜਾ ਰਹੇ ਹਾਂ। ਧਿਆਨ ਗੋਚਰੇ ਚਾਹੀਦਾ ਹੈ ਕਿ ਜੋ ਗੱਲ ਪਹਿਲੋਂ ਲੁਕਵੀਂ ਸੀ ਉਹ ਹੁਣ ਜੱਗ ਜ਼ਾਹਰ ਹੋ ਚੁੱਕੀ ਹੈ। ਭਾਵੇਂ ਊਣਤਾਈਆਂ ਦੂਸਰੇ ਧਰਮਾਂ ਨੂੰ ਮੰਨਣ ਵਾਲਿਆਂ ਵਿਚ ਵੀ ਆਈਆਂ ਹਨ। ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਤਾਂ ਸਭ ਬੁਰਾਈਆਂ ਤੋਂ ਰਹਿਤ ਕੀਤਾ ਸੀ। ਹਰ ਪਾਸੇ ਨਸ਼ਿਆਂ ਦੀ ਭਰਮਾਰ, ਘਰੇਲੂ ਹਿੰਸਾ, ਬਲਾਤਕਾਰ, ਵਿਭਚਾਰ, ਪਰ-ਗਮਨੀ ਤੇ ਬਹੁਤ ਕੁਝ ਹੋਰ ਵਿਖਾਈ ਦੇ ਰਿਹਾ ਹੈ ਜਿਸ ਨੇ ਸਾਡਾ ਸਿਰ ਸ਼ਰਮ ਨਾਲ ਨੀਵਾਂ ਕਰ ਦਿੱਤਾ ਹੈ। ਮਾਂ ਬੋਲੀ, ਜਿਸ ਬੋਲੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹਨ, ਉਸ ਬੋਲੀ ਨੂੰ ਅਸੀਂ ਗਵਾਰਾਂ ਦੀ ਬੋਲੀ ਗਰਦਾਨ ਕੇ ਅੱਖੋਂ ਪਰੋਖੇ ਕਰ ਦਿੱਤਾ ਹੈ। ਵਿੱਦਿਆ ਦੇ ਖੇਤਰ ਵਿਚ ਅਸੀਂ ਚਿੰਤਾਜਨਕ ਭੁੱਲ-ਭੁਲੱਈਆਂ ਦੇ ਸ਼ਿਕਾਰ ਹੋ ਗਏ ਹਾਂ। ਬੇਕਾਰੀ ਨੇ ਸਾਨੂੰ ਜਕੜ ਲਿਆ ਹੈ। ’ਗਿਆਨ ਵਿਹੂਣਾ ਕਿਛੂ ਨ ਸੂਝੈ’ ਵਾਲੀ ਗੱਲ ਤਾਂ ਸਾਡੇ ਉੱਪਰ ਢੁੱਕ ਰਹੀ ਹੈ ਕਿਉਂਕਿ ਬਹੁਤੇ ਲੋਕੀਂ ਤਾਂ ਧਰਮ-ਕਰਮ ਨੂੰ ਤਿਲਾਂਜਲੀ ਦੇ ਕੇ ਸਿਰਫ਼ ਤੇ ਸਿਰਫ਼ ਪਦਾਰਥਵਾਦ ਦੇ ਹੀ ਪੁਜਾਰੀ ਬਣ ਬੈਠੇ ਹਨ। ਨੌਜਵਾਨ ਪੀੜ੍ਹੀ ਵੱਲੋਂ ਤਾਂ ਮਾਪੇ ਉੱਕਾ ਹੀ ਅਣਭੋਲ ਤੇ ਅਵੇਸਲੇ ਹੋ ਗਏ ਜਾਪਦੇ ਹਨ ਜਿਸ ਦੇ ਸਿੱਟੇ ਵਜੋਂ ਸਾਡੇ ‘ਕੱਲ੍ਹ ਦੇ ਵਾਰਸ’ ਭਟਕਣਾ ਵੱਸ ਹੋ ਕੇ ਧਰਮ, ਸਭਿਆਚਾਰ ਅਤੇ ਆਪਣੇ ਅਮੀਰ ਵਿਰਸੇ ਨਾਲੋਂ ਟੁੱਟ ਕੇ ਕੋਹਾਂ ਦੂਰ ਜਾ ਰਹੇ ਹਨ। ਗੁਰਮਤਿ ਦੇ ਧੁਰੇ ਨਾਲੋਂ ਸਾਡਾ ਵਾਸਤਾ ਆਮ ਕਰਕੇ ਟੁੱਟਦਾ ਜਾ ਰਿਹਾ ਹੈ। ਭਾਵੇਂ ਪੱਛਮੀ ਦੁਨੀਆ ਵਿਚ ਸਿੱਖੀ ਦੀ ਗੱਲ ਮੁੜ ਉਜਾਗਰ ਤਾਂ ਹੋ ਰਹੀ ਹੈ ਪਰ ’ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ’ ਦਾ ਸਬਕ ਸਾਨੂੰ ਭੁੱਲਦਾ ਜਾ ਰਿਹਾ ਹੈ ਅਤੇ ਜ਼ਾਤ-ਪਾਤ ਦੇ ਬੰਧਨ ਵਿਚ ਅਸੀਂ ਮੁੜ ਫਸ ਰਹੇ ਹਾਂ। ਆਪਸੀ ਫੁੱਟ ਨੇ ਸਮਾਜ ਦਾ ਘਾਣ ਕਰ ਛੱਡਿਆ ਹੈ। ਸ਼ਬਦ-ਗੁਰੂ ਦੀ ਥਾਂ ਅਸੀਂ ਵਿਅਕਤੀਗਤ ਅਤੇ ਅੱਜ ਦੇ ਸ਼ਖ਼ਸੀ ਗੁਰੂਆਂ ਦੇ ਜਾਲ ਵਿਚ ਲਪੇਟੇ ਜਾ ਰਹੇ ਹਾਂ। ਇਥੇ ਇਹ ਸਭ ਕੁਝ ਲਿਖਣ ਦਾ ਉਦੇਸ਼ ਕੋਈ ਸ਼ਿਕਵਾ ਜਾਂ ਸ਼ਿਕਾਇਤ ਕਰਨਾ ਨਹੀਂ ਹੈ ਸਗੋਂ ਇਹ ਸਵੈ-ਵਿਸ਼ਲੇਸ਼ਣ ਹੀ ਹੈ ਤਾਕਿ ਬੀਮਾਰੀ ਦਾ ਇਲਾਜ ਕੀਤਾ ਜਾ ਸਕੇ। ਮੇਰੀ ਜਾਚੇ, ਇਸ ਗੰਭੀਰ ਸਮੱਸਿਆ ਉੱਪਰ ਕਾਬੂ ਪਾਉਣ ਲਈ ਮਾਪਿਆਂ, ਸਮਾਜ ਸੇਵੀਆਂ, ਧਾਰਮਿਕ ਆਗੂਆਂ, ਪਰੀਚਰਾਂ, ਟੀਚਰਾਂ ਅਤੇ ਬੁੱਧੀਜੀਵੀਆਂ ਨੂੰ ਖੁਦ ਚੰਗੇ ਰੋਲ ਮਾਡਲ ਬਣ ਕੇ ਚੰਗੇ ਅਸੂਲਾਂ ਅਤੇ ਸੱਚੀ-ਸੁੱਚੀ ਜੀਵਨ-ਜੁਗਤ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਅਸੀਂ ਇਹ ਵੀ ਨਹੀਂ ਭੁੱਲ ਸਕਦੇ ਕਿ ਸਾਡੀ ਨੌਜਵਾਨ ਪੀੜ੍ਹੀ ਇੰਟਰਨੈੱਟ ਅਤੇ ਕੰਪਿਊਟਰ ਯੁੱਗ ਦੀ ਤਕਨਾਲੌਜੀ ਵਿੱਚ ਦਿਨ-ਬਦਿਨ ਨਿਪੁੰਨ ਹੋ ਰਹੀ ਹੈ। ਇਸ ਕਰਕੇ ਅਜੋਕੇ ਯੁੱਗ ਵਿਚ ਨਵੀਨ ਤਕਨਾਲੌਜੀ ਰਾਹੀਂ ਸਿੱਖ ਕਦਰਾਂ-ਕੀਮਤਾਂ ਦਾ ਪ੍ਰਚਾਰ ਕਰਨਾ ਕੋਈ ਮਿਹਣੇ ਵਾਲੀ ਗੱਲ ਨਹੀਂ ਹੋਵੇਗੀ।
ਆਓ! ਜ਼ਰਾ ਸ਼ਾਂਤਚਿੱਤ ਹੋ ਕੇ ਸੋਚੀਏ ਕਿ ਸੱਚ ਤੇ ਹੱਕੀ-ਇਨਸਾਫ ਲਈ ਸਾਡੇ ਗੁਰੂਆਂ, ਪੀਰਾਂ ਤੇ ਸਿਰ-ਲੱਥ ਯੋਧਿਆਂ ਨੇ ਤੱਤੀਆਂ ਤਵੀਆਂ ’ਤੇ ਬੈਠ ਕੇ ਵੀ ‘ਸੀਅ’ ਨਹੀਂ ਸੀ ਉਚਾਰੀ, ਆਪਣੇ ਸੀਸ ਕਟਵਾਏ, ਖੋਪਰੀਆਂ ਲੁਹਾਈਆਂ, ਬੰਦ-ਬੰਦ ਕਟਵਾਏ, ਆਰਿਆਂ ਨਾਲ ਚੀਰੇ ਗਏ, ਮਾਵਾਂ ਨੇ ਮਾਸੂਮ ਬੱਚਿਆਂ ਦੇ ਟੋਟੇ ਕਰਵਾਏ, ਖੰਨੀ-ਖੰਨੀ ਰੋਟੀ ’ਤੇ ਗੁਜ਼ਾਰਾ ਕੀਤਾ ਪਰ ਨਾ ਤਾਂ ਧਰਮ ਹਾਰਿਆ ਅਤੇ ਨਾ ਹੀ ਗੁਰੂ ਤੋਂ ਬੇਮੁਖ ਹੋਈਆਂ। ਕਿੱਥੇ ਗਈ ਉਹ ਮਾਂ ਜੋ ਸਿੱਖਿਆ ਦਿੰਦੀ ਹੁੰਦੀ ਸੀ ਕਿ ”ਬੱਚਿਓ! ਕਿਤੇ ਕੌਮ ਦੇ ਕਰਜ਼ ਅਦਾ ਕਰਨ ਤੋਂ ਮੂੰਹ ਨਾ ਮੋੜਿਓ? ਨੈਤਿਕਤਾ ਤੇ ਮਨੁੱਖੀ ਕਦਰਾਂ- ਕੀਮਤਾਂ ਨੂੰ ਤਿਲਾਂਜਲੀ ਦੇਣ ਦੀ ਕਦੇ ਵੀ ਕੁਤਾਹੀ ਨਾ ਕਰਿਓ”।
ਇਥੇ ਮੈਂ ਉਸ ਮਾਂ ਦੀ ਗੱਲ ਕਰ ਰਿਹਾ ਹਾਂ ਜਿਸ ਨੂੰ ਦੇਵਤਿਆਂ ਵਰਗੀ ਮਾਂ ਦਾ ਰੁਤਬਾ ਹਾਸਲ ਹੈ। ਮੈˆ ਨਹੀਂ ਕਹਿੰਦਾ ਕਿ ਬਾਪ ਨੂੰ ਆਪਣੀ ਔਲਾਦ ਪੱਖੋਂ ਕੁਤਾਹੀ ਲਈ ਕਿਸੇ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾ ਸਕਦਾ ਹੈ ਪਰ ਮਾਂ ਇਕ ਐਸਾ ਪਵਿੱਤਰ ਸਾਂਚਾ ਤੇ ਵਿਲੱਖਣ ਸੋਮਾ ਹੈ ਜਿੱਥੋਂ ਬੱਚੇ ਲਈ ਜੀਵਨ-ਜਾਚ ਦੀ ਗੱਲ ਅਰੰਭ ਹੁੰਦੀ ਹੈ ਅਤੇ ਉਸ ਸੋਮੇ ਤੋਂ ਹੀ ਬੱਚੇ ਨੂੰ ਗੁਰੂ-ਆਸ਼ੇ ਅਨੁਸਾਰ ਢਾਲਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਮਾਂ ਬੱਚੇ ਨੂੰ ਕੋਈ 270 ਦਿਨ ਆਪਣੇ ਪੇਟ ਵਿੱਚ ਰੱਖ ਕੇ ਉਸ ਨੂੰ ਵਡਮੁੱਲੇ ਜੀਵਨ ਦੇ ਸੰਸਕਾਰ ਅਤੇ ਜੀਵਨ ਜਿਊਣ ਦਾ ਪਵਿੱਤਰ ਢੰਗ ਬਖਸ਼ਿਸ਼ ਕਰਦੀ ਹੈ। ਜਨਮ ਤੋਂ ਪਿੱਛੋਂ ਵੀ ਬਹੁਤਾ ਸਮਾਂ ਮਾਂ ਹੀ ਆਪਣੇ ਬੱਚੇ ਦੀ ਸੰਭਾਲ ਕਰਦੀ ਤੇ ਉਸ ਦੀ ਹਰ ਪ੍ਰਕਾਰ ਰਖਿਆ-ਸੁਰੱਖਿਆ ਤੇ ਨਿਗਰਾਨੀ ਕਰਦੀ ਹੈ ਜਿਸ ਕਰਕੇ ਮਾਂ ਆਪਣੇ ਬੱਚੇ ਨੂੰ ਵਧੀਆ ਇਨਸਾਨ ਬਣਾਉਣ ਦੀ ਜ਼ਿੰਮੇਵਾਰੀ ਵੀ ਬਾਖ਼ੂਬੀ ਨਿਭਾ ਸਕਦੀ ਹੈ।
ਮਾਂ ਦਾ ਰੁਤਬਾ ਬੜਾ ਅਜ਼ੀਮ ਅਤੇ ਪਵਿੱਤਰ ਰੁਤਬਾ ਹੁੰਦਾ ਏ। ਮਾਂ ਇਕ ਅਸੂਲ ਹੈ, ਟਹਿਕ ਰਹੇ ਪੌਦੇ ਦੀ ਜੜ੍ਹ ਹੈ। ਜੜ੍ਹ ਤੋਂ ਬਿਨਾਂ ਪੌਦਾ ਸੁੱਕ ਜਾਂਦਾ ਹੈ। ਕੌਣ ਨਹੀਂ ਜਾਣਦਾ ਕਿ ਮਾਂ ਕੀ ਹੁੰਦੀ ਹੈ? ਚੰਗੀਆਂ ਮਾਵਾਂ ਜਿਨ੍ਹਾਂ ਪਾਸ ਚੰਗੇਰੇ ਸੰਸਕਾਰ ਅਤੇ ਜੀਵਨ-ਜਾਚ ਹੁੰਦੀ ਹੈ ਐਸੀਆਂ ਨੇਕ ਮਾਵਾਂ ਹੀ ਚੰਗੀ ਔਲਾਦ ਤੇ ਸਦਗੁਣੀ ਕੌਮਾਂ ਨੂੰ ਜਨਮ ਦੇ ਸਕਦੀਆਂ ਹਨ। ਅਕਸਰ ਕਿਹਾ ਜਾਂਦਾ ਹੈ ਕਿ ਗੁਣਵੰਤੀ ਮਾਂ ਹੀ ਆਪਣੇ ਬੱਚੇ ਨੂੰ ਭਗਤ, ਦਾਤਾ ਅਤੇ ਸੂਰਮਾ ਬਣਾ ਸਕਦੀ ਹੈ। ਬੱਚੇ ਨੂੰ ਚੰਗੇ ਜਾਂ ਮੰਦੇ ਸੰਸਕਾਰ ਮਾਂ-ਬਾਪ ਤੋਂ ਹੀ ਬਹੁਤਾ ਕਰਕੇ ਪ੍ਰਾਪਤ ਹੁੰਦੇ ਹਨ। ਧਰਮੀ ਮਾਂਵਾਂ ਆਪਣੇ ਬੱਚਿਆਂ ਨੂੰ ਧਰਮਾਤਮਾ ਲੋਕਾਂ ਅਤੇ ਯੋਧਿਆਂ ਦੀਆਂ ਕਹਾਣੀਆਂ ਸੁਣਾਉਂਦੀਆਂ ਰਹਿੰਦੀਆਂ ਹਨ ਤਾਂਕਿ ਬੱਚੇ ਗੁਰਮਤਿ ਦੇ ਧਾਰਨੀ ਅਤੇ ਚੰਗੇ ਗੁਣਾਂ ਵਾਲੇ ਵਧੀਆ ਇਨਸਾਨ ਬਣ ਸਕਣ। ਪਰ ਇਸ ਵਿਕਾਸ-ਪੱਧਰ ਲਈ ਇਹ ਸ਼ਰਤ ਵੀ ਜ਼ਰੂਰੀ ਬਣਦੀ ਹੈ ਕਿ ਚੰਗੀਆਂ ਮਾਵਾਂ ਪਾਸ ਖੁਦ ਵੀ ‘ਮਾਖਿਉਂ ਮਿੱਠੇ’ ਬੋਲ ਅਤੇ ਖੁਦਾਈ ਗੁਣ ਹੋਣੇ ਚਾਹੀਦੇ ਹਨ। ਆਮ ਕਰਕੇ ਅਸੀਂ ਪੜ੍ਹਦੇ-ਸੁਣਦੇ ਰਹਿੰਦੇ ਹਾਂ ਕਿ ’ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ!’ ਕਿਤੇ ਉਨ੍ਹਾਂ ਲੋਕਾਂ ਨੂੰ ਤਾਂ ਜਾ ਕੇ ਪੁੱਛੋ ਜਿਨ੍ਹਾਂ ਪਾਸ ਮਾਂ ਨਹੀਂ ਹੁੰਦੀ, ਉਹ ਕਿਤਨੇ ਸੱਖਣੇ ਤੇ ਕਿਤਨੇ ਬਦ-ਨਸੀਬ ਹੁੰਦੇ ਹਨ! ਘਣੇ ਰੁੱਖ ਦੀ ਛਾਂ ਵਾਂਗ, ਮਾਵਾਂ ਵੀ ਠੰਢੀਆਂ ਛਾਂਵਾਂ ਹੁੰਦੀਆਂ ਨੇ। ਮਾਂ ਦੀ ਗੋਦ ਦਾ ਨਿੱਘ ਬੱਚੇ ਨੂੰ ਜਾ ਕੇ ਕਿਤੇ ਪੁੱਛੋ ਤਾਂ ਸਹੀ ਕਿ ਤੇਰਾ ਰੱਬ ਕੌਣ ਹੈ ਤਾਂ ਉਹ ਇਹੀ ਆਖੇਗਾ, “ਮੇਰੀ ਮਾਂ!”
ਕੈਸਾ ਭਾਣਾ ਵਰਤਿਆ ਹੈ ਕਿ ਅਜੋਕੇ ਸਮੇਂ ਵਿਚ ਬਹੁਤਾ ਕਰਕੇ ਸਿੱਖੀ ਦੇ ਸੱਚੇ-ਸੁੱਚੇ ਅਤੇ ਪੀਡੇ ਅਸੂਲਾਂ ’ਤੇ ਚੱਲਣ ਵਾਲੀ ਉਹ ਮਾਂ, ਦਾਦੀ ਮਾਂ ਅਤੇ ਨਾਨੀ ਮਾਂ ਸਾਥੋਂ ਗੁਆਚ ਗਈ ਹੈ ਜਾਂ ਉਸ ਮਾਂ ਪਾਸੋਂ ਸਿੱਖ ਸੋਚ ਤੇ ਸਿੱਖ ਫਲਸਫਾ ਖੁੱਸ ਗਿਆ ਹੈ! ਉਸ ਮਾਂ ਨੂੰ ਸ਼ਾਇਦ ਭੁੱਲ ਗਿਆ ਹੋਵੇਗਾ ਕਿ ਸਾਡੇ ‘ਅੱਜ’ ਦੀ ਖਾਤਰ ਕਿਸੇ ਨੇ ਆਪਣੇ ਪੁੱਤਰ ਵਾਰ ਕੇ ਵੀ ਕਿਹਾ ਸੀ ਕਿ “ਚਾਰ ਮੂਏ ਤੋ ਕਿਆ ਹੂਆ, ਜੀਵਤ ਕਈ ਹਜ਼ਾਰ!”
ਸੰਸਾਰ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਸਿੱਖ ਧਰਮ ਦੇ ਅਨੁਯਾਈਆਂ ਨੂੰ ਵੀ ਵਿਸ਼ਵ ਭਰ ਵਿਚ ਧੌਣ ਉੱਚੀ ਕਰ ਕੇ ਗੁਰੂ-ਆਸ਼ੇ ਅਨੁਸਾਰ ਵਿਚਰਦਿਆਂ ਹੋਇਆਂ ਏਕਤਾ ਅਤੇ ਮਿਹਨਤ-ਮੁਸ਼ੱਕਤ ਕਰਨ ਦੀ ਲੋੜ ਹੈ। ਅੱਜ ਵੀ ਸੱਤਵਾਦੀ ਤੇ ਈਮਾਨਦਾਰ ਲੋਕੀਂ ਮਨੁੱਖਤਾ ਦੇ ਭਲੇ ਲਈ ਸਚਿਆਰੀ ਸੇਵਾ ਕਰਨ ਲਈ ਤਤਪਰ ਤਾਂ ਹਨ ਪਰ ਉਨ੍ਹਾਂ ਦਾ ਰਸਤਾ ਰੋਕਿਆ ਜਾ ਰਿਹਾ ਹੈ। ਮੈਨੂੰ ਯਕੀਨ ਹੈ ਕਿ ਜਿਵੇਂ ਰਾਤ ਤੋਂ ਬਾਅਦ ਚਿੱਟੇ ਦੁੱਧ ਵਰਗਾ ਦਿਨ ਚੜ੍ਹਦਾ ਹੈ ਤਿਵੇਂ ਹੀ ਇਕ ਦਿਨ ਸਚਿਆਰਿਆਂ ਦੀ ਮਿਹਨਤ ਵੀ ਜ਼ਰੂਰ ਫਲ ਲਿਆਏਗੀ। ਇਹ ਵੀ ਭੁਲੇਖੇ ਵਾਲੀ ਗੱਲ ਨਹੀਂ ਹੈ ਕਿ ਸੰਸਾਰ ਦੇ ਸਿੱਖ ਨੌਜਵਾਨਾਂ ਵਿਚ ਘਰ ਵਾਪਸ ਆਉਣ ਦੀ ਕਿਰਿਆ ਸ਼ੁਰੂ ਹੋ ਗਈ ਹੈ। ਪਰ ਇਸ ਅਸਲੀਅਤ ਤੋਂ ਵੀ ਮੁੱਖ ਨਹੀਂ ਮੋੜਿਆ ਜਾ ਸਕਦਾ ਕਿ ਹਾਲੀਂ ਵੀ ਗੁਰਮਤਿ ਦੇ ਅਸੂਲਾਂ ਅਤੇ ਗੁਰੂ-ਸੋਚ ਤੋਂ ਖੁੱਸੀਆਂ ਕੁਝ ਕੁ ਮਾਂਵਾਂ ਦੁਨੀਆਂ ਦੀ ਚਮਕ-ਦਮਕ ਦੇ ਅਸਰ ਥੱਲੇ ਮਾਰਗ ਤੋਂ ਕਾਫੀ ਪਰ੍ਹੇ ਹਨ। ਕਾਸ਼! ਉਹ ਗੁਆਚੀ ਹੋਈ ਸਿਰੜੀ ਤੇ ਸਮਰਪਿਤ ਮਾਂ ਸਾਨੂੰ ਮੁੜ ਲੱਭ ਜਾਵੇ ਤਾਂਕਿ ਇਸ ਸੰਸਾਰ ਨੂੰ ਅਸੀਂ ਸੁਖੀ ਤੇ ਸਰਬੱਤ ਦਾ ਭਲਾ ਮੰਗਣ ਵਾਲਾ ਸੰਸਾਰ ਬਣਾ ਸਕੀਏ। ਆਓ! ਗਿਆਨ ਤੋਂ ਵਿਹੂਣੀ ਅਤੇ ਮੂਰਛਿਤ ਹੋਈ ਉਸ ਸਰਬ-ਸਾਂਝੀ ਮਾਂ ਨੂੰ ਮੁੜ ਸੁਰਜੀਤ ਕਰੀਏ ਤਾਂਕਿ ਕੱਲ੍ਹ ਦੇ ਸਾਡੇ ਵਾਰਸ ਚੰਗੇ ਮਨੁੱਖ ਬਣ ਕੇ ਵਿਸ਼ਵ ਦੀ ਅਗਵਾਈ ਕਰ ਸਕਣ ਤੇ ਇਥੇ ਸ਼ਾਂਤੀ ਦਾ ਪ੍ਰਚਾਰ ਕਰ ਸਕਣ। ਗੱਲੀਂ-ਬਾਤੀਂ ਨਹੀਂ ਸਗੋਂ ਇਸ ਪ੍ਰਾਪਤੀ ਲਈ ਪੰਥ-ਹਿਤੈਸ਼ੀਆਂ ਨੂੰ ਇਕੱਠੇ ਹੋ ਕੇ ਸਾਰਥਿਕ ਮਿਹਨਤ ਕਰਨ ਦੀ ਲੋੜ ਹੋਵੇਗੀ। ਇਹ ਵੀ ਜ਼ਰੂਰੀ ਹੋਵੇਗਾ ਕਿ ਸਿੱਖ- ਜਗਤ ਨੂੰ ਨੌਜਵਾਨ ਪੀੜ੍ਹੀ ਨਾਲ ਨੇੜਲੇ ਸੰਬੰਧ ਬਣਾ ਕੇ ਕੰਮ ਕਰਨਾ ਪਵੇਗਾ। ਸਵੇਰ ਦਾ ਭੁੱਲਿਆ ਜੇਕਰ ਕਿਤੇ ਸ਼ਾਮੀਂ ਘਰ ਪਰਤ ਆਵੇ ਤਾਂ ਉਸ ਨੂੰ ਭੁੱਲਿਆ ਹੋਇਆ ਨਹੀਂ ਕਿਹਾ ਜਾਂਦਾ। ਗੁਰੂ ਮਿਹਰ ਕਰੇ!
ਲੇਖਕ ਬਾਰੇ
ਡਾ. ਰਘਬੀਰ ਸਿੰਘ ਬੈਂਸ 1990 ਵਿੱਚ ਕੈਨੇਡਾ ਆਵਾਸ ਕਰ ਗਏ, ਅਤੇ ਉਦੋਂ ਤੋਂ ਬੀ.ਸੀ. ਵਿੱਚ ਇੰਡੋ-ਕੈਨੇਡੀਅਨ ਅਤੇ ਹੋਰ ਭਾਈਚਾਰਿਆਂ ਦਰਮਿਆਨ ਸੱਭਿਆਚਾਰਕ ਸਮਝ ਅਤੇ ਆਪਸੀ ਸਤਿਕਾਰ ਨੂੰ ਉਤਸ਼ਾਹਿਤ ਕਰਨ ਲਈ ਆਪ ਨੇ ਕਈ ਸੰਸਥਾਵਾਂ ਲਈ ਇੱਕ ਵਲੰਟੀਅਰ, ਕਮਿਊਨਿਟੀ ਕਾਰਕੁਨ ਅਤੇ ਸਿੱਖਿਅਕ ਵਜੋਂ ਅਣਥੱਕ ਕੰਮ ਕੀਤਾ ਹੈ। ਉਹ ਸਿੱਖ ਧਰਮ ਦੇ ਐਨਸਾਈਕਲੋਪੀਡੀਆ ਦੇ ਲੇਖਕ ਹਨ। ਉਹਨਾਂ ਨੇ ਇੰਡੋ-ਕੈਨੇਡੀਅਨ ਭਾਈਚਾਰੇ ਵਿੱਚ ਇੱਕ ਸਰਗਰਮ ਵਲੰਟੀਅਰ ਅਤੇ ਰੋਲ ਮਾਡਲ ਵਜੋਂ ਰੋਲ ਨਿਭਾਇਆ ਅਤੇ ਇੱਕ ਦੁਭਾਸ਼ੀਏ ਵਜੋਂ ਕੰਮ ਕਰਦਿਆਂ ਨਵੇਂ ਪ੍ਰਵਾਸੀਆਂ ਨੂੰ ਕੈਨੇਡੀਅਨ ਜੀਵਨ ਦੇ ਆਦੀ ਬਣਨ ਵਿੱਚ ਸਹਾਇਤਾ ਕੀਤੀ ਹੈ। ਡਾ: ਬੈਂਸ 60 ਤੋਂ ਵੱਧ ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਜਿੱਤ ਚੁੱਕੇ ਹਨ। ਉਨ੍ਹਾਂ ਨੂੰ ਪੰਜਾਬ ਸਰਕਾਰ ਦੁਆਰਾ 20ਵੀਂ ਸਦੀ ਦਾ ਸਕਾਲਰ ਘੋਸ਼ਿਤ ਕੀਤਾ ਗਿਆ ਸੀ, ਅਤੇ ਉਨ੍ਹਾਂ ਨੂੰ ਆਰਡਰ ਆਫ਼ ਖਾਲਸਾ, ਭਾਈ ਗੁਰਦਾਸ ਇੰਟਰਨੈਸ਼ਨਲ ਅਵਾਰਡ, ਵਿਜ਼ਡਮ ਆਫ਼ ਏਜ ਮੈਂਟੋਰਸ਼ਿਪ ਅਵਾਰਡ, ਸਰੀ ਸ਼ਹਿਰ ਤੋਂ ਸਾਲ ਦਾ ਵਧੀਆ ਨਾਗਰਿਕ ਅਵਾਰਡ ਅਤੇ ਮਹਾਰਾਣੀ ਦਾ ਪੁਰਸਕਾਰ ਮਿਲਿਆ ਸੀ। ਉਨ੍ਹਾਂ ਨੂੰ ਸ਼ਾਨਦਾਰ ਸਮਾਜ ਸੇਵਾ ਲਈ ਗੋਲਡਨ ਜੁਬਲੀ ਮੈਡਲ ਵੀ ਮਿਲਿਆ ਸੀ। 80 ਸਾਲ ਦੀ ਉਮਰ ਵਿੱਚ ਆਪ ਸੰਨ 2016 ਵਿੱਚ ਇਸ ਸੰਸਾਰ ਤੋਂ ਕੂਚ ਕਰ ਗਏ।
- ਹੋਰ ਲੇਖ ਉਪਲੱਭਧ ਨਹੀਂ ਹਨ