ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਸਾਰ ਵਿਚ ਹੋਰ ਕੋਈ ਸਾਨੀ ਗ੍ਰੰਥ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਛੇ ਗੁਰੂ ਸਾਹਿਬਾਨ ਦੀ ਪਾਵਨ-ਪਵਿੱਤਰ ਬਾਣੀ ਤੋਂ ਇਲਾਵਾ ਪੰਦਰਾਂ ਭਗਤਾਂ, ਗਿਆਰਾਂ ਭੱਟਾਂ ਅਤੇ ਗੁਰੂ ਕੇ ਨਿਕਟਵਰਤੀ ਚਾਰ ਸਿੱਖਾਂ-ਸੇਵਕਾਂ ਦੀ ਬਾਣੀ ਸੁਸ਼ੋਭਿਤ ਹੈ। ਭਗਤ ਤੇ ਭੱਟ ਸਾਹਿਬਾਨ ਭਾਵੇਂ ਸਰੀਰਿਕ ਤੌਰ ‘ਤੇ ਵੱਖੋ-ਵੱਖ ਦਿੱਸਦੇ ਹਨ, ਪਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਅਰੰਭੀ ਵਿਚਾਰਧਾਰਾ ਨਾਲੋਂ ਉਨ੍ਹਾਂ ਦਾ ਕਿਤੇ ਵੀ ਵਖਰੇਵਾਂ ਨਜ਼ਰ ਨਹੀਂ ਆਉਂਦਾ; ਕਿਉਂਕਿ ਮੰਜ਼ਿਲ ਇੱਕ ਤੇ ਪੰਥ ਇੱਕ ਹੈ, ਖ਼ਾਲਸ, ਨਿਰਮਲ ਤੇ ਉੱਤਮ। ਸੋਚਣੀ ਵੀ ਇੱਕ ਤੇ ਵਿਚਾਰਧਾਰਾ ਵੀ ਇੱਕ, ਬੜਾ ਅਨੋਖਾ ਸੁਮੇਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਰਣਿਤ ਵਿਚਾਰਧਾਰਾ ਰਾਹੀਂ ਸਮੁੱਚੀ ਮਨੁੱਖਤਾ ਦਾ ਭਲਾ ਦਰਸਾਇਆ ਗਿਆ ਹੈ। ਜੇ ਕੋਈ ਪ੍ਰਾਣੀ ਇਸ ਵਿਚਾਰਧਾਰਾ ਨੂੰ ਸਮਝ ਕੇ ਆਪਣੀ ਜ਼ਿੰਦਗੀ ਦੇ ਅਮਲ ਵਿਚ ਲਿਆਉਂਦਾ ਹੈ ਤਾਂ ਉਸ ਦਾ ਕਲਿਆਣ ਅਵੱਸ਼ ਹੁੰਦਾ ਹੈ।
ਪੰਚਮ ਪਾਤਸ਼ਾਹ, ਸ੍ਰੀ ਗੁਰੂ ਅਰਜਨ ਦੇਵ ਜੀ ਨੇ 1604 ਈ. ਨੂੰ ਗੁਰਦੁਆਰਾ ਰਾਮਸਰ ਸਾਹਿਬ ਦੇ ਪਾਵਨ ਅਸਥਾਨ ‘ਤੇ ਭਾਈ ਗੁਰਦਾਸ ਜੀ ਪਾਸੋਂ ‘ਆਦਿ ਗ੍ਰੰਥ ਸਾਹਿਬ’ ਲਿਖਵਾਇਆ ਜਿਨ੍ਹਾਂ ਦਾ ਪਹਿਲਾ ਪਾਵਨ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜੋ ਅੱਜਕਲ੍ਹ ਸਾਡੇ ਵਿਚ ਬਿਰਾਜਮਾਨ ਹਨ, ਇਹ ਦਮਦਮਾ ਸਾਹਿਬ ਵਾਲੀ ਬੀੜ (ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਪਾਸੋਂ ਲਿਖਵਾਇਆ ਸੀ) ‘ਤੇ ਆਧਾਰਤ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਾਗਤ-ਜੋਤ ਸਤਿਗੁਰੂ ਜੀ ਹਨ, ਜਿਨ੍ਹਾਂ ਦੀ ਜੁਗੋ-ਜੁਗ ਅਟੱਲਤਾ ਬਾਰੇ, ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ (ਮਹਾਂਰਾਸ਼ਟਰ) ਦੇ ਮੁਕਾਮ ‘ਤੇ ਸਿੱਖ ਸੰਗਤਾਂ ਨੂੰ ਬਾਕਾਇਦਾ ਹੁਕਮ ਕੀਤਾ ਹੋਇਆ ਹੈ। ਇਸ ਹੁਕਮ ਦੀ ਪਾਲਨਾ ਵਜੋਂ ਸਿੱਖ ਸੰਗਤਾਂ ਸਵੇਰ-ਸ਼ਾਮ ਅਰਦਾਸ ਮਗਰੋਂ ‘ਗੁਰੂ ਮਾਨੀਓ ਗ੍ਰੰਥ’ ਦੀ ਸੰਥਿਆ ਸਦੀਆਂ ਤੋਂ ਪਕਾਉਂਦੀਆਂ ਆ ਰਹੀਆਂ ਹਨ। ਇੰਞ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨਾਲ ਸਿੱਖ ਪੰਥ ਵਿਚ ਸ਼ਬਦ-ਗੁਰੂ ਦਾ ਸਿਧਾਂਤ ਪੱਕੇ ਤੌਰ ‘ਤੇ ਸਥਾਪਤ ਹੋ ਚੁੱਕਾ ਹੈ। ਹੁਣ ਕਿਸੇ ਦੇਹਧਾਰੀ ਮਨੁੱਖ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਆਪਣੀ ਪੂਜਾ ਕਰਵਾਉਣਾ ਜਾਂ ਕਿਸੇ ਹੋਰ ਪੁਸਤਕ/ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਂਗ ਪ੍ਰਕਾਸ਼ ਕਰਕੇ ਪੂਜਣਾ, ਸ਼ਬਦ-ਗੁਰੂ ਦੀ ਘੋਰ-ਬੇਅਦਬੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਨੂੰ ਕਾਇਮ ਰੱਖਦਿਆਂ ਹੋਇਆਂ ਗੁਰਬਾਣੀ ਦਾ ਪਠਨ-ਪਾਠਨ ਅਤੇ ਗਾਇਨ ਕਰਨਾ, ਹਰ ਗੁਰੂ ਕੇ ਸਿੱਖ ਦਾ ਪਰਮ ਕਰਤੱਵ ਹੈ। ਪਰ ਇਹ ਵੀ ਧਿਆਨ ਰਹੇ ਕਿ ਜਿੱਥੇ ਪਾਵਨ ਗੁਰਬਾਣੀ ਦਾ ਪਠਨ-ਪਾਠਨ ਜ਼ਰੂਰੀ ਹੈ, ਉਥੇ ਇਸ ਵਿਚ ਵਰਣਿਤ ਤੇ ਸਮਝਾਏ ਗਏ ਗੁਰ- ਉਪਦੇਸ਼ ਨੂੰ ਸਮਝਣਾ ਅਤੇ ਅਮਲੀ ਜੀਵਨ ਵਿਚ ਧਾਰਨ ਕਰਨਾ ਵੀ ਹਰ ਗੁਰਸਿੱਖ ਲਈ ਓਨਾ ਹੀ ਜ਼ਰੂਰੀ ਹੈ।
ਅਸੀਂ ਦੇਖਦੇ ਹਾਂ ਕਿ ਅੱਜ ਸਾਡੇ ਆਸ-ਪਾਸ ਗੁਰਬਾਣੀ ਦਾ ਪਠਨ-ਪਾਠਨ ਇਤਨਾ ਹੋ ਰਿਹਾ ਹੈ, ਜਿਤਨਾ ਸ਼ਾਇਦ ਗੁਰੂ ਸਾਹਿਬਾਨ ਦੇ ਵੇਲੇ ਵੀ ਨਹੀਂ ਹੋਇਆ ਹੋਵੇਗਾ! ‘ਪੜਿ ਪੜਿ ਗਡੀ ਲਦੀਅਹਿ’ ਵਾਲੀ ਗੱਲ ਬਣੀ ਹੋਈ ਹੈ। ਪਰ ਪਾਵਨ ਗੁਰਬਾਣੀ ਦਾ ਏਨਾ ਪਠਨ-ਪਾਠਨ ਕਰਨ ਦੇ ਬਾਵਜੂਦ ਵੀ ਸਾਡਾ ਪਾਠ ਕਰਨ ਵਾਲਿਆਂ ਦਾ ਜੀਵਨ ਕਿਰਦਾਰ ਪੱਖੋਂ ਗੁਰਬਾਣੀ ਆਧਾਰਤ ਨਹੀਂ ਹੈ। ਅੱਜ ਦੇ ਇਸ ਸਮਾਜਿਕ ਵਰਤਾਰੇ ਵਿਚ ਕੋਈ ਵਿਰਲਾ ਗੁਰਮੁਖ ਸੱਜਣ, ਜਿਸ ਉੱਤੇ ਅਕਾਲ ਪੁਰਖ ਦੀ ਪੂਰਨ ਕਿਰਪਾ-ਦ੍ਰਿਸ਼ਟੀ ਹੋਈ ਹੋਵੇਗੀ, ਉਹ ਹੀ ਗੁਰਮਤਿ-ਵਿਹੂਣੇ ਕਿਰਦਾਰ ਦੀ ਮਾਰ ਤੋਂ ਬਚਿਆ ਹੋਵੇਗਾ। ਜੇ ਅਸੀਂ ਥੋੜ੍ਹਾ ਜਿਹਾ ਇਸ ਪਾਸੇ ਧਿਆਨ ਮਾਰੀਏ ਤਾਂ ਕਾਰਨ ਸਪੱਸ਼ਟ ਹੈ ਕਿ ਅੱਜ ਪਾਵਨ ਗੁਰਬਾਣੀ ਦੇ ਪਠਨ-ਪਾਠਨ ਦਾ ਵਰਤਾਰਾ ਆਮ ਕਰਕੇ ਬਿਨਾਂ ਸਮਝ ਤੋਂ ਚੱਲ ਰਿਹਾ ਹੈ।
ਪਾਵਨ ਗੁਰਬਾਣੀ ਦਾ ਪਾਠ ਅੱਜ ਇਕ ਰਸਮ-ਪੂਰਤੀ ਮਾਤਰ ਬਣ ਗਿਆ ਹੈ; ਇਸ ਵਿੱਚੋਂ ਕੁਝ ਸਮਝਣ ਦੀ ਭਾਵਨਾ ਗਾਇਬ ਹੀ ਹੁੰਦੀ ਜਾ ਰਹੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਠਨ-ਪਾਠਨ ਤਾਂ ਬੜੇ ਜ਼ੋਰ-ਸ਼ੋਰ ਨਾਲ ਕਰੀ ਜਾ ਰਹੇ ਹਾਂ, ਪਰ ਇਨ੍ਹਾਂ ਵਿਚ ਦਿੱਤੇ ਗਏ, ਗੁਰ-ਉਪਦੇਸ਼ ਨੂੰ ਸਮਝਣ ਅਤੇ ਜ਼ਿੰਦਗੀ ਦੇ ਅਮਲ ਵਿਚ ਲਿਆਉਣ ਤੋਂ ਦਿਨ-ਬ-ਦਿਨ ਅਵੇਸਲੇ ਹੁੰਦੇ ਜਾ ਰਹੇ ਹਾਂ। ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਉੱਤੇ ਅਮਲ ਕਰਨ ’ਤੇ ਜ਼ੋਰ ਦੇਣ ਦਾ ਭਾਵ ਦਸ ਗੁਰੂ ਸਾਹਿਬਾਨ ਦੀ ਆਤਮਿਕ ਜੋਤ ਹਾਜ਼ਰ-ਨਾਜ਼ਰ ਗੁਰੂ ਦੇ ‘ਸਿੱਖ ਰਹਿਤ ਮਰਯਾਦਾ’ ਮੁਤਾਬਕ ਨਿਰਧਾਰਤ ਕੀਤੇ ਗਏ ਅਦਬ-ਸਤਿਕਾਰ ਪ੍ਰਤੀ ਅਣਗਹਿਲੀ ਕਦਾਚਿਤ ਨਹੀਂ ਹੈ।
ਸਾਡੇ ਲਈ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹਾਂ-ਸਿਰ-ਪਾਤਸ਼ਾਹ ਹਨ। ਇਨ੍ਹਾਂ ਦੇ ਅਦਬ-ਸਤਿਕਾਰ ਲਈ ਜਿੰਨਾ ਕੁਝ ਵੀ ਇਕ ਸਿੱਖ ਪਾਸੋਂ ਹੋ ਸਕੇ, ਕਰਨਾ ਚਾਹੀਦਾ ਹੈ। ਗੁਰੂ ਦੀ ਸਿੱਖਿਆ, ਗੁਰਬਾਣੀ ਦਾ ਗਿਆਨ ਪ੍ਰਾਪਤ ਕਰਨਾ ਵੀ ਤਾਂ ਆਪਣਾ ਹੀ ਕੰਮ ਹੈ। ਅੱਜ ਅਸੀਂ ਇਸ ਨੂੰ ਆਪਣਾ ਕੰਮ ਨਹੀਂ ਸਮਝਦੇ, ਸਗੋਂ ਇਹ ਕੰਮ ਸਮੁੱਚੇ ਤੌਰ ‘ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬਾਨ ਤੇ ਪ੍ਰਚਾਰਕ ਸਾਹਿਬਾਨ ਦੇ ਆਸਰੇ ਛੱਡ ਰੱਖਿਆ ਹੈ ਜਦੋਂ ਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਆਪ ਗੁਰਮਤਿ ਦੀ ਵਿਚਾਰਧਾਰਾ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ-ਸਤਿਕਾਰ ਗੁਰਮਤਿ ਮਰਯਾਦਾ ਅਨੁਸਾਰ ਕਰਨਾ ਸਾਡਾ ਸਭਨਾਂ ਦਾ ਫ਼ਰਜ਼ ਬਣਦਾ ਹੈ। ਪਰ ਆਮ ਸ਼ਰਧਾਲੂ-ਮਨ ਲੋਕ-ਦਿਖਾਵੇ ਲਈ ਇਸ ਤੋਂ ਵੀ ਕਿਤੇ ਅੱਗੇ ਲੰਘ ਜਾਂਦਾ ਹੈ। ਉਹ ਐਸਾ ਕਰਕੇ ਗੁਰੂ ਸਾਹਿਬ ਪਾਸੋਂ ਕਈ ਦੁਨਿਆਵੀ ਮੰਗਾਂ ਮੰਗਦਾ ਹੈ ਤੇ ਆਸ ਕਰਦਾ ਹੈ ਕਿ ਉਸ ਦੀਆਂ ਸਰਬ-ਇੱਛਾਵਾਂ ਪੂਰੀਆਂ ਹੋਣਗੀਆਂ। ਮੇਰਾ ਸਤਿਗੁਰੂ ਪਾਤਸ਼ਾਹ ਇਹ ਮੰਗਾਂ ਪੂਰੀਆਂ ਕਰ ਵੀ ਦਿੰਦਾ ਹੈ, ਪਰ ਇਹ ਖ਼ੁਦਗਰਜ਼ ਮਨੁੱਖ ਮੰਗਾਂ ਪੂਰੀਆਂ ਹੋਣ ‘ਤੇ ਉਸ ਕਰਤੇ ਨੂੰ ਵਿਸਾਰ ਦਿੰਦਾ ਹੈ। ਉਸ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਭੋਗਣ ਵਿਚ ਹੀ ਖੱਚਤ ਹੋ ਕੇ ਰਹਿ ਜਾਂਦਾ ਹੈ :
ਦਾਤਿ ਪਿਆਰੀ ਵਿਸਰਿਆ ਦਾਤਾਰਾ॥
ਜਾਣੈ ਨਾਹੀ ਮਰਣੁ ਵਿਚਾਰਾ॥ (ਪੰਨਾ 676)
ਗੁਰੂ ਸਾਹਿਬਾਨ ਨੇ ਆਪਣੇ ਸਮੁੱਚੇ ਜੀਵਨ ਦੀ ਘਾਲ-ਕਮਾਈ ਦੁਆਰਾ ਸਾਨੂੰ ਗੁਰਮਤਿ ਦੇ ਸਿਧਾਂਤਾਂ ਦਾ ਇਕ ਅਮੋਲ ਤੇ ਦੁਰਲੱਭ ਖ਼ਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ‘ਚ ਬਖਸ਼ਿਆ ਹੈ। ਪਰ ਅਸੀਂ ਇਨ੍ਹਾਂ ਗੁਰਮਤਿ ਦੇ ਅਸੂਲਾਂ ਨੂੰ ਸਮਝਣ/ਸਮਝਾਉਣ ਅਤੇ ਅਪਣਾਉਣ ਤੋਂ ਦਿਨ-ਬ-ਦਿਨ ਅਵੇਸਲੇ ਹੁੰਦੇ ਚਲੇ ਜਾ ਰਹੇ ਹਾਂ। ਇਸੇ ਕਰਕੇ ਹੀ ਸਿੱਖ ਸਮਾਜ ਅੰਦਰ ਪੈਦਾ ਹੋ ਰਹੇ ਅਖੌਤੀ ਸੰਤ ਤੇ ਡੇਰੇਦਾਰ ਅਸਿੱਧੇ ਰੂਪ ‘ਚ ਆਪਣੀ ਹੀ ਪੂਜਾ ਕਰਾਉਣ ਪ੍ਰਤੀ ਰੁਚਿਤ ਹਨ, ਜਿਵੇਂ ਕਿ ਅੱਜ ਦੇ ਮੌਜੂਦਾ ਹਾਲਾਤ ਅੰਦਰ ਕਈ ਅਖੌਤੀ ਸਾਧਾਂ ਦੇ ਡੇਰਿਆਂ ਵੱਲੋਂ ਬਣਾਏ ਜਾ ਚੁਕੇ ਹਨ ਤੇ ਹੋਰ ਵੀ ਬਣਾਏ ਜਾ ਰਹੇ ਹਨ।
ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ ਅਸੀਂ ਇਸੇ ਪ੍ਰਕਿਰਿਆ ਨੂੰ ਹੀ ਸਮਝ ਰੱਖਿਆ ਹੈ ਕਿ ਗੁਰੂ-ਘਰ ਆਏ, ਪੈਸੇ ਚੜ੍ਹਾਏ, ਮੱਥਾ ਟੇਕਿਆ, ਪ੍ਰਸ਼ਾਦ ਲਿਆ ਅਤੇ ਆਪਣੇ ਕੰਮ-ਕਾਜ ‘ਚ ਰੁੱਝ ਗਏ। ਅਸੀਂ ਇਸ ਤਰ੍ਹਾਂ ਦੇ ਆਪਣੇ ਬਣਾਏ ਸਰਕਲ ਵਿਚ ਹੀ ਘੁੰਮਦੇ ਰਹਿੰਦੇ ਹਾਂ। ਪਰ ਜੇਕਰ ਥੋੜ੍ਹਾ ਬਿਬੇਕ ਬੁੱਧੀ ਤੋਂ ਕੰਮ ਲਿਆ ਜਾਵੇ ਅਤੇ ਗੁਰਮਤਿ ਅਨੁਸਾਰੀ ਮਰਯਾਦਾ, ‘ਸਿੱਖ ਰਹਿਤ ਮਰਯਾਦਾ’ ਹਰ ਕਦਰ ਲਾਗੂ ਕਰ ਲਈਏ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ- ਸਤਿਕਾਰ ਕਰਨ ਦਾ ਢੰਗ ਬਹੁਤ ਉਚੇਰਾ ਤੇ ਲਾਭਦਾਇਕ ਸਾਬਤ ਹੋ ਸਕਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ-ਸਤਿਕਾਰ ਅਸੀਂ ਇਸ ਕਰਕੇ ਕਰਨਾ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਗੁਰਬਾਣੀ ਦੇ ਰੂਪ ‘ਚ ਸਤਿਗੁਰੂ ਸਾਹਿਬਾਨ ਜੀ ਦੇ ਅਨਮੋਲ ਬਚਨ ਤੇ ਅਕਾਲੀ ਬਾਣੀ ‘ਬਾਣੀਆ ਸਿਰਿ ਬਾਣੀ’ ਦਰਜ ਹੈ ਅਤੇ ਦਸਮ ਪਾਤਸ਼ਾਹ ਜੀ ਨੇ ਇਸ ਗ੍ਰੰਥ ਨੂੰ ‘ਜੁਗੋ-ਜੁਗ ਅਟੱਲ ਗੁਰੂ’ ਦੀ ਪਦਵੀ ਬਖਸ਼ੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ-ਵਿਚਾਰ ਤੋਂ ਹਰ ਸਿੱਖ ਨੂੰ ਹਮੇਸ਼ਾਂ ਹੀ ਸੁਚੱਜੀ ਜੀਵਨ-ਜਾਚ ਮਿਲਦੀ ਹੈ, ਜਿਸ ਰਾਹੀਂ ਹਰ ਪ੍ਰਾਣੀ-ਮਾਤਰ ਦਾ ਕਲਿਆਣ ਅਵੱਸ਼ ਹੁੰਦਾ ਹੈ। ਸੋਚਣ ਦੀ ਲੋੜ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬਗੁਣ ਸੰਪੰਨ ਸਾਡੇ ‘ਚ ਬਿਰਾਜਮਾਨ ਹੋਣ ਦੇ ਬਾਵਜੂਦ ਅਜੋਕਾ ਸਿੱਖ ਸਮਾਜ ਫਿਰ ਵੀ ਪਤਾ ਨਹੀਂ ਕਿਉਂ ਅਖੌਤੀ ਡੇਰੇਦਾਰਾਂ ਅਤੇ ਮੜ੍ਹੀਆਂ-ਕਬਰਾਂ ਦੀ ਪੂਜਾ ਕਰਦਾ ਭੱਜਿਆ ਫਿਰਦਾ ਹੈ? ਇਸ ਸਭ ਕੁਝ ਨੂੰ ਵੇਖਦਿਆਂ ਹੀ ਅੱਜ ਸਾਨੂੰ ਸਿੱਖਾਂ ਨੂੰ ਹੋਰ ਸ਼੍ਰੇਣੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਵੀ ਬੁੱਤ-ਪੂਜਕ ਅਤੇ ਬੁੱਤਾਂ ਨੂੰ ਪੂਜਣ ਵਾਲਿਆਂ ਵਿੱਚੋਂ ਹੀ ਹਨ ਅਤੇ ਇਨ੍ਹਾਂ ਸਿੱਖਾਂ ਨੂੰ ਬੁੱਤ-ਪੂਜਕਾਂ ਦੀ ਰੱਖਿਆ ਲਈ ਹੀ ਹਥਿਆਰਬੰਦ ਕੀਤਾ ਗਿਆ ਸੀ।
ਪਰ ਅਸਲ ‘ਚ ਸਤਿਗੁਰੂ ਸਾਹਿਬਾਨ ਜੀ ਨੇ ਸਾਨੂੰ ਸਿੱਖਾਂ ਨੂੰ ਬਾਕੀ ਸਭਨਾਂ ਤੋਂ ਨਿਆਰਾ ਤੇ ਸ਼ੁੱਧ ਰੂਪ ਬਖਸ਼ਿਆ ਅਤੇ ਆਪਣੇ ਜੈਸਾ ਬਣਾਇਆ ਹੈ :
ਜਬ ਲਗ ਖਾਲਸਾ ਰਹੇ ਨਿਆਰਾ।
ਤਬ ਲਗ ਤੇਜ ਦੀਓ ਮੈਂ ਸਾਰਾ।
ਜਬ ਇਹ ਗਹੇ ਬਿਪਰਨ ਕੀ ਰੀਤ।
ਮੈਂ ਨ ਕਰੋਂ ਇਨ ਕੀ ਪਰਤੀਤ।
ਲੇਕਿਨ ਅਸੀਂ ਗੁਰੂ ਸਾਹਿਬਾਨ ਦੇ ਬਚਨਾਂ ਨੂੰ ਨਾ ਤਾਂ ਧਿਆਨ ਨਾਲ ਸੁਣਿਆ, ਨਾ ਸਮਝਿਆ ਤੇ ਨਾ ਹੀ ਆਪਣੀ ਜ਼ਿੰਦਗੀ ਦੇ ਅਮਲ ਵਿਚ ਲਿਆਂਦਾ ਹੈ। ਤਦ ਹੀ ਸਾਨੂੰ ਬਾਕੀ ਮੱਤਾਂ ਵਾਲੇ ਅੱਜ ਆਪਣੇ ਵਰਗੇ ਹੀ ਸਮਝ ਤੇ ਆਖ ਰਹੇ ਹਨ। ਹੁਣ ਫਿਰ ਪੰਥਕ ਮਰਯਾਦਾ ਨੂੰ ਛੱਡ ਕੇ ਆਪੋ-ਆਪਣੀਆਂ ਮਰਯਾਦਾਵਾਂ ਲਾਗੂ ਕਰ ਕੇ ਖੱਜਲ-ਖੁਆਰ ਵੀ ਤਾਂ ਆਪਾਂ ਹੀ ਹੋਏ ਫਿਰਦੇ ਹਾਂ! ‘ਨੌਂ ਪੂਰਬੀਏ ਤੇਰਾਂ ਚੁੱਲ੍ਹੇ’ ਅਖਾਣ ਮੁਤਾਬਕ ਹਰ ਕੋਈ ਆਪਣੀ ਵੱਖਰੀ ਢਾਈ ਪਾ ਖਿੱਚੜੀ ਰਿੰਨ੍ਹ ਰਿਹਾ ਹੈ।
ਸਾਨੂੰ ਆਪਣੇ ਜਾਗਤ-ਜੋਤਿ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਪ੍ਰਤੀਤ ਹੀ ਨਹੀਂ ਰਹੀ ਜਾਪਦੀ। ਸੱਚੇ ਸਤਿਗੁਰੂ ਨੂੰ ਛੱਡ ਕੇ ਕੋਈ ਇਸ ਡੇਰੇ ਅਤੇ ਕੋਈ ਓਸ ਡੇਰੇ ਆਪਣੀਆਂ ਦੁਨਿਆਵੀ ਲੋੜਾਂ ਦੀ ਪੂਰਤੀ ਲਈ ਤੁਰਿਆ ਫਿਰਦਾ ਹੈ:
ਸਤਿਗੁਰ ਸਾਹਿਬੁ ਛਡਿ ਕੈ ਮਨਮੁਖੁ ਹੋਇ ਬੰਦੇ ਦਾ ਬੰਦਾ। (ਵਾਰ 15/4)
ਕਿਉਂ ਨਾ ਅਸੀਂ ਇਕ ਐਸੇ ਦਾਤੇ ਦੇ ਲੜ ਲੱਗੀਏ ਕਿ ਸਾਨੂੰ ਕਿਸੇ ਹੋਰ ਪਾਸੋਂ ਮੰਗਣ ਦੀ ਲੋੜ ਹੀ ਨਾ ਰਹਿ ਜਾਵੇ?
ਦਾਤਾ ਓਹੁ ਨ ਮੰਗੀਐ ਫਿਰਿ ਮੰਗਣਿ ਜਾਈਐ। (ਵਾਰ 27/15)
ਸੱਚੇ ਸਤਿਗੁਰੂ ਨੂੰ ਛੱਡ ਕੇ ਐਸੇ ਰਾਹਾਂ ‘ਤੇ ਤੁਰਦਿਆਂ ਹੋਇਆਂ ਗ਼ਲਤੀਆਂ ਸਾਡੀਆਂ ਆਪਣੀਆਂ ਹਨ, ਕਿਸੇ ਦਾ ਕੀ ਕਸੂਰ? ਇਨ੍ਹਾਂ ਦਾ ਖ਼ਮਿਆਜ਼ਾ ਵੀ ਤਾਂ ਹੁਣ ਆਪਾਂ ਨੂੰ ਹੀ ਭੁਗਤਣਾ ਪੈਣਾ ਹੈ।
ਗੁਰਮਤਿ ਵਿਚ ਸਿਧਾਂਤਕ ਤੌਰ ‘ਤੇ ਬੁੱਤ-ਪੂਜਾ, ਦੇਹਵਾਦ ਤੇ ਅਵਤਾਰਵਾਦ ਲਈ ਕੋਈ ਥਾਂ ਹੈ ਹੀ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਮੂਰਤੀ-ਪੂਜਾ ਦਾ ਖੰਡਨ ਕਰਨ ਦੇ ਬੇਅੰਤ ਪ੍ਰਮਾਣ ਤੇ ਦਲੀਲਾਂ ਮੌਜੂਦ ਹੋਣ ਦੇ ਬਾਵਜੂਦ ਸਿੱਖ ਸਮਾਜ ਅੰਦਰ ਸਾਕਾਰ ਦੀ ਪੂਜਾ ਇੰਨੀ ਗਹਿਰਾਈ ਨਾਲ ਘਰ ਕਰ ਗਈ ਹੈ ਕਿ ਅੱਜ ਇਸ ਤੋਂ ਖਹਿੜਾ ਛੁਡਵਾਉਣਾ ਔਖਾ ਹੋਇਆ ਪਿਆ ਹੈ। ਕਿਸੇ ਸੰਤ, ਮਹੰਤ, ਮਹਾਤਮਾ ਜਾਂ ਗੱਦੀਨਸ਼ੀਨ ਆਦਿ ਨੂੰ ਗੁਰੂ ਕਹਿਣਾ ਜਾਂ ਗੁਰੂ ਤੁਲ ਸਮਝਣਾ ‘ਸ਼ਬਦ-ਗੁਰੂ’, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਹੈ।
ਸੋ, ਬੇਨਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਵਿਚ ਜਾਗਤ-ਜੋਤਿ ਰੂਪ ‘ਚ ਬਿਰਾਜਮਾਨ ਹਨ, ਅਸੀਂ ਜੋ ਕੁਝ ਲੈਣਾ ਹੈ, ਇਨ੍ਹਾਂ ਪਾਸੋਂ ਲਈਏ! ਸਾਡੀਆਂ ਹਰ ਤਰ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਇਹੋ ਹੀ ਸਮਰੱਥ ਹਨ; ਜਿਨ੍ਹਾਂ ਨੇ ਸਭ ਕੁਝ ਦੇ ਕੇ ਵੀ ਜਤਾਉਣਾ ਨਹੀਂ। ਉਹ ਅਕਾਲ ਪੁਰਖ ਵਾਹਿਗੁਰੂ ਬਿਨਾਂ ਵਿਤਕਰੇ ਦੇ ਸਭ ਨੂੰ ਦਿੰਦਾ ਹੈ, ਪਰ ਅਸੀਂ ਲੈਣ ਵਾਲੇ ਥੱਕ ਜਾਂਦੇ ਹਾਂ, ਉਸ ਨੂੰ ਵਿਸਾਰ ਕੇ ਕਿਸੇ ਹੋਰ ਪਾਸੇ ਮੂੰਹ ਅੱਡ ਲੈਂਦੇ ਹਾਂ:
ਦੇਦਾ ਦੇ ਲੈਦੇ ਥਕਿ ਪਾਹਿ॥ (ਜਪੁਜੀ ਸਾਹਿਬ)
ਮੰਨ ਲਵੋ ਜੇਕਰ ਕਿਸੇ ਅਖੌਤੀ ਦੇਹਧਾਰੀ ਗੁਰੂ ਨੇ ਤੁਹਾਡਾ ਕੋਈ ਦੁਨਿਆਵੀ ਕੰਮ, ਕਿਸੇ ਨਾ ਕਿਸੇ ਤਰ੍ਹਾਂ, ਕੁਝ ਹੱਦ ਤਕ ਠੀਕ ਕਰ ਵੀ ਦਿੱਤਾ ਤਾਂ ਉਸ ਨੇ ਤੁਹਾਨੂੰ ਹਰ ਗੱਲ ਅਤੇ ਮੌਕਾ ਮਿਲਣ ‘ਤੇ ਉਸ ਬਾਰੇ ਜ਼ਰੂਰ ਜਤਾਉਂਦੇ ਰਹਿਣਾ ਹੈ; ਇਸ ਲਈ ਕਿਉਂ ਨਾ ਅਸੀਂ ਅਜੋਕੇ ਅਖੌਤੀ ਰਹਿਬਰਾਂ ਤੋਂ ਬਚ ਕੇ ਰਹੀਏ? ਇੱਕ ਅਕਾਲ ਪੁਰਖ ਦਾ ਆਸਰਾ ਛੱਡ ਕੇ ਕਿਸੇ ਬੰਦੇ ਦੀ ਮੁਥਾਜੀ ਸਵੀਕਾਰ ਕਰਨੀ ਜਾਣ-ਬੁੱਝ ਕੇ ਗ਼ੁਲਾਮੀ ਦੀ ਪੰਜਾਲੀ ਆਪਣੇ ਗਲ਼ ਪੁਆਉਣ ਤੁੱਲ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਦਬ-ਸਤਿਕਾਰ ਕਰਨਾ, ਅਸਲ ਅਰਥਾਂ ‘ਚ ਇਹੋ ਹੋਵੇਗਾ ਕਿ ਅਸੀਂ ਇਨ੍ਹਾਂ ਵਿਚ ਦ੍ਰਿੜ੍ਹਾਏ ਗਏ ਅਸੂਲਾਂ ਨੂੰ ਆਪਣੀ ਜ਼ਿੰਦਗੀ ਦੇ ਅਮਲ ਵਿਚ ਲਿਆਈਏ ਅਤੇ ਸਿੱਖ-ਪੰਥ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਤ ‘ਸਿੱਖ ਰਹਿਤ ਮਰਯਾਦਾ’ ਦੇ ਪੰਨਾ 12 ਤੋਂ 19 ਤਕ ਦਰਸਾਏ ਦਿਸ਼ਾ-ਨਿਰਦੇਸ਼ ਦੀ ਰੌਸ਼ਨੀ ਵਿਚ ਹੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼, ਸੁਖਆਸਣ ਆਦਿ ਦੀ ਸੇਵਾ ਨੂੰ ਪੂਰੀ ਦ੍ਰਿੜ੍ਹਤਾ ਨਾਲ ਨਿਭਾਉਂਦੇ ਹੋਏ, ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ! ਅਸੀਂ ਆਪਣਾ ਰੋਜ਼ ਦਾ ਕਾਰ-ਵਿਹਾਰ ਗੁਰਮਤਿ ਦੇ ਅਨੁਸਾਰੀ ਬਣਾਈਏ ਤਾਂ ਕਿ ਵੱਡੇ ਭਾਗਾਂ ਨਾਲ ਮਿਲੇ ਅਮੋਲਕ ਜੀਵਨ ਵਿਚ ਆਪਣੇ ਤਨ ਤੇ ਮਨ ਦੀ ਸ਼ਾਂਤੀ ਨੂੰ ਬਰਕਰਾਰ ਰੱਖ ਸਕੀਏ, ਜਿਸ ਸਦਕਾ ਸਾਡਾ ਇਹ ਜੀਵਨ ਸਫ਼ਲਤਾ-ਪੂਰਬਕ ਬਤੀਤ ਹੋ ਸਕੇ। ਧਰਮ ਦੇ ਇਨ੍ਹਾਂ ਅਖੌਤੀ ਡੇਰੇਦਾਰਾਂ ਤੇ ਗੱਦੀਦਾਰਾਂ ਦੀ ਪੂਜਾ ਤੇ ਸੇਵਾ ਨੂੰ ਛੱਡ ਕੇ ਇੱਕ ਅਕਾਲ ਪੁਰਖ ਦੇ ਹੋ ਕੇ ਜੀਵਨ ਜੀਵੀਏ!
ਲੇਖਕ ਬਾਰੇ
56-ਏ, ਸ੍ਰੀ ਦਰਬਾਰ ਸਾਹਿਬ ਕਾਲੋਨੀ, ਸੁਲਤਾਨਵਿੰਡ ਰੋਡ, ਨੇੜੇ ਈਦਗਾਹ, ਅੰਮ੍ਰਿਤਸਰ
- ਜਸਵਿੰਦਰ ਸਿੰਘhttps://sikharchives.org/kosh/author/%e0%a8%9c%e0%a8%b8%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98/January 1, 2008