editor@sikharchives.org

ਜੰਮਿਆ ਪੂਤੁ ਭਗਤੁ ਗੋਵਿੰਦ ਕਾ

ਅਕਾਲ ਪੁਰਖ ਵੱਲੋਂ ਤ੍ਰੁਠ ਕੇ ਬਖ਼ਸ਼ੀ ਇਸ ਖੁਸ਼ੀ ਵਿਚ ਗੁਰੂ ਜੀ ਸਮਾਜ ਭਲਾਈ ਦੇ ਕਾਰਜ ਕਰਨਾ ਚਾਹੁੰਦੇ ਸਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਕੁੱਖ ਤੋਂ 21 ਹਾੜ, ਸੰਮਤ ਨਾਨਕਸ਼ਾਹੀ 127, ਬਿਕ੍ਰਮੀ 1652 ਮੁਤਾਬਕ 19 ਜੂਨ ਸੰਨ 1595 ਦਿਨ ਵੀਰਵਾਰ ਨੂੰ ਪਿੰਡ ਗੁਰੂ ਕੀ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ (ਗੁਰੂ) ਹਰਿਗੋਬਿੰਦ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ।

ਬਾਬਾ ਬੁੱਢਾ ਜੀ ਸਾਹਿਬਜ਼ਾਦੇ ਦੇ ਦਰਸ਼ਨ ਕਰਨ ਗਏ। ‘ਜਨਮ ਸਾਖੀ ਬਾਬਾ ਬੁੱਢਾ ਸਾਹਿਬ ਜੀ’ ਵਿਚ ਲਿਖਿਆ ਹੈ, “ਗੁਰੂ ਅਰਜਨ ਸਾਹਿਬ ਜੀ ਨੇ ਸਾਹਿਬਜ਼ਾਦੇ ਨੂੰ ਆਪਣੀ ਗੋਦ ਵਿਚ ਲੈ ਕੇ ਬਾਬਾ ਜੀ ਦੀ ਗੋਦ ਵਿਚ ਬਿਠਾ ਕੇ ਆਖਿਆ, “ਬਾਬਾ ਜੀ, ਇਸ ਦਾ ਨਾਮ ਸੰਸਕਾਰ ਕਰ ਕੇ ਇਸ ਦਾ ਨਾਮ ਰੱਖੋ…।” ਤਾਂ ਬਾਬਾ ਜੀ ਨੇ ਗੁਰੂ ਜੀ ਦੇ ਹੁਕਮ ਅਨੁਸਾਰ ਜਪੁਜੀ ਸਾਹਿਬ, ਪੜ੍ਹ ਕੇ ਨਾਮ-ਸੰਸਕਾਰ ਕੀਤਾ। ਨਾਮ ਬਾਬਾ ਜੀ ਨੇ ਹਰਿਗੋਬਿੰਦ ਰੱਖਿਆ।” (ਸਫ਼ਾ 171)

 ਦੂਰ-ਨੇੜੇ ਤੋਂ ਸੰਗਤਾਂ ਆ-ਆ ਕੇ ਗੁਰੂ ਸਾਹਿਬ ਤੇ ਮਾਤਾ ਜੀ ਹੁਰਾਂ ਨੂੰ ਵਧਾਈਆਂ ਦੇਣ। ਸਾਹਿਬਜ਼ਾਦੇ ਦੇ ਅਵਤਾਰ ਧਾਰਨ ਸਮੇਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸ਼ਬਦ ਉਚਾਰਿਆ:

ਸਤਿਗੁਰ ਸਾਚੈ ਦੀਆ ਭੇਜਿ॥
ਚਿਰੁ ਜੀਵਨੁ ਉਪਜਿਆ ਸੰਜੋਗਿ॥
ਉਦਰੈ ਮਾਹਿ ਆਇ ਕੀਆ ਨਿਵਾਸੁ॥
ਮਾਤਾ ਕੈ ਮਨਿ ਬਹੁਤੁ ਬਿਗਾਸੁ॥
ਜੰਮਿਆ ਪੂਤੁ ਭਗਤੁ ਗੋਵਿੰਦ ਕਾ॥
ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ॥ਰਹਾਉ॥
ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ॥
ਮਿਟਿਆ ਸੋਗੁ ਮਹਾ ਅਨੰਦੁ ਥੀਆ॥
ਗੁਰਬਾਣੀ ਸਖੀ ਅਨੰਦੁ ਗਾਵੈ॥
ਸਾਚੇ ਸਾਹਿਬ ਕੈ ਮਨਿ ਭਾਵੈ॥
ਵਧੀ ਵੇਲਿ ਬਹੁ ਪੀੜੀ ਚਾਲੀ॥
ਧਰਮ ਕਲਾ ਹਰਿ ਬੰਧਿ ਬਹਾਲੀ॥
ਮਨ ਚਿੰਦਿਆ ਸਤਿਗੁਰੂ ਦਿਵਾਇਆ॥
ਭਏ ਅਚਿੰਤ ਏਕ ਲਿਵ ਲਾਇਆ॥
ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ॥
ਬੁਲਾਇਆ ਬੋਲੈ ਗੁਰ ਕੈ ਭਾਣਿ॥
ਗੁਝੀ ਛੰਨੀ ਨਾਹੀ ਬਾਤ॥
ਗੁਰੁ ਨਾਨਕੁ ਤੁਠਾ ਕੀਨੀ ਦਾਤਿ॥ (ਪੰਨਾ 396)

ਪੰਚਮ ਪਾਤਸ਼ਾਹ ਨੇ ਇਸ ਖੁਸ਼ੀ ਨੂੰ ਪਿਆਰੀ ਸਿੱਖ-ਸੰਗਤ ਨਾਲ ਵੰਡਿਆ। ਹਰ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਵਰਤ ਰਹੀਆਂ ਸਨ। ਗੁਰੂ ਜੀ ਨੇ ਇਸ ਸੁਭਾਗ ਸਮੇਂ ਆਈਆਂ ਸੰਗਤਾਂ ਨੂੰ ਜਿੱਥੇ ਗੁਰੂ ਕੇ ਲੰਗਰ ਵਿਚ ਤਰ੍ਹਾਂ-ਤਰ੍ਹਾਂ ਦੇ ਸਵਾਦਲੇ ਪਦਾਰਥਾਂ ਦ ਗੱਫੇ ਵੰਡੇ, ਉਥੇ ਨਾਲ ਆਤਮਕ ਭੋਜਨ ਨਾਮ-ਬਾਣੀ ਦੀ ਬਖ਼ਸ਼ਿਸ਼ ਕਰ ਕੇ ਵੀ ਸੰਗਤਾਂ ਨੂੰ ਨਿਹਾਲ ਕੀਤਾ। ਜਦੋਂ ਬਾਬਾ ਜੀ ਨੇ ਗੁਰੂ ਜੀ ਤੇ ਮਾਤਾ ਜੀ ਪਾਸੋਂ ਬਾਬੇ ਦੀ ਬੀੜ ਵਾਪਸ ਜਾਣ ਦੀ ਆਗਿਆ ਮੰਗੀ ਤਾਂ ਗੁਰੂ ਸਾਹਿਬ ਨੇ ਬਾਬਾ ਜੀ ਨੂੰ ਹੋਰ ਥੋੜ੍ਹੇ ਦਿਨ ਰੁਕਣ ਵਾਸਤੇ ਕਿਹਾ। ਬਾਬਾ ਬੁੱਢਾ ਜੀ ‘ਸਤਿ ਬਚਨ’ ਕਹਿ ਕੇ ਰੁਕ ਗਏ। ਅਕਾਲ ਪੁਰਖ ਵੱਲੋਂ ਤ੍ਰੁਠ ਕੇ ਬਖ਼ਸ਼ੀ ਇਸ ਖੁਸ਼ੀ ਵਿਚ ਗੁਰੂ ਜੀ ਸਮਾਜ ਭਲਾਈ ਦੇ ਕਾਰਜ ਕਰਨਾ ਚਾਹੁੰਦੇ ਸਨ।

ਇਕ ਦਿਨ ਬਾਬਾ ਬੁੱਢਾ ਜੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਨਗਰ ‘ਗੁਰੂ ਕੀ ਵਡਾਲੀ’ ਦੇ ਲਹਿੰਦੇ ਉੱਤਰੀ ਪਾਸੇ ਵੱਲ ਸੈਰ ਨੂੰ ਗਏ। ਰਮਣੀਕ ਅਸਥਾਨ ਵੇਖ ਕੇ ਗੁਰੂ ਜੀ ਨੇ ਬਚਨ ਕੀਤਾ, “ਬਾਬਾ ਜੀ! ਅਗਰ ਇਸ ਜਗ੍ਹਾ ’ਤੇ ਖੂਹ ਲੱਗ ਜਾਵੇ ਤਾਂ ਸੰਗਤਾਂ ਨੂੰ ਸੁਖ ਅਤੇ ਬਾਗ਼ ਤੇ ਪੈਲੀਆਂ ਨੂੰ ਬੜਾ ਲਾਭ ਹੋਵੇਗਾ… ਪਾਣੀ ਦੀ ਲੋੜ ਪੂਰੀ ਹੋ ਜਾਵੇਗੀ।”

ਬਾਬਾ ਜੀ ਕਹਿਣ ਲੱਗੇ, “ਮਹਾਰਾਜ! ਆਪ ਜੀ ਦੀ ਮਤਿ ਸ੍ਰੇਸ਼ਟ ਹੈ… ਤੁਸਾਂ ਦੀ ਜੋ ਵੀ ਰਜ਼ਾ ਹੈ… ਸਭ ਸਤਿ ਹੈ।”

ਗੁਰੂ ਜੀ ਨੇ ਇਸ ਜਗ੍ਹਾ ਬਾਬਾ ਬੁੱਢਾ ਜੀ ਪਾਸੋਂ ਟੱਕ ਲਗਵਾ ਕੇ ਸੰਮਤ 1652, ਸੰਨ 1595 ਵਿਚ ਖੂਹ ਦੀ ਖੁਦਵਾਈ ਕਰਨ ਦੀ ਸੇਵਾ ਅਰੰਭ ਕਰਵਾਈ। ਇਹ ਸ਼ੁਭ ਕਾਰਜ ਕਰ ਕੇ ਬਾਬਾ ਜੀ ਸਤਿਗੁਰੂ ਜੀ ਪਾਸੋਂ ਆਗਿਆ ਲੈ ਕੇ ਬਾਬੇ ਦੀ ਬੀੜ ਆ ਗਏ। ਇਸ ਅਰੰਭ ਹੋਏ ਵੱਡੇ ਖੂਹ ਦੇ ਮੁਕੰਮਲ ਹੋਣ ’ਤੇ ਫੱਗਣ ਮਹੀਨੇ ਦੀ ਬਸੰਤ ਪੰਚਮੀ, ਸੰਮਤ 1656 (ਸੰਨ 1596 ਵਿਚ ਛੇ ਮਾਹਲਾਂ ਪਾ ਕੇ ਪਹਿਲੇ ਦਿਨ ਚਲਾਇਆ ਗਿਆ ਜਿਸ ਦਾ ਨਾਮ ‘ਛੇਹਰਟਾ’ ਪੈ ਗਿਆ। ਹੁਣ ਇਥੇ ਕਸਬਾ ‘ਛੇਹਰਟਾ ਸਾਹਿਬ’ ਵੱਸ ਰਿਹਾ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Nishan Singh Gandivind
ਗ੍ਰੰਥੀ, ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ -ਵਿਖੇ: ਠੱਠਾ ਤਰਨਤਾਰਨ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)