ਜਨਮ ਸਾਖੀਆਂ ਪੰਜਾਬੀ ਸਾਹਿਤ ਵਿਚ ਵਾਰਤਕ ਦਾ ਇਕ ਮਹੱਤਵਪੂਰਨ ਅੰਗ ਹਨ। ‘ਜਨਮ ਸਾਖੀ’ ਸ਼ਬਦ ‘ਜਨਮ’ ਤੇ ‘ਸਾਖੀ’ ਦਾ ਸੰਯੁਕਤ ਰੂਪ ਹੈ। ਇਸ ਦੇ ਸ਼ਾਬਦਿਕ ਅਰਥ ਤਾਂ ‘ਜਨਮ ਦੀ ਗਵਾਹੀ’ ਹਨ ਪਰ ਪ੍ਰਚਲਿਤ ਅਰਥ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ-ਕਥਾ ਅਤੇ ਅਧਿਆਤਮਕ ਜੀਵਨ-ਬ੍ਰਿਤਾਂਤ ਹੈ। ਇਸ ਸ਼ਬਦ ਦੀ ਮੂਲ ਭਾਵਨਾ ਤੋਂ ਗਿਆਨ ਹੁੰਦਾ ਹੈ ਕਿ ਸਾਖੀ ਵਿਚ ਕੋਈ ਅਜਿਹਾ ਇਤਿਹਾਸਕ ਤੱਥ ਪੇਸ਼ ਕੀਤਾ ਜਾਂਦਾ ਹੈ ਜਿਸ ਨੂੰ ਅੱਖੀਂ ਵੇਖਿਆ ਗਿਆ ਹੋਵੇ। ਵਿਸ਼ਵ ਦੇ ਸਮੁੱਚੇ ਧਾਰਮਿਕ ਸਾਹਿਤ ਵਿਚ ਹਰੇਕ ਮਹਾਂਪੁਰਸ਼, ਪੀਰ, ਪੈਗ਼ੰਬਰ ਆਦਿਕ ਦੇ ਕਾਰਜਾਂ, ਉਪਦੇਸ਼ਾਂ ਜਾਂ ਜੀਵਨ-ਘਟਨਾਵਾਂ ਅਤੇ ਚਮਤਕਾਰਾਂ ਆਦਿ ਦੀਆਂ ਮੌਖਿਕ ਪਰੰਪਰਾਵਾਂ ਨੂੰ ਕਲਮਬੱਧ ਕਰਨ ਦੀ ਲੰਬੀ ਇਤਿਹਾਸਕ ਪਰੰਪਰਾ ਮੌਜੂਦ ਰਹੀ ਹੈ। ਜਿਵੇਂ ਭਾਰਤੀ ਸਾਹਿਤ ਵਿਚ ਰਾਮਾਇਣ, ਮਹਾਂਭਾਰਤ ਅਤੇ ਪੁਰਾਣ ਗ੍ਰੰਥ ਹਨ ਇਸੇ ਪ੍ਰਕਾਰ ਬੁੱਧ ਨਾਲ ਸੰਬੰਧਿਤ ਅਵਦਾਨ ਸ਼ਕਤ, ਜਾਤਕ ਕਥਾਵਾਂ ਅਤੇ ਲਲਿਤ ਵਿਸਥਾਰ; ਸਾਮੀ ਸਾਹਿਤ ਵਿਚ ਅਜਿਹੀ ਪਰੰਪਰਾ ਨੂੰ ਮਲਫੂਜਾਤ ਕਿਹਾ ਜਾਂਦਾ ਹੈ। ਬਾਈਬਲ ਅਤੇ ਹਦੀਸਾਂ ਵਿਚ ਦਰਜ ਕਥਾ-ਕਹਾਣੀਆਂ ਵੀ ਇਸੇ ਸੰਦਰਭ ਤੋਂ ਅੰਕਿਤ ਕੀਤੀਆਂ ਗਈਆਂ ਹਨ। ਯੂਨਾਨੀ ਸਾਹਿਤ ਪਰੰਪਰਾ ਵਿਚ ਇਸ ਨੂੰ ‘ਹੈਗਿਓਗ੍ਰਾਫਿਕ ਲਿਟਰੇਚਰ’ (Hagiographic Literature) ਕਿਹਾ ਜਾਂਦਾ ਹੈ, ਜਿਸ ਦਾ ਅਰਥ ਹੈ, ‘ਸੰਤਾਂ ਮਹਾਤਮਾਵਾਂ ਆਦਿਕ ਹਸਤੀਆਂ ਦਾ ਪਵਿੱਤਰ ਜੀਵਨ।’
ਸਿੱਖ-ਪਰੰਪਰਾ ਵਿਚ ਵਿਸ਼ੇਸ਼ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਪ੍ਰਚਲਿਤ ਰਵਾਇਤਾਂ, ਚਮਤਕਾਰਾਂ, ਉਪਦੇਸ਼ਾਂ ਤੇ ਇਤਿਹਾਸਕ ਘਟਨਾਵਾਂ ਬਾਰੇ ਮੌਖਿਕ ਪਰੰਪਰਾਵਾਂ ਦੇ ਲਿਖਤੀ ਸੰਗ੍ਰਹਿ ਨੂੰ ਜਨਮ ਸਾਖੀ ਪਰੰਪਰਾ ਦਾ ਨਾਂ ਦਿੱਤਾ ਗਿਆ ਹੈ। ਜਨਮ ਸਾਖੀ ਪਰੰਪਰਾ ਭਾਵ ਜਨਮ ਸਾਖੀਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ-ਬ੍ਰਿਤਾਂਤ ਅਨੇਕਾਂ ਸਾਖੀਆਂ ਅਤੇ ਗੋਸ਼ਟੀਆਂ ਰਾਹੀਂ ਸੰਕਲਨ ਕੀਤਾ ਗਿਆ ਹੈ। ਜਨਮ ਸਾਖੀਆਂ ਦੀਆਂ ਮੁੱਖ ਰੂਪ ਵਿਚ ਪੰਜ ਪ੍ਰਤੀਨਿਧ ਸ਼ਾਖਾਵਾਂ ਹੇਠ ਲਿਖੇ ਅਨੁਸਾਰ ਹਨ:
1. ਪੁਰਾਤਨ ਜਨਮ ਸਾਖੀ;
2. ਮਿਹਰਬਾਨ ਵਾਲੀ ਜਨਮ ਸਾਖੀ (ਸੱਚਖੰਡ ਪੋਥੀ);
3. ਆਦਿ ਸਾਖੀਆਂ (ਸ਼ੰਭੂ ਨਾਥ ਵਾਲੀ ਜਨਮ ਪੱਤਰੀ);
4. ਜਨਮ ਸਾਖੀ ਭਾਈ ਬਾਲਾ;
5. ਗਿਆਨ ਰਤਨਾਵਲੀ (ਭਾਈ ਮਨੀ ਸਿੰਘ ਵਾਲੀ ਜਨਮ ਸਾਖੀ)।
ਇਨ੍ਹਾਂ ਜਨਮ ਸਾਖੀਆਂ ਤੋਂ ਇਲਾਵਾ ਹੋਰ ਵੀ ਜਨਮ ਸਾਖੀਆਂ ਦੇ ਪ੍ਰਕਾਸ਼ਿਤ ਰੂਪ ਪ੍ਰਾਪਤ ਹਨ ਪਰ ਇਨ੍ਹਾਂ ਉਪਰੋਕਤ ਜਨਮ ਸਾਖੀਆਂ ਨੂੰ ਮੁੱਢਲੀਆਂ ਜਨਮ ਸਾਖੀਆਂ ਆਖਿਆ ਜਾਂਦਾ ਹੈ ਜਿਨ੍ਹਾਂ ਬਾਰੇ ਅਸੀਂ ਸੰਖੇਪ ਵੇਰਵਾ ਦੇ ਰਹੇ ਹਾਂ।
1. ਪੁਰਾਤਨ ਜਨਮ ਸਾਖੀ :
ਇਸ ਜਨਮ ਸਾਖੀ ਨੂੰ ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਜੀ ਨੇ 1926 ਈ. ਵਿਚ ਸੰਪਾਦਿਤ ਕਰ ਕੇ ਛਪਵਾਇਆ ਸੀ। ਅਸਲ ਵਿਚ ਇਸ ਜਨਮ ਸਾਖੀ ਦਾ ਨਾਂ ਸਾਖੀਕਾਰ ਨੇ ‘ਸਾਖੀ ਬਾਬੇ ਨਾਨਕ ਜੀ ਕੀ’ ਰੱਖਿਆ ਹੈ। ਭਾਈ ਵੀਰ ਸਿੰਘ ਜੀ ਨੇ ਇਸ ਸਾਖੀ ਨੂੰ ਸਭ ਤੋਂ ਪੁਰਾਣੀ ਮੰਨ ਕੇ ਇਸ ਦਾ ਨਾਂ ‘ਪੁਰਾਤਨ ਜਨਮ ਸਾਖੀ’ ਨਿਸਚਿਤ ਕੀਤਾ ਹੈ। ਉਨ੍ਹਾਂ ਨੇ ਇਸ ਸਾਖੀ ਨੂੰ ਸੰਪਾਦਿਤ ਕਰਨ ਵੇਲੇ ਇਸ ਸਾਖੀ ਦੇ ਤਿੰਨ ਨੁਸਖਿਆਂ ਦੀਆਂ ਪੋਥੀਆਂ ਨੂੰ ਆਧਾਰ ਬਣਾਇਆ ਹੈ- ਇਕ ਵਲਾਇਤ ਵਾਲੀ ਜਨਮ ਸਾਖੀ, ਦੂਜੀ ਹਾਫਿਜ਼ਾਬਾਦ ਵਾਲੀ ਜਨਮ ਸਾਖੀ ਅਤੇ ਤੀਜੀ ਸਿੰਘ ਸਭਾ ਲਾਹੌਰ ਦੇ ਨੁਸਖੇ ਵਾਲੀ ਜਨਮ ਸਾਖੀ।
ਇਸ ਜਨਮ ਸਾਖੀ ਦੇ ਕਰਤਾ ਬਾਰੇ ਜਨਮ ਸਾਖੀ ਵਿੱਚੋਂ ਕੋਈ ਵੇਰਵਾ ਨਹੀਂ ਮਿਲਦਾ ਪਰ ਫਿਰ ਵੀ ਵਿਦਵਾਨਾਂ ਨੇ ਇਸ ਦੀ ਭਾਸ਼ਾ ਤੇ ਬੋਲੀ ਨੂੰ ਆਧਾਰ ਬਣਾ ਕੇ ਇਸ ਦਾ ਕਰਤਾ ਅਵਾਣਕਾਰੀ ਉਪ-ਬੋਲੀ ਖੇਤਰ ਦੇ ਪਿੰਡੀ ਘੇਬ ਜ਼ਿਲ੍ਹਾ ਕੈਂਬਲਪੁਰ (ਅਟਕ) ਦਾ ਨਿਵਾਸੀ ਸੇਵਾ ਦਾਸ ਨਾਂ ਦਾ ਕੋਈ ਸਾਧਕ ਨਿਸਚਿਤ ਕੀਤਾ ਹੈ। ਇਹ ਨਾਂ ਡਾ. ਮੈਕਾਲਿਫ਼ ਨੂੰ ਇਕ ਪੁਰਾਣੀ ਹੱਥਲਿਖਤ ’ਤੇ ਵੀ ਲਿਖਿਆ ਮਿਲਿਆ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਤੋਂ 16 ਵਰ੍ਹੇ ਪਹਿਲਾਂ ਦੀ ਲਿਖੀ ਹੋਈ ਹੈ। ਇਸ ਸਾਖੀ ਦਾ ਰਚਨਾ-ਕਾਲ 1588 ਈ. ਦੇ ਲੱਗਭਗ ਹੈ। ਇਸ ਸਾਖੀ ਦੀਆਂ ਕੁੱਲ 57 ਸਾਖੀਆਂ ਹਨ ਜਿਨ੍ਹਾਂ ਦੇ ਬਿਰਤਾਂਤ ਬੜੇ ਸੰਖੇਪ ਅਤੇ ਭਾਵਪੂਰਤ ਹਨ। ਗੁਰੂ ਜੀ ਦੀ ਬਾਣੀ ਦੇ ਸ਼ਬਦਾਂ ਉੱਤੇ ਕਈ ਸਾਖੀਆਂ ਰਚੀਆਂ ਮਿਲਦੀਆਂ ਹਨ ਜਿਨ੍ਹਾਂ ਵਿਚ ਬਾਣੀ ਦੇ ਸ਼ਬਦਾਂ ਦਾ ਵਿਸ਼ੇਸ਼ ਤੌਰ ’ਤੇ ਉਚਾਰੇ ਜਾਣ ਦਾ ਉਲੇਖ ਹੈ। ‘ਪੁਰਾਤਨ ਜਨਮ ਸਾਖੀ’ ਦੀਆਂ 57 ਸਾਖੀਆਂ ਵਿੱਚੋਂ 15 ਸਾਖੀਆਂ ਦਾ ਸੰਬੰਧ ਗੁਰੂ ਨਾਨਕ ਸਾਹਿਬ ਦੇ ਉਦਾਸੀਆਂ ਉੱਤੇ ਜਾਣ ਤੋਂ ਪਹਿਲਾਂ ਦੇ ਜੀਵਨ ਨਾਲ ਹੈ। 37 ਸਾਖੀਆਂ ਉਦਾਸੀਆਂ ਦੇ ਨਾਲ ਸੰਬੰਧਿਤ ਹਨ ਅਤੇ 5 ਸਾਖੀਆਂ ਕਰਤਾਰਪੁਰ ਸਾਹਿਬ ਨਿਵਾਸ ਸਮੇਂ ਦੇ ਜੀਵਨ ਨਾਲ ਜੋੜੀਆਂ ਗਈਆਂ ਹਨ।
2. ਮਿਹਰਬਾਨ ਵਾਲੀ ਜਨਮ ਸਾਖੀ (ਸੱਚਖੰਡ ਪੋਥੀ) :
ਇਸ ਜਨਮ ਸਾਖੀ ਦਾ ਲਿਖਾਰੀ ਮਿਹਰਬਾਨ ਹੈ, ਜੋ ਸ੍ਰੀ ਗੁਰੂ ਰਾਮਦਾਸ ਜੀ ਦੇ ਵੱਡੇ ਸਪੁੱਤਰ ਪ੍ਰਿਥੀ ਚੰਦ ਦਾ ਇਕਲੌਤਾ ਪੁੱਤਰ ਸੀ। ਮਿਹਰਬਾਨ ਦਾ ਅਸਲ ਨਾਮ ‘ਮਨੋਹਰ ਦਾਸ’ ਸੀ। ਮਿਹਰਬਾਨ ਤੇ ਭਾਈ ਗੁਰਦਾਸ ਜੀ ਸਮਕਾਲੀ ਸਨ। ਅਸਲ ਵਿਚ ਮਿਹਰਬਾਨ ਵਾਲੀ ਜਨਮ ਸਾਖੀ ਦਾ ਨਾਂ ‘ਸੱਚਖੰਡ ਪੋਥੀ’ ਹੈ ਅਤੇ ਇਸ ਨੂੰ ‘ਗੋਸ਼ਟਾਂ ਬਾਬੇ ਦੀ ਜਨਮ ਸਾਖੀ ਦੀਆਂ’ ਵੀ ਕਿਹਾ ਜਾਂਦਾ ਹੈ। ਮਨੋਹਰ ਦਾਸ ਮਿਹਰਬਾਨ ਨੇ ਇਸ ਜਨਮ ਸਾਖੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਘਟਨਾਵਾਂ ਨੂੰ ਗੁਰੂ ਜੀ ਦੀ ਬਾਣੀ ਦੀਆਂ ਟੂਕਾਂ ਦੇ ਪਰਮਾਰਥਾਂ ਨਾਲ ਸੰਬੰਧਿਤ ਕਰ ਕੇ ਲਿਖਿਆ ਹੈ। ਇਹੀ ਇਸ ਜਨਮ ਸਾਖੀ ਦੀ ਵਿਸ਼ੇਸ਼ਤਾ ਅਤੇ ਵਿਲੱਖਣਤਾ ਹੈ। ਇਸ ਜਨਮ ਸਾਖੀ ਦੇ ਤਿੰਨ ਭਾਗ ਹਨ ਜਿਨ੍ਹਾਂ ਵਿਚ ਪਹਿਲੇ, ਦੂਜੇ ਅਤੇ ਤੀਜੇ ਭਾਗ ਨੂੰ ਕ੍ਰਮਵਾਰ ਸੱਚਖੰਡ ਪੋਥੀ, ਹਰਿ ਜੀ ਪੋਥੀ ਅਤੇ ਚਤੁਰਭੁਜ ਪੋਥੀ ਕਿਹਾ ਜਾਂਦਾ ਹੈ। ਸੱਚਖੰਡ ਪੋਥੀ ਦੀਆਂ 167 ਗੋਸ਼ਟੀਆਂ ਹਨ, ਜਿਨ੍ਹਾਂ ਵਿੱਚੋਂ 153 ਗੋਸ਼ਟੀਆਂ ਹੀ ਉਪਲਬਧ ਹੋ ਸਕੀਆਂ ਹਨ।
ਪੋਥੀ ਹਰਿ ਜੀ ਅਤੇ ਪੋਥੀ ਚਤੁਰਭੁਜ ਲਿਖਣ ਵਾਲੇ ਦੋਵੇਂ ਮਿਹਰਬਾਨ ਦੇ ਛੋਟੇ ਪੁੱਤਰ ਸਨ ਅਤੇ ਇਨ੍ਹਾਂ ਤੋਂ ਵੱਡਾ ਸੋਢੀ ਕਰਨ ਮਲ ਸੀ। ਇਨ੍ਹਾਂ ਰਚਨਾਵਾਂ ਦੀ ਅੰਦਰਲੀ ਗਵਾਹੀ ਅਨੁਸਾਰ ਸੋਢੀ ਹਰਿ ਜੀ ਦੁਆਰਾ ਰਚਿਤ ਪੋਥੀ 1707 ਬਿਕ੍ਰਮੀ (1650 ਈ.) ਅਤੇ ਸੋਢੀ ਚਤੁਰਭੁਜ ਦੁਆਰਾ 1708 ਬਿ. (1651 ਈ.) ਨੂੰ ਅੰਮ੍ਰਿਤਸਰ ਵਿਖੇ ਪੂਰੀਆਂ ਕੀਤੀਆਂ ਗਈਆਂ। ਪੋਥੀ ਹਰਿ ਜੀ ਅਤੇ ਪੋਥੀ ਚਤੁਰਭੁਜ ਵਿਚ ਕ੍ਰਮਵਾਰ 61 ਅਤੇ 74 ਗੋਸ਼ਟਾਂ ਦਰਜ ਹਨ। ਇਹ ਸਾਰੀਆਂ ਗੋਸ਼ਟੀਆਂ ਗੁਰੂ ਨਾਨਕ ਸਾਹਿਬ ਦੇ ਕਰਤਾਰਪੁਰ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਹਨ। ਜਿੱਥੇ ਬਾਕੀ ਜਨਮ ਸਾਖੀਆਂ ਵਿਚ ਕਰਤਾਰਪੁਰ ਸਾਹਿਬ ਵਿਚ ਬਿਤਾਏ ਜੀਵਨ ਦਾ ਵੇਰਵਾ ਅੰਸ਼ਕ ਮਾਤਰ ਹੈ, ਉਥੇ ਇਨ੍ਹਾਂ ਪੋਥੀਆਂ ਵਿਚ ਇਸ ਦੇ ਵਿਸਥਾਰਪੂਰਨ ਵਰਣਨ ਹਨ।
3. ਆਦਿ ਸਾਖੀਆਂ (ਸ਼ੰਭੂ ਨਾਥ ਵਾਲੀ ਜਨਮ ਪੱਤਰੀ) :
ਇਸ ਜਨਮ ਸਾਖੀ ਦਾ ਅਸਲ ਨਾਂ ‘ਜਨਮ ਪੱਤਰੀ ਬਾਬੇ ਜੀ ਕੀ’ ਹੈ। ਇਹ ਜਨਮ ਸਾਖੀ ਪਹਿਲੀ ਵਾਰ ਸੰਪਾਦਿਤ ਰੂਪ ਵਿਚ ਡਾ. ਪਿਆਰ ਸਿੰਘ ਵੱਲੋਂ ‘ਸ਼ੰਭੂ ਨਾਥ ਵਾਲੀ ਜਨਮ ਪੱਤਰੀ ਬਾਬੇ ਨਾਨਕ ਜੀ ਕੀ, ਪ੍ਰਸਿੱਧ ਨਾਂ ਆਦਿ ਸਾਖੀਆਂ’ ਦੇ ਸਿਰਲੇਖ ਹੇਠ 1969 ਈ. ਵਿਚ ਪਟਿਆਲੇ ਤੋਂ ਪ੍ਰਕਾਸ਼ਿਤ ਕੀਤੀ ਗਈ ਸੀ। ਡਾ. ਮੋਹਨ ਸਿੰਘ ਦੀਵਾਨਾ ਨੇ ਇਸ ਨੂੰ ‘ਆਦਿ ਸਾਖੀਆਂ’ ਦਾ ਨਾਂ ਦਿੱਤਾ ਹੈ।
ਇਸ ਸਾਖੀ ਦੇ ਕਰਤਾ ਅਤੇ ਰਚਨਾ-ਕਾਲ ਬਾਰੇ ਸਾਖੀ ਵਿੱਚੋਂ ਕੋਈ ਜਾਣਕਾਰੀ ਨਹੀਂ ਮਿਲਦੀ। ਇਸ ਜਨਮ ਸਾਖੀ ਵਿੱਚੋਂ ਮਿਲਦੇ ਪ੍ਰਮਾਣਾਂ ਦੇ ਆਧਾਰ ’ਤੇ ਇਸ ਦਾ ਕਰਤਾ ਕੋਈ ਜੋਗੀ ਸੀ ਜਿਹੜਾ ਜੋਗ ਮੱਤ ਤੋਂ ਨਾਨਕ ਪੰਥੀਆਂ ਦੇ ਸੰਪਰਕ ਵਿਚ ਆਇਆ ਸੀ। ਇਸ ਦਾ ਰਚਨਾ-ਕਾਲ 1701 ਈਸਵੀ ਦੇ ਨੇੜੇ ਦਾ ਮੰਨਿਆ ਗਿਆ ਹੈ। ‘ਆਦਿ ਸਾਖੀਆਂ’ ਵਿਚ ਕੁੱਲ 30 ਸਾਖੀਆਂ ਹਨ ਪਰ ਇਸ ਦੀਆਂ ਕਈ ਸਾਖੀਆਂ ਵਿਚ ਇਕ ਤੋਂ ਵਧੇਰੇ ਸਾਖੀਆਂ ਜੁੜਨ ਨਾਲ ਇਨ੍ਹਾਂ ਦੀ ਗਿਣਤੀ 50 ਦੇ ਲੱਗਭਗ ਹੋ ਜਾਂਦੀ ਹੈ।
4. ਜਨਮ ਸਾਖੀ ਭਾਈ ਬਾਲਾ :
ਜਨਮ ਸਾਖੀ ਪਰੰਪਰਾ ਦੀ ਸਭ ਤੋਂ ਵਧੇਰੇ ਪ੍ਰਸਿੱਧ ਤੇ ਚਰਚਿਤ ਜਨਮ ਸਾਖੀ ‘ਜਨਮ ਸਾਖੀ ਭਾਈ ਬਾਲਾ’ ਹੈ। ਜਨਮ ਸਾਖੀਆਂ ਦੇ ਵਿਕਾਸ-ਕ੍ਰਮ ਵਿਚ ਇਹ ਜਨਮ ਸਾਖੀ ‘ਗਿਆਨ ਰਤਨਾਵਲੀ’ (ਜਨਮ ਸਾਖੀ ਭਾਈ ਮਨੀ ਸਿੰਘ) ਤੋਂ ਪਹਿਲਾਂ ਅਤੇ ‘ਆਦਿ ਸਾਖੀਆਂ’ ਤੋਂ ਬਾਅਦ ਵਿਚ ਆਉਂਦੀ ਹੈ। ਇਸ ਜਨਮ ਸਾਖੀ ਦੀਆਂ ਸਾਖੀਆਂ ਉਪਰੋਕਤ ਦਿੱਤੀਆਂ ਜਨਮ ਸਾਖੀਆਂ ਤੋਂ ਲੈ ਕੇ ਲਿਖੀਆਂ ਗਈਆਂ ਹਨ ਅਤੇ ਕੁਝ ਇਸ ਦੇ ਲੇਖਕ ਦੀਆਂ ਆਪਣੀਆਂ ਕਲਪਨਾਵਾਂ ਹਨ। ਇਸ ਜਨਮ ਸਾਖੀ ਦੇ ਬਹੁਤ ਸਾਰੇ ਹੱਥਲਿਖਤ ਤੇ ਪ੍ਰਕਾਸ਼ਿਤ ਰੂਪ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਵਿਚ ਸਾਖੀਆਂ ਦੀ ਗਿਣਤੀ ਭਿੰਨ-ਭਿੰਨ ਹੈ। ਇਹ ਜਨਮ ਸਾਖੀ ਹੰਦਾਲੀਆਂ ਦੀ ਰਚਨਾ ਮੰਨੀ ਗਈ ਹੈ। ਹੰਦਾਲੀਆਂ ਨੇ ਬਾਬਾ ਹੰਦਾਲ ਦੀ ਪ੍ਰਤਿਸ਼ਠਾ ਨੂੰ ਵਧਾਉਣ ਲਈ ਇਸ ਸਾਖੀ ਨੂੰ ਹੋਂਦ ਵਿਚ ਲਿਆਂਦਾ ਸੀ। ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਚਰਿੱਤਰ ਨੂੰ ਵੀ ਦੂਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਸ ਜਨਮ ਸਾਖੀ ਦਾ ਲੇਖਕ ਇਸ ਦੇ ਆਪਣੇ ਕਥਨ ਮੁਤਾਬਿਕ ਪੈੜਾ ਮੋਖਾ ਹੈ, ਜਿਸ ਨੇ ਭਾਈ ਬਾਲੇ ਨਾਂ ਦੇ ਪਾਤਰ ਦੇ ਮੂੰਹੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ ਵਿਚ ਇਨ੍ਹਾਂ ਸਾਖੀਆਂ ਨੂੰ ਸੁਣ ਕੇ ਲਿਖਿਆ ਸੀ। ਜੇਕਰ ਇਸ ਕਥਨ ਨੂੰ ਸਹੀ ਮੰਨ ਲਿਆ ਜਾਵੇ ਤਾਂ ਇਸ ਸਾਖੀ ਦਾ ਰਚਨਾ-ਕਾਲ ਸੰਮਤ 1582 ਬਣਦਾ ਹੈ ਪਰ ਇਸ ਸਮੇਂ ਤਕ ਭਾਈ ਲਹਿਣਾ ਜੀ (ਸ੍ਰੀ ਗੁਰੂ ਅੰਗਦ ਦੇਵ ਜੀ) ਦਾ ਮਿਲਾਪ ਗੁਰੂ ਨਾਨਕ ਸਾਹਿਬ ਨਾਲ ਨਹੀਂ ਹੋਇਆ ਸੀ। ਇਸ ਕਰਕੇ ਵਿਦਵਾਨਾਂ ਨੂੰ ਇਸ ਦੇ ਕਰਤਾ ਤੇ ਰਚਨਾ-ਕਾਲ ਸਬੰਧੀ ਸ਼ੰਕਾ ਹੈ। ਜ਼ਿਆਦਾਤਰ ਵਿਦਵਾਨ ਠੋਸ ਦਲੀਲਾਂ ਦੇ ਆਧਾਰ ’ਤੇ ਇਹ ਸਿੱਧ ਕਰਦੇ ਹਨ ਕਿ ਜਨਮ ਸਾਖੀ ਗੁਰੂ ਅੰਗਦ ਸਾਹਿਬ ਨੇ ਨਹੀਂ ਲਿਖਵਾਈ ਅਤੇ ਨਾ ਹੀ ਕਿਸੇ ਭਾਈ ਬਾਲੇ ਨਾਂ ਦੇ ਪਾਤਰ ਤੋਂ ਇਨ੍ਹਾਂ ਸਾਖੀਆਂ ਨੂੰ ਗੁਰੂ ਅੰਗਦ ਸਾਹਿਬ ਨੇ ਸੁਣਿਆ ਸੀ। ਬਾਲਾ ਕੋਈ ਇਤਿਹਾਸਕ ਵਿਅਕਤੀ ਨਹੀਂ ਸਗੋਂ ਇਕ ਕਲਪਨਾ ਪ੍ਰਸੂਤ ਪੁਰਸ਼ ਹੈ। ਸ. ਕਰਮ ਸਿੰਘ ਹਿਸਟੋਰੀਅਨ ਇਸ ਧਾਰਨਾ ਦੇ ਮੋਹਰੀ ਵਿਦਵਾਨਾਂ ਵਿੱਚੋਂ ਹਨ। ਉਨ੍ਹਾਂ ਦੀ ਇਸ ਧਾਰਨਾ ਦਾ ਆਧਾਰ ‘ਜਨਮ ਸਾਖੀ ਭਾਈ ਬਾਲਾ’ ਵਿਚ ਆਈਆਂ ਬਹੁਤ ਸਾਰੀਆਂ ਅਸੰਭਵ ਗੱਲਾਂ, ਭੁੱਲਾਂ ਅਤੇ ਗੁਰੂ ਨਾਨਕ ਸਾਹਿਬ ਦੇ ਚਰਿੱਤਰ ਨੂੰ ਦੂਸ਼ਿਤ ਕਰਨ ਵਾਲੀਆਂ ਅਣਹੋਣੀਆਂ ਸਾਖੀਆਂ ਆਦਿਕ ਹਨ। ਉਨ੍ਹਾਂ ਨੇ ‘ਪਰਚੀ ਬਾਬਾ ਹੰਦਾਲ’ ਅਤੇ ‘ਜਨਮ ਸਾਖੀ ਭਾਈ ਬਾਲਾ’ ਦੋਵਾਂ ਦੀ ਸਮਾਨਤਾ ਤੋਂ ਇਹ ਸਪੱਸ਼ਟ ਕੀਤਾ ਹੈ ਕਿ ਇਹ ਰਚਨਾ ਹੰਦਾਲ ਦੀ ਮਾਣ-ਪ੍ਰਤਿਸ਼ਠਾ ਦੇ ਬਰਾਬਰ ਗੁਰੂ ਨਾਨਕ ਸਾਹਿਬ ਨੂੰ ਨੀਵਾਂ ਦਰਸਾ ਕੇ ਹੰਦਾਲ ਨੂੰ ਵਡਿਆਉਣ ਲਈ ਲਿਖੀ ਗਈ ਹੈ। ਇਸ ਜਨਮ ਸਾਖੀ ਦਾ ਕਰਤਾ ਹੰਦਾਲ ਦਾ ਪੁੱਤਰ ਬਾਲ ਚੰਦ ਹੈ ਜਿਸ ਦਾ ਨਾਂ ‘ਪਰਚੀ ਬਾਬਾ ਹੰਦਾਲ’ ਵਿਚ ‘ਬਾਲਾ’ ਕਰਕੇ ਵੀ ਆਇਆ ਹੈ। ਬਾਲਾ ਗੁਰੂ ਨਾਨਕ ਸਾਹਿਬ ਦਾ ਬਚਪਨ ਦਾ ਸਾਥੀ ਸੀ, ਇਸ ਕਥਨ ਦੀ ਪੁਸ਼ਟੀ ਕਿਸੇ ਹੋਰ ਜਨਮ ਸਾਖੀ ਜਾਂ ਪ੍ਰਮਾਣਿਕ ਇਤਿਹਾਸਕ ਸ੍ਰੋਤ ਤੋਂ ਨਹੀਂ ਹੁੰਦੀ। ਇਸ ਜਨਮ ਸਾਖੀ ਦਾ ਰਚਨਾ-ਕਾਲ 1658 ਈ. ਦੇ ਕਰੀਬ ਮੰਨਿਆ ਜਾਂਦਾ ਹੈ। ਇਸ ਦੀਆਂ 75 ਦੇ ਲੱਗਭਗ ਸਾਖੀਆਂ ਹਨ। ਇਨ੍ਹਾਂ ਵਿਚ ਗੁਰੂ ਜੀ ਦੇ ਜੀਵਨ-ਸੰਬੰਧੀ ਸਾਧਾਰਨ ਵਿਵਰਣ ਤੋਂ ਛੁਟ, ਉਨ੍ਹਾਂ ਦੀਆਂ ਕਾਸਮਿਕ ਉਡਾਰੀਆਂ, ਪਰਬਤਾਂ ਅਤੇ ਖੰਡਾਂ ਦੇ ਆਰੋਹਣ ਆਦਿਕ ਬਹੁਤ ਸਾਰੀਆਂ ਕਾਲਪਨਿਕ ਸਾਖੀਆਂ ਹਨ, ਜਿਨ੍ਹਾਂ ਦਾ ਗੁਰੂ ਜੀ ਦੇ ਜੀਵਨ ਨਾਲ ਕੋਈ ਸੰਬੰਧ ਨਹੀਂ।
5. ਗਿਆਨ ਰਤਨਾਵਲੀ (ਭਾਈ ਮਨੀ ਸਿੰਘ ਵਾਲੀ ਜਨਮ ਸਾਖੀ) :
ਜਨਮ ਸਾਖੀ ਪਰੰਪਰਾ ਦੀ ਇਹ ਮਹੱਤਵਪੂਰਨ ਰਚਨਾ ਗੁਰਮਤਿ ਦੇ ਧੁਰੰਤਰ ਵਿਦਵਾਨ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੇ ਟੀਕੇ ’ਤੇ ਆਧਾਰਿਤ ਹੈ। ਇਸ ਜਨਮ ਸਾਖੀ ਦਾ ਨਾਂ ‘ਗਿਆਨ ਰਤਨਾਵਲੀ’ ਹੈ ਪਰ ਕਿਉਂਕਿ ਪਰੰਪਰਕ ਤੌਰ ’ਤੇ ਇਹ ਰਚਨਾ ਭਾਈ ਮਨੀ ਸਿੰਘ ਜੀ ਨਾਲ ਜੋੜੀ ਜਾਂਦੀ ਹੈ, ਇਸੇ ਲਈ ਇਸ ਦਾ ਨਾਂ ‘ਭਾਈ ਮਨੀ ਸਿੰਘ ਵਾਲੀ ਜਨਮ ਸਾਖੀ’ ਕਰਕੇ ਮਸ਼ਹੂਰ ਹੈ। ਅਸਲ ਵਿਚ ਇਸ ਜਨਮ ਸਾਖੀ ਨੂੰ ਭਾਈ ਮਨੀ ਸਿੰਘ ਜੀ ਨੇ ਨਹੀਂ ਲਿਖਿਆ ਸਗੋਂ ਇਹ ਰਚਨਾ ਭਾਈ ਸੂਰਤ ਸਿੰਘ ਚਨਿਓਟ ਵਾਸੀ ਦੀ ਹੈ, ਜੋ ਭਾਈ ਮਨੀ ਸਿੰਘ ਜੀ ਦੀ ਸੰਗਤ ਵਿਚ ਰਹਿੰਦਾ ਸੀ। ਭਾਈ ਮਨੀ ਸਿੰਘ ਜੀ ਦੇ ਨਾਂ ਉੱਪਰ ਲਿਖੇ ਜਾਣ ਦੀ ਪਰੰਪਰਾ ਸਮਰਪਿਤ ਭਾਵਨਾ ਹੈ। ‘ਗਿਆਨ ਰਤਨਾਵਲੀ’ ਦਾ ਟੀਕਾ ਭਾਈ ਸਾਹਿਬ ਨੇ ਕਥਾ ਦੇ ਰੂਪ ਵਿਚ ਕੀਤਾ, ਜਿਸ ਨੂੰ ਅੱਗੋਂ ਭਾਈ ਗੁਰਬਖ਼ਸ਼ ਸਿੰਘ ਪਾਸੋਂ ਸੁਣ ਕੇ ਭਾਈ ਸੂਰਤ ਸਿੰਘ ਨੇ ਵਾਰਤਕ ਵਿਚ ਲਿਖਿਆ। ਭਾਈ ਗੁਰਬਖਸ਼ ਸਿੰਘ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਸਨ। ਇਨ੍ਹਾਂ ਦਾ ਪਹਿਲਾ ਨਾਂ ਰਾਮ ਕੁੰਵਰ ਸੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕ ਕੇ ਗੁਰਬਖਸ਼ ਸਿੰਘ ਬਣੇ ਸੀ। ਇਸ ਸਾਖੀ ਦਾ ਰਚਨਾ-ਕਾਲ 1735 ਤੋਂ 1770 ਦੇ ਲੱਗਭਗ ਦੱਸਿਆ ਜਾਂਦਾ ਹੈ।
‘ਗਿਆਨ ਰਤਨਾਵਲੀ’ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀਆਂ 45 ਪਉੜੀਆਂ ’ਤੇ ਆਧਾਰਿਤ ਹੈ ਪਰ ਇਸ ਦੇ ਬਾਵਜੂਦ ਇਹ ਵਾਰ ਦੀ ਵਿਆਖਿਆ ਮਾਤਰ ਨਹੀਂ ਸਗੋਂ ਇਨ੍ਹਾਂ ਪਉੜੀਆਂ ਦੇ ਆਧਾਰ ’ਤੇ ਗੁਰੂ ਨਾਨਕ ਸਾਹਿਬ ਦਾ ਸਮੁੱਚਾ ਜੀਵਨ ਚਿਤਰਿਆ ਗਿਆ ਹੈ। ਇਸ ਰਚਨਾ ਦੀਆਂ ਪਹਿਲੀਆਂ ਕੁਝ ਪਉੜੀਆਂ ਗੁਰੂ ਜੀ ਦੇ ਪੂਰਬਲੇ ਯੁੱਗ ਦਾ ਵਰਣਨ ਕਰਦੀਆਂ ਹਨ ਅਤੇ 23ਵੀਂ ਪਉੜੀ ਤੋਂ 45ਵੀਂ ਪਉੜੀ ਤਕ ਸ੍ਰੀ ਗੁਰੂ ਨਾਨਕ ਸਾਹਿਬ ਦਾ ਜੀਵਨ-ਬ੍ਰਿਤਾਂਤ ਦਿੱਤਾ ਗਿਆ ਹੈ। ਇਸ ਵਿਚ 219 ਸਾਖੀਆਂ ਪਉੜੀਆਂ ਦੀ ਵਿਆਖਿਆ ਨਮਿਤ ਲਿਖੀਆਂ ਗਈਆਂ ਹਨ। ਇਸ ਸਾਖੀ ਨੂੰ ਪੜ੍ਹਨ ’ਤੇ ਪਤਾ ਲੱਗਦਾ ਹੈ ਕਿ ਭਾਈ ਗੁਰਦਾਸ ਜੀ ਦੀ ਵਾਰ ਦਾ ਇਸ ਵਿਚ ਕੇਵਲ ਆਸਰਾ ਹੀ ਲਿਆ ਗਿਆ ਹੈ, ਕਿਉਂਕਿ ਬਹੁਤ ਸਾਰੀਆਂ ਸਾਖੀਆਂ ਅਜਿਹੀਆਂ ਹਨ ਜਿਨ੍ਹਾਂ ਦਾ ਵਾਰ ਨਾਲ ਕੋਈ ਸੰਬੰਧ ਨਹੀਂ। ਸਾਖੀ ਦੇ ਕਰਤਾ ਨੇ ਇਸ ਦੇ ਅਰੰਭ ਵਿਚ ਲਿਖਿਆ ਹੈ ਕਿ ਉਸ ਨੇ ਇਹ ਸਾਖੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਸੁਣੀਆਂ ਹਨ ਪਰ ਉਸ ਨੇ ਪਹਿਲਾਂ ਹੋਂਦ ਵਿਚ ਆ ਚੁੱਕੀਆਂ ਸਾਰੀਆਂ ਜਨਮ ਸਾਖੀਆਂ ਤੋਂ ਵੀ ਪੂਰਾ ਲਾਭ ਉਠਾਇਆ ਹੈ।
ਇਨ੍ਹਾਂ ਜਨਮ ਸਾਖੀਆਂ ਦਾ ਅਰੰਭ ਅਤੇ ਵਿਕਾਸ ਗੁਰੂ ਨਾਨਕ ਸਾਹਿਬ ਦੇ ਜੀਵਨ-ਬ੍ਰਿਤਾਂਤ ਨਾਲ ਹੋਇਆ ਹੈ, ਇਸ ਕਰਕੇ ਜਨਮ ਸਾਖੀ ਤੋਂ ਭਾਵ ਗੁਰੂ ਸਾਹਿਬ ਦਾ ਅਧਿਆਤਮਕ ਜੀਵਨ-ਬ੍ਰਿਤਾਂਤ ਹੈ। ਜਨਮ ਸਾਖੀ ਆਪਣੇ ਮੂਲ ਰੂਪ ਵਿਚ ਪਹਿਲਾਂ ਬੜੀ ਸੰਖਿਪਤ ਰਹੀ ਹੋਵੇਗੀ ਜਿਸ ਦੀ ਉਦਾਹਰਣ ‘ਪੁਰਾਤਨ ਜਨਮ ਸਾਖੀ’ ਹੈ, ਪਰ ਬਾਅਦ ਵਿਚ ਇਨ੍ਹਾਂ ਦਾ ਆਕਾਰ ਵਧਦਾ ਗਿਆ ਅਤੇ ਸਾਖੀਆਂ ਦੀ ਗਿਣਤੀ 575 ਤਕ ਪਹੁੰਚ ਗਈ। ਇਹ ਸਾਖੀਆਂ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਹੀ ਹੋਂਦ ਵਿਚ ਆਈਆਂ ਹਨ। ਇਹ ਪਰੰਪਰਾ ਰਵਾਇਤਾਂ ਅਧੀਨ ਸ੍ਰੀ ਗੁਰੂ ਰਾਮਦਾਸ ਜੀ ਦੇ ਨਿਕਟਵਰਤੀ ਸਿੱਖਾਂ ਤੋਂ ਉਨ੍ਹਾਂ ਦੀ ਔਲਾਦ ਰਾਹੀਂ ਸੀਨਾ-ਬ-ਸੀਨਾ ਚੱਲਦੀਆਂ ਰਹੀਆਂ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤਕ ਇਨ੍ਹਾਂ ਨੂੰ ਲਿਖਤੀ ਰੂਪ ਵਿਚ ਦਿੱਤਾ ਜਾਣ ਲੱਗ ਪਿਆ। ਇਹ ਸਾਖੀਆਂ ਆਪਣੇ ਧਾਰਮਿਕ ਤੇ ਸਦਾਚਾਰਕ ਵਾਤਾਵਰਨ ਤੋਂ ਪ੍ਰਭਾਵਿਤ ਹੋ ਕੇ ਲਿਖੀਆਂ ਗਈਆਂ ਹਨ। ਗੁਰੂ ਨਾਨਕ ਸਾਹਿਬ ਦਾ ਸਮਕਾਲੀ ਧਾਰਮਿਕ ਵਾਤਾਵਰਨ ਕਰਾਮਾਤੀ ਅਤੇ ਚਮਤਕਾਰੀ ਪੁਰਾਣਿਕ ਤੇ ਸਾਮੀ ਕਥਾ-ਕਹਾਣੀਆਂ ਨਾਲ ਭਰਪੂਰ ਸੀ ਜਿਸ ਦਾ ਪ੍ਰਭਾਵ ਸਾਖੀਕਾਰਾਂ ਨੇ ਸਹਿਜੇ ਹੀ ਕਬੂਲਿਆ ਲੱਗਦਾ ਹੈ।
ਜਨਮ ਸਾਖੀਆਂ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੇ ਲਿਖਾਰੀ ਅਤਿ ਅਧਿਕ ਸ਼ਰਧਾਲੂ ਅਤੇ ਸਿੱਖ ਧਰਮ ਦੇ ਪੈਰੋਕਾਰ ਸਨ, ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਜੀਵਨ ਨੂੰ ਕਲਾਮਈ, ਮਨੋਹਰ ਢੰਗ ਨਾਲ ਚਿਤਰਿਆ ਹੈ। ਚੇਲੇ ਦੀ ਇਹ ਹਾਰਦਿਕ ਇੱਛਾ ਹੁੰਦੀ ਹੈ ਕਿ ਉਹ ਆਪਣੇ ਪੂਜਯ ਗੁਰੂ ਜਾਂ ਮਹਾਂਪੁਰਸ਼ਾਂ ਦੀ ਯਾਦ ਅਤੇ ਉਪਦੇਸ਼ ਨੂੰ ਲੋਕ-ਮਨ ਵਿਚ ਸਥਾਈ ਤੇ ਸਦੀਵੀ ਪ੍ਰੇਰਨਾ ਦਾ ਸੋਮਾ ਬਣਾ ਸਕੇ। ਜਨਮ ਸਾਖੀਆਂ ਗੁਰੂ ਜੀ ਦੇ ਜੀਵਨ-ਤੱਥਾਂ ਨੂੰ ਸਾਂਭਣ ਅਤੇ ‘ਬਹੁ ਜਨਹਿਤਾਇ’ ਦੇ ਉਦੇਸ਼ ਨੂੰ ਮੁੱਖ ਰੱਖ ਕੇ ਲਿਖੀਆਂ ਗਈਆਂ ਹਨ। ਇਹ ਗੱਲ ਜਗਤ-ਪ੍ਰਸਿੱਧ ਹੈ ਕਿ ਮਹਾਂਪੁਰਸ਼ਾਂ ਦੇ ਮੁੱਢਲੇ ਜੀਵਨ ਦੇ ਠੀਕ ਹਾਲਾਤ ਦਾ ਪਤਾ ਨਹੀਂ ਲੱਗਦਾ। ਉਸ ਦਾ ਕਾਰਨ ਸਪੱਸ਼ਟ ਹੈ ਕਿ ਮਹਾਂਪੁਰਖਾਂ ਦੇ ਮੁੱਢਲੇ ਜੀਵਨ ਸਮੇਂ ਲੋਕ ਉਨ੍ਹਾਂ ਵੱਲ ਧਿਆਨ ਨਹੀਂ ਕਰਦੇ। ਇਸ ਪ੍ਰਕਾਰ ਉਨ੍ਹਾਂ ਦਾ ਇਹ ਸਮਾਂ ਅਣਗੌਲਿਆ ਹੀ ਲੰਘ ਜਾਂਦਾ ਹੈ, ਜਦੋਂ ਉਹ ਵੱਡਾ ਕੰਮ ਕਰ ਕੇ ਸਥਾਪਿਤ ਹੋ ਜਾਂਦੇ ਹਨ ਤਾਂ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮੁੱਖ ਰੱਖ ਕੇ ਉਨ੍ਹਾਂ ਦਾ ਬਚਪਨ ਤੇ ਜੀਵਨ ਦੇ ਹਾਲ ਮਗਰੋਂ ਲਿਖਣ ਦਾ ਯਤਨ ਕੀਤਾ ਜਾਂਦਾ ਹੈ।
ਸਾਖੀਕਾਰਾਂ ਨੇ ਸ੍ਰੀ ਗੁਰੂ ਨਾਨਕ ਸਾਹਿਬ ਬਾਰੇ ਜੀਵਨ-ਘਟਨਾਵਾਂ ਦੀ ਘਾਟ ਨੂੰ ਪੂਰਾ ਕਰਨ ਲਈ ਉਸ ਸਮੇਂ ਦੇ ਪ੍ਰਚਲਿਤ ਸਾਹਿਤ ਦੀ ਵਰਤੋਂ ਵੀ ਕੀਤੀ ਹੈ। ਇਸੇ ਲਈ ਉਨ੍ਹਾਂ ਨੇ ਉਹ ਸਭ ਕੁਝ ਗੁਰੂ ਜੀ ਦੇ ਨਾਂ ਨਾਲ ਜੋੜ ਦਿੱਤਾ ਜੋ ਹੋਰਨਾਂ ਮਹਾਂਪੁਰਸ਼ਾਂ ਦੀ ਵਡਿਆਈ ਦਾ ਆਧਾਰ ਰਿਹਾ ਹੈ। ਇਹੋ ਜਿਹੇ ਤੱਥਾਂ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਚਮਤਕਾਰੀ ਅਤੇ ਕਰਾਮਾਤੀ ਮਹਾਂਪੁਰਸ਼ ਵਜੋਂ ਪ੍ਰਗਟ ਹੁੰਦੀ ਹੈ, ਜਿਵੇਂ ‘ਨੂਰ ਸ਼ਾਹ ਨਿਸਤਾਰਾ’ ਵਾਲੀ ਸਾਖੀ ਦੇਖੀ ਜਾ ਸਕਦੀ ਹੈ। ਇਹੋ ਜਿਹੀ ਹੀ ਰਲਦੀ-ਮਿਲਦੀ ਸਾਖੀ ਜੋਗੀਆਂ ਦੇ ਸਾਹਿਤ ਵਿਚ ਮਛੰਦਰ ਨਾਥ ਅਤੇ ਗੋਰਖ ਨਾਥ ਨਾਲ ਵੀ ਸੰਬੰਧਿਤ ਹੈ। ਜਿਵੇਂ ਪਹਿਲਾਂ ਦੱਸਿਆ ਹੈ ਕਿ ਗੁਰੂ ਸਾਹਿਬ ਦੇ ਸਮੇਂ ਹਿੰਦੂ ਧਰਮ ਦੀਆਂ ਪੁਰਾਣਿਕ ਕਥਾ-ਕਹਾਣੀਆਂ, ਦੇਵੀ-ਦੇਵਤਿਆਂ ਦੇ ਚਮਤਕਾਰ, ਬੁੱਧ ਧਰਮ ਦੀਆਂ ਜਾਤਕ ਕਥਾਵਾਂ, ਪੀਰਾਂ-ਫ਼ਕੀਰਾਂ ਅਤੇ ਜੋਗੀਆਂ ਦੀਆਂ ਅਜ਼ਮਤਾਂ ਤੋਂ ਇਲਾਵਾ ਇਸਲਾਮਿਕ ਪਰੰਪਰਾਵਾਂ ਆਦਿਕ ਜਨ-ਸਾਧਾਰਨ ਦੀ ਸ਼ਰਧਾ ਦਾ ਵਿਸ਼ੇਸ਼ ਤੇ ਅਟੁੱਟ ਅੰਗ ਸਨ। ਇਸੇ ਸ਼ਰਧਾ ਦਾ ਸਹਾਰਾ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੇਜੱਸਵੀ ਸ਼ਖ਼ਸੀਅਤ ਨੂੰ ਲੋਕ-ਮਨਾਂ ਵਿਚ ਸਦੀਵੀ ਤੌਰ ’ਤੇ ਸ਼ਰਧਾ ਦਾ ਪਾਤਰ ਬਣਾਉਣ ਤੇ ਸਥਾਪਿਤ ਕਰਨ ਲਈ ਸਾਖੀਕਾਰ ਕਿਰਿਆਸ਼ੀਲ ਹੋਏ ਅਤੇ ਇਨ੍ਹਾਂ ਸਾਖੀਆਂ ਦੀ ਰਚਨਾ ਕੀਤੀ। ਇਸ ਰੰਗਤ ਅਧੀਨ ਚਿਤਰੀਆਂ ਸਾਖੀਆਂ ਜਾਂ ਘਟਨਾਵਾਂ ਭਾਵੇਂ ਗੁਰਬਾਣੀ ਅਤੇ ਗੁਰੂ ਜੀ ਦੇ ਵਿਅਕਤਿੱਤਵ ਨਾਲ ਮੇਲ ਨਹੀਂ ਖਾਂਦੀਆਂ ਪਰ ਲੋਕ- ਮਨ ਦੀ ਸ਼ਰਧਾ ਨੂੰ ਹੁਲਾਰਾ ਜ਼ਰੂਰ ਦਿੰਦੀਆਂ ਹਨ। ਇਸ ਕਥਨ ਵਿਚ ਕੋਈ ਦੂਜੀ ਰਾਇ ਨਹੀਂ ਕਿ ਗੁਰੂ ਸਾਹਿਬ ਮਹਾਨ ਯੁੱਗ ਪੁਰਸ਼ ਹਨ ਪਰ ਉਨ੍ਹਾਂ ਨੂੰ ਸਰਬ ਪ੍ਰਵਾਣਿਤ ਕਰਵਾਉਣ ਦੇ ਆਸ਼ੇ ਨਾਲ ਹਿੰਦੂ ਅਵਤਾਰਵਾਦੀ ਪਰੰਪਰਾ ਅਧੀਨ ਵਿਸ਼ਨੂੰ ਤੇ ਜਨਕ ਦਾ ਅਵਤਾਰ ਬਣਾ ਕੇ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਜਨਮ ਸਾਖੀਆਂ ਦੇ ਲੇਖਕਾਂ ਨੇ ਸਾਖੀਆਂ ਦੀ ਰਚਨਾ ਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਕੰਠ ਕੀਤੇ ਸ਼ਬਦ ਜਾਂ ਤੁਕਾਂ ਤੋਂ ਇਲਾਵਾ ਬਾਕੀ ਗੁਰੂ (ਸ੍ਰੀ ਗੁਰੂ ਅਰਜਨ ਦੇਵ ਜੀ) ਸਾਹਿਬਾਨ ਤਕ ਦੀ ਬਾਣੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਕਰ ਕੇ ਵਰਤਿਆ ਹੈ। ਜਿੱਥੇ ਗੁਰਬਾਣੀ ਦੀ ਪੂਰਤੀ ਹੁੰਦੀ ਨਾ ਦਿੱਸੀ ਤਾਂ ਅਪ੍ਰਮਾਣਿਕ (ਕੱਚੀ ਬਾਣੀ) ਗੁਰੂ ਜੀ ਦੇ ਨਾਂ ’ਤੇ ਜੋੜ ਦਿੱਤੀ ਗਈ। ਸਾਖੀਕਾਰਾਂ ਨੇ ਮੌਖਿਕ ਇਤਿਹਾਸ, ਸਮਾਜ ਵਿਚ ਪ੍ਰਚਲਿਤ ਲੋਕ-ਰੂੜ੍ਹੀਆਂ, ਲੋਕ-ਕਥਾਵਾਂ, ਦੈਵੀਅਤਾ, ਪਰਾਲੌਕਿਕਤਾ ਅਤੇ ਅਤਿਕਥਨੀ ਨੂੰ ਆਧਾਰ ਬਣਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਰਵ-ਦਿਗਵਿਜੈ ਕਰਦੇ ਦਰਸਾਇਆ ਹੈ। ਜਨਮ ਸਾਖੀਆਂ ਵਿਚ ਬਹੁਤੀਆਂ ਸਾਖੀਆਂ ਅਜਿਹੀਆਂ ਹਨ ਜਿਨ੍ਹਾਂ ਉੱਤੇ ਭਾਰਤੀ, ਪੁਰਾਣਿਕ ਅਤੇ ਸਾਮੀ ਪਰੰਪਰਾ ਦਾ ਪ੍ਰਭਾਵ ਪ੍ਰਤੱਖ ਨਜ਼ਰ ਆਉਂਦਾ ਹੈ। ਇਸ ਪ੍ਰਕਾਰ ਇਨ੍ਹਾਂ ਦੀ ਲਿਖਣ-ਵਿਧੀ ਵਿਗਿਆਨਕ ਨਹੀਂ ਸਗੋਂ ਪੁਰਾਣਿਕ ਹੈ। ਜਨਮ ਸਾਖੀਆਂ ਦੇ ਲਿਖਾਰੀਆਂ ਨੇ ਇਨ੍ਹਾਂ ਸਾਖੀਆਂ ਨੂੰ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਲਿਖਣ ਲਈ ਵਰਤਿਆ ਹੈ, ਇਸ ਕਰਕੇ ਉਨ੍ਹਾਂ ਦੇ ਉਦੇਸ਼ ’ਤੇ ਕੋਈ ਸ਼ੰਕਾ ਨਹੀਂ ਕੀਤੀ ਜਾ ਸਕਦੀ।
ਸਾਖੀਕਾਰ ਇਸ ਯੁੱਗ ਦੇ ਮਹਾਂਨਾਇਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਲਿਖ ਰਹੇ ਸਨ, ਇਸ ਲਈ ਇਨ੍ਹਾਂ ਵਿਚ ਗੁਰੂ ਜੀ ਦੇ ਜੀਵਨ-ਇਤਿਹਾਸ ਦੀ ਵੀ ਭਰਪੂਰ ਜਾਣਕਾਰੀ ਮਿਲਦੀ ਹੈ। ਜਨਮ ਸਾਖੀਆਂ ਗੁਰੂ ਜੀ ਦੇ ਜੀਵਨ ਉੱਪਰ ਝਾਤ ਪਾਉਣ ਵਾਲੇ ਮੁੱਖ ਸ੍ਰੋਤਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਪਹਿਲੇ ਸ੍ਰੋਤ ਹਨ। ਇਨ੍ਹਾਂ ਦੀ ਸਹਾਇਤਾ ਤੋਂ ਬਿਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਕ ਜੀਵਨ ਲਿਖਣਾ ਅਸੰਭਵ ਹੈ। ਇਸ ਕਰਕੇ ਇਨ੍ਹਾਂ ਸਾਖੀਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਸਬੰਧੀ ਇਤਿਹਾਸਕ ਤੱਥ ਤੇ ਸਮੱਗਰੀ ਵੀ ਮੌਜੂਦ ਹੈ ਪਰ ਇਨ੍ਹਾਂ ਦੀ ਨਿਸ਼ਾਨਦੇਹੀ ਲਈ ਬੜੀ ਖੋਜ ਤੇ ਸਾਵਧਾਨੀ ਦੀ ਜ਼ਰੂਰਤ ਹੈ। ਇਨ੍ਹਾਂ ਤੱਥਾਂ ਆਦਿਕ ਦੀ ਪਰਖ ਲਈ ਇੱਕੋ ਵੇਲੇ ਸਾਹਿਤਕ ਤੇ ਇਤਿਹਾਸਕ ਮਾਪਦੰਡ ਵਰਤ ਕੇ ਹੀ ਸਹੀ ਖੋਜ ਕੀਤੀ ਜਾ ਸਕਦੀ ਹੈ। ਇਤਿਹਾਸਕ ਨਜ਼ਰੀਏ ਤੋਂ ਜਨਮ ਸਾਖੀਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਤੱਥ ਜਿਵੇਂ ਉਨ੍ਹਾਂ ਦੇ ਮਾਤਾ-ਪਿਤਾ, ਜਨਮ, ਬਚਪਨ, ਸਥਾਨ, ਰਿਸ਼ਤੇਦਾਰ, ਵਿੱਦਿਆ, ਕਾਰੋਬਾਰ, ਵਿਆਹ ਅਤੇ ਔਲਾਦ ਆਦਿਕ ਦੀ ਜਾਣਕਾਰੀ ਤੋਂ ਇਲਾਵਾ ਗੁਰੂ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ ਅਤੇ ਇਨ੍ਹਾਂ ਉਦਾਸੀਆਂ ਦੌਰਾਨ ਉਹ ਕਿਨ੍ਹਾਂ-ਕਿਨ੍ਹਾਂ ਸਥਾਨਾਂ ਅਤੇ ਦੇਸ਼ਾਂ ਵਿਚ ਗਏ, ਉਥੇ ਉਨ੍ਹਾਂ ਦਾ ਮਿਲਾਪ ਕਿਨ੍ਹਾਂ ਨਾਲ ਹੋਇਆ ਆਦਿ ਬਾਰੇ ਭਰਪੂਰ ਜਾਣਕਾਰੀ ਜਨਮ ਸਾਖੀਆਂ ਤੋਂ ਹੀ ਪ੍ਰਾਪਤ ਹੁੰਦੀ ਹੈ। ਗੁਰੂ ਜੀ ਦੇ ਕਰਤਾਰਪੁਰ ਸਾਹਿਬ ਵਸਾਉਣ ਅਤੇ ਭਾਈ ਲਹਿਣੇ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਬਣਾਉਣ ਦਾ ਪਤਾ ਜਨਮ ਸਾਖੀਆਂ ਹੀ ਦਿੰਦੀਆਂ ਹਨ। ਇਸ ਪ੍ਰਕਾਰ ਸੰਖੇਪ ਤੌਰ ’ਤੇ ਜਨਮ ਸਾਖੀਆਂ ਬਾਰੇ ਇਹ ਨਿਰਣਾ ਕੀਤਾ ਜਾ ਸਕਦਾ ਹੈ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਜਾਣਕਾਰੀ ਦੇਣ ਦਾ ਮੁੱਖ ਸੋਮਾ ਹਨ। ਭਾਵੇਂ ਇਨ੍ਹਾਂ ਵਿਚਲੀਆਂ ਸਾਖੀਆਂ ਉੱਤੇ ਪੁਰਾਣਿਕ ਰੰਗਤ ਹੈ ਪਰ ਫਿਰ ਵੀ ਇਹ ਗੁਰੂ ਜੀ ਦੇ ਇਤਿਹਾਸ ਸਬੰਧੀ ਪ੍ਰਮੁੱਖ ਜਾਣਕਾਰੀ ਦੇਣ ਦਾ ਪਹਿਲਾ ਅਤੇ ਅਹਿਮ ਸ੍ਰੋਤ ਹਨ ਜਿਨ੍ਹਾਂ ਦੀ ਪੂਰਤੀ ਹੋਰ ਕਿਤੋਂ ਨਹੀਂ ਹੋ ਸਕਦੀ।
ਲੇਖਕ ਬਾਰੇ
ਸਹਾਇਕ ਰੀਸਰਚ ਸਕਾਲਰ, ਸ੍ਰੀ ਕਲਗੀਧਰ ਨਿਵਾਸ, ਸੈਕਟਰ 27-ਬੀ, ਚੰਡੀਗੜ੍ਹ
- ਹੋਰ ਲੇਖ ਉਪਲੱਭਧ ਨਹੀਂ ਹਨ