editor@sikharchives.org
Jap Ji Sahib Da Rahas

ਜਪੁ ਜੀ ਸਾਹਿਬ ਦਾ ਰਹੱਸ

ਜਪੁ ਜੀ ਸਾਹਿਬ ਦਾ ਪ੍ਰਕਾਸ਼ ਉਦੋਂ ਹੋਇਆ, ਜਦੋਂ ਇਸ ਦਾ ਕਰਤਾ ਰੱਬੀ ਦਰਗਾਹ ਦੇ ਐਨ ਸਾਹਮਣੇ ਖਲੋਤਾ ਸੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗ੍ਰੰਥ ਸਾਹਿਬ ‘ਜਪੁ ਜੀ’ ਦੇ ਨਾਲ ਅਰੰਭ ਹੁੰਦਾ ਹੈ, ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਚਾਰਿਆ ਹੈ। ‘ਜਪੁ ਜੀ ਸਾਹਿਬ’ ਮੂਲ ਮੰਤਰ ਨਾਲ ਸ਼ੁਰੂ ਹੁੰਦਾ ਹੈ। ਜੋ ਕੁਝ ਜਪੁ ਜੀ ਸਾਹਿਬ ਬਾਰੇ ਸੱਚ ਹੈ, ਉਹ ਕੁਝ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਸੱਚ ਹੈ। ਜਿਹੜੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਸੱਚ ਹੈ, ਉਹੀ ਗੱਲ ਦਸਾਂ ਪਾਤਸ਼ਾਹੀਆਂ ਦੇ ਉੱਚੇ ਸੁਖ਼ਨਾਂ, ਕਰਮ-ਰੂਪਾਂ ਅਤੇ ਨਾ ਭੁੱਲ ਸਕਣ ਵਾਲੀਆਂ ਬਰਕਤਾਂ ਬਾਰੇ ਸੱਚ ਹੈ।

ਜਪੁ ਜੀ ਸਾਹਿਬ ਦਾ ਪ੍ਰਕਾਸ਼-ਸੋਮਾ ਇਨਸਾਨੀ ਅਕਲ ਤੋਂ ਅਗੇਰੇ ਹੈ, ਭਾਵੇਂ ਇਨਸਾਨੀ ਅਕਲ ਇਸ ਦੇ ਅਰਥਾਂ ਦੀ ਉੱਪਰਲੀ ਸਤਹ ਵੇਖਣ ਵਿਚ ਮਦਦ ਕਰਦੀ ਹੈ। ਜਪੁ ਜੀ ਸਾਹਿਬ ਦਾ ਪ੍ਰਕਾਸ਼-ਸੋਮਾ ਮਾਨਵੀ-ਪ੍ਰਤਿਭਾ ਤੋਂ ਵੀ ਅਗੇਰੇ ਹੈ, ਭਾਵੇਂ ਮਾਨਵੀ-ਪ੍ਰਤਿਭਾ ਇਸ ਦੀਆਂ ਕੁਝ ਡੂੰਘਾਣਾਂ ਦਾ ਰਾਹ ਦੱਸ ਸਕਦੀ ਹੈ। ਜਪੁ ਜੀ ਸਾਹਿਬ ਦਾ ਪ੍ਰਕਾਸ਼-ਸੋਮਾ ਵਿਸ਼ੇਸ਼ ਕਿਸਮ ਦੇ ਕਲਾਮਈ ਅਨੁਭਵ ਤੋਂ ਦੁਰੇਡੇ ਹੈ, ਕਿਉਂਕਿ ਵਿਸ਼ੇਸ਼ ਕਿਸਮ ਦੇ ਕਲਾਮਈ ਅਨੁਭਵ ਦੀਆਂ ਜੜ੍ਹਾਂ ਬਿਨਸਨਹਾਰ ਮਨੁੱਖੀ ਚਿੰਤਨ ਤੋਂ ਬਾਹਰ ਨਹੀਂ। ਜਪੁ ਜੀ ਸਾਹਿਬ ਦਾ ਪ੍ਰਕਾਸ਼-ਸੋਮਾ ਕਵੀ ਦੀ ਕਲਪਨਾ ਵੀ ਨਹੀਂ, ਕਿਉਂਕਿ ਕਵੀ ਦੀ ਕਲਪਨਾ ਵਿਚ ਮਨਮਰਜ਼ੀ ਦੇ ਉਤਰਾਅ-ਚੜ੍ਹਾਅ ਪੈਦਾ ਕੀਤੇ ਜਾ ਸਕਦੇ ਹਨ। ਜਪੁ ਜੀ ਸਾਹਿਬ ਦਾ ਪ੍ਰਕਾਸ਼-ਸੋਮਾ ਪ੍ਰਾਚੀਨ ਦਰਸ਼ਨ ਅਤੇ ਆਦਿ-ਕਾਲੀਨੀ ਪੌਰਾਣ ਦਾ ਨਵੀਨ ਰੰਗ ਵੀ ਨਹੀਂ, ਕਿਉਂਕਿ ਜਪੁ ਜੀ ਸਾਹਿਬ ਦੇ ਰਚਨਹਾਰ ਨੇ ਜਪੁ ਜੀ ਸਾਹਿਬ ਵਿਚ ਆਪ ਹੀ ਇਸ ਉਰਵਾਰ-ਪਾਰ ਦੀਆਂ ਗੱਲਾਂ ਕਰਨ ਵਾਲੀ ਤੱਥ-ਬੁੱਧੀ ਨੂੰ ਉਸ ਦੀ ਦੀਰਘਤਾ ਦੇ ਬਾਵਜੂਦ ਨਾ-ਮਨਜ਼ੂਰ ਕਰ ਦਿੱਤਾ ਸੀ।

ਜਪੁ ਜੀ ਸਾਹਿਬ ਦਾ ਪ੍ਰਕਾਸ਼ ਉਦੋਂ ਹੋਇਆ, ਜਦੋਂ ਇਸ ਦਾ ਕਰਤਾ ਰੱਬੀ ਦਰਗਾਹ ਦੇ ਐਨ ਸਾਹਮਣੇ ਖਲੋਤਾ ਸੀ। ਜਪੁ ਜੀ ਸਾਹਿਬ ਦੇ ਪੈਦਾ ਹੋਣ ਦੀ ਘੜੀ ਵਿਚ ਕਾਵਿ-ਵਲਵਲੇ ਦੇ ਉਤਰਾਅ-ਚੜ੍ਹਾਅ ਬੰਦ ਹੋ ਗਏ ਸਨ, ਇਸ ਵਿੱਚੋਂ ਬੇਯਕੀਨੀ ਦੀ ਥਰਥੱਰਾਹਟ ਖ਼ਤਮ ਹੋ ਗਈ ਸੀ ਅਤੇ ਇਹੀ ਅੰਤਿਮ ਨਿਆਂ ਦੇ ਸਾਹਮਣੇ ਖਲੋ ਕੇ ਆਪਣੀ ਖਰੀ ਤੋਂ ਖਰੀ ਲਿਸ਼ਕ ਦੇ ਰਿਹਾ ਸੀ। ਜਪੁ ਜੀ ਸਾਹਿਬ ਦੇ ਪੈਦਾ ਹੋਣ ਸਮੇਂ ਪ੍ਰਤਿਭਾ ਦੀਆਂ ਤੀਖਣ ਕੰਬਨੀਆਂ ਹਰ ਕਿਸਮ ਦੇ ਜ਼ੋਰ ਤੋਂ ਮੁਕਤ ਹੋ ਗਈਆਂ ਸਨ ਅਤੇ ਸ੍ਵੈ-ਸੁਤੰਤਰ ਹੁਕਮ ਦੀ ਬਖਸ਼ਿਸ਼ ਨਸੀਬ ਹੋ ਗਈ ਸੀ। ਹੁਕਮ ਨੇ ਅਕਲ ਦੇ ਹਰ ਜ਼ੱਰੇ ਨੂੰ ਪਰਵਾਜ਼ ਬਣਾ ਦਿੱਤਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਦੇ ਸਭ ਦਿੱਸਦੇ ਰਾਹ ਲਗਾਤਾਰ ਅਣਦਿੱਸਦੇ ਵਿਚ ਵਹਿ ਰਹੇ ਸਨ; ਉਨ੍ਹਾਂ ਦੇ ਸੁਣੇ ਜਾ ਸਕਣ ਵਾਲੇ ਬੋਲ ਅਣਸੁਣੇ ਪਸਾਰ ਵਿਚ ਵੀ ਤਾਂ ਜਾਗ ਰਹੇ ਸਨ ਅਤੇ ਇਸ ਤਰ੍ਹਾਂ ਉਨ੍ਹਾਂ ਦੀ ਜ਼ਿੰਦਗੀ ਨੇ ਆਪਣੇ ਭਰਵੇਂ ਸੁਆਦਾਂ ਨੂੰ ਜ਼ਾਹਿਰ ਕਰ ਕੇ ਇਕ ਅਦ੍ਰਿਸ਼ਟ-ਅਬੋਲ ਤਰਜ਼ ਨਾਲ ਅਣਟੁੱਟ ਰਿਸ਼ਤਾ ਜੋੜ ਲਿਆ ਅਤੇ ਉਹ ਅਦ੍ਰਿਸ਼ਟ-ਅਬੋਲ ਤਰਜ਼ ਜਪੁ ਜੀ ਸਾਹਿਬ ਵਿਚ ਭਾਰੀ ਅਸਗਾਹ ਵਾਂਗ ਮਚਲ ਰਹੀ ਹੈ। ਜਪੁ ਜੀ ਸਾਹਿਬ ਉਸ ਪੜਾਅ ਉੱਤੇ ਪੈਦਾ ਹੋਇਆ, ਜਦੋਂ ਗੁਰੂ-ਲਿਵ ਨੂੰ ਹਉਮੈ ਦੀ ਉਹ ਜ਼ੰਜੀਰ ਪੂਰੀ ਤਰ੍ਹਾਂ ਆਪਣੇ ਵਿੰਗ-ਵਲੇਵਿਆਂ ਸਮੇਤ ਨਜ਼ਰ ਪੈ ਗਈ, ਜਿਸ ਨੇ ਕਿ ਮਜ਼੍ਹਬਾਂ ਅਤੇ ਫ਼ਲਸਫ਼ਿਆਂ ਦੀ ਚੇਤਨਾ ਨੂੰ ਉਪਯੋਗਤਾਵਾਦ, ਗਿਣਤੀ-ਘੇਰਿਆਂ ਅਤੇ ਜਾਦੂ-ਘੇਰਿਆਂ ਵਿਚ ਵਲ ਰੱਖਿਆ ਸੀ। ਪਹਿਲਾਂ ਹੁਕਮ ਬਖ਼ਸ਼ਿਸ਼ ਵਿਚ ਪਲਟਿਆ ਅਤੇ ਫਿਰ ਬਖ਼ਸ਼ਿਸ਼ ਜਪੁ ਜੀ ਸਾਹਿਬ ਦੀ ਮਹਾਂ ਪਰਵਾਜ਼ ਵਿਚ ਪਲਟ ਗਈ, ਜੋ ਕਿ ਇਕ ਅਜਿਹੇ ਚਾਨਣੇ ਵਿਚ ਚੱਲ ਰਿਹਾ ਸੀ, ਜਿੱਥੋਂ ਹਰ ਮਜ਼੍ਹਬ ਦੀ ਖੇਡ ਪੂਰੀ ਤਰ੍ਹਾਂ ਦਿੱਸਦੀ ਸੀ ਅਤੇ ਜਿਸ ਨੁਕਤੇ ਉੱਤੇ ਪੌਰਾਣ-ਰੂਪ ਇਕ ਬਲਵਾਨ ਤਰਜ਼ ਦੇ ਨਿੱਕੇ-ਨਿੱਕੇ ਇਸ਼ਾਰੇ ਬਣ ਗਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਖ਼ਿਆਲ ਦਰਗਾਹ ਦੇ ਸਾਹਮਣੇ ਖੜ੍ਹਾ ਸੀ; ਉਨ੍ਹਾਂ ਦੀ ਪ੍ਰਤਿਭਾ ਨੂੰ ਹਰ ਕਿਸਮ ਦਾ ਇਨਸਾਫ਼ ਮਿਲ ਚੁੱਕਾ ਸੀ; ਉਨ੍ਹਾਂ ਦੇ ਪਾਕ ਜ਼ਿਹਨ ਵਿਚ ਕੋਈ ਜੇਤੂ ਤਰਕ ਸਮਾ ਗਿਆ ਸੀ, ਜਿਸ ਦਾ ਸੰਬੰਧ ਕਿਸੇ ਧੁਰ ਦੀ ਲਿਵ ਨਾਲ ਸੀ।

ਜਪੁ ਜੀ ਸਾਹਿਬ ਖ਼ਿਆਲ ਨਹੀਂ, ਜਪੁ ਜੀ ਸਾਹਿਬ ਕਾਵਿ ਦੀ ਵੰਨਗੀ ਨਹੀਂ, ਜਪੁ ਜੀ ਸਾਹਿਬ ਫ਼ਲਸਫ਼ੇ ਦੀ ਤਰਤੀਬ ਨਹੀਂ, ਦਰਗਾਹ ਦੇ ਸਾਹਮਣੇ ਦਾ ਨਜ਼ਾਰਾ ਹੈ। ਇਹ ਰੱਬ ਦੀ ਥਰਥੱਰਾਹਟ ਦੇ ਅਸਲ ਪ੍ਰਭਾਵ ਨਾਲ ਭਰਿਆ ਹੈ। ਗੁਰੂ-ਲਿਵ ਨੇ ਇਸ ਥਰਥੱਰਾਹਟ ਦੇ ਅਨੇਕਾਂ ਧਰਾਤਲ ਵੇਖੇ ਅਤੇ ਉਨ੍ਹਾਂ ਦੇ ਮੌਲਿਕ ਸਰੂਪ ਨੂੰ ਜਪੁ ਜੀ ਸਾਹਿਬ ਵਿਚ ਚਲੰਤ ਕਰ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਚਾਰੇ ਉਦਾਸੀਆਂ ਨੇ ਇਬਾਦਤ ਦੀ ਨਜ਼ਰ ਵਿਚ ਤਬਦੀਲ ਹੋ ਕੇ ਅਕਾਲ ਪੁਰਖ ਦੇ ਜਲਵੇ ਨੂੰ ਇੱਕੋ ਇੱਕ ਰੂਪ ਵਿਚ ਅੰਤਮ ਤੌਰ ਉੱਤੇ ਅਪਣਾ ਲਿਆ। ਫੇਰ ਉਸ ਜਲਵੇ ਦੀ ਸ਼ਕਤੀਸ਼ਾਲੀ ਤਾਸੀਰ ਨੂੰ ਜਪੁ ਜੀ ਸਾਹਿਬ ਵਿਚ ਪਲਟ ਦਿੱਤਾ। ਜਪੁ ਜੀ ਸਾਹਿਬ ਗੁਰੂ ਨਾਨਕ ਸਾਹਿਬ ਦੀ ਉਮਰ ਦੇ ਕਿਸ ਪੜਾਅ ਵਿਚ ਰਚਿਆ ਗਿਆ? ਅਜਿਹੇ ਪ੍ਰਸ਼ਨ ਉਠਾਉਣੇ ਅਲਪ ਬੁੱਧੀ ਦਾ ਪ੍ਰਮਾਣ ਦੇਣਾ ਹੈ, ਕਿਉਂਕਿ ਬਾਣੀ ਦੇ ਹਰ ਸ਼ਬਦ ਵਿਚ ਦਸਾਂ ਪਾਤਸ਼ਾਹੀਆਂ ਦੇ ਪ੍ਰਭਾਵ ਮੌਜੂਦ ਹਨ। ਗੁਰੂ ਨਾਨਕ ਸਾਹਿਬ ਦੀ ਕੋਈ ਬਾਣੀ ਜਦੋਂ ਪਹਿਲੋਂ ਜਾਂ ਪਿੱਛੋਂ ਰਚੀ ਗਈ, ਉਦੋਂ ਵੀ ਉਸ ਦਾ ਪ੍ਰਕਾਸ਼-ਸੋਮਾ ਉਨ੍ਹਾਂ ਦੀਆਂ ਚਾਰੇ ਉਦਾਸੀਆਂ ਨਾਲ ਜੁੜਿਆ ਹੋਇਆ ਸੀ। ਇਕ ਪੁਸ਼ਤ ਨਹੀਂ ਲੱਖ ਪੁਸ਼ਤਾਂ, ਇਕ ਮੁਲਕ ਨਹੀਂ ਸੈਆਂ ਮੁਲਕਾਂ, ਇਕ ਸਾਲ ਨਹੀਂ ਹਜ਼ਾਰਾਂ ਸਾਲ-ਪੈਗ਼ੰਬਰਾਂ ਦੇ ਨਵੇਂ ਤੋਂ ਨਵੇਂ ਸੁਨੇਹੇ ਵਿਚ ਪਲਟ ਕੇ ਰੱਬੀ ਤਾਜ਼ਗੀ ਦੇ ਅਜੂਬੇ ਬਿਆਨ ਕਰਦੇ ਰਹੇ; ਅੰਤ ਇਕ ਜ਼ੋਰਦਾਰ ਅਜੂਬਾ ਗੁਰੂ ਨਾਨਕ ਸਾਹਿਬ ਦੀ ਨਜ਼ਰ ਵਿਚ ਪਲਟਿਆ, ਜੋ ਉਨ੍ਹਾਂ ਦੀ ਇੱਕੋ ਇੱਕ ਇਬਾਦਤ ਨੂੰ ਦਿੱਸ ਸਕਦਾ ਸੀ। ਹਜ਼ੂਰ ਨੇ ਉਸ ਅਜੂਬੇ ਨੂੰ ਜਪੁ ਜੀ ਸਾਹਿਬ ਦੀ ਪੁਸ਼ਾਕ ਪਹਿਨਾ ਦਿੱਤੀ।

ਜਪੁ ਜੀ ਸਾਹਿਬ ਵਿਚ ਅਕਾਲ ਪੁਰਖ ਦਾ ਪ੍ਰਕਾਸ਼ ਹੋਇਆ, ਕੁਦਰਤ ਦਾ ਪ੍ਰਕਾਸ਼ ਹੋਇਆ ਅਤੇ ਉੱਚੇ ਮਨੁੱਖ ਦਾ ਪ੍ਰਕਾਸ਼ ਹੋਇਆ, ਪਰ ਇਹ ਤਿੰਨੇ ਚੀਜ਼ਾਂ ਇੱਕੋ ਪਰਵਾਜ਼ ਦੇ ਤਾਲ ਵਿੱਚੋਂ ਉਭਰਦੀਆਂ ਹਨ। ਇਹ ਭਿੰਨ-ਭਿੰਨ ਲਹਿਰਾਂ ਨਹੀਂ, ਜਲਾਲ ਦਾ ਇੱਕੋ ਹੜ੍ਹ ਹਨ, ਪਰ ਇਨ੍ਹਾਂ ਦੀ ਅੰਤ੍ਰੀਵ ਤਾਸੀਰ ਨੂੰ ਸਮਝਾਉਣ ਲਈ ਤਿੰਨਾਂ ਨੂੰ ਭਿੰਨ-ਭਿੰਨ ਤੌਰ ਉੱਤੇ ਬਿਆਨ ਕਰਨਾ ਪਵੇਗਾ।

ਜਪੁ ਜੀ ਸਾਹਿਬ ਵਿਚ ਅਕਾਲ ਪੁਰਖ ਦਾ ਪ੍ਰਕਾਸ਼ ਹੋਇਆ। ਇਹ ਗੱਲ ਬੜੀ ਅਜੀਬ ਲੱਗੇਗੀ ਕਿ ਇਹ ਅਕਾਲ ਪੁਰਖ ਵਿਸ਼ੇਸ਼ ਤੌਰ ਉੱਤੇ ਸਿੱਖ-ਅਕਾਲ ਪੁਰਖ ਹੈ। ਰੱਬ ਤਾਂ ਸਭ ਦਾ ਸਾਂਝਾ ਹੈ, ਫੇਰ ਇਹ ‘ਸਿੱਖ’ ਲਫ਼ਜ਼ ਨਾਲ ਕਿਉਂ ਆਇਆ? ਇਸ ਦਾ ਜੁਆਬ ਹੈ ਕਿ ਜਪੁ ਜੀ ਸਾਹਿਬ ਵਿਚ ਅਕਾਲ ਪੁਰਖ ਦੇ ਜਿਹੜੇ ਪ੍ਰਕਾਸ਼-ਦ੍ਰਿਸ਼ ਦਿੱਤੇ ਗਏ ਹਨ, ਉਹ ਨਵੇਂ ਜਾਂ ਪੁਰਾਣੇ ਖ਼ਿਆਲਾਂ ਦੀ ਕਾਵਿਮਈ ਚੋਣ ਨਹੀਂ ਹਨ, ਵਿਸ਼ੇਸ਼ਣਾਂ ਅਤੇ ਕਲਪਾਂ ਨੂੰ ਅੱਗੇ-ਪਿੱਛੇ ਕਰਕੇ ਨਹੀਂ ਜੋੜਿਆ ਗਿਆ ਅਤੇ ਨਾ ਕਲਪਨਾ ਦੇ ਪੁਰਾਤਨ ਨਮੂਨਿਆਂ ਨੂੰ ਵਧਾਇਆ, ਉਸਾਰਿਆ ਜਾਂ ਮਨਮਰਜ਼ੀ ਨਾਲ ਜੋੜਿਆ ਗਿਆ ਹੈ, ਸਗੋਂ ਗੁਰੂ ਨਾਨਕ ਸਾਹਿਬ ਦੀ ਛੋਹ ਨਾਲ ਦਰਗਾਹ ਦਾ ਸੇਕ ਲਫਜ਼ਾਂ ਵਿਚ ਉਤਰ ਆਇਆ। ਦਰਗਾਹ ਉਹ ਨਜ਼ਾਰਾ ਹੈ, ਜਿੱਥੇ ਬੁੱਧੀ ਆਪਣੇ ਅਸਲ ਟਕਸਾਲੀ ਰੂਪ ਵਿਚ ਪਹੁੰਚਦੀ ਹੈ ਅਤੇ ਜਿਸ ਦਾ ਕੇਂਦਰ ਮਨੁੱਖ ਦੇ ਹਰ ਅਮਲ ਨੂੰ ਖਰੇ ਤੋਂ ਖਰਾ ਕਰ ਕੇ ਪਾਪ ਅਤੇ ਪੁੰਨ ਦੀ ਬਿਰਤੀ ਤੋਂ ਪਾਰ ਲੰਘਾ ਦਿੰਦਾ ਹੈ। ਉਹ ਛਿਣ ਜਦੋਂ ਗੁਰੂ ਨਾਨਕ ਸਾਹਿਬ ਦੀ ਉੱਚੀ ਸੁਰਤਿ ਹਰ ਚੀਜ਼ ਤੋਂ ਮੁਕਤ ਸੀ ਅਤੇ ਬੰਧਨ-ਰਹਿਤ ਅਕਾਲ ਪੜਾਅ ਨਾਲ ਜੁੜੀ ਹੋਈ ਸੀ, ਉਦੋਂ ਇਕ ਪਾਸੇ ਤਾਂ ਉਨ੍ਹਾਂ ਨੂੰ ਮਜ਼੍ਹਬਾਂ ਅਤੇ ਫ਼ਲਸਫ਼ਿਆਂ ਦੇ ਕੁਝ ਰਾਹ ਉਨ੍ਹਾਂ ਦੀਆਂ ਕਮਜ਼ੋਰੀਆਂ ਸਮੇਤ ਦਿੱਸਦੇ ਸਨ; ਦੂਜੇ ਪਾਸੇ ਉਨ੍ਹਾਂ ਦੇ ਸਾਹਮਣੇ ਅਕਾਲ ਪੁਰਖ ਦਾ ਉਹ ਨਜ਼ਾਰਾ ਸੀ, ਜਿੱਥੇ ਦ੍ਰਿਸ਼ ਹਰ ਕਿਸਮ ਦੇ ਸਾਪੇਖ ਤੋਂ ਆਜ਼ਾਦ ਹੋ ਜਾਂਦੇ ਹਨ ਅਤੇ ਜਿਸ ਅੰਦਰ ਧਰਤੀ ਅਤੇ ਉਸ ਦੇ ਮਨੁੱਖ ਜ਼ਿੰਦਾ ਹਨ, ਪਰ ਆਪਣੇ ਕਾਮਲ ਰੂਪ ਵਿਚ। ਹਜ਼ੂਰ ਨੂੰ ਮਨੋਵਿਗਿਆਨ ਦੇ ਘੇਰੇ ਵਿਚ ਨਾ ਆ ਸਕਣ ਵਾਲੀਆਂ ਅਨੇਕਾਂ ਸੁਰਤੀਆਂ ਦਾ ਗਿਆਨ ਹੋਇਆ। ਉਨ੍ਹਾਂ ਨੇ ਰੱਬ ਦੀ ਮੌਲਿਕ ਸ਼ਕਤੀ ਨੂੰ ਮਿਲਦੇ ਮਨੁੱਖ ਵੇਖੇ ਅਤੇ ਉਨ੍ਹਾਂ ਨੂੰ ਇਸ ਮੌਲਿਕ ਸ਼ਕਤੀ ਨੂੰ ਬੁੱਤਾਂ ਵਿਚ ਪਲਟ ਰਹੀਆਂ ਨਸਲਾਂ ਦੀ ਪਹੁੰਚ ਵੀ ਨਸੀਬ ਹੋਈ। ਉਨ੍ਹਾਂ ਨੇ ਮਨੁੱਖੀ ਅਚੰਭੇ ਨੂੰ ਜਗਾ ਰਿਹਾ ਪਰ ਨਾਲ ਹੀ ਉਸ ਦੀ ਅਕਲ ਨੂੰ ਇਸ ਅਚੰਭੇ ਦਾ ਗ਼ੁਲਾਮ ਬਣਾ ਰਿਹਾ ਮਿਥਿਹਾਸ ਦਾ ਬਲਵਾਨ ਅਲਸਾਇਆ ਚਿਤ੍ਰ ਉਸ ਦੇ ਵਿਰਾਟ ਰੂਪ ਵਿਚ ਤੱਕਿਆ। ਉਨ੍ਹਾਂ ਦੇ ਤਜਰਬੇ ਵਿਚ ਵੱਡੀ ਤੋਂ ਵੱਡੀ ਦੁਨਿਆਵੀ ਸ਼ਾਨੋ-ਸ਼ੌਕਤ ਆਈ, ਪਰ ਮਨੁੱਖ ਦੇ ਤਸੱਵਰ ਵਿਚ ਤਿਲਕਦੀ, ਕਾਲ ਦੀ ਵਿਸ਼ਾਲ ਛਾਤੀ ਉੱਤੇ ਫੈਲੀ ਹੋਈ, ਅਕਾਲ ਵੱਲ ਉਮਲ੍ਹਦੀ, ਇਤਿਹਾਸਕ ਸਥਿਤੀ ਨੂੰ ਪਾਰ ਕਰਨਾ ਲੋਚਦੀ ਅਤੇ ਮਜ਼੍ਹਬਾਂ ਨੂੰ ਸਰਦਾਰੀ ਬਖ਼ਸ਼ਦੀ ਅਤੇ ਫੇਰ ਉਨ੍ਹਾਂ ਦੀ ਸਰਦਾਰੀ ਕਬੂਲਦੀ- ਇਹ ਜਾਦੂਗਰਨੀ ਖੇਡ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਨਿਰਾਲੇ ਅੰਦਾਜ਼ ਵਿਚ ਵੇਖੀ। ਕੋਈ ਸ਼ੱਕ ਨਹੀਂ ਮਨੁੱਖੀ ਤਜਰਬੇ ਦੇ ਨੁਕਤੇ ਤੋਂ ਇਹ ਖੇਡ ਸੰਘਣੀ ਅਤੇ ਰਸਿਕ ਸੀ, ਪਰ ਗੁਰੂ ਨਾਨਕ ਸਾਹਿਬ ਦੀ ਉੱਚੀ-ਸੁਰਤਿ ਦੇ ਸਾਹਮਣੇ ਇਹ ਸਾਰਾ ਪਸਾਰਾ ਅਕਾਲ ਪੁਰਖ ਦੇ ਮਾਮੂਲੀ ਧਿਆਨ ਤੋਂ ਵੀ ਨੀਵਾਂ ਦਿਸਣ ਲੱਗਾ। ਇਹ ਸਭ ਚੀਜ਼ਾਂ ਇਕ ਪਾਸੇ ਤਾਂ ਜਮ ਦੀ ਜ਼ੰਜੀਰ ਵਿਚ ਬੰਦੀ ਹਨ, ਦੂਜੇ ਪਾਸੇ ਇਹ ਆਪਣੇ ਨਿੱਕੇ ਜਿਹੇ ‘ਹੋਣ’ ਨੂੰ ਹੀ ਸਾਰਾ ਕੁਝ ਮੰਨ ਬੈਠੀਆਂ ਹਨ ਅਤੇ ਇਸ ਤਰ੍ਹਾਂ ਸ੍ਰਿਸ਼ਟੀ ਵਿਚ ਭੈਅ ਅਤੇ ਹਉਮੈ ਦਾ ਆਪਾ-ਵਿਰੋਧ ਵੀ ਚੱਲ ਰਿਹਾ ਹੈ। ਗੁਰੂ ਨਾਨਕ ਸਾਹਿਬ ਨੂੰ ਉਸ ‘ਜ਼ੋਰ’ ਦਾ ਜ਼ਬਰਦਸਤ ਅਹਿਸਾਸ ਹੈ, ਜਿਹੜਾ ਮਨੁੱਖ ਦੇ ਸਿਰਜੇ ਹੋਏ ਦ੍ਰਿਸ਼ ਵਿਚ ਉਨ੍ਹਾਂ ਦੇ ਵੱਡੇ ਅਤੇ ਅਪਾਰ ਹੋਣ ਦੇ ਭੁਲੇਖੇ ਨੂੰ ਪੂਰੀ ਤਰ੍ਹਾਂ ਵੇਖ ਰਿਹਾ ਹੈ ਅਤੇ ਫੇਰ ਇਸ ਭੁਲੇਖੇ ਵਿਚ ਬੱਝੀ-ਚਾਲ ਨੂੰ ਲਘੂ-ਅੰਤ ਵਿਚ ਭੈਅਭੀਤ ਹੋ ਕੇ ਮਿਟਦਿਆਂ ਵੇਖਦਾ ਹੈ। ਕਿਸੇ ਹੋਰ ਪੈਗ਼ੰਬਰ ਨੂੰ ਮਨੁੱਖ ਦੇ ਬਹੁਰੂਪਾਂ ਦੀਆਂ ਅਨੇਕਾਂ ਬਾਰੀਕ, ਵਿਵਿੱਧ-ਰਸੀ ਅਤੇ ਇਤਿਹਾਸ ਦੀ ਬਾਹਰਲੀ ਗ਼ਰੀਬ ਜਿਹੀ ਸਤਹ ਤੋਂ ਓਹਲੇ ਦੇ ਜਲਾਲੀ ਸਮੁੰਦਰ ਦੀਆਂ ਐਨੀਆਂ ਥਰਥੱਰਾਹਟਾਂ ਦਾ ਨਹੀਂ ਪਤਾ, ਜਿੰਨਾ ਕਿ ਗੁਰੂ ਨਾਨਕ ਸਾਹਿਬ ਨੂੰ ਪਤਾ ਹੈ। ਪਰ ਉਨ੍ਹਾਂ ਨੂੰ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਉਸ ਅਮਿੱਤ ‘ਜ਼ੋਰ’ ਦਾ ਅਨੁਭਵ ਹੈ, ਜਿਸ ਦੇ ਸਾਹਮਣੇ ਇਹ ਅਸੰਖਾਂ ਥਰਥੱਰਾਹਟਾਂ ਵੀ ਇਕ ਨਿੱਕੀ ਸੁਰ ਸਮਾਨ ਹਨ। ‘ਜਪੁ ਜੀ ਸਾਹਿਬ’ ਜਿਸ ਰੱਬੀ ਤਰਜ਼ ਦਾ ਸ਼ਾਹਦ ਹੈ, ਉਹ ਤਰਜ਼ ਅਥਾਹ ਹੈ, ਪਰ ਇਸ ਅਥਾਹ ਦੇ ਹੋਣ ਵਿਚ ਇਕ ਅਸਲੋਂ ਨਵਾਂ ਦ੍ਰਿਸ਼ਟੀਕੋਣ ਹੈ। ਅਕਾਲ ਪੁਰਖ ਅਥਾਹ ਹੈ, ਪਰ ਇਸ ਦੇ ਅਥਾਹ ਹੋਣ ਦੀ ਤਾਸੀਰ ਇਕਦਮ ਨਿਰਾਲੀ ਹੈ, ਜਿਹੜੀ ਨਾ ਕਿਸੇ ਪੈਗ਼ੰਬਰ ਅਤੇ ਨਾ ਕਿਸੇ ਫ਼ਲਸਫ਼ੇ ਦੀ ਮੁਥਾਜ ਹੈ। ਅਥਾਹ ਦੇ ਇਸ ਬਿਆਨ ਦੇ ਉਹਲੇ ਗੁਰੂ ਨਾਨਕ ਸਾਹਿਬ ਦੀ ਆਪਣੀ ਨਿਗਾਹ ਹੈ, ਉਸ ਦੇ ਸਜਦੇ ਵਿਚ ਲੇਟਿਆ ਆਪਣਾ ਸੀਸ ਹੈ, ਉਸ ਦੀ ਬੰਦਗੀ ਵਿਚ ਜੁੜੇ ਆਪਣੇ ਹੱਥ ਹਨ ਅਤੇ ਉਸ ਦੀ ਮੰਜ਼ਿਲ ਵੱਲ ਉੱਠਦੇ ਆਪਣੇ ਪੈਰ ਹਨ। ਸੋ ਮੈਂ ਇਸੇ ਸੱਚਾਈ ਨੂੰ ਧਿਆਨ ਵਿਚ ਰੱਖਦਿਆਂ ਆਖਿਆ ਸੀ, ਕਿ ਜਪੁ ਜੀ ਦਾ ਅਕਾਲ ਪੁਰਖ ਵਿਸ਼ੇਸ਼ ਤੌਰ ਉੱਤੇ ਸਿੱਖ ਅਕਾਲ ਪੁਰਖ ਹੈ।

ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਨੂੰ ਕੁਝ ਇਸ ਤਰ੍ਹਾਂ ਵੇਖਿਆ ਕਿ ਇੰਞ ਵੇਖਣਾ ਉਨ੍ਹਾਂ ਦਾ ਅਤੇ ਬਾਕੀ ਨੌਂ ਪਾਤਸ਼ਾਹੀਆਂ ਦੀ ਜ਼ਿੰਦਗੀ ਦਾ ਮਖ਼ਸੂਸ ਅੰਦਾਜ਼ ਬਣ ਗਿਆ। ਇਹ ਅਲੌਕਿਕ ਰੱਬੀ ਦ੍ਰਿਸ਼ ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਇਕ ਦੂਜੇ ਵਿਚ ਸਮਾ ਗਈਆਂ। ਰੱਬ ਦੇ ਨਾਲ ਖ਼ਾਲਸੇ ਦਾ ਖ਼ਾਸ ਰਾਹ ਵੀ ਦਿਸਣ ਲੱਗਾ। ਹਜ਼ੂਰ ਨੇ ਸੱਤ ਤਰ੍ਹਾਂ ਅਕਾਲ ਪੁਰਖ ਦੇ ਪ੍ਰਕਾਸ਼ ਦਾ ਦੀਦਾਰ ਕੀਤਾ।

ਗੁਰੂ ਜੀ ਨੇ ਅਕਾਲ ਪੁਰਖ ਦੇ ਪਹਿਲੇ ਪ੍ਰਕਾਸ਼ ਨੂੰ ੴ ਫ਼ੁਰਮਾਇਆ। ਰੱਬ ਨੂੰ ਇਕ ਮੰਨਣ ਵਾਲੀਆਂ ਕੌਮਾਂ ਹੋਰ ਵੀ ਹਨ, ਪਰ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਇਸਲਾਮ ਨੂੰ ਛੱਡ ਕੇ ਬਾਕੀ ਮਜ਼੍ਹਬਾਂ ਨੇ ਰੱਬ ਨੂੰ ਕੁਝ ਕਰਤੱਵਾਂ, ਵਿਸ਼ੇਸ਼ਣਾਂ ਜਾਂ ਗਿਣੀਆਂ-ਮਿੱਥੀਆਂ ਸਿਫ਼ਤਾਂ ਵਿਚ ਵੰਡ ਦਿੱਤਾ ਸੀ। ਰੱਬ ਪੈਗ਼ੰਬਰੀ ਸੁਰਤਿ ਤੋਂ ਉਤਰ ਕੇ ਕਵੀ ਦੀ ਕਲਪਨਾ ਬਣ ਗਿਆ। ਆਦਮੀ ਦੀ ਬੁੱਧੀ ਰੱਬ ਵੱਲੋਂ ਬੇਮੁਖ ਹੋ ਕੇ ਫ਼ਲਸਫ਼ੇ ਦੀ ਤੋੜ-ਭੱਜ ਉੱਤੇ ਟਿਕ ਗਈ; ਕਲਪਨਾ ਵਿਚ ਰੱਬ ਦੀ ਥਾਂ ਬਿੰਬਾਂ ਦੀ ਘੁੰਮਣਘੇਰੀ ਪੈਣ ਲੱਗੀ; ਸੰਖਿਪਤ ਵਿਚ ਰੱਬ ਦਾ ਰਿਸ਼ਤਾ ਸਿਰਫ਼ ਖਿਆਲ ਨਾਲ ਹੀ ਰਹਿ ਗਿਆ। ਬੇਸ਼ੱਕ ਰੱਬ ਇੱਕ ਸੀ, ਪਰ ਇਸ ਨੂੰ ਮਨਮਰਜ਼ੀ ਨਾਲ ਅਨੇਕਾਂ ਬੁੱਤਾਂ ਵਿਚ ਉਲਟਾ ਲਿਆ ਜਾਂਦਾ ਸੀ-ਚਿੰਤਨ ਦੇ ਬੁੱਤਾਂ ਵਿਚ, ਕਾਲ ਦੇ ਬੁੱਤਾਂ ਵਿਚ, ਦੇਵਤਿਆਂ ਦੇ ਬੁੱਤਾਂ ਵਿਚ, ਕਰਮ-ਕਾਂਡ ਦੇ ਬੁੱਤਾਂ ਵਿਚ ਅਤੇ ਮਨੁੱਖੀ ਸੁਆਦਾਂ ਅਤੇ ਕਰਤੱਵਾਂ ਦੇ ਬੁੱਤਾਂ ਵਿਚ। ਚਾਰੇ ਵੇਦਾਂ ਵਿਚ ਸਿਫ਼ਤ ਕਰਨਾ ਇਕ ਠੋਸ ਬੱਝਵਾਂ ਕਰਤੱਵ ਬਣ ਗਿਆ ਹੈ-ਰੱਬ ਦੀ ਸਿਫ਼ਤ ਦੇ ਅੰਦਾਜ਼ ਅਤੇ ਤਰੀਕੇ ਨੂੰ ਬਿਨਾਂ ਕਿਸੇ ਗੁਨਾਹ ਦੇ ਅਹਿਸਾਸ ਦੇ ਕ੍ਰਮਵਾਰ ਦੇਵਤੇ, ਬ੍ਰਿਛ ਅਤੇ ਘਾਹ ਦੀ ਸਿਫ਼ਤ ਵਿਚ ਬਦਲ ਦਿੱਤਾ ਜਾਂਦਾ ਹੈ। ਯਹੂਦੀਆਂ ਦੀ ਅੰਜੀਲ (The Old Testament) ਦਾ ਰੱਬ ਵੀ ਮਨੁੱਖ ਦੇ ਰਸ ਤੋਂ ਬਾਹਰ ਨਹੀਂ। ਗੁਰੂ ਨਾਨਕ ਸਾਹਿਬ ਦਾ ਅਕਾਲ ਪੁਰਖ ਇੱਕ ਹੈ ਅਤੇ ਉਸ ਦੇ ਅਹਿਸਾਸ ਨੂੰ ਕਿਸੇ ਹੋਰ ਵਸਤੂ ਦਾ ਅਹਿਸਾਸ ਨਹੀਂ ਬਣਾਇਆ ਜਾ ਸਕਦਾ। ਰੱਬ ਦਾ ਅਹਿਸਾਸ ਕੇਵਲ ਰੱਬ ਦਾ ਅਹਿਸਾਸ ਹੀ ਹੈ; ਅਤੇ ਕਿਸੇ ਹਾਲਤ ਵਿਚ ਵੀ ਉਸ ਨੂੰ ਕਿਸੇ ਬੁੱਤ ਵਿਚ ਨਹੀਂ ਪਲਟਾਇਆ ਜਾ ਸਕਦਾ। “ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥” ਸਿਦਕ ਦੇ ਜਿਸ ਜ਼ੋਰ ਨਾਲ ਇਹ ਸ਼ਬਦ ਉਤਰੇ ਹਨ, ਉਹ ਜ਼ੋਰ ਸਾਰੇ ਜਪੁ ਜੀ ਸਾਹਿਬ ਵਿਚ ਪ੍ਰਵਾਹਤ ਹੈ, ਅਤੇ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਾਇਮ ਰਿਹਾ ਹੈ। ਅਕਾਲ ਪੁਰਖ ਦੇ ਇੱਕ ਹੋਣ ਦਾ ਅਹਿਸਾਸ ਮਨੁੱਖ ਦੇ ਸਿਦਕ ਵਿਚ ਇੰਞ ਟਿਕਾ ਦਿੱਤਾ ਗਿਆ ਹੈ ਕਿ ਇਹ ‘ਸੋਚ’ ਦੇ ਬੁੱਤਾਂ ਵਿਚ, ‘ਚੁੱਪ’ ਦੇ ਬੁੱਤਾਂ ਵਿਚ, ‘ਤ੍ਰਿਸ਼ਨਾ’ ਦੇ ਬੁੱਤਾਂ ਵਿਚ, ‘ਸਿਆਣਪਾਂ’ ਦੇ ਬੁੱਤਾਂ ਵਿਚ, ‘ਵੇਲਾ’ ਜਾਂ ‘ਵਖਤ’ ਅਰਥਾਤ ਕਾਲ ਦੇ ਬੁੱਤਾਂ ਵਿਚ, ‘ਬੰਦ ਖਲਾਸ’ ਦੇ ਗਿਆਨ- ਕਰਤੱਵਾਂ ਅਰਥਾਤ ਤਪਾਂ ਦੇ ਬੁੱਤਾਂ ਵਿਚ, ‘ਆਖਹਿ’ ਅਰਥਾਤ ਗਿਆਨ-ਵਿਸ਼ਲੇਸ਼ਣ ਦੇ ਬੁੱਤਾਂ ਵਿਚ ਅਤੇ ‘ਅੰਤੁ’ ਲਈ ਬਿਲਬਲਾਹਟ ਅਰਥਾਤ ਵਿਸ਼ਾਲਤਾ ਦੇ ਬੁੱਤਾਂ ਵਿਚ ਨਹੀਂ ਪਲਟਿਆ ਜਾ ਸਕਦਾ। ਅਕਾਲ ਪੁਰਖ ਦੇ ਇਸ ਅਹਿਸਾਸ ਨੂੰ ਇਸ ਦੇ ਆਪਣੇ-ਆਪ ਵਿਚ ਹੀ ਵੇਖਣਾ ਚਾਹੀਦਾ ਹੈ। ਇਸੇ ਅਹਿਸਾਸ ਵਿੱਚੋਂ ਖ਼ਾਲਸਾ ਜੀ ਦੇ ਨਿਆਰਾ ਰਹਿਣ ਦਾ ਬੀਜ ਪੁੰਗਰਿਆ। ਮਨੁੱਖ ਨੇ ਅਕਾਲ ਪੁਰਖ ਦੇ ਇਸ ਅਹਿਸਾਸ ਤੋਂ ਸਿਵਾ ਕਿਸੇ ਨਿਰਜਿੰਦ ਅਚਿਹਨਤਾ ਨਾਲ ਜੁੜ ਕੇ ਇਕਹਿਰੇ ਨਹੀਂ ਹੋਣਾ ਅਤੇ ਇਸ ਦਾ ਭੁਲੇਖਾ ਦੇ ਰਹੇ ਸੁਆਦ ਵਿਚ ਮਖ਼ਮੂਰ ਹੋ ਕੇ ਸਰਾਪੀ ਇਕੱਲ ਵਿਚ ਨਹੀਂ ਜਾਣਾ। ਅਕਾਲ ਪੁਰਖ ਦੇ ਇਸ ਨਿਆਰੇ ਅਹਿਸਾਸ ਵਿੱਚੋਂ ਹੀ ਧਰਤੀ ਦਾ, ਮਨੁੱਖ ਦਾ, ਗਿਆਨ ਦਾ ਅਤੇ ਮੁਹੱਬਤ ਦਾ ਬੀਜ ਲੈਣਾ ਹੈ, ਅਤੇ ਉਸ ਨੂੰ ਇਸ ਪੈਗ਼ੰਬਰੀ ਅਹਿਸਾਸ ਦੇ ਅੰਦਰ ਹੀ ਬੀਜਣਾ ਹੈ। ਇਹ ਗੱਲ ਸਮਝਾਉਣ ਲਈ ਨਿਰੋਲ ਸਿੱਖ ਤਾਸੀਰ ਨੂੰ ਲਫ਼ਜ਼ਾਂ ਵਿਚ ਉਤਾਰਿਆ ਗਿਆ ਹੈ ਅਤੇ ਲਫ਼ਜ਼ ਗੁਰੂ ਜੀ ਦੇ ਕਰਤੱਵਾਂ ਨਾਲ ਜੁੜੇ ਹੋਏ ਹਨ।

ਅਕਾਲ ਪੁਰਖ ਦਾ ਦੂਸਰਾ ਪ੍ਰਕਾਸ਼ ਉਸ ਦੇ ‘ਹੁਕਮ’ ਵਿਚ ਹੈ। ਹੁਕਮ ਉਸ ਦਾ ਜਲਾਲ ਹੈ। ਫਿਰ ਜੋ ਚੀਜ਼ ਵੀ ਅਕਾਲ ਪੁਰਖ ਦੀ ਪਛਾਣ ਦੇ ਨੇੜੇ ਹੁੰਦੀ ਹੈ, ਉਸ ਦਾ ਜਲਾਲ ਹੈ। ‘ਹੁਕਮੀ ਹੋਵਨਿ ਆਕਾਰ…’ ਜਦ ਚੰਨ-ਤਾਰਿਆਂ, ਸੂਰਜਾਂ ਅਤੇ ਬ੍ਰਹਿਮੰਡਾਂ ਤੋਂ ਲੈ ਕੇ ਕੀੜੀ ਤਕ ਦੀਆਂ ਸ਼ਕਲਾਂ ਉਸ ਦੇ ਹੁਕਮ ਨਾਲ ਵਜੂਦ ਵਿਚ ਆਈਆਂ, ਜਦੋਂ ਜ਼ਿੰਦਗੀ ਦੇ ਫੁਰਨੇ ਉਸੇ ਦੇ ਹੁਕਮ ਨਾਲ ਸਰੀਰ ਵੱਲ ਦੌੜੇ, ਜਦੋਂ ਉੱਤਮ ਅਤੇ ਨੀਚ ਦੇ ਰੁਤਬੇ ਉਸ ਦੇ ਇਸ਼ਾਰੇ ਉੱਤੇ ਹੋਂਦ ਵਿਚ ਆਏ, ਜਦੋਂ ‘ਬਖਸ਼ਿਸ਼ਾਂ’ ਉਸੇ ਦੇ ਹੁਕਮ ਨਾਲ ਆਈਆਂ ਅਤੇ ਜਨਮਾਂ ਦੀਆਂ ਘੁੰਮਣ-ਘੇਰੀਆਂ ਉਸੇ ਦੇ ਹੁਕਮ ਨਾਲ ਪਈਆਂ ਤਾਂ ਇਹ ਸੱਚਾਈ ਜ਼ੋਰ ਨਾਲ ਸਾਬਤ ਹੋ ਜਾਂਦੀ ਹੈ ਕਿ ਅੰਤਮ ‘ਹੈ’ ਵਿਚ ਹਰ ਚੀਜ਼ ਹੈ। ਹੁਕਮ ਦੇ ਅੰਦਰ ਹਰ ਚੀਜ਼ ਦੇ ‘ਹੋਣ’ ਨੇ ਸਥਾਪਤ ਹੋਣਾ ਹੈ ਪਰ ਸੁਆਲ ਇਹ ਹੈ ਕਿ ਹੁਕਮ ਤੋਂ ਬਿਨਾਂ ਉਸ ਤੋਂ ਮੁਨਕਰ ਹੋ ਕੇ ਕੋਈ ਚੀਜ਼ ਕਿੱਥੋਂ ਕੁ ਤਕ ‘ਹੋਣ’ ਦਾ ਦਾਅਵਾ ਕਰਦੀ ਹੈ ਜਿਸ ਸਥਿਤੀ ਨੂੰ ਕਿ ਜਪੁ ਜੀ ਸਾਹਿਬ ਵਿਚ ‘ਹਉਮੈ’ ਆਖਿਆ ਹੈ। ਹੁਕਮ ਦੇ ਪ੍ਰਸੰਗ ਵਿਚ ਪਹਿਲਾ ਨੁਕਤਾ ਇਹ ਹੈ, ਕਿ ਬ੍ਰਹਿਮੰਡ ਵਿਚ ਨਿੱਕੀ ਤੋਂ ਨਿੱਕੀ ਸ਼ੈਅ ‘ਹੈ’ ਅਤੇ ਉਸ ‘ਹੈ’ ਦੇ ਸਾਹਮਣੇ ਇਕ ਸਫ਼ਰ ਹੈ। ਦਿੱਸਣ ਵਾਲੀਆਂ ਅਤੇ ਅਨੁਭਵ ਕੀਤੀਆਂ ਜਾ ਸਕਣ ਵਾਲੀਆਂ ਹੋਂਦਾਂ ਕਿਸੇ ਵੱਡੀ ਅਸਲੀਅਤ ਦਾ ਪਰਛਾਵਾਂ ਨਹੀਂ ਹਨ ਸਗੋਂ ਅਕਾਲ ਪੁਰਖ ਨੇ ਉਨ੍ਹਾਂ ਨੂੰ ਆਪਣੀ ਵੱਡੀ ‘ਹੈ’ ਵਿਚ ਥਾਪਿਆ ਹੈ। ਉਮਰ ਵਿਚ ਛੋਟੇ ਹੋਣ ਨਾਲ, ਗਤੀ ਵਿਚ ਹੀਣ ਹੋਣ ਨਾਲ ਅਤੇ ਫੈਲਾਉ ਵਿਚ ਲਘੂ ਹੋਣ ਨਾਲ ਆਕਾਰ ‘ਮਾਇਆ’ ਨਹੀਂ ਬਣ ਜਾਂਦੇ; ਆਕਾਰ ਉਦੋਂ ਮਾਇਆ ਹੁੰਦੇ ਹਨ ਜਦੋਂ ਇਹ ਹੁਕਮ ਦੇ ਮੰਡਲ ਤੋਂ ਲਾਂਭੇ ਹੋ ਜਾਣ ਦੇ ਭੁਲੇਖੇ ਵਿਚ ਆਉਣ। ਜਿੰਨਾ ਚਿਰ ਸ੍ਰਿਸ਼ਟੀ ਦੀ ਕੋਈ ਹੋਂਦ ਜਾਂ ਵਸਤੂ ਹੁਕਮ ਦੀ ਪ੍ਰਵਾਨਗੀ ਵਿਚ ਹੈ ਉਨਾ ਚਿਰ ਉਹ ਮਾਇਆ ਨਹੀਂ। ਹੁਕਮ ਦੇ ਪ੍ਰਸੰਗ ਵਿਚ ਦੂਸਰਾ ਨੁਕਤਾ ਇਹ ਹੈ ਕਿ ਹਰ ਹੋਂਦ ਦੀ ਗਹਿਰਾਈ ਨਿਸ਼ਚਿਤ ਹੈ। ਹੋਂਦ ਦੀਆਂ ਅਸੰਖਾਂ ਲਹਿਰਾਂ ਦੇ ਸਤਹੀ ਰੂਪ ਆਪਣੀ ਬਣਤਰ ਅਤੇ ਹਿਲਜੁਲ ਨੂੰ ਇਥੇ ਹੀ ਮੁਕਾ ਨਹੀਂ ਲੈਂਦੇ ਸਗੋਂ ਉਨ੍ਹਾਂ ਦਾ ਰਿਸ਼ਤਾ ਕਿਸੇ ਦੂਰ ਨਾਲ ਹੈ। ਖ਼ਿਆਲ ਦੀ ਬਣਤਰ ਇਥੇ ਹੀ ਮੁੱਕ ਨਹੀਂ ਜਾਂਦੀ, ਰੰਗ ਦੀ ਸਮਾਪਤੀ ਨਿਗਾਹ ਦੇ ਜ਼ਾਵੀਏ ਤਕ ਹੀ ਮਹਿਦੂਦ ਨਹੀਂ, ਅਕਾਰ ਦੀਆਂ ਲੋੜਾਂ ਵਕਤ ਦੇ ਘੇਰੇ ਵਿਚ ਹੀ ਬੰਦ ਨਹੀਂ ਅਤੇ ਇਸ ਲਈ ਹਰ ਸਤਹ ਵਿਚ ਡੂੰਘਿਆਈ ਦਾ ਇਕਰਾਰ ਜ਼ਰੂਰ ਹੈ। ਆਦਮੀ ਆਪਣੇ ਸਮਾਜਿਕ ਰਵੱਈਏ, ਸੋਚਣੀ, ਲੋੜਾਂ, ਚਿੰਤਨ, ਚਾਲ-ਢਾਲ ਅਤੇ ਦ੍ਰਿਸ਼ਟੀ ਦੇ ਅਲਚਕ ਜ਼ਾਵੀਆਂ ਵਿਚ ਆਪਣੀ ਹੋਂਦ ਦਾ ਜਹਾਨ ਰਚ ਲੈਂਦਾ ਹੈ। ਹੌਲੀ-ਹੌਲੀ ਉਸ ਦੇ ਕਾਨੂੰਨ ਪਥਰਾਅ ਜਾਂਦੇ ਹਨ; ਅਤੇ ਉਹ ਅਲਚਕ ਅਤੇ ਬੇਜਾਨ ਖ਼ਿਆਲ ਦੀ ਪੂਜਾ ਕਰਦਾ ਹੈ ਜਾਂ ਉਸ ਦੇ ਨਿੱਕੇ ਜਿਹੇ ਅੰਤ ਵਿਚ ਗ਼ਰਕ ਜਾਂਦਾ ਹੈ। ਪਰ ਹੁਕਮ ਆਦਮੀ ਨੂੰ ਇਸ ਬੁੱਤਪ੍ਰਸਤੀ ਤੋਂ ਮੁਕਤ ਕਰਦਾ ਹੈ। ਜਦ ਅਸੀਂ ਹੱਦਾਂ ਰਚਦੇ ਹਾਂ ਤਾਂ ਬਾਹਰਮੁਖੀ ਘੇਰੇ ਬਣਦੇ ਹਨ ਪਰ ਹੁਕਮ ਇਨ੍ਹਾਂ ਘੇਰਿਆਂ ਨੂੰ ਢਾਹ ਦਿੰਦਾ ਹੈ। ਸਾਡੇ ਅੰਦਰ ਜੋ ਸੂਖ਼ਮ ਚੀਜ਼ ਹੈ, ਜੇ ਅਸੀਂ ਉਸ ਨੂੰ ਬੁੱਤਾਂ ਦੇ ਪਿੱਛੇ ਲੱਗ ਕੇ ਤੱਜਣਾ ਵੀ ਚਾਹੀਏ, ਉਹ ਤਜੀ ਨਹੀਂ ਜਾ ਸਕਦੀ: “ਏਹ ਵਸਤੁ ਤਜੀ ਨਹ ਜਾਈ” (ਮੁੰਦਾਵਣੀ)। ਹੁਕਮ ਦੇ ਪ੍ਰਸੰਗ ਵਿਚ ਤੀਸਰਾ ਨੁਕਤਾ ਇਹ ਹੈ ਕਿ ਇਹ ਮਨੁੱਖ ਨੂੰ ਵਕਤੀ ਕਰਤੱਵ ਤੋਂ ਅੱਗੇ ਲੈ ਜਾਂਦਾ ਹੈ। ਇਕ ਪਾਸੇ ਤਾਂ ਉਸ ਨੂੰ ਆਪਣੇ ਅਮਲ ਵਿਚ ਯਕੀਨ ਦੀ ਪ੍ਰਬਲਤਾ ਹੁੰਦੀ ਹੈ ਕਿਉਂਕਿ ਅਮਲ ਜਾਂ ਉਸ ਦੇ ਪਾਪ-ਪੁੰਨਾਂ ਦਾ ਰਿਸ਼ਤਾ ਉਸ ਹੁਕਮ ਨਾਲ ਹੈ ਜਿਸ ਦੇ ਕਾਰਨ ਉਹ ਇਸ ਦੁਨੀਆਂ ਵਿਚ ਆਇਆ ਅਤੇ ਜਿਸ ਦੇ ਕਾਰਨ ਉਹ ਇਸ ਦੁਨੀਆਂ ਵਿੱਚੋਂ ਚਲਿਆ ਜਾਵੇਗਾ। ਦੂਜੇ ਪਾਸੇ ਉਸ ਨੂੰ ਇਹ ਅਮਲ ਸੁਣੀ-ਸੁਣਾਈ, ਖ਼ਿਆਲ ਵਿੱਚੋਂ ਘੜੀ ਗਈ ਅਤੇ ਵਕਤ ਦੇ ਘੇਰੇ ਵਿਚ ਵਲੀ ਹੋਈ ਸੱਚਾਈ ਤੋਂ ਉਚੇਰੀ ਅਤੇ ਕਿਤੇ ਜ਼ਿਆਦਾ ਕੀਮਤੀ ਵਸਤੂ ਪ੍ਰਤੱਖ ਹੋ ਜਾਂਦਾ ਹੈ:

ਪੁੰਨੀ ਪਾਪੀ ਆਖਣੁ ਨਾਹਿ॥
ਕਰਿ ਕਰਿ ਕਰਣਾ ਲਿਖਿ ਲੈ ਜਾਹੁ॥
ਆਪੇ ਬੀਜਿ ਆਪੇ ਹੀ ਖਾਹੁ॥
ਨਾਨਕ ਹੁਕਮੀ ਆਵਹੁ ਜਾਹੁ॥ (ਪੰਨਾ 4)

ਜੇ ਮਨੁੱਖ ਹੁਕਮ ਦੇ ਨਾਲ ਆਇਆ ਹੈ ਅਤੇ ਹੁਕਮ ਦੇ ਅਧੀਨ ਹੀ ਚਲਿਆ ਜਾਣਾ ਹੈ ਤਾਂ ਸਪੱਸ਼ਟ ਹੈ ਕਿ ਉਸ ਦੇ ਅਮਲ ਦਾ ਸਫ਼ਰ ਉਸ ਦੇ ਆਉਣ ਤੋਂ ਲੈ ਕੇ ਜਾਣ ਤਕ ਫੈਲਿਆ ਹੋਇਆ ਹੈ। ਉਸ ਦਾ ਕਰਤੱਵ ਵਕਤੀ ਨਹੀਂ। ਉਸ ਨੇ ਆਪਣੀਆਂ ਫ਼ਸਲਾਂ ਧੁਰ ਦੇ ਹੁਕਮ ਨਾਲ ਬੀਜੀਆਂ ਹਨ। ਜੇ ਉਹ ਆਪਣੀ ਫ਼ਸਲ ਆਪ ਹੀ ਵੱਢਦਾ ਹੈ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਅਮਲ ਦੀ ਫ਼ਸਲ ਮੁਤਾਬਕ ਹੀ ਉਹ ਆਪਣੇ ਸਫ਼ਰ ਵਿਚ ਹੁਕਮ ਦਾ ਦੀਦਾਰ ਕਰ ਰਿਹਾ ਹੈ। ਹੁਕਮ ਦੇ ਪ੍ਰਸੰਗ ਵਿਚ ਚੌਥਾ ਨੁਕਤਾ ਹੈ ਕਿ ਜਿਉਂ-ਜਿਉਂ ਜੜ੍ਹ ਅਤੇ ਚੇਤਨ ਚੀਜ਼ਾਂ ਦੇ ਅਮਲ ਆਪਣੀ ਅਸ਼ਲੀਲ ਧੁੰਧ, ਜਿਹੜੀ ਕਿ ਆਪਣੇ ‘ਨਿੱਕੇ ਹੋਣ’ ਦੀ ਪਥਰੀਲੀ ਦੀਵਾਰ ਨੂੰ ਹੀ ‘ਪੂਰਨ ਹੋਣ’ ਦੇ ਭੁਲੇਖੇ ਦੇ ਰਹੀ ਹੈ, ਨੂੰ ਤੋੜਦੇ ਜਾਂਦੇ ਹਨ ਅਤੇ ਆਪਣੇ ਬਾਹਰਲੇ ਰੂਪਾਂ ਨੂੰ ਮੇਸਦੇ ਹੋਏ ਹੁਕਮ ਵਿਚ ਅਭੇਦ ਹੁੰਦੇ ਜਾ ਰਹੇ ਹਨ ਤਿਉਂ-ਤਿਉਂ ਉਹ ਅਮਲ ਨਿਰੰਕਾਰ ਦਾ ਹਿੱਸਾ ਬਣਦੇ ਜਾ ਰਹੇ ਹਨ। ‘ਸਚਖੰਡਿ’ ਵਿਚ ਨਿਰੰਕਾਰ ਤੋਂ ਬਿਨਾਂ ਹੋਰ ਕੌਣ-ਕੌਣ ਹਨ? ਗੁਰੂ ਨਾਨਕ ਸਾਹਿਬ ਨੇ ਇਸ਼ਾਰਾ ਕੀਤਾ ਹੈ:

ਤਿਥੈ ਖੰਡ ਮੰਡਲ ਵਰਭੰਡ॥
ਜੇ ਕੋ ਕਥੈ ਤ ਅੰਤ ਨ ਅੰਤ॥
ਤਿਥੈ ਲੋਅ ਲੋਅ ਆਕਾਰ॥
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ॥ (ਪੰਨਾ 8)

ਪਰ ਇਹ ਖੰਡ, ਮੰਡਲ, ਬ੍ਰਹਿਮੰਡ, ਲੋਕ ਅਤੇ ਆਕਾਰ ਉਨ੍ਹਾਂ ਦਿਸ਼ਾਵਾਂ ਵਿਚ ਵੀ ਹਨ ਜਿਹੜੀਆਂ ਕਿ ਸੱਚਖੰਡ ਨਾਲੋਂ ਕਿਤੇ ਉਰੇ ਹਨ, ਯਾਨੀ ਸ੍ਰਿਸ਼ਟੀ ਦੀ ਕਿਸੇ ਤੰਦ ਵਿਚ ਉਹ ਹਾਲੀ ਅਧਵਾਟੇ ਹੀ ਆਪਣਾ ਰੰਗ ਵਿਖਾ ਰਹੇ ਹਨ ਸੱਚਖੰਡ ਦੇ ਨੁਕਤੇ ਤੋਂ ਅਧੂਰੇ ਹਨ। ਉਹ ਅਸੰਖ ਵਾਲੀਆਂ ਪਉੜੀਆਂ ਵਿਚ, ‘ਅਸੰਖਾਂ’ ਦੀ ਪੰਗਤੀ ਵਿਚ ਆਉਂਦੇ ਹਨ, ‘ਸੋਦਰੁ’ ਵਾਲੀ ਪਉੜੀ ਵਿਚ ਉਨ੍ਹਾਂ ਦਾ ਜ਼ਿਕਰ ਅਧੂਰੀਆਂ ਪਰ ਦੈਵੀ ਰਾਹ ਵੱਲ ਵੇਖ ਰਹੀਆਂ ਸ਼ਕਤੀਆਂ ਦੇ ਨਾਲ ਹੀ ਆਉਂਦਾ ਹੈ ਅਤੇ ਫੇਰ ਇਹ ਗਿਆਨ ਖੰਡ ਦੀ ਸ੍ਰਿਸ਼ਟੀ-ਸੰਘਣਤਾ ਦਾ ਹਿੱਸਾ ਬਣਦੇ ਹਨ। ਤਾਂ ਤੇ ਕੁਦਰਤ ਦੇ ਇਨ੍ਹਾਂ ਰੂਪਾਂ ਨੂੰ ਸੱਚਖੰਡ ਵਿਚ ਇਸੇ ਕਾਰਨ ਸਥਾਨ ਪ੍ਰਾਪਤ ਹੋਇਆ ਕਿ ਹੌਲੀ-ਹੌਲੀ ਇਹ ਅਧੂਰੀਆਂ ਸੂਰਤਾਂ ਹੁਕਮ ਵਿਚ ਢਲ ਕੇ ਉਸ ਦੀ ਹਜ਼ੂਰੀ ਵਿਚ ਪਹੁੰਚ ਗਈਆਂ। ਇੰਞ ਹੁਕਮ ਅਕਾਲ ਪੁਰਖ ਦੇ ਇਕਰਾਰ ਦਾ ਹਿੱਸਾ ਬਣ ਗਿਆ। ਜਿਵੇਂ ਮੁਹੰਮਦ ਸਾਹਿਬ ਨੇ ਆਪਣੀ ਉੱਮਤ ਨੂੰ ਕਿਆਮਤ ਦੇ ਦਿਨ ਮਿਲਣ ਦਾ ਇਕਰਾਰ ਕੀਤਾ ਹੈ, ਇਸੇ ਤਰ੍ਹਾਂ ਸਿੱਖ-ਤਾਸੀਰ ਵਾਲਾ ਰੱਬੀ ਹੁਕਮ ਸੁੱਚੇ ਅਮਲ ਵਾਲਿਆਂ ਨੂੰ ਸੱਚਖੰਡ ਵਿਚ ਮਿਲਣ ਦਾ ਇਕਰਾਰ ਕਰਦਾ ਹੈ। ਅਕਾਲ ਪੁਰਖ ਦਾ ਤੀਸਰਾ ਪ੍ਰਕਾਸ਼ ਉਸ ਦੇ ਨਿਆਂ ਵਿਚ ਹੈ:

ਸਾਚਾ ਸਾਹਿਬੁ ਸਾਚੁ ਨਾਇ …॥ (ਪੰਨਾ 2)

ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ॥
ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ॥ (ਪੰਨਾ 5)

ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ॥
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ॥ (ਪੰਨਾ 6)

ਕਰਮੀ ਕਰਮੀ ਹੋਇ ਵੀਚਾਰੁ॥
ਸਚਾ ਆਪਿ ਸਚਾ ਦਰਬਾਰੁ॥…
ਕਚ ਪਕਾਈ ਓਥੈ ਪਾਇ॥
ਨਾਨਕ ਗਇਆ ਜਾਪੈ ਜਾਇ॥ (ਪੰਨਾ 7)

ਅਕਾਲ ਪੁਰਖ ਦਾ ਨਿਆਂ ਇਹ ਖ਼ਾਸ ਸਿੱਖ-ਅਹਿਸਾਸ ਪੈਦਾ ਕਰਦਾ ਹੈ ਕਿ ਸਰਬ ਬ੍ਰਹਿਮੰਡ ਨੂੰ ਇਕ ਮਹਾਨ ਅਮਲ ਮਿਲਿਆ ਹੈ। ਬ੍ਰਹਿਮੰਡ ‘ਹੈ’ ਅਤੇ ਉਸ ਵਿਚ ਸਮਿਲਿਤ ਨਿੱਕੀ ਤੋਂ ਨਿੱਕੀ ਸ਼ੈਅ ਵੀ ‘ਹੈ’, ਕਿਉਂਕਿ ਸਭਨਾਂ ਨੂੰ ਚੁਣੇ ਜਾਣ ਦਾ ਨਿਆਂ ਮਿਲ ਚੁੱਕਾ ਹੈ। ਅਮਲ ਨਾਲ ਸਭ ਵਸਤਾਂ ਉਥੇ ਪਹੁੰਚ ਜਾਣਗੀਆਂ, ਜਿੱਥੇ ਕਿ ਉਨ੍ਹਾਂ ਦੀ ਥਾਂ ਹੈ। ਸ੍ਰਿਸ਼ਟੀ ਦੀ ਹਰ ਵਸਤ ਵਿਲੱਖਣ ਹੋਣ ਦੇ ਅਹਿਸਾਸ ਨਾਲ ਭਰੀ ਹੈ ਕਿਉਂਕਿ ਉਹ ਚੁਣੀ ਗਈ ਹੈ ਭਾਵੇਂ ਅਸ਼ਲੀਲ ਜਕੜ ਤੋਂ ਮੁਕਤ ਨਾ ਵੀ ਹੋਈ ਹੋਵੇ। ਪਰ ਅੰਤਮ ਤੌਰ ਉੱਤੇ ਚੁਣੇ ਜਾਣ ਦਾ ਬੀਜ ਹਰ ਹੋਂਦ ਵਿਚ ਮੌਜੂਦ ਹੈ। ਭਵਿੱਖ ਵਿਚ ਹੋਂਦ ਲਈ ਰੱਬ ਦੇ ਨਿਆਂ ਦਾ ਕੋਈ ਪੜਾਅ ਹੈ ਜਿੱਥੇ ਕੱਚਿਆਂ-ਪੱਕਿਆਂ ਨੂੰ ਪਰਖਿਆ ਜਾਵੇਗਾ। ਇਹ ਅਵਸਥਾ ਪਰਵਾਜ਼ ਦਾ ਅਹਿਸਾਸ ਪੈਦਾ ਕਰਦੀ ਹੈ। ਪਰਵਾਜ਼ ਦਾ ਅਹਿਸਾਸ ਸ੍ਰਿਸ਼ਟੀ ਵਿਚ ਸ਼ਾਮਿਲ ਹੋਣ ਦਾ ਅਹਿਸਾਸ ਪੈਦਾ ਕਰਦਾ ਹੈ। ਸ੍ਰਿਸ਼ਟੀ ਵਿਚ ਸ਼ਾਮਲ ਹੋਣ ਦਾ ਅਹਿਸਾਸ ਧਰਤੀ, ਅਕਾਸ਼ ਅਤੇ ਬ੍ਰਹਿਮੰਡ ਪ੍ਰਤੀ ਦੋਸਤੀ ਦਾ ਅਹਿਸਾਸ ਪੈਦਾ ਕਰਦਾ ਹੈ। ਇਹ ਦੋਸਤੀ ਨਿੱਕੀ ਤੋਂ ਨਿੱਕੀ ਸ਼ੈਅ ਨੂੰ ਅਣਮੁੱਲ ਹੋਣ ਦੀ ਤੀਬਰਤਾ ਨਾਲ ਭਰਦੀ ਹੈ। ਇਹ ਅਣਮੁੱਲ ਹੋਣ ਦੀ ਤੀਬਰਤਾ ਕੀੜੀ (ਅਤਿ ਨਿੱਕੀ ਸ਼ੈਅ) ਨੂੰ ਸੱਚਖੰਡ ਦੇ ਨੇੜੇ ਲੈ ਜਾਂਦੀ ਹੈ। ਜੇ ਧੁਰ ਦਾ ਨਿਆਂ ਹਾਸਲ ਕਰਨਾ ਹੈ ਤਾਂ ਆਦਮੀ ਦੇ ਅਮਲ ਨੂੰ ਪੈਗੰਬਰ ਦਾ ਰੁਤਬਾ ਹਾਸਲ ਕਰਨਾ ਪਵੇਗਾ। ‘ਹੈ’ ਦੇ ਕੇਂਦਰ ਵਿਚ ਨਿਆਂ ਨੇ ਹੀ ਹਰ ਚੀਜ਼ ਨੂੰ ਟਿਕਾਇਆ ਹੈ ਅਤੇ ਇਸ ਨਿਆਂ ਦੇ ਅਹਿਸਾਸ ਨੂੰ ਕਿਸੇ ਹੋਰ ਵਡਿੱਤਣ ਦਾ ਬਦਲ ਨਹੀਂ ਬਣਾਇਆ ਜਾ ਸਕਦਾ। ਸੋ ਜੇ ਟਿਕੀਆਂ ਹੋਈਆਂ ਸ਼ਕਲਾਂ ਨੇ ਧੁਰ ਦੀ ਪਕਿਆਈ ਹਾਸਿਲ ਕਰਨੀ ਹੈ ਤਾਂ ਇਨ੍ਹਾਂ ਨੇ ਇਸ ਨਿਆਂ ਤੋਂ ਬਾਹਰਲੇ ਤੁੱਛ ਅਕੇਵੇਂ ਤੋਂ ਬਾਹਰ ਨਿਕਲਣਾ ਹੈ।

ਆਪਣੇ ਨਿਆਂ ਕਾਰਨ ਹੀ ਰਚਨਾ ਦਾ ਮਾਲਕ ਅਮਰ ਹੈ ਅਤੇ ਨਿਆਂ ਦੀ ਇਹ ਆਖ਼ਰੀ ਅਵਸਥਾ ਹੈ। ਜਿਉਂ-ਜਿਉਂ ਸ੍ਰਿਸ਼ਟੀ ਇਸ ਅੰਤਮ ਅਵਸਥਾ ਦੇ ਨੇੜੇ ਆਉਂਦੀ ਹੈ ਤਿਉਂ-ਤਿਉਂ ਉਸ ਦੀ ਚੋਣ ਹੋਰ ਖ਼ੁਦਾਈ ਹੁੰਦੀ ਜਾਂਦੀ ਹੈ। ਠੀਕ! ਹਰ ਕੋਈ ਚੁਣਿਆ ਗਿਆ ਹੈ ਅਤੇ ਇਹ ਚੁਣਿਆ ਜਾਣਾ ਅੰਤਮ ਸੱਚ ਦੇ ਹੋਣ ਦਾ ਪ੍ਰਮਾਣ ਹੈ, ਪਰ ਫੇਰ ਇਕ ਵਾਰ ਹਰ ਇਕ ਨੇ ਚੁਣਿਆ ਜਾਣਾ ਹੈ। ਇਸੇ ਚਾਲ ਵਿਚ ਅਮਲ ਦੇ ਅਨੇਕਾਂ ਰੂਪ ਲਘੂ-ਅੰਤਾਂ ਵਿਚ ਮਿਟ ਜਾਂਦੇ ਹਨ ਪਰ ਇਸੇ ਚਾਲ ਵਿਚ ਅਮਲ ਦੇ ਅਨੇਕਾਂ ਰੂਪ ਪੈਗ਼ੰਬਰ ਬਣ ਜਾਂਦੇ ਹਨ।

ਅਕਾਲ ਪੁਰਖ ਦਾ ਚੌਥਾ ਪ੍ਰਕਾਸ਼ ਉਸ ਦੇ ਕਰਮ ਅਰਥਾਤ ਫ਼ਜ਼ਲ ਵਿਚ ਹੈ:

ਕਰਮ ਖੰਡ ਕੀ ਬਾਣੀ ਜੋਰੁ॥
ਤਿਥੈ ਹੋਰੁ ਨ ਕੋਈ ਹੋਰੁ॥
ਤਿਥੈ ਜੋਧ ਮਹਾਬਲ ਸੂਰ॥
ਤਿਨ ਮਹਿ ਰਾਮੁ ਰਹਿਆ ਭਰਪੂਰ॥
ਤਿਥੈ ਸੀਤੋ ਸੀਤਾ ਮਹਿਮਾ ਮਾਹਿ॥
ਤਾ ਕੇ ਰੂਪ ਨ ਕਥਨੇ ਜਾਹਿ॥
ਨਾ ਓਹਿ ਮਰਹਿ ਨ ਠਾਗੇ ਜਾਹਿ॥
ਜਿਨ ਕੈ ਰਾਮੁ ਵਸੈ ਮਨ ਮਾਹਿ॥
ਤਿਥੈ ਭਗਤ ਵਸਹਿ ਕੇ ਲੋਅ॥
ਕਰਹਿ ਅਨੰਦੁ ਸਚਾ ਮਨਿ ਸੋਇ॥ (ਪੰਨਾ 8)

ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥
ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ॥ (ਪੰਨਾ 2)

ਜੇਵਡੁ ਆਪਿ ਜਾਣੈ ਆਪਿ ਆਪਿ॥
ਨਾਨਕ ਨਦਰੀ ਕਰਮੀ ਦਾਤਿ॥ (ਪੰਨਾ 5)

ਬਹੁਤਾ ਕਰਮੁ ਲਿਖਿਆ ਨਾ ਜਾਇ॥
ਵਡਾ ਦਾਤਾ ਤਿਲੁ ਨ ਤਮਾਇ॥ (ਉਹੀ)

ਤਕਰੀਬਨ ਹਰ ਮਜ਼੍ਹਬ ਵਿਚ ਰੱਬ ਦਾ ਮਿਹਰਬਾਨ ਰੂਪ ਪੇਸ਼ ਕੀਤਾ ਗਿਆ ਹੈ ਪਰ ਇਸਲਾਮ ਨੂੰ ਛੱਡ ਕੇ ਬਾਕੀ ਹਰ ਮਜ਼੍ਹਬ ਨੇ ਰਹੀਮ ਰੱਬ ਨੂੰ ਜਾਂ ਤਾਂ ਪਰੰਪਰਾਗਤ ਵਿਸ਼ੇਸ਼ਣਾਂ ਵਿਚ ਉਤਾਰ ਦਿੱਤਾ ਹੈ ਜਾਂ ਸਾਮ ਵੇਦ ਵਾਂਗ ਕਲਪਨਾ ਦੀ ਸਰੋਦੀ ਰੰਗੀਨੀ ਨੂੰ ਪਹਿਲ ਦੇ ਕੇ ਰੱਬ ਦੇ ਦਿਆਲੂ ਰੂਪ ਦੀ ਸਿਫ਼ਤ ਕੀਤੀ ਗਈ ਹੈ। ਸਿੱਖ ਧਰਮ ਵਿਚ ਰੱਬ ਦਾ ਮਿਹਰਬਾਨ ਰੂਪ ਹਰ ਪਾਸਿਉਂ ਨਿਆਰਾ ਹੈ। ਪਹਿਲਾਂ ਤਾਂ ਅਕਾਲ ਪੁਰਖ ਦੇ ਹੁਕਮ ਅਤੇ ਨਿਆਂ ਦਾ ਰੂਪ ਹੀ ਸਭ ਕੌਮਾਂ ਦੀ ਤਾਰੀਖ਼ ਵਿਚ ਅਦੁੱਤੀ ਹੋਣ ਦੀ ਸਿਖਰ ਹੈ, ਫੇਰ ਕਰਮ (ਫ਼ਜ਼ਲ) ਦਾ ਮੰਡਲ ਹੁਕਮ ਅਤੇ ਨਿਆਂ ਦੀ ਅਦਭੁਤ ਗਹਿਰਾਈ ਵਿਚ ਹੀ ਲਿਵਲੀਨ ਹੈ, ਜਿਵੇਂ ਕਿ ਸੂਰਜ ਵਿਚ ਕਿਰਨਾਂ ਸਮਾਈਆਂ ਹੋਈਆਂ ਹਨ।

ਹੁਕਮ ਵਿਚ ਅਪਹੁੰਚ ਫੈਲਾਅ ਹੈ, ਉਸ ਦੀ ਨਿਰਾਕਾਰ ਗਤੀ ਦਾ ਅੰਤ ਨਹੀਂ ਅਤੇ ਉਸ ਦੇ ਦੂਰ-ਨੇੜੇ ਦਾ ਯਥਾਰਥਕ ਰਹੱਸ ਲੱਭਣਾ ਡਾਢਾ ਔਖਾ ਹੈ ਪਰ ਕਰਮ (ਫ਼ਜ਼ਲ) ਇਸ ਅਦਭੁੱਤ ਰਚਨਾ ਦੀ ਅਪਕੜ ਬਾਰੀਕੀ ਨੂੰ ਇਕ ਕੇਂਦਰ ਉੱਤੇ ਲਿਆਉਂਦਾ ਹੈ। ਇਹ ਕੁਝ ਇਸ ਤਰ੍ਹਾਂ ਹੈ ਜਿਵੇਂ ਲੱਖਾਂ ਦਰਿਆ ਕਿਸੇ ਇਕ ਛਲ ਵਿਚ ਦਿੱਸਣ। ਫੇਰ ਸੁਆਲ ਪੈਦਾ ਹੁੰਦਾ ਹੈ ਕਿ ਫ਼ਜ਼ਲ ਦਾ ਕੇਂਦਰ ਕਿੱਥੇ ਬਣਦਾ ਹੈ ਜਦੋਂ ਕਿ ਹੁਕਮ ਦਾ ਅਥਾਹ ਪ੍ਰਵਾਹ ਉਸ ਦਾ ਸਾਥ ਕਰ ਰਿਹਾ ਹੈ? ਅਕਾਲ ਪੁਰਖ ਦੇ ਕਰਮ ਜਾਂ ਫ਼ਜ਼ਲ ਦਾ ਕੇਂਦਰ ਉਥੇ ਬਣਦਾ ਹੈ ਜਿੱਥੇ ਕਿ ਮਨੁੱਖ ਆਪਣੀਆਂ ਤੁੱਛ ਵਾਟਾਂ ਨੂੰ ਲੰਘ ਕੇ ਪੂਰੇ ਮਰਦ ਦੀ ਨੁਹਾਰ ਵਿਚ ਆਉਂਦਾ ਹੈ। ਰੱਬ ਦਾ ਕਰਮ ਉਥੇ ਹੈ ਜਿੱਥੇ ਪੂਰੇ ਮਰਦ ਦੀਆਂ ਨਿਸ਼ਾਨੀਆਂ ਹਨ। ਸੋ ਕਰਮ ਮਨੁੱਖ ਨੂੰ ਦੇਵਤੇ ਨਾਲੋਂ ਅੱਗੇ ਲੈ ਆਉਂਦਾ ਹੈ ਅਤੇ ਬ੍ਰਹਿਮੰਡ ਵੀ ਇਸ ਤੋਂ ਪਿਛਲੀ ਵਾਟ ਉੱਤੇ ਰਹਿ ਜਾਂਦੇ ਹਨ, ਕਿਉਂਕਿ “ਜੋਧ ਮਹਾਬਲ ਸੂਰ” ਦਾ ਪੜਾਅ ਗਿਆਨ ਖੰਡ ਅਤੇ ਆਨੰਦ-ਸਿਰਜਣਾ (ਸਰਮ ਖੰਡ) ਤੋਂ ਨਿਰਸੰਦੇਹ ਅੱਗੇ ਹੈ ਅਤੇ ਇਨ੍ਹਾਂ ਖੰਡਾਂ ਵਿਚ ਹੀ ਦੇਵਤੇ, ਸੁਰਤਿ ਦੇ ਚਮਤਕਾਰ, ਬੁੱਧੀ ਦੀਆਂ ਖੇਡਾਂ ਅਤੇ ਬ੍ਰਹਿਮੰਡ ਦੇ ਰੰਗ ਹਨ। ਬਖ਼ਸ਼ਿਸ਼ (ਕਰਮ) ਦੇ ਜ਼ੋਰ ਨਾਲ ਹੀ ਮਨੁੱਖ ਸ੍ਰਿਸ਼ਟੀ ਦੇ ਸਖ਼ਤ ਨਿਯਮਾਂ ਦੀ ਭੀੜੀ ਜਕੜ ਤੋਂ ਇਕਦਮ ਆਜ਼ਾਦ ਹੋ ਜਾਂਦਾ ਹੈ।

ਭਾਵੇਂ ‘ਲੋਅ ਲੋਅ’ ਦੇ ਭਗਤਾਂ ਅਤੇ ‘ਜੋਧ ਮਹਾਬਲ’ ਪੂਰੇ ਮਰਦਾਂ ਉੱਤੇ ਹੁਕਮ ਦੇ ਵੰਨ-ਸੁਵੰਨੇ ਜਲਾਲ ਵਿੱਚੋਂ ਦੀ ਲੰਘ ਕੇ ਕਰਮ (ਫ਼ਜ਼ਲ) ਆਪਣੀ ਪੂਰੀ ਚਮਕ ਮਾਰਦਾ ਹੈ ਅਤੇ ਹੜ੍ਹ ਦਾ ਹੜ੍ਹ ਕਿਸੇ ਇਕ ਨੁਕਤੇ ਉੱਤੇ ਆਪਣਾ ਜ਼ੋਰ ਸੁੱਟਦਾ ਹੈ ਪਰ ਇਸ ਸਦੀਵੀ ਨਿਆਰੇਪਣ ਵਿਚ ਆ ਕੇ ਵੀ ਕਰਮ ਰੱਬ ਦੀ ਜਾਤ ਤੋਂ ਇਕ ਛਿਣ ਵੀ ਪਾਸੇ ਨਹੀਂ ਹੁੰਦਾ। ਉਹ ‘ਇੱਕ’ ਹੈ, ਇਸ ਕਰਕੇ ਖ਼ਿਆਲ ਦੇ ਕਿਸੇ ਅੱਖਰ ਵਿਚ ਪਲਟ ਕੇ ਦੋ ਨਹੀਂ ਬਣ ਸਕਦਾ। ਜਿੱਥੇ ਕਰਮ ਹੈ, ਉਥੇ ਕੋਈ ਹੋਰ ਨਹੀਂ ਆ ਸਕਦਾ- ਨਾ ਕਲਾ, ਨਾ ਤਪ, ਨਾ ਜਪ, ਨਾ ਚਿੰਤਨ, ਨਾ ਕਲਪਨਾ, ਨਾ ਤੀਰਥ। ਕਰਮ, ਜੋ ਪੂਰੇ ਮਰਦ ਦੀ ਆਦਰਸ਼ਕ ਵਾਟ ਦੇ ਵਿੱਚੋਂ ਦੀ ਲੰਘਦਾ ਹੈ, ਨੇੜਤਾ ਵਿਚ ਵੀ ਅਕਹਿ ਅਤੇ ਅਥਾਹ ਹੈ। ਇਸ ਵਿਚ ਤ੍ਰਿਸ਼ਨਾ ਦਾ ਤਿਲ ਜਿੰਨਾ ਵਜੂਦ ਵੀ ਨਹੀਂ।

ਕਰਮ ਜਾਂ ਫ਼ਜ਼ਲ ਆਦਮੀ ਦੇ ਜਿਸਮ ਅਤੇ ਰੂਹ ਨੂੰ ਜਲਾਲ ਅਤੇ ਹੁਸਨ ਨਾਲ ਜੋੜਦਾ ਹੈ। ਕੱਪੜਾ (ਜਿਸਮ) ਸੁਹਣਾ ਹੈ ਕਿਉਂਕਿ ਕਰਮ ਨੇ ਇਸ ਦਾ ਆਖ਼ਰੀ ਰੂਪ ਆਪਣੀ ਹੀ ਨਜ਼ਰ ਵਿਚ ਸਾਜਿਆ ਹੈ। ਜਿਸਮ ਦੀ ਸਿਰਜਣਾ-ਵਾਟ ਵਿਚ ਅਨੇਕਾਂ ਮਸਨੂਈ, ਚੁਸਤ ਅਤੇ ਨਕਲੀ ਘਾੜਤਾਂ ਸਾਹਮਣੇ ਆ ਸਕਦੀਆਂ ਹਨ ਪਰ ਮਨੁੱਖ ਦੇ ਜਿਸਮ ਦਾ ਆਖ਼ਰੀ ਹੁਸੀਨ ਨਿਸ਼ਾਨ ਉਸ ਕੋਲ ਹੀ ਹੈ, ਜਿਸ ਨੂੰ ਹਜ਼ੂਰ ਨੇ ‘ਸਚਿਆਰ’ ਤੋਂ ਬਿਨਾਂ ਕਿਸੇ ਹੋਰ ਸੰਪੂਰਨਤਾ ਵਿਚ ਨਹੀਂ ਵੇਖਿਆ। ਜੇ ਇਲਾਹੀ ਕਰਮ ਵਾਲੇ ਨੂੰ ‘ਸਚਿਆਰ’ ਤੋਂ ਬਿਨਾਂ ਹੋਰ ਕੁਝ ਕਹਿਣਾ ਬਣਦਾ ਹੀ ਨਹੀਂ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਆਦਮੀ ਦੇ ਜਿਸਮ ਵਾਂਗ ੴ ਹੁਕਮ ਅਤੇ ਨਿਆਂ ਦੀ ਖ਼ੂਬਸੂਰਤੀ ਯਾਨੀ ਦੈਵੀ ਸੱਚ ਦਾ ਮਿਹਰਬਾਨ ਜਲਾਲ ਕਰਮ ਦਾ ਹੀ ਇਕ ਹਿੱਸਾ ਹੈ। ਸੋ ਖ਼ਾਕੀ ਅਤੇ ਖ਼ੁਦਾਈ ਸੂਰਤਾਂ ਦੀ ਜ਼ੀਨਤ ਇਲਾਹੀ ਕਰਮ ਦੇ ਸਦਕੇ ਹੈ।

ਜਦ ਹੁਕਮ ਕਰਮ ਵਿਚ ਪਲਟਦਾ ਹੈ ਤਾਂ ਮਨੁੱਖ ਵਿਚ ਮਿਹਰਬਾਨ ਦੇ ਨੇੜੇ ਹੋਣ ਦਾ ਇਕ ਖ਼ਾਬ ਤੀਬਰ ਹੋ ਉੱਠਦਾ ਹੈ। ਉਸ ਨੂੰ ਆਪਣੇ ਜਿਸਮ ਅਤੇ ਰੂਹ ਦੇ ‘ਅਸਲ’ ਉਸ ਧੁਰ ਦੇ ਇਕਰਾਰ ਨਾਲ ਜੁੜੇ ਲੱਗਦੇ ਹਨ, ਜਿਹੜਾ ‘ਇੱਕ’ ਹੈ, ਅਤੇ ਜਿਸ ਦਾ ‘ਦੋ’ ਮਸਨੂਈ ਹੈ। ਜਿਸਮ ਜਿਹੜਾ ਅਕਲ ਦੀਆਂ ਤੇਜ਼ ਘਾੜਤਾਂ ਵਿਚ ਚੱਲ ਸਕਦਾ ਹੈ, ਇਕ ਐਸੀ ਘਾੜਤ ਰੱਖਦਾ ਹੈ, ਜਿਹੜੀ ‘ਦੋ’ ਨਹੀਂ ਹੋ ਸਕਦੀ। ਸਾਡੇ ਜਿਸਮ ਦੀ ਹੁਕਮ ਵਿਚ ਇਕ ਦਿਸ਼ਾ ਹੈ, ਨਿਆਂ ਵਿਚ ਪਰਖ ਨਾਲ ਚੱਲ ਰਹੀ ਇਕ ਸ਼ਕਲ ਹੈ ਅਤੇ ਧੁਰ ਦੀ ਲਿਵ ਵਿਚ ਇਕ ਤਰਜ਼ ਹੈ। ਅਸੀਂ ਅਨੇਕ ਪਕੜਾਂ ਵਿਚ ਖੜ੍ਹੇ ਹਾਂ ਅਤੇ ਅਨੇਕਾਂ ਪਕੜਾਂ ਦੀ ਗ਼ਰਕਨ ਦੇ ਨੇੜੇ ਹਾਂ ਪਰ ਸਾਡਾ ਆਖ਼ਰੀ ਰੂਪ ਨਦਰ ਨੇ ਸਾਂਭ ਰੱਖਿਆ ਹੈ।

ਫੇਰ ਰੱਬ ਦੀ ਬਖ਼ਸ਼ਿਸ਼ (ਕਰਮ) ਵਿਗਾਸ ਵਿਚ ਪਲਟ ਜਾਂਦੀ ਹੈ। ਅਕਾਲ ਪੁਰਖ ਦਾ ਪੰਜਵਾਂ ਪ੍ਰਕਾਸ਼ ਉਸ ਦੇ ਵਿਗਾਸ ਵਿਚ ਹੈ। ਵਿਗਾਸ ਦੀ ਕੋਈ ਮੂਰਤ ਨਹੀਂ, ਅੱਖਰ ਉਸ ਦਾ ਭਾਰ ਨਹੀਂ ਉਠਾ ਸਕਦੇ ਅਤੇ ਕਾਵਿ-ਬਿੰਬ ਉਸ ਨੂੰ ਪ੍ਰਗਟ ਨਹੀਂ ਕਰ ਸਕਦੇ, ਕਿਉਂਕਿ ਵਿਗਾਸ ਤੱਕਣ, ਕਿਆਸ ਕਰਨ ਅਤੇ ਫ਼ਿਲਾਸਫ਼ੀ ਦੀ ਉਡਾਣ ਤੋਂ ਪਾਰ ਹੈ। ਆਖ਼ਿਰ ਵਿਗਾਸ ਦੀ ਕੀ ਨਿਸ਼ਾਨੀ ਹੈ? ਨਿਸ਼ਾਨੀ ਤਾਂ ਕੋਈ ਨਹੀਂ ਪਰ ਜੇ ਕਰਮ ਪੈਗੰਬਰੀ ਅਹਿਸਾਸ ਵਿਚ ਆਵੇ ਅਤੇ ਫੇਰ ਸ਼ਬਦ ਅਤੇ ਪੈਗ਼ੰਬਰੀ ਅਹਿਸਾਸ ਇਕ ਦੂਜੇ ਨੂੰ ਢੂੰਡਦੇ-ਢੂੰਡਦੇ ਇੱਕ ਹੋ ਜਾਣ ਤਦੋਂ ਅਕਾਲ ਪੁਰਖ ਦੇ ਵਿਗਾਸ ਦੀ ਨੇੜਤਾ ਮਹਿਸੂਸ ਕੀਤੀ ਜਾ ਸਕਦੀ ਹੈ।

ਗੁਰਬਾਣੀ ਵਿਚ ਰੱਬ ਦੀ ਖੇਡ ਦੇ ਫੈਲਾਉ ਦੀ ਬਾਹਰਲੀ ਸਤਹ (ਤੇ ਕੇਵਲ ਬਾਹਰਲੀ ਸਤਹ!) ਨੂੰ ਉਦਕਰਖ ਆਖਿਆ ਗਿਆ ਹੈ ਅਤੇ ਆਕਰਖ ਸਮੇਂ ਇਸ ਦੀ ਬਾਹਰਲੀ ਸਤਹ ਵਿਚ ਸੁੰਗੜਾਉ ਆਉਂਦਾ ਹੈ। ਪਰ ਵਿਗਾਸ ਦੱਸਦਾ ਹੈ ਕਿ ਰੱਬੀ ਖੇਡ ਵਿਚ ਆਕਰਖ ਉਦੋਂ ਵੀ ਹੈ ਜਦੋਂ ਸ੍ਰਿਸ਼ਟੀ ਦਾ ਬਾਹਰਲਾ ਵਜੂਦ ਆਪਣੀ ਉਦਕਰਖ ਗਤੀ ਰਾਹੀਂ ਆਪਣੀ ਸੰਪੂਰਨਤਾ ਵਿਚ ਦਿੱਸਦਾ ਹੈ। ਰੱਬ ਨੇ ਅਸੰਖਾਂ ਰੂਪ ਥਾਪ ਕੇ ਵਿਖਾ ਦਿੱਤੇ ਪਰ ਆਪ ਅਣਥਾਪਿਆ ਹੀ ਰਿਹਾ। ਉਹ ਵਿਸ਼ੇਸਣਾਂ, ਚਿੰਤਨਾਂ, ਮੰਤਵਾਂ ਅਤੇ ਸਿਫ਼ਤਾਂ ਦੇ ਵਿਸ਼ਾਲ ਸੰਗ੍ਰਹਿ ਵਿਚ ਦਿੱਸਿਆ ਪਰ ਉਸ ਦੀ ਅਸਲ ਸਥਿਤੀ ਅਪ੍ਰਗਟ ਹੀ ਰਹੀ। ਇਸ ਤਰ੍ਹਾਂ ਵਿਗਾਸ ਅੰਤਮ ਅਛੋਹ ਏਕਤਾ ਹੈ ਅਤੇ ਉਹ ਇਸ ਅਨੰਤ ਜ਼ੋਰ ਨੂੰ ਨਿਸ਼ਚੇ ਵਿਚ ਇੰਞ ਟਿਕਾਉਂਦਾ ਹੈ ਕਿ ਅੰਤਮ ਅਛੋਹ ਅਨੁਭਵ, ਬੁੱਧੀ, ਕਲਪਨਾ ਅਤੇ ਗਿਆਨ ਦੀ ਕੋਈ ਵੀ ਜਾਂਚ ਥਾਪ ਨਹੀਂ ਸਕਦੀ:

ਥਾਪਿਆ ਨ ਜਾਇ ਕੀਤਾ ਨ ਹੋਇ॥
ਆਪੇ ਆਪਿ ਨਿਰੰਜਨੁ ਸੋਇ॥ (ਪੰਨਾ 2)

ਸੋ ਗੁਰੂ ਨਾਨਕ ਸਾਹਿਬ ਦੇ ਅਕਾਲ ਪੁਰਖ ਦਾ ਵਿਗਾਸ ਜ਼ੱਰੇ ਸਮਾਨ ਹਸਤੀ ਨੂੰ ਅਪਕੜ ਜ਼ੋਰ ਨਾਲ ਜੋੜਦਾ ਹੈ ਅਤੇ ਉਸ ਵਿਚ ਅਰਦਾਸ ਦਾ ਹੁਸਨ ਜਗਾਉਂਦਾ ਹੈ। ਇਸ ਅਪਕੜ ਜ਼ੋਰ ਦੇ ਸਾਹਮਣੇ ਸ੍ਰਿਸ਼ਟੀ ਦੇ ਵਜੂਦ ਦੀਆਂ ਸਾਰੀਆਂ ਰੂਪ-ਰੇਖਾਵਾਂ ਅਲੋਪ ਹੋ ਜਾਂਦੀਆਂ ਹਨ ਪਰ ਇਹ ਅਪਕੜ ਜ਼ੋਰ ਨਾ ਪੌਰਾਣਿਕ ਹਿੰਦੂ ਪਰਲੋ ਹੈ, ਨਾ ਇਸਲਾਮੀ ਕਿਆਮਤ ਹੈ, ਨਾ ਵੇਦਾਂਤੀ ਬ੍ਰਹਮ ਹੈ ਅਤੇ ਨਾ ਬੋਧੀ ਸ਼ੂਨਯ ਹੈ ਸਗੋਂ ਇਹ ਅਨੰਦ ਅਛੋਹ ਏਕਤਾ ਹੈ ਜਿਸ ਦੀ ਅ-ਚਿਹਨਤਾ ਵਜੂਦ ਦੀ ਅਰਦਾਸ ਬਣ ਜਾਂਦੀ ਹੈ। ਇਹ ਅਰਦਾਸ ਸਦੀਵੀ ਤੌਰ ਉੱਤੇ ਨਿਸਚੇ ਨਾਲ ਅਭੇਦ ਹੈ ਯਾਨੀ ਵਿਗਾਸ ਦੇ ਧਰਾਤਲ ਉੱਤੇ ਸ੍ਰਿਸ਼ਟੀ ਦਾ ਨਿਸਚਾ ਅਨੰਤ ਅਰਦਾਸ ਬਣ ਕੇ ਪੁੰਗਰਦਾ ਹੈ:

ਦੇਦਾ ਦੇ ਲੈਦੇ ਥਕਿ ਪਾਹਿ॥
ਜੁਗਾ ਜੁਗੰਤਰਿ ਖਾਹੀ ਖਾਹਿ॥
ਹੁਕਮੀ ਹੁਕਮੁ ਚਲਾਏ ਰਾਹੁ॥
ਨਾਨਕ ਵਿਗਸੈ ਵੇਪਰਵਾਹੁ॥ (ਪੰਨਾ 2)

(ਉੱਚਾ) ਹੁਕਮ, (ਉੱਚਾ) ਨਿਆਂ ਅਤੇ (ਉੱਚੀ) ਬਖ਼ਸ਼ਿਸ਼ (ਕਰਮ)- ਅਕਾਲ ਪੁਰਖ ਦੀ ਆਪਣੀ ਅਰਦਾਸ ਹਨ ਅਤੇ ਉਸ ਦੀ ਮੌਲਿਕ ਤਰਜ਼ ਨਾਲ ਸੰਬੰਧ ਰੱਖਦੇ ਹਨ ਪਰ ਵਿਗਾਸ ਦੇ ਪ੍ਰਕਾਸ਼ ਵਿਚ ਇਹ ਤਿੰਨੇ ਰੱਬੀ ਨਿਗਾਹਾਂ ਇੱਕ ਨਿਗਾਹ ਬਣ ਜਾਂਦੀਆਂ ਹਨ। ਇਹ ਤਿੰਨੇ ਰੱਬੀ ਨਿਗਾਹਾਂ ਦੁਨਿਆਵੀ ਤਰਕ ਅਤੇ ਦਾਰਸ਼ਨਿਕ ਗਿਆਨ-ਵਿਸ਼ਲੇਸ਼ਣ ਦੇ ਘੇਰੇ ਤੋਂ ਪਹਿਲਾਂ ਹੀ ਬਾਹਰ ਹਨ ਪਰ ਵਿਗਾਸ ਇਨ੍ਹਾਂ ਤਿੰਨਾਂ ਨੂੰ ਪੈਗ਼ੰਬਰੀ ਅਹਿਸਾਸ ਦੇ ਮੰਡਲ ਤੋਂ ਵੀ ਬਾਹਰ ਲੈ ਆਉਂਦਾ ਹੈ। ਇਕ ਪੜਾਅ ਉੱਤੇ ਰੱਬੀ ਵਸਤਾਂ ਰੱਬੀ ਵਿਸ਼ਲੇਸ਼ਣ ਦੀ ਮਾਰ ਹੇਠ ਹੁੰਦੀਆਂ ਹਨ, ਦੂਜੇ ਪੜਾਅ ਉੱਤੇ ਇਨ੍ਹਾਂ ਨੂੰ ਨਿਰੋਲ ਰੱਬ ਹੋਣ ਲਈ ਇਸ ਰੱਬੀ ਵਿਸ਼ਲੇਸ਼ਣ ਦੇ ਜਲਾਲ ਨੂੰ ਵੀ ਤੋੜਨਾ ਪੈਂਦਾ ਹੈ। ਇਸੇ ਤਰ੍ਹਾਂ ਹੁਕਮ, ਨਿਆਂ ਅਤੇ ਕਰਮ ਅਥਾਹ ਜਲਾਲ ਵਾਲੇ ਹੋਣ ਦੇ ਬਾਵਜੂਦ ਅਥਾਹ ਨਹੀਂ ਹਨ ਕਿਉਂਕਿ ਉਹ ਰੱਬ ਵਾਲੇ ਪਾਸਿਉਂ ਥਾਪੇ ਹੋਏ ਹਨ, ਪਰ ਵਿਗਾਸ ਅਣਥਾਪਿਆ ਹੈ। ਇਹ ਅਣਥਾਪਿਆ ਕਿਸੇ ਵਿਚ ਨਹੀਂ, ਆਪਣੇ ਆਪ ਵਿਚ ਹੈ; ਪਰ ਇਕ ਛਿਣ ਪਹਿਲਾਂ ਇਸ ਦੇ ਉਪਰੋਕਤ ਤਿੰਨੇ ਰੂਪ, ਜੋ ਹੁਣ ਅ-ਛਿਣ ਵਿਚ ਹਨ, ਇਸ ਦੀ ਆਪਣੀ ਅਰਦਾਸ ਵਿਚ ਵੱਟ ਗਏ ਹਨ। ਪਰ ਅਰਦਾਸ ਉਥੇ ਹੈ, ਜਿੱਥੇ ਹੁਕਮ, ਨਿਆਂ ਤੇ ਕਰਮ ਵਿੱਚੋਂ ਗੁਜ਼ਰਿਆ ਵਜੂਦ ਹੋਵੇ। ਇੰਞ ‘ਵਿਗਾਸ’ ਵਿਚ ਇਹ ਤਿੰਨੇ ਅ-ਛਿਣ ਰੱਬੀ ਰੂਪ ਅਰਦਾਸ ਦੇ ਛਿਣ ਵਿਚ ਪਲਟ ਗਏ। ਅਰਦਾਸ ਦੇ ਛਿਣ ਨੇ ਵਜੂਦ ਨੂੰ ਪ੍ਰਤੱਖ ਕੀਤਾ ਅਤੇ ਉੱਚੇ ਮਨੁੱਖ ਦਾ ਸਲਾਮਤ ਰੂਪ ਸਾਹਮਣੇ ਆਇਆ:

ਨਾਨਕ ਭਗਤਾ ਸਦਾ ਵਿਗਾਸੁ॥ (ਪੰਨਾ 2)

ਭਗਤ ਰੱਬੀ ਵਿਗਾਸ ਦਾ ਮਹਿਮਾਨ ਹੈ; ਸੋ ਭਗਤ ਦਾ ਘਰ ਅਰਥਾਤ ਧਰਤੀ ਵੀ ਰੱਬੀ ਵਿਗਾਸ ਦੀ ਮਹਿਮਾਨ ਹੈ। ਸੋ ਇਹ ਮਹਿਮਾਨ ਹੋਣ ਦੀ ਸਥਿਤੀ ਇਤਿਹਾਸ ਦੀਆਂ ਅੰਤ੍ਰੀਵ ਸ਼ਕਤੀਆਂ ਵਿਚ ਪੈਗ਼ੰਬਰੀ ਨਕਸ਼ ਟਿਕਾਉਂਦੀ ਹੈ।

ਵਿਗਾਸ ਦੇ ਸਾਹਮਣੇ ਅਕਾਲ-ਫੈਲਾਉ, ਕਾਲ-ਲੰਬਾਈ ਅਤੇ ਦੂਰ-ਗਿਣਤੀ ਬੇਮਤਲਬ ਚੀਜ਼ਾਂ ਹਨ ਅਤੇ ਸ੍ਰਿਸ਼ਟੀ ਦੀ ਹਸਤੀ ਦੇ ਖ਼ਾਲਮ-ਖ਼ਾਲੀ ਪੜਾਅ ਹਨ ਪਰ ਹਰ ਚੀਜ਼ ਅਣਮੁੱਲ ਹੈ ਜੇ ਉਸ ਨੂੰ ਸਦੀਵੀ ਸਲਾਮਤ ਹੋਣ ਦਾ ਖਿਤਾਬ ਨਸੀਬ ਹੋਵੇ ਅਤੇ ਸਦੀਵੀ ਸਲਾਮਤ ਹੋਣ ਦਾ ਖ਼ਿਤਾਬ ਅਰਦਾਸ ਰਾਹੀਂ ਪ੍ਰਾਪਤ ਹੁੰਦਾ ਹੈ। ਅਰਦਾਸ ਉਪਰੋਕਤ ਵਿਗਾਸ ਦੀ ਦੈਵੀ ਤਰਜ਼ ਵਿੱਚੋਂ ਜਨਮ ਲੈਂਦੀ ਹੈ।

ਅਕਾਲ ਪੁਰਖ ਦਾ ਛੇਵਾਂ ਪ੍ਰਕਾਸ਼ ਉਸ ਦੀ ਦਰਗਾਹ ਵਿਚ ਜ਼ਾਹਿਰ ਹੁੰਦਾ ਹੈ:

ਪੰਚ ਪਰਵਾਣ ਪੰਚ ਪਰਧਾਨੁ॥
ਪੰਚੇ ਪਾਵਹਿ ਦਰਗਹਿ ਮਾਨੁ॥ (ਪੰਨਾ 3)

ਜਦ ਹਰ ਥਾਪਿਆ ਨਕਸ਼ ਵਿਗਾਸ ਦੀ ਅਪਾਰ ਥਰਥੱਰਾਹਟ ਅੰਦਰ ਖੋ ਗਿਆ ਅਤੇ ਸਾਰੀ ਸ੍ਰਿਸ਼ਟੀ ਅ-ਛਿਣ ਵਿਚ ਤਬਦੀਲ ਹੋ ਗਈ ਤਾਂ ਸਗਲ ਆਕਾਰ ਦੇ ਨਾਂਹ-ਹੋਣ ਦੇ ਭੈਅ ਨੂੰ ਦੂਰ ਕਰਨ ਲਈ ਦਰਗਾਹ ਦਾ ਨੂਰ ਉਗਮਿਆ। ਦਰਗਾਹ ਵੇਦਾਂਤ ਅਤੇ ਹੀਨਯਾਨ ਬੁੱਧ ਧਰਮ ਦੀ ਬੇ-ਆਬਾਦ ਅਚਿਹਨਤਾ ਦੇ ਸਾਹਮਣੇ ਚਮਕਦਾ ਹੋਇਆ ਇਕ ਸਥਿਰ ਨਿਸ਼ਾਨ ਹੈ। ਸੁਪਨਿਆਂ, ਸੁਰਤੀਆਂ, ਸੂਤਰਾਂ, ਜੁਗਤੀਆਂ, ਆਕਾਸ਼ਾਂ, ਪਾਤਾਲਾਂ, ਬ੍ਰਹਿਮੰਡਾਂ, ਤ੍ਰੈ-ਗੁਣੀ ਮੂਰਤਾਂ, ਵਿਚਾਰ-ਧਰਾਤਲਾਂ, ਉੱਪਰ ਪ੍ਰਾਕਿਰਤਕ ਸੂਰਤਾਂ, ਉੱਚਾਣਾਂ ਅਤੇ ਡੂੰਘਾਈ ਦੇ ਦਰਮਿਆਨ ਕੋਈ ਸਾਂਝਾ ਨਕਸ਼ ਹੈ, ਜਿਹੜਾ ਪੁੱਜ ਕੇ ਸੁੱਚਾ ਅਤੇ ਵਿਲੱਖਣ ਹੈ; ਪਰ ਇਹ ਸਾਂਝਾ ਨਕਸ਼ ਵਿਗਾਸ ਦੇ ਦੈਵੀਪਨ ਅੰਦਰ ਨਹੀਂ ਦਿੱਸਦਾ। ਸੋ ਆਕਾਰ ਦੀ ਜ਼ਰੂਰਤ ਨੂੰ ਸਥਾਪਤ ਕਰਨ ਲਈ ਅਕਾਲ ਪੁਰਖ ਦਾ ਵਿਗਾਸ ਦਰਗਾਹ ਦਾ ਇਕਰਾਰ ਕਰਦਾ ਹੈ, ਜਿੱਥੇ ਦੈਵੀ ਨਿਆਂ ਸ੍ਰਿਸ਼ਟੀ ਅਤੇ ਮਨੁੱਖ ਦੇ ਸਭ ਤੋਂ ਸੁੱਚੇ ਆਕਾਰ ਜਾਂ ਸਾਂਝੇ ਨਕਸ਼ ਨੂੰ ਉਤਾਰ ਦਿੰਦਾ ਹੈ। ਦਰਗਾਹ ਹੀ ‘ਸੋ ਦਰੁ’ ਹੈ, ਦਰਗਾਹ ਹੀ ‘ਸਚਾ ਦਰਬਾਰੁ’ ਹੈ, ਅਤੇ ਦਰਗਾਹ ਹੀ ‘ਸੋ ਘਰੁ’ ਹੈ। ਦਰਗਾਹ ਵਿਗਾਸ ਦੇ ਬੇਪਨਾਹ ਨੂਰ ਵਿਚ ਨਕਸ਼ ਦੇ ਇਕਰਾਰ ਨੂੰ ਲੈ ਕੇ ਖੜ੍ਹੀ ਹੈ। ਜੇ ਦਰਗਾਹ ਨਾ ਹੁੰਦੀ ਤਾਂ ਨਿਆਂ ਨਾ ਹੁੰਦਾ, ਜੇ ਨਿਆਂ ਨਾ ਹੁੰਦਾ ਤਾਂ ਨਕਸ਼ ਨਾ ਹੁੰਦਾ ਅਤੇ ਜੇ ਨਕਸ਼ ਨਾ ਹੁੰਦਾ ਤਾਂ ਖ਼ਾਲੀ ਅਚਿਹਨਤਾ ਹੁੰਦੀ। ਪਰ ਸਿੱਖ-ਰੱਬ ਖ਼ਾਲੀ ਅਚਿਹਨਤਾ ਨਹੀਂ। ਸਿੱਖ-ਰੱਬ ਦੀ ਅਪ੍ਰਤੱਖ ਅਚਿਹਨਤਾ ਵੀ ਮਹਿਬੂਬ ਜਿੰਨੀ ਪਿਆਰੀ ਹੈ, ਕਿਉਂਕਿ ਮਨੁੱਖ ਦਾ ਸਰਬੋਤਮ ਰੂਪ ਇਸ ਨੂੰ ਦਰਗਾਹ ਵਿਚ ਮਿਲ ਸਕਦਾ ਹੈ, ਪਰ ਯਾਦ ਰਹੇ ਦਰਗਾਹ ਕੋਈ ਥਾਪਿਆ ਹੋਇਆ ਆਕਾਰ ਨਹੀਂ, ਇਹ ਤਾਂ ਸਿਰਫ਼ ਸ੍ਰਿਸ਼ਟੀ ਦੇ ਉੱਚੇ ਰੂਪਾਂ ਅਤੇ ਵਿਗਾਸ ਦੇ ਨਾਲੋ-ਨਾਲ ਚੱਲਣ ਦੀ ਬਲਵਾਨ ਗਵਾਹੀ ਹੈ।

ਰੱਬੀ ਨਿਆਂ ਬ੍ਰਹਿਮੰਡ ਦੀ ਅਨੇਕਤਾ ਦੇ ਸਰਬੋਤਮ ਸੁੱਚੇ ਰੂਪਾਂ ਨੂੰ ਖੋਰਦਾ ਹੋਇਆ ਦਰਗਾਹ ਦੇ ਸਮੁੰਦਰ ਵੱਲ ਰਵਾਂ ਹੈ। ਸੋ ਇਸ ਨੁਕਤੇ ਤੋਂ ਵੇਖਿਆਂ ਦਰਗਾਹ ਆਖ਼ਰੀ ਸੱਚ ਦੇ ਕੋਲ ਹੋਣ ਦਾ ਜ਼ਬਰਦਸਤ ਅਹਿਸਾਸ ਹੈ।

ਅਕਾਲ ਪੁਰਖ ਦਾ ਸਤਵਾਂ ਪ੍ਰਕਾਸ਼ ਉਸ ਦੇ ‘ਸੱਚ’ ਰੂਪ ਵਿਚ ਹੈ। ‘ਸੱਚ’ ਕੋਈ ਵੱਖਰਾ ਰੂਪ ਨਹੀਂ, ਕੇਵਲ ਅਕਾਲ ਪੁਰਖ ਦੇ ਪਹਿਲੇ ਛੇ ਪ੍ਰਕਾਸ਼ ਰੂਪਾਂ ਦੇ ਹੋਣ ਦੀ ਗਵਾਹੀ ਹੈ:

ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ॥
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ॥…
ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ॥ (ਪੰਨਾ 6)

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ॥ (ਪੰਨਾ 7)

ਜੇਵਡੁ ਆਪਿ ਜਾਣੈ ਆਪਿ ਆਪਿ॥
ਨਾਨਕ ਨਦਰੀ ਕਰਮੀ ਦਾਤਿ॥ (ਪੰਨਾ 5)

ਜਿਸੁ ਹਥਿ ਜੋਰੁ ਕਰਿ ਵੇਖੈ ਸੋਇ॥ (ਪੰਨਾ 7)

‘ਸੱਚ’ ਤੋਂ ਸਾਬਤ ਹੈ ਕਿ ੴ, ਹੁਕਮ, ਨਿਆਂ, ਕਰਮ, ਵਿਗਾਸ ਅਤੇ ਦਰਗਾਹ ਸਭ ਹਨ ਅਤੇ ਸਦੀਵੀ ਤੌਰ ਉੱਤੇ ਹਨ। ਨਾ ਇਨ੍ਹਾਂ ਦਾ ਕੋਈ ਬਦਲ ਸੀ ਅਤੇ ਨਾ ਇਨ੍ਹਾਂ ਦਾ ਕੋਈ ਬਦਲ ਹੋਵੇਗਾ। ਕੀ ਗੁਰੂ ਨਾਨਕ ਸਾਹਿਬ ਨੇ ਕਿਸੇ ਪ੍ਰਮਾਣ ਰਾਹੀਂ ਇਹ ਰਾਜ਼ ਸਮਝਾਇਆ ਹੈ? ਨਹੀਂ! ਪ੍ਰਮਾਣ ਦੇਣਾ ਗੁਰੂ ਜੀ ਦਾ ਕੰਮ ਨਹੀਂ ਸੀ। ਉਨ੍ਹਾਂ ਆਪਣੀ ਖ਼ਾਲਸ ਕੁਦਰਤ ਦੇ ਸਾਰੇ ਅਮੁੱਲ ਅਹਿਸਾਸ, ਆਪਣੀ ਅਕਲ ਫ਼ਤਹ ਦੇ ਕੁੱਲ ਦੈਵੀ ਕ੍ਰਿਸ਼ਮੇ, ਆਪਣੀ ਜ਼ਿੰਦਗੀ ਦੇ ਸਾਰੇ ਕਰਤੱਵਾਂ ਦੀ ਸ਼ਾਨ ਅਤੇ ਆਪਣੇ ਜੀਵਨ ਭਰ ਦੇ ਇਲਹਾਮ ਦੀਆਂ ਬਰਕਤਾਂ ਨੂੰ ‘ਸੱਚ’ ਦੇ ਨੁਕਤੇ ਨਾਲ ਜੋੜ ਦਿੱਤਾ। ‘ਸੱਚ’ ਮਨੁੱਖੀ ਤਾਰੀਖ਼ ਦੀਆਂ ਬਾਰੀਕ ਤੈਹਾਂ ਵਿਚ ਆਪਣਾ ਵਿਸਮਾਦ ਨਕਸ਼ ਟਿਕਾ ਦਿੰਦਾ ਹੈ; ਅਤੇ ਫੇਰ ਜ਼ਾਹਿਰ ਕਰਦਾ ਹੈ ਕਿ:

1. ੴ, ਹੁਕਮ, ਨਿਆਂ, ਕਰਮ, ਵਿਗਾਸ ਅਤੇ ਦਰਗਾਹ ਨੂੰ ਕਲਪਨਾ, ਫ਼ਲਸਫ਼ਾ, ਬਿੰਬ, ਦ੍ਰਿਸ਼ਟਾਂਤ ਜਾਂ ਕੋਈ ਫ਼ਰਜ਼ੀ ਖ਼ਿਆਲ ਨਾ ਸਮਝੋ ਸਗੋਂ ਇਹ ਅਲੱਖ ਦੈਵੀ ਤਾਕਤਾਂ “ਪਾਤਿਸਾਹੁ ਸਾਹਾ ਪਾਤਿਸਾਹਿਬੁ” ਦੀ ਪਰਜਾ ਹਨ ਪਰ ਪਰਜਾ ਵੀ ਉਸ ਦਾ ਆਪਣਾ ਆਪ ਹੈ।
2. ਸ੍ਰਿਸ਼ਟੀ ਦਾ ਆਕਾਰ ਪੂਰਾ ਹੈ ਅਤੇ ਪੂਰਾ ਹੀ ਰਹੇਗਾ, ਦੇਵਤਿਆਂ ਵਿਚ ਕੁੱਝ (ਹਾਂ, ਕੁਝ!) ਉੱਚੇ ਗੁਣ ਹਨ ਪਰ ਉਹ ਇਨ੍ਹਾਂ ਉੱਚੇ ਗੁਣਾਂ ਦੀ ਘੁੰਮਣਘੇਰੀ ਵਿਚ ਹੀ ਰਹਿਣਗੇ ਅਤੇ ਇਹ ਛੇ ਪ੍ਰਕਾਸ਼-ਨਾਂ ਧਰਮ ਗ੍ਰੰਥਾਂ ਵਿਚ ਦੱਸੇ ਦੇਵਤਿਆਂ ਨਾਲੋਂ ਅਪਰ ਅਪਾਰ ਹਨ। ਦੂਜੇ ਪਾਸੇ ਦੇਵਤੇ ਪੂਰੇ ਮਰਦ ਵਾਂਗ ਨਵੀਂ ਤੋਂ ਨਵੀਂ ਪਰਵਾਜ਼ ਦੇ ਹੱਕਦਾਰ ਨਹੀਂ।
3. ਜੇ ਸ੍ਰਿਸ਼ਟੀ ਦਾ ਆਕਾਰ ਪੂਰਾ ਹੈ ਤਾਂ ਆਦਮੀ ਦੇ ਜਿਸਮ ਅਤੇ ਖ਼ਿਆਲ ਵਿਚ ਕੋਈ ਅਦ੍ਰਿਸ਼ਟ ਆਕਾਰ ਜ਼ਰੂਰ ਪੂਰਾ ਹੈ। ‘ਸੱਚ’ ਵਿਚ ਸਾਬਤ ਹੈ ਕਿ ਜਿਸਮ ਮਾਮੂਲੀ ਜਿਹੀ ਤਿਲ੍ਹਕਵੀਂ ਚੀਜ਼ ਨਹੀਂ, ਇਹ “ਪਾਤਿਸਾਹੁ ਸਾਹਾ ਪਾਤਿਸਾਹਿਬੁ” ਦੀ ਪੂਰੀ ਪਾਤਸ਼ਾਹੀ ਵਿਚ ਚਮਕ ਰਿਹਾ ਹੈ ਅਤੇ ਸਦੀਵਤਾ ਦੀਆਂ ਸਭ ਦੂਰੀਆਂ ਇਸ ਦੇ ਸਫ਼ਰ ਵਿਚ ਸ਼ਾਮਲ ਹਨ।
4. ‘ਸੱਚ’ ਨੇ ਇਲਹਾਮ ਨੂੰ ਗਵਾਹੀ ਤੋਂ ਆਜ਼ਾਦ ਕੀਤਾ। ਇਸ ਸ਼ਬਦ ਦੀ ਅਦਾ ਵਿਚ ਐਨਾ ਜਲਾਲ ਜਮ੍ਹਾਂ ਹੋ ਗਿਆ ਕਿ ਸਮੁੱਚੀ ਗੁਰਬਾਣੀ ਨੂੰ ਰੱਬ ਦੀ ਆਵਾਜ਼ ਤੋਂ ਬਿਨਾਂ ਹੋਰ ਕੁਝ ਆਖਣਾ ਕਠਨ ਹੋ ਗਿਆ। ਜਾਂ ਕਹੋ, ਇਲਹਾਮ ਆਖ਼ਰੀ ਗੱਲ ਸਮਝਾਉਣ ਲਈ ‘ਸੱਚ’ ਵਿਚ ਸ਼ਾਮਲ ਹੋ ਗਿਆ।
5. ‘ਸੱਚ’ ਪੂਰੇ ਮਰਦ ਨੂੰ ਸਿਦਕ ਦੀ ਪੂਰੀ ਪੁਸ਼ਾਕ ਦਿੰਦਾ ਹੈ। ਇਥੋਂ ਤਕ ਕਿ ਕਾਲ, ਬ੍ਰਹਿਮੰਡ ਅਤੇ ਧਰਤੀ ਪੂਰੇ ਮਰਦ ਦੀ ਦੋਸਤੀ ਦਾ ਰੁਤਬਾ ਅਖ਼ਤਿਆਰ ਕਰ ਜਾਂਦੇ ਹਨ। ‘ਸੱਚ’ ਬੇਨਾਮ ਅਤੇ ਖ਼ਿਆਲ ਤੋਂ ਪਾਰ ਦੀ ਨਿਰਾਕਾਰਤਾ ਹੈ, ਜਦੋਂ ‘ਸੱਚ’ ਹਰ ਦਿਸ਼ਾ ਵਿਚ ਆਪਣੀ ਸਦੀਵਤਾ ਪ੍ਰਤੱਖ ਕਰਦਾ ਹੈ ਤਾਂ ਆਦਮੀ ਦੇ ਸਫ਼ਰ ਦੀ ਇਕੱਲਤਾ ਮੁੱਕ ਜਾਂਦੀ ਹੈ ਅਤੇ ਉਸ ਦੇ ਲਘੂ ਰਸ ਅਮੁੱਲ ਬਣ ਜਾਂਦੇ ਹਨ। ਜਪੁ ਜੀ ਸਾਹਿਬ ਦੇ ਮੂਲ ਮੰਤਰ ਦੀ ਨਿਰਾਕਾਰਤਾ ਪਾਤਸ਼ਾਹਾਂ ਦਾ ਪਾਤਸ਼ਾਹ (ਸਾਹਾ ਪਾਤਿਸਾਹਿਬੁ) ਬਣਦੀ ਹੈ। ਸੱਚਾ ਪਾਤਸ਼ਾਹ ਜ਼ੱਰੇ-ਜ਼ੱਰੇ ਵਿਚ ਇਕ ਤੇਜ ਉਠਾਉਂਦਾ ਹੈ। ਸਿੱਟੇ ਵਜੋਂ ਨਿਰਾਕਾਰਤਾ ਕ੍ਰਮਵਾਰ ਜ਼ਿੰਦਾ ਛੋਹ ਅਤੇ ਖ਼ਿਆਲ ਦਾ ਜ਼ਿੰਦਾ ਜਿਸਮ ਬਣ ਜਾਂਦੀ ਹੈ। ਇੰਞ ਅਰੂਪ-ਅਨਾਮ-ਬੇਰੰਗ ਵਾਹਿਗੁਰੂ ਦੋਸਤ ਵਰਗਾ ਯਕੀਨ ਬਣ ਗਿਆ।

ਉਪਰੋਕਤ ਸੱਤ ਇਲਾਹੀ ਰਮਜ਼ਾਂ ਨੂੰ ਅਕਾਲ ਪੁਰਖ ਦਾ ਇੱਕੋ ਪ੍ਰਕਾਸ਼ ਸਮਝਣਾ ਚਾਹੀਦਾ ਹੈ। ਇਨ੍ਹਾਂ ਦਾ ਅਦ੍ਰਿਸ਼ਟ ਧੁਰ-ਮੰਡਲ ਇੱਕੋ ਹੈ ਭਾਵੇਂ ਮਾਨਵ-ਨੀਝ ਦੇ ਧਰਾਤਲ ਉੱਤੇ ਇਹ ਇਲਾਹੀ ਰਮਜ਼ਾਂ ਅਧੂਰੇ ਢੰਗ ਨਾਲ ਮਿਲਣਗੀਆਂ। ਇਕ ਗੱਲ ਜ਼ਰੂਰ ਸਪੱਸ਼ਟ ਹੈ ਕਿ ਜਪੁ ਜੀ ਸਾਹਿਬ ਅਤੇ ਫੇਰ ਗੁਰਬਾਣੀ ਦਾ ਅਕਾਲ ਪੁਰਖ ਇਕ ਐਸੇ ਇਤਿਹਾਸ ਨਾਲ ਬਾਵਸਤਾ ਹੈ ਜਿਹੜਾ ਤੱਥ-ਦ੍ਰਿਸ਼ਾਂ, ਇਕਹਿਰੇ ਕਾਲਾਂ, ਸਤਹੀ ਤਰਤੀਬਾਂ, ਚਿੰਤਨ ਬਣਤਰਾਂ ਅਤੇ ਬੌਧਿਕ ਜਾਚਾਂ ਦਾ ਮੁਥਾਜ ਨਹੀਂ। ਇਹ ਇਕ ਸਦਾ-ਜਾਗਦਾ ਮੁਕੰਮਲ ਜਲਾਲ ਹੈ ਅਤੇ ਇਕ ਨਾ ਮੁੱਕਣ ਵਾਲੀ ਐਸੀ ਖੁੱਲ੍ਹ ਹੈ, ਜਿੱਥੇ ਕਿਸੇ ਦ੍ਵੈਤ-ਘੇਰੇ ਦੀ ਰੋਕ ਨਹੀਂ। ਬਸ ਪਰਵਾਜ਼ ਹੀ ਪਰਵਾਜ਼ ਹੈ। ‘ਸੱਚ’ ਦੇ ਮੰਡਲ ਵਿਚ ਦਾਖ਼ਲ ਹੋਇਆਂ ਮਨੁੱਖ ਦੇ ਇਲਮ, ਅਕਲ, ਸ਼ੌਕ, ਇਸ਼ਕ ਅਤੇ ਸੁਆਦ ਨੂੰ ਨਾ ਮੁੱਕਣ ਵਾਲੀ ਖੁੱਲ੍ਹ ਨਸੀਬ ਹੋ ਜਾਂਦੀ ਹੈ। ਪੂਰੇ ਮਰਦ ਨੂੰ ਕ੍ਰਮਵਾਰ ਧਰਵਾਸ, ਯਕੀਨ ਅਤੇ ਭਰਪੂਰ ਵਸਲ ਦੇਣ ਲਈ ਹੀ ਇਹ ਕਹਿਰਵਾਨ ਪਲਟਾ ਆਇਆ।

ਅਕਾਲ ਪੁਰਖ ਦੇ ਨਾਲ ਹੀ ਜਪੁ ਜੀ ਸਾਹਿਬ ਵਿਚ ਕੁਦਰਤ ਦਾ ਪ੍ਰਕਾਸ਼ ਹੋਇਆ। ਇਹ ਕੁਦਰਤ ਇਤਿਹਾਸ ਵਿਚ ਇਕ ਨਵੇਂ ਮਨੁੱਖ ਦਾ ਆਗਾਜ਼ ਕਰਦੀ ਹੈ; ਆਦਮੀ ਦੀ ਸਮੁੱਚੀ ਚੇਤਨਾ ਨਾਲ ਇਕ ਨਵੀਂ ਪ੍ਰਤੀਤੀ ਦਾ ਪ੍ਰਵਾਹ ਵਗਾਉਂਦੀ ਹੈ; ਅਤੇ ਕਿਸੇ ਵਿਸ਼ਾਲ ਖਿਆਲ ਦੀ ਰਮਜ਼ ਵਿਚ ਆਦਮੀ ਦੇ ਸਦੀਵੀ ਨਕਸ਼ ਨੂੰ ਟਿਕਾ ਦਿੰਦੀ ਹੈ।

ਗੁਰੂ ਨਾਨਕ ਸਾਹਿਬ ਦੀ ਕੁਦਰਤ ਵਿਚ ‘ਅਕਾਰਾਂ’ ਦਾ ਖ਼ਾਸ ਰੁਤਬਾ ਹੈ, ਕਿਉਂਕਿ ਇਨ੍ਹਾਂ ਦੀ ਹੋਂਦ ਜ਼ਿੰਦਗੀ ਦੇ ‘ਹੋਣ’ ਦੇ ਯਕੀਨ ਦੀ ਜ਼ਾਮਨ ਹੈ। ਰੂਹ ਤੋਂ ਲੈ ਕੇ ਅਕਾਸ਼ ਤਕ, ਅਕਾਸ਼ ਤੋਂ ਲੈ ਕੇ ਕਾਲ-ਖੰਡਾਂ ਦੀ ਕਲਪੀ ਜਾ ਸਕਣ ਵਾਲੀ ਤਿਲ੍ਹਕਦੀ ਲੰਬਾਈ ਤਕ, ਪੰਛੀ ਦੇ ਨਿੱਕੇ ਖੰਭਾਂ ਤੋਂ ਲੈ ਕੇ ਸਿਤਾਰਿਆਂ ਦੀਆਂ ਘੁੰਮਣਘੇਰੀਆਂ ਤਕ-ਗੱਲ ਕੀ ਬ੍ਰਹਿਮੰਡ ਦੇ ਹਰ ਪਾਸੇ ਆਕਾਰ ਹੀ ਆਕਾਰ ਹਨ:

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥…
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ (ਪੰਨਾ 1)

ਗੁਰਬਾਣੀ ਦੀਆਂ ਇਹ ਤੁਕਾਂ ਵੇਖਣ ਨੂੰ ਹਰ ਉੱਚੇ ਇਲਹਾਮ ਵਾਂਗ ਬਹੁਤ ਹੀ ਸਾਦੀਆਂ ਹਨ ਪਰ ਇਨ੍ਹਾਂ ਦੀ ਗੰਭੀਰਤਾ ਦੇ ਮੰਡਲ ਅਥਾਹ ਹਨ। ਹਾਂ, ਹੁਕਮ ਵਾਲੇ ਨੇ ਆਕਾਰਾਂ ਨੂੰ ਪੈਦਾ ਕੀਤਾ। ਇਹੋ ਕਾਰਨ ਹੈ ਕਿ ਅਸੰਖਾਂ ਆਕਾਰਾਂ ਵਿਚ ਜ਼ਿੰਦਗੀ ਦਾ ਸਫ਼ਰ ਮੰਨਣਯੋਗ ਬਣਿਆ ਅਤੇ ਨੁਕਤੇ ਤਕ ਦੇ ਹੋਣ ਦਾ ਸਿਦਕ ਪੈਦਾ ਹੋਇਆ। ਇੰਞ ਘੱਟੋ-ਘੱਟ ਉੱਚੀ ਲਿਵ ਦੇ ਕੁੱਲ ਸਫ਼ਰ ਪਰਿਵਰਤਨਾਂ ਤੋਂ ਮੁਕਤ ਹਨ। ਆਕਾਰਾਂ ਨੂੰ ਫ਼ਲਸਫ਼ੇ ਦੀ ਕਿਸੇ ਨਿੱਕੀ ਚਰਚਾ ਦੇ ਘੇਰੇ ਵਿਚ ਆਉਣ ਦੀ ਲੋੜ ਨਹੀਂ ਕਿਉਂਕਿ ਉਨ੍ਹਾਂ ਵਿਚ ਰੱਬੀ-ਹੁਕਮ ਦੀ ਖੇਡ ਵਰਤ ਰਹੀ ਹੈ। ਹਸਤੀ ਅਤੇ ਆਕਾਰ ਦੀ ਉਹ ਪਹਿਲ-ਤਾਜ਼ਗੀ ਜਿਸ ਦੀ ਰਮਜ਼ ਹੁਕਮ ਨਾਲੋਂ ਮੂਲ ਰੂਪ ਵਿਚ ਭਿੰਨ ਨਹੀਂ, ਕਿਸੇ ਵੀ ਮੁਕਤੀ ਦੀ ਤਲਬ ਤੋਂ ਉੱਚੀ ਹੈ ਅਤੇ ਹਰ ਸਾਪੇਖ ਤੋਂ ਪਾਰ ਹੈ।

ਤੁਕ ਦੇ ਅਗਲੇ ਹਿੱਸੇ ਵਿਚ ਹਜ਼ੂਰ ਨੇ ਫ਼ੁਰਮਾਇਆ ਕਿ ਹੁਕਮ ਨੂੰ ਕਹਿਣਾ ਕਠਨ ਹੈ। ਸੋ, ਜੇ ਹੁਕਮ ਨੂੰ ਆਖਿਆ ਨਹੀਂ ਜਾ ਸਕਦਾ ਤਾਂ ਆਕਾਰਾਂ ਦੇ ਆਖ਼ਰੀ ਰਹੱਸ ਨੂੰ ਮਨੁੱਖੀ ਖ਼ਿਆਲ ਦੀ ਕੋਈ ਯੋਜਨਾ ਸਮਝਾ ਨਹੀਂ ਸਕਦੀ। ਆਕਾਰਾਂ ਦੇ ਧੁਰ-ਮੂਲ, ਧੁਰ-ਚਾਲ ਅਤੇ ਧੁਰ-ਸੁਆਦ ਇਨ੍ਹਾਂ ਦੀ ਬਾਹਰੋਂ ਦਿੱਸਦੀ ਯੋਜਨਾ ਤੋਂ ਅਸਲੋਂ ਹੀ ਨਿਰਲੇਪ ਹਨ। ਬ੍ਰਹਿਮੰਡ ਦੀ ਜ਼ਿੰਦਗੀ ਦੇ ਅਨੇਕਾਂ ਦ੍ਰਿਸ਼ ਅਤੇ ਅਨੇਕਾਂ ਹਿੱਸੇ ਚੱਖੇ ਅਤੇ ਛੋਹੇ ਜਾ ਸਕਦੇ ਹਨ ਪਰ ਉਨ੍ਹਾਂ ਦੀਆਂ ਅੰਤਮ ਗੋਲਾਈਆਂ ਦਾ ਨਜ਼ਾਰਾ ਬਿਆਨ ਨਹੀਂ ਕੀਤਾ ਜਾ ਸਕਦਾ। ਹੁਕਮ ਵਿੱਚੋਂ ਕੁਦਰਤ ਦੀ ਜੋ ਚੀਜ਼ ਪੈਦਾ ਹੋਈ ਹੈ, ਅਸੀਂ ਉਸ ਨੂੰ ਐਨ ਉਸੇ ਰੂਪ ਵਿਚ ਨਹੀਂ ਲੱਭ ਸਕਦੇ। ਸ੍ਰਿਸ਼ਟੀ ਦੀ ਤਾਜ਼ਗੀ ਦੇ ਚਸ਼ਮੇ ਕਿਸੇ ਮਨੁੱਖੀ ਅਕਲ ਵਾਲੀ ਯੋਜਨਾ ਵਿੱਚੋਂ ਨਹੀਂ ਫੁੱਟਦੇ। ਇਸ ਕਰਕੇ ਜੇ ਅਸੀਂ ਆਕਾਰਾਂ ਦੇ ਵਿਕਾਸ, ਫੈਲਾਉ ਅਤੇ ਮੂਲ ਨੂੰ ਨਿਸ਼ਚਿਤ ਕਰਨ ਦਾ ਠੋਸ ਯਤਨ ਕਰਾਂਗੇ ਤਾਂ ਉਨ੍ਹਾਂ ਦਾ ਇਕਹਿਰਾ ਜਿਹਾ ਪਰਛਾਵਾਂ ਹੀ ਸਾਡੀ ਪਕੜ ਵਿਚ ਆਵੇਗਾ। ਸੋ ਗੁਰੂ ਜੀ ਦਾ ਸੰਕੇਤ ਹੈ ਕਿ ਕੁਦਰਤ ਦੇ ਆਕਾਰਾਂ ਨੂੰ ਉਨ੍ਹਾਂ ਦੀ ਸੰਪੂਰਨ ਤਾਜ਼ਗੀ ਸਮੇਤ ਹੀ ਮਿਲਣਾ ਚਾਹੀਦਾ ਹੈ ਭਾਵੇਂ ਇਸ ਯਤਨ ਸਮੇਂ ਵੀ ਹਰ ਜੀਵ ਦੀ ਆਪਣੀ-ਆਪਣੀ ਸਮਰੱਥਾ ਹੈ।

ਹੁਕਮ ਇਹ ਵੀ ਦੱਸਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਕੁਦਰਤ ਐਨੀ ਖ਼ਾਲਸ ਹੈ ਕਿ ਹੁਕਮ ਤੋਂ ਸਿਵਾ ਇਸ ਵਿਚ ਕੋਈ ਯੋਜਨਾ ਨਹੀਂ। ਹੁਕਮ ਦੀ ਲਿਸ਼ਕ ਇੰਨੀ ਤੇਜ਼ ਹੈ ਅਤੇ ਮਨੁੱਖ ਦੇ ਸਦੀਵੀ ਗਿਆਨ ਨੂੰ ਇਸ ਹੱਦ ਤਕ ਗਰਮਾਉਂਦੀ ਹੈ ਕਿ ਪੁਰਾਤਨ ਕਾਲ ਦੇ ਚਿੰਤਨ ਦੀ ਇਕ ਲੰਮੀ ਕਤਾਰ ਮੱਧਮ ਪੈਂਦੀ ਇਸ ਲਿਸ਼ਕ ਵਿਚ ਅਲੋਪ ਹੋ ਜਾਂਦੀ ਹੈ। ਹੁਕਮ ਦੇ ਸਾਹਮਣੇ ਸ੍ਰਿਸ਼ਟੀ ਦੇ ਰਹੱਸ ਦੀਆਂ ਸਭ ਵਿਚਾਰ-ਯੋਜਨਾਵਾਂ ਅਧੂਰੀਆਂ ਅਤੇ ਖ਼ਾਲਮ-ਖ਼ਾਲੀ ਹਨ। ਕਲਪੇ ਜਾ ਸਕਣ ਵਾਲੇ ਪ੍ਰਬੰਧ, ਪਾਸਾਰ ਜਾਂ ਗਤੀ ਦੀ ਕੋਈ ਵੀ ਜਾਂਚ ਜਾਂ ਚਾਲ ਹੁਕਮ ਦੇ ਰਾਜ਼ ਨੂੰ ਖੋਲ੍ਹਣ ਤੋਂ ਅਸਮਰੱਥ ਹੈ। ਹੁਕਮ ਸੰਕੇਤ ਦਿੰਦਾ ਹੈ ਕਿ ਦੇਵਤਿਆਂ ਨੇ ਇਹ ਬ੍ਰਹਿਮੰਡ ਦੀਆਂ ਸੂਰਤਾਂ ਨਹੀਂ ਸਾਜੀਆਂ।

ਇੰਞ ਹੁਕਮ ਇਨਸਾਨ ਨੂੰ ਸਦੀਵੀ ਸੁਤੰਤਰਤਾ ਦੇ ਬੇਰੋਕ ਅਸਮਾਨ ਹੇਠ ਖੜ੍ਹਾ ਕਰਦਾ ਹੈ ਅਤੇ ਹਸਤੀ ਦਾ ਆਖ਼ਰੀ ਰੂਪ ਹੁਕਮ ਤੋਂ ਬਿਨਾਂ ਹੋਰ ਕੁਝ ਨਹੀਂ।

ਜਦ ਹਜ਼ੂਰ ਫ਼ੁਰਮਾਉਂਦੇ ਹਨ ਕਿ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਤਾਂ ਇਸ ਰੱਬੀ ਫ਼ਰਮਾਨ ਵਿਚ ਇਹ ਛੁਪਿਆ ਹੋਇਆ ਸੰਕੇਤ ਵੀ ਮੰਨ ਲਵੋ ਕਿ ਹੁਕਮ ਤੋਂ ਬਾਹਰ ਜਾਣਾ ਬੇਪਰਵਾਹ ਪਰਵਾਜ਼ ਨਹੀਂ ਸਗੋਂ ਨਿੱਕੇ ਦ੍ਰਿਸ਼ ਨੂੰ ਸਭ ਕੁਝ ਮੰਨ ਲੈਣ ਦਾ ਭਰਮ ਹੈ। ਹੁਕਮ ਤੋਂ ਬਾਹਰ ਕਦਮ ਰੱਖਣਾ ਵੱਡੇ ਰਾਹ ਨੂੰ ਛੱਡ ਕੇ ਤੁੱਛ ਜਿਹੀ ਮੰਜ਼ਲ ਉੱਤੇ ਅਟਕਣਾ ਹੈ ਜਾਂ ਕਹੋ ਉਸ ਸ੍ਰਿਸ਼ਟੀ ਵਿਚ ਪ੍ਰਵੇਸ਼ ਕਰਨਾ ਹੈ ਜੋ ਅਗਲੇ ਪਲ ਵਿਚ ਹੀ ਕਿਸੇ ਨੂੰ ਮਾਰੂ ਅਕੇਵੇਂ ਅਤੇ ਤੁੰਦ ਹਉਮੈ ਵਿਚ ਬਦਲ ਜਾਵੇਗੀ। ਗੁਰੂ ਨਾਨਕ ਸਾਹਿਬ ਦੀ ਕੁਦਰਤ ਸੰਪੂਰਨ ਹੁਕਮ ਨੂੰ ਛੋਂਹਦਾ ਆਕਾਰ ਹੈ ਅਤੇ ਹੁਕਮ ਤੋਂ ਬਾਹਰ ਜਾਣ ਦਾ ਨਤੀਜਾ ਇਸ ਸੰਪੂਰਨ ਹੁਕਮ ਨੂੰ ਛੋਂਹਦੇ ਆਕਾਰ ਨੂੰ ਤਿਆਗ ਕੇ ਨਿੱਕੀ ਹੋਂਦ ਦੀ ਅੰਧ-ਮੂਰਖ ਭੁੱਲ ਵਿਚ ਗੁਆਚ ਜਾਣਾ ਹੈ। ਜਪੁ ਜੀ ਸਾਹਿਬ ਵਿਚ ‘ਅਸੰਖ’ ਵਾਲੀਆਂ ਪਉੜੀਆਂ ਕੁਦਰਤ ਨੂੰ ਗਿਣਤੀ ਦੀ ਅਨੇਕਤਾ ਦੇਣ ਨਾਲੋਂ ਵੀ ਡੂੰਘਾ ਭੇਦ ਰੱਖਦੀਆਂ ਹਨ। ਇਨ੍ਹਾਂ ਪਉੜੀਆਂ ਤੋਂ ਪ੍ਰਤੱਖ ਹੈ ਕਿ ਕੁਦਰਤ ਦੇ ਸੰਪੂਰਨ ਹੁਕਮ ਨੂੰ ਛੋਂਹਦੇ ਆਕਾਰ ਵਿਚ ਲਘੂ ਹੋਂਦ ਦੈਵੀ ਭੇਦਾਂ ਤੋਂ ਬਾਹਰ ਨਹੀਂ ਲਿਜਾਈ ਜਾ ਸਕਦੀ। ਮਨੁੱਖ ਸ੍ਰਿਸ਼ਟੀ ਦੇ ਕਿਸੇ ਵੀ ਅੰਸ਼ ਨੂੰ ਇੰਨੀ ਇਕੱਲਤਾ ਵਿਚ ਲਿਆਉਣ ਦੇ ਸਮਰੱਥ ਨਹੀਂ ਜਿੱਥੇ ਪਹੁੰਚ ਕੇ ਉਹ ਅੰਸ਼ ਮਨੁੱਖ ਦੀ ਠੋਸ ਪਕੜ ਵਿਚ ਸਦਾ ਲਈ ਅਤੇ ਅੰਤਮ ਤੌਰ ਉੱਤੇ ਆ ਸਕੇ।

ਜਪੁ ਜੀ ਸਾਹਿਬ ਦੇ ਪਾਠ ਦੇ ਨਾਲ-ਨਾਲ ਕੁਦਰਤ ਦੀ ਰਵਾਨੀ ਵਿਚ ਨਵੀਂ ਤੋਂ ਨਵੀਂ ਰਮਜ਼ ਉੱਘੜਦੀ ਆਉਂਦੀ ਹੈ ਅਤੇ ਹਰ ਨੁਕਤੇ ਉੱਤੇ ਇਕ ਨਵੀਂ ਦਿਸ਼ਾ ਬਣਦੀ ਹੈ। ਗੁਰੂ ਨਾਨਕ ਸਾਹਿਬ ਦੇ ਪ੍ਰਬਲ ਖ਼ਿਆਲ ਦੀਆਂ ਵਿਸਮਾਦਜਨਕ ਡੂੰਘਾਣਾਂ ਦਾ ਮਾਮੂਲੀ ਜਿਹਾ ਅਨੁਭਵ ਕੀਤੇ ਬਿਨਾਂ ਸਿੱਖ ਚਿੰਤਕ ਉਨ੍ਹਾਂ ਦੇ ਸਤਹੀ ਰੂਪ ਦਾ ਕਿਸੇ ਮਜ਼੍ਹਬੀ ਵਿਸ਼ਵਾਸ ਜਾਂ ਕਿਤਾਬ ਵਿੱਚੋਂ ਸਮਾਨਾਂਤਰ ਲੱਭਣ ਦੀ ਕਾਹਲ ਵਿਚ ਰਹਿੰਦੇ ਹਨ, ਪਰ ਅਜਿਹੇ ਲੋਕ ਇਹ ਨਹੀਂ ਸਮਝਦੇ ਕਿ ਗੁਰੂ ਨਾਨਕ ਸਾਹਿਬ ਦੇ ਆਵੇਸ਼ ਦੀ ਸੁਤੰਤਰਤਾ ਪੁਰਾਤਨ ਖ਼ਿਆਲ ਦੀ ਗਿਣੀ-ਮਿਥੀ ਸੀਮਾ ਤੋਂ ਕਿਤੇ ਅਗੇਰੇ ਹੈ।

ਕੁਦਰਤ ਦਾ ਪਾਸਾਰ ਆਖ਼ਰੀ ਜਾਂ ਖ਼ਾਲਸ ਨਿਆਰਾਪਣ ਤੋਂ ਉਰੇ ਅਨੁਭਵ ਕਰਨਾ, ਨਿੱਕੇ ਕਾਲ ਦੀ ਨਿੱਕੀ ਉਡਾਣ ਵਿਚ ਸ਼ਾਮਲ ਹੋਣਾ ਹੈ ਜਾਂ ਇਕ ਨੇੜੇ ਦੀ ਸੀਮਾ ਉੱਤੇ ਮੁੱਕ ਜਾਣਾ ਹੈ, ਜਾਂ ਹਉਮੈਵਾਦੀ ਭੁਲੇਖੇ ਵਿਚ ਗੁਆਚ ਜਾਣਾ ਹੈ।

ਬੇਸ਼ੱਕ ਗੁਰੂ ਨਾਨਕ ਸਾਹਿਬ ਦੀ ਕੁਦਰਤ ਤਿੰਨ ਰੁਤਬੇ ਯਾਨੀ ਕ੍ਰਮਵਾਰ ਪਹਿਲੇ ਆਪਣੀ ਸਾਦਗੀ ਦਾ ਖਾਲਸ ਨਗਨ ਰੂਪ, ਫੇਰ ਉੱਚੇ ਅਨੁਭਵ ਦੀਆਂ ਸੂਖ਼ਮ ਤਰਜ਼ਾਂ (ਜਿਵੇਂ ਸੁਣਿਐ, ਮੰਨੈ, ਧਰਮ ਖੰਡ, ਗਿਆਨ ਖੰਡ ਅਤੇ ਸਰਮ ਖੰਡ ਆਦਿ) ਅਤੇ ਅੰਤ ਵਿਚ ‘ਅਸੰਖ ਚੋਰ ਹਰਾਮਖੋਰ’ ਦੇ ਹਜੂਮ ਰੱਖਦੀ ਹੈ; ਪਰ ਕੁਦਰਤ ਦੀਆਂ ਇਹ ਅਸੰਖ ਖੰਡ-ਸ਼ਕਲਾਂ ਜਮ-ਭੈਅ ਦੀ ਪਕੜ ਵਿਚ ਰਹਿਣਗੀਆਂ, ਜੇ ਉਹ ਆਖ਼ਰੀ ਨਿਆਰੇਪਣ ਤੋਂ ਨਿਖੇੜ ਦਿੱਤੀਆਂ ਜਾਣ। ਸੋ ਕੁਦਰਤ ਦੇ ਇਸ ਨਾ-ਮੁੱਕਣ ਵਾਲੇ ਸੰਘਣੇਪਣ ਵਿਚ ਮਨੁੱਖ ਦਾ ਅੰਦਾਜ਼ਾ ਢੋਲ ਦੀ ਖ਼ਾਲੀ ਆਵਾਜ਼ ਹੈ।

ਕੁਦਰਤ ਦਾ ਆਖ਼ਰੀ ਨਿਆਰਾਪਣ ਸੁਹਜ ਦੀ ਜਿਸ ਅਦਾ ਨਾਲ, ਜਿਸ ਬੇਮਿਸਾਲ ਜ਼ੋਰ ਨਾਲ ਅਤੇ ਜਿਸ ਵਿਲੱਖਣਤਾ ਨਾਲ ਖੰਡ-ਸ਼ਕਲਾਂ ਨੂੰ ਆਪਣੀ ਅਭੇਦਤਾ ਅੰਦਰ ਲਿਆਉਂਦਾ ਹੈ ਠੀਕ ਉਸ ਦੇ ਕੇਂਦਰ ਨਾਲ ਜੁੜਿਆ ਇਹ ਬਹੁ-ਪੱਖੀ ਤਾਲ ਹੀ ਹਰ ਚੀਜ਼ ਜਾਂ ਹਸਤੀ ਦਾ ਅਸਲ ਆਪਣਾ-ਆਪ ਹੈ। ਇਹ ਅਸਲ ਆਪਣਾ-ਆਪ ਵੇਖਣਾ ਹੀ ਹਸਤੀ ਦਾ ਲਕਸ਼ ਹੈ।

‘ਏਕੋ ਕਵਾਉ’ ‘ਲਖ ਦਰੀਆਉ’ ਵਿਚ ਵਿਆਪਕ ਹੈ ਅਤੇ ਠੀਕ ਇਸੇ ਤਰ੍ਹਾਂ ਹਸਤੀ ਵਿਚ ‘ਲਖ ਦਰੀਆਉ’ ਵਿਆਪਕ ਹਨ ਅਤੇ ਹਸਤੀ ਦੀ ਅਸਲ ਮੰਜ਼ਿਲ ਇਨ੍ਹਾਂ ‘ਲਖ ਦਰੀਆਉ’ ਨਾਲ ਵਸਲ ਕਰਨਾ ਹੈ। ‘ਲਖ ਦਰੀਆਉ’ ਵੱਲ ਵਧਣਾ ਅਤੇ ‘ਲਖ ਦਰੀਆਉ’ ਵਿਚ ਆਉਣਾ ਕੁਦਰਤ ਦੇ ਆਖ਼ਰੀ ਨਿਆਰੇਪਣ ਨਾਲ ਜੁੜਨਾ ਹੈ। (ਗੁਰੂ ਨਾਨਕ ਸਾਹਿਬ ਦੇ ਇਸ ਮਹਾਂਵਾਕ ਵਾਲੇ ਦਿਨ ਤੋਂ ਦਰਿਆ ਸਿੱਖ ਵਿਚ ਹਨ, ਅਤੇ ਸਿੱਖ-ਫ਼ਿਤਰਤ ਦੀਆਂ ਰਵਾਨੀਆਂ ਦਰਿਆਵਾਂ ਵਿਚ ਦੌੜ ਰਹੀਆਂ ਹਨ।)

ਬੇਸ਼ੱਕ ਕੁਦਰਤ ਦੇ ਅਨੇਕਾਂ ਖੰਡ ਹਨ ਅਤੇ ਇਨ੍ਹਾਂ ਖੰਡਾਂ ਦੇ ਅਨੇਕਾਂ ਧਰਾਤਲ ਹਨ ਪਰ ਜੇ ਅਸੀਂ ਇਨ੍ਹਾਂ ਅਸੰਖਾਂ ਆਕਾਰੀ ਅਤੇ ਨਿਰਾਕਾਰੀ ਖੰਡਾਂ ਨੂੰ ਮਨੁੱਖੀ ਖ਼ਿਆਲ ਦੇ ਤੋਲ, ਮਾਪ, ਜਾਂਚ ਅਤੇ ਕਰਮ ਵਿਚ ਢਾਲਾਂਗੇ ਤਾਂ ਅਸੀਂ ਇਕ ਤਰ੍ਹਾਂ ਡੂੰਘ- ਡੂੰਘਾਣਾਂ ਤੋਂ ਬੇਮੁਖ ਹੋ ਕੇ ਕੇਵਲ ਬਾਹਰਲੀ ਬੇਲਚਕ ਸਤਹ ਦੀ ਪੂਜਾ ਕਰ ਰਹੇ ਹੋਵਾਂਗੇ। ਮਿਸਾਲ ਲਈ ਸੋਲ੍ਹਵੀਂ ਪਉੜੀ ਦੀਆਂ ਇਨ੍ਹਾਂ ਤੁਕਾਂ ਨੂੰ ਵਿਚਾਰਦੇ ਹਾਂ:

ਧੌਲੁ ਧਰਮੁ ਦਇਆ ਕਾ ਪੂਤੁ॥
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥
ਜੇ ਕੋ ਬੁਝੈ ਹੋਵੈ ਸਚਿਆਰੁ॥
ਧਵਲੈ ਉਪਰਿ ਕੇਤਾ ਭਾਰੁ॥
ਧਰਤੀ ਹੋਰੁ ਪਰੈ ਹੋਰੁ ਹੋਰੁ॥…
ਸਭਨਾ ਲਿਖਿਆ ਵੁੜੀ ਕਲਾਮ॥
ਏਹੁ ਲੇਖਾ ਲਿਖਿ ਜਾਣੈ ਕੋਇ॥
ਲੇਖਾ ਲਿਖਿਆ ਕੇਤਾ ਹੋਇ॥
ਕੇਤਾ ਤਾਣੁ ਸੁਆਲਿਹੁ ਰੂਪੁ॥
ਕੇਤੀ ਦਾਤਿ ਜਾਣੈ ਕੌਣੁ ਕੂਤੁ॥ (ਪੰਨਾ 3)

ਪਹਿਲੀਆਂ ਦੋ ਤੁਕਾਂ ਮੁਤਾਬਕ ਦਇਆ ਦੇ ਪੁੱਤਰ ਧਰਮ ਅਤੇ ਧਰਮ ਦੇ ਸਾਜੇ-ਨਿਵਾਜੇ ਨਿਯਮ ਸੰਤੋਖ ਅਨੁਸਾਰ ਸ੍ਰਿਸ਼ਟੀ ਚੱਲ ਰਹੀ ਹੈ। ਅਗਲੀਆਂ ਦੋ ਤੁਕਾਂ ਅਨੁਸਾਰ ਧਰਮ ਦੇ ਧੌਲ ਉੱਤੇ ਬੇਅੰਤ ਭਾਰ ਹੈ (ਪੌਰਾਣਿਕ ਧੌਲ ਉੱਤੇ ਨਹੀਂ) ਅਤੇ ਇਸ ਬੇਅੰਤਤਾ ਦੇ ਰਾਹ ਉੱਤੇ ਚੱਲ ਕੇ ਸੱਚ ਪ੍ਰਾਪਤ ਹੋ ਸਕਦਾ ਹੈ। ਧਰਮ-ਧੌਲ ਉੱਤੇ ਬੇਸ਼ੁਮਾਰ ਭਾਰ ਹੋਣ ਤੋਂ ਇਹ ਸੰਕੇਤ ਮਿਲਦਾ ਹੈ ਕਿ ਧਰਮ ਦੇ ਅਨੇਕਾਂ ਭੇਦ ਹਨ ਯਾਨੀ ਅਨੇਕਾਂ ਦਿਸ਼ਾਵਾਂ ਅਤੇ ਅਨੇਕਾਂ ਚਾਲਾਂ ਹਨ। ਸੋ ਮਨੁੱਖ ਧਰਮ ਨੂੰ ਵੀ, ਜਿਹੜਾ ਕਿ ਉਸ ਦੇ ਦਿਲ ਦੇ ਨੇੜੇ ਦੀ ਸ਼ੈਅ ਹੈ, ਉਸ ਦੇ ਸੰਪੂਰਨ ਤਾਲ ਨਾਲੋਂ ਅਲਹਿਦਾ ਕਰ ਕੇ ਨਹੀਂ ਵੇਖ ਸਕਦਾ ਅਤੇ ਨਾ ਉਸ ਨੂੰ ਮਨੁੱਖੀ ਕਰਤੱਵਾਂ ਦੀ ਵਿਧਾਨਕ ਜਾਚ ਵਿਚ ਢਾਲ ਸਕਦਾ ਹੈ। ਧਰਮ ਦੀ ਵਿਲੱਖਣਤਾ ਦੀ ਇਹੋ ਨਿਸ਼ਾਨੀ ਹੈ ਕਿ ਇਕ ਪਾਸੇ ਤਾਂ ਇਨਸਾਨੀ ਅਮਲ, ਬਿਬੇਕ ਅਤੇ ਅਨੁਭਵ ਧਰਮ ਨੂੰ ਪੂਰੀ ਅਪਣੱਤ ਨਾਲ ਸੰਭਾਲ ਸਕਦੇ ਹਨ ਪਰ ਦੂਜੇ ਪਾਸੇ ਇਸ ਦੇ ਸਗਲ ਮੁੱਖ ਤੋਂ ਪੂਰਾ ਪਰਦਾ ਉਠਾ ਵੀ ਨਹੀਂ ਸਕਦੇ। ਪਰ ਅਗਲੀਆਂ ਦੋ ਸਤਰਾਂ ਦੱਸਦੀਆਂ ਹਨ ਕਿ ਖ਼ਾਲਸ ਕੁਦਰਤ ਸਗਲ ਧਰਮ ਤੋਂ ਵਡੇਰੀ ਹੈ ਕਿਉਂਕਿ ਹੋਰ ਅਨੇਕਾਂ ਧਰਤੀਆਂ ਹਨ, ਜਿਨ੍ਹਾਂ ਨੇ ਹੋ ਸਕਦਾ ਹੈ, ਧਰਮ ਦੀ ਪ੍ਰਤੀਤੀ ਤੋਂ ਵਡੇਰੇ ਜਾਪ ਸੰਭਾਲਿਆ ਹੋਵੇ। ਗੁਰੂ ਜੀ ਨੇ ਪਹਿਲਾਂ ਸਪੱਸ਼ਟ ਕੀਤਾ ਕਿ ਸਾਡੀ ਧਰਤੀ ਨੂੰ ਧਰਮ-ਧੌਲ ਦਾ ਆਸਰਾ ਹੈ ਪਰ ਅੱਗੇ ਚੱਲ ਕੇ ਪ੍ਰਸ਼ਨ ਕੀਤਾ ਕਿ ਹੋਰ ਅਸੰਖਾਂ ਧਰਤੀਆਂ ਨੂੰ ਕਿਹੜੇ ਧਰਮ-ਧੌਲ ਦੀ ਓਟ ਹੈ? ਇਸ ਪ੍ਰਸ਼ਨ ਵਿੱਚੋਂ ਇਹ ਸੰਕੇਤ ਮਿਲਦਾ ਹੈ ਕਿ ਧਰਮ ਹੀ ਅੰਤਮ ਦੈਵੀ ਨਿਯਮ ਨਹੀਂ ਸਗੋਂ ਧਰਮ ਤੋਂ ਅੱਗੇ ਹੋਰ ਅਨੇਕਾਂ ਇਲਾਹੀ ਅਸੂਲ ਹਨ ਜਿਨ੍ਹਾਂ ਨੇ ਅੱਗੇ ਤੋਂ ਅੱਗੇ ਧਰਤੀਆਂ ਨੂੰ ਸੰਭਾਲਿਆ ਹੋਇਆ ਹੈ।

ਮਨੁੱਖ ਦੀ ਇਹ ਸਥਿਤੀ ਨਹੀਂ ਹੋ ਸਕਦੀ ਕਿ ਉਹ ਅਮੁੱਲ ਤੋਂ ਹੀ ਇਨਕਾਰ ਕਰ ਦੇਵੇ ਕਿਉਂਕਿ ਧਰਤੀਆਂ ਦਾ ਸਰਬ ਵਰਤਾਰਾ ਕਾਲ ਤੋਂ ਅਛੁਹ ਹੈ ਯਾਨੀ ਉਹ ਹੁਕਮ ਨੂੰ ਛੋਂਹਦਾ ਸੰਪੂਰਨ ਆਕਾਰ ਹੈ। ‘ਏਕੋ ਕਵਾਉ’ ਤੋਂ ਭਾਵ ਹੈ ਕਿ ਸੱਚ ਤੋਂ ‘ਉਹ’ ਬਣਿਆ ਜੋ ਫੇਰ ਨਹੀਂ ਬਣੇਗਾ, ਜੋ ਏਕ ਰਹੇਗਾ ਅਤੇ ਪਰਿਵਰਤਨਾਂ ਵਿਚ ਚੱਲ ਕੇ ਆਪ ਅਛੋਹ ਹੈ। ਦੂਜੇ ਪਾਸੇ ਮਨੁੱਖ ਦੀ ਇਹ ਸਥਿਤੀ ਵੀ ਨਹੀਂ ਹੋ ਸਕਦੀ ਕਿ ਉਹ ਨਿੱਜੀ ਪਰ ਫ਼ਰਜ਼ੀ ਸੰਪੂਰਨਤਾ ਦੇ ਮਿਆਰਾਂ ਨਾਲ ਅੰਤਮ ਰਹੱਸਾਂ ਨੂੰ ਕਿਸੇ ਠੋਸ- ਨਿਸਚਿਤ ਨੁਕਤੇ ਉੱਤੇ ਲਿਆ ਕੇ ਖੜ੍ਹਾ ਕਰੇ, ਕਿਉਂਕਿ:

ਆਸਣੁ ਲੋਇ ਲੋਇ ਭੰਡਾਰ॥
ਜੋ ਕਿਛੁ ਪਾਇਆ ਸੁ ਏਕਾ ਵਾਰ॥ (ਪੰਨਾ 7)

ਹੁਣ ਸੁਆਲ ਪੈਦਾ ਹੁੰਦਾ ਕਿ ਮਨੁੱਖ ਸਾਡੀ ਇਸ ਧਰਤੀ ਉੱਤੇ ਕਿਸ ਨਿਸਚੇ ਦੀ ਓਟ ਨਾਲ ਜੀਵੇ? ਕੀ ਉਸ ਦੀ ਹੋਂਦ ਧਰਤੀ ਦਾ ਇਕ ਨਿੱਕਾ ਜਿਹਾ ਪਰਿਵਰਤਨ ਹੈ? ਕੀ ਧਰਤੀ ਦੇ ਤੱਤਾਂ ਦੇ ਸਫ਼ਰ ਵਿਚ ਹੀ ਆਦਮੀ ਮੁੱਕ ਜਾਵੇਗਾ? ਕੀ ਚੇਤਨਾ ਦੀ ਇਕ ਨਿੱਕੀ ਜਿਹੀ ਬੰਦਸ਼ ਤੋਂ ਬਾਹਰ ਉਸ ਦੀ ਕੋਈ ਸਥਿਤੀ ਹੈ? ਗੁਰੂ ਨਾਨਕ ਸਾਹਿਬ ਚੌਂਤੀਵੀ ਪਉੜੀ ਵਿਚ ਇਨ੍ਹਾਂ ਪ੍ਰਸ਼ਨਾਂ ਦਾ ਅੱਧਾ ਉੱਤਰ ਦਿੰਦੇ ਹਨ ਅਤੇ ਸਾਰਾ ਉੱਤਰ ਸੰਪੂਰਨ ‘ਜਪੁ ਜੀ ਸਾਹਿਬ’ ਹੈ। ਚੌਂਤੀਵੀਂ ਪਉੜੀ ਵਿਚ ਫ਼ੁਰਮਾਇਆ ਹੈ ਕਿ ਰਾਤਾਂ (ਸੂਰਜ ਦੇ ਚੜ੍ਹਨ-ਛਿਪਣ), ਥਿੱਤਾਂ, ਦਿਨਾਂ, ਪਉਣਾਂ, ਅਗਨੀਆਂ ਅਤੇ ਆਕਾਸ਼ਾਂ-ਪਾਤਾਲਾਂ ਵਿਚਕਾਰ ਧਰਤੀ ਧਰਮਸਾਲ ਦੇ ਰੂਪ ਵਿਚ ਖੜ੍ਹੀ ਹੈ। ਸਭ ਚੀਜ਼ਾਂ ਸੱਚ ਦੇ ਸੱਚੇ ਦਰਬਾਰ ਵਿਚ ਕੀਤੀ ਕਮਾਈ ਅਨੁਸਾਰ ਹਾਜ਼ਰ ਕੀਤੀਆਂ ਜਾ ਰਹੀਆਂ ਹਨ ਅਤੇ ਕੱਚਿਆਂ-ਪੱਕਿਆਂ ਦਾ ਨਿਤਾਰਾ ਹੋ ਰਿਹਾ ਹੈ। ਗੁਰਬਾਣੀ ਦੇ ਅਜਿਹੇ ਵਿਚਾਰਾਂ ਤੋਂ ਅਨੇਕਾਂ ਸੰਕੇਤ ਉਭਰਦੇ ਹਨ ਜਿਵੇਂ ‘ਏਕੋ ਕਵਾਉ’ ਬ੍ਰਹਿਮੰਡ ਦੀਆਂ ਅਨੇਕਾਂ ਸੂਰਤਾਂ ਨੂੰ ਜਿਸ ਨਿਸਚੇ ਨਾਲ ਮਾਲਾ-ਮਾਲ ਕਰਦਾ ਹੈ ਉਸ ਨਿਸਚੇ ਦਾ ਜ਼ੋਰ ਹੀ ਬ੍ਰਹਿਮੰਡ ਨੂੰ ਉਸ ਦੇ ‘ਹੋਣ’ ਦਾ ਟਿਕਾਅ ਬਖ਼ਸ਼ਦਾ ਹੈ। ‘ਹੋਣ’ ਦੇ ਟਿਕਾਅ ਨਾਲ ਹੀ ਧਰਤੀਆਂ ਦੇ ਵਿਸ਼ਾਲ ਅਮਲ ਵਿਚ ਕੱਚੇ-ਪੱਕੇ ਦੀ ਹਿਲਜੁਲ ਸ਼ੁਰੂ ਹੁੰਦੀ ਹੈ ਅਤੇ ਇਸ ਹਿਲਜੁਲ ਨੂੰ ਅਸੀਂ ਅੰਤਮ-ਨਿਆਂ ਵੱਲ ਉੱਠਦੀ ਰਵਾਨੀ ਆਖਾਂਗੇ। ਇੰਞ ‘ਏਕੋ ਕਵਾਉ’ ਅੰਤਮ-ਨਿਆਂ ਵਿਚ ਜ਼ਾਹਿਰ ਹੁੰਦਿਆਂ ਹੀ ਧਰਤੀਆਂ ਤੋਂ ਇਸ ਦਾ ਨਾਮ ਪੁੱਛਣਾ ਸ਼ੁਰੂ ਕਰਦਾ ਹੈ। ਦੂਜੇ ਲਫ਼ਜ਼ਾਂ ਵਿਚ ਹੇਠਲੇ ਮੰਡਲਾਂ ਵਿਚ ‘ਏਕੋ ਕਵਾਉ’ ਦੇ ਨਿਆਂਕਾਰ ਰੂਪ ਦੁਆਰਾ ਇਕ ਵਿਸ਼ਾਲ ਅਨੁਭਵ ਥਰਥੱਰਾਹਟ ਵਿਚ ਆਉਂਦਾ ਹੈ, ਜੋ ਆਪਣੀ ਹੋਂਦ ਤੋਂ ਬਾਹਰ ਖਲੋਤੇ ਨਿਆਂਕਾਰ ਦੀ ਤਲਾਸ਼ ਵਿਚ ਨਿਕਲਦਾ ਹੈ ਅਤੇ ਆਪਣੇ ‘ਹੋਣ’ ਦੀ ਸਾਰਥਕਤਾ ਸਮਝਦਾ ਹੈ। ‘ਹੋਣ’ ਦੀ ਸਾਰਥਕਤਾ ਦਾ ਭਾਵ ‘ਏਕੋ ਕਵਾਉ’ ਨਾਲ ਜੁੜੇ ਹੋਣ ਦਾ ਯਕੀਨ ਹੈ। ਇੰਞ ਅਸੀਂ ਕਹਿ ਸਕਦੇ ਹਾਂ ਕਿ ਧਰਤੀ ਨਾਲ ਜੁੜੇ ਕੁੱਲ ਦ੍ਰਿਸ਼, ਇਸ ਦੇ ਤੱਤਾਂ ਦੇ ਸਰਬ ਬਹੁ-ਰੰਗੇ ਸੁਆਦ, ਅਕਲ ਦੇ ਉਤਰਾਅ-ਚੜਾਅ, ਗਿਆਨ ਦੀਆਂ ਗੰਢਾਂ ਅਤੇ ਅਨੁਭਵ ਦੀਆਂ ਦੌੜਾਂ, ਗੱਲ ਕੀ ਬ੍ਰਹਿਮੰਡ ਦਾ ਹਰ ਕਿਸਮ ਦਾ ਮਾਹੌਲ ‘ਏਕੋ ਕਵਾਉ’ ਦੀ ਨਜ਼ਰ ਵਿਚ ਆ ਕੇ ਹੀ ਆਪਣੇ ‘ਅਸਲ’ ਨੂੰ ਲੱਭਦਾ ਹੈ ਜਾਂ ਕਹੋ ਅਸੰਖ ਹਸਤੀਆਂ ਦੇ ‘ਅਸਲ’ ਜੋ ਕਿ ਬ੍ਰਹਿਮੰਡਾਂ ਦੇ ਸਮਰੱਥ ਕੇਂਦਰਾਂ ਨਾਲ ਜੁੜੇ ਹੋਏ ਹਨ ਆਪਣੇ ਆਪ ਨੂੰ ਲਗਾਤਾਰ ਨਿਆਂ, ਫ਼ਜ਼ਲ ਅਤੇ ਸੱਚੇ ‘ਦਰਬਾਰ’ ਵਿਚ ਪੇਸ਼ ਕਰ ਰਹੇ ਹਨ। ਇਹ ਵੀ ਆਖ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਦੀ ਸਾਰੀ ਕੁਦਰਤ ਆਪਣੇ ਅੰਦਰ ਕਰਮ (ਬਖ਼ਸ਼ਿਸ਼), ਨਿਆਂ, ਇਕਰਾਰ, ਸਿਦਕ (ਸ਼ੁਕਰ) ਦੀ ਚਾਰ ਤਹਿਆਂ ਵਾਲੀ ਚੁੱਪ ਨੂੰ ਢੂੰਡਦੀ ਹੈ ਅਤੇ ਇੰਞ ਅਕਾਲ ਫ਼ਤਹ ਦੇ ਛਿਣ ਦੀ ਸਿਖਰ ਦੀ ਪਛਾਣ ਕਰਦੀ ਹੈ।

ਉਪਰੋਕਤ ‘ਏਕੋ ਏਕ’ ਦੈਵੀ ਵਾਤਾਵਰਨ ਵਿਚ ਉੱਚੇ ਮਨੁੱਖ ਦਾ ਪ੍ਰਕਾਸ਼ ਹੁੰਦਾ ਹੈ, ਜਿਸ ਨੂੰ ਅੱਗੇ ਚੱਲ ਕੇ ਕੁਝ ਵਧੇਰੇ ਪ੍ਰਮਾਣਿਕ ਨਾਵਾਂ ਨਾਲ ਪੁਕਾਰਿਆ ਜਾਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਚੇ ਮਨੁੱਖ ਵਰਗਾ ਨਮੂਨਾ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕਿਸੇ ਦੇਸ਼ ਵਿਚ ਮਿਲਣਾ ਦੁਰਲੱਭ ਹੈ।

ਗੁਰੂ ਨਾਨਕ ਸਾਹਿਬ ਦਾ ਉੱਚਾ ਮਨੁੱਖ ਆਪਣੀ ਆਖ਼ਰੀ ਮੰਜ਼ਿਲ ਸਮੇਂ ਆਪਣੀ ਸਿਦਕ-ਪਰਵਾਜ਼ ਦੇ ਜ਼ੋਰ ਨਾਲ ਚਾਰ ਯੁੱਗਾਂ ਉੱਤੇ ਫੈਲੇ ਹੋਏ ਅਸੰਖਾਂ, ਮਿੱਥਿਆ-ਚੱਕਰਾਂ ਨੂੰ ਵੇਖਦਾ ਹੈ। ਇਹ ਮਿੱਥਿਆ-ਚੱਕਰਾਂ ਵਿਚ ਇਕ ਖ਼ਾਸ ਪੜਾਅ ਉੱਤੇ ਨਾ-ਮਨਜ਼ੂਰ ਹੋਏ ਅਵਤਾਰ, ਦੇਵੀ-ਦੇਵਤੇ, ਪ੍ਰਬੀਨ ਦਰਸ਼ਨ ਦੇ ਕ੍ਰਿਸ਼ਮੇ, ਗਿਆਨ ਦੇ ਹੋਰ ਅਨੇਕਾਂ ਜੌਹਰ, ਫ਼ਰਜ਼ੀ ਅਨੁਮਾਨ ਵਿੱਚੋਂ ਉਪਜੀਆਂ ਕਰਾਮਾਤਾਂ, ਚੁੱਪ-ਡੂੰਘਾਣਾਂ ਵਿੱਚੋਂ ਉੱਭਰੀਆਂ ਮੁਕਤੀਆਂ, ਤਰਕ ਅਤੇ ਗਿਆਨ-ਚਕਸ਼ੂ ਦੀ ਬਾਰੀਕਬੀਨੀ ਵਿੱਚੋਂ ਨਿਕਲੀਆਂ ਰਿਧੀਆਂ- ਸਿਧੀਆਂ, ਲਘੂ ਬਿਰਤੀਆਂ ਵਿੱਚੋਂ ਬਣੇ ਯੁੱਗ-ਜੇਤੂ ਦਾਅਵੇ ਅਤੇ ਛੋਟੀਆਂ ਸੁਰਤੀਆਂ ਵਿੱਚੋਂ ਨਿਕਲੇ ਮਾਰਗ ਅਤੇ ਜੀਵਨ ਦੇ ਸਥਿਰ ਪੰਧ-ਗੱਲ ਕੀ ਚਾਰ ਯੁੱਗਾਂ ਦੇ ਖ਼ਿਆਲ ਅਤੇ ਅਮਲ ਦੀ ਸਾਰੀ ਨਾ-ਮੁਕੰਮਲ ਦੁਨੀਆਂ ਆਉਂਦੀ ਹੈ। ਉੱਚੇ ਮਨੁੱਖ ਦੀ ਸਿਦਕ- ਪਰਵਾਜ਼ ਉਸ ਚਿੰਤਨ, ਅਮਲ ਅਤੇ ਅਵਤਾਰ ਨੂੰ ਨਾ-ਮਨਜ਼ੂਰ ਹਾਲਤ ਵਿਚ ਵੇਖਦੀ ਹੈ ਜੋ ਕਿ ਆਪਣਾ ਮਿੱਥਿਆ-ਚੱਕਰ ਨਹੀਂ ਤੋੜ ਸਕਿਆ।

ਚਹੁੰ ਯੁੱਗਾਂ ਦੇ ਅਮਲ ਅਤੇ ਚਿੰਤਨ ਦੀ ਬਹੁਤੀ ਉਡਾਣ ਮਿੱਥਿਆ-ਚੱਕਰ ਵਿਚ ਕਿਉਂ ਦਿੱਸਦੀ ਹੈ? ਇਸ ਦਾ ਜੁਆਬ ਇਹ ਹੈ ਕਿ ਮਨੁੱਖ ਰੂਹਾਨੀਅਤ ਦੇ ਧੁਰ ਦੇ ਜਲਵੇ ਨੂੰ ਆਪਣੀ ਹੀ ਚੇਤਨਾ ਦੇ ਨਿਸ਼ਾਨਾਂ ਦੀ ਪੈਰਵੀ ਕਰ ਕੇ ਪ੍ਰਾਪਤ ਕਰਨਾ ਚਾਹੁੰਦਾ ਹੈ। ਉਹ ਵਿਵਹਾਰਕ ਸਮਾਨਾਂਤਰਾਂ, ਗਿਆਨ ਦੀਆਂ ਪ੍ਰਚਲਿਤ ਕੀਮਤਾਂ ਅਤੇ ਦ੍ਰਿਸ਼ਾਂ ਦੀਆਂ ਸੀਮਾਵਾਂ ਦੇ ਅਨੁਸਾਰ ਪ੍ਰਤੀਤੀ ਦਾ ਇਕ ਬਾਰੀਕ ਪ੍ਰਬੰਧ ਸਾਜਦਾ ਹੈ ਅਤੇ ਇੰਞ ਉਹ ਆਪਣੀ ਹੀ ਚੇਤਨਾ ਦੀ ਕਿਸੇ ਇਕਾਈ ਦੀ ਸਿਖਰ ਨੂੰ ਰੱਬੀ ਜਲਵੇ ਦੀ ਸਿਖਰ ਸਮਝਣ ਦਾ ਭੁਲੇਖਾ ਖਾ ਜਾਂਦਾ ਹੈ। ਮਨੁੱਖੀ ਚੇਤਨਾ ਦੇ ਸੰਸਾਰੀ ਰੂਪ ਅਤੇ ਗਤੀ-ਫੈਲਾਉ ਦੇ ਨਿਯਮ ਸੁਅੱਛ ਜੀਵਨ ਦੀ ਪਾਲਣਾ ਲਈ ਬਹੁਤ ਜ਼ਰੂਰੀ ਹਨ ਅਤੇ ਨਿਰਸੰਦੇਹ ਪਵਿੱਤਰ ਜੀਵਨ ਦੀ ਮੌਲਿਕਤਾ ਰੱਖਦੇ ਹਨ ਪਰ ਮਨੁੱਖੀ ਚੇਤਨਾ ਦੇ ਨਿਸ਼ਾਨਾਂ ਨੂੰ ਮੁਕਤੀ, ਨਿਰਵਾਨ, ਸ੍ਰਿਸ਼ਟੀ-ਅੰਤ, ਸ੍ਰਿਸ਼ਟੀ-ਫੈਲਾਉ-ਏਕਤਾ, ਰੱਬੀ ਬਖ਼ਸ਼ਿਸ਼ ਅਤੇ ਸੱਚ ਦੇ ‘ਅਮੁਲੋ ਅਮੁਲੁ’ ਨੂੰ ਦਰਸਾਉਣ ਲਈ ਕੋਈ ਤਰਤੀਬ, ਕੋਈ ਮੋੜ ਅਤੇ ਕੋਈ ਲੋਚ ਨਹੀਂ ਦਿੱਤੀ ਜਾ ਸਕਦੀ। ਜੇ ਅਜਿਹਾ ਨਿਰਾਰਥ ਯਤਨ ਕੀਤਾ ਜਾਵੇਗਾ ਤਾਂ ਅਸੀਂ ਆਪਣੇ ਹੀ ਚੇਤਨਾ-ਚਿਹਨਾਂ ਦਾ ਇਕ ਸੂਖਮ ਭੰਵਰ ਬਣਾ ਰਹੇ ਹੋਵਾਂਗੇ। ਨਤੀਜੇ ਦੇ ਤੌਰ ਉੱਤੇ ਨਿਰਾਰਥ ਸ਼ੋਖੀ, ਨਿਰਾਰਥ ਹਉਮੈ ਅਤੇ ਨਿਰਾਰਥ ਗਿਆਨ-ਕਰਮ ਉਤਪੰਨ ਹੋ ਕੇ ਇਨਸਾਨੀਅਤ ਦੇ ਬਾਤਨੀ ਨੂਰ ਅਤੇ ਜ਼ਾਹਰਾ ਨਜ਼ਾਕਤ ਨੂੰ ਤਰੁੰਡ ਲੈਣਗੇ।

ਸ੍ਰਿਸ਼ਟੀ-ਉਤਪਤੀ ਦਾ ਆਦਿ ਅਤੇ ਜੀਵਾਂ ਦੀ ਵਿਕਾਸ-ਚਾਲ ਇਕ ਸਤਹੀ ਨਜ਼ਰੀਏ ਤੋਂ ਸਹੀ ਤਰਤੀਬ ਅਤੇ ਸਹੀ ਟਿਕਾਅ ਵਾਲੇ ਹੋ ਸਕਦੇ ਹਨ ਪਰ ਹੁਕਮ ਨੂੰ ਛੋਂਹਦੇ ਸ੍ਰਿਸ਼ਟੀ ਦੇ ਸਗਲ ਆਕਾਰ ਵਿਚ ਅੰਤਮ ਰੂਪ ਵਿਚ ਮਿੱਥਿਆ ਗਿਆ ਸਾਡਾ ਵਕਤ ਅਤੇ ਸਾਡੀ ਫ਼ਰਜ਼ੀ ਆਖ਼ਰੀ ਸਥਿਤੀ ਵਿਕਰਾਲ ਹਨੇਰੇ ਵਿਚ ਉਭਰੇ ਹੋਏ ਭੁਲੇਖੇ ਤੋਂ ਵੱਧ ਕੁਝ ਨਹੀਂ ਹਨ:

ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ॥
ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ॥
ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ॥
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ॥
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥  (ਪੰਨਾ 4)

ਕਾਲ ਦੇ ਨਿੱਕੇ ਚੌਖਟਿਆਂ ਵਿਚ ਹੋਂਦ ਦੇ ਅਲਪ ਤਜਰਬੇ ਹੀ ਸਮਾ ਸਕਦੇ ਹਨ। ਥਿੱਤਾਂ, ਵਾਰ ਅਤੇ ਮਹੀਨੇ ਆਦਮੀ ਦੇ ਉਨ੍ਹਾਂ ਕਦਮਾਂ ਦੇ ਮੁਤਾਬਕ ਹਨ ਜਿਹੜੇ ਕਿ ਉਹ ਧਰਤੀ ਉੱਤੇ ਰੱਖਦਾ ਹੈ। ਇਨ੍ਹਾਂ ਥਿੱਤਾਂ, ਵਾਰਾਂ ਅਤੇ ਮਹੀਨਿਆਂ ਵਿਚ ਹੁਕਮ ਦਾ ਪ੍ਰਵਾਹ ਨਹੀਂ ਸਮਾਵੇਗਾ। ਹੁਕਮ ਤਾਂ ਉਸ ਚੇਤਨਾ ਦੇ ਹਾਣ ਦਾ ਹੈ ਜਿਹੜੀ ਕਿ ਅੱਖਰ ਵਿਚ ਨਹੀਂ ਆਉਂਦੀ। ਅੰਕੜਾ-ਪਾਸਾਰ ਦੇ ਜ਼ੋਰ ਨਾਲ ਹੁਕਮ ਦੇ ‘ਅੰਤੁ’ ਨੂੰ ਪਾਉਣ ਦਾ ਯਤਨ ਇਕ ਬੇਮੁਰਾਦ ਬਿਲਬਲਾਹਟ ਹੈ। ਮਨੁੱਖੀ ਗਿਆਨ ਦੀ ਬਹੁਤੀ ਦੌੜ ਇੱਕੋ ਨੁਕਤੇ ਉੱਤੇ ਘੁੰਮ ਰਹੀ ਫੋਕੀ ਬੇਚੈਨੀ ਹੈ:

ਅਮੁਲੋ ਅਮੁਲੁ ਆਖਿਆ ਨ ਜਾਇ॥
ਆਖਿ ਆਖਿ ਰਹੇ ਲਿਵ ਲਾਇ॥
ਆਖਹਿ ਵੇਦ ਪਾਠ ਪੁਰਾਣ॥
ਆਖਹਿ ਪੜੇ ਕਰਹਿ ਵਖਿਆਣ॥
ਆਖਹਿ ਬਰਮੇ ਆਖਹਿ ਇੰਦ॥
ਆਖਹਿ ਗੋਪੀ ਤੈ ਗੋਵਿੰਦ॥
ਆਖਹਿ ਈਸਰ ਆਖਹਿ ਸਿਧ॥
ਆਖਹਿ ਕੇਤੇ ਕੀਤੇ ਬੁਧ॥
ਆਖਹਿ ਦਾਨਵ ਆਖਹਿ ਦੇਵ॥
ਆਖਹਿ ਸੁਰਿ ਨਰ ਮੁਨਿ ਜਨ ਸੇਵ॥
ਕੇਤੇ ਆਖਹਿ ਆਖਣਿ ਪਾਹਿ॥
ਕੇਤੇ ਕਹਿ ਕਹਿ ਉਠਿ ਉਠਿ ਜਾਹਿ॥
ਏਤੇ ਕੀਤੇ ਹੋਰਿ ਕਰੇਹਿ॥
ਤਾ ਆਖਿ ਨ ਸਕਹਿ ਕੇਈ ਕੇਇ॥ (ਪੰਨਾ 5-6)

ਜਪੁ ਜੀ ਸਾਹਿਬ ਦੇ ਉਪਰੋਕਤ ਮਹਾਂਵਾਕ ਤੋਂ ਤਿੰਨ ਗੱਲਾਂ ਸਪੱਸ਼ਟ ਤੌਰ ’ਤੇ ਸਾਹਮਣੇ ਆਉਂਦੀਆਂ ਹਨ:

ਪਹਿਲੀ ਗੱਲ ਇਹ ਕਿ ਪੁਰਾਤਨ ਕਾਲ ਦੇ ਫ਼ਲਸਫ਼ਿਆਂ ਅਤੇ ਧਰਮ-ਗ੍ਰੰਥਾਂ ਦੇ ਦੱਸੇ ਰਾਹ ਅਧੂਰੇ ਸਨ ਕਿਉਂਕਿ ਉਨ੍ਹਾਂ ਨੇ ਰੱਬ ਦੀ ਪਾਕ ਮੰਜ਼ਿਲ ਨੂੰ ਉਨ੍ਹਾਂ ਰੂਪਾਂਤਰਾਂ ਦੀ ਸੀਮਾ ਵਿਚ ਰਹਿ ਕੇ ਸਰ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਕਿ ਸੰਸਾਰੀ ਸੀਮਾਵਾਂ ਵਿੱਚੋਂ ਉਪਜੇ ਹਨ।

ਦੂਜੀ ਗੱਲ ਇਹ ਕਿ ਚਿਰ ਕਾਲ ਤਕ ਦੇ ਅਮਲ, ਪ੍ਰਤੀਤੀ ਅਤੇ ਸੇਧ-ਦ੍ਰਿਸ਼ਟੀ ਵਿਚ ਉਹ ਊਣ ਸੀ ਜਿਹੜੀ ਕਿ ‘ਅਮੁੱਲ’ ਨੂੰ ‘ਮੁੱਲ’ ਦੇ ਨਾਲ ਪਰਖਣ ਕਰਕੇ ਅਧੂਰੀ ਹੈ।

ਤੀਜੀ ਗੱਲ ਇਹ ਕਿ ਪੌਰਾਣਿਕ ਹਸਤੀਆਂ ਨੂੰ ਦੈਵੀ ਪ੍ਰਸੰਗ ਵਿਚ ਕਿਤੇ ਨਿਹਚਲ ਆਸਨ ਦੀ ਪ੍ਰਾਪਤੀ ਨਹੀਂ ਹੋਈ। “ਜੇ ਐਨੇ ਹੋਰ ਵੀ ਹੋਣ”-ਦਾ ਸੰਕੇਤ ਦੱਸਦਾ ਹੈ ਕਿ ਉਪਰੋਕਤ ਪੌਰਾਣਿਕ ਹਸਤੀਆਂ ਦੇ ਕੁਦਰਤ ਦੀਆਂ ਹੋਰਨਾਂ ਅਸੰਖਾਂ ਮੂਰਤਾਂ ਵਾਂਗ ਅਨੇਕਾਂ ਹੋਰ ਬਦਲ ਹਨ ਅਤੇ ਇਸ ਬਿਨਸਨਹਾਰ ਸਥਿਤੀ ਦੇ ਹੁੰਦਿਆਂ ਇਨ੍ਹਾਂ ਨੂੰ ਕਿਸੇ ਨਿਸ਼ਚਿਤ ਵਿਸ਼ੇਸ਼ਤਾ ਦੀਆਂ ਧਾਰਨੀ ਨਹੀਂ ਮੰਨਿਆ ਜਾ ਸਕਦਾ:

ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥
ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ॥
ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ॥ (ਪੰਨਾ 7)

ਗੁਰਬਾਣੀ ਵਿਚ ‘ਮਾਇਆ’ ਹਰ ਥਾਂ ਖ਼ਾਲਸ ਕੁਦਰਤ ਦੇ ਸੂਖਮ ਰੂਪਾਂ ਤੋਂ ਨੀਵੇਂ ਰੁਤਬੇ ਵਾਲੀ ਹੈ। ‘ਜੁਗਤਿ ਵਿਆਈ’ ਦਾ ਸਥਾਨ ਤਾਂ ਸਪੱਸ਼ਟ ਤੌਰ ਉੱਤੇ ਹੀ ਦੈਵੀ ਸਿਰਜਣਾ ਨਾਲੋਂ ਬਹੁਤ ਥੱਲੇ ਹੈ। ਦੈਵੀ-ਸਿਰਜਣਾ ਵਿਚ ‘ਜੁਗਤਿ’ ਕੀ ਅਤੇ ‘ਵਿਆਈ’ ਕੀ? ਸੋ ਜੁਗਤ ਨਾਲ ਵਿਆਈ ਇਸ ਮਾਈ ਦੇ ਤਿੰਨੇ ਪ੍ਰਮਾਣਿਕ ਚੇਲੇ ਕ੍ਰਮਵਾਰ ਸੰਸਾਰ, ਭੰਡਾਰ ਅਤੇ ਨਿਆਂ ਦੇ ਕੰਮ ਵੰਡਣ ਪਿੱਛੋਂ ਵੀ ਮਹਾਨ ਸਿਰਜਣਾ ਦੇ ਨਾਇਕ ਨਹੀਂ। ਇਹ ਪ੍ਰਚਲਿਤ ਖ਼ਿਆਲ ਦੇ ਹਵਾਲੇ ਜਾਂ ਉਸ ਦੀਆਂ ਪ੍ਰਤੀਕ- ਮੂਰਤਾਂ ਬਣ ਕੇ ਸਾਹਮਣੇ ਆਏ ਹਨ। ਫੇਰ ਇਨ੍ਹਾਂ ਦਾ ਦ੍ਰਿਸ਼ਟਾਂਤ ਦੇ ਕੇ ਉਸ ਖ਼ਿਆਲ ਦੇ ਅੰਤ੍ਰੀਵ ਨਿਯਮ ਦੀ ਸਾਰਥਕਤਾ ਨੂੰ ਵਾਚਿਆ ਗਿਆ ਹੈ। ਤੀਸਰੀ ਤੁਕ ਹੀ ਇਹ ਜ਼ੋਰਦਾਰ ਰੱਬੀ ਫ਼ੈਸਲਾ ਦੇ ਦਿੰਦੀ ਹੈ ਕਿ ਇਹ ਤਿੰਨੇ ਹਸਤੀਆਂ ਅਕਾਲ ਪੁਰਖ ਦੀ ਖ਼ਾਲਸ ਕੁਦਰਤ ਵਿਚ ਕੋਈ ਨਿਹਚਲ ਆਸਨ ਨਹੀਂ ਰੱਖਦੀਆਂ।

ਅਕਾਲ ਪੁਰਖ ਦੇ ਨਾਂਹ ਲਿਖੇ ਜਾ ਸਕਣ ਵਾਲੇ ਕਰਮ ਨੂੰ ਕਦੇ ਸੁਚੇਤ ਰੂਪ ਵਿਚ ਅਤੇ ਕਦੇ ਅਗਿਆਨ-ਵੱਸ ਹੋ ਕੇ ਲਿਖਣ ਦੇ ਯਤਨ ਕੀਤੇ ਗਏ। ਉਸ ਉੱਚੀ ਬਖ਼ਸ਼ਿਸ਼ ਨੂੰ ਅਸੂਲਾਂ ਦਾ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ ਗਈ:

ਬੰਦਿ ਖਲਾਸੀ ਭਾਣੈ ਹੋਇ॥ 
ਹੋਰੁ ਆਖਿ ਨ ਸਕੈ ਕੋਇ॥ (ਪੰਨਾ 5)

ਉੱਚਾ ਮਨੁੱਖ ਮਨਜ਼ੂਰ ਹੋਣ ਦੇ ਚਾਅ ਨਾਲ ਪਰਵਾਜ਼ ਵਿਚ ਆਉਂਦਾ ਹੈ। ਹਾਂ, ਇਸ ਦੀ ਮਿਅਰਾਜ ਦਾ ਰੰਗ ਨਿਆਰਾ ਹੈ। ਇਸ ਦੀ ਉਡਾਣ ਪਿਆਰ ਜਗਾਉਂਦੀ ਹੈ ਅਤੇ ਇਕ ਐਸਾ ਕਪਾਟ ਖੋਲ੍ਹਦੀ ਹੈ, ਜਿੱਥੋਂ ਦੇਵਤਿਆਂ, ਫ਼ਿਲਾਸਫ਼ਰਾਂ ਅਤੇ ਭਗਤਾਂ ਦੇ ਪੰਧ ਉਨ੍ਹਾਂ ਦੇ ਗਿਆਨ ਅਤੇ ਅਗਿਆਨ ਦੇ ਪਰਛਾਵਿਆਂ ਸਮੇਤ ਦਿੱਸਦੇ ਹਨ। ਉਨ੍ਹਾਂ ਦੀਆਂ ਕੁਝ ਦਿਸ਼ਾਵਾਂ ਤਾਂ ਭੁੱਲ-ਰੂਪਾਂਤਰਾਂ ਦੀ ਬੰਦਿਸ਼ ਵਿਚ ਹਨ ਪਰ ਕੁਝ ਗਿਆਨ-ਰੂਪਾਂਤਰਾਂ ਦੀ ਪਛਾਣ ਵਿਚ ਤੁਰੀਆਂ ਹੋਈਆਂ ਹਨ। ਉੱਚਾ ਮਨੁੱਖ ਉਨ੍ਹਾਂ ਦੇ ਸਭ ਖਾਲਸ ਅਸੂਲਾਂ ਵਿਚ ਵੇਖਿਆ ਜਾ ਸਕਦਾ ਹੈ ਪਰ ਇਹ ਸਭ ਉਸ ਦਾ ਇਕ ਪਾਸਾ ਹੀ ਹਨ। ਅਕਾਲ ਪੁਰਖ ਦੇ ਨਿਆਂ ਦੇ ਸਾਹਮਣੇ ਜਾਣ ਦਾ ਤਾਣ ਹੀ ਸਭ ਕੁਝ ਹੈ ਅਤੇ ਇਹ ਤਾਣ ਉੱਚੇ ਮਨੁੱਖ ਵਿਚ ਖ਼ਾਲਸ ਦੇ ਸਾਹਮਣੇ ਜਾਣ ਦੇ ਚਾਅ ਵਿਚ ਪ੍ਰਗਟ ਹੁੰਦਾ ਹੈ। ਇਹ ਚਾਅ ਨਿਰਾਕਾਰੀ ਸਥਿਤੀ ਵਿਚ ਦੇਵਤਿਆਂ ਦੇ ਰਾਹ ਵੀ ਰੌਸ਼ਨ ਕਰਦਾ ਹੈ ਪਰ ਆਪ ਆਪਣੀ ਪੂਰਨਤਾ ਵਿਚ ਸੰਯੁਕਤ ਰਹਿੰਦਾ ਹੈ। ਉੱਚਾ ਮਨੁੱਖ ਦੇਵਤਿਆਂ, ਭਗਤਾਂ ਅਤੇ ਫ਼ਿਲਾਸਫ਼ਰਾਂ ਦੇ ਉਸ ਪੰਧ ਥਾਣੀਂ ਗੁਜ਼ਰਦਾ ਹੈ ਜੋ ਪੰਧ ਕਿ ਉਸ ਦੀ ਪਰਵਾਜ਼ ਦੇ ਅਨੁਕੂਲ ਹੈ ਅਤੇ ਇਹ ਅਨੁਕੂਲਤਾ ਹੀ ਉਨ੍ਹਾਂ ਦੇ ਗਿਆਨ-ਰੂਪਾਂਤਰਾਂ ਨੂੰ ਜਗਾ ਕੇ ਉਨ੍ਹਾਂ ਦੇ ਰਾਹ ਨੂੰ ਸਹੀ ਕਰਦੀ ਹੈ। ਦੂਜੇ ਲਫ਼ਜ਼ਾਂ ਵਿਚ ਇਲਾਹੀ ਰਮਜ਼ ਦੇ ਪੰਧਾਊਆਂ ਦੀਆਂ ਸਹੀ ਦਿਸ਼ਾਵਾਂ ਉੱਚੇ ਮਨੁੱਖ ਦੀ ਪਰਵਾਜ਼ ਨਾਲ ਹੀ ਨਿਸਚਿਤ ਹੁੰਦੀਆਂ ਹਨ ਭਾਵੇਂ ਉਨ੍ਹਾਂ ਨੇ ਉਸ ਸਮੇਂ ਗ਼ਲਤ ਦਿਸ਼ਾਵਾਂ ਵੀ ਅਪਣਾਈਆਂ ਹੁੰਦੀਆਂ ਹਨ।

ਮਨੁੱਖ ਦੇ ਅਨੁਭਵ ਦਾ ਫੈਲਾਉ ਜਿਹੜਾ ਕਿ ਆਪਣੀ ਮੁੱਖ ਸ਼ਕਤੀ ਬਾਹਰਮੁਖੀ ਪ੍ਰਭਾਵ-ਫੈਲਾਉ, ਨਾਦ-ਫੈਲਾਉ, ਥਾਂ-ਫੈਲਾਉ ਅਤੇ ਕਾਲ-ਫੈਲਾਉ ਤੋਂ ਗ੍ਰਹਿਣ ਕਰਦਾ ਹੈ, ਆਖ਼ਰ ਆਪਣੇ ਇਕ ਖ਼ਾਸ ‘ਅੰਤ’ ਉੱਤੇ ਆ ਕੇ ਠਹਿਰ ਜਾਂਦਾ ਹੈ; ਪਰ ਅਨੁਭਵ ਦੇ ਫੈਲਾਉ ਨੇ ਆਪਣੇ ਸਫ਼ਰ ਵਿਚ ਐਨੇ ‘ਅੰਤ’ ਪਾਰ ਕੀਤੇ ਹੁੰਦੇ ਹਨ ਕਿ ਉਸ ਨੂੰ ਆਪਣੇ ‘ਹੋਣ’ ਤੋਂ ਬਿਨਾਂ ਹੋਰ ਕੋਈ ਅਹਿਸਾਸ ਨਹੀਂ ਰਹਿੰਦਾ। ਸੋ ਉਹ ਆਪਣੀ ਚੇਤਨ ਬਾਰੀਕਬੀਨੀ ਦੇ ਅਸੰਖਾਂ ਚੌਖਟੇ ਬਣਾ ਕੇ ਅਕਾਲ ਪੁਰਖ ਦੇ ਸੱਤਾਂ ਪ੍ਰਕਾਸ਼ਾਂ ਨੂੰ ਆਪਣੀ ਹੋਂਦ ਅਨੁਸਾਰ ਤੋਲਣਾ ਸ਼ੁਰੂ ਕਰ ਦਿੰਦਾ ਹੈ। ਉਹ ਸਮਾਧੀ ਦੀਆਂ ਅਨੇਕ ਡੂੰਘਾਂ-ਡੂੰਘਾਣਾਂ ਸਾਜਦਾ ਹੈ, ਆਪਣੀ ਚੁੱਪ ਵਿਚ ਅਨੇਕਾਂ ਸਾਜ਼ ਖ਼ਾਮੋਸ਼ ਕਰਦਾ ਹੈ; ਬਿਆਨ ਦੇ ਅਨੇਕਾਂ ਰਾਹ ਢੂੰਡਦਾ ਹੈ; ਗਿਆਨ ਦੀਆਂ ਅਨੇਕਾਂ ਤਫ਼ਸੀਲਾਂ ਘੜਦਾ ਹੈ; ਪਰ ਇਨ੍ਹਾਂ ਸਭ ਦੈਵੀ ਪ੍ਰਾਪਤੀਆਂ ਨੂੰ ਉਹ ਆਪਣੀ ਹੋਂਦ ਦੇ ਚੌਖਟਿਆਂ ਵਿਚ ਉਤਾਰ ਦਿੰਦਾ ਹੈ। ਉਸ ਦੀਆਂ ਜੁਗਤੀਆਂ ਅਤੇ ਸੁਰਤੀਆਂ ‘ਬੰਦ ਖ਼ਲਾਸੀ’ ਦੀ ਤਾਂਘ ਕਰਦੀਆਂ ਹਨ ਪਰ ਇਨ੍ਹਾਂ ਜੁਗਤੀਆਂ ਅਤੇ ਸੁਰਤੀਆਂ ਦੀ ਤਰਤੀਬ ਉਸ ਦੀ ਆਪਣੀ ਹੋਂਦ ਦੇ ਅਧੀਨ ਹੈ। ਇੰਞ ਉਸ ਦੀ ਚੇਤਨਾ ਦੇ ਰਾਹ ਰੱਬੀ ਬਖ਼ਸ਼ਿਸ਼ ਤੋਂ ਨਿੱਖੜ ਜਾਂਦੇ ਹਨ ਅਤੇ ਉਸ ਦੇ ਅਨੁਭਵ-ਫੈਲਾਉ ਵਿਚਲੀ ਨਕਲੀ ਬਖ਼ਸ਼ਿਸ਼ ਦੇ ਪਰਛਾਵੇਂ ਹੇਠ ਆ ਜਾਂਦੇ ਹਨ। ਮਨੁੱਖ ਆਪਣੀ ਇਕ ਦੂਰੀ ਬਣਾਉਂਦਾ ਹੈ ਅਤੇ ਉਸ ਦੂਰੀ ਦੀਆਂ ਹੱਦਾਂ ਵਿਚ ਉਹ ਰੱਬ ਦੇ ਕਰਮ ਨੂੰ ਮੁਕੰਮਲ ਕਰਨਾ ਚਾਹੁੰਦਾ ਹੈ। ਕਰਮ ਤੋਂ ਵਿੱਛੜੀਆਂ ਕੋਸ਼ਿਸ਼ਾਂ ਚੇਤਨਾ ਦੀ ਸੁਬਕ ਤੋਂ ਸੁਬਕ ਥਰਥੱਰਾਹਟ ਉੱਤੇ ਵੀ ਅੰਤਮ ਤੌਰ ਉੱਤੇ ਬੇਪਛਾਣ ਅਤੇ ਖ਼ਾਲਮ-ਖ਼ਾਲੀ ਹਨ:

ਆਖਣਿ ਜੋਰੁ ਚੁਪੈ ਨਹ ਜੋਰੁ॥
ਜੋਰੁ ਨ ਮੰਗਣਿ ਦੇਣਿ ਨ ਜੋਰੁ॥
ਜੋਰੁ ਨ ਜੀਵਣਿ ਮਰਣਿ ਨਹ ਜੋਰੁ॥
ਜੋਰੁ ਨ ਰਾਜਿ ਮਾਲਿ ਮਨਿ ਸੋਰੁ॥
ਜੋਰੁ ਨ ਸੁਰਤੀ ਗਿਆਨਿ ਵੀਚਾਰਿ॥
ਜੋਰੁ ਨ ਜੁਗਤੀ ਛੁਟੈ ਸੰਸਾਰੁ॥
ਜਿਸੁ ਹਥਿ ਜੋਰੁ ਕਰਿ ਵੇਖੈ ਸੋਇ॥
ਨਾਨਕ ਉਤਮੁ ਨੀਚੁ ਨ ਕੋਇ॥ (ਪੰਨਾ 7)

‘ਜੋਰੁ’ ਸਿਰਫ਼ ਕਰਮ ਖੰਡ ਵਿਚ ਹੀ ਸ਼ੋਭਦਾ ਹੈ। ਧਿਆਨ, ਗਿਆਨ, ਅਨੁਸ਼ਾਸਨ ਅਤੇ ਸ਼ਾਸਕ-ਚੜ੍ਹਤਲ ਦੇ ਬਹੁਰੂਪੀ ਧਰਾਤਲਾਂ ਉੱਤੇ ਖਲੋ ਕੇ ਅਜ਼ਮਾਇਆ ਮਨੁੱਖੀ ‘ਜੋਰੁ’ ਉਦੋਂ ‘ਕੂੜੀ ਠੀਸ’ ਬਣ ਜਾਂਦਾ ਹੈ ਜਦੋਂ ਕਿ ਇਹ ਰੱਬੀ ਕਰਮ ਤੋਂ ਪੂਰੀ ਤਰ੍ਹਾਂ ਬੇਮੁਖ ਹੋ ਕੇ ਆਪਣੇ ਮੁਖ ਤੋਂ ਬਿਨਾਂ ਹੋਰ ਕੋਈ ਮੁਖ ਨਹੀਂ ਵੇਖਦਾ। ਪਰ ਇਕ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਬੇਮੁਖਤਾ ਦੇ ਸਰਾਪੇ ਛਿਣਾਂ ਦੇ ਦਰਮਿਆਨ ਜ਼ਿੰਦਗੀ ਉਨ੍ਹਾਂ ਪੜਾਵਾਂ ਉੱਤੇ ਵੀ ਨਮੂਦਾਰ ਹੁੰਦੀ ਹੈ ਜਿਹੜੇ ਉੱਚੇ ਮਨੁੱਖ ਦੀ ਪਰਵਾਜ਼ ਨਾਲ ਇਕਸੁਰ ਹਨ। ਗੁਰੂ ਨਾਨਕ ਸਾਹਿਬ ਨੇ ਫ਼ੁਰਮਾਇਆ ਕਿ ਸ੍ਰਿਸ਼ਟੀ ਦੇ ਸਾਰੇ ‘ਕਚ-ਪਕਾਈ’ ਦੀ ਫੈਸਲਾਕੁੰਨ ਸਥਿਤੀ ਵਿਚ ਪਹੁੰਚ ਕੇ ਧਰਮ ਖੰਡ ਵਿਚ ਸ਼ਾਮਲ ਹੋ ਰਹੇ ਹਨ ਅਤੇ ਇਥੇ ਹੀ ਸਮੇਤ ਸਾਡੀ ਧਰਤੀ ਦੇ ਉਨ੍ਹਾਂ ਅਸੰਖਾਂ ਅੰਗਾਂ ਨੂੰ ਸ੍ਰਿਸ਼ਟੀ ਵਿਚ ਸ਼ਮੂਲੀਅਤ ਰੱਖਣ ਦਾ ਹੱਕ ਮਿਲਦਾ ਹੈ। ਬੇਸ਼ੱਕ ਚੀਜ਼ ਖੋਟੀ ਹੀ ਰਹੇ ਪਰ ਉਸ ਦਾ ਵੀ ਕਿਤੇ ਨਾ ਕਿਤੇ ਖ਼ਾਲਸ-ਖੋਟੇ ਦੇ ਅੰਤਮ ਨਿਆਰੇ ਦੀ ਪ੍ਰਵਾਨਗੀ ਵਿਚ ਰਹਿਣਾ ਜ਼ਰੂਰੀ ਹੈ। “ਸੁਣਿਐ” ਵਾਲੀਆਂ ਪਉੜੀਆਂ ਦੇ ਦੋ ਪਹਿਲੂ ਹਨ: ਪਹਿਲੂ ਅੱਵਲ ਉੱਚੇ ਮਨੁੱਖ ਦੀਆਂ ਉਨ੍ਹਾਂ ਗਹਿਰਾਈਆਂ ਨੂੰ ਜ਼ਾਹਿਰ ਕਰਦਾ ਹੈ ਜਿਨ੍ਹਾਂ ਦੇ ਆਰ-ਪਾਰ “ਈਸਰ ਬਰਮਾ ਇੰਦ” ਅਤੇ ਸਿੱਧਾਂ, ਪੀਰਾਂ, ਨਾਥਾਂ ਦੇ ਤਪਾਂ, ਕ੍ਰਿਸ਼ਮਿਆਂ ਅਤੇ ਕਰੜੇ ਨੈਤਿਕ ਉਪਦੇਸ਼ਾਂ ਦੇ ਰਾਹ ਲੰਘਦੇ ਹਨ ਅਤੇ ਜਿਨ੍ਹਾਂ ਦੀ ਦੂਰ-ਕੰਨਸੋਅ ਸਾਧਕ ਲਈ ਨਵੇਂ ਕਪਾਟ ਖੋਲ੍ਹਦੀ ਹੈ। ਪਹਿਲੂ ਦੋ ਮੁਤਾਬਕ ਉੱਚਾ ਮਨੁੱਖ ਉਸ ਪਰਵਾਜ਼ ਅੰਦਰ ਹੈ ਜਿਸ ਦੇ ਖ਼ਾਸ ਪੜਾਵਾਂ ਉੱਤੇ ਸਾਰੀ ਸ੍ਰਿਸ਼ਟੀ ਹੀ ਸ਼ਾਮਿਲ ਹੈ। “ਸੁਣਿਐ” ਉੱਚੇ ਮਨੁੱਖ ਦੇ ਮਾਰਗ ਦਾ ਅਰੰਭ ਹੈ ਅਤੇ ਉਸ ਦੀ ਦੈਵੀ ਪ੍ਰਾਪਤੀ ਇਸ ਤੋਂ ਅੱਗੇ ਹੈ। “ਗਾਵੈ ਕੋ”, “ਸੁਣਿਐ” ਅਤੇ “ਸੋਦਰੁ” ਵਾਲੀਆਂ ਪਉੜੀਆਂ ਕ੍ਰਮਵਾਰ ਉਨ੍ਹਾਂ ਰਹਿਬਰਾਂ, ਮਾਹਿਰਾਂ, ਤਰਕਵਾਦੀਆਂ, ਅਨੁਭਵੀਆਂ, ਵਚਿੱਤਰ ਬ੍ਰਹਿਮੰਡਾਂ ਅਤੇ ਦੇਵਤਿਆਂ ਆਦਿ ਵੱਲ ਜ਼ੋਰਦਾਰ ਸੰਕੇਤ ਕਰਦੀਆਂ ਹਨ ਜਿਨ੍ਹਾਂ ਉੱਤੇ ਕਿ ਉਸ ਮਹਾਨ ਅਸੂਲ ਦਾ ਪਰਛਾਵਾਂ ਪੈ ਰਿਹਾ ਹੈ ਜਿਸ ਨੇ ਕਿ ਧਰਤੀ ਨੂੰ ‘ਧਰਮਸਾਲ’ ਦੇ ਰੂਪ ਵਿਚ ਥਾਪ ਦਿੱਤਾ। ਇਹ ਲੋਕ ਕੁਦਰਤ ਦੀਆਂ ਉਨ੍ਹਾਂ ਸੁਬਹਾਨ ਆਵਾਜ਼ਾਂ ਨਾਲ ਇਕਜਾਨ ਹੋ ਗਏ ਹਨ ਜਿਹੜੀਆਂ ਖ਼ਾਲਸ-ਖੋਟੇ ਦੀ ਸਥਿਤੀ ਨੂੰ ਗ੍ਰਹਿਣ ਕਰ ਕੇ ਅੰਤਿਮ ਨਿਆਂ ਦੀ ਪਾਤਸ਼ਾਹੀ ਵਿਚ ‘ਹੋਣ’ ਦਾ ਹੱਕ ਹਾਸਿਲ ਕਰ ਰਹੀਆਂ ਹਨ।

ਉਪਰੋਕਤ ਅਚਿਹਨਤਾ ਵਿਚ ਉੱਚਾ ਮਨੁੱਖ ਗੁਆਚਿਆ ਨਹੀਂ। ਉਸ ਦਾ ਵਜੂਦ ਰੱਬੀ ਕਰਮ ਦੇ ਹੁਸਨ ਵਿਚ ‘ਜੋ ਹੈ ਸੋ ਹੈ’ ਦਾ ਨੂਰ ਬਣ ਕੇ ਸਥਾਪਤ ਹੋ ਗਿਆ: “ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰੁ॥” ਸਿੱਖ-ਅਚਿਹਨਤਾ ਰੱਬੀ ਕਰਮ ਵਿਚ ਸਲਾਮਤ ਹੈ ਅਤੇ ਸਿੱਖ-ਵਜੂਦ, ਸਿੱਖ-ਅਚਿਹਨਤਾ ਦੇ ਅੰਦਰ ਹੈ। ਇਹ ਵਜੂਦ ਅਪਹੁੰਚ ਅਚਿਹਨਤਾ ਦੇ ਹੜ੍ਹਾਂ ਦਰਮਿਆਨ ਇਕੱਲਾ ਨਹੀਂ ਕਿਉਂਕਿ ਇਸ ਦੇ ਨਾਲ ਅੰਤਮ ਨਿਆਂ ਦੇ ਸਾਹਮਣੇ ਜ਼ਾਹਰ ਹੋਣ ਵਾਲੇ ਰਾਜ਼ ਵੀ ਤਾਂ ਹਨ:

ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ॥ (ਪੰਨਾ 5)

ਜਿਵੇਂ ਸੱਚ ਦੀ ਟਕਸਾਲ ਵਿਚ ਸ਼ਬਦ ਨੂੰ ਘੜਿਆ ਗਿਆ ਹੈ ਇਸੇ ਤਰ੍ਹਾਂ ਰੱਬੀ ਕਰਮ ਦੇ ਅਨੰਤ ਹੜ੍ਹਾਂ ਵਿੱਚੋਂ ਸਿੱਖ-ਵਜੂਦ ਉਭਰਦਾ ਹੈ ਅਤੇ ਇਹ ਵਜੂਦ ਸੱਚ ਦੀ ਟਕਸਾਲ ਵਿੱਚੋਂ ਪੈਦਾ ਹੋਏ ਜਤ-ਸਤ ਅਤੇ ਗਿਆਨ ਦੇ ਸ਼ਬਦ ਨਾਲੋਂ ਵੱਖਰਾ ਨਹੀਂ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)