editor@sikharchives.org

ਜਪੁ ਜੀ ਸਾਹਿਬ ਵਿਚ ਪਰਮਾਤਮਾ ਦਾ ਸਰੂਪ

ਪਾਵਨ ਜਪੁ ਜੀ ਸਾਹਿਬ ਦਾ ਚਿੰਤਨ ਕਰਨ ’ਤੇ ਇੰਞ ਪ੍ਰਤੀਤ ਹੁੰਦਾ ਹੈ ਜਿਵੇਂ ਇਹ ਪੰਕਤੀਆਂ ਜਗਿਆਸੂ ਦੇ ਪ੍ਰਸ਼ਨਾਂ ਦੇ ਉੱਤਰ ਦੇ ਰਹੀਆਂ ਹੋਣ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਜਪੁ ਜੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੀ ਗਈ ਪਾਵਨ ਬਾਣੀ ਹੈ। ਗੁਰੂ ਨਾਨਕ ਸਾਹਿਬ ਦੀ ਸੋਚਣੀ ਦਾ ਸਾਰ ਜਪੁ ਜੀ ਸਾਹਿਬ ਵਿਚ ਸਪੱਸ਼ਟ ਰੂਪ ਵਿਚ ਝਲਕਦਾ ਦਿਖਾਈ ਦਿੰਦਾ ਹੈ। ਦੂਜੇ ਸ਼ਬਦਾਂ ਵਿਚ ਇਹ ਕਿਹਾ ਜਾ ਸਕਦਾ ਹੈ ਕਿ ‘ਜਪੁ’ ਬਾਣੀ ਦੀਆਂ ਇਨ੍ਹਾਂ 38 ਪਉੜੀਆਂ ਵਿਚ ਪੂਰਾ ਸਿੱਖ-ਫ਼ਲਸਫ਼ਾ ਹੀ ਵਿਦਮਾਨ ਹੈ। ਗੁਰੂ ਸਾਹਿਬ ਨੇ ਇਸ ਬਾਣੀ ਨੂੰ ਆਮ ਸਾਧਾਰਨ ਲੋਕਾਂ ਦੀ ਬੋਲੀ ਵਿਚ ਰਚਿਆ ਹੈ। ਉਨ੍ਹਾਂ ਨੇ ਉਸ ਸਮੇਂ ਵਰਤੇ ਜਾਂਦੇ ਸ਼ਬਦਾਂ ਨੂੰ ਲੈ ਕੇ ਹੀ ਬਹੁਤ ਵੱਡੇ ਸੰਦੇਸ਼ ਬਿਆਨ ਕੀਤੇ ਹਨ ਜਿਵੇਂ ਸਚ (ਸਤਿ), ਕੂੜ (ਅਸਤਿ), ਬਖਸੀਸ (ਮੁਕਤੀ), ਹੁਕਮ, ਰਜਾ (ਚਿੱਤ), ਕੁਦਰਤਿ (ਪ੍ਰਕਿਰਤੀ), ਮੋਖ (ਮੁਕਤੀ), ਨਿਹਾਲ (ਅਨੰਦ), ਗਾਵੈ, ਸੁਣਿਐ, ਮੰਨੈ ਆਦਿਕ ਸ਼ਬਦਾਂ ਦੀ ਵਰਤੋਂ ਕੀਤੀ ਹੈ ਤਾਂ ਕਿ ਆਮ-ਸਾਧਾਰਨ ਲੋਕਾਂ ਨੂੰ ਉਸ ਪਰਮ-ਹਸਤੀ ਦੀ ਅਸਲ ਰੂਪ ਵਿਚ ਸੋਝੀ ਹੋ ਸਕੇ। ਇਸ ਬਾਣੀ ਦਾ ਅਧਿਐਨ ਕੀਤਿਆਂ ਇੰਞ ਪ੍ਰਤੀਤ ਹੁੰਦਾ ਹੈ ਕਿ ਇਹ ਗੁਰਮਤਿ ਦਾ ਸਾਰ-ਤੱਤ ਸਮਝਾਉਣ ਅਤੇ ਉਪਦੇਸ਼ ਦੇਣ ਲਈ ਹੀ ਰਚੀ ਗਈ ਹੈ।

ਸੰਸਾਰ ਨੂੰ ਉਹ ਪਰਮ-ਹਸਤੀ ਹੀ ਆਪਣੇ ਅਨੁਸਾਰ ਚਲਾ ਰਹੀ ਹੈ। ਜੋ ਸ਼ਕਤੀ ਇਸ ਦਿੱਸਦੇ ਤੇ ਅਣ-ਦਿੱਸਦੇ ਜਗਤ ਨੂੰ ਹੋਂਦ ਵਿਚ ਲਿਆਉਣ ਵਾਲੀ ਹੈ ਉਹ ਹੀ ਪਰਮ-ਹਸਤੀ ਹੈ। ਗੁਰੂ ਨਾਨਕ ਸਾਹਿਬ ਨੇ ਮੂਲ-ਮੰਤਰ ਵਿਚ ਹੀ ਉਸ ਨੂੰ ਬਿਆਨ ਕੀਤਾ ਹੈ। ਗੁਰੂ ਸਾਹਿਬ ਨੇ ਇਸ ਨੂੰ ਬਹੁ-ਅਰਥੀ ਰੂਪ ਵਿਚ ਕਥਨ ਕੀਤਾ ਹੈ। ਜਪੁ ਜੀ ਸਾਹਿਬ ਦਾ ਅਧਿਐਨ ਕਰਨ ’ਤੇ ਇਸ ਦੇ ਬਚਨਾਂ ਦੇ ਗਹਿਰੇ ਅਰਥਾਂ ਦਾ ਪਤਾ ਲੱਗਦਾ ਹੈ। ਇਸ ਦਾ ਜਿੰਨਾ ਵੱਧ ਤੋਂ ਵੱਧ ਚਿੰਤਨ ਕਰੋਗੇ ਉਤਨਾ ਹੀ ਅਰਥਾਂ ਦਾ ਗਿਆਨ ਵਧੇਰੇ ਹੁੰਦਾ ਹੈ। ਪਾਵਨ ਜਪੁ ਜੀ ਸਾਹਿਬ ਦਾ ਚਿੰਤਨ ਕਰਨ ’ਤੇ ਇੰਞ ਪ੍ਰਤੀਤ ਹੁੰਦਾ ਹੈ ਜਿਵੇਂ ਇਹ ਪੰਕਤੀਆਂ ਜਗਿਆਸੂ ਦੇ ਪ੍ਰਸ਼ਨਾਂ ਦੇ ਉੱਤਰ ਦੇ ਰਹੀਆਂ ਹੋਣ। ਇਹ ਬਾਣੀ ਮਨੁੱਖ ਨੂੰ ਸਚਿਆਰ ਹੋਣ ਦੀ ਪ੍ਰੇਰਨਾ ਨੂੰ ਪ੍ਰੋੜ੍ਹ ਰੂਪ ਵਿਚ ਪੇਸ਼ ਕਰਦੀ ਹੈ। ਗੁਰੂ ਸਾਹਿਬ ਨੇ ਇਸ ਬਾਣੀ ਦਾ ਅਰੰਭ ਮੂਲ-ਮੰਤਰ ਤੋਂ ਕੀਤਾ ਹੈ। ਗੁਰੂ ਸਾਹਿਬ ਇਸ ਦਾ ਅਰੰਭ ‘ੴ ’ ਤੋਂ ਕਰਦੇ ਹਨ ਜਿਸ ਦਾ ਭਾਵ ਹੈ ਕਿ ਉਹ ਬ੍ਰਹਮ (ਪਰਮ-ਹਸਤੀ) ‘ਇੱਕ’ ਹੈ, ਉਸ ਤੋਂ ਬਿਨਾਂ ਦੂਸਰਾ ਹੋਰ ਕੋਈ ਨਹੀਂ ਹੈ। ਗੁਰੂ ਸਾਹਿਬ ਨੇ ਇਸ ‘1’ ਤੇ ‘ਓ ’ ਦਾ ਇਕੱਠਾ ਪ੍ਰਯੋਗ ਈਸ਼ਵਰ ਦੀ ਏਕਤਾ ਉੱਤੇ ਜ਼ੋਰ ਦੇਣ ਲਈ ਕੀਤਾ ਹੈ। ਗੁਰੂ ਨਾਨਕ ਸਾਹਿਬ ਦਾ ‘1’ ਸਰਬ-ਵਿਆਪੀ ਹੈ ਤੇ ਗੁਰੁ ਸਾਹਿਬ ਨੇ ਇਸ ਦਾ ਪ੍ਰਯੋਗ ਪ੍ਰਕਿਰਤੀ ਤੋਂ ਪਰ੍ਹੇ ਪਾਰਬ੍ਰਹਮ ਦਾ ਸਰੂਪ ਦਿਖਾਉਣ ਲਈ ਕੀਤਾ ਹੈ। ਗੁਰਬਾਣੀ ਅਨੁਸਾਰ ਉਹ ਅਗਮ ਤੇ ਅਗੋਚਰ ਹੈ ਤੇ ਗੁਰਮਤਿ ਦੀ ਸੋਝੀ ਨਾਲ ਹੀ ਉਸ ਨੂੰ ਜਾਣਿਆ ਜਾ ਸਕਦਾ ਹੈ:

ਅਗਮ ਅਗੋਚਰੁ ਅਨਾਥੁ ਅਜੋਨੀ ਗੁਰਮਤਿ ਏਕੋ ਜਾਨਿਆ॥ (ਪੰਨਾ 1233)

ਗੁਰਬਾਣੀ ਵਿਚ ਬ੍ਰਹਮ ਨੂੰ ਇੱਕ ਤੇ ਸਿਰਫ਼ ਇੱਕ ਪ੍ਰਗਟ ਕਰਦੇ ਅਨੇਕਾਂ ਸ਼ਬਦ ਮਿਲਦੇ ਹਨ ਜੋ ਉਸ ਦੀ ਸਦੈਵ-ਸ਼ਕਤੀ ਦਾ ਪ੍ਰਗਟਾਵਾ ਕਰਦੇ ਹਨ:

ਸਭੁ ਕਿਛੁ ਤਿਸ ਕਾ ਓਹੁ ਕਰਨੈ ਜੋਗੁ॥
ਤਿਸੁ ਬਿਨੁ ਦੂਸਰ ਹੋਆ ਨ ਹੋਗੁ॥ (ਪੰਨਾ 283)

ਮੂਲ-ਮੰਤਰ ਵਿਚ ਆਏ ਸ਼ਬਦ ‘ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ’ ਆਦਿਕ ਸਭ ਉਸ ਏਕੇ ਦੇ ਗੁਣਾਂ ਨੂੰ ਹੀ ਪ੍ਰਗਟ ਕਰਦੇ ਹਨ ਕਿ ਉਹ ਪਰਮਾਤਮਾ ਇੱਕ ਹੈ। ਉਸ ਦਾ ਸਰੂਪ ਬਿਲਕੁਲ ਨਿਰਗੁਣ ਹੈ। ‘ਓਅੰਕਾਰ’ ਸ਼ਬਦ ਇਸ ਗੱਲ ਨੂੰ ਪ੍ਰਗਟ ਕਰਦਾ ਹੈ ਕਿ ਉਸ ਦਾ ਕੋਈ ਆਕਾਰ ਨਹੀਂ ਹੈ ਪਰ ਇਹ ਸਾਰੀ ਸ੍ਰਿਸ਼ਟੀ ਉਸੇ ਦੀ ਹੀ ਬਣਾਈ ਹੋਈ ਹੈ। ਇਹ ਦਿੱਸਦੇ ਤੇ ਅਣਦਿੱਸਦੇ ਸੰਸਾਰ ਉੱਪਰ ਜੋ ਵੀ ਹੋ ਰਿਹਾ ਹੈ ਇਹ ਸਭ ਉਸੇ ਦਾ ਹੀ ਖੇਲ-ਤਮਾਸ਼ਾ ਹੈ ਜੋ ਉਹ ਆਪਣੇ ਹੁਕਮ ਅਨੁਸਾਰ ਹੀ ਕਰ ਰਿਹਾ ਹੈ:

ਓਅੰਕਾਰਿ ਸਭ ਸ੍ਰਿਸਟਿ ਉਪਾਈ॥
ਸਭੁ ਖੇਲੁ ਤਮਾਸਾ ਤੇਰੀ ਵਡਿਆਈ॥ (ਪੰਨਾ 1061)

ਗੁਰੂ ਨਾਨਕ ਸਾਹਿਬ ਇਸੇ ਓਅੰਕਾਰ ਦੀ ਵਿਆਖਿਆ ਨੂੰ ਅੱਗੇ ਪੰਜਵੀਂ ਪਉੜੀ ਵਿਚ ਇਸ ਤਰ੍ਹਾਂ ਬਿਆਨ ਕਰਦੇ ਹਨ:

ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥ (ਪੰਨਾ 2)

ਦੂਜੇ ਸ਼ਬਦ ‘ਸਤਿ ਨਾਮੁ’ ਵਿਚ ਉਸ ਪਰਮ-ਹਸਤੀ ਦੇ ਨਾਮ ਦੀ ਸੱਤਾ ਨੂੰ ਪ੍ਰਗਟ ਕੀਤਾ ਗਿਆ ਹੈ। ਉਸ ਦਾ ਨਾਮ ਸੱਚਾ ਹੈ ਤੇ ਉਹ ਸਦਾ ਰਹਿਣ ਵਾਲਾ ਹੈ। ਉਸ ਦੀ ਹਸਤੀ ਨੂੰ ਕੋਈ ਮਿਟਾ ਨਹੀਂ ਸਕਦਾ। ਉਹ ਸਥਿਰ ਹੈ ਤੇ ਤ੍ਰੈਕਾਲ ਵਿਆਪਕ ਹੈ:

ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ (ਪੰਨਾ 1)

ਸਾਚਾ ਸਾਹਿਬੁ ਸਾਚੈ ਨਾਇ॥ (ਪੰਨਾ 9)

ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ॥
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ॥ (ਪੰਨਾ 6)

ਪਰਮਾਤਮਾ ਸਦਾ ਰਹਿਣ ਵਾਲਾ ਹੈ। ਉਸ ਨੂੰ ਕੋਈ ਵੀ ਮਿਟਾ ਨਹੀਂ ਸਕਦਾ। ਉਹ ਅਮਰ ਹੈ ਤੇ ਸਦਾ-ਸਦਾ ਸਥਿਰ ਹੈ:

ਤੂ ਸਦਾ ਸਲਾਮਤਿ ਨਿਰੰਕਾਰ॥ (ਪੰਨਾ 3)

ਪਰਮ-ਹਸਤੀ ਦੇ ਇਸ ‘ਸਤਿ’ ਲਈ ਵਿਚਾਰ ਦੱਸਦੇ ਹੋਏ ਡਾ. ਸ਼ੇਰ ਸਿੰਘ ਦਾ ‘ਗੁਰਮਤਿ ਦਰਸ਼ਨ’ ਪੁਸਤਕ ਦੇ ਪੰਨਾ 163 ਉੱਪਰ ਪ੍ਰਗਟ ਕੀਤਾ ਮੱਤ ਹੈ ਕਿ ‘ਸਤਿ’ ਤੋਂ ਬਿਨਾਂ ਸਾਰੇ ਨਾਂ ਕਿਰਤਮ ਹਨ। ਸਾਧਾਰਨ ਬੋਲੀ ਵਿਚ ਰੱਬ ਲਈ ਜਿਹੜੇ ਵੀ ਨਾਂ ਮਨੁੱਖ ਵਰਤਦਾ ਹੈ, ਉਹ ਸਭ ਕਿਰਤਮ ਹੁੰਦੇ ਹਨ, ਭਾਵ ਅਜਿਹੇ ਹੁੰਦੇ ਹਨ ਜਿਹੜੇ ਕਿ ਪਰਮਾਤਮਾ ਦੇ ਕਿਸੇ ਨਾ ਕਿਸੇ ਗੁਣ ਦੇ ਲਖਾਇਕ ਹੁੰਦੇ ਹਨ। ਗੁਰਬਾਣੀ ਵਿਚ ਉਸ ਦੇ ਅਜਿਹੇ ਨਾਵਾਂ ਨੂੰ ਬਹੁਤ ਸਪੱਸ਼ਟ ਰੂਪ ਵਿਚ ਬਿਆਨਿਆ ਗਿਆ ਹੈ:

ਕਿਰਤਮ ਨਾਮ ਕਥੇ ਤੇਰੇ ਜਿਹਬਾ॥
ਸਤਿ ਨਾਮੁ ਤੇਰਾ ਪਰਾ ਪੂਰਬਲਾ॥ (ਪੰਨਾ 1083)

ਤੀਸਰੇ ਸ਼ਬਦ ‘ਕਰਤਾ ਪੁਰਖੁ’ ਨੂੰ ਇਸ ਰੂਪ ਵਿਚ ਬਿਆਨਿਆ ਹੈ ਕਿ ਉਹ ਬ੍ਰਹਮ ਜੋ ਆਪ ਕਰਨ ਕਰਾਵਨਹਾਰ ਹੈ, ਉਹੀ ਸਭ ਲਈ ਸਮਰੱਥ ਹੈ। ਉਹ ਜੋ ਚਾਹੇ ਸਿਰਜ ਸਕਦਾ ਹੈ ਜੋ ਚਾਹੇ ਖ਼ਤਮ ਕਰ ਸਕਦਾ ਹੈ। ਉਸ ਨੇ ਜੋ ਵੀ ਸਾਜਿਆ ਉਹ ਉਸ ਦੀ ਆਪਣੀ ਕਿਰਤ ਹੈ:

ਕੀਤਾ ਪਸਾਉ ਏਕੋ ਕਵਾਉ॥ (ਪੰਨਾ 3)

ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥ (ਪੰਨਾ 4)

ਉਸ ਦੀ ਵਡਿਆਈ ਨੂੰ ਕੋਈ ਨਹੀਂ ਜਾਣ ਸਕਦਾ, ਉਹੀ ਸਭ ਕੁਝ ਕਰਨਹਾਰ ਹੈ ਤੇ ਉਸ ਦੀ ਵਡਿਆਈ ਉਹੀ ਜਾਣ ਸਕਦਾ ਹੈ ਕਿਉਂਕਿ ਉਹ ਵੱਡਾ ਹੈ ਤੇ ਉਸ ਦਾ ਨਾਂ ਵੀ ਵੱਡਾ ਹੈ:

ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ॥ (ਪੰਨਾ 5)

ਪਰਮਾਤਮਾ ‘ਨਿਰਭਉ’ ਤੇ ‘ਨਿਰਵੈਰੁ’ ਹੈ। ਇਹ ਦੋਵੇਂ ਸ਼ਬਦ ਪਰਮਾਤਮਾ ਦੇ ਅਨੂਪਮ ਪੱਖਾਂ ਨੂੰ ਹੀ ਉਜਾਗਰ ਕਰਦੇ ਹਨ। ਅਸਲ ਵਿਚ ਨਿਰਭੈ ਉਹੀ ਹੋ ਸਕਦਾ ਹੈ ਜੋ ਸਰਬ-ਸ਼ਕਤੀਮਾਨ, ਸਰਬ-ਗਿਆਤਾ, ਨਿਰੰਜਨ ਤੇ ਅਦਵੈਤ ਹੋਵੇ।

ਗੁਰੂ ਨਾਨਕ ਸਾਹਿਬ ਦੁਆਰਾ ਚਿਤਰਿਆ ਪਰਮਾਤਮਾ ਕੇਵਲ ਭੈ ਦਾ ਭਗਵਾਨ ਹੀ ਨਹੀਂ ਸਗੋਂ ਪ੍ਰੇਮ ਕਰਨ ਵਾਲਾ ਪ੍ਰੀਤਮ ਵੀ ਹੈ। ਅਜਿਹੀ ਮਹਾਨ ਸ਼ਕਤੀ ਵਾਲੇ ਪ੍ਰਭੂ ਲਈ ਉਨ੍ਹਾਂ ਨੇ ਨਿਰਭਉ ਤੇ ਨਿਰਵੈਰ ਸ਼ਬਦਾਂ ਦੀ ਵਰਤੋਂ ਕੀਤੀ ਹੈ:

ਨਿਰਭਉ ਨਿਰੰਕਾਰੁ ਨਿਰਵੈਰੁ ਪੂਰਨ ਜੋਤਿ ਸਮਾਈ॥ (ਪੰਨਾ 596)

ਪਰਮਾਤਮਾ ਦਾ ਕੋਈ ਵੀ ਆਕਾਰ ਨਹੀਂ ਹੈ ਸਗੋਂ ਉਹ ਅਮੂਰਤਿ ਹੈ। ਉਸ ਨੂੰ ਬਾਹਰੀ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ। ਇਸੇ ਅਮੂਰਤ ਸ਼ਕਤੀ ਨੂੰ ਹੀ ਗੁਰੂ ਸਾਹਿਬ ਨੇ ‘ਜਪੁ ਜੀ ਸਾਹਿਬ’ ਵਿਚ ‘ਤੂੰ ਸਦਾ ਸਲਾਮਤਿ ਨਿਰੰਕਾਰ’ ਕਿਹਾ ਹੈ। ਉਸ ਪਰਮਾਤਮਾ ਦੀ ਕੋਈ ਮੂਰਤ ਨਹੀਂ ਸਿਰਜੀ ਜਾ ਸਕਦੀ। ਇਸੇ ਤਰ੍ਹਾਂ ਹੀ ਉਹ ਜੂਨਾਂ ਵਿਚ ਵੀ ਨਹੀਂ ਆਉਂਦਾ ਸਗੋਂ ਅਜੂਨੀ ਹੈ। ਉਹ ਸਮੇਂ ਦੀ ਪਕੜ ਤੋਂ ਬਾਹਰ ਹੈ, ਸੁਤੰਤਰ ਹੈ। ਉਹ ਜਨਮ-ਮਰਨ ਤੋਂ ਪਰ੍ਹੇ ਹੈ। ਗੁਰੂ ਨਾਨਕ ਸਾਹਿਬ ਦਾ ਬ੍ਰਹਮ ‘ਅਜੂਨੀ’ ਹੈ। ਅਜਿਹਾ ਅਜੂਨੀ ਬ੍ਰਹਮ ‘ਸੈਭੰ’ ਵੀ ਹੈ ਭਾਵ ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਵੀ ਹੈ। ਇਹ ਸੈਭੰ ਉਸ ਦਾ ਪ੍ਰਤੱਖ ਗੁਣ ਹੈ। ਗੁਰੂ ਨਾਨਕ ਸਾਹਿਬ ਉਸ ਦੀ ਵਿਆਖਿਆ ਕਰਦੇ ਹਨ ਕਿ ਉਸ ਨੂੰ ਨਾ ਤਾਂ ਸਥਾਪਤ ਕੀਤਾ ਜਾ ਸਕਦਾ ਹੈ ਤੇ ਨਾ ਹੀ ਰਚਿਆ ਜਾ ਸਕਦਾ ਹੈ ਸਗੋਂ ਇਹ ਸੁਤੇ-ਸਿਧ ਹੀ ਹੁੰਦਾ ਹੈ:

ਥਾਪਿਆ ਨ ਜਾਇ ਕੀਤਾ ਨ ਹੋਇ॥
ਆਪੇ ਆਪਿ ਨਿਰੰਜਨੁ ਸੋਇ॥ (ਪੰਨਾ 2)

ਇਨ੍ਹਾਂ ਸਾਰੇ ਗੁਣਾਂ ਵਾਲਾ ਪਰਮਾਤਮਾ ਸਿਰਫ਼ ਗੁਰੂ ਦੀ ਕਿਰਪਾ ਦੁਆਰਾ ਹੀ ਪ੍ਰਾਪਤ ਹੋ ਸਕਦਾ ਹੈ। ਇਹ ਕਿਰਪਾ ਵੀ ਉਹ ਪਾਰਬ੍ਰਹਮ ਆਪ ਹੀ ਕਰਦਾ ਹੈ। ਗੁਰੂ ਆਪਣੀ ਕਿਰਪਾ-ਦ੍ਰਿਸ਼ਟੀ ਨਾਲ ਪਰਮ-ਹਸਤੀ ਦੇ ਮਿਲਾਪ ਵਿਚ ਸਹਾਈ ਹੁੰਦਾ ਹੈ ਤੇ ਮਨੁੱਖ ਆਪਣੇ ਅਸਲੇ ਨੂੰ ਪ੍ਰਾਪਤ ਕਰ ਲੈਂਦਾ ਹੈ।

ਪਰਮਾਤਮਾ ਨੂੰ ਅਸੀਂ ਇਨ੍ਹਾਂ ਵੱਖ-ਵੱਖ ਨਾਵਾਂ ਵਿਚ ਵੇਖਦੇ ਹਾਂ ਕਿ ਇਹ ਉਸ ਪਰਮ-ਹਸਤੀ ਲਈ ਜਾਂ ਬ੍ਰਹਮ ਲਈ ਵਰਤੇ। ਇਹ ਨਾਂ ਉਸ ਨੂੰ ਪੂਰਨ ਰੂਪ ਵਿਚ ਬਿਆਨ ਨਹੀਂ ਕਰ ਸਕਦੇ। ਉਹ ਬ੍ਰਹਮ ਮਨੁੱਖੀ ਸੋਚ ਤੋਂ ਉਸ ਦੀ ਸੋਚਣ ਸ਼ਕਤੀ ਦੀ ਸੀਮਾ ਤੋਂ ਪਰ੍ਹੇ ਹੈ। ਮਨੁੱਖ ਉਸ ਨੂੰ ਲਖ ਨਹੀਂ ਸਕਦਾ ਤੇ ਨਾ ਹੀ ਉਸ ਨੂੰ ਕਿਸੇ ਸ਼ਬਦਾਂ ਵਿਚ ਕਥਿਆ ਜਾ ਸਕਦਾ ਹੈ:

ਤਾ ਕੀਆ ਗਲਾ ਕਥੀਆ ਨਾ ਜਾਹਿ॥
ਜੇ ਕੋ ਕਹੈ ਪਿਛੈ ਪਛੁਤਾਇ॥ (ਪੰਨਾ 8)

ਉਸ ਪਰਮ-ਹਸਤੀ ਨੂੰ ਸਮਝ ਸਕਣਾ ਮਨੁੱਖ ਦੀ ਸੂਝ ਦੇ ਵੱਸ ਨਹੀਂ ਹੈ। ਉਸ ਦੀ ਥਾਹ ਨਹੀਂ ਪਾਈ ਜਾ ਸਕਦੀ। ਉਸ ਬ੍ਰਹਮ ਦੀ ਥਾਹ ਪਾਉਣ ਲਈ, ਉਸ ਨੂੰ ਜਾਣਨ ਲਈ ਉਸੇ ਦਾ ਰੂਪ ਹੋਣਾ ਪਵੇਗਾ ਤੇ ਅਜਿਹੀ ਅਵਸਥਾ ਤਕ ਪਹੁੰਚਣ ਵਾਸਤੇ ਮਨੁੱਖ ਆਪਣੀ ਹੋਂਦ ਖੋਹ ਬੈਠਦਾ ਹੈ:

ਏਵਡੁ ਊਚਾ ਹੋਵੈ ਕੋਇ॥
ਤਿਸੁ ਊਚੇ ਕਉ ਜਾਣੈ ਸੋਇ॥ (ਪੰਨਾ 5)

ਸ੍ਰੀ ਗੁਰੂ ਨਾਨਕ ਸਾਹਿਬ ਉਸ ਦੀ ਸਿਫ਼ਤ ਕਰਦੇ ਬਿਆਨਦੇ ਹਨ ਕਿ ਉਹ ਬੇਅੰਤ ਹੈ। ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਸਦਾ ਹੀ ਕਿਸੇ ਗਿਣਤੀ-ਮਿਣਤੀ ਤੋਂ ਬਾਹਰ ਰਿਹਾ ਹੈ, ਉਸ ਦੀ ਸਿਫ਼ਤ ਦਾ ਵੀ ਅੰਤ ਨਹੀਂ ਹੈ:

ਅੰਤ ਕਾਰਣਿ ਕੇਤੇ ਬਿਲਲਾਹਿ॥
ਤਾ ਕੇ ਅੰਤ ਨ ਪਾਏ ਜਾਹਿ॥ (ਪੰਨਾ 5)

ਅੰਤੁ ਨ ਸਿਫਤੀ ਕਹਣਿ ਨ ਅੰਤੁ॥ (ਪੰਨਾ 5)

ਅਸੀਂ ਉਸ ਦੀ ਸਿਫ਼ਤ ਨਹੀਂ ਕਰ ਸਕਦੇ, ਉਸ ਦੀ ਮਹਿਮਾ ਅਸੀਂ ‘ਨੇਤਿ ਨੇਤਿ’ ਸ਼ਬਦਾਂ ਰਾਹੀਂ ਵੀ ਕਰੀਏ ਤਾਂ ਵੀ ਇਹ ਮਹਿਮਾ ਪੂਰੀ ਨਹੀਂ। ਭਾਵੇਂ ‘ਨੇਤਿ’ ਉਸ ਬ੍ਰਹਮ ਦੇ ਅਕੱਥ ਹੋਣ ਦਾ ਸੂਚਕ ਹੈ ਪਰ ਫਿਰ ਵੀ ਉਸ ਦੀ ਸਿਫ਼ਤ ਨਹੀਂ ਕੀਤੀ ਜਾ ਸਕਦੀ। ਮਨੁੱਖ ਦੀ ਜ਼ਬਾਨ ਉਸ ਦੀ ਸਿਫ਼ਤ ਵਿਚ ਪੂਰਨ ਨਹੀਂ ਹੋ ਸਕਦੀ। ਉਸ ਦਾ ਕੋਈ ਵੀ ਮੁੱਲ ਨਹੀਂ ਪਾਇਆ ਜਾ ਸਕਦਾ। ਉਹ ਅਮੁੱਲ ਹੈ:

ਅਮੁਲੋ ਅਮੁਲੁ ਆਖਿਆ ਨ ਜਾਇ॥
ਆਖਿ ਆਖਿ ਰਹੇ ਲਿਵ ਲਾਇ॥ (ਪੰਨਾ 5)

ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ॥ (ਪੰਨਾ 2)

ਪਰਮਾਤਮਾ ਆਪਣੀ ਹਸਤੀ ਨੂੰ ਆਪ ਹੀ ਜਾਣਦਾ ਹੈ। ਉਹ ਵੱਡਾ ਹੈ ਤੇ ਉਸ ਨੂੰ ਕਿਸੇ ਲੇਖੇ ਵਿਚ ਰੱਖ ਕੇ ਨਹੀਂ ਵਾਚਿਆ ਜਾ ਸਕਦਾ। ਉਸ ਨੂੰ ਕਥਨ ਕਰ ਸਕਣਾ ਮਨੁੱਖੀ ਮਨ ਦੀ ਪਹੁੰਚ ਨਹੀਂ। ਉਹ ਆਪਣੇ ਆਕਾਰ ਨੂੰ, ਲੇਖੇ ਨੂੰ ਆਪ ਹੀ ਪ੍ਰਗਟ ਕਰ ਸਕਦਾ ਹੈ:

ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ॥
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ॥ (ਪੰਨਾ 5)

ਜਪੁ ਜੀ ਸਾਹਿਬ ਵਿਚ ਸ੍ਰਿਸ਼ਟੀ ਦੀਆਂ ਸਾਰੀਆਂ ਵਸਤੂਆਂ ਤੇ ਸ਼ਕਤੀਆਂ ਪਰਮਾਤਮਾ ਦੀ ਉਸਤਤਿ ਕਰਦੀਆਂ ਹਨ। ਉਸ ਪਰਮਾਤਮਾ ਦੇ ਦਰ ’ਤੇ ਪਉਣ, ਪਾਣੀ, ਅੱਗ, ਸ਼ਿਵ, ਬ੍ਰਹਮਾ, ਇੰਦਰ, ਸਿੱਧ, ਜਤੀ-ਸਤੀ ਆਦਿਕ ਸਭ ਉਸ ਦੀ ਸਿਫ਼ਤ ਕਰਦੇ ਹਨ ਪਰ ਫਿਰ ਵੀ ਉਸ ਦੀ ਥਾਹ ਨਹੀਂ ਪਾਈ ਜਾ ਸਕਦੀ, ਉਸ ਦੀ ਸਿਫ਼ਤ ਨਹੀਂ ਕੀਤੀ ਜਾ ਸਕਦੀ, ਉਹ ਅਕੱਥ ਹੀ ਹੈ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ:

ਨਾਨਕ ਕਥਨਾ ਕਰੜਾ ਸਾਰੁ॥ (ਪੰਨਾ 8)

ਪਰਮਾਤਮਾ ਆਪ ਹੀ ਸਰਬ-ਵਿਆਪਕ ਤੇ ਸਰਬ-ਸ਼ਕਤੀਮਾਨ ਹੈ। ਉਹ ਸਭ ਕੁਝ ਆਪ ਹੀ ਕਰਨ ਕਰਾਵਨਹਾਰ ਹੈ ਤੇ ਜੋ ਵੀ ਇਸ ਦਿੱਸਦੇ ਅਣਦਿੱਸਦੇ ਸੰਸਾਰ ਉੱਪਰ ਹੋ ਰਿਹਾ ਹੈ ਉਹ ਸਭ ਉਸੇ ਦੀ ਰਜ਼ਾ ਵਿਚ ਹੋ ਰਿਹਾ ਹੈ। ਉਸ ਦਾ ਹੀ ਹੁਕਮ ਸਭ ਪਾਸੇ ਪਸਰ ਰਿਹਾ ਹੈ। ਸੰਸਾਰ ਦੀ ਕੋਈ ਵੀ ਸ਼ਕਤੀ ਉਸ ਤੋਂ ਬਾਹਰ ਨਹੀਂ ਹੈ। ਉਹ ਜੋ ਚਾਹੇ ਕਰ ਸਕਦਾ ਹੈ। ਉਹ ਹਰ ਥਾਂ ’ਤੇ ਸਰਬ-ਵਿਆਪਕ ਹੈ। ਜੋ ਕੁਝ ਵੀ ਹੈ ਉਸ ਦੇ ਹੁਕਮ ਵਿਚ ਹੀ ਹੈ:

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ (ਪੰਨਾ 1)

ਉਸ ਪਰਮ-ਹਸਤੀ ਦੇ ਹੁਕਮ ਦੀ ਬੇਅੰਤਤਾ ਨੂੰ ਬਿਆਨਿਆ ਨਹੀਂ ਜਾ ਸਕਦਾ। ਗੁਰੂ ਨਾਨਕ ਸਾਹਿਬ ਅਨੁਸਾਰ:…

ਹੁਕਮੁ ਨ ਕਹਿਆ ਜਾਈ॥ (ਪੰਨਾ 1)

ਹ ਹੁਕਮ ਪਰਮ-ਹਸਤੀ ਦੀ ਇਕ ਸਿਰਜਨਾਤਮਕ ਸ਼ਕਤੀ ਹੈ ਜਿਹੜੀ ਉਸ ਦੀ ਇੱਛਾ ਜਾਂ ਰਜ਼ਾ ’ਤੇ ਆਧਾਰਤ ਹੈ ਪਰ ਅਮਲੀ ਰੂਪ ਵਿਚ ਉਸ ਦੀ ਇੱਛਾ ਹੀ ਹੁਕਮ ਬਣ ਜਾਂਦੀ ਹੈ। ਜਦੋਂ ਉਹ ਚਾਹੁੰਦਾ ਹੈ ਕਿ ਸਭ ਇੱਕ ਹੋ ਜਾਵੇ ਤਾਂ ਏਕੰਕਾਰ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜਪੁ ਜੀ ਸਾਹਿਬ ਵਿਚ ਸਭ ਕੁਝ ‘ਹੁਕਮ’ ਜਾਂ ‘ਕਵਾਉ’ ਤੋਂ ਹੋਇਆ ਦੱਸਦੇ ਹਨ। ਸਮੁੱਚਾ ਬ੍ਰਹਿਮੰਡ ਜਿਸ ਵਿਚ ਚੰਦ, ਸੂਰਜ, ਧਰਤੀ, ਦੇਵਤੇ, ਸਿਧ, ਪੀਰ, ਸੁਰ ਨਾਥ, ਪਵਨ ਪਾਣੀ ਤੇ ਬੈਸੰਤਰ ਹਨ, ਦੀ ਰਚਨਾ ਹੁਕਮ ਜਾਂ ਕਵਾਉ ਤੋਂ ਦੱਸੀ ਹੈ। ਜੀਵ-ਜੰਤੂ ਸਭ ਹੁਕਮ ਅਨੁਸਾਰ ਹੋਂਦ ਵਿਚ ਆਏ ਹਨ:

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥ (ਪੰਨਾ 1)

ਸ੍ਰੀ ਗੁਰੂ ਨਾਨਕ ਸਾਹਿਬ ਦੁਆਰਾ ਪ੍ਰਗਟਾਇਆ ਇਹ ਹੁਕਮ ਦਾ ਸਿਧਾਂਤ ਵਿਗਿਆਨਕ ਤੇ ਦਾਰਸ਼ਨਿਕ ਪ੍ਰੋੜ੍ਹਤਾ ਵਾਲਾ ਹੈ। ਇਹ ਸਾਰਾ ਪਸਾਰਾ ਬਹੁਭਾਂਤੀ ਤੇ ਅਨੇਕਤਾ ਵਾਲਾ ਹੈ ਤੇ ਇਕ ਖਾਸ ਨਿਸਚਿਤ ਨਿਯਮ, ਵਿਧਾਨ ਅਨੁਸਾਰ ਚੱਲ ਰਿਹਾ ਹੈ। ਇਹ ਹੁਕਮ ਇਕ ਬ੍ਰਹਿਮੰਡੀ ਨਿਯਮ ਹੈ ਤੇ ਇਹ ਹੁਕਮ ਦੈਵੀ ਹਾਕਮ ਦਾ ਹੁਕਮ ਹੈ ਜਿਸ ਨੇ ਸਾਰੀ ਰਚਨਾ ਨੂੰ ਨਥਿਆ ਹੋਇਆ ਹੈ। ਉਹ ਪਰਮਾਤਮਾ ਆਪ ਨਾਥ ਹੈ। ਉਸ ਨੇ ਹਰ ਚੀਜ਼ ਨੂੰ ਸੰਤੋਖ ਦੇ ਨਿਯਮ ਅਨੁਸਾਰ ਟਿਕਾਇਆ ਹੋਇਆ ਹੈ। ਇਹੀ ਇਕ ਅਜਿਹਾ ਨਿਯਮ ਹੈ ਜਿਸ ਵਿਚ ਸਾਰੀ ਸ੍ਰਿਸ਼ਟੀ ਦੀ ਗਤੀ ਨਿਯਮਪੂਰਵਕ ਹੈ। ਸ੍ਰੀ ਗੁਰੂ ਨਾਨਕ ਸਾਹਿਬ ਇਸ ਨਿਯਮ ਨੂੰ ‘ਧਰਮ’ ਸ਼ਬਦ ਰਾਹੀਂ ਬਿਆਨ ਕਰਦੇ ਹਨ:

ਜੇ ਕੋ ਕਹੈ ਕਰੈ ਵੀਚਾਰੁ॥
ਕਰਤੇ ਕੈ ਕਰਣੈ ਨਾਹੀ ਸੁਮਾਰੁ॥
ਧੌਲੁ ਧਰਮੁ ਦਇਆ ਕਾ ਪੂਤੁ॥
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥ (ਪੰਨਾ 3)

ਉਪਰੋਕਤ ਸਤਰਾਂ ਵਿਚ ਧਰਮ ਦਾ ਅਰਥ ਉਹ ਆਧਾਰ ਹੈ ਜਿਸ ਦੇ ਆਸਰੇ ਸਭ ਕੁਝ ਖੜ੍ਹਾ ਹੈ। ਇਹ ਧਰਮ ਦਇਆ ਦਾ ਪੁੱਤਰ ਹੈ ਭਾਵ ਅਕਾਲ ਪੁਰਖ ਨੇ ਆਪਣੀ ਮਿਹਰ ਕਰ ਕੇ ਸ੍ਰਿਸ਼ਟੀ ਨੂੰ ਟਿਕਾ ਰੱਖਣ ਲਈ ਧਰਮ ਰੂਪੀ ਨਿਯਮ ਬਣਾ ਦਿੱਤਾ ਹੈ। ਇਸੇ ਹੀ ਤਰ੍ਹਾਂ ਬ੍ਰਹਿਮੰਡੀ ਨਿਯਮਾਂ ਦੇ ਸਮੂਹ ਨੂੰ ਵੀ ਧਰਮ ਕਹਿ ਸਕਦੇ ਹਾਂ ਜਿਸ ਵਿਚ ਬ੍ਰਹਿਮੰਡ ਦੀਆਂ ਵੱਖ-ਵੱਖ ਕਿਰਿਆਵਾਂ ਹੋ ਰਹੀਆਂ ਹਨ। ਸੰਸਾਰ ਵਿਚ ਕੋਈ ਵੀ ਚੀਜ਼ ਬੇਤਰਤੀਬੀ ਹਰਕਤ ਨਹੀਂ ਕਰ ਰਹੀ, ਸਭ ਕੁਝ ਪਰਮ-ਸਤਾ ਦੇ ਹੁਕਮ ਵਿਚ ਹੋ ਰਿਹਾ ਹੈ। ਸੰਸਾਰ ਵਿਚ ਜੀਵਾਂ ਨੂੰ ਵਡਿਆਈ ਵੀ ਉਸ ਪਰਮਾਤਮਾ ਦੇ ਹੁਕਮ ਅੰਦਰ ਹੀ ਪ੍ਰਾਪਤ ਹੁੰਦੀ ਹੈ ਤੇ ਦੁੱਖ-ਸੁਖ, ਅਖੌਤੀ ਉਤਮ-ਨੀਚ, ਬੁਰੇ-ਭਲੇ ਸਾਰੇ ਹੀ ਕਿਸੇ ਨਾ ਕਿਸੇ ਰੂਪ ਵਿਚ ਉਸੇ ਹੁਕਮ ਦੇ ਅਧੀਨ ਹਨ। ਹੁਕਮ ਪਛਾਣਨ ਵਾਲਿਆਂ ਨੂੰ ਉਸ ਦੀਆਂ ਬਖ਼ਸ਼ਿਸ਼ਾਂ ਵੀ ਪ੍ਰਾਪਤ ਹੁੰਦੀਆਂ ਹਨ ਤੇ ਨਾ ਪਛਾਣਨ ਵਾਲਿਆਂ ਨੂੰ ਆਵਾਗਉਣ ਦੇ ਚੱਕਰ ਵਿਚ ਪਏ ਰਹਿਣਾ ਪੈਂਦਾ ਹੈ। ਗੁਰੂ ਸਾਹਿਬ ਦਾ ਮੱਤ ਹੈ ਕਿ ਉਹ ਪਰਮ-ਹਸਤੀ ਸੱਚਖੰਡ ਵਿਚ ਬੈਠ ਇਸ ਸਾਰੇ ਖੇਲ- ਤਮਾਸ਼ੇ ਨੂੰ ਕਰ-ਕਰ ਕੇ ਖੁਸ਼ ਹੋ ਰਹੀ ਹੈ। ਸੱਚਖੰਡ ਸਮੁੱਚੀ ਹਕੀਕਤ ਦਾ ਖੰਡ ਹੈ। ਇਹ ਉਸ ਨਿਰੰਕਾਰ ਦਾ ਦੇਸ਼ ਹੈ। ਇਸ ਵਿਚ ਸਮਸਤ ਹੋਂਦ, ਖੰਡ, ਬ੍ਰਹਿਮੰਡ ਸ਼ਾਮਲ ਹਨ। ਇਹ ਸਭ ਉਸ ਦੇ ਹੁਕਮ ਅਨੁਸਾਰ ਹੀ ਪ੍ਰਗਤੀ ਕਰ ਰਹੇ ਹਨ:

ਸਚ ਖੰਡਿ ਵਸੈ ਨਿਰੰਕਾਰੁ॥
ਕਰਿ ਕਰਿ ਵੇਖੈ ਨਦਰਿ ਨਿਹਾਲ॥ (ਪੰਨਾ 8)

ਹੁਕਮ ਨੂੰ ਪਛਾਣਨ ਵਾਲਾ ਵਿਅਕਤੀ ਉਸ ਪਰਮਾਤਮਾ ਦੇ ਦਰ ਤੋਂ ਖ਼ੁਸ਼ੀਆਂ, ਬਖਸ਼ਿਸ਼ਾਂ ਹਾਸਲ ਕਰਦਾ ਹੈ ਤੇ ਉਸ ਨੂੰ ਸੱਚ ਦੀ ਸੋਝੀ ਹੋ ਜਾਂਦੀ ਹੈ। ਗੁਰੂ ਸਾਹਿਬ ਦਾ ਮੱਤ ਹੈ ਕਿ ਉਸ ਅਜੂਨੀ ਹਸਤੀ ਪਰਮਾਤਮਾ ਨੂੰ ਤਾਂ ਕੇਵਲ ‘ਗਾਵੀਐ’ “ਗਾਵੀਐ ਸੁਣੀਐ ਮਨਿ ਰਖੀਐ ਭਾਉ” ਦੇ ਸਿਧਾਂਤ ਨੂੰ ਸਵੀਕਾਰ ਕਰ ਕੇ ਹੀ ਪਾਇਆ ਜਾ ਸਕਦਾ ਹੈ। ਉਸ ਨੂੰ ਕੇਵਲ ਉਹੀ ਸਮਝ ਸਕਦਾ ਹੈ ਅਤੇ ਪ੍ਰਾਪਤ ਕਰ ਸਕਦਾ ਹੈ ਜਿਹੜਾ ਪਹਿਲਾਂ ਵਿਵਹਾਰੀ ਰੂਪ ਵਿਚ “ਭਾਖਿਆ ਭਾਉ ਅਪਾਰ” ਨੂੰ ਸਮਝਦਾ ਹੈ।

ਜਿਵੇਂ ਹੀ ਮਨੁੱਖ ਨੂੰ ਗਿਆਨ ਹੋਣ ਲੱਗਦਾ ਹੈ ਤਿਵੇਂ ਹੀ ਅਕਾਲ ਪੁਰਖ ਪਰਮ-ਸ਼ਕਤੀ ਦੀ ਬੇਅੰਤ ਰਚਨਾ ਦਾ ਦ੍ਰਿਸ਼ ਉਸ ਨੂੰ ਨਜ਼ਰ ਆਉਣ ਲੱਗਦਾ ਹੈ। ਸਾਰਾ ਬ੍ਰਹਿਮੰਡੀ ਪਸਾਰਾ ਇਕ ਪਰਵਾਰ ਨਜ਼ਰ ਆਉਣ ਲੱਗਦਾ ਹੈ। ਪ੍ਰਭੂ ਦੀ ਅਨੰਤਤਾ ਪ੍ਰਤੀ ਪਿਆਰ ਪੈਦਾ ਹੋ ਜਾਂਦਾ ਹੈ। ਸਹੀ ਅਰਥਾਂ ਵਿਚ ਗਿਆਨ ਦਾ ਦੀਵਾ ਬਲ ਉੱਠਦਾ ਹੈ। ਵਿਅਕਤੀ ਦੇ ਮਨ ਵਿਚ ਇਹ ਦ੍ਰਿੜ੍ਹਤਾ ਆ ਜਾਂਦੀ ਹੈ ਕਿ ਸਭ ਕੁਝ ਪਰਮਾਤਮਾ ਆਪਣੀ ਇੱਛਾ ਅਨੁਸਾਰ ਹੀ ਕਰਵਾ ਰਿਹਾ ਹੈ। ਸਾਧਕ ਦਾ ਮਨ ਘੜਿਆ ਜਾਂਦਾ ਹੈ ਤੇ ਉਹ ਬਿਬੇਕ ਬੁੱਧੀ ਨੂੰ ਪ੍ਰਾਪਤ ਕਰ ਲੈਂਦਾ ਹੈ। ਅਜਿਹੀ ਅਵਸਥਾ ਵਿਚ ਵਿਅਕਤੀ ਪਰਮਾਤਮਾ ਨਾਲ ਅਭੇਦਤਾ ਪ੍ਰਾਪਤ ਕਰ ਲੈਂਦਾ ਹੈ। ਪਰਮਾਤਮਾ ਨਾਲ ਅਭੇਦਤਾ ਪ੍ਰਾਪਤ ਹੋਣ ਤੋਂ ਬਾਅਦ ਵਾਲੀ ਮਾਨਸਿਕ ਅਵਸਥਾ ਨੂੰ ਬਿਆਨ ਕਰਨਾ ਅਸੰਭਵ ਹੀ ਹੈ। ਅਸਲ ਵਿਚ ਇਹ ਸਭ ਕੁਝ ਉਸ ਪਰਮ-ਹਸਤੀ ਦੇ ਹੁਕਮ ਵਿਚ ਰਹਿਣ ਨਾਲ ਹੀ ਹੁੰਦਾ ਹੈ। ਆਖ਼ਰੀ ਸਲੋਕ ਵਿਚ ਗੁਰੂ ਨਾਨਕ ਸਾਹਿਬ ਤੇ ਮਨੁੱਖੀ ਚੰਗਿਆਈਆਂ ਤੇ ਬੁਰਿਆਈਆਂ ਦੀ ਪਰਖ ਪਰਮ-ਹਸਤੀ ਦੇ ਦਰਬਾਰ ਵਿਚ ‘ਧਰਮ ਹਦੂਰਿ’ ਦਰਸਾਈ ਹੈ। ਹਰ ਜੀਵ ਦੇ ਅਮਲ ਧਰਮ ਦੇ ਅਨੁਸਾਰ ਪਰਖੇ ਜਾਣਗੇ:

ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ (ਪੰਨਾ 8)

ਮਨੁੱਖ ਦਾ ਉਸ ਪਰਮ-ਹਸਤੀ ਦੀ ਪ੍ਰਾਪਤੀ ਦਾ ਲਕਸ਼ ਹੀ ਉਸ ਦਾ ਅੰਤਿਮ ਨਿਸ਼ਾਨਾ ਹੈ ਤੇ ਇਹ ਪ੍ਰਾਪਤੀ ਸੱਚ ਦੇ ਮਾਰਗ ’ਤੇ ਚੱਲ ਕੇ ਹੋ ਸਕਦੀ ਹੈ ਤੇ ਸਚਿਆਰ ਹੋਣ ਬਾਰੇ ਗੁਰੂ ਸਾਹਿਬ ਸਪੱਸ਼ਟ ਕਰਦੇ ਹਨ:

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ (ਪੰਨਾ 1)

ਮਨੁੱਖ ਦੀ ਸੱਚੀ ਤੇ ਡੂੰਘੀ ਘਾਲਣਾ ਹੀ ਰੱਬੀ ਮਿਹਰ ਨੂੰ ਝੋਲੀ ਵਿਚ ਪਾਉਂਦੀ ਹੈ:

ਜਿਨ ਕਉ ਨਦਰਿ ਕਰਮੁ ਤਿਨ ਕਾਰ॥
ਨਾਨਕ ਨਦਰੀ ਨਦਰਿ ਨਿਹਾਲ॥ (ਪੰਨਾ 8)

ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਜਪੁ ਜੀ ਸਾਹਿਬ ਬਾਣੀ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਨੇ ਵੱਖ-ਵੱਖ ਰੂਪਾਂ ਵਿਚ ਸੰਬੋਧਨ ਕਰਦਿਆਂ ਹੋਇਆਂ ਉਸ ਪਰਮ-ਹਸਤੀ ਦੀ ਹੋਂਦ ਨੂੰ ਬਿਆਨਣ ਦਾ ਯਤਨ ਕੀਤਾ ਹੈ ਕਿ ਕਿਵੇਂ ਉਹ ਹਰ ਥਾਵੇਂ ਪਸਰਿਆ ਹੋਇਆ ਹੈ ਤੇ ਉਸ ਦੇ ਹੁਕਮ, ਰਜ਼ਾ ਵਿਚ ਰਹਿੰਦਿਆਂ ਹੋਇਆਂ ਸੱਚ ਦੇ ਮਾਰਗ ’ਤੇ ਚੱਲਦਿਆਂ ਉਸ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਉਹ ਪਰਮ-ਹਸਤੀ ਪਰਮਾਤਮਾ ਸਰਬ-ਵਿਆਪਕ ਹੈ, ਕੋਈ ਉਸ ਦੀ ਥਾਹ ਨਹੀਂ ਪਾ ਸਕਦਾ ਤੇ ਕੋਈ ਵੀ ਉਸ ਦੇ ਹੁਕਮ ਤੋਂ ਬਾਹਰੀ ਨਹੀਂ ਹੈ ਤੇ ਉਹ ਸੱਚਖੰਡ ਵਿਚ ਸਥਿਰ ਇਸ ਜਗਤ-ਤਮਾਸ਼ੇ ਨੂੰ ਇਕ ਸੂਤਰਧਾਰ ਦੀ ਨਿਆਈਂ ਚਲਾ ਰਿਹਾ ਹੈ:

ਸਚ ਖੰਡਿ ਵਸੈ ਨਿਰੰਕਾਰੁ॥
ਕਰਿ ਕਰਿ ਵੇਖੈ ਨਦਰਿ ਨਿਹਾਲ॥ (ਪੰਨਾ 8)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

(ਪਿੰਡ ਤੇ ਡਾਕਖਾਨਾ ਸ਼ੁਤਰਾਣਾ, ਤਹਿ. ਪਾਤੜਾਂ, ਜ਼ਿਲ੍ਹਾ ਪਟਿਆਲਾ। ਫੋਨ : 94634-89781)

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)