‘ਜਪੁ’ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੁੱਢਲਾ ਸਿਰਲੇਖ ਹੈ ਅਤੇ ਪਾਵਨ ਪੰਨਾ 1 ਉੱਪਰ ਸੁਭਾਇਮਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਸਿਰਲੇਖਾਂ ਵਿਚ ‘ਜਪੁ’ ਦੀ ਪ੍ਰਧਾਨਤਾ ਹੈ ਕਿਉਂਕਿ ਇਸ ਸਿਰਲੇਖ ਹੇਠ ਦਰਜ ਬਾਣੀ ਨੂੰ ਸਾਰੀ ਗੁਰਬਾਣੀ ਦਾ ਸਾਰ ਮੰਨਿਆ ਗਿਆ ਹੈ। ਇਸ ਦੇ ਹਰਮਨ-ਪਿਆਰੇ ਹੋਣ ਦਾ ਅੰਦਾਜ਼ਾ ਇਸ ਗੱਲੋਂ ਲਾਇਆ ਜਾ ਸਕਦਾ ਹੈ ਕਿ ਹਰ ਗੁਰਸਿੱਖ ਇਸ ਬਾਣੀ ਨੂੰ ਨਿਤਨੇਮ ਦਾ ਹਿੱਸਾ ਮੰਨ ਕੇ ਰੋਜ਼ਾਨਾ ਇਸ ਨੂੰ ਪੜ੍ਹਦਾ ਹੈ, ਇਸ ਕਰਕੇ ਨਿਤਨੇਮ ਵਿਚ ਸ਼ਾਮਲ ਬਾਣੀਆਂ ਵਿੱਚੋਂ ਇਹ ਸਿਰਮੌਰ ਬਾਣੀ ਹੈ।
‘ਜਪੁ’ ਮੰਗਲਾਚਰਣ- ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ-ਤੋਂ ਬਾਅਦ ਅਤੇ ‘ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ’ ਵਾਲੀਆਂ ਪੰਕਤੀਆਂ ਤੋਂ ਪਹਿਲਾਂ ਇਸ ਰੂਪ ਵਿਚ ਲਿਖਿਆ ਮਿਲਦਾ ਹੈ: ॥ਜਪੁ॥ ਭਾਵ ‘ਜਪੁ’ ਸ਼ਬਦ ਦੇ ਅੱਗੇ ਵੀ ਦੋ ਡੰਡੀਆਂ ਲਗਾਈਆਂ ਗਈਆਂ ਹਨ ਅਤੇ ਪਿੱਛੇ ਵੀ। ਇਨ੍ਹਾਂ ਡੰਡੀਆਂ ਤੋਂ ਭਾਵ ਹੈ ਵਿਸ਼ਰਾਮ। ਸਾਰੀ ਗੁਰਬਾਣੀ ਵਿਚ ਵਿਸ਼ਰਾਮ ਦੋ ਡੰਡੀਆਂ ਨਾਲ ਆਉਂਦਾ ਹੈ। ਦੋ ਡੰਡੀਆਂ ਦੇ ਵਿਸ਼ਰਾਮ ਤੋਂ ਬਾਅਦ ਅਗਲੀ ਪੰਕਤੀ ਅਰੰਭ ਹੋ ਜਾਂਦੀ ਹੈ। ਦੋ ਪੰਕਤੀਆਂ ਵਿਚਲਾ ਵਿਸ਼ਰਾਮ (॥) ਇਹ ਬੋਧ ਕਰਾਉਂਦਾ ਹੈ ਕਿ ਦੋਵੇਂ ਪੰਕਤੀਆਂ ਅਲੱਗ-ਅਲੱਗ ਹਨ, ਪਰ ਆਪਸ ਵਿਚ ਸੰਬੰਧਿਤ ਹਨ। ‘ਜਪੁ’ ਤੋਂ ਪਹਿਲਾਂ ਅਤੇ ਬਾਅਦ ਵਾਲਾ ਵਿਸ਼ਰਾਮ ਇਹ ਬੋਧ ਕਰਾਉਂਦਾ ਹੈ ਕਿ ‘ਜਪੁ’ ਮੰਗਲਾਚਰਣ ਨਾਲੋਂ ਵੱਖਰਾ ਵੀ ਹੈ ਅਤੇ ਸੰਬੰਧਿਤ ਵੀ। ਵੱਖਰਾ ਇਸ ਕਰਕੇ ਕਿਉਂਕਿ ਵਿਸ਼ਰਾਮ ਆਇਆ ਹੈ ਅਤੇ ਸੰਬੰਧਿਤ ਇਸ ਕਰਕੇ ਕਿਉਂਕਿ ਇਹ ਬਾਣੀ ਦਾ ਸਿਰਲੇਖ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਿਥੇ ਨਵਾਂ ਰਾਗ ਅਰੰਭ ਹੁੰਦਾ ਹੈ ਜਾਂ ਨਵੀਂ ਬਾਣੀ ਦਾ ਸਿਰਲੇਖ ਦਿੱਤਾ ਜਾਂਦਾ ਹੈ ਉਥੇ ਅਰੰਭ ਵਿਚ ਮੰਗਲਾਚਰਣ ਪੂਰਨ ਰੂਪ ਵਿਚ ਜਾਂ ਅਰਧ ਰੂਪ ਵਿਚ ਅੰਕਿਤ ਕੀਤਾ ਗਿਆ ਹੈ ਭਾਵੇਂ ‘ਜਪੁ’ ਬਾਣੀ ਦੇ ਅਰੰਭ ਵਿਚ ੴ ਤੋਂ ਗੁਰ ਪ੍ਰਸਾਦਿ ਤਕ ਪ੍ਰਭੂ ਉਸਤਤੀ ਦੇ ਰੂਪ ਵਿਚ ਮੰਗਲਾਚਰਣ ਅੰਕਿਤ ਹੈ।
‘ਜਪੁ’ ਦਾ ਅਰਥ ਜਪਣਾ ਹੈ। ਨਾਨਕ ਗਾਵੀਐ ਗੁਣੀ ਨਿਧਾਨੁ॥ (ਜਪੁ, ਪਉੜੀ 5) ਅੰਦਰ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਨੂੰ ਜਪਣ ਦਾ ਸੰਦੇਸ਼ ਮਿਲਦਾ ਹੈ। ‘ਜਪੁ’ ਬਾਣੀ ਵਿਚ ਹੀ ਪਉੜੀ 3 ਵਿਚ ‘ਜਪੁ’ ਲਈ ‘ਗਾਵੈ’, ਪਉੜੀ 5 ‘ਗਾਵੀਐ’ ਅਤੇ ਪਉੜੀ 27 ਵਿਚ ‘ਗਾਵਹਿ’, ‘ਗਾਵਨਿ’ ਆਦਿ ਸ਼ਬਦ ਵਰਤੇ ਗਏ ਹਨ। ਪ੍ਰਭੂ ਦੀ ਉਸਤਤ ਕਰਨ ਦਾ ਸਭ ਤੋਂ ਉੱਤਮ ਸਮਾਂ ਅੰਮ੍ਰਿਤ ਵੇਲਾ (ਰਾਤਰੀ ਦਾ ਅੰਤਿਮ ਪਹਿਰ ਭਾਵ ਚੌਥਾ ਪਹਿਰ) ਦੱਸਿਆ ਗਿਆ ਹੈ। ਇਸ ਸਮੇਂ ਸੁਰਤੀ ਵਧੇਰੇ ਇਕਾਗਰ ਹੁੰਦੀ ਹੈ, ਜਿਹਾ ਕਿ ‘ਜਪੁ’ ਬਾਣੀ ਵਿਚ ਹੀ ਸੰਕੇਤ ਹੈ:
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥ (ਪੰਨਾ 2)
ਰੱਬੀ ਸਿਫ਼ਤ ਕਰਨ ਦਾ ਮਨੋਰਥ ਮਨੁੱਖ ਨੂੰ ਸਚਿਆਰ ਮਨੁੱਖ ਬਣਾਉਣਾ ਹੈ। ਜਿਵੇਂ-ਜਿਵੇਂ ਮਨੁੱਖ ਅਕਾਲ ਪੁਰਖ ਦੀ ਉਸਤਤ ਕਰਦਾ ਹੈ ਉਸ ਦੇ ਮਨ ਅੰਦਰ ਉਸਰੀ ਹੋਈ ਕੂੜ ਦੀ ਪਾਲ ਤੁੱਟਦੀ ਜਾਂਦੀ ਹੈ ਅਤੇ ਉਹ ਸਚਿਆਰ ਪਦਵੀ ਵੱਲ ਵਧਦਾ ਜਾਂਦਾ ਹੈ ਅਤੇ ਉਸ ਨੂੰ ਅਕਾਲ ਪੁਰਖ ਦੇ ਹੁਕਮ ਦੀ ਸਮਝ ਪੈਂਦੀ ਹੈ:
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ (ਪੰਨਾ 1)
ਪ੍ਰਭੂ-ਉਸਤਤ ਕਰਨੀ ਉਸ ਵੇਲੇ ਤਕ ਅਧੂਰੀ ਹੈ ਜਦੋਂ ਤਕ ਉਸ ਨੂੰ ਸੁਣਿਆ ਨਾ ਜਾਵੇ ਭਾਵ ਜੋ ਉਚਾਰਿਆ ਜਾ ਰਿਹਾ ਹੈ ਉਸ ਨੂੰ ਕੰਨਾਂ ਦੁਆਰਾ ਇਕਾਗਰਤਾ ਨਾਲ ਸੁਣਨ ਨੂੰ ਇਹ ਬਾਣੀ ‘ਸੁਣਿਐ’ ਦੀਆਂ ਚਾਰ ਪਉੜੀਆਂ (8 ਤੋਂ 11) ਵਿਚ ਪ੍ਰਗਟ ਕਰਦੀ ਹੈ। ਪ੍ਰਭੂ-ਉਸਤਤ ਸੁਣਨ ਵਾਲੇ ਨੂੰ ਕਾਲ ਵੀ ਡਰਾ ਨਹੀਂ ਸਕਦਾ। ਮੰਦਾ ਬੋਲਣ ਵਾਲਾ ਵੀ ਵਾਹਿਗੁਰੂ ਦੀ ਸਿਫ਼ਤ-ਸਲਾਹ ਵਿਚ ਜੁੜ ਕੇ ਚੰਗੇ ਬਚਨ ਬੋਲਣ ਲੱਗ ਜਾਂਦਾ ਹੈ। ਉਸ ਨੂੰ ਸ਼ਾਸਤਰਾਂ, ਸਿਮਰਤੀਆਂ ਅਤੇ ਵੇਦਾਂ ਦੀ ਸਮਝ ਪੈ ਜਾਂਦੀ ਹੈ। ਸਾਧਕ ਨੂੰ ਜੋ ਮਾਣ ਅਤੇ ਸਤਿਕਾਰ ਵਿੱਦਿਆ ਪੜ੍ਹਨ ਨਾਲ ਮਿਲਦਾ ਹੈ ਉਸੇ ਸਤਿਕਾਰ ਦੀ ਪ੍ਰਾਪਤੀ ਸੁਣਨ ਨਾਲ ਹੋ ਜਾਂਦੀ ਹੈ। ਉਸ ਦੀ, ਬੇਅੰਤ ਗੁਣਾਂ ਤਕ ਪਹੁੰਚ ਬਣ ਜਾਂਦੀ ਹੈ। ਅਗਿਆਨਤਾ ਵਿਚ ਡੁੱਬਿਆਂ ਨੂੰ ਗਿਆਨ ਦਾ ਰਸਤਾ ਮਿਲ ਜਾਂਦਾ ਹੈ। ਸੁਣਨ ਦੀ ਅਵਸਥਾ ਰੱਖਣ ਵਾਲਿਆਂ ਵਿਚ ਸਦਾ ਵਿਗਾਸ (ਖਿੜਾਉ) ਬਣਿਆ ਰਹਿੰਦਾ ਹੈ, ਦੁੱਖਾਂ, ਪਾਪਾਂ ਦਾ ਨਾਸ ਹੋ ਜਾਂਦਾ ਹੈ। ਇਹ ਸਾਧਕ ਦੀ ਆਖ਼ਰੀ ਮੰਜ਼ਲ ਨਹੀਂ, ਬਲਕਿ ਲੰਮੇ ਪੈਂਡੇ ਦਾ ਇਕ ਪੜਾਅ ਹੈ। ਅਗਲੀ ਅਵਸਥਾ ਮਨਨ ਦੀ ਹੈ। ਜੋ ਕੁਝ ਜਪਿਆ, ਸੁਣਿਆ, ਉਸ ਤੋਂ ਜੀਵਨ ਜੀਉਣ ਦੀ ਸੇਧ ਲੈ ਲੈਣਾ ਮਨਨ ਅਖਵਾਉਂਦਾ ਹੈ। ਮਨਨ ਨਾਲ ਅਕਾਲ ਪੁਰਖ ਪ੍ਰਤੀ ਪ੍ਰੇਮ ਪੈਦਾ ਹੋ ਜਾਂਦਾ ਹੈ:
ਗਾਵੀਐ ਸੁਣੀਐ ਮਨਿ ਰਖੀਐ ਭਾਉ॥ (ਪੰਨਾ 2)
ਸੁਣਿਆ ਮੰਨਿਆ ਮਨਿ ਕੀਤਾ ਭਾਉ॥ (ਪੰਨਾ 4)
ਮਨਨ ਲਈ ‘ਜਪੁ’ ਬਾਣੀ ਅੰਦਰ ਮੰਨੇ, ਮੰਨੈ, ਮੰਨਿਆ ਆਦਿ ਸ਼ਬਦ ਨੂੰ ਵਰਤਿਆ ਗਿਆ ਹੈ। ਇਸ ਅਵਸਥਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ 12ਵੀਂ ਪਉੜੀ ਤੋਂ 15ਵੀਂ ਪਉੜੀ ਤਕ ਬਿਆਨ ਕੀਤਾ ਹੈ। ਇਹ ਅਜਿਹੀ ਆਤਮਿਕ ਅਵਸਥਾ ਹੈ, ਜਿਸ ਨੂੰ ਕਥਿਆ ਨਹੀਂ ਜਾ ਸਕਦਾ। ਜੇਕਰ ਕੋਈ ਕਥਨ ਦੀ ਕੋਸ਼ਿਸ਼ ਕਰਦਾ ਵੀ ਹੈ ਤਾਂ ਉਸ ਨੂੰ ਬਾਅਦ ਵਿਚ ਪਛਤਾਵਾ ਹੀ ਹੁੰਦਾ ਹੈ ਭਾਵ ਇਸ ਆਤਮਿਕ ਅਵਸਥਾ ਨੂੰ ਬੋਲਾਂ ਰਾਹੀਂ ਪ੍ਰਗਟਾਇਆ ਨਹੀਂ ਜਾ ਸਕਦਾ। ਇਸ ਅਵਸਥਾ ਦੇ ਧਾਰਨੀ ਮੋਕਸ਼-ਦੁਆਰ ਭਾਵ ਜੀਵਨ-ਲਕਸ਼ ਨੂੰ ਹਾਸਲ ਕਰ ਲੈਂਦੇ ਹਨ ਅਤੇ ਆਪ ਵੀ ਤਰਦੇ ਹਨ ਅਤੇ ਹੋਰਨਾਂ ਨੂੰ ਵੀ ਤਾਰਦੇ ਹਨ। ਸਾਧਕ ਇਨ੍ਹਾਂ ਪੜਾਵਾਂ ਵਿੱਚੋਂ ਗੁਜ਼ਰ ਕੇ ‘ਪੰਚ’ ਬਣ ਜਾਂਦੇ ਹਨ ਅਤੇ ਅਕਾਲ ਪੁਰਖ ਦੀ ਨਜ਼ਰ ਵਿਚ ਪ੍ਰਵਾਨ ਹੋ ਜਾਂਦੇ ਹਨ। ਉਨ੍ਹਾਂ ਨੂੰ ਹੀ ਇਸ ਬਾਣੀ ਵਿਚ ‘ਪੰਚ ਪਰਵਾਣ’ ਕਿਹਾ ਗਿਆ ਹੈ। ਪੰਚ ਜਨਾਂ ਨੂੰ ਇਹ ਸੋਝੀ ਪੈ ਜਾਂਦੀ ਹੈ ਕਿ ਵੱਖ-ਵੱਖ ਰੰਗਾਂ ਅਤੇ ਜਾਤਾਂ ਦੇ ਸਾਰੇ ਜੀਅ ਅਕਾਲ ਪੁਰਖ ਨੇ ਹੀ ਪੈਦਾ ਕੀਤੇ ਹਨ ਅਤੇ ਉਹ ਹੀ ਸਾਰੇ ਜੀਵਾਂ ਦਾ ਲੇਖਾ ਲਿਖਣ ਵਾਲਾ ਹੈ। ਪੰਚ ਜਨਾਂ ਨੂੰ ਅਕਾਲ ਪੁਰਖ ਦੀ ਵਿਆਪਤ ਸੱਤਾ ਨਜ਼ਰ ਆਉਣ ਲੱਗ ਪੈਂਦੀ ਹੈ। ਇਸ ਸੱਤਾ ਨੂੰ ਨਿਹਾਰਦਿਆਂ ਸੁਭਾਵਿਕ ਹੀ ਸਾਧਕ ਦੇ ਮੂੰਹੋਂ ਨਿਕਲਦਾ ਹੈ:
ਜੋ ਤੁਧੁ ਭਾਵੈ ਸਾਈ ਭਲੀ ਕਾਰ॥
ਤੂ ਸਦਾ ਸਲਾਮਤਿ ਨਿਰੰਕਾਰ॥ (ਪੰਨਾ 4)
ਜੀਵਨ ਦੀ ਇਹ ਅਵਸਥਾ ਅਜਿਹੀ ਅਵਸਥਾ ਬਣ ਜਾਂਦੀ ਹੈ ਕਿ ਜਿੱਥੇ ਜੀਵ ਜਪ, ਤਪ, ਪੂਜਾ ਆਦਿ ਕਰਦੇ ਦਿੱਸਦੇ ਹਨ ਉਥੇ ਕੂੜਿਆਰ ਅਤੇ ਮਲੇਛ ਵੀ ਨਜ਼ਰ ਆਉਂਦੇ ਹਨ ਜਿਨ੍ਹਾਂ ਵਿਚ ਚੋਰ ਵੀ ਅਤੇ ਹਤਿਆਰੇ ਵੀ ਹਨ। ਅਜਿਹੇ ਜੀਵਾਂ ਦੀ ਗਿਣਤੀ ਅਸੰਖ ਹੈ। ਪਰ ਇਹ ‘ਅਸੰਖ’ ਸ਼ਬਦ ਵੀ ਕੁਦਰਤੀ ਲੇਖਾ ਲਿਖਣ ਵਿਚ ਅਸਮਰੱਥ ਹੈ। ਪਰਮਾਤਮਾ ਦੀ ਬਖਸ਼ਿਸ਼ ਨੂੰ ਸ਼ਬਦਾਂ ਰਾਹੀਂ ਨਹੀਂ ਲਿਖਿਆ ਜਾ ਸਕਦਾ। ਜੀਵ ਦੀ ਸਮਝ ਅਜਿਹੀ ਹੋ ਜਾਂਦੀ ਹੈ ਕਿ ਉਹ ਅਕਾਲ ਪੁਰਖ ਦੇ ਗੁਣਾਂ ਅਤੇ ਉਨ੍ਹਾਂ ਗੁਣਾਂ ਦੇ ਧਾਰਨੀ ਸਾਧਕਾਂ ਨੂੰ ਅਮੋਲਕ ਜਾਣਦਾ ਹੈ ਭਾਵ ਉਸ ਨੂੰ ਸਮਝ ਲੱਗ ਜਾਂਦੀ ਹੈ ਕਿ ਇਨ੍ਹਾਂ ਗੁਣਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਜੇਕਰ ਕੋਈ ਪ੍ਰਭੂ ਦੇ ਅਜਿਹੇ ਗੁਣਾਂ ਨੂੰ ਬੋਲਾਂ ਰਾਹੀਂ ਵਿਅਕਤ ਕਰਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਉਸ ਨੂੰ ਗਵਾਰ ਦੱਸਦੇ ਹਨ। ਜੀਵ ਨੂੰ ਪ੍ਰਭੂ ਦੇ ਦਰ-ਘਰ ਦੀ, ਜਿੱਥੇ ਉਸ ਨੂੰ ਪਉਣ, ਪਾਣੀ, ਬੈਸੰਤਰ, ਧਰਮਰਾਜ, ਮੋਹਣੀਆਂ, ਤਿੰਨ ਲੋਕ, ਖੰਡ, ਮੰਡਲ, ਵਰਭੰਡ ਆਦਿ ਗਾ ਰਹੇ ਹਨ, ਦੀ ਵੀ ਸੋਝੀ ਹੋ ਜਾਂਦੀ ਹੈ। ਕਿੰਨੇ ਹੋਰ ਗਾਉਣ ਵਾਲੇ ਭਾਵ ਉਸਤਤੀ ਕਰਨ ਵਾਲੇ ਉਸ ਨੂੰ ਗਾ ਰਹੇ ਹਨ ਉਸ ਸੰਬੰਧੀ ਸ੍ਰੀ ਗੁਰੂ ਨਾਨਕ ਦੇਵ ਜੀ ਫ਼ੁਰਮਾਉਂਦੇ ਹਨ:
ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ॥ (ਪੰਨਾ 6)
ਅਜਿਹੀ ਸੂਝ ਵਾਲਾ ਪੰਚ ਪੰਜ ਖੰਡਾਂ ਦੀ ਅਵਸਥਾ ਵਿੱਚੋਂ ਗੁਜ਼ਰਦਾ ਹੈ। ਪਹਿਲਾਂ ਉਹ ਧਰਮ ਖੰਡ ਵਿਚ ਪ੍ਰਵੇਸ਼ ਕਰਦਾ ਹੈ। ਇਥੇ ਹੀ ਸਾਧਕ ਦੀ ਅੰਦਰੂਨੀ ਆਤਮਿਕ ਅਵਸਥਾ ਦੇ ਆਧਾਰ ’ਤੇ ਉਸ ਦੇ ਪ੍ਰਭੂ ਪ੍ਰਤੀ ਵਿਸ਼ਵਾਸ ਦੀ ਕਚਿਆਈ ਤੇ ਪਕਿਆਈ ਦਾ ਨਿਰਣਾ ਵੀ ਹੁੰਦਾ ਹੈ। ਜੋ ਪੱਕੇ ਹਨ ਉਹ ਪ੍ਰਭੂ ਦੇ ਦਰ ’ਤੇ ਸੋਭਾ ਪਾਉਂਦੇ ਹਨ: ਤਿਥੈ ਸੋਹਨਿ ਪੰਚ ਪਰਵਾਣ॥ (ਪਉੜੀ 34)। ਇਥੇ ਪਹੁੰਚ ਕੇ ਸਾਧਕ ਧਰਮ ਕਮਾਉਣਾ ਸਿੱਖ ਜਾਂਦਾ ਹੈ। ਪ੍ਰਭੂ ਨੇ ਰਾਤਾਂ, ਰੁੱਤਾਂ, ਥਿੱਤਾਂ, ਵਾਰਾਂ, ਪਾਣੀ, ਅਗਨੀ ਅਤੇ ਪਤਾਲਾਂ ਦੀ ਰਚਨਾ ਕਰ ਕੇ ਧਰਤੀ ਨੂੰ ਸਾਧਕਾਂ ਦੇ ਧਰਮ ਕਮਾਉਣ ਲਈ ਥਾਪ ਦਿੱਤਾ। ਜਿਹੜੇ ਸਾਧਕ ਇਸ ਧਰਤੀ ਉੱਤੇ ਧਰਮ ਕਮਾਉਂਦੇ ਹਨ ਉਹ ਅਕਾਲ ਪੁਰਖ ਦੀ ਨਦਰਿ ਦੇ ਭਾਗੀ ਬਣ ਜਾਂਦੇ ਹਨ। ਗਿਆਨ ਖੰਡ ਵਿਚ ਸਾਧਕ ਉਸ ਗਿਆਨ ਦਾ ਧਾਰਨੀ ਹੋ ਜਾਂਦਾ ਹੈ, ਜੋ ਬੁੱਧੀ ਤੋਂ ਪਰ੍ਹੇ ਦਾ ਹੈ ਅਤੇ ਅੱਖਰਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਉਸ ਨੂੰ ਕੇਵਲ ਇਸ ਧਰਤੀ, ਸੂਰਜ, ਚੰਦਰਮਾ, ਹਵਾ, ਪਾਣੀ, ਅਗਨੀ ਆਦਿ ਦਾ ਗਿਆਨ ਹੀ ਨਹੀਂ ਬਲਕਿ ਕੇਤੇ ਭਾਵ ਬੇਅੰਤ ਪਵਣ, ਪਾਣੀ, ਬੈਸੰਤਰ, ਕੇਤੀਆਂ ਖਾਣੀਆਂ, ਕੇਤੀਆਂ ਬਾਣੀਆਂ ਆਦਿ ਦਾ ਗਿਆਨ ਹੋ ਜਾਂਦਾ ਹੈ। ਇਥੇ ਕੇਤੇ, ਕੇਤੀਆਂ ਬੇਅੰਤਤਾ ਦੇ ਸੂਚਕ ਹਨ। ਇਹ ਗਿਆਨ ਦੇ ਪ੍ਰਚੰਡ ਹੋਣ ਦੀ ਆਤਮਿਕ ਅਵਸਥਾ ਹੈ।
ਅਗਲਾ ਖੰਡ ਸਰਮ ਖੰਡ ਆਤਮਿਕ ਉਦਮ ਦਾ ਖੰਡ ਹੈ ਜੋ ਸਾਧਕ ਦੀ ਆਤਮਿਕ ਕਮਾਈ ਨਾਲ ਉਸ ਨੂੰ ਪ੍ਰਾਪਤ ਹੁੰਦਾ ਹੈ। ਇਥੇ ਹੀ ਸੁਰਤਿ, ਮਤ ਅਤੇ ਬੁੱਧੀ ਦੀ ਨਵੀਂ ਘਾੜਤ ਘੜੀ ਜਾਂਦੀ ਹੈ। ਇਸ ਘਾੜਤ ਨੂੰ ਦੱਸਣ ਵਿਚ ਬੋਲ ਅਸਮਰੱਥ ਹੁੰਦੇ ਹਨ।
ਅਗਲਾ ਖੰਡ ਕਰਮ ਖੰਡ ਹੈ, ਜਿਸ ਨੂੰ ਬਖ਼ਸ਼ਿਸ਼ ਦਾ ਘਰ ਮੰਨਿਆ ਗਿਆ ਹੈ। ਇਸ ਅਵਸਥਾ ਵਿਚ ਪਰਮਾਤਮਾ ਤੋਂ ਬਿਨਾਂ ਕੁਝ ਵੀ ਨਜ਼ਰ ਨਹੀਂ ਆਉਂਦਾ। ਇਸ ਖੰਡ ਵਿਚ ਪਹੁੰਚਣ ਵਾਲੇ ਸਾਧਕਾਂ ਦੀ ਆਤਮਿਕ ਅਵਸਥਾ ਜੋਧਿਆਂ, ਮਹਾਂਬਲੀ ਸੂਰਮਿਆਂ ਜੈਸੀ ਹੋ ਜਾਂਦੀ ਹੈ। ਅਜਿਹੀ ਆਤਮਿਕ ਅਵਸਥਾ ਦੇ ਧਾਰਨੀ ਸਾਧਕ ਅਕਾਲ ਪੁਰਖ ਦੀ ਬਖ਼ਸ਼ਿਸ਼ ਸਦਕਾ ਵਿਕਾਰਾਂ ਨੂੰ ਜਿੱਤ ਲੈਂਦੇ ਹਨ। ਪੰਜ ਵਿਕਾਰ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਅਜਿਹੇ ਸਾਧਕ ਦੇ ਜੀਵਨ ਵਿਚ ਖਲਬਲੀ ਨਹੀਂ ਮਚਾਉਂਦੇ। ਸਾਧਕ ਦਾ ਮਨ ਅਕਾਲ ਪੁਰਖ ਦੇ ਜਾਪ ਵਿਚ ਮਗਨ ਰਹਿੰਦਾ ਹੈ। ਉਸ ਨੂੰ ਸਦਾ ਅਨੰਦ ਬਣਿਆ ਰਹਿੰਦਾ ਹੈ ਜਿਸ ਸਦਕਾ ਉਹ ਸਚਿਆਰ ਮਨੁੱਖ ਹੋ ਨਿੱਬੜਦਾ ਹੈ। ਅਖੀਰਲਾ ਖੰਡ ਸਚਖੰਡ ਹੈ, ਇਸ ਨੂੰ ਪਰਮਾਤਮਾ ਦੇ ਨਿਵਾਸ ਦਾ ਖੰਡ ਵੀ ਕਿਹਾ ਜਾਂਦਾ ਹੈ। ਇਥੋਂ ਤਕ ਸਾਧਕ ਦੀ ਆਤਮਾ ਪਰਮ ਆਤਮਾ ਵਿਚ ਲਿਵਲੀਨ ਹੋ ਚੁੱਕੀ ਹੁੰਦੀ ਹੈ। ਉਸ ਨੂੰ ਸਭ ਪਾਸੇ ਅਕਾਲ ਪੁਰਖ ਦਾ ਹੁਕਮ ਵਰਤਦਾ ਨਜ਼ਰ ਆਉਂਦਾ ਹੈ। ਉਸ ਨੂੰ ਇਹ ਵੀ ਪ੍ਰਤੀਤ ਹੁੰਦਾ ਹੈ ਕਿ ਅਕਾਲ ਪੁਰਖ ਸਾਰੇ ਜੀਵਾਂ ਦੀ ਸੰਭਾਲ ਕਰ ਕੇ ਖੁਸ਼ ਹੁੰਦਾ ਹੈ। ਇਸ ਅਵਸਥਾ ਨੂੰ ਬਿਆਨ ਕਰਨਾ ਲੋਹੇ ਦੀ ਘਾੜਤ ਵਤ ਕਠਿਨ ਹੈ। ਇਹ ਅਵਸਥਾ ਮਨੁੱਖੀ ਕਥਨ ਦੀ ਸਮਰੱਥਾ ਤੋਂ ਬਾਹਰ ਹੈ। ਜਪੁ ਜੀ ਸਾਹਿਬ ਦੀਆਂ ਹੇਠ ਲਿਖੀਆਂ ਤੁਕਾਂ ਤੋਂ ਵੀ ਇਹੀ ਭਾਵ ਪ੍ਰਾਪਤ ਹੁੰਦਾ ਹੈ:
ਏਹੁ ਅੰਤੁ ਨ ਜਾਣੈ ਕੋਇ॥
ਬਹੁਤਾ ਕਹੀਐ ਬਹੁਤਾ ਹੋਇ॥ (ਪੰਨਾ 5)
ਏਵਡੁ ਊਚਾ ਹੋਵੈ ਕੋਇ॥
ਤਿਸੁ ਊਚੇ ਕਉ ਜਾਣੈ ਸੋਇ॥ (ਪੰਨਾ 5)
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ॥ (ਪੰਨਾ 5)
ਐਸੇ ਸਚਿਆਰ ਮਨੁੱਖ ਨੂੰ ਕੁਦਰਤ ਦੀ ਬੇਅੰਤਤਾ ਸਾਹਮਣੇ ਆਪਣੀ ਸਮਰੱਥਾ ਤੁੱਛ ਲੱਗਦੀ ਹੈ। ਉਸ ਦੇ ਮੂੰਹੋਂ ਆਪ ਮੁਹਾਰੇ ਨਿਕਲ ਆਉਂਦਾ ਹੈ-ਆਦੇਸੁ ਤਿਸੈ ਆਦੇਸੁ ਅਰਥਾਤ ਹੇ ਪਰਮਾਤਮਾ! ਤੈਨੂੰ ਨਮਸਕਾਰ ਹੈ, ਨਮਸਕਾਰ ਹੈ। ਜਪੁ ਜੀ ਸਾਹਿਬ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਨੋਰਥ ਮਨੁੱਖ ਨੂੰ ਸਚਿਆਰ ਬਣਾਉਣਾ ਹੈ। ਉਸ ਅੰਦਰ ਵੱਸਦੇ ਕੂੜ ਨੂੰ ਨਸ਼ਟ ਕਰਨਾ ਹੈ। ‘ਸਚਿਆਰ’ ਪਦ ਦੀ ਸਾਧਨਾ ਦਾ ਰਸਤਾ ‘ਜਪੁ’ ਬਾਣੀ ਦਿਖਾਉਂਦੀ ਹੈ। ਸੱਚੇ ਸਾਧਕ ਲਈ ਇਹ ਉੱਤਮ ਪ੍ਰੇਰਨਾਮਈ ਸ੍ਰੋਤ ਹੈ, ਇਹ ਰੂਹ ਦੀ ਖੁਰਾਕ ਹੈ, ਆਪੇ ਦੀ ਸੋਝੀ ਦੀ ਜੁਗਤ ਹੈ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ