editor@sikharchives.org

ਜਪੁਜੀ ਸਾਹਿਬ ਦੀ ਵਿਚਾਰਧਾਰਾ ਦਾ ਉਦੇਸ਼ ਅਤੇ ਸਮਕਾਲੀਨ, ਸਮਾਜਿਕ, ਸਭਿਆਚਾਰਕ ਕਦਰਾਂ-ਕੀਮਤਾਂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਵਿਚ ਜਪੁਜੀ ਸਾਹਿਬ ਨੂੰ ਪਹਿਲਾ ਸਥਾਨ ਹਾਸਿਲ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਜਪੁਜੀ ਸਾਹਿਬ’ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਲ ਸਿੱਖੀ ਸਿਧਾਂਤ ਨੂੰ ਦਰਸਾਉਣ ਵਾਲੀ ਬਹੁਤ ਹੀ ਮਹੱਤਵਪੂਰਨ ਬਾਣੀ ਹੈ, ਜਿਸ ਨੂੰ ਵਿਦਵਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਰਤੱਤ ਮੰਨਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਵਿਚ ਜਪੁਜੀ ਸਾਹਿਬ ਨੂੰ ਪਹਿਲਾ ਸਥਾਨ ਹਾਸਿਲ ਹੈ। ਇਸ ਵਿਚ ਜੀਵਨ-ਜੁਗਤ ਅਤੇ ਮਨੁੱਖ ਬਾਰੇ ਜੋ ਦ੍ਰਿਸ਼ਟੀਕੋਣ ਪੇਸ਼ ਹੋਇਆ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੇਸ਼ ਹੋਈ ਵਿਸ਼ਵ-ਦ੍ਰਿਸ਼ਟੀ ਅਤੇ ਜੀਵਨ-ਜੁਗਤ ਦਾ ਸਾਰਤੱਤ ਹੈ। ਸੰਸਾਰ ਦੇ ਧਾਰਮਿਕ ਸਾਹਿਤ ਵਿਚ ਰੱਬ ਦੇ ਸਰੂਪ ਅਤੇ ਮਨੁੱਖ ਦੇ ਮਨੋਰਥ ਨੂੰ ਉਚਤਮ ਸਿਆਣਪ ਅਤੇ ਸਫਾਈ ਨਾਲ ਸਭ ਤੋਂ ਚੰਗੇ ਰੂਪ ਬਿਆਨ ਕੀਤਾ ਹੋਣ ਕਰਕੇ ਹਰ ਪੱਖੋਂ ਇਹ ਬਾਣੀ ਲਾਸਾਨੀ ਹੈ। ਇਸ ਬਾਣੀ ਵਿਚ ਜੀਵਨ ਦੀਆਂ ਗੁੰਝਲਾਂ ਨੂੰ ਬਹੁਤ ਹੀ ਸੰਖੇਪ ਤੇ ਸੁਚੱਜੇ ਢੰਗ ਨਾਲ ਸੁਲਝਾਇਆ ਗਿਆ ਹੈ। ਦਰਅਸਲ ਇਸ ਉੱਤਮ ਅਤੇ ਉੱਤਕ੍ਰਿਸ਼ਟ ਰਚਨਾ ਦੇ ਪਿਛੋਕੜ ਵਿਚ ਇਕ ਅਦੁੱਤੀ ਸ਼ਖਸੀਅਤ ਅਤੇ ਪ੍ਰੋੜ੍ਹ ਪ੍ਰਤਿਭਾ ਵਿਚਰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵਿਚ ਇੱਕੋ ਸਮੇਂ ਭਾਰਤ ਦੇ ਰਿਸ਼ੀਆਂ ਵਾਲੀ ਵੈਰਾਗਮਈ ਸ਼ਾਂਤੀ, ਯੂਨਾਨੀ ਫਿਲਾਸਫਰਾਂ ਵਾਲੀ ਸੰਘਣੀ ਸੋਚ, ਪ੍ਰਾਚੀਨਤਮ ਸਾਹਿਤਕਾਰਾਂ ਵਾਲੀ ਅਨੁਭਵ ਸ਼ਕਤੀ ਅਤੇ ਆਧੁਨਿਕ ਯੁੱਗ ਵਾਲੀ ਨਿਰੀਖਣ ਸ਼ਕਤੀ ਹੈ। ਇਸੇ ਕਰਕੇ ਹੀ ਜਪੁਜੀ ਸਾਹਿਬ ਦੀ ਬਾਣੀ ਕੇਵਲ ਇਕ ਧਰਮ, ਦੇਸ਼ ਜਾਂ ਕੌਮ ਦੇ ਲੋਕਾਂ ਵਾਸਤੇ ਰਚੀ ਰਚਨਾ ਨਹੀਂ ਹੈ, ਸਗੋਂ ਇਹ ਇਕ ਅਜਿਹੀ ਆਦਰਸ਼ਕ ਅਤੇ ਵਿਗਿਆਨਕ ਸੂਝ ਵਾਲੀ ਕਲਾ-ਕ੍ਰਿਤੀ ਹੈ, ਜੋ ਸੰਪੂਰਨ ਮਨੁੱਖਤਾ ਦੇ ਵਿਕਾਸ ਨੂੰ ਆਪਣੇ ਕਲਾਵੇ ਵਿਚ ਸਮੇਟਦੀ ਹੈ। ਜਪੁਜੀ ਸਾਹਿਬ ਦੀ ਮਹੱਤਤਾ ਅਤੇ ਜੀਵਨ ਵਿਚ ਸਾਰਥਕ ਹੋਣ ਦਾ ਪ੍ਰਮਾਣ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ, ਕਿ ਜਦੋਂ ਦੀ ਇਹ ਰਚਨਾ ਰਚੀ ਗਈ ਹੈ, ਉਦੋਂ ਤੋਂ ਲੈ ਕੇ ਹੁਣ ਤਕ ਕਈਆਂ ਲਿੱਪੀਆਂ, ਭਾਸ਼ਾਵਾਂ, ਬੋਲੀਆਂ, ਰੂਪਾਂ ਅਤੇ ਢੰਗਾਂ ਰਾਹੀਂ ਬਹੁਤ ਹੀ ਵੱਡੀ ਗਿਣਤੀ ਵਿਚ ਪੜ੍ਹੀ, ਸੁਣੀ, ਵਿਚਾਰੀ ਅਤੇ ਅਨੁਵਾਦਿਤ ਕੀਤੀ ਜਾਂਦੀ ਰਹੀ ਹੈ। ਜਿੱਥੇ ਇਹ ਧਰਮ ਦੇ ਉਪਾਸ਼ਕਾਂ ਵਾਸਤੇ ਅਨੰਦ ਦਾ ਸੋਮਾ ਹੈ, ਉੱਥੇ ਇਹ ਜਨ-ਸਾਧਾਰਨ ਵਾਸਤੇ ਚਾਨਣ ਮੁਨਾਰਾ ਵੀ ਹੈ, ਇਸ ਬਾਰੇ ਸ. ਸਰਦੂਲ ਸਿੰਘ ਕਵੀਸ਼ਰ ਦਾ ਮਤ ਹੈ –

“The greatness of Japji does not lie only in its religious and philosophical content but also in the high qual- ity of its poetry.”1

ਜਪੁਜੀ ਸਾਹਿਬ ਦੀ ਬਾਣੀ ਜਿੱਥੇ ਆਪਣੀ ਸੂਤ੍ਰਿਕ ਅਤੇ ਪ੍ਰਸ਼ਨਉੱਤਰੀ ਸ਼ੈਲੀ ਰਾਹੀਂ ਆਪਣੇ ਵਿਸ਼ੇ ਨੂੰ ਪੂਰੀ ਤਰਾਂ ਨਿਭਾਉਂਦੀ ਹੈ ਉੱਥੇ ਛੰਦ-ਮਈ ਅਤੇ ਅਲੰਕ੍ਰਿਤ ਭਾਸ਼ਾ ਰਾਹੀਂ ਵੱਡੇ ਤੋਂ ਵੱਡੇ ਵਿਚਾਰ ਨੂੰ ਕਹਿਣ ਲੱਗਿਆਂ ਛੋਟੀ ਤੋਂ ਛੋਟੀ ਸੰਕੇਤਮਈ ਭਾਸ਼ਾ ਤੋਂ ਕੰਮ ਲਿਆ ਗਿਆ ਹੈ।

– ਜਪੁਜੀ ਸਾਹਿਬ’ ਦਾ ਸਰਬਕਾਲੀਨ ਉਦੇਸ਼ ਅਤੇ ਸਮਕਾਲੀਨ ਸਮਾਜਿਕ ਸਭਿਆਚਾਰਕ ਕਦਰਾਂ-ਕੀਮਤਾਂ –

ਇਹ ਬਾਣੀ ਗੁਰੂ ਜੀ ਦੀ ਵਿਚਾਰ ਪ੍ਰਧਾਨ ਰਚਨਾ ਹੈ ਅਤੇ ਸਾਂਝੇ ਸੰਬੋਧਨ ਵਾਲੀ ਵਿਸ਼ਵ-ਦ੍ਰਿਸ਼ਟੀ ਦੇ ਭਾਵਾਂ ਵਾਲੀ ਇੱਕ-ਈਸ਼ਵਰਵਾਦ ਦੀ ਉਪਾਸਨਾ ਦੇ ਵਿਚਾਰਾਂ ਦੇ ਵਿਸ਼ਾਲ ਖੇਤਰ ਨੂੰ ਆਪਣੀ ਬੁੱਕਲ ਵਿਚ ਸਮੇਟਦੀ ਹੈ। ਇਸ ਬਾਣੀ ਦੇ ਅਰੰਭ ਵਿਚ ਅੰਕਿਤ ਮੂਲ-ਮੰਤਰ ਇਸ ਦੀ ਵਿਸ਼ਵ-ਦ੍ਰਿਸ਼ਟੀ ਨੂੰ ਸੂਤਰ ਰੂਪ ਵਿਚ ਪਰਿਭਾਸ਼ਤ ਕਰਦਾ ਹੈ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਇਨ੍ਹਾਂ ਵਿਸ਼ੇਸ਼ਤਾਵਾਂ ਰਾਹੀਂ ਗੁਰੂ ਜੀ ਨੇ ਪਰਮਾਤਮਾ ਦੇ ਸਰੂਪ ਨੂੰ ਨਿਰਾਕਾਰ, ਕਾਲ ਰਹਿਤ, ਭੈ-ਰਹਿਤ, ਵੈਰ ਰਹਿਤ ਅਤੇ ਸਵੈਯਮ ਪਰਮ ਸੱਤਾ ਦਾ ਮਾਲਕ ਦੱਸਿਆ ਹੈ। ਵਿਚਾਰਧਾਰਾ ਦੀ ਦ੍ਰਿਸ਼ਟੀ ਤੋਂ ਇਸ ਮੂਲਮੰਤਰ ਦਾ ਵਿਸ਼ੇਸ਼ ਮਹੱਤਵ ਹੈ, ਕਿਉਂਕਿ ਇਸ ਦੇ ਮਧਿਅਮ ਰਾਹੀਂ ਗੁਰੂ ਜੀ ਨੇ ਆਪਣੇ ਸਮਕਾਲੀ, ਧਾਰਮਿਕ ਅਤੇ ਸਮਾਜਿਕ ਮਾਹੌਲ ਨਾਲ ਸੰਵਾਦ ਰਚਾਇਆ ਹੈ। ਇਹ ਸੰਵਾਦ ਇਕ ਪਾਸੇ ਇਹ ਅਵਤਾਰਵਾਦ ਦੀ ਪਰੰਪਰਾ ਨੂੰ ਰੱਦ ਕਰਦਾ ਹੈ ਤਾ ਦੂਸਰੇ ਪਾਸੇ ਸਾਮੀ ਵਿਰਸੇ ਦੇ ਪੈਗੰਬਰੀ ਵਿਚਾਰ ਨੂੰ ਵੀ ਅਪ੍ਰਵਾਨ ਕਰਕੇ ਪੈਗੰਬਰ ਦੀ ਥਾਂ ਗੁਰੂ ਦਾ ਸੰਕਲਪ ਪੇਸ਼ ਕਰਦਾ ਹੈ ਜਿਸ ਨੂੰ ਮਨੁੱਖੀ ਜੀਵਨ ਦੀ ਅਧਿਆਤਮਕ ਅਤੇ ਸਮਾਜਿਕ ਅਗਵਾਈ ਦਾ ਆਧਾਰ ਬਣਾਇਆ ਗਿਆ ਹੈ। ਪਰ ਅੱਜ ਅਸੀਂ ਮੂਲ ਮੰਤਰ ਦੇ ਉਦੇਸ਼ ਨੂੰ ਭੁੱਲ ਚੁੱਕੇ ਹਾਂ। ਅਸੀਂ Ultra Modern Life Style ਦੇ ਰੁਝਾਨਾਂ ਵਿਚ ਗੁਆਚ ਕੇ ਆਪਣੇ ਆਪ ਨੂੰ ਵਿਕਸਿਤ ਅਤੇ ਅਤਿ-ਵਿਕਸਿਤ ਸਮਾਜ ਦਾ ਚੇਤਨ ਮਨੁੱਖ ਅਖਵਾਉਣ ਵਿਚ ਜ਼ਿਆਦਾ ਇੱਜ਼ਤ ਮਹਿਸੂਸ ਕਰਦੇ ਹਾਂ, ਅਤਿ ਵਿਕਸਿਤ ਜੀਵਨ- ਸ਼ੈਲੀ ਅਤੇ ਮਸ਼ੀਨੀ ਯੁੱਗ ਨੇ ਮਨੁੱਖੀ ਦਿਮਾਗ ਉੱਤੇ ਜੋ ਉਤੇਜਿਤ ਅਸਰ ਪਾਇਆ ਹੈ, ਉਹ ਨਾ ਸਿਰਫ ਸਾਨੂੰ ਸਾਡੇ ਧਾਰਮਿਕ ਸੰਸਕਾਰਾਂ ਤੋਂ ਦੂਰ ਲੈ ਜਾ ਰਿਹਾ ਹੈ,ਬਲਕਿ ਅੱਜ ਦਾ ਖਪਤ ਸਭਿਆਚਾਰ ਸਾਨੂੰ ਮਾਨਿਸਕ ਰੋਗੀ ਵੀ ਬਣਾ ਰਿਹਾ ਹੈ। ਫਿਰ ਜਦੋਂ ਅਸੀਂ ਅੱਜ ਦੀ ਮੁਕਾਬਲੇ ਵਾਲੀ ਭਾਵਨਾ ਨਾਲ ਭਰਪੂਰ ਆਧੁਨਿਕ ਜੀਵਨ-ਸ਼ੈਲੀ ਦੇ ਸਤਾਏ ਆਪਣੇ ਸੁਆਰਥਾਂ ਵੱਸ ਹੋ ਕੇ ਥੋੜ੍ਹਾ-ਬਹੁਤ ਅਧਿਆਤਮ ਜਾਂ ਨਾਮ-ਸਿਮਰਨ ਦਾ ਸਹਾਰਾ ਲੈਣਾ ਵੀ ਚਾਹੁੰਦੇ ਹਾਂ ਤਾਂ ਵੀ ਅਸੀਂ ਮੂਲ ਮੰਤਰ ਦੀ ਪ੍ਰੇਰਨਾ ਤੋਂ ਕੁਝ ਨਹੀਂ ਸਿੱਖਦੇ। ਅਸੀਂ ਜਿੱਥੇ ਉਪਭੋਗਤਾਵਾਦੀ ਯੁੱਗ ਵਿਚ ਇਕ- ਦੂਸਰੇ ਦੇ ਪ੍ਰਤੀ ਵੈਰ-ਵਿਰੋਧ ਦੀ ਭਾਵਨਾ ਦਾ ਸ਼ਿਕਾਰ ਹੁੰਦੇ ਹਾਂ, ਉੱਥੇ ਕੋਈ ਦੂਸਰਾ ਸਾਡੇ ਤੋਂ ਅੱਗੇ ਨਾ ਨਿਕਲ ਜਾਏ, ਨਿਰੰਤਰ ਇਸੇ ਡਰ ਦਾ ਸ਼ਿਕਾਰ ਵੀ ਰਹਿੰਦੇ ਹਾਂ। ਫਿਰ ਮਾਨਸਿਕ ਦੁਬਿਧਾ ਦੇ ਸ਼ਿਕਾਰ ਹੋ ਕੇ ਅੱਜ ਦੇ ਢੌਂਗੀ ਸਾਧੂਆਂ, ਮੌਕਾਪ੍ਰਸਤ-ਬਾਬਿਆਂ ਦੇ ਪਿੱਛੇ ਭੱਜਦੇ ਹਾਂ। ਇਹ ਸਾਡੀ ਅਜੋਕੀ ਆਧੁਨਿਕਤਾ ਦਾ ਹਾਸੋਹੀਣਾ, ਦੋਗਲਾ ਪਰੰਤੂ ਕੌੜਾ ਸੱਚ ਹੈ। ਉਹੀ ਜੇਕਰ ਅਸੀਂ ਮੂਲ ਮੰਤਰ ਦੇ ਉਦੇਸ਼ ਤੋਂ ਪ੍ਰੇਰਨਾ ਪ੍ਰਾਪਤ ਕਰੀਏ ਤਾਂ ਅਸੀਂ ਕਦੇ ਅਜਿਹੀ ਸਥਿਤੀ ਵਿਚ ਨਹੀਂ ਪਹੁੰਚਾਂਗੇ।

ਮੂਲ ਮੰਤਰ ਤੋਂ ਬਾਅਦ ਅੰਕਿਤ ਅਗਲਾ ਸਲੋਕ ਹੈ, ਉਸ ਵਿਚ ਵੀ ਪ੍ਰਭੂ ਦੇ ਸਰੂਪ ਦਾ ਨਿਰਾਕਾਰ ਅਤੇ ਕਾਲ-ਰਹਿਤ ਸਰੂਪ ਦਾ ਸੰਕਲਪ ਉਭਰਦਾ ਹੈ, ਜਿਸ ਨੂੰ ‘ਆਦਿ ਸਚੁ, ਜੁਗਾਦਿ ਸਚੁ, ਹੈ ਭੀ ਸਚੁ ਨਾਨਕ ਹੋਸੀ ਭੀ ਸਚੁ’ ਰਾਹੀਂ ਪਰਿਭਾਸ਼ਤ ਕੀਤਾ ਗਿਆ ਹੈ। ਇਸ ਬਾਰੇ ਡਾ. ਸੀਤਲ ਦਾ ਮੱਤ ਹੈ ਕਿ “ਹੁਣ ਅਸੀਂ ਸੱਚ ਨੂੰ ਸਮਝਣਾ ਹੈ ਕਿ ਇਹ ਸੱਚ ਦਾ ਸੱਚ ਹੈ, ਜਾਂ ਅਸਲੀਅਤ ਦਾ ਗਿਆਨ ਹੈ।”2 ਇਸੇ ਲਈ ਸੰਤ ਵਿਨੋਭਾ ਭਾਵੇ ਨੇ ਲਿਖਿਆ ਹੈ ਕਿ “ਸਾਇੰਸ ਦਾ ਮਨੋਰਥ ਵੀ ਸੱਚ ਦੀ ਭਾਲ ਹੁੰਦੀ ਹੈ, ਇਸ ਪੱਖੋਂ ਗੁਰੂ ਸਾਹਿਬ ਆਧੁਨਿਕਤਮ ਆਖੇ ਜਾ ਸਕਦੇ ਹਨ।3 ਇੱਥੇ ‘ਸੱਚ’ ਸ਼ਬਦ ਸਦੀਵੀ ਹੋਂਦ ਦਾ ਲਖਾਇਕ ਸੰਕਲਪ ਬਣ ਜਾਂਦਾ ਹੈ, ਕਿਉਂਕਿ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿਚ ਗੁਰੂ ਸਾਹਿਬ ਸਪਸ਼ਟ ਕਰਦੇ ਹਨ ਕਿ ਸੱਚ ਖ਼ੁਦ ਅਸਲੀਅਤ ਹੈ, ਅਸਲੀਅਤ ਦਾ ਗਿਆਨ ਨਹੀਂ, ਇਸ ਲਈ ਸਾਡੀ ਸਾਰੀ ਜ਼ਿੰਦਗੀ ਦੀ ਤੜਪ ਇਸ ਪ੍ਰਕਾਰ ਹੈ।

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ (ਪੰਨਾ 1)

ਇਸ ਵਿਚਾਰ ਨੂੰ ਜਪੁਜੀ ਸਾਹਿਬ ਦਾ ਕੇਂਦਰੀ ਧੁਰਾ ਕਿਹਾ ਜਾ ਸਕਦਾ ਹੈ। ਸਚਿਆਰ ਪਦ ਦੀ ਪ੍ਰਾਪਤੀ ਕਿਵੇਂ ਕਰਨੀ ਹੈ, ਅਤੇ ਮਨੁੱਖੀ ਸੁਭਾਅ ਵਿਚ ਕੂੜ ਅਰਥਾਤ (ਹਉਮੈ) ਦੀ ਉਸਰੀ ਕੰਧ ਕਿਵੇਂ ਪਾਰ ਕਰਨੀ ਹੈ, ਇਹੀ ਜੀਵਨ ਦੀ ਅਸਲ ਸਮੱਸਿਆ ਹੈ। ਇਸ ਸਮੱਸਿਆ ਦਾ ਹੱਲ ਕਿਵੇਂ ਹੋ ਸਕਦਾ ਹੈ, ਸ੍ਰੀ ਗੁਰੁ ਨਾਨਕ ਦੇਵ ਜੀ ਇਸ ਦਾ ਉੱਤਰ ਦਿੰਦੇ ਹੋਏ ਕਹਿੰਦੇ ਹਨ:

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ (ਪੰਨਾ 1)

ਸਮਕਾਲੀ ਜੀਵਨ ਜਾਚ ਨੇ ਅੱਜ ਦੇ ਮਨੁੱਖ ਦੇ ਜੀਵਨ ਨੂੰ ਹਉਮੈ ਆਧਾਰਿਤ ਜੀਵਨ-ਵਿਧੀ ਨਾਲ ਜੋੜਿਆ ਹੈ। ਜਿੱਥੇ ਆਧੁਨਿਕਤਾਵਾਦੀ ਮਸ਼ੀਨੀ ਯੁੱਗ ਨੇ ਸਮਾਜ ਦੇ ਵਿਕਾਸ ਨੂੰ ਸਿਖਰ ’ਤੇ ਪਹੁੰਚਾਇਆ ਹੈ, ਉੱਥੇ ਮਨੁੱਖ ਵਿਚ ਮਸ਼ੀਨੀ ਗਿਆਨ ਹਾਸਿਲ ਕਰਨ ਦੀ ਹਉਮੈ ਨੇ ਵਧੇਰਾ ਜ਼ੋਰ ਫੜਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਹੁਕਮ ਨੂੰ ਸ੍ਰਿਸ਼ਟੀ ਦਾ ਆਕਾਰ ਸਿਰਜਣ ਵਾਲੇ ਅਤੇ ਮਾਨਵ-ਜੀਵਨ ਨੂੰ ਨਿਯੰਤ੍ਰਿਤ ਕਰਨ ਵਾਲੇ ਸਰਬ ਵਿਆਪਕ ਤੱਤ ਵਜੋਂ ਸਥਾਪਿਤ ਕੀਤਾ ਹੈ, ਪਰ ਅਸੀਂ ਤਾਂ ਅੱਜ ਦੇ ਯੁੱਗ ਵਿਚ ਆਪਣੇ ਖੁਦ ਦੀ ਸੱਚੀ ਪਹਿਚਾਣ ਹੀ ਨਹੀਂ ਕਰ ਸਕੇ, ਫਿਰ ਆਪਣੇ ਅੰਦਰੋਂ ਕੂੜ ਦੀ ਕੰਧ ਤੋੜਨਾ ਅਤੇ ਹੁਕਮ ਨੂੰ ਮੰਨਣਾ ਤਾਂ ਦੂਰ ਦੀ ਗੱਲ ਹੈ। ਅਸੀਂ ਤਾਂ ਖਪਤ ਸਭਿਆਚਾਰ ਦੇ ਅਜੋਕੇ ਹਾਸੋਹੀਣੇ ਵਰਤਾਰੇ ਵਿਚ ਅਜਿਹਾ ਉਲਝੇ ਹਾਂ, ਜਿੱਥੇ ਧਰਮ ਤਾਂ ਸੰਕਟਗ੍ਰਸਤ ਹੋ ਹੀ ਰਿਹਾ ਹੈ ਇਸ ਦੇ ਨਾਲ-ਨਾਲ ਅਸੀਂ ਖੁਦ ਆਪਣੇ ਅੰਦਰਲੇ ਸੱਚ ਨੂੰ ਨਜ਼ਰਅੰਦਾਜ਼ ਕਰ ਬਾਹਰੀ ਨਾਂਹ-ਮੁਖੀ, ਭੁੱਲ ਭੁਲੇਖਿਆਂ ਵਾਲੇ ਜੀਵਨ ਵੱਲ ਅਗਰਸਰ ਹਾਂ, ਜੋ ਸਾਨੂੰ ਅਰਥਹੀਣ ਹਉਮੈ ਦਾ ਨਿਰੰਤਰ ਸ਼ਿਕਾਰ ਬਣਾ ਰਿਹਾ ਹੈ। ਜਪੁਜੀ ਸਾਹਿਬ ਵਿਚ ਹਉਮੈ ਦੇ ਵਿਰੋਧ ਵਿਚ ਹੁਕਮ ਨੂੰ ਰੱਖ ਕੇ ਸਥਾਪਿਤ ਕੀਤਾ ਗਿਆ ਹੈ। ਹੁਕਮ ਅਨੁਸਾਰ ਚੱਲਣ ਵਾਲੇ ਮਨੁੱਖ ਵਧੇਰੇ ਜਾਗ੍ਰਿਤ ਮਾਨਸਿਕਤਾ ਵਾਲੇ ਹੁੰਦੇ ਹਨ ਅਤੇ ਹਉਮੈ ਆਧਾਰਿਤ ਜੀਵਨ-ਵਿਧੀ ਵਾਲੇ ਤੰਗ ਵਲਗਣ ਵਿਚ ਘਿਰੇ ਹੋਏ ਸੀਮਤ ਸੋਚ ਵਾਲੀ ਦ੍ਰਿਸ਼ਟੀ ਦੇ ਧਾਰਨੀ ਬਣਦੇ ਹਨ।

ਜਪੁਜੀ ਸਾਹਿਬ ਦੀ ਸਰਬਕਾਲੀਨ ਵਿਚਾਰਧਾਰਾ ਹੀ ਅਜੋਕੇ ਸਮਾਜ ਵਿਚ ਮਨੁੱਖ ਦੀ ਮਾਨਸਿਕ ਸ਼ਾਂਤੀ ਅਤੇ ਸੁੱਚੀ ਸਾਧਨਾ ਦਾ ਪ੍ਰੇਰਨਾ-ਸ੍ਰੋਤ ਬਣ ਸਕਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਇਸ ਸਮੱਸਿਆ ਦਾ ਹੱਲ ਦੱਸਦੇ ਹੋਏ ਕਹਿੰਦੇ ਹਨ ਕਿ ਜੇਕਰ ਸਾਚੇ ਸਾਹਿਬ, ਅਰਥਾਤ ਪਰਮਾਤਮਾ ਦੀ ਅੰਮ੍ਰਿਤ ਵੇਲੇ ਸਾਚ ਨਾਉਂ ਦੀ ਵਡਿਆਈ ਕੀਤੀ ਜਾਵੇ ਤਾਂ ਹੀ ਪਰਮਾਤਮਾ ਦੀ ਬਖਸ਼ਿਸ ਤੁਹਾਡੇ ’ਤੇ ਹੋ ਸਕਦੀ ਹੈ। ਇੱਥੇ ਇਹ ਵਿਚਾਰ ਪਰੰਪਰਕ ਸਾਧਨਾ ਪੱਧਤੀਆਂ ਜਿਵੇਂ ਤੀਰਥ ਇਸ਼ਨਾਨ, ਯੋਗ-ਯੁਗਤ, ਤਪੱਸਿਆ, ਸੁੱਚ-ਸੰਜਮ ਆਦਿ ਆਡੰਬਰਾਂ ਦਾ ਖੰਡਨ ਕਰਦਾ ਹੋਇਆ ਪਰਮਾਤਮਾ ਦੇ ਨਾਮ ਸਿਮਰਨ ਦੀ ਮਹਤੱਤਾ ਨੂੰ ਹੀ ਪੇਸ਼ ਕਰਦਾ ਹੈ। ਪਰ ਅਜੋਕੇ ਸਮਾਜ ਦੀ ਸਮਕਾਲੀਨ, ਸਭਿਆਚਾਰਕ ਸਥਿਤੀ ਇਸ ਤੋਂ ਠੀਕ ਉਲਟ ਹੈ। ਇੱਥੇ ਗੁਰੂ ਜੀ ਨੇ ਸਾਨੂੰ ਸਦਾਚਾਰਕ ਜੀਵਨ ਜਿਉਣ ਵੱਲ ਸੰਕੇਤ ਹੀ ਨਹੀਂ ਕੀਤਾ ਬਲਕਿ ਸਮਕਾਲੀਨ ਸਮਾਜ ਵਿਚ ਫੈਲੇ ਅੰਧਵਿਸ਼ਵਾਸਾਂ, ਕਰਮਕਾਂਡਾਂ, ਰਿਧੀਆਂ-ਸਿਧੀਆਂ ਆਦਿ ਦੀ ਨਿੰਦਿਆ ਕੀਤੀ ਹੈ। ਅਜੋਕੇ ਸਮਾਜ ਵਿਚ ਅਸੀਂ ਅਜਿਹੇ ਸਮਾਜਿਕ, ਧਾਰਮਿਕ, ਢੌਂਗੀਆਂ, ਰਾਜਨੇਤਾਵਾਂ, ਸਾਧੂਆਂ, ਡੇਰੇ ਵਾਲੇ ਭੇਖੀ ਸਾਧੂਆਂ ਆਦਿ ਦਿਆਂ ਕਰਮਕਾਂਡਾਂ ਨੂੰ ਇਲਕਟ੍ਰੋਨਿਕ ਮੀਡੀਏ ਰਾਹੀਂ ਨਿੱਤ ਵੇਖਦੇ ਹਾਂ, ਪਰ ਅਸੀਂ ਉਨ੍ਹਾਂ ’ਤੇ ਨਕੇਲ ਉਦੋਂ ਤਕ ਨਹੀਂ ਪਾ ਸਕਦੇ ਜਦੋਂ ਤਕ ਸਾਡੀ ਖੁਦ ਦੀ ਮਾਨਸਿਕ ਸਥਿਤੀ ਅਜਿਹੀ ਹੈ। ਗੁਰੂ ਜੀ ਦਾ ਕਥਨ ਹੈ:

ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥
ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥
ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥
ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥ (ਪੰਨਾ 2)

ਇਸ ਪ੍ਰਕਾਰ ਜਪੁਜੀ ਸਾਹਿਬ ਦੀ ਵਿਚਾਰਧਾਰਾ ਆਪਣੇ ਸਮਕਾਲੀ ਅਤੇ ਸਰਬਕਾਲੀ ਦੋਹਾਂ ਸਰੂਪਾਂ ਵਾਲੀ ਹੋ ਨਿੱਬੜਦੀ ਹੈ। ਸਮਕਾਲੀ ਵਿਚਾਰਧਾਰਾ ਜਪੁਜੀ ਸਾਹਿਬ ਦੇ ਸਿਰਜਨਕਾਲ ਦੀ ਉਸ ਸਥਿਤੀ ਨਾਲ ਸੰਬੰਧ ਰੱਖਦੀ ਹੈ, ਜੋ ਮੁਸਲਮ ਸਾਮੰਤਵਾਦ ਦੀ ਸ਼ੋਸ਼ਣਹਾਰੀ ਵਿਵਸਥਾ ਦੀ ਉਪਜ ਸੀ। ਸਮਾਜ ਅਤੇ ਸਭਿਆਚਾਰ ਦੇ ਦ੍ਰਿਸ਼ਟੀਕੋਣ ਤੋਂ ਇਹ ਸਥਿਤੀ ਇਕ ਪਾਸੇ ਬ੍ਰਾਹਮਣਵਾਦੀ ਕਰਮਕਾਂਡ ਅਤੇ ਜਾਤੀ ਪ੍ਰਥਾ ਅਤੇ ਦੂਜੇ ਪਾਸੇ ਸ਼ਰੱਈ ਇਸਲਾਮ ਦੀ ਕੱਟੜ ਮਜ਼ਹਬੀ ਨੀਤੀ ਦੀ ਵਿਰੋਧੀ ਹੈ। ਇਸ ਦੇ ਸਿੱਟੇ ਵਜੋਂ ਦੱਬੇ-ਕੁਚਲੇ ਲੋਕ ਸਮਾਜਿਕ ਅਨਿਆਂ ਦਾ ਸ਼ਿਕਾਰ ਸਨ ਅਤੇ ਫਿਰਕੂ ਨਫ਼ਰਤ ਦਾ ਸੰਤਾਪ ਵੀ ਭੋਗਦੇ ਸਨ। ਜਪੁਜੀ ਸਾਹਿਬ ਵਿਚ ਇਨ੍ਹਾਂ ਸਮਕਾਲੀ ਸਰੋਕਾਰਾਂ ਨੂੰ ਭਾਵੇਂ ਸਿੱਧੇ ਤੌਰ ’ਤੇ ਤਾਂ ਪੇਸ਼ ਨਹੀਂ ਕੀਤਾ ਗਿਆ, ਪਰ ਪ੍ਰੋਖ ਰੂਪ ਵਿਚ ਇਹ ਰਚਨਾ ਉਸ ਸਮੁੱਚੇ ਮਾਹੌਲ ਦੀ ਉਸਾਰੀ ਹੈ, ਜਿਸ ਵਿਚ ਇਨ੍ਹਾਂ ਸਰੋਕਾਰਾਂ ਦੀ ਕਾਰਜਸ਼ੀਲਤਾ ਲੁਕਵੇਂ ਢੰਗ ਨਾਲ ਪ੍ਰਗਟ ਹੁੰਦੀ ਹੈ, ਮਿਸਾਲ ਵਜੋਂ ਕੁਝ ਪੰਕਤੀਆਂ ਦੇਖੀਆਂ ਜਾ ਸਕਦੀਆਂ ਹਨ:

ਅਸੰਖ ਮੂਰਖ ਅੰਧ ਘੋਰ ॥
ਅਸੰਖ ਚੋਰ ਹਰਾਮਖੋਰ ॥
ਅਸੰਖ ਅਮਰ ਕਰਿ ਜਾਹਿ ਜੋਰ ॥
ਅਸੰਖ ਗਲਵਢ ਹਤਿਆ ਕਮਾਹਿ ॥
ਅਸੰਖ ਪਾਪੀ ਪਾਪੁ ਕਰਿ ਜਾਹਿ ॥ (ਪੰਨਾ 4)

ਇੱਥੇ ਗੁਰੂ ਜੀ ਦੀ ਇਹ ਵਿਚਾਰਧਾਰਾ ਸਮਕਾਲੀ ਅਤੇ ਸਰਬਕਾਲੀ ਹੋ ਨਿਬੜਦੀ ਹੈ। ਅੱਜ ਦੀਆਂ ਕਦਰਾਂ-ਕੀਮਤਾਂ ਵੀ ਅਜਿਹੀ ਹੀ ਸਥਿਤੀ ਪੈਦਾ ਕਰਦੀਆਂ ਹਨ। ਅਸੀਂ ਆਧੁਨਿਕਤਾ ਦੀ ਹੋੜ ਵਿਚ ਐਸੇ ਮਸ਼ੀਨੀ ਕਲਚਰ ਵੱਲ ਜਾ ਰਹੇ ਹਾਂ, ਜੋ ਸਾਨੂੰ ਨਾਂਹ-ਮੁਖੀ ਭਵਿੱਖ ਵੱਲ ਤਾਂ ਧਕੇਲ ਹੀ ਰਿਹਾ ਹੈ, ਬਲਕਿ ਸਾਨੂੰ ਮਾਨਿਸਕ ਤੌਰ ’ਤੇ ਅਪਰਾਧੀ ਬਿਰਤੀ ਵਾਲੇ ਵੀ ਬਣਾ ਰਿਹਾ ਹੈ। ਇਸੇ ਕਰਕੇ ਹੀ ਗੁਰੂ ਸਾਹਿਬ ਨੇ ਹਉਮੈ ਦੀ ਤੰਗ ਵਲਗਣ ਵਿੱਚੋਂ ਨਿਕਲ ਕੇ ਹੁਕਮ ਦੇ ਵਿਸ਼ਵ-ਵਿਆਪੀ ਵਿਧਾਨ ਨਾਲ ਇਕ-ਸੁਰ ਹੋ ਕੇ ਜਿਉਣ ਦੀ ਪ੍ਰੇਰਨਾ ਦਿੱਤੀ ਹੈ। ਜਪੁਜੀ ਸਾਹਿਬ ਵਿਚ ਪੰਜਾਂ ਖੰਡਾਂ ਵਿਚ ਮਨੁੱਖੀ ਵਿਕਾਸ ਨੂੰ ਇਕ ਪ੍ਰਕ੍ਰਿਆ ਵਾਂਗ ਪੇਸ਼ ਕੀਤਾ ਹੈ ਜੋ ਸਾਨੂੰ ਸਦਾਚਾਰਕ ਕਦਰਾਂ-ਕੀਮਤਾਂ ਨਾਲ ਜੋੜਦਾ ਹੈ। ਗਿਆਨ ਖੰਡ ਵਿਕਾਸ ਦੀ ਯਾਤਰਾ ਦੇ ਉਸ ਪੜਾਉ ਦੀ ਪ੍ਰਾਪਤੀ ਹੈ ਜਿੱਥੇ ਮਨੁੱਖ ਦਾ ਗਿਆਨ, ਅਨੁਭਵ ਅਤੇ ਅਨੁਭਵ ਗਿਆਨ ਦੀ ਅਵਸਥਾ ਵਿੱਚੋਂ ਉਪਜਦਾ ਹੈ।

ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥
ਤਿਥੈ ਨਾਦ ਬਿਨੋਦ ਕੋਡ ਅਨੰਦੁ ॥ (ਪੰਨਾ 7)

ਅਤੇ ਫਿਰ ਮਨੁੱਖ ਸਰਮ ਖੰਡ, ਕਰਮ ਖੰਡ ਦੀਆਂ ਕਠੋਰ ਅਵਸਥਾਵਾਂ ਵਿੱਚੋਂ ਨਿਕਲ ਕੇ ਸੱਚ ਖੰਡ ਵਸੈ ਨਿਰੰਕਾਰ, ਤਕ ਪੰਜਾਂ ਖੰਡਾਂ ਦੇ ਮਧਿਅਮ ਰਾਹੀਂ ਮਨੁੱਖਾ ਜੀਵਨ ਦੇ ਸਦਾਚਾਰਕ, ਸਮਾਜਿਕ ਅਤੇ ਆਤਮਿਕ ਵਿਕਾਸ ਦੀ ਰੂਪ-ਰੇਖਾ ਨੂੰ ਰਮਜ਼ ਦੀ ਭਾਸ਼ਾ ਵਿਚ ਅੰਕਿਤ ਕੀਤਾ ਹੈ। ਜਿਸ ਨੂੰ ਅਸੀਂ ਮਨੁੱਖਾ ਜੀਵਨ ਦੀ ਸਰਬਕਾਲੀ ਅਤੇ ਸਰਬਪੱਖੀ ਵਿਚਾਰਧਾਰਾ ਪ੍ਰਵਾਨ ਕਰਦੇ ਹਾਂ, ਕਿਉਂਕਿ ਅਜਿਹੀ ਅਵਸਥਾ ਵਿੱਚੋਂ ਨਿਕਲ ਕੇ ਮਨੁੱਖ ਸੱਚੀ ਸਾਧਨਾਂ ਵਿਚ ਜੁਟ ਜਾਂਦਾ ਹੈ:

ਜਤੁ ਪਾਹਾਰਾ ਧੀਰਜੁ ਸੁਨਿਆਰੁ ॥
ਅਹਰਣਿ ਮਤਿ ਵੇਦੁ ਹਥੀਆਰੁ ॥
ਭਉ ਖਲਾ ਅਗਨਿ ਤਪ ਤਾਉ ॥
ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥
ਘੜੀਐ ਸਬਦੁ ਸਚੀ ਟਕਸਾਲ ॥ (ਪੰਨਾ 8)

ਉਪਰੋਕਤ ਪੰਕਤੀਆਂ ਸਾਨੂੰ ਕਠਿਨ ਘਾਲਣਾ ਅਤੇ ਅਨੁਭਵ ਵਿੱਚੋਂ ਨਿਕਲ ਸੱਚੀ ਮਿਹਨਤ ਨਾਲ ਜੁੜਨ ਦੀ ਪ੍ਰਰੇਨਾ ਦਿੰਦੀਆਂ ਹਨ, ਜੋ ਧੀਰਜ ਨਾਲ ਪ੍ਰਾਪਤ ਕੀਤੀ ਗਈ ਹੋਵੇ। ਪਰ ਅੱਜ ਦੀ ਵਰਤਮਾਨ ਸਥਿਤੀ ਵਿਚ ਅਸੀਂ ਆਪਣੀ ਅੰਤਰਆਤਮਾ ਦੀ ਆਵਾਜ਼ ਨੂੰ ਬਾਹਰੀ ਯਥਾਰਥਕ ਝੂਠ ਦੇ ਦਿਖਾਵਿਆਂ ਵਿਚ ਗੁਆ ਬੈਠੇ ਹਾਂ, ਜਿਸ ਨਾਲ ਸੱਚੀ ਸ਼ਬਦ ਸਾਧਨਾਂ ਵਿਚ ਲੀਨ ਨਹੀਂ ਹੋਇਆ ਜਾ ਸਕਦਾ, ਕਿਉਂਕਿ ਅੱਜ ਅਸੀਂ ਅਜਿਹੇ ਅਤਿ ਵਿਕਸਤ ਸਮਾਜ ਦੀ ਸਿੱਖਿਆ ਪ੍ਰਣਾਲੀ ਦੇ ਪਿਛ-ਲੱਗ ਬਣੇ ਬੈਠੇ ਹਾਂ, ਜਿਸ ਦੀਆਂ ਸਮਾਜਿਕ, ਸਭਿਆਚਾਰਕ, ਕਦਰਾਂ-ਕੀਮਤਾਂ ਸਾਡੇ ਤੋਂ ਵਿਲੱਖਣ ਹਨ। ਫਿਰ ਉਹ ਚਾਹੇ ਵਿੱਦਿਆ ਪ੍ਰਣਾਲੀ ਹੋਵੇ ਜਾਂ ਫਿਰ ਕੋਈ ਹੋਰ ਵਿਵਸਥਾ, ਸਾਡੇ ਅਨੁਕੂਲ ਹੋ ਹੀ ਨਹੀਂ ਸਕਦੀ। ਅੱਜ ਅਸੀਂ ਪੜ੍ਹ-ਲਿਖ ਕੇ ਡਿਗਰੀਆਂ ਹਾਸਿਲ ਕਰਨ ਅਤੇ ਫਿਰ ਰੋਜ਼ਗਾਰ ਹਾਸਲ ਕਰਨ ਤਕ ਨੂੰ ਆਪਣਾ ਗਿਆਨ ਅਤੇ ਵਿਕਾਸ ਸਮਝੀ ਬੈਠੇ ਹਾਂ, ਤੇ ਫਿਰ ਅਸੀਂ ‘ਘੜੀਐ ਸਬਦੁ ਸਚੀ ਟਕਸਾਲ’ ਦੀ ਉੱਕਤੀ ’ਤੇ ਕਿਵੇਂ ਖ਼ਰੇ ਉਤਰ ਸਕਦੇ ਹਾਂ? ਇੱਥੇ ਦੋਸ਼ ਸਾਡੀ ਸੋਚ ਦਾ ਹੈ, ਜਿਸ ਨੇ ਸਾਡੇ ਸਮਾਜ ਵਿੱਚੋਂ ਗੁਰੂ-ਸਿਸ਼ ਪਰੰਪਰਾ ਦਾ ਲੱਗਭਗ ਖਾਤਮਾ ਕਰਕੇ ਸੰਵੇਦਨਹੀਣਤਾ ਨੂੰ ਜਨਮ ਦਿੱਤਾ ਹੈ। ਅਸੀਂ ਹਰ ਪਾਸਿਉਂ ਐਸੀ ਵਿਵਸਥਾ ਦੇ ਧਾਰਨੀ ਹਾਂ, ਜਿਸ ਵਿਚ ਸਾਨੂੰ ਸਭ ਕੁਝ ਜਲਦੀ ਤੋਂ ਜਲਦੀ ਪ੍ਰਾਪਤ ਕਰਨ ਦੀ ਇੱਛਾ ਹੈ। ਅੱਜ ਅਸੀਂ ਜਨਮ ਤੋਂ ਹੀ ਬੱਚੇ ਦੀ ਪਰਵਰਿਸ਼ ਇਸ ਤਰ੍ਹਾਂ ਕਰਦੇ ਹਾਂ ਕਿ ਉਸ ਨੂੰ ਆਪਣੀ ਮਨਮਰਜ਼ੀ ਦੇ ਕਿੱਤੇ ਵਿਚ ਭੇਜ ਕੇ ਆਉਣ ਵਾਲਾ ਭਵਿੱਖ ਸੁਖਾਲਾ ਬਣਾ ਸਕੀਏ, ਜਿਸ ਦੇ ਨਾਲ ਅਸੀਂ ਆਪਣਾ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਕ ਨਾਂਹ-ਮੁਖੀ ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਸੰਕਟ ਵੱਲ ਲਿਜਾ ਰਹੇ ਹਾਂ। ਸਾਨੂੰ ਇਸ ਪਾਸੇ ਮੁੜ ਚਿੰਤਨਸ਼ੀਲ ਬਣਨ ਦੀ ਲੋੜ ਹੈ।

ਜਪੁਜੀ ਸਾਹਿਬ ਦੇ ਅਖੀਰ ਵਿਚ ਇਕ ਸਲੋਕ ਦਰਜ ਹੈ, ਜਪੁਜੀ ਸਾਹਿਬ ਦੇ ਪਹਿਲੇ ਸਲੋਕ (ਆਦਿ ਸਚੁ, ਜੁਗਾਦਿ ਸਚੁ) ਵਿਚ ਗੁਰੂ ਜੀ ਨੇ ਪਰਮਾਤਮਾ ਦੇ ਸਤਿ ਸਰੂਪ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਅਖੀਰਲੇ ਸਲੋਕ ਵਿਚ ਮਨੁੱਖ ਦੇ ਪ੍ਰਯੋਜਨ ਅਤੇ ਉਦੇਸ਼ ਨੂੰ ਸਪਸ਼ਟ ਕੀਤਾ ਗਿਆ ਹੈ :

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥ (ਪੰਨਾ 8)

ਇਸ ਕਥਨ ਅਨੁਸਾਰ ਪੌਣ (ਹਵਾ) ਵਿਅਕਤੀ ਦੇ ਗੁਰੂ ਦਾ ਦਰਜਾ ਰੱਖਦੀ ਹੈ, ਪਾਣੀ ਪਿਤਾ ਹੈ, ਜਿਸ ਤੋਂ ਸਾਰੀ ਜ਼ਿੰਦਗੀ ਪੈਦਾ ਹੁੰਦੀ ਹੈ ਅਤੇ ਪ੍ਰਿਥਵੀ ਸਭ ਦੀ ਮਹਾਨ ਮਾਤਾ ਹੈ। ਇੱਥੇ ਗੁਰੂ ਜੀ ਆਪਣੀ ਮੌਲਿਕ ਅਤੇ ਵਿਗਿਆਨਕ ਸੂਝ ਦਾ ਪ੍ਰਮਾਣ ਦਿੰਦੇ ਹੋਏ ਕੁਦਰਤ ਦੀ ਮਹਤੱਤਾ ਦੱਸਦੇ ਹਨ ਕਿ ਕੁਦਰਤੀ ਤੱਤਾਂ ਤੋਂ ਬਿਨਾਂ ਮਨੁੱਖ ਦੀ ਇਹ ਜ਼ਿੰਦਗੀ ਨਹੀਂ ਚੱਲ ਸਕਦੀ। ਪਰ ਅਜੋਕੇ ਯੁੱਗ ਵਿਚ ਅਸੀਂ ਵਾਤਾਵਰਨ ਨੂੰ ਪ੍ਰਦੂਸ਼ਤ ਕਰਨ ਵਿਚ ਕੋਈ ਕਸਰ ਬਾਕੀ ਨਹੀ ਛੱਡੀ। ਆਵਾਜਾਈ ਦੇ ਸਾਧਨ, ਕਾਰਖਾਨੇ, ਅੰਧਾ-ਧੁੰਧ ਹੋ ਰਹੀ ਰੁੱਖਾਂ ਦੀ ਕਟਾਈ, ਭਵਨ, ਨਿਰਮਾਣ ਦੀ Latest ਤੋਂ Latest ਤਕਨੀਕ ਨੇ ਕੁਦਰਤ ਦੇ ਕੁਦਰਤੀ ਨਿਯਮਾਂ ਵਿਚ ਅਜਿਹੀਆਂ ਰੁਕਾਵਟਾਂ ਉਤਪੰਨ ਕੀਤੀਆਂ ਹਨ, ਜਿਸ ਨਾਲ ਅਸੀਂ ਕੈਂਸਰ, ਹਾਰਟ ਅਟੈਕ, ਟੀ. ਬੀ., ਸ਼ੂਗਰ, ਮੋਟਾਪਾ, ਆਦਿ ਵਰਗੀਆਂ ਸਰੀਰਕ ਤੇ ਮਾਨਸਿਕ ਬੀਮਾਰੀਆਂ ਦੇ ਤਾਂ ਰੋਗੀ ਹਾਂ ਹੀ, ਸਗੋਂ ਸਮੁੱਚੀ ਧਰਤੀ ਵਾਸਤੇ ਵੀ ਕੁਦਰਤੀ ਖ਼ਤਰਾ ਪੈਦਾ ਹੋ ਗਿਆ ਹੈ। ਇਕ ਸਰਵੇਖਣ ਦੇ ਮੁਤਾਬਿਕ ਧਰਤੀ ਦੇ ਉੱਤਰੀ ਗਲੇਸ਼ੀਅਰ ਜਿਨ੍ਹਾਂ ਨਾਲ ਧਰਤੀ ਦਾ ਤਾਪਮਾਨ ਸਹੀ ਰਹਿੰਦਾ ਸੀ, ਧਰਤੀ ਦੇ ਵੱਲ ਵਧ ਰਹੇ ਹਨ ਅਰਥਾਤ ਤਾਪਮਾਨ ਕਾਰਨ ਪਿਘਲ ਰਹੇ ਹਨ। ਜਿਸ ਨਾਲ ਸਮੁੰਦਰ ਦਾ ਜਲ-ਸਤਰ ਵਧ ਰਿਹਾ ਹੈ ਜਿਸ ਕਾਰਨ ਸਮੁੱਚੇ ਵਿਸ਼ਵ ਦੀ ਹੋਂਦ ਉੱਪਰ ਪ੍ਰਸ਼ਨ-ਚਿਨ੍ਹ ਲੱਗਾ ਹੋਇਆ ਹੈ। ਜ਼ਰੂਰਤ ਹੈ ਅਸੀਂ ਆਪਣੀਆਂ ਆਦਤਾਂ ਨੂੰ ਗੁਰੂ ਜੀ ਦੀ ਸਿੱਖਿਆ ਦੇ ਅਨੂਰੂਪ ਢਾਲੀਏ। ਸੋ ਸਿੱਟੇ ਵਜੋਂ ਜਪੁਜੀ ਸਾਹਿਬ ਨੂੰ ਜ਼ਿੰਦਗੀ ਦੀਆਂ ਪਉੜੀਆਂ ਦੀ ਕਦਮ-ਬ-ਕਦਮ ਉਸਰੀ ਹੋਈ ਇਮਾਰਤ ਆਖ ਸਕਦੇ ਹਾਂ। ਇਹ ਪਉੜੀਆਂ ਜ਼ਿੰਦਗੀ ਨੂੰ ਇਕ ਖਾਸ ਸਦਾਚਾਰਕ ਮਾਰਗ ਵੱਲ ਲਿਜਾਂਦੀਆਂ ਹਨ।

ਅੱਜ ਦੇ ਵਿਸ਼ਵੀਕਰਨ ਦੇ ਦੌਰ ਵਿਚ ਮਨੁੱਖੀ ਜ਼ਿੰਦਗੀ ਮਾਇਆ ਦੇ ਵਸ ਹੋ ਚੁੱਕੀ ਹੈ। ਅੱਜ ਸਾਡੀ ਸਿੱਖ ਕੌਮ ਦੁਨੀਆਂ ਦੇ ਲੱਗਭਗ ਹਰ ਦੇਸ਼ ਵਿਚ ਵੱਸਦੀ ਹੈ, ਜਿਸ ਦਾ ਕਾਰਨ ਆਰਥਿਕ ਵਸੀਲਿਆਂ ਦੀ ਭਾਲ ਅਤੇ ਵਧੇਰਾ ਸੁਖਾਲਾ ਜੀਵਨ- ਜਿਉਣ ਦੀ ਉਮੀਦ ਹੈ। ਜਿੱਥੇ ਇਸ ਸਥਿਤੀ ਨੇ ਸਾਡੀ ਕੌਮ ਨੂੰ ਅੱਜ ਦੀ ਸਥਿਤੀ ਵਿਚ ਭਾਵੇਂ ਆਰਥਿਕ ਖੁਸ਼ਹਾਲੀ ਤਾਂ ਪ੍ਰਦਾਨ ਕੀਤੀ ਹੈ ਪਰ ਇਸ ਨਾਲ ਸਾਡੇ ਧਾਰਮਿਕ ਸਭਿਆਚਾਰ ਵਾਸਤੇ ਗੰਭੀਰ ਸੰਕਟ ਵੀ ਪੈਦਾ ਕੀਤੇ ਹਨ, ਜਿਸ ਵਾਸਤੇ ਸਾਨੂੰ ਵਿਸ਼ਵ ਪੱਧਰ ’ਤੇ ਸੰਗਠਿਤ ਹੋ ਕੇ ਚਿੰਤਨ ਕਰਨ ਦੀ ਲੋੜ ਹੈ। ਸੋ ਅੱਜ ਦੇ ਯੁੱਗ ਵਿਚ ਜ਼ਰੂਰਤ ਹੈ ਕਿ ਜਪੁਜੀ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਸੇਧ ਲੈ ਕੇ ਬਿਹਤਰ ਅਤੇ ਸਿਹਤਮੰਦ ਸਮਾਜ ਦੀ ਉਸਾਰੀ ਲਈ ਵਰਤਣ ਦਾ ਜਤਨ ਕਰੀਏ।

ਹਵਾਲੇ ਟਿੱਪਣੀਆਂ

1. ਡਾ. ਹਰਨਾਮ ਸਿੰਘ ਸ਼ਾਨ ਦੁਆਰਾ ਪਰਿਭਾਸ਼ਤ, ਗੁਰੂ ਨਾਨਕ ਦਾ ਸ਼ਾਹਕਾਰ ਜਪੁਜੀ, ਸਰਦੂਲ ਸਿੰਘ ਕਵੀਸ਼ਰ, ਸਫ਼ਾ 215
2. ਗੁਰਨਾਮ ਕੌਰ (ਗਿੱਲ), ਜਪੁਜੀ ਸਭਿਆਚਾਰ ਸੰਕਲਪ, ਸਫ਼ਾ 45
3. ਗੁਰਮਤਿ ਵਿਵੇਚਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਸਫ਼ਾ 24

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ
1 ਡਾ. ਹਰਨਾਮ ਸਿੰਘ ਸ਼ਾਨ ਦੁਆਰਾ ਪਰਿਭਾਸ਼ਤ, ਗੁਰੂ ਨਾਨਕ ਦਾ ਸ਼ਾਹਕਾਰ ਜਪੁਜੀ, ਸਰਦੂਲ ਸਿੰਘ ਕਵੀਸ਼ਰ, ਸਫ਼ਾ 215
2 ਗੁਰਨਾਮ ਕੌਰ (ਗਿੱਲ), ਜਪੁਜੀ ਸਭਿਆਚਾਰ ਸੰਕਲਪ, ਸਫ਼ਾ 45
3 [cmf_simple_footnote id=1]
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)