editor@sikharchives.org

ਜਿਨੀ ਸਚੁ ਪਛਾਣਿਆ : ਸੱਯਦ ਪੀਰ ਬੁੱਧੂ ਸ਼ਾਹ ਜੀ

ਪੀਰ ਬੁੱਧੂ ਸ਼ਾਹ ਰੱਬੀ ਰੰਗ ਵਿਚ ਰੰਗਿਆ ਮਸਤ ਦੀਵਾਨਾ ਫਕੀਰ ਸੀ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖ ਧਰਮ ਅਤੇ ਇਸ ਦੇ ‘ਨਿਰਮਲ ਪੰਥ’ ਉੱਤੇ ਸਾਬਤ ਕਦਮੀ, ਪੂਰੀ ਦ੍ਰਿੜ੍ਹਤਾ, ਅਹਿੱਲ ਅਤੇ ਅਡਿੱਗ ਵਿਸ਼ਵਾਸ ਨਾਲ ਚੱਲਣ ਵਾਲੇ ਮਹਾਨ ਸ਼ਹੀਦਾਂ, ਯੋਧਿਆਂ, ਸੰਤਾਂ, ਮਹਾਂਪੁਰਸ਼ਾਂ, ਮਰਜੀਵੜਿਆਂ ਨੇ ਸੰਸਾਰ ਧਰਮਾਂ ਅਤੇ ਸੰਸਾਰ ਇਤਿਹਾਸ ਵਿਚ ਨਵੇਂ ਅਤੇ ਨਿਵੇਕਲੇ ਸੁਨਹਿਰੀ ਪੰਨੇ ਜੋੜ ਦਿੱਤੇ ਹਨ। ਸੰਸਾਰ ਨੂੰ ਰੱਬੀ ਏਕਤਾ, ਮਨੁੱਖੀ ਬਰਾਬਰੀ, ਮਨੁੱਖੀ ਅਧਿਕਾਰਾਂ ਦੀ ਰਾਖੀ, ਸਾਂਝੀਵਾਲਤਾ, ਸਹਿਨਸ਼ੀਲਤਾ, ਨਿਜ-ਸੁਆਰਥ ਨੂੰ ਤਿਆਗ ਕੇ ਪਰਮਾਰਥ ਲਈ ਜਿਉਣ ਦੀ ਜੁਗਤ, ਜਾਤ-ਪਾਤ ਅਤੇ ਊਚ-ਨੀਚ ਦੇ ਭੇਦ-ਭਾਵ ਨੂੰ ਮੁੱਢੋਂ ਹੀ ਰੱਦ ਕਰਕੇ

“ਏਕੁ ਪਿਤਾ ਏਕਸ ਕੇ ਹਮ ਬਾਰਿਕ” (611)

“ਤੂੰ ਸਾਝਾ ਸਾਹਿਬੁ ਬਾਪੁ ਹਮਾਰਾ” (97)

ਦਾ ਮਹਾਨ ਅਦੁੱਤੀ, ਨਿਰਾਲਾ ਅਤੇ ਨਵੀਨਤਮ ਉਪਦੇਸ਼ ਦੇਣ ਵਾਲਾ ਹੈ ਸਿੱਖ ਧਰਮ। 17ਵੀਂ ਸਦੀ ਦੇ “ਬਚਨ ਕੇ ਬਲੀ” ਮਹਾਨ ਸੂਫੀ ਫਕੀਰ ਸੱਯਦ ਪੀਰ ਬੁੱਧੂ ਸ਼ਾਹ, ਜਿਨ੍ਹਾਂ ਨੇ ਸੱਚ ਨੂੰ ਪਛਾਣਿਆ ਅਤੇ ਉਸ ’ਤੇ ਸਾਬਤ ਕਦਮੀ ਪਹਿਰਾ ਦਿੱਤਾ ਅਤੇ ਸ਼ਹੀਦੀ ਵੀ ਪਾਈ, ਬਾਰੇ ਵਿਚਾਰ ਕਰ ਰਹੇ ਹਾਂ।

ਭੰਗਾਣੀ ਅਤੇ ਨਦੌਣ ਦੀਆਂ ਜੰਗਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿਚ ਇਕ ਪਾਸੇ ਖਾਲਸਾਈ ਫੌਜਾਂ ਅਤੇ ਦੂਜੇ ਪਾਸੇ ਪਹਾੜੀ ਹਿੰਦੂ ਰਾਜਿਆਂ ਅਤੇ ਮੁਗ਼ਲ ਫੌਜਾਂ ਦੀ ਸਾਂਝੀ ਕਮਾਨ ਦਰਮਿਆਨ ਹੋਏ ਯੁੱਧਾਂ ਸਮੇਂ ਦਸਮੇਸ਼ ਜੀ ਦੇ ਆਦੇਸ਼ ਅਨੁਸਾਰ ਆਪਣੇ ਜ਼ਖ਼ਮੀਆਂ ਵਾਂਗ ਹੀ ਦੁਸ਼ਮਣ ਦੀਆਂ ਫੌਜਾਂ ਦੇ ਸਿਪਾਹੀਆਂ ਦੀ ਮਲ੍ਹਮ ਪੱਟੀ ਕਰਨਾ ਅਤੇ ਸੇਵਾ-ਸੰਭਾਲ ਕਰਨੀ। ਇਸੇ ਤਰ੍ਹਾਂ 1704 ਈ: ਦੇ ਦਸਮੇਸ਼ ਜੀ ਦੀ ਅਗਵਾਈ ਵਿਚ ਖਾਲਸਾਈ ਫੌਜਾਂ ਤੇ ਮੁਗ਼ਲਾਂ ਅਤੇ ਬਾਈਧਾਰ ਦੇ ਹਿੰਦੂ ਰਾਜਿਆਂ ਦੀਆਂ ਸ਼ਾਹੀ ਫੌਜਾਂ ਦੀ ਸਾਂਝੀ ਕਮਾਨ ਵਿਚਕਾਰ ਹੋਏ ਯੁੱਧ ਵਿਚ ਦਸਮੇਸ਼ ਜੀ ਦੀ ਭਾਵਨਾ ਅਤੇ ਗੁਰਮਤਿ ਸਿਧਾਂਤ ਅਨੁਸਾਰ ਦੁਸ਼ਮਣ ਫੌਜਾਂ ਦੇ ਜ਼ਖ਼ਮੀਆਂ ਦੀ ਭਾਈ ਘਨ੍ਹਈਆ ਜੀ ਵੱਲੋਂ ਜਲ-ਪਾਣੀ ਦੀ ਸੇਵਾ ਅਤੇ ਮਲ੍ਹਮ ਪੱਟੀ ਕਰਨਾ, ਦੁਨੀਆਂ ਦੇ ਜੰਗਾਂ-ਯੁੱਧਾਂ ਦੇ ਇਤਿਹਾਸ ਵਿਚ ਬਿਲਕੁਲ ਨਿਰਾਲਾ ਅਤੇ ਅਸਚਰਜਤਾ ਵਾਲਾ ਵਰਤਾਰਾ ਸੀ, ਪਰੰਤੂ ਹੈ ਇਹ ਗੁਰਮਤਿ ਸਿਧਾਂਤ

“ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ” (671)

ਅਨੁਸਾਰ ਹੀ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਤਿ ਭਿਹਾਵਲੇ ਸਮੇਂ “ਉੱਚ ਕਾ ਪੀਰ” ਕਹਿ ਕੇ ਆਪਣੇ ਮੋਢਿਆਂ ਉੱਤੇ ਚੁੱਕ ਕੇ ਲਿਜਾਣ ਵਾਲੇ “ਗ਼ਨੀ ਖਾਂ ਅਤੇ ਨਬੀ ਖਾਂ” ਵੀ ਮੁਸਲਮਾਨ ਹੀ ਸਨ। ਦਸਮੇਸ਼ ਪਿਤਾ ਦੀ ਆਓ ਭਗਤ ਅਤੇ ਟਹਿਲ-ਸੇਵਾ ਕਰਨ ਵਾਲਾ ਰਾਏ ਕੱਲ੍ਹਾ ਵੀ ਮੁਸਲਮਾਨ ਅਹਿਲਕਾਰ ਸੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਲਿਆ ਕੇ ਗੁਰੂ ਸਾਹਿਬ ਤੀਕ ਪਹੁੰਚਾਉਣ ਵਾਲਾ ਨੂਰਾ ਮਾਹੀ ਵੀ ਮੁਸਲਮਾਨ ਸੀ। ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨੋਂ ਸੂਬੇਦਾਰ ਵਜ਼ੀਰ ਖਾਨ ਨੂੰ ਵਰਜਣ ਵਾਲਾ ਮਲੇਰਕੋਟਲੇ ਦਾ ਨਵਾਬ ਮੁਹੰਮਦ ਸ਼ੇਰ ਖਾਨ ਵੀ ਮੁਸਲਮਾਨ ਨਵਾਬ ਸੀ ਅਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਿਰੁੱਧ ਸਖ਼ਤ ਵਿਰੋਧ ਕਰਦਿਆਂ ਆਪਣੇ ਸੀਨੇ ਵਿਚ ਖੰਜਰ ਖੋਭ ਕੇ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲੀ ਬੇਗ਼ਮ ਜੈਨਬ-ਨਿਸਾਂ ਵੀ ਮੁਸਲਮਾਨ ਬੇਗਮ ਸੀ। ਇਸ ਤਰ੍ਹਾਂ ਅਜਿਹੇ ਮੁਸਲਮਾਨ ਮਰਦਾਂ ਅਤੇ ਇਸਤਰੀਆਂ ਦੀ ਲੰਮੀ ਲੜੀ ਹੈ, ਜਿਨ੍ਹਾਂ ਨੇ ‘ਸੱਚ’ ਪਛਾਣਿਆਂ ਅਤੇ ਆਪਣੀ ਜਾਨ-ਮਾਲ ਅਤੇ ਬਾਲ-ਬੱਚੇ ਦੀ ਪਰਵਾਹ ਨਾਂਹ ਕਰਦਿਆਂ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਗੁਰੂ ਜੀ ਦਾ ਸਾਥ ਦਿੰਦਿਆਂ ਮਹਾਨ ਕੁਰਬਾਨੀਆਂ ਕੀਤੀਆਂ।

ਸੱਯਦ ਪੀਰ ਬੁੱਧੂ ਸ਼ਾਹ ਅਜੋਕੇ ਸਮੇਂ ਹਰਿਆਣੇ ਦੇ ਜ਼ਿਲ੍ਹਾ ਅੰਬਾਲਾ ਦੇ ਕਸਬੇ ਸਢੌਰਾ, ਜਿਸ ਨੂੰ ਪਹਿਲਾਂ “ਸਾਧਵਾੜਾ” ਵੀ ਕਿਹਾ ਜਾਂਦਾ ਸੀ, ਦਾ ਵਸਨੀਕ ਸੀ। ਫਕੀਰ ਕਮਲੇਸ਼ ਸ਼ਾਹ ਅਤੇ ਭਗਤ ਸਧਨਾਂ ਜੀ ਵੀ ਇਸ ਨਗਰ ਸਢੌਰਾ ਵਿਖੇ ਹੀ ਬਿਰਾਜਦੇ ਰਹੇ ਹਨ। ਉਨ੍ਹਾਂ ਦਾ ਜਨਮ ਸਢੌਰੇ ਦੇ ਰੱਜੇ-ਪੁੱਜੇ ਪਰਵਾਰ ਵਿਚ ਮਸ਼ਹੂਰ ਮੌਲਾਣਾ ਸੱਯਦ ਗ਼ੁਲਾਮ ਸ਼ਾਹ ਦੇ ਘਰ 13 ਜੂਨ, 1647 ਈ: ਵਿਚ ਹੋਇਆ ਸੀ। ਸੱਯਦ ਗ਼ੁਲਾਮ ਸ਼ਾਹ ਦਾ ਸੰਬੰਧ ਵੰਸ਼ਜ਼ ਤੌਰ ’ਤੇ ਸਮੇਂ ਦੇ ਮਹਾਨ ਫ਼ਕੀਰ ਨਿਜਾਮਉਦੀਨ ਔਲੀਆ ਨਾਲ ਜਾ ਜੁੜਦਾ ਹੈ। ਔਲੀਆ ਜੀ ਦਾ ਦੇਹਾਂਤ 1625 ਈ: ਵਿਚ ਹੋਇਆ। ਮਹਾਨ ਫਕੀਰ ਨਿਜਾਮਉਦੀਨ ਔਲੀਆ ਬਾਰੇ ਮੌਖਿਕ ਇਤਿਹਾਸ ਅਨੁਸਾਰ ਕਿਹਾ ਜਾਂਦਾ ਹੈ ਕਿ ਜਦੋਂ ਉਹ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ ਤਾਂ ਉਨ੍ਹਾਂ ਨੇ ਉੱਥੋਂ ਦਾ ਰਮਣੀਕ ਮਾਹੌਲ, ਅੰਮ੍ਰਿਤ ਸਰੋਵਰ, ਸ੍ਰੀ ਦਰਬਾਰ ਸਾਹਿਬ ਦੀ ਸ਼ਾਨ, ਗੁਰਬਾਣੀ ਦਾ ਕਥਾ/ਕੀਰਤਨ ਸਹਿਜਤਾ ਅਤੇ ਸਾਂਝੀਵਾਲਤਾ ਵੇਖ ਸੁਣ ਕੇ ਗੁਰਬਾਣੀ ਦੇ ਸੱਚ ਅਤੇ ਰਹੱਸ ਨੂੰ ਸਮਝ ਕੇ ਆਖਿਆ ਸੀ ਕਿ ਜਿਸ ਦਿਨ ਦੁਨੀਆਂ ਦੇ ਬੰਦੇ ਸਿਆਣੇ ਹੋ ਜਾਣਗੇ ਤਾਂ ਦੁਨੀਆਂ ਦਾ ਇਕ ਧਰਮ, ਇਕ ਧਾਰਮਿਕ ਗ੍ਰੰਥ ਅਤੇ ਇਕ ਧਾਰਮਿਕ ਕੇਂਦਰੀ ਸਥਾਨ ਹੋਵੇਗਾ। ਉਹ ਧਰਮ, ਸਿੱਖ ਧਰਮ ਹੋਵੇਗਾ ਅਤੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਕੇਂਦਰੀ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਹੋਵੇਗਾ। ਪੀਰ ਬੁੱਧੂ ਸ਼ਾਹ ਰੱਬੀ ਰੰਗ ਵਿਚ ਰੰਗਿਆ ਮਸਤ ਦੀਵਾਨਾ ਫਕੀਰ ਸੀ। ਭਗਤੀ ਕਰਦਿਆਂ ਉਹ ਪਰਮਾਤਮਾ ਨਾਲ ਮਿਲਾਪ ਲਈ ਉਤਸੁਕ ਅਤੇ ਅਭਿਲਾਸ਼ੀ ਸੀ। ਭਾਵੇਂ ਅਕੀਦੇ ਕਰਕੇ ਉਹ ਮੁਸਲਮਾਨ ਫਕੀਰ ਸੀ ਪਰੰਤੂ ਇਸਲਾਮ ਵਿਚ ਆਈ ਅੰਨ੍ਹੀ ਕੱਟੜਤਾ, ਇਸਲਾਮੀ ਰਾਜ ਵੱਲੀਂ ਆਪਣੀ ਹੀ ਪਰਜਾ ਖਾਸ ਕਰਕੇ ਹਿੰਦੂਆਂ ਉੱਤੇ ਕੀਤੇ ਜਾ ਰਹੇ ਜਬਰ, ਜ਼ੁਲਮ, ਕਤਲੇਆਮ,ਜਬਰੀ ਧਰਮ ਤਬਦੀਲੀ ਦੇ ਹੱਕ ਵਿਚ ਨਹੀਂ ਸੀ। ਪੀਰ ਬੁੱਧੂ ਸ਼ਾਹ ਦੇ ਮੁਰੀਦਾਂ ਵਿਚ ਹਿੰਦੂ ਅਤੇ ਮੁਸਲਮਾਨ ਦੋਵੇਂ ਅਕੀਦਿਆਂ ਵਾਲੇ ਲੋਕ ਸਨ।

ਪੀਰ ਬੁੱਧੂ ਸ਼ਾਹ ਜੀ ਦਾ ਅਸਲ ਨਾਂ ਸੱਯਦ ਸ਼ਾਹ ਬਦਰੁੱਦੀਨ ਸੀ। ਸਢੌਰਾ ਉਸ ਵੇਲੇ ਮੁਸਲਮਾਨਾਂ ਦਾ ਗੜ੍ਹ ਸੀ। ਹੁਣ ਇਹ ਨਗਰ ਹਰਿਆਣਾ ਰਾਜ ਦੀ ਤਹਿਸੀਲ ਨਾਰਾਇਣਗੜ੍ਹ ਵਿਚ ਹੈ ਅਤੇ ਦਸਮੇਸ਼ ਜੀ ਦੀ ਵਸਾਈ ਨਗਰੀ ਪਾਉਂਟਾ ਸਾਹਿਬ ਤੋਂ ਨਜ਼ਦੀਕ ਹੈ। ਗ੍ਰਹਿਸਤੀ ਹੋਣ ਦੇ ਬਾਵਜੂਦ ਪੀਰ ਜੀ ਦੀ ਬਿਰਤੀ ਡੂੰਘੇ ਅਧਿਆਤਮਕ ਰੰਗ ਵਿਚ ਰੰਗੀ ਹੋਈ ਸੀ। ਆਪ ਸਹੀ ਅਰਥਾਂ ਵਿਚ ਧਾਰਮਿਕ ਭਾਵਨਾ ਵਾਲੇ ਅਤੇ ਖੁਦਾ ਦੇ ਰਾਹ ਦੇ ਮੁਤਲਾਸੀ ਸਨ। ਹਰ ਵੇਲੇ ਖੁਦਾ ਦੀ ਬੰਦਗੀ ਵਿਚ ਰਹਿਣ ਕਰਕੇ ਇਲਾਕੇ ਦੇ ਲੋਕਾਂ ਵਿਚ ਪੀਰ ਜੀ ਵਜੋਂ ਆਪ ਦੀ ਮਾਨਤਾ ਸਥਾਪਤ ਹੋ ਚੁੱਕੀ ਸੀ। ਹਮੇਸ਼ਾਂ ਹੀ ਰੱਬੀ ਰੰਗ ਵਿਚ ਮਸਤ ਦੀਵਾਨਿਆਂ ਵਾਂਗ ਵਿਚਰਦੇ ਰਹਿਣ ਕਰਕੇ ਲੋਕ ਉਨ੍ਹਾਂ ਨੂੰ ਬੁੱਧੂ ਵੀ ਕਹਿੰਦੇ ਸਨ। ਅਕਾਲ ਪੁਰਖ ਨਾਲ ਓਤ-ਪੋਤ ਲੋਕਾਂ ਬਾਰੇ ਹਮੇਸ਼ਾਂ ਹੀ ਸੰਸਾਰ ਨੂੰ ਇਸੇ ਤਰ੍ਹਾਂ ਦੇ ਭੁਲੇਖੇ ਹੀ ਪੈਂਦੇ ਰਹੇ ਹਨ। ਕਾਜੀਆਂ ਅਤੇ ਮੌਲਾਣਿਆਂ ਦੇ ਵਰਗ ਵਿੱਚੋਂ ਸੱਯਦਾਂ ਦਾ ਇਸਲਾਮ ਵਿਚ ਬਹੁਤ ਸਤਿਕਾਰ ਸੀ। ਮੁਸਲਮਾਨ ਬਾਦਸ਼ਾਹਾਂ ਦੇ ਹਾਥੀਆਂ ਦੇ ਮਹਾਵਤ ਸੱਯਦ ਇਸ ਕਰਕੇ ਹੀ ਹੁੰਦੇ ਸਨ ਕਿਉਂਕਿ ਉਹ ਪਾਕ-ਪਵਿੱਤਰ ਅਤੇ ਖੁਦਾ ਦੇ ਬੰਦੇ ਸਮਝੇ ਜਾਂਦੇ ਸਨ ਅਤੇ ਮੁਸਲਮਾਨ ਬਾਦਸ਼ਾਹ ਵੱਲ ਪਿੱਠ ਕਰਕੇ ਕੇਵਲ ਉਹ ਹੀ ਬੈਠ ਸਕਦੇ ਹਨ। ਪੀਰ ਜੀ ਉੱਤੇ ਭਗਤ ਕਬੀਰ ਜੀ ਦਾ ਇਹ ਪਾਵਨ ਸ਼ਬਦ ਪੂਰਾ ਢੁੱਕਦਾ ਹੈ:

ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ॥
ਸੰਤਹੁ ਬਨਜਿਆ ਨਾਮੁ ਗੋਬਿਦ ਕਾ ਐਸੀ ਖੇਪ ਹਮਾਰੀ॥ (ਪੰਨਾ 1123)

1685 ਈ: ਵਿਚ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕਰਕੇ ਆਪਣੀ ਸਹਾਇਤਾ ਲਈ ਬੁਲਾਇਆ। ਗੁਰੂ ਜੀ ਨੇ ਰਾਜੇ ਤੋਂ ਜ਼ਮੀਨ ਮੁੱਲ ਲੈ ਕੇ ਜਮਨਾ ਦੇ ਕਿਨਾਰੇ ਇਕ ਕਿਲ੍ਹਾ ਬਣਵਾਇਆ। ਇਸ ਦਾ ਨਾਂ ਪਾਂਵਟਾ (ਅਜੋਕਾ ਪਾਉਂਟਾ ਸਾਹਿਬ) ਰੱਖਿਆ ਗਿਆ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ:

ਪਾਂਵ ਟਿਕਯੋ ਸਤਿਗੁਰੂ ਕੋ ਅਨੰਦਪੁਰ ਤੇ ਆਇ।
ਨਾਮ ਧਰਯੋ ਇਸ ਪਾਂਵਟਾ ਸਭ ਦੇਸਨ ਪ੍ਰਗਟਾਇ।(ਗੁਰਪ੍ਰਤਾਪ ਸੂਰਜ ਗ੍ਰੰਥ)

ਇਸ ਅਸਥਾਨ ਉੱਤੇ ਗੁਰੂ ਜੀ ਕੋਲ ਦੂਰੋਂ-ਦੂਰੋਂ ਸੰਸਕ੍ਰਿਤ, ਉਰਦੂ, ਫ਼ਾਰਸੀ, ਬ੍ਰਜ ਭਾਸ਼ਾ ਅਤੇ ਪੰਜਾਬੀ ਦੇ ਵਿਦਵਾਨ ਸੱਜਣ ਅਤੇ ਪ੍ਰਸਿੱਧ ਕਵੀ ਆ ਕੇ ਰਹਿਣ ਲੱਗ ਪਏ। ਜਮਨਾ ਦੇ ਕਿਨਾਰੇ ਕਵੀ ਦਰਬਾਰ ਹੁੰਦੇ ਸਨ। ਮਾਨੋ ਇਸ ਧਰਤੀ ਨੂੰ ਭਾਗ ਲੱਗ ਗਏ। ਗੁਰ ਫ਼ਰਮਾਨ ਹੈ-

“ਸਾ ਧਰਤੀ ਭਈ ਭਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ॥
ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ॥ (310)

ਤਥਾ

“ਧੰਨੁ ਸੁ ਥਾਨੁ ਬਸੰਤ ਧੰਨੁ ਜਹ ਜਪੀਐ ਨਾਮੁ॥
ਕਥਾ ਕੀਰਤਨੁ ਹਰਿ ਅਤਿ ਘਨਾ ਸੁਖ ਸਹਜ ਬਿਸ੍ਰਾਮੁ॥” (816)

ਬਹੁਤ ਸਾਰਾ ਸਾਹਿਤ ਇਥੇ ਰਚਿਆ ਗਿਆ। ਸਤਿਗੁਰਾਂ ਦੀ ਕਥਾ-ਵਖਿਆਨ ਅਤੇ ਆਤਮ-ਪਰਮਾਤਮਾ ਬਾਰੇ ਰਹੱਸਮਈ ਬਾਤਾਂ ਸੁਣ ਕੇ ਸੰਗਤਾਂ ਅੰਦਰ ਅਨੰਦ-ਮੰਗਲ ਬਣਿਆ ਹੋਇਆ ਸੀ। ਗੁਰ-ਫ਼ਰਮਾਨ ਹੈ:

ਸੰਤਨ ਕੈ ਸੁਨੀਅਤ ਪ੍ਰਭ ਕੀ ਬਾਤ॥
ਕਥਾ ਕੀਰਤਨੁ ਆਨੰਦ ਮੰਗਲ ਧੁਨਿ ਪੂਰਿ ਰਹੀ ਦਿਨਸੁ ਅਰੁ ਰਾਤਿ॥ (ਪੰਨਾ 820)

ਪੀਰ ਬੁੱਧੂ ਸ਼ਾਹ ਜੀ ਅੰਦਰ ਖੁਦਾ ਨੂੰ ਮਿਲਣ ਦੀ ਸੱਚੀ ਅਤੇ ਤੀਬਰ ਤਾਂਘ ਲੱਗੀ ਹੋਈ ਸੀ ਕਿਉਂਕਿ ਪੀਰ ਬੁੱਧੂ ਸ਼ਾਹ ਆਪਣੀ ਪਾਕੀਜ਼ਗੀ ਅਤੇ ਭਗਤੀ ਦੇ ਬਾਵਜੂਦ ਅਜੇ ਅੱਲ੍ਹਾ ਪਾਕ ਨਾਲ ਮੁਕੰਮਲ ਮੇਲ-ਮਿਲਾਪ ਤੇ ਇਕਮਿਕ ਹੋਣ ਦੇ ਇੱਛਾਵਾਨ ਸੀ। ਇਸ ਇੱਛਾ ਦੀ ਪੂਰਤੀ ਲਈ ਮਹਾਂਪੁਰਖਾਂ ਦੀ ਸੰਗਤ ਦੀ ਚਾਹਨਾ ਵੀ ਉਨ੍ਹਾਂ ਨੂੰ ਰਹਿੰਦੀ ਸੀ ਅਤੇ ਮਨ ਵਿਚ ਬੈਰਾਗ ਉਤਪੰਨ ਹੁੰਦਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਟਨਾ ਸਾਹਿਬ ਵਿਖੇ ਪ੍ਰਕਾਸ਼ ਸਮੇਂ ਉਨ੍ਹਾਂ ਅੰਦਰ ਅਕਾਲ ਜੋਤਿ ਦੀ ਪਛਾਣ ਕਰਨ ਅਤੇ ਇਸਲਾਮੀ ਅਕੀਦੇ ਦੇ ਉਲਟ ਉਸ ਅਕਾਲ ਜੋਤਿ ਨੂੰ ਨਤਮਸਤਕ ਹੋਣ ਹਿਤ ਪੂਰਬ ਵੱਲ ਨੂੰ ਸਿਜਦਾ ਕਰਨ ਵਾਲੇ ਕਸਬਾ ਕੁਹਰਾਮ (ਘੁੜਾਮ) ਹੁਣ ਜ਼ਿਲ੍ਹਾ ਪਟਿਆਲਾ ਦੇ ਰਹਿਣ ਵਾਲੇ ਸੱਯਦ ਪੀਰ ਭੀਖਨ ਸ਼ਾਹ ਨਾਲ ਵੀ ਉਨ੍ਹਾਂ ਦਾ ਸੰਪਰਕ ਰਿਹਾ ਸੀ। ਇਸ ਲਈ ਉਨ੍ਹਾਂ ਤੋਂ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਬਾਰੇ ਉਨ੍ਹਾਂ ਨੂੰ ਜਾਣਕਾਰੀ ਪ੍ਰਾਪਤ ਸੀ। ਗੁਰੂ ਜੀ ਜਦੋਂ ਕੁਝ ਮੀਲਾਂ ਦੀ ਵਿੱਥ ’ਤੇ ਪਾਂਵਟਾ ਵਿਖੇ ਰਹਿ ਰਹੇ ਸਨ ਤਾਂ ਪੀਰ ਬੁੱਧੂ ਸ਼ਾਹ ਜੀ ਨੇ ਲੋਕਾਂ ਪਾਸੋਂ ਵੀ ਉਨ੍ਹਾਂ ਦੀ ਮਹਿਮਾ ਸੁਣੀ ਸੀ। ਪੀਰ ਜੀ ਦੇ ਮਨ ਵਿਚ ਗੁਰੂ ਜੀ ਦਾ ਦਰਸ਼ਨ ਕਰਨ ਦੀ ਰੀਝ ਪੈਦਾ ਹੋ ਗਈ ਅਤੇ ਉਹ ਆਪਣੇ ਮੁਰੀਦਾਂ ਨੂੰ ਨਾਲ ਲੈ ਕੇ ਗੁਰੂ ਜੀ ਦੇ ਦਰਬਾਰ ਵਿਚ ਪਹੁੰਚੇ। ਗੁਰੂ ਜੀ ਨੇ ਉਨ੍ਹਾਂ ਦਾ ਥਾਂ, ਪਤਾ ਅਤੇ ਆਉਣ ਦਾ ਕਾਰਨ ਸੁਣਿਆ ਤਾਂ ਉਨ੍ਹਾਂ ਨੇ ਕਿਹਾ:

ਸੁਨਿ ਕਰਿ ਜੋਰਤ ਬਾਕ ਬਖਾਨੋ।
ਸੱਯਦ ਜਾਇ ਦੇਹ ਕੀ ਜਾਨੋ।
ਸ਼ਹਿਰ ਸਢੌਰੇ ਮਹਿ ਘਰ ਅਹੈਂ।
ਬੁਧੂ ਸ਼ਾਹ ਨਾਮ ਜਗ ਕਹੈ।
ਮਹਿਮਾ ਸੁਨੀ ਘਨੀ ਬਹੁ ਦਿਨ ਤੇ।
ਚਹਤਿ ਮਿਲਨਿ ਕੋ ਪ੍ਰੀਤੀ ਮਨ ਤੇ। (ਗੁਰਪ੍ਰਤਾਪ ਸੂਰਜ ਗ੍ਰੰਥ)

ਸਤਿਗੁਰਾਂ ਨੂੰ ਮਿਲਣ ਉਪਰੰਤ ਆਤਮਾ-ਪਰਮਾਤਮਾ ਸੰਬੰਧੀ ਵਾਰਤਾਲਾਪ ਦੌਰਾਨ ਪੀਰ ਜੀ ਨੇ ਗੁਰੂ ਜੀ ਦੀ ਅਧਿਆਤਮਕ ਸ਼ਕਤੀ ਨੂੰ ਸਮਝ ਲਿਆ ਸੀ।

ਸਤਿਗੁਰਿ ਮਿਲਿਐ ਭੁਖ ਗਈ ਭੇਖੀ ਭੁਖ ਨ ਜਾਇ॥ (ਪੰਨਾ 586)

ਪੀਰ ਜੀ ਨੇ ਆਪਣੀ ਪ੍ਰਭੂ ਮਿਲਾਪ ਲਈ ਅਸਲੀ ਇੱਛਾ ਗੁਰੂ ਜੀ ਅੱਗੇ ਜ਼ਾਹਰ ਕੀਤੀ ਕਿ ਉਨ੍ਹਾਂ (ਪੀਰ ਜੀ) ਦੀ ਤ੍ਰਿਸ਼ਨਾ ਕਿਵੇਂ ਬੁਝੇ ਤੇ ਮਨ ਕਾਬੂ ਵਿਚ ਕਿਵੇਂ ਆਵੇ ਤਾਂ ਜੋ ਉਸ ਨੂੰ ਖ਼ੁਦਾ ਦਾ ਦਰ ਅਤੇ ਦੀਦਾਰ ਪ੍ਰਾਪਤ ਹੋ ਸਕੇ। ਗੁਰੂ ਜੀ ਨੇ ਸਮਝਾਇਆ ਕਿ ਕਿਧਰੇ ਭਟਕਣ ਦੀ ਲੋੜ ਨਹੀਂ, ਟਿੱਕ ਜਾਓ। ਸਤਿਗੁਰਾਂ ਨੇ ਫਰਮਾਇਆ ਕਿ ਖ਼ੁਦਾ ਨਾਲ ਮੇਲ ਹੋਣ ਦੇ ਰਸਤੇ ਵਿਚ ਮਨੁੱਖੀ ਤੰਗਦਿਲੀ ਅਤੇ ਅਗਿਆਨਤਾ ਵੱਡੀਆਂ ਰੁਕਾਵਟਾਂ ਹਨ। ਇਨ੍ਹਾਂ ਨੂੰ ਦੂਰ ਕਰੋ, ਮਨ ਟਿਕਾਓ ਵਿਚ ਆ ਜਾਵੇਗਾ ਅਤੇ ਖ਼ੁਦਾ ਦੇ ਦਰ ਅਤੇ ਦੀਦਾਰ ਦਾ ਰਸਤਾ ਸਾਫ ਹੋ ਜਾਵੇਗਾ, ਮਨ ਟਿਕਾਉਣ ਲਈ ਖ਼ੁਦਾ ਦੀ ਰਜ਼ਾ

“ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ”

ਵਿਚ ਰਹਿਣਾ ਪੈਂਦਾ ਹੈ। ਗੁਰੂ ਜੀ ਨੇ ਸਮਝਾਇਆ ਕਿ ਇਸ ਸਾਰੇ ਰਹੱਸ ਦਾ ਭੇਦ “ਕਾਮਲ ਮੁਰਸ਼ਦ” ਹੀ ਦੱਸ ਸਕਦਾ ਹੈ, ਬਸ ਫਿਰ ਕੀ ਸੀ ਪੀਰ ਜੀ ਨੂੰ ਹੁਣ ਭਾਈ ਗੁਰਦਾਸ ਜੀ ਦੇ ਕਹੇ ਅਨੁਸਾਰ,

“ਸਤਿਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧ ਨਿਵਾਰੇ”

ਸਤਿਗੁਰਾਂ ਦੇ ਰੂਪ ਵਿਚ “ਕਾਮਲ ਮੁਰਸ਼ਦ” ਮਿਲ ਗਿਆ ਸੀ। ਪੀਰ ਜੀ ਹਰ ਰੋਜ਼ ਕਥਾ ਅਤੇ ਕੀਰਤਨ ਸੁਣ ਕੇ, ਸਤਿਸੰਗਤ ਵਿਚ ਮਨ ਇਕਾਗਰ ਕਰਕੇ ਬੈਠਦੇ। ਫਿਰ ਕੀ ਸੀ। ਪੀਰ ਜੀ ਦੀ ਇੱਛਾ ਦੀ ਪੂਰਤੀ ਹੋ ਗਈ। ਗੁਰਬਾਣੀ ਦਾ ਫ਼ਰਮਾਨ ਹੈ:

ਮਨਸਾ ਧਾਰਿ ਜੋ ਘਰ ਤੇ ਆਵੈ॥
ਸਾਧਸੰਗਿ ਜਨਮੁ ਮਰਣੁ ਮਿਟਾਵੈ॥
ਆਸ ਮਨੋਰਥੁ ਪੂਰਨੁ ਹੋਵੈ ਭੇਟਤ ਗੁਰ ਦਰਸਾਇਆ ਜੀਉ॥ (ਪੰਨਾ 103)

ਕਈ ਦਿਨ ਗੁਰੂ ਜੀ ਦੇ ਦਰਬਾਰ ਵਿਚ ਰਹਿ ਕੇ ਮਨ ਬਾਂਛਤ ਵਸਤ ਪ੍ਰਾਪਤ ਕਰਕੇ ਪੀਰ ਜੀ ਆਪਣੇ ਨਗਰ ਸਢੌਰਾ ਵਿਖੇ ਪਰਤ ਆਏ। ਗੁਰੂ-ਘਰ ਨਾਲ ਉਨ੍ਹਾਂ ਦਾ ਪੱਕਾ ਆਤਮਿਕ ਰਿਸ਼ਤਾ ਬਣ ਚੁੱਕਾ ਸੀ। ਇਕ ਦਿਨ ਉਨ੍ਹਾਂ ਕੋਲ ਔਰੰਗਜ਼ੇਬ ਦੀ ਸੈਨਾ ਦੇ 500 ਪਠਾਣ ਸਿਪਾਹੀ ਆਏ ਅਤੇ ਬੇਨਤੀ ਕਰਨ ਲੱਗੇ ਕਿ ਸਾਨੂੰ ਕਿਸੇ ਅਜਿਹੇ ਵਿਅਕਤੀ ਕੋਲ ਨੌਕਰੀ ਦਿਵਾ ਦਿਓ, ਜੋ ਔਰੰਗਜ਼ੇਬ ਤੋਂ ਡਰਦਾ ਨਾ ਹੋਵੇ। ਪੀਰ ਜੀ ਨੇ ਆਪਣੇ ਮਨ ਵਿਚ ਵਿਚਾਰ ਕਰਕੇ ਇਹ ਨਿਰਣਾ ਲਿਆ ਕਿ ਉਨ੍ਹਾਂ ਨੂੰ ਸਿਰਫ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਰੱਖ ਸਕਦੇ ਹਨ ਕਿਉਂਕਿ ਗੁਰੂ ਜੀ ਨਿਰਭੈ ਅਤੇ ਨਿਰਵੈਰ ਸਨ। ਉਹ ਕਿਸੇ ਵੀ ਸ਼ਕਤੀਸ਼ਾਲੀ ਮਨੁੱਖ ਤੋਂ ਨਹੀਂ ਸਗੋਂ ਰੱਬ ਤੋਂ ਹੀ ਡਰਦੇ ਸਨ। ਇਸ ਘਟਨਾ ਬਾਰੇ ਪ੍ਰਸਿੱਧ ਪੰਥਕ ਲਿਖਾਰੀ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਪੰਨਾ 4699 ਉੱਤੇ ਇਉਂ ਲਿਖਦੇ ਹਨ:-

ਸ੍ਰੀ ਨਾਨਕ ਗਾਦੀ ਪਰ ਅਹੈ।
ਸੋ ਨਹਿ ਤ੍ਰਾਸ ਕਿਸੂ ਤੇ ਲਹੈ।
ਰਾਖਿ ਸਕਹਿ ਤੁਮ ਕੋ ਗੁਰ ਸੋਈ।
ਅਪਰ ਬਿਖੈ ਨਿਸ਼ਚੈ ਨਹਿˆ ਕੋਈ।

ਇਸ ਲਈ ਉਹ ਉਨ੍ਹਾਂ ਨੂੰ ਨਾਲ ਲੈ ਕੇ ਗੁਰੂ ਜੀ ਦੀ ਸੇਵਾ ਵਿਚ ਹਾਜ਼ਰ ਹੋਏ ਅਤੇ ਉਨ੍ਹਾਂ ਪਠਾਣ ਸਿਪਾਹੀਆਂ ਨੂੰ ਰੱਖਣ ਲਈ ਬੇਨਤੀ ਕੀਤੀ ਅਤੇ ਪਠਾਣਾਂ ਦੇ ਗੁਰੂ-ਘਰ ਨਾਲ ਵਫ਼ਾਦਰ ਰਹਿਣ ਦੀ ਜਾਮਨੀ ਵੀ ਭਰੀ। ਗੁਰੂ ਜੀ ਵੀ ਪੀਰ ਜੀ ਦੀ ਬੇਨਤੀ ਨੂੰ ਮੋੜ ਨਹੀਂ ਸਕਦੇ ਸਨ। ਇਸ ਲਈ ਉਨ੍ਹਾਂ ਨੇ ਪਠਾਣਾਂ ਨੂੰ ਨੌਕਰ ਰੱਖ ਲਿਆ। ਉਨ੍ਹਾਂ ਪਠਾਣਾਂ ਦੇ ਚਾਰ ਸਰਦਾਰ ਸਨ: ਕਾਲੇ ਖਾਂ, ਭੀਖਮ ਖਾਂ, ਨਿਜਾਬਤ ਖਾਂ ਅਤੇ ਉਮਰ ਖਾਂ। ਇਨ੍ਹਾਂ ਚਾਰਾਂ ਨੂੰ ਪੰਜ ਰੁਪਏ ਰੋਜ਼ ਅਤੇ ਇਨ੍ਹਾਂ ਦੇ ਅਧੀਨ ਸਿਪਾਹੀਆਂ ਨੂੰ ਇਕ ਰੁਪਿਆ ਰੋਜ਼ ਮਿਲਦਾ ਸੀ।

ਪਾਉਂਟਾ ਨਗਰ ਵਿਖੇ ਗੁਰੂ ਜੀ ਦੀ ਸ਼ਾਨ ਦਿਨੋਂ-ਦਿਨ ਵਧਣ ਲੱਗੀ। ਜਿਥੇ ਇਕ ਪਾਸੇ ਕਵੀ ਅਤੇ ਵਿਦਵਾਨ ਸਾਹਿਤਕ ਚਰਚਾ ਅਤੇ ਸਾਹਿਤ ਰਚਨਾ ਵਿਚ ਲੱਗੇ ਹੋਏ ਸਨ, ਉਥੇ ਨਾਲੋ-ਨਾਲ ਯੋਧੇ ਸ਼ਰਧਾਲੂ ਸਿੱਖ ਜੰਗੀ ਕਰਤੱਵਾਂ ਦੇ ਅਭਿਆਸ ਕਰਦੇ ਸਨ। ਦੂਰੋਂ-ਦੂਰੋਂ ਸੰਗਤਾਂ ਆ ਕੇ ਗੁਰੂ ਜੀ ਕੋਲ ਸ਼ਸਤਰ-ਬਸਤਰ ਅਤੇ ਧਨ ਪਦਾਰਥ ਭੇਟਾ ਚੜ੍ਹਾਉਂਦੇ ਸਨ। ਰਾਜਾ ਫਤਹਿ ਸ਼ਾਹ ਸ੍ਰੀ ਨਗਰ ਵਾਲੇ ਦੀ ਪੁੱਤਰੀ ਅਤੇ ਕਹਿਲੂਰੀਏ ਰਾਜੇ ਭੀਮ ਚੰਦ ਦੇ ਪੁੱਤਰ ਅਜਮੇਰ ਚੰਦ ਦੇ ਵਿਆਹ ਸਮੇਂ ਗੁਰੂ ਜੀ ਵੱਲੋਂ ਭੇਜੇ ਗਏ ਰਾਜਿਆਂ ਨਾਲੋਂ ਵੀ ਵਧੀਆ ਤੰਬੋਲ ਨੂੰ ਵੇਖ ਕੇ ਸਾਰੇ ਪਹਾੜੀ ਰਾਜੇ ਸੜ-ਬਲ ਗਏ। ਉਨ੍ਹਾਂ ਤੋਂ ਇਹ ਬਰਦਾਸ਼ਤ ਨਾ ਹੋਇਆ ਕਿਉਂਕਿ ਇਹ ਪਹਾੜੀ ਰਾਜੇ ਤਾਂ ਆਪਣੇ-ਆਪ ਨੂੰ ਸਰਬਉੱਚ ਸਮਝਦੇ ਸਨ। ਹੋਰ ਕਿਸੇ ਦੀ ਬਰਾਬਰੀ ਉਨ੍ਹਾਂ ਲਈ ਬਰਦਾਸ਼ਤ ਤੋਂ ਬਾਹਰ ਸੀ। ਇਹ ਪਹਾੜੀ ਰਾਜੇ ਆਪਸੀ ਰੰਜਸ਼ ਅਤੇ ਈਰਖਾ ਦੇ ਵੀ ਬੁਰੀ ਤਰ੍ਹਾਂ ਸ਼ਿਕਾਰ ਸਨ। ਇਸੇ ਕਰਕੇ ਮੁਗ਼ਲਾਂ ਤੋਂ ਵਾਰ-ਵਾਰ ਮਾਰ ਖਾਂਦੇ ਸਨ ਅਤੇ ਮੁਗ਼ਲਾਂ ਨੂੰ ਖਿਰਾਜ ਦਿੰਦੇ ਸਨ। ਇਹ ਭਾਰਤੀ ਰਾਜਨੀਤੀ ਦੀ ਰਵਾਇਤ ਹੀ ਰਹੀ ਹੈ। ਆਪਸ ਵਿਚ ਭਰਾਵਾਂ ਨਾਲ ਈਰਖਾ-ਵਸ ਭਰਾ ਮਾਰੂ ਜੰਗ ਵਿਚ ਰੁੱਝੇ ਰਹਿਣਾ ਅਤੇ ਬਾਹਰਲਿਆਂ ਦੀ ਗ਼ੁਲਾਮੀ ਕਬੂਲਣੀ ਅਤੇ ਸਹਿਣ ਕਰਨੀ ਇਥੋਂ ਤੀਕ ਕਿ ਉਨ੍ਹਾਂ ਦਾ ਧਰਮ, ਰਸਮੋ-ਰਿਵਾਜ ਵੀ ਕਬੂਲ ਲਏ ਜਾਂਦੇ ਰਹੇ। ਪਰੰਤੂ ਭਰਾ ਨੂੰ ਸ਼ਰੀਕ ਸਮਝ ਕੇ ਉਸ ਦਾ ਵਿਰੋਧ ਕਰਦੇ ਰਹਿਣਾ। ਅਜਿਹਾ ਹੀ ਵਰਤਾਰਾ ਇਨ੍ਹਾਂ ਪਹਾੜੀ ਰਾਜਿਆਂ ਦਾ ਰਿਹਾ ਹੈ। ਦੇਸ਼ ਦੇ ਬਾਕੀ ਰਾਜਿਆਂ ਦਾ ਹਾਲ ਵੀ ਇਸ ਰੁਚੀ ਤੋਂ ਭਿੰਨ ਨਹੀਂ ਸੀ ਅਤੇ ਦੇਸ਼ ਦੀ ਲੰਮੇ ਸਮੇਂ ਦੀ ਮੁਗ਼ਲ ਅਤੇ ਅੰਗਰੇਜ਼ ਦੀ ਗ਼ੁਲਾਮੀ ਦਾ ਰਾਜ ਵੀ ਇਹੋ ਹੀ ਰਿਹਾ ਹੈ, ਇਨ੍ਹਾਂ ਹਉਮੈ-ਗ੍ਰਸਤ ਰਾਜਿਆਂ ਨੇ ਗੁਰੂ ਜੀ ਵੱਲੋਂ ਘੱਲਿਆ ਤੰਬੋਲ ਲੁੱਟ ਲੈਣ ਦੀ ਯੋਜਨਾ ਬਣਾਈ ਅਤੇ ਤੰਬੋਲ ਲੈ ਕੇ ਜਾਣ ਵਾਲਿਆਂ ਦੀ ਵੀ ਬੇਇਜ਼ਤੀ ਕੀਤੀ। ਰਾਜਾ ਫਤਹਿ ਸ਼ਾਹ ਜੋ ਗੁਰੂ-ਘਰ ਦਾ ਸ਼ਰਧਾਲੂ ਸੀ, ਇਸੇ ਕਰਕੇ ਹੀ ਗੁਰੂ ਜੀ ਨੇ ਉਸ ਦੀ ਪੁੱਤਰੀ ਦੇ ਵਿਆਹ ਸਮੇਂ ਤੰਬੋਲ ਭੇਜਿਆ ਸੀ, ਨੇ ਰਾਜਾ ਭੀਮ ਚੰਦ, ਜੋ ਗੁਰੂ ਜੀ ਵਿਰੁੱਧ ਬਾਕੀ ਰਾਜਿਆਂ ਨੂੰ ਭੜਕਾ ਰਿਹਾ ਸੀ, ਨੂੰ ਬਥੇਰਾ ਸਮਝਾਇਆ ਪਰੰਤੂ ਪੁੱਤਰੀ ਦਾ ਬਾਪ ਹੋਣ ਕਰਕੇ ਉਹ ਰਾਜਾ ਭੀਮ ਚੰਦ ਅੱਗੇ ਝੁੱਕ ਗਿਆ ਅਤੇ ਗੁਰੂ ਜੀ ਵਿਰੁੱਧ ਖੜ੍ਹੀ ਕੀਤੀ ਜਾ ਰਹੀ ਮੁਹਿੰਮ ਵਿਚ ਸ਼ਾਮਲ ਹੋ ਗਿਆ। ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰਿਤੁ 2 ਅੰਸੂ 20 ਪੰਨਾ 4772 ਉੱਤੇ ਇਸ ਬਾਰੇ ਇਉਂ ਸਪੱਸ਼ਟ ਕਰਦੇ ਹਨ:

ਸਮਧੀ ਕੇ ਹਰਖਾਵਿਨ ਕਾਰਨ।
ਉਚੇ ਕੀਨਸਿ ਹੁਕਮ ਉਚਾਰਨਿ।
ਦੁਹਰਿ ਚੋਬ ਧੌਂਸਾ ਧੁੰਕਾਰਹੁ।
ਕਹਯੋ ਸਭਿਨਿ ਸੋਂ ਸਸਤ੍ਰ ਸੰਭਾਰਹੁ।

ਇਸ ਤਰ੍ਹਾਂ ਇਨ੍ਹਾਂ ਈਰਖਾਲੂ ਪਹਾੜੀਆਂ ਅਤੇ ਗੁਰੂ-ਘਰ ਵਿਚਕਾਰ ਤਣਾਅ ਪੈਦਾ ਹੋ ਗਿਆ। ਰਾਜਮੱਦ ਵਿਚ ਮਦਹੋਸ਼ ਇਹ ਰਾਜੇ ਗੁਰੂ ਜੀ ਨੂੰ ਆਪਣਾ ਸ਼ਰੀਕ ਸਮਝਣ ਲੱਗ ਪਏ ਅਤੇ ਪਹਾੜੀ ਰਾਜੇ ਗੁਰੂ-ਘਰ ਦੇ ਇਸ ਸ਼ਾਹੀ ਠਾਠ ਨੂੰ ਬਰਦਾਸ਼ਤ ਨਾ ਕਰ ਸਕੇ। ਗੁਰ ਅਸਥਾਨ ਉੱਤੇ ਜਦੋਂ ਦੋਵੇਂ ਸਮੇਂ ਨਗਾਰੇ ਵੱਜਦੇ ਉਨ੍ਹਾਂ ਦੇ ਸੀਨੇ ਵਿਚ ਚੁਭਦੇ ਸਨ। ਰਾਜਾ ਭੀਮ ਚੰਦ ਕਹਿਲੂਰੀਏ ਨੇ ਆਪਣੇ ਕੁੜਮ ਰਾਜਾ ਫਤਹਿ ਸ਼ਾਹ ਗੜ੍ਹਵਾਲੀਆ, ਰਾਜਾ ਹਰੀ ਚੰਦ ਹੰਡੂਰੀਆ ਆਦਿ ਰਾਜਿਆਂ ਨੂੰ ਨਾਲ ਲੈ ਕੇ ਗੁਰੂ ਜੀ ਦੇ ਖਿਲਾਫ਼ ਜੰਗ ਦੀ ਵਿਉਂਤ ਬਣਾ ਲਈ। ਗੁਰੂ ਜੀ ਵੀ ਅੱਗੋਂ ਟਾਕਰੇ ਲਈ ਜੰਗ ਦੀਆਂ ਤਿਆਰੀਆਂ ਕਰਨ ਲੱਗੇ। ਇਸ ਵੇਲੇ ਜੋ ਪਠਾਣ ਪੀਰ ਬੁੱਧੂ ਸ਼ਾਹ ਨੇ ਗੁਰੂ ਜੀ ਕੋਲ ਨੌਕਰ ਰਖਵਾਏ ਸਨ, ਉਹ ਆਨੇ-ਬਹਾਨੇ ਕਰਕੇ ਜਾਣ ਦੀ ਆਗਿਆ ਮੰਗਣ ਲੱਗੇ। ਇਨ੍ਹਾਂ ਸਰਦਾਰਾਂ ਵਿੱਚੋਂ ਕਾਲੇ ਖਾਂ ਹੀ ਆਪਣੇ 100 ਸਿਪਾਹੀਆਂ ਸਮੇਤ ਗੁਰੂ ਜੀ ਦਾ ਵਫ਼ਾਦਾਰ ਰਿਹਾ। ਬਾਕੀ ਦੇ ਤਿੰਨ ਆਪਣੇ ਸਾਥੀ ਸਿਪਾਹੀਆਂ ਸਮੇਤ ਧੋਖਾ ਦੇ ਕੇ ਦੁਸ਼ਮਣ ਦੀ ਫੌਜ ਵਿਚ ਜਾ ਰਲੇ।

ਪੀਰ ਬੁੱਧੂ ਸ਼ਾਹ ਜੀ ਨੇ ਜਦੋਂ ਪਠਾਣਾਂ ਦੇ ਨਮਕ-ਹਰਾਮ ਕਰਨ ਦੀ ਗੱਲ ਸੁਣੀ ਤਾਂ ਆਪਣੇ ਚਾਰ ਪੁੱਤਰਾਂ ਸਮੇਤ 700 ਮੁਰੀਦ ਲੈ ਕੇ ਪਾਉਂਟਾ ਸਾਹਿਬ ਪਹੁੰਚੇ। ਜਿਵੇਂ ਭਗਤ ਕਬੀਰ ਜੀ ਨੇ ਫ਼ਰਮਾਇਆ ਹੈ,

“ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧ ਉਰਾ ਲੀਨ” (1398)

ਅਨੁਸਾਰ ਪੀਰ ਜੀ ਵੀ ਯੁੱਧ ਵਿਚ ਜਾ ਕੁੱਦੇ। 18 ਸਤੰਬਰ, 1686 ਈ: ਨੂੰ ਪਾਉਂਟਾ ਸਾਹਿਬ ਤੋਂ ਥੋੜ੍ਹੀ ਦੂਰ ਭੰਗਾਣੀ ਦੇ ਸਥਾਨ ਉੱਤੇ ਪਹਾੜੀਆਂ ਨਾਲ ਗੁਰੂ ਜੀ ਦੀ ਜੰਗ ਹੋਈ। ਇਸ ਘਸਮਾਨ ਦੇ ਯੁੱਧ ਵਿਚ ਗੁਰੂ ਜੀ ਦੀ ਜਿੱਤ ਹੋਈ। ਗੁਰੂ ਜੀ ਦੇ ਹੱਥੋਂ ਰਾਜਾ ਹਰੀ ਚੰਦ ਹੰਡੂਰੀਆ ਮਾਰਿਆ ਗਿਆ। ਰਾਜਾ ਹਰੀ ਚੰਦ ਦੇ ਮਰਨ ਨਾਲ ਪਹਾੜੀ ਫੌਜ ਭੈ-ਭੀਤ ਹੋ ਕੇ ਦੌੜ ਗਈ। ਇਸ ਯੁੱਧ ਦਾ ਵਰਣਨ ਗੁਰੂ ਜੀ ਨੇ ਬਚਿਤ੍ਰ ਨਾਟਕ ਵਿਚ ਕੀਤਾ ਹੈ:

ਰਣੰ ਤਿਆਗ ਭਾਗੇ॥
ਸਬੈ ਤਾਸ ਪਾਗੇ॥
ਭਈ ਜੀਤ ਮੇਰੀ ਕ੍ਰਿਪਾ ਕਾਲ ਕੇਰੀ॥

ਇਸ ਜੰਗ ਵਿਚ ਗੁਰੂ ਜੀ ਦੀ ਸੈਨਾ ਦੇ ਕਈ ਯੋਧੇ ਸ਼ਹੀਦ ਹੋ ਗਏ। ਇਨ੍ਹਾਂ ਵਿਚ ਬੀਬੀ ਬੀਰੋ ਜੀ ਦੇ ਦੋ ਪੁੱਤਰ ਭਾਈ ਸੰਗੋ ਸ਼ਾਹ ਜੀ ਅਤੇ ਭਾਈ ਜੀਤ ਮੱਲ ਜੀ ਅਤੇ ਭਾਈ ਊਦਾ ਜੀ, ਭਾਈ ਮੋਹਰੀ ਚੰਦ ਜੀ ਅਤੇ ਭਾਈ ਗੁਲਾਬ ਰਾਏ ਜੀ ਸ਼ਹੀਦ ਹੋਏ। ਪੀਰ ਬੁੱਧੂ ਸ਼ਾਹ ਜੀ ਦੇ ਮੁਰੀਦ ਅਤੇ ਪੁੱਤਰ, ਕ੍ਰਿਪਾਲ ਦਾਸ ਉਦਾਸੀ ਅਤੇ ਲਾਲ ਚੰਦ ਹਲਵਾਈ ਆਦਿ ਗੁਰਸਿੱਖਾਂ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਦੁਸ਼ਮਣਾਂ ਵਿਰੁੱਧ ਮੈਦਾਨ-ਏ-ਜੰਗ ਵਿਚ ਲੜੇ। ਉਨ੍ਹਾਂ ਦੇ ਦੋ ਪੁੱਤਰ ਸੱਯਦ ਮੁਹੰਮਦ ਸ਼ਾਹ ਅਤੇ ਸੱਯਦ ਅਸ਼ਰਫ਼ ਅਤੇ ਹੋਰ ਅਨੇਕਾਂ ਮੁਰੀਦਾਂ ਨੇ ਸ਼ਹੀਦੀਆਂ ਪਾ ਕੇ ਗੁਰੂ ਜੀ ਦੀ ਪ੍ਰਸੰਨਤਾ ਪ੍ਰਾਪਤ ਕੀਤੀ। ਜੰਗ ਸਮਾਪਤੀ ਤੋਂ ਬਾਅਦ ਜ਼ਖ਼ਮੀਆਂ ਦੀ ਮਲ੍ਹਮ ਪੱਟੀ ਕੀਤੀ ਗਈ ਅਤੇ ਸ਼ਹੀਦਾਂ ਦਾ ਸਤਿਕਾਰ ਸਹਿਤ ਸਸਕਾਰ ਕੀਤਾ ਗਿਆ। ਆਪਣੇ ਸ਼ਹੀਦ ਸਿਪਾਹੀਆਂ ਦੀ ਤਰ੍ਹਾਂ ਹੀ ਦੁਸ਼ਮਣ ਫੌਜਾਂ ਦੇ ਸਿਪਾਹੀਆਂ ਦਾ ਸਸਕਾਰ ਕੀਤਾ ਗਿਆ ਅਤੇ ਦੁਸ਼ਮਣ ਦੇ ਜ਼ਖ਼ਮੀ ਫੌਜੀਆਂ ਅਤੇ ਆਪਣੇ ਜ਼ਖ਼ਮੀ ਸਿਪਾਹੀਆਂ ਦੀ ਮਲ੍ਹਮ ਪੱਟੀ ਵੀ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਕਰਵਾਈ। ਯੁੱਧ ਵਿਚ ਹਾਰ ਖਾ ਜਾਣ ਉੱਤੇ ਭੈ-ਭੀਤ ਹੋਏ ਇਹ ਪਹਾੜੀ ਰਾਜੇ ਆਪਣੇ ਜ਼ਖ਼ਮੀ ਅਤੇ ਮ੍ਰਿਤਕ ਸਿਪਾਹੀਆਂ ਅਤੇ ਅਹਿਲਕਾਰਾਂ ਦੇ ਸਰੀਰ ਵੀ ਨਾਲ ਨਾ ਲੈ ਸਕੇ। ਯੁੱਧ ਉਪਰੰਤ ਪੀਰ ਬੁੱਧੂ ਸ਼ਾਹ ਜੀ ਜਦੋਂ ਗੁਰੂ ਜੀ ਨੂੰ ਪਾਉਂਟਾ ਸਾਹਿਬ ਜਾ ਕੇ ਮਿਲੇ ਤਾਂ ਉਸ ਸਮੇਂ ਗੁਰੂ ਜੀ ਕੇਸਾਂ ਵਿਚ ਕੰਘਾ ਕਰ ਰਹੇ ਸਨ। ਗੁਰੂ ਜੀ ਨੇ ਪੀਰ ਜੀ ਦਾ ਬਹੁਤ ਧੰਨਵਾਦ ਕੀਤਾ ਅਤੇ ਕੁਝ ਮੰਗਣ ਲਈ ਕਿਹਾ। ਪੀਰ ਜੀ ਨੇ ਕੰਘੇ ਵਿਚ ਫਸੇ ਟੁੱਟੇ ਪਵਿੱਤਰ ਕੇਸਾਂ ਦੀ ਮੰਗ ਕੀਤੀ। ਗੁਰੂ ਜੀ ਨੇ ਕੇਸਾਂ ਸਮੇਤ ਕੰਘਾ, ਇਕ ਦਸਤਾਰ ਅਤੇ ਇਕ ਛੋਟੀ ਕਿਰਪਾਨ ਅਤੇ ਹੁਕਮਨਾਮਾ ਪੀਰ ਜੀ ਨੂੰ ਬਖਸ਼ਿਸ਼ ਕੀਤੇ। ਮਹਾਰਾਜਾ ਭਰਪੂਰ ਸਿੰਘ ਨਾਭਾ ਨੇ ਇਹ ਸਾਰੀਆਂ ਵਸਤਾਂ ਪੀਰ ਜੀ ਦੀ ਸੰਤਾਨ ਤੋਂ ਪ੍ਰਾਪਤ ਕਰਕੇ ਗੁਰਦੁਆਰਾ ਸਿਰੋਪਾਓ ਸਾਹਿਬ ਨਾਭਾ ਵਿਖੇ ਰੱਖ ਦਿੱਤੀਆਂ ਸਨ। ਹੁਣ ਸ਼ਾਇਦ ਇਹ ਪਵਿੱਤਰ ਯਾਦਗਾਰਾਂ ਮਹਾਰਾਜਾ ਪ੍ਰਤਾਪ ਸਿੰਘ ਦੇ ਖਾਨਦਾਨ ਕੋਲ ਦਿੱਲੀ ਵਿਖੇ ਹਨ। ਦਸਮੇਸ਼ ਜੀ ਕਈ ਵਾਰ ਖ਼ੁਦ ਵੀ ਪੀਰ ਬੁੱਧੂ ਸ਼ਾਹ ਨੂੰ ਮਿਲਣ ਲਈ ਸਢੌਰੇ ਆਉਂਦੇ ਰਹੇ। ਉਸਮਾਨ ਖਾਨ ਲਈ ਇਹ ਜਰ ਸਕਣਾ ਕਠਿਨ ਸੀ। ਇਸੇ ਤਰ੍ਹਾਂ ਜਦੋਂ ਗੁਰੂ ਜੀ 1702 ਈ: ਨੂੰ ਮਾਘੀ ਦੇ ਮੇਲੇ ਸਮੇਂ ਕੁਰੂਕੁਸ਼ੇਤਰ ਪਹੁੰਚੇ। ਦੀਵਾਨ ਵਿਚ ਬਹੁਤ ਸਾਰੇ ਸੰਤ, ਭਗਤ, ਮਹਾਂਪੁਰਖ ਤੇ ਗੁਣੀ-ਗਿਆਨੀ ਸੰਗਤ ਵਿਚ ਬੈਠੇ ਸਨ। ਸਤਿਗੁਰਾਂ ਨੇ ਕਥਾ-ਵਾਰਤਾ ਦੌਰਾਨ ਸੱਯਦ ਪੀਰ ਬੁੱਧੂ ਸ਼ਾਹ ਜੀ ਦੀ ਬਹੁਤ ਸ਼ਲਾਘਾ ਕੀਤੀ। ਜਿਸ ਨੂੰ ਸੁਣ ਕੇ ਸਾਰੇ ਧਾਰਮਿਕ ਮਹਾਂਪੁਰਖ ਅਤੇ ਸੰਗਤ ਗਦ-ਗਦ ਹੋ ਉੱਠੀ। ਇਸ ਸਾਰੀ ਵਾਰਤਾ ਦਾ ਪਤਾ ਲੱਗਣ ਉੱਤੇ ਹਾਕਮ ਉਸਮਾਨ ਖਾਨ ਹੋਰ ਕ੍ਰੋਧਤ ਹੋ ਗਿਆ ਅਤੇ ਪੀਰ ਜੀ ਵਿਰੁੱਧ ਸਾਜ਼ਿਸ਼ਾਂ ਰਚਣ ਲੱਗ ਪਿਆ। ਉਸਮਾਨ ਖਾਨ ਗੁਰੂ ਜੀ ਵਿਰੁੱਧ ਬਾਦਸ਼ਾਹ ਔਰੰਗਜ਼ੇਬ ਨੂੰ ਸ਼ਿਕਾਇਤਾਂ ਭੇਜਣ ਲੱਗ ਪਿਆ।

ਜਿਸ ਕਰਕੇ ਔਰੰਗਜ਼ੇਬ ਨੇ ਆਪਣੇ ਫੌਜੀ ਜਰਨੈਲ ਸੈਦ ਖਾਂ ਨੂੰ ਗੁਰੂ ਜੀ ਦੇ ਖਿਲਾਫ਼ ਮੁਹਿੰਮ ’ਤੇ ਭੇਜਿਆ ਇਹ ਜਰਨੈਲ ਪੀਰ ਬੁੱਧੂ ਸ਼ਾਹ ਜੀ ਦੀ ਪਤਨੀ ਨਸੀਰਾਂ ਬੇਗਮ ਦਾ ਸਕਾ ਭਰਾ ਸੀ। ਰਸਤੇ ਵਿਚ ਆਉਂਦਿਆਂ ਉਹ ਆਪਣੀ ਭੈਣ ਨੂੰ ਮਿਲਣ ਆਇਆ। ਉਸ ਦੀ ਭੈਣ ਨੇ ਗੁਰੂ ਜੀ ਦੀ ਇਲਾਹੀ ਸ਼ਕਤੀ ਬਾਰੇ ਸੈਦ ਖਾਂ ਨੂੰ ਦੱਸਿਆ ਅਤੇ ਗੁਰੂ ਜੀ ਨਾਲ ਲੜਨ ਤੋਂ ਵਰਜਿਆ ਪਰੰਤੂ ਉਸ ਵੇਲੇ ਤਾਂ ਉਹ ਮੁਹਿੰਮ ਤੋਂ ਪਿੱਛੋਂ ਨਹੀਂ ਹਟਿਆ ਪਰ ਮੈਦਾਨ-ਏ-ਜੰਗ ਵਿਚ ਜਦੋਂ ਗੁਰੂ ਜੀ ਦੇ ਸਾਹਮਣੇ ਆਇਆ ਤਾਂ ਦਰਸ਼ਨ ਕਰਕੇ ਉਸ ਦਾ ਮਨ ਬਦਲ ਗਿਆ ਅਤੇ ਉਹ ਗੁਰੂ ਜੀ ਦਾ ਸ਼ਰਧਾਲੂ ਹੋ ਗਿਆ। ਇਸ ਘਟਨਾ ਨੂੰ ਭਾਈ ਵੀਰ ਸਿੰਘ ਨੇ ਵੀ ਆਪਣੀ ਜਗਤ ਪ੍ਰਸਿੱਧ ਰਚਨਾ ‘ਸ੍ਰੀ ਕਲਗੀਧਰ ਚਮਤਕਾਰ’ ਵਿਚ ਬੜੇ ਵਿਸਥਾਰ ਪੂਰਵਕ ਅਤੇ ਧਾਰਮਿਕ ਢੰਗ ਨਾਲ ਵਰਣਨ ਕੀਤਾ ਹੈ। ਭਾਈ ਸਾਹਿਬ ਨੇ ਪੀਰ ਜੀ ਦੀ ਗੁਰੂ ਜੀ ਨਾਲ ਪਹਿਲੀ ਮੁਲਾਕਾਤ ਸਮੇਂ ਸੰਸੇਮਈ ਅਤੇ ਹਉਮੈ ਵਾਲੀ ਮਨੋਦਸ਼ਾ, ਉਪਰੰਤ ਗੁਰੂ ਜੀ ਨਾਲ ਪੱਕੀ ਅਧਿਆਤਮਕ ਸਾਂਝ, ਭੰਗਾਣੀ ਦੇ ਯੁੱਧ ਵਿਚ ਪੀਰ ਜੀ ਵੱਲੋਂ ਪਾਏ ਯੋਗਦਾਨ ਅਤੇ ਅੰਤ ਉਸਮਾਨ ਖਾਨ ਵੱਲੋਂ ਉਸ ਦਰਵੇਸ਼ ਨੂੰ ਸ਼ਹੀਦ ਕਰਨ ਸਬੰਧੀ ਭਰਪੂਰ ਜਾਣਕਾਰੀ ਲਿਖੀ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲ ਪੀਰ ਬੁੱਧੂ ਸ਼ਾਹ ਦੀ ਨਿਤ ਵਧਦੀ ਸ਼ਰਧਾ ਵੇਖ ਕੇ ਸਢੌਰੇ ਦਾ ਹਾਕਮ ਉਸਮਾਨ ਖਾਨ ਉਨ੍ਹਾਂ ਨਾਲ ਬਹੁਤ ਵੈਰ ਭਾਵਨਾ ਤਾਂ ਰੱਖਣ ਹੀ ਲੱਗ ਪਿਆ ਸੀ ਪਰੰਤੂ ਪੀਰ ਜੀ ਦੀ ਹਰਮਨ ਪਿਆਰਤਾ ਨੂੰ ਵੇਖਦਿਆਂ ਹੋਇਆਂ ਉਸਮਾਨ ਖਾਨ ਉਨ੍ਹਾਂ ਵਿਰੁੱਧ ਕੋਈ ਵੀ ਕਾਰਵਾਈ ਕਰਨੋਂ ਡਰਦਾ ਸੀ। ਉਸ ਨੇ ਕੂਟਨੀਤੀ ਅਨੁਸਾਰ ਪੀਰ ਜੀ ਵਿਰੁੱਧ ਜਨੂੰਨੀ ਭੰਡੀ ਪ੍ਰਚਾਰ ਕਰਨ ਦੀ ਠਾਣ ਲਈ। 1704 ਈ. ਵਿਚ ਜਦੋਂ ਗੁਰੂ ਜੀ ਪਹਾੜੀ ਰਾਜਿਆਂ ਅਤੇ ਮੁਗ਼ਲ ਫੌਜਾਂ ਦੀ ਸਾਂਝੀ ਕਮਾਨ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੰਮੀ ਜੰਗ ਵਿਚ ਰੁੱਝੇ ਹੋਏ ਸਨ ਅਤੇ ਉਸਮਾਨ ਖਾਨ ਵੱਲੋਂ ਪੀਰ ਜੀ ਵਿਰੁੱਧ ਲਗਾਤਾਰ “ਕਾਫਰਾਂ ਦੀ ਮਦਦ ਕਰਨ” ਦਾ ਪ੍ਰਚਾਰ ਕਰਨ ਕਾਰਨ ਉਨ੍ਹਾਂ ਦੇ ਸ਼ਰਧਾਲੂ ਵੀ ਘਟ ਗਏ ਸਨ। ਉਸ ਵੇਲੇ ਉਸਮਾਨ ਖਾਨ ਨੂੰ ਪੀਰ ਜੀ ਦੇ ਖਿਲਾਫ਼ ਆਪਣੇ ਪਾਪੀ ਇਰਾਦੇ ਪੂਰੇ ਕਰਨ ਦਾ ਮੌਕਾ ਮਿਲ ਗਿਆ। ਉਨ੍ਹਾਂ ਨੇ ਪੀਰ ਜੀ ਉੱਤੇ ਗੁਰੂ ਜੀ ਦੀ ਮੱਦਦ ਕਰਨ ਅਤੇ ਆਪਣੇ ਬੱਚੇ ਕਾਤਲਾਂ ਦੀ ਖ਼ਾਤਰ ਕਤਲ ਕਰਵਾਉਣ ਦਾ ਦੋਸ਼ ਲਾਇਆ। ਉਪਰੰਤ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਬਜ਼ਾਰਾਂ ਵਿਚ ਘੁੰਮਾਇਆ ਗਿਆ। ਜਲੀਲ ਅਤੇ ਅਪਮਾਨਤ ਕੀਤਾ ਗਿਆ। ਫਿਰ ਜੰਗਲ ਵਿਚ ਲਿਜਾ ਕੇ 21 ਮਾਰਚ, 1704 ਈ: ਨੂੰ ਪਹਿਲਾਂ ਦਰੱਖ਼ਤ ਨਾਲ ਬੰਨ੍ਹ ਕੇ ਤੀਰਾਂ ਨਾਲ ਅਧਮੋਇਆ ਕੀਤਾ ਗਿਆ ਫਿਰ ਜਿਊਂਦੇ ਨੂੰ ਹੀ ਅੱਗ ਵਿਚ ਸਾੜ ਕੇ ਸ਼ਹੀਦ ਕਰ ਦਿੱਤਾ ਗਿਆ। ਕਾਫ਼ਰਾਂ ਦੀ ਮੱਦਦ ਕਰਨ ਅਤੇ ਮੱਦਦ ਵਿਚ ਆਪਣੇ ਪੁੱਤਰ, ਰਿਸ਼ਤੇਦਾਰ ਅਤੇ ਮੁਰੀਦ ਸ਼ਹੀਦ ਕਰਾਉਣ ਨੂੰ ਇਸਲਾਮ ਵਿਰੋਧੀ ਗਰਦਾਨਕੇ ਮਹਾਨ ਫਕੀਰ ਨੂੰ ਮਾਰ-ਮੁਕਾਉਣ ਨੂੰ ਹਲਾਲ ਦਾ ਅਤੇ ਅੱਲ੍ਹਾ-ਤਾਲਾ ਨੂੰ ਖੁਸ਼ ਕਰਨ ਵਾਲਾ ਕੰਮ ਸਮਝਦਾ ਸੀ ਜ਼ਾਲਮ ਉਸਮਾਨ ਖਾਨ। ਅਜਿਹੇ ਕਪਟੀ ਵਰਤਾਰੇ ਬਾਰੇ ਭਗਤ ਕਬੀਰ ਜੀ ਇਉਂ ਸਪਸ਼ਟ ਕਰਦੇ ਹਨ:

ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ॥
ਦਫਤਰਿ ਲੇਖਾ ਮਾਂਗੀਐ ਤਬ ਹੋਇਗੋ ਕਉਨੁ ਹਵਾਲੁ॥ (ਪੰਨਾ 1374)

ਇਸਲਾਮ ਅੰਦਰ ਅੱਗ ਵਿਚ ਸਾੜ ਕੇ/ਸੜ ਕੇ ਮਰਨ ਨੂੰ ‘ਦੋਜਖ ਨੂੰ ਜਾਣਾ’ ਸਮਝਿਆ ਜਾਂਦਾ ਹੈ ਪਰੰਤੂ ਪੀਰ ਬੁੱਧੂ ਸ਼ਾਹ ਜੀ ਸਤਿਗੁਰਾਂ ਦੀ ਰਹਿਮਤ ਅਤੇ ਆਪਣੇ ਸੱਚੇ-ਸੁੱਚੇ ਤੇ ਅਮਲੀ ਜੀਵਨ ਸਦਕਾ ਇਨ੍ਹਾਂ ਬਲਗਣਾਂ ਤੋਂ ਪਾਰ ਹੋ ਗਿਆ ਸੀ। ਉਹ ਤਾਂ

‘ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ॥’ (749)

ਵਾਲੀ ਸਥਿਤੀ ਨੂੰ ਪ੍ਰਾਪਤ ਕਰ ਚੁੱਕੇ ਸਨ। ਸਿੱਖਾਂ ਅੰਦਰ ਪੀਰ ਜੀ ਪ੍ਰਤੀ ਸ਼ਰਧਾ ਅਤੇ ਸਤਿਕਾਰ ਸੀ ਅਤੇ ਅੱਜ ਵੀ ਹੈ। ਉਸਮਾਨ ਖਾਨ ਦੇ ਪੀਰ ਜੀ ਉੱਤੇ ਕੀਤੇ ਜ਼ੁਲਮ ਬਾਰੇ ਪਤਾ ਲੱਗਣ ਉੱਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਰਹਿੰਦ ਫ਼ਤਹਿ ਕਰਨ ਤੋਂ ਪਹਿਲਾਂ 1709 ਈ: ਵਿਚ ਸਢੌਰੇ ਦੇ ਹਾਕਮ ਨੂੰ ਉਸ ਦੇ ਕੀਤੇ ਜ਼ੁਲਮਾਂ ਦੀ ਸਜ਼ਾ ਦਿੱਤੀ। ਉਸ ਨੇ ਸਢੌਰੇ ਉੱਤੇ ਹਮਲਾ ਕਰਕੇ ਉਸਮਾਨ ਖਾਨ ਨੂੰ ਜਿੰਦਾ ਫੜਿਆ ਅਤੇ ਫਾਂਸੀ ਉੱਤੇ ਲਟਕਾ ਦਿੱਤਾ। ਹੋਰ ਵੀ ਦੋਖੀਆਂ ਨੂੰ ਬਹੁਤ ਦੰਡ ਅਤੇ ਸਜ਼ਾਵਾਂ ਦਿੱਤੀਆਂ। ਪੀਰ ਜੀ ਦੀ ਵੰਸ਼ ਦੇ ਲੋਕ 1947 ਈ: ਦੀ ਭਾਰਤ-ਪਾਕਿਸਤਾਨ ਵੰਡ ਸਮੇਂ ਪਾਕਿਸਤਾਨ ਚਲੇ ਗਏ ਸਨ ਅਤੇ ਅੱਜਕਲ੍ਹ ਝੰਗ ਦੇ ਇਲਾਕੇ ਵਿਚ ਰਹਿੰਦੇ ਹਨ। ਪੀਰ ਬੁੱਧੂ ਸ਼ਾਹ ਦੀ ਸਾਰੀ ਕਹਾਣੀ ਅਤੇ ਆਪਣੇ ਮਹਾਨ ਵਿਰਸੇ ਵੱਲ ਵੇਖਦਿਆਂ ਜਦੋਂ ਅਸੀਂ ਆਪਣੀ ਅਜੋਕੀ ਤਰਸਯੋਗ ਹਾਲਤ ਵੇਖਦੇ ਹਾਂ ਤਾਂ ਆਤਮਾ ਕੰਬ ਉਠਦੀ ਹੈ। ਅਸੀਂ ਜੋ ਸ੍ਰੀ ਗੁਰੂ ਗ੍ਰੰਥ, ਗੁਰੂ-ਪੰਥ, ਸਿੱਖ-ਇਤਿਹਾਸ, ਪਰੰਪਰਾਵਾਂ, ਰਹਿਤ-ਮਰਯਾਦਾ ਅਤੇ ਅਦੁੱਤੀ ਵਿਰਸੇ ਦੇ ਵਾਰਸ ਹੋਣ ਦਾ ਦਾਅਵਾ ਕਰਦੇ ਹਾਂ ਆਪਣੀਆਂ ਅਮੁੱਕ ਤ੍ਰਿਸ਼ਨਾਵਾਂ, ਲਾਲਸਾਵਾਂ ਅਤੇ ਨਿੱਜੀ ਸੁਆਰਥਾਂ ਦੀ ਪੂਰਤੀ ਹਿਤ ਪੂਰੀ ਤਰ੍ਹਾਂ ਗੁੰਮਰਾਹ ਹੋ ਗਏ ਹਾਂ। ਅੰਮ੍ਰਿਤ ਛੱਡ ਕੇ ਬਿਖ, ਹੀਰਾ ਛੱਡ ਕੇ ਕੌਡੀ, ਗੁਣਾਂ ਦਾ ਤਿਆਗ ਕਰਕੇ ਅਵਗੁਣਾਂ ਦੀ ਪੰਡ ਬੰਨ੍ਹ ਰਹੇ ਹਾਂ। ਮੁੜ ਤੋਂ ਊਚ-ਨੀਚ ਅਤੇ ਜਾਤ-ਪਾਤੀ ਕੋਹੜ ਦਾ ਬੁਰੀ ਤਰ੍ਹਾਂ ਸ਼ਿਕਾਰ ਅਤੇ ਗ਼ੁਲਾਮ ਹੋਏ ਪਏ ਹਾਂ। ਖਾਲਸਾ ਜੀ ਦੇ ਉੱਤਮ ਗੁਣਾਂ, ਨਿਮਰਤਾ ਅਤੇ ਪਰਉਪਕਾਰ ਦੀ ਥਾਂ ਹਉਮੈ ਅਤੇ ਹੰਕਾਰ ਵਾਲੀਆਂ ਰੁਚੀਆਂ ਨਾਲ ਭਰੇ ਪਏ ਹਾਂ। ਪਦਾਰਥਵਾਦ ਅਤੇ ਕਰਮਕਾਂਡਾਂ ’ਚ ਬੁਰੀ ਤਰ੍ਹਾਂ ਫਸੇ ਹੋਏ ਹੋਏ

“ਮਾਇਆਧਾਰੀ ਅਤਿ ਅੰਨਾ ਬੋਲਾ॥
ਸਬਦੁ ਨ ਸੁਣਈ ਬਹੁ ਰੋਲ ਘਚੋਲਾ॥” (313)

ਤਥਾ

“ਦੇਸੁ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ॥” (496)

ਵਾਲੀ ਸਾਡੀ ਹਾਲਤ ਬਣੀ ਹੋਈ ਹੈ। ਸਾਡੀ ਕਹਿਣੀ ਅਤੇ ਕਰਨੀ ਵਿਚ ਜ਼ਮੀਨ-ਅਸਮਾਨ ਵਰਗਾ ਅੰਤਰ ਹੈ। ਕਮਲ ਦੇ ਫੁੱਲ ਨੂੰ ਅਣਗੌਲਿਆਂ ਕਰਕੇ ਕਸੁੰਭੇ ਮਗਰ ਪਏ ਹੋਏ ਹਾਂ। ਜੀਵਨ ਵਿਚ ਦੋਗਲਾਪਣ, ਛੱਲ, ਕਪਟ, ਊਚ- ਨੀਚ ਅਤੇ ਜਾਤ-ਪਾਤੀ ਸੋਚ ਭਾਰੂ ਹੈ। ਸਾਡੀ ਹਾਲਤ

‘ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ॥’ (708)

ਅਤੇ

‘ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ ਉਦਰੁ ਭਰੈ॥
ਸੁਆਨ ਪੂਛ ਜਿਉ ਹੋਇ ਨ ਸੂਧੋ ਕਹਿਓ ਨ ਕਾਨ ਧਰੈ॥’ (536)

ਵਾਲੀ ਹੋਈ ਹੋਈ ਹੈ। ਇਸ ਸਾਰੇ ਵਰਤਾਰੇ ਦਾ ਹੀ ਨਤੀਜਾ ਹੈ ਕਿ ਸਾਡੀ ਅਜੋਕੀ ਨੌਜੁਆਨ ਪੀੜ੍ਹੀ ਅੰਦਰ ਸਾਡੀ ਮੰਦ ਪਰਵਿਰਤੀ, ਗਲਤ ਵਿਹਾਰ ਅਤੇ ਨਿਘਰੇ ਹੋਏ ਦੋਗਲੇ ਆਚਰਣ ਕਾਰਨ ਤਿੱਖਾ ਪ੍ਰਤੀਕਰਮ ਹੈ ਅਤੇ ਉਹ ਨਿਰਾਸ਼ਤਾ ਕਾਰਨ ਹਨੇਰੇ ਵਿਚ ਹੱਥ-ਪੈਰ ਮਾਰਦੀ ਹੋਈ ਨੰਗੇਜਵਾਦ, ਅਸ਼ਲੀਲਤਾ, ਲੱਚਰਤਾ, ਮਾਰੂ ਨਸ਼ਿਆਂ ਅਤੇ ਪਤਿਤਪੁਣੇ ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਰਹੀ ਹੈ। ਪੀਰ ਬੁੱਧੂ ਸ਼ਾਹ ਜੀ ਨੇ ਤਾਂ ਇਤਨੀ ਵੱਡੀ ਕੁਰਬਾਨੀ ਕਰਕੇ ਸਤਿਗੁਰਾਂ ਨਾਲ ਕੀਤਾ ਬਚਨ ਨਿਭਾ ਕੇ ਕੇਵਲ ਤੇ ਕੇਵਲ ਗੁਰੂ ਪਾਤਸ਼ਾਹ ਜੀ ਦੇ ਕੇਸਾਂ ਨੂੰ ਕੰਘਾ ਕਰਦਿਆਂ ਟੁੱਟੇ ਹੋਏ ਕੇਸ ਮੰਗੇ ਸਨ, ਜਿਨ੍ਹਾਂ ਨੂੰ ਪ੍ਰਾਪਤ ਕਰਕੇ ਉਹ ਧੰਨ ਹੋ ਗਿਆ ਸੀ ਪਰੰਤੂ ਸਾਡੀ ਅਧਖੜ੍ਹ ਅਤੇ ਨੌਜਵਾਨ ਪੀੜ੍ਹੀ ਉਨ੍ਹਾਂ ਹੀ ‘ਕੇਸ ਗੁਰੂ ਕੀ ਮੋਹਰ’ ਨੂੰ ਸਵੈ-ਇੱਛਾ ਨਾਲ ਹੀ ਕਤਲ ਕਰਵਾ ਕੇ ਖੁਸ਼ ਹੋ ਰਹੇ ਹਨ। ਬਦਕਿਸਮਤੀ ਵਾਲਾ ਅਤੇ ਦੁਖਦਾਇਕ ਹੈ ਇਹ ਸਾਰਾ ਵਰਤਾਰਾ। ਪੀਰ ਬੁੱਧੂ ਸ਼ਾਹ ਜੀ ਨੇ ਤਾਂ ਗੁਰੂ ਜੀ ਨਾਲ ਕੀਤਾ ਆਪਣਾ ਬਚਨ ਅਤੇ ਪ੍ਰੇਮ ਨਿਭਾਉਣ ਹਿਤ ਆਪਣਾ ਪਰਵਾਰ ਅਤੇ ਆਪਣੇ ਆਪ ਨੂੰ ਵੀ ਸ਼ਹੀਦ ਕਰਵਾ ਲਿਆ। ਉਹ ਧੰਨ ਹੋ ਗਿਆ ਸੀ ਅਤੇ ਉਸ ਦੀ ਵੰਸ ਵੀ ਸਦਾ-ਸਦਾ ਲਈ ਧੰਨ ਹੋ ਗਈ। ਪੀਰ ਜੀ ਉੱਤੇ ਗੁਰਬਾਣੀ ਦੀਆਂ ਇਹ ਤੁਕਾਂ ਪੂਰੀ ਤਰ੍ਹਾਂ ਢੁੱਕਦੀਆਂ ਹਨ,

“ਧੰਨੁ ਸੁ ਵੰਸੁ ਧੰਨੁ ਸੁ ਪਿਤਾ ਧੰਨੁ ਸੁ ਮਾਤਾ ਜਿਨਿ ਜਨ ਜਣੇ॥” (1135)

ਪਰੰਤੂ ਅਸੀਂ ਤਾਂ ਗੁਰੂ ਪ੍ਰਤੀ ਸਮਰਪਿਤ ਹੋਏ ਹੀ ਨਹੀਂ ਸਾਡੀ ਸ਼ਕਲ-ਸੂਰਤ ਕੇਵਲ ਵਿਖਾਵੇ ਮਾਤਰ ਹੀ ਰਹਿ ਗਈ ਹੈ। ਅਸੀਂ ਸਭ ਕੌਮੀ ਹਿਤਾਂ ਨੂੰ ਵਾਰ ਕੇ ਆਪਣੇ ਨਿੱਜੀ ਹਿੱਤਾਂ ਨੂੰ ਪਾਲਣ ਵਿਚ ਰੁੱਝੇ ਹੋਏ ਹਾਂ। ਅਸੀਂ ਲਾਲਚ-ਵਸ ਹੀ ਅਵੇਸਲੇ ਹਾਂ। ਆਪਣੀ ਗਲਤੀ ਮਹਿਸੂਸ ਕਰਕੇ ਦਰੁਸਤੀ ਕਰਨ ਦੀ ਥਾਂ ਦੋਸ਼ ਦੂਜਿਆਂ ਉੱਤੇ ਅਤੇ ਖਾਸ ਕਰਕੇ ਇਸ ਨਵੀਂ ਨੌਜੁਆਨ ਪੀੜ੍ਹੀ, ਜੋ ਸਾਡੀ ਹਰ ਪੱਖੋਂ ਵਾਰਸ ਹੈ, ਦੇ ਸਿਰ ਮੜ੍ਹ ਰਹੇ ਹਾਂ। ਅਜੇ ਵੀ ਵਕਤ ਹੈ ਕਿ ਆਪਣੇ ਅੰਦਰ ਝਾਤੀ ਮਾਰੀਏ, ਆਪਣੀਆਂ ਕਮੀਆਂ-ਕਮਜ਼ੋਰੀਆਂ, ਲਾਲਸਾਵਾਂ, ਅਮੁੱਕ ਇੱਛਾਵਾਂ ਅਤੇ ਅੰਦਰਲੇ ਦੋਗਲੇਪਣ ਨੂੰ ਸਮਝੀਏ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ

“ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ॥
ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ॥” (148)

ਉਪਦੇਸ਼ ਦੇ ਰਹੱਸ ਨੂੰ ਸਮਝੀਏ ਅਤੇ ਮੁੜ ਗੁਰਮਤਿ ਜੁਗਤ ਅਨੁਸਾਰ ਆਪਣੇ ਸਤਿਗੁਰਾਂ ਨੂੰ ਸ਼ੁੱਧ ਭਾਵਨਾ ਨਾਲ ਮੁਕੰਮਲ ਰੂਪ ਵਿਚ ਸਮਰਪਿਤ ਹੋਈਏ,

“ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ॥” (918)

ਆਪਣੇ ਸਰੋਤ ਅਦੁੱਤੀ ਵਿਰਸੇ, ਵਿਲੱਖਣ ਸਿਧਾਂਤ ਅਤੇ ਇਤਿਹਾਸ ਨਾਲ ਜੁੜੀਏ ਨਹੀਂ ਤਾਂ ਸਾਡੀ ਹੋਂਦ-ਹਸਤੀ ਹੀ ਖ਼ਤਰੇ ਵਿਚ ਪੈ ਜਾਵੇਗੀ।

“ਫਿਰ ਪਛਤਾਏ ਕਿਆ ਹੋਤ ਜਬ ਚਿੜੀਆ ਚੁਗ ਗਈ ਖੇਤ।”

ਪੀਰ ਬੁੱਧੂ ਸ਼ਾਹ ਜੀ ਦੇ ਜੀਵਨ ਅਤੇ ਕੁਰਬਾਨੀ ਤੋਂ ਇਹੋ ਹੀ ਉਪਦੇਸ਼ ਮਿਲਦਾ ਹੈ ਅਤੇ ਉਨ੍ਹਾਂ ਪਰਉਪਕਾਰੀ, ਤਿਆਗੀ, ਪਰਮਾਰਥੀ ਅਤੇ ਸੱਚੇ ਤੋਂ ਸਬਕ ਸਿੱਖਣਾ, ਆਪਣੇ ਕਿਰਦਾਰ ਨੂੰ ਉਸ ਅਨੁਸਾਰ ਢਾਲਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)