editor@sikharchives.org
Jeevan Jaach

ਜੀਵਨ-ਜਾਚ

ਸਿਆਣੇ ਕਹਿੰਦੇ ਹਨ, ਸਮਾਜ ਇਕ ਹੁੰਦਾ ਹੈ, ਇਹ ਕਦੇ ਭੀ ਬਹੁ-ਵਚਨ ਨਹੀਂ ਹੁੰਦਾ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਨੈਤਿਕਤਾ ਦਾ ਅਸਥਾਨ ਸਭ ਤੋਂ ਉੱਚਾ ਹੈ। ਮਜ਼੍ਹਬ ਦੀ ਬੁਨਿਆਦ ਨੈਤਿਕਤਾ ਉੱਪਰ ਹੈ। ਮਜ਼੍ਹਬ ਦਾ ਊੜਾ-ਐੜਾ ਨੈਤਿਕਤਾ ਨਾਲ ਸ਼ੁਰੂ ਹੁੰਦਾ ਹੈ। ਨੈਤਿਕਤਾ ਦਾ ਰੱਬ ਸਾਰੇ ਵਿਸ਼ਵ ਵਿਚ ਫ਼ੈਲਿਆ ਹੋਇਆ ਹੈ, ਵਿਸ਼ਵ ਦੇ ਸਾਰੇ ਮਨੁੱਖ ਉਸ ਦੇ ਆਪਣੇ ਮਾਂ ਜਾਏ ਭਰਾ ਹਨ। ਜਿਤਨਾ ਚਿਰ ਸਾਰੇ ਸੁਖੀ ਨਹੀਂ, ਉਤਨਾ ਚਿਰ ਕੋਈ ਅੱਧਾ ਸੁਖੀ ਨਹੀਂ ਹੋ ਸਕਦਾ।

ਸਮਾਜ ਸ਼ਾਸਤਰ ਦਾ ਘੇਰਾ ਬੜਾ ਵਿਸ਼ਾਲ ਹੈ। ਸਿਆਣੇ ਕਹਿੰਦੇ ਹਨ, ਸਮਾਜ ਇਕ ਹੁੰਦਾ ਹੈ, ਇਹ ਕਦੇ ਭੀ ਬਹੁ-ਵਚਨ ਨਹੀਂ ਹੁੰਦਾ। ਪਰ ਜੋ ਕੁਝ ਸਮਾਜ ਸਾਡੇ ਸਾਹਮਣੇ ਹੈ, ਉਹ ਕਈ ਨਿੱਕੇ-ਨਿੱਕੇ ਟੁਕੜਿਆਂ ਵਿਚ ਹੈ। ਬੜੀਆਂ ਰੀਤਾਂ ਹਨ, ਜਿਨ੍ਹਾਂ ਦਾ ਹੁਣ ਕੋਈ ਅਰਥ ਨਹੀਂ ਪਰ ਉਹ ਸਦੀਆਂ ਤੋਂ ਉਸੇ ਤਰ੍ਹਾਂ ਤੁਰੀਆਂ ਆਉਂਦੀਆਂ ਹਨ, ਬੇਦਰਦੀ ਅਤੇ ਦੁਖਾਂਤ ਨੂੰ ਨੈਤਿਕਤਾ ਪ੍ਰਵਾਨ ਨਹੀਂ ਕਰ ਸਕਦੀ। ਸਮਾਜ ਵਿਚ ਨੈਤਿਕਤਾ ਨਾ ਹੋਣ ਕਾਰਨ ਸਮਾਜ ਖੋਖਲਾ ਹੋ ਚੁੱਕਾ ਹੈ।

ਨੈਤਿਕ ਦਾ ਅਰਥ ਹੈ, ਆਪ ਖਾਓ ਪਰ ਗੁਆਂਢੀ ਨੂੰ ਭੁੱਖਾ ਨਾ ਰਹਿਣ ਦਿਓ, ਆਪ ਦੁੱਧ ਪੀਓ, ਪਰ ਦੂਜਿਆਂ ਨੂੰ ਪਿਲਾ ਕੇ। ਆਪ ਸੁਹਣੇ ਕੱਪੜੇ ਪਾਓ ਪਰ ਤੁਹਾਡੇ ਲਾਗੇ ਕੋਈ ਨੰਗਾ ਨਾ ਰਹੇ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਓਅੰਕਾਰ ਬਾਣੀ ਵਿਚ ਕੁਝ ਨੈਤਿਕਵਾਦੀ ਮਨੁੱਖਾਂ ਦੇ ਨਮੂਨੇ ਪੇਸ਼ ਕੀਤੇ ਹਨ। ਉਨ੍ਹਾਂ ਵਿਚ ਇਕ ਪੰਡਿਤ ਜੀ ਹਨ। ਪੰਡਿਤ ਦਾ ਅਰਥ ਬੁੱਧੀਮਾਨ ਹੈ। ਉਹ ਹਰ ਸਮੇਂ ਬੁੱਧੀ ਵਿਚ ਵਿਚਰਦਾ ਹੈ, ਉਸ ਦੇ ਹੱਥ ਵਿਚ ਬਿਬੇਕ ਹੈ। ਉਹ ਵਸਤੂਆਂ ਦੇ ਤੱਤ ਨੂੰ ਨਿਖੇੜਦਾ ਹੈ, ਕੋਈ ਭੁਲੇਖਾ ਨਹੀਂ ਰਹਿਣ ਦਿੰਦਾ। ਉਹ ਆਪਣੇ ਚੇਲਿਆਂ ਨੂੰ ਦੋ ਗੱਲਾਂ ਦਿੰਦਾ ਹੈ, ਇਕ ਵਿੱਦਿਆ ਅਤੇ ਦੂਜੀ ਮਤਿ। ਵਿੱਦਿਆ ਵਿਚ ਸਾਰੇ ਕਿਤਾਬੀ ਗਿਆਨ ਆ ਜਾਂਦੇ ਹਨ। ਮਤਿ ਵਿਚ ਚਾਲ ਚੱਲਣ ਅਤੇ ਵਤੀਰਾ, ਅੰਗਾਂ-ਸਾਕਾਂ ਦੀ ਪਛਾਣ ਅਤੇ ਸਤਿਕਾਰ, ਪਿਆਰ, ਹਮਦਰਦੀ, ਤਰਸ, ਦਇਆ, ਅਦਬ, ਨਿਮਰਤਾ, ਸਮਦ੍ਰਸ਼ਤਾ, ਕੁਰਬਾਨੀ, ਮਿਲਾਪ, ਬਰਾਬਰਤਾ, ਦ੍ਰਿੜ੍ਹਤਾ, ਸਬਰ, ਸਿਦਕ, ਭਾਣਾ, ਆਦਰਸ਼ ਆਦਿ।

ਗੁਰੂ ਜੀ ਤਾੜਨਾ ਕਰਦੇ ਹਨ ਕਿ ਵਿੱਦਿਆ ਦਾਨ ਹੈ, ਇਹ ਵੇਚਣ ਵਾਲੀ ਵਸਤੂ ਨਹੀਂ ਹੈ। ਦਾਨ ਪਵਿੱਤਰ ਮਨ ਨਾਲ ਦੇਣ ਵਾਲੀ ਚੀਜ਼ ਹੈ ਤੇ ਅਦਬ ਨਾਲ ਭੇਟ ਕਰਨੀ ਚਾਹੀਦੀ ਹੈ। ਇਹ ਸ਼ਰਧਾ ਨਾਲ ਦਿੱਤੀ ਜਾਂਦੀ ਹੈ। ਵਿਦਿਆਰਥੀ ਅਤੇ ਅਧਿਆਪਕ ਦਾ ਨਾਤਾ ਹਾਕਮ ਅਤੇ ਮਹਿਕੂਮ ਦਾ ਨਹੀਂ, ਇਹ ਸ਼ਰਧਾ ਤੇ ਪਿਆਰ ਦਾ ਸਾਕ ਹੈ।
 
ਪੰਡਿਤ ਆਪਣੇ ਆਪ ਨੂੰ ਵਿੱਦਿਆ ਨੂੰ ਸਮਰਪਿਤ ਕਰ ਦਿੰਦਾ ਹੈ:

ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ॥
ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ॥
ਮਨਮੁਖੁ ਬਿਦਿਆ ਬਿਕ੍ਰਦਾ ਬਿਖੁ ਖਟੇ ਬਿਖੁ ਖਾਇ॥
ਮੂਰਖੁ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ॥ (ਪੰਨਾ 938)

ਗੁਰੂ ਜੀ ਇਕ ਸੈਨਿਕ ਦੀ ਉਦਾਹਰਣ ਪੇਸ਼ ਕਰਦੇ ਹਨ, ਜਿਹੜੇ ਫੌਜ ਦੇ ਕਰੜੇ ਕਾਨੂੰਨ ਦਾ ਪਾਲਣ ਕਰਦਾ ਹੈ। ਉਹ ਹਰ ਸਮੇਂ ਤਿਆਰ-ਬਰ-ਤਿਆਰ ਰਹਿੰਦਾ ਹੈ, ਹੁਕਮ ਦੀ ਪਾਲਣਾ ਕਰਦਾ ਹੈ, ਆਪਣੇ ਵਿੱਚੋਂ ਆਪੇ ਨੂੰ ਖ਼ਤਮ ਕਰ ਦਿੰਦਾ ਹੈ। ਆਗਿਆਕਾਰ ਵੇਖ ਪਰਖ ਕੇ ਮਾਲਕ ਉਸ ਦੇ ਅਹੁਦੇ ਵਿਚ ਵਾਧਾ ਕਰਦਾ ਹੈ ਅਤੇ ਅਖ਼ੀਰ ਨੂੰ ਕਈ ਇਨਾਮ, ਤਮਗੇ ਤੇ ਪੈਨਸ਼ਨਾਂ ਲੈ ਕੇ ਆਪਣੇ ਘਰ ਮਾਣ ਨਾਲ ਆਉਂਦਾ ਹੈ।

ਨੈਤਿਕਤਾ ਦੀ ਸਭ ਤੋਂ ਵੱਡੀ ਮੰਗ ਦੂਜਿਆਂ ਲਈ ਹੁੰਦੀ ਹੈ, ਉਹ ਆਪਣੇ ਆਪ ਨੂੰ ਨੀਵਾਂ ਅਤੇ ਸਾਥੀਆਂ ਨੂੰ ਉੱਚਾ ਚੁੱਕਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਤੋਂ ਸਭ ਗੁਣਾਂ ਦੀ ਮੰਗ ਕਰਦੇ ਹਨ। ਉਹ ਕਹਿੰਦੇ ਹਨ, ਭਾਵੇਂ ਕਿਤਨੇ ਕਸ਼ਟ ਆਉਣ, ਮੈਂ ਇਨ੍ਹਾਂ ਗੁਣਾਂ ’ਤੇ ਡਟਿਆ ਰਹਾਂ। ਮੈਦਾਨ-ਏ-ਜੰਗ ਵਿਚ ਜਾ ਕੇ ਮੇਰੇ ਮਨ ਵਿਚ ਵੈਰੀ ਦਾ ਡਰ ਨਾ ਹੋਵੇ, ਮੈਨੂੰ ਆਪਣੀ ਜਿੱਤ ਉੱਪਰ ਪੂਰਾ-ਪੂਰਾ ਭਰੋਸਾ ਹੋਵੇ, ਮੈਂ ਆਪਣੇ ਮਨ ਨੂੰ ਆਪ ਹੀ ਰਾਹ ਵਿਖਾਵਾਂ। ਹੇ ਪ੍ਰਭੂ! ਤੇਰੀ ਸਿਫ਼ਤ ਕਰਦਿਆਂ-ਕਰਦਿਆਂ ਮੇਰੀ ਜ਼ਿੰਦਗੀ ਦਾ ਅੰਤਲਾ ਪਲ ਮੈਦਾਨ-ਏ-ਜੰਗ ਵਿਚ ਆਵੇ:

ਦੇਹ ਸ਼ਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ॥

ਸ਼ੁੱਧ ਬਚਨ ਲਈ ਬੜੇ ਕਸ਼ਟ ਝੱਲਣੇ ਪੈਂਦੇ ਹਨ। ਸੁਨਿਆਰ ਮੁੜ-ਮੁੜ ਕੇ ਸੋਨੇ ਨੂੰ ਕੁਠਾਲੀ ਵਿਚ ਪਾ ਕੇ ਤਾਅ ਦਿੰਦਾ ਹੈ, ਜਿਤਨਾ ਚਿਰ ਬਾਰਾਂ ਵੰਨੀ ਦਾ ਸੋਨਾ ਨਾ ਬਣ ਜਾਵੇ, ਤਾਅ ਦੇਣੋਂ ਬੰਦ ਨਹੀਂ ਕਰਦਾ। ਸੰਸਾਰ ਦੀਆਂ ਸੱਟਾਂ ਖਾਣ ਤੋਂ ਬਿਨਾਂ ਕੋਈ ਮਹਾਨ ਨਹੀਂ ਬਣਦਾ। ਮੁਸੀਬਤਾਂ ਕੇਵਲ ਮੈਲ ਦੂਰ ਕਰਦੀਆਂ ਹਨ, ਸੱਚ ਨੂੰ ਨਿਰਮਲ ਤੇ ਉੱਜਲਾ ਕਰਦੀਆਂ ਹਨ। ਭੱਠੀ ਚੜ੍ਹਾਉਣ ਤੋਂ ਬਿਨਾਂ ਕੱਪੜਾ ਉੱਜਲਾ ਨਹੀਂ ਹੋ ਸਕਦਾ।

ਮਨੁੱਖ ਦੀ ਕਮਜ਼ੋਰੀ ਹੈ ਕਿ ਉਸ ਦੀਆਂ ਅੱਖਾਂ ਇੱਕੋ ਵਾਰ ਕਿਸੇ ਸਾਲਮ ਵਸਤੂ ਨੂੰ ਨਹੀਂ ਵੇਖ ਸਕਦੀਆਂ, ਉਹ ਕਿਸ਼ਤਾਂ ਵਿਚ ਹੀ ਤੱਕ ਸਕਦੀਆਂ ਹਨ। ਬੁਲਬੁਲਾ ਆਪਣੇ ਨਿੱਕੇ ਆਕਾਰ ਨੂੰ ਵੇਖਦਾ ਹੈ, ਸਾਗਰ ਨੂੰ ਨਹੀਂ। ਲਹਿਰ ਇਹ ਤਾਂ ਮੰਨਦੀ ਹੈ ਕਿ ਮੈਂ ਬੁਲਬੁਲੇ ਤੋਂ ਵੱਡੀ ਹਾਂ ਪਰ ਉਹ ਸਾਗਰ ਬਣਨ ਦਾ ਹੌਂਸਲਾ ਨਹੀਂ ਕਰ ਸਕਦੀ। ਤੂਫ਼ਾਨ ਨੂੰ ਆਪਣੇ ’ਤੇ ਮਾਣ ਹੈ ਪਰ ਸਾਗਰ ਸਾਹਮਣੇ ਵੇਖ ਕੇ ਨੀਵੀਂ ਪਾ ਲੈਂਦਾ ਹੈ। ਜੇ ਬੁਲਬੁਲਾ, ਲਹਿਰ ਅਤੇ ਤੂਫ਼ਾਨ ਆਪਣੇ-ਆਪਣੇ ਆਕਾਰ ਦੇ ਘੁੰਡ ਚੁੱਕ ਲੈਣ ਤਾਂ ਸਭ ਦੇ ਸ਼ੰਕੇ ਦੂਰ ਹੋ ਜਾਣ। ਬੁਲਬੁਲਾ ਸਾਗਰ ਬਣ ਕੇ ਨੱਚੇ, ਲਹਿਰਾਂ ਸਾਗਰ ਬਣ ਕੇ ਕਲਾਵੇ ਭਰਨ, ਤੂਫ਼ਾਨ ਸਾਗਰ ਬਣ ਕੇ ਜੱਲ੍ਹੀਆਂ ਪਾਵੇ।

ਭਗਤ ਕਬੀਰ ਜੀ ਨੇ ਭੀ ਲਿਖਿਆ ਹੈ, ਤੈਥੋਂ ਪਹਿਲਾਂ ਕਈ ਘੁੰਡ ਕੱਢ ਕੇ ਚਲੀਆਂ ਗਈਆਂ, ਵੇਖੀਂ, ਕਿਤੇ ਤੈਨੂੰ ਭੀ ਉਨ੍ਹਾਂ ਦੀ ਛੂਤ ਦੀ ਬਿਮਾਰੀ ਨਾ ਲੱਗ ਜਾਵੇ:

ਲਾਜ ਮਰੰਤੀ ਮਰਿ ਗਈ ਘੂਘਟੁ ਖੋਲਿ ਚਲੀ॥
ਸਾਸੁ ਦਿਵਾਨੀ ਬਾਵਰੀ ਸਿਰ ਤੇ ਸੰਕ ਟਲੀ॥ (ਪੰਨਾ 931)

ਸੰਸਾਰ ਵਿਚ ਨੈਤਿਕ ਬੰਦੇ ਵੱਖਰੇ ਹੁੰਦੇ ਹਨ। ਉਨ੍ਹਾਂ ਦੀਆਂ ਗੱਲਾਂ ਸਤਿਕਾਰਯੋਗ ਹੁੰਦੀਆਂ ਹਨ। ਨੈਤਿਕ ਬੰਦੇ ਦਾ ਆਚਰਨ ਪਵਿੱਤਰ ਹੁੰਦਾ ਹੈ। ਉਨ੍ਹਾਂ ਦੇ ਵਾਕਾਂ ਵਿਚ ਅਮਰ ਹੋ ਜਾਣ ਦਾ ਰਾਹ ਹੁੰਦਾ ਹੈ।

ਪ੍ਰਭੂ ਇੱਕ ਹੈ, ਉਹੋ ਹੀ ਅਨੇਕ ਤੇ ਫਿਰ ਏਕ ਹੈ। ਬੋਹੜ ਦਾ ਬੀਜ ਇਕ ਹੁੰਦਾ ਹੈ, ਪਰ ਉਸੇ ਬੀਜ ਵਿਚ ਵੱਡ-ਆਕਾਰੀ ਬੋਹੜ ਤੇ ਉਸ ਵਿਚ ਲੱਖਾਂ ਬੋਹੜਾਂ ਦੇ ਬੀਜ ਹਨ। ਗੁਰਬਾਣੀ ਅਨੁਸਾਰ ਵਿਸ਼ਵ ਉਸ ਦਾ ਆਪਣਾ ਰੂਪ ਹੈ, ਉਹ ਆਪਣੇ ਵਿੱਚੋਂ ਹੀ ਤਾਰ ਕੱਢ ਕੇ ਮਹਿਲ ਅਤੇ ਅਟਾਰੀਆਂ ਪੈਦਾ ਕਰਦਾ ਹੈ ਅਤੇ ਫਿਰ ਆਪ ਹੀ ਉਨ੍ਹਾਂ ਸਭ ਨੂੰ ਆਪਣੇ ਹੀ ਅੰਦਰ ਸਮੇਟ ਲੈਂਦਾ ਹੈ। ਉਹ ਆਪ ਹੀ ਕਰਨ-ਕਾਰਨ ਹੈ, ਉਸ ਨੂੰ ਕਿਸੇ ਹੋਰ ਕਾਰਨ ਦੀ ਲੋੜ ਨਹੀਂ।

ਸੱਚ ਸੰਸਾਰ ਵਿਚ ਨਕਲ ਅਸਲ ਨੂੰ ਮਾਤ ਪਾ ਜਾਂਦੀ ਹੈ। ਸੱਚੇ ਬਾਜ਼ਾਰ ਨਾਲੋਂ ਝੂਠਾ ਬਾਜ਼ਾਰ ਬਹੁਤਾ ਫੈਲਦਾ ਹੈ:

ਸਮਝੈ ਸੂਝੈ ਪੜਿ ਪੜਿ ਬੂਝੈ ਅੰਤਿ ਨਿਰੰਤਰਿ ਸਾਚਾ॥ (ਪੰਨਾ 930)

ਸੰਸਾਰ ਪਰਮਾਤਮਾ ਦਾ ਰੂਪ ਹੈ ਅਤੇ ਸਾਰੇ ਲੋਕ ਆਪਸ ਵਿਚ ਭਰਾ-ਭਰਾ ਹਨ। ਜਿਹੜੇ ਸੱਚੇ ਦਿਲੋਂ ਇਸ ਸੰਸਾਰ ਨੂੰ ਰੱਬ ਦਾ ਰੂਪ ਮੰਨਦੇ ਨੇ ਉਹ ਆਪਣੀ ਆਤਮਾ ਦੀ ਪਛਾਣ ਕਰ ਲੈਂਦੇ ਹਨ। ਬਿਨਾਂ ਆਤਮ-ਪਛਾਣ ਤੋਂ ਕੋਈ ਮਨੁੱਖ ਉੱਚਾ ਨਹੀਂ ਹੋ ਸਕਦਾ ਤੇ ਜਿਹੜਾ ਪਛਾਣ ਕਰ ਲੈਂਦਾ ਹੈ, ਉਸ ਦੀ ਨਜ਼ਰ ਵਿਚ ਸੰਸਾਰ ਵਿਚ ਕੋਈ ਨੀਵਾਂ ਨਹੀਂ ਰਹਿੰਦਾ, ਸਭ ਬਰਾਬਰ ਹੁੰਦੇ ਹਨ। ਮਨੁੱਖ ਦਾ ਇਕ ਹੀ ਆਦਰਸ਼ ਹੈ ਤੇ ਉਹ ਹੈ ਆਪਣੀ ਪਛਾਣ ਕਰਨੀ। ਨਿੱਜ ਪਛਾਣ ਕਰ ਲੈਣੀ ਨੈਤਿਕਤਾ ਹੈ, ਬਿਨਾਂ ਪਛਾਣ ਤੋਂ ਮਾਨਵਤਾ ਦੀ ਏਕਤਾ ਦੀ ਗੱਲ ਕਰਨੀ ਨਿਰਾ ਪਾਖੰਡ ਹੈ ਅਤੇ ਇਹ ਲੋਕਾਂ ਨੂੰ ਧੋਖਾ ਦੇਣ ਲਈ ਕੀਤਾ ਜਾਂਦਾ ਹੈ। ਬਿੱਲੀ ਦਾ ਖਿਡਾਉਣਾ ਭਾਵੇਂ ਕਿੰਨਾ ਸੁਹਣਾ ਤੇ ਵੱਡਾ ਹੋਵੇ, ਉਹ ਆਪਣੇ ਉੱਪਰ ਚੂਹਿਆਂ ਨੂੰ ਖੇਡਣ ਤੇ ਮੇਂਙਣਾਂ ਕਰਨ ਤੋਂ ਰੋਕ ਨਹੀਂ ਕਰ ਸਕਦਾ। ਚੂਹਾ ਬਿੱਲੀ ਦੀ ਸ਼ਕਲ ਤੋਂ ਨਹੀਂ ‘ਮਿਆਂਓ’ ਤੋਂ ਡਰਦਾ ਹੈ:

ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੈ॥
ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁ ਸਿਞਾਪੈ॥ (ਪੰਨਾ 930)

ਯਾਦ ਰੱਖਣ ਵਾਲੀ ਗੱਲ ਹੈ, ਸਵੈ-ਜੇਤੂ ਹੀ ਸੱਚੇ ਅਰਥਾਂ ਵਿਚ ਜੇਤੂ ਹੁੰਦਾ ਹੈ। ਕੇਵਲ ਇਕ ਸਵੈ-ਜੇਤੂ ਸ਼ਹੀਦ ਦੇ ਨਾਮ ਦਾ ਜੈਕਾਰਾ ਭੀ ਵੈਰੀ ਦੇ ਛੱਕੇ ਛੁਡਾ ਵੈਰੀ ਦਲ ਨੂੰ ਭਾਜੜਾਂ ਪਾ ਦਿੰਦਾ ਹੈ। ਸ਼ਹੀਦ ਨੂੰ ਸੁਰਜੀਤ ਹੋਣ ਦੀ ਸਮਰੱਥਾ ਕਿੱਥੋਂ ਮਿਲੀ? ਸਮਰੱਥਾ ਦਾ ਕੇਵਲ ਇੱਕ ਹੀ ਸੋਮਾ ਹੈ ਅਤੇ ਉਹ ਹੈ, ਸਵੈ-ਪਛਾਣ।

ਜ਼ਿੰਦਗੀ ਵਿਚ ਸਭ ਤੋਂ ਵੱਡਾ ਦੁਸ਼ਮਣ ਸ਼ੱਕ ਹੁੰਦਾ ਹੈ। ਸ਼ੱਕ ਅੰਧੇਰੇ ਦੀ ਪੈਦਾਇਸ਼ ਹੁੰਦਾ ਹੈ ਅਤੇ ਕੇਵਲ ਚਾਨਣੇ ਨਾਲ ਹੀ ਦੂਰ ਹੁੰਦਾ ਹੈ। ਇਹ ਚਾਨਣ ਪ੍ਰਭੂ ਦੇ ਨਿਵਾਜੇ ਮਨੁੱਖ ਵਿਚ ਹੁੰਦਾ ਹੈ। ਕੋਈ ਸੂਰਮਾ ਹੋਵੇ ਤਾਂ ਉਹ ਇੱਕ ਹੀ ਵਾਕ ਨਾਲ ਵੈਰਾਗੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣਾ ਕੇ ਪੰਜਾਬ ਵੱਲ ਨੂੰ ਪੰਜ ਸ਼ਸਤਰਧਾਰੀ ਸਿੰਘ ਨਾਲ ਦੇ ਕੇ ਜ਼ਾਲਮਾਂ ਨੂੰ ਲਿਤਾੜ ਸਕਦਾ ਹੈ।

ਮਨੁੱਖਾ ਜਨਮ ਇਕ ਮਹਾਨ ਵਰਦਾਨ ਹੈ। ਆਦਮੀ ਰਿਸ਼ਤਿਆਂ ਤੋਂ ਉੱਚਾ ਹੁੰਦਾ ਹੈ ਪਰ ਕੁਝ ਔਗੁਣ ਇਸ ਨੂੰ ਤਬਾਹ ਕਰ ਦਿੰਦੇ ਹਨ। ਇਨ੍ਹਾਂ ਔਗੁਣਾਂ ਵਿਚ ਇਕ ਔਗੁਣ ਹੈ, ਲੂਤੀਆਂ ਲਗਾਣੀਆਂ, ਦੋ ਮਨੁੱਖਾਂ ਵਿਚ ਅੱਗ ਲਾ ਦੇਣੀ, ਮਿੱਤਰਾਂ ਨੂੰ ਦੁਸ਼ਮਣ ਬਣਾ ਦੇਣਾ। ਤਾਰੀਖ ਵਿਚ ਮਹਾਰਾਜਾ ਖੜਕ ਸਿੰਘ ਤੇ ਨੌਨਿਹਾਲ ਸਿੰਘ ਵਿਚ ਵਿਰੋਧ ਪੈਦਾ ਕਰਨਾ, ਇਹੋ ਜਿਹੇ ਲੋਕਾਂ ਦਾ ਕੰਮ ਸੀ।

ਚੁਗ਼ਲ ਦਾ ਆਪਣੇ ਉੱਤੇ ਕੁਝ ਵੱਸ ਨਹੀਂ ਰਹਿੰਦਾ। ਜਿੰਨਾ ਚਿਰ ਉਹ ਚੁਗ਼ਲੀ ਨਾ ਕਰੇ ਉਤਨਾ ਚਿਰ ਉਸ ਦੇ ਮਨ ਦਾ ਅਫ਼ਾਰਾ ਦੂਰ ਨਹੀਂ ਹੁੰਦਾ। ਚੁਗ਼ਲੀ ਨਾ ਸ਼ਾਂਤੀ ਨਾਲ ਉਸ ਨੂੰ ਕੁਝ ਖਾਣ ਦਿੰਦੀ ਹੈ ਨਾ ਪੀਣ ਦਿੰਦੀ ਹੈ, ਇਥੋਂ ਤਕ ਕਿ ਉਸ ਨੂੰ ਰਾਤ ਨੂੰ ਸੌਣ ਵੀ ਨਹੀਂ ਦਿੰਦੀ। ਸੰਸਾਰ ਵਿਚ ਅੱਧੇ ਦੋਫ਼ਾੜ ਚੁਗ਼ਲਾਂ ਕਰਕੇ ਹੀ ਪੈਂਦੇ ਹਨ। ਇਹੋ ਜਿਹੇ ਆਦਮੀ ਮਹਾਂ ਮੂਰਖ ਹੁੰਦੇ ਹਨ। ਲੋਭ ਇਕ ਹੋਰ ਬਹੁਤ ਵੱਡਾ ਔਗੁਣ ਹੈ। ਇਹ ਮੌਤ ਦਾ ਕਾਰਨ ਬਣਦਾ ਹੈ। ਜਿੱਥੇ ਲਾਲਚ ਆ ਜਾਵੇ, ਉੱਥੇ ਨਾ ਕੋਈ ਭੈਣ-ਭਰਾ ਤੇ ਨਾ ਕੋਈ ਸੱਜਣ-ਮਿੱਤਰ। ਲਾਲਚ ਦੇ ਮੂੰਹ ਵਿੱਚੋਂ ਹਮੇਸ਼ਾਂ ਖੂਨ ਵਗਦਾ ਹੈ। ਔਗੁਣਾਂ ਵਿੱਚੋਂ ਇਕ ਸਿਰਕੱਢ ਔਗੁਣ ਹੰਕਾਰ ਹੈ। ਹੰਕਾਰੀ ਨੂੰ ਅਕਾਸ਼ ਵੀ ਭੀੜਾ ਲੱਗਦਾ ਹੈ। ਉਹ ਸਾਰੇ ਸੰਸਾਰ ਨੂੰ ਆਪਣੇ ਨਾਲੋਂ ਨੀਵਾਂ ਸਮਝਦਾ ਹੈ। ਨਾ ਉਹ ਆਪਣੇ ਟਾਕਰੇ ਕੋਈ ਬਹਾਦਰ ਨਾ ਉਹ ਆਪਣੇ ਟਾਕਰੇ ’ਤੇ ਕੋਈ ਆਕੁਲ (ਅਕਲ ਵਾਲਾ) ਨਾ ਫ਼ਿਲਾਸਫ਼ਰ ਸਮਝਦਾ ਹੈ। ਉਹ ਆਪਣੇ ਨਾਂ ਤੋਂ ਅੱਗੇ ਹੋਰ ਕੋਈ ਦੂਜਾ ਨਾਂ ਬਰਦਾਸ਼ਤ ਨਹੀਂ ਕਰਦਾ।

ਸੰਸਾਰ ਵਿਚ ਸਭ ਤੋਂ ਉੱਚਾ ਆਚਾਰ ਹੈ। ਚੰਗੇ ਆਚਾਰ ਵਾਲੇ ਜਿੰਨੀ ਖੁਸ਼ੀ ਅਨੁਭਵ ਕਰਦੇ ਨੇ ਉਤਨੀ ਖੁਸ਼ੀ ਸਾਰੇ ਸੰਸਾਰ ਵਿਚ ਹੋਰ ਕੋਈ ਪ੍ਰਾਪਤ ਨਹੀਂ ਕਰ ਸਕਦਾ। ਚੰਗੇ ਆਚਾਰ ਦੀ ਇਕ ਆਪਣੀ ਮਸਤੀ ਹੁੰਦੀ ਹੈ। ਰਾਜੇ-ਮਹਾਰਾਜੇ ਉਸ ਦੇ ਅੱਗੇ ਕੋਈ ਅਰਥ ਨਹੀਂ ਰੱਖਦੇ। ਉਸ ਵਿਚ ਹੰਕਾਰ ਨਹੀਂ ਹੁੰਦਾ, ਸਵੈਮਾਨ ਹੁੰਦਾ ਹੈ। ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਪਦਾਰਥਾਂ ਜਾਂ ਰਾਜਸੀ, ਸਮਾਜਿਕ ਤੇ ਭਾਈਚਾਰਕ ਸ਼ਕਤੀ ਦੇ ਟਾਕਰੇ ’ਤੇ ਵੀ ਚਾਲ-ਚੱਲਣ ਦੀ ਸ਼ਕਤੀ ਵੱਡੀ ਹੁੰਦੀ ਹੈ। ਚੰਗੇ ਆਚਾਰ ਵਾਲੇ ਆਦਮੀ ਉੱਤੇ ਦੇਸ਼ ਤੇ ਕੌਮਾਂ ਮਾਣ ਕਰਦੀਆਂ ਹਨ।

ਕ੍ਰੋਧ

ਕ੍ਰੋਧ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੰਦਾ। ਕ੍ਰੋਧ ਵਿਚ ਤੇ ਜ਼ਹਿਰ ਵਿਚ ਇਕ ਫ਼ਰਕ ਹੁੰਦਾ ਹੈ। ਜਿਸ ਸ਼ੀਸ਼ੀ ਵਿਚ ਜ਼ਹਿਰ ਹੋਵੇ ਉਸ ਸ਼ੀਸ਼ੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ। ਜਿਸ ਨੂੰ ਜ਼ਹਿਰ ਪਿਲਾਈ ਜਾਵੇ ਉਹ ਮਰ ਜਾਂਦਾ ਹੈ। ਪਰ ਕ੍ਰੋਧ ਦੋ-ਧਾਰੀ ਖੰਡਾ ਹੈ। ਇਹ ਦੋਹਰਾ ਵਾਰ ਕਰਦਾ ਹੈ। ਸਭ ਤੋਂ ਪਹਿਲਾਂ ਕ੍ਰੋਧੀ ਨੂੰ ਮਾਰਦਾ ਹੈ ਉਸ ਦੇ ਸਰੀਰ ਵਿਚ ਤੇ ਮਨ ਵਿਚ ਜ਼ਹਿਰ ਭਰ ਦਿੰਦਾ ਹੈ। ਉਸ ਜ਼ਹਿਰ ਨਾਲ ਕ੍ਰੋਧੀ ਦੀਆਂ ਦੋਹਾਂ ਅੱਖਾਂ ਵਿਚ ਪਛਾਣ ਕਰਨ ਦੀ ਸ਼ਕਤੀ ਅਲੋਪ ਹੋ ਜਾਂਦੀ ਹੈ। ਕੰਨ ਸੁਣਨਾ ਬੰਦ ਕਰ ਦਿੰਦੇ ਹਨ। ਇਸ ਤਰ੍ਹਾਂ ਕ੍ਰੋਧੀ ਅੰਨ੍ਹਾ ਤੇ ਬੋਲ਼ਾ ਹੋ ਜਾਂਦਾ ਹੈ। ਕ੍ਰੋਧ ਦਾ ਜ਼ਹਿਰ ਦਿਮਾਗ਼ ਵਿਚ ਫੈਲ ਜਾਂਦਾ ਹੈ ਤੇ ਚੰਗੇ-ਮਾੜੇ ਨਤੀਜੇ ਦੀ ਪਛਾਣ ਨਹੀਂ ਕਰ ਸਕਦਾ ਕਿ ਇਸ ਵਾਰ ਦਾ ਕੀ ਨਤੀਜਾ ਨਿਕਲੇਗਾ। ਕ੍ਰੋਧੀ ਕ੍ਰੋਧ ਵੇਲੇ ਮਾਸਖੋਰੇ ਜਾਨਵਰਾਂ ਵਾਂਗ ਦੰਦੀਆਂ ਪੀਂਹਦਾ ਹੈ। ਕਾਮ ਤੇ ਕ੍ਰੋਧ ਦੋਵੇਂ ਸਰੀਰ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਜਿਤਨਾ ਇਹ ਦੋਵੇਂ ਸਰੀਰ ਦਾ ਤੇ ਮਾਨਸਿਕਤਾ ਦਾ ਨੁਕਸਾਨ ਕਰਦੇ ਨੇ, ਹੋਰ ਕੋਈ ਨਹੀਂ ਕਰਦਾ:

ਜਗਤੁ ਪਸੂ ਅਹੰ ਕਾਲੁ ਕਸਾਈ॥ (ਪੰਨਾ 932)

ਖੋਜ

ਮਨੁੱਖ ਵਿਚ ਸਾਰੇ ਜੀਵਾਂ ਨਾਲੋਂ ਖੋਜ ਦੀ ਰੁਚੀ ਭਾਰੀ ਹੈ। ਇਹ ਹੋਸ਼ ਸੰਭਾਲਣ ਵੇਲੇ ਖੋਜ ਸ਼ੁਰੂ ਕਰ ਦਿੰਦਾ ਹੈ ਅਤੇ ਮਾਂ-ਬਾਪ ਅੱਗੇ ਵੱਡੇ ਤੋਂ ਵੱਡੇ ਸੁਆਲ ਰੱਖਦਾ ਹੈ। ਚੰਦ ਕੀ ਹੈ, ਸੂਰਜ ਕੀ ਹੈ ਆਦਿ। ਜਦੋਂ ਉਸ ਨੂੰ ਸਵਾਲਾਂ ਦੇ ਜਵਾਬ ਮਿਲਦੇ ਨੇ ਤਾਂ ਉਹ ਬੜਾ ਖੁਸ਼ ਹੁੰਦਾ ਹੈ ਤੇ ਸਵਾਲਾਂ ਦਾ ਝੱਸ ਸਕੂਲਾਂ ਤੇ ਕਾਲਜਾਂ ਤਕ ਜਾਂਦਾ ਹੈ। ਕਿਉਂਕਿ ਖੋਜ ਵਿੱਚੋਂ ਜੀਵਨ ਦੀ ਜੁਗਤ ਮਿਲਦੀ ਹੈ। ਇਹ ਖੋਜ ਹੀ ਹੁੰਦੀ ਹੈ ਜਿਹੜੀ ਬ੍ਰਹਿਮੰਡ ਨੂੰ ਪਿੰਡ ਵਿਚ ਵਿਖਾ ਦਿੰਦੀ ਹੈ।

ਖ਼ਿਮਾ

ਮਨ ਵਿਚ ਸਭ ਤੋਂ ਕੀਮਤੀ ਵਸਤੂ ਖ਼ਿਮਾ ਹੈ। ਖ਼ਿਮਾ ਦੇ ਟਾਕਰੇ ’ਤੇ ਮਨੁੱਖੀ ਜੀਵਨ ਵਿਚ ਹੋਰ ਕੋਈ ਰਤਨ ਨਹੀਂ। ਖ਼ਿਮਾ ਮਨੁੱਖ ਵਿਚ ਅਨਮੋਲ ਹੀਰਾ ਹੈ। ਜਿਸ ਦੇ ਮਨ ਵਿਚ ਖ਼ਿਮਾ ਹੈ, ਉਸ ਵਿਚ ਰੱਬਤਾ ਹੈ। ਕੇਵਲ ਖ਼ਿਮਾ ਹੀ ਹੈ, ਜਿਹੜੀ ਦੋਸ਼ੀ ਨੂੰ ਦੇਵਤਾ ਬਣਾ ਦਿੰਦੀ ਹੈ। ਖ਼ਿਮਾ ਕਰਨ ਦਾ ਹੱਕ ਤੇ ਖ਼ਿਮਾ ਦਾ ਫਰਜ਼ ਕੇਵਲ ਮਨੁੱਖ ਦੀ ਝੋਲੀ ਪਾਇਆ ਗਿਆ ਹੈ। ਅਸਮਾਨ ਵਰਗੇ ਚੌੜੇ ਮਨ ਵਿਚ ਖ਼ਿਮਾ ਵਾਸਾ ਕਰਦੀ ਹੈ। ਜਿਵੇਂ ਸਿਆਣੇ ਕਹਿੰਦੇ ਨੇ ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਵਿਚ ਹੀ ਟਿਕ ਸਕਦਾ ਹੈ, ਇਸੇ ਤਰ੍ਹਾਂ ਖ਼ਿਮਾ ਪਵਿੱਤਰ ਦਿਲ ਵਿਚ ਹੀ ਰਹਿ ਸਕਦੀ ਹੈ।
 
ਚਿਤ

ਮਨੁੱਖ ਵਿਚ ਚਿਤ ਬੜੀ ਵੱਡੀ ਸ਼ਕਤੀ ਹੈ। ਭਾਵੇਂ ਚਿਤ ਮਨੁੱਖ ਦੇ ਅੰਦਰ ਹੈ ਪਰ ਮਨੁੱਖ ਉੱਤੇ ਚਿਤ ਦਾ ਅਧਿਕਾਰ ਹੈ। ਚਿਤ ਦੀ ਚੰਚਲਤਾ ਸਮਝਣ ਲਈ ਕੁਝ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। ਜਿਵੇਂ ਹਵਾ ਵਗਣ ਵੇਲੇ ਪਿੱਪਲ ਦੇ ਸਾਰੇ ਪੱਤੇ। ਇਸ ਤਰ੍ਹਾਂ ਇਕ ਸਮੇਂ ਮਨ ਵਿਚ ਇੰਨੇ ਫੁਰਨੇ ਪੈਦਾ ਹੁੰਦੇ ਹਨ। ਜਿਵੇਂ ਦੀਵੇ ਦੀ ਬੱਤੀ ਕੰਬਦੀ ਹੈ ਇਸ ਤਰ੍ਹਾਂ ਚਿਤ ਵਿਚ ਨਵੇਂ ਤੇ ਨਵੇਂ ਕਾਂਬੇ ਪੈਦਾ ਹੁੰਦੇ ਰਹਿੰਦੇ ਹਨ।

ਜਿਸ ਨੇ ਚਿਤ ਨੂੰ ਇਕਾਗਰ ਕਰ ਲਿਆ ਉਸ ਨੇ ਸਭ ਕੁਝ ਪ੍ਰਾਪਤ ਕਰ ਲਿਆ। ਸਾਇੰਸ ਦੀਆਂ ਸਾਰੀਆਂ ਖੋਜਾਂ ਉਨ੍ਹਾਂ ਪ੍ਰਾਪਤ ਕੀਤੀਆਂ ਜਿਨ੍ਹਾਂ ਦੇ ਚਿਤ ਵਿਚ ਇਕਾਗਰਤਾ ਸੀ। ਮਨੁੱਖ ਦਾ ਜਨਮ ਤਾਂ ਹੀ ਸਫ਼ਲ ਹੁੰਦਾ ਹੈ ਜੇ ਉਹ ਚਿਤ ਨੂੰ ਟਿਕਾ ਸਕੇ। ਇਹੋ ਜਿਹੇ ਆਦਮੀ ਦਾ ਗਾਉਣਾ ਤੇ ਬੋਲਣਾ ਦੋਵੇਂ ਕੀਮਤੀ ਹੁੰਦੇ ਨੇ। ਉਨ੍ਹਾਂ ਦੇ ਨਿਰਣੇ ਹਮੇਸ਼ਾਂ ਠੀਕ ਹੁੰਦੇ ਨੇ। ਉਹ ਆਪਣੇ ਅਨੁਭਵ ਆਪਣੀਆਂ ਕਿਰਤਾਂ ਵਿਚ ਲਿਖ ਜਾਂਦੇ ਨੇ।

ਚਿਤ ਬੜਾ ਚੰਚਲ ਹੈ। ਚੰਚਲਤਾ ਇਸ ਦਾ ਸੁਭਾਅ ਹੈ। ਇਸ ਦਾ ਬੜਾ ਲੰਬਾ-ਚੌੜਾ ਵਿਸਤਾਰ ਹੈ। ਇਸ ਦੀ ਡੂੰਘਾਣ ਦਾ ਅੱਜ ਤਕ ਕੋਈ ਪੂਰਾ ਪਤਾ ਨਹੀਂ ਲੱਗ ਸਕਿਆ। ਇਸ ਦੇ ਚੋਰ ਦਰਵਾਜਿਆਂ ਦੀ ਕੋਈ ਗਿਣਤੀ ਵੀ ਨਹੀਂ ਕਰ ਸਕਿਆ। ਭੇਸ ਬਦਲਣ ਵਿਚ ਇਹ ਬੜਾ ਮਾਹਿਰ ਹੈ। ਇਸ ਦੀ ਪਹੁੰਚ ਸੁਪਨਿਆਂ ਵਿਚ ਵੀ ਹੈ ਤੇ ਡੂੰਘੀ ਨੀਂਦਰ ਵਿਚ ਵੀ ਹੈ। ਇਹ ਭੁੱਲ-ਭੁੱਲਈਆਂ ਨੂੰ ਬਣਾਉਣ ਵਾਲਾ ਹੈ ਤੇ ਭੁੱਲ-ਭੁਲੱਈਆਂ ਵਿਚ ਪਾਉਣ ਵਾਲਾ ਵੀ ਹੈ। ਜੋ ਕੁਝ ਮਨੁੱਖ ਮਿਹਨਤ ਨਾਲ ਪ੍ਰਾਪਤ ਕਰਦਾ ਹੈ ਇਹ ਮਨੁੱਖ ਨੂੰ ਪਤਾ ਵੀ ਨਹੀਂ ਲੱਗਣ ਦਿੰਦਾ ਤੇ ਉਸ ਦੀ ਪ੍ਰਾਪਤ ਕੀਤੀ ਫ਼ਸਲ ਕੁਝ ਖਾ ਜਾਂਦਾ ਹੈ ਤੇ ਕੁਝ ਉਜਾੜ ਜਾਂਦਾ ਹੈ।

ਚਿੰਤਨ

ਮਨੁੱਖ ਦਾ ਚਿਤ ਕਦੇ ਟਿਕ ਕੇ ਨਹੀਂ ਬੈਠਦਾ। ਇਹ ਚਿੰਤਨ ਦਾ ਸਫ਼ਰ ਕਰਦਾ ਹੈ। ਇਸ ਦੀ ਫ਼ਿਲਮ ਬੜੀ ਤੇਜ਼ ਚੱਲਦੀ ਹੈ। ਮਨੁੱਖ ਦੀ ਸੁਮੱਤ ਇਸ ਦੇ ਨਾਲ ਦੌੜਨ ਜੋਗੀ ਨਹੀਂ ਹੈ। ਇਸ ਨੂੰ ਫੋਕਸ ਕਰਨਾ ਮਨੁੱਖ ਦੀ ਸ਼ਕਤੀ ਤੋਂ ਬਾਹਰ ਹੈ। ਦੁਖਾਂਤ ਇਹ ਹੈ ਕਿ ਇਸ ਦੀ ਰਫ਼ਤਾਰ ਬੰਦੇ ਨੂੰ ਥਕਾ ਦਿੰਦੀ ਹੈ। ਉਹ ਭੱਜ-ਭੱਜ, ਨੱਠ-ਨੱਠ ਕੇ ਚਕਨਾ-ਚੂਰ ਹੋ ਜਾਂਦਾ ਹੈ।

ਪਰ ਜੇ ਇਹ ਇਕ ਚਿੰਤਨ ’ਤੇ ਟਿਕ ਜਾਵੇ ਤਾਂ ਇਹ ਵਿਸ਼ਵ-ਚੇਤਨਾ ਦਾ ਭਾਗ ਬਣ ਜਾਂਦਾ ਹੈ। ਇਹ ਬੜੀ ਅਨੋਖੀ ਗੱਲ ਹੈ ਕਿ ਮਨੁੱਖ ਇੱਕ ਪਰਮਾਤਮਾ ਦੇ ਚਿੰਤਨ ਦਾ ਸੌਖਾ ਕੰਮ ਛੱਡ ਕੇ ਅਨੇਕ-ਚਿੰਤਨ ਅਥਵਾ ਸੰਸਾਰਕ ਝਮੇਲਿਆਂ ਦੀ ਚਿੰਤਾ ਵਿਚ ਸਾਰੀ ਉਮਰ ਲੰਘਾ ਦਿੰਦਾ ਹੈ। ਪੜ੍ਹਨ ਵੇਲੇ ਪੜ੍ਹਦਾ ਨਹੀਂ, ਖੇਡਣ ਵੇਲੇ ਖੇਡਦਾ ਨਹੀਂ, ਮਿਲਣ ਵੇਲੇ ਮਿਲਦਾ ਨਹੀਂ ਤੇ ਵਿੱਛੜਨ ਵੇਲੇ ਵਿੱਛੜਦਾ ਨਹੀਂ, ਸੌਣ ਵੇਲੇ ਸੌਂਦਾ ਨਹੀਂ ਤੇ ਜਾਗਣ ਵਾਲੇ ਜਾਗਦਾ ਨਹੀਂ।

ਮਨੁੱਖ ਅੰਦਾਜ਼ਾ ਨਹੀਂ ਲਗਾ ਸਕਦਾ ਇਕ ਚਿੰਤਨ ਵਿਚ ਕਿਤਨਾ ਸੁਖ ਹੈ ਤੇ ਕਿਤਨਾ ਅਨੰਦ ਹੈ, ਕਿਤਨੀ ਸ਼ਾਂਤੀ ਹੈ, ਕਿਤਨੀ ਦਿੱਬਤਾ ਹੈ, ਕਿਤਨੀ ਪ੍ਰਭੂਤਾ ਹੈ! ਇਸ ਤੋਂ ਉਲਟ ਸਾਰੇ ਮਨੁੱਖ ਜਾਣਦੇ ਹਨ ਕਿ ਅਨੇਕ-ਚਿੰਤਨ ਵਿਚ ਅਸੀਂ ਕਿਤਨੇ ਦੁਖੀ ਹਾਂ, ਕਿਤਨੇ ਬੇਚੈਨ ਹਾਂ, ਕਿਤਨੇ ਸੁੰਞੇ ਤੇ ਸੱਖਣੇ ਹਾਂ, ਕਿਤਨੇ ਅਸੰਤੁਸ਼ਟ ਹਾਂ!

ਵਾਦ-ਵਿਵਾਦ

ਬਹੁਤ ਸਾਰੇ ਲੋਕ ਗਿਆਨ ਪ੍ਰਾਪਤ ਕਰਨ ਲਈ ਨਹੀਂ ਪੜ੍ਹਦੇ ਤੇ ਨਾ ਹੀ ਪੜ੍ਹੇ ਗਿਆਨ ਨੂੰ ਆਪਣੀ ਜ਼ਿੰਦਗੀ ਵਿਚ ਲਿਆਉਂਦੇ ਨੇ। ਉਨ੍ਹਾਂ ਦਾ ਇੱਕੋ ਆਦਰਸ਼ ਹੁੰਦਾ ਹੈ ਕਿ ਬਹਿਸ-ਮੁਬਾਹਿਸੇ ਵਿਚ ਸ਼ਾਮਲ ਹੋਈਏ ਤੇ ਭਰੀ ਸਭਾ ਵਿਚ ਦੂਜਿਆਂ ਨੂੰ ਦਲੀਲਾਂ ਤੇ ਪ੍ਰਮਾਣ ਦੇ ਕੇ ਹਰਾਈਏ ਤੇ ਉਨ੍ਹਾਂ ਨੂੰ ਭਰੀ ਮਹਿਫ਼ਲ ਵਿਚ ਸ਼ਰਮਿੰਦਿਆਂ ਕਰੀਏ। ਇਹੋ ਜਿਹੀਆਂ ਬਹਿਸਾਂ ਵਿੱਚੋਂ ਨਾ ਕੁਝ ਬੋਲਣ ਵਾਲਿਆਂ ਨੂੰ ਮਿਲਦਾ ਹੈ ਤੇ ਨਾ ਕੁਝ ਸੁਣਨ ਵਾਲਿਆਂ ਨੂੰ ਮਿਲਦਾ ਹੈ। ਉਹ ਝੱਖਾਂ ਮਾਰ ਕੇ ਚਲੇ ਜਾਂਦੇ ਹਨ। ਇਹੋ ਜਿਹੇ ਆਦਮੀ ਸਾਰੀ ਜ਼ਿੰਦਗੀ ਝੱਖਾਂ ਮਾਰਦੇ-ਮਾਰਦੇ ਆਪਣੀਆਂ ਹਾਰਾਂ ਵੇਲੇ ਝੂਰ- ਝੂਰ ਕੇ ਮਰਦੇ ਰਹਿੰਦੇ ਹਨ। ਉਨ੍ਹਾਂ ਦੇ ਪੱਲੇ ਕੁਝ ਵੀ ਨਹੀਂ ਪੈਂਦਾ ਤੇ ਉਹ ਮਿੱਟੀ ਵਿਚ ਮਿਲ ਜਾਂਦੇ ਨੇ।

ਮਾਇਆ :

ਸੰਪਤੀ ਮਨੁੱਖ ਸਾਰੀ ਜ਼ਿੰਦਗੀ ਜਾਇਦਾਦ ਬਣਾਉਂਦਾ ਰਹਿੰਦਾ ਹੈ, ਇਸ ਵਾਸਤੇ ਉਹ ਧਾਰਮਿਕ ਪੂਜਾ-ਪਾਠ ਵੀ ਕਰਦਾ ਹੈ। ਪਰ ਇਹ ਨਹੀਂ ਜਾਣਦਾ ਕਿ ਉਹ ਚੋਰਾਂ ਤੇ ਡਾਕੂਆਂ ਨੂੰ ਸੱਦਾ ਦੇ ਰਿਹਾ ਹੈ। ਜਾਇਦਾਦ ਇਕੱਠੀ ਕਰਨ ਲਈ ਕਈ ਲੋਕ ਦੋ ਢੰਗ ਵਰਤਦੇ ਹਨ, ਚੋਰ ਜਾਂ ਚੋਰ-ਨੌਕਰ।

ਚੋਰ-ਨੌਕਰ ਅਤੇ ਚੋਰ ਦੋਵੇਂ ਸ਼੍ਰੇਣੀਆਂ ਹਰਾਮਖੋਰ ਹੁੰਦੀਆਂ ਹਨ। ਇਹ ਸ਼੍ਰੇਣੀਆਂ ਦਸਾਂ-ਨਹੁੰਆਂ ਦੀ ਕਮਾਈ ਦੀ ਮਹਾਨਤਾ ਨਹੀਂ ਮੰਨਦੀਆਂ।

ਗੁਰਬਾਣੀ ਵਿਚ ਚੋਰਾਂ ਸਬੰਧੀ ਬੜੇ ਸਖ਼ਤ ਸ਼ਬਦ ਲਿਖੇ ਗਏ ਹਨ:

“ਚੋਰਾਂ ਦੀ ਕੋਈ ਹਾਮੀ ਨਹੀਂ ਭਰੇਗਾ। ਉਸ ਨੂੰ ਬਚਾਉਣ ਵਾਸਤੇ ਕੋਈ ਸਿਫ਼ਾਰਸ਼ ਨਹੀਂ ਕਰੇਗਾ ਕਿਉਂਕਿ ਚੋਰ ਜੋ ਕਰਦਾ ਹੈ ਚੰਗਾ ਨਹੀਂ ਹੁੰਦਾ।”

ਕਈ ਲੋਕ ਇਸ ਕਰਕੇ ਨੌਕਰੀ ਕਰਦੇ ਹਨ ਕਿ ਉਹ ਵੱਧ ਤੋਂ ਵੱਧ ਰਿਸ਼ਵਤ ਲੈ ਕੇ ਜਾਇਦਾਦ ਬਣਾਉਣਗੇ। ਉਨ੍ਹਾਂ ਨੂੰ ਗੁਰੂ ਸਾਹਿਬ ਜੀ ਚਾਕਰ-ਚੋਰ ਦੇ ਨਾਂ ਨਾਲ ਸੰਬੋਧਿਤ ਕਰਦੇ ਹਨ। ਚਾਕਰ-ਚੋਰ ਆਪਣੇ ਨੌਕਰੀ ਦੇ ਸਮੇਂ ਦੀ ਵੀ ਚੋਰੀ ਕਰਦੇ ਹਨ। ਉਹ ਪੂਰੇ ਦਾ ਪੂਰਾ ਸਮਾਂ ਪੂਰੀ ਤਾਕਤ ਨਾਲ ਦਫ਼ਤਰ ਨੂੰ ਨਹੀਂ ਦਿੰਦੇ:

ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ॥ (ਪੰਨਾ 417)

ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਾਕ ਅੱਜ ਦੇ ਸਮੇਂ ਦੀ ਹੂ-ਬ-ਹੂ ਤਸਵੀਰ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸਾਬਕਾ ਚੀਫ ਐਡੀਟਰ -ਵਿਖੇ: ਰੋਜ਼ਾਨਾ ਵਰਤਮਾਨ, ਰੋਜ਼ਾਨਾ ਕੌਮੀ ਦਰਦ, ਮਾਸਕ ਗੁਰਮਤਿ ਪ੍ਰਕਾਸ਼, ਮਾਸਕ ਗੁਰ ਸੰਦੇਸ਼।

ਪ੍ਰਿੰ. ਨਰਿੰਦਰ ਸਿੰਘ ਸੋਚ ਨੂੰ ਕਿਸੇ ਰਸਮੀ ਜਾਣ-ਪਛਾਣ ਦੀ ਲੋੜ ਨਹੀਂ ਹੈ। ਉਸਨੇ ਪੱਤਰਕਾਰੀ ਦੇ ਖੇਤਰ ਵਿੱਚ ਨਵੀਆਂ ਨਿਸ਼ਾਨੀਆਂ ਬਣਾਈਆਂ। ਉਨ੍ਹਾਂ ਨੇ ਅਧਿਆਤਮਕ ਸ਼ਖਸੀਅਤਾਂ ਦੀਆਂ ਜੀਵਨੀਆਂ ਲਿਖ ਕੇ ਧਾਰਮਿਕ ਸਾਹਿਤ ਦੇ ਪ੍ਰਚਾਰ ਲਈ ਬਹੁਤ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਪੁਸਤਕ 'ਸੁਧਾਸਰ ਦੇ ਹੰਸ' ਇਤਿਹਾਸ, ਗੁਰਮਤ ਵਿਚਾਰਧਾਰਾ ਅਤੇ ਭਾਰਤੀ ਫ਼ਲਸਫ਼ੇ ਦੇ ਨਜ਼ਰੀਏ ਤੋਂ ਮੀਲ ਪੱਥਰ ਹੈ। ਉਸ ਦੀ ਲਿਖਤ ਸ਼ਖਸੀਅਤ ਦੇ ਵਿਕਾਸ ਵਿੱਚ ਕਿਸੇ ਤੋਂ ਘੱਟ ਨਹੀਂ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)