editor@sikharchives.org
Hola Mohalla

ਜੋਸ਼, ਸ਼ਰਧਾ ਤੇ ਚੜ੍ਹਦੀ ਕਲਾ ਦਾ ਸੁਮੇਲ ਹੋਲਾ ਮਹੱਲਾ

ਅਨੰਦਪੁਰ ਸਾਹਿਬ ਦੀ ਧਰਤੀ ’ਤੇ ਵੱਜਦਾ ਰਣਜੀਤ ਨਗਾਰਾ ਤੇ ਜੰਗੀ ਮਸ਼ਕਾਂ ਦੀਆਂ ਦਿੱਲੀ ਤਕ ਪਹੁੰਚਦੀਆਂ ਸੂਚਨਾਵਾਂ ਨਾਲ ਪਹਾੜੀ ਰਾਜਿਆਂ ਨੂੰ ਕਾਂਬਾ ਛਿੜਦਾ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

1699 ਦੀ ਵਿਸਾਖੀ ਨੂੰ ਜਦੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਦੀ ਪਰਖ ਕੀਤੀ ਤਾਂ ਸਿੱਖ ਉਸ ’ਤੇ ਪੂਰੇ ਉੱਤਰੇ। ਉਸ ਸਮੇਂ ਦੀ ਵੰਗਾਰ ਦੇ ਟਾਕਰੇ ਲਈ, ਗੁਰੂ ਜੀ ਨੇ ਅੰਮ੍ਰਿਤ ਦੀ ਪਾਹੁਲ ਦੇ ਕੇ ਸਿੱਖਾਂ ਨੂੰ ਤਿਆਰ ਕੀਤਾ। ਇੱਕੋ ਬਾਟੇ ’ਚੋਂ ਅੰਮ੍ਰਿਤ ਛਕਾ ਕੇ ਜਾਤਾਂ-ਪਾਤਾਂ ਦਾ ਵਖਰੇਵਾਂ ਖ਼ਤਮ ਕੀਤਾ, ਜੁਝਾਰੂ ਜਜ਼ਬਿਆਂ ਨਾਲ ਉਤਸ਼ਾਹਿਤ ਕੀਤਾ। ਉਨ੍ਹਾਂ ਅੰਦਰ ਲੁਕੀ ਹੋਈ ਅਣਖ ਨੂੰ ਵੰਗਾਰਿਆ ਤੇ ਸਿੱਖ ਕੌਮ ਜਾਨਾਂ ਤਲੀ ’ਤੇ ਰੱਖ ਕੇ ਲੜਨ ਵਾਲਿਆਂ ਦੀ ਕੌਮ ਬਣ ਗਈ। ਇਹੋ ਜਿਹੇ ਜੁਝਾਰੂ ਸਿੱਖਾਂ ਦਾ ਗੁਰੂ ਹੋਣ ਵਿਚ ਗੁਰੂ ਜੀ ਵੀ ਮਾਣ ਮਹਿਸੂਸ ਕਰਦੇ ਤੇ ਕਹਿ ਉਠੇ:

ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ ਨਹੀ ਮੋ ਸੇ ਗਰੀਬ ਕਰੋਰ ਪਰੇ॥

ਬ੍ਰਾਹਮਣੀ ਸਮਾਜ ਵੱਲੋਂ ਸਿਰਜੀਆਂ ਮਿਥਿਹਾਸਕ ਕਥਾਵਾਂ ਦੇ ਓਹਲੇ ਹੋਲੀ ਵਾਲੇ ਦਿਨ ਹੁੜਦੰਗ ਮਚਾਉਣਾ, ਰੰਗ ਸੁੱਟਣਾ, ਗੰਦ–ਮੰਦ ਸੁੱਟਣਾ, ਨਸ਼ਿਆਂ ’ਚ ਗੜੁੱਚ ਹੋਣਾ ਤੇ ਢਹਿੰਦੀ ਕਲਾ ਵਿਚ ਚਲੇ ਜਾਣਾ, ਗੁਰੂ ਜੀ ਦੀ ਨਜ਼ਰ ਵਿਚ ਘਟੀਆ ਕਾਰਜ ਸੀ। ਗੁਰੂ ਜੀ ਨੇ ਇਸ ਨੂੰ ਨਵਾਂ ਸਰੂਪ ਬਖਸ਼ਿਆ ਜਿਸ ਨੂੰ ਹੋਲੇ ਮਹੱਲੇ ਦਾ ਨਾਂ ਦਿੱਤਾ। ਮਹਾਨ ਕੋਸ਼ ਮੁਤਾਬਕ ‘ਹੋਲਾ’ ਦੇ ਅਰਥ ‘ਹੱਲਾ’ ਤੇ ‘ਮਹੱਲਾ’ ਦੇ ਅਰਥ ‘ਹਮਲੇ ਦੀ ਥਾਂ’। ਇਸ ਦਿਨ ਸਾਰਾ ਸਿੱਖ ਸੰਗਤਾਂ ਦਾ ਅਨੰਦਪੁਰ ਸਾਹਿਬ ਵਿਖੇ ਇਕੱਠ ਹੁੰਦਾ, ਸੱਚੇ ਪਾਤਸ਼ਾਹ ਮਸਨੂਈ ਜੰਗ ਕਰਵਾਉਂਦੇ। ਸਿੰਘ ਕੁਸ਼ਤੀਆਂ, ਤਲਵਾਰਬਾਜ਼ੀ, ਨੇਜਾਬਾਜ਼ੀ, ਘੋੜ ਸਵਾਰੀ ਦੇ ਜ਼ੌਹਰ ਵਿਖਾਉਂਦੇ। ਦੋਹੀਂ ਦਲੀਂ ਜਦੋਂ ਮੁਕਾਬਲਾ ਹੁੰਦਾ ਤਾਂ ਉਨ੍ਹਾਂ ਦੇ ਜੋਸ਼, ਸੂਰਬੀਰਤਾ, ਜੰਗੀ ਕਲਾਵਾਂ ਮੂੰਹੋਂ ਬੋਲਦੀਆਂ। ਗੁਰੂ ਜੀ ਦੋਹਾਂ ਦਲਾਂ ਨੂੰ ਸਨਮਾਨਦੇ ਤੇ ਆਪਣਾ ਪਿਆਰ ਉਨ੍ਹਾਂ ਤੋਂ ਨਿਛਾਵਰ ਕਰਦੇ। ਸਤਿਗੁਰੂ ਜੀ ਦੀ ਖੁਸ਼ੀ ਦੀ ਕੋਈ ਸੀਮਾ ਨਾ ਹੁੰਦੀ। ਗੁਰੂ ਜੀ ਸਭ ਕੁਝ ਆਪਣੀ ਦੇਖ–ਰੇਖ ਵਿਚ ਕਰਾਉਂਦੇ, ਸਿੰਘ ਗੁਰੂ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਦੇ, ਗੁਰੂ ਜੀ ਆਪਣੀ ਪ੍ਰਫੁੱਲਤ ਪਨੀਰੀ ਵੇਖ ਕੇ ਖੁਸ਼ ਹੁੰਦੇ ਅਤੇ ਆਪਣੇ ਸੁਪਨੇ ਆਪਣੇ ਸਿੰਘਾਂ ਵਿੱਚੋਂ ਸਾਕਾਰ ਹੋਏ ਵੇਖਦੇ। ਅਜੋਕਾ ਸਿੱਖ ਜਗਤ ਅੱਜ ਵੀ ਇਸ ਰੀਤੀ ਨੂੰ ਉਸੇ ਹੀ ਸ਼ਾਨ ਨਾਲ ਮਨਾ ਰਿਹਾ ਹੈ, ਜੋ ਸਿੱਖ ਜਗਤ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ।

ਗੁਰੂ ਸਾਹਿਬ ਵੱਲੋਂ ਇਨ੍ਹਾਂ ਮਸਨੂਈ ਜੰਗਾਂ ਦਾ, ਸਿੱਖਾਂ ’ਚ ਬੀਰਤਾ ਦੀ ਪਿਉਂਦ ਦਾ, ਮਜ਼ਲੂਮ ਦੀ ਰੱਖਿਆ ਦਾ ਜਜ਼ਬਾ, ਪਹਾੜੀ ਰਾਜਿਆਂ ਨੂੰ ਨਾ ਪਚਦਾ। ਅਨੰਦਪੁਰ ਸਾਹਿਬ ਦੀ ਧਰਤੀ ’ਤੇ ਵੱਜਦਾ ਰਣਜੀਤ ਨਗਾਰਾ ਤੇ ਜੰਗੀ ਮਸ਼ਕਾਂ ਦੀਆਂ ਦਿੱਲੀ ਤਕ ਪਹੁੰਚਦੀਆਂ ਸੂਚਨਾਵਾਂ ਨਾਲ ਪਹਾੜੀ ਰਾਜਿਆਂ ਨੂੰ ਕਾਂਬਾ ਛਿੜਦਾ। ਦਿੱਲੀ ਤਖ਼ਤ ਵੱਲੋਂ ਇਹ ਹੁਕਮ ਸੀ ਕਿ ਦਸਤਾਰ ਉਹ ਹੀ ਸਜਾ ਸਕਦਾ ਹੈ ਜਿਸ ਨੂੰ ਤਖ਼ਤ ਜਾਂ ਬਾਦਸ਼ਾਹ ਵੱਲੋਂ ਮਿਲੀ ਹੈ। ਗ਼ੈਰ-ਮੁਸਲਮਾਨ ਘੋੜ ਸਵਾਰੀ ਨਹੀਂ ਕਰ ਸਕਦਾ, ਲੜਾਈ ਵਿਚ ਵਰਤੋਂ ਵਾਲਾ ਕੋਈ ਸ਼ਸਤਰ ਨਹੀਂ ਰੱਖ ਸਕਦਾ। ਪਰ ਸਤਿਗੁਰੂ ਜੀ ਨੇ ਕਿਹਾ ਕਿ ਸਿੱਖ ਇਕਹਿਰੀ ਨਹੀਂ ਬਲਕਿ ਦੋਹਰੀ ਦਸਤਾਰ ਸਜਾਏਗਾ, ਮੇਰਾ ਸਿੱਖ ਘੋੜ ਸਵਾਰੀ ਕਰੇਗਾ! ਮੇਰਾ ਸਿੱਖ ਸ਼ਸਤਰਧਾਰੀ ਹੋਵੇਗਾ! ਸਵੈ–ਰੱਖਿਆ ਲਈ ਤਾਂ ਉਹ ਲੜੇਗਾ ਹੀ, ਸਗੋਂ ਮਜ਼ਲੂਮ ਦੀ ਰੱਖਿਆ ਵੀ ਕਰੇਗਾ। ਗੁਰੂ ਜੀ ਵੱਲੋਂ ਵਰੋਸਾਏ ਸਿੱਖਾਂ ਨੇ ਇਸ ਨੂੰ ਅਮਲ ਵਿਚ ਲਿਆ ਕੇ ਵੀ ਵਿਖਾਇਆ ਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ।

ਗੁਰੂ ਜੀ ਹੋਲੇ ਮਹੱਲੇ ਦੇ ਸ਼ੁਭ-ਅਵਸਰ ’ਤੇ ਗੁਲਾਬ ਜਲ, ਗੁਲਾਲ, ਮੁਸ਼ਕ ਅੰਬਰ, ਆਪਣੇ ਮੁਬਾਰਕ ਹੱਥਾਂ ’ਚੋਂ ਛਿੜਕਦੇ ਸਨ ਜਿਸ ਦਾ ਜ਼ਿਕਰ ਭਾਈ ਨੰਦ ਲਾਲ ਜੀ ਨੇ ਆਪਣੀ ਇਕ ਗ਼ਜ਼ਲ ਵਿਚ ਬੜੇ ਹੀ ਭਾਵਪੂਰਤ ਲਫਜ਼ਾਂ ਵਿਚ ਬਿਆਨ ਕੀਤਾ ਹੈ। ਕਿਸ ਤਰ੍ਹਾਂ ਧਰਤੀ ਤੇ ਅੰਬਰ, ਜਦੋਂ ਗੁਲਾਲ ਦੀ ਵਰਖਾ ਹੁੰਦੀ ਸੀ ਰੰਗੇ ਜਾਂਦੇ ਸਨ। ਹੋਲੀ ਦੇ ਦਿਨਾਂ ਵਿਚ ਅਨੰਦਪੁਰ ਸਾਹਿਬ ਦੀ ਧਰਤ ਫੁੱਲਾਂ ਵਾਂਗ ਮਹਿਕਦੀ ਸੀ। ਗੁਲਾਬ, ਗੁਲਾਲ, ਮੁਸ਼ਕ ਅੰਬਰ ਤੇ ਕਸਤੂਰੀ ਦੀ ਗੰਧ, ਅੰਬਰਾਂ ਤੋਂ ਬਾਰਸ਼ ਵਾਂਗ ਵਰ੍ਹਦੀ ਸੀ। ਜਦੋਂ ਗੁਰੂ ਜੀ ਦੇ ਦਸਤ-ਏ-ਮੁਬਾਰਕ ਤੋਂ ਗੁਲਾਲ ਬਿਖਰਦਾ ਤਾਂ ਧਰਤੀ ਤੇ ਅਸਮਾਨ ਸੁਰਖ ਹੋ ਜਾਂਦਾ ਤੇ ਸਿੱਖਾਂ ਦੇ ਦੋਵੇਂ ਜਹਾਨ ਉਸ ਦੀ ਰਹਿਮਤ ਨਾਲ ਰੰਗੀਨ ਹੋ ਜਾਂਦੇ। ਜਿਸ ਨੂੰ ਸਤਿਗੁਰੂ ਜੀ ਦੇ ਦੀਦਾਰ ਨਸੀਬ ਹੋ ਜਾਂਦੇ, ਉਸ ਨੂੰ ਉਮਰ-ਭਰ ਲਈ ਖੁਸ਼ੀ ਨਸੀਬ ਹੋ ਜਾਂਦੀ। ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ। ਅਖ਼ੀਰ ਵਿਚ ਭਾਈ ਨੰਦ ਲਾਲ ਜੀ ਲਿਖਦੇ ਹਨ ਕਿ ਮੇਰਾ ਜੀਅ ਕਰਦਾ ਹੈ ਕਿ ਮੈਂ ਉਨ੍ਹਾਂ ਰਾਹਾਂ ਤੋਂ ਆਪਣਾ ਜੀਵਨ ਵਾਰ ਦਿਆਂ ਜਿਨ੍ਹਾਂ ਰਾਹਾਂ ਤੋਂ ਗੁਰੂ ਦੇ ਸਿੱਖ ਗੁਜ਼ਰਦੇ ਹਨ। ਮੇਰੀ ਜ਼ਿੰਦਗੀ ਦਾ ਮਕਸਦ ਇਹੋ ਹੀ ਹੈ:

ਸ਼ਵਦ ਕੁਰਬਾਨ ਖਾਕਿ ਰਾਹਿ ਸੰਗਤ,
ਦਿਲਿ ਗੋਯਾ ਹਮੀਂ ਰਾ ਆਰਜ਼ੂ ਕਰਦ।

ਇਹ ਕਿਹੋ ਜਹੇ ਜਸ਼ਨਾਂ ਭਰੇ ਦਿਨ ਹੁੰਦੇ ਹੋਣਗੇ ਜਿਨ੍ਹਾਂ ਦਾ ਚਿਤਰਨ ਭਾਈ ਨੰਦ ਲਾਲ ਜੀ ਵਰਗੇ ਸ਼ਾਇਰ ਕਰਦੇ ਹਨ! ਸਤਿਗੁਰੂ ਜੀ ਦੀ ਚੜ੍ਹਤ ਕਿੰਨੀ ਵੇਖਣ ਵਾਲੀ ਹੁੰਦੀ ਹੋਵੇਗੀ। ਸਿੱਖਾਂ ਦਾ ਠਾਠਾਂ ਮਾਰਦਾ ਸਮੁੰਦਰ ਅਨੰਦਪੁਰ ਸਾਹਿਬ ਦੀ ਧਰਤ ’ਤੇ ਵਿਛਿਆ ਹੁੰਦਾ ਹੋਵੇਗਾ। ਇਹ ਜਸ਼ਨ ਉਸ ਸਤਿਗੁਰੂ ਦੀ ਛਤਰ-ਛਾਇਆ ਹੇਠ ਹੁੰਦੇ ਹੋਣਗੇ ਜੋ ਦੀਨ ਤੇ ਦੁਨੀ ਦੇ ਮਾਲਕ ਹਨ। ਪਰ ਉਹ ਦੁਨਿਆਵੀ ਰਾਜ-ਭਾਗ, ਰਿਆਸਤਾਂ ਦੇ ਮਾਲਕ ਨਹੀਂ ਸਨ। ਉਹ ਤਾਂ ਦਿਲਾਂ ਦੀਆਂ ਰਿਆਸਤਾਂ ਦੇ ਮਾਲਕ ਸਨ ।

ਦਿੱਲੀ ਦਾ ਤਖ਼ਤ ਤੇ ਪਹਾੜੀ ਰਿਆਸਤਾਂ ਨੂੰ ਰਣਜੀਤ ਨਗਾਰੇ ਦੀ ਅਵਾਜ਼, ਗੁਰੂ ਜੀ ਦੀ ਹਰਮਨ-ਪਿਆਰਤਾ, ਸਿੱਖਾਂ ਦੀ ਅਥਾਹ ਸ਼ਰਧਾ, ਚਹੁੰ ਵਰਨਾਂ ’ਚੋਂ ਸਾਜੇ ਸਿੰਘਾਂ ਦੀ ਚੜ੍ਹਤ, ਦਲੇਰੀ, ਤੀਰਅੰਦਾਜ਼ੀ, ਘੋੜਸਵਾਰੀ, ਨੇਜਾਬਾਜ਼ੀ ਤੇ ਮਸਨੂਈ ਜੰਗਾਂ ਦੇ ਦਲੇਰਾਨਾ ਕਰਤੱਬ ਸਭ ਕੁਝ ਹਜ਼ਮ ਕਰਨਾ ਬਹੁਤ ਔਖਾ ਹੁੰਦਾ ਹੋਵੇਗਾ, ਪਰ ਸਤਿਗੁਰੂ! ਤੇਰੇ ਕੌਤਕਾਂ ਨੂੰ ਤੂੰ ਹੀ ਜਾਣਦਾ ਏਂ।

ਆਓ! ਗੁਰੂ ਦੀਓ ਲਾਡਲੀਓ ਫੌਜੋ! ਇਕ ਵਾਰੀ ਫੇਰ ਗੁਰੂ ਦੇ ਨਗਾਰੇ ਦੀ ਅਵਾਜ਼ ਸੁਣੀਏ! ਨਸ਼ਿਆਂ ਦੇ ਵਗਦੇ ਦਰਿਆਵਾਂ ਨੂੰ ਠੱਲ੍ਹ ਪਾਈਏ! ਪਤਿਤਪੁਣੇ ਦੀਆਂ ਵਗਦੀਆਂ ਹਨ੍ਹੇਰੀਆਂ ਤੋਂ ਸਿੱਖੀ ਨੂੰ ਬਚਾਈਏ! ਅਖੌਤੀ ਵਿਦਵਾਨਾਂ ਦੀਆਂ ਰੁੱਖੀਆਂ, ਅਸ਼ਰਧਕ ਗੱਲਾਂ ਦਾ ਮੂੰਹ-ਤੋੜਵਾਂ ਜਵਾਬ ਦੇਈਏ! ਗੁਰੂ ਦੀ ਓਟ ਲੈ ਕੇ, ਉਦਮੀ ਬਣੀਏ! ਕੌਮ ਲਈ, ਸਿੱਖੀ ਲਈ, ਵਕਤ ਕੱਢੀਏ! ਸਤਿਗੁਰੂ ਜੀ ਸਭ ਨੂੰ ਸੁਮੱਤ ਬਖਸ਼ਣ! ਅਸੀਂ ਗੁਰਮਤਿ ਰਾਹ ਦੇ ਪਾਂਧੀ ਬਣੀਏ! ਆਪਣੇ ਕੀਮਤੀ ਵਿਰਸੇ ’ਤੇ ਮਾਣ ਕਰੀਏ! ਗੁਰਮਤਿ ਸੇਧ ਵਿਚ ਆਪਣਾ ਜੀਵਨ ਗੁਜ਼ਾਰੀਏ! ਤਾਂ ਹੀ ਸਾਡਾ ਹੋਲਾ ਮਹੱਲਾ ਮਨਾਇਆ ਸਕਾਰਥਾ ਹੋਵੇਗਾ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Satnam Singh Komal

# 248, ਅਰਬਨ ਅਸਟੇਟ, ਲੁਧਿਆਣਾ-10

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)