ਮਹਾਰਾਜਾ ਰਣਜੀਤ ਸਿੰਘ ਇਕ ਵਚਿੱਤਰ ਭਾਂਤ ਦਾ ਦਾਨਾਬੀਨਾ ਕਲਾਧਾਰੀ ਪੁਰਖ ਸੀ, ਜਿਸ ਨੇ ਸਦੀਆਂ ਬਾਅਦ ਪੰਜਾਬ ਵਿਚ ਸੁਤੰਤਰ ਰਾਜ ਸਥਾਪਤ ਕਰ ਕੇ ਇਥੇ ਸੰਸਕ੍ਰਿਤਕ ਤੇ ਸਾਹਿਤਕ ਵਿਕਾਸ ਦਾ ਵਾਤਾਵਰਣ ਬਣਾਇਆ। ਉਹ ਕੇਵਲ ਰਾਜਨੀਤੀ ਤੇ ਯੁੱਧ ਕਲਾ ਵਿਚ ਹੀ ਪ੍ਰਬੀਨ ਨਹੀਂ ਸੀ, ਉਸ ਨੇ ਹੋਰ ਸੂਖ਼ਮ ਕਲਾਵਾਂ ਦੀ ਵੀ ਰੱਜ ਕੇ ਸਰਪ੍ਰਸਤੀ ਕੀਤੀ। ਇਹੋ ਕਾਰਨ ਹੈ ਕਿ ਉਸ ਦੇ ਚਾਲੀ ਸਾਲਾ ਰਾਜ ਸਮੇਂ ਪੰਜਾਬ ਨੇ ਚਿੱਤਰਕਲਾ, ਭਵਨ ਨਿਰਮਾਣ ਕਲਾ, ਸ਼ਿਲਪ ਕਲਾ ਤੇ ਸਾਹਿਤ ਕਲਾ ਆਦਿ ਵਿਚ ਬੜੀਆਂ ਲੰਮੀਆਂ ਉਲਾਂਘਾਂ ਪੁੱਟੀਆਂ। ਇਕੱਲਾ ਸ੍ਰੀ ਹਰਿਮੰਦਰ ਸਾਹਿਬ ਦਾ ਇਮਾਰਤੀ ਹੁਨਰ ਦੱਸਦਾ ਹੈ ਕਿ ਭਵਨ ਨਿਰਮਾਣ ਕਲਾ ਕਿੰਨੀਆਂ ਉੱਚੀਆਂ ਸਿਖਰਾਂ ਨੂੰ ਛੋਹ ਰਹੀ ਸੀ। ਦਿੱਲੀ, ਬਨਾਰਸ, ਲਖਨਊ ਤੇ ਕਾਂਗੜੇ ਦੇ ਦਰਜਨਾਂ ਚਿੱਤਰਕਾਰ ਮਹਾਰਾਜੇ ਪਾਸ ਆਏ ਤੇ ਕੁਝ ਪੱਛਮੀ ਕਲਾਕਾਰ ਵੀ ਉਸ ਦੀ ਉਦਾਰਤਾ ਤੋਂ ਵਰੋਸਾਏ ਗਏ। ਮਿਸਟਰ ਬਾਰ ‘ਏ ਜਰਨੀ ਫਰਾਮ ਦਿਹਲੀ ਟੂ ਪਿਸ਼ਾਵਰ’ (ਪੰਨਾ 140-42) ਵਿਚ ਸਿੱਖ ਰਾਜ ਨੂੰ ‘ਚਿੱਤਰਕਾਰੀ ਦੀ ਕੋਮਲ ਕਲਾ ਦਾ ਦੇਸ਼’ ਕਹਿ ਕੇ ਯਾਦ ਕਰਦਾ ਹੈ। ਖਾਲਸਾ ਦਰਬਾਰ ਦੇ ਇਹ ਅਮੋਲਕ ਚਿੱਤਰ ਸਾਡੇ ਪਾਸ ਨਹੀਂ ਹਨ, ਕੁਝ ਲਾਹੌਰ ਪਏ ਹਨ ਤੇ ਕਿਤਨੇ ਹੀ ਲੰਡਨ ਬ੍ਰਿਟਿਸ਼ ਮਿਊਜ਼ੀਅਮ, ਵਿਕਟੋਰੀਆ ਐਲਬਰਟ ਮਿਊਜ਼ੀਅਮ ਜਾਂ ਫਿਰ ਇੰਡੀਆ ਆਫਿਸ ਲਾਇਬ੍ਰੇਰੀ ਦਾ ਸ਼ਿੰਗਾਰ ਹਨ। ਇਹ ਤਾਂ ਇਕ ਇਤਿਹਾਸਕ ਹਕੀਕਤ ਹੈ ਕਿ ਅਠਾਰ੍ਹਵੀਂ ਸਦੀ ਪੰਜਾਬ ਲਈ ਅਤਿਅੰਤ ਗੜਬੜ ਤੇ ਬਦਅਮਨੀ ਦਾ ਜ਼ਮਾਨਾ ਸੀ। 20 ਹਮਲੇ ਤਾਂ ਕਾਬਲ ਵੱਲੋਂ ਹੀ ਹੋਏ। ਨਾਦਰਸ਼ਾਹ ਨੇ ਜੋ ਫਤੂਰ ਪਾਇਆ, ਉਹ ਵੀ ਸਿਰੇ ਦਾ ਸੀ। ਅਜਿਹੀ ਮਾਰਧਾੜ ਵਿਚ ਕਲਮ ਤੇ ਬੁਰਸ਼ ਦੀ ਕੀ ਕਦਰ ਹੋ ਸਕਦੀ ਸੀ? ਸਿੱਖ-ਸੰਗਰਾਮੀਆਂ ਦੀ ਬੇਮਿਸਾਲ ਘਾਲ ਦਾ ਸਿੱਟਾ ਸੀ ਕਿ ਇਥੇ ਕੁਝ ਅਮਨ-ਅਮਾਨ ਹੋਇਆ। ਮਾਲਵੇ ਦੀਆਂ ਰਿਆਸਤਾਂ ਵਿਚ ਵੀ ਸਾਹਿਤ ਤੇ ਕਲਾ ਦੇ ਦੀਪਕ ਜਗਮਗਾਏ। ਰਾਜਾ ਫਤਿਹ ਸਿੰਘ ਕਪੂਰਥਲੇ ਵਾਲਾ ਖ਼ੁਦ ਚੰਗਾ ਕਵੀ ਸੀ। ਰਾਜਾ ਜਸਵੰਤ ਸਿੰਘ ਨਾਭਾ ਰਚਿਤ ‘ਭਾਸ਼ਾ ਭੂਸ਼ਣ’ ਦੀ ਟੀਕਾ ਦੱਸਦੀ ਹੈ ਕਿ ਉਹ ਵੀ ਸਾਹਿਤਕ ਪਰੰਪਰਾ ਦਾ ਗਿਆਤਾ ਸੀ। ਸੰਗਰੂਰ ਵਿਚ ਸਾਹਿਬ ਸਿੰਘ ਮ੍ਰਿਗਿੰਦ ਤੇ ਪਟਿਆਲੇ ਕੇਸੋ ਦਾਸ ਤੇ ਬਾਵਾ ਰਾਮ ਦਾਸ ਜਿਹੇ ਮਹਾਨ ਕਵੀ ਤੇ ਰਿਆਸਤ ਕੈਥਲ ਵਿਚ ਭਾਈ ਸੰਤੋਖ ਸਿੰਘ ਜੀ ਵਰਗਾ ਮਹਾਨ ਸਾਹਿਤਕਾਰ ਦਸਾਂ ਗੁਰੂ ਸਾਹਿਬਾਨ ਦੇ ਚਮਤਕਾਰਾਂ ਉੱਪਰ ‘ਗੁਰਪ੍ਰਤਾਪ ਸੂਰਜ’ ਵਰਗਾ ਮਹਾਨ ਕਾਵਿ ਰਚ ਕੇ ਕੋਈ ਨਵੀਂ ਕਿਸਮ ਦੇ ਪੂਰਨੇ ਪਾ ਰਿਹਾ ਸੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜ-ਭਾਗ ਸਭ ਤੋਂ ਵਿਸ਼ਾਲ ਸੀ। ਉਸ ਦੇ ਸਾਧਨ ਵੀ ਵਿਸ਼ਾਲ ਸਨ ਇਸ ਕਰਕੇ ਉਸ ਨੇ ਬੜੀ ਉਦਾਰਤਾ ਨਾਲ ਪੰਜਾਬੀ, ਹਿੰਦੀ, ਫ਼ਾਰਸੀ ਤੇ ਅਰਬੀ ਦੇ ਵਿਦਵਾਨਾਂ ਦੀ ਸਰਪ੍ਰਸਤੀ ਕੀਤੀ। ਉਹ ਆਪਣੀ ਸੰਸਕ੍ਰਿਤੀ, ਕਲਾ ਤੇ ਸਾਹਿਤਕ ਵਿਰਸੇ ਲਈ ਪੂਰੀ ਤਰ੍ਹਾਂ ਚੇਤੰਨ ਸੀ ਇਸ ਦੀ ਪੁਸ਼ਟੀ ਉਸ ਦੀ ਲਾਹੌਰ ਦੀ ਸਰਕਾਰੀ ਲਾਇਬ੍ਰੇਰੀ ਤੋਂ ਭਲੀ-ਭਾਂਤ ਹੋ ਜਾਂਦੀ ਹੈ। ਉਸ ਨੂੰ ਇਲਮੀਅਤ ਦੀ ਕਿਤਨੀ ਕਦਰ ਸੀ ਇਹ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਹਦਾਇਤ ਸੀ ਕਿ ਜਦ ਕਦੀ ਖਾਲਸਾ ਫ਼ੌਜ ਦੁਸ਼ਮਣ ਦੇ ਇਲਾਕੇ ਉੱਤੇ ਚੜ੍ਹਾਈ ਕਰੇ ਤਾਂ ਉਹ ਕਿਸੇ ਨਵਾਬ ਦੇ ਚੰਗੇ ਕੁਤਬਖਾਨੇ ਨੂੰ ਹਮਲੇ ਦਾ ਸ਼ਿਕਾਰ ਨਾ ਬਣਾਵੇ। 1834 ਈ. ਵਿਚ ਜਦ ਪਿਸ਼ਾਵਰ ਉੱਤੇ ਕਬਜ਼ਾ ਕਰਨ ਲਈ ਚੜ੍ਹਾਈ ਹੋਈ ਤਾਂ ਮਹਾਰਾਜੇ ਨੇ ਖ਼ੁਦ ਉਚੇਚਾ ਹੁਕਮ ਕੀਤਾ ਕਿ ‘ਚਮਕਨੀ’ ਦੇ ਅਖੂਨਜ਼ਾਦਿਆਂ ਪਾਸ ਬੜੀ ਵਧੀਆ ਲਾਇਬ੍ਰੇਰੀ ਸੁਣੀਂਦੀ ਹੈ। ਦੇਖਣਾ! ਉਸ ਨੂੰ ਕਿਸੇ ਤਰ੍ਹਾਂ ਆਂਚ ਨਾ ਆਵੇ। ਇਸ ਹੁਕਮ ਦੀ ਪੂਰੀ-ਪੂਰੀ ਪਾਲਣਾ ਕੀਤੀ ਗਈ।
ਮਹਾਰਾਜਾ ਸੁੰਦਰ ਲਿਖਤਾਂ ਦਾ ਬੜਾ ਸ਼ੌਕੀਨ ਤੇ ਦਿਲਦਾਦਾ ਸੀ। ਉਹ ਸਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਧਾਰਮਿਕ ਪੋਥੀਆਂ ਲਿਖਣ ਵਾਲੇ ਖੁਸ਼ਨਵੀਸਾਂ ਤੇ ਲਿਖਾਰੀਆਂ ਨੂੰ ਮਾਨ-ਸਨਮਾਨ ਬਖ਼ਸ਼ਦਾ ਰਹਿੰਦਾ ਸੀ। ਲਾਹੌਰ ਦਾ ਖੁਸ਼ਨਵੀਸ ਪੀਰ ਬਖ਼ਸ਼ ਅਰਬੀ ਤੇ ਫ਼ਾਰਸੀ ਦਾ ਬੜਾ ਵਧੀਆ ਕਾਤਿਬ ਸੀ, ਉਸ ਨੂੰ ਮਹਾਰਾਜੇ ਨੇ ਨਿਵਾਜਿਆ। ਇਸੇ ਤਰ੍ਹਾਂ ਕੋਈ ਵਧੀਆ ਖੁਸ਼ਨਵੀਸ ਕੁਰਾਨ ਸ਼ਰੀਫ਼ ਲਿਖ ਕੇ ਲਈ ਜਾ ਰਿਹਾ ਸੀ ਤਾਂ ਕਿ ਕਿਤੇ ਦੂਰ ਕਿਸੇ ਮੁਸਲਿਮ ਨਵਾਬ ਪਾਸੋਂ ਉਸ ਦਾ ਚੰਗਾ ਇਨਾਮ-ਕਨਾਮ ਹਾਸਲ ਕਰ ਕੇ ਉਮਰ ਭਰ ਦੀਆਂ ਰੋਟੀਆਂ ਲੈ ਸਕੇ। ਮਹਾਰਾਜੇ ਨੇ ਸਾਰੀ ਵਿਥਿਆ ਸੁਣ ਕੇ ਉਸ ਨੂੰ ਪਾਸ ਬੁਲਾਇਆ ਤੇ ਦਸ ਹਜ਼ਾਰ ਨਕਦ ਦੇ ਕੇ ਨਿਹਾਲੋ-ਨਿਹਾਲ ਕਰ ਦਿੱਤਾ। ਲਾਗਿਓਂ ਫ਼ਕੀਰ ਅਜੀਜ਼ੁਦੀਨ ਕਹਿਣ ਲੱਗਾ, “ਮਹਾਰਾਜ! ਇਹ ਤਾਂ ਮੋਮਨਾਂ ਦੀ ਚੀਜ਼ ਹੈ, ਤੁਸੀਂ ਕੀ ਕਰੋਗੇ?” ਅੱਗੋਂ ਮਹਾਰਾਜੇ ਨੇ ਹੱਸ ਕੇ ਜਵਾਬ ਦਿੱਤਾ, “ਫ਼ਕੀਰ! ਮੈਨੂੰ ਖ਼ੁਦਾ ਨੇ ਇਕ ਅੱਖ ਇਸੇ ਲਈ ਹੀ ਦਿੱਤੀ ਹੈ ਕਿ ਮੈਂ ਸਾਰੇ ਧਰਮਾਂ ਤੇ ਸਾਰੇ ਧਰਮ ਗ੍ਰੰਥਾਂ ਨੂੰ ਇਕਸਾਰ ਦੇਖਾਂ।” ਗਿਆਨੀ ਸੰਤ ਸਿੰਘ ਮਹਾਰਾਜੇ ਦਾ ਇਤਬਾਰੀ ਮੁਸਾਹਬ ਸੀ ਜੋ ਸੰਸਕ੍ਰਿਤ ਤੇ ਫ਼ਾਰਸੀ ਦਾ ਗਿਆਤਾ ਸੀ। ਉਸ ਨੇ ‘ਤੁਲਸੀ ਰਾਮਾਯਣ’ ਦਾ ਭਾਵ ਪ੍ਰਕਾਸ਼ਨੀ ਟੀਕਾ ਲਿਖਿਆ ਜੋ ਪੰਜਾਬ ਤੋਂ ਬਾਹਰ ਵੀ ਕਾਫ਼ੀ ਮਾਨਤਾ ਰੱਖਦਾ ਸੀ। ਮਹਾਰਾਜਾ ਇਲਮ-ਦੋਸਤ ਸੀ ਤੇ ਟੈਕਨੀਕਲ ਵਿੱਦਿਆ ਵਧਾਉਣ ਵਿਚ ਵੀ ਵਧੇਰੇ ਦਿਲਚਸਪੀ ਰੱਖਦਾ ਸੀ। ਜਦ ਸ. ਲਹਿਣਾ ਸਿੰਘ ਮਜੀਠੀਏ ਨੇ ਕਾਰੀਗਰੀ ਕਰ ਕੇ ਇਕ ਘੜੀ ਤੇ ਇਕ ਨਵੀਂ ਤਰ੍ਹਾਂ ਦੀ ਬੰਦੂਕ ਬਣਾ ਕੇ ਦਿਖਾਈ ਤਾਂ ਮਹਾਰਾਜਾ ਬਹੁਤ ਪ੍ਰਸੰਨ ਹੋਇਆ ਤੇ ਉਸ ਨੂੰ ‘ਕੈਸਰੁਲ ਇਕਤਦਾਰ ’ਤੇ ਹਸ਼ਾਮੁਦੌਲਾ’ ਦਾ ਖ਼ਿਤਾਬ ਦੇ ਕੇ ਸਨਮਾਨਿਆ। ਪੰਡਿਤ ਰਾਧਾ ਕਿਸ਼ਨ ਨੂੰ ਕਹਿ ਕੇ ਉਸ ਤੋਂ ਰਾਜ ਪ੍ਰਬੰਧ ਦੇ ਕਾਇਦੇ ਕਾਨੂੰਨ ‘ਕਵਾਇਦ’ ਵੀ ਲਿਖਾਏ। ਇਹ ਵੀ ਵਰਣਨਯੋਗ ਹੈ ਕਿ ਮੁਨਸ਼ੀ ਕਾਦਰ ਬਖ਼ਸ਼ ਨੂੰ ਮਹਾਰਾਜੇ ਨੇ ਖ਼ੁਦ ਲੁਧਿਆਣੇ ਅੰਗਰੇਜ਼ੀ ਸਿੱਖਣ ਲਈ ਭੇਜਿਆ ਸੀ। ਉਸ ਦਾ ਇਹ ਵੀ ਖ਼ਿਆਲ ਸੀ ਕਿ ਬਰਤਾਨਵੀ ਸਰਕਾਰ ਦਾ ਜੋ ਵਿਧਾਨ ਹੈ, ਉਸ ਨੂੰ ਦੇਸੀ ਜ਼ਬਾਨ ਵਿਚ ਤਰਜਮਾਇਆ ਜਾਵੇ। ਕੈਪਟਨ ਵੇਡ ਨੂੰ ਕਹਿ ਕੇ ਉਸ ਦੀ ਕਾਪੀ ਮੰਗਵਾਈ ਜਿਸ ਦਾ ਪੰਜਾਬੀ ਰੂਪਾਂਤਰਨ ਸ਼ਾਇਦ ‘ਕਵਾਇਦ ਆਇਨਿ ਅੰਗਰੇਜ਼ੀ, ਦਰ ਗੁਰਮੁਖੀ’ ਨਾਂ ਹੇਠ ਤਿਆਰ ਕੀਤਾ ਗਿਆ ਸੀ। ਅਜਿਹੇ ਲਿਖਤੀ ਕੰਮ, ਉਸ ਦੀ ਅਗਰਗਾਮੀ ਦ੍ਰਿਸ਼ਟੀ ਦੇ ਲਖਾਇਕ ਹਨ ਪਰ ਉਹ ਚੇਤੰਨ ਇਤਨਾ ਸੀ ਕਿ ਜਦ 1832 ਈ. ਵਿਚ ਈਸਾਈ ਪਾਦਰੀ ਜੋਜ਼ਫ ਵੁਲਫ਼ ਲਾਹੌਰ ਆਇਆ ਤਾਂ ਉਸ ਨੇ ਉਥੇ ਸਕੂਲ ਖੋਲ੍ਹਣ ਦੀ ਆਗਿਆ ਮੰਗੀ। ਮਹਾਰਾਜੇ ਨੇ ਪੁੱਛਿਆ ਕਿ ਇਸ ਸਕੂਲ ਵਿਚ ਕੀ-ਕੀ ਪੜ੍ਹਾਇਆ ਜਾਵੇਗਾ ਤਾਂ ਉਸ ਨੇ ਕਿਹਾ, “ਅਸੀਂ ਬਾਈਬਲ ਦੀ ਸਿੱਖਿਆ ਦੇਵਾਂਗੇ ਤੇ ਧਰਮ ਈਮਾਨ ਦਾ ਸਬਕ ਪੜ੍ਹਾਵਾਂਗੇ।” ਤਾਂ ਮਹਾਰਾਜੇ ਨੇ ਹੱਸ ਕੇ ਕਿਹਾ ਕਿ ‘ਤੂੰ ਸਾਨੂੰ ਜੋ ਧਰਮ ਈਮਾਨ ਦੀ ਸਿੱਖਿਆ ਦੇ ਰਿਹਾ ਹੈਂ ਇਨ੍ਹਾਂ ਹਿੰਦ ਵਿਚ ਆਏ ਕੰਪਨੀ ਦੇ ਫ਼ਿਰੰਗੀਆਂ ਨੂੰ ਕਿਉਂ ਨਹੀਂ ਧਰਮ ਸਿਖਾਉਂਦਾ, ਜਿਨ੍ਹਾਂ ਦਾ ਕੋਈ ਈਮਾਨ ਹੀ ਨਹੀਂ?’
ਸੋ ਮਹਾਰਾਜੇ ਨੂੰ ਅਨਪੜ੍ਹ ਕਹਿਣਾ ਭੁੱਲ ਹੈ, ਉਹ ਜੋ ਆਲੇ-ਦੁਆਲੇ ਵਰਤ ਰਿਹਾ ਸੀ, ਸਭ ਕੁਝ ਸਮਝਦਾ ਤੇ ਸਮਝ ਕੇ ਹੀ ਦੇਸ਼ ਦੇ ਪ੍ਰਬੰਧ ਦੀ ਨੀਤੀ ਚਲਾਉਂਦਾ ਸੀ। ਜਿਸ ਤਰੀਕੇ ਨਾਲ ਉਸ ਆਪਣੇ ਜਿਊਂਦੇ-ਜੀਅ ਫ਼ਿਰੰਗੀਆਂ ਨੂੰ ਤੀਹ-ਚਾਲੀ ਸਾਲ ਵੱਟੇ-ਵੱਟ ਪਾਈ ਰੱਖਿਆ, ਉਸ ਤਰ੍ਹਾਂ ਹਿੰਦੁਸਤਾਨ ਦਾ ਕੋਈ ਰਾਜਾ ਜਾਂ ਨਵਾਬ ਨਹੀਂ ਕਰ ਸਕਿਆ।
ਜਿਥੋਂ ਤਕ ਸਾਹਿਤ ਤੇ ਜ਼ਬਾਨਾਂ ਦੀ ਤਰੱਕੀ ਦਾ ਸਵਾਲ ਹੈ, ਉਸ ਨੇ ਯਥਾਯੋਗ ਉਪਰਾਲੇ ਕੀਤੇ। ਅਨੇਕਾਂ ਪੰਜਾਬੀ ਤੇ ਹਿੰਦੀ ਕਵੀਆਂ ਨੂੰ ਆਦਰ-ਸਨਮਾਨ ਦਿੱਤਾ। ਇਸ ਲਿਸਟ ਵਿਚ ਸੱਯਦ ਹਾਸ਼ਮ ਸ਼ਾਹ, ਮੌਲਵੀ ਅਹਿਮਦਯਾਰ, ਪੰਡਿਤ ਨਿਹਾਲ ਸਿੰਘ, ਸ. ਬੁੱਧ ਸਿੰਘ ਲਾਹੌਰੀ, ਭਾਈ ਸੌਂਧਾ ਸਿੰਘ, ਸ. ਗੁਰਮੁਖ ਸਿੰਘ, ਗਿਆਨੀ ਸ. ਹਾਕਮ ਸਿੰਘ ਦਰਵੇਸ਼, ਸਾਵਣਯਾਰ, ਕਾਦਰਯਾਰ, ਜਾਫ਼ਰ ਬੇਗ, ਗਣੇਸ਼ ਦਾਸ, ਗੰਗਾਧਰ, ਸਾਧੂ ਅਮੀਰ ਦਾਸ, ਸ. ਪੂਰਨ ਸਿੰਘ, ਸ. ਜੈ ਸਿੰਘ, ਸ. ਨਛੱਤਰ ਸਿੰਘ, ਸ. ਭਾਗ ਸਿੰਘ, ਸ. ਨਿਹਾਲ ਸਿੰਘ, ਸ. ਮੇਘ ਸਿੰਘ, ਸ੍ਰੀ ਸ਼ਿਵ ਦਿਆਲ, ਸ. ਸਹਾਈ ਸਿੰਘ, ਸ਼ਾਹ ਮੁਹੰਮਦ, ਸ. ਕਾਨ੍ਹ ਸਿੰਘ ਬੰਗਾ ਆਦਿ ਦੇ ਨਾਂ ਸਹਿਜੇ ਹੀ ਲਏ ਜਾ ਸਕਦੇ ਹਨ ਜਿਨ੍ਹਾਂ ਮਹਾਰਾਜੇ ਦੇ ਅੱਖੀਂ ਦਰਸ਼ਨ ਕੀਤੇ ਤੇ ਜਾਂ ਫਿਰ ਉਸ ਦੀ ਸਿਫ਼ਤ ਸਲਾਹ ਸੁਣ-ਸੁਣ ਕੇ ਕਈ ਤਰ੍ਹਾਂ ਦੀ ਰਚਨਾ ਕੀਤੀ ਹੈ। ਇਸ ਕਿਸਮ ਦੀ ਰਚਨਾਵਲੀ ਨੂੰ ਨਿਰਾ ਕਸ਼ੀਦਾਕਾਰੀ ਕਹਿ ਕੇ, ਅਣਡਿੱਠ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਸ ਮਹਾਨ ਬੀਰ ਨਾਇਕ ਨੇ ਇਤਿਹਾਸ ਦਾ ਪਾਸਾ ਪਲਟਾ ਕੇ ਪੰਜਾਬ ਨੂੰ ਪ੍ਰਭੁਸੱਤਾ ਸੰਪੰਨ ਸੁਤੰਤਰ ਰਾਜ ਬਣਾਇਆ, ਉਸ ਦੀ ਦਾਨਾਈ ਤੇ ਦਲੇਰੀ ਦੀ ਮਹਿਮਾ ਕੀਤੇ ਜਾਣਾ ਕੁਦਰਤੀ ਵਰਤਾਰਾ ਸੀ। ਫਿਰ ਉਸ ਦੇ ਪਰਾਕ੍ਰਮ ਅਤੇ ਪ੍ਰਭੁਤਾ ਬਾਰੇ ਫ਼ਾਰਸੀ ਵਿਚ ਵੀ ਉਸ ਸਮੇਂ ਜਾਂ ਜ਼ਰਾ ਪਿੱਛੋਂ ਤ੍ਵਾਰੀਖ਼ਦਾਨਾਂ ਜੋ ਕੁਝ ਲਿਖਿਆ, ਉਹ ਪੰਜਾਬ ਦੇ ਗੌਰਵ ਦਾ ਜ਼ਰੂਰੀ ਹਿੱਸਾ ਹੈ। ਕੁਝ ਕੁ ਵਰਣਨਯੋਗ ਆਲਮ ਫ਼ਾਜ਼ਲ ਤੇ ਉਨ੍ਹਾਂ ਦੇ ਗ੍ਰੰਥ ਇਹ ਸਨ:
ਮੁਨਸ਼ੀ ਸੋਹਨ ਲਾਲ – ਉਮਦਾਤੁਕ ਤ੍ਵਾਰੀਖ਼ ਦੀਵਾਨ ਗੰਗਾਰਾਮ – ਸ਼ੀਰੋ ਸ਼ੱਕਰ
ਮੌਲਵੀ ਅਹਿਮਦਯਾਰ – ਸ਼ਾਹਨਾਮਾਏ ਰਣਜੀਤ ਸਿੰਘ
ਦੀਵਾਨ ਅਮਰਨਾਥ – ਜ਼ਫ਼ਰਨਾਮਾਏ ਰਣਜੀਤ ਸਿੰਘ
ਅਹਿਮਦਸ਼ਾਹ ਬਟਾਲਵੀ – ਤ੍ਵਾਰੀਖ਼ੇ-ਹਿੰਦ
ਮੌਲਵੀ ਗ਼ੁਲਾਮ ਮੁਹੱਯੁਦੀਨ ਬੂਟੇ ਸ਼ਾਹ – ਤ੍ਵਾਰੀਖ਼ੇ-ਪੰਜਾਬ
ਗਣੇਸ਼ ਦਾਸ ਵਡੇਤਰਾ – ਚਹਾਰ ਗੁਲਸ਼ਨੇ-ਪੰਜਾਬ
ਫ਼ਾਰਸੀ ਕਿਤਾਬਾਂ ਹੋਰ ਵੀ ਹਨ ਤੇ ਇਸ ਤੋਂ ਇਲਾਵਾ ਫ਼ਾਰਸੀ ਅੱਖਰਾਂ ਵਿਚ ਛਪੀਆਂ ਕਈ ਪੰਜਾਬੀ ਰਚਨਾਵਾਂ ਐਸੀਆਂ ਹਨ ਜੋ ਦੇਸ਼ ਦੀ ਵੰਡ ਕਾਰਨ ਹਮੇਸ਼ਾਂ ਲਈ ਸਾਡੀਆਂ ਅੱਖਾਂ ਤੋਂ ਓਝਲ ਹੋ ਗਈਆਂ। ਜਨਾਬ ਸਿਬਤੁਲ ਹਸਨ ਜ਼ੈਗ਼ਮ ਨੇ ਦੱਸਿਆ ਸੀ ਕਿ ਮੀਆਂ ਮੁਹੰਮਦ ਯਾਰ ਦਿਲਾਵਰੀ ਨੇ ‘ਤ੍ਵਾਰੀਖ਼ ਰਾਜ ਸਿੱਖਾਂ’ ਕਿਤਾਬ ਲਿਖੀ ਸੀ। ਉਸ ਦੇ ਮੁੱਢ ਵਿਚ ਉਸ ਕਿਹਾ ਸੀ ਕਿ ਜੋ ਇਹ ਗੁਜਰਾਂਵਾਲੇ ਦਾ ਸਰਦਾਰ ਤਖ਼ਤ ਨਾ ਬਹਿੰਦਾ ਤਾਂ ਕੰਪਨੀ ਨੇ ਸਾਰਾ ਦੇਸ਼ ਖਾ-ਪੀ ਜਾਣਾ ਸੀ।
ਅੱਵਲ ਨਾਮ ਕਰਤਾਰ ਦਾ ਭਜਨ ਕੀਜੈ, ਜਿਥੋਂ ਸ਼ਿਆਰ ਦੇ ਸ਼ਬਦ ਬਖਸ਼ੀਸ਼ ਹੁੰਦੇ।
ਜੇ ਨਾ ਸ਼ੌਕ ਦਾ ਗਰਮ ਬਾਜ਼ਾਰ ਹੁੰਦਾ, ਪੈਦਾ ਕਿਥੋਂ ਆਦਮ ਇਬਲੀਸ ਹੁੰਦੇ।
ਜੇ ਨਰਾਜ਼ ਆਕਾਸ਼ ਦਾ ਬੁਰਜ ਹੁੰਦਾ, ਕਿਲੇ ਕੋਟ ਕਿਥੋਂ ਮਹਲ ਸ਼ੀਸ਼ ਹੁੰਦੇ।
ਮੁਹੰਮਦ ਯਾਰ ਸਰਦਾਰ ਨ ਤਖ਼ਤ ਬਹਿੰਦਾ, ਕਾਬੂ ਕੰਪਨੀ ਨ ਫਰਾਂਸੀਸ ਹੁੰਦੇ।
ਇਹ ਮੈਂ ਇਕ ਮਿਸਾਲ ਦਿੱਤੀ ਹੈ ਕਿ ਸਾਨੂੰ ਢੂੰਡ-ਭਾਲ ਤੇ ਫੋਲਾਫਾਲੀ ਕਰਨ ਦੀ ਬਹੁਤ ਲੋੜ ਹੈ ਕਿਉਂਕਿ ਪੰਜਾਬ ਦੀ ਗੌਰਵਗਾਥਾ ਗੁਰਮੁਖੀ ਤੇ ਫ਼ਾਰਸੀ ਅੱਖਰਾਂ ਵਿਚ ਇੱਧਰ-ਉਧਰ ਦੂਰ-ਦੂਰ ਤਕ ਖਿੱਲਰੀ ਪਈ ਹੈ। ਜਮਨਾ ਪਾਰ ਤੋਂ ਵੀ ਕਈ ਪਜਨੀਸ਼, ਗ੍ਵਾਲ ਭੱਟ ਤੇ ਪਦਮਾਕਰ (1753-1833) ਜਿਹੇ ਪ੍ਰਸਿੱਧ ਕਵੀ ਲਾਹੌਰ ਸ਼ੇਰੇ ਪੰਜਾਬ ਦੀ ਸ਼ਾਨ ਦੇਖਣ ਆਏ ਤੇ ਉਨ੍ਹਾਂ ਰੀਤਿ ਅਨੁਸਾਰ ਉਸਤਤਿ ਦੇ ਛੰਦ ਲਿਖੇ ਜਿਨ੍ਹਾਂ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਤੇਗ਼ ਦੀ ਮਹਿਮਾ ਉਜਾਗਰ ਹੁੰਦੀ ਹੈ। ਪਦਮਾਕਾਰ ਚੂੰਕਿ ਹਿੰਦੀ ਸਾਹਿਤ ਦਾ ਪ੍ਰਭਾਕਰ (ਸੂਰਜ) ਮੰਨਿਆ ਜਾਂਦਾ ਹੈ, ਉਸਦੀ ਕਬਿੱਤ ‘ਓਜ ਬਿਲਾਸ’ ਵਿੱਚੋਂ ਉਤਾਰ ਕੇ ਪੇਸ਼ ਕਰ ਰਿਹਾ ਹਾਂ:
ਦਾਹਨ ਤੇ ਦੂਨੀ ਤੇਗ਼ ਤਿਗੂਨੀ ਤ੍ਰਿਸ਼ੂਲ ਹੂੰਤੇ, ਚਿਲਨਾ ਤੇ ਚਉਗਨੀ ਚਲਾਕ ਚੱਕ੍ਰ ਚਾਲੀ ਹੈ।
ਕਹੈ ਪਦਮਾਕਰ ਮਹੀਪ ਰਣਜੀਤ ਸਿੰਘ! ਐਸੀ ਸ਼ਮਸ਼ੇਰ ਸ਼ੇਰ ਸ਼ਤ੍ਰਕ ਪੈ ਘਾਲੀ ਹੈ।
ਪਵਨ ਤੈ ਪੰਚ, ਔ ਪਚੀਸ ਗੁਨੀ ਪਾਵਕ ਤੈ, ਪਰਗਟ ਪਚਾਸ ਗੁਨ ਪ੍ਰਲੈ ਕੀ ਪ੍ਰਨਾਲੀ ਹੈ।
ਸਾਂਪਨਿ ਤੇ ਸਉਗਨੀ, ਸਹੰਸਗੁਨੀ ਸ਼ੇਸ਼ ਹੂੰਤੇ, ਲਾਖ ਗੁਨੀ ਲੂਕ ਤੈ, ਕ੍ਰੋਰ ਗੁਨੀ ਕਾਲੀ ਹੈ।
ਇਹ ਵੀ ਹਕੀਕਤ ਹੈ ਕਿ ਇਲਮੀਅਤ ਜਾਂ ਅਦਬੀ ਸਰਗਰਮੀਆਂ ਦਾ ਸ਼ੌਕ ਹਰੇਕ ਨੂੰ ਨਹੀਂ ਹੁੰਦਾ, ਇਹ ਤਾਂ ਇਕ ਲਗਨ ਹੈ ਜੋ ਨਵੇਂ ਰਸਤੇ ਤਲਾਸ਼ ਕਰਦੀ ਹੈ। ਸਾਡੇ ਵੀਹਵੀਂ ਸਦੀ ਦੇ ਖੋਜੀ ਸ. ਕਰਮ ਸਿੰਘ ਹਿਸਟੋਰੀਅਨ, ਸਰਦਾਰ ਨਾਹਰ ਸਿੰਘ ਹਿਸਟੋਰੀਅਨ, ਸ. ਪ੍ਰੇਮ ਸਿੰਘ ਹੋਤੀ, ਪ੍ਰਿੰ. ਸੀਤਾ ਰਾਮ ਕੋਹਲੀ, ਡਾ. ਹਰੀ ਰਾਮ ਗੁਪਤਾ, ਡਾ. ਗੰਡਾ ਸਿੰਘ ਤੇ ਸ. ਸ਼ਮਸ਼ੇਰ ਸਿੰਘ ਅਸ਼ੋਕ ਜੀ ਨੇ ਜਿਸ ਤਰ੍ਹਾਂ ਦੀਆਂ ਘਾਲਾਂ ਘਾਲੀਆਂ, ਉਨ੍ਹਾਂ ਦਾ ਹੀ ਨਤੀਜਾ ਹੈ ਕਿ ਅਸੀਂ ਅੱਜ ਕਾਫ਼ੀ ਮਾਣ ਮਹਿਸੂਸ ਕਰਦੇ ਹਾਂ। ਸੋ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਇਸ ਖੋਜ ਕਾਫ਼ਲੇ ਨੂੰ ਅੱਗੇ ਤੋਰੀਏ।
ਮੈਂ ਇਕ ਪੁਰਾਣੀ ਮਿਸਾਲ ਦੇ ਕੇ ਗੱਲ ਸਪੱਸ਼ਟ ਕਰਨੀ ਚਾਹਾਂਗਾ ਕਿ ਬਖਤਮੱਲ, ਜੌਹਨ ਮੈਲਕਮ ਦਾ ਮੁਨਸ਼ੀ ਸੀ ਜੋ ਹੁਲਕਰ ਦਾ ਪਿੱਛਾ ਕਰਦਿਆਂ ਲਾਰਡ ਲੇਕ ਨਾਲ 1805 ਈ. ਵਿਚ ਪੰਜਾਬ ਆਇਆ। ਮੈਲਕਮ ਦੀ ਮੰਗ ’ਤੇ ਇਸ ਨੇ ਫ਼ਾਰਸੀ ਵਿਚ ‘ਖਾਲਸਾਨਾਮਾ’ ਲਿਖਿਆ ਜਿਸ ਵਿਚ ਸਿੱਖ ਤ੍ਵਾਰੀਖ਼ ਦੇ ਕੁਝ ਸਿੱਖ ਸਿਧਾਂਤ ਵੀ ਦਰਸਾਏ ਗਏ ਸਨ। ਇਸ ਦੇ ਆਧਾਰ ’ਤੇ ‘ਸਕੈਚ ਆਫ਼ ਦੀ ਸਿਖਜ਼’ ਕਿਤਾਬਚਾ ਤਿਆਰ ਹੋਇਆ ਜੋ ਕਿ ਇਕ ਤਰ੍ਹਾਂ ਸਿੱਖਾਂ ਬਾਰੇ ਅੰਗਰੇਜ਼ੀ ਵਿਚ ਪਹਿਲੀ ਕਿਤਾਬ ਸੀ। ਅੱਗੇ ਬਖ਼ਤਮੱਲ ਦਾ ਪੁੱਤਰ ਰਾਜਾ ਦੀਨਾਨਾਥ ਹੋਇਆ ਜੋ ਸਾਰੀ ਉਮਰ ਖਾਲਸਾ ਰਾਜ ਲਈ ਜੂਝਦਾ ਰਿਹਾ। ਇਸੇ ਦਾ ਲਾਇਕ ਪੁੱਤਰ ਦੀਵਾਨ ਅਮਰਨਾਥ ਹੈ ਸੀ, ਜਿਸ ਨੇ ‘ਜ਼ਫ਼ਰਨਾਮਾ-ਏ-ਮਹਾਰਾਜਾ ਰਣਜੀਤ ਸਿੰਘ’ ਲਿਖ ਕੇ ਅਦਬੀ ਦੁਨੀਆਂ ਵਿਚ ਤਰਥੱਲੀ ਮਚਾ ਦਿੱਤੀ। ਇਸ ਨੇ ਲਾਹੌਰ ਮੌਲਵੀ ਨੂਰ ਅਹਿਮਦ ਦੇ ਪਿਤਾ ਮੌਲਵੀ ਅਹਿਮਦ ਬਖ਼ਸ਼ ਤੋਂ ਅਰਬੀ, ਫ਼ਾਰਸੀ ਦੀ ਤਾਲੀਮ ਪਾਈ ਸੀ:
ਲਿਖਣਾ ਪੜ੍ਹਨਾ ਭਾਗਵਾਨੀ ਹੈ, ਅਜਬ ਤਰ੍ਹਾਂ ਦੀ ਸੁਆਦਲੀ ਜ਼ਿੰਦਗਾਨੀ ਹੈ! ਪਰ ਅਦਬੀ ਕਲਚਰ ਦਾ ਵਾਤਾਵਰਣ ਮਿਲਣਾ ਉੱਚੇ ਭਾਗਾਂ ਦੀ ਨਿਸ਼ਾਨੀ ਹੈ! ਮੁਬਾਰਕ ਦਾ ਮੁਕਾਮ ਹੋਵੇਗਾ ਜੇਕਰ ਸਾਡਾ ਮੌਜੂਦਾ ਪੰਜਾਬ ਅਜਿਹੇ ਮਾਹੌਲ ਦਾ ਮਰਕਜ਼ ਬਣ ਜਾਵੇ!
ਲੇਖਕ ਬਾਰੇ
ਪਿਆਰਾ ਸਿੰਘ ਪਦਮ (ਪ੍ਰੋ) (28-05-1921-ਤੋਂ -01-05-2001) ਇੱਕ ਪੰਜਾਬੀ ਲੇਖਕ ਅਤੇ ਅਕਾਦਮਿਕ ਵਿਦਵਾਨ ਸਨ, ਜਿਨ੍ਹਾਂ ਦਾ ਜਨਮ ਨੰਦ ਕੌਰ ਅਤੇ ਗੁਰਨਾਮ ਸਿੰਘ ਦੇ ਘਰ ਪਿੰਡ ਘੁੰਗਰਾਣਾ ਪਰਗਨਾ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਉਨ੍ਹਾਂ ਦਾ ਵਿਆਹ ਜਸਵੰਤ ਕੌਰ ਨਾਲ ਹੋਇਆ ਸੀ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ (1943-1947) ਵਿੱਚ ਲੈਕਚਰਾਰ ਵਜੋਂ ਕੀਤੀ। ਉਹ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ (1948-1950) ਦੇ ਗੁਰਦੁਆਰਾ ਗਜ਼ਟ ਦੇ ਸੰਪਾਦਕ ਰਹੇ ਹਨ। ਇਸ ਤੋਂ ਬਾਅਦ ਉਹ ਭਾਸ਼ਾ ਵਿਭਾਗ ਪੰਜਾਬ, ਪਟਿਆਲਾ (1950-1965) ਵਿੱਚ ਸ਼ਾਮਲ ਹੋ ਗਏ ਅਤੇ ਇਸ ਦੇ ਰਸਾਲੇ ਪੰਜਾਬੀ ਦੁਨੀਆ ਦਾ ਸੰਪਾਦਨ ਵੀ ਕੀਤਾ। ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ (1966-1983) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦਾ ਵਿਸ਼ੇਸ਼ ਸੀਨੀਅਰ ਓਰੀਐਂਟਲ ਫੈਲੋ ਨਿਯੁਕਤ ਕੀਤਾ ਗਿਆ।
- ਪ੍ਰੋ. ਪਿਆਰਾ ਸਿੰਘ ਪਦਮhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%aa%e0%a8%bf%e0%a8%86%e0%a8%b0%e0%a8%be-%e0%a8%b8%e0%a8%bf%e0%a9%b0%e0%a8%98-%e0%a8%aa%e0%a8%a6%e0%a8%ae/October 1, 2007
- ਪ੍ਰੋ. ਪਿਆਰਾ ਸਿੰਘ ਪਦਮhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%aa%e0%a8%bf%e0%a8%86%e0%a8%b0%e0%a8%be-%e0%a8%b8%e0%a8%bf%e0%a9%b0%e0%a8%98-%e0%a8%aa%e0%a8%a6%e0%a8%ae/February 1, 2008
- ਪ੍ਰੋ. ਪਿਆਰਾ ਸਿੰਘ ਪਦਮhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%aa%e0%a8%bf%e0%a8%86%e0%a8%b0%e0%a8%be-%e0%a8%b8%e0%a8%bf%e0%a9%b0%e0%a8%98-%e0%a8%aa%e0%a8%a6%e0%a8%ae/April 1, 2008
- ਪ੍ਰੋ. ਪਿਆਰਾ ਸਿੰਘ ਪਦਮhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%aa%e0%a8%bf%e0%a8%86%e0%a8%b0%e0%a8%be-%e0%a8%b8%e0%a8%bf%e0%a9%b0%e0%a8%98-%e0%a8%aa%e0%a8%a6%e0%a8%ae/May 1, 2008
- ਪ੍ਰੋ. ਪਿਆਰਾ ਸਿੰਘ ਪਦਮhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%aa%e0%a8%bf%e0%a8%86%e0%a8%b0%e0%a8%be-%e0%a8%b8%e0%a8%bf%e0%a9%b0%e0%a8%98-%e0%a8%aa%e0%a8%a6%e0%a8%ae/August 1, 2008
- ਪ੍ਰੋ. ਪਿਆਰਾ ਸਿੰਘ ਪਦਮhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%aa%e0%a8%bf%e0%a8%86%e0%a8%b0%e0%a8%be-%e0%a8%b8%e0%a8%bf%e0%a9%b0%e0%a8%98-%e0%a8%aa%e0%a8%a6%e0%a8%ae/January 1, 2009
- ਪ੍ਰੋ. ਪਿਆਰਾ ਸਿੰਘ ਪਦਮhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%aa%e0%a8%bf%e0%a8%86%e0%a8%b0%e0%a8%be-%e0%a8%b8%e0%a8%bf%e0%a9%b0%e0%a8%98-%e0%a8%aa%e0%a8%a6%e0%a8%ae/March 1, 2009