ਕਰਮ ਦੇ ਸਿਧਾਂਤ ਦਾ ਮਹੱਤਵ ਸਾਰੇ ਹੀ ਮਤਾਂ ਵਿਚ ਸਵੀਕਾਰ ਕੀਤਾ ਜਾਂਦਾ ਰਿਹਾ ਹੈ। ਬੁੱਧ ਅਤੇ ਜੈਨ ਵਰਗੇ ਨਾਸਤਿਕ ਮਤਾਂ ਵਿਚ ਵੀ ਸੰਜਮ ਅਤੇ ਸਦਾਚਾਰ ਦੇ ਰੂਪ ਵਿਚ ਕਰਮਾਂ ਦੇ ਮਹੱਤਵ ਨੂੰ ਸਵੀਕਾਰ ਕੀਤਾ ਗਿਆ ਹੈ। ਹਿੰਦੂ ਵਿਚਾਰਧਾਰਾ ਵਿਚ ਕਰਮ ਸਿਧਾਂਤ ਬਹੁਤ ਵਿਸ਼ਾਲ ਰੂਪ ’ਚ ਪਸਰਿਆ ਹੋਇਆ ਹੈ। ਹਿੰਦੂ ਦਰਸ਼ਨ ਵਿਚ ਹਰ ਮੁਸ਼ਕਲ ਦਾ ਹੱਲ ਕਰਮ ਸਿਧਾਂਤ ਦੇ ਆਧਾਰ ਉੱਪਰ ਕੀਤਾ ਜਾਂਦਾ ਹੈ। ਕਰਮ ਸਿਧਾਂਤ ਨੂੰ ਮਨੁੱਖ ਦੀਆਂ ਸਭ ਘਾਟਾਂ ਅਤੇ ਪ੍ਰਾਪਤੀਆਂ ਦਾ ਜ਼ਿੰਮੇਵਾਰ ਦੱਸਿਆ ਗਿਆ ਹੈ। ਛੇ ਸ਼ਾਸਤਰਾਂ ਵਿਚ ਵੀ ਕਰਮ ਦੀ ਧਾਰਨਾ ਕਿਸੇ ਨਾ ਕਿਸੇ ਰੂਪ ਵਿਚ ਮੰਨੀ ਗਈ ਹੈ। ‘ਸਾਂਖਯ ਸ਼ਾਸਤਰ’ ਵਿਚ ਵਿਵੇਕ ਕਰਮਾਂ ਨੂੰ ਬੰਧਨ-ਰਹਿਤ ਮੰਨਿਆ ਗਿਆ ਹੈ। ਯੋਗ ਮਤ ਵਿਚ ਚਿਤ ਦੀ ਸ਼ੁੱਧੀ ਲਈ ਕੀਤੇ ਉਪਾਅ ਕਰਮ ਹਨ। ‘ਪੂਰਵ ਮੀਮਾਂਸਾ’ ਵਿਚ ਯੱਗ, ਉਪਾਸ਼ਨਾ ਆਦਿ ਸ਼ੁਭ-ਕਰਮ ਹਨ। ਅਦਵੈਤ-ਵੇਦਾਂਤ ਵਿਚ ਗਿਆਨ ਅਤੇ ਵੈਰਾਗ ਆਧਾਰਿਤ ਕਰਮਾਂ ਨੂੰ ਸ੍ਰੇਸ਼ਟ ਕਰਮਾਂ ਵਜੋਂ ਪ੍ਰਵਾਨ ਕੀਤਾ ਗਿਆ ਹੈ। ਤਾਂਤ੍ਰਿਕ ਗ੍ਰੰਥਾਂ ਵਿਚ ਪੰਜ ਵਿਕਾਰਾਂ (ਮਦ, ਮਾਸ, ਮੈਥੁਨ, ਮੁਦ੍ਰਾ ਅਤੇ ਮਤ੍ਰਯ) ਦੀ ਪਾਲਣਾ ਨੂੰ ਕਰਮ ਦਾ ਨਾਂ ਦਿੱਤਾ ਗਿਆ ਹੈ। ਪੁਰਾਣਾਂ ਵਿਚ ਕਰਮ ਪੂਜਾ-ਵਿਧੀਆਂ, ਤੀਰਥ ਯਾਤਰਾ ਦੇ ਰੂਪ ਵਿਚ ਮੰਨੇ ਜਾਂਦੇ ਹਨ, ਅੰਤਰ ਕੇਵਲ ਵਿਆਖਿਆ ਅਤੇ ਪ੍ਰਕਿਰਿਆ ਦਾ ਹੈ।
ਹਿੰਦੂ ਮਤ ਵਿਚ ਕਰਮ ਸਿਧਾਂਤ ਅੱਗੇ ਚੱਲ ਕੇ ਕਰਮਕਾਂਡ ਦਾ ਰੂਪ ਧਾਰਨ ਕਰ ਜਾਂਦਾ ਹੈ। ਸ਼ਾਸਤਰਕਾਰਾਂ ਨੇ ਇਸ ਦੀ ਤਿੰਨ ਹਿੱਸਿਆਂ ਵਿਚ ਵੰਡ ਕੀਤੀ ਹੈ, ਗਿਆਨ ਕਾਂਡ, ਉਪਾਸ਼ਨਾ ਕਾਂਡ, ਅਤੇ ਕਰਮਕਾਂਡ। ਕਰਮਕਾਂਡ ਦਾ ਮੂਲ ਰੂਪ ਵਿਚ ਸੰਬੰਧ ਮਨੁੱਖ ਦੇ ਹਰ ਪ੍ਰਕਾਰ ਦੇ ਕਰਮਾਂ ਨਾਲ ਹੈ ਜਿਸ ਵਿਚ ਉਸ ਵੱਲੋਂ ਕੀਤੀਆਂ ਧਾਰਮਿਕ ਕਿਰਿਆਵਾਂ ਵੀ ਸ਼ਾਮਲ ਹਨ ਪਰ ਸਥੂਲ ਵਿਚ ਧਾਰਮਿਕ ਕਿਰਿਆਵਾਂ ਨੂੰ ਹੀ ਕਰਮਕਾਂਡ ਕਿਹਾ ਜਾਣ ਲੱਗ ਪਿਆ। ਇਸ ਨਾਲ ਪ੍ਰੋਹਿਤ ਵਰਗ ਦਾ ਡੂੰਘਾ ਸੰਬੰਧ ਹੈ ਕਿਉਂਕਿ ਇਸ ਨੂੰ ਪੂਰਾ ਕਰਨ ਲਈ ਉਨ੍ਹਾਂ ਦਾ ਮੁੱਖ ਯੋਗਦਾਨ ਹੁੰਦਾ ਹੈ। ਕਰਮਕਾਂਡ ਵਿਚ ਵਿਸ਼ੇਸ਼ ਰੂਪ ਵਿਚ ਦੱਸਿਆ ਗਿਆ ਹੈ ਕਿ ਕਿਹੜੇ ਕਰਮ ਕਰਨੇ ਠੀਕ ਹਨ ਅਤੇ ਕਿਹੜੇ ਵਰਜਿਤ ਹਨ, ਇਨ੍ਹਾਂ ਕਰਮਾਂ ਨੂੰ ਕਰਨ ਲਈ ਕਿਹੜਾ-ਕਿਹੜਾ ਸਮਾਂ ਉਚਿਤ ਹੈ। ਮੱਧ ਯੁੱਗ ਤਕ ਪਹੁੰਚਦਿਆਂ ਹੋਰ ਵੀ ਕਈਆਂ ਮਤਾਂ ਵਿਚ ਕਈ ਪ੍ਰਕਾਰ ਦੇ ਕਰਮਕਾਂਡ ਸ਼ੁਰੂ ਹੋ ਗਏ ਇਸ ਲਈ ਮੱਧ ਯੁੱਗ ਵਿਚ ਕਾਵਿ ਸਾਹਿਤ ਵਿਚ ਵਰਤੇ ਜਾਣ ਵਾਲੇ ਇਸ ਸ਼ਬਦ ਤੋਂ ਭਾਵ ਕਿਸੇ ਵਿਸ਼ੇਸ਼ ਮਤ ਦੀ ਕਰਮ ਵਿਵਸਥਾ ਨਾਲ ਨਹੀਂ, ਸਗੋਂ ਸਾਧਨਾ ਸਬੰਧੀ ਉਨ੍ਹਾਂ ਬਾਹਰਲੀਆਂ ਕਿਰਿਆਵਾਂ ਤੋਂ ਹੈ ਜੋ ਹੌਲੀ-ਹੌਲੀ ਧਰਮ ਦੇ ਵਾਸਤਵਿਕ ਸਰੂਪ ਨੂੰ ਪਰ੍ਹੇ ਹਟਾ ਕੇ ਆਪਣੀ ਪ੍ਰਧਾਨਤਾ ਸਥਾਪਿਤ ਕਰ ਲੈਂਦੀਆਂ ਹਨ। ਇਨ੍ਹਾਂ ਕਿਰਿਆਵਾਂ ਦਾ ਰੂਪ ਹੀ ਕਰਮਕਾਂਡ ਹੈ ਚਾਹੇ ਇਹ ਕਿਸੇ ਵੀ ਮਤ ਨਾਲ ਸੰਬੰਧਿਤ ਕਿਉਂ ਨਾ ਹੋਣ? ਇਨ੍ਹਾਂ ਨੂੰ ਪਰਿਣਾਮੀ ਕਰਮ ਦੀ ਸ਼੍ਰੇਣੀ ਵਿਚ ਵੀ ਰੱਖਿਆ ਜਾ ਸਕਦਾ ਹੈ। ਫਲਸਰੂਪ ਕਰਮਕਾਂਡ ਉਹ ਹੁੰਦੇ ਹਨ ਜੋ ਕਿਸੇ ਵੀ ਮਤ ਵਿਚ ਸੱਚੀ ਅਤੇ ਨਿਸ਼ਕਾਮ ਪ੍ਰੇਮ ਭਾਵਨਾ ਤੋਂ ਸੱਖਣੇ ਹੋਣ।
ਮੱਧ ਯੁੱਗ ਦੇ ਭਗਤੀ ਅੰਦੋਲਨ ਦੇ ਵਿਕਸਿਤ ਹੋਣ ਵਿਚ ਕਰਮਕਾਂਡ ਦੀ ਨਿਸਾਰਤਾ ਅਤੇ ਲੋਕਾਂ ਨੂੰ ਵਾਸਤਵਿਕ ਮਾਰਗ ਤੋਂ ਹਟਾ ਕੇ ਕੁਰਾਹੇ ਪਾਉਣ ਦੀ ਬਿਰਤੀ ਵਿਚ ਵਿਸ਼ੇਸ਼ ਭੂਮਿਕਾ ਨਿਭਾਉਂਦੀਆਂ ਹਨ। ਇਸੇ ਲਈ ਇਨ੍ਹਾਂ ਕਰਮਕਾਂਡਾਂ ਤੋਂ ਜਨਤਾ ਨੂੰ ਬੇਮੁਖ ਕਰਨ ਦੀ ਭਾਵਨਾ ਨਾਲ ਮਹਾਂਪੁਰਸ਼ਾਂ ਦੀਆਂ ਬਾਣੀਆਂ ਵਿਚ ਇਨ੍ਹਾਂ ਦੇ ਨਿਖੇਧ ਦੀ ਗੱਲ ਡਟ ਕੇ ਕਹੀ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਪਾਖੰਡਪੂਰਨ ਕਰਮਕਾਂਡਾਂ ਜਾਂ ਬਾਹਰਲੇ ਧਾਰਮਿਕ ਆਚਾਰਾਂ ਦੀ ਨਿਸਾਰਤਾ ਉੱਤੇ ਵਿਸਤਾਰ ਨਾਲ ਚਾਨਣਾ ਪਾਇਆ ਗਿਆ ਹੈ। ਪਰ ਅਜਿਹਾ ਕਰਨ ਵੇਲੇ ਕਿਸੇ ਵਿਸ਼ੇਸ਼ ਧਰਮ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਸਗੋਂ ਧਾਰਮਿਕ ਅਨੁਸ਼ਠਾਨਾਂ ਦੀ ਰੂੜ੍ਹੀਵਾਦਤਾ ਨੂੰ ਸਪਸ਼ਟ ਕੀਤਾ ਗਿਆ ਹੈ ਅਤੇ ਕਿਤੇ-ਕਿਤੇ ਤਾਂ ਪਰੰਪਰਾਗਤ ਕਰਮਕਾਂਡ ਦੇ ਭਾਵੀ-ਕ੍ਰਿਤ ਰੂਪ ਦਾ ਚਿਤਰਨ ਵੀ ਕੀਤਾ ਗਿਆ ਹੈ। ਪਰੋਹਿਤ ਨੂੰ ਸੰਬੋਧਨ ਕਰਦਿਆਂ ਗੁਰੂ ਜੀ ਨੇ ਕਿਹਾ ਹੈ:
ਸੁਣਿ ਪੰਡਿਤ ਕਰਮਾ ਕਾਰੀ॥
ਜਿਤੁ ਕਰਮਿ ਸੁਖੁ ਊਪਜੈ ਭਾਈ ਸੁ ਆਤਮ ਤਤੁ ਬੀਚਾਰੀ॥
ਸਾਸਤੁ ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ॥
ਪਾਖੰਡਿ ਮੈਲੁ ਨ ਚੂਕਈ ਭਾਈ ਅੰਤਰਿ ਮੈਲੁ ਵਿਕਾਰੀ॥ (ਪੰਨਾ 635)
ਅਸਲ ਵਿਚ ਸੱਚੇ ਨਾਮ ਦੀ ਅਰਾਧਨਾ ਤੋਂ ਬਿਨਾਂ ਸਾਰੇ ਕਰਮਕਾਂਡ ਹਉਮੈ ਦਾ ਪਸਾਰ ਹੀ ਹਨ:
ਕਰਮ ਕਾਂਡ ਬਹੁ ਕਰਹਿ ਅਚਾਰ॥
ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ॥ (ਪੰਨਾ 162)
ਸਿੱਖ ਮਤ ਅਤੇ ਗੁਰਬਾਣੀ ਵਿਚ ਕਰਮ ਨੂੰ ਸਿਧਾਂਤ ਵਜੋਂ ਮਾਨਤਾ ਪ੍ਰਾਪਤ ਹੈ। ਗੁਰਬਾਣੀ ਵਿਚ ‘ਕਰਮ’ ਸ਼ਬਦ ਦੋ ਅਰਥਾਂ ਵਿਚ ਪ੍ਰਯੋਗ ਹੋਇਆ ਹੈ- ਪਹਿਲਾ ਅਰਥ ‘ਬਖਸ਼ਿਸ਼’ ਹੈ ਅਤੇ ਦੂਜਾ ਅਰਥ ‘ਕੀਤੇ ਕੰਮ’ ਹਨ। ਕਰਮ ਦੇ ਸਿਧਾਂਤ ਅਨੁਸਾਰ ਮਨੁੱਖ ਨੂੰ ਚੰਗੇ ਕੰਮ ਕਰਨ ਲਈ ਪ੍ਰੇਰਨਾ ਕੀਤੀ ਗਈ ਹੈ ਅਤੇ ਮਾੜੇ ਕਰਮ ਨਾ ਕਰਨ ਲਈ ਕਿਹਾ ਗਿਆ ਹੈ। ਸਿੱਖ ਮਤ ਅਨੁਸਾਰ ਕਰਮ ਦਾ ਸਿਧਾਂਤ ਪਰੰਪਰਾਗਤ ਹੈ। ਹਰ ਪ੍ਰਾਣੀ ਇਸ ਸੰਸਾਰ ਵਿਚ ਵਿਚਰਦਾ ਹੋਇਆ ਕੁਝ-ਨਾ- ਕੁਝ ਕੰਮ ਜ਼ਰੂਰ ਕਰਦਾ ਹੈ। ਇਹ ਸਭ ਵਿਅਕਤੀ ਦੇ ਕਰਮ ਅਖਵਾਉਂਦੇ ਹਨ।ਵਿਦਵਾਨਾਂ ਨੇ ਤਿੰਨ ਤਰ੍ਹਾਂ ਦੇ ਕਰਮ ਦੱਸੇ ਹਨ-
ਕ੍ਰਿਯਮਾਣ, ਪ੍ਰਾਰਬਧ ਅਤੇ ਸੰਚਿਤ। ਕ੍ਰਿਯਮਾਣ ਕਰਮ ਉਹ ਹਨ ਜੋ ਮਨੁੱਖ ਆਪਣੇ ਇਸ ਜਨਮ ਵਿਚ ਕਰ ਰਿਹਾ ਹੈ। ਪ੍ਰਾਰਬਧ ਕਰਮ ਉਹ ਕਰਮ ਹਨ ਜੋ ਕਿਸੇ ਜੀਵ ਨੇ ਆਪਣੇ ਪੂਰਬਲੇ ਜਨਮ ਵਿਚ ਕੀਤੇ ਹਨ ਅਤੇ ਜਿਨ੍ਹਾਂ ਦੇ ਆਧਾਰ ’ਤੇ ਉਸ ਨੂੰ ਇਹ ਵਰਤਮਾਨ ਸਰੀਰ ਪ੍ਰਾਪਤ ਹੋਇਆ ਹੈ। ਕ੍ਰਿਯਮਾਣ ਕਰਮ ਉਹ ਕਰਮ ਹਨ ਜੋ ਉਸ ਦੇ ਪਹਿਲੇ ਕਰਮਾਂ ਦੇ ਚਲੇ ਆ ਰਹੇ ਹਨ ਅਤੇ ਉਨ੍ਹਾਂ ਦਾ ਫਲ ਅਜੇ ਉਸ ਨੇ ਨਹੀਂ ਭੋਗਿਆ।
ਸਿੱਖ ਮਤ ਅਨੁਸਾਰ ਇਸ ਸੰਸਾਰ ਵਿਚ 84 ਲੱਖ ਜੂਨਾਂ ਮੰਨੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਮਨੁੱਖਾ ਜੂਨ ਸਭ ਤੋਂ ਉੱਤਮ ਮੰਨੀ ਗਈ ਹੈ। ਜੀਵ ਆਪਣੇ ਕੀਤੇ ਕਰਮਾਂ ਅਨੁਸਾਰ ਇਕ ਜੂਨ ਤੋਂ ਦੂਜੀ ਜੂਨ ਵਿਚ ਆਵਾਗਵਣ ਕਰਦਾ ਰਹਿੰਦਾ ਹੈ ਅਰਥਾਤ ਉਹ ਮਰਦਾ ਅਤੇ ਜਨਮ ਲੈਂਦਾ ਰਹਿੰਦਾ ਹੈ। ਸ਼ੁਭ ਜਾਂ ਅਸ਼ੁਭ ਕਰਮਾਂ ਰਾਹੀਂ ਮਨੁੱਖ ਉੱਤਮ ਜਾਂ ਨੀਚ ਜੂਨ ਧਾਰਨ ਕਰਦਾ ਹੈ। ਇਕ ਸਰੀਰ ਛੱਡ ਕੇ ਦੂਜੇ ਸਰੀਰ ਵਿਚ ਪ੍ਰਵੇਸ਼ ਕਰਨ ਦੀ ਪ੍ਰਕਿਰਿਆ ਨਿਰੰਤਰ ਚੱਲਦੀ ਰਹਿੰਦੀ ਹੈ। ਇਸ ਸਿਧਾਂਤ ਤੋਂ ਉਲਟ ਵਿਗਿਆਨੀਆਂ ਨੇ ‘ਏਵੋਲੀਉਸ਼ਨ’ ਦਾ ਸਿਧਾਂਤ ਪੇਸ਼ ਕੀਤਾ ਹੈ। ਇਹ ਸਿਧਾਂਤ ਸਰੀਰ ਦੇ ਕੁਦਰਤੀ ਵਿਕਾਸ-ਕ੍ਰਮ ਤਕ ਸੀਮਿਤ ਹੈ। ਪਰ ਆਵਾਗਵਣ ਦੇ ਸਿਧਾਂਤ ਅਨੁਸਾਰ ਜੀਵ-ਆਤਮਾ ਦੀ ਉੱਨਤੀ ਜਾਂ ਅਵਨਤੀ ਨਾਲ ਅਗਲੀ ਜੂਨ ਦੇ ਚੰਗੇ ਜਾਂ ਮਾੜੇ ਹੋਣ ਦਾ ਨਿਰਣਾ ਹੁੰਦਾ ਹੈ। ਅਰਥਾਤ ਜੀਵ ਨੇ ਜੋ ਕਰਮ ਆਪਣੀ ਪਿਛਲੀ ਜੂਨ ਵਿਚ ਕੀਤੇ ਹਨ ਉਨ੍ਹਾਂ ਅਨੁਸਾਰ ਉਸ ਨੂੰ ਵਰਤਮਾਨ ਜੂਨ ਪ੍ਰਾਪਤ ਹੋਈ ਹੈ ਅਤੇ ਜੋ ਕਰਮ ਉਹ ਇਸ ਜਨਮ ਵਿਚ ਕਰ ਰਿਹਾ ਉਸ ਦੇ ਆਧਾਰ ’ਤੇ ਉਸ ਨੂੰ ਅਗਲੀ ਜੂਨ ਪ੍ਰਾਪਤ ਹੋਵੇਗੀ। ਇਹ ਜਨਮ-ਮਰਨ ਦਾ ਚੱਕਰ ਚੱਲਦਾ ਰਹਿੰਦਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਸਿੱਖ ਮਤ ਵਿਚ ਮੁਕਤੀ ਨੂੰ ਪ੍ਰਾਪਤ ਹੋਣਾ ਕਿਹਾ ਜਾਂਦਾ ਹੈ। ਗੁਰਬਾਣੀ ਅਨੁਸਾਰ ਮਨੁੱਖ ਚੰਗੇ ਕਰਮ ਕਰ ਕੇ ਅਤੇ ਉਸ ਅਕਾਲ ਪੁਰਖ ਦਾ ਨਾਮ-ਸਿਮਰਨ ਕਰ ਕੇ ਮੁਕਤੀ ਨੂੰ ਪ੍ਰਾਪਤ ਹੋ ਸਕਦਾ ਹੈ।
ਚੰਗੇ ਕੰਮਾਂ ਨੂੰ ਕਰਨ ਬਾਰੇ ਸਾਰੇ ਭਗਤਾਂ, ਮਹਾਂਪੁਰਸ਼ਾਂ ਅਤੇ ਗੁਰੂ ਸਾਹਿਬਾਨ ਨੇ ਜ਼ੋਰ ਦਿੱਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਰਟ ਦੀਆਂ ਟਿੰਡਾਂ ਦੀ ਮਾਲ੍ਹ ਦੇ ਰੂਪਕ ਰਾਹੀਂ ਇਸ ਗੱਲ ਨੂੰ ਸਪਸ਼ਟ ਕਰਦਿਆਂ ਕਿਹਾ ਹੈ:
ਜੈਸੇ ਹਰਹਟ ਦੀ ਮਾਲਾ ਟਿੰਡ ਲਗਤ ਦਹੈ ਇਕ ਸਖਨੀ ਹੋਰ ਫੇਰ ਭਰੀਅਤ ਹੈ॥
ਤੈਸੋ ਹੀ ਇਹੁ ਖੇਲੁ ਖਸਮ ਕਾ ਜਿਉ ਉਸ ਕੀ ਵਡਿਆਈ॥ (ਪੰਨਾ 1329)
ਆਵਾਗਵਣ ਤੋਂ ਖਲਾਸੀ ਪ੍ਰਾਪਤ ਕਰਨ ਲਈ ਨਾਮ-ਸਿਮਰਨ ਲਈ ਕਿਹਾ ਗਿਆ ਹੈ:
ਅਉਗਣ ਕਟਿ ਮੁਖੁ ਉਜਲਾ ਹਰਿ ਨਾਮਿ ਤਰਾਏ॥
ਜਨਮ ਮਰਣ ਭਉ ਕਟਿਓਨੁ ਫਿਰਿ ਜੋਨਿ ਨ ਪਾਏ॥ (ਪੰਨਾ 966)
ਗੁਰਬਾਣੀ ਵਿਚ ਅਧਿਆਤਮਿਕ ਉੱਨਤੀ ਨਾਲ ਸੰਬੰਧ ਰੱਖਣ ਵਾਲੇ ਕਰਮਾਂ ਨੂੰ ‘ਅਧਿਆਤਮ ਕਰਮ’ ਦਾ ਨਾਂ ਦਿੱਤਾ ਗਿਆ ਹੈ। ਇਨ੍ਹਾਂ ਨੂੰ ਸ਼ੁਭ-ਕਰਮ ਵੀ ਕਿਹਾ ਜਾਂਦਾ ਹੈ। ਅਧਿਆਤਮ ਕਰਮ ਉਹ ਕਰਮ ਹਨ ਜਿਨ੍ਹਾਂ ਨੂੰ ਕਰਨ ਨਾਲ ਸਾਧਕ ਦੀ ਦ੍ਰਿਸ਼ਟੀ ਦੀਆਂ ਨਾਮ ਰੂਪਾਤਮਕ ਸੀਮਾਵਾਂ ਮਿਟ ਜਾਂਦੀਆਂ ਹਨ। ਹਰ ਪਾਸੇ ਇਕ ਹੀ ਜੋਤੀ ਦਾ ਪ੍ਰਕਾਸ਼ ਦਿੱਸ ਪੈਂਦਾ ਹੈ। ਉਸ ਸਥਿਤੀ ਵਿਚ ਕੀਤਾ ਗਿਆ ਹਰ ਕਰਮ ਹਊਮੈ ਤੋਂ ਰਹਿਤ ਹੋ ਜਾਂਦਾ ਹੈ ਅਤੇ ਮਨ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਇਨ੍ਹਾਂ ਕਰਮਾਂ ਰਾਹੀਂ ਹੀ ਜੀਵਾਤਮਾ ਅਧਿਆਤਮਿਕ ਮਾਰਗ ਉੱਤੇ ਅੱਗੇ ਵਧਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਰੂ ਰਾਗ ਵਿਚ ਅਧਿਆਤਮਿਕ ਉੱਨਤੀ ਅਤੇ ਵਿਕਾਸ ਵਿਚ ਸਹਾਇਕ ਸਿੱਧ ਹੋਣ ਵਾਲੇ ਕਰਮਾਂ ਉੱਤੇ ਬਲ ਦਿੱਤਾ ਹੈ:
ਅਧਿਆਤਮ ਕਰਮ ਕਰੈ ਤਾ ਸਾਚਾ॥
ਮੁਕਤਿ ਭੇਦੁ ਕਿਆ ਜਾਣੈ ਕਾਚਾ॥ (ਪੰਨਾ 223)
ਅਧਿਆਤਮ ਕਰਮਾਂ ਨੂੰ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਨੇਕ ਥਾਵਾਂ ਉੱਤੇ ਪ੍ਰਕਾਸ਼ ਪਾਇਆ ਗਿਆ ਹੈ। ਜੇ ਉਨ੍ਹਾਂ ਸਾਰੀਆਂ ਉਕਤੀਆਂ ਦੇ ਸੰਕੇਤਾਂ ਨੂੰ ਸਮੁੱਚ ਵਿਚ ਗ੍ਰਹਿਣ ਕੀਤਾ ਜਾਏ ਤਾਂ ਅਧਿਆਤਮ ਕਰਮਾਂ ਦਾ ਵੇਰਵਾ ਕੁਝ ਇਸ ਪ੍ਰਕਾਰ ਬਣਦਾ ਹੈ- ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਨੂੰ ਮਾਰਨਾ ਅਤੇ ਹਿਰਦੇ ਵਿਚ ਸਤਿ-ਸਰੂਪ ਨੂੰ ਧਾਰਨ ਕਰਨਾ, ਸੇਵਾ ਕਰਨਾ, ਸਤਿ-ਸੰਗਤ ਵਿਚ ਜਾਣਾ, ਪਰਮਾਤਮਾ ਦੇ ਹੁਕਮ ਅਨੁਸਾਰ ਅਤੇ ਉਸ ਦੀ ਰਜ਼ਾ ਵਿਚ ਚੱਲਣਾ ਆਦਿ। ਅਸਲ ਵਿਚ ਅਧਿਆਤਮ ਦੀ ਕੋਈ ਸੀਮਾ ਨਿਰਧਾਰਤ ਨਹੀਂ ਕੀਤੀ ਜਾ ਸਕਦੀ। ਪਰਮਾਤਮਾ ਦੀ ਪ੍ਰਾਪਤੀ ਦੇ ਸਬੰਧ ਵਿਚ ਹਉਮੈ-ਰਹਿਤ ਜੋ ਵੀ ਕਰਮ ਕੀਤਾ ਜਾਏ, ਉਹ ਅਧਿਆਤਮ ਕਰਮ ਹੀ ਹੈ। ਪਰੰਤੂ ਇਹ ਸਾਰੇ ਕਰਮ ਸਹਿਜ-ਭਾਵ ਨਾਲ ਹੀ ਕੀਤੇ ਜਾਣੇ ਚਾਹੀਦੇ ਹਨ। ਇਨ੍ਹਾਂ ਨੂੰ ਕਰਨ ਲਈ ਕਿਸੇ ਉਚੇਚ ਜਾਂ ਅਨੁਸ਼ਠਾਨ ਦੀ ਲੋੜ ਨਹੀਂ ਹੈ। ਇਨ੍ਹਾਂ ਅਧਿਆਤਮ ਕਰਮਾਂ ਨੂੰ ਸਹਿਜ ਕਰਮ ਵੀ ਕਿਹਾ ਜਾ ਸਕਦਾ ਹੈ। ਜੇ ਜਗਿਆਸੂ ਇਨ੍ਹਾਂ ਬ੍ਰਹਮਨਿਸ਼ਠ ਕਰਮਾਂ ਨੂੰ ਜਾਣ ਲਏ ਤਾਂ ਉਸ ਲਈ ਬਾਕੀ ਸਾਰੇ ਕਰਮ ਵਿਅਰਥ ਸਿੱਧ ਹੋ ਜਾਂਦੇ ਹਨ। ‘ਆਸਾ ਕੀ ਵਾਰ’ ਵਿਚ ਫ਼ੁਰਮਾਣ ਹੈ:
ਜੇ ਜਾਣਸਿ ਬ੍ਰਹਮੰ ਕਰਮੰ॥
ਸਭਿ ਫੋਕਟ ਨਿਸਚਉ ਕਰਮੰ॥
ਕਹੁ ਨਾਨਕ ਨਿਹਚਉ ਧਿਅਵੈ॥
ਵਿਣੁ ਸਤਿਗੁਰ ਵਾਟ ਨ ਪਾਵੈ॥ (ਪੰਨਾ 470)
ਲੇਖਕ ਬਾਰੇ
ਸਿਮਰਜੀਤ ਸਿੰਘ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਵੱਲੋਂ ਛਾਪੇ ਜਾਂਦੇ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਦੇ ਮੁੱਖ ਸੰਪਾਦਕ ਹਨ।
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/August 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/October 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/November 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/December 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/January 1, 2008
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2008
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2009
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/