ਸਿੱਖ ਕੌਮ ਨੇ ਖੇਡੀ ਜੋ ਖੇਡ ਇਥੇ, ਤੁਸੀਂ ਕੀਤੀ ਕਦੇ ਸੋਚ-ਵਿਚਾਰ ਸਿੰਘੋ?
ਜਿਹੜੇ ਤਨਾਂ ਨੇ ਆਰੇ ਦੇ ਦੰਦ ਮੋੜੇ, ਨਿਭਾਇਆ ਉਨ੍ਹਾਂ ਨੇ ਕੇਹਾ ਕਿਰਦਾਰ ਸਿੰਘੋ?
ਖੋਪੜ ਰੰਬੀ ਨਾਲ ਲੁਹਾ ਲਏ ਹੱਸ ਕੇ ਸੀ, ਆਉਣ ਦਿੱਤੀ ਨਾ ਧਰਮ ’ਚ ਦਰਾੜ ਸਿੰਘੋ!
ਖ਼ਾਤਰ ਕੌਮ ਦੀ ਪਿਆ ਜੋ ਵਾਰਨਾ ਸੀ, ਲੁਕਾ ਕੇ ਰੱਖਿਆ ਨਾ ਦਿੱਤਾ ਉਹ ਵਾਰ ਸਿੰਘੋ!
ਸੁਣੋਂ ਗੱਲਾਂ ਜੇ ਰੋਮ ਨੇ ਖੜ੍ਹੇ ਹੁੰਦੇ, ਜਿੱਤਿਆ ਸੁਣ ਕੇ ਜਾਂਦਾ ਹੈ ਹਾਰ ਸਿੰਘੋ!
ਏਸ ਕੌਮ ਦਾ ਮੁੱਲ ਉਤਾਰਨੇ ਲਈ, ਪੁੱਤਰ ਵਾਰ ’ਤੇ ਚਾਰ ਦੇ ਚਾਰ ਸਿੰਘੋ!
ਬਾਜਾਂ ਵਾਲੇ ਨੇ ਕਰ ਉਪਰਾਲਿਆਂ ਨੂੰ, ਸਜਾਈ ਸਿਰ ’ਤੇ ਸਾਡੇ ਦਸਤਾਰ ਸਿੰਘੋ!
ਗ਼ੁਲਾਮੀ ਹੰਢਾਉਂਦੇ ਸੀ ਅਸੀਂ ਜਹਾਨ ਉੱਤੇ, ਰਹੇ ਪਿਸਦੇ ਪੁੜਾਂ ਵਿਚਕਾਰ ਸਿੰਘੋ!
ਜਿਊਣਾ ਦੱਸਿਆ ਮਰਦ ਅਗੰਮੜੇ ਨੇ, ਕਿਵੇਂ ਰੋਕੀਦਾ ਅੱਤਿਆਚਾਰ ਸਿੰਘੋ!
ਪਾਪ ਪਾਪੀਆਂ ਦਾ ਇਥੇ ਰੋਕਣੇ ਲਈ, ਰਹਿਣਾ ਕਿਵੇਂ ਹੈ ਤਿਆਰ-ਬਰ-ਤਿਆਰ ਸਿੰਘੋ!
ਗੁਰਾਂ ਦੱਸਿਆ ਕੌਮ ਲਈ ਮਰ ਮਿਟਣਾ, ਦਸਾਂ ਨਹੁੰਆਂ ਦੀ ਕਰਨੀ ਕਾਰ ਸਿੰਘੋ!
ਬਚ ਕੇ ਰਹਿਣਾ ਹੈ ਝੂਠ-ਫ਼ਰੇਬ ਕੋਲੋਂ, ਨਸ਼ੇ ਵਰਤੇ ਨਾ ਕੋਈ ਸਰਦਾਰ ਸਿੰਘੋ!
ਪੰਜ ਕੱਕਿਆਂ ਦੇ ਧਾਰਨੀ ਰਹੋ ਬਣ ਕੇ, ਨਹੀਂ ਤਾਂ ਕਹਿਣਗੇ ਲੋਕ ਗ਼ਦਾਰ ਸਿੰਘੋ!
ਕੌਮ ਉਨ੍ਹਾਂ ਦੀ ਚੰਦਰਮਾ ਵਾਂਗ ਚਮਕੇ, ਜਿਨ੍ਹਾਂ ਨੂੰ ਜਿੰਦ ਨਾਲ ਨਹੀਂ ਪਿਆਰ ਸਿੰਘੋ!
‘ਸੁਖਵਿੰਦਰ ਸਿੰਘ’ ਰਹੀਏ ਮੁਰੀਦ ਬਣ ਕੇ, ਆਪੇ ਲਾਉਣਗੇ ਗੁਰੂ ਜੀ ਪਾਰ ਸਿੰਘੋ!
ਲੇਖਕ ਬਾਰੇ
(ਪਿੰਡ ਤੇ ਡਾਕ. ਬੱਸੀਆਂ, ਜ਼ਿਲ੍ਹਾ ਲੁਧਿਆਣਾ)
- ਸ. ਸੁਖਵਿੰਦਰ ਸਿੰਘhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98/August 1, 2007
- ਸ. ਸੁਖਵਿੰਦਰ ਸਿੰਘhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98/November 1, 2007